ਸਿੱਖ ਵਿਦਿਅਕ ਬੋਰਡ ਦੀ ਸਥਾਪਨਾ ਕਿਉਂ ਲੋੜੀਂਦੀ  ? 

0
39

ਸਿੱਖ ਵਿਦਿਅਕ ਬੋਰਡ ਦੀ ਸਥਾਪਨਾ ਕਿਉਂ ਲੋੜੀਂਦੀ  ? 

ਗਿਆਨੀ ਕੇਵਲ ਸਿੰਘ ਜੀ (ਸਾਬਕਾ ਜਥੇਦਾਰ ਤਖ਼ਤ ਸ੍ਰੀ ਦਮਦਮਾ ਸਾਹਿਬ)-95920-93472

ਜੀਉਂਦੀਆਂ ਕੌਮਾਂ ਆਪਣਾ ਧਿਆਨ ਵਰਤਮਾਨ ਵਿਚ ਖਲੋ ਕੇ ਚਾਰ ਚੁਫ਼ੇਰੇ ਘੁੰਮ ਕੇ ਆਪਣੇ ਚੰਗੇ ਭਵਿੱਖ ਦੀ ਤਲਾਸ਼ ਵਿਚ ਰਹਿੰਦੀਆਂ ਹਨ। ਸਿੱਖ ਕੌਮ ਤਾਂ ਸਾਡੇ ਸਤਿਗੁਰੂ ਜੀ ਨੇ ਅਕਾਲ ਪੁਰਖ ਵਾਹਿਗੁਰੂ ਜੀ ਦੀ ਮੌਜ ਵਿਚ ਪ੍ਰਗਟ ਕੀਤੀ ਹੈ ਤੇ ਅਗਵਾਈ ਲਈ ਗਿਆਨ ਰੂਪ (ਸਬਦੁ ਗੁਰੂ) ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਖ਼ਸ਼ਸ਼ ਕੀਤੀ ਹੈ। ਸਾਡੇ ਗੁਰੂ ਸਾਹਿਬਾਨ ਜੀ ਨੇ ਆਪਣੇ ਦਸਾਂ ਜਾਮਿਆਂ ਵਿਚ ਸਮਾਜ ਨੂੰ ਅਗਿਆਨਤਾ ਵਿਚੋਂ ਕੱਢਣ ਵਾਸਤੇ ‘ਸਬਦੁ’ ਰੂਪ ਸ਼ਕਤੀ ਨੂੰ ਹੀ ਜਗਤ ਸਾਮ੍ਹਣੇ ਮਹੱਤਵ ਪੂਰਨ ਢੰਗ ਨਾਲ ਵਰਤ ਕੇ ਉਜਾਗਰ ਕੀਤਾ ਹੈ। ਸਮੇਂ ਦੇ ਓਹ ਟਿਕਾਣੇ, ਜਿਨ੍ਹਾਂ ਦੇ ਮੋਢਿਆਂ ’ਤੇ ਸਮਾਜ ਨੂੰ ਗਿਆਨ ਵੰਡਣ ਦੀ ਵੱਡੀ ਜ਼ਿੰਮੇਵਾਰੀ ਸੀ ਤੇ ਉਹ ਆਪਣੀ ਪੂਜਾ ਪ੍ਰਤਿਸ਼ਟਤਾ ਕਰਕੇ ਗ਼ੈਰ ਜ਼ਿੰਮੇਵਾਰ ਹੋ ਗਏ ਸਨ, ਓਨਾ ਟਿਕਾਣਿਆਂ ਤੱਕ ਪਹੁੰਚ ਕਰਕੇ ਉਨ੍ਹਾਂ ਨੂੰ ਗਿਆਨ ਨਾ ਵੰਡਣ ਵਾਲੀ ਕੁਤਾਹੀ ਦਾ ਅਹਿਸਾਸ ਕਰਵਾ ਕੇ ਸਮਝਾਇਆ ਕਿ ਅੱਜ ਦੀ ਸਮਾਜਿਕ ਜਾਂ ਹੋਰ ਕਈ ਪ੍ਰਕਾਰ ਦੀ ਅਧੋਗਤੀ ਦੇ ਦੋਸ਼ੀ ਤੁਸੀਂ ਹੋ। ਤੁਸੀਂ ਖੁਦ ਨੂੰ ਤਾਂ ਗਿਆਨ ਵੰਤੇ ਬਣਾਉਣ ਦਾ ਮਨਹਠੀ ਕਰਮ ਕੀਤਾ, ਪਰ ਸਮਾਜ ਨੂੰ ਗਿਆਨ ਦੇਣ ਵਾਲੇ ਖੁਦਾਈ ਕਰਮ ਨੂੰ ਪਿੱਠ ਦਿੱਤੀ ਹੈ।

21 ਵੀਂ ਸਦੀ ਆ ਗਈ ਹੈ। ਗੁਰੂ ਨਾਨਕ ਸਾਹਿਬ ਜੀ ਤਥਾ ਸ਼ਬਦ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੋਂ ਸਾਰਾ ਸੰਸਾਰ ਵਡਮੁੱਲੀ ਅਗਵਾਈ ਲੈ ਰਿਹਾ ਹੈ। ਇਹ ਸੰਸਾਰ ਦੇ ਸਾਮ੍ਹਣੇ ਆਟੇ ਵਿਚ ਲੂਣ ਜਿੰਨੀ ਕੌਮ ਵਿੱਦਿਆ ਕਰਕੇ ਵੱਡੀਆਂ ਕੌਮਾਂ ਦੇ ਮੁਕਾਬਲੇ ਵਿਚ ਖਲੋਤੀ ਆਪਣੇ ਗੁਰੂ ਜੀ ਦੀ ਗਿਆਨ ਰਹਿਮਤ ਦਾ ਵੱਡਾ ਪੈਗਾਮ ਦੇ ਰਹੀ ਹੈ।

150 ਸਾਲ ਪਿੱਛੇ ਜਾ ਕੇ ਆਪਣੇ ਪੁਰਖਿਆਂ ਦੀ ਘਾਲਣਾ ਨੂੰ ਵਿੱਦਿਆ ਪੱਖੋਂ ਵੇਖੀਏ ਤਾਂ ਵਰਤਮਾਨ ਦੇ ਸਾਡੇ ਵਰਗੇ ਬੌਣੇ ਵਾਰਸਾਂ ਦੀਆਂ ਧੌਣਾਂ ਸ਼ਰਮਿੰਦਗੀ ਨਾਲ ਝੁਕ ਜਾਂਦੀਆਂ ਹਨ। ਸਿੰਘ ਸਭਾ ਲਹਿਰ ਦੇ ਉਨ੍ਹਾ ਮਹਾਨ ਸੂਰਬੀਰਾਂ ਨੂੰ ਹਮੇਸ਼ਾਂ ਆਪਣੀ ਸੁਰਤਿ ਸੋਚ ਵਿਚ ਵਸਾ ਕੇ ਰੱਖਣ ਦੀ ਲੋੜ ਹੈ। ਸਾਡੇ ਗਵਾਂਢ ਵਿਚ ਸਮਕਾਲੀਆਂ ਨੇ ਆਪਣੇ ਵੱਡ ਵੱਡੇਰਿਆਂ ਦੀ ਘਾਲ ਨੂੰ ਸਾਡੇ ਨਾਲੋਂ ਕਈ ਗੁਣਾਂ ਬਿਹਤਰ ਸਾਂਭਿਆ ਹੈ। ਬਾਹਰੋਂ ਇੱਥੇ ਅੱਗ ਲੈਣ ਆਇਆਂ ਨੇ ਵੀ ਵਿੱਦਿਅਕ ਖੇਤਰ ਵਿਚ ਉੱਚੇ ਝੰਡੇ ਗੱਡ ਕੇ ਆਲੇ ਦੁਆਲੇ ਦੇ ਸਮਾਜ ਨੂੰ ਪ੍ਰਭਾਵਤ ਕਰਨ ਲਈ ਲਗਾਤਾਰਤਾ ਬਣਾਈ ਹੋਈ ਹੈ।

ਸਾਡੀਆਂ ਕੌਮੀ ਸੰਸਥਾਵਾਂ ਵਿਚੋਂ ਕਈ ਵਿੱਦਿਅਕ ਸੰਸਥਾਵਾਂ, ਕਈ ਕਈ ਵਿੱਦਿਅਕ ਸੰਸਥਾਵਾਂ ਨੂੰ ਚਲਾਉਣ ਦਾ ਜ਼ਿੰਮਾ ਨਿਭਾ ਰਹੀਆਂ ਹਨ। ਸਭ ਦੀਆਂ ਸਭ, ਸ਼ੋਭਦੀਆਂ ਹਨ। ਮੋਤੀ ਹਨ ਛੋਟੇ ਵੱਡੇ ! ਢੇਰ ਸਾਰੇ। ਕਈ ਥੋੜ੍ਹੇ ਥੋੜ੍ਹੇ ਛੋਟੇ ਧਾਗਿਆਂ ਵਿਚ ਪਰੋ ਕੇ ਆਪਣੀਆਂ ਆਪਣੀਆਂ ਉਂਗਲਾਂ ਦੁਆਲੇ ਸਜਾਏ ਹੋਏ ਹਨ। ਕੌਮ ਦੇ ਚੰਗੇ ਭਵਿੱਖ ਲਈ ਤੇ ਵਰਤਮਾਨ ਦੀ ਖ਼ੂਬਸੂਰਤੀ ਲਈ ਸਿੱਖ ਕੌਮ ਨੂੰ ਵਿੱਦਿਅਕ ਖੇਤਰ ਵਿਚ ਵੱਡੇ ਮਾਣਮੱਤੇ ਕਦਮ ਪੁੱਟਣ ਦਾ ਖ਼ਿਆਲ ਵੀ ਬੀਤੇ ਵਿਚ ਆਉਂਦਾ ਰਿਹਾ ਹੈ।

ਦੱਸਦੇ ਹਨ ਕਿ 1950-55 ਵਿਚ ਕੌਮ ਦਾ ਆਪਣਾ ਸਿੱਖ ਵਿਦਿਅਕ ਬੋਰਡ ਬਣਾਉਣ ਲਈ ਕੁਝ ਕੁ ਪਹਿਲ ਕਦਮੀਆਂ ਨੇ ਜਨਮ ਲਿਆ ਸੀ। ਧੰਨ ਗੁਰੂ ਨਾਨਕ ਪਾਤਿਸ਼ਾਹ ਜੀ ਦੇ 500 ਸਾਲਾ ਆਗਮਨ ਦਿਹਾੜੇ ਮੌਕੇ ਸੰਸਾਰ ਭਰ ਵਿਚ ਵਿੱਦਿਅਕ ਸੰਸਥਾਵਾਂ ਦਾ ਮਾਣਮੱਤਾ ਜਾਲ਼ ਫੈਲਾਇਆ ਗਿਆ।

ਫਿਰ ਸਿੰਘ ਸਭਾ ਲਹਿਰ ਦੇ 100 ਸਾਲਾ ਮੌਕੇ ਵੀ ਕੌਮੀ ਤੌਰ ’ਤੇ ਵਿੱਦਿਆ ਦੀ ਮਹੱਤਤਾ ਵੱਲ ਧਿਆਨ ਦਿੱਤਾ ਗਿਆ। ਚੀਫ਼ ਖ਼ਾਲਸਾ ਦੀਵਾਨ ਵੱਲੋਂ ਨਿਰੰਤਰ ਵਿਦਿਅਕ ਕਾਨਫ਼ਰੰਸਾਂ ਦਾ ਸਿਲਸਿਲਾ ਜਾਰੀ ਰੱਖਿਆ ਗਿਆ। ਇਨ੍ਹਾਂ ਵਿਦਿਅਕ ਕਾਨਫ਼ਰੰਸਾਂ ਵਿਚ ਕੌਮ ਦੇ ਮੁਦੱਬਰ ਗੁਰਸਿੱਖ ਪਿਆਰਿਆਂ ਨੇ ਵੀ ਵਿਦਿਅਕ ਪੱਖੋਂ ਮਜ਼ਬੂਤੀ ਤੇ ਵਿਦਿਅਕ ਪ੍ਰਬੰਧਨ ਦੀ ਜੱਥੇਬੰਧਤਾ ਨੂੰ ਵਿਚਾਰਕ ਕੇਂਦਰ ਕਰਨ ਦੀ ਗੱਲ ਵੀ ਸਮੇਂ ਸਮੇਂ ਖ਼ੂਬਸੂਰਤ ਢੰਗ ਨਾਲ ਆਖੀ।

ਸੰਨ 2000 ਵਿਚ ਤਖ਼ਤ ਸ੍ਰੀ ਦਮਦਮਾ ਸਾਹਿਬ ਦੀ ਪਾਵਨ ਧਰਤੀ ਨੂੰ ਗੁਰੂ ਵਰਦਾਨ ‘ਗੁਰੂ ਕੀ ਕਾਂਸ਼ੀ’ ਵਿਖੇ 21-22 ਅਕਤੂਬਰ ਨੂੰ ਦੋ ਰੋਜ਼ਾ ਸਿੱਖ ਵਿਦਿਅਕ ਸੰਮੇਲਨ ਕੀਤਾ ਗਿਆ। ਜਿਸ ਵਿਚ ਯੂਨੀਵਰਸਿਟੀਆਂ ਦੇ ਵਰਤਮਾਨ ਤੇ ਸਾਬਕਾ ਵੀ. ਸੀ., ਪੰਜਾਬ ਸਕੂਲ ਸਿੱਖਿਆ ਬੋਰਡ ਦੇ ਵਰਤਮਾਨ ਤੇ ਸਾਬਕਾ ਚੇਅਰਮੈਨ, ਖ਼ਾਲਸਾ ਕਾਲਜ ਸ੍ਰੀ ਅੰਮ੍ਰਿਤਸਰ, ਚੀਫ਼ ਖ਼ਾਲਸਾ ਦੀਵਾਨ, ਸਿੱਖ ਵਿਦਿਅਕ ਸੁਸਾਇਟੀ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ, ਸਿੱਧਵਾਂ, ਸੁਧਾਰ, ਗੁਰਜ ਖਾਨ ਤੇ ਗੁਜਰਾਂਵਾਲਾ, ਲੁਧਿਆਣਾ ਵਿਦਿਅਕ ਸੰਸਥਾਵਾਂ, ਜਲੰਧਰ ਦੀਆਂ ਲਾਇਲਪੁਰ ਤੇ ਮਿੰਟ ਗੁੰਮਰੀ ਸੰਸਥਾਵਾਂ, ਪਟਿਆਲਾ ਦੀਆਂ ਸਿੱਖ ਵਿਦਿਅਕ ਸੰਸਥਾਵਾਂ, ਗੋਨਿਆਣਾ ਮੰਡੀ ਦੀਆਂ ਵਿਦਿਅਕ ਸੰਸਥਾਵਾਂ, ਹਰਿਆਣਾ ਦੀਆਂ ਸਿੱਖ ਵਿਦਿਅਕ ਸੰਸਥਾਵਾਂ, ਪੰਜਾਬੋਂ ਬਾਹਰ ਦੀਆਂ ਸਿੱਖ ਵਿਦਿਅਕ ਸੰਸਥਾਵਾਂ ਸ਼ਾਮਲ ਹੋਈਆਂ ਸਨ। 735-40 ਸਿੱਖ ਵਿਦਿਅਕ ਸੰਸਥਾਵਾਂ ਮਾਣਮੱਤੀਆਂ ਸੰਸਥਾਵਾਂ ਦੇ ਮੋਹਤਬਰ ਪ੍ਰਬੰਧਕ ਤੇ ਵਿੱਦਿਅਕ ਮੁਖੀ ਸ਼ਾਮਲ ਹੋਏ। ਉਸ ਮੌਕੇ ਗੁਰੂ ਕਾਂਸ਼ੀ ਦੀ ਧਰਤੀ ’ਤੇ ਸਿੱਖ ਕੌਮ ਦਾ ਪਹਿਲਾ ਸਿੱਖ ਵਿਦਿਅਕ ਮਾਰਚ ਗੁਰਦੁਆਰਾ ਮਹੱਲ ਸਰ ਤੋਂ ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਦੀਵਾਨ ਹਾਲ ਤੱਕ ਕੱਢਿਆ ਗਿਆ। ਕਲਮਾਂ ਦਾ ਵਿਸੇਸ਼ ਦਰਵਾਜ਼ਾ ਰਚਿਆ ਗਿਆ ਸੀ। ਯਾਦਗਾਰੀ ਗ੍ਰੰਥ ਤਿਆਰ ਕੀਤਾ ਗਿਆ। ਇਸ ਮਹਾਨ ਸਿੱਖ ਵਿੱਦਿਅਕ ਕਾਨਫ਼ਰੰਸ ਵਿਚ ਸਿੱਖ ਵਿੱਦਿਅਕ ਲਹਿਰ ਦੀ ਦੇਣ, ਵਰਤਮਾਨ ਸਮੇਂ ਸਿੱਖ ਵਿੱਦਿਅਕ ਅਦਾਰਿਆਂ ਦੀ ਦਸ਼ਾ ਤੇ ਦਿਸ਼ਾ ’ਤੇ ਭਰਪੂਰ ਵਿਚਾਰਾਂ ਹੋਈਆਂ।

ਡਾਕਟਰ ਜਸਵੰਤ ਸਿੰਘ ਜੀ ਨੇਕੀ, ਡਾਕਟਰ ਮਹਿੰਦਰ ਸਿੰਘ ਜੀ ਜੈਸੀਆਂ ਸ਼ਖ਼ਸੀਅਤਾਂ ਦਿੱਲੀ ਤੋਂ ਆਈਆਂ। ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਹੋਰ ਸੰਸਥਾਵਾਂ ਅਤੇ ਖ਼ਾਸ ਕਰ ਸਿੰਘ ਸਾਹਿਬ ਗਿਆਨੀ ਜੋਗਿੰਦਰ ਸਿੰਘ ਜੀ ਵੇਦਾਂਤੀ, ਸਿੰਘ ਸਾਹਿਬ ਪ੍ਰੋਫੈਸਰ ਮਨਜੀਤ ਸਿੰਘ ਜੀ (ਜਥੇਦਾਰ ਸਾਹਿਬਾਨ) ਦੀ ਮੌਜੂਦਗੀ ਮਹੱਤਵ ਪੂਰਨ ਰਹੀ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਇਤਿਹਾਸ ਵਿਚ ਇਹ ਪਹਿਲੀ ਨਿਵੇਕਲੀ ਕੇਵਲ ਸਿੱਖ ਵਿੱਦਿਅਕ ਸੰਸਥਾਵਾਂ ਦੀ ਮਹੱਤਤਾ ਤੇ ਸੰਭਾਲ ਨੂੰ ਮੱਦੇ-ਨਜ਼ਰ ਰੱਖ ਕੇ ਕੀਤੀ ਗਈ ਸਿੱਖ ਵਿੱਦਿਅਕ ਕਾਨਫ਼ਰੰਸ ਸੀ।

ਇਸ ਕਾਨਫ਼ਰੰਸ ਵਿਚ ਸਿੱਖ ਵਿਦਿਅਕ ਸੰਸਥਾਵਾਂ ਦੇ ਤਾਲਮੇਲ ਸਾਂਝ ਸਹਿਯੋਗ ਲਈ ਸਿੱਖ ਵਿਦਿਅਕ ਫਾਉਂਡੇਸ਼ਨ ਦੀ ਸਥਾਪਨਾ ਦਾ ਐਲਾਨ ਹੋਇਆ। ਪੇਂਡੂ ਖੇਤਰ ਅੰਦਰ ਸਮੇਂ ਦੇ ਹਾਣ ਦੀਆਂ ਨਵੀਆਂ ਨਵੀਆਂ ਸਿੱਖ ਵਿੱਦਿਅਕ ਸੰਸਥਾਵਾਂ ਅਰੰਭਨ ਦਾ ਮਤਾ ਪਾਇਆ ਗਿਆ।

ਇਸ ਮੌਕੇ ’ਤੇ ਸ੍ਰੀ ਅੰਮ੍ਰਿਤਸਰ ਸਾਹਿਬ ਦੀਆਂ ਸੰਤ ਸਿੰਘ, ਸੁੱਖਾ ਸਿੰਘ ਵਿੱਦਿਅਕ ਸੰਸਥਾਵਾਂ ਦੇ ਕਰਤਾ ਧਰਤਾ ਡਾਇਰੈਕਟਰ ਪ੍ਰਿੰਸੀਪਲ ਜਗਦੀਸ਼ ਸਿੰਘ ਜੀ ਦੀ ਭੂਮਿਕਾ ਬਹੁਤ ਹੀ ਉਤਸ਼ਾਹ ਭਰਪੂਰ ਸੀ। ਸ਼ਿਵਾਲਕ ਪਬਲਿਕ ਸਕੂਲ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਦੇ ਮਾਲਕ ਸਰਦਾਰ ਦਵਿੰਦਰ ਸਿੰਘ ਜੀ ਬੇਦੀ ਦਾ ਭਰਪੂਰ ਸਹਿਯੋਗ ਸੀ।  ਸਿੱਖ ਵਿੱਦਿਅਕ ਬੋਰਡ ਦੀ ਨਵੀਂ ਆਧਾਰਸ਼ਿਲਾ ਇਹ ਵਿੱਦਿਅਕ ਕਾਨਫ਼ਰੰਸ ਰਹੀ ਹੈ।

ਸਿੱਖ ਵਿਦਿਅਕ ਬੋਰਡ ਦੀਆਂ ਸੰਭਾਵਨਾ ਨੂੰ ਉਜਾਗਰ ਕਰਨ ਲਈ ਅਕਾਲ ਪੁਰਖ ਕੀ ਫੌਜ ਜੱਥੇਬੰਦੀ ਰਾਹੀਂ ਸਰਦਾਰ ਜਸਵਿੰਦਰ ਸਿੰਘ ਜੀ ਤੇ ਸਹਿਯੋਗੀਆਂ ਰਾਹੀਂ ਤੇ ਹੋਰ ਸਿੱਖ ਸੰਸਥਾਵਾਂ ਦੇ ਮਿਲਵਰਤਨ ਨਾਲ ਸਿੱਖ ਵਿਦਿਅਕ ਪ੍ਰਬੰਧ ਦੀ ਬਿਹਤਰੀ ਤੇ ਆਪਸੀ ਤਾਲਮੇਲ ਦੀ ਮਜ਼ਬੂਤੀ ਬਹੁਤ ਸਾਰੇ ਉਪਰਾਲੇ ਨਿਰੰਤਰਤਾ ਵਿਚ ਕੀਤੇ ਗਏ। ਚੰਡੀਗੜ੍ਹ ਤੇ ਦਿੱਲੀ ਵੱਡੀਆਂ ਇਕੱਤਰਤਾਵਾਂ ਕੀਤੀਆਂ ਗਈਆਂ। ਬੰਗਲੌਰ, ਬੰਬਈ ਤੇ ਭਾਰਤ ਦੇ ਹੋਰ ਹਿੱਸਿਆਂ ਵਿਚ ਸਿੱਖ ਵਿਦਿਅਕ ਪ੍ਰਬੰਧ ਲਈ ਸਿੱਖ ਵਿਦਿਅਕ ਬੋਰਡ ਲਈ ਚੇਤਨਾ ਨੂੰ ਸਾਂਝ ਦਾ ਹਿੱਸਾ ਬਣਾ ਕੇ ਸਿੱਖ ਕੌਮੀ ਚੇਤਨਾ ਨੂੰ ਪ੍ਰਫੁਲਿਤ ਰੱਖਿਆ ਗਿਆ।

ਜਦੋਂ ਅਕਾਲ ਪੁਰਖ ਕੀ ਫ਼ੌਜ ਜੱਥੇਬੰਦੀ ਨੇ ਆਪਣਾ ਪੰਦਰਵਾਂ ਸਥਾਪਨਾ ਦਿਹਾੜਾ ਸ੍ਰੀ ਅਨੰਦਪੁਰ ਸਾਹਿਬ ਵਿਖੇ ਮਨਾਇਆ ਤਾਂ ਇਸ ਕੌਮੀ ਪੀੜਾ ਰੱਖਣ ਵਾਲੀ ਸੰਸਥਾ ਵੱਲੋਂ ਸਿੱਖ ਵਿਦਿਅਕ ਬੋਰਡ ਦੀਆਂ ਵੱਡੀਆਂ ਸੰਭਾਵਨਾ ਤਲਾਸ਼ ਕਰਨ ਲਈ ਇਕ ਵਿਸ਼ੇਸ਼ ਸਮਾਗਮ ਕਰਵਾ ਕੇ ਵਰਤਮਾਨ ਤੇ ਭਵਿੱਖ ਦੀ ਪਹਿਰੇਦਾਰੀ ਕੀਤੀ ਗਈ।

ਫਿਰ ਸਿੱਖ ਰਹਿਤ ਮਰਯਾਦਾ ਨੂੰ ਸਮਰਪਿਤ ਸੰਸਥਾਵਾਂ ਦੇ ਮੰਚ; ਪੰਥਕ ਤਾਲਮੇਲ ਸੰਗਠਨ ਨੇ ਇਹ ਜ਼ਿੰਮੇਵਾਰੀ ਆਪ ਕਬੂਲ ਕੇ ਅੱਗੇ ਕਦਮ ਰੱਖੇ। ਦੋ ਸਾਲ ਪਹਿਲਾਂ ਹੀ ਸਿੱਖ ਵਿੱਦਿਅਕ ਬੋਰਡ ਦੀ ਰੂਪ ਰੇਖਾ ਤਥਾ ਪ੍ਰਬੰਧਕੀ ਜੁਗਤਿ ਸਿਰਜ ਕੇ ਕੰਮ ਕਰਨਾ ਆਰੰਭਿਆ ਹੋਇਆ ਹੈ। ਸਿੰਘ ਸਭਾ ਲਹਿਰ ਦੇ 150 ਸਾਲਾ ਸਮਾਗਮਾਂ ਮੌਕੇ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਹਾਜ਼ਰੀ ਵਿਚ ਸਿੱਖ ਵਿੱਦਿਅਕ ਬੋਰਡ ਦੇ ਚੇਅਰਮੈਨ ਕਰਨਲ ਜਗਤਾਰ ਸਿੰਘ ਜੀ (ਮੁਲਤਾਨੀ) ਤੇ ਅਹੁਦੇਦਾਰ ਨਾਮਜ਼ਦ ਕਰਕੇ ਜ਼ਿੰਮੇਵਾਰੀਆਂ ਲਾਈਆਂ ਹਨ। ਇਕ ਸਿੱਖ ਵਿਦਿਅਕ ਕਮਿਸ਼ਨ ਵੀ ਡਾਕਟਰ ਪੁਸ਼ਪ੍ਰਿੰਦਰ ਸਿੰਘ ਜੀ ਦੀ ਅਗਵਾਈ ਵਿਚ ਸਥਾਪਿਤ ਕੀਤਾ ਹੈ। ਸਿੱਖ ਵਿਦਿਅਕ ਬੋਰਡ ਦੇ ਸਕੱਤਰ ਜਨਰਲ ਦੀ ਪਲੇਠੀ ਔਖੀ ਜ਼ਿੰਮੇਵਾਰੀ ਸਰਦਾਰ ਜਸਵਿੰਦਰ ਸਿੰਘ ਜੀ ਵਕੀਲ ਪ੍ਰਮੁੱਖ ਅਕਾਲ ਪੁਰਖ਼ ਕੀ ਫ਼ੌਜ ਜੱਥੇਬੰਦੀ ਤੇ ਸਾਬਕਾ ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਦਿੱਤੀ ਹੈ।

ਸਿੱਖ ਵਿਦਿਅਕ ਬੋਰਡ ਦਾ ਮੁੱਖ ਦਫ਼ਤਰ ਕੇਂਦਰੀ ਸ੍ਰੀ ਗੁਰੂ ਸਿੰਘ ਸਭਾ ਸੈਕਟਰ 28 ਏ ਵਿਖੇ ਕੰਮ ਕਰ ਰਿਹਾ ਹੈ। ਇਸ ਦੇ ਖ਼ੇਤਰੀ ਦਫ਼ਤਰ ਸ੍ਰੀ ਅੰਮ੍ਰਿਤਸਰ, ਬਠਿੰਡਾ ਤੇ ਲੁਧਿਆਣਾ ਵਿਖੇ ਕੰਮ ਕਰਨਗੇ। ਇਕ ਦਫ਼ਤਰ ਦਿੱਲੀ ਵਿਖੇ ਵੀ ਸਥਾਪਿਤ ਕੀਤਾ ਜਾਵੇ, ਵਿਓਂਤ ਅਧੀਨ ਹੈ। ਵਿਦੇਸ਼ੀ ਧਰਤੀ ਆਕਸਫ਼ੋਰਡ ਯੂਨੀਅਨ ਖੇਤਰ ਵਿਚ ਖੋਲ੍ਹਣ ਦੀਆਂ ਤਿਆਰੀਆਂ ਚੱਲ ਰਹੀਆਂ ਹਨ। ਇਹ ਸਿੱਖ ਵਿਦਿਅਕ ਬੋਰਡ ਕਿਵੇਂ ਕੰਮ ਕਰੇਗਾ ਤੇ ਕੀ ਕੀ ਕਰੇਗਾ ਥੋੜ੍ਹੇ ਸਮੇਂ ਵਿਚ ਸਿੱਖ ਸੰਗਤਾਂ ਤੱਕ ਭੇਜ ਦਿੱਤਾ ਜਾਵੇਗਾ।

ਇਸ ਸਿੱਖ ਵਿੱਦਿਅਕ ਬੋਰਡ ਰਾਹੀਂ ਕੌਮਾਂਤਰੀ ਪੱਧਰ ’ਤੇ ਕੰਮ ਦੀ ਵਿਓਂਤ ਹੈ। ਪੂਰੇ ਸਿੱਖ ਜਗਤ ਦੀਆਂ ਸਿੱਖ ਵਿਦਿਅਕ ਸੰਸਥਾਵਾਂ ਦੇ ਪ੍ਰਬੰਧਕਾਂ, ਵਿੱਦਿਅਕ ਮਾਹਰਾਂ ਤੇ ਸੰਗਤਾਂ ਪਾਸੋਂ ਸਹਿਯੋਗ ਲਿਆ ਜਾ ਰਿਹਾ ਹੈ।