ਕੁਦਰਤ ਦੇ ਸਾਲਾਨਾ ਮੌਸਮ ਪਰਿਵਰਤਨ ’ਚ ਵਿਸਾਖੀ ਦੀ ਅਨੋਖੀ ਦਾਸਤਾਨ

0
492

ਕੁਦਰਤ ਦੇ ਸਾਲਾਨਾ ਮੌਸਮ ਪਰਿਵਰਤਨ ’ਚ ਵਿਸਾਖੀ ਦੀ ਅਨੋਖੀ ਦਾਸਤਾਨ

ਗਿਆਨੀ ਅਵਤਾਰ ਸਿੰਘ

ਮਨੁੱਖ ਲਈ ਕੁਦਰਤ ਦੀ ਹਰ ਹਰਕਤ ਦਾ ਕੋਈ ਨਾ ਕੋਈ ਪਿਛੋਕੜ ਤੱਥ ਜ਼ਰੂਰ ਹੁੰਦਾ ਹੈ, ਜਿਸ ਤੋਂ ਪ੍ਰੇਰਨਾ ਲੈ ਕੇ ਮਨੁੱਖੀ ਮਾਨਸਿਕਤਾ ਛੋਟੇ-ਛੋਟੇ ਗਰੁਪ ਜਾਂ ਇਕਾਈਆਂ ’ਚ ਆਪਣੇ ਆਪ ਨੂੰ ਵੰਡ ਕੇ ਸਮਾਜ ਦੀ ਸਿਰਜਣਾ ’ਚ ਅਹਿਮ ਰੋਲ ਅਦਾ ਕਰਦੀ ਹੈ।  ਕੁਝ ਕੁ ਦਿਨ ਵੀ ਮੁਕੱਰਰ ਕੀਤੇ ਜਾਂਦੇ ਹਨ ਤਾਂ ਜੋ ਆਪਣਾ ਸਮਾਜਿਕ ਭਾਈਚਾਰਾ ਇਕੱਠੇ ਹੋ ਕੇ ਆਪਣੇ ਦੁਖ-ਸੁਖ ਵੇਖਦਿਆਂ ਆਪਸੀ ਸੰਬੰਧਾਂ ਨੂੰ ਹੋਰ ਮਜ਼ਬੂਤ ਕਰ ਸਕੇ।  ਇਨ੍ਹਾਂ ਇਤਿਹਾਸਕ ਦਿਹਾੜਿਆਂ ਵਿੱਚੋਂ ਹੀ ਇੱਕ ਹੈ ‘ਵਿਸਾਖੀ’, ਜੋ ਵਿਸਾਖ ਮਹੀਨੇ ਦੀ ਪਹਿਲੀ ਤਾਰੀਖ਼ (ਤਿਥ) ਹੁੰਦੀ ਹੈ।

ਚੰਦ੍ਰਮਾ ਸਾਲ ਦਾ ਵਿਸਾਖ ਮਹੀਨਾ ਜਾਂ ਵਿਸਾਖੀ ਦਿਹਾੜਾ’;  ਮੰਨੇ ਜਾਂਦੇ 27 ਨਛੱਤਰਾਂ ’ਚੋਂ ਇੱਕ ‘ਵਿਸ਼ਾਖਾ’ ਨਛੱਤਰ (ਗ੍ਰਹਿ) ਤੋਂ ਬਣਿਆ ਹੈ।  ਆਕਾਸ਼ ’ਚ ਕਈ ਤਾਰਿਆਂ ਤੋਂ ਮਿਲ ਕੇ ਬਣੇ ਪਿੰਡ (ਸਮੂਹ), ਜੋ ਖਗੋਲ (ਤਾਰਾ ਵਿਗਿਆਨ) ਮੁਤਾਬਕ ਚੰਦ੍ਰਮਾ ਦਾ ਮਾਰਗ ਤਹਿ ਕਰਦੇ ਹਨ, ਨੂੰ ਨਛੱਤਰ ਕਿਹਾ ਜਾਂਦਾ ਹੈ, ਜਿਨ੍ਹਾਂ ਦੀ ਗਿਣਤੀ 27 ਹੈ; ਜਿਵੇਂ ਕਿ 1. ਅਸ਼ਿ੍ਵਨੀ 2. ਭਰਣੀ 3. ਕ੍ਰਿੱਤਿਕਾ 4. ਰੋਹਿਣੀ 5. ਮ੍ਰਗਸ਼ਿਰਾ 6. ਆਦ੍ਰਾ 7. ਪੁਨਰਵਸੁ 8. ਪੁਸ਼੍ਯ 9. ਅਸ਼੍ਲੇਸ਼ਾ 10. ਮਘਾ 11. ਪੂਰ੍ਵਾ-ਫਾਲ੍ਗੁਨੀ 12. ਉੱਤਰਾ-ਫਾਲ੍ਗੁਨੀ 13. ਹਸ 14. ਚਿਤ੍ਰਾ 15. ਸ੍ਵਾਤਿ 16. ਵਿਸ਼ਾਖਾ 17. ਅਨੁਰਾਧਾ 18. ਜ੍ਯੇਸ਼੍ਠਾ 19. ਮੂਲ 20. ਪੂਰ੍ਵਾਸ਼ਾਢਾ 21. ਉੱਤਰਾਸ਼ਾਢਾ 22. ਸ਼੍ਰਵਣ 23. ਧਨਿਸ਼੍ਠਾ 24. ਸ਼ਤਭਿਖਾ 25. ਪੂਰ੍ਵਾਭਦ੍ਰਪਦਾ 26. ਉੱਤਰਾਭਦ੍ਰਪਦਾ 27. ਰੇਵਤੀ।  ਇਨ੍ਹਾਂ ਤੋਂ ਹੀ ਚੰਦ੍ਰਮਾ ਮਹੀਨਿਆ ਦੇ ਨਾਂ ਬਣੇ; ਜਿਵੇਂ ਕ੍ਰਿੱਤਿਕਾ ਤੋਂ ਕੱਤਕ, ਮ੍ਰਗਸ਼ਿਰਾ ਤੋਂ ਮੱਘਰ, ਜ੍ਯੇਸ਼੍ਠਾ ਤੋਂ ਜੇਠ ਆਦਿ।

ਵਿਸਾਖੀ ਦਾ ਤਿਉਹਾਰ ਪੂਰੇ ਭਾਰਤ ’ਚ ਕਿਸੇ ਨ ਕਿਸੇ ਰੂਪ ’ਚ ਮਨਾਇਆ ਜਾਂਦਾ ਹੈ; ਜਿਵੇਂ ਕਿ ਹਿੰਦੂ ਮਨੌਤ ਅਨੁਸਾਰ ਇਸ ਦਿਨ ਗੰਗਾ ਦੇਵੀ ਸੁਰਗ (ਗੰਗੋਤਰੀ ਗਲੇਸ਼ੀਅਰ) ’ਚੋਂ ਸ਼ਿਵਜੀ ਦੀਆਂ ਜਟਾਂ ਰਾਹੀਂ ਧਰਤੀ ’ਤੇ ਉਤਰੀ, ਇਸ ਲਈ ਉਨ੍ਹਾਂ ਇਸ ਦਿਨ ਤੋਂ ਨਵ ਵਰਸ ਦੀ ਸ਼ੁਰੂਆਤ ਮੰਨੀ ਤੇ ਇਸ ਪਵਿੱਤਰ ਦਿਨ ਗੰਗਾ ਇਸ਼ਨਾਨ ਕਰਨਾ ਸ਼ੁਭ ਮੰਨਿਆ।  ਕੇਰਲਾ ’ਚ ਇਹ ਤਿਉਹਾਰ ਵਿਸੁ ਅਖਵਾਉਂਦਾ ਹੈ, ਜਿੱਥੇ ਵਿਸੁ ਕਾਨੀ ਬਣਾਈ ਜਾਂਦੀ ਹੈ ਤੇ ਬੰਗਾਲ ’ਚ ਇਸ ਤਿਉਹਾਰ ਨੂੰ ਨਭ ਵਰਸ ਕਹਿ ਕੇ ਮਨਾਇਆ ਜਾਂਦਾ ਹੈ ਆਦਿ।

ਪੰਜਾਬ ’ਚ ਇਸ (ਵਿਸਾਖੀ) ਨੂੰ ਹਾੜੀ ਦੀ ਫ਼ਸਲ (ਪੈਲ਼ੀ) ਕਟਾਈ ਨਾਲ਼ ਜੋੜ ਕੇ ਵੇਖਿਆ ਜਾਂਦਾ ਹੈ; ਜਦ ਕਣਕ ਆਪਣਾ ਵਜੂਦ, ਸਮਾਜਕ ਸੇਵਾ ਕਰਨ (ਪੇਟ ਭਰਨ) ਲਈ ਮਿਟਾਉਂਦੀ ਹੈ। ਬੇਸ਼ੱਕ ਬਸੰਤ ਰੁੱਤ ਦੀ ਸਮਾਪਤੀ ’ਤੇ ਇਹ ਮਹੀਨਾ ਥੋੜ੍ਹੀ ਗਰਮੀ ਲੈ ਕੇ ਆਉਂਦਾ ਹੈ ਪਰ ਕਿਸਾਨਾਂ, ਮਜ਼ਦੂਰਾਂ ਲਈ ਖ਼ੁਸ਼ੀ ਦੀ ਕੋਈ ਕਮੀ ਨਹੀਂ ਰਹਿੰਦੀ ਕਿਉਂਕਿ ਛੇ ਮਹੀਨਿਆਂ ਤੋਂ ਆਪਣੇ ਬੱਚਿਆਂ ਵਾਙ ਖੇਤੀ ਦੀ ਕੀਤੀ ਸੰਭਾਲ਼ ਉਪਰੰਤ ਜ਼ਿਮੀਦਾਰ, ਮਜ਼ਦੂਰ, ਆਦਿ ਦੇ ਘਰ ਮੁਨਾਫ਼ਾ ਆ ਰਿਹਾ ਹੁੰਦਾ ਹੈ।  ਮਾਨਵਤਾ ’ਚ ਇਸੇ ਮੁਨਾਫ਼ੇ ਦਾ ਬੀਜ ਬੀਜਣ ਲਈ ਗੁਰੂ ਨਾਨਕ ਸਾਹਿਬ ਜੀ ਦਾ ਪ੍ਰਕਾਸ਼ 15 ਅਪ੍ਰੈਲ 1469 (20 ਵਿਸਾਖ ਸੰਮਤ 1526) ਨੂੰ ਹੋਇਆ, ਜਿਨ੍ਹਾਂ ਨੇ ਭਾਰਤ, ਪਾਕਿਸਤਾਨ, ਅਫ਼ਗਾਨਿਸਤਾਨ, ਸਊਦੀ ਅਰਬ, ਇਰਾਨ, ਇਰਾਕ, ਤਿੱਬਤ, ਭੂਟਾਨ, ਨੇਪਾਲ, ਬੰਗਲਾਦੇਸ਼, ਸ਼੍ਰੀ ਲੰਕਾ ਆਦਿ (ਲਗਭਗ 40-50 ਹਜ਼ਾਰ ਕਿਲੋਮੀਟਰ) ਤੱਕ ਇਹ ਫ਼ਸਲ ਬੋਈ। ਇਸ ਫ਼ਸਲ ਦਾ ਮੁਨਾਫ਼ਾ ਲੈਣ ਵਾਲ਼ਿਆਂ ਦੀ ਤਾਦਾਦ ਨੂੰ ਵੇਖਦਿਆਂ ਗੁਰੂ ਘਰ ਨਾਲ਼ ਨੇੜਤਾ (ਸੰਗਤੀ ਇਕੱਠ) ਨੂੰ ਕਾਇਮ ਰੱਖਣ ਲਈ ਸਾਲ ’ਚ ਦੋ ਮਹੀਨੇ ਨਿਸ਼ਚਿਤ ਕੀਤੇ ਗਏ ‘ਦਿਵਾਲੀ ਤੇ ਵਿਸਾਖੀ’, ਜਿਨ੍ਹਾਂ ਵਿੱਚ ਅੰਤਰ ਵੀ ਲਗਭਗ ਛੇ ਮਹੀਨੇ ਦਾ ਹੀ ਹੈ।

ਇਤਿਹਾਸ ’ਚ ਜ਼ਿਕਰ ਆਉਂਦਾ ਹੈ ਕਿ ਸਭ ਤੋਂ ਪਹਿਲਾਂ ਵਿਸਾਖੀ ਦਿਹਾੜੇ ’ਤੇ ਸੰਗਤਾਂ ਨੂੰ ਇਕੱਤਰ ਕਰਨ ਦਾ ਸੱਦਾ ਭਾਈ ਪਾਰੋ ਪਰਮਹੰਸ ਜੀ ਨੇ ਗੁਰੂ ਅਮਰਦਾਸ ਜੀ ਦੀ ਆਗਿਆ ਨਾਲ਼ ਗੋਇੰਦਵਾਲ ਵਿਖੇ ਦਿੱਤਾ ਸੀ, ਜਿੱਥੇ ਸੰਗਤਾਂ ਲਈ ਪਾਣੀ ਦੀ ਸੁਵਿਧਾ ਨੂੰ ਵੇਖਦਿਆਂ ਬਾਉਲੀ (ਪੌੜੀਦਾਰ ਖੂਹ, ਸੰਨ 1558 ਈਸਵੀ) ਦੀ ਖੁਦਵਾਈ ਕੀਤੀ ਤੇ ਪਾਣੀ ਨਿਕਾਸੀ ਦਾ ਪ੍ਰਬੰਧ ਵੀ ਵਿਸਾਖ ’ਚ ਕੀਤਾ ਗਿਆ, ਜਿਸ ਨਾਲ਼ ਸੰਗਤਾਂ ਸਰੀਰਕ ਤੇ ਮਨ ਤੋਂ ਨਿਰਮਲ ਹੁੰਦੀਆਂ।  ਸੰਨ 1634 ਈ. (ਵਿਸਾਖ ਮਹੀਨੇ) ’ਚ ਕਰਤਾਰਪੁਰ ਵਿਖੇ ਵੀ ਗੁਰੂ ਹਰਿਗੋਬਿੰਦ ਸਾਹਿਬ ਜੀ ਵੱਲੋਂ ਸੰਗਤਾਂ ਦੀ ਵਿਸ਼ੇਸ਼ ਇਕੱਤਰਤਾ ਬੁਲਾਈ ਗਈ ਸੀ।  ਇਸੇ ਸਮੇਂ ਕਾਲੇ ਖਾਂ ਤੇ ਪੈਂਦੇ ਖਾਂ ਨਾਲ਼ ਚੌਥਾ (ਆਖ਼ਰੀ) ਯੁੱਧ ਹੋਇਆ ਸੀ।  ਗੁਰੂ ਜੀ ਦਾ ਵਿਆਹ ਮਾਤਾ ਨਾਨਕੀ ਜੀ ਨਾਲ਼ ਵੀ ਵਿਸਾਖ ਮਹੀਨੇ (ਸੰਨ 1613 ’ਚ) ਹੋਇਆ ਸੀ ਇਤਿਆਦਿਕ ਕੁਝ ਸੰਕੇਤ ਹਨ, ਜਿਨ੍ਹਾਂ ਰਾਹੀਂ ਗੁਰੂ ਦਰਬਾਰ ’ਚ ਵਿਸਾਖ ਮਹੀਨੇ ਵਿਸ਼ੇਸ਼ ਇਕੱਤਰਤਾ ਬੁਲਾਈ ਜਾਂਦੀ, ਦੇ ਸਬੂਤ ਮਿਲਦੇ ਹਨ।

ਗੁਰੂ ਨਾਨਕ ਸਾਹਿਬ ਜੀ ਨੇ ਆਪਣੇ ਵਿਚਾਰਾਂ ਰਾਹੀਂ ਜੋ ਬੀ ਦੂਰ-ਦੂਰ ਤੱਕ ਸੰਸਾਰ ’ਚ ਬੀਜਿਆ, ਉਸ ਦੀ ਅਗਵਾਈ ਲਈ 239 ਸਾਲਾਂ ਤੱਕ ਗੁਰੂ ਜੀ ਨੇ 10 ਸਰੀਰਕ ਜਾਮਿਆਂ ‘‘ਜੋਤਿ ਓਹਾ, ਜੁਗਤਿ ਸਾਇ; ਸਹਿ (ਨੇ) ਕਾਇਆ ਫੇਰਿ ਪਲਟੀਐ ’’ (ਬਲਵੰਡ ਸਤਾ/੯੬੬) ਵਿੱਚ ਪ੍ਰਵੇਸ਼ ਕੀਤਾ।  ਜੋ ਸਵਾਲ ਸਿੱਧ-ਜੋਗੀਆਂ ਦੁਆਰਾ ‘ਸਿਧ ਗੋਸਟਿ’ ’ਚ ਗੁਰੂ ਨਾਨਕ ਜੀ ਤੋਂ ਪੁੱਛਿਆ ਗਿਆ ਕਿ ‘‘ਤੇਰਾ ਕਵਣੁ ਗੁਰੂ, ਜਿਸ ਕਾ ਤੂ ਚੇਲਾ  ?’’ (ਮਹਲਾ /੯੪੨) ਇਹੀ ਸਵਾਲ ਹਰ ਮਨੁੱਖ ਦੇ ਮਨ ’ਚ ਪੈਦਾ ਹੋਣਾ ਅਤਿ ਜ਼ਰੂਰੀ ਹੈ ਕਿ ‘ਮੇਰਾ ਗੁਰੂ ਕੌਣ ਹੈ, ਜਿਸ ਦੀ ਤਲਾਸ਼ ਲਈ ਮੈਂ ਮਨੁੱਖ ਬਣਿਆ ?, ਮੇਰੀ ਮੰਜ਼ਲ ਕੀ ਹੈ ?, ਉਹ ਕਿਵੇਂ ਪ੍ਰਾਪਤ ਹੋਏਗੀ ?’ ਜਦ ਬਾਬਾ ਬੁੱਢਾ ਜੀ; ਗੁਰੂ ਨਾਨਕ ਸਾਹਿਬ ਜੀ ਨੂੰ ਪਹਿਲੀ ਵਾਰ ਮਿਲੇ ਤਦ ਉਨ੍ਹਾਂ ਨੇ ਪੂਰਨ ਗੁਰੂ ਜਾਣ ਕੇ ਹੀ ਆਪਣਾ ਪੂਰਾ ਜੀਵਨ ਗੁਰੂ ਘਰ ਨੂੰ ਸਮਰਪਿਤ ਕਰ ਦਿੱਤਾ ਸੀ।

ਗੁਰੂ ਨਾਨਕ ਸਾਹਿਬ ਜੀ ਨੇ ਸਿੱਧਾਂ ਦੇ ਸਵਾਲ ਦਾ ਜਵਾਬ ਦਿੰਦਿਆਂ ਕਿਹਾ ‘‘ਸਬਦੁ ਗੁਰੂ; ਸੁਰਤਿ ਧੁਨਿ ਚੇਲਾ ’’ (ਰਾਮਕਲੀ ਗੋਸਟਿ/ਮਹਲਾ /੯੪੩), ਇਨ੍ਹਾਂ ਉਪਦੇਸ਼ਮਈ ਵਚਨਾਂ ਦੇ ਭਾਵਾਰਥ ਨੂੰ ਗਹੁ ਨਾਲ਼ ਵਿਚਾਰਨ ਤੋਂ ਬਿਨਾਂ ਬਹੁ ਕੀਮਤੀ ਮਨੁੱਖਾ ਜਨਮ ਵਿਅਰਥ ਜਾ ਸਕਦਾ ਹੈ।

 ‘ਸੁਰਤਿ ਧੁਨਿ ਚੇਲਾ’ ਦਾ ਭਾਵ ਹੈ ਕਿ ਕੋਈ ਸਰੀਰ ਚੇਲਾ ਨਹੀਂ ਬਲਕਿ ‘ਸੁਰਤ ਦਾ ਟਿਕਾਅ ਚੇਲਾ’ ਹੈ ਕਿਉਂਕਿ ਇਸੇ ‘ਸੁਰਤ ਟਿਕਾਅ’ (ਚੇਲੇ) ਉੱਤੇ ਲੱਗਾ ‘ਸਬਦੁ ਗੁਰੂ’ ਦਾ ਤੀਰ; ਅੰਤਹਿਕਰਣ ਨੂੰ ਛੇਦਦਾ ਹੋਇਆ ਆਪਣਾ ਪ੍ਰਭਾਵ ਦੀਰਘ ਕਾਲ ਤੱਕ ਮਨੁੱਖੀ ਜੀਵਨ ਉੱਤੇ ਪਾਉਂਦਾ ਹੈ; ਜਿਵੇਂ ਕਿ ਭਗਤ ਕਬੀਰ ਜੀ ਨੇ ਮਹਿਸੂਸ ਕੀਤਾ ‘‘ਕਬੀਰ  !  ਸਤਿਗੁਰ ਸੂਰਮੇ; ਬਾਹਿਆ ਬਾਨੁ ਜੁ ਏਕੁ   ਲਾਗਤ ਹੀ ਭੁਇ ਗਿਰਿ ਪਰਿਆ; ਪਰਾ ਕਰੇਜੇ ਛੇਕੁ ’’ (ਭਗਤ ਕਬੀਰ/੧੩੭੪)

‘ਸਬਦੁ ਗੁਰੂ’ ਤੋਂ ਭਾਵ ਪੂਰਨ ਸਚਾਈ ਤੋਂ ਪ੍ਰੇਰਨਾ ਲੈਣਾ ਹੈ, ਜਿੱਥੇ ਰੱਤੀ ਭਰ ਵੀ ‘ਅਸਤ੍ਯ’ (ਝੂਠ) ਨਾ ਹੋਵੇ।  ਕੁਦਰਤ ‘ਅਸਤ੍ਯ’ ਹੈ, ਇਸ ਲਈ ਇਸ ਦੀ ਬੁਨਿਆਦ ਸਦਾ ਸਥਿਰ ਨਹੀਂ ਅਤੇ ਨਿਰਾਕਾਰ (ਅਕਾਲ ਪੁਰਖ) ‘ਸਤ੍ਯ’ ਹੈ, ਜੋ ਸਦੀਵੀ ਸਥਿਰ ਹੈ।  ਸਮਾਜਿਕ ਜੀਵਨ ‘ਅਸਤ੍ਯ’ ਹੈ, ਜਿੱਥੇ ‘ਪੂਰਨ ਸਤ੍ਯ’ ਨੂੰ ਅਨੁਭਵ ਕਰਕੇ ‘ਸਤ੍ਯ’ ਬੋਲਣਾ ਤੇ ‘ਸਤ੍ਯ’ ਸੁਣਨਾ; ਬੜਾ ਕਠਿਨ ਹੈ।  ਇਹੀ ਵਿਚਾਰ ਗੁਰੂ ਨਾਨਕ ਜੀ ਨੇ ‘‘ਆਖਣਿ ਅਉਖਾ; ਸਾਚਾ ਨਾਉ ’’ (ਮਹਲਾ /) ਬਚਨਾਂ ਰਾਹੀਂ ਪ੍ਰਗਟ ਕੀਤੇ ਹਨ।

ਮਿਸਾਲ ਦੇ ਤੌਰ ’ਤੇ ਇੱਕ ਬੀਬੀ ਆਪਣੇ ਪਤੀ ਦੀ ਲੰਮੇਰੀ ਉਮਰ ਲਈ ਕਰਵਾਚੌਥ ਦਾ ਵਰਤ ਰੱਖਦੀ ਹੈ।  ਇਹ ਵੀ ‘ਸਤ੍ਯ’ ਹੈ ਕਿ ਇਸ ਨਾਲ਼ ਉਸ ਦੇ ਪਤੀ ਦੀ ਉਮਰ ਲੰਮੀ ਨਹੀਂ ਹੋ ਸਕਦੀ।  ਕਰਵਾਚੌਥ ਦਾ ਹਰ ਸਾਲ ਵਰਤ ਰੱਖਣ ਵਾਲ਼ੀਆਂ ਹਜ਼ਾਰਾਂ ਬੀਬੀਆਂ ਦੇ ਪਤੀ ਵੀ ਕਿਸੇ ਨਾ ਕਿਸੇ ਦੁਰਘਟਨਾ, ਬਿਮਾਰੀ ਆਦਿ ਨਾਲ਼ ਉਨ੍ਹਾਂ ਬੀਬੀਆਂ ਤੋਂ ਪਹਿਲਾਂ ਮਰ ਜਾਂਦੇ ਹਨ, ਪਰ ਫਿਰ ਵੀ ਬਾਕੀ ਬੀਬੀਆਂ ਇਨ੍ਹਾਂ ਘਟਨਾਵਾਂ ਤੋਂ ਪ੍ਰੇਰਨਾ ਲੈਣ ਦੀ ਬਜਾਇ ਇਹ ਵਰਤ (ਅਸਤ੍ਯ) ਨਿਰੰਤਰ ਜਾਰੀ ਰੱਖਦੀਆਂ ਹਨ ਕਿਉਂਕਿ ਵਾਰ- ਵਾਰ ਬੋਲਿਆ ਇਹ ‘ਅਸਤ੍ਯ’ ਨੂੰ ਉਨ੍ਹਾਂ ਨੂੰ ‘ਸਤ੍ਯ’ ਜਾਪਣ ਲੱਗਾ।

‘ਜਪੁ’ ਬਾਣੀ ਦੀ ਅੰਤਮ ਪਉੜੀ ’ਚ ਦਰਜ ‘ਵੇਦੁ ਹਥੀਆਰੁ’ ਤੋਂ ਭਾਵ ‘ਸਬਦੁ ਗੁਰੂ’ ਦੀ ਚੋਟ ਹੈ।  ਜਿਸ ‘ਸੁਰਤ ਦੇ ਟਿਕਾਅ’ (ਸੁਰਤਿ ਧੁਨਿ ਚੇਲਾ) ਉੱਤੇ ‘ਵੇਦੁ ਹਥੀਆਰੁ’ (ਸਬਦੁ ਗੁਰੂ) ਦੀ ਚੋਟ ਵੱਜਦੀ ਹੈ ਉਹ ਜੀਵਨ ‘‘ਸੁਰਤੀ ਕੈ ਮਾਰਗਿ ਚਲਿ ਕੈ; ਉਲਟੀ ਨਦਰਿ ਪ੍ਰਗਾਸੀ ’’ (ਮਹਲਾ /੧੩੨੯) ਭਾਵ ਉਹ ਸੁਰਤ ਦੇ ਟਿਕਾਅ ਵਾਲ਼ੇ ਰਸਤੇ ਉੱਤੇ ਨਿਰੰਤਰ ਚੱਲ ਕੇ, ਜਿੱਥੇ ‘ਸਬਦੁ ਗੁਰੂ’ ਚੋਟ ਨੂੰ ਸਹਾਰਦਾ ਹੋਇਆ (ਅਸਤ੍ਯ, ਸੰਸਾਰਕ ਪਕੜ ਵੱਲੋਂ) ਆਪਣੀ ਬਿਰਤੀ ਨੂੰ ਮੋੜਨ ’ਚ ਸਫਲ ਹੁੰਦਾ ਹੈ, ਉਸ ਲਈ ਰਿਸ਼ਤੇ-ਨਾਤੇ, ਦੁਨਿਆਵੀ ਅਸਤ੍ਯ ਰਸਮਾਂ; ਸਭ ਵਕਤੀ ਜਾਪਦੀਆਂ ਹਨ।

ਜਿਸ ਕਰਤਾਰ ਨੇ ਆਪਣੀ ਕੁਦਰਤ ਨੂੰ ਬਣਾਉਣ ਦਾ ਢਾਂਚਾ ਤਿਆਰ ਕੀਤਾ ਹੈ ਉਸ ਵਿੱਚ ਮਾਯਾ ਦੇ ਪ੍ਰਭਾਵ ਨੂੰ ਵੀ ਹਲਕੇ ’ਚ ਨਹੀਂ ਲਿਆ ਜਾ ਸਕਦਾ।  ਬ੍ਰਹਿਮੰਡ ’ਚ ਇੱਕ ਮੰਡਲ (ਸੂਰਜ ਪਰਵਾਰ) ਦਾ ਮੁਖੀਆ ਸੂਰਜ ਹੈ, ਜੋ ਆਪਣੇ ਪਰਵਾਰ ਨੂੰ ਨਿਰੰਤਰ ਰੌਸ਼ਨੀ ਵੀ ਉਪਲਬਧ ਨਹੀਂ ਕਰਵਾ ਸਕਦਾ ਭਾਵ ਧਰਤੀ ਦੇ ਇੱਕ ਤਰਫ਼ ਹਨ੍ਹੇਰਾ (ਰਾਤ) ਬਣਿਆ ਰਹੇਗਾ; ਜਦਕਿ ਮਾਯਾ, ਸੂਰਜ ਨਾਲ਼ੋਂ ਵੀ ਬਲਵਾਨ ਹੋਣ ਕਾਰਨ ਹਨ੍ਹੇਰੇ ਤੇ ਰੌਸ਼ਨੀ (ਦਿਨ-ਰਾਤ) ’ਚ ਨਿਰੰਤਰ ਪ੍ਰਭਾਵ ਪਾਉਂਦੀ ਹੈ।  ਰੌਸ਼ਨੀ ’ਚ ਵਿਚਰ ਰਹੇ ਮਨੁੱਖ ਲਈ ਹਨ੍ਹੇਰੇ (ਅਸਤ੍ਯ) ਦੀ ਮਿਸਾਲ ਦਿੱਤੀ ਜਾ ਸਕਦੀ ਹੈ, ਪਰ ਹਨ੍ਹੇਰੇ ’ਚ ਜੀਵਨ ਬਸਰ ਕਰ ਰਹੇ ਮਨੁੱਖ ਲਈ ਹਨ੍ਹੇਰੇ ਦੀ ਦਿੱਤੀ ਗਈ ਮਿਸਾਲ, ਕੋਈ ਅਸਚਰਜਤਾ ਪੈਦਾ ਨਹੀਂ ਕਰ ਸਕਦੀ। ਇਸ ਲਈ ‘ਅਸਤ੍ਯ’ ਨੂੰ ‘ਸਤ੍ਯ’ ਮੰਨ ਬੈਠੇ ਹਰ ਧਾਰਮਿਕ ਵਿਅਕਤੀ ਦੇ ਰੂ-ਬਰੂ ਹੁੰਦਿਆਂ ਗੁਰੂ ਅਰਜਨ ਸਾਹਿਬ ਜੀ ਫ਼ੁਰਮਾਉਂਦੇ ਹਨ ਕਿ ‘‘ਜਿਨਿ ਮੋਹੇ ਬ੍ਰਹਮੰਡ ਖੰਡ; ਤਾਹੂ ਮਹਿ ਪਾਉ ’’ (ਮਹਲਾ /੭੪੫) ਭਾਵ ਜਿਸ ਮਾਯਾ ਨੇ ਬ੍ਰਹਿਮੰਡਾਂ ਨੂੰ ਪ੍ਰਭਾਵਤ ਕੀਤਾ ਉਸੇ ਤਰ੍ਹਾਂ ਦੀ ਜੀਵਨਸ਼ੈਲੀ ਮੇਰੀ (ਭਾਵ ਧਰਮੀ ਬੰਦੇ ਦੀ) ਹੈ, ਕੇਵਲ ਬਾਹਰੋਂ ਹੀ ਧਾਰਮਿਕ ਰਸਮ ਨਿਭਾਈ ਜਾ ਰਹੀ ਹੈ।  ਇਹ ਉਨ੍ਹਾਂ ਤੀਰਾਂ (ਸਤ੍ਯ, ਸਬਦੁ ਗੁਰੂ) ਨੇ ਅਹਿਸਾਸ ਕਰਾਇਆ, ਜੋ ਸਦੀਆਂ ਤੋਂ ‘ਅਸਤ੍ਯ’ ਨੂੰ ‘ਸਤ੍ਯ’ ਮੰਨਣ ਵਾਲ਼ੇ ਬਦਕਿਸਮਤ ਕਰਮਕਾਂਡੀ ਮਨ ਨੂੰ ਨਾ ਛੇਦ ਸਕੇ ‘‘ਕਬੀਰ  !  ਸਾਚਾ ਸਤਿਗੁਰੁ ਕਿਆ ਕਰੈਜਉ ਸਿਖਾ ਮਹਿ ਚੂਕ   ਅੰਧੇ ਏਕ ਲਾਗਈ; ਜਿਉ ਬਾਂਸੁ ਬਜਾਈਐ ਫੂਕ ’’ (੧੩੭੨)

ਥੋਥੇ ਬਾਂਸ ’ਚ ਇੱਕ ਤਰਫ਼ ਤੋਂ ਮਾਰੀ ਫੂਕ ਦੂਸਰੀ ਤਰਫ਼ ਸਿੱਧੀ ਬਾਹਰ ਨਿਕਲ ਜਾਂਦੀ ਹੈ ਕਿਉਂਕਿ ਥੋਥੇ (ਅਸਤ੍ਯ) ਜੀਵਨ ਪਾਸ ‘ਸਤ੍ਯ’ (ਸਬਦੁ ਗੁਰੂ) ਨੂੰ ਸਹਾਰਨ ਵਾਲ਼ੀ ‘ਅਹਿਰਣ ਮਤਿ’ ਨਹੀਂ ਹੁੰਦੀ।  ਇੱਥੋਂ ਸ਼ੁਰੂ ਹੁੰਦਾ ਹੈ ਉਹ ਟਕਰਾਅ, ਜੋ ‘‘ਆਪਿ ਦੇਹਿ; ਚੁਰੂ ਭਰਿ ਪਾਨੀ   ਤਿਹ ਨਿੰਦਹਿ; ਜਿਹ ਗੰਗਾ ਆਨੀ ’’ (ਭਗਤ ਕਬੀਰ/੩੩੨) ਭਾਵ ਹਨ੍ਹੇਰੇ ’ਚ ਰਹਿਣ ਦਾ ਆਦੀ; ਰੌਸ਼ਨੀ ਦਾ ਵਿਰੋਧ ਕਰਦਾ ਹੈ।

ਇੱਕ ਤਰਫ਼ ‘ਸਤ੍ਯ’ ਨੂੰ ‘ਸਤ੍ਯ’ ਕਹਿਣ ਵਾਲ਼ੇ ਤੇ ਦੂਜੇ ਪਾਸੇ ‘ਅਸਤ੍ਯ’ ਨੂੰ ‘ਸਤ੍ਯ’ ਕਹਿਣ ਵਾਲ਼ੇ ਦੋਵੇਂ ਹੀ ਲੋਕਾਂ ਨੂੰ ਸਮਾਜ ਨੇ ਧਰਮੀ ਵਿਅਕਤੀ ਮੰਨ ਲਿਆ, ਪਰ ਅੰਨ੍ਹਾ ਸਮਾਜ ਕਿਵੇਂ ਨਿਰਣਾ ਕਰੇ ਕਿ ‘ਸਤ੍ਯ’ (ਰੌਸ਼ਨੀ) ਅਤੇ ‘ਅਸਤ੍ਯ’ (ਹਨ੍ਹੇਰਾ) ਕੀ ਹੈ, ਇਸ ਲਈ ਗੁਰੂ ਨਾਨਕ ਜੀ ਨੂੰ ਕਹਿਣਾ ਪਿਆ ਕਿ ਚਾਰੋਂ ਤਰਫ਼ ਹਨ੍ਹੇਰੇ ਨੂੰ ਰੌਸ਼ਨੀ ਮੰਨਣ ਕਾਰਨ ‘ਅਸਤ੍ਯ’ ਦਾ ਬੋਲਬਾਲਾ ਹੈ, ਜਿੱਥੇ ਰੌਸ਼ਨੀ ਨੂੰ ਰੌਸ਼ਨੀ (ਸਤ੍ਯ) ਕਹਿਣਾ ਤੇ ਉਸ ’ਤੇ ਯਕੀਨ ਕਰਵਾਉਣਾ ਬੜਾ ਮੁਸ਼ਕਲ ਹੈ ‘‘ਆਖਣਿ ਅਉਖਾ; ਸਾਚਾ ਨਾਉ ’’

ਭਗਤ ਕਬੀਰ ਜੀ, ਭਗਤ ਨਾਮਦੇਵ ਜੀ, ਗੁਰੂ ਨਾਨਕ ਜੀ ਸਮੇਤ ਅਨੇਕਾਂ ‘ਸਤ੍ਯ’ ਬੋਲਣ ਵਾਲ਼ੇ ਮਾਨਵ ਹਿਤਕਾਰੀ (ਪਰਉਪਕਾਰੀ) ਮਹਾ ਪੁਰਸ਼ਾਂ ਨੂੰ ਕੈਦ ਕੀਤਾ ਗਿਆ। ਗੁਰੂ ਅਰਜਨ ਸਾਹਿਬ ਜੀ, ਗੁਰੂ ਤੇਗ ਬਹਾਦਰ ਸਾਹਿਬ ਜੀ ਸਮੇਤ ਕਈਆਂ ਨੂੰ ਇਸ ਲਈ ਸ਼ਹੀਦ ਕੀਤਾ ਗਿਆ ਕਿ ਉਹ ‘ਅਸਤ੍ਯ’ ਨੂੰ ‘ਸਤ੍ਯ’ ਨਹੀਂ ਮੰਨਦੇ ਹਨ ਅਤੇ ‘‘ਆਪਿ ਦੇਹਿ; ਚੁਰੂ ਭਰਿ ਪਾਨੀ ’’  ਲੋਕ ਭਾਵ ਜਿਨ੍ਹਾਂ ਨੇ ‘ਹਨ੍ਹੇਰੇ’ ਨੂੰ ‘ਰੌਸ਼ਨੀ’ ਕਿਹਾ ਜਾਂ ‘ਰੌਸ਼ਨੀ’ ਦਾ ਵਿਰੋਧ ਕੀਤਾ ਉਹ ਕਸ਼ਮੀਰੀ ਪੰਡਿਤਾਂ ਦੀ ਬਾਂਹ ਪਕੜਨ ਲਈ ਅੱਗੇ ਵੀ ਨਾ ਆਏ।

ਅਜੋਕੇ ਸਮਾਜ ਨੇ ਹਰ ਦੇਸ਼ ਦੇ ਵਿਧਾਨ (ਕਾਨੂੰਨ) ’ਚ ਨਾਗਰਿਕ ਅਜ਼ਾਦੀ ਨੂੰ ਮੁੱਖ ਰੱਖਦਿਆਂ ਸਵੈ ਰੱਖਿਆ ਲਈ ਚੁੱਕਿਆ ਗਿਆ ਹਥਿਆਰ ਯੋਗ ਮੰਨਿਆ ਹੈ ਭਾਵ ਅਜਿਹੀ ਮੌਤ (ਕਤਲ) ਨੂੰ ਇਰਾਦਾ ਕਤਲ ਨਹੀਂ ਮੰਨਦੀ, ਤਾਂ ਜੋ ਦੰਡ ਦਿੱਤਾ ਜਾਏ।  ਦਸਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਜੀ ਨੇ ਗੁਰੂ ਅਰਜਨ ਜੀ ਅਤੇ ਗੁਰੂ ਤੇਗ ਬਹਾਦਰ ਜੀ ਸਮੇਤ ਅਨੇਕਾਂ ਸਿੰਘ, ਸਿੰਘਣੀਆਂ ਦੀ ਸ਼ਹੀਦੀ ਦੇ ਹਵਾਲੇ ਨਾਲ਼ ਔਰੰਗਜ਼ੇਬ ਨੂੰ ਚਿੱਠੀ ਲਿਖੀ ਕਿ ਹਥਿਆਰ ਚੁੱਕਣਾ ਮੇਰੀ ਮਜ਼ਬੂਰੀ ਬਣ ਗਿਆ ਸੀ

‘‘ਚੁ ਕਾਰ ਅਜ਼ ਹਮਹ ਹੀਲਤੇ ਦਰ ਗੁਜ਼ਸ਼ਤ ॥

ਹਲਾਲ ਅਸਤੁ ਬੁਰਦਨ ਬ ਸ਼ਮਸ਼ੇਰ ਦਸਤ ॥’’ (ਜ਼ਫ਼ਰਨਾਮਾ),

‘ਅਸਤ੍ਯ’ ਵਿਰੁਧ ਲੜਨ ਦੀ ਸਮਾਜ ਨੂੰ ਗੁੜ੍ਹਤੀ; ‘ਪੂਰਨ ਸਤ੍ਯ’ ਨੂੰ ਅਨੁਭਵ ਕਰ ਚੁੱਕੀ ਹਰ ਸ਼ਖ਼ਸੀਅਤ ਨੇ ਦਿੱਤੀ; ਜਿਵੇਂ ਕਿ

(1). ਭਗਤ ਕਬੀਰ ਜੀ: ‘‘ਸੂਰਾ ਸੋ ਪਹਿਚਾਨੀਐ; ਜੁ ਲਰੈ ਦੀਨ ਕੇ ਹੇਤ   ਪੁਰਜਾ ਪੁਰਜਾ ਕਟਿ ਮਰੈ; ਕਬਹੂ ਛਾਡੈ ਖੇਤੁ ’’ (੧੧੦੫)

(2). ਗੁਰੂ ਨਾਨਕ ਸਾਹਿਬ ਜੀ: ‘‘ਜਉ ਤਉ ਪ੍ਰੇਮ ਖੇਲਣ ਕਾ ਚਾਉ   ਸਿਰੁ ਧਰਿ ਤਲੀ, ਗਲੀ ਮੇਰੀ ਆਉ   ਇਤੁ ਮਾਰਗਿ, ਪੈਰੁ ਧਰੀਜੈ   ਸਿਰੁ ਦੀਜੈ; ਕਾਣਿ ਕੀਜੈ ’’ (ਮਹਲਾ /੧੪੧੨)

(3). ਗੁਰੂ ਤੇਗ ਬਹਾਦਰ ਜੀ: ‘‘ਭੈ ਕਾਹੂ ਕਉ ਦੇਤ ਨਹਿ; ਨਹਿ ਭੈ ਮਾਨਤ ਆਨ ’’ (ਮਹਲਾ /੧੪੨੭) ਆਦਿ ਸੰਕੇਤਾਂ ਤੋਂ ਸਪਸ਼ਟ ਹੈ ਕਿ ਧਰਮੀ ਬੰਦਿਆਂ ਦਾ ਜੀਵਨ ਮਾਨਵਤਾ ਲਈ ਆਦਰਸ਼ ਹੋਣਾ ਚਾਹੀਦਾ ਹੈ, ਨਾ ਕਿ ਭਗਤੀ ਭਾਵਨਾ ਨੂੰ ਆਪਣੇ ਤੱਕ ਸਮੇਟਦਿਆਂ ਇਕਾਂਤ (ਗ੍ਰਹਿਸਤੀ ਦੇ ਤਿਆਗ) ਨੂੰ ਤਰਜੀਹ ਦੇਣੀ ਬਣਦੀ ਹੈ ਕਿਉਂਕਿ ਅਜਿਹੀ ਰਹਿਣੀ ‘ਅਸਤ੍ਯ’ ਦੇ ਵਿਕਾਸ ਨੂੰ ਰੋਕਣ ’ਚ ਆਪਣਾ ਯੋਗਦਾਨ ਨਹੀਂ ਪਾਉਂਦੀ ਤੇ ਡਰਪੋਕਤਾ ਦਾ ਭਾਰ ਅੰਤ ਤੱਕ ਆਪਣੇ ਸਿਰ ’ਤੇ ਢੋਂਹਦੀ ਹੈ ਭਾਵ ‘ਸਤ੍ਯ’ ਦੇ ਹਮਾਇਤੀ ਵੀ ਅਖਵਾਉਂਦੇ ਹਨ ਤੇ ਲਾਚਾਰ ਵੀ ਹੁੰਦੇ ਹਨ।

ਗੁਰੂ ਨਾਨਕ ਜੀ ਨੇ ਜਿਸ ‘ਸਬਦੁ ਗੁਰੂ’ (ਸਤ੍ਯ) ਨੂੰ ਆਪਣਾ ਆਦਰਸ਼ ਮੰਨਿਆ, ਗੁਰੂ ਅਮਰਦਾਸ ਜੀ ਨੇ ਉਸ ਨੂੰ ‘‘ਵਾਹੁ ਵਾਹੁ ਬਾਣੀ ਨਿਰੰਕਾਰ ਹੈ; ਤਿਸੁ ਜੇਵਡੁ ਅਵਰੁ ਕੋਇ ’’ (ਮਹਲਾ /੫੧੫) ਕਿਹਾ। ਗੁਰੂ ਰਾਮਦਾਸ ਜੀ ਨੇ ‘‘ਬਾਣੀ ਗੁਰੂ, ਗੁਰੂ ਹੈ ਬਾਣੀ.. ’’ (ਮਹਲਾ /੯੮੨) ਅਤੇ ਗੁਰੂ ਅਰਜਨ ਸਾਹਿਬ ਜੀ ਨੇ ਇਨ੍ਹਾਂ ਸਾਰੇ ਅੰਮ੍ਰਿਤਮਈ ਬੋਲਾਂ ਨੂੰ ਸ਼ਬਦ ਸੰਗ੍ਰਹਿ ’ਚ ਇਕੱਠਾ ਕਰਕੇ ‘‘ਪੋਥੀ ਪਰਮੇਸਰ ਕਾ ਥਾਨੁ ’’ (ਮਹਲਾ /੧੨੨੬) ਕਿਹਾ। ਇਸ (ਸਤ੍ਯ) ਦੇ ਚਰਨੀਂ ਦਸਮੇਸ਼ ਪਿਤਾ ਜੀ ਨੇ 1708 ਈਸਵੀ ’ਚ ਨਾਦੇੜ ਵਿਖੇ ਸਿੱਖ ਭਾਈਚਾਰੇ ਨੂੰ ਸਦਾ ਲਈ ਲਗਾ ਦਿੱਤਾ।

ਦੂਸਰੇ ਪਾਸੇ ਗੁਰੂ ਨਾਨਕ ਜੀ ਨੇ ਜਦ ਇਹੀ ‘ਸਤ੍ਯ’ ਸੰਗ੍ਰਹਿ ਗੁਰੂ ਅੰਗਦ ਸਾਹਿਬ ਜੀ ਦੇ ਸਪੁਰਦ ਕੀਤਾ ਤਾਂ ਇਸ ਦੀ ਹਿਫ਼ਾਜ਼ਤ ਲਈ ਕੁਝ ਪਰੀਖਿਆ ਕਰਨੀ ਚਾਹੀ, ਜਿਨ੍ਹਾਂ ’ਚੋਂ ਭਾਈ ਲਹਿਣਾ ਜੀ ਪਾਸ ਹੋਏ।  ਇਹੀ ਪਰੰਪਰਾ ਗੁਰੂ ਤੇਗ ਬਹਾਦਰ ਜੀ ਤੱਕ ਨਿਰੰਤਰ ਚਲਦੀ ਰਹੀ ਤੇ ਦਸਮੇਸ਼ ਪਿਤਾ ਜੀ ਨੇ ਹਾਲਾਤਾਂ (ਜਿੱਥੇ ਔਰੰਗਜ਼ੇਬ ਨੇ ਚਾਰੋਂ ਤਰਫ਼ ਹਾਹਾਕਾਰ ਮਚਾ ਰੱਖੀ ਸੀ) ਨੂੰ ਮੁੱਖ ਰੱਖਦਿਆਂ, ਸੰਨ 1699 ਦੀ ਵਿਸਾਖੀ ਨੂੰ ਆਨੰਦਪੁਰ ਵਿਖੇ ਪੂਰੀ ਸਿੱਖ ਸੰਗਤ ਨੂੰ ਇਕੱਤਰ ਹੋਣ ਲਈ ਸੱਦੇ ਭੇਜੇ। ਕੁਝ ਇਤਿਹਾਸਕਾਰਾਂ ਮੁਤਾਬਕ ਸੰਗਤ ਦੀ ਨਫ਼ਰੀ 80 ਹਜ਼ਾਰ ਤੱਕ ਹੋ ਗਈ ਸੀ।  ਇਸ ਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਇਸ ਧਾਰਮਿਕ ਕ੍ਰਾਂਤੀ ਨੇ ਮਾਨਵਤਾ ਉੱਤੇ ਹੁੰਦੇ ਜ਼ੁਲਮਾਂ ਵਿਰੁੱਧ ਕਿਵੇਂ ਆਪਣੇ ਆਪ ਨੂੰ ਲਾਮਬੰਦ ਕੀਤਾ ? ਇਹ ਉਹੀ ਲੋਕ ਸਨ, ਜਿਸ ਨੂੰ ਜਾਤ-ਪਾਤ, ਵਹਿਮ-ਭਰਮ, ਊਚ-ਨੀਚ, ਲਿੰਗ-ਭੇਦ, ਕਰਮਕਾਂਡ ਆਦਿ ’ਚ ਫਸਾ ਕੇ ਮਨੁੱਖ ਜਾਤੀ ਨੂੰ ਸਦੀਆਂ ਤੋਂ ਵੰਡਿਆ ਸੀ, ਨਿਰਬਲ ਕੀਤਾ ਸੀ ਭਾਵੇਂ ਕਿ ਇਨ੍ਹਾਂ ਦੁਆਰਾ ਹੱਥੀਂ ਕੀਤੀ ਕਮਾਈ ਨੂੰ ਆਪਣੇ ਲਈ ਆਰਥਿਕ ਸਾਧਨ ਵੀ ਬਣਾ ਰੱਖਿਆ ਸੀ।

ਗੁਰੂ ਜੀ ਨੇ ਸੰਗਤੀ ਇਕੱਠ ’ਚ ਪਹਿਲਾ ਤੇ ਨਿਰਣਾਇਕ ਕਦਮ ਪੁਟਦਿਆਂ ਪੰਜ ਪਿਆਰਿਆਂ ਨੂੰ ਚੁਣਨਾ ਸੀ, ਤਾਂ ਜੋ ‘ਸਤ੍ਯ’ (ਸਬਦੁ ਗੁਰੂ) ਦੀ ਪਹਿਰੇਦਾਰੀ ਲਈ ਭਵਿੱਖ ਦੀ ਰੂਪਰੇਖਾ ਉਨ੍ਹਾਂ ਦੇ ਸਪੁਰਦ ਕੀਤੀ ਜਾਵੇ।

ਮਹਾਨ ਕੋਸ਼ ਅਨੁਸਾਰ ਗੁਰੂ ਘਰ ਵਿੱਚ ਪੰਜ ਪਿਆਰਿਆਂ ਨੂੰ ਚੁਣਨ ਦੀ ਪਰੰਪਰਾ ਗੁਰੂ ਨਾਨਕ ਸਾਹਿਬ ਜੀ ਦੇ ਸਮੇਂ ਤੋਂ ਪ੍ਰਚਲਿਤ ਰਹੀ ਹੈ, ਪਰ ਇਤਿਹਾਸ ਵਿੱਚੋਂ ਸਿੱਖਾਂ ਦੇ ਨਾਂ ਲੱਭਣੇ ਮੁਸ਼ਕਲ ਹਨ।  ਗੁਰੂ ਅਰਜਨ ਸਾਹਿਬ ਜੀ ਦੇ ਸਮੇਂ ‘ਭਾਈ ਬਿਧੀ ਚੰਦ, ਭਾਈ ਜੇਠਾ ਜੀ, ਭਾਈ ਲੰਗਾਹ ਜੀ, ਭਾਈ ਪਿਰਾਣਾ ਜੀ ਤੇ ਭਾਈ ਪੈੜਾ ਜੀ’ ਨੂੰ ਪੰਜ ਪਿਆਰੇ ਚੁਣਿਆ ਗਿਆ ਸੀ।  ਗੁਰੂ ਤੇਗ ਬਹਾਦਰ ਜੀ ਦੇ ਸਮੇਂ ‘ਦੀਵਾਨ ਮਤੀ ਦਾਸ, ਭਾਈ ਗੁਰਦਿੱਤਾ ਜੀ, ਭਾਈ ਦਿਆਲਾ ਜੀ, ਭਾਈ ਊਦੇ ਜੀ ਤੇ ਭਾਈ ਜੈਤਾ ਜੀ’ ਦਾ ਵੀ ਪੰਜ ਪਿਆਰਿਆਂ ’ਚ ਜ਼ਿਕਰ ਆਉਂਦਾ ਹੈ।  ਚਮਕੌਰ ਦੀ ਕੱਚੀ ਗੜ੍ਹੀ ਛੱਡਦੇ ਵਕਤ ਪੰਜ ਪਿਆਰਿਆਂ ’ਚ ‘ਭਾਈ ਦਇਆ ਸਿੰਘ, ਭਾਈ ਧਰਮ ਸਿੰਘ, ਭਾਈ ਮਾਨ ਸਿੰਘ, ਭਾਈ ਸੰਗਤ ਸਿੰਘ ਤੇ ਭਾਈ ਸੰਤ ਸਿੰਘ ਜੀ’ ਦਾ ਵੀ ਹਵਾਲਾ ਮਿਲਦਾ ਹੈ।  ਇਨ੍ਹਾਂ ਪਿਆਰਿਆਂ ਦੀਆਂ ਨਿਯੁਕਤੀਆਂ ਤੋਂ ਭਿੰਨ, ਜੋ ਯੁਕਤੀ ਸੰਨ 1699 ਦੀ ਵਿਸਾਖੀ ਨੂੰ ਆਨੰਦਪੁਰ (ਕੇਸਗੜ੍ਹ) ਵਿਖੇ ਅਪਣਾਈ ਗਈ, ਉਹ ਅਨੋਖੀ ਜਾਪੀ ਕਿਉਂਕਿ ਇਨ੍ਹਾਂ ਮਹਾਂ ਪੁਰਸ਼ਾਂ ਦੀ ਰਾਹੀਂ ਗੁਰੂ ਜੀ ਨੇ ਆਪ ਵੀ ਅੰਮ੍ਰਿਤਪਾਨ ਕਰਨਾ ਸੀ। ਇਹ ਉਸੇ ਤਰ੍ਹਾਂ ਦਾ ਢੰਗ-ਤਰੀਕਾ ਰਿਹਾ ਹੈ, ਜੋ ਗੁਰੂ ਨਾਨਕ ਸਾਹਿਬ ਜੀ ਨੇ ਗੁਰੂ ਅੰਗਦ ਦੇਵ ਜੀ ਨੂੰ ‘ਸਬਦੁ ਗੁਰੂ’ ਦੀ ਸਪੁਰਦਗੀ ਕਰਦਿਆਂ ਹਿਫ਼ਾਜ਼ਤ ਲਈ ਵਰਤਿਆ ਸੀ, ਗੁਰੂ ਅਮਰਦਾਸ ਜੀ ਨੇ ਥੜ੍ਹਿਆਂ ਨੂੰ ਵਾਰ-ਵਾਰ ਬਣਾਉਣ, ਫਿਰ ਢਾਹੁਣ ਰਾਹੀਂ ਅਪਣਾਇਆ ਸੀ ਆਦਿ।

ਗੁਰੂ ਜੀ ਨੇ ਸੰਗਤਾਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਗਰਜਵੀਂ ਅਵਾਜ਼ ’ਚ ਹੱਥ ’ਚ ਤਲਵਾਰ ਫੜ ਕੇ ਉਪਦੇਸ਼ ਕੀਤਾ ਕਿ ਕੋਈ ਅਜਿਹਾ ਸਿੱਖ ਸਾਮ੍ਹਣੇ ਆਵੇ ਜੋ ਆਪਣਾ ਸਿਰ; ਗੁਰੂ ਨੂੰ ਸਮਰਪਿਤ ਕਰੇ ਕਿਉਂਕਿ ਇੱਕ ਸੀਸ ਦੀ ਭੇਟਾ ਲੈਣੀ ਹੈ।  ਗੁਰੂ ਨਾਨਕ ਸਾਹਿਬ ਜੀ ਦੁਆਰਾ ਬੋਈ ਗਈ ਫ਼ਸਲ ਨੂੰ ਪੱਕਾ ਤੇ ਕੱਚਾ ਪਰਖਣ ਲਈ ਦੁਨੀਆ ਦੇ ਇਤਿਹਾਸ ’ਚ ਇਹ ਅਜੀਬ ਘਟਨਾ ਸੀ, ਜੋ ਅਖੌਤੀ ਗੁਰੂ ਦੇ ਲੜ ਲੱਗੇ ਕਮਜ਼ੋਰ ਦਿਲ ਇਨਸਾਨ ਦੇ ਕੱਪੜੇ ਗਿੱਲੇ ਕਰ ਸਕਦੀ ਸੀ।

ਸਮਾਜਿਕ ਜਾਤ-ਵੰਡ ਮੁਤਾਬਕ ਖੱਤ੍ਰੀ ਕਹੇ ਜਾਂਦੇ, 38 ਸਾਲ ਦੀ ਉਮਰ ’ਚ ਲਾਹੌਰ ਨਿਵਾਸੀ ਭਾਈ ਦਇਆ ਰਾਮ ਜੀ ਨੇ ਗੁਰੂ ਜੀ ਦੇ ਹੁਕਮ ਨੂੰ ਸਮਰਪਿਤ ਹੁੰਦਿਆਂ ਗੁਰੂ ਜੀ ਦੇ ਸਨਮੁਖ ਹੋ ਕੇ ਆਪਣਾ ਸੀਸ ਅਰਪਣ ਕੀਤਾ ਤਾਂ ਗੁਰੂ ਗੋਬਿੰਦ ਰਾਇ ਜੀ; ਉਨ੍ਹਾਂ ਨੂੰ ਇੱਕ ਅਲੱਗ ਜਗ੍ਹਾ ਲੈ ਗਏ ਤੇ ਖ਼ੂਨ ਨਾਲ਼ ਲੱਥ-ਪੱਥ ਤਲਵਾਰ ਲੈ ਕੇ ਦੁਬਾਰਾ ਸਟੇਜ ਉੱਤੇ ਚੜ੍ਹ ਕੇ ਇੱਕ ਹੋਰ ਸੀਸ ਦੀ ਮੰਗ ਕਰਨ ਲੱਗੇ।  ਇਸ ਵਾਰ 29 ਸਾਲ ਦੀ ਉਮਰ ਦੇ ਦਿੱਲੀ ਨਿਵਾਸੀ ਭਾਈ ਧਰਮ ਚੰਦ ਜੀ (ਜੱਟ); ਗੁਰੂ ਜੀ ਦੇ ਸਨਮੁਖ ਆ ਖੜ੍ਹੇ ਹੋਏੇ।  ਦਸਮੇਸ਼ ਪਿਤਾ;  ਇਨ੍ਹਾਂ ਨੂੰ ਵੀ ਪਿੱਛੇ ਲੈ ਗਏ ਤੇ ਮੁੜ ਇੱਕ ਹੋਰ ਸਿਰ ਦੀ ਮੰਗ ਕੀਤੀ, ਇਸ ਤਰ੍ਹਾਂ ਪੰਜ ਵਾਰ ਮੰਗ ਕੀਤੀ ਗਈ ਤੇ ਤਿੰਨ ਹੋਰ ਸਿੰਘ ਗੁਰੂ ਚਰਨਾਂ ’ਚ ਆ ਹਾਜ਼ਰ ਹੋਏ।

ਮੰਨੀ ਜਾਂਦੀ ਅਖੌਤੀ ਝਿਊਰ (ਪਾਣੀ ਭਰਨ ਵਾਲ਼ੀ, ਮਹਿਰਾ) ਜਾਤ ’ਚੋਂ 35 ਸਾਲ ਦੇ ਜਗਨਨਾਥ ਪੁਰੀ (ਉੜੀਸਾ) ਨਿਵਾਸੀ ਭਾਈ ਹਿੰਮਤ ਜੀ ਨੇ ਤੀਸਰੇ ਨੰਬਰ ’ਤੇ ਆ ਕੇ ਆਪਣੇ ਆਪ ਨੂੰ ਗੁਰੂ ਚਰਨਾਂ ’ਤੇ ਭੇਟ ਕੀਤਾ।  ਚੌਥੀ ਵਾਰ ਛੀਂਬਾ ਜਾਤੀ ’ਚੋਂ ਦਵਾਰਕਾ (ਗੁਜਰਾਤ) ਨਿਵਾਸੀ 20 ਸਾਲ ਦੇ ਭਾਈ ਮੋਹਕਮ ਚੰਦ ਜੀ ਨੇ ਗੁਰੂ ਚਰਨਾਂ ’ਚ ਆ ਸੀਸ ਨਿਵਾਇਆ ਤੇ ਪੰਜਵੀਂ ਵਾਰ ਨਾਈ ਜਾਤੀ ’ਚੋਂ ਬਿਦਰ (ਕਰਨਾਟਕਾ) ਨਿਵਾਸੀ 24 ਸਾਲ ਦੇ ਭਾਈ ਸਾਹਿਬ ਚੰਦ ਜੀ; ਗੁਰੂ ਜੀ ਦੇ ਸਨਮੁਖ ਹਾਜ਼ਰ ਹੋਏ।  ਇਹ ਸਾਰੀ ਖੇਡ ਗੁਰੂ ਨਾਨਕ ਜੀ ਦੀ ਫ਼ਸਲ ਦੀ ਪਕਿਆਈ ਨੂੰ ਦਰਸਾਉਂਦੀ ਹੈ; ਜਿਵੇਂ ਕਿ ਵਿਸਾਖ ਦੀ ਫ਼ਸਲ ਆਉਣ ਦੀ ਖੁਸ਼ੀ ’ਚ ਪੰਜਾਬੀ ਕਲਚਰ ਭੰਗੜੇ, ਗਿੱਧੇ ਪਾਉਂਦੱ ਹਨ।  ਗੁਰੂ ਜੀ ਨੇ ਕੇਵਲ ਪੰਜ ਹੀ ਸਿਰ ਮੰਗੇ ਸੀ, ਜੋ ਉਨ੍ਹਾਂ ਸਾਮ੍ਹਣੇ ਖ਼ੁਸ਼ੀ-ਖ਼ੁਸ਼ੀ ਹਾਜ਼ਰ ਹੋ ਗਏ।  ਅਗਰ ਮੰਗ ਹੋਰ ਕੀਤੀ ਜਾਂਦੀ ਤਾਂ ਇਸ ਫ਼ਸਲ ’ਚ ਬੀਜ ਦੀ ਕੋਈ ਕਮੀ ਨਾ ਹੁੰਦੀ।

ਗੁਰੂ ਜੀ; ਇਨ੍ਹਾਂ ਤਿੰਨੇ ਸਿੱਖਾਂ ਨੂੰ ਵੀ ਵਾਰੀ-ਵਾਰੀ ਪਿਛੇ ਲਗਾਏ ਗਏ ਤੰਬੂ ’ਚ ਲੈ ਗਏ ਤੇ ਅੰਤ ’ਚ ਪੰਜਾਂ ਸਿੱਖਾਂ ਨੂੰ ਨਵੇਂ ਪੁਸ਼ਾਕੇ ਪਵਾ ਕੇ ਸੰਗਤਾਂ ਦੇ ਸਾਮ੍ਹਣੇ ਲੈ ਆਏ। ਖੰਡੇ ਬਾਟੇ ਰਾਹੀਂ ਕੁਝ ਬਾਣੀਆਂ ਪੜ੍ਹ ਕੇ ਅੰਮ੍ਰਿਤ ਤਿਆਰ ਕੀਤਾ ਗਿਆ, ਜੋ ਇਨ੍ਹਾਂ ਪੰਜਾਂ ਸਿੱਖਾਂ ਨੂੰ ਛਕਾਇਆ, ਜਿਸ ਉਪਰੰਤ ਇਨ੍ਹਾਂ ਦੇ ਨਾਮ ਦੇ ਪਿੱਛੇ ਲੱਗੇ ‘ਦਾਸ, ਚੰਦ, ਰਾਮ’ ਸ਼ਬਦਾਂ ਨੂੰ ਹਟਾ ਕੇ ਕੇਵਲ ‘ਸਿੰਘ’ ਲਗਾਉਣ ਦਾ ਹੁਕਮ ਕੀਤਾ ਤੇ ਬੀਬੀਆਂ ਦੇ ਨਾਂ ਦੇ ਪਿਛੇਤਰ ‘ਕੌਰ’ (ਮਹਾਰਾਣੀ) ਸ਼ਬਦ ਲਾਉਣ ਲਈ ਕਿਹਾ ਤਾਂ ਜੋ ਸਿੱਖ ਕੌਮ ’ਚ ਕੋਈ ਜਾਤੀ ਭੇਦ-ਭਾਦ ਨਜ਼ਰ ਨਾ ਆਵੇ।

ਕੁਝ ਜਜ਼ਬਾਤੀ ਸਿੱਖ ਇਤਿਹਾਸਕਾਰਾਂ ਨੇ ਹਿੰਦੂ ਮਿਥਿਹਾਸ ਵਾਙ ਇੱਥੇ ਵੀ ਕਾਲਪਨਿਕ ਸਾਖੀਆ ਬਣਾ ਲਈਆਂ, ਜੋ ਕਿ ਸਹੀ ਨਹੀਂ ਹਨ; ਜਿਵੇਂ ਕਿ ਮਾਤਾ ਸਾਹਿਬ ਕੌਰ ਜੀ ਨੇ ਜਲ ’ਚ ਪਤਾਸੇ ਪਾਏ ਤਾਂ ਜੋ ਸਿੱਖਾਂ ਦੀ ਭਾਸ਼ਾ ’ਚ ਮਿਠਾਸ ਬਣੀ ਰਹੇ, ਪਰ ਮਹਾਨ ਕੋਸ਼ ਮੁਤਾਬਕ ਮਾਤਾ ਸਾਹਿਬ ਕੌਰ ਜੀ ਦਾ ਗੁਰੂ ਗੋਬਿੰਦ ਸਿੰਘ ਜੀ ਨਾਲ਼ ਅਨੰਦ ਕਾਰਜ 18 ਵਿਸਾਖ ਸੰਮਤ 1757 (1700 ਈਸਵੀ) ’ਚ ਹੋਇਆ ਯਾਨੀ ਸੰਨ 1699 ਦੀ ਵਿਸਾਖੀ ਤੋਂ ਇੱਕ ਸਾਲ ਬਾਅਦ ਹੁੰਦਾ ਹੈ।

ਪੰਜਾਂ ਸਿੱਖਾਂ ਤੋਂ ਸਿੰਘ ਬਣੇ ਇਨ੍ਹਾਂ ਪੰਜ ਪਿਆਰਿਆਂ ਪਾਸੋਂ ਗੁਰੂ ਗੋਬਿੰਦ ਰਾਇ ਜੀ ਨੇ ਆਪ ਵੀ ਅੰਮ੍ਰਿਤ ਦੀ ਦਾਤ ਮੰਗੀ ਤੇ ਪ੍ਰਾਪਤ ਕੀਤੀ, ਜਿਸ ਉਪਰੰਤ ਆਪਣਾ ਨਾਂ ‘ਗੋਬਿੰਦ ਰਾਇ’ ਤੋਂ ‘ਗੋਬਿੰਦ ਸਿੰਘ’ ਬਦਲਿਆ ਤਾਂ ਜੋ ਹਰ ਸਿੱਖ ਲਈ ‘ਸਿੰਘ’ ਸ਼ਬਦ ਦੀ ਅਹਿਮੀਅਤ ਦੱਸੀ ਜਾਏ। ਇਸ ਘਟਨਾ ਤੋਂ ਬਾਅਦ ਗੁਰੂ ਜੀ ਦੇ ਹੁਕਮ ਮੁਤਾਬਕ ਬਾਕੀ ਸੰਗਤ ਨੂੰ ਵੀ ਅੰਮ੍ਰਿਤਪਾਨ ਕਰਨ ਲਈ ਕਿਹਾ, ਜਿਨ੍ਹਾਂ ਲਈ ਪਹਿਲਾ ਅੰਮ੍ਰਿਤ ਤਿਆਰ; ਸਿੱਖੀ ਸਰੂਪ ’ਚ ਇਨ੍ਹਾਂ ਪੰਜ ਸਿੰਘਾਂ ਨੇ ਹੀ ਕੀਤਾ।  ਬਾਅਦ ’ਚ ਪੰਜ ਪਿਆਰਿਆਂ ਦੇ ਕਈ ਜਥੇ ਬਣਾਏ ਗਏ ਤੇ ਸੰਗਤਾਂ ਉਨ੍ਹਾਂ ਪਾਸੋਂ ਅੰਮ੍ਰਿਤਪਾਨ ਕਰਕੇ ਆਪਣੇ ਨਾਂ ਦੇ ਪਿਛੇਤਰ ‘ਸਿੰਘ’ ਤੇ ‘ਕੌਰ’ ਸ਼ਬਦ ਲਗਾ ਕੇ ਆਪਣੇ ਆਪ ਨੂੰ ਭੇਦ-ਭਾਵ ਮੁਕਤ ਧਾਰਮਿਕ ਲਹਿਰ ਦਾ ਹਿੱਸਾ ਬਣੀਆਂ ਤੇ ‘ਸਤ੍ਯ’ ਪ੍ਰਤੀ ਕੁਰਬਾਨ ਹੋਣ ਨੂੰ ਆਪਣਾ ਕਰਤੱਬ ਸਮਝਣ ਲੱਗੀਆਂ।

ਵਿਸਾਖੀ ਦਾ ਮਹੱਤਵ ਭਾਰਤ ’ਚ ਬੇਸ਼ਕ ਬਹੁਤ ਪੁਰਾਣਾ ਰਿਹਾ ਹੈ ਪਰ ਗੁਰੂ ਨਾਨਕ ਸਾਹਿਬ ਜੀ ਦੇ ਜਨਮ (ਵਿਸਾਖ) ਤੇ ਗੁਰੂ ਘਰ ’ਚ ਹੁੰਦੀ ਦਿਵਾਲੀ-ਵਿਸਾਖੀ ਦੀ ਇਕੱਤਰਤਾ ਨੇ ਇਸ ਨੂੰ ਵਿਸ਼ਵ ਪ੍ਰਸਿਧ ਤਿਉਹਾਰ ਬਣਾ ਦਿੱਤਾ।  ਭਾਰਤ ਦੇ ਮੁਗਲ ਇਤਿਹਾਸ ਵਿੱਚ ਸੰਨ 1699 ਦੀ ਵਿਸਾਖੀ ਦਾ ਜ਼ਿਕਰ ਆਉਂਦਾ ਹੈ। ਅਜੋਕੇ ਆਧੁਨਿਕ ਯੁੱਗ ਵਿੱਚ ਸਾਨੂੰ ਇਸ ਵਿਸਾਖੀ ਪੁਰਬ ਰਾਹੀਂ ਆਪਣੀ ਵਿਰਾਸਤ (ਸਤ੍ਯ, ਫ਼ਸਲ) ਨੂੰ ਮਾਨਵਤਾ ਦੇ ਭਲੇ ਲਈ ਸਾਬਤ ਕਰਨ ਦਾ ਸੁਨਹਿਰਾ ਮੌਕਾ ਮਿਲਦਾ ਹੈ। ਇਹੀ ਗੁਰੂ ਜੀ ਦਾ ਸੁਨੇਹਾ ਸੀ, ਪਰ ਉਹ ਕੌਮਾਂ ਆਪਣੇ ਭਵਿੱਖ ਨੂੰ ਅੰਧਕਾਰ ਵੱਲ ਮੁੜ ਲੈ ਜਾਂਦੀਆਂ ਹੋਈਆਂ ਗੁਰੂ ਘਾਲਣਾ ਨੂੰ ਮਿੱਟੀ ’ਚ ਰੋਲ਼ ਦਿੰਦੀਆਂ ਹਨ, ਜੋ ਆਪਣੀ ਕੌਮੀ ਏਕਤਾ ’ਚ ਸਦਾ ਭੇਦ-ਭਾਵ, ਨਫ਼ਰਤ ਆਦਿ ਦੇ ਬੀਜ ਬੀਜਦੀਆਂ ਰਹਿੰਦੀਆਂ ਹਨ ਬੇਸ਼ਕ ਉਨ੍ਹਾਂ ਕੋਲ਼ ਕਿੰਨਾ ਵੀ ਵਿਲੱਖਣ ਸਿਧਾਂਤ ਤੇ ਸੁਨਹਿਰਾ ਇਤਿਹਾਸ ਕਿਉਂ ਨਾ ਹੋਵੇ।

ਅੰਤ ’ਚ ਇਹ ਵੀ ਧਿਆਨ ਰਹੇ ਕਿ ਦੁਸ਼ਮਣਾਂ ਨੇ ਭੀ ਵਿਸਾਖੀ ਵਾਲ਼ੀ ਇਕੱਤਰਾ ਉੱਤੇ ਹੀ ਹਮਲੇ ਕੀਤੇ ਹਨ; ਜਿਵੇਂ ਕਿ 13 ਅਪ੍ਰੈਲ 1919 ’ਚ ਜਲਿਆਂਵਾਲਾ ਕਾਂਡ ਅਤੇ 13 ਅਪ੍ਰੈਲ 1978 ’ਚ ਦਰਬਾਰ ਸਾਹਿਬ (ਅੰਮ੍ਰਿਤਸਰ) ਵਿਖੇ ਦੁਸ਼ਮਣਾਂ (ਜਰਨਲ ਡਾਇਰ ਤੇ ਨਕਲੀ ਨਿਰੰਕਾਰੀਆਂ) ਨੇ ਵੀ ਵਿਸਾਖੀ ਵਾਲ਼ੇ ਦਿਨ ਹੀ ਹਮਲੇ ਕੀਤੇ ਸਨ। ਜ਼ਰੂਰਤ ਹੈ ‘ਸਤ੍ਯ’ ਉੱਤੇ ਪਹਿਰਾ ਦੇਣ ਵਾਲ਼ੀ ਮਨੁੱਖੀ ਏਕਤਾ ਦੀ ਕਿਉਂਕਿ ਗੁਰਬਾਣੀ ਕਿਸੇ ਇੱਕ ਕਬੀਲੇ ਦਾ ਗ੍ਰੰਥ ਨਹੀਂ ਸਗੋਂ ਸਰਬਸਾਂਝੀ ਬਾਣੀ ਹੈ; ਜਿਵੇਂ ਕਿ ਬਚਨ ਹਨ ‘‘ਖਤ੍ਰੀ ਬ੍ਰਾਹਮਣ ਸੂਦ ਵੈਸ; ਉਪਦੇਸੁ ਚਹੁ ਵਰਨਾ ਕਉ ਸਾਝਾ ਗੁਰਮੁਖਿ ਨਾਮੁ ਜਪੈ ਉਧਰੈ ਸੋ ਕਲਿ ਮਹਿ; ਘਟਿ ਘਟਿ ਨਾਨਕ ਮਾਝਾ ’’ (ਮਹਲਾ /੭੪੮)