ਗੁਰੂ ਦੀ ਗੋਲਕ ਰਾਹੀਂ ਕੀਤੇ ਜਾ ਰਹੇ ਸਿੱਖ ਧਰਮ ਦੇ ਘਾਣ ਦਾ ਹੱਲ

0
331

ਗੁਰੂ ਦੀ ਗੋਲਕ ਰਾਹੀਂ ਕੀਤੇ ਜਾ ਰਹੇ ਸਿੱਖ ਧਰਮ ਦੇ ਘਾਣ ਦਾ ਹੱਲ

ਗੁਰਪ੍ਰੀਤ ਸਿੰਘ (USA)

ਗੁਰੂ ਨਾਨਕ ਸਾਹਿਬ ਜੀ ਨੇ ਮਨੁੱਖਤਾ ਨੂੰ ਬਿਹਤਰੀਨ ਜੀਵਨ ਜਾਚ ਬਖ਼ਸ਼ਦਿਆਂ ਫ਼ੁਰਮਾਇਆ ਕਿ ਜੋ ਇਨਸਾਨ ਆਪਣੀ ਰੋਜ਼ੀ-ਰੋਟੀ ਮਿਹਨਤ ਕਰ ਕੇ ਕਮਾਉਂਦਾ ਹੈ ਤੇ ਉਸ ਨੇਕ ਕਮਾਈ ’ਚੋਂ ਹੋਰਨਾਂ ਨੂੰ ਵੀ ਕੁਝ ਦਿੰਦਾ ਹੈ ਤਾਂ ਸਮਝੋ ਕਿ ਅਜਿਹੇ ਪ੍ਰਾਣੀ ਨੇ ਜੀਵਨ ਦਾ ਸਹੀ ਮਾਰਗ ਪਛਾਣ ਲਿਆ ਹੈ, ‘‘ਘਾਲਿ ਖਾਇ, ਕਿਛੁ ਹਥਹੁ ਦੇਇ ॥ ਨਾਨਕ ! ਰਾਹੁ ਪਛਾਣਹਿ ਸੇਇ ॥’’ (ਮ:੧/੧੨੪੫)

ਗੁਰੂ ਅਮਰਦਾਸ ਜੀ ਵੱਲੋਂ ੨੨ ਮੰਜੀਆਂ ਦੀ ਸਥਾਪਨਾ ਕਰਨ ਦਾ ਮੁੱਖ ਕਾਰਨ ਨਾ ਕੇਵਲ ਸਿੱਖਾਂ ਨੂੰ ਜੱਥੇਬੰਦ ਕਰ ਕੇ, ਸਿੱਖ ਧਰਮ ਨੂੰ ਸੁਚੱਜੇ ਢੰਗ ਨਾਲ ਪ੍ਰਚਾਰਨਾ ਸੀ ਬਲਕਿ ਸਿੱਖਾਂ ਵੱਲੋਂ ਆਪਣੀ ਹੱਕ ਸੱਚ ਦੀ ਕਮਾਈ ’ਚੋਂ ਕੱਢੇ ਦਸਵੰਧ ਨੂੰ ਉਸ ਇਲਾਕੇ ਦੇ ਪਰਿਵਾਰਾਂ ਦੀ ਭਲਾਈ ਲਈ ਪਹਿਲ ਦੇ ਆਧਾਰ ’ਤੇ ਕਿਵੇਂ ਵਰਤਣਾ ਹੈ; ਇਸ ਬਾਬਤ ਸੁਚੱਜੀ ਅਗਵਾਈ ਦੇਣਾ ਵੀ ਸੀ। ਇਸ ਦੇ ਬਾਅਦ ਜੋ ਵੀ ਕੁਝ ਬਚਦਾ, ਉਸ ਨੂੰ ਗੁਰੂ ਘਰ ਪਹੁੰਚਾ ਦਿੱਤਾ ਜਾਂਦਾ ਸੀ। ਗੁਰੂ ਰਾਮਦਾਸ ਜੀ ਨੇ ਵੀ ਅਗਾਂਹ ਦਰਬਾਰ ਸਾਹਿਬ ਦੀ ਉਸਾਰੀ ਦੇ ਸਾਂਝੇ ਕਾਰਜ ਵਾਸਤੇ ਸਿੱਖਾਂ ਨੂੰ ਖੁੱਲ੍ਹ-ਦਿਲੀ ਨਾਲ ਦਸਵੰਧ ਦੇਣ ਵਾਸਤੇ ਪ੍ਰੇਰਿਤ ਕੀਤਾ। ਗੁਰੂ ਅਰਜਨ ਦੇਵ ਜੀ ਵੇਲੇ (ਦਰਬਾਰ ਸਾਹਿਬ ਦੀ ਉਸਾਰੀ ਦੇ ਕਾਲ ਦੌਰਾਨ) ਮਹਾਂਮਾਰੀ ਵੀ ਫੈਲੀ ਹੋਈ ਸੀ ਪਰ ਗੁਰੂ ਜੀ ਦੇ ਪਰਉਪਕਾਰੀ ਸਿੱਖ ਉਸ ਸਮੇਂ ਤੱਕ ਗੁਰੂ ਨਮਿਤ, ਨੇਮ ਨਾਲ ਦਸਵੰਧ ਕੱਢਣ ’ਚ ਪਰਪੱਕ ਹੋ ਚੁੱਕੇ ਸਨ। ‘ਗ਼ਰੀਬ ਦਾ ਮੂੰਹ… ਗੁਰੂ ਦੀ ਗੋਲਕ’ ਦੇ ਸੰਕਲਪ ਨੂੰ ਅਮਲੀ ਜਾਮਾ ਪਹਿਨਾਉਂਦੇ ਹੋਏ ਗੁਰੂ ਕੇ ਸਿੱਖ, ਕਾਲ ਤੇ ਮਹਾਂਮਾਰੀ ਦੌਰਾਨ ਵੀ ਲੁਕਾਈ ਦੀ ਨਿਸ਼ਕਾਮ ਸੇਵਾ ਕਰਦੇ ਰਹੇ। ਛੇਵੀਂ ਪਾਤਸ਼ਾਹੀ ਨੇ ਮੀਰੀ ਪੀਰੀ ਦੀਆਂ ਦੋ ਤਲਵਾਰਾਂ ਪਹਿਨ ਕੇ ਸਿੱਖਾਂ ਨੂੰ ਭਾਵੇਂ ਆਪਣਾ ਦਸਵੰਧ ਸ਼ਸਤਰਾਂ ਤੇ ਘੋੜਿਆਂ ਆਦਿ ’ਤੇ ਖ਼ਰਚ ਕਰਨ ਲਈ ਹੁਕਮਨਾਮੇ ਵੀ ਜਾਰੀ ਕੀਤੇ ਪਰ ਨਾਲ ਹੀ ਮਨੁੱਖਤਾ ਦੀ ਸੇਵਾ ਲਈ ਕਮਾਲ ਦਾ ਦਵਾਖ਼ਾਨਾ ਖੋਲ੍ਹ ਕੇ ਸਮਝਾਇਆ ਕਿ ਦਿਨ ਦੇ ਅੰਤ ’ਚ ਦਸਵੰਧ ਕੱਢਣ ਦਾ ਮੂਲ ਮਕਸਦ, ਖ਼ਲਕਤ ਦੀ ਸੇਵਾ ਹੀ ਹੈ। ਦਸਮੇਸ਼ ਪਿਤਾ ਵੇਲੇ ਤੱਕ ਚਾਹੇ ਦਸਵੰਧ ਕੱਢਣ ਦਾ ਦਸਤੂਰ ਇਸੇ ਤਰ੍ਹਾਂ ਹੀ ਚੱਲਦਾ ਰਿਹਾ ਪਰ ਧਿਆਨ ਰਹੇ ਕਿ ਗੁਰੂ ਕਾਲ ਦੌਰਾਨ ਵੀ ਸਿੱਖਾਂ ਦੀ ਦਸਵੰਧ ਦੀ ਮਾਇਆ ਵੇਖ ਕੇ ‘ਮਸੰਦਾਂ’ ਦੀ ਨੀਅਤ ’ਚ ਖੋਟ ਆ ਗਿਆ ਤੇ ਉਹ ਅਜਿਹੇ ਭ੍ਰਿਸ਼ਟ ਹੋਏ ਕਿ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਸੰਗਤਾਂ ਨੂੰ ਹੁਕਮ ਕੀਤਾ ਕਿ ਅਜਿਹੇ ਚੋਰਾਂ ਨੂੰ ਦਾੜ੍ਹੀ ਤੋਂ ਫੜ ਕੇ ਗੁਰੂ ਦਰਬਾਰ ’ਚ ਲਿਆਂਦਾ ਜਾਵੇ।

ਅੱਜ ਵੀ ਸੰਗਤ ਨੂੰ ਬਹੁਤ ਸੁਚੇਤ ਹੋਣ ਦੀ ਲੋੜ ਹੈ ਕਿਉਂਕਿ ਗੁਰੂ ਦੀ ਗੋਲਕ ਹੁਣ ਗੁਰੂ ਦੀ ਨਾ ਰਹਿ ਕੇ, ਪ੍ਰਬੰਧਕਾਂ ਤੇ ਕਮੇਟੀਆਂ ਦੀ ਨਿੱਜੀ ਮਲਕੀਅਤ ਬਣ ਗਈ ਹੈ। ਅੱਜ ਸਿੱਖੀ ਸਰੂਪ ਵਾਲੇ ਬਹੁ ਰੂਪੀਆਂ ਵੱਲੋਂ ਸਾਡੀ ਹੱਕ ਸੱਚ ਦੀ ਕਮਾਈ ਦੀ ਦੁਰਵਰਤੋਂ ਕਰ ਕੇ, ਸਿੱਖੀ ਅਤੇ ਸਾਨੂੰ ਸਿੱਖਾਂ ਨੂੰ ਖ਼ਤਮ ਕਰਨ ’ਚ ਕੋਈ ਕਸਰ ਬਾਕੀ ਨਹੀਂ ਛੱਡੀ ਜਾ ਰਹੀ ਹੈ। ਬ੍ਰਾਹਮਣਵਾਦ ਵੱਲੋਂ ਸਥਾਪਤ ਕੀਤੇ ਅਖੌਤੀ ਕਾਰ ਸੇਵਾ ਵਾਲੇ ਭੇਖੀ (ਸਰਕਾਰੀ) ਬਾਬੇ ਸੋਚੀ ਸਮਝੀ ਸਾਜ਼ਸ਼ ਤਹਿਤ ਸੰਗਮਰਮਰ ਥੱਪ ਕੇ, ਜੰਗੀ ਪੱਧਰ ’ਤੇ ਗੁਰੂ ਘਰਾਂ ਦੀ ਮੌਲਿਕਤਾ ਖ਼ਤਮ ਕਰੀ ਜਾ ਰਹੇ ਹਨ ਤਾਂ ਕਿ ਸਾਡੇ ਨੌਜਵਾਨਾਂ, ਬੱਚਿਆਂ ਤੇ ਆਉਣ ਵਾਲੀ ਪੀੜ੍ਹੀ ਨੂੰ ਹਮੇਸ਼ਾ ਲਈ ਸਾਡੇ ਗੌਰਵਮਈ ਵਿਰਸੇ ਅਤੇ ਲਾਸਾਨੀ ਇਤਿਹਾਸ ਤੋਂ ਦੂਰ ਕੀਤਾ ਜਾ ਸਕੇ। (ਜ਼ਰਾ ਸੋਚੀਏ ! ਆਪਣੇ ਬੱਚਿਆਂ ਨੂੰ ਹੁਣ ਕੀ ਦੱਸੀਏ ਕਿ ਠੰਡਾ ਬੁਰਜ ਕਿੱਥੇ ਗਿਆ  ? ਨਾ ਰਹੇਗਾ ਬਾਂਸ ਤੇ ਨਾ ਵੱਜੇਗੀ ਬੰਸਰੀ…….ਫਿਰ ਕਿੱਥੋਂ ਪੈਦਾ ਹੋਵੇਗਾ ਸਾਡੇ ਬੱਚਿਆਂ ਦੇ ਮਨਾਂ ਵਿੱਚ ਛੋਟੇ ਸਾਹਿਬਜ਼ਾਦਿਆਂ ਵਰਗੀ ਦ੍ਰਿੜ੍ਹਤਾ ਪਾਲ਼ਨ ਦਾ ਅਹਿਸਾਸ ?) ਆਪਣੀ ਜ਼ਮੀਰ ਨਿਲਾਮ ਕਰ ਚੁੱਕੇ ਵਿਕਾਊ ਸਿਆਸੀ ਸ਼ਿਕਾਰੀਆਂ ਵੱਲੋਂ ਗੁਰੂ ਦੀ ਗੋਲਕ ’ਤੇ ਨਾਗ ਵਲ਼ ਪਾ ਕੇ, ਨਾ ਕੇਵਲ ਆਪਣੀਆਂ ਰੈਲੀਆਂ (ਜਿੱਥੇ ਕਿ ਸ਼ਰਾਬ ਤੇ ਹੋਰ ਨਸ਼ੇ ਸ਼ਰੇਆਮ ਵੰਡੇ ਜਾਂਦੇ ਹਨ) ਦਾ ਭੁਗਤਾਨ ਕੀਤਾ ਜਾਂਦਾ ਹੈ ਬਲਕਿ ਸਿੱਖੀ ਦਾ ਬੇੜਾ ਗ਼ਰਕ ਕਰਨ ਵਾਲੇ ਡੇਰੇਦਾਰਾਂ ਨੂੰ ਸਥਾਪਤ ਕਰਨ ’ਚ ਵੀ, ਗੁਰੂ ਦੀ ਗੋਲਕ ਨੂੰ ਹੀ ਸੰਨ੍ਹ ਲਾਈ ਜਾਂਦੀ ਹੈ।

ਖ਼ੈਰ, ਗੁਰੂ ਦੀ ਗੋਲਕ ’ਤੇ ਨਿੱਜੀ ਅਤੇ ਸੰਗਠਿਤ ਰੂਪ ’ਚ ਡਾਕਾ ਮਾਰਣ ਵਾਲੇ ਗੋਲਕ ਮਾਫ਼ੀਆਂ ਦੇ ਅਜੋਕੇ ਮਸੰਦਾਂ ਨੂੰ ਅੱਜ ਸ਼ਾਇਦ ਅਸੀਂ ਭੱਠੀ ਵਿੱਚ ਤਾਂ ਨਾ ਭੁੰਨ ਸਕੀਏ ਪਰ ਅਸੀਂ ਇਨ੍ਹਾਂ ਨੂੰ, ਇਨ੍ਹਾਂ ਦੀ ਆਪਣੀ ਹੀ ਦਵਾਈ ਦੀ ਖ਼ੁਰਾਕ ਤਾਂ ਜ਼ਰੂਰ ਦੇ ਸਕਦੇ ਹਾਂ। ਵੈਸੇ ਵੀ ਜੇਕਰ ਕੋਈ ਜ਼ਖ਼ਮ, ਜਦੋਂ ਨਾਸੂਰ ਬਣ ਜਾਵੇ ਅਤੇ ਉਪਚਾਰ ਦੇ ਹੋਰ ਸਾਰੇ ਹੀਲੇ ਵਿਅਰਥ ਹੋ ਜਾਣ ਤਾਂ ਬਾਕੀ ਸਰੀਰ ਨੂੰ ਬਚਾਉਣ ਲਈ ਪ੍ਰਭਾਵਤ ਅੰਗ ਨੂੰ ਕੱਟ ਦੇਣ ’ਚ ਹੀ ਸਮਝਦਾਰੀ ਹੁੰਦੀ ਹੈ। ਜੇਕਰ ਅਸੀਂ ਵਾਕਿਆ ਈ ਆਪਣੇ ਧਰਮ, ਗੁਰ ਅਸਥਾਨਾਂ, ਗੁਰਮਤ ਸਿਧਾਂਤ ਤੇ ਫ਼ਲਸਫ਼ੇ ਨੂੰ ਬਚਾਉਣ ਲਈ ਸੁਹਿਰਦ ਹਾਂ ਤਾਂ ਸਾਨੂੰ ਆਪਣੇ ਗੁਰੂ ਘਰਾਂ ’ਚੋ ਗੋਲਕ ਨੂੰ ਹਟਾਉਣਾ ਪਵੇਗਾ।

ਨੋਟ: ਇੱਥੇ ਇਹ ਵਿਚਾਰਨਯੋਗ ਹੈ ਕਿ ਅਸੀਂ ਦਸਵੰਧ ਕੱਢਣ ਤੋਂ ਕਦੀ ਵੀ ਇਨਕਾਰੀ ਨਹੀਂ ਹੋਣਾ, ਬਲਕਿ ਸਾਨੂੰ ਤਾਂ ਇਸ ਸਮੇਂ ਹੋਰ ਵੀ ਜ਼ਿਆਦਾ ਦਸਵੰਧ ਕੱਢਣ ਦੀ ਜ਼ਰੂਰਤ ਹੈ ਤਾਂ ਕਿ ਗ਼ਰੀਬ ਵਰਗ ਤੱਕ ਪਹੁੰਚ ਕਰ ਕੇ, ਅਸੀਂ ਹਵਾ ਦਾ ਰੁੱਖ ਬਦਲ ਸਕੀਏ। ਗੋਲਕ ਹਟਾਉਣ ਦੇ ਨਫ਼ੇ ਨੁਕਸਾਨ ਦਾ ਮੁਲਾਂਕਣ ਕਰਨ ਤੋਂ ਪਹਿਲਾਂ ਸਮੁੱਚੀ ਸਿੱਖ ਸੰਗਤ ਵਾਸਤੇ ਕੁਝ ਇੱਕ ਸੁਆਲ ਹਨ :

੧. ਇੱਕ ਗੁਰ ਅਸਥਾਨ ’ਤੇ ਅਨੇਕਾਂ ਗੋਲਕਾਂ ਨੂੰ ਆਮ ਹੀ ਦੇਖਿਆ ਜਾ ਸਕਦਾ ਹੈ ਪਰ ਕੀ ਅਸੀਂ ਕਦੀ ਵੇਖਿਆ ਜਾਂ ਸੁਣਿਆ ਹੈ ਕਿ ਸਾਡੇ ਆਪਣੇ ਸਥਾਨਕ ਜਾਂ ਕਿਸੇ ਕੇਂਦਰੀ ਗੁਰੂ ਘਰ ਦੀ ਗੋਲਕ, ਕਿਸੇ ਗ਼ਰੀਬ ਪਰਿਵਾਰ ਨੂੰ ਆਤਮ ਨਿਰਭਰ ਬਣਾਉਣ ਲਈ ਖੁੱਲ੍ਹੀ ਹੋਵੇ।

੨. ਕੀ ਅਸੀਂ ਕਦੀ ਕਿਸੇ ਮੁੱਖ ਸੇਵਾਦਾਰ ਨੂੰ ਇਹ ਸੁਆਲ ਪੁੱਛਿਆ ਹੈ ਕਿ ਦਸਵੰਧ ਕਬੂਲਣ ਲੱਗਿਆਂ (ਗੋਲਕ ’ਚ ਮਾਇਆ ਪਾਉਣ ਵੇਲੇ) ਤਾਂ ਜਾਤ-ਪਾਤ ਦੀ ਕੋਈ ਵਿਚਾਰ ਨਹੀਂ ਕੀਤੀ ਜਾਂਦੀ ਪਰ ਗੋਲਕ ਦੀ ਮਾਇਆ ਨੂੰ ਖ਼ਰਚਣ ਵੇਲੇ ਅਖੌਤੀ ਨੀਵੀਆਂ ਜਾਤਾਂ ਨੂੰ ਕਿਉਂ ਵਿਸਾਰ ਦਿੱਤਾ ਜਾਂਦਾ ਹੈ ?

੩. ਕੀ ਅਸੀਂ ਆਪਣੀ ਨਿੱਜੀ ਜ਼ਿੰਮੇਵਾਰੀ ਸਮਝਦਿਆਂ ਕਦੀ ਇਹ ਜਾਨਣ ਦੀ ਕਸ਼ਿਸ਼ ਕੀਤੀ ਹੈ ਕਿ ਗੁਰੂ ਘਰ ਦੇ ਪ੍ਰਬੰਧਕ, ਗੁਰੂ ਦੀ ਗੋਲਕ ਕਿਵੇਂ ਇਸਤੇਮਾਲ ਕਰ ਰਹੇ ਹਨ ? ਨੋਟਿਸ ਬੋਰਡ ’ਤੇ ਲੱਗੀ ਜਾਅਲੀ ਬੈਲੇਂਸ ਸ਼ੀਟ ’ਤੇ ਕੇਵਲ ਸਰਸਰੀ ਨਿਗਾਹ ਮਾਰਨ ਤੋਂ ਅੱਗੇ ਜਾ ਕੇ, ਕਦੀ ਅਸੀਂ ਕਿਸੇ ਸਬੂਤ ਦੀ ਮੰਗ ਕੀਤੀ ਹੈ ?

੪. ਗੁਰੂ ਘਰ ਦੀ ਗੋਲਕ ਦਸਵੰਧ ਦੀ ਮਾਇਆ ਨਾਲ ਭਰ ਕੇ, ਕੀ ਅਸੀਂ ‘‘ਅਕਲੀ ਕੀਚੈ ਦਾਨੁ’’ ਦੀ ਕਸੌਟੀ ’ਤੇ ਪੂਰੇ ਉੱਤਰ ਰਹੇ ਹਾਂ ?

ਜੇ ਕਰ ਇਮਾਨਦਾਰੀ ਨਾਲ ਆਪਣੇ ਅੰਦਰ ਝਾਤ ਮਾਰਾਂਗੇ ਤਾਂ ਬਹੁਤਾਤ ਸੰਗਤ ਦਾ ਉੱਤਰ ‘ਨਹੀਂ’ ਵਿੱਚ ਹੀ ਹੋਵੇਗਾ। ਪਰ ਸਭ ਤੋਂ ਅਹਿਮ ਸਵਾਲ ਤਾਂ ਇਹ ਹੋਣਾ ਚਾਹੀਦਾ ਹੈ ਕਿ ਗੁਰੂ ਨਾਨਕ ਦੇ ਘਰ ਵਿੱਚ ਗੋਲਕ ਤੇ ਲੱਗੇ ਜਿੰਦਰੇ ਤੇ ਕੈਮਰੇ ਵੇਖ ਕੇ ਅਸੀਂ ਆਪ ਕੀ ਸੋਚਦੇ ਹਾਂ ਤੇ ਬਾਕੀ ਲੋਕਾਈ ਨੂੰ ਕਿਹੜਾ ਸੁਨੇਹਾ ਮਿਲ ਰਿਹਾ ਹੈ ?

ਗੋਲਕ ਹਟਾਉਣ ਦਾ ਮੁੱਖ ਫ਼ਾਇਦਾ – ਭਾਵੇਂ ਕਿ ਬਹੁਤੇ ਗੁਰਦੁਆਰਿਆਂ ਦੀ ਉਸਾਰੀ ਜਾਤ-ਪਾਤ ਅਤੇ ਇਲਾਕਾਵਾਦ ਦੇ ਆਧਾਰ ’ਤੇ ਹੋ ਰਹੀ ਹੈ, ਪਰ ਸਿੱਖ ਸੰਗਤ ਦੀ ਖੁੱਲ੍ਹ-ਦਿਲੀ ਅਤੇ ਦਿਆਲਤਾ ਦੇਖ ਕੇ ਭਾਵ ਕਿ ਗੋਲਕ ਦੀ ਮਾਇਆ ਖ਼ਾਤਰ (ਖ਼ਾਸ ਕਰ ਕੇ ਵਿਦੇਸ਼ਾਂ ਵਿੱਚ) ਵੀ ਝੱਟ ਹੀ ਨਵੇਂ ਗੁਰਦੁਆਰੇ ਉਸਾਰ ਲਏ ਜਾਂਦੇ ਹਨ। ਇਸ ਤੋਂ ਵਧੀਆ ਕਿਹੜਾ ਵਪਾਰ ਹੋ ਸਕਦਾ ਹੈ, ਜਿੱਥੇ ਧਰਮ ਦੀ ਆੜ ’ਚ ਸੰਗਤ ਦੀ ਖ਼ੂਨ ਪਸੀਨੇ ਦੀ ਕਮਾਈ ਦੀ ਦੁਰਵਰਤੋਂ ਕਰਨ ਦਾ ਅਧਿਕਾਰ ਮਿਲਣ ਦੇ ਨਾਲ ਹੀ ਸਰਕਾਰ ਵੱਲੋਂ ਨਾਨ ਪ੍ਰੋਫਿਟ ਅਦਾਰਿਆਂ ਨੂੰ ਮਿਲਦੀਆਂ ਸਹੂਲਤਾਂ ਦਾ ਆਨੰਦ ਵੀ ਮਾਣਿਆ ਜਾ ਸਕਦਾ ਹੋਵੇ। ਇਹ ਵਤੀਰਾ ਹੀ ਆਖ਼ਰਕਾਰ ਸਿੱਖ ਸ਼ਕਤੀ ਨੂੰ ਖੇਰੂੰ-ਖੇਰੂੰ ਕਰਨ ਦਾ ਮੂਲ ਕਾਰਨ ਬਣਦਾ ਹੈ। ਗੋਲਕ ਹਟਾ ਦੇਣ ਨਾਲ ਘੱਟੋ-ਘੱਟ, ਸਿੱਖਾਂ ਦੀ ਕਮਾਈ ਤੇ ਅੱਖ ਰੱਖੀ ਬੈਠੇ ਅਜਿਹੇ ਲਾਲਚੀ ਵਰਗ ਨੂੰ ਤਾਂ ਜ਼ਰੂਰ ਠੱਲ ਪਾਈ ਜਾ ਸਕਦੀ ਹੈ ਤੇ ਹੋਰ ਨਵੇਂ ਗੁਰਦੁਆਰਿਆਂ ਦੀ ਉਸਾਰੀ ਨੂੰ ਰੋਕਿਆ ਜਾ ਸਕਦਾ ਹੈ। ਯਾਦ ਰੱਖੀਏ ਕਿ ਨਵੇਂ ਗੁਰਦੁਆਰੇ ਉਸਾਰਨ ਨਾਲੋਂ ਅੱਜ ਸਾਨੂੰ, ਆਪਣੇ ਕਿਰਦਾਰ ਨੂੰ ਉਸਾਰਨ ਦੀ ਲੋੜ ਜ਼ਿਆਦਾ ਹੈ।

ਅਜੋਕਾ ਪ੍ਰਬੰਧਕੀ ਢਾਂਚਾ ਤੇ ਵਪਾਰੀ ਬਿਰਤੀ ਵਾਲੇ ਲਾਲਚੀ ਪ੍ਰਬੰਧਕ, ਗੁਰਮਤ ਦੇ ਸਹੀ ਪ੍ਰਚਾਰ ’ਚ ਸਭ ਤੋਂ ਵੱਡਾ ਰੋੜਾ ਹਨ। ਕੰਨ ਰਸ ਉਪਜਾਉਣ ਵਾਲੇ ਪ੍ਰਚਾਰਕਾਂ ਨੂੰ ਹੀ ਅੱਗੇ ਆਉਣ ਦਿੱਤਾ ਜਾਂਦਾ ਹੈ ਤਾਂ ਕਿ ਸੰਗਤ ਗੁਰੂ ਘਰ ਨਾਲ ਜੁੜੀ ਰਹੇ ਭਾਵ ਕਿ ਗੋਲਕ ’ਚ ਪੂਰੀ ਰੌਣਕ ਲੱਗੀ ਰਹਿਣੀ ਚਾਹੀਦੀ ਹੈ। ਜੇਕਰ ਗੋਲਕ ਨੂੰ ਹਟਾ ਦੇਵਾਂਗੇ ਤਾਂ ਅਜ਼ਮਾ ਕੇ ਵੇਖ ਲਈਏ ! ਸਾਨੂੰ ਪ੍ਰਧਾਨਗੀਆਂ (ਮੁੱਖ ਸੇਵਾਦਾਰ) ਤੇ ਸਕੱਤਰੀਆਂ ਆਦਿ ਲੈਣ ਲਈ, ਲੱਭਿਆ ਵੀ ਕੋਈ ਸੇਵਾਦਾਰ ਨਹੀਂ ਮਿਲੇਗਾ। ਫਿਰ ਨਾ ਤਾਂ ਇਹ ਅਖੌਤੀ ਸੇਵਾਵਾਂ ਲੈਣ ਜਾਂ ਦੇਣ ਲਈ ਸੰਗਤ ਨੂੰ ਵੋਟਾਂ ਦਾ ਸਹਾਰਾ ਲੈਣਾ ਪਵੇਗਾ, ਨਾ ਸੰਗਤ ਦਾ ਪੈਸਾ ਸੰਸਾਰੀ ਅਦਾਲਤਾਂ ’ਚ ਰੁਲ਼ੇਗਾ ਤੇ ਨਾ ਹੀ ਗੁਰੂ ਘਰਾਂ ’ਚ ਹੁੰਦੀਆਂ ਨਿੱਤ ਦੀਆਂ ਲੜਾਈਆਂ ’ਚ ਗੁਰ ਭਾਈਆਂ ਦੀਆਂ ਦਸਤਾਰਾਂ ਲੱਥਣਗੀਆਂ। ਇਸ ਦੇ ਨਾਲ ਹੀ ਗੁਰਮਤ ਦਾ ਸਹੀ ਪੱਖ ਰੱਖਣ ਵਾਲੇ ਪ੍ਰਚਾਰਕਾਂ ਨੂੰ, ਪ੍ਰਬੰਧਕੀ ਦਬਾਅ ਤੋਂ ਰਾਹਤ ਮਿਲੇਗੀ ਤੇ ਉਹ ਬੇਝਿਜਕ ਗੁਰੂ ਦੀ ਗੱਲ ਸੰਗਤਾਂ ਨਾਲ ਸਾਂਝੀ ਕਰ ਕੇ, ਸੰਗਤ ਨਾਲ ਸਿੱਧਾ ਰਾਬਤਾ ਪੈਦਾ ਕੀਤਿਆਂ ਆਪਸੀ ਪ੍ਰੇਮ-ਪਿਆਰ ਦੀ ਮਜ਼ਬੂਤ ਨੀਂਹ ਰੱਖਣ ਦੇ ਸਮਰੱਥ ਹੋ ਸਕਣਗੇ।

ਗੁਰਦੁਆਰਿਆਂ ਦੇ ਖ਼ਰਚੇ ਗੋਲਕ ਦੀ ਮਾਇਆ ਤੋਂ ਬਿਨਾਂ ਕਿਵੇਂ ਚੱਲਣ ? – ਗੁਰੂ ਘਰਾਂ ’ਚੋ ਗੋਲਕ ਹਟਾਉਣ ਤੇ ਇਤਰਾਜ਼ ਕਰਨ ਲਈ  ਸ਼ਾਇਦ ਗੁਰੂ ਕੇ ਲੰਗਰ ਨੂੰ ਹੀ ਸਭ ਤੋਂ ਵੱਡਾ ਨੁਕਤਾ ਬਣਾਇਆ ਜਾ ਸਕਦਾ ਹੈ। ਇਸ ਸੰਬੰਧੀ ਬੇਨਤੀ ਹੈ ਕਿ ਅੱਜ ਸਾਡਾ ਰੁਝਾਨ ‘‘ਖਾਣ ਜੀਵਣ ਕੀ ਬਹੁਤੀ ਆਸ ॥’’ (ਮ: ੧/੩੫੪) ਅਨੁਸਾਰ ਪੇਟ ਦੀ ਲੋੜ ਤੋਂ ਕਿਤੇ ਜ਼ਿਆਦਾ ਵੱਧ ਕੇ ਜੀਭ ਦੇ ਵੰਨ – ਸੁਵੰਨੇ ਸਵਾਦਾਂ ’ਤੇ ਆਣ ਖਲੋਤਾ ਹੈ ਜਦ ਕਿ ਗੁਰੂ ਨਾਨਕ ਦੇ ਘਰ ਆ ਕੇ, ਸਾਨੂੰ ਸ਼ਬਦ ਗੁਰੂ ਦਾ ਲੰਗਰ ਛੱਕਣ ਦੀ ਲੋੜ ਜ਼ਿਆਦਾ ਮਹਿਸੂਸ ਹੋਣੀ ਚਾਹੀਦੀ ਸੀ, ਜਿਵੇਂ ਕਿ ਰਾਇ ਬਲਵੰਡ ਅਤੇ ਸੱਤਾ ਜੀ ਬਿਆਨ ਕਰਦੇ ਹਨ, ‘‘ਲੰਗਰੁ ਚਲੈ ਗੁਰ ਸਬਦਿ; ਹਰਿ ਤੋਟਿ ਨ ਆਵੀ, ਖਟੀਐ॥’’ (ਰਾਮਕਲੀ ਕੀ ਵਾਰ-੯੬੭)

ਜ਼ਰਾ ਸੋਚੀਏ ! ਆਪਣੇ ਘਰ ’ਚੋਂ ਨਿਕਲ ਕੇ ਆਪਣੇ ਮਹੱਲੇ ਦੇ ਗੁਰਦੁਆਰੇ (ਜੋ ਕਿ ਪੰਜ-ਸੱਤ ਮਿੰਟ ਦੀ ਦੂਰੀ ਤੋਂ ਵੱਧ ਦੂਰ ਨਹੀਂ ਹੁੰਦਾ) ਵਿੱਚ ਜਾ ਕੇ ਸਵੇਰਸਾਰ ਲੰਗਰ ਛੱਕਣ ਦੀ ਕੀ ਤੁਕ ਬਣਦੀ ਹੈ ? ਕੀ ਗੁਰਮਤਿ ਕੇਵਲ ਰੱਜਿਆਂ ਨੂੰ ਰਜਾਉਣਾ ਹੀ ਸਿਖਾਉਂਦੀ ਹੈ ? ਮੰਨਣਯੋਗ ਹੈ ਕਿ ਲੰਗਰ ਦੀ ਰਵਾਇਤ ਸਾਡੇ ਧਰਮ ਦਾ ਇੱਕ ਅਨਿੱਖੜਵਾਂ ਅੰਗ ਹੈ ਅਤੇ ਇਤਿਹਾਸਕ ਗੁਰਦੁਆਰਿਆਂ ’ਚ ਦੂਰੋਂ ਆਈਆਂ ਸੰਗਤਾਂ ਦੀ ਲੋੜ ਪੂਰਤੀ ਲਈ ਲੰਗਰ ਦੀ ਅਹਿਮੀਅਤ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਪਰ ਗੋਲਕ ’ਚ ਮਾਇਆ ਪਾਉਣ ਦੀ ਬਜਾਇ, ਕੀ ਗੁਰੂ ਕੇ ਲੰਗਰ ਵਾਸਤੇ ਸੰਗਤਾਂ ਆਪਣੇ ਵੱਲੋਂ ਰਸਦ ਪਾਣੀ ਸਿੱਧੇ ਹੀ ਰਸੋਈ/ਲੰਗਰ ਹਾਲ ਵਿੱਚ ਨਹੀਂ ਪਹੁੰਚਾ ਸਕਦੀਆਂ ? ਸਥਾਨਿਕ ਸੰਗਤ ਖ਼ਾਸ ਕਰ ਕੇ ਬਦਲਾਓ ਲਿਆਉਣ ਲਈ ਸੁਹਿਰਦ ਨੌਜਵਾਨਾਂ ਨੂੰ ਇਸ ਮਾਮਲੇ ਵਿੱਚ ਉਸਾਰੂ ਸੋਚ ਰੱਖ ਕੇ ਪਹਿਲ-ਕਦਮੀ ਅਤੇ ਯੋਗ ਪ੍ਰਬੰਧ ਕਰਨਾ ਪਵੇਗਾ। ਧਿਆਨ ਰਹੇ ਕਿ ਇੱਥੇ ਮਸਲਾ ਲੰਗਰ ਦਾ ਨਹੀਂ ਬਲਕਿ ਮੁੱਖ ਮੁੱਦਾ ਗੁਰੂ ਅਤੇ ਸੰਗਤ ਵਿਚਕਾਰਲੇ ਮਸੰਦਾਂ ਨੂੰ, ਸੰਗਤ ਦੇ ਪੈਸੇ ਦੀ ਦੁਰਵਰਤੋਂ ਕਰਨ ਤੋਂ ਰੋਕਣ ਦਾ ਹੈ।

ਗੋਲਕਾਂ ਹਟਾਉਣ ਦੀ ਮੁਖ਼ਾਲਫ਼ਤ ਕਰਨ ਲਈ ਦੂਜਾ ਮੁੱਦਾ ਧਰਮ ਪ੍ਰਚਾਰ ਦਾ ਹੋ ਸਕਦਾ ਹੈ। ਜੇਕਰ ਅੰਕੜਿਆਂ ਦੇ ਆਧਾਰ ’ਤੇ ਗੱਲ ਕਰੀਏ ਤਾਂ ਇਸ ਸਮੇਂ ਸਿੱਖ ਧਰਮ ਵਿੱਚ ਸਭ ਤੋਂ ਵੱਡੀ ਗੁਰੂ ਦੀ ਗੋਲਕ, ਦਰਬਾਰ ਸਾਹਿਬ (ਅੰਮ੍ਰਿਤਸਰ) ਹੈ। ਸੰਸਾਰ ਭਰ ਦੇ ਸਿੱਖਾਂ ਵੱਲੋਂ ਸਾਂਝ ਪਾ ਕੇ ਭਰੀ ਜਾਂਦੀ ਗੁਰੂ ਦੀ ਇਸ ਗੋਲਕ ’ਤੇ ਸ਼੍ਰੋਮਣੀ ਕਮੇਟੀ ਦਾ ਕਬਜ਼ਾ ਹੈ, ਜਿਸ ਦਾ ਮੁੱਖ ਕਾਰਜ ਗੁਰਦੁਆਰਿਆਂ ਦੇ ਪ੍ਰਬੰਧ ਤੋਂ ਇਲਾਵਾ ਨਿਰਸੰਦੇਹ ਧਰਮ ਪ੍ਰਚਾਰ ਹੈ ਪਰ ਅਗਵਾ ਹੋ ਕੇ ਭਟਕ ਚੁੱਕੀ ਅਜਿਹੀ ਸੰਸਥਾ ਵੱਲੋਂ ਅੱਜ ਧਰਮ ਪ੍ਰਚਾਰ ਦੀ ਆਸ ਰੱਖਣਾ ਬਿਲਕੁਲ ਵਿਅਰਥ ਹੈ। ਉਦਾਹਰਨ ਵਜੋਂ; ਸਾਡੇ ਦਸਵੰਧ ਦੀ ਮਾਇਆ ਨਾਲ ‘ਸਿੱਖ ਇਤਿਹਾਸ ਦੇ ਕੁੱਝ ਪੱਤਰੇ’ ਅਤੇ ‘ਸਿੱਖੋਂ ਕਾ ਇਤਿਹਾਸ’ ਨਾਂ ਦੀ ਹਿੰਦੀ ਵਿੱਚ ਲਿਖੀ ਪੁਸਤਕ; ਜਿਸ ਵਿੱਚ ਗੁਰੂ ਸਾਹਿਬਾਨ ਦੀ ਘੋਰ ਨਿਰਾਦਰੀ ਕੀਤੀ ਗਈ ਹੈ, ਨੂੰ ਆਪਣੀ ਮੁਹਰ ਹੇਠ ਛਪਵਾ ਕੇ, ਇਸ ਅਖੌਤੀ ਸ਼੍ਰੋਮਣੀ ਕਮੇਟੀ ਵੱਲੋਂ ਸਿੱਖ ਧਰਮ ਨੂੰ ਨਾਸ ਕਰਨ ’ਚ ਪੂਰਾ ਯੋਗਦਾਨ ਪਾਇਆ ਜਾ ਰਿਹਾ ਹੈ। ਮੁੱਕਦੀ ਗੱਲ ਕਿ ਭਾਵੇਂ ਲੰਗਰ ਹੋਵੇ ਜਾਂ ਧਰਮ ਪ੍ਰਚਾਰ, ਸਾਨੂੰ ਆਪਣੇ ਦਸਵੰਧ ਦਾ ਨਿਯੰਤਰਨ ਆਪਣੇ ਹੱਥੀਂ ਕਰ ਕੇ, ਆਪ ਹੀ ਗੁਰੂ ਦੇ ਲੇਖੇ ਲਾਉਣਾ ਪਵੇਗਾ।

ਦਸਵੰਧ ਦੀ ਸਾਰਥਿਕ ਵਰਤੋਂ ਕਿਵੇਂ ਕਰੀਏ ? – ਨੋਟ: ਦਸਵੰਧ ਦੀ ਸਾਰਥਿਕ ਵਰਤੋਂ ਲਈ ਕੁਝ ਸੁਝਾਅ ਵਿਚਾਰਨ ਤੋਂ ਪਹਿਲਾ ਇੱਕ ਅਹਿਮ ਵਿਚਾਰਨਯੋਗ ਨੁਕਤਾ ਇਹ ਹੈ ਕਿ ਰੁਜ਼ਾਨਾ ਅਰਦਾਸ ਵਿੱਚ ਸਰਬੱਤ ਦਾ ਭਲਾ ਮੰਗਣਾ, ਸਾਨੂੰ ਕੇਵਲ ਇਹ ਚੇਤੇ ਕਰਵਾਉਂਦਾ ਹੈ ਕਿ ਸਿੱਖ ਕੌਮ ਇੱਕ ਦਿਆਲੂ ਕੌਮ ਹੈ ਅਤੇ ਮਾਨਵਤਾ ਦੀ ਸੇਵਾ ਵਿੱਚ ਯਕੀਨ ਰੱਖਦੀ ਹੈ। ਸਰਬੱਤ ਦੇ ਭਲੇ ਲਈ ਅਰਦਾਸ ਕਰਨ ਤੋਂ ਇਹ ਮਤਲਬ ਹਰਗਿਜ਼ ਨਹੀਂ ਕੱਢਣਾ ਚਾਹੀਦਾ ਕਿ ਕੇਵਲ ਸਾਡੀ ਅਰਦਾਸ ਨਾਲ ਵਾਕਿਆ ਈ ਸਰਬੱਤ ਦਾ ਭਲਾ ਹੋਵੇਗਾ, ਕਿਉਂਕਿ ‘‘ਕਰਮੀ ਆਪੋ ਆਪਣੀ’’ ਭਾਵ ਆਪੋ ਆਪਣੀ ਬੁੱਧੀ (ਸੋਚ) ਤਹਿਤ ਕੀਤੇ ਗਏ ਕਰਮਾਂ ਅਨੁਸਾਰ ਹੀ ਦੁੱਖ-ਸੁੱਖ ਦਾ ਅਨੁਭਵ ਹੁੰਦਾ ਹੈ। ਅਰਦਾਸ ਰਾਹੀਂ ਕੇਵਲ ਸਰਬੱਤ ਦਾ ਭਲਾ ਮੰਗਣ ਦੀ ਬਜਾਏ ਸਰਬੱਤ ਦਾ ਭਲਾ ਕੀਤਿਆਂ (ਸਮਾਜਿਕ ਸੇਵਾ ਰਾਹੀਂ) ਹੀ ਅਸੀਂ ਰੱਬੀ ਪ੍ਰਸੰਨਤਾ (ਬਖ਼ਸ਼ਿਸ਼) ਹਾਸਿਲ ਕਰ ਸਕਦੇ ਹਾਂ। ਯਾਦ ਰੱਖੀਏ ! ਕਿ ਕੋਈ ਵੀ ਧਾਰਮਿਕ ਗ੍ਰੰਥ ਅਮੋਲਕ ਜੀਵਨ ਜਾਚ ਨਾਲ ਭਾਵੇਂ ਕਿੰਨਾ ਵੀ ਭਰਪੂਰ ਹੋਵੇ; ਇਹ ਕੇਵਲ ਅਨੁਯਾਈਆਂ ਦਾ ਆਦਰਸ਼ਕ ਜੀਵਨ ਹੀ ਹੁੰਦਾ ਹੈ ਜਿਹੜਾ ਕਿ ਬਾਕੀ ਲੁਕਾਈ ਨੂੰ ਆਪਣੇ ਵੱਲ ਖਿੱਚਣ ਦੀ ਸਮਰੱਥਾ ਰੱਖਦਾ ਹੈ ਤੇ ਸਿੱਖ ਦਾ ਆਦਰਸ਼ਕ ਜੀਵਨ ਹੀ ਆਪਣੇ ਆਪ ਵਿੱਚ ਸਭ ਤੋਂ ਉੱਤਮ ਤੇ ਸਕਾਰਥ ਪ੍ਰਚਾਰ ਹੈ।

ਸਾਡੇ ਅੰਦਰ ਨੇਮ ਨਾਲ ਦਸਵੰਧ ਕੱਢਣ ਦੀ ਬਿਰਤੀ ਤਾਂ ਹੀ ਪੈਦਾ ਹੋ ਸਕਦੀ ਹੈ ਜੇਕਰ ਪਹਿਲਾਂ ਅਸੀਂ ਮੈਂ – ਮੇਰਾ ਦੀ ਦੌੜ ਅਤੇ ਹੋਰ ਵਿਕਾਰਾਂ ਦਾ ਪੱਲਾ ਛੱਡ ਕੇ, ਪਰਉਪਕਾਰ ਵਾਲੀ ਭਾਵਨਾ ਨੂੰ ਦੁਬਾਰਾ ਉਤਪੰਨ ਕਰਾਂਗੇ। ਹਰ ਹਾਲ ਵਿੱਚ ਨੇਮ ਨਾਲ ਵੰਡ ਛਕਣਾ ਗੁਰਸਿੱਖ ਦੇ ਜੀਵਨ ਦਾ ਇੱਕ ਅਤੁੱਟ ਅੰਗ ਹੋਣਾ ਚਾਹੀਦਾ ਹੈ। ਆਪਣੇ ਗਵਾਂਢ ਤੋਂ ਸ਼ੁਰੂ ਕਰ ਕੇ ਗ਼ਰੀਬ ਵਰਗ ਤੱਕ ਪਹੁੰਚ ਕਰੀਏ; ਗ਼ਰੀਬਾਂ ਅਤੇ ਉਹਨਾਂ ਦੇ ਬੱਚਿਆਂ ਦੀ ਪੜ੍ਹਾਈ, ਕੱਪੜੇ, ਦਵਾਖ਼ਾਨੇ ਆਦਿ ਮੁਹੱਈਆ ਕਰਵਾਉਣੇ ਭਾਵ ਕਿ ਬੁਨਿਆਦੀ ਲੋੜਾਂ ਦੀ ਪੂਰਤੀ ਕਰਨਾ ਇੱਕ ਚੰਗੀ ਸ਼ੁਰੂਆਤ ਹੈ। ਆਪਣੇ ਸਮੇਂ ਅਤੇ ਦਸਵੰਧ ਨਾਲ ਸਮਾਜਕ ਸਮੱਸਿਆਵਾਂ ਨੂੰ ਹੱਲ ਕਰਨ ’ਚ ਮੋਹਰੀ ਭੂਮਿਕਾ ਅਦਾ ਕਰਾਂਗੇ ਤਾਂ ਹਰ ਵਰਗ ਦੇ ਲੋਕਾਂ ਵਿੱਚ ਸਿੱਖ ਕੌਮ ਦੀ ਨਿਵੇਕਲੀ ਸਾਖ ਬੱਝੇਗੀ। ਬੱਚਿਆਂ ਨੂੰ ਗੁਰਮਤਿ ਦਾ ਸਹੀ ਗਿਆਨ ਦੇਣ ਲਈ ਯੋਗ ਪ੍ਰਬੰਧ ਕਰਨਾ, ਧਰਮ/ ਗੁਰ-ਸ਼ਬਦ ਪ੍ਰਚਾਰ ਲਈ ਲਿਟਰੇਚਰ ਛੁਪਵਾਉਣਾ ਤੇ ਵੰਡਣਾ, ਖ਼ਾਸ ਕਰ ਕੇ ਆਪਣੇ ਇਲਾਕੇ ਦੀਆਂ ਸਥਾਨਕ ਸਮੱਸਿਆਵਾਂ ਨੂੰ ਹੱਲ ਕਰਨ ’ਚ ਆਪਣਾ ਯੋਗਦਾਨ ਪਾਉਣਾ ਹਰ ਪੱਖੋਂ ਲਾਹੇਵੰਦ ਸਾਬਤ ਹੋਵੇਗਾ। ਗੁਰੂ ਘਰ ਵਿੱਚ ਪ੍ਰਚਾਰਕਾਂ, ਕੀਰਤਨੀਏ ਆਦਿ ਅੱਗੇ ਰੱਖੀ ਗੋਲਕ ਨਾ ਤਾਂ ਗੁਰਮਤਿ ਅਨੁਸਾਰੀ ਹੈ ਤੇ ਨਾ ਹੀ ਵਿਖਾਵੇ ਖ਼ਾਤਰ ਉਸ ਵਿੱਚ ਕਦੇ-ਕਦਾਈਂ ਇੱਕ ਅੱਧ ਡਾਲਰ ਪਾ ਕੇ ਅਸੀਂ ਇਨ੍ਹਾਂ ਭਲਿਆਂ ਦਾ ਕੁਝ ਸਵਾਰ ਰਹੇ ਹਾਂ। ਗੁਰੂ ਗ੍ਰੰਥ ਸਾਹਿਬ ਜੀ ਨੂੰ ਸਮਰਪਿਤ ਆਦਰਸ਼ਕ ਜੀਵਨ ਵਾਲੇ ਕਥਾਵਾਚਕ, ਕੀਰਤਨੀਏ, ਪ੍ਰਚਾਰਕਾਂ ਤੇ ਵਿਦਵਾਨ ਸੱਜਣਾਂ ਦੀ ਤਹਿ ਦਿਲੋਂ ਆਰਥਿਕ ਪੱਖੋਂ ਸੇਵਾ – ਸੰਭਾਲ਼ ਕਰਨਾ, ਸਾਡੀ ਸਾਰਿਆਂ ਦੀ ਮਾਨਸਿਕਤਾ ਅਤੇ ਦਸਵੰਧ ਹਿੱਤ ਕਾਰਜਾਂ ਦੀ ਸੂਚੀ ਵਿੱਚ ਸ਼ਾਮਲ ਹੋਣਾ ਚਾਹੀਦਾ ਹੈ। ਮਸਲਨ ਚਾਰ-ਪੰਜ ਜਾਂ ਹੋਰ ਵਧੀਕ ਪਰਿਵਾਰਾਂ ਵੱਲੋਂ ਰਲ਼ ਕੇ ਕੌਮ ਦੇ ਕਿਸੇ ਲੋੜਵੰਦ, ਚੰਗੇ ਪ੍ਰਚਾਰਕ ਦੇ ਬੱਚਿਆਂ ਦੀ ਜ਼ਿੰਮੇਵਾਰੀ ਭਾਵ ਕਿ ਪੜ੍ਹਾਈ ਆਦਿ ਦਾ ਖ਼ਰਚਾ ਚੁੱਕ ਲਿਆ ਜਾਵੇ ਤਾਂ ਦਸਵੰਧ ਦੀ ਉਚਿਤ ਵਰਤੋਂ ਤਾਂ ਹੋਵੇਗੀ ਹੀ ਪਰ ਨਾਲ ਹੀ ਕੌਮ ਵਿੱਚ ਆਪਸੀ ਪ੍ਰੇਮ ਦੀ ਅਨਮੋਲਕ ਲੜੀ ਵੀ ਪਰੋਈ ਜਾ ਸਕੇਗੀ। ਇਸੇ ਤਰ੍ਹਾਂ ਹੀ ਸਾਨੂੰ ਆਪਣੇ ਸਿਕਲੀਗਰ, ਵਣਜਾਰੇ ਅਤੇ ਅਖੌਤੀ ਦਲਿਤ ਪਰਿਵਾਰਾਂ ਦੇ ਮੁੜ ਵਸੇਬੇ ਅਤੇ ਆਤਮ ਨਿਰਭਰਤਾ ਲਈ ਵੀ ਉੱਦਮ ਕਰਨਾ ਚਾਹੀਦਾ ਹੈ।

ਆਹ ਕੁਝ ਨਾ ਕਰੀਏ – ੧. ਬੇਲੋੜੇ ਸਮਾਗਮ/ਰੈਲੀਆਂ ਤੇ ਨਕਾਰਾਤਮਿਕ ਚੋਣ ਮੁਹਿੰਮ/ਪ੍ਰਚਾਰ ਕਰਨ ਵਾਲੀ ਕਿਸੇ ਵੀ ਰਾਜਨੀਤਕ ਪਾਰਟੀ ਨੂੰ ਹੱਕ ਸੱਚ ਦੀ ਕਮਾਈ ’ਚੋਂ ਭੁੱਲ ਕੇ ਵੀ, ਕੋਈ ਚੰਦਾ ਨਾ ਦੇਈਏ।

੨. ਕਿਸੇ ਵੀ ਪ੍ਰਚਾਰਕ, ਪ੍ਰਬੰਧਕ ਕਮੇਟੀ ਜਾਂ ਇਸ ਦੇ ਕਿਸੇ ਮੈਂਬਰ ਨੂੰ ਦਸਵੰਧ ਦੀ ਮਾਇਆ ਕਦੀ ਵੀ ਸਿੱਧੀ ਸਪੁਰਦ ਨਾ ਕਰੀਏ। ਇਸੇ ਤਰ੍ਹਾਂ ਦਸਵੰਧ ਦਾ ਲਾਭ ਕੇਵਲ ਇੱਕ ਸੰਸਥਾ ਜਾਂ ਵਿਅਕਤੀ ਨੂੰ ਦੇਣ ਤੋਂ ਵੀ ਗੁਰੇਜ਼ ਕਰੀਏ।

੩.  ੧੦੮, ੧੦੦੮ ਤੇ ਅਜਿਹੀਆਂ ਹੀ ਹੋਰ ਨਾਮੁਰਾਦ ਡਿਗਰੀਆਂ ਚੁੱਕੀ ਫਿਰਦੇ ਕਾਰ ਸੇਵਾ ਵਾਲੇ ਬਾਬਿਆਂ ਦੀਆਂ ਲਿਸ਼ਕਦੀਆਂ ਕਾਰਾਂ ਅੱਗੇ ਕਾਲੇ ਝੰਡੇ ਲਹਿਰਾਈਏ ਭਾਵ ਕਿ ਸਿੱਖ ਵਿਰਾਸਤ ਦਾ ਵਿਨਾਸ਼ ਕਰਨ ਵਾਲੇ ਇਨ੍ਹਾਂ ਦੰਭੀਆਂ ਨੂੰ ਇੱਕ ਟੁੱਟੀ ਕੌਡੀ ਵੀ ਨਾ ਦੇਈਏ।

੪. ਕਿਸੇ ਖ਼ਾਸ ਦਿਨ ’ਤੇ ਧੱਕੇ ਨਾਲ ਬੱਸਾਂ, ਟਰੱਕ ਆਦਿ ਰੋਕ ਕੇ ਲੰਗਰ ਛਕਾਉਣ ਨੂੰ ਮਨੁੱਖਤਾ ਦੀ ਸੇਵਾ ਨਹੀਂ ਕਿਹਾ ਜਾ ਸਕਦਾ। ਲੋਕਾਂ ਨੂੰ ਤਕਲੀਫ਼ (ਅਸੁਵਿਧਾ) ਦੇਣ ਨਾਲ਼ੋਂ ਲੰਗਰ ਹਮੇਸ਼ਾਂ ਉੱਥੇ ਹੀ ਲਗਾਈਏ, ਜਿੱਥੇ ਕਿ ਵਾਕਿਆ ਈ ਲੋੜ ਹੈ (ਜਿਵੇਂ ਕਿ ਕੁਝ ਸਮਾਂ ਪਹਿਲਾਂ ਹੀ ਸੀਰੀਆ ਅਤੇ ਹੇਅਟੀ ਵਿੱਚ ਕੀਤਾ ਹੈ) ਤੇ ਕਿਣਕਾ ਵੀ ਕੂੜੇ ਵਿੱਚ ਨਹੀਂ ਸੁੱਟਿਆ ਜਾਂਦਾ।  World hunger day ’ਤੇ ਸਾਡੇ ਵੱਲੋਂ ਸੰਸਾਰ ਭਰ ਵਿੱਚ ਗ਼ਰੀਬਾਂ ਲਈ ਲੰਗਰ ਲਗਾ ਕੇ ਆਪਣੀ ਕੌਮ ਲਈ ਬੇਮਿਸਾਲ ਸਦਭਾਵਨਾ ਪੈਦਾ ਕੀਤੀ ਜਾ ਸਕਦੀ ਹੈ।

੫. ਅਖੌਤੀ ਭੇਟਾ ਦੇ ਨਾਂ ਹੇਠ ਪ੍ਰਬੰਧਕ ਕਮੇਟੀਆਂ ਨੇ ਪਾਠ ਤੇ ਕੀਰਤਨ ਆਦਿ ਦਾ ਮੁੱਲ ਮੁਕੱਰਰ ਕੀਤਾ ਹੁੰਦਾ ਹੈ। ਭੇਟ ਜਾਂ ਭੇਟਾ ਤੋਂ ਭਾਵ ਹੈ ਜੋ ਵੀ ਯਥਾ-ਸ਼ਕਤ ਅਨੁਸਾਰ ਆਪਣੀ ਮਰਜ਼ੀ ਨਾਲ ਦਿੱਤਾ ਜਾਵੇ ਪਰ ਕੀ ਕਦੀ ਗ਼ਰੀਬਾਂ ਨੂੰ ਘੱਟ ਜਾਂ ਬਿਨਾ ਪੈਸੇ ਲਿਆਂ, ਉਪਰੋਕਤ ਸੇਵਾਵਾਂ ਪ੍ਰਦਾਨ ਕੀਤੀਆਂ ਜਾਂਦੀਆਂ ਹਨ ?  ‘ਧੁਰ ਕੀ ਬਾਣੀ’ ਦੇ ਪਾਠ ਦਾ ਮੁੱਲ ਮਿੱਥਣਾ ਸਰਾਸਰ ਅਗਿਆਨਤਾ ਹੈ ਕਿਉਂਕਿ ਬਾਣੀ ਦੀ ਕੀਮਤ ਤਾਂ ਕਦੀ ਪਾਈ ਹੀ ਨਹੀਂ ਜਾ ਸਕਦੀ (ਮੋਲੁ ਨਾਹੀ ਕਛੁ ਕਰਣੈ ਜੋਗਾ; ਕਿਆ ਕੋ ਕਹੈ ਸੁਣਾਵੈ ?॥ ਮ:੫/੮੮੩) ਇਸ ਲਈ ਸਿੱਖੀ ਦੇ ਵਪਾਰੀਕਰਨ ਨੂੰ ਰੋਕਣ ਲਈ ਕਦੀ ਵੀ ਪਾਠ, ਅਰਦਾਸ ਆਦਿ ਨੂੰ ਪੈਸੇ ਦੇ ਕੇ ਨਾ ਖ਼ਰੀਦੀਏ।

੬. ਨਵੇਂ ਗੁਰਦੁਆਰਿਆਂ ਦੀ ਉਸਾਰੀ ਲਈ ਉਗਰਾਹੀ ਕਰਨ ਵਾਲੇ ਸੱਜਣਾਂ ਨੂੰ ਦੋਵੇਂ ਹੱਥ ਜੋੜ ਕੇ ਫ਼ਤਿਹ ਬੁਲਾਉਣ ਤੋਂ ਇਲਾਵਾ ਹੋਰ ਕੋਈ ਸਹਿਯੋਗ ਨਾ ਦੇਈਏ। ਥਾਂ-ਥਾਂ ’ਤੇ ਗੁਰਦੁਆਰਿਆਂ ਦੀ ਬਜਾਇ ਘਰ-ਘਰ ਅੰਦਰ ਧਰਮਸ਼ਾਲ (ਧਰਮ ਕਮਾਉਣ ਦੇ ਥਾਂ) ਹੋਵੇ ਤੇ ਯਾਦ ਰੱਖੀਏ ਕਿ ਬਾਣੀ ਹੀ ਅਸਲੀ ਗੁਰਦੁਆਰਾ ਹੈ।

ਆਹ ਕੁਝ ਕਰੀਏ – ਸਾਨੂੰ ਇਹ ਚੇਤਾ ਰੱਖਣਾ ਪਵੇਗਾ ਕਿ ਅਸੀਂ ਆਪਣੇ ਹੁਨਰ ਦਾ ਦਸਵੰਧ ਕੱਢ ਕੇ ਵੀ ਆਪਣੀ ਕੌਮ ਦੀ ਸੇਵਾ ਕਰ ਸਕਦੇ ਹਾਂ। ਕਈ ਕੰਮ ਮਾਇਆ ਤੋਂ ਬਿਨਾਂ ਵੀ ਨੇਪਰੇ ਚਾੜ੍ਹੇ ਜਾ ਸਕਦੇ ਹਨ। ਉਦਾਹਰਨ ਵਜੋਂ; ਜੇ ਗੁਰਦੁਆਰੇ ਵਿੱਚ ਕਿਸੇ ਮਿਸਤਰੀ (plumber ਆਦਿ) ਦੀ ਲੋੜ ਆਣ ਪਵੇ ਤਾਂ ਪੇਸ਼ਾਵਰ ਵੀਰ/ ਭੈਣ ਆਪਣੇ ਸਮੇਂ ਨਾਲ ਅਜਿਹੀ ਸੇਵਾ ਪ੍ਰਦਾਨ ਕਰ ਸਕਦੇ ਹਨ। ਇਸ ਮੰਤਵ ਲਈ ਆਪਣੇ ਗੁਰੂ ਘਰ ਵਿੱਚ ਇੱਕ ਰਜਿਸਟਰ ਲਾਈਏ, ਜਿਸ ਵਿੱਚ ਸੰਗਤ ਦੇ ਹਰ ਇੱਕ ਜੀ (ਮੈਂਬਰ) ਦਾ ਬਾਇਉ- ਡਾਟਾ ਤੇ ਸੰਪਰਕ ਨੰਬਰ ਦੀ ਜਾਣਕਾਰੀ ਦੇ ਨਾਲ ਹੀ ਉਸ ਦੇ ਹੁਨਰ/ ਕਿੱਤੇ (skills) ਨੂੰ ਵੀ ਉਜਾਗਰ ਕਰੀਏ ਤਾਂ ਕਿ ਲੋੜ ਪੈਣ ਤੇ ਸਹਿਯੋਗ ਦੀ ਆਸ ਰੱਖੀ ਜਾ ਸਕੇ। ਸਥਾਨਿਕ ਸੰਗਤ ਦੀ ਸੁਰੱਖਿਆ ਆਦਿ ਨੂੰ ਲੈ ਕੇ ਜੇ ਕੋਈ ਭੀੜ ਬਣ ਆਵੇ ਤਾਂ ਸਮੁੱਚੀ ਸੰਗਤ ਨੂੰ ਇੱਕ ਦਮ ਸਾਵਧਾਨ ਕਰਨ ਲਈ ਅਤੇ ਆਪਸ ਵਿੱਚ ਇੱਕ ਦੂਜੇ ਨੂੰ ਕਾਰੋਬਾਰ ਦੇ ਕੇ, ਆਰਥਿਕ ਪੱਖੋਂ ਕੌਮ ਨੂੰ ਹੋਰ ਖੁਸ਼ਹਾਲ ਬਣਾਉਣ ਲਈ ਵੀ ਅਜਿਹਾ ਰਜਿਸਟਰ ਇੱਕ ਵਰਦਾਨ ਸਾਬਤ ਹੋ ਸਕਦਾ ਹੈ। ਇਸ ਦੇ ਨਾਲ ਹੀ ਸੰਗਤ ਆਪਸ ਵਿੱਚ ਪਦਾਰਥਾਂ ਦਾ ਵਟਾਂਦਰਾ (Barter system) ਅਤੇ ਆਪਣੇ ਵਸੀਲੇ (ਸਾਧਨ) ਇੱਕ ਦੂਜੇ ਨਾਲ ਸਾਂਝੇ ਕਰ ਕੇ ਵੀ, ਗੁਰੂ ਘਰ ਦੀ ਹਰ ਲੋੜ ਕਾਫ਼ੀ ਹੱਦ ਤੱਕ ਗੋਲਕ ਦੀ ਮਾਇਆ ਤੋਂ ਬਿਨਾਂ ਹੀ ਪੂਰੀ ਕਰ ਸਕਦੀ ਹੈ।

ਗੋਲਕ ਨਾਲ ਜੁੜੇ ਭ੍ਰਿਸ਼ਟਾਚਾਰ ਨੂੰ ਜੇ ਵਾਕਿਆ ਈ ਜੜ੍ਹੋਂ ਪੁੱਟਣਾ ਹੈ ਤਾਂ ਪੁਰਾਣੀ ਕਹਾਵਤ ‘ਇੱਕ ਇੱਕਲਾ, ਦੋ ਗਿਆਰਾਂ; ਤਿੰਨ ਸੌ ਤੇ ਚਾਰ ਹਜ਼ਾਰਾਂ….।’ ਤੋਂ ਸੇਧ ਲੈ ਕੇ ਜ਼ਮੀਨੀ ਪੱਧਰ ’ਤੇ ਮਿਲ ਕੇ ਕੰਮ ਕਰਨਾ ਪਵੇਗਾ। ਮੇਰੇ ਕਹਿਣ ਤੋਂ ਮੁਰਾਦ ਹੈ ਕਿ ਦਸਵੰਧ ਦੀ ਮਾਇਆ ਨੂੰ ਇਕੱਲਿਆਂ ਹੀ ਗੋਲਕ ’ਚ ਪਾਉਣ ਦੀ ਬਜਾਇ ਪੰਜ- ਸੱਤ ਜਣੇ ਮਿਲ ਕੇ ਆਪਣਾ ਦਸਵੰਧ ਇਕੱਠਾ ਕਰੀਏ (pool – combination of funds) ਤੇ ਆਪਣੇ ਆਲੇ – ਦੁਆਲੇ ਦੇ ਹਾਲਾਤਾਂ (ਲੋੜ) ਅਨੁਸਾਰ ਆਪਣੇ ਹੱਥੀਂ ਆਪ ਖ਼ਰਚੀਏ। ਧਰਮ ਦੀ ਜ਼ਮੀਨ ’ਤੇ ਜੇ ਸਿੱਖੀ ਦੇ ਲਹਿਲਹਾਉਂਦੇ ਬਾਗ਼ ਨੂੰ ਦੁਬਾਰਾ ਵੇਖਣਾ ਚਾਹੁੰਦੇ ਹੋ ਤਾਂ ਸਾਨੂੰ ਆਪਣੇ ਆਪ ਤੇ ਹੋਰਨਾਂ ਨੂੰ ਗੁਰ ਸ਼ਬਦ ਨਾਲ ਜੋੜਨਾ ਪਵੇਗਾ। ਯਾਦ ਰੱਖੀਏ ਕਿ ਬਾਣੀ ਨੂੰ ਆਪ ਨਾ ਪੜ੍ਹਨਾ ਤੇ ਵਿਚਾਰਨਾ ਭਾਵ ਕਿ ਸਾਨੂੰ, ਸ਼ਬਦ-ਅਰਥਾਂ ਦੀ ਸੋਝੀ ਨਾ ਹੋਣਾ ਹੀ ਮੁੱਖ ਕਾਰਨ ਤੇ ਤ੍ਰਾਸਦੀ ਹੈ।  ਅੱਜ ਖ਼ੁਦ ਸਿੱਖਾਂ ਵਿੱਚ ਹੀ ਚੇਤਨਾ ਉਤਪੰਨ ਕਰਨ ਲਈ ‘ਗੁਰੂ ਗ੍ਰੰਥ ਸਾਹਿਬ’ ਚੇਤਨਾ ਸਮਾਗਮ ਕਰਾਉਣੇ ਪੈ ਰਹੇ ਹਨ। ਸਾਡੀ ਇਸ ਕਮਜ਼ੋਰੀ ਦਾ ਵਪਾਰੀ ਬਿਰਤੀ ਵਾਲੇ ਪ੍ਰਚਾਰਕ (ਜਿਹੜੇ ਕਿ ਆਪ ਕਿਰਤ ਕਰਨ ਤੋਂ ਕੰਨੀ ਕਤਰਾਉਂਦੇ ਹਨ) ਨਾਜਾਇਜ਼ ਫ਼ਾਇਦਾ ਲੈ ਜਾਂਦੇ ਹਨ ਭਾਵੇਂ ਕਿ ਅਜਿਹੇ ਪ੍ਰਚਾਰਕਾਂ ਦਾ ਅਧੂਰਾ ਅਤੇ ਉਧਾਰਾ ਲਿਆ ਹੋਇਆ ਗਿਆਨ ਗੁਰਬਾਣੀ ਦੀ ਕਸਵੱਟੀ ’ਤੇ ਸ਼ਾਇਦ ਹੀ ਕਦੀ ਪੂਰਾ ਉੱਤਰਦਾ ਹੋਵੇ। ਚੇਤਨਾ ਦੀ ਆੜ ’ਚ ਅਜਿਹੇ ਸਮਾਗਮਾਂ ਦਾ ਮੁੱਖ ਮੰਤਵ, ਕੇਵਲ ਗਿਣਤੀ ਪੱਖੋਂ ਵੱਡਾ ਇਕੱਠ ਕਰਨ ਦਾ ਹੁੰਦਾ ਹੈ ਤਾਂ ਕਿ ਗੋਲਕ ਨੂੰ ਤੁੰਨਿਆ ਜਾ ਸਕੇ ਹਾਲਾਂ ਕਿ ਮੁੱਖ ਦਿਆਲੂ ਸੱਜਣਾਂ ਕੋਲੋਂ ਲਿਫ਼ਾਫ਼ੇ ਪਹਿਲਾਂ ਹੀ ਫੜ ਲਏ ਜਾਂਦੇ ਹਨ। ਇਹ ਕੌੜਾ ਸੱਚ ਭਰਪੂਰ ਵਿਚਾਰ ਸਾਂਝਾ ਕਰਨ ਦਾ ਮਕਸਦ ਕੇਵਲ ਐਨਾ ਹੀ ਸੀ ਕਿ ਅਖੌਤੀ ਚੇਤਨਾ ਸਮਾਗਮਾਂ ਦੀ ਬਜਾਇ ਸਾਨੂੰ ਸਾਰਿਆਂ ਨੂੰ ਗੁਰਬਾਣੀ ਦਾ ਪਾਠ, ਆਪ ਕਰ ਕੇ, ਸ਼ਬਦ – ਅਰਥ ਨੂੰ ਸਮਝਣ ਲਈ ਤਹਿ ਦਿਲੋਂ ਹੰਭਲਾ ਮਾਰਨਾ ਪਵੇਗਾ। ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨੂੰ ਸਮਝ ਕੇ ਆਪਣੇ ਜੀਵਨ ਦਾ ਆਧਾਰ ਬਣਾਵਾਂਗੇ, ਤਾਂ ਹਰ ਘਰ ’ਚੋਂ ਕੌਮ ਨੂੰ ਅੱਗੇ ਲਿਜਾਣ ਵਾਲੇ ਦੂਰ ਅੰਦੇਸ਼ ਅਤੇ ਸੂਝਵਾਨ ਲੀਡਰ ਪੈਦਾ ਹੋਣਗੇ। ਇਸ ਲਈ ਦਸਵੰਧ ਦੀ ਸਭ ਤੋਂ ਵੱਧ ਵਰਤੋਂ, ਗੁਰ ਸ਼ਬਦ ਨੂੰ ਸਿੱਖਣ ਅਤੇ ਸਿਖਾਉਣ ਲਈ ਕਰਨਾ ਹੀ ਉੱਤਮ ਅਤੇ ਦਰੁਸਤ ਜਾਪਦਾ ਹੈ। ਜੇਕਰ ਸ਼ਰਧਾ ਅਧੀਨ ਮਨ ਵਿੱਚ ਕੋਈ ਸ਼ੰਕਾ ਹੈ ਜਾਂ ਕੇਵਲ ਗੁਰੂ ਘਰ ਮਾਇਆ ਦੇ ਕੇ ਹੀ ਅਸੀਂ ਆਪਣੀ ਜ਼ਿੰਮੇਵਾਰੀ ਤੋਂ ਪੱਲਾ ਝਾੜਨਾ ਚਾਹੁੰਦੇ ਹਾਂ ਤਾਂ ਘੱਟੋ-ਘੱਟ ਪਰਚੀ ਜ਼ਰੂਰ ਕਟਵਾਈਏ ਤਾਂ ਕਿ ਕੁਝ ਹੱਦ ਤੱਕ ਜਵਾਬਦੇਹੀ ਹੋ ਸਕੇ।

ਪ੍ਰਬੰਧਕਾਂ ਨੂੰ ਵੀ ਬੇਨਤੀ ਹੈ ਕਿ ਆਓ ! ਕੌਮ ਦੇ ਭਲੇ ਲਈ ਆਪਣੀ ਲਾਲਚੀ ਬਿਰਤੀ ਨੂੰ ਤਿਆਗੀਏ ਤੇ ਸੰਗਤ ਨੂੰ ਖੁੱਲ੍ਹਮ-ਖੁੱਲ੍ਹਾ ਸਾਰੇ ਪ੍ਰਬੰਧ ਦੀ ਦੇਖ-ਰੇਖ ’ਚ ਸ਼ਾਮਲ ਕਰੀਏ। ਗੁਰੂ ਘਰ ਵਿੱਚ ਇੱਕ ਇਲੈਕਟ੍ਰਾਨਿਕ (ਡੀਜ਼ੀਟਲ) ਬੋਰਡ ਲਗਾਉਣ ਦਾ ਉਪਰਾਲਾ ਵੀ ਕੀਤਾ ਜਾ ਸਕਦਾ ਹੈ, ਜਿਸ ਉੱਪਰ ਚੈਕਿੰਗ ਖਾਤੇ ਦਾ ਸਾਰਾ ਲੇਖਾ-ਜੋਖਾ ਨਾਲ਼ੋਂ ਨਾਲ਼ ਹੀ ਨਸ਼ਰ ਹੁੰਦਾ ਰਹੇ। ਗੁਰੂ ਘਰ ਦੇ ਹਰ ਪ੍ਰਾਜੈਕਟ ਨੂੰ ਸੰਗਤ ਦੀ ਮਨਜ਼ੂਰੀ ਨਾਲ ਹੀ ਸ਼ੁਰੂ ਕਰਨਾ ਚਾਹੀਦਾ ਹੈ ਤੇ ਇਸ ਮੰਤਵ ਲਈ ਸੰਗਤ ਵੀ ਪਹਿਲ – ਕਦਮੀ ਕਰਦਿਆਂ ਆਪਣੇ ’ਚੋਂ ਹੀ ਯੋਗ ਟੀਮ ਦਾ ਗਠਨ ਕਰੇ। ਥੋੜ੍ਹੇ- ਥੋੜ੍ਹੇ ਚਿਰ ਪਿੱਛੋਂ ਇੱਕ ਟੀਮ ਨੂੰ ਬਦਲ ਕੇ, ਨਵੀਂ ਟੀਮ ਬਣਾਈਏ ਤਾਂ ਕਿ ਸਾਰੀ ਸੰਗਤ ਦੀ ਸ਼ਮੂਲੀਅਤ ਯਕੀਨੀ ਬਣਾਈ ਜਾ ਸਕੇ।

ਆਰਥਿਕ ਖ਼ੁਸ਼ਹਾਲੀ ਵਾਸਤੇ ਇੱਕ ਕਾਰਗਰ ਸੁਝਾਅ – (ਦਸ – ਦਸ ਦਾ ਸੰਕਲਪ) ਹਰ ਮਹੀਨੇ ਅਸੀਂ ਆਪਣੀ ਕਮਾਈ ’ਚੋਂ ਸਭ ਤੋਂ ਪਹਿਲਾਂ, ਛੋਟੇ, ਵੱਡੇ ਬਿਲ ਤਾਰਨ (ਅਦਾਇਗੀ) ਨੂੰ ਤਰਜੀਹ ਦਿੰਦੇ ਹਾਂ। ਹੱਡ ਭੰਨਵੀਂ ਮਿਹਨਤ ਕਰਨ ਦੇ ਬਾਵਜੂਦ ਵੀ, ਕੀ ਅਸੀਂ ਆਪਣੀ ਕਮਾਈ ’ਚੋਂ ਆਪਣੇ ਆਪ ਨੂੰ ਕਦੀ ਭੁਗਤਾਨ (pay) ਕੀਤਾ ਹੈ ?

ਦਸ ਗੁਰੂ ਸਾਹਿਬਾਨ ਵੱਲੋਂ ਦਰਸਾਈ ਜੀਵਨ ਜਾਚ ਅਤੇ ਆਪਣੀ ਦਸਾਂ ਨਹੁੰਆਂ ਦੀ ਹੱਕ- ਸੱਚ ਦੀ ਕਮਾਈ ਨੂੰ ਚੇਤੇ ਰੱਖਦਿਆਂ, ਆਓ ! ਦਸ- ਦਸ (੧੦-੧੦) ਦੇ ਸੰਕਲਪ ਨੂੰ ਅਪਣਾਈਏ ਜਿਸ ਤੋਂ ਭਾਵ ਹੈ ਕਿ ਸਭ ਤੋਂ ਪਹਿਲਾਂ ਆਪਣੀ ਨੇਕ ਕਮਾਈ ਦਾ ਦਸਵਾਂ ਹਿੱਸਾ ਗੁਰੂ ਹੇਤ ਕੱਢੀਏ ਤੇ ਨਾਲ ਹੀ ਦਸਵਾਂ ਹਿੱਸਾ ਆਪਣੇ ਲਈ ਵੀ ਰਾਖਵਾਂ ਰੱਖੀਏ। ਅਸੀਂ ਹੈਰਾਨ ਰਹਿ ਜਾਵਾਂਗੇ ਕਿ ਸਾਡੇ ਘਰ ਦੇ ਸਾਰੇ ਖ਼ਰਚੇ ਪਹਿਲਾਂ ਦੀ ਤਰ੍ਹਾਂ ਹੀ ਪੂਰੇ ਹੁੰਦੇ ਰਹਿਣਗੇ ਅਤੇ ਸਾਡੀ ਨਿੱਜੀ ਗੋਲਕ (ਰਾਖਵੀਂ ਰਕਮ) ਵੀ ਗੁਰੂ ਦੀ ਰਹਿਮਤ, ‘‘ਨਉ ਨਿਧਿ ਤੇਰੈ ਅਖੁਟ ਭੰਡਾਰਾ॥’’ (ਮ:੫/੯੭) ਸਦਕਾ ਹਮੇਸ਼ਾ ਭਰੀ ਰਹੇਗੀ।

ਅੰਤ ’ਚ ਇਸ ਅਰਦਾਸ ਨਾਲ ਲੇਖ ਸਮਾਪਤ ਕਰੀਏ ਕਿ ਬਿਨਾਂ ਕਿਸੇ ਗੋਲਕ ਤੋਂ ਜਗਤ ’ਚ ਧਰਮ ਦਾ ਪ੍ਰਚਾਰ ਕਰਨ ਵਾਲੇ ਸੱਚੇ ਪਾਤਸ਼ਾਹ ਗੁਰੂ ਨਾਨਕ ਸਾਹਿਬ ਜੀ ! ਦੁਨੀਆਂ ਭਰ ਵਿੱਚ ਬੈਠੇ ਅਸਾਂ ਵਾਰਸਾਂ ਨੂੰ ਹੁਣ ਹੋਰ ਵੀ ਸੂਝਵਾਨ ਹੋਣ ਦੀ ਦਾਤ ਬਖ਼ਸ਼ੋ ਤਾਂ ਕਿ ਅਸੀਂ ਗੁਰੂ ਕੀ ਗੋਲਕ ਦੀ ਹੁੰਦੀ ਦੁਰਵਰਤੋਂ ਦੇ ਗੰਭੀਰ ਮਸਲੇ ਨੂੰ ਸੁਚੇਤ ਹੋ ਕੇ ਸੰਜੀਦਗੀ ਨਾਲ ਵਿਚਾਰੀਏ ਅਤੇ ‘‘ਤੂੰ ਸਾਝਾ ਸਾਹਿਬੁ ਬਾਪੁ ਹਮਾਰਾ॥’’ (ਮ:੫/੯੭) ਤੇ ‘‘ਨਾ ਕੋ ਬੈਰੀ ਨਹੀ ਬਿਗਾਨਾ॥’’ (ਮ:੫/੧੨੯੯) ਉਪਦੇਸ਼ ਨੂੰ ਹਿਰਦੇ ’ਚ ਵਸਾ ਕੇ, ਆਪਣਾ ਦਸਵੰਧ ਗੋਲਕ ’ਚ ਪਾਉਣ ਦੀ ਬਜਾਇ ਬਿਨਾਂ ਕਿਸੇ ਭੇਦ-ਭਾਵ ਤੋਂ ਮਨੁੱਖਤਾ ਦੀ ਭਲਾਈ ’ਤੇ ਲਾਉਣ ਦਾ ਉਪਰਾਲਾ ਕਰ ਸਕੀਏ। 

ਭੁੱਲ- ਚੁੱਕ ਮਾਫ਼।