ਸਿਖੀ ਸਿਖਿਆ ਗੁਰ ਵੀਚਾਰਿ॥

0
1338

ਸਿਖੀ ਸਿਖਿਆ ਗੁਰ ਵੀਚਾਰਿ॥

ਗਿਆਨੀ ਅੰਮ੍ਰਿਤਪਾਲ ਸਿੰਘ (ਲੁਧਿਆਣੇ ਵਾਲੇ)

ਪੱਛਮੀ ਦੇਸ਼ ਦੇ ਪ੍ਰਸਿੱਧ ਸੰਗੀਤਕਾਰ ਟੌਮ ਵਿਜ਼ਨਰ (Tom Wisner) ਕੋਲ ਜਦੋਂ ਕੋਈ ਸੰਗੀਤ ਸਿੱਖਣ ਆਉਂਦਾ ਤਾਂ ਉਹ ਪਹਿਲਾਂ ਹੀ ਕਹਿ ਦਿੰਦਾ ਕਿ ਜੇ ਤੁਸੀਂ ਪਹਿਲਾਂ ਸੰਗੀਤ ਸਿੱਖਿਆ ਹੈ ਤਾਂ ਵਾਪਸ ਚਲੇ ਜਾਓ। ਮੈਂ ਸਿੱਖੇ ਹੋਏ ਨੂੰ ਨਹੀਂ ਸਿਖਾ ਸਕਦਾ। ਜੇ ਜਿੱਦ ਕਰੋਗੇ ਤਾਂ ਦੁੱਗਣੀ ਫੀਸ ਲਵਾਂਗਾ। ਲੋਕ ਹੈਰਾਨ ਹੋ ਕੇ ਕਹਿੰਦੇ ਕਿ ਅਸੀਂ ਤਾਂ ਪਹਿਲਾਂ ਹੀ ਬਹੁਤ ਸਿੱਖੇ ਹੋਏ ਹਾਂ, ਸਾਡੇ ਤੋਂ ਤਾਂ ਘੱਟ ਫੀਸ ਲੈਣੀ ਚਾਹੀਦੀ ਹੈ ?

ਟੌਮ ਦਾ ਜਵਾਬ ਹੁੰਦਾ ਕਿ ਆਪ ਜੋ ਕੁੱਝ ਸਿੱਖ ਕੇ ਆਏ ਹੋ, ਪਹਿਲਾਂ ਉਸ ਨੂੰ ਭੁਲਾਉਣਾ ਪਵੇਗਾ। ਜੋ ਸੰਗੀਤ ਨਹੀਂ ਜਾਣਦਾ ਉਸ ਨੂੰ ਸਿਖਾਉਣਾ ਸੌਖਾ ਹੈ ਪਰ ਜੋ ਸੰਗੀਤ ਪਹਿਲਾਂ ਹੀ ਜਾਣਦਾ ਹੈ, ਉਸ ਦੇ ਪਿਛਲੇ ਸਿੱਖੇ ਹੋਏ ਸੰਗੀਤ ਨੂੰ ਭੁਲਾਉਣ ਦੀ ਮਿਹਨਤ ਵੀ ਮੈਨੂੰ ਕਰਨੀ ਪਏਗੀ।

ਇਸੇ ਲਈ ਸਤਿਗੁਰੂ ਦੇ ਸਾਹਮਣੇ ਜਾ ਕੇ ਸਭ ਤੋਂ ਪਹਿਲਾਂ ਮੱਥਾ ਟੇਕਣ ਦੀ ਰਵਾਇਤ ਹੈ। ਕਦੀ ਕਦੀ ਊਠ ਪਹਾੜ ਦੇ ਥੱਲੇ ਆਉਂਦਾ ਹੈ।

ਊਠ ਆਪਣੇ ਆਪ ਨੂੰ ਇਸ ਧਰਤੀ ’ਤੇ ਸਭ ਤੋਂ ਵੱਡਾ ਸਮਝਦਾ ਹੈ। ਜਦੋਂ ਉਹ ਕਦੀ ਪਹਾੜ ਕੋਲ ਆਉਂਦਾ ਹੈ ਤਾਂ ਪਹਾੜ ਨੂੰ ਦੇਖ ਕੇ ਹੰਕਾਰ ਨੂੰ ਸੱਟ ਵੱਜਦੀ ਹੈ ਕਿ ਸਾਡੇ ਤੋਂ ਵੱਡਾ ਵੀ ਕੋਈ ਹੈ। ਜਦੋਂ ਸਤਿਗੁਰੂ ਦੇ ਸਾਹਮਣੇ ਜਾ ਕੇ ਕਿਸੇ ਮਨੁੱਖ ਨੂੰ ਗੋਡੇ ਟੇਕਣੇ ਪੈਂਦੇ ਹਨ ਤਾਂ ਉਸ ਦੇ ਹੰਕਾਰ ਨੂੰ ਵੀ ਸੱਟ ਵੱਜਦੀ ਹੈ ਕਿ ਸਾਡੇ ਨਾਲੋਂ ਵੱਡਾ ਵੀ ਕੋਈ ਗਿਆਨਵਾਨ ਹੈ।

ਮੱਥਾ ਟੇਕਣ ਦਾ ਭਾਵ ਹੈ ਕਿ ਅਸੀਂ ਆਪਣੇ ਮੱਥੇ ਦੀ ਮੱਤ ਗੁਰੂ ਨੂੰ ਸੋਂਪ ਕੇ ਗੁਰੂ ਦੀ ਮੱਤ ਲੈਣ ਦੇ ਚਾਹਵਾਨ ਹਾਂ। ਸਾਡੇ ਮੱਥੇ ਦੀ ਮੱਤ ਕੀ ਹੈ ? ਸਾਡੇ ਇਕੱਠੇ ਕੀਤੇ ਹੋਏ ਫੋਕਟ ਕਰਮਕਾਂਡ, ਵਹਿਮ-ਭਰਮ, ਰੀਤੀ-ਰਿਵਾਜ਼, ਥੋਥੀਆਂ ਮਾਨਤਾਵਾਂ, ਜਿਸ ਨੂੰ ਅਸੀਂ ਧਰਮ ਦਾ ਗਿਆਨ ਸਮਝੀ ਬੈਠੇ ਹਾਂ। ਜੇ ਮੱਥਾ ਟੇਕਣਾ ਰਸਮੀ ਹੋਵੇ ਤਾਂ ਮੱਥਾ ਟੇਕ ਕੇ ਗੁਰਬਾਣੀ ਦਾ ਪਾਠ, ਕੀਰਤਨ ਤੇ ਕਥਾ ਵੀ ਸਾਨੂੰ ਗਿਆਨ ਨਹੀਂ ਦੇ ਸਕਦੀ। ਇਹ ਸੰਭਵ ਹੈ ਕਿ ਗੁਰਮਤਿ ਨੂੰ ਸੁਣਨ ਤੋਂ ਬਾਅਦ ਵੀ ਗਿਆਨ ਨਾ ਆਵੇ। ਸਤਿਗੁਰੂ ਤੇਗ ਬਹਾਦਰ ਸਾਹਿਬ ਜੀ ਤਾਂ ਇਹੀ ਕਹਿ ਰਹੇ ਹਨ:

ਗੁਰਮਤਿ ਸੁਨਿ ਕਛੁ ਗਿਆਨੁ ਨ ਉਪਜਿਓਪਸੁ ਜਿਉ ਉਦਰੁ ਭਰਉ ॥ (ਮ: ੯/੬੮੫)

ਇਸ ਦਾ ਮਤਲਬ ਕਿ ਗੁਰਮਤਿ ਤਾਂ ਸੁਣੀ ਸੀ ਪਰ ਗਿਆਨ ਫਿਰ ਵੀ ਪੈਦਾ ਨਹੀਂ ਹੋਇਆ। ਸਾਡੀ ਮੱਤ ਵਿਚ ਪਹਿਲਾਂ ਹੀ ਬਹੁਤ ਮਨਮੱਤ ਭਰੀ ਪਈ ਹੈ। ਜਿਵੇਂ ਪਸ਼ੂ ਖਾ-ਹੰਢਾ ਕੇ ਦੁਨੀਆਂ ਤੋਂ ਚਲਾ ਜਾਂਦਾ ਹੈ, ਇਸੇ ਤਰ੍ਹਾਂ ਅਸੀਂ ਵੀ ਖਾ-ਹੰਢਾ ਕੇ ਦੁਨੀਆਂ ਤੋਂ ਚਲੇ ਜਾਵਾਂਗੇ। ਮਨੁੱਖ ਦੇ ਕੋਲ ਜਿੰਨਾ ਮਰਜ਼ੀ ਸੰਸਾਰ ਦਾ ਗਿਆਨ ਭਰਿਆ ਹੋਵੇ ਪਰ ਗੁਰੂ ਦੀ ਸਿੱਖਿਆ ਤੋਂ ਬਿਨਾਂ ਉਹ ਅੰਞਾਣ ਹੀ ਹੈ:

ਗੁਰ ਕੀ ਮਤਿ ਤੂੰ ਲੇਹਿ ਇਆਨੇ ! ॥ ਭਗਤਿ ਬਿਨਾ, ਬਹੁ ਡੂਬੇ ਸਿਆਨੇ ॥ (ਮ: ੫/੨੮੯)

ਜੇ ਗੁਰੂ ਦੀ ਸਿੱਖਿਆ ਨੂੰ ਸਿੱਖਣਾ ਹੈ ਤਾਂ ਇੱਕ ਗੱਲ ਦਿੱਲ ’ਤੇ ਮੋਟੇ ਅੱਖਰਾਂ ਵਿਚ ਲਿਖਣੀ ਪਵੇਗੀ। ਉਹ ਗੱਲ ਇਹ ਹੈ ਕਿ ਜਿਸ ਨੇ ਵੀ ਗੁਰਬਾਣੀ ’ਤੇ ਵਿਸ਼ਵਾਸ ਕੀਤਾ ਹੈ, ਉਸੇ ਨੂੰ ਹੀ ਅਨੰਦ ਮਿਲਿਆ ਹੈ। ਜਿਸ ਨੇ ਵਿਸ਼ਵਾਸ ਨਹੀਂ ਕੀਤਾ, ਉਸ ਨੂੰ ਕੋਈ ਖੇੜਾ ਨਹੀਂ ਮਿਲਿਆ:

ਜਿਨ ਕੈ ਮਨਿ, ਸਾਚਾ ਬਿਸ੍ਵਾਸੁ ॥ ਪੇਖਿ ਪੇਖਿ ਸੁਆਮੀ ਕੀ ਸੋਭਾ; ਆਨਦੁ ਸਦਾ ਉਲਾਸੁ ॥ (ਮ: ੫/੬੭੭)

ਸਿੱਖ ਦਾ ਸਤਿਗੁਰੂ ’ਤੇ ਵਿਸ਼ਵਾਸ ਵੀ ਇੰਨਾ ਹੋਵੇ ਕਿ ਜੇ ਗੁਰੂ ਦੀ ਸਿੱਖਿਆ ਨੂੰ ਮੰਨ ਕੇ ਦੁੱਖਾਂ, ਮੁਸੀਬਤਾਂ, ਜਨਮਾਂ-ਮਰਨਾਂ ਤੇ ਨਰਕਾਂ ਵਿਚ ਵੀ ਜਾਣਾ ਪਿਆ ਤਾਂ ਚਲਾ ਜਾਵਾਂਗਾ ਪਰ ਗੁਰੂ ਦੀ ਸਿੱਖਿਆ ਨੂੰ ਛੱਡ ਕੇ ਸਵਰਗ ਵਿਚ ਨਹੀਂ ਜਾਵਾਂਗਾ। ਗੁਰੂ ਦੇ ਬਖਸ਼ੇ ਸਿਧਾਂਤ ਨੂੰ ਛੱਡ ਕੇ ਜੇ ਮੈਨੂੰ ਰਾਜ ਭਾਗ, ਸਵਰਗ ਤੇ ਮੁਕਤੀ ਵੀ ਮਿਲ ਜਾਏ ਤਾਂ ਉਸ ਨੂੰ ਵੀ ਠੋਕਰ ਮਾਰ ਦਿਆਂਗਾ ਪਰ ਆਪਣੇ ਗੁਰੂ ਦੇ ਸਿਧਾਂਤ ਨੂੰ ਬਿਲਕੁਲ ਨਹੀਂ ਛੱਡਾਂਗਾ।

ਗੁਰੂ ਦੀ ਸਿੱਖਿਆ ਨੂੰ ਪਿਆਰ ਕਰਨ ਵਾਲਿਆਂ ਦੇ ਸਰੀਰ ਦੇ ਟੁੱਕੜੇ ਤਾਂ ਹੋ ਗਏ, ਜੰਬੂਰਾਂ ਨਾਲ ਮਾਸ ਤਾਂ ਨੁਚਵਾ ਲਿਆ, ਬੰਦ-ਬੰਦ ਤਾਂ ਕੱਟੇ ਗਏ, ਚਰਖੜੀਆਂ ’ਤੇ ਚੜ੍ਹ ਕੇ ਰੂੰ ਦੇ ਤੂੰਬਿਆਂ ਦੀ ਤਰ੍ਹਾਂ ਤਾਂ ਖਿਲਰ ਗਏ, ਗੱਡੀਆਂ ਥੱਲੇ ਆ ਕੇ ਚੂਰਾ-ਚੂਰਾ ਤਾਂ ਹੋ ਗਏ ਪਰ ਉਹਨਾਂ ਨੇ ਗੁਰੂ ਦੇ ਸਿਧਾਂਤ ਦਾ ਪੱਲਾ ਨਹੀਂ ਸੀ ਛੱਡਿਆ।

ਹੁਣ ਇਸ ਤੋਂ ਅਗਲੀ ਗੱਲ।

ਜੇ ਗੁਰੂ ਦੀ ਸਿੱਖਿਆ ਸਿੱਖਣੀ ਹੋਵੇ ਤਾਂ ਕੁਝ ਚੀਜ਼ਾਂ ਛੱਡਣੀਆਂ ਪੈਣਗੀਆਂ। ਕੁਝ ਚੀਜ਼ਾਂ ਛੱਡਣ ’ਤੇ ਹੀ ਅਗਲੀ ਗੱਲ ਗੁਰੂ ਦੀ ਸ਼ੁਰੂ ਹੋਵੇਗੀ।

ਸਭ ਪਾਸੇ ਛੇ ਸ਼ਾਸਤਰਾਂ ਦੀ ਵੀਚਾਰ ਛਾਈ ਹੋਈ ਹੈ। ਇਹਨਾਂ 6 ਸ਼ਾਸਤਰਾਂ ਨੇ ਲੁਕਾਈ ਨੂੰ ਪਾਪ-ਪੁੰਨ ਦੇ ਚੱਕਰਾਂ ਵਿਚ ਪਾ ਦਿੱਤਾ ਹੈ। ਆਹ ਕੰਮ ਕਰੋਗੇ ਤਾਂ ਪੁੰਨ ਮਿਲੇਗਾ, ਔਹ ਕੰਮ ਕਰੋਗੇ ਤਾਂ ਪਾਪ ਮਿਲੇਗਾ। ਜਿਵੇਂ ਕਿਸੇ ਨੇ ਕਹਿ ਦਿੱਤਾ ਕਿ ਜੀਵ ਹੱਤਿਆ ਪਾਪ ਹੈ।

ਮੰਨ ਲਉ ਕਿ ਮੇਰੀ ਮੱਝ ਨੂੰ ਕੀੜੇ ਪੈ ਗਏ ਹਨ। ਜੇ ਮੈਂ ਕੀੜੇ ਮਾਰਦਾ ਹਾਂ ਤਾਂ ਪਾਪ ਲੱਗਦਾ ਹੈ, ਜੇ ਨਹੀਂ ਮਾਰਦਾ ਤਾਂ ਮੱਝ ਮਰੇਗੀ ਤਾਂ ਵੀ ਪਾਪ ਲੱਗ ਜਾਏਗਾ। ਮੇਰੇ ਘਰ ਵਿਚ ਕਾਕਰੋਚ, ਚੂਹੇ ਜਾਂ ਮੱਛਰ ਆ ਗਏ ਨੇ। ਜੇ ਮੈਂ ਉਹਨਾਂ ਨੂੰ ਮਾਰਦਾ ਹਾਂ ਤਾਂ ਪਾਪ ਲਗਦਾ ਹੈ, ਜੇ ਨਹੀਂ ਮਾਰਦਾ ਤਾਂ ਮੇਰੇ ਬੱਚੇ ਬਿਮਾਰ ਹੋ ਕੇ ਮਰਨਗੇ ਤਾਂ ਵੀ ਪਾਪ ਲੱਗੇਗਾ। ਹੁਣ ਮੈਂ ਕੀ ਕਰਾਂ ? ਮੇਰੀ ਫਸਲ ਨੂੰ ਕੀੜੇ ਪੈ ਗਏ ਨੇ। ਜੇ ਮੈਂ ਕੀਟਨਾਸ਼ਕ ਦਵਾਈਆਂ ਦਾ ਛਿੜਕਾਅ ਕਰਦਾ ਹਾਂ ਤਾਂ ਕੀੜੇ ਮਰ ਜਾਣਗੇ ਤੇ ਮੈਨੂੰ ਪਾਪ ਲੱਗੇਗਾ, ਜੇ ਮੈਂ ਨਹੀਂ ਮਾਰਦਾ ਤਾਂ ਫਸਲ ਮਰ ਜਾਏਗੀ ਤਾਂ ਵੀ ਪਾਪ ਲੱਗੇਗਾ, ਲੋਕ ਭੁੱਖੇ ਮਰਨਗੇ ਤਾਂ ਵੀ ਪਾਪ ਲੱਗੇਗਾ। ਹੁਣ ਮੈਂ ਕੀ ਕਰਾਂ ? ਬੱਸ, ਇਸ ਪਾਪ-ਪੁੰਨ ਦੇ ਚੱਕਰ ਵਿਚ ਲੋਕ ਬੁਰੀ ਤਰ੍ਹਾਂ ਉਲਝ ਗਏ:

ਸਿਮ੍ਰਿਤਿ ਸਾਸਤ੍ਰ ਪੁੰਨ ਪਾਪ ਬੀਚਾਰਦੇਤਤੈ ਸਾਰ ਨ ਜਾਣੀ ॥ (ਮ: ੩/੯੨੦)

ਸਿਮ੍ਰਤੀਆਂ ਸ਼ਾਸਤਰਾਂ ਦੀਆਂ ਵੀਚਾਰਾਂ ਨੇ ਪੁੰਨ ਤੇ ਪਾਪ ਦੀ ਗੱਲ ਤਾਂ ਕੀਤੀ ਪਰ ਤੱਤ ਦੀ ਵੀਚਾਰ ਨਹੀਂ ਸਮਝੀ। ਗੁਰੂ ਦਾ ਸਿਧਾਂਤ ਪੁੰਨਾਂ ਪਾਪਾਂ ਤੋਂ ਉਤਾਂਹ ਹੈ। ਇਸ ਲਈ ਸਤਿਗੁਰੂ ਦੇ ਸਿਧਾਂਤ ਨੂੰ ਸਿੱਖਣ ਲਈ ਛੇ ਸ਼ਾਸਤਰਾਂ ਦੀ ਵੀਚਾਰਧਾਰਾ ਨੂੰ ਛੱਡਣਾ ਪਵੇਗਾ:

ਖਟੁ ਦਰਸਨੁ ਵਰਤੈ ਵਰਤਾਰਾ ॥ ਗੁਰ ਕਾ ਦਰਸਨੁ; ਅਗਮ ਅਪਾਰਾ ॥ (ਮ: ੩/੩੬੧)

ਇਨ੍ਹਾਂ 27 ਸਿਮਰਤੀਆਂ, 6 ਸ਼ਾਸਤਰਾਂ ਦੇ ਤਿਆਗ ਤੋਂ ਬਾਅਦ ਅਗਲੀਆਂ ਚੀਜ਼ਾਂ ਹਨ, ਪੰਡਤਾਂ ਅਤੇ ਮੁੱਲਾਂ ਦੇ ਹੋਰ ਲਿਖੇ ਹੋਏ ਗ੍ਰੰਥਾਂ ਦੀ ਭੁਲੇਖਾਪਾਉ ਵੀਚਾਰਧਾਰਾ। ਸਾਡਾ ਕਿਸੇ ਨਾਲ ਕੋਈ ਵੈਰ-ਵਿਰੋਧ ਨਹੀਂ ਹੈ। ਸਭ ਨੂੰ ਆਪਣਾ ਮੱਤ ਤੇ ਆਪਣੀ ਧਾਰਮਿਕ ਪੁਸਤਕ ਮੁਬਾਰਕ ਹੈ ਪਰ ਅਸੀਂ ਪੰਡਤਾਂ ਤੇ ਮੁੱਲਾਂ ਦੇ ਸਿਧਾਂਤਾਂ ਨੂੰ ਵੀ ਛੱਡ ਦਿੱਤਾ ਹੈ:

ਹਮਰਾ ਝਗਰਾ ਰਹਾ ਨ ਕੋਊ ॥ ਪੰਡਿਤ ਮੁਲਾਂ ਛਾਡੇ ਦੋਊ ॥ (ਭਗਤ ਕਬੀਰ/੧੧੫੯)

ਪੰਡਿਤ ਮੁਲਾਂ ਜੋ ਲਿਖਿ ਦੀਆ ॥ ਛਾਡਿ ਚਲੇ ਹਮ; ਕਛੂ ਨ ਲੀਆ ॥ (ਭਗਤ ਕਬੀਰ/੧੧੫੯)

ਇਹਨਾਂ ਅੱਠ ਚੀਜ਼ਾਂ ਦਾ ਤਿਆਗ ਕਰਕੇ ਹੀ ਨੌਵੀਂ ਗੱਲ ਗੁਰੂ ਦੀ ਸਿੱਖਿਆ ਦੀ ਅਰੰਭ ਹੁੰਦੀ ਹੈ। ਹੁਣ ਇਸ ਗੱਲ ਨੂੰ ਇੱਕ ਉਦਾਹਰਨ ਲੈ ਕੇ ਸਮਝਦੇ ਹਾਂ।

ਮੈਂ ਆਪਣੇ ਵੀਰ ਨੂੰ ਕਿਹਾ ਕਿ ਲੰਡਨ ਪਹੁੰਚ ਕੇ ਸੁਰਜੀਤ ਸਿੰਘ ਜੀ ਨੂੰ ਇਹ ਕਿਤਾਬਾਂ ਦੇ ਦੇਣਾ। ਮੇਰਾ ਵੀਰ ਕਹਿਣ ਲੱਗਾ ਕਿ ਮੈਂ ਤਾਂ ਸੁਰਜੀਤ ਸਿੰਘ ਨੂੰ ਜਾਣਦਾ ਨਹੀਂ। ਮੈਂ ਕਿਹਾ ਕਿ ਉਹ ਕਲੀਨ ਸ਼ੇਵਨ ਨੌਜਵਾਨ ਹੋਏਗਾ। ਸਿਰ ’ਤੇ ਟੋਪੀ ਤੇ ਕੰਨਾਂ ਵਿਚ ਨੱਤੀਆਂ ਪਾਈਆਂ ਹੋਣਗੀਆਂ। ਮੇਰਾ ਵੀਰ ਕਿਤਾਬਾਂ ਲੈ ਕੇ ਲੰਡਨ ਦੱਸੇ ਹੋਏ ਐਡਰੈੱਸ ’ਤੇ ਪਹੁੰਚ ਗਿਆ। ਉਸ ਨੂੰ ਇਕ ਬਜ਼ੁਰਗ ਸਰਦਾਰ ਜੀ ਮਿਲੇ, ਜਿਨ੍ਹਾਂ ਦਾ ਪ੍ਰਕਾਸ਼ਮਾਨ ਦਾਹੜਾ ਤੇ ਸਿਰ ’ਤੇ ਦਸਤਾਰ ਸਜੀ ਹੋਈ ਸੀ। ਉਹ ਕਹਿਣ ਲੱਗੇ ਕਿ ਮੈਂ ਹੀ ਸੁਰਜੀਤ ਸਿੰਘ ਹਾਂ। ਗਿਆਨੀ ਅੰਮ੍ਰਿਤਪਾਲ ਸਿੰਘ ਨੇ ਮੇਰੇ ਲਈ ਹੀ ਕਿਤਾਬਾਂ ਭੇਜੀਆਂ ਹਨ। ਹੁਣ ਮੇਰਾ ਵੀਰ ਕਨਫਿਊਜ਼ ਹੋ ਗਿਆ। ਉਸ ਨੇ ਮੈਨੂੰ ਫ਼ੋਨ ਕਰਕੇ ਦੱਸਿਆ ਕਿ ਆਪ ਕਹਿ ਰਹੇ ਹੋ ਸੁਰਜੀਤ ਸਿੰਘ ਕਲੀਨ ਸ਼ੇਵਨ ਨੌਜ਼ਵਾਨ ਹੈ ਪਰ ਇੱਥੇ ਤਾਂ ਮੈਨੂੰ ਇਕ ਬਜ਼ੁਰਗ ਸੁਰਜੀਤ ਸਿੰਘ ਮਿਲੇ ਹਨ। ਹੁਣ ਮੈਂ ਇਹਨਾਂ ਨੂੰ ਇਹ ਕਿਤਾਬਾਂ ਦਿਆਂ ਕਿ ਨਾ ਦਿਆਂ ?

ਮੈਂ ਮਾਰਿਆ ਮੱਥੇ ’ਤੇ ਹੱਥ ਤੇ ਕਿਹਾ ਕਿ ਓਹੋ ! ਕਿੰਨੀ ਵੱਡੀ ਗਲਤੀ ਹੋ ਗਈ। ਕਿਤਾਬਾਂ ਲੰਡਨ ਵਾਲੇ ਸੁਰਜੀਤ ਸਿੰਘ ਨੂੰ ਦੇਣੀਆਂ ਹਨ ਤੇ ਪਛਾਣ ਮੈਂ ਲੁਧਿਆਣੇ ਵਾਲੇ ਸੁਰਜੀਤ ਸਿੰਘ ਦੀ ਦੱਸ ਬੈਠਾ ਹਾਂ। ਨਾਮ ਦੋਨਾਂ ਦਾ ਹੀ ਸੁਰਜੀਤ ਸਿੰਘ ਹੈ। ਪਛਾਣ ਤਾਂ ਦੱਸਣੀ ਸੀ ਲੰਡਨ ਵਾਲੇ ਸੁਰਜੀਤ ਸਿੰਘ ਦੀ ਪਰ ਪਛਾਣ ਦੱਸ ਬੈਠਾ ਲੁਧਿਆਣੇ ਵਾਲੇ ਸੁਰਜੀਤ ਸਿੰਘ ਦੀ। ਹੁਣ ਸੁਰਜੀਤ ਸਿੰਘ ਨਾਮ ਤਾਂ ਕਿਸੇ ਦਾ ਵੀ ਹੋ ਸਕਦਾ ਹੈ। ਬੱਚੇ ਦਾ, ਜਵਾਨ ਦਾ, ਬਜ਼ੁਰਗ ਦਾ ਜਾਂ ਫਿਰ ਕਿਸੇ ਬੀਬੀ ਦਾ ਵੀ ਨਾਮ ਸੁਰਜੀਤ ਹੋ ਸਕਦਾ ਹੈ। ਸੁਰਜੀਤ ਨਾਮ ਤਾਂ ਹਜ਼ਾਰਾਂ ਲੋਕਾਂ ਦੇ ਹੋ ਸਕਦੇ ਨੇ ਪਰ ਅਸਲੀ ਗੱਲ ਤਾਂ ਪਛਾਣ ਦੀ ਹੈ ਕਿ ਕਿਸ ਸੁਰਜੀਤ ਦੀ ਗੱਲ ਹੋ ਰਹੀ ਹੈ।

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੀ ਵਿਆਖਿਆ ਵੀ ਇਸੇ ਢੰਗ ਨਾਲ ਕੀਤੀ ਗਈ। ਇਸੇ ਲਈ ਅਸੀਂ ਗੁਰਬਾਣੀ ਪੜ੍ਹ-ਸੁਣ ਕੇ ਵੀ ਗਿਆਨਵਾਨ ਨਾ ਹੋ ਸਕੇ। ਨਾ ਹੀ ਸਾਡੇ ਭਰਮ ਦੂਰ ਹੋਏ ਕਿਉਂਕਿ ਅਸੀਂ ਗੁਰਬਾਣੀ ਦੀ ਵੀਚਾਰ ਕਰਨ ਲੱਗਿਆਂ ਸਤਿਗੁਰੂ ਦੀ ਮੱਤ ਦੀ ਬਜਾਇ ਆਪਣੀ ਮੱਤ ਨਾਲ ਵੀਚਾਰ ਕੀਤੀ। ਗੁਰਮਤਿ ਦੇ ਸਿਧਾਂਤ ਸਮਝਣ ਲੱਗਿਆਂ ਅਸੀਂ ਵੀ ਕਨਫਿਊਜ਼ ਹੋ ਗਏ।

ਲਫ਼ਜ਼ ਅਸੀਂ ਗੁਰਬਾਣੀ ਵਿੱਚੋਂ ਲੈਂਦੇ ਹਾਂ ਪਰ ਉਸ ਦੀ ਪਛਾਣ ਪੌਰਾਣਕ ਗ੍ਰੰਥਾਂ ਵਿਚੋਂ ਲੱਭਣ ਲੱਗ ਜਾਂਦੇ ਹਾਂ। ਜਿਸ ਨਾਲ ਅਰਥਾਂ ਦੇ ਅਨਰਥ ਤੇ ਗੁਰਮਤਿ ਸਿਧਾਂਤ ਸੰਬੰਧੀ ਭੁਲੇਖੇ ਪੈਦਾ ਹੋ ਜਾਂਦੇ ਹਨ। ਜਿੰਨਾ ਚਿਰ ਗੁਰਬਾਣੀ ਦੇ ਲਫ਼ਜ਼ਾਂ ਦੀ ਪਛਾਣ ਗੁਰਬਾਣੀ ਵਿਚੋਂ ਨਹੀਂ ਲੱਭਦੇ, ਉਨਾਂ ਚਿਰ ਅਸੀਂ ਗੁਰੂ ਦੀ ਸਿੱਖਿਆ ਹਾਸਲ ਕਰ ਹੀ ਨਹੀਂ ਸਕਦੇ। ਗੁਰੂ ਸਾਹਿਬਾਨਾਂ, ਭਗਤਾਂ, ਭੱਟਾਂ ਤੇ ਗੁਰਸਿੱਖਾਂ ਨੇ ਲਫ਼ਜ਼ ਉਹੀ ਵਰਤੇ ਜੋ ਧਰਮ ਦੀ ਦੁਨੀਆਂ ਵਿਚ ਪ੍ਰਚੱਲਿਤ ਸਨ ਪਰ ਉਹਨਾਂ ਨੂੰ ਪਰਿਭਾਸ਼ਾ ਆਪਣੀ ਦੇ ਦਿੱਤੀ।

ਸਤਿਗੁਰੂ ਜੀ ਨੇ ਗੁਰਬਾਣੀ ਵਿਚ ਹਰ ਇਕ ਧਾਰਮਿਕ ਲਫ਼ਜ਼ ਨੂੰ ਨਿਵੇਕਲੀ ਤੇ ਵਿਲੱਖਣ ਪਛਾਣ ਦੇ ਦਿੱਤੀ। ਗੁਰਬਾਣੀ ਵਿਚੋਂ ਹੇਠਾਂ ਦਿੱਤੀਆਂ ਸਿਰਫ 3 ਕੁ ਉਦਾਹਰਨਾਂ ਦੇਖ ਕੇ ਇਸ ਗੱਲ ਨੂੰ ਚੰਗੀ ਤਰ੍ਹਾਂ ਸਮਝ ਲਈਏ।

ਬੈਕੁੰਠ: ਜਿਵੇਂ ਅਸੀਂ ਲਫ਼ਜ਼ ਬੈਕੁੰਠ ਗੁਰਬਾਣੀ ਵਿਚੋਂ ਲਿਆ ਪਰ ਪਛਾਣ ਅਸੀਂ ਪੌਰਾਣਕ ਗ੍ਰੰਥਾਂ ਵਾਲੀ ਦੇਣ ਲੱਗ ਗਏ ਕਿ ਬੈਕੁੰਠ ਕਿਸੇ ਅਸਮਾਨ ਵਿਚ ਸਜਿਆ ਹੋਇਆ ਕੋਈ ਪ੍ਰਭੂ ਦਾ ਦਰਬਾਰ ਹੈ। ਇਸੇ ਨੂੰ ਸਵਰਗ ਅਤੇ ਇਸਲਾਮ ਵਿਚ ਬਹਿਸ਼ਤ ਵੀ ਕਿਹਾ ਗਿਆ ਹੈ। ਬੈਕੁੰਠ ਲਫ਼ਜ਼ ਦੀ ਪਛਾਣ ਗੁਰਬਾਣੀ ਵਿਚੋਂ ਲੱਭਣੀ ਸੀ। ਗੁਰਬਾਣੀ ਮੁਤਾਬਕ ਤਾਂ ਜਿੱਥੇ ਸਾਧਸੰਗਤ ਸਜੀ ਹੋਈ ਹੈ, ਰੱਬੀ ਸਿਫ਼ਤ-ਸਾਲਾਹ ਦੀ ਕੀਰਤੀ ਦਾ ਪ੍ਰਵਾਹ ਚਲ ਰਿਹਾ ਹੈ, ਉਥੇ ਹੀ ਬੈਕੁੰਠ ਹੈ। ਪੌਰਾਣਕ ਗ੍ਰੰਥਾਂ ਵਾਲੇ ਸੁਰਗ, ਬੈਕੁੰਠ ਤੇ ਬਹਿਸ਼ਤ ਨਾਲੋਂ ਗੁਰਮਤਿ ਦੇ ਅਰਥ ਨਿਵੇਕਲੇ ਹਨ:

ਬੈਕੁੰਠ ਨਗਰੁ; ਜਹਾ ਸੰਤ ਵਾਸਾ ॥ (ਮ: ੫/੭੪੨)

ਕਹੁ ਕਬੀਰ ! ਇਹ ਕਹੀਐ ਕਾਹਿ ॥ ਸਾਧਸੰਗਤਿ ਬੈਕੁੰਠੈ ਆਹਿ ॥ (ਭਗਤ ਕਬੀਰ/੩੨੫)

ਤਹਾ ਬੈਕੁੰਠੁ, ਜਹ ਕੀਰਤਨੁ ਤੇਰਾ; ਤੂੰ ਆਪੇ ਸਰਧਾ ਲਾਇਹਿ ॥ (ਮ: ੫/੭੪੯)

ਭਿਸਤੁ; ਨਜੀਕਿ ਰਾਖੁ ਰਹਮਾਨਾ ॥ (ਭਗਤ ਕਬੀਰ/੧੧੬੧), ਆਦਿ।

ਸਚਖੰਡ: ਇਸੇ ਤਰ੍ਹਾਂ ਹੀ ਸਚਖੰਡ ਵੀ ਰੱਬ ਦਾ ਇਕ ਵੱਖਰਾ ਦਰਬਾਰ ਕਲਪ ਲਿਆ ਗਿਆ। ਗੁਰਬਾਣੀ ਨੇ ਸਚ ਖੰਡਿ ਨੂੰ ਜੀਵਨ ਦੀ ਉਹ ਪੰਜਵੀਂ ਅਵਸਥਾ ਮੰਨਿਆ ਹੈ, ਜੋ ਧਰਮ ਖੰਡ, ਗਿਆਨ ਖੰਡ, ਸਰਮ ਖੰਡ ਤੇ ਕਰਮ ਖੰਡ ਵਿਚੋਂ ਗੁਜ਼ਰ ਕੇ ਸਾਨੂੰ ਸੱਚ ਨਾਲ ਜੋੜਦੀ ਹੈ। ਕੋਈ ਵੱਖਰਾ ਦਰਬਾਰ ਸਚਖੰਡ ਨਹੀਂ ਹੈ। ਜਿਸ ਅਵਸਥਾ ਵਿਚ ਮਨੁੱਖ ਦੇ ਅੰਦਰ ਇਕ ਅਕਾਲ ਪੁਰਖ ਆਪ ਹੀ ਵੱਸਦਾ ਦਿੱਸ ਪੈਂਦਾ ਹੈ, ਉਹੀ ਸਚ ਖੰਡਿ ਹੈ।

ਸਚ ਖੰਡਿ ਵਸੈ ਨਿਰੰਕਾਰ॥ (ਜਪੁ)

ਨਰਕ: ਕਈ ਮੱਤਾਂ ਨੇ ਆਸਮਾਨ ਵਿਚ ਕੋਈ ਵੱਖਰੀ ਜਗ੍ਹਾ ਕਲਪੀ ਹੋਈ ਹੈ, ਜਿੱਥੇ ਪਾਪੀ ਮਨੁੱਖਾਂ ਨੂੰ ਤਸੀਹੇ ਦਿੱਤੇ ਜਾਂਦੇ ਹਨ। ਗੁਰਬਾਣੀ ਅਨੁਸਾਰ ਰੱਬ ਦੇ ਨਾਮ ਤੋਂ ਬਿਨ੍ਹਾਂ ਜਿਊਣਾ ਹੀ ਨਰਕ ਭੋਗਣਾ ਹੈ। ਇਹ ਹੈ ਨਰਕ ਦੀ ਪਛਾਣ:

ਹਰਿ ਬਿਨੁ ਜੋ ਰਹਣਾ, ਨਰਕੁ ਸੋ ਸਹਣਾ; ਚਰਨ ਕਮਲ ਮਨੁ ਬੇਧਿਆ ॥ (ਮ: ੫/੧੧੨੨)

ਇਸੇ ਤਰ੍ਹਾਂ ਬ੍ਰਾਹਮਣ, ਜੋਗੀ, ਜਤੀ, ਕਾਜ਼ੀ, ਮੁੱਲਾਂ, ਜੋਤ, ਮਾਲਾ, ਤਸਬੀ, ਜਾਤ-ਪਾਤ, ਸੂਤਕ, ਪਾਤਕ, ਨਮਾਜ਼, ਜਨੇਊ, ਨੀਂਦ, ਜਾਗਣਾ, ਤਿਆਗ, ਜੰਮਣਾ, ਮਰਣਾ, ਸੁੱਚ, ਜੂਠ, ਪੂਜਾ, ਕਲਿਜੁਗ, ਸਤਿਜੁਗ, ਪਾਪ, ਪੁੰਨ, ਮੁਕਤੀ, ਦਰਗਾਹ, ਮੁਕਤੀ, ਧਰਮਰਾਜ, ਚਿਤਰ-ਗੁਪਤ, ਜਮਦੂਤ, ਭਗਉਤੀ, ਸਿਮਰਨ, ਅੰਮ੍ਰਿਤ, ਦੇਵੀ, ਦੇਵਤਾ, ਅਵਤਾਰ, ਸੰਧਿਆ, ਚੌਕਾ, ਵਰਤ, ਰੋਜ਼ੇ, ਸ਼ਗਨ, ਮਹੂਰਤ, ਤੀਰਥ, ਪਿੰਡ, ਪੱਤਲ, ਕਿਰਿਆ, ਦੀਵਾ, ਫੁੱਲ, ਹੋਮ, ਮੰਤ੍ਰ, ਭਾਸ਼ਾ ਆਦਿ ਅਤੇ ਹੋਰ ਬੇਅੰਤ ਲਫ਼ਜ਼ਾਂ ਦੇ ਪੌਰਾਣਕ ਅਤੇ ਅਨਮਤੀ ਅਰਥਾਂ ਨੂੰ ਛੱਡ ਕੇ ਗੁਰਬਾਣੀ ਦੇ ਵਿਚੋਂ ਹੀ ਇਹਨਾਂ ਦੇ ਨਿਵੇਕਲੇ ਅਰਥ ਲੱਭਣੇ ਪੈਣਗੇ।

ਖੋਜੀ ਉਪਜੈ, ਬਾਦੀ ਬਿਨਸੈ; ਹਉ ਬਲਿ ਬਲਿ ਗੁਰ ਕਰਤਾਰਾ ॥ (ਮ: ੧/੧੨੫੫)

ਜਿਨ੍ਹਾਂ ਮਨੁੱਖਾਂ ਨੇ ਗੁਰਮਤਿ ਸਿਧਾਂਤਾਂ ਨੂੰ ਚੰਗੀ ਤਰ੍ਹਾਂ ਸਮਝ ਲਿਆ; ਸਮਝੋ, ਉਹ ਹੀ ਅਸਲ ਅਰਥਾਂ ਵਿਚ ਰੰਗ-ਰੱਤੜੇ ਸਿੱਖ ਬਣ ਗਏ ਹਨ। ਸੰਸਾਰ ਦੇ ਸਾਰੇ ਮਤਾਂ ਤੋਂ ਨਿਰਾਲਾ ਗੁਰਮਤਿ ਦਾ ਇਹ ਰਾਹ ਸਚਮੁੱਚ ਬੜਾ ਹੀ ਵਿਸਮਾਦੀ ਹੈ, ਜਿਸ ’ਤੇ ਤੁਰਿਆਂ ਇਹ ਮਨ ਕੇਵਲ ਇੱਕ ਅਕਾਲ ਪੁਰਖ ਦੇ ਪਿਆਰ ਵਿਚ ਭਿੱਜ ਜਾਂਦਾ ਹੈ:

ਉਪਦੇਸੁ ਜਿ ਦਿਤਾ ਸਤਿਗੁਰੂਸੋ ਸੁਣਿਆ ਸਿਖੀ ਕੰਨੇ ॥

ਜਿਨ ਸਤਿਗੁਰ ਕਾ ਭਾਣਾ ਮੰਨਿਆਤਿਨ ਚੜੀ ਚਵਗਣਿ ਵੰਨੇ ॥

ਇਹ ਚਾਲ ਨਿਰਾਲੀ ਗੁਰਮੁਖੀਗੁਰ ਦੀਖਿਆ ਸੁਣਿ ਮਨੁ ਭਿੰਨੇ ॥ (ਮ: ੪/੩੧੪)

ਜਿਨ੍ਹਾਂ ਮਨੁੱਖਾਂ ਨੇ ਵੀ ਗੁਰੂ ਸ਼ਬਦ ਵੀਚਾਰ ਰਾਹੀਂ ਨਸੀਹਤ ਗ੍ਰਹਿਣ ਕਰ ਲਈ, ਕ੍ਰਿਪਾ ਦਿ੍ਰਸ਼ਟੀ ਵਾਲਾ ਪ੍ਰਭੂ ਮਿਹਰ ਕਰਕੇ ਉਨ੍ਹਾਂ ਨੂੰ ਸੰਸਾਰ ਸਾਗਰ ਤੋਂ ਪਾਰ ਲੰਘਾ ਦਿੰਦਾ ਹੈ:

ਸਿਖੀ ਸਿਖਿਆ; ਗੁਰ ਵੀਚਾਰਿ ॥ ਨਦਰੀ ਕਰਮਿ ਲਘਾਏ ਪਾਰਿ ॥ (ਮ: ੧/੪੬੫)