‘ਕੱਚੀ ਬਾਣੀ ਬਨਾਮ ਸੱਚੀ ਬਾਣੀ’

0
749

‘ਕੱਚੀ ਬਾਣੀ ਬਨਾਮ ਸੱਚੀ ਬਾਣੀ’

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਦਰਜ ਤੀਸਰੇ ਪਾਤਿਸ਼ਾਹ ਗੁਰੂ ਅਮਰਦਾਸ ਜੀ ਦਾ ਪਾਵਨ ਵਾਕ:- ‘‘ਸਤਿਗੁਰੂ ਬਿਨਾ, ਹੋਰ ਕਚੀ ਹੈ ਬਾਣੀ॥’’ ਮ:੩/੯੨੦॥ ਰੂਪ ਭਾਵਨਾ ਦਰਜ ਹੋਣ ਦੇ ਬਾਵਜੂਦ ਵੀ ਵੇਖਣ ’ਚ ਆ ਰਿਹਾ ਹੈ ਕਿ ਸਿੱਖ ਸਮਾਜ ਵਿਚ ਉਕਤ ਵਿਸ਼ੇ ਪ੍ਰਤੀ ਇਕ ਮਤ (ਵਿਚਾਰਧਾਰਾ, ਸਹਿਮਤੀ) ਨਹੀਂ। ਜਿਸ ਦੇ ਕਈ ਕਾਰਨ ਹੋ ਸਕਦੇ ਹਨ। ਮੋਟੇ ਤੌਰ ’ਤੇ ਤਿੰਨ ਭਾਵਨਾਵਾਂ ਇਸ ਪ੍ਰਕਾਰ ਹਨ:-1. ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਦਰਜ ਬਾਣੀ ਪੱਕੀ ਅਤੇ ਬਾਕੀ ਤਮਾਮ ਰਚਨਾ ਕੱਚੀ। 2. ਦਸ ਗੁਰੂ ਸਾਹਿਬਾਨ ਦੀ ਬਾਣੀ, ਭਾਈ ਗੁਰਦਾਸ, ਭਾਈ ਨੰਦ ਲਾਲ ਜਾਂ ਕਿਸੇ ਹੋਰ ਪ੍ਰਮਾਣਿਕ ਪੰਥਕ ਪੁਸਤਕ (ਜੋ ਗੁਰਮਤਿ ਅਨੁਕੂਲ ਹੋਵੇ); ਜਿਨ੍ਹਾਂ ਦਾ ਜ਼ਿਕਰ ਸ਼੍ਰੀ ਅਕਾਲ ਤਖ਼ਤ ਸਾਹਿਬ ਜੀ ਤੋਂ ਪ੍ਰਮਾਣਿਤ ਸਿੱਖ ਰਹਿਤ ਮਰਯਾਦਾ ਦੇ ਪੰਨਾ 19 (ਗੁਰਬਾਣੀ ਦੀ ਕਥਾ) ਸਿਰਲੇਖ ਵਿਚ ਦਰਜ ਹੈ, ਪੱਕੀ ਅਤੇ ਬਾਕੀ ਕੱਚੀ ਰਚਨਾ ਹੈ। 3. ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਿਧਾਂਤ ਨਾਲ ਮੇਲ ਖਾਣ ਵਾਲੀ ਤਮਾਮ ਬਾਣੀ ਪੱਕੀ ਅਤੇ ਬਾਕੀ ਕੱਚੀ ਰਚਨਾ ਹੈ।

ਉਕਤ ਤਿੰਨ ਤਰ੍ਹਾਂ ਦੀ ਭਾਵਨਾ; ਗੁਰੂ ਅਮਰਦਾਸ ਜੀ ਦੇ ਪਾਵਨ ਵਾਕ:- ‘‘ਸਤਿਗੁਰੂ ਬਿਨਾ, ਹੋਰ ਕਚੀ ਹੈ ਬਾਣੀ॥’’ ਵਿਸ਼ੇ ਦੇ ਸੰਬੰਧ ’ਚ ਹੋਣੀ; ਜੋ ਕਿ ਨਿਤਨੇਮ ਦੀ ਬਾਣੀ ਵੀ ਹੈ, ‘‘ਏਕੁ ਪਿਤਾ, ਏਕਸ ਕੇ ਹਮ ਬਾਰਿਕ॥’’ ਮ:੫/੬੧੧॥ ਅਖਵਾਉਣ ਵਾਲੇ ਸਮਾਜ ਲਈ ਵਿਗਿਆਨਕ ਸਮੇਂ (ਯੁਗ) ਦੌਰਾਨ ਕੋਈ ਸ਼ੁਭ ਸੰਕੇਤ ਨਹੀਂ ਮੰਨੇ ਜਾ ਸਕਦੇ! ਕਿਸੇ ਇਕ ਕੌਮੀ ਮਰਯਾਦਾ ਵਿਚ ਇਸ ਬਾਰੇ ਸਾਫ਼ (ਸਪੱਸ਼ਟ) ਸੰਕੇਤ ਨਾ ਹੋਣਾ ਹੀ ਉਕਤ ਦੁਬਿਧਾ ਦਾ ਮੁਖ ਕਾਰਨ ਬਣਿਆ ਹੋਇਆ ਹੈ, ਜਿਵੇਂ ਕਿ ਨੰ. 2. ਵਿਚ ਸੰਕੇਤ ‘ਦਸ ਗੁਰੂ ਸਾਹਿਬਾਨ ਦੀ ਬਾਣੀ’ ਲਿਖਿਆ ਕੀ ਸੰਕੇਤ ਦਿੰਦਾ ਹੈ? ਜਦਕਿ ਸਾਡੇ ਸਾਹਮਣੇ ਤਾਂ ਗੁਰੂ ਗ੍ਰੰਥ ਸਾਹਿਬ ਜੀ ਵਿਚ ਦਰਜ ਬਾਣੀ ਕੇਵਲ ਛੇ ਗੁਰੂ ਸਾਹਿਬ ਜੀ ਦੀ ਹੀ ਮੌਜ਼ੂਦ ਹੈ। ਬਾਕੀ ਚਾਰ ਗੁਰੂ ਸਾਹਿਬ ਜੀ ਦੀ ਬਾਣੀ ਕਿੱਥੇ ਦਰਜ ਹੈ? ਅਗਰ ਕਿਤੇ ਹੈ, ਤਾਂ ਨਿਰਣਾ ਕੌਣ ਕਰੇਗਾ?

ਹੱਥਲੇ ਵਿਸ਼ੇ ਦੇ ਪਿਛੋਕੜ ਨੂੰ ਸਮਝਣ ਲਈ ਅਗਾਂਹ ਜੋ ਵਿਚਾਰ ਕੀਤੀ ਜਾਵੇਗੀ, ਉਸ ਵਿਚ ਬਾਣੀ ਜਾਂ ਗੁਰਬਾਣੀ ਸ਼ਬਦ ਦੀ ਬਜਾਏ ਹਰ ਥਾਂ ਰਚਨਾ ਸ਼ਬਦ ਵਰਤਿਆ ਜਾਵੇਗਾ ਕਿਉਂਕਿ ਬਾਣੀ ਜਾਂ ਗੁਰਬਾਣੀ ਸ਼ਬਦ ਸਤਿਕਾਰਮਈ ਹੋਣ ਕਾਰਨ ਸਿਧਾਂਤ ਦਾ ਪਿਛੋਕੜ ਸਮਝਣਾ ਮੁਸ਼ਕਲ ਪ੍ਰਤੀਤ ਜਾਪਦਾ ਹੈ। ਇਸ ਬਾਰੇ ਮੈ ਪਾਠਕਾਂ ਤੋਂ ਪਹਿਲਾਂ ਹੀ ਮਾਫੀ ਮੰਗ ਲੈਂਦਾ ਹਾਂ।

ਪ੍ਰਸ਼ਨ- ਕਿਸੇ ਵੀ ਪ੍ਰਕਾਰ ਦੀ ਭਾਸ਼ਾ, ਬੋਲੀ ਜਾਂ ਰਚਨਾ ਕੀ ਹੁੰਦੀ ਹੈ ?

ਉੱਤਰ:- ਕੋਈ ਮਨੁੱਖ (ਵਿਅਕਤੀ) ਆਪਣੇ ਮਨ ਦੇ ਭਾਵਾਂ, ਖਿਆਲਾਂ, ਉਮੰਗ, ਤਰੰਗ ਨੂੰ ਜਦ ਕਿਸੇ ਦੂਸਰੇ ਇਨਸਾਨ ਨਾਲ ਸਾਂਝਾ ਕਰਨ ਦੌਰਾਨ; ਜੋ ਅੱਖਰ, ਲਿੱਪੀ ਆਦਿ ਵਰਤਦਾ ਹੈ, ਨੂੰ ਭਾਸ਼ਾ, ਬੋਲੀ ਜਾਂ ਰਚਨਾ ਆਖਦੇ ਹਨ।

ਉਪਰੋਕਤ ਪਰਿਭਾਸ਼ਾ ਤੋਂ ਇਹ ਬੋਧ ਹੋ ਜਾਂਦਾ ਹੈ ਕਿ ਦੂਸਰੇ ਵਿਅਕਤੀ ਤੱਕ ਭਾਵਨਾ ਪਹੁੰਚਾਉਣ ਲਈ ਅੱਖਰਾਂ ਦੀ ਕੇਵਲ ਟੇਕ, ਆਸਰਾ ਜਾਂ ਸਹਾਰਾ ਹੀ ਲਿਆ ਜਾਂਦਾ ਹੈ ਕਿਉਂਕਿ ਇਹਨਾ ਅੱਖਰਾਂ ਤੋਂ ਬਿਨਾ ਭਾਵਨਾ ਵਿਆਪਕ ਪੱਧਰ ’ਤੇ ਫੈਲਦੀ ਨਹੀਂ। ਅੱਖਰ ਵਰਤਨਾ ਮਜ਼ਬੂਰੀ ਹੈ। ਜਿਹਨਾ ਅੱਖਰਾਂ (ਗੁਰਮੁਖੀ ਲਿੱਪੀ) ਰਾਹੀਂ ਅਸਾਂ ਤੱਕ ਗੁਰੂ ਨਾਨਕ ਦੇਵ ਜੀ ਦਾ ਸੰਦੇਸ਼ ਪਹੁੰਚਿਆ ਹੈ, ਉਹਨਾ ਅੱਖਰਾਂ ਬਾਰੇ ਗੁਰੂ ਨਾਨਕ ਦੇਵ ਜੀ ਦਾ ਹੀ ਨਜ਼ਰੀਆ ਇਸ ਪ੍ਰਕਾਰ ਹੈ:-‘‘ਅਖਰੀ ਨਾਮੁ, ਅਖਰੀ ਸਾਲਾਹ॥ ਅਖਰੀ; ਗਿਆਨ ਗੀਤ ਗੁਣ ਗਾਹ॥’’ ਜਪੁ॥ ਭਾਵ ਹੇ ਪ੍ਰਮਾਤਮਾ ਜੀ! ਅੱਖਰਾਂ ਦੀ ਰਾਹੀਂ ਹੀ ਤੇਰਾ ਨਾਮ, ਸਿਫਤ ਸਾਲਾਹ, ਤੇਰੇ ਗੁਣ ਆਦਿ ਗੀਤ ਗਾਏ ਜਾ ਸਕਦੇ ਹਨ, ਜਾਂ ਤੇਰੇ ਤੱਕ ਪਹੁੰਚ ਹੋ ਸਕਦੀ ਹੈ। ਇਸ ਲਈ ਅੱਖਰ ਵਰਤਨਾ ਮੇਰੀ ਮਜ਼ਬੂਰੀ ਹੈ। ਭਗਤ ਕਬੀਰ ਜੀ ਇਹ ਅੱਖਰ ਇਸਤੇਮਾਲ ਕਰਨ ਬਾਰੇ ਇਉਂ ਬਿਆਨ ਕਰ ਰਹੇ ਹਨ:-‘‘ਏ ਅਖਰ ਖਿਰਿ ਜਾਹਿਗੇ, ਓਇ ਅਖਰ ਇਨ ਮਹਿ ਨਾਹਿ॥’’ ਕਬੀਰ ਜੀ/੩੪੦॥ ਭਾਵ ਉਹ ਅਬਿਨਾਸ਼ੀ ਪ੍ਰਭੂ ਇਹਨਾ ਅੱਖਰਾਂ ਦੀ ਰਾਹੀਂ (ਸੰਪੂਰਨ) ਬਿਆਨ ਨਹੀਂ ਕੀਤਾ ਜਾ ਸਕਦਾ। ਉਂਝ ਇਹ ਅੱਖਰ ਵੀ ਅਬਿਨਾਸ਼ੀ ਨਹੀਂ, ਨਾਸ਼ ਹੋ ਜਾਣ ਵਾਲੇ ਹੀ ਹਨ। ਕਿਉਂਕਿ ‘‘ਦ੍ਰਿਸਟਿਮਾਨ ਹੈ ਸਗਲ ਬਿਨਾਸੀ॥’’ ਮ:੫/ ੧੨੦੪॥

ਦੂਸਰੇ ਵਿਅਕਤੀ ਦੇ ਨਫ਼ੇ/ਨੁਕਸਾਨ ਲਈ ਭਾਵਨਾ ਦਾ ਪਹੁੰਚਣਾ ਜ਼ਰੂਰੀ ਹੈ, ਨਾ ਕਿ ਅੱਖਰਾਂ ਦਾ। ਇਸ ਲਈ ਸਤਿਕਾਰ ਯੋਗ ਜਾਂ ਨਿਰਾਦਰ ਯੋਗ ਭਾਵਨਾ ਹੈ ਨਾ ਕਿ ਅੱਖਰ। ਜਿਵੇਂ ਕਿ ਸ਼ਬਦ ‘ਰਾਮ’ ਹੈ, ਇਹ ਸ਼ਬਦ ਪ੍ਰਭੂ ਦਾ ਇਕ ਨਾਮ ਹੋਣ ਕਾਰਨ ਭਗਤ ਜਨਾ ਦੇ ਮਨ ਵਿੱਚ ਇਸ ਬਾਰੇ ਸਤਿਕਾਰ ਭਾਵਨਾ ਬਣੀ ਹੋਈ ਹੈ ਪਰ ਇਹੀ ‘ਰਾਮ’ ਸ਼ਬਦ ਨੂੰ ਉਲਟ ਕਰਕੇ ‘ਮਾਰ’ ਲਿਖਿਆਂ ਵਿਰੋਧ, ਨਿਰਾਦਰ ਭਾਵਨਾ ਪ੍ਰਗਟ ਹੋ ਜਾਂਦੀ ਹੈ।

ਸੋ, ਗੁਰੂ ਭਾਵਨਾ ਹੈ, ਨਾ ਕਿ ਅੱਖਰ।

ਗੁਰੂ ਜੀ ਦਾ ਸਮਾਜ ਦੇ ਭਲੇ ਲਈ ਜੋ ਸੰਦੇਸ਼, ਭਾਵਨਾ, ਹੁਕਮ ਸੀ; ਉਹ (1). ਇਕ ਨਿਰਾਕਾਰ ਦੀ ਹਸਤੀ, ਹੋਂਦ ਤੋਂ ਮਨੁੱਖਾਂ ਦੇ ਜੀਵਨ ਨੂੰ ਨਿਰੰਤਰ ਪ੍ਰਭਾਵਤ ਕਰਨਾ, ਤਾਂ ਜੋ ਸਮਾਜ ਹਉਮੈ ਮੁਕਤ ਹੋ ਕੇ ਸਬਰ ਸੰਤੋਖੀ ਦਾ ਜੀਵਨ ਨਿਰਬਾਹ ਕਰ ਸਕੇ। (2). ਕੁਦਰਤੀ ਨਿਯਮ (ਅਨ੍ਯ ਜੂਨੀਆਂ ਵਾਂਗ) ਅਨੁਸਾਰ ਗ੍ਰਿਹਸਤੀ ਜੀਵਨ ਦੀਆਂ ਤਮਾਮ ਜ਼ਿੰਮੇਵਾਰੀਆਂ ਨੂੰ ਨਿਭਾਉਂਦਿਆਂ ਮਨੁੱਖ, ਆਪਸੀ ਪ੍ਰੇਮ (ਪਰਉਪਕਾਰੀ, ਦ੍ਵੈਤ ਭਾਵਨਾ ਰਹਿਤ), ਨਸ਼ਾ ਮੁਕਤ ਸਮਾਜ, ਅੰਧ ਵਿਸਵਾਸ ਰਹਿਤ, ਕਰਮਕਾਂਡ ਰਹਿਤ (ਕਥਨੀ ਅਤੇ ਕਰਨੀ ’ਤੇ ਪੂਰਾ ਉਤਰਨਾ) ਸਚਾਈ ਲਈ ਮਰ ਮਿਟਣਾ, ਜਾਤ-ਪਾਤ, ਲਿੰਗ ਭੇਦ ਅਤੇ ਨਸ਼ਲ ਭੇਦ ਰਹਿਤ ਆਦਿ ਗੁਣਾਂ ਭਰਪੂਰ ਸਮਾਜ ਦੀ ਸਿਰਜਨਾ ਕਰਨਾ ਸੀ।

ਉਕਤ ਗੁਣਾਂ ਭਰਪੂਰ ਹਰ ਇਕ ਜਾਗਰੂਕ ਵਿਅਕਤੀ (ਭਗਤ, ਭੱਟ ਆਦਿ) ਦੀ ਰਚਨਾ ਨੂੰ ਜਿੱਥੋਂ ਤੱਕ ਹੋ ਸਕਿਆ, ਇਕੱਤਰ ਕਰਕੇ ਗੁਰੂ ਗ੍ਰੰਥ ਸਾਹਿਬ ਜੀ ਵਿਚ ਦਰਜ ਕੀਤਾ/ਕਰਵਾਇਆ ਗਿਆ। ਜਿਸ ਨੂੰ ਪੱਕੀ (ਸੱਚ ਦੀ ਕਸਵੱਟੀ ’ਤੇ ਪੂਰੀ ਉਤਰਨ ਵਾਲੀ) ਰਚਨਾ ਦਾ ਨਾਮ ਦਿੱਤਾ ਗਿਆ।

‘ਜਪੁ’ ਰਚਨਾ ਨੂੰ ਗੁਰੂ ਗ੍ਰੰਥ ਸਾਹਿਬ ਜੀ ਦਾ ‘ਸਾਰ, ਕੇਂਦਰੀ ਭਾਵ, ਨਿਚੋੜ, ਤੱਤ ਭਾਵ’ ਆਦਿ ਮੰਨਿਆ ਜਾਂਦਾ ਹੈ। ਲੇਖ ਦੇ ਵਿਸਥਾਰ ਨੂੰ ਵੇਖਦਿਆਂ ਅਗਾਂਹ ਉਦਾਹਰਣ ਕੇਵਲ ‘ਜਪੁ’ ਰਚਨਾ ਵਿੱਚੋਂ ਹੀ ਦਿੱਤੇ ਜਾਣਗੇ।

ਉਕਤ ਵੀਚਾਰ ਪ੍ਰਗਟ ਕੀਤੇ ਗਏ ਸਿਧਾਂਤ (ਭਾਵਨਾ, ਹੁਕਮ) ਤੋਂ ਬਿਪ੍ਰੀਤ ਵੀਚਾਰਧਾਰਾ ਦੀ ਪਰਖ ਵੀ ਤਿੰਨ ਪ੍ਰਕਾਰ ਨਾਲ ‘ਜਪੁ’ ਰਚਨਾ ਵਿੱਚ ਇਉਂ ਦਰਜ ਕੀਤੀ ਹੋਈ ਮਿਲਦੀ ਹੈ:-

(1). ਉਹ ਵੀਚਾਰਕ ਫਿਲਾਸਫੀ, ਜੋ ਗੁਰੂ ਨਾਨਕ ਸਾਹਿਬ ਜੀ ਦੇ ਵੀਚਾਰਾਂ ਨਾਲ ਸਹਿਮਤ ਸੀ ਅਤੇ ਇਕੱਤਰ ਕਰਨ ਤੋਂ ਰਹਿ ਗਈ ਸੀ। ਜਿਵੇਂ ਕਿ ਪ੍ਰਮਾਤਮਾ ਨੇ ‘‘ਕੀਤਾ ਪਸਾਉ, ਏਕੋ ਕਵਾਉ॥’’ ਭਾਵ ਆਪਣੇ ਇਕ ਹੀ ਹੁਕਮ ਰਾਹੀਂ ਕਦੋਂ ਜਗਤ ਪਸਾਰਾ ਕੀਤਾ? ਇਸ ਸਵਾਲ ਦਾ ਜਵਾਬ ਗੁਰੂ ਨਾਨਕ ਸਾਹਿਬ ਜੀ ਪੁਰਾਤਨ ਤਮਾਮ ਫਿਲਾਸਫਰ ਦੇ ਹਵਾਲੇ ਨਾਲ ਇਉਂ ਦੇਂਦੇ ਹਨ ‘‘ਵੇਲ ਨ ਪਾਈਆ; ਪੰਡਤੀ..॥, ਵਖ਼ਤੁ ਨ ਪਾਈਓ; ਕਾਦੀਆ॥ ਅਤੇ ਥਿਤਿ ਵਾਰ ਨ ਜੋਗੀ ਜਾਣੈ..॥’’ ਆਦਿ ਰਾਹੀਂ ਉਪਰੋਕਤ ਵਿਸ਼ੇ ਨੂੰ ਸਰਬ ਸੰਮਤੀ ਨਾਲ ਦਰਸਾਈ ਗਈ ਸਮੂਹ ਅਤੇ ਅਸੀਮ ਵੀਚਾਰਧਾਰਾ ਨਾਲ ਸੰਪੂਰਨ ਕੀਤਾ ਗਿਆ ਹੈ।

(2). ਉਹ ਵੀਚਾਰ, ਜੋ ਗਲਤ (ਕੱਚੇ) ਤਾਂ ਨਹੀਂ ਮੰਨੇ ਜਾ ਸਕਦੇ ਪਰ ਅਧੂਰੇ ਜ਼ਰੂਰ ਕਹੇ ਜਾ ਸਕਦੇ ਹਨ ਜਿਵੇਂ ਕਿ ਪ੍ਰਮਾਤਮਾ ਦੇ ਵਿਸਥਾਰ ਬਾਰੇ‘‘ਪਾਤਾਲਾ ਪਾਤਾਲ ਲਖ ਆਗਾਸਾ ਆਗਾਸ॥’’…. ਹਿੰਦੂ ਮੱਤ ਦੇ ‘‘ ਵੇਦ ਕਹਨਿ ਇਕ ਵਾਤ॥’’ ਦੂਸਰੇ ਪਾਸੇ ਮੁਸਲਿਮ ਮੱਤ ਦੀਆਂ ‘‘ ਸਹਸ ਅਠਾਰਹ ਕਹਨਿ ਕਤੇਬਾ॥’’ ਇਨ੍ਹਾਂ ਅਧੂਰੇ ਵਿਚਾਰਾਂ ਨੂੰ ਸੰਪੂਰਣ ਰੂਪ ਦੇਣ ਲਈ ਗੁਰੂ ਨਾਨਕ ਦੇਵ ਜੀ ਨੇ ਆਪਣੇ ਵੀਚਾਰ ਇਉਂ ਪ੍ਰਗਟ ਕੀਤੇ ਕਿ ‘‘ਲੇਖਾ ਹੋਇ, ਤ ਲਿਖੀਐ; ਲੇਖੈ ਹੋਇ ਵਿਣਾਸੁ॥’’

(3). ਉਹ ਵੀਚਾਰਕ ਸੋਚ, ਜੋ ਪੂਰਨ ਤੌਰ ’ਤੇ ਗੁਰੂ ਸਿਧਾਂਤ ਨਾਲ ਉੱਕਾ ਹੀ ਮੇਲ ਨਹੀਂ ਖਾਂਦੀ। ਜਿਵੇਂ ਕਿ ਪ੍ਰਭੂ ਰਚਨਾ ਬਾਰੇ ‘‘ਕੀਤਾ ਪਸਾਉ, ਏਕੋ ਕਵਾਉ॥’’ ਰਾਹੀਂ ਕੀਤੀ ਗਈ ਵਿਆਖਿਆ ਦੇ ਬਿਲਕੁਲ ਬਿਪ੍ਰੀਤ ਇਹ ਵੀਚਾਰ ਕਿ ‘‘ਏਕਾ ਮਾਈ ਜੁਗਤਿ ਵਿਆਈ; ਤਿਨਿ ਚੇਲੇ ਪਰਵਾਣੁ॥ ਇਕੁ ਸੰਸਾਰੀ ਇਕੁ ਭੰਡਾਰੀ; ਇਕੁ ਲਾਏ ਦੀਵਾਣੁ॥’’ ਵਾਲੀ ਕੱਚੀ ਭਾਵਨਾ ਨੂੰ ਰੱਦ ਕਰਦਿਆਂ ਗੁਰੂ ਜੀ ਨੇ ਆਪਣੇ ਜਵਾਬ ’ਚ ਬਿਆਨ ਕੀਤਾ ਕਿ ‘‘ਜਿਵ ਤਿਸੁ ਭਾਵੈ; ਤਿਵੈ ਚਲਾਵੈ, ਜਿਵ ਹੋਵੈ ਫੁਰਮਾਣੁ॥’’ ਭਾਵ ਜਿਵੇਂ ਉਸ ਮਾਲਕ ਨੂੰ ਜਗਤ ਰਚਨਾ ਪੈਦਾ ਕਰਨੀ ਪਸੰਦ ਹੈ ਵੈਸੇ ਹੀ ਉਹ ਕਰ ਰਿਹਾ ਹੈ ਨਾ ਕਿ ਇਹ ਤਿੰਨੇ (ਬ੍ਰਹਮਾ, ਵਿਸ਼ਨੂੰ ਅਤੇ ਸ਼ਿਵ ਆਦਿ) ਦੇਵਤੇ, ਜਗਤ ਰਚਨਾ ਵਿੱਚ ਕੋਈ ਯੋਗਦਾਨ ਪਾ ਰਹੇ ਹਨ।

ਉਪਰੋਕਤ ਵੀਚਾਰ ਅਨੁਸਾਰ ਤਿੰਨ ਤਰ੍ਹਾਂ ਦੀ ਵਿਚਾਰਧਾਰਾ ਸਾਹਮਣੇ ਆਈ

(1). ਆਪਣੇ ਵਿਚਾਰਾਂ ਦੇ ਅਨੁਕੂਲ (ਸਮਾਨੰਤਰ) ਸਿਧਾਂਤ ਅਨਮਤਿ ਵਿੱਚੋਂ ਲੈਣਾ।

(2). ਆਪਣੀ ਵਿਚਾਰਧਾਰਾ ਦੇ ਮੁਕਾਬਲੇ ਅਨਮਤਿ ਦੇ ਅਧੂਰੇ ਸਿਧਾਂਤ ਨੂੰ ਆਪਣੇ ਸੰਪੂਰਨ ਸਿਧਾਂਤ ਰਾਹੀਂ ਪੂਰਾ ਕਰਨਾ।

(3). ਆਪਣੀ ਵਿਚਾਰਧਾਰਾ ਤੋਂ ਬਿਲਕੁਲ ਬਿਪ੍ਰੀਤ ਸਿਧਾਂਤ ਨੂੰ ਆਪਣੇ ਮੁਕੰਮਲ ਸਿਧਾਂਤ ਰਾਹੀਂ ਰੱਦ ਕਰਨਾ।

ਗੁਰੂ ਨਾਨਕ ਦੇਵ ਜੀ ਵਲੋਂ ਮਨੁੱਖਾਂ ਦੇ ਕਲਿਆਣ ਲਈ ਜੋ ਵੀ ਵਿਚਾਰਧਾਰਾ ਸਮਾਜ ਨੂੰ ਸਮਰਪਤ ਕੀਤੀ ਗਈ ਉਹ ਹਰ ਪੱਖੋਂ (ਅਧਿਆਤਮਕ, ਸਮਾਜਿਕ, ਰਾਜਨੀਤਿਕ, ਵਿਗਿਆਨਿਕ, ਇਤਿਹਾਸਕ ਆਦਿ ਦ੍ਰਿਸ਼ਟੀਕੌਣ) ਤੋਂ ਮੁਕੰਮਲ ਹੈ। ਦੁਨੀਆਵੀ ਮਨੁੱਖ ਕਿਤੇ ਕੁਤਾਹੀ ਨਾ ਖਾ ਜਾਣ। ਇਸ ਲਈ ਗੁਰੂ ਜੀ ਨੇ ਛੋਟੇ ਛੋਟੇ ਸੰਕੇਤਾਂ ਨੂੰ ਵੀ ਖੋਲ੍ਹਣ ਦਾ ਯਤਨ ਕੀਤਾ ਹੈ। ਜਿਵੇਂ ਕਿ ਬਾਬਾ ਫਰੀਦ ਜੀ ਦੇ ਸ਼ਬਦ ‘‘ਫਰੀਦਾ ਰਤੀ ਰਤੁ ਨ ਨਿਕਲੈ; ਜੇ ਤਨੁ ਚੀਰੈ ਕੋਇ॥ ਜੋ ਤਨ ਰਤੇ ਰਬ ਸਿਉ; ਤਿਨ ਤਨਿ ਰਤੁ ਨ ਹੋਇ॥’’੧੩੮੦॥ ਦੇ ਗੁੱਝੇ ਸੰਕੇਤ; ਕਿ ਖੂਨ ਤੋਂ ਬਿਨਾ ਤਾਂ ਸਰੀਰ ਜੀਵਤ ਹੀ ਨਹੀਂ ਰਹਿ ਸਕਦਾ, ਬਾਰੇ ਵਡੇਰੀ ਉਮਰ ਭੋਗ ਚੁੱਕੇ ਗੁਰੂ ਅਮਰਦਾਸ ਸਾਹਿਬ ਜੀ ਇਸ ਸ਼ਬਦ ਦੇ ਅੰਦਰੂਨੀ ਭਾਵ ਨੂੰ ਹੋਰ ਵਿਸਥਾਰ ਨਾਲ ਇਉਂ ਖੋਲ੍ਹ ਰਹੇ ਹਨ: ‘‘ਇਹੁ ਤਨੁ ਸਭੋ ਰਤੁ ਹੈ; ਰਤੁ ਬਿਨੁ ਤੰਨੁ ਨ ਹੋਇ॥ ਜੋ ਸਹ ਰਤੇ ਆਪਣੇ; ਤਿਤੁ ਤਨਿ; ਲੋਭੁ ਰਤੁ ਨ ਹੋਇ॥’’ ਮ:੩/੧੨੮੦॥

ਦੂਸਰੀ ਉਦਾਹਰਣ ਭਗਤ ਸੂਰਦਾਸ ਜੀ ਦੀ ਇਕ ਤੁਕੀ ਸ਼ਬਦ ਦੇ ਅੰਤ ’ਚ ਸ਼ਬਦ ਤਰਤੀਬ ਸੰਖਿਆ ਨਾ ਹੋਣੀ ਅਤੇ ਕਵੀ ਦੇ ਨਾਮ ਤੋਂ ਰਹਿਤ ਪੰਕਤੀ ਇਉਂ ਦਰਜ ਹੋਣੀ ‘‘ਛਾਡਿ ਮਨ! ਹਰਿ ਬਿਮੁਖਨ ਕੋ ਸੰਗੁ॥’’ ਭਗਤ ਸੂਰਦਾਸ ਜੀ/੧੨੫੩॥ ਦੇ ਗੁੱਝੇ ਭੇਦ, ਕਿ ਪੰਕਤੀ ਕਿਸ ਦੀ ਉਚਾਰਨ ਕੀਤੀ ਹੋਈ ਹੈ?, ਦੀ ਰਮਜ਼ ਨੂੰ ਖੋਲ੍ਹਦਿਆਂ ਗੁਰੂ ਅਰਜੁਨ ਦੇਵ ਪਾਤਿਸ਼ਾਹ ਜੀ ਸਪੱਸ਼ਟ ਕਰਦੇ ਹਨ: ‘‘ਸਾਰੰਗ ਮਹਲਾ ੫ ਸੂਰਦਾਸ॥ ਹਰਿ ਕੇ ਸੰਗ; ਬਸੇ ਹਰਿ ਲੋਕ…॥’’ ਰਹਾਉ॥ ੧੨੫੩॥

ਗੁਰੂ ਸਾਹਿਬ ਜੀ ਨੇ ਤਾਂ ਕਿਤੇ ਥੋੜੀ ਜਿਹੀ ਵੀ ਦੁਬਿਧਾ ਆਪਣੇ ਅਨੁਆਈਆਂ ਲਈ ਰਹਿਣ ਨਹੀਂ ਦਿੱਤੀ ਸੀ। ਫਿਰ ਕੱਚੀ ਅਤੇ ਪੱਕੀ ਬਾਣੀ ਦੀ ਪਰਖ ਭੁਲਣ ਅੰਦਰ ਮਨੁੱਖਾਂ ’ਤੇ ਛੱਡ ਦੇਣੀ, ਦੂਰ ਦ੍ਰਿਸ਼ਟੀ ਗੁਰੂ ਜੀ ਦੇ ਹਿੱਸੇ ਨਹੀਂ ਆ ਸਕਦੀ।

ਉਕਤ (ਨੰ.3) ਵਾਲੀ ਭਾਵਨਾ ਕਿ ‘‘ਏਕਾ ਮਾਈ ਜੁਗਤਿ ਵਿਆਈ; ਤਿਨਿ ਚੇਲੇ ਪਰਵਾਣੁ॥ ਇਕੁ ਸੰਸਾਰੀ ਇਕੁ ਭੰਡਾਰੀ; ਇਕੁ ਲਾਏ ਦੀਵਾਣੁ॥’’ ਨੂੰ ਗੁਰੂ ਅਮਰਦਾਸ ਪਾਤਿਸ਼ਾਹ ਜੀ ਦੇ ‘‘ਸਤਿਗੁਰੂ ਬਿਨਾ, ਹੋਰ ਕਚੀ ਹੈ ਬਾਣੀ॥’’ ਰਚਨਾ ਦੁਆਰਾ ਦਿੱਤੇ ਸੰਕੇਤ ਦੇ ਵਜੋਂ ਕਿਉਂ ਨਹੀਂ ਮੰਨ ਲਿਆ ਜਾਂਦਾ?

ਗੁਰੂ ਅਰਜੁਨ ਦੇਵ ਜੀ ਵੱਲੋਂ ਹੋ ਰਹੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪਾਦਨਾ ਦੌਰਾਨ ਚਾਰ ਭਗਤ (ਕਾਨ੍ਹਾ, ਪੀਲੂ, ਛੱਜੂ ਅਤੇ ਸ਼ਾਹ ਹੁਸੈਨ) ਦੇ ਮਿਲਾਪ ਦਾ ਇਤਿਹਾਸ ਵਿਚ ਜ਼ਿਕਰ ਆਉਂਦਾ ਹੈ; ਜਿਨ੍ਹਾ ਦੀ ਰਚਨਾ ਤਰਤੀਬ ਵਾਰ (1). ਕਾਨ੍ਹਾ:- ਓਹੀ ਰੇ ਮੈ ਓਹੀ ਰੇ, ਜਾਂਕਉ ਬੇਦ ਪੁਰਾਨਾ ਗਾਵੈ……ਕਹਿ ਕਾਨ੍ਹਾ ਮਮ ਅਸ ਸਰੂਪ, ਅਪਰੰਪਰ ਅਲਖ ਅਭੇਵਾ ਰੇ।, ਵਾਲੀ ਕਾਨ੍ਹਾ ਦੀ ਅਹੰਕਾਰ ਬਿਰਤੀ ਗੁਰੂ ਸਿਧਾਂਤ ‘‘ਹਮ ਮੈਲੇ ਤੁਮ ੳੂਜਲ ਕਰਤੇ! ਹਮ ਨਿਰਗੁਨ ਤੂ ਦਾਤਾ॥’’ ਮ:੫/੬੧੩॥ ਸਿਧਾਂਤ ਦਾ ਖੰਡਨ ਕਰਦੀ ਸੀ। (2). ਪੀਲੂ:-ਅਸਾਂ ਨਾਲੋਂ ਸੇ ਭਲੇ, ਜੋ ਜਮਦਿਆਂ ਹੀ ਮੂਏ, ਚਿੱਕੜ ਪਾਂਵ ਨ ਡੋਬਿਆ, ਨਾ ਆਲੂਦ ਭਏ।, ਜਿੰਦਗੀ ਤੋਂ ਨਿਰਾਸਤਾ ਭਰੀ ਪੀਲੂ ਦੀ ਭਾਵਨਾ ਗੁਰੂ ਸਿਧਾਂਤ ‘‘ਗੁਰ ਸੇਵਾ ਤੇ ਭਗਤਿ ਕਮਾਈ॥ ਤਬ ਇਹ ਮਾਨਸ ਦੇਹੀ ਪਾਈ॥ ਇਸ ਦੇਹੀ ਕਉ ਸਿਮਰਹਿ ਦੇਵ॥ ਸੋ ਦੇਹੀ ਭਜੁ ਹਰਿ ਕੀ ਸੇਵ॥’’ ਕਬੀਰ ਜੀ/੧੧੫੯॥, ਸਿਧਾਂਤ ਨੂੰ ਖੰਡਨ ਕਰਦੀ ਸੀ। (3). ਛੱਜੂ:- ਕਾਗਦ ਸੰਦੀ ਪੁੱਤਲੀ, ਤੳੂ ਨ ਤਿ੍ਰਯਾ ਨਿਹਾਰ, ਯੌਂਹੀ ਮਾਰ ਲਿਜਾਵਸੀ, ਜਥਾ ਬਲੋਚਨ ਧਾਰ।, ਔਰਤ ਜਾਤੀ ਪ੍ਰਤੀ ਛੱਜੂ ਦੀ ਨਫ਼ਰਤ ਭਾਵਨਾ; ਗੁਰੂ ਸਿਧਾਂਤ ‘‘ਸੋ ਕਿਉ ਮੰਦਾ ਆਖੀਐ; ਜਿਤੁ ਜੰਮਹਿ ਰਾਜਾਨ॥’’ ਮ:੧/੪੭੩॥ ਸਿਧਾਂਤ ਨੂੰ ਖੰਡਨ ਕਰਦੀ ਸੀ ਅਤੇ (4). ਸ਼ਾਹ ਹੁਸੈਨ:- ਸੱਜਣਾ! ਬੋਲਣ ਦੀ ਜਾਇ ਨਾਹੀਂ…। ਸਮਾਜ, ਲੁਕਾਈ ਲਈ ਹੁਸੈਨ ਦੀ ਹੀਣ, ਮੰਦੀ ਭਾਵਨਾ; ਗੁਰੂ ਸਿਧਾਂਤ ‘‘ਸਾਧੋ! ਇਹੁ ਤਨੁ ਮਿਥਿਆ ਜਾਨਉ॥ ਮ:੯/੧੧੮੬॥ ਵਾਲੀ ਪ੍ਰੇਮ ਭਾਵਨਾ (ਸਿਧਾਂਤ) ਨੂੰ ਖੰਡਨ ਕਰਦੀ ਸੀ।

ਉਕਤ ਚਾਰੇ ਭਗਤਾਂ ਦੀਆਂ ਰਚਨਾਵਾਂ ਕਿਸੇ ਨਾ ਕਿਸੇ ਰੂਪ ਵਿਚ ਗੁਰੂ ਸਿਧਾਂਤ ਦੇ ਬਿਪ੍ਰੀਤ ਹੋਣ ਕਾਰਨ ਗੁਰੂ ਗ੍ਰੰਥ ਸਾਹਿਬ ਜੀ ਦੀ ਰਚਨਾ ਦਾ ਭਾਗ ਨਹੀਂ ਬਣ ਸਕੀਆਂ। ਪਰ ‘‘ਏਕਾ ਮਾਈ ਜੁਗਤਿ ਵਿਆਈ॥’’ ਵਾਲੀ ਰਚਨਾ; ਗੁਰੂ ਸਿਧਾਂਤ ‘‘ਕੀਤਾ ਪਸਾਉ, ਏਕੋ ਕਵਾਉ॥’’ ਨੂੰ ਖੰਡਨ ਕਰਨ ਦੇ ਬਾਵਯੂਦ ਵੀ ਅਗਰ ਗੁਰੂ ਗ੍ਰੰਥ ਸਾਹਿਬ ਜੀ ਦਾ ਭਾਗ ਬਣੀ ਹੋਈ ਹੈ ਤਾਂ ਕੇਵਲ ਇਸ ਲਈ ਕਿ ਇੱਥੇ ਗੁਰੂ ਜੀ ਨੇ ਆਪਣੀ ਭਾਵਨਾ ‘‘ਕੀਤਾ ਪਸਾਉ, ਏਕੋ ਕਵਾਉ॥’’ ਨੂੰ ਪੱਕੀ, ਸੱਚੀ ਸਮਝਾਉਣ ਲਈ ਕੱਚੀ ਭਾਵਨਾ ਦੀ ਟੇਕ ਲਈ ਗਈ ਹੈ। ਉਝ ਉਪਰੋਕਤ ਚਾਰੇ ਭਗਤਾਂ ਦੀ ਵਿਚਾਰਧਾਰਾ ਅਤੇ ‘‘ਏਕਾ ਮਾਈ ਜੁਗਤਿ ਵਿਆਈ॥’’ ਵਾਲੀ ਵਿਚਾਰਧਾਰਾ ਗੁਰੂ ਸਿਧਾਂਤ ਨਾਲ ਉੱਕਾ ਹੀ ਮੇਲ ਨਹੀਂ ਖਾਂਦੀਆਂ ਹਨ।

ਹੁਣ ਤੱਕ ਕੀਤੀ ਵਿਚਾਰ ਤੋਂ ਇਹ ਸਪੱਸ਼ਟ ਹੁੰਦਾ ਹੈ ਕਿ ਪਿੱਛੇ ਬਿਆਨ ਕੀਤੀ ਗਈ ਗੁਰੂ ਸਿਧਾਂਤ ਤੋਂ ਬਿਪ੍ਰੀਤ ਜੋ ਰਚਨਾ ਹੈ; ਉਹ ਕੱਚੀ ਅਤੇ ਗੁਰੂ ਸਿਧਾਂਤ ਦੇ ਸਮਾਨੰਤਰ ਰਚਨਾ ਸੱਚੀ (ਪੱਕੀ) ਹੈ।

ਇੱਥੇ ਇਹ ਵੀਚਾਰ ਵੀ ਜ਼ਰੂਰੀ ਹੈ ਕਿ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਦਰਜ ਪ੍ਰਭੂ ਜੀ ਦੇ ਤਮਾਮ ਵਿਸ਼ੇਸ਼ਣ; ਪ੍ਰਮਾਤਮਾ ਜੀ ਵਿੱਚ ਕਦੋਂ ਤੋਂ ਵਿਰਾਜਮਾਨ ਹਨ। ਜਿਵੇਂ ਕਿ ਮੂਲਮੰਤਰ ਵਿਚ ਦਰਜ ਸ਼ਬਦ ‘ਨਿਰਭਉ, ਨਿਰਵੈਰੁ’ ਹੀ ਲੈ ਲਈਏ। ਭਾਵ ਪ੍ਰਭੂ ਡਰ ਰਹਿਤ ਅਤੇ ਵੈਰ ਰਹਿਤ ਕਦੋਂ ਤੋਂ ਹੈ? ਆਦਿ ਕਾਲ ਤੋਂ ਜਾਂ ਜਦੋਂ ਤੋਂ ਗੁਰੂ ਨਾਨਕ ਸਾਹਿਬ ਜੀ ਨੇ ਲਿਖਤੀ ਰੂਪ ਵਿਚ ਸਾਡੇ ਸਾਹਮਣੇ ਰੱਖਿਆ ਹੈ। ਉਤਰ ਮਿਲੇਗਾ ਆਦਿ ਕਾਲ ਤੋਂ। ਫਿਰ ਇਹ ਵੀ ਮੰਨਣਾ ਪਵੇਗਾ ਕਿ ਗੁਰੂ ਨਾਨਕ ਸਾਹਿਬ ਜੀ ਨੂੰ ਪ੍ਰਭੂ ਜੀ ਦਾ ਨਿਡਰ ਅਤੇ ਵੈਰ ਰਹਿਤ ਹੋਣਾ, ਇਨ੍ਹਾਂ ਤਮਾਮ ਅੱਖਰਾਂ ਤੋਂ ਬਿਨਾ ਵਿਖਾਈ ਦੇਂਦਾ ਸੀ।

ਸੋ, ਇਹ ਅੱਖਰ ਅੰਨ੍ਹੇ ਸਮਾਜ ਲਈ ਐਨਕ (ਚਸ਼ਮਾ) ਹਨ ਨਾ ਕਿ ਕੱਚੀ/ਪੱਕੀ ਰਚਨਾ ਦਾ ਸੀਮਾ ’ਚ ਬਿਆਨ ਕੀਤਾ ਗਿਆ ਜਵਾਬ।

ਸਿਧਾਂ ਵੱਲੋਂ ਗੁਰੂ ਜੀ ਨੂੰ ਪੁੱਛੇ ਸਵਾਲ ਕਿ ‘‘ਸੁ ਸਬਦ ਕਾ ਕਹਾ ਵਾਸੁ ਕਥੀਅਲੇ; ਜਿਤੁ ਤਰੀਐ ਭਵਜਲੁ ਸੰਸਾਰੋ॥’’ ਮ:੧/੯੪੪।। ਬਾਰੇ ਗੁਰੂ ਜੀ ਦਾ ਉਤਰ ਸੀ ਕਿ ‘‘ਸੋ ਸਬਦ ਕਉ ਨਿਰੰਤਰਿ ਵਾਸੁ ਅਲਖੰ; ਜਹ ਦੇਖਾ ਤਹ ਸੋਈ॥’’ ਮ:੧/੯੪੪।। ਭਾਵ ਜਿਸ ਨੂੰ ਮੈ ਸ਼ਬਦ (ਰੱਬੀ ਉਸਤਤਿ) ਗੁਰੂ ਆਖ ਰਿਹਾ ਹਾਂ ਉਹ ਸਰਬ ਵਿਆਪਕ ਹੈ। ਮੈ ਜਿਸ ਤਰਫ ਵੀ ਵੇਖ ਰਿਹਾ ਹਾਂ ਮੈਨੂੰ ਉਹ ਸ਼ਬਦ ਵਿਖਾਈ ਦੇ ਰਿਹਾ ਹੈ।

ਕੀ ਕੋਈ ਦ੍ਰਿਸ਼ਟਮਾਨ ਵਸਤੂ (ਸ਼ਬਦ ਆਦਿ) ਸਰਬ ਵਿਆਪਕ ਹੋ ਸਕਦੀ ਹੈ? ਗੁਰੂ ਜੀ ‘ਸਬਦ ਗੁਰੂ’ ਭਾਵ ਪ੍ਰਭੂ ਜੀ ਦੇ ਵਿਆਪਕ ਗੁਣਾਂ ਨੂੰ ਹੀ ਅਟੱਲ ਸਚਾਈ (ਪਕਾਈ) ਆਖ ਰਹੇ ਹਨ, ਨਾ ਕਿ ਕਿਸੇ ਦ੍ਰਿਸ਼ਟਮਾਨ ਅੱਖਰ ਨੂੰ।

ਇੱਥੇ ਇੱਕ ਸੁਆਲ ਇਹ ਉਠਣਾ ਵੀ ਸੁਭਾਵਕ ਹੈ ਕਿ ਅਗਰ ਗੁਰੂ ਸਿਧਾਂਤ ਦੇ ਸਾਮਾਨੰਤਰ ਤਮਾਮ ਰਚਨਾ ਜੋ ਗੁਰੂ ਗ੍ਰੰਥ ਸਾਹਿਬ ਜੀ ਤੋਂ ਬਾਹਰ ਹੈ, ਨੂੰ ਗੁਰੂ ਗ੍ਰੰਥ ਸਾਹਿਬ ਜੀ ਵਾਂਗ ਫਿਰ ਕਿਉਂ ਨਹੀਂ ਪੂਜਿਆ ਜਾ ਸਕਦਾ?

ਉੱਤਰ:-ਜੋ ਗੁਰੂ ਸਿਧਾਂਤ ਦੇ ਸਾਮਾਨੰਤਰ ਰਚਨਾ ਗੁਰੂ ਗ੍ਰੰਥ ਸਾਹਿਬ ਜੀ ਤੋਂ ਬਾਹਰ ਰਚੀ ਗਈ ਹੈ, ਰਚੀ ਜਾ ਰਹੀ ਹੈ ਅਤੇ ਰਚੀ ਜਾਵੇਗੀ ਉਹ ਕਿਸੇ ਨਾ ਕਿਸੇ ਰੂਪ ਵਿਚ ਮਨੁੱਖੀ ਦਿਮਾਗ਼ ਰਾਹੀਂ ਕੀਤੀ ਗਈ ਗੁਰੂ ਗ੍ਰੰਥ ਸਾਹਿਬ ਜੀ ਵਿੱਚੋਂ ਫੋਟੋ ਕਾਪੀ ਹੈ, ਜੋ ਕਿ ਕਿਸੇ ਇਕ ਵਿਅਕਤੀ (ਭੁਲਣ ਅੰਦਰਿ) ਦੀ ਭਾਵਨਾ ਵਿੱਚ ਵੀ ਭਿੰਨਤਾ ਵਿਖਾਈ ਜ਼ਰੂਰ ਦੇਵੇਗੀ ਜਦਕਿ ਗੁਰੂ ਗ੍ਰੰਥ ਰੂਪੀ ਸਿਧਾਂਤ (ਗਿਆਨ) ਇਕ ਅਭੁੱਲ ਅਧਿਆਤਮਕ ਗੁਣਾਂ ਦੇ ਸਾਗਰ ਦੀ ਅੰਦਰੋਂ ਹੀ ਉਪਜ ਹੈ, ਨਾ ਕਿ ਕਿਸੇ ਪਾਸੋਂ ਕੀਤੀ ਹੋਈ ਫੋਟੋ ਕਾਪੀ। ਇਸ ਲਈ ਹਰ ਰਚਨਾ ਨੂੰ ਗੁਰੂ ਗ੍ਰੰਥ ਸਾਹਿਬ ਜੀ ਦੀ ਕਸੌਟੀ ’ਤੇ ਲਗਾਉਣਾ ਅਤਿ ਜ਼ਰੂਰੀ ਹੈ।

ਸਿੱਖ ਸਮਾਜ ਵਿੱਚ ਇਹ ਭਾਵਨਾ ਬਹੁਤਾਤ ਵਿੱਚ ਵੇਖਣ ਨੂੰ ਮਿਲਦੀ ਹੈ ਕਿ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਦਰਜ ਪਾਵਨ ਬਾਣੀ ਪੱਕੀ ਅਤੇ ਬਾਕੀ ਤਮਾਮ ਕੱਚੀ ਹੈ ਕਿਉਂਕਿ ਇਉਂ ਬਿਆਨ ਕਰਨ ਨਾਲ ਦਿਮਾਗ਼ ’ਤੇ ਬਹੁਤਾ ਜ਼ੋਰ ਦੇਣ ਦੀ ਜ਼ਰੂਰਤ ਨਹੀਂ ਪੈਂਦੀ ਪਰ ਇਸ ਤਰ੍ਹਾਂ ਮੰਨਣ ਨਾਲ ਕਈ ਹੋਰ ਸਵਾਲ ਜ਼ਰੂਰ ਖੜ੍ਹੇ ਹੋ ਜਾਂਦੇ ਹਨ।

(1). ਕੀ ਗੁਰਬਾਣੀ ਦੇ ਕੀਤੇ ਗਏ ਤਮਾਮ ਟੀਕੇ, ਭਾਈ ਗੁਰਦਾਸ ਜੀ ਦੀ ਰਚਨਾ ਆਦਿ ਲਿਖੇ ਗਏ ਜਾਂ ਜੋ ਲਿਖੇ ਜਾ ਰਹੇ ਹਨ, ਤਮਾਮ ਲੇਖ ਸਭ ਕੱਚੇ ਹਨ?

(2). ਨੈਤਿਕਤਾ ਭਰਪੂਰ ਵਿਦਿਆ ਜੋ ਸਕੂਲਾਂ, ਕਾਲਜਾਂ, ਯੂਨੀਵਰਸਿਟੀ ਆਦਿ ਰਾਹੀਂ ਦਿੱਤੀ ਜਾ ਰਹੀ ਹੈ, ਆਦਿ ਸਭ ਕੱਚੀ ਹੈ?

(3). ਤਮਾਮ ਹੁਕਮਨਾਮੇ, ਫ਼ਤਹਿ ਆਦਿ ਸਤਿਕਾਰਮਈ ਸ਼ਬਦ ਸਭ ਕੱਚੇ ਹਨ?

ਕਿਉਂਕਿ ਕੱਚੀ ਲਿਖਤ ਬਾਰੇ ਗੁਰੂ ਅਮਰਦਾਸ ਜੀ ਦਾ ਪਾਵਨ ਵਾਕ ਹੈ:-‘‘ਕਹਦੇ ਕਚੇ ਸੁਣਦੇ ਕਚੇ, ਕਚੀਂ ਆਖਿ ਵਖਾਣੀ॥’’ ਮ:੩/੯੨੦॥ ਭਾਵ ਕੱਚੀ ਰਚਨਾ ਨੂੰ ਕਹਿਣ ਵਾਲੇ ਤੇ ਸੁਣਨ ਵਾਲੇ ਸਭ ਕੱਚੇ ਲੋਕ ਹਨ, ਅਧਿਆਤਮਕ ਪੋਖੋਂ ਗਿਰੇ ਹੋਏ ਹਨ। ਉਨ੍ਹਾਂ ਨੂੰ ਸਮਾਜ ਦੀ ਖੁਸ਼ਹਾਲੀ, ਆਪਸੀ ਪ੍ਰੇਮ ਪਸੰਦ ਨਹੀਂ ਆਦਿ।

ਸਾਨੂੰ ਸਮੂਹ ਮਾਨਵਤਾ ਦੀ ਸ਼ਾਂਤੀ (ਭਲਾਈ) ਲਈ ਉਲੀਕੇ ਗਏ ਤਮਾਮ ਸੁਧਾਰਵਾਦੀ ਕਦਮਾ ਦਾ ਸਾਥ, ਇਸ ਸੋਚ ਰਾਹੀਂ ਦੇਣਾ ਚਾਹੀਦਾ ਹੈ ਕਿ ਇਸ ਵਿਚਾਰਧਾਰਾ ਦੀ ਆਰੰਭਤਾ ਗੁਰੂ ਗ੍ਰੰਥ ਸਾਹਿਬ ਜੀ ਦੁਆਰਾ ਕੀਤੀ ਗਈ ਹੈ। ਇਸ ਤਰ੍ਹਾਂ ਹੀ ਅਸੀਂ ਸਮਾਜ ਨੂੰ ਗੁਰੂ ਉਪਦੇਸ ਦੀ ਬਹੁ ਕੀਮਤੀ ਜਾਣਕਾਰੀ ਦੇ ਕੇ ਸਤਿਗੁਰਾਂ ਜੀ ਵੱਲੋਂ ਰਚੀ ਗਈ ਸਮੂਹ ਮਾਨਵਤਾ ਦੀ ਭਲਾਈ ਲਈ ਅੰਮ੍ਰਿਤਮਈ ਬਾਣੀ ਤੋਂ ਸਮਾਜ ਨੂੰ ਲਾਭ ਪਹੁੰਚਾ ਸਕਦੇ ਹਾਂ।