‘ਦਸਤਾਰ’ ਦੀ ਵਿਲੱਖਣਤਾ ਤੇ ਮਹੱਤਤਾ (ਭਾਗ 2)

0
767

‘ਦਸਤਾਰ’ ਦੀ ਵਿਲੱਖਣਤਾ ਤੇ ਮਹੱਤਤਾ

(ਭਾਗ ਦੂਜਾ)

(ਲੜੀ ਜੋੜਨ ਲਈ ਪਿੱਛਲਾ ਅੰਕ ਵੇਖੋ, ਜੀ)

‘ਦਸਤਾਰ’ ਦੀ ਵਿਲੱਖਣਤਾ ਤੇ ਮਹੱਤਤਾ (ਭਾਗ 1)

ਗਿਆਨੀ ਅਮਰੀਕ ਸਿੰਘ (ਚੰਡੀਗੜ੍ਹ)

ਸਿੱਖੀ ਵਿੱਚ ਪੱਗ ਗੁਰੂ ਨਾਨਕ ਸਾਹਿਬ ਜੀ ਤੋਂ ਸ਼ੁਰੂ ਹੋ ਗਈ ਸੀ। ਹਰੇਕ ਗੁਰੂ ਸਾਹਿਬ ਜੀ ਨੇ ਤੇ ਹਰ ਸਿੱਖੀ ਦੇ ਅਸੂਲਾਂ ਨੂੰ ਮੰਨਣ ਵਾਲੇ ਨੇ ਆਪਣੇ ਸਿਰ ’ਤੇ ਸੋਹਣੀ ਦਸਤਾਰ ਸਜਾਈ ਸੀ।

ਭਾਈ ਗੁਰਦਾਸ ਜੀ ਦੀ ਪੱਗ ਦਾ ਜ਼ਿਕਰ ਹਰਿੰਦਰ ਸਿੰਘ ਰੂਪ ਨੇ ਬਹੁਤ ਵਧੀਆ ਕੀਤਾ ਹੈ।

ਚਿੱਟਾ ਬਾਣਾ ਨੂਰਾਂ ਧੋਤਾ ਹਸਦਾ ਵੱਸਦਾ ਚੇਹਰਾ।

ਅਸਰ ਪਾਉਨੀ ਖੁੰਭੇ ਚੜਿਆ ਚਿੱਟਾ ਦਾਹੜਾ ਉਹਦਾ।

ਪੱਗ ਪੁਰਾਣੇ ਸਿੱਖੀ ਢੰਗ ਦੀ ਅੱਧਾ ਚੰਦ ਸਿਰ ਧਰਿਆ।

ਨੈਣਾਂ ਦੇ ਵਿੱਚ ਸੋਹਣਾ ਵੱਸਿਆ ਤੇ ਮੇਰਾ ਦਿਲ ਠਰਿਆ। (ਡਾ: ਰਤਨ ਸਿੰਘ ਜੱਗੀ, ਭਾਈ ਗੁਰਦਾਸ ਜੀ ਜੀਵਨ ਤੇ ਰਚਨਾ,ਪੰਨਾ 16)

ਪੱਗ ਦੀ ਖਾਤਰ ਸਿੱਖਾਂ ਨੂੰ ਕਈ ਵਾਰੀ ਭਾਰੀ ਕੀਮਤ ਵੀ ਚੁਕਾਉਣੀ ਪਈ ਪਰ ਫਿਰ ਵੀ ਸਿੱਖਾਂ ਦੀ ਪੱਗ ਪ੍ਰਤੀ ਪ੍ਰੀਤ ਨੇ ਸਿੱਖ ਦੇ ਸਿਰ ਅਤੇ ਪੱਗ ਦੇ ਇਸ ਅਟੁੱਟ ਰਿਸ਼ਤੇ ਨੂੰ ਟੁੱਟਣ ਨਹੀਂ ਦਿੱਤਾ ਸੀ। ਦੂਜੇ ਵਿਸ਼ਵ ਯੁੱਧ ਵਿੱਚ ਸਿੱਖ ਫੌਜਾਂ, ਅੰਗਰੇਜ਼ੀ ਫੌਜਾਂ ਦੇ ਨਾਲ ਹੋ ਕੇ ਅਫਗਾਨੀ ਫੌਜਾਂ ਨਾਲ ਲੜ ਰਹੇ ਸਨ। ਅੰਗਰੇਜ਼ੀ ਫੌਜਾਂ ਨੇ ਤਾਂ ਬਾਹਰੀ ਕਿਸੇ ਖਤਰੇ ਤੋਂ ਬਚਦਿਆਂ ਆਪਣੇ ਸਿਰਾਂ ਤੇ ਲੋਹ ਟੋਪ ਪਾਏ ਹੋਏ ਸਨ ਪਰ ਸਿੱਖਾਂ ਨੇ ਆਪਣੇ ਸਿਰਾਂ ’ਤੇ ਦਸਤਾਰਾਂ ਹੀ ਸਜਾਈਆਂ ਹੋਈਆਂ ਸਨ। ਗੋਰਿਆਂ ਦੇ ਕਮਾਂਡਰ ਨੇ ਸਿੱਖਾਂ ਨੂੰ ਕਿਹਾ ਕਿ ਤੁਸੀਂ ਵੀ ਲੋਹ ਟੋਪ ਪਾ ਲਵੋ ਤੇ ਦਸਤਾਰਾਂ ਉਤਾਰ ਦਿਓ। ਸਿੱਖਾਂ ਨੇ ਪਹਿਲਾਂ ਤਾਂ ਸਿੱਖੀ ਦੇ ਅਸੂਲਾਂ ਤੋਂ ਉਸ ਨੂੰ ਜਾਣੂ ਕਰਵਾਇਆ ਕਿ ਇਹ ਸਾਡਾ ਧਾਰਮਿਕ ਚਿੰਨ੍ਹ ਹੈ। ਇਸ ਲਈ ਅਸੀਂ ਦਸਤਾਰਾਂ ਉਤਾਰ ਕੇ ਲੋਹ ਟੋਪ ਨਹੀਂ ਪਾ ਸਕਦੇ। ਗੋਰਿਆਂ ਦੇ ਕਮਾਂਡਰ ਨੇ ਅੱਗੇ ਤੋਂ ਹੁਕਮ ਕਰ ਦਿੱਤਾ ਕਿ ਤੁਹਾਡੇ ਸਿਰਾਂ ਵਿੱਚ ਗੋਲੀਆਂ ਜਾਂ ਬੰਬ ਲੱਗਣ ਕਰਕੇ ਹੋਈਆਂ ਮੌਤਾਂ ਲਈ ਸਿੱਖ ਫੌਜੀਆਂ ਨੂੰ ਪੈਨਸ਼ਨਾਂ ਅਤੇ ਹੋਰ ਸਹੁਲਤਾਂ ਦੇਣ ਲਈ ਸਾਡੇ ਕੋਲ ਇਤਨਾ ਧਨ ਨਹੀਂ ਹੈ। ਜੇਕਰ ਤੁਸੀਂ ਟੋਪ ਨਹੀਂ ਪਾਉਣੇ ਤਾਂ ਅਸੀਂ ਕਿਸੇ ਦੀ ਕੋਈ ਜ਼ਿੰਮੇਵਾਰੀ ਨਹੀਂ ਲੈ ਸਕਦੇ।

ਸਿੱਖਾਂ ਨੇ ਬਹੁਤ ਹੀ ਮਾਣ ਨਾਲ ਜਵਾਬ ਦਿੱਤਾ ਕਿ ਜਿਸ ਵੀ ਸਿੱਖ ਦੀ ਸਿਰ ਵਿੱਚ ਗੋਲੀ ਜਾਂ ਬੰਬ ਲੱਗਣ ਨਾਲ ਮੌਤ ਹੋਵੇਗੀ ਤਾਂ ਅਸੀਂ ਉਸ ਲਈ ਕੋਈ ਮੁਆਵਜ਼ਾ ਜਾਂ ਪੈਨਸ਼ਨ ਨਹੀਂ ਮੰਗਾਂਗੇ। ਅਸੀਂ ਕਿਸੇ ਵੀ ਸ਼ਰਤ ’ਤੇ ਸਿਰਾਂ ਤੋਂ ਪੱਗਾਂ ਨਹੀਂ ਉਤਾਰ ਸਕਦੇ ਕਿਉਂਕਿ ਸਾਨੂੰ ਗੁਰੂ ਸਾਹਿਬ ਜੀ ਦੇ ਦਰਸਾਏ ਅਸੂਲ ਆਪਣੀਆਂ ਜਾਨਾਂ ਤੋਂ ਵੀ ਵੱਧ ਪਿਆਰੇ ਹਨ। ਗੋਰਿਆਂ ਨੇ ਇਸ ਗੱਲ ਦੀ ਖ਼ੂਬ ਚਰਚਾ ਕਰਕੇ ਸਲਾਹਣਾ ਕੀਤੀ ਸੀ ਕਿ ਸਿੱਖ ਲਈ ਪੱਗ ਗੁਰੂ ਸਾਹਿਬ ਜੀ ਦੀ ਬਖ਼ਸ਼ਸ਼ ਹੈ। (ਸਰੂਪ ਸਿੰਘ ਅਲੱਗ, ਦਸਤਾਰ ਪੰਨਾ 4)

ਇਸ ਤਰ੍ਹਾਂ ਪੱਗ ਸਾਡੇ ਵਿਰਸੇ ਦੀ ਇੱਕ ਮੂੰਹ ਬੋਲਦੀ ਤਸਵੀਰ ਹੈ। ਡਾ: ਗੁਰਬਖਸ਼ ਸਿੰਘ ਜੀ ਦੇ ਜੀਵਨ ਦੀ ਵੀ ਇੱਕ ਬਹੁਤ ਪਿਆਰੀ ਘਟਨਾ ਹੈ। ਉਹ ਪੀ. ਐਚ. ਡੀ. ਦੀ ਡਿਗਰੀ ਕਰਨ ਵਾਸਤੇ ਅਮਰੀਕਾ ਚਲੇ ਗਏ। ਬੇਗਾਨੀ ਧਰਤੀ, ਬੇਗਾਨੀ ਭਾਸ਼ਾ, ਬੇਗਾਨੇ ਲੋਕ ਇਨ੍ਹਾਂ ਸਭ ਕੁਝ ਦੇ ਹੁੰਦਿਆਂ ਘਰੋਂ ਦੂਰ ਰਹਿਣਾ ਬਹੁਤ ਮੁਸ਼ਕਲਾਂ ਭਰਿਆ ਅਹਿਸਾਸ ਹੁੰਦਾ ਹੈ। ਡਾ: ਗੁਰਬਖਸ਼ ਸਿੰਘ ਜੀ ਦਸਤਾਰ ਸਜਾ ਕੇ ਹੀ ਯੂਨੀਵਰਸਿਟੀ ਜਾਇਆ ਕਰਦੇ ਸਨ। ਉਨ੍ਹਾਂ ਨੂੰ ਦਸਤਾਰ ਵਿੱਚ ਇੱਕ ਗੋਰਾ ਲੜਕਾ ਬਹੁਤ ਧਿਆਨ ਨਾਲ ਦੇਖੀ ਜਾਂਦਾ ਸੀ। ਕੁਝ ਦਿਨਾਂ ਵਿੱਚ ਥੋੜ੍ਹੀ ਨੇੜਤਾ ਹੋਈ ਤਾਂ ਉਸ ਨੇ ਪੁੱਛਿਆ ਕਿ ਤੁਸੀਂ ਸਿੱਖ ਹੁੰਦੇ ਹੋ ? ਡਾ: ਸਾਹਿਬ ਨੇ ਜਵਾਬ ਦਿੱਤਾ ਕਿ ਹਾਂ, ਮੈਂ ਸਿੱਖ ਹਾਂ। ਗੋਰੇ ਨੇ ਕੁਝ ਹੋਰ ਸੁਆਲ ਕਰ ਦਿੱਤੇ ਕਿ ਤੁਸੀਂ ਸਾਡੇ ਘਰ ਆ ਸਕਦੇ ਹੋ ? ਮੈਂ ਤੁਹਾਨੂੰ ਲੈ ਵੀ ਜਾਵਾਂਗਾ ਅਤੇ ਵਾਪਿਸ ਛੱਡ ਵੀ ਜਾਵਾਂਗਾ। ਮੇਰੇ ਪਿਤਾ ਜੀ ਤੁਹਾਨੂੰ ਮਿਲ ਕੇ ਬਹੁਤ ਖੁਸ਼ ਹੋਣਗੇ। ਉਹ ਆਪ ਤੁਰ ਫਿਰ ਨਹੀਂ ਸਕਦੇ, ਸੋ ਤੁਸੀਂ ਜੇ ਮੇਰੇ ਨਾਲ ਜਾ ਸਕਦੇ ਹੋ ਤਾਂ ਬਹੁਤ ਚੰਗੀ ਗੱਲ ਹੋਵੇਗੀ। ਆਮ ਕਰਕੇ ਵਿਦਿਆਰਥੀਆਂ ਦਾ ਮਨੋਬਲ ਕਮਜ਼ੋਰ ਹੋਣ ਕਰਕੇ ਸਿੱਖੀ ਦੇ ਬਾਣੇ ਨੂੰ ਜਾਂ ਦਸਤਾਰ ਨੂੰ ਤਿਆਗ ਹੀ ਦਿੰਦੇ ਹਨ।

ਡਾ: ਗੁਰਬਖਸ਼ ਸਿੰਘ ਜੀ ਉਸ (ਗੋਰੇ) ਵਿਦਿਆਰਥੀ ਨਾਲ ਉਨ੍ਹਾਂ ਦੇ ਘਰ ਉਸ ਦੇ ਪਿਤਾ ਜੀ ਨੂੰ ਮਿਲਣ ਚਲੇ ਗਏ। ਘਰ ਜਾਂਦਿਆਂ ਸਾਰ ਹੀ ਉਸ ਦੇ ਪਿਤਾ ਜੀ ਨੇ ਪੰਜਾਬ ਦਾ ਨਕਸ਼ਾ ਲਿਆ ਕੇ ਕਿਹਾ ਕਿ ਤੁਹਾਡਾ ਘਰ ਕਿੱਥੇ ਕੁ ਹੈ ? ਡਾ: ਸਾਹਿਬ ਜੀ ਨੇ ਕੁਝ ਕੁ ਅੰਦਾਜ਼ੇ ਨਾਲ ਸਮਝਾ ਦਿੱਤਾ। ਉਸ ਬਜ਼ੁਰਗ ਗੋਰੇ ਨੇ ਬਹੁਤ ਹੀ ਪਿਆਰ ਵਿੱਚ ਭਿੱਜ ਕੇ ਇੱਕ ਆਪਣੀ ਹੱਡ ਬੀਤੀ ਸੁਣਾਈ। ਕਹਿਣ ਲੱਗਾ ਕਿ ਮੈਂ ਦੂਸਰੀ ਵਿਸ਼ਵ ਜੰਗ ਦੇ ਵੇਲ਼ੇ ਸਿੱਖ ਫੌਜੀਆਂ ਦੇ ਨਾਲ ਹੀ ਜੰਗ ਲੜ ਰਿਹਾ ਸੀ। ਸਾਡੇ ਵਿਰੁਧ ਅਫਰੀਕਾ ਤੇ ਜਰਮਨੀ ਨੇ ਬਹੁਤ ਹੀ ਜ਼ਬਰਦਸਤ ਹਮਲਾ ਕੀਤਾ। ਤਦ ਮੇਰੇ ਵੀ ਇੱਕ ਗੋਲੀ ਲੱਗ ਤੇ ਮੈ ਗੰਭੀਰ ਜ਼ਖ਼ਮੀ ਹੋ ਗਿਆ ਸੀ। ਮੈਨੂੰ ਆਪਣੀ ਮੌਤ ਬਹੁਤ ਨੇੜੇ ਜਾਪ ਰਹੀ ਸੀ ਪਰ ਇੱਕ ਸਿੱਖ ਨੇ ਆਪਣੀ ਪਿੱਠ ’ਤੇ ਮੈਨੂੰ ਚੁੱਕ ਕੇ ਵਰ੍ਹਦੀਆਂ ਗੋਲੀਆਂ ਵਿੱਚੋਂ ਬਾਹਰ ਕਰ ਦਿੱਤਾ ਸੀ। ਅੱਜ ਜੇ ਕਰ ਮੈਂ ਆਪਣੇ ਪਰਿਵਾਰ ਵਿੱਚ ਸੁੱਖੀ ਬੈਠਾ ਹਾਂ ਤਾਂ ਇਹ ਕਿਸੇ ਪੱਗ ਵਾਲੇ ਸਿੱਖ ਸਰਦਾਰ ਦੀ ਬਦੌਲਤ ਹੀ ਹਾਂ। ਬਾਕੀ ਉਨ੍ਹਾਂ ਨੇ ਬਹੁਤ ਪਿਆਰ ਸਤਿਕਾਰ ਦੀਆਂ ਗੱਲਾਂ ਕੀਤੀਆਂ ਪਰ ਡਾ: ਗੁਰਬਖਸ਼ ਸਿੰਘ ਜੀ ਇਸ ਸੋਚ ਵਿੱਚ ਡੁੱਬ ਗਏ ਸਨ ਕਿ ਲੋਕ ਮੇਰੀ ਪੱਗ ਵਿੱਚੋਂ ਮੈਨੂੰ ਨਹੀਂ ਸਗੋਂ ਮੇਰੇ ਵਿਰਸੇ ਜਾਂ ਗੁਰੂ ਸਾਹਿਬ ਜੀ ਦੇ ਵਿਰਸੇ ਨੂੰ ਦੇਖਦੇ ਹਨ। (ਪਾਕਿਸਤਾਨ, ਪ੍ਰਧਾਨ ਅਯੂਬ ਖਾਂ ਅਤੇ ਹੋਰ ਹੱਡ ਬੀਤੇ ਚਮਤਕਾਰ)

ਜਿਵੇਂ ਪਿੱਛੇ ਜ਼ਿਕਰ ਆ ਚੁੱਕਾ ਹੈ ਕਿ ਪੱਗ ਤਾਂ ਭਾਵੇਂ ਹੋਰ ਲੋਕ ਵੀ ਬੰਨ੍ਹਦੇ ਸਨ ਪਰ ਉਨ੍ਹਾਂ ਨੇ ਕਦੇ ਪੱਗ ਨਾਲ ਆਪਣਾ ਦਿਲੀ ਰਿਸ਼ਤਾ ਨਹੀਂ ਜੋੜਿਆ। ਜਦੋਂ ਲੋੜ ਪਈ ਤਾਂ ਬੰਨ੍ਹ ਲਈ ਜੇ ਨਾ ਲੋੜ ਪਈ ਤਾਂ ਉਤਾਰ ਦਿੱਤੀ। ਇਸ ਦਾ ਜ਼ਿਕਰ ਇਤਿਹਾਸਕ ਪੰਨੇ ਕਰਦੇ ਹਨ। ਗੁਰੂ ਗੋਬਿੰਦ ਸਿੰਘ ਜੀ ਨੇ ਪੰਜਾਬ ਦੀ ਧਰਤੀ ’ਤੇ ਦਿਨ ਰਾਤ ਪਾਪ ਕਰਨ ਵਾਲੇ ਜਰਵਾਣਿਆਂ ਨੂੰ ਸੋਧਾ ਲਾਉਣ ਲਈ ਜੀਵਨ ਦੇ ਆਖਰੀ ਦੌਰ ਵਿੱਚ ਬਾਬਾ ਬੰਦਾ ਸਿੰਘ ਜੀ ਬਹਾਦਰ ਨੂੰ ਪੰਜਾਬ ਭੇਜਿਆ ਸੀ। ਉਨ੍ਹਾਂ ਨੇ ਆ ਕੇ ਕਈ ਹਾਕਮਾਂ ਦੇ ਨੱਕੀਂ ਨੱਥਾਂ ਪਾ ਦਿੱਤੀਆਂ ਸਨ। ਇਹ ਹਾਕਮ ਜਰਵਾਣੇ ਬਹੁਤੇ ਮੁਸਲਮਾਨ ਹੀ ਸਨ ਇਸ ਲਈ ਜਦੋਂ ਇਨ੍ਹਾਂ ਨੂੰ ਸੋਧੇ ਲਾਏ ਤਾਂ ਬਹਾਦਰ ਸ਼ਾਹ ਨੇ ਬਹੁਤ ਸਖ਼ਤੀ ਕਰ ਦਿੱਤੀ ਕਿ ਕਿਸੇ ਵੀ ਕੀਮਤ ’ਤੇ ਸਿੱਖਾਂ ਦਾ ਖੁਰਾ ਖੋਜ ਮਿਟਾ ਦਿਓ। ਸਰਕਾਰੀ ਫੌਜਾਂ ਨੇ ਇੱਕ ਮੁਸ਼ਕਲ ਦੱਸੀ ਕਿ ਸਾਨੂੰ ਸ਼ਕਲਾਂ ਕਰਕੇ ਹਿੰਦੂਆਂ ਅਤੇ ਸਿੱਖਾਂ ਦਾ ਕੋਈ ਬਹੁਤਾ ਫ਼ਰਕ ਨਹੀਂ ਲੱਗਦਾ। ਹਿੰਦੂਆਂ ਲਈ ਇਹ ਐਲਾਨ ਕਰ ਦਿਓ ਕਿ ਹਰ ਹਿੰਦੂ ਆਪਣੀ ਦਾੜ੍ਹੀ ਕਟਵਾ ਕੇ ਪੱਗੜੀਆਂ ਉਤਾਰ ਦੇਵੇ ਕਿਉਂਕਿ ਅਜਿਹਾ ਹਿੰਦੂ ਹੀ ਕਰ ਸਕਦੇ ਹਨ ਸਿੱਖਾਂ ਲਈ ਇਹ ਗੱਲ ਅਸੰਭਵ ਹੈ। ਸਿੱਖ ਤਾਂ ਭਾਵਨਾ ਰੱਖਦਾ ਹੈ ਕਿ

ਕੰਘਾ ਦੋਨੋਂ ਵਕਤ ਕਰਿ, ਪਾਗ ਚੁਨੈ ਕਰਿ ਬਾਂਧਈ।

ਦਾਤਨ ਕਰੈ ਨੀਤ, ਨਾ ਦੁੱਖ ਪਾਵੈ ਲਾਲ ਜੀ। (ਭਾਈ ਨੰਦ ਲਾਲ ਸਿੰਘ ਜੀ, ਗਿਆਨੀ ਪ੍ਰਤਾਪ ਸਿੰਘ, ਗੁਰਮਤਿ ਫ਼ਿਲਾਸਫ਼ੀ ਪੰਨਾ 499)

ਸੋ, ਸਾਨੂੰ ਪਹਿਚਾਣ ਕਰਨੀ ਸੌਖੀ ਹੋ ਜਾਵੇਗੀ। ਇਹੋ ਹੀ ਐਲਾਨ ਕੀਤਾ ਗਿਆ ਜਿਸ ਕਰਕੇ ਉਨ੍ਹਾਂ ਲੋਕਾਂ ਨੇ ਦਾੜ੍ਹੀਆਂ ਵੀ ਕਟਵਾ ਲਈਆਂ ਅਤੇ ਪੱਗਾਂ ਵੀ ਉਤਾਰ ਦਿੱਤੀਆਂ ਸਨ। ਇਹ ਘਟਨਾ ਅਗਸਤ 1711 ਈਸਵੀ ਦੀ ਹੈ। (ਹਰਜਿੰਦਰ ਸਿੰਘ ਦਿਲਗੀਰ, ਸਿੱਖ ਤਵਾਰੀਖ ਭਾਗ ਦੂਜਾ ਪੰਨਾ 416)

ਦੂਜਾ ਜ਼ਿਕਰ ਹੈ ਕਿ ਲਾਹੌਰ ਦੇ ਸੂਬੇਦਾਰ ਯਹੀਆ ਖ਼ਾਨ ਨੇ ਸਾਰੇ ਪਾਸੇ ਐਲਾਨ ਕੀਤਾ ਹੋਇਆ ਸੀ ਕਿ ਕਿਸੇ ਵੀ ਤਰੀਕੇ ਨਾਲ ਸਿੱਖਾਂ ਦਾ ਨਾਮ ਤਵਾਰੀਖ ਦੇ ਪੰਨਿਆਂ ਤੋਂ ਖ਼ਤਮ ਕਰ ਦੇਣਾ ਹੈ। ਇਸ ਲਈ ਉਸ ਨੇ ਲਖਪਤਿ ਰਾਏ ਨੂੰ ਇਹ ਸਾਰੇ ਅਧਿਕਾਰ ਦੇ ਦਿੱਤੇ ਸਨ। ਸੰਨ 1746 ਦਾ ਜ਼ਿਕਰ ਹੈ ਕਿ ਦੋ ਕੁ ਹਜ਼ਾਰ ਸਿੰਘ, ਸਰਦਾਰ ਜੱਸਾ ਸਿੰਘ ਆਹਲੂਵਾਲੀਆ ਅਤੇ ਸਰਦਾਰ ਸੁੱਖਾ ਸਿੰਘ ਮਾੜੀ ਕੰਬੋਕੀ ਦੀ ਅਗਵਾਈ ਵਿੱਚ ਸ਼ਿਵਾਲਿਕ ਦੀਆਂ ਪਹਾੜੀਆਂ ਵੱਲ ਨੂੰ ਜਾ ਰਹੇ ਸਨ ਕਿ ਉਨ੍ਹਾਂ ਦਾ ਖੋਖਰਾਂ ਨੇੜੇ ਏਮਨਾਬਾਦ ਸਿੰਘਾਂ ਦਾ ਟਾਕਰਾ ਲਖਪਤਿ ਰਾਇ ਦੇ ਭਰਾ ਜਸਪਤਿ ਰਾਇ ਨਾਲ ਹੋ ਗਿਆ। ਸਿੰਘ, ਕਈ ਦਿਨਾਂ ਦੇ ਭੁੱਖੇ ਸਨ ਉਨ੍ਹਾਂ ਨੇ ਇੱਥੇ ਪ੍ਰਸ਼ਾਦਾ ਬਣਾਉਣਾ ਆਰੰਭ ਕਰ ਦਿੱਤਾ। ਜਸਪਤਿ ਨੇ ਆ ਕੇ ਕਿਹਾ ਕਿ ਇੱਥੋਂ ਹੁਣੇ ਹੀ ਚੱਲੇ ਜਾਵੋ ਪਰ ਸਿੰਘਾਂ ਨੇ ਬਹੁਤ ਨਿਮ੍ਰਤਾ ਨਾਲ ਬੇਨਤੀ ਕੀਤੀ ਕਿ ਅਸੀਂ ਦਾਲ ਸਬਜ਼ੀਆਂ ਰੱਖ ਬੈਠੇ ਹਾਂ ਇਸ ਲਈ ਅਸੀਂ ਕੋਈ ਕਬਜ਼ਾ ਨਹੀਂ ਕਰਨਾ, ਅਸੀਂ ਤਾਂ ਲੰਗਰ ਤਿਆਰ ਕਰਕੇ ਛੱਕ ਕੇ ਅੱਗੇ ਚਲੇ ਜਾਣਾ ਹੈ, ਸਾਡਾ ਇੱਥੇ ਪੜਾਅ ਕੁਝ ਸਮੇਂ ਦਾ ਹੀ ਹੈ। ਜਸਪਤਿ ਰਾਇ, ਲਖਪਤਿ ਰਾਇ ਦਾ ਭਰਾ ਹੋਣ ਕਰਕੇ ਹੰਕਾਰੀ ਸੀ। ਉਹ ਨਾ ਮੰਨਿਆ ਅਤੇ ਲੜਨ ਲੱਗ ਪਿਆ ਜਿਸ ਤੋਂ ਸਿੰਘਾਂ ਨੇ ਉਸ ਦਾ ਸਿਰ ਵੱਢ ਲਿਆ।

ਇਹ ਗੱਲ ਜਦੋਂ ਲਖਪਤਿ ਰਾਇ ਨੂੰ ਪਤਾ ਲੱਗੀ ਤਾਂ ਉਸ ਨੇ ਯਹੀਆਂ ਖਾਂ ਦੇ ਦਰਬਾਰ ਹਾਜ਼ਰ ਹੋ ਕੇ ਆਪਣੀ ਪੱਗੜੀ ਉਤਾਰ ਕੇ ਉਸ ਦੇ ਪੈਰਾਂ ਵਿੱਚ ਰੱਖ ਦਿੱਤੀ ਸੀ ਕਿ ਜਦੋਂ ਤੱਕ ਮੈਂ ਸਿੱਖਾਂ ਨੂੰ ਖ਼ਤਮ ਨਹੀਂ ਕਰ ਦਿੰਦਾ ਉਦੋਂ ਤੱਕ ਇਹ ਪੱਗ ਮੈਂ ਆਪਣੇ ਸਿਰ ’ਤੇ ਨਹੀਂ ਰੱਖਾਂਗਾ। (ਹਰਜਿੰਦਰ ਸਿੰਘ ਦਿਲਗੀਰ, ਸਿੱਖ ਤਵਾਰੀਖ ਭਾਗ ਦੂਜਾ ਪੰਨਾ 496)

ਕੁਝ ਕੁ ਅਜਿਹੇ ਅਣਖੀ ਵੀ ਸਨ ਜਿਨ੍ਹਾਂ ਨੇ ਪੱਗ ਦੀ ਅਹਿਮੀਅਤ ਨੂੰ ਸਮਝਿਆ ਹੋਇਆ ਸੀ। ਕਹਿੰਦੇ ਹਨ ਜਦੋਂ ਮਹਾਰਾਣਾ ਪ੍ਰਤਾਪ ਸਿੰਘ ਅਕਬਰ ਬਾਦਸ਼ਾਹ ਨਾਲ ਹਲਦੀ ਘਾਟੀ ’ਤੇ ਜੰਗ ਲੜਿਆ ਤਾਂ ਉਹ ਜੰਗ ਹਾਰ ਗਿਆ। ਮਹਾਰਾਣਾ ਪ੍ਰਤਾਪ ਸਿੰਘ ਮਹਾਨ ਜੋਧਾ ਸੀ, ਇਸ ਕਰਕੇ ਉਨ੍ਹਾਂ ਨੇ ਅਕਬਰ ਕੋਲੋਂ ਭੀਖ ਮੰਗਣ ਦੀ ਬਜਾਇ ਅਰਾਵਲੀ ਦੇ ਜੰਗਲਾਂ ਵਿੱਚ ਨਿਵਾਸ ਕਰ ਲਿਆ। ਇੱਕ ਵਾਰੀ ਅਚਾਨਕ ਅਕਬਰ ਦਾ ਦਰਬਾਰੀ ਰਾਗੀ ਤਾਨਸੈਨ ਵੀ ਇੱਥੋਂ ਦੀ ਲੰਘ ਰਿਹਾ ਸੀ ਤਾਂ ਉਸ ਦਾ ਅਚਾਨਕ ਸਾਮ੍ਹਣਾ ਮਹਾਰਾਣਾ ਪ੍ਰਤਾਪ ਸਿੰਘ ਨਾਲ ਹੋ ਗਿਆ। ਦੋਨਾਂ ਨੇ ਬੈਠ ਕੇ ਦੁੱਖ ਸੁੱਖ ਫਰੋਲ਼ੇ ਅਤੇ ਤਾਨਸੈਨ ਨੇ ਕਿਹਾ ਕਿ ਰਾਜੇ ਮਹਾਰਾਜਿਆਂ ਦਾ ਸ਼ੌਕ ਹੁੰਦਾ ਹੈ ਕਿ ਕਦੇ ਕਦਾਈ ਰਾਗ ਦਰਬਾਰ ਲਾਉਂਦੇ ਹਨ ਪਰ ਤੁਸੀਂ ਤਾਂ ਹੁਣ ਜੰਗਲੀਂ ਬੈਠੇ ਹੋ ਪਰ ਕੋਈ ਗੱਲ ਨਹੀਂ ਆਪਾਂ ਇੱਥੇ ਹੀ ਦਰਬਾਰ ਲਾਉਂਦੇ ਹਾਂ, ਸੋ ਉਨ੍ਹਾਂ ਨੇ ਰਾਗਦਾਰੀ ਕੀਤੀ। ਇਸ ਕਰਕੇ ਮਹਾਰਾਣਾ ਪ੍ਰਤਾਪ ਸਿੰਘ ਨੇ ਖੁਸ਼ ਹੋ ਕੇ ਕਿਹਾ ਕਿ ਤਾਨਸੈਨ ਰਾਜਿਆਂ ਦਾ ਇਹ ਵੀ ਸ਼ੌਕ ਹੈ ਕਿ ਖੁਸ਼ ਹੋ ਕੇ ਦੂਜਿਆਂ ਨੂੰ ਵੀ ਦਿਲ ਖੋਲ੍ਹ ਕੇ ਦਾਨ ਦਿਆ ਕਰਦੇ ਹਨ। ਜੋ ਦਿਲ ਕਰਦਾ ਹੈ ਤਾਂ ਮੰਗੋ। ਤਾਨਸੈਨ ਨੇ ਮਹਾਰਾਣਾ ਪ੍ਰਤਾਪ ਸਿੰਘ ਦੀ ਪੱਗ ਮੰਗ ਲਈ ਸੀ। ਮਹਾਰਾਜੇ ਦੇ ਅੱਖੀਂ ਜਲ ਭਰ ਆਇਆ ਤਾਂ ਤਾਨਸੈਨ ਨੇ ਇਸ ਦਾ ਕਾਰਨ ਪੁੱਛਿਆ। ਮਹਾਰਾਣੇ ਨੇ ਜਵਾਬ ਦਿੱਤਾ ਕਿ ਜਦੋਂ ਤੁਸੀਂ ਮੇਰੀ ਪੱਗ ਬੰਨ੍ਹ ਕੇ ਅਕਬਰ ਦੇ ਦਰਬਾਰ ਜਾਓਂਗੇ ਤਾਂ ਉਸ ਵਕਤ ਜਦੋਂ ਅਕਬਰ ਨੂੰ ਸਲਾਮ ਕਰੋਗੇ, ਮੇਰੀ ਪੱਗ ਅਕਬਰ ਦੇ ਦਰਬਾਰ ਵਿੱਚ ਝੁੱਕ ਜਾਵੇਗੀ। ਮੈਂ ਜੰਗ ਹਾਰ ਕੇ ਵੀ ਹਾਰਿਆ ਨਹੀਂ ਹਾਂ ਕਿਉਂਕਿ ਅਕਬਰ ਦੀਆਂ ਫੌਜਾਂ ਮੇਰੀਆਂ ਫੌਜਾਂ ਦੇ ਮੁਕਾਬਲੇ ਬਹੁਤ ਜ਼ਿਆਦਾ ਸਨ ਪਰ ਜਦੋਂ ਮੇਰੀ ਪੱਗ ਝੁੱਕ ਜਾਵੇਗੀ ਮੈਂ ਉਸ ਦਿਨ ਹਾਰ ਜਾਵਾਂਗਾ।

ਤਾਨਸੈਨ ਨੇ ਵਾਅਦਾ ਕੀਤਾ ਕਿ ਮੈਂ ਲੱਗਦੀ ਵਾਹ ਇਹ ਪੱਗ ਕਦੇ ਝੁੱਕਣ ਨਹੀਂ ਦਿਆਂਗਾ। ਤਾਨਸੈਨ ਇੱਕ ਵਾਰੀ ਰਾਜ ਦਰਬਾਰ ’ਚ ਉਹ ਪੱਗ ਬੰਨ੍ਹ ਕੇ ਗਿਆ ਤਾਂ ਉਸ ਨੇ ਅਕਬਰ ਨੂੰ ਸਲਾਮ ਨਾ ਕੀਤੀ। ਇਹ ਇੱਕ ਵੱਖਰੀ ਕਿਸਮ ਦਾ ਵਿਹਾਰ ਸੀ ਜਿਸ ਕਰਕੇ ਤਾਨਸੈਨ ਨੂੰ ਇਸ ਦਾ ਕਾਰਨ ਪੁੱਛਿਆ, ਤਾਨਸੈਨ ਨੇ ਸਾਰੀ ਕਹਾਣੀ ਦੱਸੀ ਤੇ ਕਿਹਾ ਕਿ ਇਹ ਪੱਗ ਮਹਾਰਾਣਾ ਪ੍ਰਤਾਪ ਸਿੰਘ ਦੀ ਹੈ। ਮੈਂ ਉਸ ਨਾਲ ਪੱਗ ਸਮੇਤ ਤੁਹਾਡੇ ਅੱਗੇ ਨਾ ਝੁਕਉਣ ਦਾ ਵਾਧਾ ਕੀਤਾ ਨਿਭਾ ਰਿਹਾ ਹਾਂ। ਅਕਬਰ ਨੇ ਖੁਸ਼ ਹੋ ਕੇ ਤਾਨਸੈਨ ਨੂੰ ਕਿਹਾ ਕਿ ਜਾ ਉਸ ਨੂੰ ਕਹਿ ਕਿ ਅਕਬਰ ਨੇ ਤੇਰਾ ਰਾਜ ਭਾਗ ਵਾਪਸ ਕਰਨ ਦਾ ਮਨ ਬਣਾ ਲਿਆ ਹੈ। ਇਸ ਲਈ ਤੂੰ ਆਪਣੇ ਰਾਜ ਵਿੱਚ ਵਾਪਸੀ ਕਰ ਸਕਦਾ ਹੈਂ। ਤਾਨਸੈਨ ਜਦੋਂ ਇਹ ਸੁਨੇਹਾ ਲੈ ਕੇ ਗਿਆ ਤਾਂ ਪ੍ਰਤਾਪ ਸਿੰਘ ਨੇ ਫਿਰ ਸੁਨੇਹਾ ਦਿੱਤਾ ਕਿ ਰਾਜ ਭਾਗ ਭੀਖ ਵਿੱਚ ਨਹੀਂ ਮਿਲਦੇ ਹੁੰਦੇ। ਇਹ ਜੰਗ ਦੇ ਮੈਦਾਨਾਂ ਵਿੱਚ ਹਾਰੇ ਜਾਂਦੇ ਹਨ ਅਤੇ ਜੰਗ ਦੇ ਮੈਦਾਨਾਂ ਵਿੱਚੋ ਹੀ ਜਿੱਤੇ ਜਾਂਦੇ ਹਨ। ਇਹ ਅਣਖੀ ਯੋਧਾ ਸੀ ਜਿਸ ਨੇ ਆਪਣੀ ਪੱਗ ਕਿਸੇ ਹੋਰਾਂ ਅੱਗੇ ਝੁੱਕਣ ਨਹੀਂ ਦਿੱਤੀ। ਇੱਥੋਂ ਸਾਨੂੰ ਵੀ ਇਹ ਸਿੱਖਿਆ ਲੈਣੀ ਚਾਹੀਦੀ ਹੈ ਕਿ ਸਾਨੂੰ ਵੀ ਦਸਤਾਰ ਗੁਰੂ ਸਾਹਿਬ ਜੀ ਨੇ ਬਖ਼ਸ਼ਸ਼ ਕੀਤੀ ਹੋਈ ਹੈ। ਇਸ ਲਈ ਇਸ ਨੂੰ ਕੇਵਲ ਗੁਰੂ ਸਾਹਿਬ ਜੀ ਦੇ ਦਰ ’ਤੇ ਹੀ ਝੁਕਾਇਆ ਜਾ ਸਕਦਾ ਹੈ, ਪਰ ਅਸੀਂ ਤਾਂ ਜਿੱਥੇ ਵੀ ਦੇਖਦੇ ਹਾਂ ਉਹ ਭਾਵੇਂ ਕਬਰਾਂ ਹੋਣ ਜਾਂ ਕੋਈ ਦੇਹਧਾਰੀ ਗੁਰੂ; ਝੱਟ ਹੀ ਮੱਥਾ ਟੇਕ ਦਿੰਦੇ ਹਾਂ ਇਹ ਸੋਚਦੇ ਹੀ ਨਹੀਂ ਕਿ ਸਾਡੇ ਸਿਰ ’ਤੇ ਦਸਤਾਰ ਤਾਂ ਸਤਿਗੁਰੂ ਸਾਹਿਬ ਜੀ ਦੀ ਪਵਿੱਤਰ ਦਾਤ ਹੈ। ਇਹ ਵੀ ਸੱਚ ਹੈ ਕਿ ਕਈ ਸਮਝਦਾਰ ਸਿੱਖ ਇਸ ਪੱਗ ’ਚੋਂ ਗੁਰੂ ਜੀ ਦੀ ਬਖ਼ਸ਼ਸ਼ ਨੂੰ ਮਹਿਸੂਸ ਕਰਦੇ ਹਨ।

ਸੰਨ 1971 ਦੀ ਘਟਨਾ ਹੈ, ਜਨਰਲ ਜਗਜੀਤ ਸਿੰਘ ਅਰੋੜਾ ਨੇ ਬੰਗਲਾ ਦੇਸ਼ ਆਜ਼ਾਦ ਕਰਵਾਇਆ ਸੀ ਤਾਂ ਉਸ ਵਕਤ ਦੁਸ਼ਮਣ ਦੀਆਂ ਫੌਜਾਂ ਕੋਲੋਂ ਹਥਿਆਰ ਸੁਟਵਾ ਕੇ ਉਨ੍ਹਾਂ ਨੂੰ ਕੈਦੀ ਬਣਾ ਲਿਆ ਸੀ ਤੇ ਮੋਰਚਿਆਂ ਵਿੱਚੋਂ ਕੁਝ ਲੜਕੀਆਂ ਮਿਲੀਆਂ, ਜਿਨ੍ਹਾਂ ਦੇ ਸਰੀਰ ਨਗਨ ਅਵਸਥਾ ਵਿੱਚ ਸਨ, ਜੋ ਖਰੋਚ ਖਰੋਚ ਕੇ ਜ਼ਖਮੀ ਕੀਤੇ ਹੋਏ ਸਨ। ਤਮਾਮ ਲੜਕੀਆਂ ਅਰੋੜਾ ਜੀ ਕੋਲ ਭੱਜੀਆਂ ਆਈਆਂ ਤੇ ਪੁਕਾਰਾਂ ਕਰਨ ਲੱਗੀਆਂ ਕਿ ਸਾਨੂੰ ਬਚਾ ਲਵੋ, ਜੀ। ਸਰਦਾਰ ਜਗਜੀਤ ਸਿੰਘ ਜੀ ਨੇ ਹੈਰਾਨ ਹੋ ਕੇ ਕਿਹਾ ਕਿ ਤੁਸੀਂ ਮੈਨੂੰ ਨਹੀਂ ਸਗੋਂ ਇਨ੍ਹਾਂ ਆਪਣੇ ਸਿਪਾਹੀਆਂ ਨੂੰ ਕਹੋ ਕਿ ਇਹ ਤੁਹਾਡੀ ਮਦਦ ਕਰਨ। ਮੈਂ ਤਾਂ ਤੁਹਾਡਾ ਦੁਸ਼ਮਣ ਹਾਂ ਦੂਜੇ ਦੇਸ਼ ਵਿੱਚੋਂ ਲੜਨ ਲਈ ਆਇਆ ਹਾਂ। ਲੜਕੀਆਂ ਨੇ ਗਜ਼ਬ ਦਾ ਜਵਾਬ ਦਿੱਤਾ ਕਿ ਸਾਨੂੰ ਸਾਡਿਆਂ ਕੋਲੋਂ ਹੀ ਤਾਂ ਬਚਾਉਣਾ ਹੈ। ਇਨ੍ਹਾਂ ਨੇ ਸਾਨੂੰ ਮੋਰਚਿਆਂ ਵਿੱਚ ਰੱਖ ਕੇ ਸਾਡੀ ਪਤਿ ਹੀ ਬਰਬਾਦ ਨਹੀਂ ਕੀਤੀ ਸਗੋਂ ਸਾਨੂੰ ਨੋਚ ਨੋਚ ਕੇ ਵੀ ਖਾ ਗਏ ਹਨ। ਸਾਨੂੰ ਨਹੀਂ ਪਤਾ ਕਿ ਤੁਸੀਂ ਦੁਸ਼ਮਣ ਹੋ ਜਾਂ ਆਪਣੇ ਹੋ, ਸਾਨੂੰ ਤਾਂ ਬੱਸ ਇਤਨਾ ਹੀ ਪਤਾ ਹੈ ਕਿ ਤੁਹਾਡੇ ਸਿਰ ’ਤੇ ਪੱਗ ਹੈ। ਇਸ ਪੱਗ ਨੂੰ ਬੰਨ੍ਹਣ ਵਾਲਾ ਕਦੇ ਕਿਸੇ ਦੀਆਂ ਧੀਆਂ ਭੈਣਾਂ ਦੀ ਪਤਿ ਨੂੰ ਬਰਬਾਦ ਨਹੀਂ ਕਰਦਾ ਸਗੋਂ ਬਚਾਉਂਦਾ ਹੀ ਹੈ।

ਅਰੋੜਾ ਜੀ ਦੀਆਂ ਅੱਖਾਂ ਵਿੱਚ ਪਾਣੀ ਆ ਗਿਆ ਅਤੇ ਉਨ੍ਹਾਂ ਨੇ ਅੰਦਰ ਹੀ ਅੰਦਰ ਗੁਰੂ ਸਾਹਿਬ ਜੀ ਨੂੰ ਨਮਸ਼ਕਾਰ ਕੀਤੀ ਕਿ ਸਤਿਗੁਰੂ ਜੀ ਮੈਂ ਤਾਂ ਅੱਜ ਤੱਕ ਇੱਕ ਕੱਪੜਾ ਸਮਝ ਕੇ ਹੀ ਬੰਨ੍ਹਦਾ ਰਿਹਾ ਹਾਂ ਪਰ ਅੱਜ ਮੈਨੂੰ ਇਸ ਦੀ ਅਸਲ ਕਦਰ ਕੀਮਤ ਦਾ ਪਤਾ ਲੱਗਿਆ ਹੈ। ਉਨ੍ਹਾਂ ਨੇ ਨਗਨ ਲੜਕੀਆਂ ਦੇ ਸਰੀਰ ਕੱਜ ਕੇ ਉਨ੍ਹਾਂ ਨੂੰ ਨਿਡਰ ਹੋਣ ਦਾ ਹੌਂਸਲਾ ਦਿਵਾਇਆ।

ਪੱਗ ਨੇ ਹੋਰ ਵੀ ਕਈ ਮਾਣਮੱਤੇ ਇਤਿਹਾਸ ਰਚੇ ਹਨ ਜਿੰਨ੍ਹਾਂ ਨਾਲ ਮਨੁੱਖਤਾ ਦਾ ਸਿਰ ਸਦੀਵੀ ਉੱਚਾ ਹੋ ਜਾਂਦਾ ਹੈ।

ਫੱਤੇਵਾਲੀ (ਪਾਕਿਸਤਾਨ) ਵਿੱਚ ਇੱਕ ਗਰੀਬੜਾ ਜਿਹਾ ਪਰਿਵਾਰ ਭਾਈ ਹੀਰਾ ਨੰਦ ਜੀ ਦਾ ਰਹਿੰਦਾ ਸੀ। ਇਸ ਘਰ ਵਿੱਚ ਕਈ ਬੱਚਿਆਂ ਦਾ ਜਨਮ ਹੋਇਆ ਪਰ ਗਰੀਬੀ ਜਾਂ ਹੋਰ ਕਾਰਨਾਂ ਕਰਕੇ ਉਹ ਬੱਚੇ ਜਨਮ ਤੋਂ ਕੁਝ ਸਮੇਂ ਬਾਅਦ ਹੀ ਚੜ੍ਹਾਈ ਕਰ ਜਾਂਦੇ ਸਨ। ਜਦੋਂ ਫਿਰ ਇੱਕ ਬੱਚੇ ਦਾ ਜਨਮ ਹੋਇਆ ਤਾਂ ਪਿਤਾ ਜੀ ਅਤੇ ਮਾਤਾ ਨਿਹਾਲ ਦੇਈ ਨੇ ਕਿਸੇ ਨੂੰ ਪੁੱਛ ਗਿੱਛ ਕੇ (ਸਲਾਹ ਕਰਕੇ) ਇਸ ਬੱਚੇ ਦੇ ਨੱਕ ਵਿੱਚ ਨੱਥ ਪਾ ਦਿੱਤੀ। ਇਹ ਮਨ ਵਿੱਚ ਭਰਮ ਸੀ ਕਿ ਕਿੱਤੇ ਇਹ ਵੀ ਨਾ ਮਰ ਜਾਵੇ। ਨੱਕ ਦੀ ਨੱਥ ਦੇ ਕਾਰਨ ਉਨ੍ਹਾਂ ਦਾ ਨਾਮ ਹੀ ਨੱਥੂ ਰਾਮ ਪੈ ਗਿਆ। ਕਾਦਰ ਨੂੰ ਕੁਝ ਹੋਰ ਹੀ ਮਨਜ਼ੂਰ ਸੀ ਇਸ ਲਈ ਇਸ ਬੱਚੇ ਨੂੰ ਜੀਵਨ ਮਿਲ ਗਿਆ ਸੀ।

ਹੀਰਾ ਨੰਦ ਜੀ ਨੇ ਫੱਤੇਵਾਲੀ ਨੂੰ ਛੱਡ ਕੇ ਥਰਪਾਲ ਆ ਕੇ ਇੱਕ ਛੋਟੀ ਜਿਹੀ ਦੁਕਾਨ ਪਾ ਕੇ ਘਰ ਦਾ ਗੁਜ਼ਾਰਾ ਤੋਰ ਲਿਆ। ਉਨ੍ਹਾਂ ਨੇ ਆਪਣੇ ਬੱਚੇ ਨੂੰ ਸਕੂਲ ਪੜ੍ਹਨ ਲਾ ਦਿੱਤਾ। ਇਸ ਨੱਥੂ ਰਾਮ ਨੇ ਜ਼ਿੰਦਗੀ ਦੀਆਂ ਦੁਸ਼ਵਾਰੀਆਂ (ਮੁਸ਼ਕਲਾਂ) ਤੇ ਗ਼ਰੀਬੀ ਨਾਲ ਲੜਦਿਆਂ ਮਿਡਲ ਪਾਸ ਕਰ ਲਈ। ਨੱਥੂ ਰਾਮ ਦਾ ਇੱਕ ਨਿੱਘਾ ਪਿਆਰ ਦੋਸਤ ਤੁਲਸੀ ਰਾਮ ਸੀ। ਘਰ ਤੋਂ ਸਕੂਲ ਦੀ ਦੂਰੀ ਕੋਈ ਅੱਠ ਕਿਲੋਮੀਟਰ ਸੀ। ਇਨ੍ਹਾਂ ਨੂੰ ਰਸਤੇ ਵਿੱਚ ਫੌਜੀਆਂ ਨੇ ਮਿਲਣਾ। ਫੌਜ ਵਿੱਚ ਭਾਵੇਂ ਮੁਸਲਮਾਨ, ਹਿੰਦੂ ਜਾਂ ਹੋਰ ਵੀ ਹੁੰਦੇ ਸਨ ਪਰ ਸਿੱਖਾਂ ਦੀਆਂ ਪੱਗੜੀਆਂ ਅਤੇ ਦਾੜ੍ਹੀਆਂ ਨੇ ਇਨ੍ਹਾਂ ਦੇ ਦਿਲ ਦਿਮਾਗ਼ ’ਤੇ ਕਾਫ਼ੀ ਅਸਰ ਪਾਇਆ। ਇਨ੍ਹਾਂ ਦੋਵੇਂ ਦੋਸਤਾਂ ਨੇ ਇਹ ਮਨ ਬਣਾ ਲਿਆ ਕਿ ਅਸੀਂ ਵੀ ਕੇਸ ਦਾੜ੍ਹੀ ਰੱਖ ਕੇ ਅਤੇ ਪੱਗਾਂ ਬੰਨ੍ਹ ਕੇ ਸਰਦਾਰ ਹੀ ਬਣਾਂਗੇ। ਇੱਥੋਂ ਤੱਕ ਕੇ ਇਨ੍ਹਾਂ ਨੇ ਆਪੋ ਆਪਣੇ ਸਰਦਾਰਾਂ ਵਾਲੇ ਨਾਮ ਵੀ ਚੁਣ ਲਏ ਸਨ। ਨੱਥੂ ਰਾਮ ਜੀ ਨੇ ਆਪਣਾ ਨਾਮ ਸਾਹਿਬ ਸਿੰਘ ਅਤੇ ਤੁਲਸੀ ਦਾਸ ਜੀ ਨੇ ਆਪਣਾ ਨਾਮ ਜਗਜੋਧ ਸਿੰਘ ਚੁਣ ਲਿਆ।

ਕੁਝ ਹੀ ਦਿਨ ਹੋਏ ਸਨ ਕਿ ਨੱਥੂ ਰਾਮ ਜੀ ਦੇ ਰਿਸ਼ਤੇ ਵਿੱਚੋਂ ਇੱਕ ਹੋਰ ਬੰਦਾ ਆਇਆ। ਇਹ ਵੀ ਪਹਿਲਾਂ ਸਰਦਾਰ ਨਹੀਂ ਸੀ, ਪਰ ਖੰਡੇ ਬਾਟੇ ਸੀ ਪਾਹੁਲ ਲੈ ਕੇ ਆਪਣਾ ਨਾਮ ਧਰਮ ਸਿੰਘ ਰੱਖ ਲਿਆ ਸੀ। ਧਰਮ ਸਿੰਘ ਜੀ ਦੇ ਮਿਲਾਪ ਨੇ ਨੱਥੂ ਰਾਮ ਤੇ ਤੁਲਸੀ ਰਾਮ ਦਾ ਮਨ ਹੋਰ ਵੀ ਪੱਕਾ ਕਰ ਦਿੱਤਾ। ਆਖ਼ਿਰ ਇਸ ਪ੍ਰੇਰਨਾ ਨੇ ਇੱਕ ਦਿਨ ਖੰਡੇ ਬਾਟੇ ਦੀ ਪਾਹੁਲ ਦੇ ਧਾਰਨੀ ਵੀ ਬਣਾ ਦਿੱਤਾ। ਇਹ ਨੱਥੂ ਰਾਮ ਬਦਲ ਕੇ ਸਾਹਿਬ ਸਿੰਘ ਅਤੇ ਤੁਲਸੀ ਰਾਮ ਬਦਲ ਕੇ ਜਗਜੋਧ ਸਿੰਘ ਬਣ ਗਏ। ਇਹੋ ਹੀ ਸਾਹਿਬ ਸਿੰਘ ਜੀ ਅੱਗੇ ਜਾ ਕੇ ਸਿੱਖ ਕੌਮ ਦੇ ਮਹਾਨ ਵਿਦਵਾਨ ਬਣੇ। ਇਨ੍ਹਾਂ ਨੇ ਗੁਰਬਾਣੀ ਦਾ ਵਿਆਕਰਨ ਅਤੇ ਸਮੁੱਚੇ ਗੁਰੂ ਗ੍ਰੰਥ ਸਾਹਿਬ ਜੀ ਦਾ ਟੀਕਾ ਲਿਖਿਆ। (ਪ੍ਰੋ: ਸਾਹਿਬ ਸਿੰਘ ਜੀ, ਜੀਵਨ ਸੰਘਰਸ਼ ਅਤੇ ਪ੍ਰਾਪਤੀਆਂ, ਸੁਕ੍ਰਿਤ ਟਰੱਸਟ ਪੰਨਾ 6)

ਇਸ ਤਰ੍ਹਾਂ ਦੀ ਹੀ ਇੱਕ ਹੋਰ ਘਟਨਾ ਹੈ। ਇੱਕ ਵਾਰੀ ਮਹਾਰਾਜਾ ਭੁਪਿੰਦਰ ਸਿੰਘ ਜੀ ਗੁਰਦੁਆਰਾ ਫਤਹਿਗੜ੍ਹ ਸਾਹਿਬ ਵਿਖੇ ਮੱਥਾ ਟੇਕਣ ਆਏ ਹੋਏ ਸਨ। ਇੱਥੋਂ ਹੀ ਰਾਜੇਆਣੇ ਤੋਂ ਰਾਮਜੀ ਦਾਸ ਨਾਂ ਦਾ ਇੱਕ ਬੱਚਾ ਵੀ ਆਇਆ ਹੋਇਆ ਸੀ। ਮਹਾਰਾਜਾ ਭੁਪਿੰਦਰ ਸਿੰਘ ਜੀ, ਆਪਣੀ ਦਸਤਾਰ ਬਹੁਤ ਸੋਹਣੀ ਸਜਾਉਂਦੇ ਸਨ। ਇਸੇ ਕਾਰਨ ਹੀ ਅੱਜ ਵੀ ਦਸਤਾਰ ਦੇ ਬੰਨ੍ਹਣ ਦੇ ਤਰੀਕਿਆਂ ’ਚੋਂ ਇੱਕ ਤਰੀਕਾ ‘ਪਟਿਆਲਾ ਸ਼ਾਹੀ’ ਦਸਤਾਰ ਅਖਵਾਉਂਦਾ ਹੈ। ਮਹਾਰਾਜਾ ਭੁਪਿੰਦਰ ਸਿੰਘ ਜੀ ਦੀ ਪੱਗ ਅਤੇ ਸੋਹਣਾ ਦਾੜ੍ਹਾ ਦੇਖ ਕੇ ਰਾਮਜੀ ਦਾਸ ਇਤਨੇ ਪ੍ਰਭਵਤ ਹੋਏ ਕਿ ਉਸ ਨੇ ਵੀ ਇਸੇ ਸਰੂਪ ਨੂੰ ਧਾਰਨ ਕਰਨ ਦਾ ਮਨ ਬਣਾ ਲਿਆ ਅਤੇ ਜਦੋਂ ਵਕਤ ਬਣਿਆ ਤਾਂ ਇਹੋ ਹੀ ਰਾਮਜੀ ਦਾਸ ਭਗਤ ਪੂਰਨ ਸਿੰਘ ਪਿੰਗਲਵਾੜੇ ਵਾਲੇ ਬਣੇ ਸਨ। (ਡਾ: ਰਤਨ ਸਿੰਘ ਜੱਗੀ, ਸਿੱਖ ਪੰਥ ਵਿਸ਼ਵਕੋਸ਼ ਪੰਨਾ 1145)

———–ਚਲਦਾ————

‘ਦਸਤਾਰ’ ਦੀ ਵਿਲੱਖਣਤਾ ਤੇ ਮਹੱਤਤਾ (ਭਾਗ 3)

‘ਦਸਤਾਰ’ ਦੀ ਵਿਲੱਖਣਤਾ ਤੇ ਮਹੱਤਤਾ (ਭਾਗ 4)