‘ਧਰਮ’ ਸਮਾਜਕ ਭਾਈਚਾਰੇ ਨੂੰ ਜੋੜਦਾ ਹੈ।
ਰਘਬੀਰ ਸਿੰਘ ਮਾਨ
‘ਧਰਮ’ ਕੀ ਹੈ ?
ਧਰਮ ਦਾ ਕੰਮ ਹੈ, ਲੋਕਾਂ ਨੂੰ ਗਿਆਨਵਾਨ ਬਣਾਉਣਾ, ਉਹਨਾਂ ਦਾ ਇਖ਼ਲਾਕ ਉੱਚਾ ਕਰਨਾ, ਬੁਰੇ ਕੰਮਾਂ ਤੋਂ ਵਰਜ ਕੇ ਚੰਗੇ ਕੰਮਾਂ ਵੱਲ ਪ੍ਰੇਰਨਾ, ਬੇਇਨਸਾਫ਼ੀ ਅਤੇ ਬੁਰਾਈ ਦਾ ਡੱਟ ਕੇ ਮੁਕਾਬਲਾ ਕਰਨ ਦਾ ਜੋਸ਼ ਪੈਦਾ ਕਰਨਾ। ਮਨੁੱਖੀ-ਕਦਰਾਂ ਕੀਮਤਾਂ ਨੂੰ ਉੱਚਾ ਰੱਖਣਾ। ਸਮਾਜ ਨੂੰ ਕੁਦਰਤੀ ਸਮੱਸਿਆਵਾਂ ਤੋਂ ਬਚਾਅ ਕੇ ਰੱਖਣ ਦੀ ਸਮਰੱਥਾ ਪੈਦਾ ਕਰਨਾ। ਸਭਨਾਂ ਨੂੰ ਇੱਕ ਸਮਝ ਕੇ ਮਾਨਵਤਾ ਦੀ ਪੀੜਾ ਨੂੰ ਸਮਝਣਾ, ਜਾਣਨਾ ਅਤੇ ਉਨ੍ਹਾਂ ਲਈ ਮਦਦਗਾਰ ਬਣਨਾ। ਧਰਮ, ਸਮਾਜਿਕ ਭਾਈਚਾਰੇ ਨੂੰ ਜੋੜਦਾ ਹੈ, ਤੋੜਦਾ ਨਹੀਂ।
ਕਰਾਮਾਤ ਅਤੇ ਕੌਤਕ
ਕਰਾਮਾਤ ਉਹ ਅਣਹੋਣੀ ਕਿਰਿਆ ਹੈ, ਜਿਸ ਰਾਹੀਂ ਕੋਈ ਵਿਅਕਤੀ ਆਪਣੀ ਸਮਰੱਥਾ, ਲੋਕਾਂ ਨੂੰ ਪ੍ਰਭਾਵਤ ਕਰਨ ਲਈ ਪ੍ਰਗਟਾਵੇ। ਇਹ ਹਉਮੈ ਦਾ ਪ੍ਰਤੀਕ ਹੈ, ਜੋ ਗੁਰਮਤ ’ਚ ਪ੍ਰਵਾਨ ਨਹੀਂ ਹੈ।
ਗੁਰਮਤਿ ਅਨੁਸਾਰ ਕੌਤਕ ਉਹ ਕਿਰਿਆ ਹੈ, ਜੋ ਮਜਬੂਰਨ ਜਾਂ ਸੁਭਾਵਕ ਕਿਸੇ ਔਖੀ ਘੜੀ ਵੇਲੇ ਪ੍ਰਮਾਤਮਾ ਦਾ ਓਟ ਆਸਰਾ ਲੈਂਦਿਆਂ ਸੁੱਤੇ ਸਿਧ ਵਾਪਰ ਜਾਏ। ਉਸ ਪਿੱਛੇ ਹਉਮੈ ਰੱਤੀ ਭਰ ਵੀ ਨਹੀਂ ਹੁੰਦੀ ਕਿਉਂਕਿ ਉਸ ਅਣਹੋਣੀ ਦੇ ਪਿੱਛੇ ਪ੍ਰਮਾਤਮਾ ਆਪ ਹੁੰਦਾ ਹੈ। ਵਿਅਕਤੀ ਵਿਸ਼ੇਸ਼ ਨਹੀਂ। ਉਸ ਪਿੱਛੇ ਤਾਂ ਮਹਾਂ ਪੁਰਖਾਂ ਦੀ ਅਰਦਾਸ ਪ੍ਰਮਾਤਮਾ ਦੇ ਦਰ ’ਤੇ ਪ੍ਰਤੱਖ ਰੂਪ ਵਿੱਚ ਪ੍ਰਗਟ ਹੋ ਦਿਸਦੀ ਹੈ।
ਮਨੁੱਖੀ ਮਨ ਦੇ ਰੋਗ
- ਜ਼ਬਾਨ ਨੂੰ ਝੂਠ ਬੋਲਣ ਦਾ ਚਸਕਾ।
- ਪਿਆਰੀਆਂ ਅੱਖਾਂ ਨੂੰ ਪ੍ਰਾਇਆ ਰੂਪ ਤੱਕਣ ਦਾ ਚਸਕਾ।
- ਕੰਨਾਂ ਨੂੰ ਆਪਣੀ ਤਾਰੀਫ਼ ਅਤੇ ਗੁਆਂਢੀਆਂ ਦੀ ਨਿੰਦਿਆ ਸੁਣਨ ਦੀ ਭੈੜੀ ਆਦਤ।
- ਮਨ ਦੀਆਂ ਮਾਲੀਨ ਵਾਸ਼ਨਾਵਾਂ।
- ਘਟੀਆ ਸੋਚ।
- ਨਿਮਰਤਾ ਦੀ ਘਾਟ, ਆਦਿ।
ਨਿੰਦਿਆ ਬਨਾਮ ਖ਼ੁਸ਼ਾਮਦ
- ਫੁੱਲ ਨੂੰ ਕੰਡਾ ਕਹਿਣਾ… ਇਹ ਨਿੰਦਿਆ ਹੈ।
- ਕੰਡੇ ਨੂੰ ਕੰਡਾ ਕਹਿਣਾ… ਇਹ ਸੱਚ ਹੈ। ਕਦੀ ਵੀ ਨਿੰਦਿਆ ਨਹੀਂ।
- ਕੰਡੇ ਨੂੰ ਫੁੱਲ ਕਹਿਣਾ… ਇਹ ਫੋਕੀ ਖ਼ੁਸ਼ਾਮਦ ਹੈ, ਜੋ ਨਿੰਦਿਆ ਨਾਲੋਂ ਵੀ ਭੈੜੀ ਹੈ।