ਸਰਲ ਗੁਰਬਾਣੀ ਵਿਆਕਰਣ – ਭਾਗ 2

0
150

ਸਰਲ ਗੁਰਬਾਣੀ ਵਿਆਕਰਣਭਾਗ 2

(ਨਾਉਂਪੁਲਿੰਗਇਕ ਵਚਨਉਕਾਰਾਂਤ)

ਗਿਆਨੀ ਅੰਮ੍ਰਿਤਪਾਲ ਸਿੰਘ ਲੁਧਿਆਣਾ

ਮੈਂ ਕਿਸੇ ਦੇ ਘਰ ਵਿਚ ਸਾਂ ਤੇ ਘਰ ਦੇ ਬਾਹਰੋਂ ਇਕ ਬੱਚਾ ਦੌੜਦਾ ਅੰਦਰ ਆਇਆ। ਸਾਹੋ-ਸਾਹੀ ਹੋਇਆ ਉਹ ਆਪਣੀ ਮਾਂ ਨੂੰ ਕਹਿਣ ਲੱਗਾ, ‘ਮੰਮੀ ਜੀ ! ਜਲਦੀ ਬਾਹਰ ਦੇਖੋ, ਵੀਰਾ ਔਂਕੜ ਵਾਲੇ ਹੱਥ ਨਾਲ ਸਾਈਕਲ ਚਲਾ ਰਿਹਾ ਹੈ।’

ਮਾਂ ਨੇ ਘਰੋਂ ਬਾਹਰ ਝਾਕ ਕੇ ਅਵਾਜ਼ ਦਿੱਤੀ, ‘ਪੁੱਤਰ ਸੁਖਦੀਪ ! ਬਿਨਾਂ ਔਂਕੜ ਵਾਲੇ ਹੱਥ ਨਾਲ ਸਾਈਕਲ ਚਲਾ, ਨਹੀਂ ਤਾਂ ਡਿੱਗ ਕੇ ਬਿਨਾਂ ਔਂਕੜ ਵਾਲੇ ਪੈਰ ਤੁੜਵਾ ਲਏਂਗਾ।’

‘ਮੰਮੀ ਜੀ ! ਤੁਹਾਨੂੰ ਯਾਦ ਹੈ ਨਾ ? ਪਿਛਲੇ ਹਫਤੇ ਸੁੱਖ ਵੀਰੇ ਨੇ ਸਾਈਕਲ ਤੋਂ ਡਿੱਗ ਕੇ ਆਪਣਾ ਔਂਕੜ ਵਾਲਾ ਦੰਦ ਤੁੜਾ ਲਿਆ ਸੀ। ਫਿਰ ਤੁਸੀਂ ਵੀਰੇ ਨੂੰ ਦੁੱਧ ਨਾਲ ਬਿਨਾਂ ਔਂਕੜ ਵਾਲੇ ਬਿਸਕੁਟ ਖਾਣ ਨੂੰ ਦਿੱਤੇ ਸੀ। ਮੈਨੂੰ ਸਿਰਫ ਔਂਕੜ ਵਾਲਾ ਬਿਸਕੁਟ ਖਾਣ ਨੂੰ ਦਿੱਤਾ ਸੀ।’ ਉਸ ਪਿਆਰੇ ਬੱਚੇ ਨੇ ਨਰਾਜ਼ਗੀ ਨਾਲ ਕਿਹਾ।

‘ਕੋਈ ਨਾ ਮਿਹਰ ਪੁੱਤਰ ! ਬਿਸਕੁਟਾਂ ਦੀ ਕੀ ਗੱਲ ਹੈ ? ਮੈਂ ਆਪਣੇ ਨਿੱਕੇ ਜਿਹੇ ਮਿਹਰ ਨੂੰ ਬਿਨਾਂ ਔਂਕੜ ਵਾਲਾ ਬਿਸਕੁਟ ਖੁਵਾਵਾਂਗੀ, ਉਹ ਵੀ ਦੇਸੀ ਘਿਉ ਵਾਲਾ।’ ਮਾਂ ਨੇ ਬੱਚੇ ਨੂੰ ਜੱਫੀ ਵਿਚ ਲੈਂਦਿਆਂ ਕਿਹਾ।

ਉਹਨਾਂ ਦੀਆਂ ਅਜੀਬ ਜਿਹੀਆਂ ਗੱਲਾਂ ਸੁਣ ਕੇ ਮੈਂ ਬਹੁਤ ਹੈਰਾਨ ਹੋ ਕੇ ਪੁੱਛਿਆ ਕਿ ਭੈਣ ਜੀ ! ਇਹ ਔਂਕੜ ਕੀ ਹੈ ? ਤੁਹਾਡੀ ਰਮਜ਼ ਮੈਨੂੰ ਸਮਝ ਨਹੀਂ ਆਈ। ਔਂਕੜ ਵਾਲਾ ਹੱਥ ? ਤੇ ਬਿਨਾਂ ਔਂਕੜ ਵਾਲਾ ਹੱਥ ? ਬਿਨਾਂ ਔਂਕੜ ਵਾਲਾ ਪੈਰ ? ਤੇ ਔਂਕੜ ਵਾਲਾ ਦੰਦ ? ਇਹ ਕੀ ਬੁਝਾਰਤ ਹੈ ? ਬਿਸਕੁਟ ਵੀ ਔਂਕੜ ਜਾਂ ਬਿਨਾਂ ਔਂਕੜ ਵਾਲੇ ਹੁੰਦੇ ਨੇ ?

ਭੈਣ ਜੀ ਹੱਸ ਕੇ ਕਹਿਣ ਲੱਗੇ ਕਿ ਹਾਂ ਜੀ ਗਿਆਨੀ ਜੀ ! ਹੁੰਦੇ ਨੇ। ਸਾਡੇ ਲਈ ਤਾਂ ਇਹ ਬੁਝਾਰਤਾਂ ਹੀ ਸਨ ਪਰ ਤੁਸੀਂ ਸਾਨੂੰ ਬੁੱਝਣੀਆਂ ਸਿਖਾ ਦਿੱਤੀਆਂ। ਹੁਣ ਤਾਂ ਸਾਨੂੰ ਗੁਰੂ ਜੀ ਨਾਲ ਬਚਨ ਕਰਨ ਲਈ ਉਹਨਾਂ ਦੀ ਬੋਲੀ ਵੀ ਸਮਝ ਆ ਰਹੀ ਹੈ। ਤੁਸੀਂ ਹੀ ਤਾਂ ਕਿਹਾ ਸੀ ਕਿ ਗੁਰਬਾਣੀ ਵਿਚ ਪੁਲਿੰਗ ਨਾਉਂ ਦੇ ਆਖਰੀ ਅੱਖਰ ਨੂੰ ਲੱਗੀ ਔਂਕੜ ਆਮ ਤੌਰ ’ਤੇ ਇਕ ਵਚਨ ਦਾ ਅਰਥ ਦਿੰਦੀ ਹੈ ਤੇ ਜੇ ਆਖਰੀ ਅੱਖਰ ਦੀ ਔਂਕੜ ਹਟਾ ਦਿਉ ਤੇ ਉਹ ਪੁਲਿੰਗ ਨਾਉਂ ਬਹੁ ਵਚਨ ਦੇ ਅਰਥ ਦੇਣ ਲੱਗ ਜਾਂਦਾ ਹੈ।

‘ਮੈਂ ਸਮਝਿਆ ਨਹੀਂ।’ ਮੈਨੂੰ ਹੁਣ ਗੱਲ ਤਾਂ ਸਮਝ ਆ ਗਈ ਸੀ ਪਰ ਮੈਂ ਅਨਜਾਣ ਬਣਦਿਆਂ ਜਵਾਬ ਦਿੱਤਾ।

ਉਹਨਾਂ ਜਵਾਬ ਦਿੱਤਾ, ‘ਜਿਵੇਂ : ਨਾਮੁ, ਪੁਰਖੁ, ਨਿਰਵੈਰੁ, ਸਚੁ, ਝੂਠੁ, ਤਾਣੁ, ਮਾਣੁ, ਹੁਕਮੁ, ਗਿਆਨੁ, ਸੰਤੁ, ਗੁਰੁ, ਸੁਖੁ, ਦੁਖੁ, ਸੁਰਗੁ, ਨਰਕੁ ਵਗੈਰਾ ਇਹ ਸਾਰੇ ਪੁਲਿੰਗ ਨਾਉਂ ਹਨ। ਗੁਰਬਾਣੀ ਵਿਚ ਜਦੋਂ ਇਹਨਾਂ ਨਾਵਾਂ ਦੇ ਆਖਰੀ ਅੱਖਰ ਨੂੰ ਔਂਕੜ ਆਉਂਦੀ ਹੈ ਤਾਂ ਇਹ ਇਕ ਵਚਨ ਦੇ ਅਰਥ ਦਿੰਦੇ ਹਨ, ਜਿਵੇਂ : ਇਕ ਨਾਮ, ਇਕ ਪੁਰਖ, ਇਕ ਨਿਰਵੈਰ, ਇਕ ਸਚ, ਇਕ ਝੂਠ, ਇਕ ਤਾਣ, ਇਕ ਮਾਣ, ਇਕ ਹੁਕਮ, ਇਕ ਗਿਆਨ, ਇਕ ਸੰਤ, ਇਕ ਗੁਰੂ, ਇਕ ਸੁਖ, ਇਕ ਦੁਖ, ਇਕ ਸੁਰਗ, ਇਕ ਨਰਕ ਵਗੈਰਾ।’

‘ਤੇ ਬਹੁ ਵਚਨ ?’ ਮੈਂ ਪੁੱਛਿਆ।

ਉਸ ਪਿਆਰੇ ਬੱਚੇ ਮਿਹਰ ਸਿੰਘ ਨੇ ਝੱਟਪੱਟ ਜਵਾਬ ਦਿੱਤਾ, ‘ਗਿਆਨੀ ਜੀ ! ਤੁਸੀਂ ਹੀ ਤਾਂ ਦੱਸਿਆ ਸੀ ਕਿ ਜਦੋਂ ਇਹਨਾਂ ਹੀ ਪੁਲਿੰਗ ਨਾਵਾਂ ਦੇ ਆਖਰੀ ਅੱਖਰ ਦੀ ਔਂਕੜ ਲੱਥ ਜਾਂਦੀ ਹੈ ਤਾਂ ਪੁਲਿੰਗ ਨਾਉਂ, ਗੁਰਬਾਣੀ ਵਿਆਕਰਣ ਦੇ ਹੋਰ ਨੇਮਾਂ ਵਿਚੋਂ ਇਕ ਨੇਮ ਵਿਚ, ਬਹੁ ਵਚਨ ਬਣ ਜਾਂਦੇ ਨੇ। ਜਿਸ ਤਰ੍ਹਾਂ ਬਿਨਾਂ ਔਂਕੜ ਵਾਲੇ ਆਖਰੀ ਅੱਖਰ ‘ਨਾਮ’ ਦਾ ਅਰਥ ਬਣੇਗਾ ਬਹੁਤੇ ਨਾਮ, ਪੁਰਖ ਦਾ ਅਰਥ ਬਹੁਤੇ ਪੁਰਖ, ਨਿਰਵੈਰ ਦਾ ਅਰਥ ਬਹੁਤੇ ਨਿਰਵੈਰ, ਸੁਖ ਦਾ ਅਰਥ ਬਹੁਤੇ ਸੁਖ, ਦੁਖ ਦਾ ਅਰਥ ਬਹੁਤੇ ਦੁਖ, ਇਸੇ ਤਰ੍ਹਾਂ ਹੀ ਬਾਕੀ ਸਾਰੇ ਸ਼ਬਦ।’

‘ਵਾਹ ਪੁੱਤਰ ਜੀ ! ਤੁਹਾਨੂੰ ਤਾਂ ਸਭ ਕੁਝ ਪਤਾ ਹੈ।’ ਮੈਂ ਸ਼ਾਬਾਸ਼ ਦਿੰਦਿਆਂ ਕਿਹਾ।

‘ਤੁਸੀਂ ਹੀ ਤਾਂ ਸਿਖਾਇਆ ਸੀ ਕਿ ਔਂਕੜ ਨੂੰ ਸਮਝੋ ਕਿ ਉਹ ਗਿਣਤੀ ਵਾਲਾ 1 ਹੈ। ਇਸ ਤਰ੍ਹਾਂ ਸਮਝੋ ਕਿ 1 ਆਖਰੀ ਅੱਖਰ ਦੇ ਥੱਲੇ ਇਸ ਤਰ੍ਹਾਂ _ ਡਿਗਿਆ ਪਿਆ ਹੈ ਕਿ ਉਹ ਦੇਖਣ ਨੂੰ ਔਂਕੜ ਲੱਗਦਾ ਹੈ। ਸਿਰਫ ਸਮਝਣ ਲਈ ਇਸ ਤਰ੍ਹਾਂ ਸੋਚੋ ਕਿ ਔਂਕੜ 1 ਹੈ ਜੋ ਆਖਰੀ ਅੱਖਰ ਦੇ ਥੱਲੇ ਡਿੱਗ ਕੇ ਇਸ ਤਰ੍ਹਾਂ _ ਦਿਸਦਾ ਹੈ। ਇਸ ਡਿੱਗੇ ਹੋਏ 1 _ ਦਾ ਮਤਲਬ ਹੈ ਕਿ ਇਸ ਪੁਲਿੰਗ ਨਾਉਂ ਦਾ ਅਰਥ ਇਕ ਵਚਨ ਵਿਚ ਕਰਨਾ ਹੈ।’ ਮਿਹਰ ਨੇ ਭੋਲ਼ੇਪਣ ਵਿਚ ਸਮਝਾਉਣ ਦੀ ਕੋਸ਼ਸ਼ ਕੀਤੀ ਤੇ ਮੈਂ ਹੱਸ ਪਿਆ।

‘ਪਰ ਮੈਨੂੰ ਤਾਂ ਨਾਉਂ ਦਾ ਹੀ ਨਹੀਂ ਪਤਾ ਕਿ ਉਹ ਕੀ ਹੁੰਦਾ ਹੈ ?’ ਮੈਂ ਪੁੱਛਿਆ।

‘ਕਿੰਨਾ ਸੌਖਾ ਤਾਂ ਹੈ ? ਨਾਉਂ ਦਾ ਮਤਲਬ ਹੈ ਨਾਮ। ਕੋਈ ਵੀ ਇਨਸਾਨ, ਕੋਈ ਵੀ ਥਾਂ, ਕੋਈ ਵੀ ਚੀਜ਼, ਜਿਸ ਦਾ ਅਸੀਂ ਨਾਮ ਰੱਖਦੇ ਹਾਂ, ਉਸੇ ਨਾਮ ਨੂੰ ਹੀ ਤਾਂ ਨਾਉਂ ਕਹਿੰਦੇ ਹਾਂ। ਜਿਵੇਂ ਮੇਰੀ ਨਿੱਕੀ ਭੈਣ ਸਾਡੇ ਘਰ ਆਈ ਤਾਂ ਅਸੀਂ ਉਸ ਦਾ ਨਾਮ ਰੱਖ ਦਿਤਾ ਬਾਣੀ। ਮੇਰੀ ਨਿੱਕੀ ਭੈਣ ਦਾ ਨਾਮ ਬਾਣੀ ‘ਨਾਉਂ’ ਹੀ ਤਾਂ ਹੈ ? ਬਾਣੀ, ਪਾਣੀ, ਮੋਗਾ, ਮਧਾਣੀ, ਸੋਨਾ, ਚਾਂਦੀ, ਅਨੰਦ, ਗੁਰਬਾਣੀ ਇਹ ਸਾਰੇ ਨਾਉਂ ਹੀ ਤਾਂ ਹਨ।’ ਇਧਰ ਮਿਹਰ ਨੇ ਜਵਾਬ ਦਿੱਤਾ ਤੇ ਉਧਰ ਸੁਖਦੀਪ ਸਿੰਘ ਵੀ ਘਰ ਅੰਦਰ ਦਾਖਲ ਹੋ ਗਿਆ ਤੇ ਮੈਨੂੰ ਪਿਆਰ ਨਾਲ ਫ਼ਤਹ ਬੁਲਾਈ।

‘ਪਰ ਪੁਲਿੰਗ ਦਾ ਕਿਵੇਂ ਪਤਾ ਲੱਗੇ ?’ ਮੈਂ ਮਿਹਰ ਨੂੰ ਵਾਪਸੀ ਸਵਾਲ ਕੀਤਾ।

ਮਿਹਰ ਸਿੰਘ ਤੋਂ ਪਹਿਲਾਂ ਹੀ ਸੁਖਦੀਪ ਸਿੰਘ ਬੋਲ ਪਿਆ ਕਿ ਪੁਲਿੰਗ ਨੂੰ ਪਛਾਣਨਾ ਤਾਂ ਬਹੁਤ ਸੌਖਾ ਹੈ। ਜਿਸ ਨਾਉਂ ਦੇ ਅੱਗੇ ‘ਮੇਰਾ’ ਸ਼ਬਦ ਲੱਗ ਸਕੇ, ਉਹ ਪੁਲਿੰਗ ਹੈ ਤੇ ਜਿਸ ਨਾਉਂ ਅੱਗੇ ‘ਮੇਰੀ’ ਸਬਦ ਲੱਗ ਸਕੇ, ਉਹ ਇਸਤਰੀ ਲਿੰਗ ਹੈ। ਜਿਵੇਂ ਮੇਰਾ ਘਰ, ਮੇਰਾ ਥਾਲ, ਮੇਰਾ ਪਾਣੀ, ਮੇਰਾ ਜਾਲ, ਮੇਰਾ ਬਿੱਲਾ, ਮੇਰਾ ਚਾਚਾ, ਮੇਰਾ ਕੰਘਾ, ਮੇਰਾ ਵਾਲ। ਇਹ ਸਾਰੇ ਪੁਲਿੰਗ ਨਾਉਂ ਹਨ।

ਮੈਂ ਉਹਨਾਂ ਨੂੰ ਪੁਲਿੰਗ ਨਾਉਂ ਦੀ ਪਛਾਣ ਕਰਨ ਲਈ ਇਕ ਹੋਰ ਤਰੀਕਾ ਦਸਦਿਆਂ ਕਿਹਾ, ‘ਬਿਲਕੁੱਲ ਠੀਕ। ਅਸੀਂ ਕਿਸੇ ਨਾਉਂ ਸ਼ਬਦ ਦੇ ਅੱਗੇ ‘ਚੰਗਾ’ ਜਾਂ ‘ਚੰਗੀ’ ਲਗਾ ਕੇ ਵੀ ਪੁਲਿੰਗ ਤੇ ਇਸਤਰੀ ਲਿੰਗ ਨਾਵਾਂ ਦੀ ਪਛਾਣ ਕਰ ਸਕਦੇ ਹਾਂ, ਜਿਵੇਂ: ਚੰਗੀ ਬਿੱਲੀ, ਚੰਗਾ ਘੋੜਾ, ਚੰਗੀ ਇੱਟ, ਚੰਗਾ ਹਥੌੜਾ। ਚਲੋ ਮਿਹਰ ਪੁੱਤਰ ! ਤੁਸੀਂ ਦੱਸੋ ਕਿ ਗਿਆਨ ਚੰਗੀ ਹੁੰਦੀ ਕਿ ਚੰਗਾ ?’

ਮਿਹਰ ਸਿੰਘ: ਗਿਆਨ ਚੰਗਾ।

ਮੈਂ: ਸੰਤੋਖ ਚੰਗੀ ਕਿ ਚੰਗਾ ?

ਮਿਹਰ ਸਿੰਘ: ਚੰਗਾ।

ਮੈਂ: ਧਰਮ ਚੰਗੀ ਕਿ ਚੰਗਾ ?

ਮਿਹਰ ਸਿੰਘ: ਚੰਗਾ।

ਮੈਂ: ਕਰੋਧ ਚੰਗੀ ਕਿ ਚੰਗਾ ?

ਸੁਖਦੀਪ ਸਿੰਘ (ਜਲਦੀ ਨਾਲ): ਚੰਗਾ।

ਮੈਂ: ਨਹੀਂ ਜੀ ਕਰੋਧ ਚੰਗਾ ਨਹੀਂ ਹੁੰਦਾ, ਕਰੋਧ ਤਾਂ ਬਹੁਤ ਮਾੜਾ ਹੁੰਦਾ ਆ। (ਸਾਰੇ ਹੱਸਦੇ ਹਨ)

ਸੁਖਦੀਪ ਸਿੰਘ ਨੇ ਇਸ ਬਾਰੇ ਵਿਸਥਾਰ ਨਾਲ ਦੱਸਣਾ ਸ਼ੁਰੂ ਕਰ ਦਿੱਤਾ, ‘ਮੈਨੂੰ ਪਤਾ ਹੈ ਜਿਸ ਨਾਉਂ ਦਾ ਅੱਗੇ ਮੇਰਾ, ਚੰਗਾ ਜਾਂ ਮਾੜਾ ਆਦਿ ਲੱਗ ਸਕੇ, ਉਹ ਪੁਲਿੰਗ ਹੁੰਦਾ ਹੈ ਤੇ ਜਿਸ ਨਾਉਂ ਅੱਗੇ ਮੇਰੀ, ਚੰਗੀ ਜਾਂ ਮਾੜੀ ਆਦਿਕ ਲੱਗ ਸਕੇ, ਉਹ ਨਾਉਂ ਇਸਤਰੀ ਲਿੰਗ ਹੁੰਦਾ ਆ। ਜੇ ਗੁਰਬਾਣੀ ਵਿਚੋਂ ਨਾਉਂ ਪੁਲਿੰਗ ਤੇ ਇਕ ਵਚਨ ਦੀ ਪਛਾਣ ਦੇਖਣੀ ਹੋਵੇ ਤਾਂ ਪੁਲਿੰਗ ਇਕ ਵਚਨ ਬਾਰੇ ਸ਼ਬਦ ਦੇ ਆਖਰੀ ਅੱਖਰ ਦੀ ਔਂਕੜ ਤੋਂ ਪਤਾ ਲੱਗ ਜਾਂਦਾ ਹੈ, ਜਿਵੇਂ:

ਹੁਕਮੀ ਉਤਮੁ ਨੀਚੁ ਹੁਕਮਿ ਲਿਖਿ ਦੁਖ ਸੁਖ ਪਾਈਅਹਿ

ਇਸ ਤੁੱਕ ਵਿਚ ‘ਉਤਮੁ’ ਦੇ ਆਖਰੀ ਅੱਖਰ ਮੰਮੇ ਨੂੰ ਔਂਕੜ ਲੱਗੀ ਹੋਈ ਹੈ ਤੇ ‘ਨੀਚੁ’ ਦੇ ਆਖਰੀ ਅੱਖਰ ਚੱਚੇ ਨੂੰ ਔਂਕੜ ਲੱਗੀ ਹੋਈ ਹੈ। ਗੁਰਬਾਣੀ ਵਿਆਕਰਣ ਨੇਮ ਅਨੁਸਾਰ ਇਸ ਔਂਕੜ ਦਾ ਅਰਥ ਇਹ ਹੈ ਕਿ ‘ਉਤਮੁ’ ਪੁਲਿੰਗ ਵੀ ਹੈ ਅਤੇ ਇਕ ਵਚਨ ਵੀ ਹੈ, ਭਾਵ: ਇਕ ਉਤਮ। ਇਸੇ ਤਰ੍ਹਾਂ ‘ਨੀਚੁ’ ਪੁਲਿੰਗ ਵੀ ਹੈ ਅਤੇ ਇਕ ਵਚਨ ਵੀ ਹੈ, ਭਾਵ: ਇਕ ਨੀਚ।

ਗਾਵੈ ਕੋ ਤਾਣੁ ਹੋਵੈ ਕਿਸੈ ਤਾਣੁ, ਸੁਣਿਐ ਸਤੁ ਸੰਤੋਖੁ ਗਿਆਨੁ

ਇਹਨਾਂ ਤੁੱਕਾਂ ਵਿਚ ‘ਤਾਣੁ’ ਦਾ ਅਰਥ ਇਕ ਬਲ ਜਾਂ ਇਕ ਸਮਰੱਥਾ ਹੈ, ਜੋ ਪੁਲਿੰਗ ਵੀ ਹੈ ਤੇ ਇਕ ਵਚਨ ਵੀ। ‘ਸਤੁ ਸੰਤੋਖੁ ਗਿਆਨੁ’ ਦਾ ਅਰਥ: ਇਕ ਸਤ (ਦਾਨ ਜਾਂ ਉਚਾ ਆਚਰਣ), ਇਕ ਸੰਤੋਖ ਤੇ ਇਕ ਗਿਆਨ ਹੈ।

ਧੌਲੁ ਧਰਮੁ ਦਇਆ ਕਾ ਪੂਤੁ, ਤੀਰਥੁ ਤਪੁ ਦਇਆ ਦਤੁ ਦਾਨੁ

ਇੱਥੇ ਧੌਲੁ, ਧਰਮੁ, ਪੂਤੁ, ਤੀਰਥੁ, ਤਪੁ ਤੇ ਦਾਨੁ ਸ਼ਬਦਾਂ ਦੇ ਆਖਰੀ ਅੱਖਰ ਨੂੰ ਵੀ ਔਂਕੜ ਲੱਗੀ ਹੋਈ ਹੈ। ਇਹਨਾਂ ਪੁਲਿੰਗ ਨਾਵਾਂ ਦੇ ਵੀ ਇਕ ਵਚਨ ਦੇ ਰੂਪ ਵਿਚ ਅਰਥ ਬਣ ਜਾਣਗੇ, ਜਿਵੇਂ: ਇਕ ਧੌਲ (ਬਲਦ), ਇਕ ਧਰਮ, ਇਕ ਪੱੁਤਰ, ਇਕ ਤੀਰਥ, ਇਕ ਤਪ, ਇਕ ਦਾਨ। ਦੂਜੀ ਤੁੱਕ ਵਿਚ ‘ਦਤੁ’ ਪੁਲਿੰਗ ਨਾਉਂ ਨਹੀਂ ਹੈ ਬਲਕਿ ਕਿਰਿਆ ਹੈ ਅਤੇ ਕਿਰਿਆ ਦੇ ਨੇਮ ਵੱਖਰੇ ਹੁੰਦੇ ਨੇ।

ਭਰੀਐ ਹਥੁ ਪੈਰੁ ਤਨੁ ਦੇਹ, ਜਤੁ ਪਾਹਾਰਾ ਧੀਰਜੁ ਸੁਨਿਆਰੁ, ਸੰਜੋਗੁ ਵਿਜੋਗੁ ਦੁਇ ਕਾਰ ਚਲਾਵਹਿ

ਇਸੇ ਤਰ੍ਹਾਂ ਹਥੁ, ਪੈਰੁ, ਤਨੁ, ਜਤੁ, ਧੀਰਜੁ, ਸੁਨਿਆਰੁ, ਸੰਜੋਗੁ, ਵਿਜੋਗੁ ਆਖਰੀ ਅੱਖਰ ਔਂਕੜ ਸਹਿਤ ਹਨ। ਇਹਨਾਂ ਪੁਲਿੰਗ ਇਕ ਵਚਨ ਨਾਵਾਂ ਦਾ ਅਰਥ ਇਕ ਹੱਥ, ਇਕ ਪੈਰ, ਇਕ ਤਨ (ਸਰੀਰ), ਇਕ ਜਤ, ਇਕ ਧੀਰਜ, ਇਕ ਸੁਨਿਆਰ, ਇਕ ਸੰਜੋਗ, ਇਕ ਵਿਜੋਗ ਬਣ ਜਾਵੇਗਾ।’

ਮੈਂ ਇਕੋ-ਦਮ ਬੋਲ ਪਿਆ, ‘ਓਹੋ ! ਹੁਣ ਮੈਂ ਸਮਝ ਗਿਆ ਤੁਹਾਡੀਆਂ ਬੁਝਾਰਤਾਂ। ਵੀਰਾ ਔਂਕੜ ਵਾਲੇ ਹੱਥ ਨਾਲ ਸਾਈਕਲ ਚਲਾ ਰਿਹਾ ਹੈ, ਇਸ ਦਾ ਮਤਲਬ ਹੈ ਇਕ ਹੱਥ ਨਾਲ ਸਾਈਕਲ ਚਲਾ ਰਿਹਾ ਹੈ। ਹਾਅ ! ਇਹ ਤਾਂ ਬਹੁਤ ਖ਼ਤਰਨਾਕ ਹੈ ਨਾ ? ਉਹਨੂੰ ਬਿਨਾਂ ਔਂਕੜ ਵਾਲੇ ਹੱਥ ਮਤਲਬ ਦੋਵੇਂ ਹੱਥਾਂ ਨਾਲ ਸਾਈਕਲ ਚਲਾਉਣਾ ਚਾਹੀਦਾ ਹੈ। ਨਹੀਂ ਤਾਂ ਸਾਈਕਲ ਤੋਂ ਡਿੱਗ ਕੇ ਬਿਨਾਂ ਔਂਕੜ ਵਾਲੇ ਪੈਰ ਮਤਲਬ ਦੋਵੇਂ ਪੈਰ ਤੁੜਵਾ ਲਵੇਗਾ।’

‘ਬਿਲਕੁਲ ਠੀਕ ਬੁੱਝਿਆ ਤੁਸੀਂ। ਇਕ ਦਿਨ ਔਂਕੜ ਵਾਲੇ ਹੱਥ ਨਾਲ ਸਾਈਕਲ ਚਲਾਉਂਦਿਆਂ ਵੀਰ ਜੀ ਨੇ ਆਪਣਾ ਔਂਕੜ ਵਾਲਾ ਦੰਦ ਤੁੜਾ ਲਿਆ ਸੀ, ਮਤਲਬ ਇਕ ਦੰਦ ਤੁੜਾ ਲਿਆ ਸੀ। ਇਹਨੂੰ ਬਿਨਾਂ ਔਂਕੜ ਤੋਂ ਬਿਸਕੁਟ, ਮਤਲਬ ਬਹੁਤ ਸਾਰੇ ਬਿਸਕੁਟ ਖਾਣ ਨੂੰ ਦਿੱਤੇ ਸੀ ਤੇ ਮੈਨੂੰ ਔਂਕੜ ਵਾਲਾ ਇਕ ਬਿਸਕੁੱਟ।’ ਮਿਹਰ ਸਿੰਘ ਨੇ ਆਪਣੇ ਭਰਾ ਦੇ ਟੁੱਟੇ ਦੰਦ ਤੇ ਚੁਟਕੀ ਲੈਂਦਿਆਂ ਤੇ ਆਪਣੀ ਨਰਾਜ਼ਗੀ ਜਤਾਦਿਆਂ ਕਿਹਾ।

ਮੈਂ ਹਾਸੇ ਵਿਚ ਬੋਲਿਆ, ‘ਦੇਖੋ ਭੈਣ ਜੀ ! ਹੁਣ ਤੁਸੀਂ ਮਿਹਰ ਪੁੱਤਰ ਨੂੰ ਬਿਸਕੁੱਟ ਤੋਂ ਔਂਕੜ ਲਾਹ ਕੇ ਬਿਸਕੁੱਟ ਖਾਣ ਨੂੰ ਦੇਣੇ ਹਨ।’

ਭੈਣ ਜੀ ਕਹਿਣ ਲਗੇ, ‘ਬਿਲਕੁੱਲ ਠੀਕ ਗਿਆਨੀ ਜੀ। ਇਹ ਤਾਂ ਹੁਣ ਲੜਦੇ ਵੀ ਨੇ ਤਾਂ ਵਿਆਕਰਣ ਮੁਤਾਬਕ ਲੜਦੇ ਨੇ।’

ਮੈਂ ਹੈਰਾਨੀ ਨਾਲ ਪੁੱਛਿਆ, ‘ਉਹ ਕਿਵੇਂ ?’

ਭੈਣ ਜੀ ਕਹਿਣ ਲੱਗੇ, ‘ਇਕ ਕਹਿੰਦਾ ਹੈ ਕਿ ਮੈਂ ਤੇਰੇ ਔਂਕੜ ਵਾਲਾ ਘਸੁੰਨ ਮਾਰਾਂਗਾ ਤੇ ਦੂਜਾ ਕਹਿੰਦਾ ਹੈ ਕਿ ਮੇਰੇ ਤੇਰੇ ਬਿਨਾਂ ਔਂਕੜ ਤੋਂ ਘਸੁੰਨ ਮਾਰਾਂਗਾ। ਇਕ ਕਹਿੰਦਾ ਹੈ ਕਿ ਮੈਂ ਤੇਰਾ ਔਂਕੜ ਵਾਲਾ ਦੰਦ ਭੰਨ ਦਿਆਂਗਾ ਹੈ ਤੇ ਦੂਜਾ ਕਹਿੰਦਾ ਹੈ ਕਿ ਤੇਰਾ ਬਿਨਾਂ ਔਂਕੜ ਤੋਂ ਦੰਦ ਭੰਨ ਦੇਣਾ ਹੈ ਤੇ ਨਾਲ ਜਬਾੜਾ ਵੀ ਬੋਨਸ ਵਿਚ।’ (ਸਾਰੇ ਉਚੀ-ਉਚੀ ਹੱਸਦੇ ਹਨ)

‘ਪਰ ਮੈਨੂੰ ਇਕ ਗੱਲ ਸਮਝ ਨਹੀਂ ਆਈ ਕਿ ਇਹਨਾਂ ਬੱਚਿਆਂ ਨੂੰ ਗੁਰਬਾਣੀ ਵਿਆਕਰਣ ਦਾ ਕਿਵੇਂ ਪਤਾ ਹੈ ?’ ਮੈਂ ਹੈਰਾਨੀ ਨਾਲ ਪੁੱਛਿਆ।

ਭੈਣ ਜੀ ਨੇ ਹੁਣ ਸਾਰਾ ਭੇਦ ਖੋਲਦਿਆਂ ਕਿਹਾ, ‘ਜਦੋਂ ਆਪ ਜੀ ਔਨਲਾਈਨ ਕਲਾਸ ਲਗਾਉਂਦੇ ਹੋ ਤਾਂ ਘਰ ਬੈਠੇ ਬੱਚੇ ਵੀ ਸੁਣਦੇ ਰਹਿੰਦੇ ਨੇ। ਮੇਰੇ ਨਾਲੋਂ ਜ਼ਿਆਦਾ ਤਾਂ ਇਹ ਸਮਝ ਜਾਂਦੇ ਨੇ। ਕਈ ਵਾਰੀ ਮੈਨੂੰ ਸਮਝ ਨਾ ਆਏ ਤੇ ਇਹ ਮੈਨੂੰ ਸਮਝਾ ਦਿੰਦੇ ਨੇ। ਫਿਰ ਗੁਰਬਾਣੀ ਵਿਆਕਰਣ ਦੇ ਨੇਮ ਯਾਦ ਰੱਖਣ ਲਈ ਇਹ ਆਪਸੀ ਗੱਲਾਂ ਵਿਚ ਅਭਿਆਸ ਕਰਦੇ ਰਹਿੰਦੇ ਨੇ। ਇਹਨਾਂ ਦੇ ਘਰੇਲੂ ਗੱਲਬਾਤ ਵਿਚ ਹੀ ਗੁਰਬਾਣੀ ਵਿਆਕਰਣਿਕ ਨੇਮ ਪੱਕੇ ਹੋ ਜਾਂਦੇ ਨੇ। ਇਹਨਾਂ ਦੀ ਸ਼ੁਰੂਆਤ ਵਧੀਆ ਹੈ। ਜੇ ਇਸੇ ਤਰ੍ਹਾਂ ਸਿੱਖਦੇ ਰਹੇ ਤਾਂ ਗੁਰਬਾਣੀ ਦਾ ਪਾਠ ਕਰਦਿਆਂ ਉਚੇਚੇ ਤੌਰ ’ਤੇ ਅਰਥ ਕਰਨ ਦੀ ਵੀ ਲੋੜ ਨਹੀਂ ਪਵੇਗੀ, ਸਗੋਂ ਸੁਭਾਵਕ ਹੀ ਗੁਰੂ ਜੀ ਦੀ ਬੋਲੀ ਨੂੰ ਸਮਝ ਕੇ ਗੁਰੂ ਜੀ ਨਾਲ ਬਚਨ ਕਰਨਗੇ। ਗੁਰੂ ਜੀ ਦੀ ਬੋਲੀ ਹੀ ਇਹਨਾਂ ਦੀ ਬੋਲੀ ਬਣ ਜਾਵੇਗੀ।’

ਇੰਨੇ ਨੂੰ ਮਿਹਰ ਸਿੰਘ ਬੋਲਿਆ, ‘ਗਿਆਨੀ ਜੀ ! ਤੁਹਾਨੂੰ ਮੈਂ ਇਕ ਗੱਲ ਦੱਸਾਂ ? ਮੈਂ ਜਦੋਂ ਗੁਰਦੁਆਰਾ ਸਾਹਿਬ ਜਾਂਦਾ ਹਾਂ ਤਾਂ ਗੁਰਦੁਆਰਾ ਸਾਹਿਬ ਦੇ ਮੁੱਖ ਵਾਕ ਬੋਰਡ ’ਤੇ ਲਿਖਿਆ ਗੁਰੂ ਜੀ ਦਾ ਮੁੱਖ ਵਾਕ ਜ਼ਰੂਰ ਪੜ੍ਹਦਾ ਹਾਂ। ਇਕ ਦਿਨ ਮੁੱਖ ਵਾਕ ਬੋਰਡ ’ਤੇ ਮੰਗਲਾਚਰਣ ਲਿਖਿਆ ਹੋਇਆ ਸੀ। ਮੈਂ ਮੰਗਲਾਚਰਣ ਪੜ ਕੇ ਗੁਰਦੁਆਰਾ ਸਾਹਿਬ ਦੇ ਭਾਈ ਸਾਹਿਬ ਜੀ ਨੂੰ ਪੁੱਛਿਆ ਕਿ ਰੱਬ ਇਕ ਹੁੰਦਾ ਹੈ ਕਿ ਰੱਬ ਬਹੁਤੇ ਹੁੰਦੇ ਹਨ ? ਉਹ ਕਹਿਣ ਲੱਗੇ ਕਿ ਰੱਬ ਤਾਂ ਇਕ ਹੀ ਹੁੰਦਾ ਹੈ। ਮੈਂ ਉਹਨਾਂ ਨੂੰ ਕਿਹਾ ਤੁਸੀਂ ਤਾਂ ਰੱਬ ਬਹੁਤੇ ਬਣਾ ਦਿੱਤੇ। ਧਿਆਨ ਨਾਲ ਦੇਖੋ ਤੁਸੀਂ ਬੋਰਡ ’ਤੇ ‘ਕਰਤਾ ਪੁਰਖ’ ਅਤੇ ‘ਨਿਰਵੈਰ’ ਲਿਖਿਆ ਹੋਇਆ ਹੈ। ਇਸ ਦਾ ਮਤਲਬ ਕਿ ਬਹੁਤੇ ਕਰਤਾ ਪੁਰਖ ਤੇ ਬਹੁਤੇ ਨਿਰਵੈਰ ਰੱਬ ਹਨ। ਇਹਨਾਂ ਦੇ ਆਖਰੀ ਅੱਖਰ ਨੂੰ ਔਂਕੜ ਲਗਾਉਣੀ ਤਾਂ ਤੁਸੀਂ ਭੁੱਲ ਹੀ ਗਏ। ‘ਕਰਤਾ ਪੁਰਖੁ’ ਤੇ ‘ਨਿਰਵੈਰੁ’ ਲਿਖਣ ਨਾਲ ਇਕ ਕਰਤਾ ਪੁਰਖ ਤੇ ਇਕ ਨਿਰਵੈਰ ਰੱਬ ਬਣੇਗਾ।’

ਮੈਂ ਦੋਵਾਂ ਬੱਚਿਆਂ ਨੂੰ ਘੁੱਟ ਕੇ ਆਪਣੀ ਗਲਵੱਕੜੀ ਵਿਚ ਲਿਆ ਤੇ ਕਿਹਾ ਕਿ ਪੁੱਤਰੋ ! ਜਿੰਨਾ ਚਿਰ ਤੁਹਾਡੇ ਵਰਗੇ ਵਿਦਵਾਨ ਬੱਚੇ ਹੋਣਗੇ, ਗੁਰਬਾਣੀ ਦੇ ਅਰਥਾਂ ਦੇ ਕੋਈ ਵੀ ਆਪਣੀ ਮਨਮਰਜ਼ੀ ਨਾਲ ਅਨਰਥ ਨਹੀਂ ਕਰ ਸਕੇਗਾ।

ਜੇ ਤੁਸੀਂ ਸੱਚ ਪੁੱਛੋ ਤਾਂ ਮੈਂ ਅੱਜ ਸੋਚਿਆ ਸੀ ਕਿ ਤੁਹਾਨੂੰ ਗੁਰਬਾਣੀ ਵਿਚ ਆਏ ਪੁਲਿੰਗ ਇਕ ਵਚਨ ਦੀ ਪਛਾਣ ਦੱਸਾਂਗਾ ਪਰ ਇਹ ਨੇਮ ਤਾਂ ਬੱਚੇ-ਬੱਚੇ ਨੂੰ ਪਤਾ ਹੈ। ਇਸ ਲਈ ਮੈਂ ਗੁਰਬਾਣੀ ਵਿਆਕਰਣ ਦੇ ਇਸ ਨੇਮ ਬਾਰੇ ਅੱਜ ਕੋਈ ਗੱਲ ਨਹੀਂ ਕਰਨੀ। ਆਪ ਜੀ ਵੀ ਇਸ ਨੇਮ ਦੇ ਗੁਰਬਾਣੀ ਵਿਚੋਂ 5 ਪ੍ਰਮਾਣ ਆਪਣੀ ਡਾਇਰੀ ’ਤੇ ਲਿਖੋ ਅਤੇ ਉਹਨਾਂ ਤੁੱਕਾਂ ਦੇ ਅਰਥ ਵੀ ਲਿਖੋ। ਮੈਂ ਅਗਲੀ ਵਾਰ ਉਕਾਰਾਂਤ ਅਕਾਰਾਂਤ ਵਰਗੇ ਸ਼ਬਦਾਂ ਬਾਰੇ ਵੀਚਾਰ ਕਰਨ ਦੀ ਕੋਸ਼ਸ਼ ਕਰਾਂਗਾ।

ਵੈਸੇ ਉਸ ਘਰ ਵਿਚੋਂ ਬਾਹਰ ਜਾਣ ਲੱਗਿਆ ਮੈਂ ਸੋਚ ਰਿਹਾ ਸਾਂ ਕਿ ਕਾਸ਼ ! ਹਰ ਗੁਰਸਿੱਖ ਦੇ ਘਰ ਵਿਚ ਬੱਚੇ ਗੁਰਬਾਣੀ ਵਿਆਕਰਣ ਦੇ ਤਰੀਕੇ ਨਾਲ ਗੱਲਬਾਤ ਕਰਨ ਤਾਂ ਉਹ ਕਿੰਨੀ ਜਲਦੀ ਗੁਰੂ ਜੀ ਦੀ ਬੋਲੀ ਬੋਲਣੀ ਸਿੱਖ ਜਾਣਗੇ ਤੇ ਅਸੀਂ ਵੀ।

—–ਚੱਲਦਾ——