ਸਰਲ ਗੁਰਬਾਣੀ ਵਿਆਕਰਣ – ਭਾਗ 7
(ਲੁਪਤ ਸਬੰਧਕ)
– ਗਿਆਨੀ ਅੰਮ੍ਰਿਤਪਾਲ ਸਿੰਘ (ਲੁਧਿਆਣਾ)
‘ਗਿਆਨੀ ਜੀ, ਮਿਹਰ ਕਹਿ ਰਿਹਾ ਸੀ ਕਿ ਤੁਹਾਡਾ ਵਾਲੇਟ ਚੋਰੀ ਹੋ ਗਿਆ ਹੈ ?’ ਬੀਬੀ ਪਰਮਜੀਤ ਕੌਰ ਨੇ ਪੁੱਛਿਆ।
‘ਹਾਂ ਜੀ ਭੈਣ ਜੀ ! ਸ਼ਾਇਦ ਚੋਰ ਨੂੰ ਮਾਇਆ ਦੀ ਮੇਰੇ ਨਾਲੋਂ ਜ਼ਿਆਦਾ ਲੋੜ ਸੀ’ ਮੈਂ ਹੱਸਦਿਆਂ ਜਵਾਬ ਦਿਤਾ।
‘ਗਿਆਨੀ ਜੀ, ਮੰਮੀ ਜੀ ਨੇ ਵੀ ਇਕ ਵਾਰੀ ਆਪਣੀ ਘੜੀ ਤੇ ਇਕ ਵਾਰ ਆਪਣਾ ਫੋਨ ਚੋਰੀ ਕਰਾ ਲਿਆ ਸੀ।’ ਸੁਖਦੀਪ ਸਿੰਘ ਨੇ ਮੂੰਹ ’ਤੇ ਹੱਥ ਰੱਖ ਕੇ ਮੁਸਕੜੀਂ ਹੱਸਦਿਆਂ ਕਿਹਾ।
‘ਪੁੱਤਰ, ਇਕ ਵਿਦਵਾਨ ਦਾ ਕਹਿਣਾ ਹੈ ਕਿ ਦੁਨੀਆਂ ’ਤੇ ਐਸਾ ਕੋਈ ਇਨਸਾਨ ਨਹੀਂ ਹੈ, ਜਿਸ ਦੀ ਕਦੀ ਚੋਰੀ ਨਾ ਹੋਈ ਹੋਵੇ ਤੇ ਜਿਸ ਨੇ ਕਦੀ ਚੋਰੀ ਨਾ ਕੀਤੀ ਹੋਵੇ। ਵੈਸੇ ਵੀ ਚੋਰੀ ਹਮੇਸ਼ਾਂ ਉਹਨਾਂ ਚੀਜ਼ਾਂ ਦੀ ਹੁੰਦੀ ਹੈ, ਜਿਹਨਾਂ ਤੋਂ ਬਿਨਾਂ ਜ਼ਿੰਦਗੀ ਚਲ ਸਕਦੀ ਹੈ। ਅਤਿ ਜ਼ਰੂਰੀ ਚੀਜ਼ਾਂ ਦੀ ਕਦੀ ਚੋਰੀ ਨਹੀਂ ਹੁੰਦੀ। ਤੂੰ ਐਵੇਂ ਨਾ ਮੇਰਾ ਮਜ਼ਾਕ ਨਾ ਉਡਾਇਆ ਕਰ।’ ਮਾਂ ਪਰਮਜੀਤ ਕੌਰ ਨੇ ਸੁਖਦੀਪ ਸਿੰਘ ਨੂੰ ਹੱਥ ਮਾਰਦਿਆਂ ਹੱਸ ਕੇ ਕਿਹਾ।
‘ਮੈਂ ਕਦੋਂ ਤੁਹਾਡਾ ਜੋਕ ਫਲਾਈ ਕੀਤਾ ? ਮੈਂ ਤਾਂ ਤੁਹਾਡੀ ਚੋਰੀ ਹੋਈ ਘੜੀ ਤੇ ਫੋਨ ਦਾ ਅਜੇ ਤੱਕ ਅਫਸੋਸ ਕਰ ਰਿਹਾ ਹਾਂ।’ ਸੁਖਦੀਪ ਸਿੰਘ ਨੇ ਫਿਰ ਮੁਸਕੜੀਂ ਹੱਸਦਿਆਂ ਕਿਹਾ।
‘ਪਰ ਪੁੱਤਰ ਜੀ, ਦੋਵੇਂ ਵਾਰ ਚੋਰੀ ਨੇ ਮੈਨੂੰ ਗੁਰਬਾਣੀ ਵਿਆਕਰਣ ਦੇ ਨਵੇਂ ਨੇਮ ਸਿਖਾ ਦਿੱਤੇ ਸੀ।’ ਮਾਂ ਨੇ ਬੜੇ ਰਹੱਸਮਈ ਅੰਦਾਜ਼ ਵਿਚ ਕਿਹਾ।
‘ਉਹ ਕਿਵੇਂ ?’ ਦੋਵੇਂ ਬੱਚੇ ਹੈਰਾਨੀ ਨਾਲ ਇਕੱਠੇ ਬੋਲੇ।
‘ਇਕ ਵਾਰ ਜਦੋਂ ਮੈਂ ਆਪਣੇ ਆਫਿਸ ਵਿਚ ਸਾਂ ਤਾਂ ਇਕ ਨਵੇਂ ਕਲਾਇੰਟ ਨੇ ਮੇਰੇ ਤੋਂ ਪੀਣ ਲਈ ਪਾਣੀ ਮੰਗਿਆ। ਮੈਂ ਅੰਦਰੋਂ ਪਾਣੀ ਲਿਆ ਕੇ ਉਹਨੂੰ ਪਿਲਾਇਆ। ਉਹਦੇ ਆਉਣ ਤੋਂ ਇਕ ਮਿੰਟ ਪਹਿਲਾਂ ਹੀ ਮੈਂ ਆਪਣੀ ਘੜੀ ਉਤਾਰ ਕੇ ਟੇਬਲ ’ਤੇ ਰੱਖੀ ਸੀ ਤੇ ਉਹਦੇ ਜਾਣ ਤੋਂ ਬਾਅਦ ਮੇਰੀ ਘੜੀ ਗਾਇਬ ਸੀ। ਹੁਣ ਮੈਨੂੰ ਉਸ ਚੋਰ ਦੀ ਪਛਾਣ ਤਾਂ ਸੀ, ਪਰ ਕੋਈ ਸਬੂਤ ਨਾ ਹੋਣ ਕਰਕੇ ਮੈਂ ਉਹਨੂੰ ਕੁਝ ਕਹਿ ਨਾ ਸਕੀ। ਕਈ ਵਾਰ ਸਾਨੂੰ ਕਿਸੇ ਚੋਰ ਦਾ ਪੱਕਾ ਪਤਾ ਹੁੰਦਾ ਹੈ, ਪਰ ਕਿਸੇ ਕਾਰਨ ਅਸੀਂ ਕੁੱਝ ਕਰ ਨਹੀਂ ਸਕਦੇ।’ ਮਾਂ ਨੇ ਚੋਰੀ ਦੀ ਘਟਨਾ ਸੁਣਾਈ।
‘ਪਰ ਇਸ ਦਾ ਗੁਰਬਾਣੀ ਵਿਆਕਰਣ ਨਾਲ ਕੀ ਸਬੰਧ ?’ ਮਿਹਰ ਸਿੰਘ ਨੇ ਹੈਰਾਨੀ ਨਾਲ ਪੁੱਛਿਆ।
‘ਬੇਟੇ, ਜਿਵੇਂ ਤੂੰ ਸਬੰਧਕ ਨੂੰ ਚੋਰ ਕਹਿੰਦਾ ਹੈਂ, ਉਸੇ ਤਰ੍ਹਾਂ ਮੈਂ ਵੀ ਸਿੱਖ ਲਿਆ ਸੀ ਕਿ ਗੁਰਬਾਣੀ ਵਿਚ ਕੁੱਝ ਸਬੰਧਕ ਤਾਂ ਪਰਤੱਖ ਨਜ਼ਰ ਆਉਂਦੇ ਨੇ, ਜੋ ਪੁਲਿੰਗ ਇਕ ਵਚਨ ਨਾਉਂ ਦੇ ਆਖਰੀ ਅੱਖਰ ਦੀ ਔਂਕੜ ਚੋਰੀ ਕਰ ਲੈਂਦੇ ਨੇ, ਜਿਵੇਂ :
ਪ੍ਰਭ ਪਾਸਿ ਜਨ ਕੀ ਅਰਦਾਸਿ॥
ਇਸ ਤੁੱਕ ਵਿਚ ‘ਪ੍ਰਭ’ ਤਾਂ ਪੁਲਿੰਗ ਇਕ ਵਚਨ ਸ਼ਬਦ ਹੈ, ਪਰ ‘ਪਾਸਿ’ ਸਬੰਧਕ ਨੇ ਪ੍ਰਭ ਦੇ ਆਖਰੀ ਅੱਖਰ ਦੀ ਔਂਕੜ ਚੋਰੀ ਕਰ ਲਈ। ਉਸ ਤੋਂ ਅੱਗੇ ‘ਜਨ’ ਦੇ ਆਖਰੀ ਅੱਖਰ ਦੀ ਔਂਕੜ ‘ਕੀ’ ਸਬੰਧਕ ਨੇ ਚੋਰੀ ਕਰ ਲਈ। ਹੁਣ ਇਹ ‘ਪਾਸਿ’ ਤੇ ‘ਕੀ’ ਸਬੰਧਕ ਪਰਗਟ ਹਨ ਭਾਵ ਸਾਨੂੰ ਗੁਰਬਾਣੀ ਦਾ ਪਾਠ ਕਰਦਿਆਂ ਨਜ਼ਰ ਆ ਜਾਂਦੇ ਹਨ। ਪਰਗਟ ਸਬੰਧਕ ਉਹ ਹੁੰਦਾ ਹੈ, ਜੋ ਸਾਨੂੰ ਪਰਤੱਖ ਨਜ਼ਰ ਆਵੇ ਕਿ ਇਹ ਸ਼ਬਦ ਸਬੰਧਕ ਹੈ।’ ਬੀਬੀ ਪਰਮਜੀਤ ਕੌਰ ਨੇ ਬਹੁਤ ਸਨੇਹ ਨਾਲ ਆਪਣੇ ਪਿਆਰੇ ਬੱਚਿਆਂ ਨੂੰ ਸਮਝਾਇਆ।
‘ਇਸ ਬਾਰੇ ਤਾਂ ਅਸੀਂ ਗਿਆਨੀ ਜੀ ਦੇ ਆਉਣ ਤੋਂ ਪਹਿਲਾਂ ਵਿਚਾਰ ਕਰ ਹੀ ਰਹੇ ਸੀ। (ਦੇਖੋ: ਸਰਲ ਗੁਰਬਾਣੀ ਵਿਆਕਰਣ – ਭਾਗ 6) ਜਿੱਥੇ ਵੀ ਦਾ, ਦੇ, ਦੀ, ਨੋ, ਨਉ, ਕਾ, ਕੇ, ਕੀ, ਕਉ, ਪਾਸਿ, ਪਾਰਿ, ਹੇਠਿ, ਊਪਰਿ, ਨਾਲਿ, ਵਿਚਿ, ਵਲਿ, ਮਹਿ, ਮਾਹਿ, ਨਿਕਟਿ, ਮੰਝਾਰਿ, ਬਰਾਬਰਿ, ਸਾਥਿ, ਤੁਲਿ, ਸਿਰਿ, ਭੀਤਰਿ, ਬੀਚਿ, ਅੰਤਿ, ਸੰਗਿ, ਅੰਦਰਿ, ਬਾਹਰਿ, ਨਜੀਕਿ ਆਦਿਕ ਸਬੰਧਕ ਆਉਂਦੇ ਹਨ, ਉਹਨਾਂ ਤੋਂ ਪਹਿਲਾਂ ਆਉਣ ਵਾਲੇ ਪੁਲਿੰਗ ਇਕ ਵਚਨ ਨਾਉਂ ਦੇ ਆਖਰੀ ਅੱਖਰ ਦੀ ਔਂਕੜ ਲੱਥ ਜਾਂਦੀ ਹੈ। ਇਹ ਪਰਗਟ ਸਬੰਧਕ ਉਹ ਚੋਰ ਹਨ, ਜਿਹਨਾਂ ਦੀ ਸਾਨੂੰ ਪਛਾਣ ਹੈ ਕਿ ਇਹਨਾਂ ਨੇ ਹੀ ਪੁਲਿੰਗ ਇਕ ਵਚਨ ਨਾਉਂ ਦੇ ਆਖਰੀ ਅੱਖਰ ਦੀ ਔਂਕੜ ਚੋਰੀ ਕੀਤੀ ਹੈ। ਕੋਈ ਨਵੀਂ ਗੱਲ ਵੀ ਦੱਸੋ ਨਾ ?’ ਸੁਖਦੀਪ ਸਿੰਘ ਨੇ ਕਾਹਲਾ ਪੈਂਦਿਆਂ ਕਿਹਾ।
‘ਪੁੱਤਰ ਜੀ, ਉਹੀ ਦੱਸ ਰਹੀ ਹਾਂ। ਮੇਰੇ ਫੋਨ ਦੀ ਚੋਰੀ ਨੇ ਮੈਨੂੰ ਸਬੰਧਕਾਂ ਦਾ ਦੂਜਾ ਨੇਮ ਵੀ ਸਿਖਾ ਦਿੱਤਾ।’ ਮਾਂ ਨੇ ਸਹਿਜ ਨਾਲ ਕਿਹਾ।
‘ਉਹ ਕਿਹੜਾ ਨੇਮ ਮੰਮੀ ਜੀ ? ਜਲਦੀ-ਜਲਦੀ ਦੱਸੋ ਨਾ ? ਮੈਂ ਵੀ ਸਬੰਧਕਾਂ ਦਾ ਦੂਜਾ ਨੇਮ ਸਿੱਖਣਾ ਹੈ।’ ਮਿਹਰ ਸਿੰਘ ਨੇ ਮਾਸੂਮ ਜਿਹਾ ਮੂੰਹ ਬਣਾਉਂਦਿਆਂ ਕਿਹਾ।
‘ਜਦੋਂ ਮੈਂ ਸ਼ੌਪਿੰਗ ਕਰਨ ਗਈ ਤਾਂ ਮੈਨੂੰ ਬਹੁਤ ਸਾਰੀਆਂ ਦੁਕਾਨਾਂ ’ਤੇ ਜਾਣਾ ਪਿਆ। ਮੇਰਾ ਫੋਨ ਮੇਰੇ ਪਰਸ ਵਿਚ ਸੀ। ਮੈਨੂੰ ਪਤਾ ਹੀ ਨਹੀਂ ਲੱਗਿਆ ਕਿ ਕਦੋਂ ਕਿਸੇ ਨੇ ਮੇਰਾ ਪਰਸ ਖੋਲ ਕੇ ਫੋਨ ਚੋਰੀ ਕਰ ਲਿਆ। ਮੈਂ ਇਸ ਚੋਰੀ ਤੋਂ ਸਬੰਧਕਾਂ ਦਾ ਦੂਜਾ ਨੇਮ ਸਿੱਖ ਲਿਆ।’ ਮਾਂ ਨੇ ਗੱਲ ਜਾਰੀ ਰੱਖੀ।
‘ਫਿਰ ਤਾਂ ਜਦੋਂ ਮੇਰੀ ਕਿਸੇ ਚੀਜ਼ ਦੀ ਚੋਰੀ ਹੋਏਗੀ ਤਾਂ ਮੈਂ ਵੀ ਕੋਈ ਗੁਰਬਾਣੀ ਵਿਆਕਰਣ ਦਾ ਨੇਮ ਸਿੱਖ ਲਿਆ ਕਰਾਂਗਾ, ਪਰ ਤੁਸੀਂ ਕਿਹੜਾ ਨੇਮ ਸਿੱਖਿਆ ਸੀ ਮੰਮੀ ਜੀ ?’ ਮਿਹਰ ਸਿੰਘ ਨੇ ਸ਼ਰਾਰਤੀ ਅੰਦਾਜ਼ ਵਿਚ ਮੁਸਕਰਾਉਂਦਿਆਂ ਕਿਹਾ।
‘ਹੁਣ ਮੈਨੂੰ ਚੋਰ ਦੀ ਪਛਾਣ ਤਾਂ ਨਹੀਂ ਸੀ, ਪਰ ਇਹ ਗੱਲ ਪੱਕੀ ਸੀ ਕਿ ਮੇਰੇ ਫੋਨ ਦੀ ਚੋਰੀ ਹੋਈ ਹੈ। ਇਸੇ ਤਰ੍ਹਾਂ ਕਈ ਵਾਰ ਸਬੰਧਕ ਚੋਰ ਦਾ ਪਤਾ ਨਹੀਂ ਲਗਦਾ ਪਰ ਇਹ ਗੱਲ ਪੱਕੀ ਹੁੰਦੀ ਹੈ ਕਿ ਪੁਲਿੰਗ ਇਕ ਵਚਨ ਨਾਉਂ ਦੇ ਆਖਰੀ ਅੱਖਰ ਦੀ ਔਂਕੜ ਚੋਰੀ ਹੋਈ ਹੁੰਦੀ ਹੈ, ਜਿਵੇਂ :
ਜਿਸੁ ਜਨ ਕਉ ਪ੍ਰਭ ਦਰਸ ਪਿਆਸਾ॥
ਇਸ ਤੁੱਕ ਵਿਚ ‘ਪ੍ਰਭ’ ਅਤੇ ‘ਦਰਸ’ ਦੋਵੇਂ ਪੁਲਿੰਗ ਇਕ ਵਚਨ ਨਾਉਂ ਹਨ। ਪ੍ਰਭ ਵੀ ਇਕ ਹੈ ਤੇ ਪ੍ਰਭ ਦਾ ‘ਦਰਸ਼ਨ’ ਵੀ ਇਕ ਹੈ। ਪ੍ਰਭ ਅਤੇ ਦਰਸ ਦੇ ਆਖਰੀ ਅੱਖਰ ਨੂੰ ਔਂਕੜ ਆਉਣੀ ਚਾਹੀਦੀ ਸੀ। ਜੇ ਔਂਕੜ ਚੋਰੀ ਹੋਈ ਹੈ ਤਾਂ ਔਂਕੜ ਚੋਰੀ ਕਰਨ ਵਾਲਾ ਕੋਈ ਸਬੰਧਕ ਨਜ਼ਰ ਆਉਣਾ ਚਾਹੀਦਾ ਸੀ। ਅਸਲ ਵਿਚ ਜਿਵੇਂ ਚੋਰ ਮੇਰਾ ਫੋਨ ਚੋਰੀ ਕਰਕੇ ਲੈ ਗਿਆ ਪਰ ਮੈਂ ਉਸ ਨੂੰ ਦੇਖ ਨਹੀਂ ਸਕੀ। ਇਸੇ ਤਰ੍ਹਾਂ ਇਹ ਗੱਲ ਤਾਂ ਪੱਕੀ ਹੈ ਕਿ ਪੁਲਿੰਗ ਇਕ ਵਚਨ ਨਾਉਂ ਦੇ ਆਖਰੀ ਅੱਖਰ ਦੀ ਔਂਕੜ ਚੋਰੀ ਹੋਈ ਹੈ ਪਰ ਇਸ ਤੁੱਕ ਵਿਚ ਵੀ ਸਬੰਧਕ ਚੋਰ ਨਜ਼ਰ ਨਹੀਂ ਆ ਰਿਹਾ। ਇਸ ਦਾ ਮਤਲਬ ਇਹ ਹੈ ਕਿ ਕੋਈ ਲੁਕਿਆ ਹੋਇਆ ਸਬੰਧਕ ਹੈ, ਜਿਹੜਾ ਪਰਗਟ ਤੌਰ ’ਤੇ ਸਾਨੂੰ ਨਜ਼ਰ ਨਹੀਂ ਆ ਰਿਹਾ। ਇਸ ਨੂੰ ਗੁਰਬਾਣੀ ਵਿਆਕਰਣ ਦੀ ਬੋਲੀ ਵਿਚ ‘ਲੁਪਤ ਸਬੰਧਕ’ ਕਿਹਾ ਜਾਂਦਾ ਹੈ।’ ਮਾਂ ਬੱਚਿਆਂ ਨੂੰ ਚੰਗੀ ਤਰ੍ਹਾਂ ਸਮਝਾ ਰਹੀ ਸੀ ਤੇ ਮੈਂ ਵੀ ਬੜੀ ਉਤਸੁਕਤਾ ਨਾਲ ਸੁਣ ਰਿਹਾ ਸਾਂ।
‘ਪਰ ਮੰਮੀ ਜੀ, ਲੁਪਤ ਸਬੰਧਕ ਕਿਹੜਾ ਹੈ, ਇਸ ਦਾ ਸਾਨੂੰ ਕਿਵੇਂ ਪਤਾ ਲੱਗੇਗਾ ?’ ਮਿਹਰ ਸਿੰਘ ਨੇ, ਲੁਪਤ ਸਬੰਧਕ ਦੇ ਨਾ ਮਿਲਣ ਦਾ ਤੈਅ ਹੋਣਾ ਮੰਨ ਕੇ ਵੀ, ਮਨ ਵਿਚ ਛੋਟੀ ਜਿਹੀ ਆਸ ਲੈ ਕੇ ਪੁੱਛਿਆ।
‘ਓ ਮੇਰੇ ਭੋਲੇ ਪੁੱਤਰ ਜੀ ! ਜਦੋਂ ਮੇਰਾ ਫੋਨ ਚੋਰੀ ਹੋਇਆ ਸੀ ਤਾਂ ਮੈਂ ਵੀ ਅੰਦਾਜ਼ੇ ਲਾਏ ਸਨ ਕਿ ਕਿਹੜੀ-ਕਿਹੜੀ ਦੁਕਾਨ ਤੇ ਕਿਹੜਾ-ਕਿਹੜਾ ਬੰਦਾ ਜਾਂ ਬੀਬੀ ਮੇਰੇ ਪਰਸ ਦੇ ਨੇੜੇ ਆਏ ਸਨ। ਕਿਸ ਬੰਦੇ ਦੀ ਮੇਰੇ ਪਰਸ ’ਤੇ ਨਜ਼ਰ ਸੀ ਜਾਂ ਕਿਹੜੀ ਬੀਬੀ ਬਿਲਕੁਲ ਮੇਰੇ ਪਰਸ ਦੇ ਨੇੜੇ ਬੈਠੀ ਹੋਈ ਸੀ। ਇਸੇ ਤਰ੍ਹਾਂ ਅਸੀਂ ਗੁਰਬਾਣੀ ਦੀ ਤੁੱਕ ਪੜਦਿਆਂ ਇਹ ਵੀ ਅੰਦਾਜ਼ਾ ਲਗਾ ਸਕਦੇ ਹਾਂ ਕਿ ਇਸ ਤੁੱਕ ਵਿਚ ਕਿਹੜਾ ਲੁਕਿਆ ਹੋਇਆ ਸਬੰਧਕ ਔਂਕੜ ਦੀ ਚੋਰੀ ਕਰ ਸਕਦਾ ਹੈ। ਜਿਵੇਂ ‘ਪ੍ਰਭ’ ਤੇ ‘ਦਰਸ’ ਦਾ ਸਬੰਧ ਬਣਾਉਣ ਵਾਲਾ ਕਿਹੜਾ ਸਬੰਧਕ ਹੋ ਸਕਦਾ ਹੈ ਅਤੇ ‘ਦਰਸ’ ਤੇ ‘ਪਿਆਸਾ’ ਦਾ ਸਬੰਧ ਬਣਾਉਣ ਵਾਲਾ ਕਿਹੜਾ ਸਬੰਧਕ ਹੋ ਸਕਦਾ ਹੈ ?’ ਮਾਂ ਬੜੇ ਪਿਆਰ ਨਾਲ ਸਮਝਾ ਰਹੀ ਸੀ।
‘ਇਹ ਤਾਂ ਬੜਾ ਸੌਖਾ ਹੈ: ਪ੍ਰਭ ਦਾ ਦਰਸ ਤੇ ਦਰਸ ਦਾ ਪਿਆਸਾ। ‘ਦਾ’ ਲੁਪਤ ਸਬੰਧਕ ਹੋਇਆ ਫਿਰ ਤਾਂ ? ਪ੍ਰਭ ਦੇ ਦਰਸ ਦਾ ਪਿਆਸਾ। ਓਹ ਮੰਮੀ ਜੀ, ਮੈਨੂੰ ਪਤਾ ਲੱਗ ਗਿਆ। ਲੁਪਤ ਸਬੰਧਕ ‘ਦੇ’ ਨੇ ਪ੍ਰਭ ਦੇ ਆਖਰੀ ਅੱਖਰ ਦੀ ਔਂਕੜ ਚੋਰੀ ਕਰ ਲਈ ਤੇ ਲੁਪਤ ਸਬੰਧਕ ‘ਦਾ’ ਨੇ ‘ਦਰਸ’ ਦੇ ਆਖਰੀ ਅੱਖਰ ਦੀ ਔਂਕੜ ਚੋਰੀ ਕਰ ਲਈ ਹੈ।’ ਇੰਨੀ ਗੱਲ ਕਹਿੰਦਿਆਂ ਹੀ ਮਿਹਰ ਸਿੰਘ ਦੀਆਂ ਅੱਖਾਂ ਵਿਚ ਖੁਸ਼ੀ ਨਾਲ ਚਮਕ ਆ ਗਈ।
‘ਵਾਹ ਮੇਰੇ ਹੁਸ਼ਿਆਰ ਪੁੱਤਰ ! ਮੈਂ ਤੇਰੇ ਤੋਂ ਵਾਰੀ ਜਾਵਾਂ। ਬਿਲਕੁਲ ਠੀਕ ਜਵਾਬ ਦਿੱਤਾ ਮੇਰੇ ਸੋਹਣੇ ਬੱਚੇ ਨੇ।’ ਮਾਂ ਨੇ ਮਮਤਾਮਈ ਹਿਰਦੇ ਨਾਲ ਮਿਹਰ ਸਿੰਘ ਨੂੰ ਗਲਵਕੱੜੀ ਵਿਚ ਲੈਂਦਿਆਂ ਕਿਹਾ।
‘ਇਸ ਦਾ ਮਤਲਬ ਇਹ ਕਿ ਅਰਥਾਂ ਵਿਚ ਇਸ ਤੁੱਕ ਨੂੰ ਅਸੀਂ ਇਸ ਤਰ੍ਹਾਂ ਕਹਿ ਸਕਦੇ ਹਾਂ: ਜਿਸੁ ਜਨ ਕਉ ਪ੍ਰਭ (ਦੇ) ਦਰਸ (ਦੀ) ਪਿਆਸਾ (ਹੈ)।’ ਸੁਖਦੀਪ ਸਿੰਘ ਨੇ ਅਰਥ ਸਪਸ਼ਟ ਕੀਤਾ।
‘ਬਿਲਕੁਲ ਠੀਕ ਅਰਥ ਕੀਤੇ ਹਨ ਪੁੱਤਰ ਜੀ। ਜੇ ਲੁਪਤ ਸਬੰਧਕ ਨਜ਼ਰ ਨਾ ਆਏ ਤਾਂ ਪੁਲਿੰਗ ਇਕ ਵਚਨ ਨਾਉਂ ਦਾ ਉਸ ਤੋਂ ਅਗਲੇ ਸ਼ਬਦ ਨਾਲ ਸਬੰਧ ਬਣਾ ਕੇ ਦੇਖ ਲੈਣਾ ਚਾਹੀਦਾ ਹੈ। ਇਸ ਨਾਲ ਲੁਪਤ ਸਬੰਧਕ ਦੀ ਪਛਾਣ ਆ ਜਾਂਦੀ ਹੈ।’ ਮਾਂ ਨੇ ਅਰਥਾਂ ਵਿਚ ਸਹਿਮਤੀ ਦੇ ਦਿੱਤੀ।
‘ਮੰਗਲਾਚਰਣ ਵਿਚੋਂ ਮੇਰੇ ਕੋਲ ਵੀ ਇਕ ਉਦਾਹਰਣ ਹੈ : ਗੁਰ ਪ੍ਰਸਾਦਿ। ਦੱਸੋ ਕਿਸ ਲੁਪਤ ਸਬੰਧਕ ਨੇ ‘ਗੁਰ’ ਦੇ ਆਖਰੀ ਅੱਖਰ ਦੀ ਔਂਕੜ ਖਤਮ ਕੀਤੀ ਹੈ ?’ ਮਿਹਰ ਸਿੰਘ ਨੇ ਵੀ ਇਕ ਸਵਾਲ ਕਰ ਦਿੱਤਾ।
‘ਵਾਹ ਮੇਰੇ ਪੁੱਤਰਾ ! ਤੂੰ ਤਾਂ ਬੜਾ ਔਖਾ ਸਵਾਲ ਪਾ ਦਿੱਤਾ ਈ। ਮੈਂ ਬੁੱਝਣ ਦੀ ਕੋਸ਼ਿਸ਼ ਕਰਦੀ ਹਾਂ। ‘ਗੁਰ ਪ੍ਰਸਾਦਿ’ ਵਿਚ ਲੁਪਤ ਸਬੰਧਕ ਆਏਗਾ ‘ਦਾ’। ਗੁਰ (ਦਾ) ਪ੍ਰਸਾਦਿ, ਭਾਵ ਗੁਰ (ਦੀ) ਕਿਰਪਾ।’ ਮਾਂ ਨੇ ਜਾਣ-ਬੁੱਝ ਕੇ ਇਸ ਤਰ੍ਹਾਂ ਜਵਾਬ ਦਿੱਤਾ ਜਿਵੇਂ ਮਿਹਰ ਸਿੰਘ ਨੇ ਬਹੁਤ ਔਖਾ ਸਵਾਲ ਪਾ ਦਿੱਤਾ ਹੋਵੇ।
‘ਵਾਹ ! ਮੰਮੀ ਜੀ ! ਤੁਹਾਨੂੰ ਤਾਂ ਸਾਰੀ ਗੁਰਬਾਣੀ ਵਿਆਕਰਣ ਆਉਂਦੀਐ ?’ ਮਿਹਰ ਸਿੰਘ ਨੇ ਹੈਰਾਨ ਹੋ ਕੇ ਕਿਹਾ।
‘ਬੱਚਿਓ ! ਹੁਣ ਮੈਂ ਤੁਹਾਨੂੰ ਕੁੱਝ ਪ੍ਰਮਾਣ ਸੁਣਾਉਂਦੀ ਹਾਂ :
ਪ੍ਰਭ ਕਿਰਪਾ ਤੇ ਬੰਧਨ ਛੁਟੈ॥ ਰਾਮ ਰੰਗੁ ਕਦੇ ਉਤਰਿ ਨ ਜਾਇ॥
ਆਵੈ ਰਾਮ ਸਰਣਿ ਵਡਭਾਗੀ॥ ਗੁਰ ਸਾਖੀ ਜੋਤਿ ਪਰਗਟੁ ਹੋਇ॥
ਗੁਰ ਪਰਸਾਦਿ ਕਰੇ ਬੀਚਾਰੁ॥
ਤੁਸੀਂ ਦੋਵੇਂ ਵੀਰੇ ਇਹਨਾਂ ਪ੍ਰਮਾਣਾਂ ਵਿਚੋਂ ਲੁਪਤ ਸਬੰਧਕ ਲੱਭ ਕੇ ਦੱਸੋ।’ ਮਾਂ ਨੇ ਇਮਤਿਹਾਨ ਪਾ ਦਿੱਤਾ।
‘ਪ੍ਰਭ (ਦੀ) ਕਿਰਪਾ, ਰਾਮ (ਦਾ) ਰੰਗੁ, ਰਾਮ (ਦੀ) ਸਰਣਿ, ਗੁਰੂ (ਦੀ) ਸਾਖੀ (ਭਾਵ: ਸਿੱਖਿਆ), ਗੁਰ (ਦਾ) ਪਰਸਾਦਿ’ ਦੋਵੇਂ ਵੀਰ ਇਕੱਠੇ ਹੀ ਬੋਲ ਪਏ।
‘ਕਮਾਲ ਐ ! ਤੁਸੀਂ ਦੋਵੇਂ ਤਾਂ ਬੜੇ ਹੁਸ਼ਿਆਰ ਬੱਚੇ ਹੋ। ਬੇਟੇ ਸੁਖਦੀਪ ਸਿੰਘ, ਜੇ ਪੁਲਿੰਗ ਇਕ ਵਚਨ ਨਾਉਂ ਦਾ ਅਗਲੇ ਸ਼ਬਦ ਨਾਲ ਸਬੰਧ ਨਾ ਬਣੇ ਜਾਂ ਫਿਰ ਪੁਲਿੰਗ ਇਕ ਵਚਨ ਨਾਉਂ ਤੋਂ ਅੱਗੇ ਕੋਈ ਸ਼ਬਦ ਹੀ ਨਾ ਹੋਵੇ, ਤਾਂ ਫਿਰ ਤੁਸੀਂ ਕੀ ਕਰੋਗੇ ? ਜਿਵੇਂ :
ਮਿਲੁ ਜਗਦੀਸ ਮਿਲਨ ਕੀ ਬਰੀਆ॥
ਲਖੁ ਲਖੁ ਗੇੜਾ ਆਖੀਅਹਿ ਏਕੁ ਨਾਮੁ ਜਗਦੀਸ॥
ਇਹਨਾਂ ਦੋਵੇਂ ਪ੍ਰਮਾਣਾਂ ਵਿਚ ‘ਜਗਦੀਸ’ ਪੁਲਿੰਗ ਇਕ ਵਚਨ ਨਾਉਂ ਹੈ। ਇੱਥੇ ‘ਜਗਦੀਸ’ ਰੱਬ ਨੂੰ ਕਿਹਾ ਗਿਆ ਹੈ ਤੇ ਰੱਬ ਇਕ ਹੀ ਹੈ। ਜਗਦੀਸ ਪੁਲਿੰਗ ਇਕ ਵਚਨ ਤਾਂ ਹੈ ਪਰ ਇਸ ਦੇ ਆਖਰੀ ਅੱਖਰ ਸੱਸੇ ਨੂੰ ਔਂਕੜ ਨਹੀਂ ਆਈ। ਇਸ ਦਾ ਕਾਰਨ ਇਹ ਹੈ ਕਿ ਇਸ ਤੋਂ ਅੱਗੇ ਕੋਈ ਲੁਪਤ ਸਬੰਧਕ ਹੈ, ਜਿਸ ਨੇ ਜਗਦੀਸ ਦੇ ਆਖਰੀ ਅੱਖਰ ਦੀ ਔਂਕੜ ਖਤਮ ਕਰ ਦਿੱਤੀ ਹੈ। ਕੀ ਤੁਸੀਂ ਉਹ ਸਬੰਧਕ ਲੱਭ ਸਕਦੇ ਹੋ ?’ ਮੈਂ ਸੁਖਦੀਪ ਸਿੰਘ ਨੂੰ ਸਵਾਲ ਕੀਤਾ।
‘ਗਿਆਨੀ ਜੀ, ਸ਼ਾਇਦ ਜੇ ਪਹਿਲੀ ਤੁੱਕ ਵਿਚ ‘ਮਿਲੁ ਜਗਦੀਸ’ ਦਾ ਅਰਥ ‘ਮਿਲ ਜਗਦੀਸ ਨੂੰ’ ਬਣੇਗਾ ਤਾਂ ‘ਨੂੰ’ ਲੁਪਤ ਸਬੰਧਕ ਹੋਵੇਗਾ। ਦੂਜੀ ਤੁੱਕ ਵਿਚ ‘ਏਕੁ ਨਾਮੁ ਜਗਦੀਸ’ ਦਾ ਅਰਥ ‘ਇਕ ਨਾਮ ਜਗਦੀਸ ਦਾ’ ਬਣੇਗਾ ਤਾਂ ‘ਦਾ’ ਲੁਪਤ ਸਬੰਧਕ ਹੋਵੇਗਾ।’ ਸੁਖਦੀਪ ਸਿੰਘ ਨੇ ਸੌਖਿਆਂ ਹੀ ਜਵਾਬ ਦੇ ਦਿੱਤਾ।
‘ਸ਼ਾਬਾਸ਼ ! ਬਿਲਕੁਲ ਠੀਕ ਜਵਾਬ।’ ਮੈਂ ਪ੍ਰਸ਼ੰਸਾ ਕਰਦਿਆਂ ਕਿਹਾ।
‘ਮਿਹਰ, ਤੂੰ ਹੁਣ ਤੱਕ ਪੁਲਿੰਗ ਨਾਉਂ ਦੇ ਆਖਰੀ ਅੱਖਰ ਨੂੰ ਔਂਕੜ ਨਾ ਆਉਣ ਦੇ ਕਿੰਨੇ ਨੇਮ ਸਿੱਖ ਚੁੱਕਿਆ ਹੈਂ ?’ ਸੁਖਦੀਪ ਸਿੰਘ ਨੇ ਮਿਹਰ ਸਿੰਘ ਨੂੰ ਸਵਾਲ ਕੀਤਾ।
‘ਇਕ ਦੋ ਤਿੰਨ । ਤਿੰਨ ਨੇਮ ਸਿੱਖੇ ਸੀ ਵੀਰੇ।’ ਮਿਹਰ ਸਿੰਘ ਨੇ ਉਂਗਲਾਂ ’ਤੇ ਗਿਣਦਿਆਂ ਜਵਾਬ ਦਿੱਤਾ।
‘ਤਿੰਨਾਂ ’ਚੋਂ ਯਾਦ ਕਿੰਨੇ ਕੁ ਨੇ ?
‘ਇਕ ਪਹਿਲਾ ਤੇ ਆਖਰੀ ਦੋ ਛੱਡ ਕੇ, ਬਾਕੀ ਸਾਰੇ ਯਾਦ ਨੇ।’ ਮਿਹਰ ਸਿੰਘ ਨੇ ਬੁੱਲ੍ਹਾਂ ’ਤੇ ਸ਼ਰਾਰਤੀ ਮੁਸਕਰਾਹਟ ਬਿਖੇਰਦਿਆਂ ਕਿਹਾ ਤੇ ਸਾਰੇ ਹੱਸ ਪਏ।
‘ਫਿਰ ਬਾਕੀ ਬਚੇ ਈ ਕਿੰਨੇ ਨੇ ? ਚੱਲ ਮੈਨੂੰ ਇਕ-ਇਕ ਕਰਕੇ ਸਾਰੇ ਸਮਝਾ।’ ਸੁਖਦੀਪ ਸਿੰਘ ਨੇ ਵੱਡੇ ਭਰਾ ਹੋਣ ਦੇ ਨਾਤੇ ਮਿੱਠੀ ਜਿਹੀ ਝਿੜਕ ਦਿੰਦਿਆਂ ਪੁੱਛਿਆ।
‘ਨੰਬਰ 1 : ਜਦੋਂ ਪੁਲਿੰਗ ਨਾਉਂ ਬਹੁ ਵਚਨ ਹੋਵੇ ਤਾਂ ਉਸ ਦੇ ਆਖਰੀ ਅੱਖਰ ਦੀ ਔਂਕੜ ਲੱਥ ਜਾਂਦੀ ਹੈ, ਜਿਵੇਂ : ਭਗਤ।
ਨੰਬਰ 2 : ਜਦੋਂ ਪੁਲਿੰਗ ਇਕ ਵਚਨ ਨਾਉਂ ਸੰਬੋਧਨ ਹੋਵੇ ਤਾਂ ਵੀ ਉਸ ਦੇ ਆਖਰੀ ਅੱਖਰ ਦੀ ਔਂਕੜ ਲੱਥ ਜਾਂਦੀ ਹੈ, ਜਿਵੇਂ: ਭਗਤ।
ਨੰਬਰ 3: ਜਦੋਂ ਪੁਲਿੰਗ ਇਕ ਵਚਨ ਨਾਉਂ ਨਾਲ ਕੋਈ ਪਰਗਟ ਜਾਂ ਲੁਪਤ ਸਬੰਧਕ ਹੋਵੇ ਤਾਂ ਵੀ ਉਸ ਦੇ ਆਖਰੀ ਅੱਖਰ ਦੀ ਔਂਕੜ ਲੱਥ ਜਾਂਦੀ ਹੈ, ਜਿਵੇਂ: ਭਗਤ।’ ਮਿਹਰ ਸਿੰਘ ਨੇ ਦ੍ਰਿੜ੍ਹ ਵਿਸ਼ਵਾਸ ਨਾਲ ਜਵਾਬ ਦਿੱਤਾ।
‘ਵਾਹ ਜੀ ਵਾਹ ! ਬਿਲਕੁਲ ਠੀਕ ਜਵਾਬ ਦਿੱਤਾ ਮਿਹਰ ਸਿੰਘ ਨੇ। ਇਹ ਯਾਦ ਰੱਖਿਓ ਕਿ ਜੇ ਪੁਲਿੰਗ ਨਾਉਂ ਦੇ ਆਖਰੀ ਅੱਖਰ ਨੂੰ ਔਂਕੜ ਲੱਗੀ ਹੋਵੇ ਤਾਂ ਉਸ ਦੇ ਬਹੁ ਵਚਨ, ਸੰਬੋਧਨ ਜਾਂ ਸਬੰਧਕ ਦੇ ਅਰਥ ਕਦੀ ਵੀ ਨਹੀਂ ਬਣਨਗੇ। ਜੇ ਗੁਰਬਾਣੀ ਵਿਆਕਰਣ ਦੀ ਸਮਝ ਹੋਵੇ ਤਾਂ ਇਕ ਔਂਕੜ ਸਾਨੂੰ ਕਈ ਮਨਮਤਾਂ ਤੋਂ ਬਚਾਅ ਲੈਂਦੀ ਹੈ।
ਮੇਰੇ ਬੱਚਿਓ ! ਸੋਚੋ, ਕੋਈ ਸੂਰਮਾ ਆਪਣੇ ਹਥਿਆਰ ਸਿਰਹਾਣੇ ਰੱਖ ਕੇ ਅਵੇਸਲਾ ਹੋ ਕੇ ਸੌਂ ਜਾਵੇ। ਉਪਰੋਂ ਦੁਸ਼ਮਣ ਪਹੁੰਚ ਜਾਵੇ ਤਾਂ ਉਹ ਕੀ ਕਰੇਗਾ ? ਉਹ ਦੁਸ਼ਮਣ, ਉਸ ਸੂਰਮੇ ਦੇ ਹਥਿਆਰ ਚੁੱਕ ਕੇ, ਉਸੇ ਦੇ ਹਥਿਆਰ ਨਾਲ ਹੀ ਉਸ ਨੂੰ ਮਾਰ ਦੇਵੇਗਾ। ਗੁਰਬਾਣੀ ਵਿਆਕਰਣ ਦੇ ਨੇਮ ਉਹ ਹਥਿਆਰ ਹਨ, ਜਿਹਨਾਂ ਨਾਲ ਅਸੀਂ ਵਹਿਮਾਂ-ਭਰਮਾਂ, ਮਨਮਤਾਂ ਤੇ ਕਰਮਕਾਂਡਾਂ ਤੋਂ ਬਚਣਾ ਹੁੰਦਾ ਹੈ। ਜਦੋਂ ਅਸੀਂ ਗੁਰਬਾਣੀ ਵਿਆਕਰਣ ਤੋਂ ਅਵੇਸਲੇ ਹੋ ਜਾਂਦੇ ਹਾਂ ਤਾਂ ਗੁਰਮਤਿ ਦੇ ਵਿਰੋਧੀ ਗੁਰਬਾਣੀ ਵਿਆਕਰਣ ਦੇ ਹਥਿਆਰ ਨੂੰ ਵਰਤ ਕੇ ਸਾਨੂੰ ਫਿਰ ਮਨਮਤਾਂ ਤੇ ਕਰਮਕਾਂਡਾਂ ਵਿਚ ਉਲਝਾ ਕੇ ਰੱਖ ਦਿੰਦੇ ਹਨ।
ਗੁਰਬਾਣੀ ਵਿਚ ਇਕ ਤੁੱਕ ਆਉਂਦੀ ਹੈ :
ਕੇਸੋ ਗੋਪਾਲ ਪੰਡਿਤ ਸਦਿਅਹੁ ਹਰਿ ਹਰਿ ਕਥਾ ਪੜਹਿ ਪੁਰਾਣੁ ਜੀਉ॥
ਇਹ ਤੁੱਕ ਪੜ੍ਹ ਕੇ ਗੁਰਮਤਿ ਦੇ ਵਿਰੋਧੀਆਂ ਨੇ ਇਕ ਕਹਾਣੀ ਘੜ ਲਈ ਕਿ ‘ਕੇਸੋ ਗੋਪਾਲ’ ਨਾਮ ਦਾ ਇਕ ਪੰਡਿਤ ਸੀ, ਜੋ ਗੁਰੂ ਅਮਰਦਾਸ ਸਾਹਿਬ ਜੀ ਦਾ ਬਹੁਤ ਪੁਰਾਣਾ ਮਿੱਤਰ ਸੀ। ਸਤਿਗੁਰੂ ਜੀ ਨੇ ਆਪਣੇ ਸਰੀਰਕ ਜਾਮੇ ਸਮੇਂ ਸਿੱਖਾਂ ਨੂੰ ਹੁਕਮ ਕੀਤਾ ਕਿ ਪੰਡਿਤ ਕੇਸੋ ਗੋਪਾਲ ਨੂੰ ਸਾਡੇ ਅੰਤਮ ਸਸਕਾਰ ਸਮੇਂ ਬੁਲਾਉਣਾ। ਸਾਡੇ ਅੰਤਮ ਸਸਕਾਰ ਤੋਂ ਬਾਅਦ ਉਹ ਗਰੁੜ ਪੁਰਾਣ ਦੀ ਕਥਾ ਕਰੇ।
ਸਾਡੇ ਵਿਚੋਂ ਕਈ ਅਗਿਆਨੀ ਸਿੱਖਾਂ ਨੇ ਇਸ ਕਹਾਣੀ ਨੂੰ ਸੱਚ ਮੰਨ ਲਿਆ ਕਿ ਇਸ ਕਹਾਣੀ ਦੀ ਪ੍ਰੋੜ੍ਹਤਾ ਕਰਨ ਵਾਲੀ ਤੁੱਕ ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਦਰਜ ਹੈ। ਗੁਰਮਤਿ ਦੇ ਵਿਰੋਧੀਆਂ ਨੇ ਇਸ ਗੱਲ ਦਾ ਨਜਾਇਜ਼ ਫਾਇਦਾ ਚੁੱਕ ਲਿਆ। ਉਹਨਾਂ ਨੇ ਹੋਰ ਵੀ ‘ਸਦੁ’ ਬਾਣੀ ਵਿਚਲੇ ਦਰਜ ਅਨਮਤੀ ਕਰਮਕਾਂਡਾਂ ਨੂੰ ਗੁਰੂ-ਆਸ਼ੇ ਅਨੁਸਾਰ ਦੱਸ ਕੇ ਝੂਠਾ ਪ੍ਰਚਾਰ ਸ਼ੁਰੂ ਕਰ ਦਿੱਤਾ। ਜਿਸ ਦਾ ਨਤੀਜਾ ਇਹ ਹੋਇਆ ਕਿ ਗੁਰਸਿੱਖਾਂ ਦੇ ਅੰਤਮ ਸਸਕਾਰ, ਗੁਰਮਤਿ ਤੋਂ ਉਲਟ, ਗਰੁੜ ਪੁਰਾਣ ਵਿਚ ਦੱਸੇ ਕਰਮਕਾਂਡਾਂ ਅਨੁਸਾਰ ਹੋਣ ਲੱਗ ਪਏ। ਸਸਕਾਰ ਤੋਂ ਬਾਅਦ ਵੀ ਹਰ ਸਾਲ ਬਰਸੀਆਂ ਤੇ ਸ਼ਰਾਧ ਆਦਿਕ ਵਰਗੇ ਕਈ ਕਰਮਕਾਂਡ ਕੀਤੇ ਜਾਣ ਲੱਗ ਪਏ ਅਤੇ ਜੋ ਅੱਜ ਵੀ ਬਹੁਤ ਥਾਵਾਂ ’ਤੇ ਕੀਤੇ ਜਾ ਰਹੇ ਹਨ।
ਅੱਜ ਮੈਂ ਤੁਹਾਨੂੰ ਹੋਮ ਵਰਕ ਵਿਚ 2 ਸਵਾਲ ਦਿੰਦਾ ਹਾਂ, ਤੁਸੀਂ ਗੁਰਬਾਣੀ ਵਿਆਕਰਣ ਨੂੰ ਸਮਝ ਕੇ ਜਵਾਬ ਦੇਣਾ।
- ਉਪਰੋਕਤ ਕਹਾਣੀ ਨੂੰ ਝੂਠਾ ਸਿੱਧ ਕਰਨ ਲਈ ‘ਕੇਸੋ ਗੋਪਾਲ ਪੰਡਿਤ ਸਦਿਅਹੁ ਹਰਿ ਹਰਿ ਕਥਾ ਪੜਹਿ ਪੁਰਾਣੁ ਜੀਉ॥’ ਤੁੱਕ ਦੀ ਵਿਆਖਿਆ ਕਰਦਿਆਂ ਸਾਨੂੰ ਗੁਰਬਾਣੀ ਵਿਆਕਰਣ ’ਚੋਂ ਕਿਹੜੀਆਂ ਦਲੀਲਾਂ ਮਿਲਦੀਆਂ ਹਨ ?
- ‘ਸਦੁ’ ਬਾਣੀ (ਪੰਨਾ 923) ਵਿਚ ਹੋਰ ਕਿਹੜੇ ਅਨਮਤੀ ਕਰਮਕਾਂਡਾਂ ਦਾ ਖੰਡਨ ਕੀਤਾ ਗਿਆ ਹੈ ?
ਮੈਨੂੰ ਪਤਾ ਹੈ ਕਿ ਤੁਸੀਂ ਸਭ ਤੋਂ ਪਹਿਲਾਂ ਇਹਨਾਂ ਸਵਾਲਾਂ ਦੇ ਹੀ ਜਵਾਬ ਲੱਭੋਗੇ।’ ਮੇਰੀ ਇੰਨੀ ਗੱਲ ਸੁਣਦਿਆਂ ਸਾਰ ਦੋਵੇਂ ਬੱਚੇ ਭੱਜ ਕੇ ਪ੍ਰੋ: ਸਾਹਿਬ ਸਿੰਘ ਜੀ ਦੇ ‘ਦਰਪਣ’ ਸਟੀਕ ਦਾ ਛੇਵਾਂ ਭਾਗ ਲੈ ਆਏ ਤੇ ਉਸ ਵਿਚੋਂ ‘ਸਦੁ’ ਬਾਣੀ ਦੇ ਅਰਥ-ਭਾਵ ਵਿਚਾਰਨ ਲੱਗ ਪਏ।