ਗਤਕਾ

0
2329

ਗਤਕਾ

ਨਰਿੰਦਰ ਸਿੰਘ ਨਗੀਨਾ (ਢਾਢੀ)

ਗਤਕਾ ਸਵੈ ਰੱਖਿਆ ਲਈ ਵਰਤਿਆ ਜਾਣ ਵਾਲਾ ਸਿੱਖਾਂ ਦੀ ਧਰਮ ਯੁੱਧ ਕਲਾ ਦਾ ਹਿੱਸਾ ਹੈ। ਗਤਕਾ, ਖਿਡਾਰੀ ਨੂੰ ਮਨੁੱਖੀ ਕਦਰਾਂ ਕੀਮਤਾਂ ਦਾ ਸਤਿਕਾਰ ਕਰਨ ਅਤੇ ਭੈਅ ਰਹਿਤ ਨਿਰਸਵਾਰਥ ਅਤੇ ਗੁਰਮਤਿ ਅਨੁਸਾਰ ਜੀਵਨ ਬਸਰ ਕਰਨਾ ਸਿਖਾਉਂਦਾ ਹੈ।
‘ਗਤਕਾ’ ਸ਼ਬਦ ਦੇ ਤਿਨ ਅੱਖਰਾਂ ਦਾ ਕੁੱਝ ਵਿਦਵਾਨ ਇਹ ਅਰਥ ਕਰਦੇ ਹਨ: ‘ਗ’ ਅੱਖਰ ਤੋਂ ਗਤੀ ਰਫ਼ਤਾਰ, ‘ਤ’ ਅੱਖਰ ਤੋਂ ਤਾਲਮੇਲ ਅਤੇ ‘ਕ’ ਅੱਖਰ ਤੋਂ ਕਾਲ ਭਾਵ ਸਮਾਂ ਮੰਨਿਆ ਜਾਂਦਾ ਹੈ। ਜਿਸ ਦਾ ਮਤਲਬ ਹੈ ਕਿ ਜਦੋਂ ਗਤਕਾ ਖੇਡਿਆ ਜਾਂਦਾ ਹੈ ਤਾਂ ਉਸ ਵੇਲੇ ਰਫ਼ਤਾਰ ਸ਼ਸਤਰ ਦੇ ਪੈਂਤਰੇ ਨਾਲ ਤਾਲਮੇਲ ਅਤੇ ਰੋਕਣ ਜਾਂ ਠੋਕਣ ਵੇਲੇ ਸਹੀ ਸਮੇਂ ਦਾ ਧਿਆਨ ਰੱਖਣਾ ਬੁਹਤ ਜ਼ਰੂਰੀ ਹੈ। ਗਤਕਾ ਮਨੁੱਖ ਨੂੰ ਆਪਣੇ ਗੁੱਸੇ ’ਤੇ ਕਾਬੂ ਪਾਉਣ ਦੀ ਜਾਂਚ ਵੀ ਸਿਖਾਉਂਦਾ ਹੈ ਅਤੇ ਜੰਗ ਦੇ ਮੈਦਾਨ ’ਚ ਵੀ ਸਿੱਖ ਅਡੋਲ ਰਹਿੰਦਾ ਹੈ ਤੇ ਵੈਰੀ ਨਾਲ ਵੀ ਛਲ, ਕਪਟ, ਧੋਖਾ ਨਹੀਂ ਕਰਦਾ। ਐਸੇ ਇਨਸਾਨ ਨੂੰ ਹੀ ਖਾਲਸੇ ਦਾ ਰੁਤਬਾ ਮਿਲਦਾ ਹੈ।

‘ਗਤਕਾ’ ਸ਼ਬਦ ਫਾਰਸੀ ਭਾਸ਼ਾ ਦੇ ਲਫ਼ਜ਼ ਕੁਤਕਾ ਤੋਂ ਬਣਿਆ ਹੈ, ਜਿਸ ਦਾ ਮਤਲਬ ਹੈ ਸੋਟਾ, ਡਾਂਗ, ਲਾਠੀ, ਸੋਟੀ, ਮੁਕਤੇਹਰ। ‘ਗਤਕਾ’ ਸ਼ਬਦ, ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਵਲੋਂ ਦਿੱਤਾ ਗਿਆ ਹੈ, ਇਸ ਤੋਂ ਪਹਿਲਾਂ ਕਿਸੇ ਵੀ ਇਤਿਹਾਸ ਵਿੱਚ ਗਤਕਾ ਸ਼ਬਦ ਨਹੀਂ ਆਇਆ। ‘ਗਤਕਾ’ ਸੋਟੀ ਨੂੰ ਵੀ ਕਹਿੰਦੇ ਹਨ। 

ਜਦੋਂ ਇਤਿਹਾਸ ਵਾਚਦੇ ਹਾਂ ਤਾਂ ਪਤਾ ਲਗਦਾ ਹੈ, ਜਿਸ ਬਾਰੇ ਭਾਈ ਗੁਰਦਾਸ ਜੀ ਵੀ ਲਿਖਦੇ ਹਨ ‘‘ਆਸਾ ਹਥਿ ਕਿਤਾਬ ਕਛਿ’’ ਭਾਵ ਗੁਰੂ ਨਾਨਕ ਦੇਵ ਜੀ ਆਪਣੇ ਕੋਲ ਸੋਟਾ (ਆਸਾ) ਰੱਖਦੇ ਸਨ। ਇਉਂ ਮੀਰੀ ਤੇ ਪੀਰੀ ਦੇ ਸਿਧਾਂਤ ਦੀ ਅਰੰਭਤਾ ਗੁਰੂ ਨਾਨਕ ਦੇਵ ਜੀ ਨੇ ਹੀ ਕਰ ਦਿੱਤੀ ਸੀ।

ਸ੍ਰੀ ਗੁਰੂ ਨਾਨਕ ਦੇਵ ਜੀ ਨੇ ਨਿਰਮਲ ਪੰਥ ਦੀ ਸਥਾਪਨਾ ਕੀਤੀ ਤੇ ਲੁਕਾਈ ਨੂੰ ਇਕ ਅਕਾਲ ਪੁਰਖ ਨਾਲ ਜੋੜਿਆ ਤੇ ਏਕਤਾ ਦਾ ਹੋਕਾ ਦਿੱਤਾ ਪਰ ਸਮੇਂ ਦੇ ਹੁਕਮਰਾਨ ਇਹ ਮੰਨਣ ਤੋਂ ਇਨਕਾਰੀ ਹੋ ਗਏ ਤੇ ਮਨੁੱਖਤਾ ’ਤੇ ਜ਼ੁਲਮ ਕਰਦੇ ਗਏ ਤੇ ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਵੀ ਜੇਲ੍ਹ ’ਚ ਚੱਕੀਆਂ ਪੀਹਣ ਲਈ ਡੱਕਿਆ ਗਿਆ। ਗੁਰੂ ਜੀ ਨੇ ਹੌਂਸਲਾ ਢਾਈ ਬੈਠੀ ਲੋਕਾਈ ਦੇ ਅੰਦਰੋਂ ਡਰ ਕੱਢਣ ਲਈ ਬਾਬਰ ਨੂੰ ਜਾਬਰ ਕਿਹਾ ਜਦੋਂ ਗੁਰੂ ਨਾਨਕ ਦੇਵ ਜੀ ਪਹਿਲੀ ਉਦਾਸੀ ਵੇਲੇ ਢਾਕੇ ਤੋਂ ਚੱਲ ਕੇ ਪਿੰਡ ਧਨਪੁਰ ਗਏ ਤਾਂ ਉਥੇ ਜਾਦੂ ਕਰਕੇ ਭਾਈ ਮਰਦਾਨਾ ਜੀ ਨੂੰ ਤੰਗ ਕੀਤਾ ਗਿਆ ਤੇ ਗੁਰੂ ਨਾਨਕ ਦੇਵ ਜੀ ਨੇ ਉਨ੍ਹਾਂ ਨੂੰ ਮਤਵਾਲੀਆਂ, ਨਿਲੱਜਾਂ ਕਹਿ ਕੇ ਦੁਰਕਾਰਿਆ ਤਾਂ ਇਹ ਵਚਨ ਸੁਣ ਕੇ ਉਨ੍ਹਾਂ ਦੀ ਮੁਖੀ ਨੂਰਸ਼ਾਹ ਨੇ ਗੁਰੂ ਜੀ ਦੇ ਚਰਨ ਫੜ ਕੇ ਮਾਫੀ ਮੰਗੀ ਤੇ ਗੁਰੂ ਜੀ ਨੇ ਉਨ੍ਹਾਂ ਨੂੰ ਸਦਾਚਾਰੀ ਬਣਨ ਦਾ ਉਪਦੇਸ਼ ਦਿੱਤਾ। ਜਦੋਂ ਸਤਿਗੁਰ ਜੀ ਇੱਥੋਂ ਤੁਰਨ ਲੱਗੇ ਤਾਂ ਇਨ੍ਹਾਂ ਨੇ ਨਿਸ਼ਾਨੀ ਮੰਗੀ ਤੇ ਗੁਰੂ ਜੀ ਨੇ ਇਨ੍ਹਾਂ ਨੂੰ ‘ਬਰਛਾ’ ਦਿੱਤਾ ਤੇ ਉਸ ਅਸਥਾਨ ਦਾ ਨਾਮ ‘ਬਰਛਾ ਸਾਹਿਬ’ ਹੀ ਪੈ ਗਿਆ। ਇਸ ਤੋਂ ਸਾਬਤ ਹੁੰਦਾ ਹੈ ਕਿ ਸਿੱਖ ਧਰਮ ’ਚ ਸ਼ਸਤਰ ਰੱਖਣ ਦੀ ਸ਼ੁਰੂਆਤ ਗੁਰੂ ਨਾਨਕ ਦੇਵ ਜੀ ਨੇ ਹੀ ਕੀਤੀ ਸੀ। ਦੂਜੇ ਪਾਤਸ਼ਾਹ ਨੇ ਜਿੱਥੇ ਸੰਗਤਾਂ ਨੂੰ ਪਰਮੇਸ਼ਰ ਨਾਲ ਜੋੜ੍ਹਿਆ ਓਥੇ ਆਪ ਨੇ ਸ਼ਕਤੀਸ਼ਾਲੀ ਸਰੀਰ ਬਨਾਉਣ ਲਈ ਖਡੂਰ ਸਾਹਿਬ ਦੇ ਸਥਾਨ ’ਤੇ ਮੱਲ ਅਖਾੜਾ ਵੀ ਬਣਵਾਇਆ। ਕਸਰਤਾਂ ਦੇ ਨਾਲ ਨਾਲ ਬਾਣੀ ਦਾ ਉਪਦੇਸ਼ ਦੇ ਕੇ ਜ਼ੁਲਮ ਹੇਠ ਦਬੀ ਲੁਕਾਈ ਨੂੰ ਸਿਰ ਉੱਚਾ ਚੁੱਕ ਕੇ ਚੱਲਣ ਦੀ ਜੁਰਅਤ ਬਖਸ਼ੀ ਤੇ ਨਾਲ ਹੀ ਲੰਗਰ ’ਚ ਖੀਰ ਘਿਓ ਵਰਤਾਇਆ ਤਾਂ ਕੇ ਸਿੱਖ ਤਾਕਤਵਰ ਹੋ ਜਾਣ।

ਤੀਜੇ ਗੁਰੂ; ਗੁਰੂ ਅਮਰਦਾਸ ਜੀ ਵੀ ਸਰੀਰਕ ਤੌਰ ਤੇ ਮਜਬੂਤ ਸਨ। ਬਜ਼ੁਰਗ ਅਵਸਥਾ ’ਚ ਵੀ ਰੋਜਾਨਾ ਬਿਆਸ ਤੋਂ ਜਲ ਦੀ ਗਾਗਰ ਭਰ ਕੇ ਲਿਆਉਂਦੇ ਰਹੇ ਸਨ। ਗੁਰੂ ਅਰਜੁਨ ਦੇਵ ਜੀ ਜੋ ਕਿ ਸ਼ਸਤਰ ਵਿਦਿਆ ਦੇ ਧਨੀ ਸਨ ਇਸੇ ਲਈ ਉਨ੍ਹਾਂ ਆਪਣੇ ਵਿਆਹ ਦੀਆਂ ਰਸਮਾਂ ਸਮੇਂ ਪਿੰਡ ਮੌ ਸਾਹਿਬ ਵਿਖੇ ਜੰਡ ਦੇ ਮੁੱਢ ਦਾ ਕਿੱਲਾ ਹੀ ਨੇਜੇ ਨਾਲ ਪੁੱਟ ਦਿੱਤਾ ਸੀ। ਰਾਜ ਸੱਤਾ ਦੇ ਵਿੱਚ ਗਰਕੇ ਹੋਏ ਸ਼ਾਸਕਾਂ ਨੇ ਗੁਰੂ ਅਰਜਨ ਦੇਵ ਜੀ ਨੂੰ ਸ਼ਹੀਦ ਕੀਤਾ। ਸ੍ਰੀ ਗੁਰੂ ਅਰਜੁਨ ਦੇਵ ਜੀ ਨੇ ਸ਼ਹਾਦਤ ਤੋਂ ਪਹਿਲਾਂ ਹੀ ਮੀਰੀ ਪੀਰੀ ਦੀਆਂ ਦੋ ਕਿਰਪਾਨਾਂ ਬਣਵਾ ਕੇ ਰੱਖੀਆਂ ਸਨ। ਜਦੋਂ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਗੁਰਤਾ ਗੱਦੀ ਦਾ ਤਿਲਕ ਲਾਇਆ ਤਾਂ ਨਾਲ ਉਹ ਕਿਰਪਾਨਾਂ ਪਹਿਨਾ ਕੇ ਭਗਤੀ ਤੇ ਸ਼ਕਤੀ ਦੀ ਲਹਿਰ ਸਥਾਪਿਤ ਕੀਤੀ। ਗੁਰੂ ਸਾਹਿਬ ਨੇ ਐਲਾਨ ਕੀਤਾ ਕਿ ਹੁਣ ਮੀਰੀ ਪੀਰੀ ਇਕੱਠੇ ਚੱਲਣਗੇ ਤੇ ਸੰਗਤਾਂ ਨੂੰ ਹੁਕਮ ਦਿੱਤਾ ਕਿ ਵਧੀਆ ਘੋੜੇ ਅਤੇ ਵਧੀਆ ਸ਼ਸਤਰਾਂ ਦੇ ਨਾਲ ਨੌਜਵਾਨਾਂ ਨੂੰ ਵੀ ਗੁਰੂ ਘਰ ਭੇਟ ਕਰਨ। ਹੁਕਮ ਦੀ ਦੇਰ ਸੀ ਕਿ ਬੁਹਤ ਵੱਡੀ ਫੌਜ ਤਿਆਰ ਹੋ ਗਈ। ਸ੍ਰੀ ਗੁਰੂ ਹਰਗੋਬਿੰਦ ਸਾਹਿਬ ਨੇ ਆਪ ਧਰਮ ਯੁੱਧ ਸ਼ਸਤਰ ਵਿਦਿਆ ਤੇ ਘੋੜ ਸਵਾਰੀ ਦੀ ਸਿੱਖਿਆ ਬਾਬਾ ਬੁੱਢਾ ਜੀ ਕੋਲੋਂ ਹਾਸਲ ਕੀਤੀ ਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਾਹਮਣੇ ਅਖਾੜਾ ਬਣਾ ਕੇ ਜਿੱਥੇ ਸ਼ਸਤਰ ਵਿਦਿਆ ਦੀ ਸਿਖਲਾਈ ਦਿੱਤੀ, ਨਾਲ ਹੀ ਉੱਥੇ ਕੁਸ਼ਤੀਆਂ ਵੀ ਕਰਵਾਉਂਦੇ ਰਹੇ ਸਨ। ਸਿੱਖਾਂ ਵਿੱਚ ਜੋਸ਼ ਭਰਨ ਲਈ ਤੇ ਮਨੋਬਲ ਨੂੰ ਉੱਚਾ ਚੁੱਕਣ ਲਈ ਨੱਥਾ ਤੇ ਅਬਦੁੱਲਾ ਵਰਗੇ ਢਾਡੀਆਂ ਨੂੰ ਪੁਰਾਣੇ ਸਮੇਂ ’ਚ ਹੋ ਚੁੱਕੇ ਯੋਧਿਆਂ ਦੀਆਂ ਵਾਰਾਂ ਗਾਉਣ ਲਈ ਆਖਿਆ। ਗੁਰੂ ਜੀ ਨੇ ਸਮੇਂ ਦੀ ਹਕੂਮਤ ਕੋਲੋਂ ਚਾਰ ਜੰਗਾਂ ਜਿੱਤ ਕੇ ਸੂਰਮਤਾਈ ਦਾ ਸਬੂਤ ਦਿੱਤਾ। ਸਤਵੇਂ ਅਤੇ ਅੱਠਵੇਂ ਗੁਰੂ ਸਾਹਿਬ ਵੇਲੇ ਭਾਵੇਂ ਸਮੇਂ ਦੀਆਂ ਹਕੂਮਤਾਂ ਨਾਲ ਗੁਰੂ ਘਰ ਦੇ ਸੰਬੰਧ ਠੀਕ ਰਹੇ ਪਰ ਉਸ ਵੇਲੇ ਵੀ ਗੁਰੂ ਘਰ ਵਿੱਚ 2200 ਹਥਿਆਰਬੰਦ ਘੋੜ ਸਵਾਰ ਮੌਜੂਦ ਰਹਿੰਦੇ ਸਨ।

ਨੌਵੇ ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਨਾਲ ਸਿੱਖਾਂ ’ਚ ਭਾਰੀ ਰੋਸ ਪੈਦਾ ਹੋਇਆ ਤੇ ਇਕ ਨਵੀਂ ਜਾਗ੍ਰਿਤੀ ਨੇ ਜਨਮ ਲਿਆ। ਗੁਰੂ ਜੀ ਦੀ ਸ਼ਹਾਦਤ ਤੋਂ ਬਾਅਦ ਗੁਰੂ ਗੋਬਿੰਦ ਸਿੰਘ ਜੀ ਨੇ ਸਿੱਖਾਂ ਵਿੱਚ ਚੜ੍ਹਦੀਕਲਾ ਲਿਆਉਣ ਲਈ ਰਣਜੀਤ ਨਗਾਰਾ ਤਿਆਰ ਕਰਵਾਇਆ। ਗੁਰੂ ਜੀ ਨੇ ਹੁਕਮਨਾਮੇ ਭੇਜ ਕੇ ਹੁਕਮ ਕੀਤਾ ਕਿ ਚੰਗੇ ਘੋੜੇ ਤੇ ਸ਼ਸਤਰ ਗੁਰੂ ਘਰ ਭੇਟਾ ਕਰਨਾ। ਹੁਕਮਨਾਮਿਆਂ ਤੋਂ ਬਾਅਦ ਅਨੰਦਪੁਰ ਸਾਹਿਬ ਦੀ ਧਰਤੀ ’ਤੇ ਖਾਲਸਾ ਫੌਜ ਤਿਆਰ ਹੋ ਗਈ। ਆਪ ਸ਼ਸਤਰ ਵਿਦਿਆ ਦੇ ਬਹੁਤ ਮਾਹਰ ਸਨ। ਆਪ ਹਮੇਸ਼ਾਂ ਵੈਰੀ ਨੂੰ ਪਹਿਲਾ ਮੌਕਾ ਵਾਰ ਕਰਨ ਲਈ ਦਿੰਦੇ, ਆਪ ਜੀ ਦੇ ਸ਼ਸਤਰਾਂ ਵਿੱਚ ਵੀ ਦਇਆ ਸੀ ਜਿਸ ਦਾ ਸਬੂਤ ਆਪ ਜੀ ਨੇ ਤੀਰ ’ਤੇ ਲੱਗਾ ਸੋਨਾ ਹੁੰਦਾ ਸੀ। ਜਿਸ ਦਾ ਮਕਸਦ ਸੀ ਕਿ ਜੇਕਰ ਵੈਰੀ ਜ਼ਖ਼ਮੀ ਹੋ ਜਾਂਦਾ ਹੈ ਤਾ ਮੱਲ੍ਹਮ ਪੱਟੀ ਦੇ ਕੰਮ ਆਉਂਦਾ ਸੀ ਜੇ ਵੈਰੀ ਮਰ ਜਾਵੇ ਤਾਂ ਉਸ ਦੇ ਸੰਸਕਾਰ ਦੇ ਕੰਮ ਆਉਂਦਾ ਸੀ। ਗੁਰੂ ਜੀ ਨੇ ਸਾਰੀ ਕੌਮ ਨੂੰ ਅੰਮ੍ਰਿਤ ਛਕਾ ਕੇ ਸ਼ਸਤਰਧਾਰੀ ਹੋਣ ਦਾ ਆਦੇਸ਼ ਦਿੱਤਾ ਤੇ ਵਿਸਾਖੀ 1699 ਨੂੰ ਆਦੇਸ਼ ਕੀਤਾ ਕਿ ਹਰ ਸਿੱਖ ‘ਗਤਕਾ’ ਤੇ ਘੋੜ ਸਵਾਰੀ ਦੀ ਸਿਖਲਾਈ ਹਾਸਲ ਕਰੇ।

ਭਾਈ ਨੰਦ ਲਾਲ ਜੀ ਵੀ ਆਖਦੇ ਹਨ ‘ਖਾਲਸਾ ਸੋਇ ਜੋ ਚੜ੍ਹਹਿ ਤੁਰੰਗ। ਖਾਲਸਾ ਸੋ, ਜੋ ਕਰੈ ਨਿਤ ਜੰਗ।। ਖਾਲਸਾ ਸੋਇ ਸ਼ਸਤ੍ਰ ਕਉ ਧਾਰੈ। ਖਾਲਸਾ ਸੋਇ ਦੁਸ਼ਟ ਕਉ ਮਾਰੈ।।’ ਦਾ ਹੋਕਾ ਦਿੱਤਾ। ਭਾਈ ਦੇਸਾ ਸਿੰਘ ਜੀ ਵੀ ਲਿਖਦੇ ਹਨ:

‘ਕੱਛ ਕ੍ਰਿਪਾਨ ਨ ਕਬਹੂੰ ਤਿਆਗੈ। ਸਨਮੁਖ ਲਰੈ ਨ ਰਣ ਤੇ ਭਾਗੈ।।’ (ਰਹਿਤਨਾਮਾ ਭਾਈ ਦੇਸਾ ਸਿੰਘ)

ਗੁਰੂ ਜੀ ਨੇ ਸ੍ਰੀ ਅਨੰਦਪੁਰ ਸਾਹਿਬ ਵਿਖੇ ਹੋਲਾ ਮਹੱਲਾ ਵਰਗੀਆਂ ਜੰਗੀ ਖੇਡਾਂ ਕਰਵਾਈਆਂ ਜਿਸ ਕਾਰਨ ਗੁਰੂ ਜੀ ਨੇ ਸਮੇਂ ਦੀ ਹਕੂਮਤ ਨਾਲ 14 ਜੰਗ ਲੜੇ ਤੇ ਜਿੱਤ ਕੇ ਇਤਿਹਾਸ ਰਚ ਦਿੱਤਾ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਸ਼ਸਤਰਧਾਰੀ ਖਾਲਸਾ ਸਾਜ ਕੇ ਕਿਰਪਾਨ ਸ਼ਸਤਰ ਨੂੰ ਬਾਣੇ ਦਾ ਜਰੂਰੀ ਹਿੱਸਾ ਬਣਾ ਦਿੱਤਾ। ਸਿੱਖ ਦੇ ਗਲ ਗਾਤਰੇ ਵਿੱਚ ਅਜ਼ਾਦੀ ਦਾ ਸਰਟੀਫਿਕੇਟ ਪਾ ਦਿੱਤਾ, ਪਰ ਅੱਜ ਸਿੱਖ ਹੀ ਕਹਿ ਰਹੇ ਨੇ ਕਿ ਕਿਰਪਾਨ ਦੀ ਕੀ ਲੋੜ ਹੈ ? ਕਈ ਨੌਜਵਾਨ ਤੇ ਇਹ ਵੀ ਕਹਿ ਰਹੇ ਹਨ ਕਿ ਜੇ ਗੁਰੂ ਗੋਬਿੰਦ ਸਿੰਘ ਜੀ ਕਿਰਪਾਨ ਪਾਉਣ ਦਾ ਹੁਕਮ ਨਾ ਕਰਦੇ ਸਾਰੀ ਦੁਨੀਆ ਸਿੱਖ ਹੋਣੀ ਸੀ।

ਸਤਿਗੁਰ ਜੀ ਨੇ ਗਤਕੇ ਦੇ ਕੁਝ ਅਸੂਲ ਵੀ ਬਣਾ ਦਿੱਤੇ ਜਿਵੇਂ ਕਿ ਪਿੱਠ ਵਿਖਾ ਕੇ ਹਾਰ ਕੇ ਦੌੜੇ ਜਾਂਦੇ ਕਿਸੇ ਵਿਅਕਤੀ, ਨਿਹੱਥੇ, ਡਿੱਗੇ, ਜ਼ਖ਼ਮੀ, ਬੱਚੇ, ਬਿਰਧ, ਔਰਤ ’ਤੇ ਵਾਰ ਨਹੀਂ ਕਰਨਾ, ਪਰ ਦੂਜੇ ਪਾਸੇ ਇਹ ਸਭ ਕੁਝ ਜਾਇਜ ਮੰਨਿਆ ਜਾਂਦਾ ਰਿਹਾ ਹੈ। ਨਿਸ਼ਾਨਾ ਕੇਵਲ ਜੰਗ ਜਿੱਤਣਾ ਹੁੰਦਾ ਸੀ।

‘ਗਤਕਾ’, ਸਿਖਾਂ ਦੀ ਰੂਹਾਨੀ ਖੇਡ ਹੈ। ਦੁਨੀਆ ਵਿੱਚ ਧਿਆਨ ਲਗਾਉਣ ’ਤੇ ਜ਼ੋਰ ਦੇਣ ਵਾਲੇ ਕਈ ਧਰਮ ਸ਼ਾਸਤ੍ਰੀਆਂ ਵਿਚੋਂ ਰਜਨੀਸ਼ ਆਪਣੇ ਧਿਆਨ ਯੋਗ ਦੇ ਸਿਧਾਂਤ ਵਿੱਚ ਕਹਿੰਦੇ ਹਨ ਕਿ ਦੁਨੀਆ ਵਿੱਚ ਧਿਆਨ ਲਗਾਉਣ ਦੇ ਤਰੀਕਿਆਂ ਵਿਚੋਂ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਕਾਰਗਰ ਤਰੀਕਾ ਲੱਭਿਆ ਹੈ ‘ਗਤਕਾ’ ਖੇਡਣ ਵੇਲੇ ਖਿਡਾਰੀ ਦਾ ਸਾਰਾ ਧਿਆਨ ਅਤੇ ਸਰੀਰ ਦਾ ਇਕ ਇਕ ਰੋਮ ਇਕ ਦੂਜੇ ’ਤੇ ਪੂਰੀ ਤਰ੍ਹਾਂ ਕੇਂਦਰਿਤ ਹੁੰਦਾ ਹੈ।

ਜਿੱਥੇ ਵੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੋਵੇ ਉੱਥੇ ਸਾਹਮਣੇ ਸ਼ਸਤਰ ਸਜਾਏ ਜਾਂਦੇ ਹਨ ਅਤੇ ਜਦੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਸਿੱਖ ਮੱਥਾ ਟੇਕਦਾ ਹੈ ਤਾਂ ਉਥੇ ਸ਼ਸਤਰ ਨੂੰ ਵੀ ਸਲਾਮੀ ਦੇਂਦਾ ਹੈ। ਕਿਸੇ ਵੀ ਕਾਰਜ ਲਈ ਗੁਰੂ ਜੀ ਦਾ ਓਟ ਆਸਰਾ ਲਿਆ ਜਾਂਦਾ ਹੈ ਤਾਂ ਪਾਵਨ ਕੜਾਹ ਪ੍ਰਸ਼ਾਦ ਦੀ ਦੇਗ ਨੂੰ ਕਿਰਪਾਨ ਭੇਟ ਕਰਵਾਉਂਦਾ ਹੈ। ਸਿੱਖਾਂ ਦੇ ਪੰਜ ਤਖ਼ਤ ਸਾਹਿਬਾਨਾਂ ਅਤੇ ਤਕਰੀਬਨ ਸਾਰੇ ਗੁਰਦਵਾਰਾ ਸਹਿਬਾਨਾਂ ’ਚ ਸ਼ਸਤਰ ਬਹੁਤ ਹੀ ਸਤਿਕਾਰ ਨਾਲ ਸਜਾਏ ਗਏ ਹੁੰਦੇ ਹਨ, ਜਿੱਥੇ ਹਰ ਸਿੱਖ ਸ਼ਰਧਾ ਨਾਲ ਮੱਥਾ ਟੇਕਦਾ ਹੈ।

ਪਰ ਅੱਜ ‘ਗਤਕੇ’ ਦਾ ਅਕਸ ਵਿਗਾੜਿਆ ਜਾ ਰਿਹਾ ਹੈ। ਜਿਸ ਦੇ ਕਾਰਨ ਸ੍ਰੀ ਅਕਾਲ ਤਖ਼ਤ ਸਾਹਿਬ ਵਲੋਂ ਕੀਤੇ ਗਏ ਹੁਕਮਨਾਮੇ ਅਨੁਸਾਰ ਕੋਈ ਵੀ ਪਤਿਤ ‘ਗਤਕਾ’ ਸ਼ਬਦ ਦੀ ਵਰਤੋਂ ਨਹੀਂ ਕਰ ਸਕਦਾ। ਹੁਕਮਨਾਮੇ ’ਚ ਲਿਖਿਆ ਗਿਆ ਹੈ ਕਿ ‘ਗਤਕਾ’ ਕੇਵਲ ਬਾਣੀ ਤੇ ਬਾਣੇ ਦੇ ਧਾਰਨੀ ਸਿੱਖ ਹੀ ਖੇਡ ਸਕਦੇ ਹਨ, ਪਰ ਹੁਕਮਨਾਮੇ ਦੀ ਉਲੰਘਣਾ ਕਰਕੇ ਅੱਜ ਪਤਿਤ ਵੀ ਗਤਕਾ ਖੇਡਦੇ ਹਨ। ਬਾਣੇ ਦੀ ਥਾਂ ਟਰੈਕ ਸੂਟ ਵਿੱਚ ਵੀ ‘ਗਤਕਾ’ ਖੇਡਿਆ ਜਾ ਰਿਹਾ ਹੈ। ਇਸ ਤੋਂ ਇਲਾਵਾ ‘ਗਤਕੇ’ ’ਚ ਸਟੰਟ ਅਤੇ ਬਾਜ਼ੀਗਿਰੀ ਸ਼ਾਮਲ ਕਰਕੇ ਇਸ ਨੂੰ ਅਪਵਿੱਤਰ ਕੀਤਾ ਜਾ ਰਿਹਾ ਹੈ।

ਇੱਥੋਂ ਤੱਕ ਕਿ ਸੁੰਦਰ ਖਾਲਸਾਈ ਚੋਲਾ ਪਹਿਨਾ ਕੇ ਨੌਜਵਾਨ ਬੱਚਿਆਂ ਨੂੰ ਬਹੁਤ ਹੀ ਘਟੀਆ ਸਟੰਟਾਂ ਵਿੱਚ ਸ਼ਾਮਲ ਕਰਨਾ ਸ਼ੁਰੂ ਕਰ ਦਿੱਤਾ ਗਿਆ ਹੈ। ਸੋਚਣ ਦੀ ਲੋੜ ਹੈ ਕਿ ਨੌਜਵਾਨ ਬੱਚਿਆਂ ਦੀਆਂ ਛਾਤੀਆਂ ’ਤੇ ਬਿਜਲੀ ਦੀਆਂ ਟਿਊਬਾਂ ਤੋੜਨੀਆਂ ਜਾਂ ਸਿਰ ਜਮੀਨ ’ਤੇ ਲਗਾ ਕੇ ਉਲਟੇ ਸਿਰ ਅਸ਼ਲੀਲ ਢੰਗ ਨਾਲ ਪੈਰਾਂ ’ਤੇ ਨਾਰੀਅਲ ਤੋੜਨੇ ਅਤੇ ਕਈ ਹੋਰ ਘਟੀਆ ਜਿਹੇ ਸੀਨ ਪੇਸ਼ ਕਰਨੇ ਕੀ ‘ਗਤਕਾ’ ਖੇਡਣਾ ਕਿਹਾ ਜਾ ਸਕਦਾ ਹੈ ? ਇਸ ਖੇਤਰ ’ਚ ਆਉਣ ਵਾਲਾ ਅਮ੍ਰਿਤਧਾਰੀ ਹੀ ਚਾਹੀਦਾ ਹੈ, ਪਤਿਤ ਨਹੀਂ। ਜੇ ਪਤਿਤ ਹੀ ਗਤਕਾ ਖੇਡਣ ਲੱਗੇ ਤੇ ਬਾਜ਼ੀਗਿਰੀ ਸ਼ੁਰੂ ਹੋ ਗਈ ਤਾਂ ਅੰਮ੍ਰਿਤ ਕੌਣ ਛਕੇਗਾ ?

ਸਿੱਖ ਪੰਥ ’ਚ ਮੀਰੀ ਪੀਰੀ ਦਾ ਸਿਧਾਂਤ ਹੈ, ਪਰ ਅਸੀਂ ਕੇਵਲ ਭਗਤੀ ਨੂੰ ਹੀ ਬਹੁਤ ਪ੍ਰਚਾਰਿਆ ਪਸਾਰਿਆ ਹੈ, ਸ਼ਕਤੀ ਦੇ ਸਿਧਾਂਤ ‘ਗਤਕੇ’ ਨੂੰ ਓਨਾ ਨਾ ਪ੍ਰਚਾਰ ਸਕੇ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਅੰਮ੍ਰਿਤ ਦਾ ਬਾਟਾ ਤਿਆਰ ਕਰਨ ਸਮੇਂ ਜਿੱਥੇ ਪਵਿੱਤਰ ਬਾਣੀਆਂ ਪੜ੍ਹੀਆਂ ਉਥੇ ਸਰਬ ਲੋਹ ਦੇ ਬਾਟੇ ’ਚ ਸਰਬ ਲੋਹ ਦਾ ਖੰਡਾ ਵੀ ਫੇਰਿਆ। ਅਜੋਕੇ ਸਮੇਂ ’ਚ ਕਾਫੀ ਸਿੱਖ ਨੌਜਵਾਨ ਅੱਗੇ ਆਉਣ ਲੱਗ ਪਏ ਹਨ ਅਤੇ ਨਗਰ ਕੀਰਤਨਾਂ ’ਚ ਵੀ ਅਖਾੜੇ ਲਗਦੇ ਹਨ ਜਿਨ੍ਹਾਂ ’ਚ ਗਤਕਾ ਖੇਡ ਨੂੰ ਬਹੁਤ ਸਤਿਕਾਰ ਵੀ ਮਿਲਣ ਲੱਗਾ ਹੈ। ਸ੍ਰੀ ਅਨੰਦਪੁਰ ਸਾਹਿਬ ਵੀ ਹੋਲੇ ਮਹੱਲੇ ’ਤੇ ‘ਗਤਕੇ’ ਦੇ ਮੁਕਾਬਲੇ ਕਰਵਾਏ ਜਾਂਦੇ ਹਨ। ਜਿੱਥੇ ਸਿੱਖਾਂ ਦੀ ਸ਼ਾਨ ਬਾ-ਕਮਾਲ ਹੁੰਦੀ ਹੈ ਜਿਸ ਬਾਰੇ ਪੰਜਾਬੀ ਦਾ ਇਕ ਕਵੀ ਇਉਂ ਲਿਖਦਾ ਹੈ:

ਜਦੋਂ ਖੇਡਦੇ ਗੁਰੂ ਦੇ ਸਿੰਘ ਗਤਕਾ, ਅੰਗ ਅੰਗ ਵਿੱਚ ਸਿੱਖੀ ਜਲਾਲ ਹੁੰਦਾ।

ਨਕਸ਼ਾ ਬਣਦਾ ਏ ਜੰਗ ਏ ਮੈਦਾਨ ਵਾਲਾ, ਇਕ-ਇਕ ਪੈਂਤੜਾ ਬਾ ਕਮਾਲ ਹੁੰਦਾ।

ਭਗਤੀ ਸ਼ਕਤੀ ਦੀ ਕਲਾ ਵਰਤਦੀ ਏ, ਵਿਰਸਾ ਜੱਗ ਤੋਂ ਬੇਮਿਸਾਲ ਹੁੰਦਾ।

ਸਾਗਰ ਦਿੱਸੇ ਪ੍ਰਤੱਖ ਅਖਾੜਿਆਂ ਚੋਂ, ਇਕ-ਇਕ ਸਿੰਘ ਦੇ ਗੁਰੂ ਹੈ ਨਾਲ ਹੁੰਦਾ।

ਆਓ, ਆਪਾਂ ਯੋਗ ਪ੍ਰਬੰਧ ਕਰਕੇ ਹਰ ਪਿੰਡ, ਹਰ ਸ਼ਹਿਰ ’ਚ ‘ਗਤਕੇ’ ਦੀ ਸਿਖਲਾਈ ਲਈ ਕਲਾਸਾਂ ਦਾ ਕੁਝ ਪ੍ਰਬੰਧ ਕਰਕੇ ਪੀਰੀ ਦੇ ਨਾਲ ਨਾਲ ਮੀਰੀ ਦੇ ਸਿਧਾਂਤ ਨੂੰ ਵੀ ਹਰ ਸਿੱਖ ਤੱਕ ਪੁਹੰਚਾਈਏ।