ਸ਼ਬਦ ਦੀ ਮਹਾਨਤਾ

0
80

ਸ਼ਬਦ ਦੀ ਮਹਾਨਤਾ

ਗਿਆਨੀ ਅਮਰੀਕ ਸਿੰਘ ਜੀ

ਲਗਭਗ ਸਾਰੇ ਧਰਮ, ਸ਼ਬਦ ਦੇ ਆਲੇ-ਦੁਆਲੇ ਹੀ ਘੁੰਮਦੇ ਨਜ਼ਰ ਆਉਂਦੇ ਹਨ। ਸ਼ਬਦ ਤੋਂ ਮਨੁੱਖ ਦੂਰ ਹੋ ਵੀ ਨਹੀਂ ਸਕਦਾ ਕਿਉਂਕਿ ਸ਼ਬਦ ਨਾਲ ਹੀ ਤਾਂ ਰੱਬ ਨੇ ਸੰਸਾਰ ਦੀ ਰਚਨਾ ਰਚੀ ਸੀ। ਮਨ ਨੂੰ ਹਰ ਵਕਤ ਸਹਾਰਾ ਸ਼ਬਦ ਦਾ ਹੀ ਹੁੰਦਾ ਹੈ। ਇਹ ਗੱਲ ਵੱਖਰੀ ਹੈ ਕਿ ਜਿੰਨਾ ਚੰਗਾ ਸਹਾਰਾ ਹੋਵੇਗਾ ਓਨਾ ਹੀ ਚੰਗਾ ਮਨ ਦਾ ਸੁਭਾਅ ਬਣ ਜਾਂਦਾ ਹੈ ਭਾਵ ਫਿਰ ਡੋਲਦਾ ਨਹੀਂ ‘‘ਜਿਉ ਮੰਦਰ ਕਉ ਥਾਮੈ ਥੰਮਨੁ ਤਿਉ ਗੁਰ ਕਾ ਸਬਦੁ; ਮਨਹਿ ਅਸਥੰਮਨੁ ’’ (ਸੁਖਮਨੀ/ਮਹਲਾ /੨੮੨), ਇਸ ਕਰਕੇ ਹੀ ਗੁਰੂ ਅਮਰਦਾਸ ਜੀ ਆਖਦੇ ਹਨ ਕਿ ‘‘ਸਬਦੋ ਗਾਵਹੁ ਹਰੀ ਕੇਰਾ; ਮਨਿ ਜਿਨੀ ਵਸਾਇਆ ’’ (ਅਨੰਦ/ਮਹਲਾ /੯੧੭)

ਹਰੀ ਦਾ ਸ਼ਬਦ ਗਾਉਣ ਦੇ ਨਾਲ ਆਪਣੇ ਆਪ ਹੀ ਸੁਰਤਿ ਅੰਦਰ ਵਸਦੇ ਵਿਕਾਰ ਖ਼ਤਮ ਹੋ ਜਾਂਦੇ ਹਨ ਅਤੇ ਸੁਰਤਿ ਅੰਦਰ ਸ਼ਬਦ ਦਾ ਨਿਵਾਸ ਹੋ ਜਾਂਦਾ ਹੈ, ਜਿਸ ਨਾਲ ‘‘ਸੁਰਤਿ ਸਬਦਿ ਭਵ ਸਾਗਰੁ ਤਰੀਐ.. ’’ (ਗੋਸਟਿ/ਮਹਲਾ /੯੩੮) ਵਾਲੀ ਅਵਸਥਾ ਬਣ ਜਾਂਦੀ ਹੈ। ਇਸ ਕਰਕੇ ਹੀ ਗੁਰਸਿੱਖੀ ਅੰਦਰ ‘ਸ਼ਬਦ ਦੀ ਕਮਾਈ’ ਹੀ ਭਗਤੀ ਹੈ।

ਸਤਿਗੁਰੂ ਜੀ ਨੇ ਮਹਾਨ ਕਿਰਪਾ ਕਰਕੇ ਸੰਸਾਰ ਨੂੰ ਦੇਹੀ ਦੀ ਪੂਜਾ ਵਿੱਚੋਂ ਕੱਢ ਕੇ ਸ਼ਬਦ ਨਾਲ ਜੋੜਿਆ ਹੈ। ਸ਼ਬਦ ਨੂੰ ਹੀ ਗੁਰੂ ਬਣਾ ਕੇ ਪ੍ਰਗਟ ਕੀਤਾ ਹੈ। ਗੁਰੂ ਨਾਨਕ ਸਾਹਿਬ ਜੀ ਤੋਂ ਲੈ ਕੇ ਗੁਰੂ ਅਰਜਨ ਪਾਤਿਸ਼ਾਹ ਜੀ ਤੱਕ ਦੇ ਅੰਮ੍ਰਿਤਮਈ ਸ਼ਬਦਾਂ ਨੂੰ ਗ੍ਰੰਥ ਰੂਪ ਵਿਚ ਗੁਰੂ ਅਰਜਨ ਪਾਤਿਸ਼ਾਹ ਜੀ ਨੇ ਪ੍ਰਗਟ ਕਰਕੇ ਸ੍ਰੀ ਹਰਿਮੰਦਰ ਸਾਹਿਬ ਅੰਦਰ ਪ੍ਰਕਾਸ਼ ਕਰਕੇ ਉਸ ਨੂੰ ‘‘ਪੀਊ ਦਾਦੇ ਕਾ ਖਜਾਨਾ’’ ਕਹਿ ਕੇ ਸਤਿਕਾਰਿਆ ਸੀ। ਗੁਰੂ ਗੋਬਿੰਦ ਸਿੰਘ ਜੀ ਨੇ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਬਾਣੀ ਅੰਕਿਤ ਕਰਕੇ ਇਨ੍ਹਾਂ ਸ਼ਬਦਾਂ ਦੇ ਹੀ ਖਜ਼ਾਨੇ ਨੂੰ ਧੰਨ ਗੁਰੂ ਗ੍ਰੰਥ ਸਾਹਿਬ ਦੇ ਰੂਪ ਵਿਚ ਪ੍ਰਗਟ ਕਰਕੇ ‘ਸਦੀਵਤਾ ਦਾ ਗੁਰੂ’ ਬਖਸ਼ਿਸ਼ ਕਰ ਦਿੱਤਾ ਸੀ। ਹੋਰ ਵੀ ਜਿਨ੍ਹਾਂ ਨੇ ਪਹਿਲਾਂ ਸ਼ਬਦ ਨਾਲ ਆਪਣਾ ਜੀਵਨ ਘੜਿਆ ਸੀ ਅਤੇ ਆਪਣੇ ਜੀਵਨ ਨੂੰ ਇਕ ਸਚੀ ਟਕਸਾਲ ਬਣਾ ਲਿਆ ਸੀ ਫਿਰ ਇਸ ਸੱਚੀ ਟਕਸਾਲ ਦੇ ਘੜੇ ਹੋਏ ਸ਼ਬਦ ਵੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅੰਦਰ ਸ਼ਾਮਲ ਕੀਤੇ ਸਨ। ਘੜੇ ਹੋਏ ਸ਼ਬਦ ਭਾਵ ਸੁਰਤਿ ਦੇ ਰੱਬ ਨਾਲ ਮਿਲਾਪ ਵਿੱਚੋਂ ਪੈਦਾ ਹੋਏ ਸ਼ਬਦ ਦੁਨੀਆਂ ਦੀ ਅਕਲ ਦੇ ਸ਼ਬਦਾਂ ਤੋਂ ਕਿਤੇ ਜ਼ਿਆਦਾ ਤਾਕਤ ਵਾਲੇ ਹੁੰਦੇ ਹਨ। ਇਸ ਗੱਲ ਦੀ ਗਵਾਹੀ ਪੰਜੋਖਰਾ ਸਾਹਿਬ ਦੀ ਸਾਖੀ ਭਰਦੀ ਹੈ। ਇਸ ਇਲਾਕੇ ਦਾ ਵਸਨੀਕ ਪੰਡਿਤ ਲਾਲ ਚੰਦ ਸ਼ਬਦਾਂ ਦਾ ਕਾਫ਼ੀ ਧਨੀ ਸੀ। ਜਿਸ ਨਾਲ ਵੀ ਚਰਚਾ ਕਰਦਾ ਉਸ ਨੂੰ ਆਪਣੇ ਸ਼ਬਦਾਂ ਦੇ ਬਾਣ ਨਾਲ ਮੁੜ ਸ਼ਬਦ ਬੋਲਣ ਜੋਗਾ ਨਹੀਂ ਛੱਡਦਾ ਸੀ। ਜਦੋਂ ਧੰਨ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦਿੱਲੀ ਨੂੰ ਜਾ ਰਹੇ ਸਨ ਤਾਂ ਰਸਤੇ ਵਿਚ ਪੰਜੋਖਰਾ ਸਾਹਿਬ ਰੁਕੇ। ਲਾਲ ਚੰਦ ਨੇ ਵੀ ਖਬਰ ਸੁਣੀ, ਪਰ ਸਤਿਗੁਰੂ ਜੀ ਦੇ ਨਾਮ ਵਾਲੇ ਸ਼ਬਦ ਸੁਣ ਕੇ ਪਿਆਰ ਕਰਨ ਦੀ ਬਜਾਇ ਈਰਖਾ ਵੱਸ ਹੋ ਗਿਆ। ਜਿਸ ਨੇ ਗੀਤਾ ਉਚਾਰੀ ਉਹ ਕ੍ਰਿਸ਼ਨ ਜੀ ਸੀ, ਪਰ ਇਕ ਨਿਕੜੀ ਜਿਹੀ ਉਮਰ ਦਾ ਮਾਲਕ ਸ੍ਰੀ ਗੁਰੂ ਹਰਿ ਕ੍ਰਿਸ਼ਨ ਸਾਹਿਬ ਕਿਵੇਂ ਬਣ ਸਕਦਾ ਹੈ। ਸ਼ਬਦਾਂ ਦਾ ਹੀ ਸਹਾਰਾ ਲੈ ਕੇ ਇਤਰਾਜ਼ ਕਰਨ ਆ ਗਿਆ ਕਿ ਮੈਨੂੰ ਗੀਤਾ ਦੇ ਕਿਸੇ ਸ਼ਬਦ ਦਾ ਅਰਥ ਕਰ ਦਿਓ। ਲਾਲ ਚੰਦ ਨੇ ਅੱਜ ਤੱਕ ਬਹੁਤ ਸਿਆਣੇ ਤੋਂ ਸਿਆਣੇ ਬੰਦੇ ਵੀ ਚਰਚਾ ਵਿਚ ਹਰਾਏ ਸਨ। ਅਨੇਕਾਂ ਨੂੰ ਆਪਣੀ ਅਧੀਨਗੀ ਕਬੂਲ ਕਰਵਾਈ ਸੀ, ਪਰ ਉਹ ਇਸ ਚਰਚਾ ਅੰਦਰ ਖੁਦ ਹੀ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦੀ ਬਖ਼ਸ਼ਿਸ਼ ਦੇ ਪਾਤਰ ਭਾਈ ਛੱਜੂ ਕੋਲੋਂ ਹਾਰ ਗਿਆ। ਜਿਸ ਨੂੰ ਕਦੇ ਸ਼ਬਦ ਬੋਲਦਿਆਂ ਨਹੀਂ ਸੁਣਿਆ ਸੀ, ਉਸ ਕੋਲੋਂ ਗੀਤਾ ਦੇ ਅਰਥ ਸੁਣ ਕੇ ਲਾਲ ਚੰਦ ਦੇ ਆਪਣੇ ਸ਼ਬਦ ਮੁੱਕ ਗਏ। ਉਸ ਨੇ ਜਨੇਊ ਉਤਾਰ ਕੇ ਸਤਿਗੁਰੂ ਜੀ ਦੀ ਸਿੱਖੀ ਧਾਰਨ ਕੀਤੀ। ਲਾਲ ਚੰਦ ਨੇ ਕਈਆਂ ਨੂੰ ਧਰਮ ਦਾ ਉਪਦੇਸ਼ ਦਿੱਤਾ ਸੀ ਪਰ ਅੱਜ ਭਾਈ ਛੱਜੂ ਕੋਲੋਂ ਜਿਹੜਾ ਸਾਰੇ ਨਗਰ ਦਾ ਪਾਣੀ ਭਰ ਕੇ ਗੁਜ਼ਾਰਾ ਕਰਦਾ ਸੀ, ਜਿਸ ਨੂੰ ਕੋਈ ਅਦਬ ਸਤਿਕਾਰ ਵੀ ਨਹੀਂ ਸੀ ਦਿੰਦਾ ਉਸ ਦੇ ਬੋਲਾਂ ਨੇ ਲਾਲ ਚੰਦ ਨੂੰ ਗੁਰੂ ਕਾ ਸਿੱਖ ਬਣਾ ਦਿੱਤਾ ਸੀ। ਲਾਲ ਚੰਦ ਦਾ ਇਤਰਾਜ਼ ਸੁਣ ਕੇ ਸਤਿਗੁਰੂ ਜੀ ਨੇ ਬਚਨ ਕਹੇ ਸਨ ਕਿ ਜੇਕਰ ਮੈਂ ਅਰਥ ਕਰ ਦਿੱਤੇ ਸ਼ੰਕਾ ਬਣਿਆ ਰਹਿ ਜਾਏਗਾ। ਜਿਸ ਕੋਲੋਂ ਤੁਸੀਂ ਅਰਥ ਸੁਣਨੇ ਚਾਹੁੰਦੇ ਹੋ ਉਸ ਨੂੰ ਲੈ ਆਵੋ ਤਾਂ ਭਾਈ ਛੱਜੂ ਝਿਉਰ ਦੀ ਚੋਣ ਹੋਈ ਸੀ। ਇਸ ਨੂੰ ਇਹ ਅਕਲਾਂ ਵਾਲੇ ਕਮਲਾ ਹੀ ਸਮਝਦੇ ਸਨ। ਉਹ ਜਦੋਂ ਗੁਰੂ ਜੀ ਦੀ ਕਿਰਪਾ ਦਾ ਪਾਤਰ ਬਣ ਕੇ ਅਰਥ ਕਰਨ ਲੱਗਾ ਤਾਂ ਲਾਲ ਚੰਦ ਕੋਲ ਸ਼ਬਦ ਮੁੱਕ ਗਏ। ਭਾਈ ਛੱਜੂ ਜੀ ਦੇ ਸ਼ਬਦਾਂ ਨੇ ਲਾਲ ਚੰਦ ਨੂੰ ਸੱਚਾ ਧਰਮੀ ਬਣਾ ਦਿੱਤਾ, ਜਿਹੜਾ ਕਲਗੀਧਰ ਵੇਲੇ ਅੰਮ੍ਰਿਤ ਛਕ ਕੇ ਚਮਕੌਰ ਦੀ ਗੜੀ ਵਿਚ ਸ਼ਹੀਦ ਹੋਇਆ ਸੀ।

ਕਿਸੇ ਦੀ ਵੀ ਮਹਾਨਤਾ ਦੇਖਣੀ ਹੋਵੇ ਤਾਂ ਉਸ ਦੀ ਕ੍ਰਿਤ ਵਿੱਚੋਂ ਪ੍ਰਗਟ ਹੋ ਜਾਂਦੀ ਹੈ। ਇੱਥੋਂ ਤੱਕ ਕਿ ਸਤਿਗੁਰੂ ਜੀ ਨੇ ਰੱਬ ਨੂੰ ਵੀ ਕਿਧਰੇ ਵੱਖਰੇ ਪਤਾਲਾਂ, ਅਕਾਸ਼ਾਂ ਜਾਂ ਜੰਗਲ ਬੇਲਿਆਂ ਵਿਚ ਲੱਭਣ ਦੀ ਥਾਂ ਕੁਦਰਤ ਵਿੱਚੋਂ ਕਾਦਰ ਦੇਖਣ ਦਾ ਉਪਦੇਸ਼ ਦਿੱਤਾ ਹੈ ਕਿਉਂਕਿ ਕਰਤਾ ਕਿਰਤ ਵਿੱਚ ਹੀ ਛੁਪਿਆ ਹੈ। ਸ਼ਾਇਦ ਅਜਿਹਾ ਹੀ ਕਾਰਨ ਹੋਵੇਗਾ ਜਦੋਂ ਸਤਿਗੁਰੂ ਜੀ ਨੇ ਵੀ ਗੁਰੂ ਨੂੰ ਗੁਰੂ ਦੀਆਂ ਤਸਵੀਰਾਂ ਜਾਂ ਬੁੱਤ ਬਣਾ ਕੇ ਪੂਜਣ ਦੀ ਥਾਂ ਉਨ੍ਹਾਂ ਦੀ ਮਹਾਨ ਦੇਣ ਸ਼ਬਦਾਂ ਵਿੱਚੋਂ ਹੀ ਦੇਖਣ ਦਾ ਉਪਦੇਸ਼ ਦਿੱਤਾ ਸੀ। ਗੁਰਬਾਣੀ ਅੰਦਰ ਹੀ ਸਾਹਿਬ ਦਾ ਨਿਵਾਸ ਹੈ। ਸ਼ਬਦਾਂ ਦੀ ਸ਼ਰਧਾ ਨਾਲ ਕੀਤੀ ਖੋਜ, ਗੁਰੂ ਅਤੇ ਰੱਬ ਦਾ ਮਿਲਾਪ ਕਰਵਾ ਦਿੰਦੀ ਹੈ। ਔਰੰਗਜ਼ੇਬ ਦੀ ਪੁੱਤਰੀ ਜੇਬੁਲਨੁਸ਼ਾ ਨੂੰ ਕਿਸੇ ਨੇ ਉਸ ਦੀ ਸ਼ਬਦਾਂ ਦੀ ਕਿਰਤ ਪੜ੍ਹ ਕੇ ਹੀ ਮਿਲਣ ਦੀ ਤਾਂਘ ਪ੍ਰਗਟ ਕੀਤੀ ਸੀ। ਜਦੋਂ ਉਹ ਜੇਬੁਲਨੁਸ਼ਾ ਨੂੰ ਮਿਲਣ ਆਇਆ ਤਾਂ ਜੇਬੁਲਨੁਸ਼ਾ ਨੇ ਇਸਲਾਮ ਦੇ ਕਾਇਦੇ ਕਾਨੂੰਨ ਅਨੁਸਾਰ ਆਪਣੇ ਆਪ ਨੂੰ ਕੱਪੜੇ ਦੇ ਪਰਦੇ ਅੰਦਰ ਰੱਖ ਕੇ ਸ਼ਬਦਾਂ ਰਾਹੀਂ ਵੀਚਾਰ ਕਰਨੀ ਚਾਹੀ ਤਾਂ ਉਸ ਜਗਿਆਸੂ ਨੇ ਦੇਹੀ ਦਰਸ਼ਨਾਂ ਦੀ ਮੰਗ ਕੀਤੀ। ਜੇਬੁਲਨੁਸ਼ਾ ਨੇ ਆਖਿਆ ਸੀ ਕਿ ਭਲਿਆ ਜੇ ਕਰ ਮੇਰੇ ਸ਼ਬਦਾਂ ਵਿੱਚੋਂ ਤੈਨੂੰ ਜ਼ੇਬੁਲਨਸ਼ਾ ਨਹੀਂ ਲੱਭੀ ਤਾਂ ਇਸ ਹੱਡ ਮਾਸ ਨਾੜੀ ਦੇ ਪਿੰਜਰ ਵਿੱਚੋਂ ਕਿੱਥੋਂ ਲੱਭ ਲਵੇਂਗਾ। ਇਹ ਤਾਂ ਮਿੱਟੀ ਦੀ ਮੁੱਠੀ ਤੋਂ ਖੁਦਾ ਨੇ ਰਹਿਮਤ ਕਰਕੇ ਇਕ ਪੁਤਲਾ ਬਣਾ ਦਿੱਤਾ ਹੈ। ਮਿੱਟੀ ਦੇ ਦਰਸ਼ਨਾਂ ਵਿੱਚ ਕੁਝ ਨਹੀਂ ਮਿਲਣਾ ਅਸਲ ਜੇਬੁਲਨੁਸ਼ਾ ਤਾਂ ਸ਼ਬਦਾਂ ਵਿੱਚੋਂ ਹੀ ਲੱਭਣੀ ਹੈ।

ਸੱਚ ਹੈ ਕਿ ਅਸ਼ਟਾਵਕਰ ਵਰਗੇ ਜਿਸ ਦੇ ਸਰੀਰ ਦੇ ਅੱਠ ਅੰਗ ਟੇਢੇ ਸਨ, ਉਹ ਵੀ ਕੀਮਤੀ ਵੀਚਾਰ ਦੇ ਸਕਦੇ ਹਨ ਅਤੇ ਕਈ ਚੰਗੀਆਂ ਸ਼ਕਲਾਂ ਵਾਲੇ ਅਕਲਾਂ ਤੋਂ ਸੱਖਣੇ ਵੀ ਹੋ ਸਕਦੇ ਹਨ। ਸਤਿਗੁਰੂ ਜੀ ਨੇ ਸ਼ਬਦ ਦਾ ਸਿਧਾਂਤ ਬਹੁਤ ਕੀਮਤੀ ਦਿੱਤਾ ਸੀ ਪਰ ਦੁੱਖ ਹੈ ਕਿ ਅਸੀਂ ਸ਼ਬਦ ਨਾਲ ਉੱਨਾ ਨਹੀਂ ਜੁੜ ਸਕੇ ਜਿੰਨਾ ਮੂਰਤੀਆਂ ਨਾਲ ਜੁੜ ਗਏ ਹਾਂ। ਇਸ ਗੱਲ ਵਿਚ ਇਸਲਾਮ ਬਹੁਤ ਅਗੇ ਨਿਕਲ ਗਿਆ ਹੈ। ਕੁਰਾਨ ਮੰਜੀਦ ਨੂੰ ਉਹ ਵੀ ਭਾਵੇਂ ਗੁਰੂ ਜਾਂ ਮੁਰਸ਼ਿਦ ਦਾ ਦਰਜਾ ਨਹੀਂ ਦਿੰਦੇ ਪਰ ਉਨ੍ਹਾਂ ਨੇ ਹਜ਼ਰਤ ਮੁਹੰਮਦ ਸਾਹਿਬ ਦੀ ਕੋਈ ਤਸਵੀਰ ਨਹੀਂ ਬਣਾਈ। ਇੱਥੋਂ ਤੱਕ ਦਾ ਜ਼ਿਕਰ ਹੈ ਕਿ ਇਕ ਵਾਰੀ ਕੁਝ ਫਕੀਰਾਂ ਨੇ ਇਕੱਠੇ ਹੋ ਕੇ ਹਜ਼ਰਤ ਮੁਹੰਮਦ ਸਾਹਿਬ ਜੀ ਦੇ ਹੀ ਪਿਆਰ ਵਿਚ ਡੁੱਬ ਕੇ ਵੀਚਾਰਾਂ ਕਰਦਿਆਂ ਕਰਦਿਆਂ ਸਲਾਹ ਬਣਾਈ ਕਿ ਸਭ ਤੋਂ ਵਧੀਕ ਹਜ਼ਰਤ ਮੁਹੰਮਦ ਸਾਹਿਬ ਜੀ ਦੀ ਸੁਪਤਨੀ ਆਇਸ਼ਾਂ ਨੇ ਉਸ ਦੇ ਪਾਕ ਦੀਦਾਰ ਕੀਤੇ ਹਨ ਉਸ ਕੋਲੋਂ ਕੁਝ ਥੋੜ੍ਹਾ ਬਹੁਤ ਜਾਣ ਕੇ ਅਤੇ ਕੁਝ ਹੋਰ ਚਿੱਤਰਕਾਰਾਂ ਦੀ ਮਤਿ ਦਾ ਸਹਾਰਾ ਲੈ ਕੇ ਕੋਈ ਚਿੱਤਰ ਬਣਾਈਏ। ਇਸ ਮਨਸ਼ਾ ਨਾਲ ਆਇਸ਼ਾਂ ਕੋਲ ਜਾ ਕੇ ਆਪਣੀ ਖਾਹਿਸ਼ ਪ੍ਰਗਟ ਕੀਤੀ ਅਤੇ ਹਜ਼ਰਤ ਮੁਹੰਮਦ ਸਾਹਿਬ ਜੀ ਦੇ ਨਕਸ਼ੇ ਨਿਗਾਹਾਂ ਬਾਰੇ ਜਾਣਕਾਰੀ ਲੈਣੀ ਚਾਹੀ ਤਾਂ ਆਇਸ਼ਾਂ ਨੇ ਖੁਸ਼ ਹੋਣ ਦੀ ਥਾਂ ਸਗੋਂ ਨਰਾਜ਼ਗੀ ਜ਼ਾਹਰ ਕਰਕੇ ਕਿਹਾ ਸੀ ਕਿ ਭਲਿਓ ਹਜ਼ਰਤ ਮੁਹੰਮਦ ਸਾਹਿਬ ਦੀ ਕਿਰਤ ਹੀ ਭਾਵ ਉਨ੍ਹਾਂ ਦੇ ਬਚਨ ਹੀ ਅਸਲ ਵਿਚ ਉਨ੍ਹਾਂ ਦੀ ਤਸਵੀਰ ਹੈ।

ਸਿੱਖ ਜਗਤ ਤੇ ਮਹਾਨ ਸਤਿਗੁਰੂ ਜੀ ਦਾ ਮਹਾਨ ਪਰਉਪਕਾਰ ਹੈ, ਜਿਨ੍ਹਾਂ ਨੇ ਸ਼ਬਦ ਦੀ ਦਾਤ ਦੇ ਕੇ ‘‘ਇਹੁ ਭਵਜਲੁ ਜਗਤੁ ਜਾਈ ਤਰਣਾ; ਗੁਰਮੁਖਿ ਤਰੁ ਹਰਿ ਤਾਰੀ ਰਹਾਉ ’’ (ਮਹਲਾ /੧੨੬੦) ਦੀ ਜਾਚ ਸਿਖਾ ਕੇ ਸ਼ਬਦ ਨਾਲ ਜੁੜ ਕੇ ਸ਼ਬਦਾਂ ਦੇ ਦਾਤੇ ਪ੍ਰਮੇਸ਼ਰ ਨਾਲ ਅਭੇਦ ਹੋਣ ਦੀ ਜੁਗਤਿ ਬਖਸ਼ਿਸ਼ ਕੀਤੀ ਸੀ ‘‘ਬਾਣੀ ਗੁਰੂ, ਗੁਰੂ ਹੈ ਬਾਣੀ; ਵਿਚਿ ਬਾਣੀ ਅੰਮ੍ਰਿਤੁ, ਸਾਰੇ ਗੁਰੁ, ਬਾਣੀ ਕਹੈ; ਸੇਵਕੁ ਜਨੁ ਮਾਨੈ; ਪਰਤਖਿ ਗੁਰੂ ਨਿਸਤਾਰੇ ’’ (ਮਹਲਾ /੯੮੨)