ਇੱਕ ਅਦੁੱਤੀ ਧਰਮ ਗ੍ਰੰਥ; ਗੁਰੂ ਗਰੰਥ ਸਾਹਿਬ

0
88

ਇੱਕ ਅਦੁੱਤੀ ਧਰਮ ਗ੍ਰੰਥ; ਗੁਰੂ ਗਰੰਥ ਸਾਹਿਬ

ਪ੍ਰਿੰਸੀਪਲ ਹਰਭਜਨ ਸਿੰਘ, ਸ਼ਹੀਦ ਸਿੱਖ ਮਿਸ਼ਨਰੀ ਕਾਲਜ, ਸ਼੍ਰੀ ਅੰਮ੍ਰਿਤਸਰ

ਵੈਸੇ ਤਾਂ ਮਨੁੱਖ ਨੂੰ ਜੀਵਨ ਨਿਰਬਾਹ ਲਈ ਸਦਾ ਹੀ ਇਕੱਠੇ ਮਿਲ-ਬੈਠਣ, ਰਵਾਦਾਰੀ (ਉਦਾਰਤਾ) ਤੇ ਸਹਿਨਸ਼ੀਲਤਾ ਦੀ ਲੋੜ ਰਹੀ ਹੈ ਪ੍ਰੰਤੂ ਜਿਤਨੀ ਲੋੜ ਇਨਸਾਨ ਬਰਾਦਰੀ ਦੇ ਇਨ੍ਹਾਂ ਦੈਵੀ ਗੁਣਾਂ ਦੀ ਅਜੋਕੇ ਯੁਗ ਵਿਚ ਪ੍ਰਤੀਤ ਹੋ ਰਹੀ ਹੈ, ਸ਼ਾਇਦ ਹੀ ਪਹਿਲਾਂ ਕਦੀ ਭਾਸੀ ਹੋਵੇ । ਅਜੋਕੀ ਬੋਲੀ ਵਿੱਚ ਤੇ ਕੌਮਾਂਤਰੀ ਪੱਧਰ ਉੱਤੇ ਇਨ੍ਹਾਂ ਗੁਣਾਂ ਨੂੰ ‘ਭਾਵਕ ਏਕਤਾ’ ਅਤੇ ‘ਸਹਿਵਾਸ’ ਦੇ ਨਾਵਾਂ ਨਾਲ ਯਾਦ ਕੀਤਾ ਜਾਂਦਾ ਹੈ ।

ਸੂਝਵਾਨ ਤੇ ਦੂਰਦਰਸ਼ੀ ਨੇਤਾਵਾਂ ਦੀ ਇਹ ਸੋਚੀ-ਸਮਝੀ ਰਾਏ ਹੈ ਕਿ ਵਿਗਿਆਨਕ ਖੋਜ ਤੇ ਕਾਢਾਂ ਦੇ ਬਲਬੋਤੇ ਬਣੇ ਮਾਰੂ ਹਥਿਆਰਾਂ ਦੇ ਭੰਡਾਰਾਂ ਦੀ ਹੋਂਦ ਵਿਚ ਸੰਸਾਰ ਸਰਵਨਾਸ਼ ਦੇ ਦਹਾਨੇ ਉੱਤੇ ਆ ਖਲੋਤਾ ਹੈ । ਹਰੇਕ ਬਲਵਾਨ ਧੜੇ ਨੇ ਅਜਿਹੇ ਪ੍ਰਬੰਧ ਕਰ ਰੱਖੇ ਹਨ ਕਿ ਜੇ ਇਕ ਧੜਾ ਹਮਲੇ ਵਿਚ ਪਹਿਲ ਕਰ ਵੀ ਜਾਏ ਤਾਂ ਦੂਜੇ ਦੇ ਸਵੈ-ਚਾਲਕ ਯੰਤਰ ਏਧਰੋਂ ਮੌਤ-ਬਰਬਾਦੀ ਦੀ ਅੱਗ ਉਸ ਪਾਸੇ ਵੀ ਉਸੇ ਤਰ੍ਹਾਂ ਵਰ੍ਹਾਂ ਸਕਣ । ਐਸੀ ਗੈਰ-ਯਕੀਨੀ, ਅਵਿਸ਼ਵਾਸ ਤੇ ਚਿੰਤਾ ਭਰਪੂਰ ਸਥਿਤੀ ਵਿੱਚ ਇਨਸਾਨ ਨੂੰ ਭਲਾਂ ਸ਼ਾਂਤੀ ਸੁਖ ਤੇ ਚੈਨ ਕਿੱਥੇ  ? ਪਤਾ ਨਹੀਂ ਕਦੋਂ ਕਿਸ ਪਾਗਲ ਇਨਸਾਨ ਨੇ ਇਕ ਬਟਨ ਦਬਾਅ ਕੇ ਇਹ ਭਿਆਨਕ ਖੇਡ, ਖੇਡ ਜਾਣੀ ਹੈ ਅਤੇ ਮਨੁੱਖ ਦੀ ਸਾਰੀ ਪ੍ਰਗਤੀ, ਸੁਹਾਵਣੇ ਸੁਪਨੇ ਅਤੇ ਸੁਖ ਦੇ ਸਮੂਹ ਸਾਧਨ ਸੁਆਹ ਦੀ ਢੇਰੀ ਵਿਚ ਬਦਲ ਜਾਣੇ ਹਨ, ਕਿਤਨਾ ਅਭਾਗਾ ਹੈ ਇਹ ਮਨੁੱਖ, ਜੋ ਐਟਮ ਦੀ ਸ਼ਕਤੀ ਅਤੇ ਚੰਦ ਉੱਤੇ ਪਹੁੰਚਣ ਦੀ ਸੱਤਾ ਰੱਖਦਾ ਹੋਇਆ ਵੀ ਸੁਖ ਤੇ ਸਹਜ ਦੇ ਜੀਵਨ ਤੋਂ ਦੂਰ ਹੈ, ਬਹੁਤ ਦੂਰ ।

ਕਿਤਨੇ ਦੁੱਖ ਦੀ ਗੱਲ ਹੈ ਕਿ ਬਜ਼ਾਹਰ (ਪ੍ਰਗਟ ਰੂਪ ’ਚ) ਸੰਸਾਰਕ ਸੁਖਾਂ ਦੇ ਸਾਰੇ ਸਮਾਨ ਇਸ ਨੂੰ ਪ੍ਰਾਪਤ ਹਨ, ਪਰ ਮੰਜ਼ਲ ਘੱੁਥੇ ਰਾਹੀ ਵਾਂਗ ਇਹ ਫਿਰ ਵੀ ਤਾਲੋਂ ਬੇਤਾਲ ਹੋਇਆ ਭਟਕ ਰਿਹਾ ਹੈ । ਇਹ ਚਤੁਰ ਹੈ, ਸੁੰਦਰ ਹੈ, ਗਿਆਨ ਦੇ ਭੰਡਾਰਾਂ ਦਾ ਮਾਲਕ ਹੈ, ਬਲਵਾਨ ਤੇ ਧਨਵਾਨ ਹੈ ਪਰੰਤੂ ਐਨਾ ਕੁਝ ਹੁੰਦਿਆਂ ਹੋਇਆਂ ਵੀ ਇਸ ਦੇ ਅੰਦਰ ਕੋਈ ਘਾਟ ਹੈ, ਜੋ ਇਸ ਨੂੰ ਟਿਕਣ ਨਹੀਂ ਦਿੰਦੀ । ਭਗਵੰਤ ਪ੍ਰੀਤਿ ਤੋਂ ਸੱਖਣਾ ਖ਼ੁਦਾ ਦਾ ਬੇਟਾ ਦੁੱਖੀ ਹੈ, ਉਦਾਸ ਹੈ, ਅਸ਼ਾਂਤ ਹੈ । ਇਸ ਅਸ਼ਾਂਤੀ ਦਾ ਅਸਲ ਕਾਰਨ ਲੱਭਣ ਅਤੇ ਸਾਰੇ ਸੱੁਖਾਂ ਦਾ ਦਾਤਾ ਰਾਮ ਨੂੰ ਜਾਣਨ ਅਤੇ ਉਸ ਦੀ ਸ਼ਰਨ ਲੈਣ ਦੀ ਥਾਂ ਇਹ ਹੁਣ ਹਿਪੀ (ਨਸੇੜੀ) ਬਣ ਕੇ ਭੰਗਾਂ, ਸ਼ਰਾਬਾਂ ਤੇ ਚਰਸਾਂ ਆਦਿ ਮਤ ਮਾਰਨ ਵਾਲੇ ਫੋਕੇ ਤੇ ਵਕਤੀ ਨਸ਼ਿਆਂ ਵਿਚ ਸਹੀ ਤੇ ਸਦੀਵੀ ਸੁੱਖਾਂ ਦੀ ਭਾਲ ਕਰ ਰਿਹਾ ਹੈ। ਇਹ ਭੋਲਾ ਪਾਤਸ਼ਾਹ ਫਿਰ ਚਾਰਵਾਕ ਨਾਸਤਕ ਦਰਸ਼ਨ ਤੇ ਚੱਲੀ ਮਾਰਗੀਆਂ ਵਾਂਗ ਉਸੇ ਪੱਥ ਪੈਣ ਦੀ ਭਾਲ ਕਰ ਰਿਹਾ ਹੈ, ਜਿਸ ਨੂੰ ਮੱਛੀ ਵਾਂਗ ਚੱਟ ਕੇ ਉਹ ਕਿਸੇ ਸਮੇਂ ਵਾਪਸ (ਧਾਰਮਿਕ ਜੀਵਨ ਵੱਲ) ਪਰਤੇ ਅਤੇ ਅੱਜ ਦੇ ਉੱਨਤ ਸਮਾਜ ਦੇ ਵਾਰਸ ਬਣੇ ਸਨ ।

ਇਸ ਦੀ ਇਹ ਬੀਮਾਰੀ ਲਾਇਲਾਜ ਨਹੀਂ । ਬਹੁਤ ਪੁਰਾਣੀ, ਬਹੁਤ ਚਿਰੰਕਾਲ ਦੀ ਗੱਲ ਨਹੀਂ, ਕੇਵਲ ਕੁਝ ਸਾਲਾਂ ਦੀ ਨਿਗੁਣੀ ਜਿਹੀ ਵਿਥ 1604 ਈ: ਦੀ ਗੱਲ ਹੈ, ਜਦ ਧੁਰੋਂ ਪਠਾਏ, ਨਿਰੰਕਾਰੀ ਬਾਬੇ ਨੇ ਆਪਣੇ ਪੰਜਵੇਂ ਸਰੂਪ ਵਿਚ ਜਗ ਨੂੰ ਇਕ ਪੱਕੀ ਸੇਧ ਦਿੱਤੀ ਸੀ, ਜਿਸ ਨੂੰ ਪ੍ਰਬੀਨ ਪੁਰਸ਼ਾਂ ਨੇ ਗਾਡੀਰਾਹ ਕਰਕੇ ਜਾਣਿਆ ਤੇ ਸਤਿਕਾਰਿਆ । ਉਨ੍ਹਾਂ ਨੇ ਭਾਵਕ ਏਕਤਾ ਤੇ ਸਹਿਵਾਸ ਦਾ ਇਕ ਉਹ ਪੂਰਨਾ ਪਾਇਆ, ਜੋ ਮਨੁੱਖ ਦੇ ਧਾਰਮਿਕ ਇਤਿਹਾਸ ਵਿੱਚ ਇਕ ਅਦੁੱਤੀ ਸੀ, ਬੇ-ਮਿਸਾਲ ਸੀ ।  ਸਤਿਗੁਰਾਂ ਨੇ ਤਰੁੱਠ ਕੇ ਮਨੁੱਖੀ ਕਲਿਆਣ ਤੇ ਅਗਵਾਈ ਲਈ ਆਦਿ ਸ੍ਰੀ ਗੁਰੂ ਗਰੰਥ ਸਾਹਿਬ ਜੀ ਦੇ ਰੂਪ ਵਿਚ ਅਜਿਹਾ ਧਾਰਮਿਕ ਗਰੰਥ ਤਿਆਰ ਕੀਤਾ ਜੋ ਰੱਬ ਵਾਂਗ, ਹਵਾ ਵਾਂਗ ਤੇ ਸੂਰਜ ਦੀ ਧੁੱਪ ਵਾਂਗ ਸਭ ਦਾ ਸਾਂਝਾ ਹੈ, ਸਹੀ ਅਰਥਾਂ ਵਿਚ ਸਾਂਝਾ, ਸਭੇ ਇਕ ਸਮਾਨ ਭਾਈਵਾਲ ਹਨ ਇਸ ਦੇ। ਸ੍ਰੀ ਗੁਰੂ ਅਰਜਨ ਦੇਵ ਜੀ ਨੇ ਸਤਿਗੁਰਾਂ ਦੀ ਆਤਮਕ ਜੋਤ ਗੁਰਬਾਣੀ ਦੇ ਨਾਲ, ਥਾਂ-ਪੁਰ-ਥਾਂ, ਭਗਤਾਂ ਤੇ ਭੱਟਾਂ ਦੇ ਰੱਬੀ ਕਲਾਮ ਨੂੰ ਵੀ ਸਮਾਨ ਥਾਂ ਦਿੱਤੀ । ਕਿਤਨਾ ਇਨਕਲਾਬ ਸੀ ਇਹ ਸੁਆਰਥੀ ਤੇ ਸੌੜੇ ਦਿਲ ਦਿਮਾਗ਼ ਵਾਲੇ ਉਸ ਜੁਗ ਵਿਚ, ਭਾਵਕ ਏਕਤਾ, ਇਨਸਾਨੀ ਬਰਾਦਰੀ ਦੇ ਰਲ ਮਿਲ ਬੈਠਣ ਦਾ ।

ਸਾਰੇ ਮੱਤਾਂ ਦੇ ਧਰਮ ਗਰੰਥ ਸਤਿਕਾਰ ਯੋਗ ਹਨ । ਸਭ ਵਿਚ ਸਮੇਂ ਸਮੇਂ ਆਪਣੇ ਢੰਗ ਅਨੁਸਾਰ ਸਚਾਈ ਦਾ ਹੋਕਾ ਦਿੱਤਾ ਗਿਆ ਹੈ ਪਰੰਤ ਸਤਿਗੁਰਾਂ ਦੀ ‘ਧੁਰ ਕੀ ਬਾਣੀ’ ਨਾਲ ਜੋ ਅਟੁੱਟ ਸਾਂਝ ਕਬੀਰ ਜੀ, ਫਰੀਦ ਜੀ, ਰਵਿਦਾਸ ਜੀ, ਨਾਮਦੇਵ ਜੀ, ਤ੍ਰਿਲੋਚਨ ਜੀ, ਜੈਦੇਵ ਜੀ, ਰਾਮਾਨੰਦ ਜੀ, ਬੇਣੀ ਜੀ, ਸਧਨਾ ਜੀ ਆਦਿ ਅਖੌਤੀ ਉੱਚੀਆਂ ਨੀਵੀਆਂ ਜਾਤੀਆਂ ਦੇ ਭਗਤਾਂ ਤੇ ਭੱਟਾਂ ਦੀ ਬਾਣੀ ਨਾਲ ਪਈ ਹੈ ਅਤੇ ਮਨੁੱਖ ਨੂੰ ਜਾਤਾਂ, ਵਰਨਾਂ ਤੇ ਆਸ਼ਰਮਾਂ ਦੇ ਵਲ਼ਗਣ (ਘੇਰੇ) ਦੀ ਊਚ-ਨੀਚ ਵਿੱਚੋਂ ਕੱਢ ਕੇ ਜੋ ਸਮਾਨਤਾ, ਪਿਆਰ/ ਗਲਵਕੜੀ ਤੇ ਨਿਘ ਸ੍ਰੀ ਗੁਰੂ ਗਰੰਥ ਸਾਹਿਬ ਜੀ ਵਿੱਚ ਪ੍ਰਾਪਤ ਹੈ, ਇਹ ਕਿਸੇ ਹੋਰ ਮੱਤ ਦੇ ਗਰੰਥ ਵਿਚ ਨਹੀਂ ਲੱਭੇਗਾ । ਇਸੇ ਲਈ ਗੁਰੂ ਨਾਨਕ ਨਾਮ ਲੇਵਾ ਗੁਰਸਿਖ ਬੜੇ ਮਾਣ ਨਾਲ ਇਹ ਫ਼ਖ਼ਰ ਕਰਦੇ ਹਨ ਕਿ ਸ੍ਰੀ ਗੁਰੂ ਗਰੰਥ ਸਾਹਿਬ ਸੰਮਿਲਤ ਧਰਮ/ਵਿਸ਼ਵਾਸਾਂ ਦਾ ਆਪਣੀ ਕਿਸ਼ਮ ਦਾ ਪਹਿਲਾ ਤੇ ਇਕੋ ਗਰੰਥ ਹੈ।

ਸ੍ਰੀ ਗੁਰੂ ਗਰੰਥ ਸਾਹਿਬ ਦੇ ਪੈਗਾਮ ਦੀ ਕੇਵਲ ਇਹੀ ਵਿਸ਼ੇਸ਼ਤਾ ਨਹੀਂ ਕਿ ਇਹ ਭਾਵਕ ਏਕਤਾ ਸਹਿਵਾਸ, ਇਨਸਾਨੀ ਬਰਾਦਰੀ ਤੇ ਮਨੁੱਖੀ ਸਮਾਨਤਾ ਦਾ ਇਕ ਅਦੁੱਤੀ ਕੇਂਦਰ ਹੈ ਸਗੋਂ ਇਹਦਾ ਵੱਡਾ ਗੁਣ ਇਹ ਹੈ ਕਿ ਇਸ ਵਿੱਚ ਹੋਰ ਵੀ ਅਨੇਕ ਅਜਿਹੇ ਅਮਰ ਸਿਧਾਂਤ ਤੇ ਸਿੱਖਿਆ ਰੂਪੀ ਅਮੋਲਕ ਰਤਨ ਹਨ, ਜੋ ਇਨਸਾਨ ਦੀ ਸਦੀਵੀ ਅਜ਼ਾਦੀ ਤੇ ਕਲਿਆਣ ਲਈ ਘੱਟ ਜ਼ਰੂਰੀ ਨਹੀਂ । ਉਦਾਹਰਣ ਵਜੋਂ : ਪਹਿਲੇ ਸ੍ਰੀ ਗੁਰੂ ਗਰੰਥ ਸਾਹਿਬ ਜੀ ਦੀ ਸਿੱਖਿਆ ਸਰਬ ਕਾਲੀ ਹੈ, ਸਰਬ ਦੇਸ਼ੀ ਹੈ, ਸਦੀਵੀ ਹੈ । ਇਸ ਦਾ ਆਸਾ ਸਚ ਉੱਤੇ ਆਧਾਰਿਤ ਹੈ ਅਤੇ ਸਚ ਉਹ ਹੈ, ਜੋ ਕਦੀ ਪੁਰਾਣਾ ਨਹੀਂ ਹੁੰਦਾ । ਸੱਚ ਆਦਿ ਜੁਗਾਦਿ ਅਥਵਾ ਭੂਤ ਭਵਿੱਖ ਭਵਾਨ ਵਿਚ ਸਦਾ ਇਕ ਰਸ ਰਹਿੰਦਾ ਹੈ । ਸਚੁ ਪ੍ਰਮਾਤਮਾ ਹੈ ਅਤੇ ਪ੍ਰਮਾਤਮਾ ਸਚ ਨਾਲ ਹੀ ਗੁਰੂ ਗਰੰਥ ਸਾਹਿਬ ਵਿਚ ਅਜਿਹੀਆਂ ਸਚਾਈਆਂ, ਹਕੀਕਤਾਂ ਤੇ ਤੱਤਾਂ ਦਾ ਬਿਆਨ ਹੈ, ਜੋ ਮਨੁੱਖੀ ਗਿਆਨ ਦਾ ਸੋਮਾ ਤੇ ਸਦਾ ਦੋ ਤੇ ਦੋ ਚਾਰ ਵਾਂਗ ਸਤਿ ਹਨ । ਗੁਰਬਾਣੀ ਫ਼ੁਰਮਾਉਂਦੀ ਹੈ :

(ਉ) ਥਾਪਿਆ ਨ ਜਾਇ ਕੀਤਾ ਨ ਹੋਇ ॥ ਆਪੇ ਆਪਿ ਨਿਰੰਜਨੁ ਸੋਇ ॥ (ਜਪੁ ਜੀ)

(ਅ) ਨਾਨਕ ਭਗਤਾ ਸਦਾ ਵਿਗਾਸੁ ॥ ਸੁਣਿਐ ਦੂਖ ਪਾਪ ਕਾ ਨਾਸ ॥ (ਜਪੁ ਜੀ)

(ੲ) ਕੂੜ ਨਿਖੁਟੇ ਨਾਨਕਾ, ਓੜਕਿ ਸਚਿ ਰਹੀ॥ (ਮਹਲਾ ੫, ੯੫੩)

(ਸ) ਮਿਠਤੁ ਨੀਵੀ ਨਾਨਕਾ, ਗੁਣ ਚੰਗਿਆਈਆਂ ਤਤੁ ॥ (ਆਸਾ ਦੀ ਵਾਰ, ੪੭0)

(ਹ) ਸੰਸਾਰੁ ਰੋਗੀ ਨਾਮੁ ਦਾਰੂ, ਮੈਲ ਲਾਗੈ ਸਚ ਬਿਨਾ ॥ (ਮਹਲਾ ੧, ੬੭)

(ਕ) ਨਾਨਕ, ਮੂਰਖ ਏਹਿ ਗੁਣ, ਬੋਲੇ ਸਦਾ ਵਿਣਾਸ ॥ ( ਮਹਲਾ ੧, ੧੪੩)

(ਖ) ਨਾਨਕ ਦੁਖੀਆ ਸਭੁ ਸੰਸਾਰੁ ॥ (ਮਹਲਾ ੧, ੯੫੪)

(ਗ) ਪੜਿਆ ਮੂਰਖ ਆਖੀਐ, ਜਿਸੁ ਲਬੁ ਲੋਭ ਅਹੰਕਾਰਾ ॥ (ਮਹਲਾ ੧, ੧੪੦)

(ਘ) ਦੁਖੁ ਦਾਰੂ, ਸੁਖੁ ਰੋਗੁ ਭਇਆ ॥ (ਆਸਾ ਦੀ ਵਾਰ)

(ਙ) ਸਚਹੁ ਓਰੈ ਸਭੁ ਕੋ ਉਪਰਿ ਸਚੁ ਆਚਾਰੁ ॥ (ਮਹਲਾ ੧, ੬੨)

ਜ਼ਰਾ ਵੇਖੋ ਨਾ ਖੋਲ੍ਹ ਕੇ ਪਿਉ ਦਾਦੇ ਦਾ ਖ਼ਜ਼ਾਨਾ ਗੁਰਬਾਣੀ- ਜੋ ਬੇਅੰਤ, ਅਮੁਲੀਕ ਸ਼ਬਦ ਰੂਪੀ ਰਤਨਾਂ ਨਾਲ ਭਰਪੂਰ ਹੈ ਤੇ ਜਿਸ ਵਿੱਚੋਂ ਵੰਨਗੀ ਮਾਤਰ ਕੁਝ ਕੁ ਸਤਿ ਤੇ ਸਾਰ ਬਚਨ ਉਪਰ ਅੰਕਿਤ ਕੀਤੇ ਗਏ ਹਨ। ਕਿਤਨੀ ਸਚਾਈ, ਕਿਤਨੀ ਸਦੀਵਤਾ ਰੱਖਦੇ ਹਨ ਇਹ ਗੁਰਵਾਕ।  ਸਭ ਕੁਝ ਬਿਨਸ ਜਾਏਗਾ ਪਰੰਤੂ ਮਹਾਂ ਪੁਰਸ਼ਾਂ ਦੇ ਇਹ ਬਚਨ ਜੁਗੋ ਜੁਗ ਅਟੱਲ ਰਹਿਣਗੇ । ਇਸ ਤਰ੍ਹਾਂ ਵੀਚਾਰਿਆਂ ਸ੍ਰੀ ਗੁਰੂ ਗਰੰਥ ਸਾਹਿਬ ਜੀਵਨ ਦੇ ਅਦਬੀ ਸਿਧਾਂਤਾਂ ਦਾ ਇਕ ਅਜੋੜ ਗਰੰਥ ਹੈ, ਜ਼ਿੰਦਗੀ ਦੀਆਂ ਸਾਧਾਰਨ ਤੇ ਵਕਤੀ ਰੀਤਾਂ-ਰਸਮਾਂ ਦਾ ਨਹੀਂ । ਇਹ ਤਾਂ ਦੇਸ਼ ਕਾਲ ਅਨੁਸਾਰ ਸਦਾ ਬਦਲਦੀਆਂ ਰਹੀਆਂ ਹਨ ਤੇ ਅੰਤ ਨੂੰ ਤਬਦੀਲ ਹੁੰਦੀਆਂ ਰਹਿਣਗੀਆਂ ।

ਦੂਜੇ, ਸ੍ਰੀ ਗੁਰੂ ਗਰੰਥ ਸਾਹਿਬ ਦੀ ਬੋਲੀ ਲੋਕ-ਬੋਲੀ ਹੈ । ਅਲੰਕਾਰ, ਹਵਾਲੇ ਤੇ ਵਸਤਾਂ ਉਹ ਲਏ ਗਏ ਹਨ, ਜਿਨ੍ਹਾਂ ਨਾਲ ਲੋਕਾਂ ਦਾ ਨਿੱਤ ਦਾ ਸੰਬੰਧ ਹੈ । ਪਪੀਹਾ, ਚਾਤ੍ਰਿਕ, ਕੋਇਲ, ਮੋਰ, ਹਰਨੀ, ਵਣ, ਭਉਰਾ, ਅੱਕ-ਟਿੱਡਾ, ਚੰਦਨ-ਸੂਰਜ, ਚੰਦ, ਤਾਰੇ, ਪਉਣ, ਪਾਣੀ, ਅਗਨੀ, ਮਾਤਾ-ਪਿਤਾ, ਪੁੱਤ-ਧੀਆਂ, ਜਨਨੀ, ਸੂਤਕ, ਲੋਹਾਰ, ਭਾਂਡੇ, ਰਾਜਾ, ਪਰਜਾ ਆਦਿ ਬੇਅੰਤ ਐਸੇ ਸ਼ਬਦ ਹਨ, ਜਿਹਨਾਂ ਨਾਲ ਇਨਸਾਨ ਦੀ ਨੇੜੇ ਦੀ ਜਾਣਕਾਰੀ ਹੈ । ਵੇਖੋ ਹਰੀ ਦਾ ਹਰ ਥਾਂ ਵਿਆਪਕਤਾ ਨੂੰ ਪਾਣੀ ਦੇ ਘੜੇ ਤੇ ਚੰਦ ਦਾ ਅਕਸ ਦਾ ਅਲੰਕਾਰ ਦੇ ਕੇ ਇਕ ਗੁਹਝ ਗੱਲ ਨੂੰ ਗੁਰੂ ਜੀ ਕਿਵੇਂ ਸਮਝਾਉਂਦੇ ਹਨ ਤੇ ਸਪਸ਼ਟ ਕਰਦੇ ਹਨ ‘‘ਹਭ ਸਮਾਣੀ ਜੋਤਿ; ਜਿਉ ਜਲ ਘਟਾਊ ਚੰਦੂਮਾ॥’’ (ਮਹਲਾ ੫, ੧੦੯੯)

ਤੀਜੇ, ਬਿਆਨ ਢੰਗ ਬੜਾ ਵੀਚਾਰਸ਼ੀਲ ਹੈ । ਇਸ ਵਿਚ ਭਰਮ, ਵਹਿਮ ਤੇ ਮਨੋਕਲਪਿਤ ਗੱਲਾਂ ਨੂੰ ਕੋਈ ਥਾਂ ਨਹੀਂ। ਗੁਰਦੇਵ ਸੂਤਕ, ਪਾਤਕ, ਭਿਟ, ਛੂਤ-ਛਾਤ, ਜਾਤੀ ਭੇਦ ਅਥਵਾ ਹੋਰ ਖਾਣ ਪੀਣ, ਪਹਿਨਣ ਦੇ ਵਿਤਕਰਿਆਂ ਤੇ ਪਾਬੰਦੀਆਂ ਨੂੰ ਕੋਈ ਥਾਂ ਨਹੀਂ ਦਿੰਦੇ । ਉਹਨਾਂ ਦਾ ਸਪਸ਼ਟ ਫੁਰਮਾਨ ਹੈ ‘‘ਬਾਬਾ ਹੋਰੁ ਖਾਣਾ ਖੁਸੀ ਖੁਆਰੁ ॥ ਜਿਤੁ ਖਾਧੈ ਤਨੁ ਪੀੜੀਐ, ਮਨ ਮਹਿ ਚਲਹਿ ਵਿਕਾਰ ॥’’ (ਮਹਲਾ ੧, ੧੬)

ਵੇਖੋ ਕੁਰਖੇਤਰ ਵਿਖੇ ਪੰਡਿਤਾਂ ਨਾਲ ਸੰਵਾਦ ਕਰਦਿਆਂ ਹੋਇਆਂ ਮਾਸ ਸੰਬੰਧੀ ਕਿਤਨੀਆਂ ਜੁਗਤੀ ਭਰਪੂਰ ਦਲੀਲਾਂ ਨਾਲ ਪੰਡਿਤਾਂ ਦੇ ਭਰਮ ਨੂੰ ਖੰਡਨ ਕੀਤਾ ਸੀ । ਗੁਰੂ ਦੇਵ ਇਸ ਸਬਦ ਵਿਚ ਕੋਈ ਮਾਸ ਖਾਣ ਦੀ ਵਕਾਲਤ ਜਾਂ ਪ੍ਰੇਰਨਾ ਨਹੀਂ ਕਰਦੇ, ਹਾਂ, ਅਹਿੰਸਾ, ਪਰ ਧਰਮਾਂ ਅਤੇ ਸੂਰਜ ਗ੍ਰਹਿਣ ਸਮੇਂ ਖਾਣ-ਪੀਣ, ਰਿੰਨ੍ਹਣ ਆਦਿ ਬਾਰੇ ਪਸਰੇ ਵਹਿਮਾਂ ਭਰਮਾਂ, ਜਿਨ੍ਹਾਂ ਜਿਨ੍ਹਾਂ ਨਾਲ ਅਣਖ ਤੇ ਮਨੁੱਖਤਾ ਦਾ ਅਭਾਵ ਹੋ ਚੁੱਕਾ ਸੀ, ਬਾਰੇ ਸਹੀ ਅਥਵਾ ਯਥਾਰਥ ਗੱਲ ਪੂਰੀ ਬੇਬਾਕੀ ਨਾਲ ਦਰਸਾਉਂਦੇ ਹਨ।

ਇਸੇ ਤਰ੍ਹਾਂ ‘‘ਸੋਈ ਚੰਦੁ ਚੜਹਿ ਸੇ ਤਾਰੇ …॥’’ ਵਾਲੇ ਸ਼ਬਦ ਵਿਚ ਕਿਵੇਂ ਸਪਸ਼ਟ ਕੀਤਾ ਗਿਆ ਹੈ ਕਿ ਜੁਗਾਂ ਦੇ ਬਦਲਣ ਨਾਲ ਮਨੁੱਖੀ ਸੁਭਾਵ ਸੁਤੇ ਸਿਧ ਹੀ ਨਹੀਂ ਬਦਲ ਜਾਂਦਾ । ਕਿਸੇ ਕਲਜੁਗ ਆਉਣ ਦੇ ਕਾਰਨ ਜੀਵ ਕਲਜੁਗੀ ਨਹੀਂ ਹੋ ਜਾਂਦੇ, ਸਗੋਂ ਜੀਵਾਂ ਦਾ ਜਦ ਚਲਣ ਡਿਗ ਜਾਂਦਾ ਏ, ਰਸਾਤਲ ਚਲਾ ਜਾਂਦਾ ਹੈ, ਉਸ ਸਮੇਂ ਨੂੰ ਕਲਜੁਗ ਕਿਹਾ ਜਾਂਦਾ ਹੈ । ਕਿਸੇ ਕਲਜੁਗ ਦੇ ਆਉਣ ਅਤੇ ਉਸ ਦੇ ਪ੍ਰਭਾਵ ਨਾਲ ਜੀਵ ਮੰਦ ਚਲਣ ਵਾਲੇ ਨਹੀਂ ਹੁੰਦੇ ।

ਕਬੀਰ ਸਾਹਿਬ ਦਾ ‘‘ਗਰਭ ਵਾਸ ਮਹਿ ਕੁਲੁ ਨਹੀ ਜਾਤੀ’’ ਵਾਲਾ ਸ਼ਬਦ ਕਿਤਨਾ ਯਥਾਰਥ ਤੇ ਜੁਗਤੀ ਭਰਪੂਰ ਹੈ ਅਤੇ ਜਨਮ ਤੋਂ ਜਾਤੀ ਮੰਨਣ ਵਾਲੇ ਅਭਿਮਾਨੀ ਬ੍ਰਾਹਮਣ ਨੂੰ ਕਿਵੇਂ ਨਿਰੁੱਤਰ ਕਰਦਾ ਹੈ ।

ਚੌਥੇ, ਆਦਿ ਗੁਰੂ ਗ੍ਰੰਥ ਸਾਹਿਬ ਜੀ ਜੀਵਨ ਦੇ ਹਰ ਪੱਖ ਦੀਆਂ ਬੁਰਿਆਈਆਂ ਦੀ ਪੂਰੀ ਬੇਬਾਕੀ ਨਾਲ ਆਲੋਚਨਾ ਕਰਦੇ ਹਨ। ਕੀ ਧਾਰਮਿਕ, ਕੀ ਸਮਾਜਿਕ, ਕੀ ਰਾਜਨੀਤਕ ਅਤੇ ਕੀ ਆਰਥਿਕ ਬੁਰਿਆਈਆਂ ਸਭ ਨੂੰ ਇਕ ਸਮਾਨ ਭੰਡਦੇ ਹਨ । ਰਾਜਿਆਂ ਨੂੰ ਸ਼ੀਹ, ਮੁਕੱਦਮਾ ਨੂੰ ਕੁੱਤੇ, ਰਯਤ ਨੂੰ ਅੰਧੀ, ਕਾਜ਼ੀ ਨੂੰ ਵਢੀ-ਖੋਰ ਤੇ ਬਾਬਰ ਦੀ ਫੌਜ ਨੂੰ ‘‘ਪਾਪ ਕੀ ਜੰਞ’’ ਕੇਵਲ ਸ੍ਰੀ ਗੁਰੂ ਨਾਨਕ ਦੇਵ ਜੀ ਵਰਗਾ ਬੇਖ਼ੌਫ ਤੇ ‘‘ਭਇਆ ਦਿਵਾਨਾ ਸਾਹ ਕਾ..’’ (ਮਹਲਾ , ੯੯੧) ਹੀ ਕਹਿ ਸਕਦਾ ਸੀ । ਸਿਕੰਦਰ ਤੇ ਇਬਰਾਹੀਮ ਲੋਧੀ ਵਰਗੇ ਕੱਟੜ ਪੰਥੀ, ਨਿਰਦਈ ਤੇ ਜ਼ਬਤ ਬਾਦਸ਼ਾਹਾਂ ਦੇ ਇਸਲਾਮੀ ਰਾਜ ਵਿਚ ਗੁਰਬਾਣੀ ਦੁਆਰਾ ਮਸੀਤ/ਨਮਾਜ਼/ਸੁੰਨਤ ਰੋਜ਼ਾ ਤੇ ਕਲਮ ਦੀ ਨਵੀਂ ਨਰੋਈ ਪਰਿਭਾਸ਼ਾ ਤੇ ਟਿੱਪਣੀ ਗੁਰਬਾਣੀ ਵਿੱਚੋਂ ਹੀ ਪ੍ਰਾਪਤ ਹੋ ਸਕਦੀ ਹੈ। ਫੋਕਟ ਧਰਮ ਤੇ ਸਮਾਜਿਕ ਪਾਖੰਡ ਦੇ ਬਖੀਏ ਉਧੇੜਨ ਲਈ ਤਾਂ ਆਸਾ ਕੀ ਵਾਰ ਦੇ ਸਲੋਕ ਹੀ ਕਾਫ਼ੀ ਹਨ। ਗੁਰਬਾਣੀ ਨੇ ਕੇਵਲ ਬ੍ਰਾਹਮਣ ਜਾਂ ਜੋਗੀਆਂ ਨੂੰ ਹੀ ਖਰੀਆਂ ਨਹੀਂ ਸੁਣਾਈਆਂ ਸਗੋਂ ਸ਼ਰਾ ਤੇ ਫਤਵੇ ਦੇ ਮਾਲਕ ਝੂਠੇ ਕਾਜੀ ਨੂੰ ਵੀ ਕੁੜੇ ਤੇ ਵਢੀ ਦੀ ਮਲ (ਗੰਦਗੀ) ਖਾਣ ਵਾਲਾ ਤਕ ਕਹਿਣ ਦੀ ਦਲੇਰੀ ਕੀਤੀ ਗਈ ਹੈ । ਗੁਰਵਾਕ ਹੈ ‘‘ਕਾਦੀ ਕੂੜੁ ਬੋਲਿ ਮਲੁ ਖਾਇ ॥ ਬਾਹਮਣੁ ਨਾਵੈ ਜੀਆ ਘਾਇ ॥ ਜੋਗੀ ਜੁਗਤਿ ਨ ਜਾਣੈ ਅੰਧੁ ॥ ਤੀਨੇ ਉਜਾੜੇ ਕਾ ਬੰਧੁ ॥’’ (ਮਹਲਾ ੧, ੬੬੨), ਇਸੇ ਤਰ੍ਹਾਂ ਆਰਥਿਕ ਪਹਿਲੂ ਜੋ ਅੱਜ ਕੱਲ੍ਹ ਦਾ ਵੱਖਰਾ ਮਸਲਾ ਹੈ, ਦਾ ਵੀ ਸਪਸ਼ਟ ਹੱਲ ਸ੍ਰੀ ਗੁਰੂ ਗਰੰਥ ਸਾਹਿਬ ਜੀ ਤੋਂ ਪ੍ਰਾਪਤ ਹੁੰਦਾ ਹੈ । ਗੁਰੂ ਬਾਣੀ, ਬਿਨਾਂ ਕਿਸੇ ਲਪਟ-ਲਪੇਟ ਦੇ ਸਪਸ਼ਟ ਤੌਰ ਤੇ ਕਿਰਤ ਦੀ ਮਹਾਨਤਾ ਤੇ ਉੱਦਮ, ਸੰਤੋਖ਼ ਤੇ ਸੇਵਾ ਦਾ ਮਾਰਗ ਇਉਂ ਦਸਦੀ ਹੈ ‘‘ਘਾਲਿ ਖਾਇ ਕਿਛੁ ਹਥਹੁ ਦੇਹਿ   ਨਾਨਕ ਰਾਹੁ ਪਛਾਣਹਿ ਸੇਇ (ਮਹਲਾ , ੧੨੪੫), ਪਾਪਾ ਬਾਝਹੁ ਹੋਵੈ ਨਾਹੀ, ਮੁਇਆ ਸਾਥਿ ਜਾਈ (ਮਹਲਾ , ੪੧੭), ਸੇਵ ਕੀਤੀ ਸੰਤੋਖੀਈ, ਜਿਨੀ ਸਚੋ ਸਚੁ ਧਿਆਇਆ (ਆਸਾ ਦੀ ਵਾਰ), ਹਕੁ ਪਰਾਇਆ ਨਾਨਕਾ, ਉਸੁ ਸੂਅਰ ਉਸੁ ਗਾਇ (ਮਹਲਾ , ੧੪੧), ਉਦਮੁ ਕਰੇਦਿਆ ਜੀਉ ਤੂੰ, ਕਮਾਵਦਿਆ ਸੁਖ ਭੁੰਚੁ   ਧਿਆਇਦਿਆ ਤੂੰ ਪ੍ਰਭੂ ਮਿਲੁ, ਨਾਨਕ ਉਤਰੀ ਚਿੰਤ ’’ (ਮਹਲਾ , ੫੨੨), ਇਵੇਂ ਹੀ ਇਹ ਦੱਸਿਆ ਗਿਆ ਹੈ ਕਿ ਵਣਜ ਵਪਾਰ ਵਾਹੀ ਖੇਤੀ ਤੇ ਚਾਕਰੀ ਆਦਿ ਕਿਰਤਾਂ ਨੂੰ ਕਿਵੇਂ ਸੱਚੇ ਤੇ ਸੁਚੇ ਢੰਗ ਨਾਲ ਜੀਵਨ ਵਿਚ ਕਰਨਾ ਤੇ ਨਿਭਾਉਣਾ ਹੈ ।

ਪਾਵਨ ਗੁਰਬਾਣੀ ਦੀ ਸਿਫਤ ਇਹ ਹੈ ਕਿ ਉਪਰੋਕਤ ਤੇ ਹੋਰ ਅਨੇਕ ਵੀਚਾਰਾਂ ਨੂੰ ਸੰਗੀਤ ਦੇ ਜਾਮ ਵਿਚ ਪਾ ਕੇ ਸੰਗਤਾਂ ਨੂੰ ਪਿਲਾਇਆ ਗਿਆ ਹੈ । ਕਾਰਲਾਈਲ ਨੇ ਸੰਗੀਤ ਨੂੰ ਫਰਿਸ਼ਤਿਆਂ ਦੇਵਤਿਆਂ ਦੀ ਬਲੀ ਕਿਹਾ ਹੈ। ਇਸ ਦੁਆਰਾ ਅਸੀਂ ਅਨੰਤ ਤੇ ਅਮਿਤ ਵਿਚ ਝਾਤੀ ਮਾਰ ਸਕਣ ਯੋਗ ਹੁੰਦੇ ਹਾਂ । ਸੰਗੀਤ ਦਾ ਪ੍ਰਭਾਵ ਨਾ ਕੇਵਲ ਮਨੁੱਖ ਸਗੋਂ ਪਸ਼ੂ ਪੰਛੀ ਵੀ ਕਬੂਲਦੇ ਹਨ । ਇੱਥੋਂ ਤੱਕ ਕਿ ਪੌਦਿਆਂ ਦੇ ਵਧਣ ਫੁਲਣ ਉੱਤੇ ਵੀ ਸੰਗੀਤ ਚੋਖਾ ਪ੍ਰਭਾਵ ਪਾਉਂਦਾ ਹੈ। ਇਹੀ ਕਾਰਨ ਹੈ ਕਿ ਸਤਿਗੁਰਾਂ ਜੀ ਨੇ ਅਰਸ਼ੀ ਬਾਣੀ ਨੂੰ ਰਾਗਾਂ ਵਿਚ ਉਚਾਰਿਆ ਹੈ ਅਤੇ ਇਸ ਲਈ ਕੁਲ 31 ਰਾਗ/ਰਾਗਣੀਆਂ ਚੁਣੇ ਗਏ।

ਰਾਗ ਦੇ ਅਰਥ ਹੀ ਪਿਆਰ, ਲਗਾਉ ਹਨ। ਇਹ ਦਵੰਸ਼ ਦਾ ਵਿਰੋਧੀ ਸ਼ਬਦ ਹੈ । ਗੁਰਬਾਣੀ-ਪ੍ਰੇਮ ਉਪਜਾਊ ਹੈ, ਪ੍ਰੇਮ ਰੂਪ ਹੈ ਅਤੇ ਪ੍ਰੇਮ ਹੀ ਪ੍ਰਮਾਤਮਾ ਦਾ ਦੂਜਾ ਸਰੂਪ ਹੈ। ਸ੍ਰੀ ਗੁਰੂ ਗਰੰਥ ਸਾਹਿਬ ਦੀ ਬਾਣੀ ਦੀ ਸਿਫਤ ਸਲਾਹ, ਕੌਣ ਕਰ ਸਕਦਾ ਹੈ ਅਤੇ ਕੌਣ ਅੰਤ ਪਾ ਸਕਦਾ ਹੈ ? ਇਸ ਵਿਚ ਦਰਸਾਈਆਂ ਸਦੀਵੀ ਸਚਾਈਆਂ, ਸਿਧਾਂਤਾਂ ਤੇ ਗਿਆਨ ਦੇ ਭੰਡਾਰਾਂ ਦਾ ਉਪਰੋਕਤ ਲਿਖੀਆਂ ਕੁਝ ਸਤਰਾਂ ਅਥਵਾ ਅਧੂਰਾ ਜਿਹਾ ਬਿਆਨ ਤਾਂ ਇਕ ਅਤਿ ਨਿਮਾਣਾ ਜਿਹਾ ਤਰਲਾ ਹੈ ਮੱਛੀ ਸਮਾਨ, ਸਾਗਰ ਦੀ ਥਾਹ ਲੈਣ ਦਾ । ਹਾਂ ਜੀ ਇਹ ਤਾਂ ਧੁਰੋਂ ਵਸੀ ਖੋਹ ਹੈ ਇਕ ਬੂੰਦ ਦੀ, ਜੋ ਇਕ ਅੱਖ ਨਾਲ ਸਾਰੇ ਸਾਗਰ ਅਤੇ ਸਾਗਰ ਦੇ ਕੰਢਿਆਂ ਨੂੰ ਵੇਖਣ ਦਾ ਨਿਰਾਰਥ ਜਤਨ ਕਰਦੀ ਹੈ । ਫੇਰ ਵੀ ਸ਼ਰਧਾ ਦੇ ਫੁਲ ਵਜੋਂ ਇਹ ਚੰਦ ਸ਼ਬਦ ਹਾਜ਼ਰ ਹਨ ਜੁਗੋ ਜੁਗ ਅਟਲ ਅਬਚਲ ਜੋਤਿ ਸ੍ਰੀ ਗੁਰੂ ਗਰੰਥ ਸਾਹਿਬ ਬਾਰੇ, ਜਿਸ ਦਾ ਪਹਿਲਾ ਪ੍ਰਕਾਸ਼ ਸੰਨ 1604 ਵਿਚ ਭਾਦੋਂ ਸੁਦੀ ਏਕਮ ਨੂੰ ਕੁਲ ਮਖਲੂਕ ਦੇ ਸਾਂਝੇ ਹਰਿਮੰਦਰ ਜੀ ਵਿਚ ਕੀਤਾ ਗਿਆ ਸੀ ਅਤੇ ਇਸ ਦੇ ਪਹਿਲੇ ਗਰੰਥੀ ਟਹਿਲੀਏ ਹੋਣ ਦਾ ਮਾਣ ਬਾਬਾ ਬੁੱਢਾ ਜੀ ਅਨਿੰਨ ਗੁਰਸਿੱਖ ਨੂੰ ਪ੍ਰਾਪਤ ਹੋਇਆ ਸੀ । ਮਨੱੁਖਤਾ ਇਸ ਅਦੁੱਤੀ ਦੇਣ ਹਿਤ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਜਿਤਨੀ ਵੀ ਰਿਣੀ ਹੋਵੇ ਥੋੜ੍ਹੀ ਹੈ ।  ਸੰਸਾਰ ਦੇ ਕਲਿਆਣ ਅਥਵਾ ਸਰਵ-ਨਾਸ਼ ਤੋਂ ਬਚਾਅ ਦਾ ਉਪਾਅ ਜੇ ਕਿਸੇ ਗੱਲ ਵਿਚ ਹੈ ਤਾਂ ਕੇਵਲ ਗੁਰਬਾਣੀ ਦੀ ਰੌਸ਼ਨੀ ਵਿਚ ਘੜੇ ਸੱਚੇ ਸੁਚੇ ਆਚਾਰ ਵਿਚ । ਇਸ ਹਕੀਕਤ ਨੂੰ ਜਿੰਨੀ ਛੇਤੀ ਸਮਝਿਆ ਸਮਝਾਇਆ ਤੇ ਅਮਲਾਇਆ ਜਾਵੇ, ਉਤਨੀ ਹੀ ਇਹ ਲੁਕਾਈ ਦੇ ਭਲੇ ਦੀ ਗੱਲ ਹੋਵੇਗੀ ।