ਕਬਿੱਤ ਨੰਬਰ 49 (ਭਾਈ ਗੁਰਦਾਸ ਜੀ)

0
370

ਕਬਿੱਤ ਨੰਬਰ 49 (ਭਾਈ ਗੁਰਦਾਸ ਜੀ)

ਪ੍ਰੀਤਮ ਸਿੰਘ (ਕਰਨਾਲ)- ੭੦੧੫੮-੨੧੧੬੨

ਬਿਬਿਧਿ ਬਿਰਖ ਬਲੀ ਫਲ ਫੂਲ ਮੂਲ ਸਾਖਾ, ਰਚਨ ਚਰਿਤ੍ਰ ਚਿਤ੍ਰ ਅਨਿਕ ਪ੍ਰਕਾਰ ਹੈ।

ਬਰਨ ਬਰਨ ਫਲ ਬਹੁ ਬਿਧਿ ਸ੍ਵਾਦ ਰਸ, ਬਰਨ ਬਰਨ ਫੂਲ ਬਾਸਨਾ ਬਿਥਾਰ ਹੈ।

ਬਰਨ ਬਰਨ ਮੂਲ ਬਰਨ ਬਰਨ ਸਾਖਾ, ਬਰਨ ਬਰਨ ਪਤ੍ਰ ਸੁਗਨ ਅਚਾਰ ਹੈ।

ਬਿਬਿਧਿ ਬਨਾਸਪਤਿ ਅੰਤਰਿ ਅਗਨਿ ਜੈਸੇ, ਸਕਲ ਸੰਸਾਰ ਬਿਖੈ ਏਕੈ ਏਕੰਕਾਰ ਹੈ ॥੪੯॥

ਸ਼ਬਦ ਅਰਥ: ਬਿਬਿਧਿ=ਕਈ ਕਿਸਮਾਂ ਦੇ।, ਬਲੀ=ਵੇਲ।, ਚਰਿਤ੍ਰ=ਕੌਤਕ, ਤਮਾਸ਼ਾ।, ਚਿਤ੍ਰ= ਚਿਤ੍ਰਕਾਰੀ।, ਬਿਥਾਰ=ਖਿਲਾਰਾ, ਪਸਾਰਾ।, ਸੁਗਨ=ਬਹੁਤੇ।

ਅਰਥ: ਪ੍ਰਭੂ ਦੀ ਇਸ ਸੁੰਦਰ ਰਚਨਾ ਵਿੱਚ ਭਾਂਤ ਭਾਂਤ ਦੇ ਰੁੱਖ ਤੇ ਵੇਲਾਂ ਹਨ, ਉਹਨਾਂ ਦੀਆਂ ਅੱਗੋਂ ਕਿੰਨੀਆਂ ਹੀ ਟਾਹਣੀਆਂ, ਫੁੱਲ ਅਤੇ ਫਲ਼ ਆਦਿ ਹੁੰਦੇ ਹਨ। ਕਈ ਪ੍ਰਕਾਰ ਦੀਆਂ ਮਨ ਲੁਭਾਉਣ ਵਾਲੀਆਂ ਚਿਤਰਕਾਰੀਆਂ ਹਨ।  ਰੁੱਖਾਂ ਦੇ ਫਲ਼ ਵੀ ਕਈ ਰੰਗਾਂ ਦੇ, ਕਈ ਪ੍ਰਕਾਰ ਦੇ ਸੁਆਦ ਵਾਲੇ ਹਨ। ਵੱਖ ਵੱਖ ਤਰ੍ਹਾਂ ਦੇ ਫੁੱਲਾਂ ਦੀ ਸੁਗੰਧੀ ਵੀ ਕਈ ਪ੍ਰਕਾਰ ਦੀ ਹੈ, ਜੋ ਕਿ ਸੰਸਾਰ ਵਿੱਚ ਪਸਰੀ ਹੋਈ ਹੈ।  ਰੁੱਖਾਂ ਦੇ ਮੁੱਢ, ਰੰਗ ਬਿਰੰਗੀਆਂ ਟਾਹਣੀਆਂ ਤੇ ਪੱਤਰ ਆਦਿ ਵੀ ਕਈ ਪ੍ਰਕਾਰ ਦੇ ਹਨ, ਜਿਨ੍ਹਾਂ ਦਾ ਅਲੱਗ ਅਲੱਗ ਪ੍ਰਭਾਵ ਪੈਂਦਾ ਹੈ, ਪਰ ਅਸਚਰਜ ਦੀ ਗੱਲ ਇਹ ਹੈ ਕਿ ਸਭ ਪ੍ਰਕਾਰ ਦੇ ਰੁੱਖਾਂ, ਟਾਹਣੀਆਂ, ਫੁੱਲਾਂ, ਪੱਤਰਾਂ ਆਦਿ ਵਿੱਚ ਇੱਕੋ ਤਰ੍ਹਾਂ ਦੀ ਅਗਨੀ ਦਾ ਵਾਸ ਹੈ।  ਇਸੇ ਤਰ੍ਹਾਂ ਗੁਰਮੁਖਾਂ ਨੂੰ ਸਾਰੇ ਸੰਸਾਰ ਦੇ ਭਾਂਤ ਭਾਂਤ ਪ੍ਰਕਾਰ ਦੇ ਜੀਵਾਂ ਵਿੱਚ ਇੱਕੋ ਵਾਹਿਗੁਰੂ ਰਮਿਆ ਹੋਇਆ ਨਜ਼ਰ ਆਉਂਦਾ ਹੈ ਭਾਵੇਂ ਕਿ ਬਾਹਰੋਂ ਕਈ ਜਾਤਾਂ ’ਚ, ਕਈ ਰੰਗਾਂ ’ਚ, ਕਈ ਕਬੀਲਿਆਂ ’ਚ, ਕਈ ਨਸਲਾਂ ਆਦਿ ’ਚ ਵੰਡੇ ਵਿਖਾਈ ਦੇ ਰਹੇ ਹਨ।

ਭਾਈ ਸਾਹਿਬ ਭਾਈ ਗੁਰਦਾਸ ਜੀ ਪ੍ਰਮਾਤਮਾ ਨੂੰ ਸਾਰਿਆਂ ਵਿੱਚ ਰਮਿਆ ਹੋਇਆ ਵੇਖਦੇ ਤੇ ਗੁਰਬਾਣੀ ਦੇ ਸਿਧਾਂਤ ‘ਇਹੁ ਜਗੁ ਸਚੈ ਕੀ ਹੈ ਕੋਠੜੀ, ਸਚੇ ਕਾ ਵਿਚਿ ਵਾਸੁ॥’’ ਨੂੰ ਬਾਖ਼ੂਬੀ ਇਸ ਕਬਿੱਤ ਰਾਹੀਂ ਬਿਆਨ ਕਰਦੇ ਕੁਝ ਮਿਸਾਲਾਂ ਵੀ ਦਿੰਦੇ ਹਨ; ਜਿਵੇਂ ਫੁੱਲਾਂ ਵਿੱਚ ਸੁਗੰਧੀ ਅਤੇ ਹਰ ਪ੍ਰਕਾਰ ਦੀ ਲਕੜੀ ਵਿੱਚ ਅੱਗ ਵਸਦੀ ਹੈ, ਇਸੇ ਤਰ੍ਹਾਂ ਸਾਰੇ ਸੰਸਾਰ ਵਿੱਚ ਪ੍ਰਮਾਤਮਾ ਵਸਦਾ ਹੈ।  ਇਹ ਸੰਸਾਰ ਹੀ ਉਸ ਦਾ ਨਿਵਾਸ ਸਥਾਨ ਹੈ, ਪਰ ਉਹ ਲਕੜੀ ਵਿੱਚ ਅਗਨੀ ਤੇ ਫੁੱਲਾਂ ਵਿੱਚ ਵਸਦੀ ਸੁਗੰਧੀ ਦੀ ਤਰ੍ਹਾਂ ਨਜ਼ਰ ਨਹੀਂ ਆਉਂਦਾ।  ਇਹ ਹੀ ਵਾਹਿਗੁਰੂ ਦੀ ਅਚਰਜ ਖੇਡ ਹੈ।  ਇਸ ਨੂੰ ਕੋਈ ਵਿਰਲਾ ਗੁਰੂ ਅਨੁਸਾਰੀ ਆਪਣਾ ਜੀਵਨ ਬਤੀਤ ਕਰਨ ਵਾਲ਼ਾ ਸਿੱਖ ਹੀ ਜਾਣ ਸਕਦਾ ਹੈ ਤੇ ਪ੍ਰਤੱਖ ਦੇਖ ਸਕਦਾ ਹੈ। 

ਜਿਹੜੇ ਜੋਗੀ, ਸੰਨਿਆਸੀ ਰੱਬ ਨੂੰ ਭਾਲਣ ਜੰਗਲ਼ਾਂ ਵਿੱਚ ਤੁਰ ਪੈਂਦੇ ਹਨ, ਉਹਨਾਂ ਨੂੰ ਗੁਰੂ ਤੇਗ਼ ਬਹਾਦਰ ਸਾਹਿਬ ਜੀ ਬੜੇ ਪਿਆਰ ਨਾਲ ਸਮਝਾਉਂਦੇ ਹਨ ਕਿ ਹੇ ਭਾਈ !  ਤੂੰ ਪ੍ਰਮਾਤਮਾ ਨੂੰ ਲੱਭਣ ਕਿੱਥੇ ਬਣ-ਬਣ ਖੋਜਦਾ ਫਿਰਦਾ ਹੈਂ, ਉਹ ਤਾਂ ਤੇਰੇ ਨਾਲ ਹੀ ਵਸਦਾ ਹੈ ਜਿਵੇਂ ਫੁੱਲ ਵਿਚ ਸੁਗੰਧੀ ਤੇ ਲਕੜੀ ਵਿਚ ਅੱਗ, ਇਸ ਲਈ ਜੰਗਲ਼ਾਂ ਵਿੱਚ ਜਾਣ ਦੀ ਬਜਾਏ ਉਸ ਪ੍ਰਮਾਤਮਾ ਨੂੰ ਆਪਣੇ ਅੰਦਰ ਹੀ ਲੱਭ, ‘‘ਕਾਹੇ ਰੇ ਬਨ ਖੋਜਨ ਜਾਈ॥ ਸਰਬ ਨਿਵਾਸੀ ਸਦਾ ਅਲੇਪਾ, ਤੋਹੀ ਸੰਗਿ ਸਮਾਈ॥ ਪੁਹਪ ਮਧਿ ਜਿਉ ਬਾਸੁ ਬਸਤੁ ਹੈ, ਮੁਕਰ ਮਾਹਿ ਜੈਸੇ ਛਾਈ॥ ਤੈਸੇ ਹੀ ਹਰਿ ਬਸੇ ਨਿਰੰਤਰਿ, ਘਟ ਹੀ ਖੋਜਹੁ ਭਾਈ !॥’’ (ਮ:੯/ ਅੰਕ ੬੮੪)

ਗੁਰੂ ਅਰਜੁਨ ਦੇਵ ਜੀ ਵੀ ਕੁਝ ਇਸੇ ਪ੍ਰਕਾਰ ਦਾ ਫ਼ੁਰਮਾਨ ਕਰਦੇ ਹਨ ਕਿ ਜਿਸ ਤਰ੍ਹਾਂ ਸਾਰੀ ਬਨਸਪਤੀ ਵਿਚ ਅੱਗ ਦਾ ਅਤੇ ਦੁਧ ਵਿੱਚ ਘਿਉ ਦਾ ਨਿਵਾਸ ਹੁੰਦਾ ਹੈ, ਉਸੇ ਤਰ੍ਹਾਂ ਹਰ ਜੀਵ ਵਿੱਚ (ਚਾਹੇ ਕੋਈ ਛੋਟਾ ਹੈ ਜਾਂ ਵੱਡਾ ’ਚ) ਜੋਤ ਰੂਪ ਹੋ ਕੇ ਪ੍ਰਭੂ ਆਪ ਹੀ ਸਮਾਇਆ ਹੋਇਆ ਹੈ, ‘‘ਸਗਲ ਬਨਸਪਤਿ ਮਹਿ ਬੈਸੰਤਰੁ, ਸਗਲ ਦੂਧ ਮਹਿ ਘੀਆ॥ ਊਚ ਨੀਚ ਮਹਿ ਜੋਤਿ ਸਮਾਣੀ, ਘਟਿ ਘਟਿ ਮਾਧਉ ਜੀਆ॥’’ (੬੧੭) ਹਰੇਕ ਮਨੁੱਖ ਵਿੱਚ, ਚਾਹੇ ਉਹ ਉੱਚੀ ਜ਼ਾਤ ਦਾ ਹੈ ਜਾਂ ਨੀਵੀਂ ਜਾਤ ਦਾ, ਪ੍ਰਮਾਤਮਾ ਦੀ ਜੋਤਿ ਸਮਾਈ ਹੋਈ ਹੈ। ਸਿੱਖ ਨੂੰ ਆਪਣੇ ਜੀਵਨ ਵਿੱਚ ਵਿਚਰਦਿਆਂ ਇਹ ਗੱਲ ਕਦੀ ਨਹੀਂ ਭੁਲਾਉਣੀ ਚਾਹੀਦੀ।