ਸਿਆਸਤ ਦੀ ਚੌਪੜ !

0
474

(ਨਿੱਕੀ ਕਹਾਣੀ)

ਸਿਆਸਤ ਦੀ ਚੌਪੜ !

ਬਲਵਿੰਦਰ ਸਿੰਘ ਬਾਈਸਨ

ਧਰਮ ਦੀ ਦਰੀ ਉੱਤੇ ਸਿਆਸਤ ਦੀ ਚੌਪੜ ਵਿਛ ਚੁੱਕੀ ਹੈ, ਪੰਥ ਨੂੰ ਕੌਣ ਸੇਧ ਦੇਵੇਗਾ  ? (ਕੁਲਤਾਰ ਸਿਘ ਪੇਸ਼ਾਨੀ ਤੇ ਬਲ ਪਾਏ ਬੁੜਬੁੜਾ ਰਿਹਾ ਸੀ)

ਉਸ ਦਾ ਬੁੱਢਾ ਪਿਤਾ ਹਰਕੀਰਤ ਸਿੰਘ ਕੁਝ ਦਿਨਾਂ ਤੋਂ ਉਸ ਨੂੰ ਪ੍ਰੇਸ਼ਾਨ ਹਾਲਤ ਵਿੱਚ ਵੇਖ ਰਿਹਾ ਸੀ, ਜਦੋਂ ਰਹਿਆ ਨਹੀਂ ਗਿਆ ਤੇ ਆਖਿਰ ਉਸ ਨੇ ਕੁਲਤਾਰ ਨੂੰ ਪੁੱਛ ਹੀ ਲਿਆ …

ਹਰਕੀਰਤ ਸਿੰਘ: ਕੀ ਗੱਲ ਹੈ ਪੁੱਤਰ ਜੀ  ! ਕੁਝ ਦਿਨਾਂ ਤੋਂ ਬੜੇ ਹੀ ਪਰੇਸ਼ਾਨ ਲੱਗ ਰਹੇ ਹੋ ?

ਕੁਲਤਾਰ ਸਿੰਘ: ਪਿਤਾ ਜੀ, ਪੰਥ ਦੀ ਦਿਨੋਂ ਦਿਨ ਡੁੱਬ ਰਹੀ ਸਾਖ, ਆਪਸੀ ਭਰਾਮਾਰੂ ਲੜਾਈ ਅਤੇ ਪੰਥਕ ਧਿਰਾਂ ਤੋਂ ਬਾਹਰਲੀਆਂ ਧਿਰਾਂ ਵੱਲੋਂ ਨਿੱਤ ਨਵੇਂ ਵਿਵਾਦ ਨੂੰ ਹਵਾ ਦੇਣ ਦੀ ਕੋਝੀ ਚਾਲ ਨੇ ਪੰਥ ਦਰਦੀਆਂ ਦੇ ਹਿਰਦੇ ਛੇਦ ਦਿੱਤੇ ਹਨ !  ਗੁਰੂ ਦੇ ਹੁਕਮ ਨਾਲੋਂ ਸਿਆਸੀਆਂ ਦੇ ਹੁਕਮ ਨੂੰ ਗੁਰਮਤ ਸਮਝਿਆ ਜਾਣ ਲੱਗਿਆ ਹੈ !  ਸਭ ਪਾਸੇ ਹਨੇਰਾ ਹੀ ਹਨੇਰਾ !  ਅਗਿਆਨ ਦੀ ਮਿੱਟੀ ਭਰੀ ਹਨੇਰੀ ਤੋਂ ਬਣੇ ਧੁੰਧਲੇ ਨੂੰ ਕੋਹਰਾ ਕਹ ਕੇ ਪਰਚਾਇਆ ਜਾ ਰਿਹਾ ਹੈ !

ਹਰਕੀਰਤ ਸਿੰਘ: ਪੁੱਤਰ ਜੀ !  ਇਹ ਸਿੱਖ ਲਈ ਕੋਈ ਨਵਾਂ ਵਰਤਾਰਾ ਨਹੀਂ ਹੈ, ਪੁਰਾਤਨ ਸਮੇਂ ਵਿੱਚ ਇੱਕ ਆਮ ਸਿੱਖ ਵੀ ਗੁਰੂ ਕਿਰਪਾ ਨਾਲ ਗੁਰਬਾਣੀ ਦੇ ਰਾਹ ਦਾ ਪਾਂਧੀ ਹੁੰਦਾ ਸੀ, ਇਸ ਕਰਕੇ ਕੁਪ੍ਰਚਾਰ ਨੂੰ ਫੱਟ ਪਹਿਚਾਣ ਲਿਆ ਜਾਂਦਾ ਸੀ ਤੇ ਅਗਾਂਹ ਹੋ ਕੇ, ਪੰਥਕ ਤੌਰ ’ਤੇ ਮਨਮਤ ਨੂੰ ਠੱਲ ਪਾਈ ਜਾਂਦੀ ਸੀ ! ਪਰ ਅੱਜ ਦੇ ਹਾਲਾਤ ਵਿੱਚ ਇੱਕ ਆਮ ਸਿੱਖ ਤਾਂ ਅਗਿਆਨ ਦੇ ਹਨੇਰੇ ਵਿੱਚ ਡੁੱਬਿਆ ਪਿਆ ਹੈ ਤੇ ਪੰਥ ਅੱਖ ਬੰਦ ਕਰਕੇ ਕੁੱਝ ਸਿਆਸੀਆਂ ਦੇ ਮਗਰ ਤੁਰ ਪਿਆ ਹੈ !

ਕੁਲਤਾਰ ਸਿੰਘ: ਪਰ ਪਿਤਾ ਜੀ !  ਜੋ ਸੂਝਵਾਨ ਗੁਰਸਿੱਖ ਹਨ ਉਨ੍ਹਾਂ ਨੂੰ ਮੁੱਖ ਧਾਰਾ ਵਿੱਚੋਂ ਮੱਖੀ ਵਾਂਗ ਕਿਉਂ ਕੱਢ ਦਿੱਤਾ ਗਿਆ ਹੈ ? ਝੂਠ ਦੇ ਨਗਾਰ-ਖਾਨੇ ਵਿੱਚ ਤੂਤੀਆਂ ਵਾਂਗ ਉਨ੍ਹਾਂ ਦੀ ਅਵਾਜ਼ ਕਿਉਂ ਦਬਾ ਦਿੱਤੀ ਜਾ ਰਹੀ ਹੈ ? ਕਿਉਂ ਉਨ੍ਹਾਂ ਨੂੰ ਬਦਨਾਮ ਕੀਤਾ ਜਾ ਰਿਹਾ ਹੈ ? ਅੱਜ ਮੀਡਿਆ ਦਾ ਯੁੱਗ ਹੈ, ਜੇਕਰ ਸਿਆਸੀ ਇਤਨੇ ਹੀ ਗੁਰਮਤ ਦਾ ਪ੍ਰਚਾਰ ਕਰ ਰਹੇ ਨੇ, ਤੇ ਕਿਉਂ ਨਹੀਂ ਇੱਕ ਵਾਰ ਟੀ.ਵੀ. ਸ਼ੋ ਰਾਹੀਂ ਪੰਥਕ ਮਸਲਿਆਂ ’ਤੇ ਆਹਮਣੇ-ਸਾਹਮਣੇ ਬੈਠ ਕੇ ਵਿਚਾਰ ਕਰਦੇ ?  ਪਰ ਮੀਡਿਆ ਦੀ ਵਰਤੋਂ ਕੁ-ਪ੍ਰਚਾਰ ਲਈ ’ਤੇ ਹੋ ਰਹੀ ਹੈ, ਪਰ ਸੁ-ਵਿਚਾਰ ਲਈ ਕਿਉਂ ਨਹੀਂ ? (ਰੋਣ ਲੱਗ ਜਾਂਦਾ ਹੈ)

ਹਰਕੀਰਤ ਸਿੰਘ (ਥਾਪੜਾ ਦਿੰਦਾ ਹੋਇਆ): ਪੁੱਤਰ ਜੀ !  ਤੁਸੀਂ ਆਪਣੇ ਸਚ ਦੇ ਰਾਹ ’ਤੇ ਚੱਲਦੇ ਰਹੋ ਤੇ ਚੰਗੇ ਕਿਰਦਾਰ ਵਾਲੇ ਗੁਰਸਿੱਖ ਬਣੋ ਤੇ ਭੱਜੋ ਨਾ, ਬਲਕਿ ਸਿਆਸਤ ਦੀ ਮੁੱਖ ਧਾਰਾ ਵਿੱਚ ਆਓ ਕਿਉਂਕਿ ਅੱਜ ਸਮੇਂ ਦੀ ਮੰਗ ‘ਹੋਛੀ ਸਿਆਸਤ’ ਨਹੀਂ ਬਲਕਿ ‘ਹੋਰ ਅੱਛੀ’ ਸਿਆਸਤ ਕਰਨਾ ਹੈ ! ਜੇਕਰ ਦੋ ਚੋਰ ਜਾਂ ਦੋ ਡਾਕੂ ਆਪਣੀ ਗੰਦੀ ਸੋਚ ਨਾਲ ਇੱਕ ਹੋ ਸਕਦੇ ਹਨ ਤੇ ਗੈਂਗ ਬਣਾ ਸਕਦੇ ਹਨ ਤੇ ਫਿਰ ਕਿਉਂ ਨਹੀਂ ਇੱਕ ਚੰਗੀ ਸੋਚ ਵਾਲੇ ਆਪਣਾ ਥੋੜਾ ਜਿਹਾ ਹੰਕਾਰ ਮਾਰ ਕੇ, ਇੱਕ ‘ਗੁਰਮਤੀ ਗੈਂਗ’ ਬਣਾਉਂਦੇ ?  ਵਖਰੀ-ਵਖਰੀ ਲੱਕੜ ਨੂੰ ਤੋੜਨਾ ਸੌਖਾ ਹੁੰਦਾ ਹੈ ਤੇ ਇਹੀ ਕੰਮ ਕੀਤਾ ਜਾ ਰਿਹਾ ਹੈ, ਕਿ ਤੁਹਾਡੇ ਵਰਗੀਆਂ ਗੁਰਮਤਿ ਭਰਪੂਰ ਲੱਕੜਾਂ ਇੱਕ ਨਾ ਹੋ ਜਾਣ !  ਹੁਣ ਇਹ ਲੱਕੜਾਂ ਉੱਤੇ ਹੈ ਕਿ ਉਨ੍ਹਾਂ ਨੇ ਵਖਰਾ ਵਖਰਾ ਜਲ ਕੇ ਖ਼ਤਮ ਹੋਣਾ ਹੈ ਜਾਂ ਕੱਠੇ ਹੋ ਕੇ ਇੱਕ ਜੰਗਲ ਦੀ ਅੱਗ ਵਾਂਗ ਫੈਲਣਾ ਹੈ !

ਕੁਲਤਾਰ ਸਿੰਘ ਇਹ ਵਿਚਾਰ ਸੁਣ ਕੇ ਇੱਕ ਨਵੇਂ ਜੋਸ਼ ਵਿੱਚ ਫ਼ੈਸਲਾ ਕਰਦਾ ਹੈ ਕਿ ਜੰਗਲ ਦੀ ਅੱਗ ਵਾਂਗ ਸੱਚ ਦੀ ਅਵਾਜ਼ ਨੂੰ ਫੈਲਾਣਾ ਹੈ (ਗੁਰਮਤਿ ਸੋਚ ਨਾਲ) ਕਿਉਂਕਿ ਸੁਣਿਆ ਹੈ ਕਿ ਜੰਗਲ ਦੀ ਅੱਗ ਇੱਕ ਨਵੇਂ ਜੀਵਨ ਨੂੰ ਜਨਮ ਦਿੰਦੀ ਹੈ !