ਕਿਤਾਬ ਪੜ੍ਹਨ ਲੱਗਿਆਂ ਦਿਮਾਗ਼ ਅੰਦਰ ਕੀ ਵਾਪਰਦਾ ਹੈ ?

0
350

ਕਿਤਾਬ ਪੜ੍ਹਨ ਲੱਗਿਆਂ ਦਿਮਾਗ਼ ਅੰਦਰ ਕੀ ਵਾਪਰਦਾ ਹੈ ?

ਡਾ. ਹਰਸ਼ਿੰਦਰ ਕੌਰ, ਐਮ. ਡੀ., ਬੱਚਿਆਂ ਦੀ ਮਾਹਰ, 28, ਪ੍ਰੀਤ ਨਗਰ, ਲੋਅਰ ਮਾਲ (ਪਟਿਆਲਾ)-0175-2216783

ਕੁੱਝ ਖੋਜਾਂ ਬੜੀਆਂ ਮਜ਼ੇਦਾਰ ਹੁੰਦੀਆਂ ਹਨ। ਇਹੋ ਜਿਹੀ ਹੀ ਇਕ ਖੋਜ ਹੈ ਕਿਤਾਬਾਂ ਪੜ੍ਹਨ ਬਾਰੇ। ਵੱਖੋ-ਵੱਖ ਤਰ੍ਹਾਂ ਦੀਆਂ ਕਿਤਾਬਾਂ ਦਿਮਾਗ਼ ਦੇ ਅਲੱਗ-ਅਲੱਗ ਹਿੱਸਿਆਂ ਵਿੱਚ ਹਿਲਜੁਲ ਪੈਦਾ ਕਰਦੀਆਂ ਹਨ। ਸਟੈਨਫੋਰਡ ਯੂਨੀਵਰਸਿਟੀ ਵਿੱਚ ਲੋਕਾਂ ਨੂੰ ਵੱਖੋ-ਵੱਖ ਤਰ੍ਹਾਂ ਦੀਆਂ ਕਿਤਾਬਾਂ ਪੜ੍ਹਨ ਨੂੰ ਦਿੱਤੀਆਂ ਗਈਆਂ ਤੇ ਨਾਲੋ-ਨਾਲ ਬਰੇਨ ਮੈਪਿੰਗ ਕੀਤੀ ਗਈ। ਇਹ ਵੇਖਣ ਵਿੱਚ ਆਇਆ ਕਿ ਗਿਆਨ ਭਰਪੂਰ ਸਾਹਿਤਕ ਕਿਤਾਬਾਂ ਪੜ੍ਹਨ ਵੇਲੇ ਦਿਮਾਗ਼ ਦੇ ਕਈ ਹਿੱਸੇ ਬੜੇ ਗੁੰਝਲਦਾਰ ਤਰੀਕੇ ਨਾਲ ਹਿਲਜੁਲ ਕਰਦੇ ਹਨ ਜਦ ਕਿ ਹਾਸੇ ਠੱਠੇ ਵਾਲੀਆਂ ਕਿਤਾਬਾਂ ਪੜ੍ਹਨ ਲੱਗਿਆਂ ਬਿਲਕੁਲ ਵੱਖ ਹਿੱਸਿਆਂ ਵਿੱਚ ਹਰਕਤ ਹੁੰਦੀ ਹੈ।

ਜਦੋਂ ਕੋਈ ਰੋਮਾਂਚਕ ਨਾਵਲ ਪੜ੍ਹਿਆ ਜਾਵੇ ਤਾਂ ਦਿਮਾਗ਼ ਪੂਰਾ ਚੁਸਤ ਹੋ ਜਾਂਦਾ ਹੈ। ਇਸ ਨਾਲ ਸਾਡੇ ਦਿਮਾਗ਼ ਦਾ ਇਕ ਪਾਸਾ ਆਪਣੇ ਆਪ ਹੀ ਪੜ੍ਹੀ ਜਾ ਰਹੀ ਮਜ਼ੇਦਾਰ ਗੱਲ ਦੇ ਹਿਸਾਬ ਨਾਲ ਤਸਵੀਰਾਂ ਬਣਾਉਣ ਲੱਗ ਪੈਂਦਾ ਹੈ ਤੇ ਪੜ੍ਹਨ ਵਾਲੇ ਨੂੰ ਇਉਂ ਜਾਪਦਾ ਹੈ ਜਿਵੇਂ ਉਹ ਉਸ ਨਾਵਲ ਜਾਂ ਲਿਖਤ ਦਾ ਹੀ ਇਕ ਪਾਤਰ ਹੋਵੇ।

ਮਿਸਾਲ ਵਜੋਂ, ‘‘ਜਿਉਂ ਹੀ ਨਾਇਕ ਨੇ ਦਰਵਾਜ਼ਾ ਖੋਲ੍ਹਿਆ’’, ਪੜ੍ਹਦੇ ਸਾਰ ਪੜ੍ਹਨ ਵਾਲੇ ਨੂੰ ਇੰਜ ਜਾਪਣ ਲੱਗ ਪੈਂਦਾ ਹੈ ਜਿਵੇਂ ਉਹ ਵੀ ਨਾਵਲ ਵਿਚਲੇ ਨਾਇਕ ਨਾਲ ਦਰਵਾਜ਼ੇ ਅੰਦਰ ਝਾਕਣ ਲੱਗਿਆ ਹੈ।

ਬਿਲਕੁਲ ਇੰਜ ਹੀ ਜਦੋਂ ਕੋਈ ਨਾਵਲ ਵਿੱਚੋਂ ਕਹਾਣੀ ਪੜ੍ਹ ਕੇ ਸੁਣਾਏ ਤਾਂ ਨਾ ਸਿਰਫ਼ ਦਿਮਾਗ਼ ਅੰਦਰ ਚਿੱਤਰ ਬਣਦੇ ਜਾਂਦੇ ਹਨ, ਬਲਕਿ ਦਿਮਾਗ਼ ਦਾ ਉਹ ਹਿੱਸਾ ਜੋ ਜ਼ਬਾਨ ਦੀ ਬਰੀਕੀ ਸਮਝਣ ਲਈ ਬਣਿਆ ਹੋਇਆ ਹੈ, ਉਸ ਵਿੱਚ ਵੀ ਤਰਥੱਲੀ ਮਚ ਜਾਂਦੀ ਹੈ ਤੇ ਉਹ ਨਵਾਂ ਸੁਣਿਆ ਕੋਈ ਅੱਖਰ ਝਟਪਟ ਡੀ-ਕੋਡਿੰਗ ਕਰਨ ਵਿੱਚ ਜੁਟ ਜਾਂਦਾ ਹੈ। ਸਿਰਫ਼ ਇਹ ਹੀ ਨਹੀਂ, ਜਜ਼ਬਾਤਾਂ ਨੂੰ ਕੰਟਰੋਲ ਕਰਨ ਵਾਲੇ ਸੈਂਟਰ ਵਿੱਚ ਵੀ ਬਹੁਤ ਹਿਲਜੁਲ ਹੁੰਦੀ ਹੈ। ਨਾਇਕ ਨਾਲ ਹੀ ਹੱਸਣਾ, ਰੋਣਾ, ਭਾਵੁਕ ਹੋਣਾ, ਗੁੱਸੇ ਵਿੱਚ ਆ ਜਾਣਾ, ਆਈਸਕ੍ਰੀਮ ਜਾਂ ਹੋਰ ਖਾਣ ਵਾਲੀ ਚੀਜ਼ ਨੂੰ ਨਾਇਕ ਦੇ ਨਾਲ ਹੀ ਖਾਣ ਲਈ ਆਪਣਾ ਜੀਅ ਲਲਚਾਉਣਾ, ਆਦਿ ਹੋਣ ਲੱਗ ਪੈਂਦੇ ਹਨ।

ਰੋਮਾਂਚਕ ਨਾਵਲ ਵਿੱਚ ਪੜ੍ਹੀ ਜਾ ਰਹੀ ਗੱਲ ਸਾਡੀ ਸੋਚ ਤੇ ਭਾਵਨਾਵਾਂ ਉਜਾਗਰ ਕਰਨ ਵਾਲੇ ਸੈਂਟਰ ਵਿੱਚ ਵੀ ਵੜ ਜਾਂਦੀ ਹੈ ਕਿਉਂਕਿ ਉਸ ਹਿੱਸੇ ਵੱਲ ਅਨੇਕ ਤਰੰਗਾਂ ਜਾਂਦੀਆਂ ਵੇਖੀਆਂ ਗਈਆਂ ਹਨ। ਇਹੀ ਕਾਰਨ ਹੈ ਕਿ ਕਈ ਵਾਰ ਕਿਤਾਬਾਂ ਜਿੱਥੇ ਸਾਡੀ ਸੋਚ ਨੂੰ ਤਬਦੀਲ ਕਰ ਦਿੰਦੀਆਂ ਹਨ, ਉੱਥੇ ਸਾਡੀ ਲੰਮੇ ਸਮੇਂ ਤੱਕ ਟਿਕੀ ਰਹਿਣ ਵਾਲੀ ਯਾਦ ਦਾ ਹਿੱਸਾ ਵੀ ਬਣ ਜਾਂਦੀਆਂ ਹਨ।

ਸਟੈਨਫੋਰਡ ਯੂਨੀਵਰਸਿਟੀ ਦੀ ਖੋਜ ਵਿੱਚ ਇਹ ਸਾਬਤ ਹੋਇਆ ਹੈ ਕਿ ਵੱਖੋ-ਵੱਖ ਤਰ੍ਹਾਂ ਦੀਆਂ ਕਿਤਾਬਾਂ ਪੜ੍ਹਨੀਆਂ ਬਹੁਤ ਜ਼ਰੂਰੀ ਹਨ ਕਿਉਂਕਿ ਗਿਆਨ ਵਧਾਉਣ ਵਾਲੀਆਂ ਕਿਤਾਬਾਂ ਨਾਲ ਦਿਮਾਗ਼ ਦੇ ਵੱਖ-ਵੱਖ ਹਿੱਸੇ ਵਿੱਚ ਹਲਚਲ ਹੁੰਦੀ ਹੈ ਜਦਕਿ ਹਾਸੇ ਠੱਠੇ ਵਾਲੀ ਕਹਾਣੀ ਨਾਲ ਵੱਖਰੇ ਹਿੱਸੇ ਵਿੱਚ ਲਹੂ ਦਾ ਵਹਾਓ ਵੱਧਦਾ ਹੈ। ਇੰਜ ਹੀ ਬੁਝਾਰਤਾਂ ਵਾਲੀ ਗੱਲ ਨਾਲ ਦਿਮਾਗ਼ ਦੇ ਅਲੱਗ ਹਿੱਸੇ ਦੀ ਕਸਰਤ ਹੁੰਦੀ ਹੈ। ਯਾਨੀ ਇਹ ਸਮਝ ਲੈਣਾ ਚਾਹੀਦਾ ਹੈ ਕਿ ਕਿਤਾਬਾਂ ਪੜ੍ਹਨ ਦਾ ਮਤਲਬ ਹੈ ਦਿਮਾਗ਼ ਦੀ ਤਗੜੀ ਕਸਰਤ ਤੇ ਅਨੇਕ ਔਖੀਆਂ ਸਮਝਣ ਵਾਲੀਆਂ ਗੁੰਝਲਾਂ ਨੂੰ ਸੁਲਝਾਉਣ ਦੇ ਨਾਲ ਹੀ ਵਿਚਾਰਾਂ ਦਾ ਉਜਾਗਰ ਹੋਣਾ ਤੇ ਜਜ਼ਬਾਤਾਂ ਸਦਕਾ ਸੈੱਲਾਂ ਦਾ ਤੇਜ਼ੀ ਨਾਲ ਸੁੰਗੜਨਾ-ਫੈਲਣਾ।

ਸਵੀਡਨ ਦੀ ਲੁੰਡ ਯੂਨੀਵਰਸਿਟੀ ਵਿਚਲੀ ਖੋਜ :-

ਸਵੀਡਨ ਦੇ ਫੌਜੀਆਂ ਨੂੰ ਵੱਖੋ-ਵੱਖ ਜ਼ਬਾਨਾਂ ਸਿਖਾਉਣ ਸਮੇਂ ਉਨ੍ਹਾਂ ਦੇ ਦਿਮਾਗ਼ ਦੇ ਸਕੈਨ ਕੀਤੇ ਗਏ। ਜਿੰਨੀਆਂ ਜ਼ਿਆਦਾ ਕਿਤਾਬਾਂ ਪੜ੍ਹੀਆਂ ਗਈਆਂ, ਓਨਾ ਹੀ ਉਨ੍ਹਾਂ ਦੇ ਦਿਮਾਗ਼ ਵਿਚਲੇ ਹਿੱਪੋਕੈਂਪਸ ਤੇ ਸੈਰੇਬਰਲ ਕੌਰਟੈਕਸ ਹਿੱਸੇ ਵੱਧ ਵਿਕਸਿਤ ਹੋਏ ਲੱਭੇ। ਸਿਰਫ਼ ਤਿੰਨ ਮਹੀਨਿਆਂ ਦੀ ਪੜ੍ਹਾਈ ਨਾਲ ਹੀ ਦਿਮਾਗ਼ ਦੇ ਹਿੱਸਿਆਂ ਦਾ ਏਨਾ ਜ਼ਿਆਦਾ ਵਿਕਾਸ ਹੋਣਾ ਆਪਣੇ ਆਪ ਹੀ ਸਪਸ਼ਟ ਕਰ ਦਿੰਦਾ ਹੈ ਕਿ ਲੰਮੇ ਸਮੇਂ ਤੱਕ ਦਿਮਾਗ਼ ਚੁਸਤ, ਦਰੁਸਤ ਤੇ ਤੰਦਰੁਸਤ ਰੱਖਣ ਲਈ ਕਿਤਾਬਾਂ ਹਰ ਹਾਲ ਪੜ੍ਹਨੀਆਂ ਚਾਹੀਦੀਆਂ ਹਨ।

ਈ-ਕਿਤਾਬਾਂ (ਕਿੰਡਲ) :-

ਅੱਜ ਕਲ ਬਹੁਤ ਜਣੇ ਆਪਣੇ ਮੋਬਾਈਲ ਜਾਂ ਕੰਪਿਊਟਰ ਉੱਤੇ ਹੀ ਪੜ੍ਹਨਾ ਚਾਹੁੰਦੇ ਹਨ। ਜਿਨ੍ਹਾਂ ਨੇ ਕਦੇ ਕੰਪਿਊਟਰ ਉੱਤੇ ਕੰਮ ਨਾ ਕੀਤਾ ਹੋਵੇ, ਉਹ ਵੀ ਸੱਤ ਦਿਨਾਂ ਦੇ ਅੰਦਰ-ਅੰਦਰ ਇਸ ਨੂੰ ਸਿਖ ਸਕਦੇ ਹਨ। ਈ-ਕਿਤਾਬਾਂ ਨੂੰ ਪੜ੍ਹਨ ਦਾ ਭਾਵੇਂ ਰਿਵਾਜ਼ ਬਣ ਗਿਆ ਹੋਵੇ ਪਰ ਖੋਜਾਂ ਰਾਹੀਂ ਪਤਾ ਲੱਗਿਆ ਹੈ ਕਿ ਇਸ ਨਾਲ ਅੱਖਾਂ ਉੱਤੇ ਜ਼ਿਆਦਾ ਜ਼ੋਰ ਪੈਂਦਾ ਹੈ ਤੇ ਤੇਜ਼ ਰੌਸ਼ਨੀ ਨਾਲ ਅੱਖਾਂ ਅੰਦਰਲੀ ਪਰਤ ਉੱਤੇ ਵੀ ਅਸਰ ਪੈਂਦਾ ਹੈ।  ਇਸੇ ਲਈ ਈ-ਕਿਤਾਬਾਂ ਪੜ੍ਹਦਿਆਂ ਅੱਖਾਂ ਦੀ ਛੇਤੀ ਥਕਾਵਟ ਹੋ ਜਾਂਦੀ ਹੈ।

ਸਿਰਫ਼ ਅੱਖਾਂ ਦੀ ਥਕਾਵਟ ਹੀ ਨਹੀਂ, ਇਸ ਨਾਲ ਦਿਮਾਗ਼ ਅੰਦਰ ‘ਸਪੇਸ਼ੀਅਲ ਨੈਵੀਗੇਬਿਲਟੀ’ ਵੀ ਨਹੀਂ ਬਣਦੀ। ਇਨਸਾਨੀ ਦਿਮਾਗ਼ ਵਧੀਆ ਨਕਸ਼ੇ ਬਣਾਉਣ ਵਿੱਚ ਮਾਹਰ ਹੁੰਦਾ ਹੈ। ਕਿਤਾਬ ਕਿੰਨੀ ਰਹਿੰਦੀ ਹੈ, ਕਿਵੇਂ ਕਿਸੇ ਜ਼ਰੂਰੀ ਕੰਮ ਨੂੰ ਕਰਨ ਲਈ ਉੱਠਣ ਸਮੇਂ ਝਟਪਟ ਪੰਨੇ ’ਚ ਨਿਸ਼ਾਨੀ ਟਿਕਾਉਣੀ ਹੈ, ਕਿਹੜਾ ਪੰਨਾ ਵਾਪਸ ਪਲਟਦੇ ਸਾਰ ਉਹੀ ਗੱਲ ਦੁਬਾਰਾ ਪੜ੍ਹਨੀ ਹੈ, ਵਰਗੀ ਗੱਲ ਈ-ਕਿਤਾਬ ਵਿੱਚ ਹੋ ਨਹੀਂ ਸਕਦੀ ਤੇ ਨਾ ਹੀ ਉਸ ਤੋਂ ਪੜ੍ਹਦਿਆਂ ਉਸ ਦੇ ਬਚੇ ਹੋਏ ਪੰਨਿਆਂ ਬਾਰੇ ਦਿਮਾਗ਼ ਵਿੱਚ ਨਕਸ਼ਾ ਬਣਦਾ ਹੈ। ਇਸੇ ਲਈ ਜਿੰਨਾ ਆਨੰਦ ਦਿਮਾਗ਼ ਕਿਤਾਬਾਂ ਪੜ੍ਹਦਿਆਂ ਲੈਂਦਾ ਹੈ, ਓਨਾ ਲਹੂ ਦਾ ਵਹਾਓ ਦਿਮਾਗ਼ ਦੇ ਵੱਖੋ-ਵੱਖ ਹਿੱਸਿਆਂ ਵਿੱਚ ਈ-ਕਿਤਾਬ ਪੜ੍ਹਦਿਆਂ ਨਹੀਂ ਦਿਸਦਾ।

ਕੁੱਝ ਈ-ਕਿਤਾਬਾਂ ਵਿੱਚ ਪੰਨਿਆਂ ਦੇ ਨੰਬਰ ਤੇ ਪੰਨੇ ਪਲਟਣ ਦਾ ਇਹਸਾਸ ਉਨ੍ਹਾਂ ਨੂੰ ਅਸਲ ਕਾਗਜ਼ ਦੀਆਂ ਕਿਤਾਬਾਂ ਵਾਂਗ ਹੀ ਮਹਿਸੂਸ ਕਰਵਾ ਦਿੰਦਾ ਹੈ ਪਰ ਫਿਰ ਵੀ ਦਿਮਾਗ਼ ਅੰਦਰ ਓਨੀ ਲਹੂ ਦੀ ਰਵਾਨੀ ਨਹੀਂ ਹੁੰਦੀ ਲੱਭੀ, ਜਿੰਨੀ ਕਾਗਜ਼ ਦੀਆਂ ਕਿਤਾਬਾਂ ਨਾਲ ਹੁੰਦੀ ਲੱਭੀ ਗਈ ਹੈ।

ਕਿਤਾਬਾਂ ਪੜ੍ਹਨ ਨਾਲ ਦਿਮਾਗ਼ ਦੀ ਸੋਚਣ ਸਮਝਣ ਦੀ ਤਾਕਤ ਕਿਵੇਂ ਵੱਧਦੀ ਹੈ ?

ਹਰ ਕਹਾਣੀ ਦਾ ਇੱਕ ਸ਼ੁਰੂ, ਇੱਕ ਮੱਧ ਤੇ ਇੱਕ ਅੰਤ ਹੁੰਦਾ ਹੈ। ਏਸੇ ਤਰਜ਼ ਉੱਤੇ ਦਿਮਾਗ਼ ਕਹਾਣੀ ਦੇ ਸ਼ੁਰੂ ਤੋਂ ਹੀ ਆਪਣੇ ਆਪ ਕੁੱਝ ਅੰਦਾਜ਼ੇ ਲਗਾਉਣ ਲੱਗ ਪੈਂਦਾ ਹੈ। ਇਨ੍ਹਾਂ ਅੰਦਾਜ਼ਿਆਂ ਦੌਰਾਨ ਦਿਮਾਗ਼ ਇਕ ਕ੍ਰਮ ਵਿੱਚ ਸੋਚਣਾ ਸਿੱਖਦਾ ਹੈ। ਫੇਰ ਦੋ ਸੋਚਾਂ ਨੂੰ ਜੋੜਨਾ ਤੇ ਉਸ ਵਿੱਚੋਂ ਨਿਚੋੜ ਕੱਢਣਾ। ਜਿੰਨਾ ਜ਼ਿਆਦਾ ਪੜ੍ਹਿਆ ਜਾਵੇ, ਓਨਾ ਹੀ ਦਿਮਾਗ਼ ਆਪਣੇ ਜੋੜ ਵਧਾਉਣ ਲੱਗ ਪੈਂਦਾ ਹੈ।

ਏਸੇ ਲਈ ਬੱਚਿਆਂ ਨੂੰ ਲਾਇਕ ਬਣਾਉਣ ਲਈ ਜ਼ਰੂਰੀ ਹੈ ਕਿ ਉਨ੍ਹਾਂ ਨੂੰ ਵੱਧ ਤੋਂ ਵੱਧ ਕਹਾਣੀਆਂ ਕਿਤਾਬਾਂ ਵਿੱਚੋਂ ਪੜ੍ਹ ਕੇ ਸੁਣਾਈਆਂ ਜਾਣ। ਇੰਜ ਉਨ੍ਹਾਂ ਦੇ ਦਿਮਾਗ਼ ਦੀ ਲਚਕ ਵਧਦੀ ਹੈ ਤੇ ਯਾਦਾਸ਼ਤ ਦਾ ਸੈਂਟਰ ਵੀ ਵੱਡਾ ਹੁੰਦਾ ਜਾਂਦਾ ਹੈ।

ਇਹ ਵੀ ਖੋਜਾਂ ਰਾਹੀਂ ਸਿੱਧ ਹੋ ਚੁੱਕਿਆ ਹੈ ਕਿ ਕਹਾਣੀਆਂ ਦੀਆਂ ਕਿਤਾਬਾਂ ਪੜ੍ਹਨ ਨਾਲ ਬੱਚਿਆਂ ਦੇ ਧਿਆਨ ਲਗਾਉਣ ਵਿੱਚ ਵਾਧਾ ਹੋ ਜਾਂਦਾ ਹੈ ਤੇ ਉਹ ਟਿਕ ਕੇ ਬਹਿਣ ਲੱਗ ਪੈਂਦੇ ਹਨ।

ਕੀ ਦਿਮਾਗ਼ ਦੀ ਬਣਤਰ ਵਿਚ ਵੀ ਫ਼ਰਕ ਪੈਂਦਾ ਹੈ ?

ਕੁੱਝ ਖੋਜਾਂ ਦੌਰਾਨ ਅਜਿਹੇ ਬੰਦੇ ਲੱਭੇ ਗਏ ਜੋ ਬਿਲਕੁਲ ਕਿਤਾਬਾਂ ਨਹੀਂ ਸਨ ਪੜ੍ਹਦੇ। ਉਨ੍ਹਾਂ ਸਾਰਿਆਂ ਨੂੰ ਛੇ ਮਹੀਨੇ ਲਗਾਤਾਰ ਮਿਹਨਤ ਕਰ ਕੇ ਪੜ੍ਹਨ ਦੀ ਆਦਤ ਪਾਈ ਗਈ। ਜਦੋਂ ਸਭ ਦੀ ਪੜ੍ਹਨ ਵਿੱਚ ਰੁਚੀ ਪੈਦਾ ਹੋ ਗਈ ਤਾਂ ਉਨ੍ਹਾਂ ਦੇ ਪਹਿਲੇ ਦੇ ਅਤੇ ਬਾਅਦ ਦੇ ਦਿਮਾਗ਼ ਦੀ ਕੀਤੀ ਮੈਪਿੰਗ ਵਿਚਲਾ ਫ਼ਰਕ ਲੱਭਿਆ ਗਿਆ।

ਨਤੀਜੇ ਸਨ, ਕਿ 83 ਫੀਸਦੀ ਦੇ ਦਿਮਾਗ਼ਾਂ ਦੇ ‘ਵਾਈਟ ਮੈਟਰ’ ਵਿੱਚ ਕਾਫ਼ੀ ਵਾਧਾ ਹੋਇਆ ਲੱਭਿਆ। ਇਸ ਵਿੱਚੋਂ ਵੀ ‘ਲੈਂਗੂਏਜ ਜ਼ੋਨ’ ਹਿੱਸਾ ਕਾਫ਼ੀ ਫੈਲਿਆ ਹੋਇਆ ਲੱਭਿਆ। ਯਾਨੀ ਬੰਦੇ ਨੂੰ ਨਵੇਂ ਲਫ਼ਜ਼ ਚੁਣਨ, ਲੱਭਣ, ਸੋਚਣ, ਜੋੜਨ, ਤੋੜਨ ਤੇ ਹੋਰ ਜ਼ਬਾਨਾਂ ਵਿੱਚ ਸਾਂਝ ਗੰਢਣ ਵਿੱਚ ਆਸਾਨੀ ਹੋ ਗਈ।

ਇੰਜ ਸਪਸ਼ਟ ਹੋ ਗਿਆ ਕਿ ਕਿਤਾਬਾਂ ਪੜ੍ਹਨ ਨਾਲ ਜਾਣਕਾਰੀ ਤਾਂ ਵਧਦੀ ਹੀ ਹੈ, ਜ਼ਬਾਨ ਵਿੱਚ ਮਹਾਰਤ ਵੀ ਵਧਦੀ ਹੈ ਤੇ ਦਿਮਾਗ਼ ਆਪਣੀਆਂ ਨਵੀਆਂ ਕਾਢਾਂ ਕੱਢਣ ਅਤੇ ਹੋਰ ਸਿੱਖਣ ਦੀ ਚਾਹ ਸਦਕਾ ਵੱਡੀ ਉਮਰ ਤੱਕ ਸੁੰਗੜਦਾ ਨਹੀਂ ਤੇ ਤਰੋਤਾਜ਼ਾ ਰਹਿੰਦਾ ਹੈ।

ਸਹਿਨਸ਼ੀਲਤਾ ਅਤੇ ਕਿਸੇ ਦੀ ਖਿੱਚ ਦਾ ਕਾਰਨ ਬਣਨਾ :-

ਜਿੰਨੀਆਂ ਵੱਧ ਕਿਤਾਬਾਂ ਪੜ੍ਹਦੇ ਰਹੋ ਓਨਾ ਹੀ ਦਿਮਾਗ਼ ਹੌਲ਼ੀ-ਹੌਲ਼ੀ ਸਹਿਨਸ਼ੀਲ ਹੁੰਦਾ ਜਾਂਦਾ ਹੈ ਤੇ ਆਪਣੇ ਗਿਆਨ ਦੇ ਆਧਾਰ ਉੱਤੇ ਦੂਜੇ ਨੂੰ ਕੀਲ ਲੈਣ ਦੀ ਸਮਰੱਥਾ ਵੱਧ ਜਾਂਦੀ ਹੈ।

ਕਹਾਣੀ ਵਿਚਲੇ ਕਿਰਦਾਰ ਨਾਲ ਜੁੜਨਾ ਤੇ ਉਸ ਪ੍ਰਤੀ ਤਰਸ ਦੀ ਭਾਵਨਾ ਉਜਾਗਰ ਹੋਣੀ ਜਾਂ ਉਸ ਨਾਲ ਹੁੰਦੀਆਂ ਵਧੀਕੀਆਂ ਦੇ ਵਿਰੁਧ ਆਵਾਜ਼ ਚੁੱਕਣ ਦਾ ਹੀਆ ਕਰਨਾ ਤੇ ਜੁਰਮ ਕਰਨ ਵਾਲੇ ਦਾ ਵਿਰੋਧ ਕਰਨ ਦੀ ਚਿੰਗਾਰੀ ਪੈਦਾ ਹੋਣੀ ਜਾਂ ਲੀਡਰ ਬਣ ਕੇ ਸਮਾਜ ਸੁਧਾਰਨ ਦਾ ਜ਼ਿੰਮਾ ਚੁੱਕਣਾ ਵਰਗੇ ਵਿਚਾਰ ਕਿਤਾਬਾਂ ਪੜ੍ਹਨ ਤੋਂ ਬਾਅਦ ਬੜੇ ਤਰਤੀਬਵਾਰ ਤਰੀਕੇ ਨਾਲ ਸ਼ੁਰੂ ਹੁੰਦੇ ਹਨ।

ਗਿਆਨਵਾਨ, ਸੂਝਵਾਨ, ਚਿੰਤਕ ਜਾਂ ਖੋਜੀ ਸੁਭਾਓ, ਇਹ ਸਾਰੇ ਹੀ ਕਿਤਾਬਾਂ ਪੜ੍ਹਨ ਨਾਲ ਕਿਸੇ ਦੀ ਸ਼ਖ਼ਸੀਅਤ ਵਿੱਚ ਦਿਸ ਸਕਦੇ ਹਨ। ਇਸ ਤਰ੍ਹਾਂ ਦੀ ਸ਼ਖ਼ਸੀਅਤ ਵਾਲੇ ਦੇ ਦਿਮਾਗ਼ ਦੇ ਸ਼ਬਦਕੋਸ਼ ਵਿੱਚੋਂ ਢੁਕਵੇਂ ਤੇ ਲੋੜੀਂਦੇ ਸ਼ਬਦ ਲੋੜ ਪੈਣ ਉੱਤੇ ਸੌਖਿਆਂ ਹੀ ਉਘਾੜੇ ਜਾ ਸਕਦੇ ਹਨ।

ਅੱਜ ਦੀ ਪੀੜ੍ਹੀ ਕਿਤਾਬਾਂ ਤੋਂ ਦੂਰੀ ਵਧਾ ਰਹੀ ਹੈ। ਮੋਬਾਈਲ ਤੇ ਇੰਟਰਨੈੱਟ ਵੱਲ ਵਧਦਾ ਝੁਕਾਓ ਦਿਮਾਗ਼ ਨੂੰ ਸਹਿਜ ਕਰਨ ਦੀ ਥਾਂ ਭੜਕਾਊ ਵਿਚਾਰ ਤੇ ਘਬਰਾਹਟ ਨਾਲ ਭਰ ਦਿੰਦੇ ਹਨ। ਇਹੀ ਕਾਰਨ ਹੈ ਕਿ ਸਹਿਨਸ਼ੀਲਤਾ ਘਟਦੀ ਜਾ ਰਹੀ ਹੈ ਤੇ ਜੁਰਮ ਵਧਦਾ ਜਾ ਰਿਹਾ ਹੈ। ਜੇ ਸਮਾਜ ਬਿਹਤਰ ਬਣਾਉਣਾ ਹੈ ਤਾਂ ਬੱਚਿਆਂ ਤੇ ਨੌਜਵਾਨਾਂ ਵਿੱਚ ਪੜ੍ਹਨ ਦੀ ਰੁਚੀ ਵਧਾਉਣੀ ਪੈਣੀ ਹੈ।

ਉਸ ਵਾਸਤੇ ਕੀ ਕੀਤਾ ਜਾਵੇ ?

  • ਹਰ ਛੋਟੇ ਬੱਚੇ ਨੂੰ ਖਿਡੌਣਿਆਂ ਦੇ ਨਾਲ ਕਹਾਣੀਆਂ ਦੀਆਂ ਕਿਤਾਬਾਂ ਵੀ ਦੇਣੀਆਂ ਜ਼ਰੂਰੀ ਹਨ ਤੇ ਉਨ੍ਹਾਂ ਨੂੰ ਕਹਾਣੀਆਂ ਪੜ੍ਹ ਕੇ ਸੁਣਾਉਣੀਆਂ ਚਾਹੀਦੀਆਂ ਹਨ।
  • ਬੱਚੇ ਨੂੰ ਇਨਾਮ ਦੇਣ ਸਮੇਂ ਕਿਤਾਬਾਂ ਦੇਣੀਆਂ ਚਾਹੀਦੀਆਂ ਹਨ।
  • ਸਕੂਲਾਂ ਵਿੱਚ ਬੱਚਿਆਂ ਨੂੰ ਹਰ ਹਫ਼ਤੇ ਵਿੱਚ ਦੋ ਵਾਰ ਲਾਇਬਰੇਰੀ ਦੇ ਪੀਰੀਅਡ ਦੌਰਾਨ ਨਾਵਲ ਜਾਂ ਕਹਾਣੀਆਂ ਪੜ੍ਹ ਕੇ ਉਨ੍ਹਾਂ ਦਾ ਸਾਰ ਲਿਖਣ ਲਈ ਪ੍ਰੇਰਿਤ ਕਰਨਾ ਚਾਹੀਦਾ ਹੈ।
  • ਸਕੂਲ ਵਿੱਚੋਂ ਘਰ ਦੇ ਲਈ ਦਿੱਤੇ ਕੰਮ ਵਿੱਚ ਕੋਈ ਨਾ ਕੋਈ ਕਿਤਾਬ ਦੇ ਕਿਸੇ ਚੈਪਟਰ ਨੂੰ ਪੜ੍ਹ ਕੇ ਆਉਣ ਅਤੇ ਉਸ ਬਾਰੇ ਅਗਲੇ ਦਿਨ ਕਲਾਸ ਵਿੱਚ ਸਵਾਲ ਜਵਾਬ ਕਰਨ ਲਈ ਪ੍ਰੇਰਿਤ ਕਰਨਾ ਚਾਹੀਦਾ ਹੈ।
  • ਬੱਸਾਂ, ਗੱਡੀਆਂ ਵਿੱਚ ਇਕ ਖ਼ਾਨਾ ਕਿਤਾਬਾਂ ਦਾ ਹੋਣਾ ਜ਼ਰੂਰੀ ਹੈ ਤਾਂ ਜੋ ਸਫ਼ਰ ਦੌਰਾਨ ਕਿਤਾਬਾਂ ਪੜ੍ਹੀਆਂ ਜਾ ਸਕਣ।
  • ਪਬਲਿਕ ਥਾਵਾਂ ਉੱਤੇ ਛੋਟੀਆਂ ਅਲਮਾਰੀਆਂ ਵਿੱਚ ਕਿਤਾਬਾਂ ਰੱਖਣੀਆਂ ਚਾਹੀਦੀਆਂ ਹਨ ਤਾਂ ਜੋ ਚਲਦੀਆਂ ਫਿਰਦੀਆਂ ਲਾਇਬਰੇਰੀਆਂ ਹੋਂਦ ਵਿੱਚ ਆ ਸਕਣ।
  • ਜਨਮ ਦਿਨ ਤੇ ਵਿਆਹਾਂ ਦੇ ਸਮਾਗਮਾਂ ਵਿੱਚ ਵੀ ਵਧੀਆ ਕਿਤਾਬਾਂ ਹੀ ਸੁਗਾਤ ਵਜੋਂ ਦੇਣੀਆਂ ਚਾਹੀਦੀਆਂ ਹਨ।
  • ਨਿੱਕੇ ਬੱਚਿਆਂ ਲਈ ਖ਼ੂਬਸੂਰਤ ਚਿੱਤਰਾਂ ਵਾਲੀਆਂ ਪਲਾਸਟਿਕ ਦੇ ਪੰਨਿਆਂ ਵਾਲੀਆਂ ਕਿਤਾਬਾਂ ਬਾਜ਼ਾਰ ਵਿੱਚ ਮਿਲਣੀਆਂ ਚਾਹੀਦੀਆਂ ਹਨ ਤਾਂ ਜੋ ਬੱਚਾ ਹਰ ਸਮੇਂ ਖਿਡੌਣੇ ਵਾਂਗ ਉਨ੍ਹਾਂ ਨੂੰ ਜੱਫੀ ਵਿੱਚ ਲੈ ਕੇ ਫਿਰਦਾ ਰਹੇ।
  • ਬੱਚਿਆਂ ਦੇ ਕਮਰੇ ਦੀ ਛੋਟੀ ਅਲਮਾਰੀ ਵਿੱਚ ਕਿਤਾਬਾਂ ਦੀ ਲਾਇਬਰੇਰੀ ਬਣਾ ਦੇਣੀ ਚਾਹੀਦੀ ਹੈ।

ਜੇ ਕਿਤਾਬਾਂ ਦੀ ਅਹਿਮੀਅਤ ਸਮਝ ਆ ਗਈ ਹੋਵੇ ਤਾਂ ਸਾਨੂੰ ਅੱਜ ਤੋਂ ਹੀ ਆਪਣੀ ਆਦਤ ਬਦਲ ਲੈਣੀ ਚਾਹੀਦੀ ਹੈ ਤੇ ਟੀ. ਵੀ., ਇੰਟਰਨੈੱਟ, ਮੋਬਾਈਲ ਦੀ ਵਰਤੋਂ ਘਟਾ ਕੇ ਕੁੱਝ ਸਮਾਂ ਕਿਤਾਬਾਂ ਪੜ੍ਹਨ ਵੱਲ ਵੀ ਲਾਉਣਾ ਚਾਹੀਦਾ ਹੈ। ਇੱਕ ਵਿਦਵਾਨ ਨੇ ਕਿਹਾ ਸੀ ਕਿ ‘‘ਲਿਟਰੇਸੀ ਇਜ਼ ਏ ਬਰਿੱਜ ਫਰੌਮ ਮਿਜ਼ਰੀ ਟੂ ਹੋਪ’’। ਸਚਮੁਚ ਉਮੀਦ ਦੀ ਕਿਰਨ ਜਗਾਉਣ ਵਾਲੀ ਕਿਤਾਬ ਨਾ ਸਿਰਫ਼ ਦਿਮਾਗ਼ ਅੰਦਰਲੇ ਹਨ੍ਹੇਰੇ ਨੂੰ ਦੂਰ ਕਰ ਕੇ ਚਾਨਣ ਕਰ ਦਿੰਦੀ ਹੈ, ਬਲਕਿ ਸਮਾਜ ਨੂੰ ਬਿਹਤਰ ਬਣਾਉਣ ਵਿੱਚ ਵੀ ਮਦਦ ਕਰਦੀ ਹੈ।