ਹੱਸਣ ਬਾਰੇ ਕੁੱਝ ਤੱਥ

0
418

ਹੱਸਣ ਬਾਰੇ ਕੁੱਝ ਤੱਥ

ਡਾ. ਹਰਸ਼ਿੰਦਰ ਕੌਰ, ਐਮ. ਡੀ., ਬੱਚਿਆਂ ਦੀ ਮਾਹਰ, 28, ਪ੍ਰੀਤ ਨਗਰ, ਲੋਅਰ ਮਾਲ (ਪਟਿਆਲਾ) 0175-2216783

ਅਸੀਂ ਸਾਰੇ ਹੱਸਣਾ ਭੁੱਲ ਚੁੱਕੇ ਹਾਂ। ਉੱਚੀ ਹੱਸਣ ਵਾਲਾ ਉਜੱਡ (ਬੇਵਕੂਫ਼) ਮੰਨਿਆ ਜਾਂਦਾ ਹੈ। ਹੱਸਣਾ ਤਾਂ ਪਰ੍ਹੇ ਦੀ ਗੱਲ ਹੈ, ਹੁਣ ਤਾਂ ਮੁਸਕਰਾਉਣਾ ਵੀ ਵੇਖ ਕੇ ਪੈਂਦਾ ਹੈ ਕਿ ਕਿਸ ਥਾਂ ਉੱਤੇ ਮੁਸਕਾਨ ਦਾ ਕੀ ਅਸਰ ਪੈ ਜਾਣਾ ਹੈ ਤੇ ਉਸ ਮੁਸਕਾਨ ਦੇ ਕੀ ਮਾਇਨੇ ਕੱਢੇ ਜਾਣਗੇ !

ਸਾਇੰਸ ਦੀ ਤਰੱਕੀ ਨੇ ਹਾਸੇ ਦੇ ਦਿਮਾਗ਼ ਉੱਤੇ ਪਏ ਅਸਰਾਂ ਨੂੰ ਲੱਭਣ ਵਿੱਚ ਮਦਦ ਕਰ ਕੇ ਇਨਸਾਨਾਂ ਦੀ ਉਮਰ ਲੰਮੀ ਕਰਨ ਦਾ ਢੰਗ ਲੱਭ ਦਿੱਤਾ ਹੈ।

ਦਿਮਾਗ਼ ਵਿਚਲਾ ਬਰੇਨ ਸਟੈੱਮ ਹਿੱਸਾ ਸਾਡੇ ਹਾਸੇ ਦੀਆਂ ਵਾਗਾਂ ਬੰਨ੍ਹ ਕੇ ਰੱਖਦਾ ਹੈ। ਜਦੋਂ ਕਿਸੇ ਮਰੀਜ਼ ਦਾ ਸਟਰੋਕ ਨਾਲ ਇਸ ਹਿੱਸੇ ਵਿੱਚ ਰੱਤਾ ਕੁ ਨੁਕਸਾਨ ਹੋ ਜਾਏ ਤਾਂ ਕਈ ਮਰੀਜ਼ ਘੰਟਿਆਂ ਬੱਧੀ ਹੱਸਦੇ ਵੇਖੇ ਗਏ ਹਨ। ਕੁੱਝ ਨਿੱਕੇ ਬੱਚੇ, ਜਿਨ੍ਹਾਂ ਦਾ ਜਮਾਂਦਰੂ ਦਿਮਾਗ਼ ਬਹੁਤ ਛੋਟਾ ਹੋਵੇ ਜਾਂ ਅੱਧਾ ਦਿਮਾਗ਼ ਬਣਿਆ ਨਾ ਹੋਵੇ, ਉਹ ਵੀ ਬਹੁਤ ਹੱਸਦੇ ਵੇਖੇ ਗਏ ਹਨ।

ਪੂਰੇ ਦਿਮਾਗ਼ ਨਾਲ ਜੰਮੇ ਨਿੱਕੇ ਬੱਚੇ, ਜਿਨ੍ਹਾਂ ਨੂੰ ਹਾਲੇ ਚੰਗੇ ਮਾੜੇ ਦੀ ਸਮਝ ਨਹੀਂ ਹੁੰਦੀ, ਉਹ ਵੀ ਕਿਸੇ ਨੂੰ ਹਲਕਾ ਮੁਸਕਰਾਉਂਦੇ ਹੋਏ ਵੇਖ ਕੇ ਖਿੜਖਿੜਾ ਕੇ ਹੱਸ ਪੈਂਦੇ ਹਨ। ਜੇ ਕਿਤੇ ਕੁਤਕੁਤਾੜੀ ਕਰ ਦਿੱਤੀ ਜਾਵੇ, ਫੇਰ ਤਾਂ ਪੁੱਛੋ ਹੀ ਨਾ ! ਇਹ ਸਪਸ਼ਟ ਹੋ ਗਿਆ ਕਿ ਹੱਸਣਾ ਤਾਂ ਕੁਦਰਤ ਨੇ ਹਰ ਇਨਸਾਨੀ ਦਿਮਾਗ਼ ਵਿੱਚ ਪੱਕੀ ਤੌਰ ਉੱਤੇ ਫਿੱਟ ਕਰ ਕੇ ਭੇਜਿਆ ਹੁੰਦਾ ਹੈ।

ਹੁਣ ਰੱਤਾ ਵੱਡੇ ਬੰਦੇ ਵੱਲ ਝਾਕੀਏ, ਜਿਸ ਨੂੰ ਫ਼ਰੇਬ ਕਰਨਾ ਆਉਂਦਾ ਹੈ। ਉਸ ਨੂੰ ਚੰਗੇ ਮਾੜੀ ਦੀ ਸਮਝ ਹੈ। ਉਹ, ਕਿਸੇ ਦਾ ਬੁਰਾ ਲੋਚ ਸਕਦਾ ਹੈ ਤੇ ਉਸ ਅੰਦਰ ਹਉਮੈ ਭਰੀ ਪਈ ਹੁੰਦੀ ਹੈ। ਅਜਿਹਾ ਬੰਦਾ ਵੀ ਬਹੁਤ ਮਜ਼ਾਕੀਆ ਗੱਲ ਉੱਤੇ ਬਦੋਬਦੀ ਕੁੱਝ ਪਲਾਂ ਲਈ ਹੱਸ ਪੈਂਦਾ ਹੈ।

ਇੱਕ ਖੋਜ ਵਿੱਚ ਦਿਮਾਗ਼ ਵਿਚਲੀਆਂ ਤਰੰਗਾਂ ਮਾਪਣ ਬਾਅਦ ਪਤਾ ਲੱਗਿਆ ਕਿ ਬਿਜਲੀ ਨਾਲੋਂ ਵੀ ਤੇਜ਼ ਤਰੰਗਾਂ ਦਿਮਾਗ਼ ਦੇ ਕੌਰਟੈਕਸ ਹਿੱਸੇ ਵੱਲ ਜਾਣ ਬਾਅਦ ਹੀ ਕਿਸੇ ਬਹੁਤ ਹਾਸੋਹੀਣੀ ਗੱਲ ਉੱਤੇ ਬੰਦਾ ਖਿੜਖਿੜਾ ਕੇ ਹੱਸ ਪੈਂਦਾ ਹੈ। ਪੀਟਰ ਡਰਕਸ, ਜੋ ਵਿਲੀਅਮ ਐਂਡ ਮੈਰੀ ਕਾਲਜ ਵਿੱਚ ਸਾਈਕੌਲੋਜੀ ਦਾ ਪ੍ਰੋਫੈੱਸਰ ਹੈ, ਉਸ ਨੇ ਕਈ ਜਣਿਆਂ ਨੂੰ ਮਜ਼ੇਦਾਰ ਚੁਟਕਲੇ ਸੁਣਾਏ ਤੇ ਵੇਖਿਆ ਕਿ ਚੁਟਕਲੇ ਦੀ ਆਖਰੀ ਹੱਸਣ ਵਾਲੀ ਲਾਈਨ ਸੁਣਨ ਦੇ ਇੱਕ ਸਕਿੰਟ ਦੇ ਦੱਸਵੇਂ ਹਿੱਸੇ ਵਿੱਚ ਹੀ ਪੂਰੇ ਸੈਰੇਬਰਲ ਕੌਰਟੈਕਸ ਵਿੱਚ ਤਰੰਗ ਫਿਰ ਜਾਂਦੀ ਹੈ। ਇਸੇ ਦੌਰਾਨ ਦਿਮਾਗ਼ ਦਾ ਖੱਬਾ ਪਾਸਾ ਚੁਟਕਲੇ ਵਿਚਲੀ ਪੂਰੀ ਗੱਲਬਾਤ ਸਮੇਟਦਾ ਹੈ ਤੇ ਸੱਜਾ ਪਾਸਾ ਉਸ ਵਿਚਲੇ ਹਾਸੇ ਦੇ ਨੁਕਤੇ ਦਾ ਨਿਚੋੜ ਕੱਢ ਕੇ ਫ਼ੈਸਲਾ ਲੈਂਦਾ ਹੈ ਕਿ ਗੱਲ ਹੱਸਣਯੋਗ ਹੈ ਜਾਂ ਨਹੀਂ।

ਇਸ ਤੋਂ ਬਾਅਦ ਪੂਰੇ ਦਿਮਾਗ਼ ਦੇ ਕੋਨੇ ਤੋਂ ਕੋਨੇ ਤੱਕ ਘੁੰਮ ਕੇ ਵਾਪਸ ਆਈਆ ਤਰੰਗਾਂ ਇੱਕ ਸਕਿੰਟ ਤੋਂ ਵੀ ਘੱਟ ਸਮੇਂ ਵਿੱਚ ਇਹ ਫ਼ੈਸਲਾ ਦੇ ਦਿੰਦੀਆਂ ਹਨ ਕਿ ਹਲਕਾ ਮੁਸਕਰਾਉਣਾ ਹੈ ਜਾਂ ਖਿੜਖਿੜਾ ਕੇ ਹੱਸਣਾ ਹੈ।

ਜੇ ਸੁਣੇਹਾ ਖਿੜਖਿੜਾ ਕੇ ਹੱਸਣ ਵਾਲਾ ਨਹੀਂ ਪਹੁੰਚਿਆ ਤੇ ਪੂਰਾ ਖੁੱਲ੍ਹ ਕੇ ਹੱਸੇ ਵੀ ਨਹੀਂ, ਪਰ ਆਲੇ ਦੁਆਲੇ ਸਾਰੇ ਜਣੇ ਇੱਕ ਦੂਜੇ ਨੂੰ ਵੇਖ ਕੇ ਹੱਸ-ਹੱਸ ਕੇ ਲੋਟਪੋਟ ਹੋ ਰਹੇ ਹੋਣ ਤਾਂ ਦਿਮਾਗ਼ ਵਿੱਚ ਪਹਿਲਾਂ ਹੀ ਤੇਜ਼ੀ ਨਾਲ ਫਿਰ ਚੁੱਕੀਆਂ ਤਰੰਗਾਂ, ਜਿਨ੍ਹਾਂ ਨੇ ਦਿਮਾਗ਼ ਰਵਾਂ ਕਰ ਦਿੱਤਾ ਹੁੰਦਾ ਹੈ, ਦੁਬਾਰਾ ਇਹ ਟੁਣਕਦੇ ਹਾਸੇ ਦੀਆਂ ਢੇਰ ਸਾਰੀਆਂ ਤਰੰਗਾਂ ਫੜ ਕੇ ਲਾਗ ਦੀ ਬੀਮਾਰੀ ਵਾਂਗ ਬਦੋਬਦੀ ਖਿੜਖਿੜਾ ਦੇ ਹੱਸਣ ਉੱਤੇ ਮਜਬੂਰ ਕਰ ਦਿੰਦੀਆਂ ਹਨ।

ਪੂਰੇ ਦਿਮਾਗ਼ ਦੀ ਹਿਲਜੁਲ ਹੋ ਜਾਣ ਉੱਤੇ ਨਾ ਸਿਰਫ਼ ਸਾਰਾ ਕੌਰਟੈਕਸ ਹਿੱਸਾ ਤੇ ਉਸ ਵਿਚਲੇ ਜੋੜ ਹੀ ਰਵਾਂ ਹੋ ਜਾਂਦੇ ਹਨ ਬਲਕਿ ਇਕਦਮ ਹਾਰਮੋਨਾਂ ਦਾ ਫੁਹਾਰਾ ਛੁਟ ਜਾਣ ਉੱਤੇ ਚੜ੍ਹਦੀਕਲਾ ਦਾ ਇਹਸਾਸ, ਮੂਡ ਠੀਕ ਹੋਣਾ, ਢਹਿੰਦੀ ਕਲਾ ਕਾਫ਼ਰ (ਅਲੋਪ) ਹੋਣਾ, ਫੇਫੜਿਆਂ ਦੀ ਤਕੜੀ ਕਸਰਤ, ਸਰੀਰ ਦੇ ਸਾਰੇ ਪੱਠਿਆਂ ਵੱਲ ਲਹੂ ਦਾ ਦਬਾਅ ਵੱਧ ਜਾਣਾ, ਦਿਲ ਦੇ ਪੱਠਿਆਂ ਦੀ ਕਸਰਤ, ਦਿਮਾਗ਼ ਵੱਲ ਲਹੂ ਦਾ ਵੱਧ ਜਾਣਾ, ਆਦਿ ਕੁੱਝ ਸਕਿੰਟਾਂ ਤੋਂ ਮਿੰਟਾਂ ਵਿੱਚ ਹੀ ਹੋ ਜਾਂਦਾ ਹੈ, ਪਰ ਇਹ ਅਸਰ ਕੁੱਝ ਘੰਟਿਆਂ ਤੱਕ ਵੀ ਰਹਿ ਜਾਂਦਾ ਹੈ। ਅਜਿਹੇ ਮੌਕੇ ਮਾੜੀ ਖ਼ਬਰ ਸੁਣਾਏ ਜਾਣ ਉੱਤੇ ਵੀ ਸਰੀਰ ਅਤੇ ਦਿਮਾਗ਼; ਓਨੇ ਮਾੜੇ ਅਸਰਾਂ ਹੇਠ ਨਹੀਂ ਜਾਂਦੇ, ਜਿੰਨਾ ਕਿ ਆਮ ਬੈਠਿਆਂ ਉੱਤੇ ਮਹਿਸੂਸ ਹੁੰਦਾ ਹੈ।

ਵਾਟਰਲੂ ਯੂਨੀਵਰਸਿਟੀ ਦੇ ਪ੍ਰੋ. ਰੌਡ ਮਾਰਟਿਨ (ਸਾਈਕੋਲੋਜਿਸਟ) ਨੇ ਪੈਨੀਸਿਲਵੇਨੀਆ ਯੂਨੀਵਰਸਿਟੀ ਨਾਲ ਰਲ਼ ਕੇ ਜੋ ਖੋਜ ਕਾਰਜ ਕੀਤਾ, ਉਸ ਦੇ ਸਿੱਟੇ ਇਸ ਤਰ੍ਹਾਂ ਹਨ :-

1. ਜ਼ਿਆਦਾ ਹੱਸਣ ਵਾਲੇ ਦੁੱਖ ਸੌਖ ਜਰ ਜਾਂਦੇ ਹਨ। ਇਹ ਨਹੀਂ ਹੈ ਕਿ ਉਨ੍ਹਾਂ ਨੂੰ ਦੁੱਖ ਹੁੰਦਾ ਨਹੀਂ ਜਾਂ ਉਨ੍ਹਾਂ ਉੱਤੇ ਮਾੜਾ ਸਮਾਂ ਆਉਂਦਾ ਨਹੀਂ, ਪਰ ਇਹ ਲੋਕ ਛੇਤੀ ਢਹਿੰਦੀ ਕਲਾ ਵਿੱਚ ਨਹੀਂ ਜਾਂਦੇ।

2. ਜਿੰਨੇ ਬਜ਼ੁਰਗ ਢਹਿੰਦੀ ਕਲਾ ਵਿੱਚ ਜਾ ਕੇ ਖ਼ੁਦਕੁਸ਼ੀ ਕਰਨ ਦਾ ਵਿਚਾਰ ਪਾਲ ਕੇ ਬੈਠੇ ਸਨ, ਉਨ੍ਹਾਂ ਨੂੰ ਰੋਜ਼ ਦਿਨ ਵਿੱਚ ਇੱਕ ਵਾਰ ਹਾਸੇ ਦਾ ਪ੍ਰੋਗਰਾਮ ਵਿਖਾਏ ਜਾਣ ਬਾਅਦ ਉਨ੍ਹਾਂ ਦੀ ਢਹਿੰਦੀ ਕਲਾ ਕਾਫ਼ਰ (ਖ਼ਤਮ) ਹੋਈ ਲੱਭੀ।

ਨਿਊਯਾਰਕ ਦੇ ਐਲਬਰਟ ਆਈਨਸਟੀਨ ਮੈਡੀਕਲ ਸੈਂਟਰ ਦੇ ਜੋਜ਼ਫ ਰਿਚਮੈਨ ਨੇ ਵੀ ਸਾਬਤ ਕੀਤਾ ਕਿ ਨਾ ਸਿਰਫ਼ ਬਜ਼ੁਰਗਾਂ ਵਿੱਚ ਬਲਕਿ ਨੌਜਵਾਨਾਂ (18-45 ਸਾਲ ਤੱਕ) ਵਿੱਚ ਵੀ ਇਹੋ ਜਿਹੇ ਹੀ ਲੱਛਣ ਮਿਲੇ।

3. ਹੱਸਣ ਨਾਲ ਦਿਲ ਦੀ ਧੜਕਣ ਘੱਟ ਜਾਂਦੀ ਹੈ ਤੇ ਐਂਡੋਰਫਿਨ ਨਿਕਲ ਪੈਂਦੇ ਹਨ, ਜੋ ਪੀੜ ਮਹਿਸੂਸ ਨਹੀਂ ਹੋਣ ਦਿੰਦੇ ਤੇ ਤਿੱਖੀ ਪੀੜ ਵੀ ਘੱਟ ਲੱਗਣ ਲੱਗ ਪੈਂਦੀ ਹੈ।

4. ਕੁੱਝ ਦੇਰ ਹੱਸਣ ਨਾਲ ਕਿਸੇ ਦੇ ਨਾਲ ਹੋਣ ਦਾ ਇਹਸਾਸ ਜਾਗਦਾ ਹੈ ਤੇ ਇਕੱਲਾਪਣ ਘੱਟ ਮਹਿਸੂਸ ਹੁੰਦਾ ਹੈ। ਆਪਣਾਪਨ, ਸੰਬੰਧਿਤ ਹੋਣਾ, ਆਦਿ ਵਰਗੇ ਵਿਚਾਰ ਚੜ੍ਹਦੀਕਲਾ ਦਾ ਇਹਸਾਸ ਜਗਾਉਂਦੇ ਹਨ।

5. ਜਿਵੇਂ ਵੱਧ ਕੱਸੇ ਹੋਏ ਤੇ ਜੰਗਾਲ ਖਾਧੇ ਹੋਏ ਪੇਚ ਘੁਮਾਉਣੇ ਔਖੇ ਹੁੰਦੇ ਹਨ ਪਰ ਤੇਲ ਲਾ ਕੇ ਨਰਮ ਕਰਨ ਉੱਤੇ ਸੌਖੇ ਖੁੱਲ੍ਹ ਜਾਂਦੇ ਹਨ, ਉਸੇ ਤਰ੍ਹਾਂ ਦਿਮਾਗ਼ ਵਿਚਲੀਆਂ ਕੱਸੀਆਂ ਹੋਈਆਂ ਨਸਾਂ ਤੇ ਤਣਾਓ ਨਾਲ ਨਪੀੜੇ ਜੋੜ ਹਾਸੇ ਦੇ ਟੁਣਕਾਰੇ ਨਾਲ ਨਰਮ ਪੈ ਜਾਂਦੇ ਹਨ ਤੇ ਮਾੜੇ ਵਿਚਾਰ ਛੰਡੇ (ਵੱਖ ਕੀਤੇ) ਜਾਂਦੇ ਹਨ। ਇਹ ਵੇਖਣ ਵਿੱਚ ਆਇਆ ਹੈ ਕਿ ਕਤਲ ਤੱਕ ਕਰਨ ਦਾ ਵਿਚਾਰ ਲੈ ਕੇ ਤੁਰੇ ਬੰਦੇ ਦਾ ਮਨ ਵੀ ਅੱਧਾ ਘੰਟਾ ਖੁੱਲ੍ਹ ਕੇ ਹੱਸਣ ਉਪਰੰਤ ਬਦਲ ਗਿਆ ਤੇ ਮਾੜੇ ਵਿਚਾਰ ਛੰਡੇ ਗਏ।

6. ਹੱਸਦੇ ਰਹਿੰਦੇ ਬੰਦੇ ਦਾ ਜ਼ਿੰਦਗੀ ਪ੍ਰਤੀ ਸਕਾਰਾਤਮਕ ਨਜ਼ਰੀਆ ਬਣ ਜਾਂਦਾ ਹੈ।

7. ਸਟੈਨਫੋਰਡ ਯੂਨੀਵਰਸਿਟੀ ਨੇ ਅਨੇਕ ਜੋੜਿਆਂ ਦਾ ਅਧਿਐਨ ਕਰ ਕੇ ਲੱਭਿਆ ਕਿ ਜਿਹੜੇ ਜਣੇ ਰੋਜ਼ ਦਿਨ ਵਿੱਚ ਘੱਟੋ ਘੱਟ ਦੋ ਵਾਰ ਇਕੱਠੇ ਬਹਿ ਕੇ ਖਿੜਖਿੜਾ ਕੇ ਹੱਸਦੇ ਹੋਣ, ਉਨ੍ਹਾਂ ਦੇ ਸੰਬੰਧ ਗੂੜ੍ਹੇ ਹੁੰਦੇ ਹਨ ਤੇ ਤਲਾਕ ਵੀ ਬਹੁਤ ਘੱਟ ਹੁੰਦੇ ਹਨ।

8. ਇਹ ਵੇਖਣ ਵਿੱਚ ਆਇਆ ਕਿ ਜਿਹੜੇ ਜਣੇ ਆਪਣੇ ਮਰਨ ਬਾਅਦ ਅੰਗ ਦਾਨ ਦੇ ਫਾਰਮ ਭਰਨ ਲਈ ਅੱਗੇ ਆਉਂਦੇ ਹਨ, ਉਨ੍ਹਾਂ ਵਿੱਚੋਂ ਬਹੁਗਿਣਤੀ ਦਿਨ ਵਿੱਚ ਇੱਕ ਜਾਂ ਵੱਧ ਵਾਰ ਹੱਸਦੇ ਰਹਿੰਦੇ ਸਨ। ਏਸੇ ਲਈ ਮੌਤ ਦਾ ਭੈਅ ਉਨ੍ਹਾਂ ਦੇ ਮਨਾਂ ਵਿੱਚੋਂ ਘੱਟ ਹੋ ਚੁੱਕਿਆ ਸੀ।

9. ਹੱਸਦੇ ਰਹਿਣ ਵਾਲਿਆਂ ਨੂੰ ਘੱਟ ਰੋਗ ਜਕੜਦੇ ਹਨ। ਜੇ ਰੋਗ ਹੋਣ ਵੀ, ਤਾਂ ਉਨ੍ਹਾਂ ਦੀ ਚੜ੍ਹਦੀਕਲਾ ਸਦਕਾ ਰੋਗ ਬਹੁਤ ਡੂੰਘੀ ਪਕੜ ਕਰ ਹੀ ਨਹੀਂ ਸਕਦਾ।

10. ਹੱਸਣ ਨਾਲ ‘ਟੀ ਲਿੰਫੋਸਾਈਟ’ ਤੇ ਸਰੀਰ ਵਿਚਲੀ ਬੀਮਾਰੀ ਨਾਲ ਲੜਨ ਵਾਲੇ ਸੈੱਲ ਵੱਧ ਜਾਂਦੇ ਹਨ, ਜੋ ਆਮ ਖੰਘ ਜ਼ੁਕਾਮ ਛੇਤੀ ਹੋਣ ਨਹੀਂ ਦਿੰਦੇ।

11. ਹੱਸਣ ਨਾਲ ‘ਗਾਮਾ ਇੰਟਰਫਿਰੋਨ’ ਵੱਧ ਜਾਂਦੇ ਹਨ, ਜੋ ਸਰੀਰ ਅੰਦਰ ਕੀਟਾਣੂਆਂ ਨੂੰ ਮਾਰਨ ਵਿੱਚ ਮਦਦ ਕਰਦੇ ਹਨ।

12. ਕੋਰਟੀਸੋਲ ਦੀ ਮਾਤਰਾ ਘੱਟ ਹੋ ਜਾਂਦੀ ਹੈ, ਜਿਸ ਨਾਲ ਤਣਾਓ ਘੱਟ ਹੋ ਜਾਂਦਾ ਹੈ।

13. ਥੁੱਕ ਵਿੱਚ ‘ਇਮਿਊਨੋਗਲੋਬੂਲਿਨ ਏ’ ਵੱਧ ਜਾਂਦਾ ਹੈ, ਜਿਸ ਨਾਲ ਛਾਤੀ ਵਿੱਚ ਕੀਟਾਣੂਆਂ ਦਾ ਹਮਲਾ ਘੱਟਦਾ ਹੈ।

14. ਕੁੱਝ ਉੱਤੇ ਘੱਟ ਤੇ ਕੁੱਝ ਜਣਿਆਂ ਉੱਤੇ ਹਾਸੇ ਦੇ ਅਸਰ ਵੱਧ ਦਿਸਦੇ ਹਨ।

15. ਪੁਰਾਣੀ ਖੋਜ, ਜੋ 1528 ਗਿਆਰਾਂ ਸਾਲ ਦੇ ਬੱਚਿਆਂ ਉੱਤੇ ਸੰਨ 1921 ਵਿੱਚ ਕੀਤੀ ਗਈ ਸੀ, ਉਸ ਦਾ ਸਾਰ ਵੀ ਇਹੋ ਸੀ ਕਿ ਹੱਸਮੁਖ ਬੱਚਿਆਂ ਨੂੰ ਘੱਟ ਬੀਮਾਰੀਆਂ ਲੱਗੀਆਂ ਤੇ ਲੰਮੇ ਸਮੇਂ ਤੱਕ ਫੋਲੋਅਪ ਕਰਨ ਬਾਅਦ ਪਤਾ ਲੱਗਿਆ ਕਿ ਉਨ੍ਹਾਂ ਉਮਰ ਵੀ ਲੰਮੀ ਭੋਗੀ।

ਜਿੱਥੇ ਨਿੱਕੇ ਬੱਚੇ ਦਿਨ ਵਿੱਚ 300 ਵਾਰ ਖੁੱਲ੍ਹ ਕੇ ਹੱਸ ਜਾਂ ਮੁਸਕਰਾ ਲੈਂਦੇ ਹਨ, ਉੱਥੇ ਵੱਡੇ ਵੱਧੋ ਵੱਧ 17 ਵਾਰ ਹੀ ਮੁਸਕਰਾਉਂਦੇ ਜਾਂ ਹੱਸਦੇ ਹਨ। ਇਨ੍ਹਾਂ ਵੱਡਿਆਂ ਵਿੱਚੋਂ ਬਥੇਰੇ ਸਿਰਫ਼ ਕੰਮਾਂ ਦੇ ਬੋਝ ਹੇਠਾਂ ਦਬੇ ਬਿਨਾਂ ਮੁਸਕਰਾਇਆਂ, ਕਿਸਮਤ ਨੂੰ ਕੋਸਦਿਆਂ ਹੀ ਦਮ ਤੋੜ ਦਿੰਦੇ ਹਨ।

ਹਾਸੇ ਨੂੰ ਜ਼ਿੰਦਗੀ ਦਾ ਅਟੁੱਟ ਹਿੱਸਾ ਬਣਾਉਣ ਲਈ ਸੁਝਾਏ ਨੁਕਤੇ :-

1. ਹਾਸੇ ਦੀ ਲਾਇਬਰੇਰੀ :-ਘਰ ਵਿੱਚ ਤੇ ਦਫਤਰ ਵਿੱਚ ਜਾਂ ਕੰਮ ਕਾਰ ਵਾਲੀ ਥਾਂ ਉੱਤੇ ਇੱਕ ਕੋਨੇ ਵਿੱਚ ਚੁਟਕਲਿਆਂ ਦੀਆਂ ਕਿਤਾਬਾਂ ਜਾਂ ਹਸਾਉਣ ਵਾਲੀਆਂ ਵੀਡੀਓ, ਮੈਗਜ਼ੀਨ ਆਦਿ ਰੱਖ ਲੈਣੇ ਚਾਹੀਦੇ ਹਨ।

2. ਹਾਸੇ ਦੀ ਪਰੋਫਾਈਲ :- ਰੋਜ਼ ਦਾ ਇੱਕ ਚਾਰਟ ਬਣਾ ਕੇ ਉਸ ਉੱਤੇ ਸੌਣ ਤੋਂ ਪਹਿਲਾਂ ਨਿਸ਼ਾਨੀ ਲਾਓ ਕਿ ਦਿਨ ਵਿੱਚ ਕਿੰਨੀ ਵਾਰ ਖੁੱਲ੍ਹ ਕੇ ਹੱਸੇ !

3. ਮੁਸਕਾਨ ਦਾ ਚਾਰਟ :- ਇੱਕ ਹਫ਼ਤਾ ਰੈਗੂਲਰ ਨੋਟ ਕਰਨ ਦੀ ਲੋੜ ਹੈ ਕਿ ਅਸੀਂ ਮੁਸਕਰਾ ਵੀ ਰਹੇ ਹਾਂ ਜਾਂ ਨਹੀਂ।

4. ਹੱਸਣ ਵਾਲੇ ਕਲੱਬ :- ਇੱਕ ਹਫ਼ਤੇ ਵਿੱਚ ਇੱਕ ਵਾਰ ਰਲ਼ ਕੇ ਹੱਸਣਾ (ਦਿਖਾਵਾ ਨਹੀਂ) ਵੀ ਚੰਗੀ ਕਸਰਤ ਹੈ।

ਸਾਰ

ਮਾਰਟਿਨ ਲੂਥਰ ਨੇ ਕਿਹਾ ਸੀ ਕਿ ਜੇ ਸਵਰਗ ਵਿੱਚ ਹੱਸਣ ਦੀ ਆਗਿਆ ਨਹੀਂ ਹੈ ਤਾਂ ਮੈਂ ਸਵਰਗ ਜਾਣਾ ਹੀ ਨਹੀਂ ਚਾਹੁੰਦਾ।

ਜਿਵੇਂ ਬੂਟਿਆਂ ਲਈ ਧੁੱਪ ਦੀ ਲੋੜ ਹੈ, ਉਂਜ ਹੀ ਮਨੁੱਖ ਲਈ ਹਾਸਾ ਜ਼ਰੂਰੀ ਟਾਨਿਕ ਵਾਂਗ ਹੈ। ਅਬਰਾਹਮ ਲਿੰਕਨ ਨੇ ਵੀ ਕਿਹਾ ਸੀ ਕਿ ਜੇ ਮੇਰੀ ਜ਼ਿੰਦਗੀ ਵਿੱਚ ਹਾਸਾ ਨਾ ਹੋਵੇ ਤਾਂ ਮੇਰੀਆਂ ਚਿੰਤਾਵਾਂ ਮੈਨੂੰ ਹੁਣੇ ਚਿਤਾ ਉੱਤੇ ਲਿਟਾ ਦੇਣਗੀਆਂ।

ਚਾਰਲੀ ਚੈਪਲਿਨ, ਜੋ ਦੂਜਿਆਂ ਨੂੰ ਹਸਾਉਣ ਵਿੱਚ ਮਾਹਰ ਸੀ, ਨੇ ਵੀ ਕਿਹਾ ਕਿ ਹਸਾਉਣ ਵਾਲੇ ਆਪਣੇ ਅੰਦਰਲੀ ਪੀੜਾ ਨੂੰ ਬਾਖ਼ੂਬੀ ਲੁਕਾਉਣਾ ਜਾਣਦੇ ਹਨ, ਪਰ ਹਕੀਕਤ ਇਹ ਹੈ ਕਿ ਜੇ ਨਾ ਹੱਸਣ ਤਾਂ ਅਜਿਹੇ ਮਨੁੱਖ ਆਪਣੇ ਮਨ ਅੰਦਰਲੀ ਦੁੱਖਾਂ ਦੀ ਦਲਦਲ ਵਿੱਚ ਹੀ ਧਸ ਜਾਣਗੇ।

ਏਸੇ ਲਈ ਲੰਮੀ ਉਮਰ ਭੋਗਣ ਲਈ, ਬੀਮਾਰੀਆਂ ਤੋਂ ਬਚਣ ਲਈ ਤੇ ਚੁੰਬਕੀ ਸ਼ਖ਼ਸੀਅਤ ਬਣਨ ਲਈ, ਰੋਜ਼ ਦਾ 10 ਵਾਰ ਮੁਸਕਰਾਉਣਾ ਤੇ 7 ਵਾਰ ਖੁੱਲ੍ਹ ਕੇ ਹੱਸਣਾ ਨਾ ਭੁੱਲਿਓ ! ਜੇ ਵੱਧ ਵਾਰ ਕਰ ਰਹੇ ਹੋ ਤਾਂ ਤੁਹਾਡੇ ਤੋਂ ਅਮੀਰ ਤੇ ਖ਼ੁਸ਼ਕਿਸਮਤ ਕੋਈ ਨਹੀਂ। ਤੁਸੀਂ ਦੁਨੀਆ ਦੇ ਚੋਟੀ ਦੇ 2 ਫੀਸਦੀ ਹੱਸਮੁਖ ਲੋਕਾਂ ਵਿੱਚ ਸ਼ਾਮਲ ਹੋ ਚੁੱਕੇ ਹੋ !  ਮੁਬਾਰਕ ਹੋਵੇ !