ਛੋਟੀ ਰਹਰਾਸਿ ਬਨਾਮ ਵੱਡੀ ਰਹਰਾਸਿ

0
560

ਛੋਟੀ ਰਹਰਾਸਿ ਬਨਾਮ ਵੱਡੀ ਰਹਰਾਸਿ

ਸਿੱਖ ਸਮਾਜ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ‘‘ਏਕੁ ਪਿਤਾ, ਏਕਸ ਕੇ ਹਮ ਬਾਰਿਕ॥’ (ਮ:੫/੬੧੧) ਦੇ ਸਿਧਾਂਤ ਉੱਤੇ ਪਹਿਰਾ ਦੇਂਦਾ ਹੋਇਆ ਸ੍ਰੀ ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਅੱਜ ਤੱਕ (ਮੌਜੂਦਾ ਸਮੇਂ) ਤੱਕ ਗੁਰੂ-ਸਿਧਾਂਤ ਉੱਪਰ ਅਟੁੱਟ ਵਿਸ਼ਵਾਸ ਰੱਖਦਾ ਹੈ ਭਾਵੇਂ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਚ ਦਰਜ ਬਾਣੀ 35 ਮਹਾਂਪੁਰਖਾਂ ਦੀ ਅਲਗ-2 ਇਲਾਕੇ ਅਤੇ ਅਲੱਗ-2 ਭਾਸ਼ਾਵਾਂ ਨਾਲ ਸੰਬੰਧਤ ਹੈ ਪਰ ਫਿਰ ਵੀ ਸਿਧਾਂਤਕ ਪੱਖੋਂ ਕਿਸੇ ਇਕ ਮਹਾਂਪੁਰਖ ਦੇ ਵੀਚਾਰ ਦੂਸਰੇ ਮਹਾਂਪੁਰਖ ਦੇ ਵੀਚਾਰਾਂ ਨਾਲ ਉੱਕਾ ਹੀ ਨਹੀਂ ਟਕਰਾਉਂਦਾ। ਪੰਜਵੇਂ ਪਾਤਿਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਦੁਆਰਾ 1604 ਈ. ਵਿਚ ਹੀ ਭਾਈ ਗੁਰਦਾਸ ਜੀ ਤੋਂ ਸੇਵਾ ਲੈਂਦਿਆਂ ਇਸ ਵੀਚਾਰਧਾਰਾ (ਸਿਧਾਂਤ) ਨੂੰ ਪ੍ਰਮੁੱਖ ਰੱਖਿਆ ਗਿਆ ਸੀ ਕਿ ਕੋਈ ਐਸੀ ਰਚਨਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਚ ਦਰਜ ਨਾ ਹੋ ਜਾਏ ਜਿਸ ਤੋਂ ਸਿਧਾਂਤਕ ਪੱਖੋਂ ਟਪਲਾ ਖਾ ਕੇ ਆਉਣ ਵਾਲੇ ਸਮੇਂ ਵਿਚ ‘ਏਕੁ ਪਿਤਾ’ ਜੀ ਦੀ ਇਸ ਔਲਾਦ (ਸਿੱਖ ਕੌਮ) ਵਿਚ ਕਿਸੇ ਪ੍ਰਕਾਰ ਦੀ ਦੁਬਿਧਾ ਪੈਦਾ ਹੋ ਜਾਵੇ। 1708 ਈ. ਤੱਕ ਇਸ ਸਿਧਾਂਤ ਉੱਪਰ ਪਹਿਰਾ ਦੇਂਦਿਆਂ ਅਤੇ ਸਿੱਖ ਕੌਮ ਨੂੰ ਏਕੇ ਵਿਚ ਪਰੋ ਕੇ ਰੱਖਣ ਵਿਚ ਦਸਵੇਂ ਪਾਤਿਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੀ ਜ਼ਿੰਮੇਵਾਰੀ ਨੂੰ ਬਾਖੂਬੀ ਨਿਭਾਇਆ।

1708 ਈ. ਤੋਂ ਲੈ ਕੇ 20 ਵੀਂ ਸਦੀ ਦੇ ਮੱਧ ਤੱਕ (ਬਾਬਾ ਬੰਦਾ ਸਿੰਘ ਬਹਾਦਰ, ਸਿੱਖ ਮਿਸਲਾਂ, ਮਹਾਰਾਜਾ ਰਣਜੀਤ ਸਿੰਘ, ਅੰਗਰੇਜ਼ ਆਦਿਕ) ਦੇ ਸਮਿਆਂ ਦੌਰਾਨ ਸਿੱਖ ਕੌਮ ਉੱਤੇ ਅਨੇਕਾਂ ਮੁਸੀਬਤਾਂ ਆਈਆਂ। ਮੀਰੀ ਤੇ ਪੀਰੀ ਦੇ ਸਿਧਾਂਤ ਉੱਪਰ ਪਹਿਰਾ ਦੇਣ ਵਾਲੀ ਕੌਮ ਦਾ ਪੀਰੀ ਨੂੰ ਸਮਝਣ ਤੇ ਸਮਝਾਉਣ ਵਾਲਾ ਪੱਖ ਕਮਜ਼ੋਰ ਹੁੰਦਾ ਗਿਆ ਅਤੇ ਮੀਰੀ ਵਾਲਾ ਪੱਖ ਕਦੇ ਕਮਜ਼ੋਰ ਅਤੇ ਕਦੇ ਮਜ਼ਬੂਤ ਹੁੰਦਾ ਰਿਹਾ। ਵਾਰ-ਵਾਰ ਦੀਆਂ ਜੰਗਾਂ-ਯੁੱਧਾਂ ਕਾਰਨ ਸਿੱਖਾਂ ਨੂੰ ਆਪਣੇ ਨਿਜੀ ਘਰ ਅਤੇ ਗੁਰੂ ਘਰ (ਗੁਰਦੁਆਰੇ) ਛੱਡ ਜੰਗਲਾਂ ਵਿਚ ਅਸਥਾਈ ਨਿਵਾਸ ਕਰਨਾ ਪਿਆ। ਇਸ ਸਮੇਂ ਦੌਰਾਨ ਹੀ ਇਕ ਸਹਿਜਧਾਰੀ ਵਰਗ ਨੂੰ ਜਿਨ੍ਹਾਂ ਦੇ ਮਨਾਂ ਵਿਚ ਗੁਰੂ ਅਤੇ ਸਿੱਖ ਸਮਾਜ ਪ੍ਰਤੀ ਪਿਆਰ ਸੀ, ਗੁਰਦੁਆਰਿਆਂ ਦੀ ਸੇਵਾ ਸੰਭਾਲ ਕਰਨ ਦਾ ਮੌਕਾ (ਸਮਾਂ) ਮਿਲ ਗਿਆ ਕਿਉਂਕਿ ਸਰਕਾਰ ਨੂੰ ਵੀ ਇਸ ਵਰਗ ਤੋਂ ਆਪਣੇ ਲਈ ਕੋਈ ਖ਼ਤਰਾ ਨਹੀਂ ਸੀ। ਗੁਰੂ-ਸਿਧਾਂਤ ਪ੍ਰਤੀ ਇਹਨਾਂ ਦਾ ਬਹੁਤਾ ਬੋਧ ਨਾ ਹੋਣ ਦੇ ਕਾਰਨ ਕੁਝ ਸਨਾਤਨੀ-ਮਨੂੰਵਾਦੀ ਸੋਚ ਜੋ ਸਮਾਜ ਨੂੰ ਜਾਤ-ਪਾਤ, ਕਰਮ-ਕਾਂਡਾਂ ਵਿਚ ਵੰਡਣ ਦੇ ਹਮਾਇਤੀ ਸਨ, ਨੂੰ ਗੁਰਮਤਿ ਸਿਧਾਂਤ ਵਿਚ ਮਿਲਾਵਟ ਕਰਨ ਦਾ ਇਹ ਢੁਕਵਾਂ ਸਮਾਂ ਮਿਲ ਗਿਆ। ਸਮੇਂ-ਸਮੇਂ ਸਿੰਘ ਸਭਾ ਲਹਿਰ, ਗੁਰਦੁਆਰਾ ਸੁਧਾਰ ਲਹਿਰ, ਅਕਾਲੀ ਲਹਿਰ ਆਦਿਕ ਨੇ ਆਪਣੇ ਵਿਰਸੇ ਨੂੰ ਇਸ ਮਿਲਾਵਟ ਤੋਂ ਨਿਖਾਰਨ ਦੀ ਕੋਸ਼ਿਸ਼ ਵੀ ਕੀਤੀ ਪਰ ਵਰਤਮਾਨ ਸਮੇਂ ਦੇ ਹਾਲਾਤਾਂ ਨੂੰ ਧਿਆਨ ਵਿਚ ਰੱਖਦਿਆਂ ਅਜਿਹਾ ਮਹਿਸੂਸ ਹੋ ਰਿਹਾ ਹੈ ਕਿ ਇਸ ਮਿਲਾਵਟ ਨੂੰ ਕੱਢ ਪਾਉਣ ਵਿਚ ਸਿੱਖ ਸਮਾਜ ਨੂੰ ਬਹੁਤੀ ਸਫਲਤਾ ਪ੍ਰਾਪਤ ਨਹੀਂ ਹੋ ਸਕੀ ਅਤੇ ਵਰਤਮਾਨ ਸਮੇਂ ਵਿਚ ਵੀ ਇਸ ਸੁਧਾਈ ਲਈ ਕੋਈ ਵਿਸ਼ੇਸ਼ ਯਤਨ ਨਹੀਂ ਕੀਤੇ ਜਾ ਰਹੇ ਤਾਂ ਜੋ ‘‘ਏਕੁ ਪਿਤਾ’’ ਦੇ ਬਾਰਿਕ ਲਈ ਗੁਰਮਤਿ ਸਿਧਾਂਤ ਨੂੰ ਸਮਝਣਾ ਅਤੇ ਪ੍ਰਚਾਰਨਾ ਇਸ ਵਿਗਿਆਨਕ ਯੁੱਗ ਵਿਚ ਆਸਾਨ ਹੋ ਸਕੇ।

ਵਰਤਮਾਨ ਸਮੇਂ ਦੀ ਪ੍ਰਮੁੱਖ ਸਮੱਸਿਆ ਇਹ ਹੈ ਕਿ ਜਿੰਨੇ ਵੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਰਥ (ਟੀਕੇ) ਟੀਕਾਕਾਰਾਂ ਵੱਲੋਂ ਕੀਤੇ ਗਏ ਹਨ, ਉਤਨੀਆਂ ਹੀ ਸਿੱਖ ਸਮਾਜ ਵਿਚ ਪ੍ਰਚਾਰਕ ਸੰਸਥਾਵਾਂ ਹਨ ਜਿਨ੍ਹਾਂ ਦੀਆਂ ਅਲੱਗ-2 ਮਰਯਾਦਾਵਾਂ ਬਣਾਈਆਂ ਹੋਈਆਂ ਹਨ। ਸ੍ਰੀ ਅਕਾਲ ਤਖ਼ਤ ਸਾਹਿਬ ਸਿੱਖ ਕੌਮ ਦੀ ਸੁਪਰੀਮ ਕੋਰਟ ਹੋਣ ਦੇ ਬਾਵਜੂਦ, ਇੱਥੇ ਵੀ ਇੱਕ ਖਾਸ ਰਾਜਨੀਤਿਕ ਸੰਸਥਾ ਦਾ ਕਬਜਾ ਹੈ ਜੋ ਰਾਜਨੀਤਿਕ ਕੁਟਨੀਤੀ ਦਾ ਹਰ ਹਥਿਆਰ ਵਰਤੇ ਕੇ ਕਬਜੇ ਨੂੰ ਸਦੀਵੀ ਬਣਾਏ ਰੱਖਣਾ ਚਾਹੁੰਦੀ ਹੈ। ਇਸ ਦੀ ਇਕ ਉਦਾਹਰਨ ਇਹ ਹੈ ਕਿ ਅਕਾਲ ਤਖਤ ਸਾਹਿਬ ਤੋਂ ਲਾਗੂ ਕੀਤੀ ਗਈ ਸਿੱਖ ਰਹਿਤ ਮਰਯਾਦਾ ਨੂੰ ਬਹੁਤਾ ਸਿੱਖ ਸਮਾਜ ਮਾਨਤਾ ਹੀ ਨਹੀਂ ਦੇ ਰਿਹਾ, ਦੇ ਬਾਵਜੂਦ ਵੀ ਅਕਾਲ ਤਖ਼ਤ ਸਾਹਿਬ ਕੋਈ ਸਖਤ ਫੈਸਲਾ ਲੈਣ ਤੋਂ ਅਸਮਰੱਥ ਹੈ। ਹਥਲੇ ਲੇਖ ਵਿਚ ਆਪਾਂ ਗੁਰੂ-ਸਿਧਾਂਤ ਅਨੁਸਾਰ ਸ਼ਾਮ ਨੂੰ ਪੜ੍ਹੀ ਜਾਣ ਵਾਲੀ ਬਾਣੀ ‘ਰਹਰਾਸਿ ਸਾਹਿਬ’ ਬਾਰੇ ਹੀ ਵੀਚਾਰ ਕਰਾਂਗੇ। ਸਿੱਖ ਸਮਾਜ ਇਸ ਗੁਰੂ ਸਿਧਾਂਤ ਉਤੇ ਤਾਂ ਇਕ ਮੱਤ ਹੀ ਹੈ ਕਿ 1604 ਈ. ਤੋਂ ਲੈ ਕੇ 1708 ਈ. ਤੱਕ (104 ਸਾਲ) ਪੰਜ ਸ਼ਬਦ ‘ਸੋ ਦਰੁ’ ਅਤੇ ਚਾਰ ਸ਼ਬਦ ‘ਸੋ ਪੁਰਖੁ’ ਸਿਰਲੇਖ ਅਧੀਨ ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਕ ਨੰ. 8 ਤੋਂ 12 ਤੱਕ (ਨੌਂ ਸ਼ਬਦ ਰਹਿਰਾਸ) ਦਰਜ ਹਨ, ਨੂੰ ਹੀ ਪੜ੍ਹਿਆ ਜਾਂਦਾ ਸੀ। ਭਾਈ ਗੁਰਦਾਸ ਜੀ ਆਪਣੀ ਛੇਵੀਂ ਵਾਰ ਦੀ ਪਉੜੀ ਨੰ. 3 ਵਿਚ ‘ਗੁਰਸਿਖ ਦੀ ਰਹਿਣੀ’ ਸਿਰਲੇਖ ਅਧੀਨ ਜ਼ਿਕਰ ਕਰਦੇ ਹਨ ਕਿ ‘ਸੰਝੈ ਸੋਦਰੁ ਗਾਵਣਾ, ਮਨ ਮੇਲੀ ਕਰਿ ਮੇਲ ਮਿਲੰਦੇ’। ਭਾਵ_ਸ਼ਾਮ ਵੇਲੇ ਸੋ ਦਰੁ (ਰਹਰਾਸਿ) ਪੜ੍ਹਦੇ ਤੇ ਵਿਚਾਰਦੇ ਸਨ। ਗੁਰੂ-ਪ੍ਰੇਮੀਆਂ ਨਾਲ ਮੇਲ ਰੱਖਦੇ (ਮਿਲਦੇ ਮਿਲਾਉਂਦੇ) ਸਨ। ਪਾਠਕਾਂ ਨੂੰ ਯਾਦ ਹੋਵੇਗਾ ਕਿ ਰਹਰਾਸਿ ਸਾਹਿਬ ਨੂੰ ਹੀ ਪਹਿਲਾਂ ‘ਸੋ ਦਰੁ’ ਕਿਹਾ ਜਾਂਦਾ ਸੀ।

ਇਹੀ ‘ਸੋ ਦਰੁ’ 9 ਸ਼ਬਦਾਂ ਦਾ ਸਰੂਪ (ਬਾਣੀ) ਹੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਸਮੇਂ ਤੱਕ ਪੜ੍ਹੀ ਜਾਂਦੀ ਸੀ, ਦਾ ਪ੍ਰਮਾਣ ਸਾਡੇ ਸਾਹਮਣੇ ਭਾਈ ਨੰਦ ਲਾਲ ਜੀ ਦੁਆਰਾ ਰਚਿਤ ਰਹਿਤਨਾਮਾ ‘ਬਿਨ ਰਹਰਾਸਿ ਸਮਾ ਜੋ ਖੋਵੈ, ਕੀਰਤਨ ਪੜ੍ਹੇ ਬਿਨਾ ਜੋ ਸੋਵੈ॥’’ ਇੱਥੇ ‘ਸੋ ਦਰੁ’ ਤੋਂ ‘ਰਹਰਾਸਿ’ ਲਿਖਣ ਦਾ ਕਾਰਨ ਸ੍ਰੀ ਗੁਰੂ ਰਾਮਦਾਸ ਜੀ ਦੁਆਰਾ ‘ਸੋ ਦਰੁ’ ਸਿਰਲੇਖ ਅਧੀਨ ਦਰਜ ਸ਼ਬਦ ‘‘ਗੁਰਮਤਿ ਨਾਮੁ ਮੇਰਾ ਪ੍ਰਾਣ ਸਖਾਈ, ਹਰਿ ਕੀਰਤਿ ਹਮਰੀ ਰਹਰਾਸਿ॥’’ ਮੰਨਿਆ ਜਾਂਦਾ ਹੈ। 1604 ਈ. ਤੋਂ ਪਹਿਲਾਂ ਦੀ ਰਹਰਾਸਿ ਬਾਰੇ ਜਾਣਕਾਰੀ ਵੀ ਸਾਨੂੰ ਇਹਨਾਂ 9 ਸ਼ਬਦਾਂ (ਜਿਨ੍ਹਾਂ ਵਿਚੋਂ ਗੁਰੂ ਨਾਨਕ ਦੇਵ ਜੀ ਦੇ 4 ਸ਼ਬਦ, ਗੁਰੂ ਰਾਮਦਾਸ ਜੀ ਦੇ 3 ਸ਼ਬਦ ਅਤੇ ਗੁਰੂ ਅਰਜਨ ਦੇਵ ਜੀ ਦੇ 2 ਸ਼ਬਦ) ਵਿਚੋਂ ਹੀ ਮਿਲ ਜਾਂਦੀ ਹੈ ਕਿਉਂਕਿ ਇਹ ਸਾਰੇ ਸ਼ਬਦ ਗੁਰੂ ਜੀਆਂ ਨੇ ਗੁਰੂ ਗ੍ਰੰਥ ਸਾਹਿਬ ਜੀ ਵਿਚ ਦੋ-ਦੋ ਵਾਰ ਉਚਾਰਨ ਕੀਤੇ ਹਨ। ਇਕ ਸ਼ਬਦ ‘ਸੋ ਦਰੁ ਤੇਰਾ ਕੇਹਾ’ ਦਾ ਤਾਂ ਤਿੰਨ ਵਾਰੀ ਦਰਜ ਹੋਣਾ ਹੀ ਰਹਿਰਾਸ ਬਾਣੀ ਦੀ ਸ਼ੁਰੂਆਤ ਗੁਰੂ ਨਾਨਕ ਦੇਵ ਜੀ ਦੇ ਸਮੇਂ ਤੋਂ ਆਰੰਭ ਹੋਣ ਦੇ ਸੰਕੇਤ ਦਿੰਦਾ ਹੈ। ਗੁਰੂ ਨਾਨਕ ਦੇਵ ਜੀ ਨੇ ਸਾਰੀ ਪਿ੍ਰਥਵੀ ਦਾ ਭ੍ਰਮਣ ਕਰਨ ਤੋਂ ਬਾਅਦ ਜਦੋਂ ਕਰਤਾਰਪੁਰ ਸਾਹਿਬ ਇਕ ਜਗ੍ਹਾ ਸਤਸੰਗਤ ਲਗਾਉਣੀ ਸ਼ੁਰੂ ਕੀਤੀ ਤਾਂ ਸ਼ਾਮ ਨੂੰ ਇਹਨਾਂ ਨੌ ਸ਼ਬਦਾਂ ਵਿਚੋਂ ਕੇਵਲ ਚਾਰ ਸ਼ਬਦ (ਗੁਰੂ ਨਾਨਕ ਦੇਵ ਜੀ ਦੁਆਰਾ ਰਚਿਤ) ਹੀ ਪੜ੍ਹੇ ਜਾਂਦੇ ਸਨ, ਦਾ ਜ਼ਿਕਰ ਭਾਈ ਗੁਰਦਾਸ ਜੀ ‘ਕਰਤਾਰਪੁਰ ਵਾਪਸੀ’ ਸਿਰਲੇਖ ਅਧੀਨ ਪਹਿਲੀ ਵਾਰ ਦੀ ਪਉੜੀ ਨੰ. 38 ‘ਸੋ ਦਰ ਆਰਤੀ ਗਾਵੀਐ, ਅੰਮ੍ਰਿਤ ਵੇਲੇ ਜਾਪ ਉਚਾਰਾ।’ ਵਿਚ ਕਰਦੇ ਹਨ।

ਅੱਗੇ ਦੀ ਵੀਚਾਰ ਸ਼ੁਰੂ ਕਰਨ ਤੋਂ ਪਹਿਲਾਂ ਪਾਠਕ ਵੀਰਾਂ ਨੂੰ ਇਕ ਸਵਾਲ ਦਾ ਜਵਾਬ ਆਪਣੇ ਆਪ ਤੋਂ ਪੁੱਛਣਾ ਚਾਹੀਦਾ ਹੈ ਕਿ ਆਖਿਰ ਗੁਰੂ ਜੀ ਨੇ ਇਹ ਚਾਰੇ ਸ਼ਬਦ ਆਸਾ ਰਾਗ ਵਿਚੋਂ (ਗੁਰੂ ਗ੍ਰੰਥ ਸਾਹਿਬ ਜੀ ਦਾ ਪੰਨਾ ਨੰ. 348, 349, 350 ਤੇ 357 ਵਿਚੋਂ) ਹੀ ਕਿਉਂ ਚੁਣੇ ਹਨ ਜਦਕਿ ਗੁਰਬਾਣੀ ਤਾਂ ਸਾਰੀ ਹੀ ਇਕ ਬਰਾਬਰ ਅਸੀਂ ਮੰਨਦੇ ਹਾਂ? ਫਿਰ, ਆਸਾ ਰਾਗ ਗਾਉਣ ਦਾ ਸਮਾਂ ਵੀ ਸਵੇਰੇ 6-00 ਤੋਂ 9-00 ਵਜੇ ਤੱਕ ਦਾ ਹੀ ਲਗਭਗ ਮੰਨਿਆ ਜਾਂਦਾ ਹੈ। ਜਿਸ ਕਾਰਨ ‘ਆਸਾ ਦੀ ਵਾਰ’ ਦਾ ਕੀਰਤਨ ਵੀ ਸਵੇਰੇ ਹੀ ਹੁੰਦਾ ਆ ਰਿਹਾ ਹੈ।

ਦਰਅਸਲ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਰਚਨਾ ਮੋਟੇ ਤੌਰ ’ਤੇ ਦੋ ਬਿੰਦੂਆਂ (ਵਿਸ਼ਿਆਂ) ’ਤੇ ਆਧਾਰਿਤ ਹੈ ਪਹਿਲਾ ਕਾਰਨ ਸਮਾਜ ਨੂੰ ਆਕਾਰ ਦੀ ਪੂਜਾ ਤੋਂ ਵਰਜ ਕੇ ਨਿਰਾਕਾਰ ਦੀ ਪੂਜਾ (ਪ੍ਰਭਾਵ ਹੋਣਾ) ਨਾਲ ਜੋੜਨਾ, ਇਸ ਵਾਸਤੇ ਗੁਰੂ ਨਾਨਕ ਸਾਹਿਬ ਜੀ ਨੇ ਅਕਾਰ ਰੂਪ ਦੇਵੀ-ਦੇਵਤਿਆਂ ਦੀ ਹੋਂਦ ਨੂੰ ਮੂਲੋਂ ਹੀ ਰੱਦ ਕਰਨ ਦੀ ਬਜਾਏ ਉਹਨਾਂ ਦੀ ਹੋਂਦ (ਹਸਤੀ) ਦੇ ਬਰਾਬਰ ਇੱਕ ਲੰਬੀ ਲਕੀਰ ਖਿੱਚ ਦਿੱਤੀ ਤਾਂ ਜੋ ਇਹਨਾਂ ਦੀ ਹਸਤੀ ਹੀ ਪ੍ਰਮਾਤਮਾ ਦੇ ਮੁਕਾਬਲੇ ਨਾ-ਮਾਤ੍ਰ ਮਹਿਸੂਸ ਹੋਣ ਲੱਗ ਜਾਵੇ ਕਿਉਂਕਿ ਪਹਿਲਾਂ ਸਮਾਜ ਨੇ ‘ਕੀਤੇ ਕਉ ਮੇਰੈ ਸਮਾਨੈ, ਕਰਣਹਾਰੁ ਤ੍ਰਿਣੁ ਜਾਨੈ॥ ੬੧੩॥ ਭਾਵ_ਪੈਦਾ ਕੀਤੇ ਗਏ ਇਹਨਾਂ ਦੇਵੀ-ਦੇਵਤਿਆਂ ਨੂੰ ਸਮਾਜ ਨੇ ਮੇਰੂ ਪਰਬਤ ਦੀ ਤਰ੍ਹਾਂ ਬੇਅੰਤ ਪਸਾਰੇ ਵਾਲਾ (ਵੱਡੀ ਸ਼ਕਤੀ ਸੰਪੰਨ) ਮੰਨ ਲਿਆ ਪਰ ਪੈਦਾ ਕਰਨ ਵਾਲਾ ਪ੍ਰਭੂ ਮਾਲਕ ਘਾਹ ਦੇ ਤੀਲੇ ਵਾਂਗ ਮਾਮੂਲੀ ਜਿਹਾ ਹੀ ਲੱਗਣ ਲੱਗ ਪਿਆ ਸੀ।

ਇਸ ਵਿਸ਼ੇ ਨੂੰ ਮੁੱਖ ਰੱਖ ਕੇ ਹੀ ਗੁਰੂ ਜੀ ਨੇ ‘ਸੋ ਦਰੁ’ ਵਾਲਾ ਸ਼ਬਦ ਸੁਭ੍ਹਾ ਤੇ ਸ਼ਾਮ ਦੀ ਬਾਣੀ ਵਿਚ ਦਰਜ ਕਰਕੇ ਇਹਨਾਂ ਦੇਵੀ-ਦੇਵਤਿਆਂ ਨੂੰ ਵੀ ਪ੍ਰਭੂ ਜੀ ਦੇ ਗੁਣ ਗਾਉਂਦੇ ਦਰਸਾਇਆ ਗਿਆ ਹੈ ਤਾਂ ਜੋ ਅਖੌਤੀ ਮੇਰੂ ਪਰਬਤ (ਦੇਵਤਿਆਂ) ਦੀ ਅਸਲੀਅਤ ਨੂੰ ਸਮਝ ਕੇ ‘ਏਕੁ ਪਿਤਾ’ ਦੀ ਔਲਾਦ ਮਹਿਸੂਸ ਕਰਦਾ ਆਪਸੀ ਪ੍ਰੇਮ-ਭਾਵਨਾ, ਏਕਤਾ, ਪਰਉਪਕਾਰੀ, ਗ੍ਰਿਹਸਤੀ, ਕਿਰਤੀ, ਵਹਿਮ ਭਰਮ ਰਹਿਤ, ਜਾਤ-ਪਾਤ ਰਹਿਤ ਆਦਿਕ ਗੁਣਾਂ ਭਰਪੂਰ ਸਮਾਜ ਸਿਰਜ ਸਕੇ ਜੋ ਕਿ ਗੁਰੂ ਸਿਧਾਂਤ ਦਾ ਦੂਸਰਾ ਵਿਸ਼ਾ (ਪਹਿਲੂ) ਮੰਨਿਆ ਜਾਂਦਾ ਹੈ।

ਵੈਸੇ ਇਹ ਦੋਵੇਂ ਵਿਸ਼ੇ (ਨਿਰਾਕਾਰ ਤੋਂ ਪ੍ਰਭਾਵਤ ਹੋਣਾ ਅਤੇ ਆਕਾਰ ਰੂਪ ’ਚ ਆਪਸੀ ਸਮਾਨੰਤਰ ਮਿਲਵਰਤਨ ਪ੍ਰੇਮ) ਇਕ ਸਿੱਕੇ ਦੇ ਹੀ ਦੋ ਪਹਿਲੂ ਹਨ ਪਰ ਪ੍ਰਮੁੱਖ (ਪ੍ਰਧਾਨ) ਵਿਸ਼ਾ ਨਿਰਾਕਾਰ ਤੋਂ ਪ੍ਰਭਾਵਤ ਹੋਣਾ ਵੱਲ ਪ੍ਰੇਰਿਤ ਕਰਨਾ ਸੀ ਤਾਂ ਜੋ ਦੂਸਰੇ ਵਿਸ਼ੇ ਨੂੰ ਲਾਗੂ ਕਰਨਾ ਆਸਾਨ ਹੋ ਜਾਵੇ। ਗੁਰਬਾਣੀ ਫ਼ੁਰਮਾਨ ਹੈ ‘‘ਇਕੁ ਸਜਣੁ, ਸਭਿ ਸਜਣਾ; ਇਕੁ ਵੈਰੀ, ਸਭਿ ਵਾਦਿ॥’’ (ਮ:੫/੯੫੭) ਭਾਵ ਜੇ ਇਕ ਮਾਲਕ ਨੂੰ ਸਮਾਜ ਸੱਜਣ (ਮਿਤ੍ਰ) ਬਣਾ ਲਵੇ ਤਾਂ ਸਾਰੇ ਹੀ ਸੱਜਣ (ਮਿਤ੍ਰ-ਪਿਆਰੇ) ਬਣ ਜਾਂਦੇ ਹਨ ਪਰ ਜੇ ਇੱਕ ਹੀ ਵੈਰੀ ਬਣਿਆ ਰਿਹਾ (ਇੱਕ ’ਤੇ ਵਿਸਵਾਸ਼ ਨਾ ਬਣ ਸਕਿਆ) ਤਾਂ ਹਰ ਥਾਂ ਵਾਦ-ਵਿਵਾਦ ਹੀ ਹੁੰਦਾ ਹੈ (ਕਿਸੇ ’ਤੇ ਵੀ ਭਰੋਸਾ ਨਹੀਂ ਬਣ ਸਕਦਾ)।

ਇਸੇ ਸਿਧਾਂਤ ਨੂੰ ਮੁੱਖ ਰੱਖਦਿਆਂ ਹੀ ਗੁਰੂ ਜੀ ਨੇ ਚਾਰੋਂ ਸ਼ਬਦ ਆਸਾ ਰਾਗ ਵਿਚੋਂ ਆਪਣੇ ਸਿੱਖਾਂ ਲਈ ਉਹ ਨਿਤਨੇਮ ਦਾ ਭਾਗ ਬਣਾਏ, ਜਿਨ੍ਹਾਂ ਰਾਹੀਂ ਨਿਰਾਕਾਰ ਪ੍ਰਭੂ ਜੀ ਨੂੰ ਸੰਬੋਧਨ ਰੂਪ ਵਿਚ ਪੇਸ਼ ਕਰਕੇ ਭਗਤ-ਜਨ ਉਸ ਦੀ ਉਸਤਤਿ ਕਰ ਸਕਣ, ਮਾਲਕ ਤੋਂ ਪ੍ਰਭਾਵਤ ਹੋ ਸਕਣ ਅਤੇ ਮਾਲਕ ਦੇ ਮੁਕਾਬਲੇ ਆਪਣੀ ਤੁੱਛ ਹਸਤੀ ਨੂੰ ਸਵੀਕਾਰ ਕਰਦਿਆਂ ਹਉਮੈ ਮੁਕਤ ਹੋ ਜਾਣ। ਇਨ੍ਹਾਂ ਚਾਰੋਂ ਸ਼ਬਦਾਂ ਦੀ ਮੂਲ ਭਾਵਨਾ ਨੂੰ ਸਮਝਣ ਲਈ ਸੰਖੇਪ (ਬੰਦਗੀ) ਮਾਤ੍ਰ ਵਿਸ਼ਾ ਹੇਠਾਂ ਦਿੱਤਾ ਜਾ ਰਿਹਾ ਹੈ। ਗੁਰੂ ਨਾਨਕ ਸਾਹਿਬ ਜੀ ਆਪਣੇ ਪਹਿਲੇ ਸ਼ਬਦ ਰਾਹੀਂ ਸਮਝਾ ਰਹੇ ਹਨ ਕਿ ਨਿਤ ਇਉਂ ਬੰਦਗੀ ਕਰੋ ‘‘ਸੋ ਦਰੁ ਤੇਰਾ ਕੇਹਾ, ਸੋ ਘਰੁ ਕੇਹਾ, ਜਿਤੁ ਬਹਿ ਸਰਬ ਸਮਾਲੇ ॥.. ਗਾਵਨਿ ਤੁਧਨੋ ਈਸਰੁ ਬ੍ਰਹਮਾ ਦੇਵੀ, ਸੋਹਨਿ ਤੇਰੇ ਸਦਾ ਸਵਾਰੇ॥… ਗਾਵਨਿ ਤੁਧਨੋ ਖੰਡ ਮੰਡਲ ਬ੍ਰਹਮੰਡਾ॥’’੧॥ ਸੋ ਦਰੁ ਆਸਾ (ਮ:੧/੯), ਦੂਸਰੇ ਸ਼ਬਦ ਇਉਂ ਦਰਜ ਹੈ ‘‘ਵਡੇ ਮੇਰੇ ਸਾਹਿਬਾ! ਗਹਿਰ ਗੰਭੀਰਾ, ਗੁਣੀ ਗਹੀਰਾ॥ ਕੋਇ ਨ ਜਾਣੈ, ਤੇਰਾ ਕੇਤਾ ਕੇਵਡੁ ਚੀਰਾ॥੧॥ ਰਹਾਉ ॥੪॥੨॥’’ ਸੋ ਦਰੁ ਆਸਾ (ਮ:੧/੯), (ਵਿਸ਼ੇ ਨੂੰ ਸਮਝਣ ਲਈ ਰਹਾਉ ਬੰਦ ਦੀ ਵਧੇਰੇ ਮਦਦ ਲਈ ਗਈ ਹੈ।) ਤੀਸਰੇ ਸ਼ਬਦ ਹੈ ‘‘ਆਖਾ ਜੀਵਾ, ਵਿਸਰੈ ਮਰਿ ਜਾਉ॥ ਆਖਣਿ ਅਉਖਾ, ਸਾਚਾ ਨਾਉ॥.. ਸੋ, ਕਿਉ ਵਿਸਰੈ, ਮੇਰੀ ਮਾਇ॥ ਸਾਚਾ ਸਾਹਿਬੁ, ਸਾਚੈ ਨਾਇ ॥੧॥ ਰਹਾਉ॥੪॥੩॥’’ ਸੋ ਦਰੁ ਆਸਾ (ਮ:੧/੧੦)

ਉਪਰੋਕਤ ਇਨ੍ਹਾਂ ਤਿੰਨਾ ਸ਼ਬਦ ਦੀ ਰਾਹੀਂ ਨਿਰਾਕਾਰ ਮਾਲਕ ਨਾਲ ਸੰਬਾਦ ਕਰਨ ਤੋਂ ਉਪਰੰਤ ਮਨ ਦੀ ਇਕਾਗਰਤਾ ਲਈ ਅੰਤ ਵਿੱਚ ਮਨ ਤੋਂ ਸਹਿਯੋਗ ਦੀ ਉਮੀਦ ਕੀਤੀ ਗਈ ਹੈ ‘‘ਮਨ! ਏਕੁ ਨ ਚੇਤਸਿ, ਮੂੜ ਮਨਾ॥ ਹਰਿ ਬਿਸਰਤ, ਤੇਰੇ ਗੁਣ ਗਲਿਆ॥੧॥ ਰਹਾਉ॥’’ ਨਿਰਾਕਾਰ ਮਾਲਕ ਦੀ ਸ਼ਕਤੀ ਵੱਲ ਪ੍ਰੇਰਤ ਕਰਦਿਆਂ ਵਿਸ਼ੇ ਦੀ ਸਮਾਪਤੀ ਇਉਂ ਦਰਜ ਕੀਤੀ ਗਈ ਹੈ ‘‘ਨਾ ਹਉ ਜਤੀ ਸਤੀ ਨਹੀ ਪੜਿਆ, ਮੂਰਖ ਮੁਗਧਾ ਜਨਮੁ ਭਇਆ॥ ਪ੍ਰਣਵਤਿ ਨਾਨਕ! ਤਿਨ ਕੀ ਸਰਣਾ, ਜਿਨ ਤੂ ਨਾਹੀ ਵੀਸਰਿਆ॥੨॥੩॥’’ ਸੋ ਪੁਰਖੁ ਆਸਾ (ਮ:੧/੧੨)

ਗੁਰਬਾਣੀ ਦੀ ਲਿਖਤ ਅਨੁਸਾਰ ਇਉਂ ਜਾਣਕਾਰੀ ਪ੍ਰਾਪਤ ਹੁੰਦੀ ਹੈ ਕਿ ਲਗਭਗ 60 ਸਾਲ ਤੱਕ ਰਹਰਾਸਿ ਸਾਹਿਬ ਜੀ ਦਾ ਇਹ (ਚਾਰ ਸ਼ਬਦ) ਸਰੂਪ ਹੀ ਸਿੱਖ ਸਮਾਜ ਵਿਚ ਪੜ੍ਹੇ ਅਤੇ ਵਿਚਾਰੇ ਜਾਂਦੇ ਰਹੇ ਹਨ। ਇਸ ਤੋਂ ਉਪਰੰਤ ਇਸ ਵਿਸ਼ੇ ਨੂੰ ਹੋਰ ਵਿਸਥਾਰ ਦਿੰਦਿਆਂ ਗੁਰੂ ਰਾਮਦਾਸ ਜੀ ਨੇ ਰਹਿਰਾਸ (ਨਿਤਨੇਮ) ’ਚ ਆਪਣੇ ਤਿੰਨ ਸ਼ਬਦ (ਦੋ ਸਬਦ ‘ਸੋ ਦਰੁ’ ਸਿਰਲੇਖ ਅਧੀਨ ਅਤੇ ਇੱਕ ਸ਼ਬਦ, ਗੁਰੂ ਸ਼ਖਸੀਅਤ ਨੂੰ ਸੰਬੋਧਨ ਕਰਦਿਆਂ ‘ਸੋ ਪੁਰਖੁ’ ਸਿਰਲੇਖ ਅਧੀਨ) ਇਉਂ ਦਰਜ ਕੀਤੇ ‘‘ਸੋ ਪੁਰਖੁ ਨਿਰੰਜਨੁ, ਹਰਿ ਪੁਰਖੁ ਨਿਰੰਜਨੁ, ਹਰਿ ਅਗਮਾ ਅਗਮ ਅਪਾਰਾ॥ ਸਭਿ ਧਿਆਵਹਿ ਸਭਿ ਧਿਆਵਹਿ ਤੁਧੁ ਜੀ! ਹਰਿ ਸਚੇ ਸਿਰਜਣਹਾਰਾ॥ ਸਭਿ ਜੀਅ ਤੁਮਾਰੇ ਜੀ, ਤੂੰ ਜੀਆ ਕਾ ਦਾਤਾਰਾ॥੧॥’’ ਸੋ ਪੁਰਖੁ ਆਸਾ (ਮ:੪/੧੧) (ਅਤੇ) ਤੂੰ ਕਰਤਾ ਸਚਿਆਰੁ, ਮੈਡਾ ਸਾਂਈ॥ ਜੋ ਤਉ ਭਾਵੈ, ਸੋਈ ਥੀਸੀ; ਜੋ ਤੂੰ ਦੇਹਿ, ਸੋਈ ਹਉ ਪਾਈ॥੧॥ਰਹਾਉ॥ ਸੋ ਪੁਰਖੁ ਆਸਾ (ਮ:੪/੧੧)

ਇੱਕ ਹੋਰ ਵਿਸ਼ਾ, ਜੋ ਚੌਥੇ ਪਤਿਸਾਹ ਜੀ ਦੁਆਰਾ ਦਰਜ ਕੀਤਾ ਗਿਆ, ਮਿਲਦਾ ਹੈ ਉਹ ਸੀ ਗੁਰੂ ਸ਼ਖਸੀਅਤ ਨੂੰ ਸੰਬੋਧਨ ਕਰਨਾ, ਜੋ ਗੁਰੂ ਸਰੀਰ (ਗੁਰੂ ਰਾਮਦਾਸ ਜੀ) ਦੇ ਸਾਹਮਣੇ ਪਹਿਲੇ ਪਾਤਿਸ਼ਾਹ ਜੀ ਤੋਂ ਲੈ ਕੇ ਤੀਸਰੇ ਪਾਤਿਸ਼ਾਹ ਜੀ ਤੱਕ ਦੀ ਸ਼ਖਸੀਅਤ ਮੌਜ਼ੂਦ ਸੀ, ਨੂੰ ਆਪਣੇ ਅੰਤਿਮ ਸ਼ਬਦ ‘ਸੋ ਪੁਰਖੁ’ ਰਾਹੀਂ ਇਉਂ ਬਿਆਨ ਕੀਤਾ ‘‘ਹਰਿ ਕੇ ਜਨ ਸਤਿਗੁਰ ਸਤਪੁਰਖਾ! ਬਿਨਉ ਕਰਉ, ਗੁਰ ਪਾਸਿ॥ ਹਮ ਕੀਰੇ ਕਿਰਮ, ਸਤਿਗੁਰ! ਸਰਣਾਈ, ਕਰਿ ਦਇਆ, ਨਾਮੁ ਪਰਗਾਸਿ॥੧॥ ਮੇਰੇ ਮੀਤ ਗੁਰਦੇਵ! ਮੋ ਕਉ, ਰਾਮ ਨਾਮੁ ਪਰਗਾਸਿ॥ ਗੁਰਮਤਿ ਨਾਮੁ ਮੇਰਾ ਪ੍ਰਾਨ ਸਖਾਈ, ਹਰਿ ਕੀਰਤਿ ਹਮਰੀ ਰਹਰਾਸਿ॥੧॥ਰਹਾਉ॥੪॥੪॥ ਸੋ ਦਰੁ ਗੂਜਰੀ (ਮ:੪/੧੦)

ਗੁਰਬਾਣੀ ਦੀ ਲਿਖਤ ਅਨੁਸਾਰ ਇਉਂ ਪ੍ਰਤੀਤ ਹੁੰਦਾ ਹੈ ਕਿ ਘੱਟੋ-ਘੱਟ 25 ਸਾਲ (ਹੋਰ ਅਗਾਂਹ) ਤੱਕ ਸ਼ਾਮ ਦੀ ਬਾਣੀ (ਰਹਿਰਾਸ) ਦਾ ਇਹੀ (7 ਸ਼ਬਦ) ਸਰੂਪ ਸੀ ਪਰ ਸਿਧਾਂਤਕ ਪੱਖ ਨੂੰ ਨੁਕਸਾਨ ਨਹੀਂ ਪਹੁੰਚਣ ਦਿੱਤਾ। ਸ਼ਾਇਦ, ਕੁਝ ਗੁਰੂ ਪਿਆਰੇ ਗੁਰੂ ਰਾਮਦਾਸ ਜੀ ਦੀ ਬਾਣੀ ਨੂੰ ਵੀ ਪੰਜਵੇਂ ਪਾਤਿਸ਼ਾਹ ਜੀ ਦੁਆਰਾ ਦਰਜ ਕੀਤੀ ਗਈ, ਵੀਚਾਰ ਨੂੰ ਹੀ ਤਰਜੀਹ ਦੇ ਰਹੇ ਹੋਣਗੇ ਪਰ ਇਸ ਸਿਧਾਂਤ ਨੂੰ ਮੰਨਣਾ ਅਸੰਭਵ ਹੈ ਕਿਉਂਕਿ (1) ਗੁਰੂ ਰਾਮਦਾਸ ਜੀ ਦੇ ਤਿੰਨੇ ਸ਼ਬਦਾਂ ਦਾ ਦੋ-ਦੋ ਵਾਰੀ ਗੁਰੂ ਗ੍ਰੰਥ ਸਾਹਿਬ ਜੀ ਵਿਚ ਦਰਜ ਹੋਣਾ ਅਤੇ ਤਿੰਨੇ ਸ਼ਬਦਾਂ ਵਿਚ ਦੋਵੇਂ ਥਾਈਂ ‘ਮ: ੪’ ਸਿਰਲੇਖ ਦਾ ਦਰਜ ਹੋਣਾ, ਹੀ ਦੁਬਿਧਾ ਨਹੀਂ ਰਹਿਣ ਦਿੰਦਾ। ਕੇਵਲ ਦੋਵੇਂ (ਰਹਿਰਾਸ ਅਤੇ ਸੰਬੰਧਤ ਰਾਗ ਵਾਲੇ) ‘ਸੋ ਪੁਰਖੁ’ ਸ਼ਬਦਾਂ ਦੀ ਬਣਤਰ ’ਚ ਹੀ ਕੁਝ ਭਿੰਨਤਾ ਇਉਂ ਦਰਜ ਹੈ ‘‘ਸੇ ਮੁਕਤੁ ਸੇ ਮੁਕਤੁ ਭਏ, ਜਿਨ ਹਰਿ ਧਿਆਇਆ ‘ਜੀ’, ਤਿਨ ਤੂਟੀ ਜਮ ਕੀ ਫਾਸੀ॥ ਜਿਨ ਨਿਰਭਉ ਜਿਨ ਹਰਿ ਨਿਰਭਉ ਧਿਆਇਆ ‘ਜੀ’, ਤਿਨ ਕਾ ਭਉ ਸਭੁ ਗਵਾਸੀ॥ ਜਿਨ ਸੇਵਿਆ ਜਿਨ ਸੇਵਿਆ ਮੇਰਾ ਹਰਿ ‘ਜੀ’, ਤੇ ਹਰਿ ਹਰਿ ਰੂਪਿ ਸਮਾਸੀ॥ ਸੇ ਧੰਨੁ ਸੇ ਧੰਨੁ ਜਿਨ ਹਰਿ ਧਿਆਇਆ ‘ਜੀ’, ਜਨੁ ਨਾਨਕੁ ਤਿਨ ਬਲਿ ਜਾਸੀ॥੩॥’’ ਸੋ ਪੁਰਖੁ ਆਸਾ (ਮ: ੪/੧੧) (ਅਤੇ) ‘‘ਸੇ ਮੁਕਤੁ ਸੇ ਮੁਕਤੁ ਭਏ, ਜਿਨ੍ ਹਰਿ ਧਿਆਇਆ ‘ਜੀਉ’, ਤਿਨ ਟੂਟੀ ਜਮ ਕੀ ਫਾਸੀ॥ ਜਿਨ ਨਿਰਭਉ ਜਿਨ੍ ਹਰਿ ਨਿਰਭਉ ਧਿਆਇਆ ‘ਜੀਉ’, ਤਿਨ ਕਾ ਭਉ ਸਭੁ ਗਵਾਸੀ॥ ਜਿਨ੍ ਸੇਵਿਆ ਜਿਨ੍ ਸੇਵਿਆ ਮੇਰਾ ਹਰਿ ‘ਜੀਉ’, ਤੇ ਹਰਿ ਹਰਿ ਰੂਪਿ ਸਮਾਸੀ॥ ਸੇ ਧੰਨੁ ਸੇ ਧੰਨੁ, ਜਿਨ ਹਰਿ ਧਿਆਇਆ ‘ਜੀਉ’, ਜਨੁ ਨਾਨਕੁ ਤਿਨ ਬਲਿ ਜਾਸੀ॥੩॥’’ ਆਸਾ ਸੋ ਪੁਰਖ (ਮ: ੪/੩੪੮)

(2) ਜੇਕਰ ਪੰਜਵੇਂ ਪਾਤਿਸ਼ਾਹ ਜੀ ਨੇ ਹੀ ਇਹ ਸ਼ਬਦ ਦਰਜ ਕੀਤੇ ਹੁੰਦੇ ਤਾਂ (ਮ:੨) ਅਤੇ (ਮ:੩) ਦਾ ਇਕ ਵੀ ਸ਼ਬਦ ਰਹਰਾਸਿ ਵਿਚ ਸ਼ਾਮਲ ਕਿਉਂ ਨਹੀਂ ਕੀਤਾ ਗਿਆ?

ਸੋ, ਅਗਰ ਉਕਤ ਵੀਚਾਰ ਲਈ ਕੇਵਲ ਗੁਰਬਾਣੀ ਦੀ ਲਿਖਤ ਨੂੰ ਹੀ ਆਧਾਰ ਬਣਾਇਆ ਜਾਵੇ ਤਾਂ ਸਪੱਸ਼ਟ ਹੋ ਜਾਂਦਾ ਹੈ ਕਿ ਉਪਰੋਕਤ (ਰਹਿਰਾਸ) ਸ਼ਬਦਾਂ ਦੀ ਬਣਤਰ ’ਚ ਚੌਥੇ ਪਾਤਿਸਾਹ ਜੀ ਨੇ ਗੁਰੂ ਨਾਨਕ ਸਾਹਿਬ ਜੀ ਵਾਂਗ ਨਿਰਾਕਾਰ ਨੂੰ ਸੰਬੋਧਨ ਕਰਦੇ ਹੋਏ ਆਪਣੇ ਤਿੰਨੇ ਸ਼ਬਦ ਰਹਿਰਾਸ (ਨਿਤਨੇਮ) ’ਚ ਦਰਜ ਕਰਨ ਲਈ ਹੀ 2-2 ਵਾਰ ਲਿਖਤ ਦਾ ਭਾਗ ਬਣਾਏ ਭਾਵ ਸ਼ਾਮ ਦੇ ਨਿਤਨੇਮ (ਰਹਿਰਾਸ) ਦੀ ਬਣਤਰ ’ਚ ਵਾਧਾ ਕੀਤਾ ਸੀ।

ਉਪਰੋਕਤ ਗੁਰੂ ਨਾਨਕ ਦੇਵ ਜੀ ਦੁਆਰਾ ਦਰਜ ਆਪਣੇ ਚਾਰੋਂ ਸ਼ਬਦਾਂ ਦੇ ਅੰਤ ’ਚ ‘‘ਮਨ! ਏਕੁ ਨ ਚੇਤਸਿ, ਮੂੜ ਮਨਾ॥’’ (ਮ:੧) ਭਾਵ ਗੁਰੂ ਨਾਨਕ ਸਾਹਿਬ ਜੀ ਨੇ ਮਨ ਨੂੰ ਸੰਬੋਧਨ ਕਰਦੇ ਹੋਏ ਮਾਲਕ ਤੋਂ ਪ੍ਰਭਾਵਤ ਹੋਣ ਦੌਰਾਨ ਮਨ ਦੀ ਇਕਾਗਰਤਾ ਵਾਸਤੇ ਸਹਿਯੋਗ ਦੀ ਮੰਗ ਕੀਤੀ ਗਈ ਸੀ, ਨੂੰ ਅਗਾਂਹ ਵਧਾਉਂਦਿਆਂ ਪੰਜਵੇਂ ਪਾਤਿਸਾਹ ਜੀ ਨੇ ਕੇਵਲ ਮਨ ਨੂੰ ਸੰਬੋਧਨ ਕਰਦਿਆਂ ਆਪਣੇ 2 ਸ਼ਬਦ (‘ਸੋ ਦਰੁ’ ਅਤੇ ‘ਸੋ ਪੁਰਖੁ’ ਸਿਰਲੇਖਾਂ ਦੇ ਅਧੀਨ ਆਏ ਤਮਾਮ ਸ਼ਬਦਾਂ ਦੇ ਅਖ਼ੀਰ ’ਚ) ਕੇਵਲ ਮਨ ਦੇ ਪ੍ਰਥਾਏ ਹੀ ਇਉਂ ਦਰਜ ਕੀਤੇ ‘‘ਕਾਹੇ ਰੇ ਮਨ! ਚਿਤਵਹਿ ਉਦਮੁ, ਜਾ ਆਹਰਿ, ਹਰਿ ਜੀਉ ਪਰਿਆ॥’’ (ਮ:੫/੧੦) ਅਤੇ ‘‘ਭਈ ਪਰਾਪਤਿ ਮਾਨੁਖ ਦੇਹੁਰੀਆ॥ ਗੋਬਿੰਦ ਮਿਲਣ ਕੀ, ਇਹ ਤੇਰੀ ਬਰੀਆ ..॥੧॥ ਸਰੰਜਾਮਿ, ਲਾਗੁ ਭਵਜਲ ਤਰਨ ਕੈ॥ ਜਨਮੁ ਬ੍ਰਿਥਾ ਜਾਤ, ਰੰਗਿ ਮਾਇਆ ਕੈ ॥੧॥ ਰਹਾਉ॥’’

ਪਰ ਆਪਣੇ ਦੋਵੇਂ ਸ਼ਬਦਾਂ ਦੇ ਅਖ਼ੀਰ ’ਚ ਪੰਜਵੇਂ ਪਤਿਸ਼ਾਹ (ਗੁਰੂ ਅਰਜੁਨ ਦੇਵ ਜੀ) ਰਹਿਰਾਸ ਸਾਹਿਬ ਦੇ ਮੂਲ ਵਿਸ਼ੇ, ਨਿਰਾਕਾਰ ਤੋਂ ਪ੍ਰਭਾਵਤ ਹੋਣ ਵਾਲੇ (ਵਿਸ਼ੇ) ਨੂੰ ਇਉਂ ਦਰਜ ਕਰ ਰਹੇ ਹਨ ‘‘ਸਭਿ ਨਿਧਾਨ ਦਸ ਅਸਟ ਸਿਧਾਨ, ਠਾਕੁਰ ਕਰ ਤਲ ਧਰਿਆ॥ ਜਨ ਨਾਨਕ! ਬਲਿ ਬਲਿ, ਸਦ ਬਲਿ ਜਾਈਐ, ਤੇਰਾ ਅੰਤੁ ਨ ਪਾਰਾਵਰਿਆ॥੪॥੫’’ ਸੋ ਦਰੁ ਗੂਜਰੀ (ਮ:੫/੧੦) (ਅਤੇ) ‘‘ਜਪੁ ਤਪੁ ਸੰਜਮੁ ਧਰਮੁ ਨ ਕਮਾਇਆ॥ ਸੇਵਾ ਸਾਧ ਨ ਜਾਨਿਆ ਹਰਿ ਰਾਇਆ॥ ਕਹੁ ਨਾਨਕ! ਹਮ ਨੀਚ ਕਰੰਮਾ॥ ਸਰਣਿ ਪਰੇ ਕੀ, ਰਾਖਹੁ ਸਰਮਾ॥੨॥੪॥’’ ਸੋ ਪੁਰਖੁ ਆਸਾ (ਮ:੫/੧੨)

ਸੋ, ਗੁਰੂ ਅਰਜਨ ਦੇਵ ਜੀ ਵਲੋਂ ਵੀ ਪ੍ਰਭੂ ਜੀ ਤੋਂ ਪ੍ਰਭਾਵਤ ਹੋਣ ਵਾਲੇ ਵਿਸ਼ੇ ਨੂੰ ਆਧਾਰ ਬਣਾ ਕੇ ਅਤੇ ਮਾਲਕ ਦੀ ਉਸਤਤਿ ਕਰਨ ਦੌਰਾਨ ਮਨ ਦੀ ਇਕਾਗਰ ਦੇ ਪ੍ਰਤੀਕ ਵਜੋਂ ਮਨ ਨੂੰ ਸੰਬੋਧਨ ਕਰਨ ਵਾਲੇ ਆਪਣੇ ਦੋਵੇਂ ਸ਼ਬਦ ਦਰਜ ਕਰਨ ਤੋਂ ਉਪਰੰਤ ਸ਼ਾਮ ਦੀ ਰਹਿਰਾਸ ਦਾ ਸਰੂਪ 9 ਸ਼ਬਦ (5 ‘ਸੋ ਦਰੁ’ ਸਿਰਲੇਖ ਅਧੀਨ ਅਤੇ 4 ‘ਸੋ ਪੁਰਖੁ’ ਸਿਰਲੇਖ ਅਧੀਨ) ਬਣਾ ਦਿੱਤਾ ਜੋ ਕਿ ਅੱਜ ਤੱਕ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ ਨੰ. 8 ਤੋਂ 12 ਤੱਕ ਦਰਜ ਹੈ। ਇਹ ਨੌਂ ਸ਼ਬਦ (ਰਹਰਾਸਿ) 1604 ਈ. ਤੋਂ 1708 ਈ. ਤੱਕ ਘੱਟੋ-ਘੱਟ 104 ਸਾਲ ਤੱਕ ਪੜ੍ਹੀ ਜਾਣ ਵਾਲੀ ਸ਼ਾਮ ਦੀ ਬਾਣੀ ਸੀ।

ਪਹਿਲਾਂ ਵਿਚਾਰੇ ਗਏ ਵਿਸ਼ੇ ਅਨੁਸਾਰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਜੋਤੀ ਜੋਤ ਸਮਾਉਣ ਤੋਂ ਉਪਰੰਤ ਹੀ ਸਿੱਖ ਕੌਮ ’ਤੇ ਆਈਆਂ ਅਨੇਕਾਂ ਮੁਸੀਬਤਾਂ ਕਾਰਨ ਸਿੱਖ ਇਸ ਉਕਤ ਗੁਰੂ ਸਿਧਾਂਤ ਨੂੰ ਬਣਾਏ ਰੱਖਣ ਲਈ ਅਸਮਰੱਥ ਹੀ ਰਹੇ, ਜਿਸ ਕਾਰਨ ਸਹਿਜਧਾਰੀ ਤੇ ਮਨੂੰਵਾਦੀ ਸੋਚ ਨੇ ਉਪਰੋਕਤ ਸਿਧਾਂਤ ’ਤੇ ਸਹੀ ਪਹਿਰਾ ਨਾ ਦੇਣਾ ਅਤੇ ਸੋਚੀ ਸਮਝੀ ਨੀਤੀ ਕਾਰਨ ਰਹਰਾਸਿ ਸਾਹਿਬ ਦੀ ਬਾਣੀ ਦੇ ਕਈ ਸਰੂਪਾਂ (ਸ਼ਬਦਾਂ) ਦੇ ਅੱਜ ਤੱਕ ਦਰਸ਼ਨ ਕਰਨ ਨੂੰ ਮਿਲਦੇ ਹਨ।

ਅਕਤੂਬਰ 1931 ਤੋਂ 1945 ਤੱਕ ਸਿੱਖ ਸਮਾਜ ਦੀਆਂ ਤਮਾਮ ਜਥੇਬੰਦੀਆਂ ਨੇ ਮਿਲ ਕੇ ਗੁਰਮਤਿ ਸਿਧਾਂਤਾਂ ਦੇ ਰਹੁ-ਰੀਤ ਦਾ ਖਰੜਾ ਤਿਆਰ ਕਰਵਾ ਕੇ, ਅਕਾਲ ਤਖ਼ਤ ਸਾਹਿਬ ਤੋਂ ਸਿੱਖ ਕੌਮ ਦੀ ਏਕਤਾ ਲਈ ਲਾਗੂ ਕਰਵਾਇਆ ਤਾਂ ਜੋ ਸਿੱਖ ਸਮਾਜ ਗੁਰੂ ਨਾਨਕ ਦੇਵ ਜੀ ਦੇ ਸਿਧਾਂਤ ’ਤੇ ਪਹਿਰਾ ਦਿੰਦਾ ਹੋਇਆ ‘ਏਕੁ ਪਿਤਾ ਏਕਸ ਕੇ ਬਾਰਿਕ’ ਦਾ ਧਾਰਨੀ ਬਣਿਆ ਰਹੇ। ਜਿਸ ਨੂੰ ਅੱਜ ਸਿੱਖ ਸਮਾਜ ਵਿਚ ‘ਸਿੱਖ ਰਹਿਤ ਮਰਯਾਦਾ’ ਦੇ ਨਾਮ ਨਾਲ ਜਾਣਿਆ ਜਾਂਦਾ ਹੈ ਅਤੇ ਸ਼੍ਰੋਮਣੀ ਗੁ. ਪ੍ਰਬੰਧਕ ਕਮੇਟੀ, ਲੱਖਾਂ ਦੀ ਗਿਣਤੀ ਵਿਚ ਹਰ ਸਾਲ ਛਪਵਾ ਕੇ ਫ੍ਰੀ ਵੰਡਦੀ ਵੀ ਆ ਰਹੀ ਹੈ। ਉਸੇ ਸਿੱਖ ਰਹਿਤ ਮਰਯਾਦਾ ਦੇ ਪੰਨਾ ਨੰ. 9 ’ਤੇ ‘ਨਾਮ ਬਾਣੀ ਦਾ ਅਭਿਆਸ’ ਸਿਰਲੇਖ ਅਧੀਨ ਰਹਰਾਸਿ ਬਾਣੀ ਦਾ ਸਰੂਪ ਇਉਂ ਅੰਕਿਤ ਹੈ_ਸੋ ਦਰੁ ਰਹਰਾਸਿ : ਸ਼ਾਮ ਵੇਲੇ ਸੂਰਜ ਡੁੱਬੇ ਪੜ੍ਹਨੀ। ਇਸ ਵਿਚ ਇਹ ਬਾਣੀਆਂ ਸ਼ਾਮਲ ਹਨ: ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਚ ਲਿਖੇ ਨੌ ਸ਼ਬਦ (‘ਸੋ ਦਰੁ’ ਤੋਂ ਲੈ ਕੇ ‘ਸਰਣਿ ਪਰੇ ਕੀ ਰਾਖਹੁ ਸਰਮਾ’ ਤੱਕ), ਬੇਨਤੀ ਚੌਪਈ ਪਾਤਸ਼ਾਹੀ ੧੦ (ਹਮਰੀ ਕਰੋ ਹਾਥ ਦੈ ਰੱਛਾ’ ਤੋਂ ਲੈ ਕੇ ‘ਦੁਸਟ ਦੋਖ ਤੇ ਲੇਹੁ ਬਚਾਈ’) ਤੱਕ ਸ੍ਵੈਯਾ (‘ਪਾਂਇ ਗਹੇ ਜਬ ਤੇ ਤੁਮਰੇ’) ਅਤੇ ਦੋਹਰਾ (‘ਸਗਲ ਦੁਆਰ ਕਉ ਛਾਡਿ ਕੈ’) ਅਨੰਦ ਦੀਆਂ ਪਹਿਲੀਆਂ ਪੰਜ ਪਉੜੀਆਂ ਅਤੇ ਅੰਤਲੀ ਇਕ ਪਉੜੀ, ਮੁੰਦਾਵਣੀ ਤੇ ਸਲੋਕ ਮਹਲਾ ੫ ‘ਤੇਰਾ ਕੀਤਾ ਜਾਤੋ ਨਾਹੀ।’

ਗੁਰੂ-ਸਿਧਾਂਤ ਦਾ ਇਤਨਾ ਸਪੱਸ਼ਟ ਹੋਣਾ, ਭਾਈ ਗੁਰਦਾਸ ਜੀ ਦੁਆਰਾ ਉਸ ਦੀ ਪੁਸ਼ਟੀ ਕਰਨਾ, ਭਾਈ ਨੰਦ ਲਾਲ ਜੀ ਦੇ ਵਿਚਾਰ ਮੌਜੂਦ ਹੁੰਦਿਆਂ, ਸ੍ਰੀ ਅਕਾਲ ਤਖਤ ਸਾਹਿਬ ਜੀ ਤੋਂ ਪ੍ਰਮਾਣਿਤ ਸਿੱਖ ਰਹਿਤ ਮਰਯਾਦਾ ਦੇ ਸਪੱਸ਼ਟ ਸੰਕੇਤ ਹੋਣ ਦੇ ਬਾਵਜੂਦ ਵੀ ਅੱਜ ਸਿੱਖ ਸਮਾਜ ਵਿਚ ਸ਼ਾਮ ਨੂੰ ਪੜ੍ਹੀ ਜਾਣ ਵਾਲੀ ‘ਰਹਰਾਸਿ ਸਾਹਿਬ’ ਦੀ ਬਾਣੀ ਵਿਚ ਭਿੰਨਤਾ ਹੋਣੀ, ‘ਏਕੁ ਪਿਤਾ ਏਕਸ ਕੇ ਹਮ ਬਾਰਿਕ’॥ ਅਖਵਾਉਣ ਵਾਲੇ ਸਿੱਖ ਸਮਾਜ ਲਈ ਇਸ ਵਿਗਿਆਨਕ ਯੁੱਗ ਵਿਚ ਕੋਈ ਸ਼ੁੱਭ ਸੰਕੇਤ ਨਹੀਂ ਮੰਨੇ ਜਾ ਸਕਦੇ। ਵਰਤਮਾਨ ਸਮੇਂ ਦੀ ਵੱਡੀ ਰਹਰਾਸਿ ਵਿਚੋਂ ਮੈਂ ਕੁਝ ਕੁ ਹਵਾਲੇ ਪਾਠਕਾਂ ਸਾਹਮਣੇ ਰੱਖਣਾ ਚਾਹੁੰਦਾ ਹਾਂ ਤਾਂ ਕਿ ਪਾਠਕ-ਜਨ ਆਪ ਨਿਰਣਾ ਕਰ ਲੈਣ ਕਿ ਅਸੀਂ ਕਿੰਨਾ ਕੁ ਗੁਰੂ-ਸਿਧਾਂਤ ’ਤੇ ਪਹਿਰਾ ਦੇ ਰਹੇ ਹਾਂ : (1) ‘ਨੌ ਸ਼ਬਦ’ ਰਹਰਾਸਿ ਦੇ ਸੰਗ੍ਰਹਿ ਦੇ ਅਖੀਰ ਵਿਚ ਅਸੀਂ ਪੜ੍ਹਦੇ ਹਾਂ_‘ਜਪੁ ਤਪੁ ਸੰਜਮੁ ਧਰਮੁ ਨ ਕਮਾਇਆ, ਸੇਵਾ ਸਾਧ ਨ ਜਾਨਿਆ ਹਰਿ ਰਾਇਆ॥ ਕਹੁ ਨਾਨਕ ! ਹਮ ਨੀਚ ਕਰੰਮਾ, ਸਰਣਿ ਪਰੇ ਕੀ ਰਾਖਹੁ ਸਰਮਾ॥’’ ਭਾਵ_ਹੇ ਪ੍ਰਭੂ ਜੀਉ! ਮੈਂ ਜ਼ਿੰਦਗੀ ਦੌਰਾਨ ਕੋਈ ਨੇਕ ਕੰਮ ਨਹੀਂ ਕੀਤਾ ਪਰ ਹੁਣ ਮੈਂ ਤੁਹਾਡੀ ਸ਼ਰਨ ਵਿਚ ਆਇਆ ਹਾਂ, ਮੇਰੀ ਇੱਜ਼ਤ ਰੱਖਣਾ। ਇਸ ਸ਼ਬਦ ਤੋਂ ਅਗਲਾ ਸ਼ਬਦ ਛੋਟੀ ਰਹਿਰਾਸ ਸਾਹਿਬ ਪੜ੍ਹਨ ਵਾਲੇ ਗੁਰੂ ਪਿਆਰੇ ਪੜ੍ਹਦੇ ਹਨ ਕਿ ‘ਹਮਰੀ ਕਰੋ ਹਾਥ ਦੈ ਰੱਛਾ॥ ਪੂਰਨ ਹੋਇ ਚਿਤ ਕੀ ਇੱਛਾ॥’ ਭਾਵ_ਹੇ ਪ੍ਰਭੂ ਜੀਉ! ਕਿਰਪਾ ਕਰਕੇ ਮੇਰੀ ਆਪ ਜੀ ਦੇ ਚਰਨਾਂ ਵਿਚ ਜੁੜਨ ਵਾਲੀ ਜੋ ਤਾਂਘ ਹੈ ਉਹ ਪੂਰੀ ਹੋ ਜਾਵੇ ਪਰ ਵੱਡੀ ਰਹਿਰਾਸ ਪੜ੍ਹਨ ਵਾਲੇ ਵੀਰ ਇਹਨਾਂ ਦੋਵਾਂ ਸ਼ਬਦਾਂ ਦੇ ਵਿਚਕਾਰ ਦੋ ਸ਼ਬਦ ਹੋਰ ਵੀ ਪੜ੍ਹਦੇ ਹਨ ਜਿਵੇਂ ਕਿ ‘ਪੁਨਿ ਰਾਛਸ ਕਾ ਕਾਟਾ ਸੀਸਾ॥ ਸ੍ਰੀ ਅਸਿਕੇਤੁ ਜਗਤ ਕੇ ਈਸਾ॥’ ਭਾਵ ਫਿਰ ਜਗਤ ਦੇ ਮਾਲਕ ਅਸਿਕੇਤ ਨੇ ਰਾਖਸ਼ ਦਾ ਸੀਸ ਕੱਟ ਦਿੱਤਾ।

ਹੁਣ ਪਾਠਕ-ਜਨ ਨਿਰਣਾ ਆਪ ਕਰਨ ਕਿ ਉਪਰੋਕਤ ਦੋਵੇਂ ਸ਼ਬਦ ਪ੍ਰਭੂ ਜੀ ਨੂੰ ਸੰਬੋਧਨ ਰੂਪ ਵਿਚ ਆਪਣੇ ਮਨੋਂ ਪ੍ਰਭੂ ਜੀ ਨਾਲ ਪਈ ਦੂਰੀ ਦਾ ਜ਼ਿਕਰ ਹੈ ਤਾਂ ਜੋ ਪ੍ਰਭੂ ਕਿਰਪਾ ਕਰਕੇ ਇਹ ਦੂਰੀ ਮਿਟਾ ਦੇਵੇ ਪਰ ਵੱਡੀ ਰਹਿਰਾਸ ਪੜ੍ਹਨ ਵਾਲਿਆਂ ਵੱਲੋਂ ਪੜ੍ਹੇ ਜਾਣ ਵਾਲੇ ਇਸ ਹੇਠਲੇ ਸ਼ਬਦ ਵਿਚ ਅਸਕੇਤ ਰਾਖਸ਼ ਦਾ ਸੀਸ ਕੱਟਿਆ ਜਾ ਰਿਹਾ ਹੈ। ਕੀ ਇਹ ਸਿਧਾਂਤ ਉਪਰੋਕਤ ਸਿਧਾਂਤ ਨਾਲ ਮੇਲ ਖਾਂਦਾ ਹੈ?

ਗੁਰੂ ਨਾਨਕ ਸਾਹਿਬ ਜੀ ਦੁਆਰਾ ਗੁਰੂ ਗ੍ਰੰਥ ਸਾਹਿਬ ਜੀ ’ਚ ਤਿੰਨ ਵਾਰ ਦਰਜ ਸ਼ਬਦ ‘ਸੋ ਦਰੁ ਤੇਰਾ ਕੇਹਾ’ ਰਾਹੀਂ ਸਾਰੇ ਦੇਵੀ-ਦੇਵਤਿਆਂ ਨੂੰ ਮਾਲਕ ਦੇ ਗੁਣ ਗਾਉਣ ਵਾਲੀ ਭਾਵਨਾ ਦਰਜ ਕਰਨੀ, ਆਕਾਰ ਦੇ ਪ੍ਰਭਾਵ ਤੋਂ ਮੁਕਤ ਕਰਨਾ ਸੀ, ਪਰ ਇੱਥੇ ਫਿਰ ਅਸਕੇਤ ਦੁਆਰਾ ਰਾਖਸ਼ ਨੂੰ ਮਾਰਨ ਉਪਰੰਤ ਅਸਕੇਤ (ਆਕਾਰ) ਤੋਂ ਪ੍ਰਭਾਵਤ ਹੋਇਆ ਜਾ ਰਿਹਾ ਹੈ।

ਉਪਰੋਕਤ ਸ਼ਬਦ ‘ਹਮਰੀ ਕਰੋ ਹਾਥ ਦੈ ਰੱਛਾ’ ਅਤੇ ‘ਪੁਨਿ ਰਾਛਸ ਕਾ…..’ ਵਾਲਾ ਸ਼ਬਦ ਦਸਮ ਗ੍ਰੰਥ ਵਿਚ ਦਰਜ ਰਚਨਾ ‘ਚਰਿਤ੍ਰੋ ਪਾਖਿਆਨ’ ਵਿਚ ਤ੍ਰੀਆ ਚਰਿਤ੍ਰ (ਭਾਵ ਔਰਤ ਦੇ 403 ਚਰਿੱਤਰ) ਦੇ ਵਰਨਣ ਦਾ ਭਾਗ ਹੈ, ਵਿਚ ‘ਹਮਰੀ ਕਰੋ ਹਾਥ…। ਵਾਲਾ ਸ਼ਬਦ 377 ਚਰਿਤ੍ਰ ਹੈ ਜਦਕਿ ‘ਪੁਨਿ ਰਾਛਸ’ ਵਾਲਾ ਸ਼ਬਦ 375 ਵਾਲਾ ਚਰਿਤ੍ਰ ਹੈ ਜਦਕਿ ਇਸੇ ਰਚਨਾ ਦਾ ਪਹਿਲਾ ਚਰਿਤ੍ਰ ‘ਸਤਿ ਸੰਧਿ ਇਕ ਭੂਪ ਭਨਿਜੈ॥ ਪ੍ਰਥਮ ਸਤਿਜੁਗ ਬੀਚ ਕਹਿਜੈ॥’’ ਭਾਵ_ਸਤਿਸੰਧਿ ਦਾ ਰਾਜਾ ਸਤਿਯੁਗ ਵਿਚ ਹੋਇਆ ਕਹੀਦਾ ਹੈ ਜਿਸ ਦਾ ਯਸ਼ ਚੌਦਾਂ ਲੋਕਾਂ ਵਿਚ ਹੁੰਦਾ ਸੀ, ਨੇ ਨਾਰਦ ਰਿਸ਼ੀ ਨੂੰ ਆਪਣੇ ਕੋਲ ਬੁਲਾਇਆ।

ਇਹਨਾਂ ਤਮਾਮ ਸ਼ਬਦਾਂ ਵਿਚ ਆਕਾਰ ਰੂਪੀ ਰਾਜੇ ਦੀ ਮਹਿਮਾ ਹੈ ਜਦਕਿ ‘ਨੌ ਸ਼ਬਦ’ ਰਹਿਰਾਸ ਵਿਚ ਕੇਵਲ ਨਿਰਾਕਾਰ ਪ੍ਰਭੂ ਜੀ ਦੀ ਵਡਿਆਈ ਕਰਨ ਦਾ ਜ਼ਿਕਰ ਆਉਂਦਾ ਹੈ ਪਾਠਕ ਜਨ ਆਪ ਨਿਰਣੈ ਕਰਣ, ਕਿ ਕਿਹੜੀ ਸੰਸਥਾ ਗੁਰੂ-ਸਿਧਾਂਤ ’ਤੇ ਕਿੰਨਾ ਕੁ ਸਹੀ ਪਹਿਰਾ ਦੇ ਰਹੀ ਹੈ। ਛੋਟੀ ਰਹਰਾਸਿ ਸਾਹਿਬ ਪੜ੍ਹਨ ਵਾਲੇ ਵੀਰ ‘ਤ੍ਰੀਆ ਚਰਿਤ੍ਰ’ ਦੇ ਚਰਿਤ੍ਰ ਨੰ. 377 ਤੋਂ 401 ਤੱਕ ਕੁਲ 25 ਚਰਿਤ੍ਰ ਪੜ੍ਹਦੇ ਹਨ ਜਦਕਿ ਵੱਡੀ ਰਹਰਾਸਿ ਪੜ੍ਹਨ ਵਾਲੇ ਵੀਰ ਦੋ ਚਰਿਤ੍ਰ ਹੋਰ ‘ਕ੍ਰਿਪਾ ਕਰੀ ਹਮ ਪਰ ਜਗਮਾਤਾ। ਗ੍ਰੰਥ ਕਰਾ ਪੂਰਨ ਸ਼ੁਭਗਤਾ’ (੪੦੨) ਅਤੇ ‘ਸ੍ਰੀ ਅਸਿਧੁਜ ਜਬ ਭਏ ਦਯਾਲਾ। ਪੂਰਨ ਕਰਾ ਗ੍ਰੰਥ ਤਤਕਾਲਾ।’ (੪੦੩ ਚਰਿਤ੍ਰ) ਆਦਿ ਪੜ੍ਹਨ ਵਾਲਿਆਂ ਨੇ ਗੁਰੂ ਨਾਨਕ ਦੇਵ ਜੀ ਤੋਂ ਚੱਲੀ ਆ ਰਹੀ ਸ਼ਾਮ ਦੀ ਬਾਣੀ ਦਾ ਸਿਧਾਂਤਕ ਰੂਪ ਹੀ ਬਦਲ ਦਿੱਤਾ।

ਗੁਰਬਾਣੀ ਵਿਚੋਂ ਵੀ ਕੁਝ ਉਹ ਸ਼ਬਦ ਪੜ੍ਹੇ ਜਾਂਦੇ ਹਨ ਜਿਨ੍ਹਾਂ ਨੂੰ ਪੰਜਵੇਂ ਪਾਤਿਸ਼ਾਹ ਜੀ ਦੇ ਸਮੇਂ ਉਨ੍ਹਾਂ ਕੋਲ ਮੌਜੂਦ ਹੋਣ ਦੇ ਬਾਵਜੂਦ ਵੀ ‘ਨੌ ਸ਼ਬਦਾਂ’ ਦੇ ਸੰਗ੍ਰਹਿ ਵਿਚ ਸ਼ਾਮਲ ਨਹੀਂ ਕੀਤਾ ਗਿਆ ਸੀ ਜਿਵੇਂ ਕਿ ‘ਹਰਿ ਜੁਗੁ ਜੁਗੁ ਭਗਤ ਉਪਾਇਆ॥ (ਮ:੪/੪੫੧), ‘ਦੁਖੁ ਦਾਰੂ ਸੁਖੁ ਰੋਗੁ ਭਇਆ॥ (ਮ:੧/੪੬੯), ‘ਅੰਤਰਿ ਗੁਰੁ ਆਰਾਧਣਾ, ਜਿਹਵਾ ਜਪਿ ਗੁਰ ਨਾਉ॥ (ਮ:੫/੫੧੭), ਰਖੇ ਰਖਣਹਾਰਿ ਆਪਿ ਉਬਾਰਿਅਨੁ॥ (ਮ:੫/੫੧੭) ਆਦਿਕ ਸ਼ਬਦਾਂ ਨੂੰ ਰਹਿਰਾਸ ਦਾ ਭਾਗ ਬਣਾ ਕੇ ਸਿੱਖ ਕੌਮ ਦੀ ਏਕਤਾ ਲਈ ਖਤਰਾ ਖੜ੍ਹਾ ਕਰਨ ਦਾ ਯਤਨ ਕੀਤਾ ਜਾ ਰਿਹਾ ਹੈ। ਜਿਸ ਨੂੰ ਗੁਰਮਤਿ ਵਿਰੋਧੀ ਸਮਾਜ ਦੀ ਸਾਜ਼ਿਸ਼ (ਚਾਲ) ਮੰਨੀ ਜਾ ਸਕਦੀ ਹੈ।

ਗੁਰੂ ਗ੍ਰੰਥ ਸਾਹਿਬ ਜੀ ਦੇ ਤਾਂ ਸਪੱਸ਼ਟ ਸੰਕੇਤ ਹਨ, ‘‘ਤੂੰ ਆਦਿ ਪੁਰਖੁ ਅਪਰੰਪਰੁ ਕਰਤਾ ਜੀ, ਤੁਧੁ ਜੇਵਡੁ ਅਵਰੁ ਨ ਕੋਈ॥’’ ਮ:੪ ‘ਸੋ ਦਰੁ’। ਭਾਵ ਜਦ ਮਾਲਕ ਦੀ ਸ਼ਕਤੀ ਦੇ ਮੁਕਾਬਲੇ ਸਭ ਸ਼ਕਤੀਆਂ ਤੁਛ ਹੀ ਹਨ ਤਾਂ ਇਨ੍ਹਾਂ ਦੇਵੀ-ਦੇਵਤਿਆਂ ਦੀ ਸ਼ਕਤੀ ਤੋਂ ਪ੍ਰਭਾਵਤ ਕਿਉਂ ਹੋਈਏ? ਪਰ ਕੁਝ ਬਿਪਰ (ਮੰਨੂੰ) ਵਾਦੀ ਸੋਚ, ਜਿਨ੍ਹਾਂ ਨੇ ਸਦੀਆਂ ਤੋਂ ਸਮਾਜ ਨੂੰ ਜਾਤ-ਪਾਤ, ਵਰਣ-ਆਸ਼ਰਮ, ਵਹਿਮਾਂ-ਭਰਮਾਂ ’ਚ ਪਾ ਕੇ ਸਮਾਜ ਦੀ ਏਕਤਾ ਦਾ ਵਿਰੋਧ ਕੀਤਾ ਹੈ ਅਤੇ ਨਿਰਾਕਾਰ ਦੀ ਪੂਜਾ ਕਰਨ ਤੋਂ ਤੋੜ (ਰੋਕ) ਕੇ ਨਾ-ਸਮਝ ਸਮਾਜ ਨੂੰ ਆਕਾਰ ਦੀ ਪੂਜਾ ਕਰਵਾਉਣ ਵੱਲ ਪ੍ਰੇਰਨਾ ਹੈ। ਸ਼ਾਇਦ, ਅੱਜ ਉਹੀ ਵਰਗ ਸਿੱਖੀ ਸਰੂਪ ਵਿਚ ਸਾਡੀਆਂ ਪ੍ਰਚਾਰਕ ਸੰਸਥਾਵਾਂ ਤੱਕ ਪਹੁੰਚ ਬਣਾ ਚੁੱਕਿਆ ਹੈ। ਜ਼ਰੂਰਤ ਹੈ, ਇਸ ਵਰਗ ਦੀ ਪਹਿਚਾਣ ਕਰਕੇ ਸਿੱਖੀ ਵਿਹੜੇ ਦੀ ਸਫਾਈ ਕੀਤੀ ਜਾਵੇ।

ਸ੍ਰੀ ਦਰਬਾਰ ਸਾਹਿਬ ਅੰਮਿ੍ਰਤਸਰ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੇ ਵਿਚਕਾਰ ਝੂਲਦੇ ਦੋ ਲੰਬੇ-ਉੱਚੇ ਨਿਸ਼ਾਨ ਸਾਹਿਬ ਤੋਂ ਸਾਨੂੰ ਕੁਝ ਕੁ ਇਸ਼ਾਰੇ (ਸੰਕੇਤ) ਮਿਲਦੇ ਹਨ, ਜੇਕਰ ਉਨ੍ਹਾਂ ਉੱਤੇ ਅਮਲ ਕੀਤਾ ਜਾਵੇ ਤਾਂ ਸਿੱਖ ਸਮਾਜ ਵਿਚ ਏਕਤਾ ਆ ਸਕਦੀ ਹੈ। ਉਹ ਇਸ਼ਾਰੇ ਹਨ ਕਿ ਸ੍ਰੀ ਦਰਬਾਰ ਸਾਹਿਬ ਜੀ (ਪੀਰੀ) ਵੱਲ ਵਾਲਾ ਨਿਸ਼ਾਨ ਸਾਹਿਬ ਸ੍ਰੀ ਅਕਾਲ ਤਖਤ ਸਾਹਿਬ (ਮੀਰੀ) ਵਾਲੇ ਨਿਸ਼ਾਨ ਸਾਹਿਬ ਤੋਂ ਉੱਚਾ ਹੈ ਭਾਵ- ਮੀਰੀ ਨੂੰ ਪੀਰੀ ਦੇ ਅਧੀਨ ਰੱਖਿਆ ਜਾਵੇ। ਮੌਜੂਦਾ ਸਮੇਂ ਵਿਚ ਸਭ ਕੁਝ ਇਸ ਦੇ ਵਿਪਰੀਤ (ਵੋਟ ਸ਼ਕਤੀ ਨੂੰ ਬਣਾਏ ਰੱਖਣ ਲਈ ਹੀ) ਹੋ ਰਿਹਾ ਹੈ, ਜ਼ਰੂਰਤ ਹੈ ਵਿਵੇਕੀ ਗੁਰੂ-ਪਿਆਰਿਆਂ ਨੂੰ ਇਕ ਹੋਰ ਲਹਿਰ ਲਈ ਅੱਗੇ ਆਉਣ ਦੀ, ਤਾਂ ਜੋ ‘‘ਮਾਰਿਆ ਸਿਕਾ ਜਗਤ ਵਿਚਿ, ਨਾਨਕਿ ਨਿਰਮਲ ਪੰਥ ਚਲਾਇਆ॥’’ ਭਾਈ ਗੁਰਦਾਸ ਜੀ ਅਨੁਸਾਰ ਨਿਰਮਲ ਪੰਥ (ਖਾਲਸਾ) ਦੀ ਵਿਲੱਖਣਤਾ ਨੂੰ ਸਦੀਵੀ ਕਾਇਮ ਰੱਖਿਆ ਜਾ ਸਕੇ।

ਅੰਤ ਵਿੱਚ ਮੈਂ ਇਹੀ ਸੁਝਾਵ ਸਮੂਹ ਪੰਥਕ ਜਥੇਦੀਆਂ ਦੇ ਸਾਹਮਣੇ ਰੱਖਣਾ ਚਾਹਾਂਗਾ ਕਿ ਗੁਰੂ ਸਾਹਿਬਾਨਾਂ ਜੀ ਵੱਲੋਂ ਅਪਣਾਈ ਗਈ ‘‘ਏਕੁ ਪਿਤਾ ਏਕਸ ਕੇ ਹਮ ਬਾਰਿਕ॥’’ ਰੂਪੀ ਭਾਵਨਾ ਵਾਲੀ ਯੁਕਤੀ ਨੂੰ ਮੁਖ ਰੱਖਦਿਆਂ ਸਾਨੂੰ ਵਰਤਮਾਨ ’ਚ ਅਕਾਲ ਤਖ਼ਤ ਸਾਹਿਬ ਤੋਂ ਲਾਗੂ ਕੀਤੀ ਗਈ ‘ਸਿੱਖ ਰਹਿਤ ਮਰਿਆਦਾ’ ’ਤੇ ਤਦ ਤੱਕ ਪੂਰਨ ਤੌਰ ’ਤੇ ਪਹਿਰਾ ਦੇਣਾ ਚਾਹੀਦਾ ਹੈ ਜਦ ਤੱਕ ਸਮੂਹ ਪੰਥਕ ਜਥੇਬੰਦੀਆਂ ਦੁਬਾਰਾ ਮਿਲ ਬੈਠ ਕੇ ਗੁਰੂ ਯੁਕਤੀ ਅਤੇ ਜ਼ਮੀਨੀ ਹਾਲਾਤਾਂ ਨੂੰ ਸਾਹਮਣੇ ਰੱਖ ਕੇ ਕੋਈ ਨਵੀਂ ਸਾਂਝੀ ਪੰਥਕ ਮਰਿਆਦਾ ਲਾਗੂ ਨਹੀਂ ਕਰਦੀਆਂ। ਇਹ ਵੀ ਸੱਚ ਹੈ ਕਿ ਕੁਝ ਸੁਆਰਥੀ ਲੋਕ ਅਤੇ ਪੰਥ ਦੋਖੀ ਸਾਨੂੰ ਮਿਲ ਬੈਠਣ ਵਾਲਾ ਮੰਚ ਮੁਹੱਈਆ ਕਰਨ ਨਹੀਂ ਦੇਣਗੇ।

ਵੱਡੀ ਰਹਿਰਾਸ ਪੜ੍ਹਨ ਦੇ ਹਮਾਇਤੀ ਵੀਰ ਸੰਗਤਾਂ ਨੂੰ ਇਹ ਕਹਿ ਕੇ ਹੋਰ ਗੁਮਰਾਹ ਕਰ ਰਹੇ ਹਨ ਕਿ ਕੁਝ ਸੱਜਣ ਸਾਨੂੰ ਵੱਧ ਬਾਣੀ ਪੜ੍ਹਨ ਤੋਂ ਇਸ ਲਈ ਵਰਜ ਰਹੇ ਹਨ ਕਿਉਂਕਿ ਉਹ ਖੁਦ ਸਾਡੀ ਤਰ੍ਹਾਂ ਗੁਰੂ ਦਾ ਸਤਿਕਾਰ ਨਹੀਂ ਕਰਦੇ, ਵੱਧ ਬਾਣੀ ਨਹੀਂ ਪੜ੍ਹਦੇ।

ਅਸੀਂ ਰੌਜ਼ਾਨਾ ਅਰਦਾਸ ਰਾਹੀਂ ਆਪਣੀਆਂ ਪਿਛਲੀਆਂ ਗ਼ਲਤੀਆਂ ਦੀ ਭੁੱਲ ਬਖ਼ਸ਼ਾਉਂਦੇ ਹੋਏ ਅਗਾਂਹ ਲਈ ਸੁਧਾਰ ਕਰਨ ਦੀ ਕਸਮ ਖਾਂਦੇ ਹਾਂ ਪਰ ਹੇ ਨਾਨਕ ਜੀਓ! ਕੀ ਇਹ ਗੰਗੂ ਬ੍ਰਾਹਮਣ ਦੀ ਔਲਾਦ ਕਦੇ ਸੁਧਰੇਗੀ ?