ਤੂੰ ਕਰਤਾ ਸਚਿਆਰੁ ਮੈਡਾ ਸਾਂਈ ॥
ਪ੍ਰੋਫ਼ੈਸਰ ਮਨਮੋਹਨ ਸਿੰਘ (ਕੈਨੇਡਾ)
ਆਸਾ ਮਹਲਾ ੪ ॥
ਤੂੰ ਕਰਤਾ ਸਚਿਆਰੁ ਮੈਡਾ ਸਾਂਈ ॥ ਜੋ ਤਉ ਭਾਵੈ, ਸੋਈ ਥੀਸੀ; ਜੋ ਤੂੰ ਦੇਹਿ, ਸੋਈ ਹਉ ਪਾਈ ॥੧॥ ਰਹਾਉ ॥
ਸਭ ਤੇਰੀ; ਤੂੰ ਸਭਨੀ ਧਿਆਇਆ ॥ ਜਿਸ ਨੋ ਕ੍ਰਿਪਾ ਕਰਹਿ; ਤਿਨਿ ਨਾਮ ਰਤਨੁ ਪਾਇਆ ॥
ਗੁਰਮੁਖਿ ਲਾਧਾ; ਮਨਮੁਖਿ ਗਵਾਇਆ ॥ ਤੁਧੁ ਆਪਿ ਵਿਛੋੜਿਆ; ਆਪਿ ਮਿਲਾਇਆ ॥੧॥
ਤੂੰ ਦਰੀਆਉ; ਸਭ ਤੁਝ ਹੀ ਮਾਹਿ ॥ ਤੁਝ ਬਿਨੁ, ਦੂਜਾ ਕੋਈ ਨਾਹਿ ॥
ਜੀਅ ਜੰਤ ਸਭਿ ਤੇਰਾ ਖੇਲੁ ॥ ਵਿਜੋਗਿ ਮਿਲਿ ਵਿਛੁੜਿਆ; ਸੰਜੋਗੀ ਮੇਲੁ ॥੨॥
ਜਿਸ ਨੋ ਤੂ ਜਾਣਾਇਹਿ; ਸੋਈ ਜਨੁ ਜਾਣੈ ॥ ਹਰਿ ਗੁਣ ਸਦ ਹੀ ਆਖਿ ਵਖਾਣੈ ॥
ਜਿਨਿ ਹਰਿ ਸੇਵਿਆ; ਤਿਨਿ ਸੁਖੁ ਪਾਇਆ ॥ ਸਹਜੇ ਹੀ ਹਰਿ ਨਾਮਿ ਸਮਾਇਆ ॥੩॥
ਤੂ ਆਪੇ ਕਰਤਾ; ਤੇਰਾ ਕੀਆ ਸਭੁ ਹੋਇ ॥ ਤੁਧੁ ਬਿਨੁ, ਦੂਜਾ ਅਵਰੁ ਨ ਕੋਇ ॥
ਤੂ ਕਰਿ ਕਰਿ ਵੇਖਹਿ, ਜਾਣਹਿ ਸੋਇ ॥ ਜਨ ਨਾਨਕ ! ਗੁਰਮੁਖਿ ਪਰਗਟੁ ਹੋਇ ॥੪॥੨॥
(ਸੋ ਪੁਰਖੁ ਆਸਾ ਮਹਲਾ ੪/੧੨)
ਇਹ ਸ਼ਬਦ ਗੁਰੂ ਰਾਮਦਾਸ ਜੀ ਦੁਆਰਾ ਉਚਾਰਿਆ ਹੋਇਆ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਅੰਦਰ ਦੋ ਵਾਰ ਅੰਕ 12 ਅਤੇ 365 ਉੱਤੇ ਆਸਾ ਰਾਗ ਵਿੱਚ ਸੁਭਾਇਮਾਨ ਹੈ। ਇਸ ਦੇ ਚਾਰ ਬੰਦ ਹਨ ਅਤੇ ਇੱਕ ‘ਰਹਾਉ’ ਪਦਾ ਹੈ, ਜੋ ਸ਼ਬਦ ਦੇ ਅਰੰਭ ਵਿੱਚ ਦਰਜ ਹੈ। ‘ਰਹਾਉ’ ਬੰਦ ਪੂਰੇ ਸ਼ਬਦ ਦਾ ਕੇਂਦਰੀ ਭਾਵ ਹੁੰਦਾ ਹੈ, ਜੋ ਸ਼ਬਦ ਅੰਦਰ ਅਕਸਰ ਪਹਿਲੇ ਬੰਦ ਤੋਂ ਬਾਅਦ ਦਰਜ ਹੁੰਦਾ ਹੈ, ਜੋ ਕਿ ਇਸ ਸ਼ਬਦ ਦੇ ਅਰੰਭ ਵਿੱਚ ਹੈ। ‘ਰਹਾਉ’ ਪਦੇ ’ਚ ਬਚਨ ਕੀਤਾ ਗਿਆ ਹੈ ‘‘ਤੂੰ ਕਰਤਾ ਸਚਿਆਰੁ; ਮੈਡਾ ਸਾਂਈ ॥’’ ਭਾਵ ਹੇ ਮੇਰੇ ਮਾਲਕ ਕਰਤਾਰ ! ਤੂੰ ਸਾਰੀ ਸ੍ਰਿਸ਼ਟੀ ਦਾ ਰਚਨਹਾਰ (ਕਰਤਾ) ਹੈਂ, ਸਦਾ ਕਾਇਮ ਰਹਿਣ ਵਾਲਾ ਹੈਂ ਅਤੇ ਮੇਰਾ ਖਸਮ ਹੈਂ, ਮਾਲਕ ਹੈਂ ਯਾਨੀ ਅਸੀਂ ਸਾਰੇ ਤੇਰੀ ਹੀ ਕਿਰਤ ਹਾਂ।
ਵਿਚਾਰ : ਇੱਥੇ ‘ਸਾਂਈ’ ਸ਼ਬਦ ਦੇ ਉੱਪਰ ਪਹਿਲਾਂ ਹੀ ਬਿੰਦੀ ਲੱਗੀ ਹੋਈ ਹੈ, ਜੋ ਹੱਥ ਲਿਖਤ ਬੀੜ ਦਾ ਉਤਾਰਾ ਕਰਿਦਆਂ ਛਾਪੇ ਸਮੇਂ ‘ਸਾ’ ਦੇ ਕੰਨੇ ’ਤੇ ਆ ਗਈ ਕਿਉਂਕਿ ਵੈਸੇ ਇਹ ‘ਈ’ ਦੀ ਬਿਹਾਰੀ ਨਾਲ਼ ਖੱਬੇ ਪਾਸੇ ਹੈ। ਪੁਰਾਤਨ ਹੱਥ ਲਿਖਤ ਸਰੂਪਾਂ ’ਚ ਬਿਹਾਰੀ ਦੇ ਖੱਬੇ ਪਾਸੇ ਬਿੰਦੀ ਜਾਂ ਟਿੱਪੀ ਵੀ ਲੱਗੀ ਮਿਲਦੀ ਹੈ; ਜਿਵੇਂ ਕਿ ਇਸ ਵਾਕ ਵਿੱਚ ‘‘ੲੰੀਧਨ ਤੇ ਬੈਸੰਤਰੁ ਭਾਗੈ ॥ ਮਾਟੀ ਕਉ ਜਲੁ ਦਹ ਦਿਸ ਤਿਆਗੈ ॥’’ (ਮਹਲਾ ੫/੯੦੦) ਇੱਥੇ ‘ੲੰੀਧਨ’ ਸ਼ਬਦ ਹੈ, ਜਿਸ ਦੀ ਬਿਹਾਰੀ ਨਾਲ਼ ਖੱਬੇ ਪਾਸੇ ਟਿੱਪੀ ਹੈ, ਪਰ ਐਸਾ ਅਜੋਕੀ ਪੰਜਾਬੀ ਵਿੱਚ ਨਹੀਂ ਲਿਖਿਆ ਜਾਂਦਾ। ਇਸੇ ਤਰ੍ਹਾਂ ‘ਸਾਂਈ’ ਤੋਂ ਪ੍ਰਿੰਟਿੰਗ ਸਮੇਂ ‘ਸਾਂਈ’ ਲਿਖਿਆ ਗਿਆ, ਜਿਸ ਦਾ ਅਰਥ ਹੈ ‘ਪ੍ਰਮਾਤਮਾ, ਵਾਹਿਗੁਰੂ, ਖਸਮ, ਪਤੀ’।
ਗੁਰਬਾਣੀ ਅੰਦਰ ‘ਸਾਈ’ ਸ਼ਬਦ ਦੇ ਦੋ ਅਰਥ ਹਨ (1). ਖਸਮ (ਇੱਕ ਵਚਨ ਪੁਲਿੰਗ ਨਾਂਵ) (2). ਉਹ (ਇਸਤ੍ਰੀ ਲਿੰਗ ਵਿਸ਼ੇਸ਼ਣ); ਜਿਵੇਂ ਕਿ
(1). ‘ਸਾਈ’ ਦਾ ਅਰਥ ਹੈ ‘ਖਸਮ, ਪਤੀ’ ਕਿਉਂਕਿ ‘ਸਾਈ’ ਦੇ ਨਾਲ਼ ਇੱਕ ਵਚਨ ਪੁਲਿੰਗ ਨਾਂਵ ਹੁੰਦੇ ਹਨ; ਜਿਵੇਂ ਕਿ
ਸਾਈ ਨਾਮੁ ਅਮੋਲੁ ਕੀਮ ਨ ਕੋਈ ਜਾਣਦੋ ॥ (ਮਹਲਾ ੫/੮੧) (ਸਾਈ ਨਾਮੁ)
ਸਾਈ ਅਲਖੁ ਅਪਾਰੁ ਭੋਰੀ ਮਨਿ ਵਸੈ ॥ (ਮਹਲਾ ੫/੩੯੭) (ਸਾਈ ਅਲਖੁ)
ਐਸੇ ਸਾਰੇ ਵਾਕਾਂ ’ਚ ‘ਸਾਈ’ ਦਾ ਉਚਾਰਨ ‘ਸਾਈਂ’ ਹੋਵੇਗਾ।
(2). ‘ਸਾਈ’ ਦਾ ਅਰਥ ਹੈ ‘ਉਹ, ਉਹੀ’ ਕਿਉਂਕਿ ਇਸ ‘ਸਾਈ’ ਦੇ ਨਾਲ਼ ਇਸਤਰੀ ਲਿੰਗ ਨਾਂਵ ਹੁੰਦੇ ਹਨ; ਜਿਵੇਂ ਕਿ
ਜੋ ਤੁਧੁ ਭਾਵੈ; ਸਾਈ ਭਲੀ ਕਾਰ ॥ (ਜਪੁ/ਮਹਲਾ ੧/੩) (ਸਾਈ ਕਾਰ/ਉਹੀ ਕਾਰ)
ਸਾਈ ਵਸਤੁ ਪਰਾਪਤਿ ਹੋਈ; ਜਿਸੁ ਸਿਉ ਲਾਇਆ ਹੇਤੁ ॥ (ਮਹਲਾ ੧/੭੫) (ਇੱਥੇ ‘ਵਸਤੁ’ ਇਸਤਰੀ ਲਿੰਗ ਨਾਂਵ ਹੋਣ ਕਾਰਨ ‘ਸਾਈ’ ਦਾ ਅਰਥ ਵੀ ‘ਉਹ’ ਹੈ, ਨਾ ਕਿ ‘ਪਤੀ, ਖਸਮ’ ਇੱਕ ਵਚਨ ਪੁਲਿੰਗ)
ਸਾਈ ਕਾਰ ਕਮਾਵਣੀ; ਧੁਰਿ ਛੋਡੀ ਤਿੰਨੈ ਪਾਇ ॥ (ਆਸਾ ਕੀ ਵਾਰ/ਮਹਲਾ ੧/੪੭੫) (ਸਾਈ ਕਾਰ/ਉਹੀ ਕਾਰ)
ਸਾਈ ਮਤਿ ਸਾਈ ਬੁਧਿ ਸਿਆਨਪ; ਜਿਤੁ ਨਿਮਖ ਨ ਪ੍ਰਭੁ ਬਿਸਰਾਵੈ ॥ (ਮਹਲਾ ੫/੯੭੮) (ਇੱਥੇ ਵੀ ‘ਮਤਿ, ਬੁਧਿ ਸਿਆਪਣ’ ਇਸਤਰੀ ਲਿੰਗ ਨਾਂਵ ਹਨ, ਇਸ ਲਈ ‘ਸਾਈ’ ਦਾ ਅਰਥ ‘ਖਸਮ’ ਨਹੀਂ ਹੋ ਸਕਦਾ)
ਐਸੇ ਸਾਰੇ ਵਾਕਾਂ ’ਚ ‘ਸਾਈ’ ਦਾ ਉਚਾਰਨ ‘ਸਾਈ’ ਹੈ, ਨਾ ਕਿ ‘ਸਾਈਂ’।
ਗੁਰੂ ਨਾਨਕ ਸਾਹਿਬ ਜੀ ਨੇ ‘ਆਸਾ ਕੀ ਵਾਰ’ ਵਿੱਚ ਕਿਹਾ ਹੈ ਕਿ ਕਰਤਾਰ ਨੇ ਆਪਣੇ ਆਪ ਨੂੰ ਸਰਗੁਣ ਰੂਪ ’ਚ ਪ੍ਰਗਟ ਕਰਨ ਲਈ ਕੁਦਰਤ ਬਣਾਈ ਹੈ ਭਾਵੇਂ ਕਿ ਕੁਦਰਤ ਦੇ ਕਣ ਕਣ ਵਿੱਚ ਉਹ ਆਪ ਹੀ ਸਮਾਇਆ ਹੋਇਆ ਹੈ ‘‘ਆਪੀਨ੍ਹੈ ਆਪੁ ਸਾਜਿਓ; ਆਪੀਨ੍ਹੈ ਰਚਿਓ ਨਾਉ ॥ ਦੁਯੀ ਕੁਦਰਤਿ ਸਾਜੀਐ; ਕਰਿ ਆਸਣੁ ਡਿਠੋ ਚਾਉ ॥’’ (ਮਹਲਾ ੧/੪੬੩) ਅਰਥ : ਕਰਤਾਰ ਨੇ ਆਪਣੇ ਆਪ ਨੂੰ ਪੈਦਾ ਕਰ ਆਪਣੀ ਹੋਂਦ ਸਥਾਪਿਤ ਕੀਤੀ। ਫਿਰ ਦੂਜੇ ਨੰਬਰ ਉੱਤੇ ਆਪ ਨੇ ਆਪਣੇ ਆਪ ਨੂੰ (ਕੁਦਰਤ ਰੂਪ ਵਿੱਚ) ਸਥਾਪਿਤ ਕੀਤਾ ਅਤੇ ਇਸ ਵਿੱਚ ਆਪਣੀ ਪ੍ਰਸਿੱਧੀ ਪਾਈ, ਆਪਣੇ ਵਰਗੇ ਕੁੱਝ ਗੁਣ ਪਾਏ ਯਾਨੀ ਸਭ ਨੂੰ ਭੋਜਨ ਪ੍ਰਾਪਤ ਕਰਨ ਅਤੇ ਔਲਾਦ ਪੈਦਾ ਕਰਨ ਯੋਗੀ ਸੋਝੀ ਬਖ਼ਸ਼ੀ ਹੈ; ਜਿਵੇਂ ਕਿ ਬਚਨ ਹਨ ‘‘ਏਕਾ ਸੁਰਤਿ ਜੇਤੇ ਹੈ ਜੀਅ ॥ ਸੁਰਤਿ ਵਿਹੂਣਾ ਕੋਇ ਨ ਕੀਅ ॥’’ (ਮਹਲਾ ੧/੨੫), ਸੋ ਆਪਣੀ ਹੋਂਦ ਸਥਾਪਿਤ ਕਰਨ ਤੋਂ ਬਾਅਦ ਅਕਾਲ ਪੁਰਖ ਕਰਤੇ ਨੇ ਆਪ ਹੀ ਸਾਰੀ ਕੁਦਰਤ ਬਣਾਈ ਹੈ। ਦੂਸਰੇ ਨੰਬਰ ’ਤੇ ਕੁਦਰਤ ਸਾਜ ਕੇ ਇਸ ਵਿੱਚ ਆਪ ਹੀ ਆਸਣ ਜਮਾਂ ਕੇ ਬੈਠਾ ਹੈ ਅਤੇ ਸਾਰਾ ਕੌਤਕ ਤਮਾਸ਼ਾ ਵੇਖਣ ਲੱਗਾ; ਜਿਵੇਂ ਕਿ ‘ਸੋ ਦਰੁ’ ਵਿੱਚ ਵੀ ਗੁਰੂ ਨਾਨਕ ਸਾਹਿਬ ਜੀ ਨੇ ਕਰਤਾ ਸਚਿਆਰ ਦੀ ਪੂਰੀ ਪਰਿਭਾਸ਼ਾ ਦਿੱਤੀ ਹੋਈ ਹੈ ‘‘ਸੋਈ ਸੋਈ ਸਦਾ ਸਚੁ; ਸਾਹਿਬੁ ਸਾਚਾ, ਸਾਚੀ ਨਾਈ ॥ ਹੈ ਭੀ, ਹੋਸੀ, ਜਾਇ ਨ ਜਾਸੀ; ਰਚਨਾ ਜਿਨਿ ਰਚਾਈ ॥’’ (ਮਹਲਾ ੧/੯) ਗੁਰੂ ਰਾਮਦਾਸ ਜੀ ਦੇ ਵੀ ਬਚਨ ਹਨ ‘‘ਸਾਚਾ ਸਾਹਿਬੁ, ਸਚੁ ਤੂ ਮੇਰੇ ਸਾਹਾ ! ਤੇਰਾ ਕੀਆ ਸਚੁ ਸਭੁ ਹੋਇ ॥’’ (ਮਹਲਾ ੪/੬੭੦) ਇਸ ਸ਼ਬਦ ਵਿੱਚ ਗੁਰੂ ਸਾਹਿਬ ਨੇ ਪਰਮਾਤਮਾ ਨੂੰ ਸੰਬੋਧਿਤ ਹੁੰਦੇ ਹੋਏ ਉਚਾਰਿਆ ਹੈ ਕਿ ਹੇ ਸਦਾ ਰਹਿਣ ਵਾਲੇ ਮੇਰੇ ਪਾਤਿਸ਼ਾਹ ! ਸਭ ਕੁਝ ਤੇਰਾ ਬਣਾਇਆ ਹੋ ਰਿਹਾ ਹੈ; ਜੋ ਤੂੰ ਕਰ ਰਿਹਾ ਹੈਂ, ਉਹੀ ਸੱਚ ਹੈ ਯਾਨੀ ਉਹੀ ਨਿਰਵਿਘਨ ਹੁੰਦਾ ਹੈ। ਹਥਲੇ ਸ਼ਬਦ ਦੀ ‘ਰਹਾਉ’ ਤੁਕ ’ਚ ਹੀ ਅਗਾਂਹ ਬਚਨ ਕੀਤੇ ਹਨ ਕਿ ਜੋ ਤੈਨੂੰ ਚੰਗਾ ਲੱਗਦਾ ਹੈ, ਉਹੀ ਹੋਵੇਗਾ, ਉਹੀ ਹੋ ਰਿਹਾ ਹੈ। ਜੋ ਤੂੰ ਸਾਨੂੰ ਦਿੰਦਾ ਹੈਂ, ਉਹੀ ਮੈਂ ਪਾ ਸਕਦਾ ਹਾਂ ‘‘ਜੋ ਤਉ ਭਾਵੈ, ਸੋਈ ਥੀਸੀ; ਜੋ ਤੂੰ ਦੇਹਿ, ਸੋਈ ਹਉ ਪਾਈ ॥੧॥ ਰਹਾਉ ॥’’ ਇੱਥੇ ‘ਪਾਈ’ ਸ਼ਬਦ ਉੱਤਮ ਪੁਰਖ, ਇੱਕ ਵਚਨ ਕਿਰਿਆ ਹੈ, ਜਿਸ ਦਾ ਅਰਥ ਹੈ ‘ਮੈਂ ਪਾਉਂਦਾ ਹਾਂ’। ਇਸ ਲਈ ਉਚਾਰਨ ਬਿੰਦੀ ਸਮੇਤ ਹੈ ‘ਪਾਈਂ’।
ਗੁਰੂ ਨਾਨਕ ਸਾਹਿਬ ਜੀ ‘ਜਪੁ’ ਬਾਣੀ ਦੀ 6ਵੀਂ ਪਉੜੀ ’ਚ ਵੀ ਬਚਨ ਕਰਦੇ ਹਨ ਕਿ ਹੇ ਪ੍ਰਮਾਤਮਾ ! ਮੈਂ ਜਿੰਨੀ ਵੀ ਤੇਰੀ ਪੈਦਾ ਕੀਤੀ ਹੋਈ ਸ੍ਰਿਸ਼ਟੀ ਵੇਖ ਰਿਹਾ ਹਾਂ, ਇਸ ਵਿੱਚੋਂ ਜਿਸ ਦੇ ਨਸੀਬ ’ਚ ਜੇਕਰ ਚੰਗਾ ਕਰਮ ਨਹੀਂ ਲਿਖਿਆ ਭਾਵ ਤੇਰੀ ਬਖ਼ਸ਼ਸ਼ ਨਹੀਂ ਹੋਈ ਤਾਂ ਸੰਸਾਰ ਵਿੱਚ ਰਹਿੰਦਿਆਂ ਕਿਸੇ ਨੂੰ ਕੀ ਮਿਲ ਸਕਦਾ ਹੈ ਤਾਂ ਜੋ ਮੈਂ ਵੀ ਲੈ ਸਕਾਂ ‘‘ਜੇਤੀ ਸਿਰਠਿ ਉਪਾਈ ਵੇਖਾ; ਵਿਣੁ ਕਰਮਾ ਕਿ ਮਿਲੈ, ਲਈ ?॥’’ (ਜਪੁ/ਮਹਲਾ ੧/੨) ਇੱਥੇ ਵੀ ‘ਲਈ’ ਉੱਤਮ ਪੁਰਖ, ਇੱਕ ਵਚਨ ਕਿਰਿਆ ਹੈ, ਜਿਸ ਦਾ ਅਰਥ ਹੈ ‘ਮੈਂ ਲੈ ਲਵਾਂ’। ਇਸ ਲਈ ਉਚਾਰਨ ਬਿੰਦੀ ਸਮੇਤ ਹੈ ‘ਲਈਂ’।
ਵਿਚਾਰ ਅਧੀਨ ਸ਼ਬਦ ਦੇ ਚਾਰ ਬੰਦਾਂ ਵਿੱਚੋਂ ਪਹਿਲੇ ਬੰਦ ਦੀ ਅਰੰਭਤਾ ਹੈ ‘‘ਸਭ ਤੇਰੀ; ਤੂੰ ਸਭਨੀ ਧਿਆਇਆ ॥ ਜਿਸ ਨੋ ਕ੍ਰਿਪਾ ਕਰਹਿ; ਤਿਨਿ ਨਾਮ ਰਤਨੁ ਪਾਇਆ॥’’, ਇਸ ਪੰਕਤੀ ’ਚ ਸ਼ਬਦ ਹੈ ‘ਤੂੰ’। ਇਸ ਦਾ ਅਰਥ ਹੈ ‘ਤੈਨੂੰ’; ਜਿਵੇਂ ਕਿ ਵਾਕ ਹੈ ‘‘ਜਿਨ ਤੂੰ ਸੇਵਿਆ ਭਾਉ ਕਰਿ; ਸੇਈ ਪੁਰਖ ਸੁਜਾਨ ॥’’ (ਮਹਲਾ ੫/੫੨), ਇੱਥੇ ‘ਜਿਨ’ ਦੇ ‘ਨ’ ਨੂੰ ਸਿਹਾਰੀ ਨਹੀਂ ਭਾਵ ‘ਨ’ ਮੁਕਤਾ ਹੈ, ਜੋ ਬਹੁ ਵਚਨ ਦਾ ਪ੍ਰਤੀਕ ਹੈ। ਇਸ ਦੇ ਅਰਥ ਹਨ ਕਿ ਜਿਨ੍ਹਾਂ ਨੇ ਤੈਨੂੰ ਪਿਆਰ ਨਾਲ਼ ਸੇਵਿਆ ਹੈ/ਅਰਾਧਿਆ ਹੈ, ਉਹੀ ਪੁਰਸ਼ ਸਿਆਣੇ ਹਨ, ਤੈਨੂੰ ਚੰਗੀ ਤਰ੍ਹਾਂ ਜਾਣਦੇ ਹਨ।
ਗੁਰਬਾਣੀ ਅੰਦਰ ਜੇਕਰ ‘ਜਿਨਿ’ ਭਾਵ ‘ਨ’ ਨੂੰ ਸਿਹਾਰੀ ਹੋਵੇ ਤਾਂ ਇਹ, ਇੱਕ ਵਚਨ ਪੜਨਾਂਵ ਹੈ; ਜਿਵੇਂ ਕਿ ‘‘ਤਿਸੁ ਕੁਰਬਾਣੀ; ਜਿਨਿ, ਤੂੰ ਸੁਣਿਆ ॥ ਤਿਸੁ ਬਲਿਹਾਰੀ; ਜਿਨਿ, ਰਸਨਾ ਭਣਿਆ ॥’’ (ਮਹਲਾ ੫/੧੦੨) ਭਾਵ ਮੈਂ ਉਸ ਤੋਂ ਕੁਰਬਾਨ ਜਾਂਦਾ ਹਾਂ, ਜਿਸ ਨੇ ਤੈਨੂੰ ਸੁਣਿਆ ਹੈ, ਜਿਸ ਨੇ ਤੈਨੂੰ ਰਸਨਾ ਨਾਲ ਜਪਿਆ ਹੈ। ‘ਤੂੰ’ ਵਾਙ ਕਿਤੇ ਕਿਤੇ ‘ਤੂਹੈ’ ਦਾ ਅਰਥ ਵੀ ‘ਤੈਨੂੰ’ ਹੁੰਦਾ ਹੈ; ਜਿਵੇਂ ਕਿ ‘‘ਭੀ ਤੂੰਹੈ ਸਾਲਾਹਣਾ; ਆਖਣ ਲਹੈ ਨ ਚਾਉ ॥’’ (ਮਹਲਾ ੧/੧੪੨) ਭਾਵ ਹੇ ਪਰਮਾਤਮਾ ! ਮੈਂ ਤੈਨੂੰ ਹੀ ਜਪਦਾ ਹਾਂ, ਮੇਰੇ ਅੰਦਰ ਕਦੇ ਵੀ ਤੇਰੀ ਸਿਫ਼ਤ ਸਾਲਾਹ ਕਰਨ ਦਾ ਚਾਉ ਨਾ ਘਟੇ। ਪ੍ਰਭੂ ਦੀ ਕਿਰਪਾ ਨਾਲ਼ ਹਿਰਦੇ-ਘਰ ਵਿੱਚ ਛੁਪਿਆ ਨਾਮ-ਅੰਮ੍ਰਿਤ (ਲਾਲ) ਪ੍ਰਗਟ ਹੋ ਜਾਂਦਾ ਹੈ; ਜਿਵੇਂ ਕਿ ਉਪਦੇਸ਼ ਹੈ ‘‘ਗੁਝੜਾ ਲਧਮੁ ਲਾਲੁ; ਮਥੈ ਹੀ ਪਰਗਟੁ ਥਿਆ ॥’’ (ਮਹਲਾ ੫/੧੦੯੬) ਅਰਥ : ਪ੍ਰਭੂ ਦੀ ਕਿਰਪਾ ਨਾਲ਼ ਮੇਰੇ ਅੰਦਰ ਛੁਪਿਆ ਲਾਲ (ਅੰਮ੍ਰਿਤ ਨਾਮ) ਲੱਭ ਪਿਆ। ਹੁਣ ਮੇਰੇ ਚਿਹਰੇ ਉੱਤੇ ਪ੍ਰਗਟ ਹੋ ਗਿਆ ਭਾਵ ਮੇਰੇ ਮੂੰਹ ’ਤੇ ਲਾਲੀ ਆ ਗਈ।
ਇਸ ਪਹਿਲੇ ਬੰਦ ਵਿੱਚ ਚੌਥੇ ਪਾਤਿਸ਼ਾਹ ਜੀ ਕਰਤਾਰ ਅੱਗੇ ਬੇਨਤੀ ਕਰਦੇ ਹਨ ਕਿ ਹੇ ਪਾਤਿਸ਼ਾਹ ! ਜਿਸ ’ਤੇ ਤੇਰੀ ਕਿਰਪਾ ਹੁੰਦੀ ਹੈ, ਉਸ ਨੂੰ ਹੀ ਨਾਮ ਰਤਨ ਦੀ ਪ੍ਰਾਪਤੀ ਹੁੰਦੀ ਹੈ। ਗੁਰਬਾਣੀ ਮੁਤਾਬਕ ਅਸਲ ਰਤਨ; ਹਰੀ ਦਾ ਨਾਮ ਹੀ ਹੈ। ਅਸਲੀ ਗਾਉਣਾ; ਉਨ੍ਹਾਂ ਦਾ ਹੀ ਪ੍ਰਵਾਨ ਹੈ, ਜੋ ਤੈਨੂੰ ਭਾਅ ਜਾਂਦੇ ਹਨ, ਪਸੰਦ ਆ ਜਾਂਦੇ ਹਨ। ਉਹ ਤੇਰੇ ਭਗਤ; ਨਾਮ ਰਸ ਵਿੱਚ ਰੰਗੇ ਜਾਂਦੇ ਹਨ, ਉਨ੍ਹਾਂ ਦਾ ਬਾਣੀ ਨਾਲ਼ ਪਿਆਰ ਪੈ ਜਾਂਦਾ ਹੈ; ਜਿਵੇਂ ਕਿ ਬਚਨ ਹਨ ‘‘ਸੇ ਭਗਤ, ਸੇ ਭਗਤ ਭਲੇ ਜਨ ਨਾਨਕ ਜੀ; ਜੋ ਭਾਵਹਿ ਮੇਰੇ ਹਰਿ ਭਗਵੰਤਾ ॥’’ (ਸੋ ਪੁਰਖੁ/ਮਹਲਾ ੪/੧੧) ਭਾਵ ਹੇ ਮੇਰੇ ਵਾਹਿਗੁਰੂ ! ਜੋ ਤੈਨੂੰ ਭਾਉਂਦੇ ਹਨ, ਉਹਨਾਂ ਨੂੰ ਹੀ ਨਾਮ ਰੂਪੀ ਰਤਨ ਮਿਲਦਾ ਹੈ। ਗੁਰਬਾਣੀ ਅੰਦਰ ਬਹੁਤ ਵਾਕ ਹਨ, ਜਿਨ੍ਹਾਂ ਰਾਹੀਂ ਗੁਰੂ ਮਹਾਰਾਜ ਨੇ ਸਾਨੂੰ ਦੱਸਿਆ ਹੈ ਕਿ ਨਾਮ ਰਤਨ ਕੀ ਹੈ; ਜਿਵੇਂ ਕਿ ‘‘ਰਤਨੁ ਗੁਰੂ ਕਾ ਸਬਦੁ ਹੈ; ਬੂਝੈ ਬੂਝਣਹਾਰੁ ॥’’ (ਮਹਲਾ ੩/੫੮੯) ਭਾਵ ਜਿਸ ’ਤੇ ਕਿਰਪਾ ਹੋ ਜਾਵੇ, ਉਹ ਸਮਝਦਾ ਹੈ ਕਿ ਬਹੁ ਕੀਮਤੀ ਰਤਨ; ਗੁਰੂ ਦਾ ਸ਼ਬਦ ਹੈ। ਹੋਰ ਵੀ ਬਚਨ ਹਨ ‘‘ਸਤਿਗੁਰ ਵਚਨੁ ਰਤੰਨੁ ਹੈ; ਜੋ ਮੰਨੇ, ਸੁ ਹਰਿ ਰਸੁ ਖਾਇ ॥ ਸੇ ਵਡਭਾਗੀ ਵਡ ਜਾਣੀਅਹਿ; ਜਿਨ ਹਰਿ ਰਸੁ ਖਾਧਾ ਗੁਰ ਭਾਇ ॥’’ (ਮਹਲਾ ੪/੪੧) ਭਾਵ ਸਤਿਗੁਰ ਦਾ ਬਚਨ ਹੀ ਅਸਲ ਰਤਨ ਹੈ, ਜੋ ਸ਼ਬਦ ਨੂੰ ਮੰਨ ਲਏ, ਹਿਰਦੇ ਵਿੱਚ ਧਾਰਨ ਕਰ ਲਵੇ, ਉਹ ਹਰ ਰਸ ਪਾਉਂਦਾ ਹੈ। ਗੁਰੂ ਨਾਨਕ ਪਾਤਿਸ਼ਾਹ ਜੀ ਦੇ ਬਚਨ ਹਨ ‘‘ਇਕਿ, ਰਤਨ ਪਦਾਰਥ ਵਣਜਦੇ; ਇਕਿ, ਕਚੈ ਦੇ ਵਾਪਾਰਾ ॥ ਸਤਿਗੁਰਿ+ਤੁਠੈ (ਨਾਲ਼), ਪਾਈਅਨਿ; ਅੰਦਰਿ ਰਤਨ ਭੰਡਾਰਾ ॥ ਵਿਣੁ ਗੁਰ, ਕਿਨੈ ਨ ਲਧਿਆ; ਅੰਧੇ ਭਉਕਿ ਮੁਏ ਕੂੜਿਆਰਾ ॥’’ (ਮਹਲਾ ੧/੧੪੧) ਇੱਥੇ ‘ਇਕਿ’ ਦੇ ‘ਕ’ ਨੂੰ ਵੀ ਸਿਹਾਰੀ ਹੈ, ਪਰ ਇਸ ਦਾ ਅਰਥ ਹੈ ‘ਕਈ’ (ਬਹੁ ਵਚਨ) ਭਾਵ ਕਈ ਗੁਰਮੁਖ ਰਤਨ ਪਦਾਰਥ ਵਣਜ ਲੈਂਦੇ ਹਨ। ਕਈ ਸਿਰਫ਼ ਕੱਚੇ ਦਾ ਵਪਾਰ ਕਰਦੇ ਹਨ ਭਾਵ ਮਾਇਆ ਰੂਪੀ ਖੇਡ ਵਿੱਚ ਨੱਚਦੇ ਰਹਿੰਦੇ ਹਨ। ਜਿਸ ’ਤੇ ਪਰਮਾਤਮਾ ਕਿਰਪਾ ਕਰੇ, ਉਸ ਨੂੰ ਸਤਿਗੁਰੂ ਜੀ ਮਿਲਦੇ ਹਨ ਅਤੇ ਹਿਰਦੇ ਘਰ ਵਿੱਚੋਂ ਹੀ ਵਣਜ ਵਾਪਾਰ ਕਰ ਲੈਂਦਾ ਹੈ, ਹੋਣ ਲੱਗਦਾ ਹੈ ਕਿਉਂਕਿ ਤਦ ਉਹ ਅਕਾਲ ਪੁਰਖ ਦੀ ਸਿਫ਼ਤ ਸਾਲਾਹ ਵਿੱਚ ਮਗਨ ਰਹਿੰਦਾ ਹੈ ‘‘ਝਿਮਿ ਝਿਮਿ ਵਰਸੈ; ਅੰਮ੍ਰਿਤ ਧਾਰਾ ॥ ਮਨੁ ਪੀਵੈ ਸੁਨਿ ਸਬਦੁ ਬੀਚਾਰਾ ॥ ਅਨਦ ਬਿਨੋਦ ਕਰੇ ਦਿਨ ਰਾਤੀ; ਸਦਾ ਸਦਾ ਹਰਿ ਕੇਲਾ ਜੀਉ ॥’’ (ਮਹਲਾ ੫/੧੦੨) ‘ਬਿਨੋਦ’ ਅਤੇ ‘ਕੇਲਾ’ ਦਾ ਅਰਥ ਹੈ ਚੋਜ-ਅਚੰਭਾ ਭਾਵ ਪੂਰਨ ਅਨੰਦ।
ਕੀਮਤੀ ਰਤਨ ਪਦਾਰਥਾਂ ਦਾ ਖ਼ਜ਼ਾਨਾ ਹਨ ‘ਸਤਿਗੁਰੂ ਜੀ’। ਅਸੀਂ ਉਨ੍ਹਾਂ ਕੋਲ ਵਣਜ ਕਰਨ ਜਾਣਾ ਹੈ ਕਿਉਂਕਿ ਰਤਨ ਪਦਾਰਥਾਂ ਦਾ ਵਣਜ ਕਰਨ ਹੀ ਭਗਤ ਵਣਜਾਰੇ ਸੱਚੇ ਸ਼ਾਹ ਦੀ ਹੱਟ ’ਤੇ ਜਾਂਦੇ ਹਨ ‘‘ਨਾਮੁ ਅਮੋਲਕੁ ਰਤਨੁ ਹੈ; ਪੂਰੇ ਸਤਿਗੁਰ ਪਾਸਿ ॥ ਸਤਿਗੁਰ ਸੇਵੈ ਲਗਿਆ; ਕਢਿ ਰਤਨੁ ਦੇਵੈ ਪਰਗਾਸਿ ॥ ਧੰਨੁ ਵਡਭਾਗੀ ਵਡ ਭਾਗੀਆ; ਜੋ ਆਇ ਮਿਲੇ ਗੁਰ ਪਾਸਿ ॥’’ (ਮਹਲਾ ੪/੪੦) ਸੋ ਅਕਾਲ ਪੁਰਖ ਦਾ ਨਾਮ; ਸੰਸਾਰਿਕ ਵਸਤੂਆਂ ਨਾਲ਼ ਨਹੀਂ ਮਿਲਦਾ। ਉਸ ਦਾ ਕੋਈ ਮੁੱਲ ਨਹੀਂ ਭਾਵ ਅਮੋਲਕ ਹੈ। ਸਿਰਫ਼ ਪੂਰੇ ਸਤਿਗੁਰ ਕੋਲੋਂ ਮਿਲਦਾ ਹੈ। ਸਤਿਗੁਰ ਦੀ ਸੇਵਾ ਵਿੱਚ ਲੱਗਿਆਂ, ਉਹ ਹਿਰਦੇ ਘਰ ਵਿੱਚੋਂ ਪ੍ਰਗਟ ਹੁੰਦਾ ਹੈ, ਪ੍ਰਕਾਸ਼ ਕਰ ਦਿੰਦਾ ਹੈ। ਜਿਨ੍ਹਾਂ ਨੂੰ ਨਾਮ ਰਤਨ ਦਾ ਖ਼ਜ਼ਾਨਾ ਲੱਭ ਗਿਆ, ਉਹ ਅਸਲੀ ਸ਼ਾਹੂਕਾਰ ਹਨ। ਉਹ ਸੱਚੇ ਸ਼ਾਹ ਦੇ ਸੱਚੇ ਆਸ਼ਕ ਹਨ। ਉਹ ਅਮੁੱਲ ਗੁਣਾਂ ਦਾ ਵਪਾਰ ਕਰਦੇ ਪਏ ਹਨ। ਐਸੇ ਗੁਰਮੁਖਾਂ ਨੇ ਹੀ ਜ਼ਿੰਦਗੀ ਵਿੱਚ ਰਹਿੰਦਿਆਂ ਅਸਲ ਲਾਹਾ ਖੱਟਿਆ ਹੈ। ਮਾਨੋ ਉਨ੍ਹਾਂ ਨੇ ਹਰੀ ਨਾਮ ਦਾ ਭੰਡਾਰ ਲੱਭ ਲਿਆ ਹੈ। ਗੁਰਮੁਖਾਂ ਨੇ ਗੁਰੂ ਵੱਲ ਮੂੰਹ ਕਰ ਕੇ ਭਾਵ ਗੁਰੂ ਦੇ ਦੱਸੇ ਰਾਹ ’ਤੇ ਚੱਲ ਕੇ ਆਪਣੇ ਮਨ, ਬਚਨ, ਕਰਮ ਨਾਲ ਪ੍ਰਮਾਤਮਾ ਦਾ ਨਾਮ ਧਨ; ਹਿਰਦੇ ਘਰ ਵਿੱਚੋਂ ਹੀ ਲੱਭ ਲਿਆ ਹੈ। ਗੁਰੂ ਦੀ ਕਿਰਪਾ ਨਾਲ਼ ਪਾ ਲਿਆ ਹੈ; ਜਿਵੇਂ ਕਿ ਗੁਰੂ ਅਮਰਦਾਸ ਜੀ ਦੇ ਬਚਨ ਹਨ ‘‘ਕਹਤ ਸੁਣਤ ਸਭੇ ਸੁਖ ਪਾਵਹਿ; ਮਾਨਤ ਪਾਹਿ ਨਿਧਾਨਾ ॥’’ (ਮਹਲਾ ੩/੭੯੮)
ਦੂਜੇ ਪਾਸੇ ਮਨਮੁਖਾਂ ਨੇ ਭਾਵੇਂ ਸੰਸਾਰਿਕ ਮਾਇਆ ਤਾਂ ਬਹੁਤ ਇਕੱਠੀ ਕਰ ਲਈ ਹੁੰਦੀ ਹੈ, ਪਰ ਇਸ ਮਾਇਆ ਕਾਰਨ ਨਾਮ ਰਤਨ ਗਵਾ ਲਿਆ ਹੁੰਦਾ ਹੈ। ਵੈਸੇ ਇਹ ਵੀ ਪਰਮਾਤਮਾ ਦੀ ਆਪਣੀ ਖੇਡ ਹੈ, ਸਮਰੱਥਾ ਹੈ ਕਿ ਉਹ ਮਨਮੁਖਾਂ ਨੂੰ ਨਾਮ ਰਤਨ ਤੋਂ ਵਿਛੋੜੀ ਰੱਖਦਾ ਹੈ। ਕਿਸੇ ਦੇ ਭੀ ਆਪਣੇ ਹੱਥ ’ਚ ਕੋਈ ਸਮਰੱਥਾ ਨਹੀਂ ਹੁੰਦੀ ਤਾਂ ਜੋ ਉਹ, ਹਰਿ ਨਾਮ ਰਤਨ ਦਾ ਵਣਜ ਕਰਨ ’ਚ ਸਫਲ ਹੋ ਸਕੇ। ਇਹ ਸਿਰਫ਼ ਤੇ ਸਿਰਫ਼ ਪ੍ਰਮਾਤਮਾ ਅਤੇ ਸਤਿਗੁਰੂ ਦੀ ਮਿਹਰ ਦ੍ਰਿਸ਼ਟੀ ਨਾਲ ਪ੍ਰਾਪਤ ਹੁੰਦਾ ਹੈ। ਆਪ ਹੀ ਮਾਲਕ; ਵਿਛੋੜਦਾ ਹੈ ਤੇ ਆਪ ਹੀ ਮਿਲਾ ਲੈਂਦਾ ਹੈ। ਇਹੀ ਨੁਕਤਾ ਇਸ ਪਹਿਲੇ ਬੰਦ ’ਚ ਸਪਸ਼ਟ ਕੀਤਾ ਹੈ ‘‘ਗੁਰਮੁਖਿ ਲਾਧਾ; ਮਨਮੁਖਿ ਗਵਾਇਆ ॥ ਤੁਧੁ ਆਪਿ ਵਿਛੋੜਿਆ; ਆਪਿ ਮਿਲਾਇਆ ॥੧॥ ’’ ਇਸ ਨੂੰ ਗੁਰੂ ਅਮਰਦਾਸ ਜੀ ਸਮਝਾਉਂਦੇ ਹਨ ਕਿ ਮਾਲਕ ਦੀ ਪ੍ਰੀਤ ਤੋਂ ਟੁੱਟ ਕੇ, ਵਿਛੜ ਕੇ ਬੰਦਾ ਮਾਇਆ ਪਿੱਛੇ ਦੌੜਦਾ-ਭੱਜਦਾ ਰਹਿੰਦਾ ਹੈ; ਜਿਵੇਂ ਕਿ ‘‘ਹੋਰੁ ਬਿਰਹਾ ਸਭ ਧਾਤੁ ਹੈ; ਜਬ ਲਗੁ ਸਾਹਿਬ (ਦੀ) ਪ੍ਰੀਤਿ ਨ ਹੋਇ ॥ ਇਹੁ ਮਨੁ ਮਾਇਆ ਮੋਹਿਆ; ਵੇਖਣੁ ਸੁਨਣੁ ਨ ਹੋਇ ॥ ਸਹ ਦੇਖੇ ਬਿਨੁ ਪ੍ਰੀਤਿ ਨ ਊਪਜੈ; ਅੰਧਾ ਕਿਆ ਕਰੇਇ ?॥ ਨਾਨਕ ! ਜਿਨਿ ਅਖੀ ਲੀਤੀਆ; ਸੋਈ ਸਚਾ ਦੇਇ ॥’’ (ਮਹਲਾ ੩/੮੩) ਭਾਵ ਜਦ ਤੱਕ ਸਾਹਿਬ ਨਾਲ ਪ੍ਰੀਤ ਨਾ ਹੋਵੇ, ਤਦ ਤੱਕ ਮਨੁੱਖ ਦੀ ਪ੍ਰੀਤ ਮਾਇਆ ਨਾਲ ਹੁੰਦੀ ਹੈ। ਉਹ ਵਿਅਰਥ ਦੀ ਦੌੜ ਭੱਜ ਕਰਦਾ ਰਹਿੰਦਾ ਹੈ। ਮਨਮੁਖ ਦਾ ਮਨ ਮਾਇਆ ਵਿੱਚ ਗ੍ਰਸਤ ਹੁੰਦਾ ਹੈ। ਨਾ ਉਹ ਬਾਣੀ ਨੂੰ ਪੜ੍ਹਦਾ ਹੈ, ਨਾ ਵਿਚਾਰਦਾ ਹੈ, ਨਾ ਹੋਰਾਂ ਪਾਸੋਂ ਸੁਣਦਾ ਹੈ, ਮੰਨਣਾ ਤਾਂ ਬਹੁਤ ਦੂਰ ਦੀ ਗੱਲ ਹੈ। ਜਿਸ ਅੰਦਰ ਪ੍ਰਮਾਤਮਾ ਪ੍ਰਤੀ ਪ੍ਰੀਤ ਨਾ ਉਪਜੀ, ਉਸ ਨੂੰ ਅਗਿਆਨੀ ਅੰਧਾ ਕਿਹਾ ਹੈ ਭਾਵੇਂ ਕਿ ਮਨੁੱਖ ਦੇ ਆਪਣੇ ਹੱਥ, ਵੱਸ ਕੁੱਝ ਨਹੀਂ ਹੁੰਦਾ ‘‘ਨਾਨਕ ! ਜਿਨਿ ਅਖੀ ਲੀਤੀਆ; ਸੋਈ ਸਚਾ ਦੇਇ ॥’’ ਭਾਵ ਜਿਸ ਪ੍ਰਮਾਤਮਾ ਨੇ ਅੱਖਾਂ ਮਨਮੁਖਾਂ ਤੋਂ ਖੋਹੀਆਂ ਹਨ, ਜਿਸ ਨੇ ਅੰਧਾ ਕੀਤਾ ਹੈ, ਉਹੀ ਵਾਹਿਗੁਰੂ ਆਪ ਅੱਖਾਂ ਦਿੰਦਾ ਹੈ ਭਾਵ ਉਹੀ ਸੁਮੱਤ (ਸੁਚੱਜੀ ਨਜ਼ਰ) ਬਖ਼ਸ਼ਦਾ ਹੈ।
ਇਹ ਵੀ ਸਮਝਾਇਆ ਗਿਆ ਹੈ ਕਿ ਗੁਰਮਤਿ ਅਨੁਸਾਰ ਅੰਧਾ ਕੌਣ ਹੈ; ਜਿਵੇਂ ਕਿ ‘‘ਅੰਧੇ ਏਹਿ ਨ ਆਖੀਅਨਿ; ਜਿਨ ਮੁਖਿ, ਲੋਇਣ ਨਾਹਿ ॥ ਅੰਧੇ ਸੇਈ ਨਾਨਕਾ ! ਖਸਮਹੁ ਘੁਥੇ ਜਾਹਿ ॥’’ (ਮਹਲਾ ੨/੯੫੪) ਭਾਵ ਜਿਨ੍ਹਾਂ ਦੇ ਚਿਹਰੇ ’ਤੇ ਅੱਖਾਂ ਨਹੀਂ ਭਾਵ ਜਿਨ੍ਹਾਂ ਨੂੰ ਅੱਖਾਂ ਤੋਂ ਦਿੱਸਦਾ ਨਹੀਂ, ਉਹ ਅੰਧੇ ਨਹੀਂ ਹਨ। ਦਰਅਸਲ ਉਹੀ ਅੰਧੇ ਹਨ, ਜਿਹੜੇ ਆਪਣੇ ਮਾਲਕ ਤੋਂ ਟੁੱਟੇ ਹੋਏ ਹਨ ‘‘ਸੋ ਕਿਉ ਅੰਧਾ ਆਖੀਐ; ਜਿ ਹੁਕਮਹੁ ਅੰਧਾ ਹੋਇ ॥ ਨਾਨਕ ! ਹੁਕਮੁ ਨ ਬੁਝਈ; ਅੰਧਾ ਕਹੀਐ ਸੋਇ ॥’’ (ਮਹਲਾ ੨/੯੫੪) ਭਾਵ ਉਹ ਅੰਧਾ ਨਹੀਂ, ਜਿਸ ਕੋਲ਼ ਪੈਦਾਇਸ਼ ਤੋਂ ਨੇਤਰ ਨਹੀਂ ਬਲਕਿ ਬਾਹਰਲੀਆਂ ਅੱਖਾਂ ਹੋਣ ਦੇ ਬਾਵਜੂਦ ਵੀ ਜਿਹੜਾ ਸੱਚ ਨੂੰ ਨਹੀਂ ਮੰਨਦਾ, ਉਸ ਨੂੰ ਹੀ ਅੰਧਾ ਸਮਝਣਾ ਹੈ। ਗੁਰੂ ਨਾਨਕ ਸਾਹਿਬ ਜੀ ਦੇ ਬੋਲ ਹਨ ਕਿ ਮਨੁੱਖ; ਅਸਲ ਮਾਲਕ ਨੂੰ ਭੁੱਲ ਕੇ ਅੰਨ੍ਹਿਆਂ ਵਾਲ਼ੇ ਕੰਮ ਕਰਦਾ ਹੈ ‘‘ਜਿਨਿ ਰਚਿ ਰਚਿਆ; ਤਿਸਹਿ ਨ ਜਾਣੈ; ਅੰਧਾ, ਅੰਧੁ ਕਮਾਇ ॥’’ (ਮਹਲਾ ੧/੧੩੮) ਭਾਵ ਹੇ ਮਨੁੱਖ ! ਜਿਸ ਨੇ ਤੇਰਾ ਸਰੀਰ ਬਣਾਇਆ ਹੈ, ਜੇਕਰ ਤੂੰ ਉਸ ਨੂੰ ਨਹੀਂ ਜਾਣਦਾ ਤਾਂ ਤੇਰੇ ਸਾਰੇ ਕੰਮ ਅੰਨ੍ਹਿਆਂ ਵਾਲ਼ੇ ਹਨ, ਤੂੰ ਅੰਧਾ ਹੈਂ।
ਗੁਰੂ ਰਾਮਦਾਸ ਜੀ ਦੇ ਬੋਲ ਹਨ ਕਿ ਹਰ ਕੋਈ ਪ੍ਰਮਾਤਮਾ ਦੇ ਹੁਕਮ ਵਿੱਚ ਹੈ ਫਿਰ ਵੀ ਜੇਕਰ ਕੋਈ ਆਪਣੇ ਆਪ ਨੂੰ ਵੱਡਾ ਸਮਝੀ ਜਾਵੇ ਤਾਂ ਉਹ ਅੰਨ੍ਹਾ ਹੈ, ਉਸ ਨੂੰ ਰੂਹਾਨੀਅਤ ਚਾਨਣ ਬਾਰੇ ਕੋਈ ਸੂਝ ਨਹੀਂ ‘‘ਸਭੁ ਕਿਛੁ ਹੁਕਮੇ ਆਵਦਾ; ਸਭੁ ਕਿਛੁ ਹੁਕਮੇ ਜਾਇ ॥ ਜੇ ਕੋ ਮੂਰਖੁ ਆਪਹੁ ਜਾਣੈ; ਅੰਧਾ, ਅੰਧੁ ਕਮਾਇ ॥’’ (ਮਹਲਾ ੪/੫੫੬) ਭਾਵ ਜੇ ਕੋਈ ਮੂਰਖ ਆਪਣੇ ਆਪ ਨੂੰ ਜਾਣੇ ਕਿ ਮੈਂ ਹੀ ਕਮਾਈ ਕੀਤੀ ਹੈ, ਸਭ ਕੁਝ ਮੇਰੇ ਕਰਕੇ ਹੋਇਆ ਹੈ। ਅਸਲ ’ਚ ਉਹੀ ਅੰਨ੍ਹਾ ਹੈ ਕਿਉਂਕਿ ਉਹ ਪ੍ਰਮਾਤਮਾ ਦੇ ਹੁਕਮ ਵਿੱਚ ਚੱਲਦਾ ਹਾਂ, ਨੂੰ ਨਹੀਂ ਸਮਝ ਸਕਿਆ।
ਵਿਚਾਰ ਅਧੀਨ ਸ਼ਬਦ ਦੇ ਦੂਸਰੇ ਬੰਦ ’ਚ ਗੁਰੂ ਰਾਮਦਾਸ ਜੀ; ਕਰਤਾਰ ਸਚਿਆਰ ਨੂੰ ਹਾਜ਼ਰ-ਨਾਜ਼ਰ ਜਾਣ ਕੇ ਉਸ ਨਾਲ਼ ਵਾਰਤਾਲਾਪ ਕਰਦੇ ਹਨ ਕਿ ‘‘ਤੂੰ ਦਰੀਆਉ; ਸਭ ਤੁਝ ਹੀ ਮਾਹਿ ॥ ਤੁਝ ਬਿਨੁ; ਦੂਜਾ ਕੋਈ ਨਾਹਿ ॥ ਜੀਅ ਜੰਤ ਸਭਿ; ਤੇਰਾ ਖੇਲੁ ॥ ਵਿਜੋਗਿ ਮਿਲਿ ਵਿਛੁੜਿਆ; ਸੰਜੋਗੀ ਮੇਲੁ ॥੨॥’’ ਭਾਵ ਹੇ ਪਾਤਿਸ਼ਾਹ ! ਤੂੰ ਇੱਕ ਵਿਸ਼ਾਲ ਦਰਿਆ ਹੈਂ। ਸਾਰੇ ਜੀਵ-ਜੰਤ; ਤੇਰੇ ਵਿੱਚ ਲਹਿਰਾਂ ਸਮਾਨ ਹਨ। ਲਹਿਰਾਂ ਉੱਠਦੀਆਂ ਹਨ, ਜਨਮ ਲੈਂਦੀਆਂ ਹਨ, ਫਿਰ ਦਰਿਆ ’ਚ ਸਮਾ ਜਾਂਦੀਆਂ ਹਨ ਭਾਵ ਮਿਟ ਜਾਂਦੀਆਂ ਹਨ ਕਿਉਂਕਿ ਲਹਿਰਾਂ ਦੀ ਸਮੁੰਦਰ ਤੋਂ ਵੱਖਰੀ ਕੋਈ ਪਾਇਆਂ ਨਹੀਂ ਹੁੰਦੀ। ਜਿਨ੍ਹਾਂ ਦੇ ਨਸੀਬ ਵਿੱਚ ਰੱਬ ਵੱਲੋਂ ਵਿਛੋੜਾ ਪੈਣਾ ਲਿਖਿਆ ਹੁੰਦਾ ਹੈ, ਉਹ ਆਪਣੇ ਵਿਛੋੜੇ (ਦੇ ਲੇਖ) ਕਾਰਨ ਭਾਵ ਆਪਣੇ ਪਿਛਲੇ ਕੀਤੇ ਕਰਮਾਂ ਅਨੁਸਾਰ ਮਨੁੱਖਾ ਜਨਮ ਲੈ ਕੇ ਵੀ ਵਿਅਰਥ ਕੰਮ-ਕਾਰ ’ਚ ਮਗਨ ਹੋ ਕੇ ਵਾਹਿਗੁਰੂ ਤੋਂ ਵਿਛੁੜੇ ਰਹਿੰਦੇ ਹਨ, ਪਰ ਜੇਕਰ ਗੁਰੂ ਦੀ ਸ਼ਰਨ ਲੈ ਕੇ ਇਹ ਵਿਛੋੜਾ ਰੂਪ ਲੇਖ ਮਿਟ ਜਾਏ ਤਾਂ ਉਹ ਚੰਗੇ ਭਾਗ (ਸੰਜੋਗ) ਬਣਨ ਕਾਰਨ ਭਾਵ ਗੁਰੂ ਨਾਨਕ ਦੇ ਦੱਸੇ ਰਾਹ ’ਤੇ ਚੱਲ ਕੇ ਜੀਵਨ ਸਫਲ ਕਰ ਲੈਂਦੇ ਹਨ। ਕਰਤਾਰ ਵਿੱਚ ਲੀਨ ਹੋ ਜਾਂਦੇ ਹਨ। ਹੇ ਮਨੁੱਖ ! ਤੂੰ ਵਿਜੋਗ ਦੇ ਲੇਖ ਕਰਕੇ ਰੱਬ ਤੋਂ ਵਿਛੜਿਆ ਹੈਂ। ਜੇਕਰ ਤੇਰਾ ਵਿਜੋਗ (ਵਿਛੋੜੇ ਵਾਲ਼ਾ) ਲੇਖ ਮਿਟਾ ਕੇ ਸੰਜੋਗ ਰੂਪ ਲੇਖ ਪ੍ਰਮਾਤਮਾ ਬਣਾ ਦੇਵੇ ਤਾਂ ਤੇਰਾ ਮਾਲਕ ਨਾਲ਼ ਮਿਲਾਪ ਹੋ ਸਕਦਾ ਹੈ ਭਾਵੇਂ ਕਿ ਇਹ ਸਾਰੀ ਖੇਡ ਵਾਹਿਗੁਰੂ ਦੀ ਹੀ ਹੈ; ਜਿਵੇਂ ਕਿ ਬਚਨ ਹਨ ‘‘ਤੂੰ ਹਰਿ ! ਤੇਰਾ ਸਭੁ ਕੋ; ਸਭਿ ਤੁਧੁ ਉਪਾਏ ਰਾਮ ਰਾਜੇ !॥ ਕਿਛੁ ਹਾਥਿ (’ਚ) ਕਿਸੈ ਦੈ, ਕਿਛੁ ਨਾਹੀ; ਸਭਿ ਚਲਹਿ ਚਲਾਏ ॥ ਜਿਨ੍ ਤੂੰ ਮੇਲਹਿ ਪਿਆਰੇ ! ਸੇ ਤੁਧੁ ਮਿਲਹਿ; ਜੋ ਹਰਿ ਮਨਿ (’ਚ) ਭਾਏ ॥ ਜਨ ਨਾਨਕ ! ਸਤਿਗੁਰੁ ਭੇਟਿਆ; ਹਰਿ ਨਾਮਿ (ਨਾਲ਼) ਤਰਾਏ ॥’’ (ਮਹਲਾ ੪/੪੫੦) ਗੁਰਬਾਣੀ ਵਿਖੇ ਵਾਰ ਵਾਰ ਇਹ ਗੱਲ ਆਖੀ ਗਈ ਹੈ ਕਿ ਹੇ ਕਰਤਾਰ ! ਹੇ ਸਚਿਆਰ ! ਤੇਰੇ ਵਰਗਾ ਦੂਜਾ ਕੋਈ ਸਮਰੱਥ ਨਹੀਂ ਹੈ। ਮੈਂ ਤੇਰੇ ਤੋਂ ਬਿਨਾਂ ਕਿਸੇ ਹੋਰ ਨੂੰ ਨਹੀਂ ਜਾਣਦਾ ਕਿਉਂਕਿ ਤੇਰੇ ਵਰਗਾ ਹੋਰ ਕੋਈ ਹੈ ਹੀ ਨਹੀਂ। ਕੇਵਲ ਤੂੰ ਹੀ ਮਾਲਕ ਹੈਂ। ਸਾਰੇ ਜੀਵ-ਜੰਤ ਦੀ ਰਚਨਾ ਕਰਨਾ; ਤੇਰੀ ਇੱਕ ਖੇਡ ਹੈ। ਜਿਸ ਵੇਲੇ ਤੂੰ ਚਾਹੇਂ ਇਹ ਖੇਡ ਆਪਣੇ ਆਪ ਵਿੱਚ ਸਮੇਟ ਲੈਂਦਾ ਹੈਂ। ਅਸੀਂ ਇਹ ਵਿਚਾਰ ‘ਸੋ ਪੁਰਖੁ’ ਸ਼ਬਦ ਦੇ ਪਹਿਲੇ ਬੰਦ ਦੇ ਪੰਜਵੇਂ ਪਦੇ ਵਿੱਚ ਕਰ ਚੁੱਕੇ ਹਾਂ; ਜਿਵੇਂ ਕਿ ‘‘ਤੂੰ ਆਦਿ ਪੁਰਖੁ ਅਪਰੰਪਰੁ ਕਰਤਾ ਜੀ ! ਤੁਧੁ ਜੇਵਡੁ ਅਵਰੁ ਨ ਕੋਈ ॥’’ (ਸੋ ਪੁਰਖੁ/ਮਹਲਾ ੪/੧੧)
ਵਿਚਾਰ : ‘‘ਤੂੰ ਹਰਿ ! ਤੇਰਾ ਸਭੁ ਕੋ..॥’’ ਤੁਕ ’ਚ ‘ਸਭੁ’ ਔਂਕੜ ਸਹਿਤ ਹੈ, ਜੋ ਇੱਕ ਵਚਨ ਪੁਲਿੰਗ ਪੜਨਾਂਵੀ ਵਿਸ਼ੇਸ਼ਣ ਦਾ ਸੂਚਕ ਹੈ ਤੇ ਅਰਥ ਹੈ ‘ਸਭ ਕੋਈ, ਹਰ ਕੋਈ’। ਦੂਸਰੀ ਵਾਰ ‘‘ਸਭਿ ਤੁਧੁ ਉਪਾਏ ਰਾਮ ਰਾਜੇ !॥’’ ਤੁਕ ’ਚ ‘ਸਭਿ’ ਅੰਤ ਸਿਹਾਰੀ ਹੈ, ਜੋ ਬਹੁ ਵਚਨ ਪੜਨਾਂਵ ਹੈ ਤੇ ਅਰਥ ਹਨ ‘ਸਾਰੇ’ ਯਾਨੀ ਕਿ ‘ਸਭਿ’ ਨਾਲ਼ ‘ਕੋ’ (ਕੋਈ) ਸ਼ਬਦ ਨਹੀਂ ਹੁੰਦਾ।
ਪੰਜਵੇਂ ਪਾਤਿਸ਼ਾਹ ਗੁਰੂ ਅਰਜਨ ਸਾਹਿਬ ਜੀ ਦੇ ਵੀ ਬਚਨ ਹਨ ਕਿ ਜਗਤ ਰਚਨਾ; ਕਰਤਾਰ ਦੀ ਇੱਕ ਖੇਡ ਹੈ; ਜਿਵੇਂ ਕਿ ‘‘ਮਉਲਾ; ਖੇਲ ਕਰੇ ਸਭਿ ਆਪੇ ॥ ਇਕਿ ਕਢੇ; ਇਕਿ ਲਹਰਿ ਵਿਆਪੇ ॥’’ (ਮਹਲਾ ੫/੧੦੨੦) ਮੌਲਾ ਦਾ ਅਰਥ ਹੈ ‘ਪ੍ਰਮਾਤਮਾ, ਵਾਹਿਗੁਰੂ, ਇੱਕ ਓਅੰਕਾਰ’ ਭਾਵ ਪ੍ਰਮਾਤਮਾ ਆਪ ਹੀ ਸਾਰੇ ਖੇਲ ਖੇਡ ਰਿਹਾ ਹੈ। ਇਸ ਖੇਡ ਵਿੱਚ ਕਈਆਂ ਨੂੰ ਮਾਇਆ ਦੀ ਲਹਿਰ ਵਿੱਚੋਂ ਕੱਢ ਲੈਂਦਾ ਹੈ ਤੇ ਕਈਆਂ ਨੂੰ ਮਾਇਆ ਦੀ ਲਹਿਰ ਵਿੱਚ ਉਲ਼ਝਾਈ ਰੱਖਦਾ ਹੈ; ਜਿਵੇਂ ਕਿ ਬਚਨ ਹਨ ‘‘ਜਿਉ ਨਚਾਏ, ਤਿਉ ਤਿਉ ਨਚਨਿ; ਸਿਰਿ ਸਿਰਿ ਕਿਰਤ ਵਿਹਾਣੀਆ ॥’’ (ਮਹਲਾ ੫/੧੦੨੦) ਕਠਪੁਤਲੀ ਵੀ ਇੱਕ ਖੇਡ ਹੈ; ਜਿਵੇਂ ਕਠਪੁਤਲੀ ਮਾਸਟਰ; ਕਠਪੁਤਲੀ ਨੂੰ ਨਚਾਉਂਦਾ ਹੈ, ਉਹ ਉਸੇ ਤਰ੍ਹਾਂ ਨੱਚਦੀ ਹੈ। ਇਸੇ ਤਰ੍ਹਾਂ ਆਪਣੇ ਕੀਤੇ ਕੰਮਾਂ ਦਾ ਫਲ਼; ਬੰਦਾ ਭੋਗਦਾ ਹੈ। ਜੇ ਇਸ ਖੇਡ ਦੇ ਮਾਲਕ ਦੀ ਮਿਹਰ ਹੋ ਜਾਵੇ ਭਾਵ ਜੇਕਰ ਉਹ ਦਿੱਬ ਦ੍ਰਿਸ਼ਟੀ ਬਖ਼ਸ਼ੇ ਤਾਂ ਆਪਣਾ ਦੀਦਾਰ ਕਰਾ ਦਿੰਦਾ ਹੈ ਤੇ ਮਾਇਆ ਵੱਲੋਂ ਨਿਰਮੋਹ ਕਰਾ ਦਿੰਦਾ ਹੈ। ਗੁਰਬਾਣੀ ਪੜ੍ਹਨਾ, ਇਸ ਦੀ ਵਿਚਾਰ ਕਰਨਾ ਵੀ ਖਸਮ ਦੀ ਵਡਿਆਈ ਹੈ। ਖਸਮ ਜਦੋਂ ਚਾਹੇ ਆਪਣੀ ਕਿਰਪਾ ਕਰਕੇ ਸਤਿਗੁਰੂ ਮਿਲਾਉਂਦਾ ਹੈ, ਜੋ ਮਾਲਕ ਦੇ ਗੁਣਾਂ/ਵਡਿਆਈ ਨਾਲ਼ ਪਿਆਰ ਬਣਾ ਦਿੰਦਾ ਹੈ। ਇਹੀ ਵਿਚਾਰ ਗੁਰੂ ਰਾਮਦਾਸ ਜੀ ਆਪਣੇ ਸ਼ਬਦ ਦੇ ਤੀਜੇ ਬੰਦ ’ਚ ਸਮਝਾ ਰਹੇ ਹਨ ‘‘ਜਿਸ ਨੋ ਤੂ ਜਾਣਾਇਹਿ; ਸੋਈ ਜਨੁ ਜਾਣੈ ॥ ਹਰਿ ਗੁਣ, ਸਦ ਹੀ ਆਖਿ ਵਖਾਣੈ ॥ ਜਿਨਿ ਹਰਿ ਸੇਵਿਆ; ਤਿਨਿ ਸੁਖੁ ਪਾਇਆ ॥ ਸਹਜੇ ਹੀ, ਹਰਿ ਨਾਮਿ ਸਮਾਇਆ ॥੩॥’’ ਭਾਵ ਜਿਸ ਨੂੰ ਤੂੰ ਸੂਝ/ਸੁਮੱਤ ਬਖ਼ਸ਼ਦਾ ਹੈਂ, ਜਿਸ ਅੰਨ੍ਹੇ ਨੂੰ ਤੂੰ ਰੂਹਾਨੀਅਤ ਅੱਖਾਂ ਬਖ਼ਸ਼ ਦਿੱਤੀਆਂ, ਉਹ ਤੇਰੇ ਗੁਣਾਂ ਨਾਲ਼ ਸਾਂਝ ਪਾ ਲੈਂਦਾ ਹੈ। ਮੁੜ ਸਦਾ ਲਈ ਉਹ ਤੇਰੇ ਗੁਣਾਂ ਵਿੱਚ ਲਿਵ ਲੀਨ ਰਹਿੰਦਾ ਹੈ। ਮਨ, ਬਚਨ ਤੇ ਕਰਮ ਕਰਕੇ ਤੇਰੇ ਨਾਲ਼ ਪਿਆਰ ਪਾਉਂਦਾ ਹੈ, ਤੇਰੇ ਗੁਣਾਂ ਨੂੰ ਕਮਾਉਂਦਾ ਹੈ।
ਸੋ ਜਿਨ੍ਹਾਂ ਨੇ ਪ੍ਰਭੂ ਦੀ ਬੰਦਗੀ ਕੀਤੀ, ਉਨ੍ਹਾਂ ਨੇ ਸਦਾ ਅਨੰਦ ਮਾਣਿਆ ਹੈ। ਗੁਰਬਾਣੀ ਕਦੇ ਵੀ ਨਹੀਂ ਕਹਿੰਦੀ ਕਿ ਦੁਨੀਆਵੀ ਸਹੂਲਤਾਂ ਨਾਲ਼ ਅਨੰਦ ਮਿਲਦਾ ਹੈ। ਭਗਤ; ਅਡੋਲਤਾ ਵਿੱਚ ਰਹਿ ਕੇ ਹਰੀ ਨਾਮ ’ਚ ਸਮਾਉਂਦੇ ਹਨ। ਉਹ ਸੂਰੇ ਬਣ ਜਾਂਦੇ ਹਨ, ਕਾਮਾਦਿਕ ਪੰਜਾਂ (ਕਾਮ, ਕ੍ਰੋਧ, ਲੋਹ, ਮੋਹ, ਅਹੰਕਾਰ) ਨੂੰ ਕਾਬੂ ਕਰ ਲੈਂਦੇ ਹਨ। ਗੁਰਮਤਿ ਅਨੁਸਾਰ ਉਹੀ ਅਸਲ ਸੂਰਮੇ ਹਨ ‘‘ਜੋ ਜਨ ਲੂਝਹਿ ਮਨੈ ਸਿਉ; ਸੇ ਸੂਰੇ ਪਰਧਾਨਾ ॥ ਹਰਿ ਸੇਤੀ ਸਦਾ ਮਿਲਿ ਰਹੇ; ਜਿਨੀ ਆਪੁ ਪਛਾਨਾ ॥’’ (ਮਹਲਾ ੩/੧੦੮੯)
ਵਿਚਾਰ ਅਧੀਨ ਸ਼ਬਦ ਦੇ ਅੰਤਮ (ਚੌਥੇ) ਬੰਦ ’ਚ ਗੁਰੂ ਰਾਮਦਾਸ ਜੀ ਬਚਨ ਕਰਦੇ ਹਨ ਕਿ ‘‘ਤੂ ਆਪੇ ਕਰਤਾ; ਤੇਰਾ ਕੀਆ ਸਭੁ ਹੋਇ ॥ ਤੁਧੁ ਬਿਨੁ, ਦੂਜਾ ਅਵਰੁ ਨ ਕੋਇ ॥ ਤੂ ਕਰਿ ਕਰਿ ਵੇਖਹਿ; ਜਾਣਹਿ ਸੋਇ ॥ ਜਨ ਨਾਨਕ ! ਗੁਰਮੁਖਿ ਪਰਗਟੁ ਹੋਇ ॥੪॥੨॥’’ ਇੱਥੇ ਵੀ ‘ਸਭੁ’; ਔਂਕੜ ਸਮੇਤ ਹੈ ਯਾਨੀ ਇੱਕ ਵਚਨ ਪੁਲਿੰਗ ਪੜਨਾਂਵ ਦਾ ਸੂਚਕ ਹੈ। ਇਸ ਦਾ ਅਰਥ ਹੈ ‘ਸਭ ਕੁਝ, ਸਾਰਾ ਹੀ’। ਅਰਥ : ਤੂੰ ਆਪ ਹੀ ਕਰਤਾ ਹੈਂ। ਸਭ ਕੁੱਝ ਕਰਨਵਾਲ਼ਾ ਹੈਂ। ਤੇਰਾ ਕੀਤਾ ਹੀ ਸਾਰਾ ਕੁਝ ਸੰਸਾਰ ਵਿੱਚ ਵਾਪਰ ਰਿਹਾ ਹੈ। ਤੂੰ ਇੱਕੋ ਮਾਲਕ ਹੈਂ ਤੇ ਸਾਰਾ ਪ੍ਰਬੰਧ ਤੂੰ ਆਪ ਕਰ ਰਿਹਾ ਹੈਂ ਭਾਵ ਸਾਰੀ ਸ੍ਰਿਸ਼ਟੀ ਦਾ ਪ੍ਰਬੰਧ ਤੂੰ ਕਰ ਰਿਹਾ ਹੈਂ। ਹੇ ਵਾਹਿਗੁਰੂ ਜੀ ! ਤੇਰੀ ਕਿਰਪਾ ਤੋਂ ਬਿਨਾਂ ਸਾਡਾ ਹੋਰ ਕੋਈ ਰਖਵਾਲਾ ਨਹੀਂ ਹੈ। ਤੈਥੋਂ ਬਿਨ ਹੋਰ ਕੋਈ ਹਸਤੀ ਨਹੀਂ, ਜੋ ਕੁੱਝ ਕਰ ਸਕੇ ‘‘ਕਾਰਣੁ ਕਰਤੈ (ਨੇ) ਜੋ ਕੀਆ; ਸੋਈ ਹੈ ਕਰਣਾ ॥ ਜੇ ਸਉ ਧਾਵਹਿ ਪ੍ਰਾਣੀਆ ! ਪਾਵਹਿ ਧੁਰਿ ਲਹਣਾ ॥ ਬਿਨੁ ਕਰਮਾ ਕਿਛੂ ਨ ਲਭਈ; ਜੇ ਫਿਰਹਿ ਸਭ ਧਰਣਾ ॥’’ (ਮਹਲਾ ੫/੧੧੦੨) ਅਰਥ : ਹੇ ਪ੍ਰਾਣੀ ! ਕਰਤਾਰ ਨੇ ਜੋ (ਤੇਰੇ ਨਸੀਬ ’ਚ) ਸਬੱਬ ਬਣਾਇਆ ਹੈ ਉਹ ਜ਼ਰੂਰ ਵਾਪਰਨਾ ਹੈ ਭਾਵੇਂ ਤੂੰ ਸੈਂਕੜੇ ਕੋਹਾਂ ਦੌੜੇਂ ਤਾਂ ਵੀ ਉਹੀ ਪਾਵੇਂਗਾ, ਜੋ ਧੁਰ ਤੋਂ ਤੇਰੇ ਨਸੀਬ ’ਚ ਲਿਖਿਆ ਹੈ ਭਾਵੇਂ ਤੂੰ ਸਾਰੀ ਧਰਤੀ ਉੱਤੇ ਘੁੰਮਦਾ ਫਿਰੇਂ ਤਾਂ ਵੀ ਕਰਤਾਰ ਦੀ ਮਿਹਰ ਤੋਂ ਬਿਨਾਂ ਤੈਨੂੰ ਕੁੱਝ ਨਹੀਂ ਮਿਲ ਸਕਦਾ।
ਸੋ ਜੇਕਰ ਅਸੀਂ ਗੁਰਬਾਣੀ ਦੇ ਇਨ੍ਹਾਂ ਬਚਨ ’ਤੇ ਭਰੋਸਾ ਕਰਕੇ ‘ੴ’ ਵਾਹਿਗੁਰੂ ਨਾਲ਼ ਪਿਆਰ ਪਾਉਂਦੇ ਹਾਂ ਤਾਂ ਪੰਜਾਬ ਦੇ ਸ਼ਹਰਾਂ ਅਤੇ ਪਿੰਡਾਂ ਵਿੱਚ ਜਿੰਨੇ ਬਾਬੇ, ਦੇਹਧਾਰੀ ਗੁਰੂ ਡੰਮ ਆਦਿ, ਜੋ ਧਰਮ ਦੇ ਨਾਂ ਉੱਤੇ ਆਪਣੀਆਂ ਵੱਡੀਆਂ ਵੱਡੀਆਂ ਦੁਕਾਨਾਂ ਖੋਲ੍ਹੀ ਬੈਠੇ ਹਨ, ਜਿਨ੍ਹਾਂ ਨੇ ਧਰਮ ਨੂੰ ਵਪਾਰ ਬਣਾ ਰੱਖਿਆ ਹੈ, ਉਹ ਕਦੇ ਵੀ ਵਧਦੇ-ਫੁਲਦੇ ਨਾ। ਜੇ ਸਾਡੇ ਹਿਰਦੇ ਵਿੱਚ ਇਹ ਭਰੋਸਾ ਪੱਕਾ ਹੋ ਜਾਵੇ ਕਿ ਕਰਤਾਰ ਇੱਕੋ ਹੈ। ਉਸ ਦਾ ਕੀਤਾ ਹੋਇਆ ਹੀ ਸਭ ਕੁਝ ਹੋਣਾ ਹੈ। ਉਸ ਤੋਂ ਬਿਨਾਂ ਦੂਜਾ ਹੋਰ ਕੋਈ ਨਹੀਂ, ਜੋ ਸਾਡੀ ਝੋਲ਼ੀ ਵਿੱਚ ਸੁੱਖ ਪਾਏਗਾ। ਉਸ ਤੋਂ ਬਗੈਰ ਕੁਝ ਨਹੀਂ ਮਿਲ ਸਕਦਾ। ਜੇ ਮੇਰੀ ਕਿਸਮਤ ਵਿੱਚ ਕੋਈ ਫਲ਼ ਵਾਹਿਗੁਰੂ ਨੇ ਪਾਇਆ ਹੈ ਤਾਂ ਉਹ ਵਸਤੂ ਮੈਨੂੰ ਜ਼ਰੂਰ ਮਿਲਣੀ ਹੈ ਤਾਂ ਅਸੀਂ ਦਰ ਦਰ ’ਤੇ ਨਾ ਭਟਕੀਏ। ਨਾਵੇਂ ਪਾਤਿਸ਼ਾਹ ਜੀ ਦੇ ਬਚਨ ਹਨ ‘‘ਜਿਹ ਬਿਧਿ ਗੁਰਿ (ਨੇ) ਉਪਦੇਸਿਆ; ਸੋ, ਸੁਨੁ ਰੇ ਭਾਈ !॥ ਨਾਨਕ ਕਹਤ ਪੁਕਾਰਿ ਕੈ; ਗਹੁ ਪ੍ਰਭ ਸਰਨਾਈ ॥’’ (ਮਹਲਾ ੯/੭੨੭) ਭਾਵ ਗੁਰੂ ਸਾਹਿਬ ਜੀ ਪੁਕਾਰ ਪੁਕਾਰ ਕੇ ਕਹਿ ਰਹੇ ਹਨ ਕਿ ਭੋਲਿਓ ! ਗੁਰ ਮੰਤਰ ਲੈ ਕੇ ਰਤਨਾਂ ਦਾ ਵਪਾਰ ਕਰੋ। ਇਉਂ ਬੇਨਤੀ ਕਰੋ ਕਿ ਹੇ ਸੱਚੇ ਪਾਤਸ਼ਾਹ ! ਜੋ ਵਸਤੂ ਅਕਾਲ ਪੁਰਖ ਕਰਤਾਰ ਕੋਲੋਂ ਨਹੀਂ ਮਿਲੀ, ਉਹ ਕਿਸੇ ਹੋਰ ਕੋਲੋਂ ਮਿਲ ਹੀ ਨਹੀਂ ਸਕਦੀ। ਜੋ ਕੁਝ ਅਸਾਂ ਨੂੰ ਮਿਲਿਆ ਹੈ, ਉਹ ਪ੍ਰਭੂ ਦੀ ਬਖ਼ਸ਼ਸ਼ ਨਾਲ਼ ਹੀ ਮਿਲਿਆ ਹੈ। ਜੋ ਨਹੀਂ ਮਿਲਿਆ, ਉਹ ਕਰਤਾਰ ਦੇ ਹੁਕਮ ਅਨੁਸਾਰ ਨਹੀਂ ਮਿਲਿਆ। ਦੁਨੀਆਂ ਦੀ ਕੋਈ ਤਾਕਤ ਸਾਨੂੰ ਉਹ ਪਦਾਰਥ ਨਹੀਂ ਦੇ ਸਕਦੀ। ਜੋ ਵਾਹਿਗੁਰੂ ਨੇ ਨਹੀਂ ਦਿੱਤਾ ਸ਼ਾਇਦ ਉਹ ਵਸਤੂ ਸਾਡੇ ਵਾਸਤੇ ਚੰਗੀ ਨਾ ਹੋਵੇ; ਜਿਵੇਂ ਕਿ ਇੱਕ ਬੱਚਾ ਆਪਣੇ ਪਿਤਾ ਤੋਂ ਜ਼ਿੱਦ ਕਰਕੇ ਮੋਟਰ ਸਾਈਕਲ ਲੈ ਲਵੇ, ਪਰ ਉਸ ਨੂੰ ਚਲਾਉਣਾ ਨਾ ਜਾਣਦਾ ਹੋਵੇ ਤੇ ਹਾਦਸਾ ਵਾਪਰ ਜਾਵੇ ਤਾਂ ਪਿਤਾ ਕਹਿੰਦਾ ਹੈ ਕਿ ਮੈ ਇਸੇ ਕਰਕੇ ਤੈਨੂੰ ਮੋਟਰ ਸਾਈਕਲ ਲੈ ਕੇ ਨਹੀਂ ਦੇਣਾ ਚਾਹੁੰਦਾ ਸੀ।
ਸੋ ਜਦ ਤੱਕ ਮਨੁੱਖ ਦੀ ਸੋਚ ਉੱਚੀ ਨਾ ਹੋਈ ਉਹ ਬਾਲਕ ਦੀ ਤਰ੍ਹਾਂ ਛੋਟੀ ਛੋਟੀ ਚੀਜ਼ ਮੰਗਣ ਲਈ ਜ਼ਿੱਦ ਕਰਦਾ ਹੈ, ਇਸ ਲਈ ਗੁਰੂ ਸਾਹਿਬ ਸਮਝਾ ਰਹੇ ਹਨ ‘‘ਚੰਚਲ ਮਤਿ ਬਾਰਿਕ ਬਪੁਰੇ ਕੀ; ਸਰਪ ਅਗਨਿ ਕਰ ਮੇਲੈ ॥ ਮਾਤਾ ਪਿਤਾ ਕੰਠਿ ਲਾਇ ਰਾਖੈ; ਅਨਦ ਸਹਜਿ ਤਬ ਖੇਲੈ ॥’’ (ਮਹਲਾ ੫/੧੨੬੬) ਭਾਵ ਛੋਟੀ ਸੋਚ ਦਾ ਮਾਲਕ ਬੱਚਾ; ਸੱਪ ਨੂੰ ਫੜਦਾ ਹੈ, ਅੱਗ ’ਚ ਹੱਥ ਪਾਉਂਦਾ ਹੈ, ਕੀੜੇ ਨੂੰ ਚੁੱਕ ਕੇ ਮੂੰਹ ’ਚ ਪਾਉਣਾ ਚਾਹੁੰਦਾ ਹੈ ਆਦਿ। ਮਾਂ ਪਿਉ ਉਸ ਨੂੰ ਆਪਣੇ ਗਲ਼ ਨਾਲ਼ ਲਾ ਕੇ ਬਚਾਉਂਦਾ ਹੈ ਯਾਨੀ ਚੁੱਕ ਕੇ ਰੋਕਦਾ ਹੈ ਤਾਂ ਹੀ ਉਹ ਅਗਲੀ ਵਾਰ ਸ਼ਾਂਤੀ ਨਾਲ਼ ਖੇਡ ਸਕਦਾ ਹੈ ਵਰਨਾ ਮਰ ਗਿਆ ਹੁੰਦਾ। ਇਸੇ ਤਰ੍ਹਾਂ ਬਾਲਕ ਸੋਚ ਦਾ ਮਾਲਕ ਮਨੁੱਖ; ਵਾਹਿਗੁਰੂ ਕੋਲ਼ੋਂ ਉਹ ਵਸਤੂ ਲੈਣ ਲਈ ਜ਼ਿੱਦ ਕਰਦਾ ਹੈ, ਜੋ ਉਸ ਲਈ ਨੁਕਸਾਨਦੇਹ ਹੁੰਦੀ ਹੈ।
ਦੂਜੇ ਪਾਸੇ ਛੋਟੀ ਉਮਰ ਵਿੱਚ ਹੀ ਸਤਿਗੁਰੂ ਦੀ ਸ਼ਰਨ ਲੈ ਕੇ ਉੱਚੀ ਸੁਰਤ ਕਰ ਬਜ਼ੁਰਗ ਅਵਸਥਾ ਭੋਗਦਾ ਭਗਤ ਜਨ; ਦਾਤਾਰ ਅੱਗੇ ਇਉਂ ਬੇਨਤੀ ਕਰਦਾ ਰਹਿੰਦਾ ਹੈ ‘‘ਜਿਸ ਕਾ ਪਿਤਾ, ਤੂ ਹੈ ਮੇਰੇ ਸੁਆਮੀ ! ਤਿਸੁ ਬਾਰਿਕ, ਭੂਖ ਕੈਸੀ ?॥ ਨਵ ਨਿਧਿ ਨਾਮੁ ਨਿਧਾਨੁ ਗ੍ਰਿਹਿ+ਤੇਰੈ (’ਚ); ਮਨਿ ਬਾਂਛੈ, ਸੋ ਲੈਸੀ ॥’’ (ਮਹਲਾ ੫/੧੨੬੬) ਭਾਵ ਹੇ ਵਾਹਿਗੁਰੂ ! ਤੇਰੇ ਘਰ ਵਿੱਚ ਸਭ ਕੁਝ ਹੈ। ਤੇਰਾ ਨਿਮਾਣਾ ਬੱਚਾ, ਜੋ ਮਨ ਵਿੱਚ ਇੱਛਾ ਧਾਰਦਾ ਹੈ, ਉਹੀ ਚੀਜ਼ ਤੈਥੋਂ ਲੈ ਲੈਂਦਾ ਹੈ, ਤੂੰ ਉਸ ਨੂੰ ਦੇ ਦਿੰਦਾ ਹੈਂ ਕਿਉਂਕਿ ਮੰਗਨਹਾਰ ਤੇਰਾ ਪਿਆਰਾ ਪੁੱਤਰ ਹੈ। ਪਿਉ ਕੋਈ ਚੀਜ਼ ਆਪਣੇ ਪੁੱਤਰ ਤੋਂ ਲੁਕੋ ਕੇ ਨਹੀਂ ਰੱਖਦਾ; ਗੁਰੂ ਜੀ ਦੇ ਬਚਨ ਹਨ ‘‘ਪਿਤਾ ਕ੍ਰਿਪਾਲਿ (ਨੇ), ਆਗਿਆ ਇਹ ਦੀਨੀ; ਬਾਰਿਕੁ ਮੁਖਿ (ਤੋਂ) ਮਾਂਗੈ, ਸੋ ਦੇਨਾ ॥ ਨਾਨਕ ! ਬਾਰਿਕੁ ਦਰਸੁ ਪ੍ਰਭ (ਦਾ) ਚਾਹੈ; ਮੋਹਿ ਹ੍ਰਿਦੈ ਬਸਹਿ ਨਿਤ ਚਰਨਾ ॥’’ (ਮਹਲਾ ੫/੧੨੬੬) ਭਾਵ ਕਰਤਾਰ ਵੱਲੋਂ ਹਦਾਇਤ ਹੈ ਕਿ ਮੇਰਾ ਬੱਚਾ ਜੋ ਵੀ ਮੰਗਦਾ ਹੈ। ਤੂੰ ਓਹੀ ਦਵਾ ਦਿੰਦਾ ਹੈਂ। ਮਾਲਕ ਦਾ ਪਿਆਰਾ ਸੇਵਕ ਵੀ ਆਪਣੇ ਮਾਲਕ ਦੇ ਦਰਸ਼ਨ-ਦੀਦਾਰ ਕਰਨਾ ਹੀ ਲੋਚਦੈ, ਮੰਗਦਾ ਹੈ, ਨਾ ਕਿ ਕੋਈ ਧਨ ਪਦਾਰਥ ਆਦਿ। ਇਉਂ ਮਾਇਆ ਵੀ ਸਦਾ ਸੇਵਾ ਕਰਦੀ ਹੈ ਕਿਉਂਕਿ ਹਿਰਦੇ ਅੰਦਰ ਸਦਾ ਇਹ ਭਾਵਨਾ ਹੁੰਦੀ ‘‘ਹੋਹੁ ਕ੍ਰਿਪਾਲ ਦੀਨ ਦੁਖ ਭੰਜਨ ! ਤੇਰਿਆ ਸੰਤਹ ਕੀ ਰਾਵਾਰ ॥ ਨਾਨਕ ! ਦਾਸੁ ਦਰਸੁ ਪ੍ਰਭ ਜਾਚੈ; ਮਨ ਤਨ ਕੋ (ਦਾ) ਆਧਾਰ ॥’’ (ਮਹਲਾ ੫/੧੨੨੪) ਭਾਵ ਵਾਹਿਗੁਰੂ ਜੀ ! ਮੈਨੂੰ ਆਪਣੇ ਭਗਤਾਂ ਦੇ ਚਰਨਾਂ ਦੀ ਧੂੜ ਬਖ਼ਸ਼ ਦਿਓ ਤਾਂ ਜੋ ਉਨ੍ਹਾਂ ਰਾਹੀਂ ਮੇਰਾ ਪਿਆਰ ਵੀ ਤੁਹਾਡੇ ਨਾਲ਼ ਬਣ ਜਾਵੇ। ਮੈਨੂੰ ਹੋਰ ਕੁਝ ਨਹੀਂ ਚਾਹੀਦਾ। ਇਹੀ ਮੇਰੇ ਮਨ ਦਾ ਆਧਾਰ ਹੈ, ਸਹਾਰਾ ਹੈ।
ਸੋ ਇਸ ਪੂਰੇ ਸ਼ਬਦ ਰਾਹੀਂ ਗੁਰੂ ਰਾਮਦਾਸ ਜੀ ਨੇ ਸਮਝਾਇਆ ਹੈ ਕਿ ਸ੍ਰਿਸ਼ਟੀ ਦੇ ਮੋਹ ’ਚ ਮਗਨ ਹੋ ਕੇ ਆਪਣੇ ਅਸਲ ਮਾਲਕ ਨਾਲ਼ੋਂ ਵਿਛੜਨਾ ਨਹੀਂ ਹੈ। ਸ਼ਬਦ ਦੇ ਅੰਤਮ ਪਹਿਰੇ ਵਿੱਚ ਜਿੱਥੇ ਸਾਰਾ ਕੁੱਝ ਕਰਨ ਦੇ ਸਮਰੱਥ ਕਰਤਾ ਅੱਗੇ ਬੇਨਤੀ ਕੀਤੀ ਹੈ ਕਿ ‘‘ਤੂ ਆਪੇ ਕਰਤਾ ! ਤੇਰਾ ਕੀਆ ਸਭੁ ਹੋਇ ॥’’, ਓਥੇ ਨਾਲ਼ ਹੀ ਸਪਸ਼ਟ ਕੀਤਾ ਹੈ ਕਿ ਉਸ ਦੀ ਪ੍ਰਾਪਤੀ ਸਤਿਗੁਰ ਤੋਂ ਬਿਨਾਂ, ਸਤਿਗੁਰੂ ਦੀ ਸੰਗਤ ਤੋਂ ਬਿਨਾਂ ਨਹੀਂ ਹੋ ਸਕਦੀ ‘‘ਜਨ ਨਾਨਕ ! ਗੁਰਮੁਖਿ ਪਰਗਟੁ ਹੋਇ ॥੪॥੨॥’’
ਸਤਿਗੁਰੂ ਜੀ ਨੇ ਸਿੱਖ ਦੇ ਨਿਤਨੇਮ ਲਈ ਓਹੀ ਬਾਣੀਆਂ ਨਿਰਧਾਰਿਤ ਕੀਤੀਆਂ ਹਨ, ਜਿਨ੍ਹਾਂ ਰਾਹੀਂ ਸੰਸਾਰਿਕ ਧਨ ਪਦਾਰਥਾਂ, ਵਿਸ਼ੇ-ਵਿਕਾਰਾਂ ਆਦਿ ਤੋਂ ਨਿਰਮੋਹ ਰਹਿ ਕੇ ਅਸਲ ਮਾਲਕ ਨਾਲ਼ ਸੇਵਕ ਦਾ ਪਿਆਰ ਵਧੇ, ਉਸ ਦੇ ਰੂ-ਬਰੂ ਹੋ ਕੇ ਬੇਨਤੀ ਕੀਤੀ ਜਾ ਸਕੇ। ਉਸ ਦੇ ਗੁਣ ਚੇਤੇ ਆਉਣ। ਸਤਿਗੁਰੂ ਦੀ ਕਿਰਪਾ ਦਾ ਪਾਤਰ ਬਣਿਆ ਜਾ ਸਕੇ। ਇਨ੍ਹਾਂ ਬਾਣੀਆਂ ਨੂੰ ਪੜ੍ਹਨ ਅਤੇ ਸਮਝਣ ਤੋਂ ਬਾਅਦ ਸਿੱਖ ਅੰਦਰ ਇਹ ਭਰੋਸਾ ਬਣਨਾ ਬੜਾ ਜ਼ਰੂਰੀ ਹੈ ਕਿ ਸਭ ਕੁੱਝ ਕਰਨ ਅਤੇ ਕਰਾਉਣ ਵਾਲ਼ਾ ਵਾਹਿਗੁਰੂ ਹੈ। ਨਿੱਤ ਅਰਦਾਸ ਰਾਹੀਂ ਵੀ ਭਰੋਸਾ ਦਾਨ ਮੰਗਿਆ ਜਾਂਦਾ ਹੈ, ‘ਦਾਨਾਂ ਸਿਰਿ ਦਾਨ ਨਾਮ ਦਾਨ’ ਮੰਗਿਆ ਜਾਂਦਾ ਹੈ, ਜਿਸ ਬਾਰੇ ਹਥਲੇ ਸ਼ਬਦ ਦੇ ਪਹਿਲੇ ਬੰਦ ਵਿੱਚ ਬਾਖ਼ੂਬੀ ਸਮਝਾਇਆ ਗਿਆ ਹੈ ਕਿ ‘‘ਜਿਸ ਨੋ ਕ੍ਰਿਪਾ ਕਰਹਿ; ਤਿਨਿ ਨਾਮ ਰਤਨੁ ਪਾਇਆ ॥’’