ਸਤਿਗੁਰੂ-ਪ੍ਰਕਾਸ਼ ਦੀ ਲੋੜ

0
122

ਸਤਿਗੁਰੂ-ਪ੍ਰਕਾਸ਼ ਦੀ ਲੋੜ

ਪ੍ਰਿੰਸੀਪਲ ਗੰਗਾ ਸਿੰਘ

ਮਨੁੱਖ ਜਗਤ ’ਤੇ ਕਿਉਂ ਆਇਆ ? ਬਾਹਮਣਾਂ ਨੇ ਕਿਹਾ ‘‘ਕਰਮ ਚੱਕਰ ਦਾ ਬੱਧਾ ਹੋਇਆ। ਮੁੱਲਾਂ ਬੋਲਿਆ ‘ਖ਼ੁਦਾ ਦੀ ਜ਼ਾਤ ਨੇ ਇਸ ਦੀ ਗ਼ੁਸਤਾਖ਼ੀ ਤੋਂ ਗੁੱਸੇ ਹੋ, ਜੋ ਇਸ ਨੇ ਵਿਵਰਜਿਤ ਫਲ ਖਾਣ ਵਿਚ ਕੀਤੀ ਸੀ, ਧਰਤੀ ’ਤੇ ਧਕੇਲ ਦਿੱਤਾ। ਸੂਫ਼ੀਆਂ ਦੇ ਪ੍ਰਤੀਨਿਧ ਸਰਮਦ ਨੇ ਕਿਹਾ ‘ਸ਼ੋਰੇ ਸ਼ੁਦੋ, ਵਜ਼ ਖ਼ਾਬੇ ਅਦਮ, ਚਸ਼ਮ ਕਸ਼ੂਦੇਮ । ਬਾਕੀਸਤ ਕਿ ਸ਼ਬੇ ਫਿਤਨਾ ਗ਼ਨੂਦੇਮ।’ ਯਾਨੀ ਸ਼ੋਰ ਹੋਇਆ ਸੀ ਤੇ ਅਸਾਂ ਅਦਮ ਦੀ ਨੀਂਦਰ ਤੋਂ ਅੱਖ ਖੋਲ੍ਹੀ ਸੀ, ਪਰ ਦੇਖਿਆ ਕਿ ਫ਼ਸਾਦ ਦੀ ਥਾਂ ਵਿਚ ਆ ਗਏ ਹਾਂ ਤੇ ਫਿਰ ਸੌਂ ਜਾਂਦੇ ਹਾਂ। ਇਸੇ ਭਾਵ ਨੂੰ ਇਕ ਹੋਰ ਸੂਫ਼ੀ ਨੇ ਇਉਂ ਕਿਹਾ ਹੈ ‘ਕਿਆ ਹੀ ਚੈਨ ਖ਼ਾਬੇ ਅਦਮ ਮੇਂ ਥਾ, ਨਾ ਥਾ ਜ਼ੁਲਫ਼ੇ ਯਾਰ ਕਾ ਕੁਛ ਧਿਆਨ। ਜਗਾ ਕੇ ਸ਼ੋਰੇ ਜ਼ਹੂਰ ਨੇ, ਹਮੇਂ ਕਿਸ ਬਲਾ ਮੇਂ ਫੰਸਾ ਦੀਆ।’

ਗੱਲ ਕੀ, ਕਰਮ ਚੱਕਰ ਦਾ ਬੱਝਾ ਹੋਇਆ, ਇਥੇ ਆਇਆ ਹੋਇਆ ਬ੍ਰਾਹਮਣ ਆਪਣੇ ਬੋਧ ਤੇ ਜੈਨੀ ਸਾਥੀਆਂ ਸਮੇਤ ਆਪਣੇ ਆਪ ਨੂੰ ਮਜਬੂਰਨ ਬਲਾ ਵਿਚ ਫਸਿਆ ਹੋਇਆ ਦੱਸਦਾ ਸੀ । ਮੁੱਲਾਂ, ਆਪ ਤੋਂ ਪਹਿਲੇ ਈਸਾਈ ਪਾਦਰੀਆਂ ਤੇ ਯਹੂਦੀ ਰੱਬੀਆਂ ਸਮੇਤ, ਆਪ ਦੇ ਮੁਰੀਦ ਸੂਫ਼ੀਆਂ ਸਣੇ, ਰੱਬ ਦੀ ਨਾ-ਫ਼ੁਰਮਾਨੀ ਕਰਕੇ ਕੀਤੀ ਗਈ ਗ਼ੁਸਤਾਖ਼ੀ ਦੀ ਸਜ਼ਾ ਭੋਗਣ ਲਈ ਮਨੁੱਖ ਨੂੰ ਧਰਤੀ ’ਤੇ ਸੁੱਟਿਆ ਗਿਆ ਬਿਆਨ ਕਰ ਰਿਹਾ ਸੀ, ਪਰ ਹਕੀਕਤ ਇਹ ਸੀ ਕਿ ਮਨੁੱਖ ਜਿਥੇ ਭੇਜਿਆ ਗਿਆ ਸੀ, ਉਹ ਸੱਚੀਂ ਇਕ ਸਜੀ ਹੋਈ ਸੁਹਾਵਣੀ ਧਰਤੀ ਸੀ। ਜਿਥੇ ਪਹਾੜਾਂ ਦੀਆਂ ਖ਼ੂਬਸੂਰਤ ਚੋਟੀਆਂ, ਦਰਿਆਵਾਂ ਦੇ ਸੁੰਦਰ ਵਹਿਣ, ਫੁੱਲਾਂ, ਫਲਾਂ ਨਾਲ ਲੱਦੇ ਹੋਏ ਬਣ, ਜਿਸ ਨੂੰ ਤੱਕਦਿਆਂ ਹੀ ਮਨੁੱਖ ਨੂੰ ਪਿੱਛਾ ਭੁੱਲ ਗਿਆ। ਕਹਿੰਦੇ ਹਨ ਕਿ ਰੱਬ ਨੂੰ ਕਹਿ ਕੇ ਟੁਰਿਆ ਸੀ ਕਿ ਤੈਨੂੰ ਯਾਦ ਕਰਿਆ ਕਰਾਂਗਾ, ਪਰ ਇਥੇ ਆ ਕੇ ਕੁਦਰਤ ਦੀ ਸੁੰਦਰਤਾ ਨੂੰ ਤੱਕ ਅਜਿਹਾ ਬਿਮੋਹਿਤ ਹੋਇਆ ਕਿ ਕਾਦਰ ਨਾਲ ਕੀਤੇ ਕੌਲ ਨੂੰ ਹੀ ਭੁੱਲ ਗਿਆ ‘ਆ ਕੇ ਦੁਨੀਆ ਮੇਂ ਸਭੀ, ਇਕਰਾਰ ਬਸ਼ਰ ਭੂਲ ਗਯਾ। ਜੋ ਉਧਰ ਕਹਿ ਕੇ ਚਲਾ ਥਾ, ਵੋਹ ਇਧਰ ਭੂਲ ਗਯਾ।’

ਉਹ ਫ਼ਰਸ਼ ਵਿਚ ਅਜਿਹਾ ਖੱਚਤ ਹੋਇਆ ਕਿ ਅਰਸ਼ ਸੁਪਨਾ ਹੀ ਹੋ ਗਿਆ। ਢੇਰ ਚਿਰ ਏਦਾਂ ਹੀ ਲੰਘ ਗਿਆ । ਉਹ ਦਰਖ਼ਤਾਂ ਦੇ ਫਲ ਖਾ ਲੈਂਦਾ ਤੇ ਰੁੱਖਾਂ ਦਾ ਛਾਵਾਂ ਹੇਠ ਬੈਠ ਪੰਛੀਆਂ ਦੀਆਂ ਬੋਲੀਆਂ ਨਾਲ ਸੁਰ ਰਲਾ ਕੇ ਗੀਤ ਗਾਉਂਦਾ ਰਹਿੰਦਾ ਸੀ। ਕੁਝ ਚਿਰ ਪਿੱਛੋਂ ਸਰਦੀ, ਗਰਮੀ ਤੇ ਮੀਂਹ ਦੀ ਤਕਲੀਫ਼ ਮੰਨ, ਉਸ ਨੇ ਛੰਨ ਬੰਨ ਲਈ। ਭੋਲਾ ਜਿਹਾ ਇਕ ਪਸ਼ੂ, ਉਸ ਦੇ ਨਾਲ ਦੀ ਚਰਾਗਾਹ ਵਿਚ ਚੁਗਦਾ ਸੀ । ਇਕ ਦਿਨ ਮਨੁੱਖ ਉਸ ਪਸ਼ੁ ਦੇ ਬੱਚੇ ਨੂੰ ਆਪਣੀ ਮਾਂ ਦਾ ਦੁੱਧ ਚੁੰਘਦਾ ਦੇਖ, ਉਸ ਦੀ ਰੀਝ ਵਿਚ ਆਇਆ ਤੇ ਆਪ ਭੀ ਉਸ ਦਾ ਦੁੱਧ ਚੁੰਘ ਲਿਆ। ਦੁੱਧ ਮਿੱਠਾ ਲੱਗਾ। ਇਸ ਨੇ ਪਸ਼ੂ ਦਾ ਨਾਮ ਗਾਂ ਰਖਿਆ ਤੇ ਉਸ ਨਾਲ ਭਿਆਲੀ (ਸਾਂਝ) ਪਾ ਲਈ। ਇਸ ਨੇ ਦੂਰੋਂ ਨੇੜਿਓਂ ਗਾਂ ਲਈ ਘਾਹ ਪੁੱਟ ਲਿਆਵਣਾ ਤੇ ਉਸ ਨੇ ਦਿਨ ਰਾਤ ਕੁਟੀਆ ਦੇ ਪਾਸ ਬਹਿ ਘਾਹ ਖਾ ਲੈਣਾ ਤੇ ਇਸ ਨੂੰ ਦੁੱਧ ਦੇ ਦੇਣਾ। ਜੀਵਨ ਬੜਾ ਸੁਆਦਲਾ ਸੀ, ਪਰ ਸੀ ਨਿਰਾ ਸਰੀਰਕ । ਸਮਾਂ ਪਾ ਕੇ ਇਸ ਦੇ ਅੰਦਰ ਵਿਚਾਰ ਆਈ ਕਿ ਜੇ ਮੈਂ ਭੀ ਗਾਂ ਦਾ ਦੁੱਧ ਪੀ ਪੀ ਹੀ ਉਮਰ ਬਿਤਾ ਜਾਣੀ ਹੈ, ਤਾਂ ਮੇਰੇ ਤੇ ਵੱਛੇ ਵਿਚ ਕੀ ਫ਼ਰਕ ਹੋਇਆ  ? ਮੇਰੀ ਮਨੁੱਖਤਾ ਦੇ ਕੀ ਅਰਥ ਹੋਏ  ? ਉਸ ਦੇ ਅੰਦਰ ਕੋਈ ਸੁੱਤੀ ਹੋਈ ਸੁਰਤ ਜਾਗ ਪਈ, ਉਹ ਆਪਣੇ ਆਪ ਨਾਲ ਗੱਲਾਂ ਕਰਨ ਲੱਗ ਪਿਆ ਤੇ ਕਹਿਣ ਲੱਗਾ ਕਿ ਜੇ ਮੈਂ ਮਨੁੱਖ ਹਾਂ ਤਾਂ ਨਿਸ਼ਚੇ ਹੀ ਮੇਰੇ ਜੀਵਨ ਦਾ ਮਨੋਰਥ ਕੋਈ ਹੋਰ ਹੈ। ਇਹ ਖ਼ਿਆਲ ਆਉਂਦੇ ਹੀ ਉਹ ਬੇਚੈਨ ਹੋ ਗਿਆ । ਉਸ ਦੇ ਅੰਦਰ ਇਕ ਉਛਾਲਾ ਵੱਜਾ ਤੇ ਉਸ ਨੇ ਜੀਵਨ ਨੂੰ ਪਸ਼ੁ ਸ਼੍ਰੇਣੀ ਤੋਂ ਉਤਾਂਹ ਚੁੱਕਣ ਦੀ ਕੋਸ਼ਿਸ਼ ਕੀਤੀ। ਉਸ ਨੇ ਹੁਣ ਫੁੱਲ, ਫਲ ਤੇ ਦੁੱਧ, ਨਿਰੀ ਸਰੀਰ ਦੀ ਲੋੜ ਸਮਝ ਕੇ ਹੀ ਨਾ ਖਾਣਾ ਪੀਣਾ ਸ਼ੁਰੂ ਕੀਤਾ ਬਲਕਿ ਇਸ ਦੇ ਬਾਅਦ, ਬਾਕੀ ਦਾ ਸਮਾਂ ਜੀਵਨ-ਮਨੋਰਥ ਦੀ ਸਹੀ ਪੂਰਤੀ ਦੇ ਨਿਸ਼ਾਨ ਦੀ ਖੋਜ ਲੱਭਣ ਵਿਚ ਲਾਉਣ ਲੱਗ ਪਿਆ।

ਮਨੁੱਖ ਨੂੰ ਕੋਈ ਸਮਝ ਨਾ ਪਵੇ, ਇਉਂ ਉਸ ਨੇ ਸੋਚ ਸੋਚ ਅੱਖਾਂ ਮੀਟ ਲਈਆਂ। ਇਹ ਉਸ ਦਾ ਰੂਪਵਾਨ ਜਗਤ ਵਲੋਂ ਪਹਿਲਾ ਇਨਕਾਰ ਸੀ। ਉਸ ਨੂੰ ਨਿਸ਼ਚਾ ਹੋ ਗਿਆ ਕਿ ਰੂਪਵਾਨ ਜਗਤ ਵਿਚ, ਪਸ਼ੂ ਤੇ ਮਨੁੱਖ ਦੇ ਦਰਮਿਆਨ ਕੋਈ ਭੇਦ ਨਹੀਂ, ਇਸ ਲਈ ਉਸ ਨੇ ਅਰੂਪ ਦੀ ਤਲਾਸ਼ ਅਰੰਭੀ ਅਤੇ ਅਨੁਭਵ ਦੀ ਅੱਖ ਖੋਲ੍ਹਣ ਦੇ ਸਾਧਨਾਂ ਵਿਚ ਲੱਗ ਗਿਆ । ਢੇਰ ਚਿਰ ਦੇ ਸਾਧਨ ਬਾਅਦ ਅਨੁਭਵ ਦੀ ਅੱਖ ਤਾਂ ਖੁਲ੍ਹ ਗਈ, ਪਰ ਚਾਨਣ ਤੋਂ ਬਿਨਾ ਕੀ ਬਣੇ । ਇਹ ਪ੍ਰਕਿਰਤਿਕ ਚਾਨਣ ਤਾਂ ਨਿਰੇ ਅਨੁਭਵ ਦੀ ਦੁਨੀਆ ਵਿਚ ਕੰਮ ਨਹੀਂ ਸੀ ਦੇਂਦਾ । ਇਹ ਤਾਂ ਜਗਤ ਦੇ ਨਿਰੇ ਪ੍ਰਕਿਰਤਿਕ ਰੂਪ ਹੀ ਵਿਖਾ ਸਕਦਾ ਸੀ, ਪਰ ਉਨ੍ਹਾਂ ਦੇ ਅੰਦਰ ਵਾਪਰੇ ਕੋਝੇ ਹਿਰਦਿਆਂ ਦਾ ਪਤਾ ਨਹੀਂ ਸੀ ਦੱਸ ਸਕਦਾ। ਇਸ ਦੇ ਚਾਨਣ ਵਿਚ ਚਾਹੇ ਕੋਈ ਪਾਪ ਕਰੇ, ਚਾਹੇ ਪੁੰਨ, ਨੇਕੀ ਕਰੇ ਜਾਂ ਬਦੀ, ਬਖ਼ਸ਼ਿਸ਼ ਕਰੇ ਜਾਂ ਠੱਗੀ, ਹਮਦਰਦੀ ਕਰੇ ਚਾਹੇ ਅੱਤਿਆਚਾਰ, ਇਸ ਨੂੰ ਕੀ, ਇਹ ਤਾਂ ਹਰ ਕੰਮ ਲਈ ਚਾਨਣ ਦੇਂਦਾ ਸੀ, ਨਾ ਇਸ ਦਾ ਮਾਨਸੀ ਜਗਤ ਵਿਚ ਗਮਨ ਸੀ ਤੇ ਨਾ ਇਹ ਆਮ ਨੂੰ ਚਾਨਣ ਦੇਂਦਾ ਸੀ। ਪਟਿਆਲੇ ਦੇ ਕੇਸਰੀ ਕਵੀ ਨੇ ਸੂਰਜ ਨੂੰ ਸੰਬੋਧਨ ਕਰਦਿਆਂ ਹੋਇਆਂ ਕੇਹਾ ਸੋਹਣਾ ਕਿਹਾ ਹੈ ‘ਸੁਰਜਾ ! ਤੂੰ ਭੋਲਿਆ ਜੇਹਾ ਹੋਇਆ ਨ ਜਹਾਨ ਵਿਚ, ਚੰਗਾ ਹੁੰਦਾ ਹੁੰਦਾ ਨ, ਤੂੰ ਇਹੋ ਜੇਹਾ ਸੂਰ ਵੇ। ਚਾਨਣ ਚੁਫੇਰੇ ਤੂੰ ਖਲੇਰੇਂ, ਨੇੜੇ ਦੂਰ ਤੀਕ, ਮੇਰੇ ਦਿਲ ਵੇਹੜੇ ਤਾਂ ਹਨੇਰ ਭਰਪੂਰ ਵੇ। ਸੂਰਜ ਅਖਾਵੇਂ ਨ ਲਭਾਵੇਂ ਲੁਕੀ ਚੀਜ਼ ਮੇਰੀ, ਨੂਰ ਤੂੰ ਕਹਾਵੇ, ਭਾਵੇਂ ਸਾਫ਼ ਤੂੰ ਮਨੂਰ ਵੇ। ਕਲਗੀਧਾਰ ਸੀਸ ਤੇ ਨ ਆਂਵਦੇ ਜੇ ਕਲਗੀਧਰ, ਕੋਹਨੂਰ ਨਾਲ ਮੈਂ ਨਾ ਹੁੰਦਾ ਨੂਰੋ ਨੂਰ ਵੇ।’

ਕਵੀ ਨੇ ਅੱਗੇ ਜਾ ਕੇ ਫਿਰ ਦੱਸਿਆ ਹੈ ਕਿ ਸੂਰਜ ਨਿਰਾ ਮਣ੍ਹਾ ਹੈ, ਰੌਸ਼ਨ ਕਰਨ ਤੇ ਗਵਾਚੇ ਹੋਏ ਜੀਵਨ-ਪਦ ਦੇ ਲਭਾਣ ਤੋਂ ਅਸਮਰਥ ਹੀ ਨਹੀਂ, ਬਲਕਿ ਮਾਦੀ ਜਗ੍ਹਾ ਵਿਚੋਂ ਭੀ ਹਰ ਕਿਸੇ ਨੂੰ ਲਾਭ ਨਹੀਂ ਪੁਚਾ ਸਕਦਾ ‘ਤੇਰਾ ਵੀ ਚਾਨਣ ਪਛਾਣਨ ਦੋ ਨੈਨਾਂ ਵਾਲੇ, ਅੰਧਿਆਂ ਨੂੰ ਦੱਸ ਤੇਰੀ ਕਾਸਦੀ ਜ਼ਰੂਰ ਵੇ। ਦੋ ਦੋ ਨੈਨਾਂ ਵਾਲੇ ਦਿਲੋਂ ਕਾਲੇ ਗੁਮਰਾਹ ਬੈਠੇ, ਤੇਰਾ ਨੂਰ ਉਨ੍ਹਾਂ ਲਈ ਕਾਹਦਾ ਕੋਹਿਤੂਰ ਵੇ। ਲੱਖਾਂ ਸਾਲ ਆਯੂ ਭੋਗੀ, ਦੂਰ ਨ ਅੰਧੇਰਾ ਕੀਤਾ, ਦੱਸ ਭਲਾ ਕੀਤਾ ਫੇਰ ਕਾਸ ਦਾ ਗ਼ਰੂਰ ਵੇ।’

ਗੱਲ ਕੀ, ਮਾਦੀ (ਦੁਨਿਆਵੀ) ਰੌਸ਼ਨੀ ਦੇ ਚੰਨ ਵਿਚੋਂ ਜੀਵਨ-ਪਦ ਲੱਭ ਸਕਦਾ ਹੀ ਨਹੀਂ ਸੀ ਕਿਉਂਕਿ ਉਹ ਮਾਦੇ ਦੇ ਓਹਲੇ ਨਹੀਂ ਸਗੋਂ ਮਨ ਦੇ ਓਹਲੇ ਛੁਪਿਆ ਪਿਆ ਸੀ ਤੇ ਮਨ ਦੇ ਸੇਹਨ ਵਿਚ ਸੂਰਜ ਚੰਨ ਦਾ ਚਾਨਣ ਕਰ ਹੀ ਨਹੀਂ ਸਕਦਾ, ਅਰਸ਼ੋਂ ਦੀ ਇਹੀ ਕਿਹਾ ਗਿਆ ਹੈ ‘‘ਜੇ ਸਉ ਚੰਦਾ ਉਗਵਹਿ; ਸੂਰਜ ਚੜਹਿ ਹਜਾਰ   ਏਤੇ ਚਾਨਣ ਹੋਦਿਆਂ; ਗੁਰ ਬਿਨੁ ਘੋਰ ਅੰਧਾਰ ’’ (ਆਸਾ ਕੀ ਵਾਰ/ਮਹਲਾ /੪੬੩) ਿਸ ਤਰ੍ਹਾਂ ਬਾਲਕ ਖੇਡ ਵਿਚ ਅੱਖਾਂ ਬੰਨ੍ਹੀਆਂ ਜਾਣ ਸਮੇਂ ਘਬਰਾਂਦਾ ਹੈ ਤੇ ਜਿਸ ਤਰ੍ਹਾਂ ਨੇਤ੍ਰਹੀਣ ਮਨੁੱਖ ਛਿਣ ਛਿਣ ਵਿਚ ਅੱਖਾਂ ਪੁੱਟ, ਚਾਨਣ ਲਈ ਤੜਫਦਾ ਰਹਿੰਦਾ ਹੈ, ਓਦਾਂ ਹੀ ਸੁਰਤ ਵਿਚ ਜਾਗਿਆ ਮਨੁੱਖ, ਮਾਨਸਿਕ ਚਾਨਣ ਲਈ ਤੜਫ ਉਠਿਆ। ਉਸ ਨੇ ਮਾਲਕ ਨੂੰ ਪੁਕਾਰਿਆ। ਉਸ ਦੀ ਕੂਕ ਦਰਗਾਹ ਵਿਚ ਅੱਪੜੀ। ਇਹੋ ਕੂਕ ਮਨੁੱਖੀ ਜੀਵਨ ਦੇ ਇਤਿਹਾਸ ਵਿਚ ਪਹਿਲੀ ਪ੍ਰਾਰਥਨਾ ਸੀ, ਜੋ ਪ੍ਰਵਾਨ ਹੋ ਗਈ।

ਜਿਸ ਤਰ੍ਹਾਂ ਅੱਖਾਂ ਦੇ ਹਸਪਤਾਲ ਵਿਚ ਇਹ ਕਾਇਦਾ ਦੇਖਣ ਵਿਚ ਆਉਂਦਾ ਹੈ ਕਿ ਜਿਸ ਮਨੁੱਖ ਦੀਆਂ ਅੱਖਾਂ ਨਵੀਆਂ ਨਵੀਆਂ ਬਣਨ, ਉਸ ਨੂੰ ਪਹਿਲਾਂ ਘੱਟ ਚਾਨਣ ਵਿਚ ਤੱਕਣ ਦੀ ਆਗਿਆ ਦਿੱਤੀ ਜਾਂਦੀ ਹੈ, ਕਿਉਂ ਜੁ ਨਵੀਆਂ ਨਵੀਆਂ ਬਣੀਆਂ ਅੱਲ੍ਹੀਆਂ ਅੱਖਾਂ ਤੇਜ਼ ਚਾਨਣ ਦੀ ਤਾਬ ਨਹੀਂ ਸਹਿ ਸਕਦੀਆਂ। ਜੇ ਉਹ ਕਦੀ ਪਹਿਲਾਂ ਹੀ ਤੇਜ਼ ਰੌਸ਼ਨੀ ਦੇ ਸਾਹਮਣੇ ਲਿਆਂਦੀਆਂ ਜਾਣ ਤਾਂ ਉਨ੍ਹਾਂ ਉੱਪਰ ਚਾਨਣ ਤੇ ਤੇਜ਼ ਲਸ਼ਕਾਰਾ ਪੈਣ ਕਰਕੇ ਖ਼ਰਾਬ ਹੋ ਜਾਣ ਦਾ ਖ਼ਤਰਾ ਰਹਿੰਦਾ ਹੈ। ਇਸ ਲਈ ਸੁਜਾਨ ਵੈਦ ਪਹਿਲਾਂ ਥੋੜ੍ਹਾ ਚਾਨਣ ਦੇਂਦਾ ਹੈ, ਫਿਰ ਸਹਿਜੇ ਸਹਿਜੇ ਵਧਾਂਦਾ ਹੈ ਤੇ ਜਦੋਂ ਪੱਕ ਜਾਣ ਤਾਂ ਸੂਰਜ ਦੇ ਚਾਨਣ ਵਿਚ ਫਿਰਨ ਦੀ ਆਗਿਆ ਦੇ ਦੇਂਦਾ ਹੈ।

ਮਾਨਸਿਕ ਜਗਤ ਵਿਚ ਨਿੱਜ ਸਰੂਪ ਤੱਕਣ ਲਈ, ਮਨੁੱਖ ਦੀ ਅਨੁਭਵੀ ਅੱਖ ਨੂੰ ਖੋਲ੍ਹਣ ਸਮੇਂ ਭੀ, ਅਤਿ ਚਤੁਰ ਸੁਜਾਨ ਵੈਦ ਨੇ ਭੀ ਇਹੋ ਹੀ ਮਰਯਾਦਾ ਵਰਤੀ ਹੈ। ਪਹਿਲਾਂ ਤਾਰਿਆਂ ਦੀ ਧੁੰਧਲੀ ਰੌਸ਼ਨੀ ਦਿੱਤੀ ਹੈ, ਜਦੋਂ ਵੇਖਿਆ ਕਿ ਮਨੁੱਖੀ ਅੱਖ ਤਾਕਤ ਫੜ ਚੁੱਕੀ ਹੈ ਤੇ ਪੂਰਨ ਪ੍ਰਕਾਸ਼ ਲੋੜਦੀ ਹੈ, ਤਦ ਸੂਰਜ ਚੜ੍ਹਾਇਆ। ਤਾਰਿਆਂ ਦੀ ਰੌਸ਼ਨੀ ਮਾਨਸਿਕ ਜਗਤ ਵਿਚ ਇਕ ਧੁੰਧਲਾ ਜਿਹਾ ਚਾਨਣ ਸੀ। ਇਸ ਵਿਚ ਮਨੁੱਖੀ ਜੀਵਨ ਦਾ ਇਕ ਝਉਲਾ ਜਿਹਾ ਪੈਂਦਾ ਸੀ। ਭਾਵੇਂ ਅਜੇ ਅਸਲੀਅਤ ਇਸ ਤੋਂ ਬਹੁਤ ਪਰ੍ਹੇ ਸੀ, ਪਰ ਉਹ ਆਪਣੀ ਜ਼ਾਤ ਵਿਚ ਡਾਢਾ ਸਵਾਦਲਾ ਸੀ, ਕਿਉਂ ਜੁ ਉਸ ਕਰਕੇ ਮਨੁੱਖ ਨੂੰ ਪਸ਼ੂ-ਜੀਵਨ ਤੋਂ ਕਿਸੇ ਉਚੇਰੀ ਸ਼ੈ ਦਾ ਝਉਲਾ ਪਿਆ ਸੀ। ਮਨੁੱਖਤਾ ਦੇ ਕੁਝ ਮਾਅਨੇ ਤਾਂ ਪ੍ਰਤੀਤ ਦੇਣ ਲੱਗੇ ਸਨ ਪਰ ਚੂੰਕਿ ਉਹ ਅਸਲੀਅਤ ਨਹੀਂ ਸੀ, ਇਸ ਲਈ ਮਨੁੱਖੀ ਮਨ ਨੂੰ ਉਹਦੇ ਵਿਚ ਟਿਕਾਓ ਨਾ ਮਿਲਿਆ। ਉਸ ਅੰਦਰ ਹੋਰ ਅਗਾਂਹ ਤੇ ਉਤਾਂਹ ਜਾਣ ਦੀ ਤਾਂਘ ਤੇ ਤੜਪ ਬਣੀ ਰਹੀ। ਉਹ ਅਗਾਂਹ ਵਧੀ ਗਿਆ। ਕਈ ਪੜਾਅ ਕੀਤੇ, ਉਸ ਨੇ ਜੀਵਨ ਦੇ ਮੁਖ਼ਤਲਿਫ਼ (ਹੋਰ) ਪਹਿਲੂ ਕਾਇਮ ਕੀਤੇ। ਉਸ ਨੇ ਜ਼ਿੰਦਗੀ ਧਾਰਮਕ, ਸਮਾਜਕ ਤੇ ਭਾਈਚਾਰਕ ਹਿੱਸਿਆਂ ਵਿਚ ਵੰਡ ਦਿੱਤੀ, ਪਰ ਮਨੋਰਥ ਦੇ ਪੂਰਨ ਹੋਣ ਤੋਂ ਬਗ਼ੈਰ ਇਨ੍ਹਾਂ ਤਿੰਨਾ ਵਿਚ ਹੀ ਉਸ ਨੂੰ ਪੂਰਨ ਸਵਾਦ ਨਹੀਂ ਸੀ ਆ ਰਿਹਾ। ਉਹ ਹੋਰ ਉਤਾਂਹ ਉਠਣਾ ਚਾਹੁੰਦਾ ਸੀ। ਉਹਨੂੰ ਇਨ੍ਹਾਂ ਤਿੰਨਾ ਤਬਕਿਆਂ ਵਿਚ ਪੂਰਨ ਰੌਸ਼ਨੀ ਨਹੀਂ ਸੀ ਲੱਭਦੀ। ਉਸ ਨੇ ਸਭ ਤੋਂ ਹੇਠਲੇ ਤਬਕੇ ਵੱਲ ਦੇਖਿਆ, ਜੋ ਰਾਜਨੀਤਿਕ ਸੀ ਤਾਂ ਇਕ ਢੌਂਗ ਜਿਹਾ ਰਚਿਆ ਨਜ਼ਰ ਆ ਗਿਆ । ਰਾਜੇ ਸਨ, ਰਈਅਤ (ਜਨਤਾ) ਸੀ, ਫ਼ੌਜਾਂ ਸਨ, ਪੁਲਿਸ ਸੀ, ਖਿਰਾਜ ਸਨ, ਖ਼ਜ਼ਾਨੇ ਸਨ। ਗੱਲ ਕੀ, ਜ਼ਾਹਰਾ ਠਾਠ-ਬਾਠ ਤਾਂ ਮੁਕੰਮਲ ਦਿਸ ਆਉਂਦੀ ਸੀ, ਪਰ ਅੰਦਰ ਸਭ ਦੇ ਬੇਚੈਨੀਆਂ ਸਨ। ਤਾਰਿਆਂ ਦੀ ਰੌਸ਼ਨੀ ਕਰਕੇ ਮਿਲੇ ਹੋਏ ਚਾਨਣ ਨਾਲ, ਨਾ ਹੀ ਰਾਜਿਆਂ ਨੂੰ ਆਪਣੇ ਫ਼ਰਜ਼ਾਂ ਦੀ ਪਹਿਚਾਣ ਹੋ ਸਕਦੀ ਸੀ ਤੇ ਨਾ ਹੀ ਰਈਅਤ ਆਪਣੇ ਕਰਤਵ ਨੂੰ ਜਾਣਦੀ ਸੀ। ਘੁਸ-ਮੁਸੇ ਵਿਚ ਪਾਂਧੀ ਨੂੰ ਠੋਕਰ ਲੱਗ ਹੀ ਜਾਂਦੀ ਹੈ, ਸੋ ਮਨੁੱਖ ਨੂੰ ਭੀ ਲੱਗੀ। ਉਹ ਕੁਰਾਹੇ ਪੈ ਗਿਆ ਤੇ ਉਸ ਦੇ ਜੀਵਨ ਦੇ ਹਰ ਅੰਗ ਵਿਚ ਕੁਚਾਲ ਵਾਪਰਨ ਲੱਗੀ। ਉਸ ਦੀ ਨੀਤੀ ਵਿਚ ਨਿਆਂ ਦੀ ਥਾਂ ਧੱਕਾ ਰਾਜ ਕਰਨ ਲੱਗ ਪਿਆ । ਹਨੇਰਾ ਹੋਣ ਕਰਕੇ ਦੋਵੇਂ ਆਪਣੇ ਕਰਤਵ ਤੋਂ ਉਖੜ ਖੜੇ ਹੋਏ ਅਤੇ ‘‘ਰਾਜੇ ਸੀਹ ਮੁਕਦਮ ਕੁਤੇ’’ ਦੀ ਵਰਤੋਂ ਹੋਣ ਲੱਗ ਪਈ। ਮਨੁੱਖੀ ਜੀਵਨ ਫਿਰ ਇਸ ਪਹਿਲੂ ਤੋਂ ਪਸ਼ੂ-ਜੀਵਨ ਹੀ ਜਾਪਣ ਲੱਗ ਪਿਆ । ਜਿਸ ਤਰ੍ਹਾਂ ਪਸ਼ੂ-ਦੁਨੀਆ ਵਿਚ ਮਾੜੇ ਮਿਰਗਾਂ ਨੂੰ ਪਾੜ ਖਾਣ ਨੂੰ ਹੀ ਮ੍ਰਿਗਰਾਜ ਕਿਹਾ ਜਾਂਦਾ ਸੀ, ਉਸੇ ਤਰ੍ਹਾਂ ਹੀ ਮਨੁੱਖੀ ਜਗਤ ਵਿਚ ਭੀ ਅਧੂਰੇ ਮਾਨਸਿਕ ਚਾਨਣ ਦੇ ਘੁਸ-ਮੁਸੇ ਵਿਚ ਠੋਕਰ ਖਾ, ਮਨੁੱਖ ਭੀ ਆਪਣੀ ਰਾਜਨੀਤੀ ਉਹੋ ਜੇਹੀ ਬਣਾ ਬੈਠਾ ਸੀ ਤੇ ਓੜਕ ਇਸ ਤੋਂ ਘਾਬਰ ਉਠਿਆ, ਕਿਉਂ ਜੁ ਇਸ ਨੀਤੀ ਵਿਚ ਸੁਖ ਕਿੱਥੇ, ਆਖ਼ਿਰ ਦਾਤਾ ਦੇ ਦਰ ਆ ਪੁਕਾਰਿਆ ਤੇ ਕਹਿਣ ਲੱਗਾ ਕਿ ਪ੍ਰਭੁ ! ਪੂਰਨ ਪ੍ਰਕਾਸ਼ ਦਿਉ, ਤਾਰਿਆਂ ਦੀ ਮੱਧਮ ਰੌਸ਼ਨੀ ਵਿਚ ਮੇਰਾ ਕੰਮ ਨਹੀਂ ਬਣ ਸਕਦਾ, ਮੈਨੂੰ ਠੋਕਰਾਂ ਲੱਗਦੀਆਂ ਹਨ, ਮੇਰੀ ਬਹੁੜੀ ਕਰੋ, ਮੇਰੇ ਨੈਣ ਚਿਰਾਂ ਤੋਂ ਤਾਰਿਆਂ ਦੀ ਰੌਸ਼ਨੀ ਵਿਚ ਕੰਮ ਕਰਦੇ ਕਰਦੇ ਹੁਣ ਸੂਰਜ ਦਾ ਪ੍ਰਕਾਸ਼ ਤੱਕ ਸਕਦੇ ਹਨ। ਇਹ ਪ੍ਰਾਰਥਨਾ ਭੀ ਮੰਨੀ ਕਿਉਂ ਨਾ ਜਾਂਦੀ, ਜਦ ਕਿ ਮੰਗਣ ਵਾਲਾ ਪੁੱਤਰ ਤੇ ਦੇਣਹਾਰ ਦਾਤਾਰ ਪਿਤਾ ਸੀ ਤੇ ਪਿਤਾ ਨੇ ਵਾਅਦਾ ਕੀ ਕੀਤਾ ਹੋਇਆ ਸੀ ‘‘ਪਿਤਾ ਕ੍ਰਿਪਾਲਿ (ਨੇ) ਆਗਿਆ ਇਹ ਦੀਨੀ; ਬਾਰਿਕੁ ਮੁਖਿ ਮਾਂਗੈ, ਸੋ ਦੇਨਾ ’’ (ਮਹਲਾ /੧੨੬੬) ਚੁਨਾਂਚਿ (ਭਾਵ ਇਸ ਲਈ) ਪੂਰਨ ਪ੍ਰਕਾਸ਼ ਦੀ ਮੰਗ ਕਰਨ ’ਤੇ ਸੂਰਜ ਚੜ੍ਹਿਆ। ਮਾਲਕ ਨੇ ਅਰਸ਼ ਤੋਂ ਫ਼ਰਸ਼ੀ ਨੂੰ ਕਿਹਾ ਕਿ ਲੈ ਤੇਰੀ ਮਿੰਨਤ ਮਨਜ਼ੂਰ ਹੈ, ਸੂਰਜ ਚੜ੍ਹਦਾ ਈ ਲਿਖਿਆ ਹੈ ‘ਜ਼ੁਲਮਾਂ ਦੀ ਕਾਲੀ ਰਾਤ ਸੀ ਅੰਧੇਰ ਸੀ ਪਿਆ। ਸੱਚ ਚੰਦ੍ਰਮਾ ਨਾ ਦਿਸਦਾ ਸੀ, ਮੂਲੋਂ ਸੀ ਛਿਪ ਗਿਆ। ਧਨ ਰੂਪ ਵੈਰੀ ਸੀ ਬਣੇ, ਆਲਮ ਸੀ ਲੁਟ ਗਿਆ। ਖ਼ਲਕਤ ਨੇ ਹੋ ਕੇ ਦੀਨ, ਦਰ ਦਾਤਾ ਦੇ ਝੁਕ ਕਿਹਾ : ‘ਔਖੀ ਬਣੀ ਹੈ ਕੌਣ ਹੁਣ ਜੱਗ ਦਾ ਸਹਾਰਾ ਹੈ।’ ਗ਼ੈਬੋਂ ਆਵਾਜ਼ ਆਈ ‘ਇਕ ਨਾਨਕ ਪਿਆਰਾ ਹੈ’।’

ਪਰ ਇਸ ਨੀਤੀ-ਖੇਤਰ ਵਿਚ ਤਾਂ ਚਾਨਣ ਸਿੱਧਾ ਪੈ ਨਹੀਂ ਸੀ ਸਕਦਾ, ਕਿਉਂ ਜੁ ਇਹ ਮਨੁੱਖੀ ਜੀਵਨ ਦਾ ਤੀਸਰਾ ਪਰਦਾ ਸੀ, ਜਿਸ ਤਰ੍ਹਾਂ ਕਿਸੇ ਲਾਲਟੈਨ ਦਾ ਚਾਨਣ ਲਾਟ ਦੇ ਸ਼ੋਅਲੇ ਵਿਚ ਨਿਵਾਸ ਰੱਖਦਾ ਹੈ, ਲਾਟ ਬੱਤੀ ਵਿਚ ਤੇ ਬੱਤੀ ਚਿਮਨੀ ਵਿਚ ਪ੍ਰਭਾਵ ਦੇਂਦੀ ਹੈ, ਜੇ ਸ਼ੋਅਲਾ ਹੀ ਬੁਝ ਜਾਵੇ ਤਾਂ ਬੱਤੀ ਕੋਲਾ ਤੇ ਚਿਮਨੀ ਹਨੇਰਾ ਰੂਪ ਹੋ ਜਾਂਦੀ ਹੈ ਤੇ ਜੇ ਲਾਟ ਮੱਧਮ ਜਿਹੀ ਹੋਵੇ ਤਾਂ ਬੱਤੀ ਟਿਮਟਿਮਾਂਦੀ ਤੇ ਚਿਮਨੀ ਝਮੱਕੇ ਮਾਰਨ ਵਾਲਾ ਚਾਨਣ ਦੇਂਦੀ ਹੈ। ਤਾਰਿਆਂ ਦੀ ਰੌਸ਼ਨੀ ਵਿਚ, ਮਾਨਸਿਕ ਜਗਤ ਵਿਚ ਚਾਨਣ ਦੇਣ ਵਾਲੀ ਲਾਟ ਹੀ ਮੱਧਮ ਸੀ, ਜਿਸ ਕਰਕੇ ਸਮਾਜ ਦੀ ਬੱਤੀ ਟਿਮਟਿਮਾਂਦੀ ਤੇ ਰਾਜਨੀਤੀ ਦੀ ਚਿਮਨੀ ਝਮੱਕੇ ਮਾਰਦੀ ਸੀ। ਨੀਤੀ ਦੀ ਬਣਤ ਤਾਂ ਬਣਦੀ ਸਮਾਜ ਤੋਂ ਹੈ। ਜੇਕਰ ਸਮਾਜ ਰੌਸ਼ਨ ਹੋਵੇ, ਮਨੁੱਖ ਮਨੁੱਖ ਦਾ ਸਹੀ ਰੂਪ ਦੇਖ ਸਕੇ, ਇਕ ਦੂਜੇ ਨੂੰ ਇਕੋ ਜਿਹਾ ਜਾਣੇ, ਤਦ ਹੀ ਉਹ ਸਹੀ ਰਾਜਨੀਤਿਕ ਬਣਤਰ ਬਣਾ ਸਕਦਾ ਹੈ, ਪਰ ਤਾਰਿਆਂ ਦੀ ਧੁੰਧਲੀ ਰੌਸ਼ਨੀ ਵਿਚ ਤਾਂ ਸਮਾਜਕ ਬਣਤਰ ਹੀ ਵਿਗੜ ਰਹੀ ਸੀ। ਮਨੁੱਖ ਪਸ਼ੂ-ਪਣ ਦੇ ਪੁਰਾਣੇ ਸੰਸਕਾਰਾਂ ਦੇ ਅਧੀਨ ਹੋ ਇਕ ਦੂਜੇ ਨਾਲ ਧੱਕਾ ਕਰ ਰਿਹਾ ਸੀ। ਹੋਰ ਤਾਂ ਗੱਲਾਂ ਕਿਧਰੇ ਰਹੀਆਂ, ਮਨੁੱਖ ਨੇ ਪਸ਼ੂਆਂ ਦੀ ਨਕਲੇ ਆਪਣੀ ਜੀਵਨ ਸਾਥਣ ਇਸਤ੍ਰੀ ਨਾਲ ਹੀ ਬੇਇਨਸਾਫ਼ੀ ਰਵਾਂ ਕਰ ਰੱਖੀ ਸੀ। ਕਦੀ ਮੋਹ-ਜਾਲ ਵਿਚ ਫਸਾਣ ਵਾਲੀ ਮਾਇਆ ਤੇ ਕਦੀ ਸ਼ੈਤਾਨ ਦੇ ਆਖੇ ਲੱਗ, ਉਸ ਨੂੰ ਬਹਿਸ਼ਤ ’ਚੋਂ ਕੱਢਣ ਵਾਲੀ ਹੱਵਾ ਦੀ ਧੀ ਆਖ ਤ੍ਰਿਸਕਾਰਦਾ ਸੀ। ਪਰ ਇਹ ਪਰਸਪਰ ਨਫ਼ਰਤ ਦਾ ਬੀਜਿਆ ਹੋਇਆ ਬੀਜ ਹੋਰ ਫਲਿਆ ਤੇ ਓੜਕ ਇਹ ਆਪੋ ਵਿਚ ਵੀ ਵਿਤਕਰੇ ਪਾਣ ਲੱਗਾ। ਯਹੂਦੀ ਨੇ ਕਿਹਾ ਕਿ ਇਸਰਾਈਲੀ ਹੀ ਖ਼ੁਦਾ ਦੇ ਚੋਣਵੇਂ ਪੁੱਤਰ ਹਨ; ਯਾਕੂਬ ਦੀ ਔਲਾਦ ਉੱਤੇ ਹੀ ਸਾਰੀਆਂ ਬਖ਼ਸ਼ਿਸ਼ਾਂ ਕਰਨ ਦਾ ਵਾਅਦਾ ਖ਼ੁਦਾ ਨੇ ਕੀਤਾ ਹੋਇਆ ਹੈ, ਬਾਕੀ ਦੇ ਗ਼ੈਰ-ਯਹੂਦੀ ਲੋਕ ਤਾਂ ਮੁਨਾਫ਼ਿਕ ਤੇ ਪ੍ਰਭੂ-ਰਹਿਮਤ ਤੋਂ ਵਿਰਵੇ ਹਨ। ਈਸਾਈ ਸ਼ਰ੍ਹਾ ਮੁਤਾਬਕ, ਪ੍ਰਭੂ ਦੀ ਰਹਿਮਤ ਦੇ ਮੋਤੀ ਲੈਣ ਦਾ ਹੱਕ ਕੇਵਲ ਈਸਾਈਆਂ ਨੂੰ ਹੈ। ਇਸਲਾਮ ਦੇ ਮੁਦਈ ਮੁੱਲਾਂ ਦੇ ਮੱਥਿਓਂ ਕਦੇ ਤਿਊੜੀ ਨਾ ਲੱਥੀ, ਕਿਉਂ ਜੁ ਉਸ ਨੂੰ ਕਲਮਾ-ਏ-ਸ਼ਹਾਦਤ ਪੜ੍ਹਨ ਤੋਂ ਬਿਨਾ ਮਨੁੱਖ ਮਾਤ ਹੀ ਕਾਫ਼ਰ ਨਜ਼ਰ ਆਉਂਦਾ ਸੀ ਤੇ ਜਿਸ ਦੀ ਉਡੀਕ, ਮਰਨ ਪਿੱਛੋਂ ਜਹੰਨਮ ਵਿਚ ਭਖਦੀ ਹੋਈ ਅੰਗਾਰਾਂ ਵਾਲੀ ਅੱਗ ਕਰ ਰਹੀ ਸੀ । ਬ੍ਰਾਹਮਣ ਇਸੇ ਮੁਆਮਲੇ ਵਿਚ ਸਭ ਤੋਂ ਅੱਗੇ ਵਧਿਆ ਹੋਇਆ ਸੀ। ਉਸ ਨੇ ਮਨੁੱਖ ਜਾਤੀ ਦੀਆਂ ਚਾਰ ਵੰਡਾਂ ਕਰ ਦਿੱਤੀਆਂ ਸਨ। ਉਹਦੇ ਮੱਤ ਵਿਚ ਉਹ ਆਪ ਰਚਣਹਾਰ ਦੇ ਮੂੰਹ ਤੋਂ ਪੈਦਾ ਹੋਣ ਕਰਕੇ ਮਨੁੱਖ ਜਾਤੀ ਦਾ ਮੁਖੀ ਸੀ, ਉਸ ਦਾ ਹਿਮਾਇਤੀ ਛੱਤ੍ਰੀ, ਇਨਸਾਨੀਅਤ ਦੀ ਬਾਂਹ; ਉਸ ਦਾ ਪੁਜਾਰੀ ਵੈਸ਼ ਪਟ, ਤੇ ਖ਼ਾਦਮ ਸ਼ੂਦਰ ਮਨੁੱਖਤਾ ਦੇ ਪੈਰ ਸਨ। ਜਿਹੜਾ ਆਪਣਾ ਦਾਮਨ ਲੀਰ ਲੀਰ ਕਰ ਸੁੱਟੇ, ਉਸ ਨੂੰ ਕਿਸੇ ਦੇ ਕੁੜਤੇ ਦੀ ਕੀ ? ‘ਖ਼ਾਨੇ ਆਪਣੇ ਜਿਨ੍ਹਾਂ ਬਰਬਾਦ ਕੀਤੇ। ਉਹ ਕੀ ਜਾਣਦੇ ਹੋਰ ਆਬਾਦੀਆਂ ਨੂੰ।’

ਉਹ ਬਾਕੀ ਦੀ ਦੁਨੀਆ ਨੂੰ ਰਾਖਸ਼, ਦਾਨਵ, ਯਵਨ ਤੇ ਮਲੇਸ਼ ਵਰਗੇ ਘਿਰਣਾ ਭਰੇ ਅੱਖਰਾਂ ਨਾਲ ਪੁਕਾਰਦੇ ਸੀ। ਬਾਕੀ ਤਾਂ ਚੁੱਪ ਕਰ ਰਹੇ ਪਰ ਮੁਸਲਮਾਨ ਤਲਵਾਰ ਲੈ ਸਾਹਮਣੇ ਆ ਡਟਿਆ। ਭਾਰਤ ਵਰਸ਼ ਦੇ ਸਟੇਜ ’ਤੇ ਮਨੁੱਖ ਜਾਤੀ ਦੀਆਂ ਦੋਹਾਂ ਸ਼੍ਰੇਣੀਆਂ ਦੇ ਮੁਦਈ, ਮੁੱਲਾਂ ਤੇ ਬ੍ਰਾਹਮਣਾਂ ਦਾ ਘੋਲ ਹੋਣ ਲੱਗਾ। ਆਪਸ ਵਿਚ ਅਜਿਹੇ ਵਿਗੜੇ ਕਿ ਇਕ ਦੂਜੇ ਕੋਲੋਂ ਮੂੰਹ ਮੋੜ ਬੈਠੇ। ਬ੍ਰਾਹਮਣਾਂ ਨੇ ਮੂੰਹ ਚੜ੍ਹਦੇ ਵੱਲ ਕਰ ਲਿਆ ਤੇ ਮੁੱਲਾਂ ਨੇ ਲਹਿੰਦੇ ਵੱਲ। ਇਕੋ ਮਨੁੱਖ ਜਾਤੀ ਦੇ ਦੋ ਮਨੁੱਖ, ਸਕੇ ਭਰਾ, ਧੁੰਧਲੇ ਚਾਨਣ ਵਿਚ ਅਜਿਹੇ ਭੁੱਲੇ ਕਿ ਇਕ ਦੂਜੇ ਦੇ ਵੈਰੀ ਬਣ ਬੈਠੇ ਤੇ ਲੱਗੇ ਇਕ ਦੁਜੇ ਨੂੰ ਮਾਰਨ। ‘ਜੋਗੀ ਜੋਗੀ ਲੜ ਪਏ, ਖੱਪਰਾਂ ਦਾ ਨੁਕਸਾਨ’ ਦੇ ਅਖਾਣ ਅਨੁਸਾਰ ਇਨ੍ਹਾਂ ਦੇ ਘੋਲ ਨੇ ਜਗਤ ਵਿਚ ਕੁਹਰਾਮ ਮਚਾ ਦਿੱਤਾ। ਭਾਵੇਂ ਇਨ੍ਹਾਂ ਤੋਂ ਪਰੇ ਦੂਸਰੇ ਮੁਲਕਾਂ ਵਿਚ ਯਹੂਦੀ, ਈਸਾਈ ਪਾਦਰੀ ਅਤੇ ਜੈਨ, ਬੋਧ ਆਦਿ ਭੀ ਹੱਥੋ ਪਾਈ ਹੋ ਰਹੇ ਸਨ, ਪਰ ਭਾਰਤ ਵਿਚ ਤਾਂ ਇਸ ਲੜਾਈ ਦੀ ਅਤਿ ਹੀ ਹੋ ਗਈ ਤੇ ਮਨੁੱਖ ਉਹ ਜ਼ੁਲਮ ਇਕ ਦੂਜੇ ’ਤੇ ਕਰਨ ਲੱਗਾ। ਜਿਸ ਨੂੰ ਵੇਖ ਧਰਤੀ ਤੇ ਦਰਦਮੰਦ ਦਿਲ ਰੋ ਉਠਿਆ ਤੇ ਪੁਕਾਰ ਕੀਤੀ ‘ਹਿੰਦੂ ਮਲੇਸ਼ ਕਹਿੰਦਾ, ਉਹ ਕਾਫ਼ਰ ਪੁਕਾਰਦਾ। ਚੜ੍ਹਦੇ ਨੂੰ ਰੁਖ਼ ਸੀ ਉਹਦਾ, ਉਹ ਲਹਿੰਦੇ ਨੂੰ ਤਾੜਦਾ। ਅੱਲਾ ਦਾ ਉਹ ਫ਼ਿਦਾਈ, ਆਸ਼ਕ ਅਉਤਾਰ ਦਾ। ਵੈਰੀ ਭਰਾ ਭਰਾ ਸੀ ਇਕ ਦੂਜੇ ਨੂੰ ਮਾਰਦਾ। ਭਾਰਤ ਪੁਕਾਰੀ ਬਾਲਾਂ ਕੋ ਸਮਝਾਵਨਹਾਰਾ ਹੈ  ? ਗ਼ੈਬੋਂ ਆਵਾਜ਼ ਆਈ ‘ਇਕ ਨਾਨਕ ਪਿਆਰਾ ਹੈ’।

ਇਸ ਸਮਾਜ ਤੋਂ ਬਣੀ ਹੋਈ ਮਜ਼੍ਹਬੀ ਬਣਤਰ ਤਾਂ ਖ਼ਰਾਬ ਹੋਣੀ ਹੀ ਸੀ ਕਿਉਂਕਿ ਜਦੋਂ ਸਮਾਜ ਵਿਚ ਮਨੁੱਖ ਇਕ ਦੂਜੇ ਨਾਲ ਨਿਆਇ ਨਾ ਕਰੇ, ਤਦ ਨੀਤੀ ਵਿਚ (ਉਸ ਦੀ ਆਸ ਕਿਥੇ ? ਇਹ ਤਾਂ ਇਸ ਸਮਾਜ ਵਿਚ ਵੰਡਾਂ ਪਾਈ ਬੈਠਾ ਸੀ। ਵਿਸ਼ੇਸ਼ ਕਰਕੇ ਬ੍ਰਾਹਮਣ ਤਾਂ ਬਹੁਤਾ ਹੀ ਅਗਾਂਹ ਲੰਘ ਗਿਆ ਸੀ। ਉਹ ਇਸਤ੍ਰੀ ਦੀ ਭਾਰੀ ਬੇਇਜ਼ਤੀ ਕਰਦਾ ਸੀ। ਉਸ ਨੂੰ ਮਾਇਆ ਕਹਿੰਦਾ ਸੀ। ਉਸ ਦੇ ਨਾਲ ਮਰਦ ਦੇ ਸੰਬੰਧ ਪੈਦਾ ਕਰਨ ਨੂੰ ਪਿਤਰੀ ਰਿਣ ਅਦਾ ਕਰਨ ਦੀ ਮਜਬੂਰੀ ਦੱਸਦਾ ਸੀ। ਮਰਦ ਦੇ ਮਰ ਜਾਣ ਬਾਅਦ ਇਸਤ੍ਰੀ ਨੂੰ ਨਾਲ ਹੀ ਜੀਊਂਦੀ ਜਲਾ ਦੇਣ ਦਾ ਹੁਕਮ ਦੇਂਦਾ ਸੀ। ਕਿਉਂ ਜੁ ਮਰ ਜਾਣ ਵਾਲੇ ਦੀ ਮਾਇਆ ਕਿਸੇ ਹੋਰ ਜੀਊਂਦੇ ਨੂੰ ਨਾ ਲੱਗ ਜਾਵੇ। ਜਿਥੇ ਯਹੂਦੀ, ਪਾਦਰੀ ਤੇ ਮੁੱਲਾਂ, ਮਜ਼੍ਹਬੀ ਵਿਤਕਰੇ ਤਾਂ ਪਾਉਂਦੇ ਸਨ ਪਰ ਆਪਣੀ ਆਪਣੀ ਉੱਮਤ ਨੂੰ ਇਕ ਸਮਾਨ ਸਮਝਦੇ ਸਨ, ਉਥੇ ਬ੍ਰਾਹਮਣ ਦੂਜਿਆਂ ਤੋਂ ਨਫ਼ਰਤ ਤੇ ਆਪਣਿਆਂ ਵਿਚ ਵਿਤਕਰੇ ਪਾਉਂਦਾ ਸੀ। ਉਹ ਆਪਣੇ ਕਾਇਦਿਆਂ ਦਾ ਕਰੜਾ ਸੀ। ਹੁਕਮ ਸਖ਼ਤੀ ਨਾਲ ਮਨਵਾਉਂਦਾ ਸੀ। ਇਸਤ੍ਰੀ ਤੇ ਸ਼ੂਦਰ ਦੀ ਕੋਈ ਰਿਆਇਤ ਰੱਤਾ ਨਹੀਂ ਸੀ ਰੱਖਦਾ। ਮਾੜੇ ਮੋਟਿਆਂ ਦੀ ਗੱਲ ਹੀ ਨਹੀਂ। ਉਸ ਦੀ ਤਾਲੀਮ ਦੇ ਅਸਰ ਹੇਠ, ਸੀਤਾ ਜਿਹੀਆਂ ਸਤਵੰਤੀਆਂ ਨੂੰ ਬਣਾਂ ਵਿਚ ਭਟਕਣਾ ਪਿਆ, ਰਿਸ਼ੀ ਆਸ਼੍ਰਮ ਵਿਚ ਗੁਜ਼ਾਰਾ ਕਰਨਾ ਪਿਆ; ਕਬੀਰ ਜਿਹੇ ਮਹਾਨ ਸੰਤ ਨੂੰ ਸ਼ੂਦਰ ਹੋਣ ਕਾਰਨ ਗੰਗਾ ਵਿਚ ਗੋਤੇ ਲੈਣੇ ਪਏ ਤੇ ਸ੍ਰੀ ਨਾਮਦੇਵ ਜੈਸੇ ਨਾਮ-ਰਸਿਕ ਸਾਦਿਕ ਨੂੰ ਦੇਹੁਰੇ ’ਚੋਂ ਧੱਕੇ ਖਾ ਕੇ ਬਾਹਰ ਨਿਕਲਣਾ ਪਿਆ। ਉਹ ਕਿਹੋ ਜਿਹਾ ਦ੍ਰਿਸ਼ ਸੀ, ਜਦ ਦੇਹੁਰੇ ਵਿਚ ਬ੍ਰਾਹਮਣ ਮਿਲ ਕੇ ਦੇਵਤੇ ਦੀ ਆਰਤੀ ਉਤਾਰ ਰਹੇ ਸਨ ਤੇ ਪ੍ਰਭੂ-ਵੱਸ ਹੋ ਨਾਮਾ, ਜਿਸ ਦਾ ਜਨਮ ਉਸ ਸੇਵਕ ਸ਼੍ਰੇਣੀ ’ਚੋਂ ਸੀ, ਜੋ ਮਨੁੱਖ ਜਾਤੀ ਲਈ ਕੱਪੜੇ ਸੀਂਦੀ ਤੇ ਮੈਲੇ ਧੋ ਸਾਫ਼ ਕਰ, ਮਨੁੱਖ ਨੂੰ ਗਲੇ ਪਵਾ ਕੇ ਸ਼ਿੰਗਾਰਦੀ ਸੀ। ਪਿੱਛੇ ਖਲੋਤਾ ਭਗਤ, ਭਗਵਾਨ ਵਿਚ ਮਸਤ ਸੀ। ਉਸ ਨੂੰ ਬ੍ਰਹਮਾ ਦੀ ਬੋਲੀ ਨਹੀਂ ਸੀ ਆਉਂਦੀ ਪਰ ਉਹ ਪ੍ਰੇਮ ਦੀ ਜ਼ਬਾਨ ਤੋਂ ਜਾਣਕਾਰ ਸੀ; ਉਹ ਸੰਸਕ੍ਰਿਤ ਦੇ ਮੰਤ੍ਰ ਨਹੀਂ ਸੀ ਪੜ੍ਹਿਆ ਪਰ ਪਿਆਰ ਦੇ ਪੰਧ ਪਿਆ ਹੋਇਆ ਸੀ, ਉਹ ਤਾਲ ਮ੍ਰਿਦੰਗ ਨਹੀਂ ਸੀ ਵਜਾ ਰਿਹਾ, ਸਗੋਂ ਦਿਲ-ਪ੍ਰੀਤ-ਵੀਣਾ ਦੀਆਂ ਤਰਬਾਂ (ਸਾਰੰਗੀ ਆਦਿ ’ਚ ਲੱਗੇ ਗੂੰਜਣ ਵਾਲ਼ੇ ਤਾਰ), ਵਲਵਲੇ ਦੇ ਮਿਜ਼ਰਾਬ (ਇੱਕ ਛੱਲਾ, ਜਿਸ ਨਾਲ਼ ਰਬਾਬ, ਸਿਤਾਰ ਆਦਿ ਵਜਾਈਦੇ ਹਨ) ਨਾਲ ਥਿਰਕ ਥਿਰਕ ਕੇ ਜੀਵਨ ਨਗ਼ਮਾ ਸੁਣਾ ਰਹੀਆਂ ਸਨ। ਉਸ ਦੀ ਸੁਰ ਬ੍ਰਾਹਮਣਾਂ ਨਾਲ ਮਿਲ ਨਾ ਸਕੀ, ਮਿਲਦੀ ਭੀ ਕਿਸ ਤਰ੍ਹਾਂ, ਦੋਹਾਂ ਦੀ ਮਾਨਸਿਕ ਅਵਸਥਾ ਵਿਚ ਭਾਰਾ ਭੇਦ ਸੀ। ਭਾਵੇਂ ਪ੍ਰਗਟ ਤੌਰ ’ਤੇ ਤਾਂ ਦੋਵੇਂ ਹੀ ਇਕੋ ਦੇਹੁਰੇ ਵਿਚ ਨਾਲ ਨਾਲ ਖੜੋਤੇ, ਇਕੋ ਦੇਵ ਦੀ ਪੂਜਾ ਕਰ ਰਹੇ ਸਨ, ਪਰ ਦਿਲ ਦੁਰਾਡੇ (ਦੂਰ) ਸਨ। ਇਕ ਕਰਮ-ਕਾਂਡ ਦੇ ਕੰਧਿਆਂ ’ਤੇ ਸਵਾਰ ਸੀ ਤੇ ਦੂਜਾ ਪ੍ਰੇਮ ਦੇ ਪਰਾਂ ’ਤੇ ਉੱਡ ਰਿਹਾ ਸੀ। ਜ਼ਾਹਿਰਾ ਤੌਰ ’ਤੇ ਇਕੋ ਜਿਹਾ ਦ੍ਰਿਸ਼ ਦਿਸ ਆਉਂਦਾ ਸੀ ਪਰ ਅੰਦਰੋਂ ਭੇਦ ਸੀ। ਜਿਸ ਤਰ੍ਹਾਂ ਜਿਵੇਂ ਕੋਇਲ ਤੇ ਕਾਂ, ਦੇਖਣ ਵਿਚ ਦੋਵੇਂ ਕਾਲੇ ਜਿਹੇ ਜਨੌਰ ਹਨ, ਪਰ ਬੋਲੀ ਵਿਚ ਭਾਰੀ ਭੇਦ ਰੱਖਦੇ ਹਨ। ਲਿਖਿਆ ਹੈ ‘ਕੋਇਲ ਨੂੰ ਆਖਣ ਮਿੱਠੀ ਬੋਲੀ, ਕਾਂ ਆਖਣ ਕੰਨ ਖਾਵਣ। ਕਾਂ ਕਾਲਾ ਕੋਇਲ ਭੀ ਕਾਲੀ, ਦੋਵੇਂ ਪੰਛੀ-ਜਾਤ ਸਦਾਵਣ। ਜਾਂ ਟੁੱਕਰ ਤਾਂ ਕਾਂ ਕਾਂ ਕਰਦਾ, ਹੀਣਾ ਜੱਗ ਤੇ ਹੋਇਆ। ਪ੍ਰੀਤਮ ਦੇ ਬ੍ਰਿਹੋਂ ਵਿਚ ਗਾਉਂਦੀ, ਕੋਇਲ ਸੋਭਾ ਪਾਵਣ।’

ਦੇਹੁਰਾ ਵਿਚ ਭੀ ਇਹੋ ਹੀ ਦ੍ਰਿਸ਼ ਸੀ, ਇਕ ਪਾਸੇ ਪੁਜਾ ਦੇ ਟੁੱਕਰ ’ਤੇ ਕਾਂ ਕਾਂ ਕਰਨ ਵਾਲਾ ਪੁਜਾਰੀ ਤੇ ਦੂਜੇ ਬੰਨੇ ਪ੍ਰੀਤ ਰੀਤ ਦੇ ਗੀਤ ਵਾਲਾ ਪ੍ਰੇਮੀ, ਪਰ ਸਮਾਜ ਦੇ ਮੁਖੀ ਬ੍ਰਾਹਮਣ ਨੇ ਮਨੁੱਖ ਜਾਤੀ ਵਿਚ ਜੋ ਵਿਤਕਰਾ ਪਾ ਰਖਿਆ ਸੀ, ਉਸ ਦੇ ਅਨੁਸਾਰ ਸੇਵਕ ਸ਼੍ਰੇਣੀ ਵਿਚ ਪੈਦਾ ਹੋਏ ਬੰਦੇ ਨੂੰ (ਭਾਵੇਂ ਉਹਦੀ ਕਰਨੀ ਤੇ ਕਰਮ ਦੂਜਿਆਂ ਨਾਲੋਂ ਉੱਚੇ ਹਨ) ਸ਼ੂਦਰ ਕਹੇ ਜਾਂਦੇ ਸਨ ਤੇ ਉਨ੍ਹਾਂ ਨੂੰ ਮੰਦਰ ਵਿਚ ਆ ਕੇ ਦੇਵ-ਦਰਸ਼ਨ ਕਰਨ ਦਾ ਅਧਿਕਾਰ ਨਹੀਂ ਸੀ। ਚੁਨਾਂਚਿ (ਭਾਵ ਇਸ ਲਈ) ਇਸ ਜਗਤ ਦਾ ਭੀ, ਜਿਸ ਦਾ ਜਨਮ ਸੇਵਕ ਸ਼੍ਰੇਣੀ ’ਚੋਂ ਸੀ, ਸਮਾਜ ਦੀ ਮਰਯਾਦਾ ਨੂੰ ਤੋੜਦਾ ਤੱਕ ਕੇ ਪੁਜਾਰੀਆਂ ਨੇ ਧੱਕੇ ਮਾਰਨੇ ਸ਼ੁਰੂ ਕਰ ਦਿੱਤੇ ਤੇ ਉਸ ਨੇ ਸੱਜਲ ਨੈਣ ਹੋ ਪਰਮੇਸ਼ਰ ਤੋਂ ਪੁੱਛ ਕੀਤੀ; ਲਿਖਿਆ ਹੈ ‘ਮੰਦਰ ਦੇ ਅੰਦਰ ਹੋਰ ਹੀ ਕੌਤਕ ਸੀ ਹੋ ਰਿਹਾ। ਪੰਡਤ ਜੀ ਜਾਤੀ ਵਰਣ ਦੀ ਚੱਕੀ ਸੀ ਝੋ ਰਿਹਾ। ਠਾਕਰ ਦੇ ਕੋਲ ਆ ਜਗ ਬਾਹਰ ਖਲੋ ਰਿਹਾ। ਦੇਹੁਰੇ ਤੋਂ ਧੱਕੇ ਖਾ ਕੇ ਜਦ ਆਸ਼ਕ ਸੀ ਰੋ ਰਿਹਾ। ਪੁੱਛਦਾ ਸੀ ਭਰਮ ਜਾਤਾਂ ਦੇ ਜੋ ਕਾਟਨਹਾਰਾ ਹੈ। ਗ਼ੈਬੋਂ ਆਵਾਜ਼ ਆਈ ‘ਇਕ ਨਾਨਕ ਪਿਆਰਾ ਹੈ’।

ਅਸਲ ਵਿਚ ਨੀਤੀ ਖੇਤਰ ਵਿਚ ਜ਼ੁਲਮ ਹੀ ਸਨ ਕਿਉਂਕਿ ਮਨੁੱਖੀ ਸਮਾਜ ਦੀ ਬਣਤਰ ਵਿਚ ਵਿਤਕਰਾ ਸੀ ਤੇ ਮਨੁੱਖੀ ਸਮਾਜ ਵਿਚ ਵਿਤਕਰਾ ਇਸ ਕਰਕੇ ਸੀ ਕਿ ਮਨੁੱਖੀ ਮਨ ਵਿਚ ਪੂਰਨ ਚਾਨਣ ਨਹੀਂ ਸੀ ਪਿਆ। ਉਸ ਨੂੰ ਆਪੇ ਦੀ ਪੂਰੀ ਸੋਝੀ ਨਹੀਂ ਸੀ ਆਈ, ਉਹ ਅਜੇ ਅੱਕੀਂ ਪਲਾਹੀਂ ਹੱਥ ਮਾਰਦਾ ਸੀ ਯਾਨੀ ਕੁੱਝ ਨਹੀਂ ਸੁਝਦਾ ਸੀ, ਉਸ ਨੂੰ ਮੰਜ਼ਲ ਪ੍ਰਾਪਤ ਨਹੀਂ ਸੀ ਹੁੰਦੀ। ਉਹ ਟੁਰਿਆ ਤਾਂ ਜਾਂਦਾ ਸੀ, ਪਰ ਵਾਟ ਮੁੱਕਦੀ ਨਜ਼ਰ ਨਹੀਂ ਸੀ ਆਉਂਦੀ। ਉਹ ਅੰਦਰਲੇ ਭੁਲੇਵਿਆਂ ਤੋਂ ਘਾਬਰ, ਫਿਰ ਬਾਹਰਲੀ ਦੁਨੀਆ ਵਿਚ ਹੀ ਹਕੀਕਤ ਦੀ ਤਲਾਸ਼ ਕਰਨ ਲੱਗ ਪੈਂਦਾ ਸੀ। ਪਰ ਬਾਹਰ ਤਾਂ ਰੂਪ ਦਾ ਪਸਾਰਾ ਸੀ, ਉਸ ’ਚੋਂ ਅਰੂਪ ਕਿੱਦਾਂ ਲੱਭਦਾ। ਮਕਸਦ ਹੱਥ ਨਹੀਂ ਸੀ ਆਉਂਦਾ, ਪ੍ਰੇਸ਼ਾਨ ਜਿਹਾ ਹੋ ਰਿਹਾ ਸੀ। ਇਹੋ ਕਾਰਨ ਸੀ ਕਿ ਘਬਰਾਹਟ ਵਿਚ ਬਣਿਆ ਸਮਾਜ ਤੇ ਉਸ ਦਾ ਫਲ (ਰਾਜਨੀਤੀ); ਦੋਵੇਂ ਫਿੱਕੀਆਂ ਸਨ। ਚਿਮਨੀ ਤੇ ਬੱਤੀ ਦੋਵੇਂ ਸੱਚੀ ਰਾਹ ਕਿਵੇਂ ਦੱਸਦੀਆਂ, ਜਦੋਂ ਤਕ ਕਿ ਸ਼ੋਅਲਾ ਪੁਰੀ ਚਮਕ ਨਾ ਮਾਰਦਾ। ਆਤਮਾ ਦੇ ਪੂਰੇ ਪ੍ਰਕਾਸ਼ ਤੋਂ ਬਿਨਾ ਮਾਨਸਿਕ ਧੁੰਧਲੀ ਰੌਸ਼ਨੀ ’ਚ ਬੰਨ੍ਹਿਆ ਮਨੁੱਖੀ ਜੀਵਨ ਥੋੜ੍ਹਾ ਚਿਰ ਹੀ ਸਵਾਦਲਾ ਲੱਗਣ ਤੋਂ ਬਾਅਦ ਬੇਸਵਾਦ ਹੋ ਗਿਆ ਸੀ, ਕਿਉਂ ਜੁ ਅਨੁਭਵ ਦੀਆਂ ਅੱਖਾਂ ਨੂੰ ਵੇਖਣ ਦਾ ਰਸ ਪੈ ਗਿਆ ਸੀ ਤੇ ਉਹ ਪੂਰਨ ਚਾਨਣ ਲੋੜਦੀਆਂ ਸਨ। ਉਨ੍ਹਾਂ ਨੂੰ ਤਾਰਿਆਂ ਦੀ ਲੋਅ ਵਿਚ ਸਹੀ ਰਸਤਾ ਨਹੀਂ ਸੀ ਦਿਸਦਾ, ਠੋਕਰ ਲੱਗਦੀ ਸੀ ਤੇ ਉਖੇੜਾਂ ਅਰੂਪ ਦੇ ਧਿਆਨ ’ਚੋਂ ਫਿਰ ਰੂਪ ਦੀ ਦੁਨੀਆ ਵੱਲ ਆਉਂਦੀਆਂ ਸਨ, ਜਿਸ ਕਰਕੇ ਉਸ ਨੇ ਚੀਕ ਕੇ ਕਿਹਾ ਕਿ ਏਨੇ ਚਾਨਣ ਨਾਲ ਕੰਮ ਨਹੀਂ ਬਣਦਾ ਤੇ ਸਿੱਧਾ ਰਾਹ ਨਹੀਂ ਦਿਸਦਾ; ਲਿਖਿਆ ਹੈ ‘ਤੀਰਥ ਤੇ ਧਾਮ ਸੀ ਕੋਈ ਜਾ ਕੇ ਪਰਸ ਰਹੇ। ਕਾਬੇ ਦੀ ਹੱਜ ਲਈ ਕਈ ਕਮਰਾਂ ਕੱਸ ਰਹੇ । ਪਰਬਤ ਕੈਲਾਸ਼ ਜਾ ਕਈ, ਬਰਫੀਂ ਸੀ ਧਸ ਗਏ। ਲੱਭਾ ਨ ਯਾਰ, ਲੱਭਦੇ ਸਦੀਆਂ ਬਰਸ ਰਹੇ। ਸਿੱਧਾ ਜੋ ਦੱਸੇ ਰਾਹ ਕੋਈ ਚਾਨਣ ਮੁਨਾਰਾ ਹੈ। ਗ਼ੈਬੋਂ ਆਵਾਜ਼ ਆਈ ‘ਇਕ ਨਾਨਕ ਪਿਆਰਾ ਹੈ’।

ਇਹ ਹਕੀਕਤ ਤੋਂ ਉੱਖੜੀ ਨਿਗਾਹ ਤੇ ਕੁਰਾਹੇ ਪਿਆ, ਰੂਪ ਦੀ ਦੁਨੀਆ ਵੱਲ ਲੱਗਾ ਹੋਇਆ ਆਮ ਮਨੁੱਖੀ ਮਨ ਹੀ ਨਿਰਾ ਹਕੀਕਤ ਤੋਂ ਉੱਕਿਆ ਹੋਇਆ ਨਹੀਂ ਸੀ, ਸਗੋਂ ਹਠ ਕਰ ਉਸ ਧੁੰਧਲੇ ਚਾਨਣ ਵਿਚ ਹੀ ਟੁਰੇ ਜਾ ਰਹੇ ਮਨੁੱਖ ਵੀ ਮੰਜ਼ਲ ਤੋਂ ਦੁਰਾਡੇ ਦਿਸ ਆਉਂਦੇ ਸਨ। ਕਿਉਂ ਜੁ ਅਸਲ ਰਾਹ ਤਾਂ ਆਪੇ ਨੂੰ ਵੱਡੇ ਆਪੇ ਵੱਲ ਲੈ ਜਾਣਾ ਸੀ। ਪਿਤਾ ਦਾ ਪੁੱਤਰ ਨਾਲ ਮਿਲਾਪ, ਕਿਰਨ ਦਾ ਸੂਰਜ ਵਿਚ ਜੁੜਨ ਤੇ ਬੂੰਦ ਦਾ ਸਰੀਰ ਵਿਚ ਸਮਾਉਣਾ ਸੀ; ਪਰ ਇਸ ਮੰਜ਼ਲ ਵੱਲ ਜਾਣ ਵਾਲੀ ਸੜਕ ਪ੍ਰੇਮ ਤੋਂ ਘੁੱਥੇ ਹੋਏ ਉੱਦਮੀ ਮਨੁੱਖ ਭੀ ਮੰਜ਼ਲ ਤੋਂ ਦੁਰੇਡੇ ਜਾ ਰਹੇ ਸਨ ਤੇ ਜਿਸ ਤਰ੍ਹਾਂ ਕਿਸੇ ਮੇਲੇ ਦੀ ਭੀੜ ਵਿਚ ਕਿਸੇ ਬੁੱਢੜੀ ਦਾ ਅੰਞਾਣਾ ਪੋਤਰਾ ਘੁੱਸ (ਖੁੰਝ) ਜਾਵੇ ਤਾਂ ਉਹ ਬਿਹਬਲ ਹੋਈ ਸੱਜਲ ਨੈਣਾਂ ਨਾਲ ਦੌੜਦੀ ਦੌੜਦੀ ਉਸ ਨੂੰ ਭਾਲਦੀ ਫਿਰਦੀ ਹੈ ਤੇ ਜਦੋਂ ਭੀ ਉਸ ਨੁਹਾਰ ਦੇ, ਉਸ ਉਮਰ ਦੇ ਬੱਚੇ ਨੂੰ ਤੱਕਦੀ ਹੈ ਤਾਂ ਭੱਜਦੀ ਹੋਈ ਜੱਫੀ ਪਾਉਂਦੀ ਹੈ, ਪਰ ਜਦੋਂ ਦਿਲ ਟਿਕਾਣੇ ਆਉਂਦਾ ਹੈ, ਅੱਖਾਂ ’ਚੋਂ ਹੰਝੂ ਪੂੰਝਦੀ ਹੈ ਤਾਂ ਪਤਾ ਲੱਗਦਾ ਹੈ ਕਿ ਉਹ ਉਸ ਦਾ ਪੋਤਰਾ ਨਹੀਂ ਹੈ, ਫਿਰ ਅਗਾਂਹ ਟੁਰ ਪੈਂਦੀ ਹੈ। ਇਸੇ ਤਰ੍ਹਾਂ ਹੀ ਧੁੰਧਲੇ ਚਾਨਣ ਵਿਚ ਮਨੁੱਖ-ਪਦ ਦੀ ਤਲਾਸ਼ ਵਿਚ ਟੁਰੇ ਹੋਏ ਉਹ ਪਾਂਧੀ ਭੀ, ਜੋ ਕਿ ਅੱਕ ਕੇ ਰੁਪ ਦੇ ਪ੍ਰਕਿਰਤਿਕ ਜਗਤ ਵਿਚ ਹੀ ਨਹੀਂ ਸਨ ਰੁੱਝ ਗਏ, ਸਗੋਂ ਸਹੀ ਪਦਵੀ ਨੂੰ ਪਾਉਣ ਦੀ ਥਾਂ ਉਸ ਨਾਲ ਮਿਲਦੀਆਂ ਜੁਲਦੀਆਂ ਪਦਵੀਆਂ ਨੂੰ, ਘਾਬਰੀ ਹੋਈ ਬੁੱਢੜੀ ਵਾਂਗ ਜੱਫੀ ਮਾਰ ਰਹੇ ਸਨ। ਪਰ ਜਦੋਂ ਸਹੀ ਸਮਝ ਆਉਂਦੀ ਸੀ ਤਦ ਫਿਰ ਅਗਾਂਹ ਨੂੰ ਉੱਠ ਭੱਜਦੇ ਸਨ।

ਇਹ ਪਦਵੀਆਂ ਮਾਨਸਿਕ ਸਫ਼ਰ ਦੇ ਮੁਖ਼ਤਲਿਫ਼ (ਹੋਰ) ਪੜਾਅ ਸਨ, ਪਰ ਆਖ਼ਰੀ ਮੰਜ਼ਲ ਨਹੀਂ ਸੀ ਤੇ ਉਸ ਮਨੁੱਖ ਵਾਂਗ ਜਿਹੜਾ ਕਿ ਤੜਕੇ ਧੁੰਧ ਪਈ ਵਿਚ ਆਪਣਾ ਸਫ਼ਰ ਸ਼ੁਰੂ ਕਰ ਦੇਵੇ ਤੇ ਪੂਰਾ ਚਾਨਣ ਨਾ ਹੋਣ ਕਰਕੇ ਕਿਤੇ ਡੰਡੀ ਤੋਂ ਥਿੜਕ ਜਾਵੇ ਪਰ ਫਿਰ ਘਰ ਹੀ ਆ ਜਾਵੇ, ਸਫ਼ਰ ਤਾਂ ਕਰੇ ਪਰ ਚੱਕਰਾਂ ਵਿਚ। ਇਹ ਲੋਕ ਭੀ ਮਾਨਸਿਕ ਤੌਰ ਤੇ ਚੱਕਰ ਵਿਚ ਫਸੇ ਪਏ ਸਨ ਤੇ ਮਨੁੱਖਤਾ ਦੀ ਅਸਲ ਪਦਵੀ ਤੋਂ ਥੱਲੇ ਦੀਆਂ ਮੰਜ਼ਲਾਂ-ਰਿਧੀਆਂ, ਸਿਧੀਆਂ ਤੇ ਸ੍ਵਰਗਾਂ ਵਿਚ ਫਿਰੀ ਜਾਂਦੇ ਸਨ ਅਤੇ ਥੱਕ ਕੇ ਪੁਕਾਰ ਉੱਠਦੇ ਸਨ ਕਿ ਮੰਜ਼ਲ ਤਾਂ ਕੋਈ ਹੋਰ ਹੈ ਪਰ ਲੱਭੇ ਕਿਸ ਤਰ੍ਹਾਂ  ? ਦੱਸਿਆ ਹੈ ‘ਪਰਬਤ ਦੇ ਖੁੰਦਰੀਂ ਕਈ ਮਾਇਆ ਤੋਂ ਲੁਕ ਗਏ। ਤਪਸੀ ਲਿਖਮ ਤਪਾਂ ਦੇ, ਕੁਝ ਅੰਗ ਸੀ ਸੁਕ ਗਏ। ਸੁਰਗਾਂ ਦੇ ਲੋੜਵੰਦ ਕਈ, ਜੰਨਤ ਨੂੰ ਝੁਕ ਗਏ । ਸਿਧੀ ਕਰਾਮਾਤਾਂ ਦੇ ਵਿਚ, ਜੰਗੀ ਸੀ ਰੁਕ ਗਏ । ਸੱਚਖੰਡ ਕੋ ਪੁਚਾਵੇ  ? ਰੋ ਜਗ ਨੇ ਪੁਕਾਰਾ ਹੈ। ਗ਼ੈਬੋਂ ਆਵਾਜ਼ ਆਈ ‘ਇਕ ਨਾਨਕ ਪਿਆਰਾ ਹੈ’।

ਗੱਲ ਕੀ, ਉਸ ਗੁਰੂ ਦੇ ਪ੍ਰਕਾਸ਼ ਤੋਂ ਪਹਿਲੇ ਜਿਸ ਦਾ ਨਾਮ ਨਾਨਕ ਹੈ, ਜਿਸ ਦੀ ਰੌਸ਼ਨੀ ਨੂੰ ਤੱਕ ਅੱਜ ਜਗਤ ਉਸ ਨੂੰ ਗੁਰੂ ਕਹਿੰਦਾ ਹੈ। ਮਨੁੱਖੀ ਮਨ ਦੇ ਸੇਹਨ ਵਿਚ ਤਾਰਿਆਂ ਦੀ ਧੁੰਧਲੀ ਜਿਹੀ ਰੌਸ਼ਨੀ ਪੈ ਰਹੀ ਸੀ, ਜਿਸ ਕਰਕੇ ਮਨੁੱਖ ਦੀ ਧਾਰਮਕ, ਸਮਾਜਕ ਤੇ ਰਾਜਨੀਤਿਕ ਦਸ਼ਾ ਬੜੀ ਨੀਵੀਂ ਹੋ ਰਹੀ ਸੀ। ਉਹ ਤਾਂ ਪਸ਼ੂ ਜੀਵਨ ਤੋਂ ਉਪਰਾਮ ਹੋ ਮਨੁੱਖੀ ਜੀਵਨ ਦੀ ਵਿਸ਼ੇਸ਼ਤਾ ਦਾ ਢੁੰਢਾਉ ਸੀ, ਕੋਈ ਉਚੇਰੀ ਪਦਵੀ ਭਾਲਦਾ ਸੀ। ਪਰ ਪੂਰਨ ਚਾਨਣ ਦੀ ਪ੍ਰਾਪਤੀ ਤੋਂ ਬਿਨਾ ਉਹ ਠੋਕਰ ਖਾ ਕੁਰਾਹੇ ਭੌਂਦਾ ਫਿਰਦਾ ਸੀ। ਉਸ ਦੀ ਨੀਤੀ ਨਰਕ ਦਾ ਦਵਾਰਾ ਸੀ, ਕਿਉਂ ਜੁ ਨਿਆਏ ਬਿਨਾ ਨੀਤੀ ਨਰਕ ਹੀ ਹੁੰਦੀ ਹੈ। ਅਰਸ਼ੀ ਆਵਾਜ਼ ਹੈ ‘‘ਰਾਜ ਲੀਲਾ, ਰਾਜਨ ਕੀ ਰਚਨਾ; ਕਰਿਆ ਹੁਕਮੁ ਅਫਾਰਾ ਸੇਜ ਸੋਹਨੀ ਚੰਦਨੁ ਚੋਆ; ਨਰਕ ਘੋਰ ਕਾ ਦੁਆਰਾ ’’ (ਮਹਲਾ /੬੪੨)

ਮਨੁੱਖੀ ਸਮਾਜ ਵਿਚ ਸਹੀ ਰੌਸ਼ਨੀ ਨਾ ਹੋਣ ਕਰਕੇ ਆਫਰੇ ਹੋਏ ਮਨੁੱਖ ਹੀ ਰਾਜ ਦੀ ਰਚਨਾ ਰਚ ਰਹੇ ਸਨ ਪਰ ਜਨਤਾ ਦੇ ਸੁਖ ਤੇ ਨਿਆਂ ਵਾਸਤੇ ਨਹੀਂ । ਪਸ਼ੂ ਬਲ ਉਨ੍ਹਾਂ ਦੀਆਂ ਆਪਣੀਆਂ ਨੀਵੀਂਆਂ ਕਾਮਨਾਵਾਂ ਦੀ ਲੀਲ੍ਹਾ ਸੀ, ਜਿਸ ਕਰਕੇ ਜੋ ਭੀ ਤਕੜਾ ਹੁੰਦਾ, ਉਹ ਨੀਵੇਂ ਨੂੰ ਮਾਰ ਲੈਂਦਾ ਤੇ ਦੋ ਪੁੜਾਂ ਵਿਚ ਰਈਅਤ (ਜਨਤਾ) ਦਾ ਦਲੀਆ ਹੋਈ ਜਾਂਦਾ ਸੀ। ਹਾਰਨ ਵਾਲਾ ਜਾਂਦੀ ਵਾਰ ਦਾ ਹੂੰਝਾ ਰਈਅਤ ਦੇ ਘਰੀਂ ਫੇਰਦਾ ਤੇ ਆਉਣ ਵਾਲਾ ਆਪਣੀ ਹਕੂਮਤ ਕਾਇਮ ਕਰਨ ਲਈ ਭਾਰੀ ਖ਼ਰਚਾਂ ਦੇ ਕਾਰਨ ਰਈਅਤ ਨੂੰ ਲੁੱਟਦਾ ਸੀ। ਭਾਰਤਵਰਸ਼ ਵਿਚ ਐਸੇ ਵਾਕਿਆ ਰੋਜ਼ ਹੀ ਹੁੰਦੇ ਰਹਿੰਦੇ ਸਨ/ਹਨ, ਜਦੋਂ ਇਕ ਰਾਜਾ ਜਾਂਦਾ ਤੇ ਦੂਜਾ ਆਉਂਦਾ ਸੀ। ਪਰ ਸਾਡੀ ਇਸ ਨੀਤੀ ਦੀ ਤਹਿ ਵਿਚ ਖ਼ਰਾਬੀ ਇਹ ਸੀ ਕਿ ਮਨੁੱਖੀ ਸਮਾਜ ਆਪਸ ਦੀਆਂ ਵੰਡੀਆਂ ਕਰਕੇ ਇਕ ਦੂਜੇ ਨਾਲ ਇਨਸਾਫ਼ ਨਹੀਂ ਸੀ ਕਰ ਸਕਦਾ, ਧੱਕਾ ਕਰਦਾ ਤੇ ਧੱਕਾ ਸਹਾਰਦਾ ਸੀ ਤੇ ਇਹ ਇਸ ਕਰਕੇ ਸੀ ਕਿ ਥੋੜ੍ਹੇ ਚਾਨਣ ਵਿਚ ਛੱਪੜ ਹੀ ਸਾਗਰ ਤੇ ਟਿੱਬੇ ਹੀ ਪਹਾੜ ਜਾਪਦੇ ਸਨ। ਸਿਧੀਆਂ, ਕਰਾਮਾਤਾਂ, ਸੁਰਗਾਂ ਤੇ ਬਹਿਸ਼ਤਾਂ ਦੇ ਨਕਸ਼ੇ ਹੀ ਮਨੁੱਖਾਂ ਦਾ ਆਦਰਸ਼ ਸਨ। ਅਸਲ ਵਿਚ ਇਹ ਜੀਵਨ-ਪੰਧ ਵਿਚ ਪਈਆਂ ਘੁੰਮਣ-ਘੇਰੀਆਂ ਸਨ, ਜੋ ਮਨੁੱਖ ਨੂੰ ਸੱਚੇ ਮਨੁੱਖੀ ਜੀਵਨ ਵੱਲ ਜਾਣ ਤੋਂ ਉਖੇੜ, ਚੱਕਰ ਵਿਚ ਪਾ, ਫਿਰ ਪਸ਼ੂ ਜੀਵਨ ਵੱਲ ਹੀ ਮੋੜ ਕੇ ਲੈ ਜਾ ਰਹੀਆਂ ਸਨ। ਰਿਧੀਆਂ ਸਿਧੀਆਂ ਕੀ ਸਨ  ? ਪ੍ਰਕਿਰਤਿਕ ਭੋਗਾਂ ਨੂੰ ਬਾਹਲੀ ਗਿਣਤੀ ’ਚ ਆਸਾਨੀ ਨਾਲ ਪ੍ਰਾਪਤ ਕਰ ਸਕਣ ਦੇ ਸਾਧਨ। ਸ੍ਵਰਗ ਤੇ ਬਹਿਸ਼ਤ ਕੀ ਸਨ  ? ਸਰੀਰਕ ਭੋਗਾਂ ਦੇ ਵੱਡੇ ਵੱਡੇ ਨਕਸ਼ੇ । ਇਨ੍ਹਾਂ ’ਚ ਪੈ ਜਾਣ ਕਾਰਨ ਮਨੁੱਖ ਇਕ ਵੱਡਾ ਪਸ਼ੂ ਤਾਂ ਹੋ ਸਕਦਾ ਸੀ, ਪਰ ਸੱਚਾ ਮਨੁੱਖ ਨਹੀਂ ਸੀ ਹੋ ਸਕਦਾ ਜਿਵੇਂ ਕਿ ਮਾਲਕ ਅੱਗੇ ਮੰਗ ਕਰਨੀ, ਝੁਕਣਾ, ਜੋਦੜੀ ਕਰਨੀ । ਮਨੁੱਖ ਨੂੰ ਪਸ਼ੂ ਪਦ ਦੀ ਅਜਿਹੀ ਭੁੱਲ ਕਿਉਂ ਲੱਗ ਰਹੀ ਸੀ  ? ਚਾਨਣ ਦੇ ਘਾਟੇ ਤੇ ਈਮਾਨ ਦੀ ਕਮਜ਼ੋਰੀ ਕਰਕੇ । ਇਸ ਕਿਸਮ ਦੇ ਈਮਾਨ ਨੂੰ ਤੱਕ ਕੇ ਹੀ ਤਾਂ ਇਕਬਾਲ ਨੇ ਕਿਹਾ ਹੈ ‘ਬਹਿਸ਼ਤੋ ਹੂਰੋ ਗ਼ਿਲਮਾਂ, ਇਵਜ਼ੇ ਤਾਇਤ, ਮੈ ਨ ਮਾਨੂੰਗਾ। ਇਨਹੀ ਬਾਤੋਂ ਸੇ ਐ ਵਾਹਿਜ਼, ਜ਼ਈਫ਼ ਈਮਾਨ ਹੋਤਾ ਹੈ।’

ਪਰ ਇਹ ਸਭ ਕੁਝ ਤਾਂ ਹੀ ਹਟ ਸਕਦਾ ਸੀ, ਜੇਕਰ ਮਨੁੱਖ ਨੂੰ ਪੂਰਨ ਮਿਲ ਸਕਦਾ । ਇਸ ਕਰਕੇ ਥੱਕੇ ਹੋਏ ਮਨੁੱਖ ਨੇ ਪੂਰਨ ਚਾਨਣ ਲਈ ਪੁਕਾਰ ਕੀਤੀ, ਇਹ ਪੁਕਾਰ ਰਾਜਨੀਤਿਕ ਖੇਤਰ ਵਿਚ ਮਜ਼ਲੂਮ ਰਿਆਇਆ ਦੀ ਜ਼ਬਾਨ ਤੋਂ, ਸਮਾਜ ਵਿਚ ਕੁਚਲੇ ਹੋਏ ਸ਼ੂਦਰ ਤੇ ਤ੍ਰਿਸਕਾਰੀਆਂ ਹੋਈਆਂ ਇਸਤ੍ਰੀਆਂ ਦੀ ਜਿਹਬਾ ਤੋਂ ਅਤੇ ਧਾਰਮਕ ਮੰਡਲ ਵਿਚ ਰਸਹੀਣ ਕਰਮ-ਕਾਂਡ ਕਰ, ਥੱਕੇ ਹੋਏ ਜਗਿਆਸੂਆਂ ਦੇ ਮੁੱਖੋਂ ਨਿਕਲੀ। ਉਹ ਦਰਦ ਭਰੀ ਸੀ, ਦਾਤਾ ਦੇ ਦਰ ਪੁੱਜੀ, ਨੂਰ ਨਾਨਕ ਹੋ ਚਮਕਿਆ ਤੇ ਜਿਨ੍ਹਾਂ ਦੇਖਿਆ ਉਹ ਕਹਿ ਉਠੇ ‘ਨਾਨਕ ਕਾਹਦਾ ਆਇਆ, ਪੂਰਨ ਨੂਰ ਆਇਆ ਹੈ’। ਤਾਰੇ ਮਾਤ ਪੈ ਗਏ ਤੇ ਉਨ੍ਹਾਂ ਬੜੀ ਨਿਮਰਤਾ ਨਾਲ ਆਪਣੇ ਛੋਟੇ ਛੋਟੇ ਚਾਨਣਾਂ ਨੂੰ ਇਸ ਸੂਰਜ ਦੇ ਚਾਨਣ ਵਿਚ ਮਿਲਾ ਦਿੱਤਾ। ਇਹ ਤੱਕ ਕੇ ਹੀ ਭਾਈ ਗੁਰਦਾਸ ਜੀ ਨੇ ਕਿਹਾ ਹੈ ‘‘ਜਿਉ ਕਰਿ ਸੂਰਜੁ ਨਿਕਲਿਆ; ਤਾਰੇ ਛਪਿ ਅੰਧੇਰੁ ਪਲੋਆ’’ (ਭਾਈ ਗੁਰਦਾਸ ਜੀ/ਵਾਰ ਪਉੜੀ ੨੭) ਪਦ ਅਰਥ : ਪਲੋਆ-ਪਲਾਇਨ ਹੋਇਆ, ਨੱਸ ਗਿਆ।

ਭਾਵੇਂ ਕਿਸੇ ਪ੍ਰਮਾਣਿਕ ਪੁਸਤਕ ਵਿਚ ਨਹੀਂ ਸੀ ਲਿਖਿਆ ਹੋਇਆ, ਪਰ ਇਸ ਪੂਰਨ ਨੂਰ ਦੇ ਆਉਣ ਦੀ ਗਵਾਹੀ ਭਾਈ ਗੁਰਦਾਸ ਜੀ ਤੋਂ ਪਹਿਲਾਂ ਕਈਆਂ ਨੇ ਦਿੱਤੀ ਸੀ, ਲਿਖਿਆ ਹੈ ‘ਇਹ ਤਲਵੰਡੀ ਦੀ ਦੌਲਤ, ਦਾਈ ਨੇ ਜੱਗ ਨੂੰ ਸੁਣਾਇਆ ਹੈ। ਇਹ ਪਾਂਧੇ, ਇਹੀ ਮੁੱਲਾਂ, ਇਹੀ ਰਾਏ ਨੇ ਅਲਾਇਆ ਹੈ। ਇਹ ਸੁਲਤਾਨਪੁਰ ਕਾਜ਼ੀ ਦੇ ਦੌਲਤ ਖ਼ਾਂ ਮਨਾਇਆ ਹੈ। ਇਹ ਗੀਤ ਬੀਬੀ ਨਾਨਕੀ ਜੀ ਨੇ ਭੀ ਗਾਇਆ ਹੈ। ਇਹੋ ਲਾਲੇ ਨੇ ਭਾਗੋ ਨੂੰ ਸੁਣਾ ਕੇ ਕੀਤਾ ਬਾਲਾ ਹੈ। ਗੁਰੂ ਨਾਨਕ ਦੇ ਆਵਣ ਤੇ ਹੋਇਆ ਜੱਗ ਵਿਚ ਉਜਾਲਾ ਹੈ।’

ਕੇਵਲ ਭਾਈ ਜੀ ਤੋਂ ਪਹਿਲਾਂ ਹੀ ਇਹ ਗਵਾਹੀ ਨਹੀਂ ਸੀ ਦਿੱਤੀ ਗਈ, ਸਗੋਂ ਮਗਰੋਂ ਭੀ ਦੇਖਣ ਵਾਲਿਆਂ ਨੇ ਇਸ ਨੂੰ ਦੁਹਰਾਇਆ ਹੈ ‘ਬਾਖ਼ੁਦਾ ਆ ਨਾਨਕੇ ਬਾਖ਼ੁਦਾ, ਤੂੰ ਖ਼ੁਦਾ ਕਾ ਖ਼ਾਸ ਔਤਾਰ ਥਾ। ਤੂੰ ਬਰੰਗੇ ਨੂਰ ਹੂਆ ਅਯਾਂ, ਜਬ ਜ਼ਮਾਨਾ ਤੀਰਾ ਔ ਤਾਰ ਥਾ।’

ਇਸ ਪੂਰਨ ਨੂਰ ਦੀ ਲੋੜ ਹੀ ਜਗਤ-ਜੀਵਨ ਲਈ ਲਾਜ਼ਮੀ ਸੀ ਤੇ ਇਸੇ ਨੂੰ ਹੀ ਅਸੀਂ ਗੁਰੂ-ਪ੍ਰਕਾਸ਼ ਦੀ ਲੋੜ ਕਹਿੰਦੇ ਹਾਂ।