ਗੁਰੂ ਹਰਿਗੋਬਿੰਦ ਸਾਹਿਬ ਜੀ ਦੁਆਰਾ ਸਥਾਪਿਤ ਕੀਤੇ ‘ਅਕਾਲ ਤਖ਼ਤ’ ਦਾ ਅਸਰ

0
1220

ਗੁਰੂ ਹਰਿਗੋਬਿੰਦ ਸਾਹਿਬ ਜੀ ਦੁਆਰਾ ਸਥਾਪਿਤ ਕੀਤੇ ‘ਅਕਾਲ ਤਖ਼ਤ’ ਦਾ ਅਸਰ

ਗਿਆਨੀ ਅਵਤਾਰ ਸਿੰਘ

ਦੁਨੀਆ ਦੇ ਇਤਿਹਾਸ ਵਿੱਚ ‘ਅਕਾਲ ਤਖ਼ਤ’ ਇਕਲੌਤਾ ਗ਼ੈਰ ਸਰਕਾਰੀ ਤਖ਼ਤ ਹੈ, ਜਿਸ ਦਾ ਪ੍ਰਬੰਧ ਕੇਵਲ ਸਿੱਖ ਕੌਮ ਦੇ ਨੁਮਾਇੰਦਿਆਂ ਕੋਲ਼ ਹੈ। ਜ਼ਮੀਨੀ ਹਾਲਾਤਾਂ ਨੂੰ ਧਿਆਨ ’ਚ ਰੱਖਦਿਆਂ ਗੁਰੂ ਹਰਿਗੋਬਿੰਦ ਸਾਹਿਬ ਜੀ ਨੇ ਇਸ ਦੀ ਸਥਾਪਨਾ 15 ਜੂਨ 1606 ਈਸਵੀ (18 ਹਾੜ ਬਿਕ੍ਰਮੀ ਸੰਮਤ 1663) ਨੂੰ ਕੀਤੀ,  ਤਦ ‘ਆਦਿ ਗ੍ਰੰਥ’ ਇੱਕ ਬੀੜ ਸਰੂਪ ’ਚ ਤਿਆਰ ਕਰਨ ਬਦਲੇ ਗੁਰੂ ਅਰਜਨ ਦੇਵ ਜੀ ਨੂੰ ਲਾਹੌਰ ਵਿਖੇ ਸ਼ਹੀਦ ਕੀਤਿਆਂ ਮਾਤਰ 15 ਦਿਨ ਹੋਏ ਸਨ। ਕੁਝ ਇਤਿਹਾਸਕਾਰਾਂ ਨੇ ਅਕਾਲ ਤਖ਼ਤ ਦੀ ਸਿਰਜਣਾ ਜੂਨ 1608 ਈਸਵੀ ਭੀ ਲਿਖਿਆ ਹੈ। ਇਨ੍ਹਾਂ ਮੁਤਾਬਕ ਗੁਰੂ ਅਰਜਨ ਸਾਹਿਬ ਜੀ ਦੀ ਸ਼ਹੀਦੀ ਉਪਰੰਤ ਜਹਾਂਗੀਰ ਨੇ ਗੁਰੂ ਘਰ ਦੀ ਸਾਰੀ ਜਾਇਦਾਦ ਜ਼ਬਤ ਕਰਨ ਅਤੇ ਗੁਰੂ ਪਰਵਾਰ ਨੂੰ ਕੈਦ ਕਰਨ ਲਈ ਲਾਹੌਰ ਦੇ ਫ਼ੌਜਦਾਰ ਮੁਰਤਜ਼ਾ ਖ਼ਾਨ ਨੂੰ ਹੁਕਮ ਕੀਤਾ ਸੀ, ਜਿਸ ਕਰਕੇ ਗੁਰੂ ਜੀ; ਜਿਨ੍ਹਾਂ ਦੀ ਉਮਰ 11 ਸਾਲ ਸੀ, ਪਰਵਾਰ ਸਮੇਤ ਕੁਝ ਸਮਾਂ ਡਰੋਲੀ (ਜ਼ਿਲ੍ਹਾ ਮੋਗਾ) ਵਿਖੇ ਆਪਣੇ ਸਾਂਢੂ ਭਾਈ ਸਾਈਂ ਦਾਸ ਜੀ ਪਾਸ ਚਲੇ ਗਏ ਸਨ, ਇੱਥੋਂ ਉਨ੍ਹਾਂ ਨੇ ਭਵਿਖ ਦੀ ਵਿਓਂਤਬੰਦੀ ਕਰ ਜੂਨ 1608 ’ਚ ਅਕਾਲ ਤਖ਼ਤ ਦੀ ਸਥਾਪਨਾ ਕੀਤੀ।  ‘ਅਕਾਲ ਤਖ਼ਤ’ ਦਾ ਸ਼ੁਰੂਆਤੀ ਨਾਂ ‘ਅਕਾਲ ਬੁੰਗਾ’ ਸੀ।

‘ਅਕਾਲ ਤਖ਼ਤ’ ਦੀ ਨੀਂਹ ਰੱਖਣ ਦਾ ਮਨੋਰਥ ‘ਪੀਰੀ’ ਦੇ ਨਾਲ਼ ‘ਮੀਰੀ’ ਸਿਧਾਂਤ ਨੂੰ ਹੋਰ ਪ੍ਰਬਲ ਕਰਨਾ ਸੀ ਭਾਵੇਂ ਕਿ ‘‘ਸੂਰਾ ਸੋ ਪਹਿਚਾਨੀਐ; ਜੁ ਲਰੈ ਦੀਨ ਕੇ ਹੇਤ ਪੁਰਜਾ ਪੁਰਜਾ ਕਟਿ ਮਰੈ; ਕਬਹੂ ਨ ਛਾਡੈ ਖੇਤੁ (ਭਗਤ ਕਬੀਰ/੧੧੦੫), ਜਉ ਤਉ, ਪ੍ਰੇਮ ਖੇਲਣ ਕਾ ਚਾਉ ਸਿਰੁ ਧਰਿ ਤਲੀ; ਗਲੀ ਮੇਰੀ ਆਉ ਇਤੁ ਮਾਰਗਿ; ਪੈਰੁ ਧਰੀਜੈ ਸਿਰੁ ਦੀਜੈ; ਕਾਣਿ ਨ ਕੀਜੈ ’’ (ਮਹਲਾ ੧/੧੪੧੨) ਆਦਿ ਪਾਵਨ ਬਚਨ ਗੁਰੂ ਨਾਨਕ ਜੀ ਦੇ ਸਮੇਂ ਤੋਂ ਹੀ ਗੁਰਮੁਖਾਂ ਦੇ ਜੀਵਨ ਦੀ ਰਹਿਨੁਮਾਈ ਕਰਦੇ ਆ ਰਹੇ ਸਨ, ਪਰ ਕੌਮ ਨੂੰ ਸ਼ਸਤਰਧਾਰੀ ਬਣਾਉਣ ਦਾ ਮੁੱਢ ਗੁਰੂ ਹਰਿਗੋਬਿੰਦ ਸਾਹਿਬ ਜੀ ਨੇ ਬੰਨ੍ਹਿਆ ਹੈ ਉਨ੍ਹਾਂ ਨੇ ਅਕਾਲ ਬੁੰਗਾ ਦੀ ਸਿਰਜਣਾ ਕਰ ਉੱਥੇ ਢਾਡੀ ਵਾਰਾਂ ਗਾਉਣ ਦੀ ਰੀਤ ਚਲਾਈ। ਆਪ ਨੇ ਦੋ ਤਲਵਾਰਾਂ ਪਹਿਨ ਕੇ ਸੰਗਤਾਂ ਨੂੰ ਵਧੀਆ ਨਸਲ ਦੇ ਘੋੜੇ, ਹਾਥੀ ਅਤੇ ਚੰਗੇ ਸ਼ਸਤਰ ਲੈ ਕੇ ਗੁਰੂ ਦਰਬਾਰ ’ਚ ਹਾਜ਼ਰ ਹੋਣ ਲਈ ਕਿਹਾ। ਇਸ ਦ੍ਰਿਸ਼ ਨੂੰ ਗੁਰੂ ਦਰਬਾਰ ਦੇ ਇੱਕ ਢਾਡੀ ਭਾਈ ਅਬਦੁੱਲਾ ਜੀ ਨੇ ਇਉਂ ਕਲਮਬੱਧ ਕੀਤਾ ‘ਦੋ ਤਲਵਾਰੀ ਬੱਧੀਆਂ, ਇੱਕ ਮੀਰੀ ਦੀ, ਇੱਕ ਪੀਰੀ ਦੀ  ਇੱਕ ਅਜ਼ਮਤ (ਪ੍ਰਤਾਪ) ਦੀ ਇੱਕ ਰਾਜ ਦੀ, ਇੱਕ ਰਾਖੀ ਕਰੇ ਵਜ਼ੀਰ ਦੀ  ਪੱਗ ਤੇਰੀ; ਕੀ ਜਹਾਂਗੀਰ ਦੀ ?’

ਨੀਤੀਵਾਨਾਂ ਅਨੁਸਾਰ ਰਾਜ ਸੱਤਾ ਕਾਇਮ ਰੱਖਣ ਲਈ 4 ਗੁਣ (ਸ਼ਾਮ, ਦਾਮ, ਦੰਡ, ਭੇਦ) ਹੋਣੇ ਚਾਹੀਦੇ ਹਨ। ਜ਼ਬਾਨੀ-ਜ਼ਬਾਨੀ ਪਿਆਰ ਭਰੇ ਬੋਲ ਬੋਲਣਾ ‘ਸ਼ਾਮ ਗੁਣ’ ਹੈ। ਇਸ ਨੀਤੀ ਦੇ ਨਾਕਾਮ ਰਹਿਣ ’ਤੇ ਰੁਪਏ (ਲਾਲਚ) ਨਾਲ ਸਾਮ੍ਹਣੇ ਵਾਲ਼ੇ ਨੂੰ ਝੁਕਾਅ ਲੈਣਾ ‘ਦਾਮ ਗੁਣ’ ਹੈ। ਇਸ ਦੀ ਅਸਫਲਤਾ ਉਪਰੰਤ ਡਰ ਪੈਦਾ ਕਰਨ ਲਈ ਸਜ਼ਾ ਦੇਣਾ ਜਾਂ ਕੈਦ ਕਰਨਾ ‘ਦੰਡ ਗੁਣ’ ਅਖਵਾਉਂਦਾ ਹੈ ਤੇ ਵਿਰੋਧੀ ਏਕਤਾ ’ਚ ਫੁੱਟ ਪਾ ਕੇ ਪੈਦਾ ਹੋਏ ਰੋਹ ਨੂੰ ਸ਼ਾਂਤ ਕਰਨਾ (ਭੇਦ ਗੁਣ) ਹਨ, ਪਰ ਗੁਰਮਤਿ; ਇਨ੍ਹਾਂ ਗੁਣਾਂ ਨੂੰ ਛਲ-ਕਪਟੀ (ਕੱਚੀ) ਸੋਚ ਦੀ ਉਪਜ ਮੰਨਦੀ ਹੈ ਕਿਉਂਕਿ ਪਾਵਨ ਬਚਨ ਹਨ, ‘‘ਜਿਨ੍ ਮਨਿ ਹੋਰੁ, ਮੁਖਿ ਹੋਰੁ; ਸਿ ਕਾਂਢੇ ਕਚਿਆ ’’ (ਬਾਬਾ ਫਰੀਦ/੪੮੮) ਯਾਨੀ ਉਹ ਅੰਦਰੋਂ ਕੱਚੇ ਹੁੰਦੇ ਹਨ। ਇਸ ਕਥਨੀ ਤੇ ਕਰਨੀ ਦੇ ਅੰਤਰ ਨੇ ਸਮਾਜ ’ਚ ਬੇਇਨਸਾਫ਼ੀ, ਨਫ਼ਰਤ, ਅਸਮਾਨਤਾ, ਡਰ, ਬੁਝਦਿੱਲੀ ਜੈਸੀਆਂ ਬੁਰਾਈਆਂ ਪੈਦਾ ਕੀਤੀਆਂ। ਸਿੱਖਾਂ ਨੂੰ ਇਨ੍ਹਾਂ ਤੋਂ ਮੁਕਤ ਰੱਖ ਕੇ ਮਾਨਸਿਕ ਅਤੇ ਸਰੀਰਕ ਪੱਖੋਂ ਸ਼ਕਤੀਸ਼ਾਲੀ ਬਣਾਉਣ ਲਈ ਮੀਰੀ-ਪੀਰੀ ਦੇ ਸੁਮੇਲ ਨੂੰ ਅਨੋਖੇ ਢੰਗ ਨਾਲ ਪੇਸ਼ ਕੀਤਾ, ਜਿਸ ਦਾ ਮਨੋਰਥ ‘‘ਭੈ ਕਾਹੂ ਕਉ ਦੇਤ ਨਹਿ; ਨਹਿ ਭੈ ਮਾਨਤ ਆਨ ’’ (ਮਹਲਾ ੯/੧੪੨੭) ਵਾਲ਼ੀ ਅਜ਼ਾਦੀ ਮਾਣਦਿਆਂ ਆਪਸੀ ਪਿਆਰ, ਹਮਦਰਦੀ, ਇਨਸਾਫ਼, ਸਮਾਨਤਾ ਵਰਗੇ ਗੁਣਾਂ ਨੂੰ ਸਿਰਮੌਰ ਮੰਨਿਆ ਗਿਆ।

ਗੁਰੂ ਅਰਜਨ ਸਾਹਿਬ ਜੀ ਦੀ ਦਿਲ ਕੰਬਾਊ ਤਸੀਹਿਆਂ ਨਾਲ ਕੀਤੀ ਗਈ ਸ਼ਹੀਦੀ ਉਪਰੰਤ ਮਾਨਵਤਾ ਅੰਦਰ ਵਕਤੀ ਹਕੂਮਤ ਵਿਰੁਧ ਜ਼ਬਰਦਸਤ ਰੋਹ ਸੀ, ਉਨ੍ਹਾਂ ਨੂੰ ਇਕੱਤਰ ਕਰਨ ਲਈ ਇੱਕ ਸਾਂਝੀ ਅਗਵਾਈ ਅਤੇ ਮੰਚ ਦੀ ਲੋੜ ਸੀ, ਜੋ ਗੁਰੂ ਸਾਹਿਬ ਨੇ ਉਪਲਬਧ ਕਰਾ ਦਿੱਤਾ। ਗੁਰੂ ਸਾਹਿਬ ਨੇ ਆਪਣੀ ਫ਼ੌਜ ਨੂੰ ਸ਼ਸਤਰ ਵਿਦਿਆ ਦੇਣ ਲਈ ਕਈ ਜਥਿਆਂ ’ਚ ਵੰਡਿਆ, ਇਨ੍ਹਾਂ ਜਥਿਆਂ ਦੇ ਮੁਖੀ ਸਨ ‘ਭਾਈ ਬਿਧੀ ਚੰਦ ਜੀ, ਭਾਈ ਪਿਰਾਣਾ ਜੀ, ਭਾਈ ਜੇਠਾ ਜੀ, ਭਾਈ ਪਰਾਗਾ ਜੀ, ਭਾਈ ਲੰਗਾਹ ਜੀ ਵਰਗੇ ਯੋਧੇ। ਇਸ ਦਾ ਨਤੀਜਾ ਇਹ ਨਿਕਲਿਆ ਕਿ ਅਕਾਲ ਤਖ਼ਤ ਦੀ ਸਿਰਜਣਾ ਤੋਂ ਮਾਤਰ ਸਾਢੇ ਪੰਜ ਸਾਲਾਂ (ਜੂਨ 1606 ਤੋਂ ਦਸੰਬਰ 1612 ਈ.) ਦੌਰਾਨ ਹੀ ਨਿਡਰ ਤੇ ਸੂਰਬੀਰ ਯੋਧਿਆਂ ਦੁਆਰਾ ਕ੍ਰਾਂਤੀਕਾਰੀ ਲਹਿਰ ਪੈਦਾ ਹੋ ਗਈ।

ਦੂਸਰੇ ਪਾਸੇ ਜਹਾਂਗੀਰ ਦੇ ਬ੍ਰਾਹਮਣ ਵਜ਼ੀਰ ਚੰਦੂ ਦੇ ਪੁੱਤਰ ਕਰਮ ਚੰਦ, ਚੰਦੂ ਦੇ ਕੁੜਮ ਭਗਵਾਨ ਦਾਸ ਘੇਰੜ ਅਤੇ ਉਸ ਦੇ ਪੁੱਤਰ ਰਤਨ ਚੰਦ, ਆਦਿ ਨੇ ਲਾਹੌਰ ਦੇ ਸੂਬੇਦਾਰ ਮੁਰਤਜ਼ਾ ਖ਼ਾਨ ਕੋਲ਼ ਗੁਰੂ ਘਰ ਦੀ ਮੁਖ਼ਬਰੀ ਕਰਕੇ ਰਾਜ ਸੱਤਾ ਨੂੰ ਖ਼ਤਰਾ ਕਹਿ ਕੇ ਝੂਠੀਆਂ ਖ਼ਬਰਾਂ ਭੇਜਣੀਆਂ ਸ਼ੁਰੂ ਕਰ ਦਿੱਤੀਆਂ।  ਮੁਰਤਜ਼ਾ ਖ਼ਾਨ ਇੱਕ ਕੱਟੜ ਮੁਸਲਮਾਨ ਸੀ, ਪਰ ਆਪ ਕਿਸੇ ਡਰ ਕਾਰਨ ਕਾਰਵਾਈ ਕਰਨ ਦੀ ਬਜਾਇ ਸਭ ਕੁਝ ਦਿੱਲੀ ਦੇ ਬਾਦਿਸ਼ਾਹ ਜਹਾਂਗੀਰ ਪਾਸੋਂ ਕਰਵਾਉਣਾ ਚਾਹੁੰਦਾ ਸੀ।  ਜਹਾਂਗੀਰ ਨੇ ਗੁਰੂ ਜੀ ਨੂੰ ਦਿੱਲੀ ਬੁਲਾਇਆ ਤੇ ਜਨਵਰੀ 1613 ’ਚ ਕੈਦ ਕਰਵਾ ਕੇ 12 ਸਾਲ ਦੀ ਸਜ਼ਾ ਸੁਣਾ ਗਵਾਲੀਅਰ ਦੇ ਕਿਲ੍ਹੇ ਵਿੱਚ ਬੰਦ ਕਰ ਦਿੱਤਾ ਗਿਆ, ਜਿੱਥੇ ਪਹਿਲਾਂ ਹੀ 52 ਰਾਜਸੀ ਕੈਦੀ ਰੱਖੇ ਹੋਏ ਸਨ, ਜਿਨ੍ਹਾਂ ਨੂੰ ਨਾਸ਼ਤੇ ’ਚ ਪੋਸਤ ਦਿੱਤਾ ਜਾਂਦਾ ਸੀ ਤਾਂ ਜੋ ਉਨ੍ਹਾਂ ਅੰਦਰ ਸੁਸਤੀ ਬਣੀ ਰਹੇ ਤੇ ਆਪਣੇ ਰਾਜਸੀ ਹਿਤਾਂ ਬਾਰੇ ਨਾ ਸੋਚ ਸਕਣ।  ਤਦ ਗੁਰੂ ਜੀ ਦੀ ਉਮਰ ਸਾਢੇ 17 ਸਾਲ ਸੀ।

ਸੰਸਾਰੀ (ਸੁਆਰਥੀ) ਅਤੇ ਨਿਰਾਕਾਰੀ (ਸੁਤੰਤਰ) ਵਿਚਾਰਾਂ ਦਾ ਕਦੇ ਮੇਲ ਨਹੀਂ ਹੋਇਆ ਕਰਦਾ; ਜਿਵੇਂ ਕਿ ਬਚਨ ਹਨ, ‘‘ਭਗਤਾ ਤੈ ਸੈਸਾਰੀਆ; ਜੋੜੁ ਕਦੇ ਨ ਆਇਆ ’’ (ਮਹਲਾ ੧/੧੪੫) ਕਿਉਂਕਿ ਸੰਸਾਰੀ ਲੋਕ; ਦੁੱਖ ਸੁੱਖ ਵੇਖ-ਵੇਖ ਸਮਾਜ ’ਚ ਵਿਚਰਦੇ ਹਨ ਜਦਕਿ ਨਿਰਾਕਾਰੀ ਭਗਤ, ਦੁੱਖ ਤਕਲੀਫ਼ ਤੋਂ ਉੱਪਰ ਉੱਠ ਕੇ ਸਚਾਈ ਦਾ ਸਾਥ ਦਿੰਦੇ ਹਨ। ਇਸ ਸਬੰਧ ’ਚ ਬਚਨ ਹਨ, ‘‘ਮਨਮੁਖ ਸਉ ਕਰਿ ਦੋਸਤੀ; ਸੁਖ ਕਿ ਪੁਛਹਿ ਮਿਤ  !   ਗੁਰਮੁਖ ਸਉ ਕਰਿ ਦੋਸਤੀ; ਸਤਿਗੁਰ ਸਉ ਲਾਇ ਚਿਤੁ ’’ (ਮਹਲਾ ੩/੧੪੨੧)

ਗੁਰੂ ਸਾਹਿਬ ਜੀ ਦੇ ਜੇਲ੍ਹ ਜਾਣ ਪਿੱਛੇ ਗੁਰੂ ਕੇ ਚੱਕ (ਜੋ ਹੁਣ ਅੰਮ੍ਰਿਤਸਰ ਸਾਹਿਬ ਹੈ) ਵਿਖੇ ਚਲਦੀ ਯਾਨੀ ‘ਅਕਾਲ ਤਖ਼ਤ’ ਦੀ ਸਿਰਜਣਾ ਦੁਆਰਾ ਸਿਰਜੀ ਮੁਹਿੰਮ ਨੂੰ ਜਥਿਆਂ ਦੇ ਰੂਪ ’ਚ ਨਿਰੰਤਰ ਜਾਰੀ ਰੱਖਿਆ ਗਿਆ।  ਬਾਬਾ ਬੁੱਢਾ ਜੀ, ਭਾਈ ਜੇਠਾ ਜੀ ਵਰਗੇ ਸਿੱਖਾਂ ਨੇ ਅਨੇਕਾਂ ਸੰਗਤਾਂ ਸਣੇ ਗਵਾਲੀਅਰ ਵੱਲ ਪੈਦਲ ਯਾਤਰਾ ਕਰਨੀ ਜਾਰੀ ਰੱਖੀ ਤੇ ਕਿਲ੍ਹੇ ਦੀ ਪ੍ਰਕਰਮਾ ਕਰਦਿਆਂ, ਗੁਰਬਾਣੀ ਦੇ ਸ਼ਬਦ ਗਾਉਂਦਿਆਂ ਸ਼ਾਂਤਮਈ ਸੰਘਰਸ਼ ਨੂੰ ਜਾਰੀ ਰੱਖਿਆ।  ਜਿੱਥੇ ਇਸ ਦਾ ਅਸਰ ਉੱਤਰ-ਪੱਛਮ ਭਾਰਤ ’ਚ ਪਿਆ, ਓਥੇ ਕਿਲ੍ਹੇ ਅੰਦਰ ਭੀ ਗੁਰੂ ਜੀ ਨੇ ਬੰਦੀ ਰਾਜਿਆਂ ’ਚ ਰੱਬੀ ਨਾਮ ਦਾ ਰਸ ਭਰਦਿਆਂ ਸੰਸਾਰਕ ਨਸ਼ਾ ਛੁਡਵਾ ਦਿੱਤਾ। ਇਸ ਤਰ੍ਹਾਂ ਕਿਲ੍ਹੇ ਦਾ ਦਰੋਗਾ ਹਰੀ ਦਾਸ ਯਾਦਵ ਭੀ ਗੁਰੂ ਦਾ ਸਿੱਖ ਬਣ ਗਿਆ।

ਜੇਲ੍ਹ ਅੰਦਰੋਂ ਅਤੇ ਬਾਹਰੋਂ ਗੁਰੂ ਪ੍ਰਤੀ ਵਧਦੇ ਪਿਆਰ ਦਾ ਦਬਾਅ ਬਾਦਿਸ਼ਾਹ ਜਹਾਂਗੀਰ ਉੱਤੇ ਪੈਣ ਲੱਗਾ। ਉਸ ਨੇ ਕੱਟੜ ਮੌਲਵੀਆਂ ਤੋਂ ਆਪਣੀ ਦੂਰੀ ਬਣਾਉਣੀ ਸ਼ੁਰੂ ਕਰ ਦਿੱਤੀ। ਆਖ਼ਿਰ ਮੀਆਂ ਮੀਰ ਜੀ ਦੇ ਸਮਝਾਉਣ ’ਤੇ ਉਸ ਨੇ 26 ਅਕਤੂਬਰ 1619 (ਯਾਨੀ 6 ਸਾਲ 10 ਕੁ ਮਹੀਨਿਆਂ ਬਾਅਦ) ਹੀ ਗੁਰੂ ਜੀ ਨੂੰ ਰਿਹਾਅ ਕਰਨ ਦਾ ਹੁਕਮ ਦੇ ਦਿੱਤਾ, ਪਰ ਗੁਰੂ ਜੀ ਨੇ 52 ਸਿਆਸੀ ਕੈਦੀ-ਰਾਜਿਆਂ ਨੂੰ ਭੀ ਆਪਣੇ ਨਾਲ਼ ਰਿਹਾਅ ਕਰਨ ਦੀ ਮੰਗ ਰੱਖੀ, ਬਾਦਿਸ਼ਾਹ ਨੇ ਉਹ ਭੀ ਮੰਨ ਲਈ। ਇਨ੍ਹਾਂ ਰਾਜਿਆਂ ਦੀ ਰਿਹਾਈ ਕਾਰਨ ਆਪ ਜੀ ਦਾ ਨਾਂ ‘ਬੰਦੀ ਛੋੜ’ ਪੈ ਗਿਆ।  ਰਿਹਾਅ ਹੋਏ ਰਾਜਿਆਂ ਦਾ ਗੁਰੂ ਪ੍ਰਤੀ ਪਿਆਰ ਵਧਦਾ ਗਿਆ ਤੇ ਉਹ, ਗੁਰੂ ਦੇ ਚੱਕ ਆਉਣ ਜਾਣ ਲੱਗੇ।  28 ਮਾਰਚ 1624 ਨੂੰ ਗੁਰੂ ਦੇ ਚੱਕ ਵਿਖੇ ਵੱਡਾ ਇਕੱਠ ਹੋਇਆ, ਜਿਸ ਵਿੱਚ ਬਿਲਾਸਪੁਰ ਦਾ ਰਾਜਾ (ਕਲਿਆਣ ਚੰਦ), ਹੰਡੂਰ ਅਤੇ ਹੋਰ ਰਿਆਸਤਾਂ ਦੇ ਰਾਜੇ ਭੀ ਪਹੁੰਚੇ। ਕੁਝ ਰਾਜਿਆਂ ਨੇ ਗੁਰੂ ਜੀ ਨੂੰ ਆਪਣੇ ਰਾਜ ਵਿੱਚ ਸਿੱਖੀ ਦਾ ਕੇਂਦਰ ਸਥਾਪਿਤ ਕਰਨ ਦੀ ਅਰਜ਼ ਦਿੱਤੀ।

ਇਸ ਲਹਿਰ ਦਾ ਇਹ ਸਿੱਟਾ ਨਿਕਲਿਆ ਕਿ ਜਹਾਂਗੀਰ ਨੇ ਆਪਣੇ ਵਜ਼ੀਰ ਤੇ ਗੁਰੂ ਘਰ ਦੇ ਨਿੰਦਕ, ਚੰਦੂ ਨੂੰ ਬੰਦੀ ਬਣਾ ਕੇ ਗੁਰੂ ਜੀ ਦੇ ਹਵਾਲੇ ਕਰ ਦਿੱਤਾ ਅਤੇ ਗੁਰੂ ਅਰਜਨ ਸਾਹਿਬ ਜੀ ਨੂੰ ਸ਼ਹੀਦ ਕਰਵਾਉਣ ਵਾਲ਼ੇ ਸਾਹਰਿੰਦੀ (ਹੁਣ ਜ਼ਿਲ੍ਹਾ ਸਰਹਿੰਦ/ਸਰਹੰਦ) ਦੇ ਸ਼ੇਖ਼ ਅਹਿਮਦ ਨੂੰ ਭੀ ਕੈਦ ਕਰ ਲਿਆ ਤੇ ਉਸ ਨੂੰ ਉਸੇ ਗਵਾਲੀਅਰ ਜੇਲ੍ਹ ’ਚ ਬੰਦ ਕਰ ਦਿੱਤਾ।

ਗੁਰੂ ਜੀ ਦੁਆਰਾ ਤਿਆਰ ਹੋਈ ਸਾਹਸੀ ਫ਼ੌਜ ਨੇ ਜਿੱਥੇ ਚੰਦੂ ਨੂੰ ਬਣਦੀ ਸਜ਼ਾ ਦਿੱਤੀ, ਓਥੇ 3 ਅਕਤੂਬਰ 1621 ਨੂੰ ਗੁਰੂ ਜੀ ਨਾਲ਼ ਹੋਈ ਪਹਿਲੀ ਲੜਾਈ ’ਚ ਚੰਦੂ ਦੇ ਪੁੱਤਰ ਕਰਮ ਚੰਦ, ਚੰਦੂ ਦੇ ਕੁੜਮ ਭਗਵਾਨ ਦਾਸ ਘੇਰੜ ਅਤੇ ਉਸ ਦੇ ਪੁੱਤਰ ਰਤਨ ਚੰਦ ਨੂੰ ਭੀ ਮਾਰ ਦਿੱਤਾ ਗਿਆ, ਜੋ ਲਾਹੌਰ ਦੇ ਸੂਬੇਦਾਰ ਮੁਰਤਜ਼ਾ ਖ਼ਾਨ ਕੋਲ਼ ਗੁਰੂ ਘਰ ਦੀ ਅਕਸਰ ਚੁਗ਼ਲੀ ਕਰਦੇ ਰਹਿੰਦੇ ਸਨ। ਇਸ ਯੁੱਧ ਵਿੱਚ ਜਿੱਥੇ ਮੁਗ਼ਲ ਜਰਨੈਲ ਬੈਰਮ ਖਾਂ ਤੇ ਈਮਾਮ ਬਖ਼ਸ਼ ਸਮੇਤ ਅਨੇਕਾਂ ਮੁਗ਼ਲ ਸਿਪਾਹੀ ਮਾਰੇ ਗਏ, ਓਥੇ ਭਾਈ ਨਾਨੂ (ਭਾਈ ਮਨੀ ਸਿੰਘ ਦੇ ਦਾਦੇ ਦੇ ਭਰਾ), ਭਾਈ ਪਰਾਗਾ (ਭਾਈ ਮਤੀ ਦਾਸ ਤੇ ਸਤੀ ਦਾਸ ਜੀ ਦੇ ਪੜਦਾਦਾ), ਭਾਈ ਮਥਰਾ ਜੀ ਭੱਟ (ਜਿਨ੍ਹਾਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ ’ਚ ਹੈ) ਭੀ ਬਹਾਦਰੀ ਦੇ ਖ਼ੂਬ ਜ਼ੌਹਰ ਦਿਖਾਉਂਦੇ ਹੋਏ ਸ਼ਹੀਦੀ ਜਾਮ ਪੀ ਗਏ। ਇਸ ਦਾ ਜ਼ਿਕਰ ਭੱਟ ਵਹੀ ’ਚ ਇਉਂ ਹੈ, ‘ਨਾਨੂ ਬੇਟਾ ਮੂਲੇ ਕਾ, ਪੋਤਾ ਰਾਉ ਕਾ, ਪੜਪੋਤਾ ਚਾਹੜ ਕਾ, ਬੰਸ ਬੀਝੇ ਕਾ, ਬੰਝਰਾਉਂਤ, ਸਾਲ ਸੋਲਾਂ ਸੈ ਅਠੱਤ੍ਰਾ, ਕੱਤਕ ਪ੍ਰਵਿਸ਼ਟੇ ਤੀਜ ਕੇ ਦਿਹੁੰ, ਗਾਮ ਰੁਹੀਲਾ ਪਰਗਣਾ ਬਟਾਲਾ ਕੇ ਮਲ੍ਹਾਨ, ਗੁਰੂ ਕਾ ਬਚਨ ਪਾਇ ਰਤਨਾ ਬੇਟਾ ਭਗਵਾਨੇ ਕਾ, ਕਰਮਾ ਬੇਟਾ ਚੰਦੂ ਕਾ, ਬਾਸੀ ਕਲਾਨੌਰ ਕੋ ਮਾਰ ਕੇ ਮਰਾ ਗੈਲੋਂ ਮਥਰਾ, ਬੇਟਾ ਭਿਖੇ ਕਾ, ਪੋਤਾ ਰਈਏ ਕਾ, ਪੜਪੋਤਾ ਨਰਸੀ ਕਾ, ਬੰਸ ਭਗੀਰਥ ਕਾ, ਕੌਸ਼ਿਸ਼ ਗੋਤ੍ਰ ਗੌੜ ਬ੍ਰਾਹਮਣ, ਪਰਾਗਾ ਬੇਟਾ ਗੋਤਮ ਕਾ, ਭਾਰਗਵ ਗੋਤ੍ਰ, ਛਿੱਬਰ ਬ੍ਰਾਹਮਣ, ਹੋਰ ਰਣ ਜੂਝੰਤੇ ਗੁਰੂ ਕੇ ਜੋਧੇ ਸਾਮ੍ਹੇ ਮਾਥੇ ਰਣ ਮੇਂ ਜੂਝ ਕਰ ਮਰੇ  (ਭੱਟ ਵਹੀ ਮੁਲਤਾਨੀ ਸਿੰਧੀ, ਖਾਤਾ ਬੰਝਰਉਂਤੋ ਕਾ) ਇਸ ਯੁੱਧ ਤੋਂ 15 ਕੁ ਦਿਨ ਬਾਅਦ ਗੁਰੂ ਤੇਗ਼ ਬਹਾਦਰ ਸਾਹਿਬ ਜੀ ਦਾ ਜਨਮ (18 ਅਕਤੂਬਰ 1621) ਹੋਇਆ ਹੈ।

‘ਅਕਾਲ ਤਖ਼ਤ’ ਸਾਹਿਬ ਦੇ ਹੋਂਦ ’ਚ ਆਉਣ ਤੋਂ ਪਹਿਲੇ 15 ਕੁ ਸਾਲਾਂ ਦਾ ਇਤਿਹਾਸ ਹੀ ਉਕਤ ਵਾਚਿਆ ਗਿਆ ਹੈ। ਜਿਸ ਵਿੱਚ ਜਹਾਂਗੀਰ ਵਰਗੇ ਸ਼ਕਤੀਸ਼ਾਲੀ ਬਾਦਿਸ਼ਾਹ ਨੂੰ ਭੀ ਆਪਣੇ ਵਜ਼ੀਰਾਂ ਨੂੰ ਆਪ ਬੰਦੀ ਬਣਾਉਣਾ ਪਿਆ। ਇਸੇ ਕਾਰਨ ਭਾਈ ਗੁਰਦਾਸ ਜੀ ਨੇ ਆਪ ਬਾਰੇ ਲਿਖਿਆ ਹੈ, ‘‘ਦਲ ਭੰਜਨ ਗੁਰੁ ਸੂਰਮਾ; ਵਡ ਜੋਧਾ ਬਹੁ ਪਰਉਪਕਾਰੀ’’

ਗੁਰੂ ਹਰਿਗੋਬਿੰਦ ਸਾਹਿਬ ਨਾਲ਼ ਹੋਏ ਕੁੱਝ ਹੋਰ ਯੁੱਧ :  28 ਅਕਤੂਬਰ 1627 ਦੇ ਦਿਨ ਜਹਾਂਗੀਰ ਦੀ ਮੌਤ ਹੋ ਗਈ। ਉਸ ਦਾ ਪੁੱਤਰ (ਸ਼ਾਹਜਹਾਨ); ਹੁਣ ਕੱਟੜ ਮੌਲਵੀਆਂ ਦੇ ਅਸਰ ਹੇਠ ਆ ਗਿਆ।  ਉਸ ਨੇ ਗ਼ੈਰ-ਮੁਸਲਮਾਨਾਂ ਦੇ ਧਾਰਮਿਕ ਅਦਾਰੇ ਢਾਹੁਣੇ ਸ਼ੁਰੂ ਕਰ ਦਿੱਤੇ। ਇਨ੍ਹਾਂ ’ਚ ਲਾਹੌਰ ਦੇ ਡੱਬੀ ਬਜ਼ਾਰ ਵਿਖੇ ਬਣਿਆ ਬਾਉਲੀ ਸਾਹਿਬ ਭੀ ਸੀ। ਇਸ ਸਮੇਂ ਤੱਕ ਗੁਰੂ ਜੀ; ਗੁਰੂ ਦੇ ਚੱਕ ਵਿਖੇ ਰਹਿ ਰਹੇ ਸਨ। ਆਪ ਜੀ ਨੇ ਬੇਟੀ ਵੀਰੋ ਦਾ ਵਿਆਹ 16 ਅਪਰੈਲ 1634 ਨੂੰ ਰੱਖਿਆ ਹੋਇਆ ਸੀ, ਜਿਸ ਕਾਰਨ ਬਹੁਤੀ ਸੰਗਤ ਇੱਥੇ ਪੁੱਜੀ ਹੋਈ ਸੀ, ਪਰ ਅਚਾਨਕ ਇਕ ਦਿਨ ਪਹਿਲਾਂ ਮੁਖ਼ਲਸ ਖ਼ਾਨ ਗੋਰਖਪੁਰੀ ਨੇ ਫ਼ੌਜਾਂ ਲਿਆ ਕੇ ਹਮਲਾ ਕਰ ਦਿੱਤਾ। ਗੁਰੂ ਸਾਹਿਬ ਨੇ ਪਰਵਾਰ ਨੂੰ ਝਬਾਲ ਭੇਜ ਕੇ ਹਮਲੇ ਦਾ ਸਾਮ੍ਹਣਾ ਕੀਤਾ। ਭਾਵੇਂ ਕਿ ਬਹੁਤ ਸਾਰੇ ਸਿੱਖ; ਜਿਵੇਂ ਕਿ ਭਾਈ ਬੱਲੂ (ਦਾਦਾ ਭਾਈ ਮਨੀ ਸਿੰਘ), ਭਾਈ ਸਿੰਘਾ ਪੋਰੋਹਿਤ, ਭਾਈ ਪਿਰਾਣਾ, ਭਾਈ ਕੀਰਤ ਜੀ ਭੱਟ (ਜਿਨ੍ਹਾਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ ’ਚ ਹੈ) ਸ਼ਹੀਦ ਹੋ ਗਏ, ਪਰ ਸਿੱਖਾਂ ਨੇ ਭੀ ਮੁਖ਼ਲਸ ਖ਼ਾਨ ਸਮੇਤ ਅਨੇਕਾਂ ਮੁਗ਼ਲ ਸਿਪਾਹੀ ਮਾਰ ਦਿੱਤੇ ਤੇ ਬਾਕੀ ਮੈਦਾਨ ਛੱਡ ਕੇ ਭੱਜ ਗਏ। ਅਗਲੇ ਦਿਨ ਬੀਬੀ ਵੀਰੋ ਜੀ ਦਾ ਵਿਆਹ ਬੜੀ ਧੂਮ-ਧਾਮ ਨਾਲ਼ ਕੀਤਾ। ਇਸ ਦਾ ਜ਼ਿਕਰ ਭੱਟ ਵਹੀ ’ਚ ਇਉਂ ਹੈ, ‘ਬਲੂ ਬੇਟਾ ਮੂਲੇ ਕਾ ਪੋਤਾ ਰਾਊ ਕਾ, ਪੜਪੋਤਾ ਚਾਹੜ ਕਾ ਰਉਦਤ ਜਲ੍ਹਾਨਾ, ਸਾਲ ਸੋਲਾਂ ਸੈ ਇਕਾਨਮੇ ਵਿਸਾਖ ਪ੍ਰਵਿਸ਼ਟੇ ਸਤਾਰਾਂ, ਗੁਰੂ ਚੱਕ ਕੇ ਮਲ੍ਹਾਨ ਗੁਰੂ ਕਾ ਬਚਨ ਪਾਇ ਸਾਮ੍ਹਣੇ ਮਾਥੇ ਰਣ ਮੇਂ ਮੁਰਤਜ਼ਾ ਖਾਂ ਕੋ ਮਾਰ ਮਰਾ ਗੈਲੋਂ ਕੀਰਤ ਬੇਟਾ ਭਿਖੇ ਕਾ ਪੋਤਾ ਰਈਏ ਕਾ, ਪੜਪੋਤਾ ਨਰਸੀ ਕਾ ਕੌਸ਼ਿਸ਼ ਗੋਤ੍ਰ ਬ੍ਰਾਹਮਣ ਮਾਰਾ ਗਿਆ (ਭੱਟ ਵਹੀ ਮੁਲਤਾਨ ਸਿੰਧੀ)

ਉਕਤ ਹਾਰ ਦਾ ਬਦਲਾ ਲੈਣ ਲਈ 8 ਕੁ ਮਹੀਨੇ ਬਾਅਦ ਲੱਲਾ ਬੇਗ਼ ਅਤੇ ਕਮਰ ਬੇਗ਼ ਨੇ ਵੱਡੀ ਫ਼ੌਜ ਲੈ ਕੇ 17 ਦਸੰਬਰ 1634 ’ਚ ਗੁਰੂ ਸਾਹਿਬ ਉੱਤੇ ਪਿੰਡ ਮਹਿਰਾਜ  (ਹੁਣ ਜ਼ਿਲ੍ਹਾ ਬਠਿੰਡਾ) ਵਿਖੇ ਹਮਲਾ ਕਰ ਦਿੱਤਾ। ਇਸ ਲੜਾਈ ’ਚ ਭੀ ਭਾਵੇਂ ਕਈ ਸਿੱਖ ਸ਼ਹੀਦ ਹੋ ਗਏ, ਪਰ ਸਿੱਖਾਂ ਨੇ ਇਹ ਦੋਵੇਂ ਮੁਗ਼ਲ ਕਮਾਂਡਰਾਂ ਸਣੇ ਅਨੇਕਾਂ ਸਿਪਾਹੀ ਮਾਰੇ ਦਿੱਤੇ ਤੇ ਬਾਕੀ ਜਾਨ ਬਚਾ ਕੇ ਭੱਜ ਗਏ।

4 ਕੁ ਮਹੀਨਿਆਂ ਬਾਅਦ ਅਪਰੈਲ 1635 ਵਿਚ ਗੁਰੂ ਸਾਹਿਬ ਕਰਤਾਰਪੁਰ (ਜ਼ਿਲ੍ਹਾ ਜਲੰਧਰ) ਵਿਖੇ ਰਹਿ ਰਹੇ ਸਨ। ਇਨ੍ਹਾਂ ਦਿਨਾਂ ਵਿਚ ਆਪ ਜੀ ਦੇ ਇਕ ਨੌਕਰ ਪੈਂਦੇ ਖ਼ਾਨ ਦੇ ਜੁਆਈ ਨੇ ਗੁਰੂ ਘਰ ਦੀਆਂ ਕੁਝ ਕੀਮਤੀ ਚੀਜ਼ਾਂ ਚੋਰੀ ਕਰ ਲਈਆਂ। ਜਦ ਉਹ ਫੜਿਆ ਗਿਆ ਤਾਂ ਪੈਂਦੇ ਖ਼ਾਨ ਮੁਆਫ਼ੀ ਮੰਗਣ ਦੀ ਥਾਂ ਜਲੰਧਰ ਤੋਂ ਮੁਗ਼ਲ ਫ਼ੌਜ ਚੜ੍ਹਾ ਲਿਆਇਆ।  26 ਤੋਂ 28 ਅਪਰੈਲ 1635 ਤਕ (3 ਦਿਨ) ਹੋਈ ਇਸ ਲੜਾਈ ’ਚ ਪੈਂਦੇ ਖ਼ਾਨ, ਮੁਗ਼ਲ ਫ਼ੌਜਾਂ ਦਾ ਕਮਾਂਡਰ ਸਣੇ ਬਹੁਤ ਮੁਗ਼ਲ ਸਿਪਾਹੀ ਭੀ ਮਾਰੇ ਗਏ।

ਗੁਰੂ ਕਾਲ ਤੋਂ ਬਾਅਦ ਭੀ ‘ਅਕਾਲ ਤਖ਼ਤ’ ਦੀ ਰੱਖਿਆ ਲਈ ਸਿੱਖ; ਆਪਣੀਆਂ ਜਾਨਾਂ ਕੁਰਬਾਨ ਕਰਦੇ ਰਹੇ। ਕੁੱਝ ਕੁ ਮਿਸਾਲ ਹਨ :

(1). ਪਹਿਲੀ ਦਸੰਬਰ 1764 ਨੂੰ ਅਕਾਲ ਤਖ਼ਤ ’ਤੇ ਹਮਲਾ ਕਰਨ ਲਈ ਅਹਿਮਦ ਸ਼ਾਹ ਦੁਰਾਨੀ; ਅਫ਼ਗ਼ਾਨ ਅਤੇ ਬਲੌਚ ਦੀਆਂ 30 ਹਜ਼ਾਰ ਫ਼ੌਜਾਂ ਲੈ ਕੇ ਅੰਮ੍ਰਿਤਸਰ ਪਹੁੰਚਿਆ, ਤਦ ਉੱਥੇ ਬਾਬਾ ਗੁਰਬਖ਼ਸ ਸਿੰਘ ਜੀ ਸਣੇ 30 ਕੁ ਸਿੱਖ ਸਨ।  ਜੋ ਡਰੇ ਜਾਂ ਭੱਜੇ ਨਹੀਂ ਸਗੋਂ ਦਸਮੇਸ਼ ਪਿਤਾ ਜੀ ਦੀ ਯੁੱਧ ਨੀਤੀ ਵਾਙ ਛੋਟੇ-ਛੋਟੇ ਗਰੁਪ ਬਣਾ ਕੇ ਸੈਂਕੜੇ ਅਫ਼ਗ਼ਾਨੀ ਸੈਨਿਕਾਂ ਨੂੰ ਮਾਰ ਕੇ ਸ਼ਹੀਦੀਆਂ ਪ੍ਰਾਪਤ ਕਰਦੇ ਰਹੇ।

ਇਸ ਅਹਿਮਦ ਸ਼ਾਹ ਨਾਲ ਆਏ ਇੱਕ ਬਲੋਚ ਇਤਿਹਾਸਕਾਰ (ਕਾਜ਼ੀ ਨੂਰ ਮੁਹੰਮਦ) ਨੇ ਇਸ ਜੰਗ ਬਾਰੇ ਲਿਖਿਆ ਹੈ ਕਿ ‘ਉਹ ਸਿਰਫ਼ ਤੀਹ ਸਨ ਪਰ ਉਨ੍ਹਾਂ ਦੇ ਦਿਲ ਵਿੱਚ ਜ਼ਰਾ ਜਿੰਨਾ ਵੀ ਡਰ ਨਹੀਂ ਸੀ.. ਉਹ ਗੁਰੂ ਵਾਸਤੇ ਜਾਨਾਂ ਵਾਰਨ ਲਈ ਡਟੇ ਹੋਏ ਸਨ.. ਉਹ ਸ਼ੇਰ ਦੀ ਤਰ੍ਹਾਂ ਆਉਂਦੇ ਸਨ ਅਤੇ ਲੂੰਬੜ ਦੀ ਤਰ੍ਹਾਂ ਪਿੱਛੇ ਹੱਟ ਜਾਂਦੇ ਸਨ ਜੇ ਕਿਸੇ ਨੇ ਲੜਾਈ ਦਾ ਹੁਨਰ ਸਿੱਖਣਾ ਹੋਵੇ ਤਾਂ ਉਹ ਸਿੱਖਾਂ ਨਾਲ ਆਹਮੋ-ਸਾਹਮਣੀ ਲੜਾਈ ਕਰੇ ਉਹ ਇੱਕ-ਇੱਕ ਪੰਜਾਹ-ਪੰਜਾਹ ਜਿੰਨੇ ਸਨ ਜੇ ਉਹ ਲੜਾਈ ਵਿਚ ਪਿੱਛੇ ਹਟਦੇ ਸਨ ਤਾਂ ਇਹ ਨਹੀਂ ਸਮਝ ਲੈਣਾ ਚਾਹੀਦਾ ਕਿ ਉਹ ਭੱਜ ਰਹੇ ਸਨ, ਇਹ ਤਾਂ ਉਨ੍ਹਾਂ ਦਾ ਇਕ ਪੈਂਤੜਾ ਹੀ ਹੁੰਦਾ ਹੈ..

(2). 27 ਜੁਲਾਈ 1739 ਨੂੰ ਦੋ ਕੁ ਸਿੰਘਾਂ (ਬੋਤਾ ਸਿੰਘ ਤੇ ਗਰਜਾ ਸਿੰਘ) ਨੇ ਰਾਹ ਜਾਂਦਿਆਂ ਲਈ ਨਾਕਾ ਲਗਾ ਕੇ ਤੇ ਲਾਹੌਰ ਲਈ ਆਪ ਚਿੱਠੀ ਲਿਖ ਕੇ ਬੁਲਾਏ ਜ਼ਕਰੀਆ ਖ਼ਾਨ ਦੇ 30 ਮੁਗ਼ਲ ਸਿਪਾਹੀ ਮਾਰ ਦਿੱਤੇ। ਇਸ ਤੋਂ ਬਾਅਦ ਜ਼ਕਰੀਆ ਖ਼ਾਨ ਨੇ ਮੱਸੇ ਰੰਗੜ ਨੂੰ ਫ਼ੌਜ ਦੇ ਕੇ ਦਰਬਾਰ ਸਾਹਿਬ ’ਚ ਬਿਠਾ ਦਿੱਤਾ ਤੇ ਉਹ ਗੰਦੀਆਂ ਹਰਕਤਾਂ ਕਰਨ ਲੱਗਾ। ਭਾਈ ਬੁਲਾਕਾ ਸਿੰਘ ਨੇ ਇਸ ਦੀ ਸੂਚਨਾ ਜਦ ਸਿੰਘਾਂ ਨੂੰ ਰੇਗਸਿਥਾਨ ਜਾ ਕੇ ਦਿੱਤੀ ਤਾਂ ਬੀਕਾਨੇਰ ਤੋਂ ਦੋ ਕੁ ਸਿੰਘ (ਭਾਈ ਸੁੱਖਾ ਸਿੰਘ ਤੇ ਭਾਈ ਮਹਿਤਾਬ ਸਿੰਘ ਜੀ); 11 ਅਗਸਤ 1740 ਨੂੰ ਆ ਕੇ ਮੱਸੇ ਰੰਘੜ ਦਾ ਸਿਰ ਵੱਡ ਕੇ ਲੈ ਗਏ। ਇਸ ਤਰ੍ਹਾਂ ਜਿਸ-ਜਿਸ ਨੇ ਭੀ ‘ਅਕਾਲ ਤਖ਼ਤ’ ਨੂੰ ਚੁਣੌਤੀ ਦਿੱਤੀ, ਉਹੀ ਸਿੰਘਾਂ ਹੱਥੋਂ ਮਾਰਿਆ ਗਿਆ।  31 ਅਕਤੂਬਰ 1984 ਨੂੰ ਹੋਇਆ ਬੀਬੀ ਇੰਦਰਾ ਗਾਂਧੀ ਦਾ ਕਤਲ ਭੀ ਇਸੇ ਕੜੀ ਦਾ ਹਿੱਸਾ ਹੈ।

ਉਕਤ ਵੇਰਵੇ ‘ਅਕਾਲ ਤਖ਼ਤ’ ਦੀ ਸਿਰਜਣਾ ਦੇ ਮੰਤਵ (ਏਕਤਾ ਤੇ ਪੰਥਕ ਜਜ਼ਬਾਤ ਪੈਦਾ ਕਰਨ) ਦੇ ਪ੍ਰਤੀਕ ਹਨ। ਖ਼ਾਲਸਾ ਪੰਥ ਦੀ ਸਥਾਪਨਾ ਉਪਰੰਤ ਸਿੱਖਾਂ ਨੇ ਸਾਲ ’ਚ ਦੋ ਵਾਰ (ਵਿਸਾਖੀ ਤੇ ਦਿਵਾਲੀ) ‘ਅਕਾਲ ਤਖ਼ਤ’ ਸਾਹਿਬ ਉੱਤੇ ਇਕੱਤਰਤਾ ਕਰਕੇ ਆਪਣੇ ਰਾਜਸੀ, ਧਾਰਮਿਕ ਤੇ ਸਮਾਜਿਕ ਮਤਭੇਦਾਂ ਨੂੰ ਭੀ ਵਾਰ-ਵਾਰ ਦੂਰ ਕੀਤਾ ਹੈ।

ਸਿੱਖ ਕੌਮ ਦਾ ਵਧੇਰੇ ਸੰਘਰਸ਼ਮਈ ਜੀਵਨ ਹੋਣ ਕਾਰਨ ਕਈ ਵਾਰ ਗੁਰੂ ਘਰਾਂ ਉੱਤੇ, ਜਾਂ ਤਾਂ ਨਿਰਮਲ ਸੰਪਰਦਾਵਾਂ ਦਾ ਕਬਜ਼ਾ ਰਿਹਾ ਜਾਂ ਵਕਤੀ ਸਰਕਾਰਾਂ ਦੀ ਮਦਦ ਨਾਲ਼ ਗੁਰਮਤਿ ਵਿਰੋਧੀ ਸ਼ਕਤੀਆਂ ਕਾਬਜ਼ ਹੁੰਦੀਆਂ ਰਹੀਆਂ ਹਨ।

ਅੱਜ ਸਾਡੇ ਕੋਲ਼ ‘ਗੁਰੂ ਸਿਧਾਂਤ’ (ਪੀਰੀ) ਤੇ ‘ਅਕਾਲ ਤਖ਼ਤ ਸਾਹਿਬ’ ਦਾ ਗੌਰਵਮਈ ਇਤਿਹਾਸ (ਮੀਰੀ) ਹੈ, ਫਿਰ ਭੀ ਰਾਜਸੀ, ਸਿਧਾਂਤਿਕ ਤੇ ਸਮਾਜਿਕ ਮਤਭੇਦਾਂ ਨੂੰ ਖ਼ਤਮ ਕਰਨ ਲਈ ਵਿਸਾਖੀ ਜਾਂ ਦਿਵਾਲੀ ’ਤੇ ਪੰਥਕ ਇਕੱਠ ਨਹੀਂ ਬੁਲਾਇਆ ਜਾਂਦਾ। ਇਸ ਦਾ ਕਸੂਰਵਾਰ ਕੌਣ ਹੈ ? ਕੌਮ ਦੇ ਆਪੂ ਬਣੇ ਅਖੌਤੀ ਰਖਵਾਲਿਆਂ ਨੇ ਗੁਰਮਤਿ ਦੇ ਮੀਰੀ-ਪੀਰੀ ਸਿਧਾਂਤ ਨੂੰ ਬੇਦਾਵਾ ਦੇ ਕੇ ਆਪਣੀ ਸੁਆਰਥੀ ਸੋਚ ਨੂੰ ਹੀ ਮੀਰੀ-ਪੀਰੀ ਸਮਝ ਲਿਆ ਤੇ ਉਸ ਨੂੰ ਪ੍ਰਚਾਰਨਾ ਸ਼ੁਰੂ ਕਰ ਦਿੱਤਾ ਹੈ। ਅਕਾਲ ਤਖ਼ਤ ਸਾਹਿਬ ਦੇ ਨਾਂ ’ਤੇ ਨਿਯੁਕਤ ਹੁੰਦੇ ਇੱਕ ਧੜੇ ਵੱਲੋਂ ਜਥੇਦਾਰਾਂ ਦਾ ਟੀਚਾ; ਉਸੇ ਪਾਰਟੀ ਨੂੰ ਸਿਆਸਤ ’ਚ ਮਜ਼ਬੂਤ ਕਰਨਾ ਰਹਿ ਗਿਆ ਹੈ। ਗੁਰੂ ਪਰੰਪਰਾਵਾਂ ਦੇ ਹਵਾਲੇ ਦੇ ਕੇ ਹੁਕਮਨਾਮੇ ਤਾਂ ਜਾਰੀ ਹੁੰਦੇ ਹਨ, ਪਰ ਸੰਗਤਾਂ ਦੇ ਵਿਦਰੋਹ ਕਾਰਨ ਵਾਪਸ ਭੀ ਲੈ ਲਈਦੇ ਹਨ ਕਿਉਂਕਿ ਪਹਿਲਾਂ ਸੰਗਤਾਂ ਨੂੰ ਵਿਸ਼ਵਾਸ ਵਿੱਚ ਨਹੀਂ ਲਿਆ ਹੁੰਦਾ।  ਨਾਨਕਸ਼ਾਹੀ ਕੈਲੰਡਰ ਭੀ ‘ਅਕਾਲ ਤਖ਼ਤ’ ਸਾਹਿਬ ਦੇ ਇੱਕ ਹੁਕਮਨਾਮੇ ਰਾਹੀਂ 2003 ਈ. ’ਚ ਲਾਗੂ ਕੀਤਾ, ਫਿਰ 2010 ਈ. ’ਚ ਦੂਜੇ ਹੁਕਮਨਾਮੇ ਨਾਲ਼ ਵਾਪਸ ਲੈ ਲਿਆ। ਵਿਰੋਧ ਕਰਨ ਵਾਲ਼ਿਆਂ ਨੂੰ ਇਨ੍ਹਾਂ ਹੁਕਮਨਾਮਿਆਂ ਰਾਹੀਂ ਹੀ ਪੰਥ ’ਚੋਂ ਛੇਕਿਆ ਜਾਂਦਾ ਹੈ। ਜੇਕਰ ਕੋਈ ਜਥੇਦਾਰ; ਅਖੌਤੀ ਅਕਾਲੀਆਂ ਦਾ ਹੁਕਮ ਨਾ ਮੰਨੇ ਤਾਂ ਜਥੇਦਾਰ-ਪਦ ਤੋਂ ਹਟਾ ਕੇ ਦੂਸਰਾ ਲਗਾ ਦਿੱਤਾ ਜਾਂਦਾ ਹੈ। ਗੁਰਬਾਣੀ ਅਤੇ ਅਕਾਲ ਤਖ਼ਤ ਸਾਹਿਬ ਦੀ ਮਰਿਆਦਾ ਨੂੰ ਸਮਰਪਿਤ ਗੁਰਮਤਿ ਪ੍ਰਚਾਰਕਾਂ ’ਤੇ, ਉਹ ਜਮਾਤ ਹਮਲੇ ਕਰਦੀ ਰਹੀ, ਜੋ ਖ਼ੁਦ ਅਕਾਲ ਤਖ਼ਤ ਸਾਹਿਬ ਦੀ ਮਰਿਆਦਾ ਨਹੀਂ ਮੰਨਦੀ, ਫਿਰ ਭੀ ਕੋਈ ਪੰਥਕ ਇਕੱਤਰਤਾ ਨਾ ਹੋਈ। ਇਸ ਤੋਂ ਸਾਫ਼ ਹੈ ਕਿ ਅੱਜ ਸਿੱਖਾਂ ਦੇ ਅਖੌਤੀ ਆਗੂਆਂ ਦਾ ਟੀਚਾ; ਗੁਰਮਤਿ ਵਿਰੋਧੀ ਸ਼ਾਮ, ਦਾਮ, ਦੰਡ, ਭੇਦ ਨੀਤੀ ਅਨੁਸਾਰ ਸੱਤਾ ਪ੍ਰਾਪਤ ਕਰਨਾ ਹੈ।

ਦਰਬਾਰ ਸਾਹਿਬ ਅਤੇ ਅਕਾਲ ਤਖ਼ਤ ਸਾਹਿਬ ਦਰਮਿਆਨ ਲਹਿਰਾਉਂਦੇ ਦੋ ਨਿਸ਼ਾਨ ਸਾਹਿਬ, ਜਿਨ੍ਹਾਂ ’ਚੋਂ ਦਰਬਾਰ ਸਾਹਿਬ ਵੱਲ ਵਧੀਕ ਉੱਚਾ ਪੀਰੀ ਦਾ ਚਿੰਨ੍ਹ ਹੈ ਅਤੇ ਅਕਾਲ ਤਖ਼ਤ ਸਾਹਿਬ ਵੱਲ ਥੋੜ੍ਹਾ ਘੱਟ ਉਚਾਈ ’ਤੇ ਝੂਲਦਾ ਨਿਸ਼ਾਨ ਸਾਹਿਬ; ਮੀਰੀ ਦਾ ਸੂਚਕ ਹੈ ਭਾਵ ਰਾਜਸੀ ਸ਼ਕਤੀ (ਮੀਰੀ, ਅਕਾਲ ਤਖ਼ਤ); ਹਮੇਸਾਂ ਰੂਹਾਨੀਅਤ (ਪੀਰੀ, ਦਰਬਾਰ ਸਾਹਿਬ) ਗੁਣਾਂ ਦੇ ਅਧੀਨ ਰਹੇ, ਪਰ ਪੀਰੀ-ਗੁਣਾਂ ਨੂੰ ਗੰਦੀ ਸਿਆਸਤ ਨੂੰ ਸਿਰਮੌਰ ਸਮਝ ਕੇ ਦਬਾਉਣਾ, ਸਾਡੇ ਦੁਆਰਾ ਭੁਗਤਾਈ ਗਈ ਗ਼ਲਤ ਵੋਟ ਦਾ ਨਤੀਜਾ ਹੈ। ਐਸੇ ਲੋਕਾਂ ਬਾਰੇ ਭਾਈ ਗੁਰਦਾਸ ਜੀ ਦੇ ਬੋਲ ਹਨ, ‘‘ਕੁਤਾ ਰਾਜ ਬਹਾਲੀਐ; ਫਿਰਿ ਚਕੀ ਚਟੈ…ਆਪਣ ਹਥੀ ਆਪਣੀ; ਜੜ ਆਪਿ ਉਪਟੈ ’’ (ਭਾਈ ਗੁਰਦਾਸ ਜੀ/ਵਾਰ ੩੫ ਪਉੜੀ ੧) ਅੱਜ ਸਾਡੇ ਆਪਣੇ ਸਿੱਖੀ ਸਰੂਪ ਵਾਲ਼ੇ ਭੀ ਓਹੀ ਗੁਰਮਤਿ ਵਿਰੋਧੀ ਕੰਮ; ਅਕਾਲ ਤਖ਼ਤ ਸਾਹਿਬ ਦਾ ਨਾਂ ਵਰਤ ਕੇ ਸਾਡੇ ਸਾਮ੍ਹਣੇ ਕਰਦੇ ਹਨ ਅਤੇ ਗੁਰੂ ਕੇ ਸਿੱਖ ਅਖਵਾਉਣ ਵਾਲ਼ੇ ਸਭ ਕੁੱਝ ਵੇਖ ਕੇ ਭੀ ਚੁੱਪ ਰਹਿੰਦੇ ਹਨ ਤੇ ਉਲ਼ਟਾ ਉਨ੍ਹਾਂ ਨੂੰ ਵੋਟਾਂ ਪਾ ਕੇ ਜੇਤੂ ਭੀ ਬਣਾਉਂਦੇ ਹਨ ਤਾਂ ਜੋ ਗੁਰਮਤਿ ਸਿਧਾਂਤਾਂ ਦਾ ਹੋਰ ਘਾਣ ਕਰਨ।