‘ਗੁਰੂ ਸਰੀਰ, ਗੁਰੂ ਗਿਆਨ ਤੇ ਗੁਰੂ ਜੋਤਿ’ ਦੀ ਅਹਿਮੀਅਤ

0
696

‘ਗੁਰੂ ਸਰੀਰ, ਗੁਰੂ ਗਿਆਨ ਤੇ ਗੁਰੂ ਜੋਤਿ’ ਦੀ ਅਹਿਮੀਅਤ

ਪਿਛਲਾ ਲੇਖ ‘ਗੁਰ ਪ੍ਰਸਾਦਿ ਸ਼ਬਦ ਨਾਲ ਹੋ ਰਿਹਾ ਅਨਿਆਇ’ ਨੂੰ ਪੜ੍ਹਨ ਤੋਂ ਉਪਰੰਤ ਕੁਝ ਗੁਰੂ ਪਿਆਰਿਆਂ ਨੇ ਇਹ ਭਾਵਨਾ ਵਿਅਕਤ ਕੀਤੀ ਹੈ ਕਿ ਗੁਰਬਾਣੀ ਲਿਖਤ (ਵਿਆਕਰਨ) ਅਨੁਸਾਰ ਇਹ ਤਾਂ ਸਪੱਸ਼ਟ ਹੋ ਰਿਹਾ ਹੈ ਕਿ ‘ਗੁਰ ਪ੍ਰਸਾਦਿ’ ਸ਼ਬਦ ਦਾ ਅਰਥ, ‘ਗੁਰੂ ਦੀ ਕ੍ਰਿਪਾ ਦੁਆਰਾ’ ਹੀ ‘ੴ’ ਮਿਲਦਾ ਹੈ ਪਰ ‘ਕੀ ਗੁਰੂ ਜੀ ਦੀ ਕ੍ਰਿਪਾ ਗੁਰਬਾਣੀ ਪੜ੍ਹਨ, ਸਮਝਣ ਤੇ ਵੀਚਾਰਨ ਨੂੰ ਆਖਦੇ ਹਨ?’ ਇਸ ਸਵਾਲ ਦੇ ਜਵਾਬ ਨੂੰ ਵੀਚਾਰਨ ਹੀ ਇਸ ਲੇਖ ਦਾ ਵਿਸ਼ਾ ਬਣਾਇਆ ਗਿਆ ਹੈ।

‘ਧਰਮ’ ਸ਼ਬਦ ਦਾ ਅਰਥ ਕੋਸ਼ਾਂ ’ਚ ‘ਧਾਰਨ ਕਰਨ ਯੋਗ’ ਲਿਖਿਆ ਮਿਲਦਾ ਹੈ। ‘ਧਰਮ’ ਨਾਲ ਜੁੜਨ ਦਾ ਮੂਲ ਸ੍ਰੋਤ ਸ਼ਬਦ ਆਸਥਾ (ਸ਼ਰਧਾ) ਮੰਨੀ ਜਾਂਦੀ ਹੈ, ਆਸਥਾ ਹਮੇਸ਼ਾਂ ਅਦ੍ਰਿਸ਼ਟ (ਜੋ ਪੰਜ ਗਿਆਨ ਇੰਦ੍ਰਿਆਂ ਦੀ ਪਕੜ ’ਚ ਨਾ ਆਉਣ) ਵਿਸ਼ਿਆਂ ’ਤੇ ਹੀ ਬਣਾਉਣੀ ਜਾਇਜ਼ ਹੋ ਸਕਦੀ ਹੈ ਕਿਉਂਕਿ ‘‘ਦ੍ਰਿਸਟਿਮਾਨ ਹੈ ਸਗਲ ਬਿਨਾਸੀ.. ॥ (ਮ:੫/੧੨੦੪) ਦ੍ਰਿਸ਼ਟਮਾਨ ਵਿਸ਼ਿਆਂ ’ਤੇ ਆਸਥਾ ਬਣਾਉਣਾ ਹੀ ਅੰਧਵਿਸਵਾਸ਼ ਅਖਵਾਉਂਦਾ ਹੈ। ਇੱਕ ਤਾਰਾ ਵਿਗਿਆਨੀ ਜਾਂ ਜੀਵ ਵਿਗਿਆਨੀ ਬ੍ਰਹਮੰਡ ਅਤੇ ਕੁਦਰਤ ਦੇ ਜੀਵਾਂ ਦੀ ਖੋਜ, ਆਸਥਾ (ਸ਼ਰਧਾ) ਦੇ ਆਧਾਰ ’ਤੇ ਨਹੀਂ ਕਰਦਾ ਬਲਕਿ ਖੋਜ (ਤਰਕ) ਦੇ ਆਧਾਰ ’ਤੇ ਕਰਦਾ ਹੈ ਕਿਉਂਕਿ ਇਨ੍ਹਾਂ ਦਾ ਦਾਇਰਾ ਪੰਜ ਗਿਆਨ ਇੰਦ੍ਰਿਆਂ ਦੀ ਸਮਝ ਤੱਕ ਸੀਮਤ ਹੁੰਦਾ ਹੈ ਅਤੇ ਆਕਾਰ ਦੀ ਬਣਤਰ ਵੀ ਪੰਜ ਤੱਤਾਂ ਤਕ ਸਿਮਟ ਜਾਂਦੀ ਹੈ। ਗੁਰੂ ਨਾਨਕ ਸਾਹਿਬ ਜੀ ਦ੍ਰਿਸ਼ਟਮਾਨ ਅਤੇ ਅਦ੍ਰਿਸ਼ਟ ਵਿਸ਼ਿਆਂ ਪ੍ਰਤੀ ਧਾਰੀ ਆਸਥਾ ਨੂੰ ਇਉਂ ਬਿਆਨ ਕਰ ਰਹੇ ਹਨ ‘‘ਖੋਟੇ ਕਉ ਖਰਾ ਕਹੈ, ਖਰੇ ਸਾਰ ਨ ਜਾਣੈ॥’’ (ਮ:੧/੨੨੯), ‘‘ਮੂਲੁ ਛੋਡਿ ਡਾਲੀ ਲਗੇ, ਕਿਆ ਪਾਵਹਿ ਛਾਈ॥ (ਮ:੧/੪੨੦) ਭਾਵ ਅਸਲ ਨਿਰਾਕਾਰ ’ਤੇ ਆਸਥਾ ਬਣਾਉਣ ਦੀ ਬਜਾਏ ਆਕਾਰ (ਟਹਿਣੀਆਂ) ’ਤੇ ਆਸਥਾ ਬਣਾਉਣ ਨਾਲ ਕੀ ਸੁਆਹ ਪ੍ਰਾਪਤ ਕਰਨਗੇ? ਕਿਉਂਕਿ ਇਸ ਤਰ੍ਹਾਂ ਆਕਾਰ ’ਤੇ ਆਸਥਾ ਰੱਖਣ ਨਾਲ ਅਸਲ ਮੂਲ (ਆਕਾਰ ਦਾ ਸ੍ਰੋਤ) ਛੋਟਾ ਅਤੇ ਆਕਾਰ; ਮੇਰੂ ਪਰਬਤ ਵਾਂਗ ਵੱਡਾ ਪ੍ਰਤੀਤ ਹੋਣ ਲੱਗ ਜਾਂਦਾ ਹੈ ‘‘ਕੀਤੇ ਕਉ ਮੇਰੈ ਸੰਮਾਨੈ, ਕਰਣਹਾਰੁ ਤ੍ਰਿਣੁ ਜਾਨੈ॥ (ਮ:੫/੬੧੩) ਭਾਵ ਆਕਾਰ ਨੂੰ ਮੇਰੂ ਪਰਬਤ ਬਣਾ ਲਿਆ ਪਰ ਜਿਸ ਨੇ ਇਹ ਆਕਾਰ ਬਣਾਇਆ ਸੀ ਉਹ ਘਾਹ ਦੇ ਤੀਲੇ ਵਾਂਗ ਛੋਟਾ ਪ੍ਰਤੀਤ ਹੋਣ ਲੱਗ ਪਿਆ ਇਸ ਲਈ ਦੁਨਿਆਵੀ ਲੋਕ ਆਕਾਰ ਦੀ ਸ਼ਕਤੀ ਨੂੰ ਹੀ ਵੱਡਾ ਮੰਨ ਕੇ ਉਸ ਤੋਂ ਪ੍ਰਭਾਵਤ ਹੋਣ ਲੱਗ ਗਏ, ਆਸਥਾ ਧਾਰਨ ਲੱਗ ਪਏ। ਆਸਥਾ ਧਾਰਨਾ ਹੀ ‘ਧਰਮ’ ਹੈ ਜਿਸ ਕਾਰਨ ਆਕਾਰ ਦੀ ਪੂਜਾ ਕਰਨੀ ‘ਧਰਮ’ ਬਣ ਗਿਆ।

ਗੁਰੂ ਨਾਨਕ ਸਾਹਿਬ ਜੀ ਅਨੁਸਾਰ ਰੱਬ; ਸਰਗੁਣ ਰੂਪ ’ਚ ਸਰਬ ਵਿਆਪਕ ਜੋਤਿ ਦੇ ਆਧਾਰ ’ਤੇ ਮੌਜੂਦ ਹੈ ‘‘ਸਭ ਮਹਿ ਜੋਤਿ, ਜੋਤਿ ਹੈ ਸੋਇ॥’’ ਸੋਹਿਲਾ (ਮ:੧/੧੩) ਗੁਰੂ ਨਾਨਕ ਦੇਵ ਜੀ ਦਾ ਸੰਸਾਰ ’ਚ ਆਗਮਨ ‘‘ਜਨਮ ਮਰਣ ਦੁਹਹੂ ਮਹਿ ਨਾਹੀ, ਜਨ ਪਰਉਪਕਾਰੀ ਆਏ॥’’ (ਮ:੫/੭੪੯) ਵਾਲੀ ਭਾਵਨਾ ਨੂੰ ਦਰਸਾਉਂਦਾ ਹੈ ਕਿਉਂਕਿ ਗੁਰੂ ਅਮਰਦਾਸ ਜੀ ਦਾ ਫ਼ੁਰਮਾਨ ਹੈ ਕਿ ‘‘ਜਨਮ ਜਨਮ ਕੀ ਇਸੁ ਮਨ ਕਉ ਮਲੁ ਲਾਗੀ, ਕਾਲਾ ਹੋਆ ਸਿਆਹੁ॥’’ (ਮ:੩/੬੫੧) ਭਾਵ ਜਨਮ ਮਰਨ ਇੱਕ ਵਿਕਾਰ ਭਾਵਨਾ ਦੀ ਉਪਜ ਹੈ ਜਿਸ ਵਿੱਚੋਂ ਗੁਰੂ ਨਾਨਕ ਸਾਹਿਬ ਜੀ ਨਹੀਂ ਆਏ, ਨਹੀਂ ਪਧਾਰੇ। ਇਸ ਵਾਕ ’ਚ ‘ਮਨ’ ਸ਼ਬਦ ਦਾ ਅਰਥ ਅੰਤਹਕਰਣ ਹੈ, ਨਾ ਕਿ ਸੰਕਲਪ ਤੇ ਵਿਕਲਪ ਦਾ ਸੰਗਰਹਿ ਰੂਪ ‘ਮਨ’। ‘ਮਹਾਨ ਕੋਸ਼’ ਅਨੁਸਾਰ ਅੰਤਹਕਰਣ ਇੱਕ ਉਹ ਇੰਦ੍ਰੀ ਹੈ ਜਿਸ ਦੇ ਸੰਜੋਗ ਨਾਲ ਬਾਹਰਲੀਆਂ ਚਾਰ ਇੰਦ੍ਰੀਆਂ ਕੰਮ ਕਰਦੀਆਂ ਹਨ।

(1). ਮਨ ਭਾਵ ਸੰਕਲਪ (ਇੱਕ ਮਨੋਰਥ, ਇੱਕ ਖਿਆਲ ਆਦਿ) ਅਤੇ ਵਿਕਲਪ (ਕਈ ਖਿਆਲ, ਸੰਦੇਹ, ਸ਼ੱਕ ਆਦਿ) ਫੁਰਨੇ ਪੈਦਾ ਕਰਨ ਵਾਲਾ ਇੰਦ੍ਰਾ।

(2). ਬੁਧਿ ਭਾਵ ਨਵੇਂ ਵੀਚਾਰ ਅਤੇ ਯਕੀਨ ਬਣਾਉਣ ਵਾਲੀ ਇੰਦ੍ਰੀ।

(3). ਚਿੱਤ ਭਾਵ ਭੂਤਕਾਲ ਦੀਆਂ ਯਾਦਾਂ ਦਾ ਸੰਗਰਹਿ।

ਯਾਦ ਰਹੇ, ਕਿ ਬੁਧਿ (ਅਕਲ, ਸਮਝ) ਵਰਤਮਾਨ ਅਤੇ ਭਵਿੱਖਕਾਲ ਦੇ ਜੀਵਨ ’ਤੇ ਪ੍ਰਭਾਵ ਪਾਉਂਦੀ ਹੈ ਜਦਕਿ ਚਿੱਤ (ਚਿੱਤਰਕਾਰੀ, ਕੈਮਰਾ, ਫੋਟੋ) ਕੇਵਲ ਭੂਤਕਾਲ ਦੀ ਯਾਦ ਸ਼ਕਤੀ ਨੂੰ ਵਧਾਉਂਦਾ (ਇਕੱਠਾ ਕਰਦਾ) ਰਹਿੰਦਾ ਹੈ, ਪੰਜ ਗਿਆਨ ਇੰਦਰਿਆਂ (ਨੱਕ, ਕੰਨ, ਰਸਨਾ, ਅੱਖਾਂ ਅਤੇ ਤ੍ਵਚਾ ਜਾਂ ਤੁਚਾ) ਰਾਹੀਂ ਖਿੱਚੀਆਂ ਗਈਆਂ ਤਸਵੀਰਾਂ (ਯਾਦ ਸ਼ਕਤੀ) ਨੂੰ ਸੰਭਾਲਣਾ ਹੀ ਚਿੱਤ ਦੀ ਸ਼ਕਤੀ ਹੈ, ਚਿੱਤ ਦਾ ਮੂਲ ਸ੍ਰੋਤ ਹੈ।

(4). ਅਹੰਕਾਰ ਜਾਂ ਮਮਤਾ ਭਾਵ ਉਹ ਇੰਦ੍ਰੀ ਜੋ ਪਦਾਰਥਾਂ ਨਾਲ ਸੰਬੰਧ ਬਣਾਉਣ ਵਲ ਪ੍ਰੇਰਦੀ ਹੈ।

ਉਕਤ ਅੰਤਹਕਰਣ ਭਾਵ ਚਾਰੇ ਇੰਦ੍ਰੀਆਂ ਬਾਰੇ ਗੁਰੂ ਨਾਨਕ ਦੇਵ ਜੀ ਇਉਂ ਫ਼ੁਰਮਾ ਰਹੇ ਹਨ ਕਿ ‘‘ਤਿਥੈ ਘੜੀਐ, ਸੁਰਤਿ, ਮਤਿ, ਮਨਿ, ਬੁਧਿ॥’’ ਜਪੁ (ਮ: ੧/੮) ਭਾਵ ਮਸ਼ੱਕਤ (ਦਿਮਾਗ਼ੀ ਗਿਆਨ ਨੂੰ ਜੀਵਨ ’ਚ ਅਪਣਾਉਣਾ) ਕਰਨ ਵਾਲੀ ਅਵਸਥਾ ’ਚ ਇਹ ਚਾਰੇ ਇੰਦ੍ਰੀਆਂ ਭਾਵ ਅੰਤਹਕਰਣ ਘੜਿਆ ਜਾਂਦਾ ਹੈ। ਇਨ੍ਹਾਂ ਚਾਰੇ ਇੰਦ੍ਰੀਆਂ (ਅੰਤਹਕਰਣ) ਦੀ ਹੋਂਦ, ਸਾਡੇ ਸਰੀਰਕ ਕਰਮਾਂ ਅਨੁਸਾਰ ਹੈ। ਜਿਵੇਂ ਕਿ ‘‘ਕਿਰਤਿ ਕਰਮ ਕੇ ਵੀਛੁੜੇ..॥ (ਮ:੫/੧੩੩), ਕਰਮੀ ਆਪੋ ਆਪਣੀ…॥, ਕਰਿ ਕਰਿ ਕਰਣਾ, ਲਿਖਿ ਲੈ ਜਾਹੁ॥’’ ਆਦਿ ਨਾਲ ਜੁੜੀ ਹੋਈ ਹੈ। ਇਸ ਕਰਕੇ ਗੁਰੂ ਨਾਨਕ ਸਾਹਿਬ ਜੀ ਫ਼ੁਰਮਾ ਰਹੇ ਹਨ ਕਿ ‘‘ਅਗੈ ਪੁਛ ਨ ਹੋਵਈ, ਜੇ ਸਣੁ ਨੀਸਾਣੈ ਜਾਇ॥’’ (ਮ:੧/੭੩੦) ਭਾਵ ਪਾਰਦਰਸੀ ਅੰਤਹਕਰਣ ਨੂੰ ਪੁੱਛਣ ਵਾਲਾ ਕੋਈ ਜਮਰਾਜ ਦੂਤ ਨਹੀਂ।

ਇਸ ਭਾਵਨਾ ਨੂੰ ਸਮਝਣ ਲਈ ਇਸ ਦਿ੍ਰਸ਼ਟੀਕੋਣ ਦਾ ਸਹਾਰਾ ਵੀ ਲਿਆ ਜਾ ਸਕਦਾ ਹੈ ਕਿ ਇੱਕ ਮਕਾਨ ’ਚ ਲੱਗੇ ਕਈ; 100 ਵਾਟ ਦੇ ਬਲਬਾਂ ’ਚ ਬਿਜਲੀ ਦਾ ਪ੍ਰਕਾਸ਼ (ਰੱਬੀ ਜੋਤਿ) ਇਕ ਸਮਾਨ ਨਿਰੰਤਰ ਸ਼ਕਤੀ ਰੱਖਦਾ ਹੈ, ਰੋਸ਼ਨੀ ਦਿੰਦਾ ਹੈ ਜਦਕਿ ਬਲਬਾਂ ’ਤੇ ਚੜ੍ਹੀ ਵੱਧ-ਘੱਟ ਧੂੜ ਹੀ ਅੰਤਹਕਰਣ ਹੈ, ਧੁੰਦ ਹੈ, ਜਿਸ ਕਾਰਨ ਜੀਵ ਉਸ ਅੰਦਰਲੇ ਪ੍ਰਕਾਸ਼ (ਜੋਤਿ) ਦੀ ਰੋਸ਼ਨੀ ਤੋਂ ਥੋੜਾ-ਬਹੁਤ ਲਾਭ ਹੀ ਉਠਾਉਂਦੇ ਹਨ ਪਰ ਗੁਰੂ ਨਾਨਕ ਸਾਹਿਬ ਜੀ; ਪਾਰਦਰਸੀ ਅੰਤਹਕਰਣ ਹੋਣ ਕਾਰਨ ਅੰਦਰਲੀ ਜੋਤਿ ਦਾ ਪੂਰਨ ਪ੍ਰਕਾਸ਼ ਮਾਣ ਰਹੇ ਸਨ ਅਤੇ ਜੀਵਾਂ ਦੀ ਅੰਤਹਕਰਣ ਦੀ ਮਲੀਨਤਾ ਸਾਫ਼ ਕਰਨ ਲਈ ਪ੍ਰਗਟ ਹੋਏ ਸਨ ‘‘ਸਤਿਗੁਰ ਨਾਨਕ ਪ੍ਰਗਟਿਆ, ਮਿਟੀ ਧੁੰਧੁ, ਜਗਿ ਚਾਨਣੁ ਹੋਆ।’’ ਭਾਈ ਗੁਰਦਾਸ ਜੀ (ਵਾਰ ੧ ਪਉੜੀ ੨੭)

ਗੁਰੂ ਅਤੇ ਰੱਬ ਦੀ ਬਖ਼ਸ਼ਸ਼ ’ਚ ਕੀ ਅੰਤਰ ਹੈ ?

(1). ਆਕਾਰ ਦੀ ਉਤਪਤੀ (ਰਚਨਾ) ਰੱਬ ਨੇ ਗੁਰੂ ਤੋਂ ਪੁੱਛ ਕੇ ਨਹੀਂ ਕੀਤੀ, ਇਸ ਲਈ ਇਹ ਰੱਬੀ ਬਖਸ਼ਸ਼ ਹੈ ‘‘ਆਪੀਨ੍ੈ ਆਪੁ ਸਾਜਿਓ, ਆਪੀਨ੍ੈ ਰਚਿਓ ਨਾਉ॥ ਦੁਯੀ ਕੁਦਰਤਿ ਸਾਜੀਐ, ਕਰਿ ਆਸਣੁ ਡਿਠੋ ਚਾਉ॥’’ (ਮ:੧/੪੬੩)

(2). ਇਨਸਾਨ ਨੂੰ ਮਨੁੱਖਾ ਜਨਮ ਦੇਣਾ, ਰੱਬੀ ਬਖ਼ਸ਼ਸ਼ ਹੈ ‘‘ਮਾਨਸ ਜਨਮੁ ਦੀਓ ਜਿਹ ਠਾਕੁਰਿ, ਸੋ ਤੈ ਕਿਉ ਬਿਸਰਾਇਓ॥’’ (ਮ:੯/੯੦੨)

(3). ਪੂਰੇ ਸਮਾਜ (ਨਾਸਤਕ/ਆਸਤਕ) ਨੂੰ ਰਿਜ਼ਕ ਦੇਣਾ, ਰੱਬੀ ਬਖ਼ਸ਼ਸ਼ ਹੈ ‘‘ਦਦਾ, ਦਾਤਾ ਏਕੁ ਹੈ; ਸਭ ਕਉ ਦੇਵਨਹਾਰ॥ (ਮ:੫/੨੫੭)

(4). ਗੁਰੂ ਨੂੰ ਮਨੁੱਖਾਂ ਦੇ ਕਲਿਆਣ ਲਈ ਸਮਾਜ ਵਿੱਚ ਭੇਜਣਾ, ਰੱਬੀ ਬਖ਼ਸ਼ਸ਼ ਹੈ। ‘‘ਪਾਰਬ੍ਰਹਮਿ ਪ੍ਰਭਿ, ਮੇਘੁ ਪਠਾਇਆ॥ ਜਲਿ ਥਲਿ ਮਹੀਅਲਿ, ਦਹ ਦਿਸਿ ਵਰਸਾਇਆ॥ ਸਾਂਤਿ ਭਈ ਬੁਝੀ ਸਭ ਤ੍ਰਿਸਨਾ, ਅਨਦੁ ਭਇਆ ਸਭ ਠਾਈ ਜੀਉ॥’’ (ਮ:੫/੧੦੬), ਤਾ ਤੇ ਅੰਗਦੁ ਅੰਗ ਸੰਗਿ ਭਯੋ ਸਾਇਰੁ, ਤਿਨਿ ਸਬਦ ਸੁਰਤਿ ਕੀਨੀ ਵਰਖਾਈ॥’’ (ਭਟ ਕੀਰਤ/੧੪੦੬) ਭਾਵ ਪ੍ਰਭੂ ਨੇ ਬੱਦਲ (ਗੁਰੂ) ਸਮਾਜ ’ਚ ਭੇਜਿਆ ਜਿਸ ਨੇ ਹਰ ਥਾਂ ਅੰਮ੍ਰਿਤਮਈ ਵਰਖਾ ਕੀਤੀ। ਇਹੀ ਵਰਖਾ ਗੁਰੂ ਅੰਗਦ ਦੇਵ ਜੀ ਦੇ ਰੂਪ ’ਚ ਹੁੰਦੀ ਰਹੀ ਜਿਸ ਰਾਹੀਂ ਲੋਕਾਈ ਅਨੰਦਤ ਹੁੰਦੀ ਰਹੀ। ਆਦਿ।

ਰੱਬੀ ਨਿਯਮ ਅਨੁਸਾਰ ਜਗਤ (ਆਕਾਰ) ’ਚ ਕੁਝ ਅਜਿਹਾ ਵਿਪ੍ਰੀਤ ਵਾਪਰਦਾ ਵੀ ਮਹਿਸੂਸ ਹੁੰਦਾ ਹੈ ਜਿਸ ਰਾਹੀਂ ਕਰਤਾਰ ਦੇ ਨਿਯਮ ਦਾ ਹੀ ਵਿਰੋਧ ਹੁੰਦਾ, ਪ੍ਰਤੀਤ ਜਾਪਦਾ ਹੈ ਜਿਵੇਂ ਕਿ ਸੂਰਜ ਦੀ ਰੋਸ਼ਨੀ ਰਾਹੀਂ ਉਲੂ ਨੂੰ ਵਿਖਾਈ ਨਾ ਦੇਣਾ ਜਾਂ ਪਿਪਲ ਅਤੇ ਚਿਨਾਰ ਦੇ ਪੇਡ; ਸੂਰਜ ਦੀਆਂ ਕਿਰਨਾਂ ਦੇ ਪ੍ਰਭਾਵ ਨੂੰ ਬਹੁਤਾ ਸਵੀਕਾਰ ਨਹੀਂ ਕਰਦੇ ਭਾਵ ਦਿਨ ਰਾਤ ਹੀ ਆਕਸੀਜਨ ਦੇਈ ਜਾਂਦੇ ਹਨ, ਵਾਂਗ ਰੱਬੀ ਨਿਯਮ ਕਾਰਨ ਮਾਇਆ ਦੇ ਬੰਧਨਾਂ ’ਚ ਫਸੇ ਹੋਏ ਮਨੁੱਖ ਨੂੰ ਵੀ ਗੁਰੂ; ਆਪਣੀ ਸ਼ਕਤੀ ਨਾਲ ਆਜ਼ਾਦ ਕਰਵਾ ਦਿੰਦਾ ਹੈ। ਪਾਵਨ ਵਾਕ ਹੈ ‘‘ਮੇਰੀ ਬਾਂਧੀ ਭਗਤੁ ਛਡਾਵੈ, ਬਾਂਧੈ ਭਗਤੁ, ਨ ਛੂਟੈ ਮੋਹਿ॥ ਏਕ ਸਮੈ ਮੋ ਕਉ ਗਹਿ ਬਾਂਧੈ, ਤਉ ਫੁਨਿ ਮੋ ਪੈ ਜਬਾਬੁ ਨ ਹੋਇ॥’’ (ਭਗਤ ਨਾਮਦੇਵ/੧੨੫੩) ਭਾਵ ਰੱਬ ਦੁਆਰਾ ਬਣਾਈ ਬੰਧਨਾਂ ਦੀ ਬੇੜੀ (ਅੰਤਹਕਰਣ) ਗੁਰੂ ਤੁੜਵਾ ਦਿੰਦਾ ਹੈ। (ਨੋਟ-ਆਕਾਰ ਦੀ ਹੋਂਦ ਨੂੰ ਬਣਾਏ ਰੱਖਣ ਲਈ ਜ਼ਰੂਰੀ ਹੈ ‘ਅੰਤਹਕਰਣ’ ਮਲੀਨ ਰਹੇ ਪਰ ਇਹ ਇੱਕ ਸਿਲੇਬਸ (ਪਾਠਕ੍ਰਮ) ਹੈ ਜਿਸ ਦਾ ਇਮਤਿਹਾਨ ਮਨੁੱਖਾ ਜੂਨੀ ਤੇ ਗੁਰੂ ਜੀ ਦੀ ਅਗਵਾਈ ਹੈ ‘‘ਇਸੁ ਪਉੜੀ ਤੇ ਜੋ ਨਰੁ ਚੂਕੈ, ਸੋ ਆਇ ਜਾਇ ਦੁਖੁ ਪਾਇਦਾ॥’’ (ਮ:੫/੧੦੭੫)

ਗੁਰੂ ਜੀ ਦੀ ਕਿ੍ਰਪਾ ਕਿਸ ਪੜਾਉ (ਪੜਾਅ) ’ਚ ਆਰੰਭ ਹੁੰਦੀ ਹੈ? ਜਿਸ ਦਾ ਜ਼ਿਕਰ ‘ਗੁਰ ਪ੍ਰਸਾਦਿ’ ਸ਼ਬਦ ਰਾਹੀਂ ਵਾਰ-2 ਆਉਂਦਾ ਹੈ, ਨੂੰ ਸਮਝਣ ਲਈ ਗੁਰੂ ਨਾਨਕ ਦੇਵ (ਗੁਰੂ ਸ਼ਕਤੀ) ਨੂੰ ਤਿੰਨ ਭਾਗਾਂ ’ਚ ਇਉਂ ਵੰਡਿਆ ਗਿਆ ਹੈ (1). ਗੁਰੂ ਜੋਤਿ (ਸ਼ਕਤੀ) ਰੂਪ (2). ਗੁਰੂ ਗਿਆਨ ਰੂਪ (3). ਗੁਰੂ ਸਰੀਰ ਰੂਪ।

(1). ਗੁਰੂ ਜੋਤਿ ਰੂਪ:- ਮਨੁੱਖ ਲਈ ਰੱਬ ਦੀ ਪ੍ਰਾਪਤੀ ਇੱਕ ਮੰਜਿਲ ਹੈ ਜਦਕਿ ਗੁਰੂ ਜੋਤਿ ਰੂਪ; ਮੁਸਾਫ਼ਿਰਾਂ ਦਾ ਰਸਤੇ ਦੀ ਆਰੰਭਤਾ ਤੋਂ ਲੈ ਕੇ ਮੰਜਿਲ (ਅੰਤ) ਤੱਕ ਹੌਸਲਾ ਬਣਾਏ ਰੱਖਣ ਵਾਲੀ ਸ਼ਕਤੀ ਹੈ, ਨਾ ਕਿ ‘ਗੁਰੂ ਜੋਤਿ’ ਕੋਈ ਮਾਰਗ ਜਾਂ ਪੰਥ ਹੈ ਕਿਉਂਕਿ ਰਸਤਾ (ਪੰਥ) ਕਿਸੇ ਮੁਸਾਫ਼ਿਰ ਨੂੰ ਰਸਤੇ ’ਤੇ ਚੱਲਣ ਲਈ ਪ੍ਰੇਰਦਾ ਨਹੀਂ ਹੈ ਅਤੇ ਨਾ ਹੀ ਕਿਸੇ ਮੰਜਿਲ ਤੱਕ ਪਹੁੰਚਣ ਲਈ ਹੌਸਲਾ ਬਣਾਏ ਰੱਖਣ ’ਚ ਮਦਦ ਕਰਦਾ ਹੈ। ਇਸ ‘ਗੁਰੂ ਜੋਤਿ ਰੂਪ’ ਨੂੰ ਰੱਬ ਨੇ ਆਪਣੇ ਅਸੀਮ ਨਿਰਗੁਣ (ਨਿਰਮਲ ਜੋਤਿ ਸ਼ਕਤੀ ਦਾ ਸਮੂਹ) ਰੂਪ ’ਚੋਂ ਸਰਗੁਣ ਰੂਪ ’ਚ ਭੇਜਣ ਲਈ ਜੀਵਾਂ ’ਤੇ ਬਖ਼ਸ਼ਸ਼ ਕੀਤੀ ਹੈ। ‘ਗੁਰੂ ਜੋਤਿ ਰੂਪ’ ਦੀ ਇਹ ਸ਼ਕਤੀ (ਪਾਰਦਰਸੀ ਅੰਤਹਕਰਣ ਹੋਣ ਕਾਰਨ) ਰੱਬ ਵਾਂਗ ਬਖ਼ਸ਼ਸ਼ ਕਰਨ ਦੀ ਸਮਰੱਥਾ ਰੱਖਦੀ ਹੈ ਇਸ ਲਈ ਇਸ ਨੂੰ ਪੂਰਨ (ਅਭੁੱਲ) ਗੁਰੂ ਦਾ ਦਰਜਾ, ਆਖਿਆ ਗਿਆ ਹੈ। ਇਸ ਪ੍ਰਥਾਇ ਪਾਵਨ ਵਾਕ ਹੈ ‘‘ਪਾਰਬ੍ਰਹਮ ਗੁਰ ਨਾਹੀ ਭੇਦ॥ (ਮ:੫/੧੧੪੨) ਮੰਜਿਲ ਤੱਕ ਪਹੁੰਚਣ ਲਈ ਰਸਤੇ ’ਚ ਮੁਸਾਫ਼ਰਾਂ ਪਾਸੋਂ ਵਿਸ਼ਵਾਸ ਨੂੰ ਬਣਾਏ ਰੱਖਣ ਨੂੰ ਹੀ ਗੁਰੂ ਬਖ਼ਸ਼ਸ਼ ਕਿਹਾ ਗਿਆ ਹੈ, ‘ਗੁਰ ਪ੍ਰਸਾਦਿ’ ਕਿਹਾ ਗਿਆ ਹੈ। ਇਸ ‘ਗੁਰੂ ਜੋਤਿ ਰੂਪ’ ਦਾ ਨਾਮ ਗੁਰਬਾਣੀ ’ਚ ‘ਨਾਨਕ’ ਰੱਖਿਆ ਗਿਆ ਹੈ। ਇਸ ਲਈ ਇਸ ‘ਗੁਰੂ ਜੋਤਿ ਰੂਪ’ ਸ਼ਕਤੀ ਨੂੰ ‘ਪੀਰੀ’ ਆਖ ਸਕਦੇ ਹਾਂ।

(2). ਗੁਰੂ ਗਿਆਨ ਰੂਪ:- ‘ਗੁਰੂ ਜੋਤਿ ਰੂਪ’ ’ਚੋਂ ਫੁਟਿਆ ਹੋਇਆ ਵੀਚਾਰਾਂ ਦਾ ਝਰਨਾ ਹੀ ‘ਗੁਰੂ ਗਿਆਨ ਰੂਪ’ ਹੈ। ਜਿਸ ਨੂੰ ‘ਗੁਰੂ ਜੋਤਿ ਰੂਪ’ ਦਾ ਵਿਕਾਸ ਵੀ ਕਹਿ ਸਕਦੇ ਹਾਂ। ਇਸ ਗਿਆਨ ਰਾਹੀਂ ਹੀ ਇੱਕ ਜਗਿਆਸੂ ਮਨੁੱਖ ਦਾ ‘ਰੱਬ’ ਅਤੇ ‘ਗੁਰੂ ਜੋਤਿ ਰੂਪ’ (ਅਦ੍ਰਿਸ਼ਟ ਵਿਸ਼ਿਆਂ) ’ਤੇ ਵਿਸਵਾਸ਼ ਬੱਝਦਾ ਹੈ। ਮਨੁੱਖ ਕਿਉਂਕਿ ਦੁਨਿਆਵੀ ਜੀਵ ਹੈ ਇਸ ਲਈ ਇਹ ‘ਗੁਰੂ ਗਿਆਨ ਰੂਪ’ ਹਰ ਤਰ੍ਹਾਂ ਦਾ ਸਮਾਜਿਕ ਗਿਆਨ ਵੀ ਪ੍ਰਾਪਤ ਕਰਾਉਂਦਾ ਹੈ ਤਾਂ ਜੋ ਇੱਕ ਸਰਬ ਕਲਾ ਸਮਰਥ ਮਾਲਕ ਦਾ ਸੇਵਕ (ਭਰੋਸਾ ਰੱਖਣ ਵਾਲਾ); ਸਮਾਜ ’ਚ ਵਿਚਰਦਿਆਂ (ਗ੍ਰਿਹਸਤੀ ਧਰਮ ਦੀਆਂ ਤਮਾਮ ਜ਼ਿੰਮੇਵਾਰੀਆਂ ਨਿਭਾਉਂਦਾ ਹੋਇਆ) ਇੱਕ ਅਨੰਦ ਭਰਪੂਰ, ਸਵੈਮਾਨ ਵਾਲੀ ਜਿੰਦਗੀ ਬਤੀਤ ਕਰ ਸਕੇ ਪਰ ਇਸ ਗਿਆਨ ਦਾ ਇੱਕ ਖ਼ਾਸ ਦਾਇਰਾ ਹੈ ਜੋ ਮਾਨਸਿਕ ਪੱਧਰ ’ਤੇ ਵੀਚਾਰਾਂ ਦਾ ਵਿਸਥਾਰ ਕਰਦਾ ਹੈ, ਸੁਰਤਿ ਨੂੰ ਉੱਚਾ ਚੁੱਕਦਾ ਹੈ ਤਾਂ ਜੋ ਜਗਿਆਸੂ ਆਪਣੇ ਅੰਦਰੋਂ ‘ਗੁਰੂ ਜੋਤਿ ਰੂਪ’ ਪ੍ਰਤੀ ਅਜਿਹੀ ਭਾਵਨਾ ਪ੍ਰਗਟ ਕਰ ਸਕੇ, ਜਿਸ ਤੋਂ ਪ੍ਰਸੰਨ ਹੋ ਕਿ ‘ਗੁਰੂ ਜੋਤਿ ਰੂਪ’ ਬਖ਼ਸ਼ਸ਼ ਕਰੇ, ਅੰਤਹਕਰਣ ਦੀ ਪਰਤ (ਮਲੀਨਤਾ) ਨੂੰ ਘਟਾਵੇ, ਜਿਸ ਕਰਕੇ ਮਨੁੱਖ ਦੇ ਅੰਦਰੋਂ ਹੀ ਮਾਲਕ ਪ੍ਰਭੂ ਦੇ ਅਸੀਮ ਅਨੰਦ ਭਰਪੂਰ, ਨਿਰਭਉ, ਨਿਰਵੈਰ ਆਦਿ ਗੁਣਾਂ ਦਾ ਦਰਸ਼ਨ (ਮਿਲਾਪ) ਹੋ ਸਕੇ। ਜੋ ਗੁਣ ‘ਰੱਬ’ ਅਤੇ ‘ਗੁਰੂ ਸ਼ਕਤੀ’ ਵਿੱਚ ਵਿਰਾਜਮਾਨ ਹਨ ਉਨ੍ਹਾਂ ਗੁਣਾਂ ਦਾ ਆਪਣੇ ਅੰਦਰ ਪ੍ਰਵੇਸ ਹੀ ਰੱਬੀ ਮਿਲਾਪ ਹੈ, ਜਿਸ ਬਾਰੇ ਗੁਰੂ ਅਰਜੁਨ ਸਾਹਿਬ ਜੀ ਇਉਂ ਫ਼ੁਰਮਾ ਰਹੇ ਹਨ ‘‘ਨਾਨਕ! ਸੇ ਅਖੜੀਆਂ ਬਿਅੰਨਿ, ਜਿਨੀ ਡਿਸੰਦੋ ਮਾ ਪਿਰੀ॥ (ਮ:੫/੫੭੭)

‘ਗੁਰੂ ਗਿਆਨ ਰੂਪ’ ਰਾਹੀਂ ਉਕਤ ਦਰਸਾਈ ‘ਗੁਰੂ ਜੋਤਿ ਰੂਪ’ ਪ੍ਰਤੀ ਭਾਵਨਾ ਪ੍ਰਗਟ ਨਾ ਕਰ ਸਕਣ ਤੱਕ ਜੀਵਨ ਇਸ ਤਰ੍ਹਾਂ ਦਾ ਹੀ ਵਿਚਰਦਾ ਹੈ, ਜਿਵੇਂ ਇੱਕ ਸ਼ਰਾਬੀ ਨੂੰ ਪਤਾ ਹੈ ‘‘ਜਿਤੁ ਪੀਤੈ ਮਤਿ ਦੂਰਿ ਹੋਇ, ਬਰਲੁ ਪਵੈ ਵਿਚਿ ਆਇ॥’’ (ਮ:੩/੫੫੪) ਅਨੁਸਾਰ ਹਰ ਪ੍ਰਕਾਰ ਦਾ ਨਸ਼ਾ; ਬੁਧਿ ਦੇ ਵਿਕਾਸ ਲਈ ਨੁਕਸਾਨ ਦੇਹ ਹੈ ਪਰ ਫਿਰ ਵੀ ਸ਼ਰਾਬੀ; ਸ਼ਰਾਬ ਪੀਂਦਾ ਹੈ ਅਤੇ ਸਿੱਖ ਬੀਬੀਆਂ ‘‘ਛੋਡਹਿ ਅੰਨੁ ਕਰਹਿ ਪਾਖੰਡ॥’’ (ਭਗਤ ਕਬੀਰ/੮੭੩) ਪਾਠ ਪੜ੍ਹਨ/ਸੁਣਨ ਦੇ ਬਾਵਜੂਦ ਵੀ ਵਰਤ ਰੱਖਦੀਆਂ ਹਨ ਜਦਕਿ ‘ਗੁਰੂ ਗਿਆਨ ਰੂਪ’ ਨੂੰ ਸਮਝ-ਵੀਚਾਰ ਕੇ ਇੱਕ ਜਗਿਆਸੂ ਬਣਿਆ ਅਨੁਭਵੀ ਜੀਵਨ ਆਪਣੇ ਨਿਜੀ ਜੀਵਨ ਅਤੇ ਸਮਾਜ ’ਚ ਬਦਲਾਵ ਲਿਆਉਣ ਲਈ ਯਤਨ ਆਰੰਭ ਕਰਦਾ ਹੈ। ਇਸ ਲਈ ਇਸ ‘ਗੁਰੂ ਗਿਆਨ ਰੂਪ’ ਸ਼ਕਤੀ ਨੂੰ ‘ਮੀਰੀ’ ਆਖ ਸਕਦੇ ਹਾਂ।

(3). ਗੁਰੂ ਸਰੀਰ ਰੂਪ:– ਜੋ ‘ਗੁਰੂ ਗਿਆਨ ਰੂਪ’ ’ਤੇ ਪਹਿਰਾ ਦਿੰਦਿਆਂ ਅਤੇ ਜ਼ਮੀਨੀ ਹਾਲਾਤਾਂ ਨੂੰ ਧਿਆਨ ’ਚ ਰੱਖਦਿਆਂ ਆਪਣੇ ਅਨੁਯਾਈਆਂ (ਅਨੁਗਾਮੀਆਂ, ਸੇਵਕਾਂ) ਅਤੇ ਸਮੂਹ ਮਾਨਵਤਾ ਦੀ ਏਕਤਾ ਨੂੰ ਬਣਾਏ ਰੱਖਣ ਲਈ ਸੰਘਰਸਸ਼ੀਲ ਰਹਿੰਦਾ ਹੈ, ਨੂੰ ਖਾਲਸਾ ਪੰਥ ਭਾਵ ‘ਗੁਰੂ ਸਰੀਰ ਰੂਪ’ ਆਖ ਸਕਦੇ ਹਾਂ। ਇਹ ਸ਼ਕਤੀ ਹੀ ਦਸਮੇਸ਼ ਪਿਤਾ ਗੁਰੂ ਗੋਵਿੰਦ ਸਿੰਘ ਜੀ ਨੇ ਸਿੱਖ ਸਮਾਜ ਨੂੰ ਬਖ਼ਸ਼ੀ ਹੈ ਤਾਂ ਜੋ ਭਵਿੱਖ ’ਚ ‘‘ਏਕੁ ਪਿਤਾ ਏਕਸ ਕੇ ਹਮ ਬਾਰਿਕ…॥’’ (ਮ:੫/੬੧੧) ਵਾਲੀ ਭਵਨਾ ਨੂੰ ਜਿਉਂ ਦਾ ਤਿਉਂ ਬਣਾ ਕੇ ਰੱਖਿਆ ਜਾ ਸਕੇ ਕਿਉਂਕਿ ਮਧੂ ਮੱਖੀਆਂ ਵਾਂਗ ਏਕਤਾ ਬਣਾ ਕੇ ਰੱਖਣੀ ਸਮੇਂ ਦੀ ਮੁਖ ਮੰਗ ਬਣੀ ਰਹਿੰਦੀ ਹੈ। ਪਾਵਨ ਵਾਕ ਹੈ ‘‘ਸਤਸੰਗਤਿ ਮਿਲਿ ਰਹੀਐ ਮਾਧਉ, ਜੈਸੇ ਮਧੁਪ ਮਖੀਰਾ॥’’ (ਭਗਤ ਰਵਿਦਾਸ/੪੮੬)

ਜੀਵਾਤਮਾ ’ਤੇ ਚੜ੍ਹੀ ਵਿਕਾਰਾਂ ਦੀ ਪਰਤ ਵਾਲੇ ਅੰਤਹਕਰਣ ਪ੍ਰਤੀ ਗੁਰੂ ਅਰਜਨ ਦੇਵ ਜੀ ਫ਼ੁਰਮਾ ਰਹੇ ਹਨ ‘‘ਜਨਮ ਮਰਣੁ ਉਸ ਹੀ ਕਉ ਹੈ ਰੇ, ਓਹਾ ਆਵੈ ਜਾਈ॥ (ਮ:੫/੯੯੯) ਭਾਵ ਆਵਾਗਵਨ ਅੰਤਹਕਰਣ ਨੂੰ ਹੀ ਹੈ। ‘ਗੁਰੂ ਗਿਆਨ ਰੂਪ’ ਸੀਸੇ ਰਾਹੀਂ ਜਦ ਮਨੁੱਖ; ਆਪਣੀ ਇਸ ਪਰਤ (ਮਲੀਨ ਅੰਤਹਕਰਣ) ਨੂੰ ਵੇਖਦਾ ਹੈ ਤਾਂ ਇਹ ਭਾਵਨਾ ਕਿ ‘‘ਗੁਨਹੀ ਭਰਿਆ ਮੈ ਫਿਰਾ, ਲੋਕੁ ਕਹੈ ਦਰਵੇਸੁ॥’’ (ਭਗਤ ਫਰੀਦ/੧੩੮੧) ਵਾਲਾ ਅਹਿਸਾਸ ਅਤੇ ‘ਗੁਰੂ ਜੋਤਿ ਰੂਪ’ ਦੀ ਬਖ਼ਸ਼ਸ਼ ਕਾਰਨ, ਜੰਗਾਲ (ਧੁੰਦ) ਆਪਣਾ ਪ੍ਰਭਾਵ ਘੱਟ ਕਰ ਦਿੰਦੀ ਹੈ ‘‘ਇਹੁ ਮਨੁ ਆਰਸੀ, ਕੋਈ ਗੁਰਮੁਖਿ ਵੇਖੈ॥ ਮੋਰਚਾ ਨ ਲਾਗੈ, ਜਾ ਹਉਮੈ ਸੋਖੈ॥’’ (ਮ:੩/੧੧੫) ਇਸ ‘‘ਅੰਤਰਗਤਿ ਤੀਰਥਿ ਮਲਿ ਨਾਉ॥’’ (ਮ:੧/੪) ਨਾਲ ਜਗਿਆਸੂ ਸੋਚ ‘‘ਹਮ ਰੁਲਤੇ ਫਿਰਤੇ ਕੋਈ ਬਾਤ ਨ ਪੂਛਤਾ, ਗੁਰ ਸਤਿਗੁਰ ਸੰਗਿ ਕੀਰੇ ਹਮ ਥਾਪੇ॥’’ (ਮ:੪/੧੬੭) ਵਾਲਾ ਬਿਰਹਾ (ਰੱਬ ਤੋਂ ਬਣੀ ਦੂਰੀ ਦਾ ਅਹਿਸਾਸ) ਪ੍ਰਗਟ ਕਰਦਿਆਂ ਬਿਰਹੇ ਦੀ ਤਾਰੀਫ ਬਾਰੇ ਹੀ ਜਗਿਆਸੂ ਸੋਚ ਇਉਂ ਭਾਵਨਾ ਵਿਅਕਤ ਕਰਦੀ ਹੈ ‘‘ਬਿਰਹਾ ਬਿਰਹਾ ਆਖੀਐ, ਬਿਰਹਾ ! ਤੂ ਸੁਲਤਾਨੁ॥ ਫਰੀਦਾ! ਜਿਤੁ ਤਨਿ ਬਿਰਹੁ ਨ ਊਪਜੈ, ਸੋ ਤਨੁ ਜਾਣੁ ਮਸਾਨੁ॥’’ (ਭਗਤ ਫਰੀਦ/੧੩੭੯) ਇਸ ਬਿਰਹਾ ਵਾਲੀ ਭਾਵਨਾ ’ਤੇ ਹੀ ਗੁਰੂ ਜੀ ਬਖ਼ਸ਼ਸ਼ ਕਰਦੇ ਹਨ ‘‘ਕਬੀਰ! ਸਤਿਗੁਰ ਸੂਰਮੇ, ਬਾਹਿਆ ਬਾਨੁ ਜੁ ਏਕੁ॥ ਲਾਗਤ ਹੀ ਭੁਇ ਗਿਰਿ ਪਰਿਆ, ਪਰਾ ਕਰੇਜੇ ਛੇਕੁ॥ (੧੩੭੪) ਇਸ ਭਾਵਨਾ ’ਤੇ ਕੀਤੀ ਗਈ ਬਖ਼ਸ਼ਸ਼ ਹੀ ‘ਗੁਰ ਪ੍ਰਸਾਦਿ’ ਹੈ।

ਜਦ (ਗੁਰੂ ਜੋਤਿ ਰੂਪ ਦੀ ਬਖ਼ਸ਼ਸ਼ ਨਾਲ) ਜਗਿਆਸੂ ਦੇ ਜੀਵਾਤਮਾ (ਜੋਤਿ) ਤੋਂ ਥੋੜੀ ਜਿਹੀ ਵੀ ਅੰਤਹਕਰਣ ਰੂਪ ਪਰਤ ਉਤਰਦੀ ਹੈ ਤਾਂ ਉਸ ਨੂੰ ਜਨਮ-ਜਨਮ ਦੀ ਚੜ੍ਹੀ ਇਸ ਪਰਤ ਵਿੱਚੋਂ ਇੱਕ ਸੁਨਹਿਰੇ (ਨਿਵੇਕਲੇ) ਯੁਗ ਦਾ ਪ੍ਰਕਾਸ਼ ਅਨੁਭਵ ਹੁੰਦਾ ਹੈ ਜਿਸ ਬਾਰੇ ਗੁਰੂ ਰਾਮਦਾਸ ਜੀ ਦਾ ਪਾਵਨ ਵਾਕ ਹੈ ਕਿ ‘‘ਗੁਰਮੁਖਿ ਹਸੈ, ਗੁਰਮੁਖਿ ਰੋਵੈ॥’’ (ਮ:੪/੧੪੨੨) ਇਸ ਅਵਸਥਾ ਦੀ ਝਲਕਾਰ ਨੂੰ ਵੇਖਣ ਵਾਲਾ ਵਿਅਕਤੀ ਝੂਠ ਨਹੀਂ ਬੋਲ ਸਕਦਾ ਕਿਉਂਕਿ ਉਸ ਨੂੰ ਇਸ ਦੇ ਬੁਰੇ ਪ੍ਰਭਾਵ ਦੇ ਨਤੀਜੇ ਦਾ ਵੀ ਗਿਆਨ ਹੁੰਦਾ ਹੈ। ਪਾਖੰਡੀ ਭਾਵਨਾ ਦਾ ਵਿਸ਼ਾ ਅਲੱਗ ਹੈ ਪਰ ਇਹ ਵੀ ਸੱਚ ਹੈ ਕਿ ਦੁਨਿਆਵੀ ਤਰਕ ਬੁਧੀ ਨੂੰ ਇਸ ਅਵਸਥਾ ਬਾਰੇ ਵਿਸਵਾਸ਼ ਵੀ ਨਹੀਂ ਦਿਵਾਇਆ ਜਾ ਸਕਦਾ। ਇਸ ਪ੍ਰਥਾਏ ਹੀ ਗੁਰੂ ਨਾਨਕ ਸਾਹਿਬ ਜੀ ਫ਼ੁਰਮਾ ਰਹੇ ਹਨ ‘‘ਭਗਤਾ ਤੈ ਸੈਸਾਰੀਆ, ਜੋੜੁ ਕਦੇ ਨ ਆਇਆ॥ (ਮ:੧/੧੪੫) ਆਪਣੇ ਅੰਦਰ ਦੂਸਰੇ ਦੀ ਯੋਗਤਾ ਨੂੰ ਸਮਝਣ ਦੀ ਸਮਰੱਥਾ ਨਾ ਹੋਣ ਕਾਰਨ, ਪੈਦਾ ਹੋ ਰਹੀ ਸੜਨ ਹੀ ਸੰਸਾਰੀ ਹੋਣ ਦਾ ਪ੍ਰਤੀਕ ਹੈ।

ਇਸ ਅਵਸਥਾ ਦਾ ਵਰਨਣ ਕਈ ਗੁਰੂ ਪਿਆਰਿਆਂ ਦੀਆਂ ਜੀਵਨੀਆਂ ਰਾਹੀਂ ਪੜ੍ਹਨ/ਸੁਣਨ ਨੂੰ ਮਿਲਦਾ ਹੈ। ਜਿਸ ਉੱਤੇ ਸ਼ੰਕਾ ਕਰਨਾ ‘ਗੁਰੂ ਜੋਤਿ ਰੂਪ’ ਸ਼ਕਤੀ ਦਾ ਅਪਮਾਨ ਹੈ। ‘ਗੁਰੂ ਜੋਤਿ ਰੂਪ’ ਸ਼ਕਤੀ ਪ੍ਰਤੀ ਸ਼ਰਧਾ ਬਣਾਉਣੀ ‘ਪੀਰੀ’ ਅਤੇ ‘ਗੁਰੂ ਗਿਆਨ ਰੂਪ’ ਸ਼ਕਤੀ ਦਾ ਬੋਧ ਜਗਿਆਸੂ ਬਿਰਤੀ ਲਈ ‘ਮੀਰੀ’ ਹੈ। ‘ਪੀਰੀ’ ਅਤੇ ‘ਮੀਰੀ’ ਦਾ ਸੁਮੇਲ ਹੀ ਬਿਬੇਕ ਹੈ। ‘ਪੀਰੀ’ ਅਤੇ ‘ਮੀਰੀ’ ਦੋਵੇਂ ਵਿਸ਼ਿਆਂ ’ਚੋਂ ਇੱਕ ਦੀ ਘਾਟ ਵੀ ਬਿਬੇਕੀ ਜੀਵਨ ਅਤੇ ਕੌਮੀ ਏਕਤਾ ਲਈ ਨੁਕਸਾਨਦੇਹ ਬਣ ਜਾਂਦੀ ਹੈ। ਜਿਵੇਂ ਕਿ ਸੰਤ ਤੇਜਾ ਸਿੰਘ ਜੀ ਨੇ ਵਿਦੇਸ਼ਾਂ ਵਿੱਚ ਵੱਸਦੇ ਗੁਰਸਿੱਖਾਂ ਲਈ ਜੋ ਆਪਣੇ ਸਮੇਂ ਦੋਰਾਨ ਪੰਥਕ ਸੇਵਾ ਕੀਤੀ, ਮੇਰੀ ਯੋਗਤਾ ਉਸ ਨੂੰ ਪੂਰਨ ਤੋਰ ’ਤੇ ਬਿਆਨ ਨਹੀਂ ਕਰ ਸਕਦੀ। ਇਸ ਗੁਰੂ ਪਿਆਰੇ ਨੇ ਹੀ ਸੰਤ ਅਤਰ ਸਿੰਘ ਜੀ ਦੀ ਜੀਵਨੀ ਲਿਖੀ ਹੈ ਜਿਸ ਵਿੱਚ ਸੰਤ ਅਤਰ ਸਿੰਘ ਜੀ ਦਾ ‘ਗੁਰੂ ਜੋਤਿ ਰੂਪ’ ਪ੍ਰਤੀ ਅਥਾਹ ਪਿਆਰ ਤੇ ਸ਼ਰਧਾ ਨੂੰ ਵਿਖਾਇਆ ਗਿਆ ਹੈ ਪਰ ਇਸ ਜੀਵਨੀ ’ਚ ਇਹ ਤਿੰਨ ਭਾਵਨਾਵਾਂ ਵੀ ਦਰਜ ਹਨ:

(1) ਇਕ ਦਿਨ ਸੰਤ ਜੀ ਨੇ ਆਪਣੀ ਪਤਨੀ ਨਾਲ ਮਿਲਣ ਦੀ ਇੱਛਾ ਜਤਾਈ ਜੋ ਗਰਭਵਤੀ ਸੀ ਤਦ ਹੀ ਇਨ੍ਹਾਂ ਦੇ ਬੈੱਡ ਹੇਠ ਬੈਠੇ ਪਾਲਤੂ ਕੁੱਤੇ ਨੇ ਕਿਹਾ ਕਿ ਮਨੁੱਖਾ ਜਨਮ ’ਚ ਮੇਰੇ ਦੁਆਰਾ ਵੀ ਇਹੀ ਗ਼ਲਤੀ ਕੀਤੀ ਗਈ ਸੀ ਇਸ ਲਈ ਮੈਨੂੰ ਕੁੱਤੇ ਦੀ ਜੂਨੀ ਨਸੀਬ ਹੋਈ।

(2). ਕਿਸੇ ਗੁਰਸਿੱਖ ਵੱਲੋਂ ਸੰਤ ਜੀ ਨੂੰ ਇਹ ਪੁੱਛਿਆ ਗਿਆ ਕਿ ਭਾਈ ਗੁਰਦਾਸ ਜੀ ਦੀਆਂ ਵਾਰਾਂ ਨਾਲ ਦਰਜ 41 ਵੀਂ ਵਾਰ ਕਿਸ ਦੀ ਲਿਖੀ ਹੋਈ ਹੈ? ਜਿਸ ਵਿੱਚ 10 ਗੁਰੂ ਸਾਹਿਬਾਨਾਂ ਦਾ ਜੀਵਨ ਬਿਉਰਾ ਸ਼ਾਮਲ ਹੈ, ਦੇ ਉੱਤਰ ’ਚ ਸੰਤ ਜੀ ਨੇ ਕਿਹਾ ਕਿ ਅਗਰ ਇੱਕ ਰਿਸ਼ੀ (ਬਾਲਮੀਕ) ਜਦੋਂ ਰਾਮ ਚੰਦ੍ਰ ਜੀ ਦੀ ਕਥਾ ਉਸ ਦੇ ਪੈਦਾ ਹੋਣ ਤੋਂ ਪਹਿਲਾਂ ਹੀ ਲਿਖ ਸਕਦਾ ਹੈ ਤਾਂ ਭਾਈ ਗੁਰਦਾਸ ਜੀ ਸੱਤਵੇਂ ਤੋਂ ਦਸਵੇਂ (ਚਾਰੇ) ਗੁਰੂ ਸਾਹਿਬਾਨਾਂ ਦਾ ਜੀਵਨ ਬਿਉਰਾ ਪਹਿਲਾਂ ਹੀ ਕਿਉਂ ਨਹੀਂ ਲਿਖ ਸਕਦੇ?

(3). ਇੱਕ ਗੁਰੂ ਪਿਆਰੇ ਵੱਲੋਂ ਪੁੱਛਿਆ ਗਿਆ ਕਿ ‘ਏਹੁ ਸਲੋਕੁ ਆਦਿ ਅੰਤਿ ਪੜਣਾ॥’ ਦਾ ਕੀ ਮਤਲਬ ਹੈ, ਦੇ ਜਵਾਬ ’ਚ ਸੰਤ ਜੀ ਨੇ ਉੱਤਰ ਦਿੱਤਾ ਕਿ ਕਿਸੇ ਪ੍ਰੋਗਰਾਮ ਦੀ ਆਰੰਭਤਾ ਅਤੇ ਸਮਾਪਤੀ ’ਤੇ ਇਸ ਨੂੰ ਪੜ੍ਹਨ ਵੱਲ ਸੰਕੇਤ ਕੀਤਾ ਗਿਆ ਹੈ ਜਦਕਿ ਇਹ ਪੰਕਤੀ ‘‘ਗਉੜੀ ਬਾਵਨ ਅਖਰੀ ਮਹਲਾ ੫॥’’ ਸਿਰਲੇਖ ਅਧੀਨ ਦਰਜ ‘‘ਸਲੋਕੁ ॥ ਗੁਰਦੇਵ ਮਾਤਾ ਗੁਰਦੇਵ ਪਿਤਾ, ਗੁਰਦੇਵ ਸੁਆਮੀ ਪਰਮੇਸੁਰਾ॥’’ ਗਉੜੀ ਬ.ਅ. (ਮ: ੫/੨੫੦) ਨੂੰ ਬਾਵਨ ਅੱਖਰੀ ਦੇ ਆਰੰਭ ਹੋਣ (ਭਾਵ 250 ਨੰਬਰ ਪੰਨੇ) ਅਤੇ ਸਮਾਪਤੀ (262 ਨੰਬਰ ਪੰਨੇ) ’ਤੇ ਪੜ੍ਹਨ ਵੱਲ ਸੰਕੇਤ ਕਰਦੀ ਹੈ।

ਉਕਤ ਬਿਆਨ ਕੀਤੀ ਗਈ ਉਦਾਹਰਨ ਕੇਵਲ ‘ਗੁਰੂ ਜੋਤਿ ਰੂਪ’ ਦੀ ਬਖ਼ਸ਼ਸ਼ (ਪੀਰੀ) ਦੇ ਨਾਲ-2 ‘ਗੁਰੂ ਗਿਆਨ ਰੂਪ’ (ਮੀਰੀ, ਖੋਜ, ਤਰਕ) ਦੀ ਸਮਝ ਹੋਣ ਵਲ, ਨੂੰ ਬਿਆਨ ਕਰਨ ਲਈ ਹੈ ਨਾ ਕਿ ਕਿਸੇ ਮਹਾਂਪੁਰਖ ਦੀ ਭਾਵਨਾ ਨੂੰ ਠੇਸ ਪਹੁੰਚਾਉਣਾ ਕਿਉਂਕਿ ਗੁਰਬਾਣੀ ਫ਼ੁਰਮਾਨ ਹੈ ‘‘ਬੰਦੇ ! ਖੋਜੁ ਦਿਲ ਹਰ ਰੋਜ, ਨਾ ਫਿਰੁ ਪਰੇਸਾਨੀ ਮਾਹਿ॥’’ (ਭਗਤ ਕਬੀਰ/੭੨੭)

ਉਕਤ ‘ਗੁਰੂ ਗਿਆਨ ਰੂਪ’ ਸ਼ਕਤੀ ਦੇ ਬੋਧ ਦੀ ਘਾਟ ਦੇ ਸਾਮਨੰਤਰ ਹੀ ਦੂਸਰਾ ਪਹਿਲੂ ‘ਗੁਰੂ ਜੋਤਿ ਰੂਪ’ ਸ਼ਕਤੀ ਪ੍ਰਤੀ ਸ਼ਰਧਾ ਦੀ ਅਣਹੋਂਦ ਵੀ ਹੈ ਜਿਵੇਂ ਕਿ ਕੁਝ ਦਿਨ ਪੂਰਬ ਸਿਖ ਮਾਰਗ ’ਤੇ ਡਾ. ਦਲਵਿੰਦਰ ਸਿੰਘ ਗ੍ਰੇਵਾਲ ਜੀ ‘ਆਤਮਾ ਤੇ ਸੰਕਲਪ’ ਵਿਸ਼ੇ ’ਤੇ ਆਪਣੇ ਵੀਚਾਰ ਸਾਂਝੇ ਕਰ ਰਹੇ ਸਨ। ਇਸ ਸੱਜਣ ਦੀ ‘ਗੁਰੂ ਜੋਤਿ ਰੂਪ’ ਪ੍ਰਤੀ ਸ਼ਰਧਾ ਤਾਂ ਅਤੁੱਟ ਜਾਪਦੀ ਹੈ ਪਰ ‘ਗੁਰੂ ਗਿਆਨ ਰੂਪ’ ਪ੍ਰਤੀ ਸਮਝ ਘੱਟ ਮਹਿਸੂਸ ਹੁੰਦੀ ਹੈ ਕਿਉਂਕਿ ਆਤਮਾ ਵਿਸ਼ੇ ’ਤੇ ਆਪਣੇ ਵੀਚਾਰ ਪ੍ਰਗਟ ਕਰਦਿਆਂ ਇਨ੍ਹਾਂ ਨੇ ਲਿਖਿਆ ਕਿ ਆਤਮਾ ਨੂੰ ਪਛਾਣੀਏ ਅਤੇ ਸਦਾ ਹੀ (ਰੱਬੀ) ਮੇਲ ਦਾ ਸੁਖ ਪਾਈਏ, ਲਈ ਗੁਰਬਾਣੀ ਦੇ ਨਾਮ ਹੇਠ ਇਸ ਪੰਕਤੀ ਨੂੰ ਇਸਤੇਮਾਲ ਕੀਤਾ ‘‘ਆਤਮ ਚੀਨ ਪਰਮ ਸੁਖ ਪਾਈਏ॥ ਪੰਨਾ 375॥ ਪਰ ਸਚਾਈ ਇਹ ਹੈ ਕਿ ਇਹ ਗੁਰਬਾਣੀ ਦੀ ਪੰਕਤੀ ਹੀ ਨਹੀਂ ਹੈ ਗੁਰਬਾਣੀ ’ਚ ਇਹ ਵਾਕ ਜ਼ਰੂਰ ਦਰਜ ਹਨ ‘‘ਸਬਦੁ ਚੀਨਿ, ਸਦਾ ਸੁਖੁ ਪਾਇਆ॥’’ (ਮ:੩/੪੨੩) ਜਾਂ ‘‘ਆਤਮੁ ਚੀਨਿ ਪਰਮ ਪਦੁ ਪਾਇਆ, ਸੇਵਾ ਸੁਰਤਿ ਸਮਾਈ ਹੇ॥’’ (ਮ:੪/੧੦੭੦)

ਡਾ. ਗ੍ਰੇਵਾਲ ਜੀ ਦੀ ਉਕਤ ਕਮਜ਼ੋਰੀ ਨੂੰ ਭਾਂਪਦਿਆਂ ਡਾ. ਇਕਬਾਲ ਸਿੰਘ ਢਿੱਲੋਂ, ਜਿਸ ਦੀ ‘ਗੁਰੂ ਜੋਤਿ ਰੂਪ’ ਜਾਂ ਰੱਬੀ ਬਖ਼ਸ਼ਸ਼ ਪ੍ਰਤੀ ਕੋਈ ਸ਼ਰਧਾ (ਪ੍ਰਤੀਤ) ਮਹਿਸੂਸ ਨਹੀਂ ਹੋ ਰਹੀ ਹੈ। ਕੇਵਲ ਵਿਗਿਆਨਕ ਸੋਚ ਰਾਹੀਂ ਡਾ. ਗ੍ਰੇਵਾਲ ਜੀ ਦੇ ਵੀਚਾਰ ਦੀ ਆਲੋਚਨਾ ਕਰਦਿਆਂ ਡਾ. ਢਿੱਲੋਂ ਜੀ ਆਖ ਰਹੇ ਸਨ ਕਿ

(1). ਆਤਮਾ ਕਿਹੜੇ ਤੱਤਾਂ ਦੀ ਬਣੀ ਹੈ ? ਵਿਗਿਆਨਕ ਯੁਗ ਵਿੱਚ ਇਸ ਨੂੰ ਕਿਵੇਂ ਸਿੱਧ ਕਰਾਂਗੇ?

(2). ਹਿੰਦੂ ਮਤਿ ਸਬੰਧੀ ਇਹ ਤੱਥ ਹੈਰਾਨੀਕੁੰਨ ਲੱਗੇਗਾ ਕਿ ਇਸ ਵਿੱਚ ਆਤਮਾ ਤਾਂ ਇਸਤ੍ਰੀ ਲਿੰਗ ਹੈ ਪਰ ਪਰਮ+ਆਤਮਾ ਭਾਵ ਪਰਮਾਤਮਾ ਪੁਲਿੰਗ ਹੈ।

(3). ਡਾ. ਗ੍ਰੇਵਾਲ ਜੀ! ਆਪ ਜੀ ਨੇ ਗੁਰਬਾਣੀ ਦੀ ਸਤਰ ‘‘ਆਤਮਾ ਪਰਾਤਮਾ ਏਕੋ ਕਰੈ॥’’ ਨੂੰ ਬਦਲ ਕੇ ‘‘ਆਤਮਾ ਪਰਮਾਤਮਾ ਏਕੋ ਕਰੈ॥’’ ਕਰਦੇ ਹੋਏ ‘ਰਾਮ ਰਾਇ’ ਵਾਲਾ ਕਾਰਾ ਕਰ ਵਿਖਾਇਆ ਹੈ। (ਡਾ. ਇਕਬਾਲ ਸਿੰਘ ਢਿੱਲੋ)

ਡਾ. ਢਿੱਲੋਂ ਜੀ ਦੇ ਉਕਤ ਤਰਕ ਅਨੁਸਾਰ ਹੀ ਕੁਝ ਸਵਾਲ ਹੋਰ ਖੜ੍ਹੇ ਹੋ ਜਾਂਦੇ ਹਨ ਜਿਵੇਂ ਕਿ

(1). ਅਦ੍ਰਿਸ਼ ਵਿਸ਼ਿਆਂ ਪ੍ਰਤੀ ਵਿਗਿਆਨ ਦੀ ਕਸੌਟੀ ਤਾਂ ਰੱਬ ਦੀ ਸ਼ਕਤੀ ਨੂੰ ਵੀ ਨਹੀਂ ਮੰਨਦੀ ਤਾਂ ਤੇ ਕਹਿਣਾ ਪਵੇਗਾ ਕਿ ਕੀ ਰੱਬ ਹੈ?

(2). ਸਮੁੰਦਰ (ਬੂੰਦਾਂ ਦਾ ਸਮੂਹ) ਸ਼ਬਦ ਇੱਕ ਵਚਨ ਪੁਲਿੰਗ ਨਾਉ ਹੈ ਫਿਰ ਪਾਣੀ ਦੀਆਂ ਭਿੰਨ-ਭਿੰਨ ਬੂੰਦਾਂ ਇਸਤ੍ਰੀ ਲਿੰਗ ਕਿਉਂ?

(3). ਡਾ. ਗ੍ਰੇਵਾਲ ਜੀ ਦੁਆਰਾ ‘ਪਰਾਤਮਾ’ ਸ਼ਬਦ ਨੂੰ ‘ਪਰਮਾਤਮਾ’ ਲਿਖਣ ਕਾਰਨ ਡਾ. ਢਿੱਲੋਂ ਜੀ ਨੇ ਉਸ ਨੂੰ ‘ਰਾਮ ਰਾਇ’ ਜੀ ਵਾਲੀ ਪਦਵੀ ਦੇ ਦਿੱਤੀ ਪਰ ਬਾਬਾ ਰਾਮ ਰਾਇ ਜੀ ਨੇ ਗੁਰਬਾਣੀ ਵਾਕ ‘‘ਮਿਟੀ ਮੁਸਲਮਾਨ ਕੀ, ਪੇੜੈ ਪਈ ਕੁਮਿ੍ਆਰ॥’’ (ਮ:੧/੪੬੬) ਨੂੰ ਜਾਣ- ਬੁਝ ਕੇ (ਰਾਜੇ ਨੂੰ ਖੁਸ਼ ਕਰਨ ਲਈ) ‘ਮਿਟੀ ਬੇਈਮਾਨ’ ਦੀ ਕਿਹਾ ਸੀ, ਕੀ ਇਸ ਸਿਧਾਂਤ ਬਦਲੂ ਭਾਵਨਾ ਨੂੰ ਡਾ. ਗ੍ਰੇਵਾਲ ਜੀ ਦੀ ‘ਪਰਾਤਮਾ’ ਸ਼ਬਦ ’ਚ ਕੇਵਲ ‘ਮ’ ਅੱਖਰ ਵਾਧੂ ਲਾ ਕੇ ‘ਪਰਮਾਤਮਾ’ ਲਿਖਣ ਵਾਲੀ ਉਕਤ ਭਾਵਨਾ ਨਾਲ ਜੋੜਨਾ ਜਾਇਜ਼ ਹੈ? ਕਿਉਂਕਿ ਸ਼ਾਇਦ ਇਸ ਵਿਸ਼ੇ ਨਾਲ ਸਬੰਧਤ ਡਾ. ਇਕਬਾਲ ਸਿੰਘ ਢਿੱਲੋਂ ਜੀ ਦੀ ਭਾਵਨਾ; ਡਾ. ਦਲਵਿੰਦਰ ਸਿੰਘ ਗ੍ਰੇਵਾਲ ਜੀ ਪ੍ਰਤੀ ਬਾਲਾ ਸਾਖੀ ਦੇ ਕਰਤਾ ਵਾਲੀ ਹੈ ਜਿਸ ਰਾਹੀਂ ਬਾਲਾ, ਭਾਈ ਮਰਦਾਨਾ ਜੀ ਦਾ ਵਾਰ-2 ਅਪਮਾਨ ਕਰਕੇ ਆਪਣੇ ਆਪ ਨੂੰ ਗੁਰੂ ਜੀ ਦਾ ਸੱਚਾ ਸੇਵਕ ਸਾਬਤ ਕਰ ਰਿਹਾ ਹੈ?

ਰੱਬੀ ਜੋਤਿ (ਸ਼ਕਤੀ) ਨੂੰ ਕੋਈ ਆਤਮਾ ਕਹੇ, ਕੋਈ ਰੂਹ, ਜਿੰਦ ਜਾਂ ਜੀਵਾਤਮਾ ਕਹੇ, ਉਸ ਸ਼ਕਤੀ ’ਤੇ ਸ਼ਰਧਾ ਰੱਖਣ ਵਾਲਿਆਂ ਨੂੰ ਇਸ ਨਾਲ ਕੀ ਫ਼ਰਕ ਪੈ ਜਾਣਾ ਹੈ? ਇਸ ਸ਼ਰਧਾ ਭਰਪੂਰ ਅਦ੍ਰਿਸ਼ਟ ਵਿਸ਼ੇ ਨੂੰ ਉਲਝਾਉਣ ਲਈ ਇਸਤ੍ਰੀ ਲਿੰਗ ਜਾਂ ਪੁਲਿੰਗ ਸ਼ਬਦਾਂ ਦੀ ਟੇਕ ਲੈਣੀ ਕੀ ਉਚਿਤ ਹੈ? ਕਿਸੇ ਸਮਦਾਇ ਪ੍ਰਤੀ ਠੋਸ ਆਧਾਰ ਤੋਂ ਬਿਨਾ ਅੱਖਾਂ ਬੰਦ ਕਰਕੇ ਆਪਣੀ ਭਾਵਨਾ ਵਿਅਕਤ ਕਰੀ ਜਾਣਾ ਹੰਸ (ਬਿਬੇਕ) ਬ੍ਰਿਤੀ ਨਹੀਂ ਕਹੀ ਜਾ ਸਕਦੀ। ਸਾਨੂੰ ਇਹ ਵੀ ਨਹੀਂ ਭੁੱਲਣਾ ਚਾਹੀਦਾ ਕਿ ਗੁਰੂ ਗ੍ਰੰਥ ਸਾਹਿਬ ਜੀ ’ਚ ਦਰਜ ਜ਼ਿਆਦਾਤਰ ਭਗਤ ਜਾਂ ਭੱਟ ਬਾਣੀ ਉਨ੍ਹਾਂ ਮਹਾਂਪੁਰਖਾਂ ਦੀ ਰਚਨਾ ਹੈ ਜੋ ਹਿੰਦੂ ਫ਼ਿਲਾਸਫ਼ੀ ਨਾਲ ਹੀ ਸੰਬੰਧਤ ਰਹੇ ਹਨ। ਜਿਨ੍ਹਾਂ ਵਿੱਚੋਂ ਕੁਝ ਤਾਂ ਗੁਰੂ ਨਾਨਕ ਸਾਹਿਬ ਜੀ ਤੋਂ ਵੀ ਪਹਿਲਾਂ ਦੇ ਸਮੇਂ ਨਾਲ ਸਬੰਧਤ ਹਨ ਉਨ੍ਹਾਂ ਨੂੰ ਉਹ ਸਿਖਿਆ ਕਿੱਥੋਂ ਮਿਲੀ ਹੈ, ਜੋ ਗੁਰਬਾਣੀ ਦੀ ਵਿਚਾਰਧਾਰਾ ਨਾਲ ਮੇਲ ਖਾਂਦੀ ਹੈ?

ਮੁਸਲਮਾਨ, ਯਹੂਦੀ, ਪਾਰਸੀ, ਇਸਾਈ ਆਦਿ ਜੀਵਾਤਮਾ (ਜੋਤਿ) ਨੂੰ ਰੂਹ ਤੇ ਜਿੰਦ ਆਖਦੇ ਹਨ ਜਦਕਿ ਹਿੰਦੂ ਫ਼ਿਲਾਸਫੀ ਤੋਂ ਪ੍ਰਭਾਵਤ ਧਾਰਮਿਕ ਮਤਿ ਆਤਮਾ, ਜਿੰਦ, ਜੋਤਿ, ਜੀਵਾਤਮਾ ਆਦਿ ਨਾਵਾਂ ਨਾਲ ਉਸ ਰੱਬੀ ਸ਼ਕਤੀ ਨੂੰ ਕਣ-ਕਣ ਵਿੱਚ ਵਿਆਪਕ ਮੰਨਦੇ ਹਨ ‘‘ਫਰੀਦਾ ! ਮੈ ਭੋਲਾਵਾ ਪਗ ਦਾ, ਮਤੁ ਮੈਲੀ ਹੋਇ ਜਾਇ॥ ਗਹਿਲਾ ਰੂਹੁ ਨ ਜਾਣਈ, ਸਿਰੁ ਭੀ ਮਿਟੀ ਖਾਇ॥’’ (ਭਗਤ ਫਰੀਦ/੧੩੭੯), ‘‘ਗੋਰਾਂ ਸੇ ਨਿਮਾਣੀਆ, ਬਹਸਨਿ ਰੂਹਾਂ ਮਲਿ॥’’ (ਭਗਤ ਫਰੀਦ/੧੩੮੩), ‘‘ਆਤਮਾ ਅਡੋਲੁ; ਨ ਡੋਲਈ, ਗੁਰ ਕੈ ਭਾਇ ਸੁਭਾਇ॥’’ (ਮ:੩/੮੭), ‘‘ਆਤਮਾ ਪਰਾਤਮਾ ਏਕੋ ਕਰੈ॥’’ (ਮ:੧/੬੬੧), ਜੀਉ, ਪਿੰਡੁ ਜਿਨਿ ਸਾਜਿਆ; ਕਰਿ ਕਿਰਪਾ ਦਿਤੀਨੁ ਜਿੰਦੁ॥ (ਮ:੫/੧੩੭), ਜਿੰਦੁ ਨਿਮਾਣੀ ਕਢੀਐ, ਹਡਾ ਕੂ ਕੜਕਾਇ॥ (ਭਗਤ ਫਰੀਦ/੧੩੭੭) ਆਦਿ।

‘ਗੁਰੂ ਗਿਆਨ ਰੂਪ’ ਬੋਧ ਤੋਂ ਸੱਖਣੇ ਮਨੁੱਖਾਂ ਲਈ ਗੁਰੂ ਵਾਕ ਹੈ ‘‘ਮਨ ਸਮਝਾਵਨ ਕਾਰਨੇ, ਕਛੂਅਕ ਪੜੀਐ ਗਿਆਨ॥’’ (ਭਗਤ ਕਬੀਰ/੩੪੦) ਤਾਂ ਜੋ ਅੰਧਵਿਸਵਾਸ਼ ਵਾਲੇ ਖੂਹ ‘‘ਕਰ ਦੀਪਕੁ ਲੈ ਕੂਪਿ ਪਰਹਿ॥’’ (ਭਗਤ ਕਬੀਰ/੯੭੦) ’ਚ ਮਨੁੱਖ ਨਾ ਡਿੱਗੇ ‘‘ਸੂਧੇ ਸੂਧੇ ਰੇਗਿ ਚਲਹੁ ਤੁਮ, ਨਤਰ ਕੁਧਕਾ ਦਿਵਈਹੈ ਰੇ॥’’ (ਭਗਤ ਕਬੀਰ/੮੫੫) ਅਤੇ ਕੇਵਲ ਤਰਕ ਬੁਧੀ ਲਈ ਗੁਰੂ ਵਾਕ ਹੈ ‘‘ਜੋ ਪ੍ਰਾਣੀ ਗੋਵਿੰਦੁ ਧਿਆਵੈ॥ ਪੜਿਆ ਅਣਪੜਿਆ, ਪਰਮ ਗਤਿ ਪਾਵੈ॥’’ (ਮ: ੫/੧੯੭), ‘‘ਪੜੀਅਹਿ ਜੇਤੇ ਬਰਸ ਬਰਸ, ਪੜੀਅਹਿ ਜੇਤੇ ਮਾਸ॥ ਪੜੀਐ ਜੇਤੀ ਆਰਜਾ, ਪੜੀਅਹਿ ਜੇਤੇ ਸਾਸ॥ ਨਾਨਕ! ਲੇਖੈ ਇਕ ਗਲ, ਹੋਰੁ ਹਉਮੈ ਝਖਣਾ ਝਾਖ॥’’ (ਮ:੧/੪੬੭)

ਗੁਰਬਾਣੀ ਅਨੁਸਾਰ ਜਿੱਥੇ ਆਕਾਰ ਰੂਪ ’ਚ ਖੋਜ (ਵਿਗਿਆਨਕ ਸੋਚ, ਤਰਕ ਆਦਿ ਵਿਸ਼ਿਆਂ) ਨੂੰ ਤਰਜੀਹ ਦਿੱਤੀ ਗਈ ਹੈ ਉੱਥੇ ਅਦਿ੍ਰਸ਼ਟ ਵਿਸ਼ਿਆਂ ਪ੍ਰਤੀ ਆਸਥਾ, ਸ਼ਰਧਾ, ਵਿਸਵਾਸ ਨੂੰ ਸਮਾਨੰਤਰ ਮੰਨਿਆ ਗਿਆ ਹੈ। ਇਨ੍ਹਾਂ ਦੋਵੇਂ ਵਿਸ਼ਿਆਂ ਦੇ ਸੁਮੇਲ ਨੂੰ ਹੀ ਬਿਬੇਕ ਆਖਦੇ ਹਨ। ਕਿਸੇ ਭਾਵਨਾ ਨੂੰ ਮੂਲੋਂ ਹੀ ਰੱਦ ਕਰਨਾ ਜਾਂ ਸਵੀਕਾਰ ਕਰਨਾ ਬਿਬੇਕੀ ਮਨੁੱਖ ਦੀ ਪਹਿਚਾਣ ਨਹੀਂ ਹੁੰਦੀ ਹੈ ‘‘ਸੰਤਾ ਕਉ ਮਤਿ ਕੋਈ ਨਿੰਦਹੁ, ਸੰਤ ਰਾਮੁ ਹੈ ਏਕੁੋ॥ ਕਹੁ ਕਬੀਰ ! ਮੈ ਸੋ ਗੁਰੁ ਪਾਇਆ, ਜਾ ਕਾ ਨਾਉ ਬਿਬੇਕੁੋ॥’’ (ਭਗਤ ਕਬੀਰ/੭੯੩) ਕਬੀਰ ਜੀ ਦੇ ਇਸ ਪਾਵਨ ਵਾਕ ਦਾ ਦੂਸਰਾ ਪਹਿਲੂ ਹੇਠਾਂ ਦਿੱਤਾ ਜਾ ਰਿਹਾ ਹੈ ਤਾਂ ਜੋ ਕਬੀਰ ਜੀ ਦੀ ਬਿਬੇਕ ਗੁਰੂ ਧਾਰਨ ਵਾਲੀ ਭਾਵਨਾ ਨੂੰ ਚੰਗੀ ਚਰ੍ਹਾਂ ਸਮਝਿਆ ਜਾ ਸਕੇ ‘‘ਗਜ ਸਾਢੇ ਤੈ ਤੈ ਧੋਤੀਆ, ਤਿਹਰੇ ਪਾਇਨਿ ਤਗ॥ ਗਲੀ ਜਿਨ੍ਾ ਜਪਮਾਲੀਆ, ਲੋਟੇ ਹਥਿ ਨਿਬਗ॥ ਓਇ ਹਰਿ ਕੇ ਸੰਤ ਨ ਆਖੀਅਹਿ, ਬਾਨਾਰਸਿ ਕੇ ਠਗ॥’’ (ਭਗਤ ਕਬੀਰ/੪੭੬)

‘ਗੁਰੂ ਜੋਤਿ ਰੂਪ’ ਸ਼ਕਤੀ ਜੋ ਗੁਰੂ ਨਾਨਕ ਸਾਹਿਬ ਜੀ ’ਚ ਵਿਰਾਜਮਾਨ ਸੀ, ਵਰਤਮਾਨ ’ਚ ਉਹੀ ਸ਼ਕਤੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਮੌਜੂਦ ਹੈ ‘‘ਜੋਤਿ ਓਹਾ ਜੁਗਤਿ ਸਾਇ, ਸਹਿ ਕਾਇਆ ਫੇਰਿ ਪਲਟੀਐ॥ (ਬਲਵੰਡ ਸਤਾ/੯੬੬), ਹਰਿ ਜੁਗਹ ਜੁਗੋ, ਜੁਗ ਜੁਗਹ ਜੁਗੋ; ਸਦ ਪੀੜੀ ਗੁਰੂ ਚਲੰਦੀ॥ (ਮ:੪/੭੯)

‘ਗੁਰੂ ਗਿਆਨ ਰੂਪ’ ਜੋ ਸ਼ਕਤੀ, ਬਾਬਾ ਫਰੀਦ ਜੀ ਤੋਂ ਲੈ ਕੇ ਗੁਰੂ ਤੇਗ ਬਹਾਦਰ ਸਾਹਿਬ ਜੀ ਤੱਕ ਸਮਾਜ ਦੀ ਅਗਵਾਈ ਕਰਦੀ ਰਹੀ ਉਹ ਸ਼ਕਤੀ ਵੀ ਸਾਡੇ ਕੋਲ ਗੁਰੂ ਗ੍ਰੰਥ ਸਾਹਿਬ ਜੀ ਦੇ ਰੂਪ ’ਚ ਮੌਜੂਦ ਹੈ। ਜ਼ਰੂਰਤ ਹੈ, ਉਸ ‘ਗੁਰੂ ਸਰੀਰ ਰੂਪ’ ਸ਼ਕਤੀ ਦੀ ਜ਼ਿੰਮੇਵਾਰੀ ਨੂੰ ਆਪਣੇ ਉੱਪਰ ਲੈਣ ਦੀ, ਜਿਸ ਦੀ ਜ਼ਿੰਮੇਵਾਰੀ ਸਰਬੰਸ ਦਾਨੀ ਦਸਮੇਸ਼ ਪਿਤਾ ਜੀ ਦੀ ਭਾਵਨਾ ਦੇ ਰੂਪ ’ਚ ਇੱਕ ਗੁਰਸਿੱਖ ਨੇ ਇਉਂ ਬਿਆਨ ਕੀਤਾ ਹੈ: ‘ਇਨ ਪੁਤਰਨ ਕੈ ਸੀਸ ਪੈ, ਵਾਰਿ ਦੀਏ ਸੁਤ ਚਾਰਿ। ਚਾਰਿ ਮੂਏ ਤੋ ਕਿਆ ਹੂਆ, ਜੀਵਤ ਕਈ ਹਜਾਰ।’

ਗਿਆਨ ਦੇ ਅਥਾਹ ਸਮੁੰਦਰ, ਗੁਰੂ ਗ੍ਰੰਥ ਸਾਹਿਬ ਜੀ ਦਾ ਦਿਲ (ਸਾਰ) ਮੰਨੀ ਜਾਂਦੀ ‘ਜਪੁ’ ਬਾਣੀ ਦਾ ਪ੍ਰਧਾਨ ਵਿਸ਼ਾ ਨਿਰਾਕਾਰ ਦੀ ਸ਼ਕਤੀ ਤੋਂ ਪ੍ਰਭਾਵਤ ਹੋਣਾ ਹੈ ਜਿਵੇਂ ਕਿ ‘‘ਤੂ ਸਦਾ ਸਲਾਮਤਿ, ਨਿਰੰਕਾਰ॥, ਸੋ ਦਰੁ ਤੇਰਾ ਕੇਹਾ, ਸੋ ਘਰੁ ਕੇਹਾ..॥, ਹੋਰਿ ਕੇਤੇ ਤੁਧਨੋ ਗਾਵਨਿ, ਸੇ ਮੈ ਚਿਤਿ ਨ ਆਵਨਿ….॥ ਆਦਿ। ਪਰ ਇਸ ਭਾਵਨਾ ਨੂੰ ਪੈਦਾ ਕਰਨ ਤੋਂ ਉਪਰੰਤ ‘ਗੁਰੂ ਸ਼ਕਤੀ’ ਪ੍ਰਤੀ ਇਹ ਵਾਕ ਵੀ ਦਰਜ ਕਰਨਾ ਕਿ ‘‘ਗੁਰਾ ! ਇਕ ਦੇਹਿ ਬੁਝਾਈ॥ ਸਭਨਾ ਜੀਆ ਕਾ ਇਕੁ ਦਾਤਾ, ਸੋ ਮੈ ਵਿਸਰਿ ਨ ਜਾਈ॥’’ ਸਪੱਸ਼ਟ ਕਰਦਾ ਹੈ ਕਿ ‘ਗੁਰ ਪ੍ਰਸਾਦਿ’ ਸ਼ਬਦ ਦੇ ਅਰਥ, ‘ਗੁਰੂ ਜੀ ਦੀ ਕ੍ਰਿਪਾ ਨਾਲ ਹੀ ‘ੴ’ ਮਿਲਦਾ ਹੈ’, ਸਮਝਣੇ ਹੀ ਯੋਗ ਹਨ।

ਸਾਰ- ‘ਗੁਰੂ ਗਿਆਨ ਰੂਪ’; ਜਗਿਆਸੂ ਸੋਚ ਦੇ ਅੰਦਰ ‘ਗੁਰੂ ਜੋਤਿ ਰੂਪ’ ਪ੍ਰਤੀ ਅਹਿਸਾਸ ਅਤੇ ਬਿਰਹਾ ਦੀ ਭਾਵਨਾ ਪੈਦਾ ਕਰਦਾ ਹੈ ਜਿਸ ਤੋਂ ਪ੍ਰਸੰਨ ਹੋ ਕਿ ‘ਗੁਰੂ ਜੋਤਿ ਰੂਪ’ ਜਗਿਆਸੂ ਹਲੀਮੀ ਜੀਵਨ ’ਤੇ ਬਖ਼ਸ਼ਸ਼ ਕਰਦਾ ਹੈ, ਜਿਸ ਨੂੰ ‘ਗੁਰ ਪ੍ਰਸਾਦਿ’ ਕਿਹਾ ਗਿਆ ਹੈ। ਇਹ ਬਖ਼ਸ਼ਸ਼ ਅੰਤਹਕਰਣ ਨੂੰ ਪਾਰਦਰਸੀ ਬਣਾਉਂਦੀ ਹੈ ਜਿਸ ਕਾਰਨ ਸੇਵਕ ਅੰਦਰ ਵਿਆਪਕ ਜੋਤਿ (ੴ) ਵਾਲੇ ਤਮਾਮ ਗੁਣ ਆਉਣੇ ਆਰੰਭ ਹੋ ਜਾਂਦੇ ਹਨ ਜੋ ਰੱਬੀ ਮਿਲਾਪ ਦੀ ਅਵਸਥਾ ਮੰਨੀ ਜਾ ਸਕਦੀ ਹੈ। ਮਨੁੱਖ; ਦੁਨਿਆਵੀ ਪੱਧਰ ’ਤੇ ਗ੍ਰਿਹਸਤੀ ਫ਼ਰਜ (ਧਰਮ) ਨਿਭਾਉਂਦਾ ਹੋਇਆ, ਗੁਣਾਂ ਭਰਪੂਰ (ਸਵੈ ਮਾਣ) ਜਿੰਦਗੀ ਦਾ ਅਨੰਦ ਮਾਣਦਾ ਹੋਇਆ ਖਾਲਸਾ ਪੰਥ ਦਾ ਹਿੱਸਾ ਬਣ ਜਾਂਦਾ ਹੈ ਜਿਸ ਨੂੰ ‘ਗੁਰੂ ਸਰੀਰ ਰੂਪ’ ਦੀ ਭੂਮਿਕਾ ਹੋਣ ਦਾ ਮਾਣ ਪ੍ਰਾਪਤ ਹੈ। ਰੱਬੀ ਸ਼ਕਤੀ ਤੋਂ ਸਦਾ ਪ੍ਰਭਾਵਤ ਰਹਿੰਦਿਆਂ ‘‘ਆਪੇ ਜਾਣੈ ਆਪੇ ਦੇਇ॥’’ ਵਾਲੀ ਸੋਚ ਦਾ ਧਾਰਨੀ ਬਣ ਕੇ ‘‘ਰਾਜੇ ਸੀਹ ਮੁਕਦਮ ਕੁਤੇ॥ ਜਾਇ ਜਗਾਇਨਿ੍ ਬੈਠੇ ਸੁਤੇ॥’’ (ਮ:੧/੧੨੮੮) ਵਾਲੀ ਦ੍ਰਿੜਤਾ ਮਨੁੱਖ ਆਪਣੇ ਅੰਦਰ ਪੈਦਾ ਕਰ ਲੈਂਦਾ ਹੈ। ਇਹੀ ਹੈ ‘ਗੁਰੂ ਜੋਤਿ ਰੂਪ, ਗੁਰੂ ਗਿਆਨ ਰੂਪ ਤੇ ਗੁਰੂ ਸਰੀਰ ਰੂਪ’ ਦਾ ਸਮੂਹ ਮਾਨਵਤਾ ਦੇ ਭਲੇ ਲਈ ਕੀਤਾ ਗਿਆ ਉਪਕਾਰ। ਅਗਰ ਕੋਈ ‘ਗੁਰੂ ਸ਼ਕਤੀ’ ਪ੍ਰਤੀ ਅਥਾਹ ਪਿਆਰ (ਸ਼ਰਧਾ) ਰੱਖਣ ਵਾਲੀ ਜਗਿਆਸੂ ਬ੍ਰਿਤੀ, ਇਹ ਭਾਵਨਾ ਵਿਅਕਤ ਕਰੇ ਕਿ ਉਸ ਨੂੰ ‘ਨਾਨਕ ਸ਼ਕਤੀ’ ਦਾ ਰੋਜ਼ਾਨਾ ਅਹਿਸਾਸ ਹੁੰਦਾ ਹੈ, ਤਾਂ ਇਹ ਅਤਿ ਕਥਨੀ ਨਹੀਂ ਹੋਵੇਗਾ।

ਗੁਰਬਾਣੀ ਨੂੰ ਸਮਝ, ਵੀਚਾਰ ਕੇ ਪੜ੍ਹਨਾ ਅਤੇ ਉਸ ਤੋਂ ਪ੍ਰਭਾਵਤ ਹੋਣਾ ਹੀ ਗੁਰਸਿੱਖ ਦਾ ਅਸਲ ਫ਼ਰਜ ਹੈ। ਗੁਰੂ ਪ੍ਰਤੀ ਪਿਆਰ (ਸ਼ਰਧਾ) ਬਣਾਏ ਰੱਖਣ ਲਈ ‘ਸੱਤੇ ਬਲਵੰਡ ਦੀ ਵਾਰ’ ਨੂੰ ਵਾਰ-2 ਪੜ੍ਹਨਾ ਤੇ ਵੀਚਾਰਨਾ ਚਾਹੀਦਾ ਹੈ।

ਭੁਲ ਚੁਕ ਲਈ ਖਿਮਾ।