ਨੌਜਵਾਨਾਂ ਵਿੱਚ ਗੁਰਸਿੱਖੀ ਜਜ਼ਬਾ ਕਿਵੇਂ ਭਰੀਏ ?

0
336

ਨੌਜਵਾਨਾਂ ਵਿੱਚ ਗੁਰਸਿੱਖੀ ਜਜ਼ਬਾ ਕਿਵੇਂ ਭਰੀਏ ?

ਗੁਰਦੀਪ ਸਿੰਘ ਗਨੀਵ-9478106249

ਕਿਸੇ ਵੀ ਕੌਮ ਦੀ ਨੌਜਵਾਨ ਪੀੜ੍ਹੀ ਉਸ ਕੌਮ ਦੀ ਰੀੜ ਦੀ ਹੱਡੀ ਹੁੰਦੀ ਹੈ। ਸਾਡੇ ਸਰੀਰ ਵਿੱਚ 206 ਹੱਡੀਆਂ ਹਨ ਜਿਨ੍ਹਾਂ ਵਿੱਚੋਂ ਇੱਕ ਰੀੜ ਦੀ ਹੱਡੀ ਹੈ। ਜੇਕਰ ਰੀੜ ਦੀ ਹੱਡੀ ਟੁੱਟ ਜਾਵੇ ਤਾਂ ਸਰੀਰ ਅੱਧਮੋਇਆ ਹੋ ਜਾਂਦਾ ਹੈ। ਇਸੇ ਤਰ੍ਹਾਂ ਹਰੇਕ ਕੌਮ ਦੀ ਨੌਜਵਾਨ ਪੀੜ੍ਹੀ ਉਸ ਕੌਮ ਦੀ ਰੀੜ ਦੀ ਹੱਡੀ ਹੁੰਦੀ ਹੈ, ਪਰ ਜੇਕਰ ਨੌਜਵਾਨ ਪੀੜ੍ਹੀ ਕੌਮ ਦੇ ਅਸੂਲਾਂ, ਸਿਧਾਂਤਾਂ, ਸਿਖਿਆ ਤੇ ਆਪਣੇ ਇਤਿਹਾਸ ਨੂੰ ਭੁਲ ਜਾਵੇ ਤਾਂ ਉਹ ਕੌਮ ਵੀ ਅੱਧਮਰੀ ਹੋ ਜਾਂਦੀ ਹੈ।

ਸਿਆਣਿਆਂ ਦੀ ਇੱਕ ਕਹਾਵਤ ਹੈ ਕਿ ‘ਘਰ ਦੇ ਭਾਗ ਡਿਉੜੀ ਤੋਂ ਪਛਾਣੇ ਜਾਂਦੇ ਹਨ।’ ਜੇਕਰ ਡਿਉੜੀ ਖੂਬਸੂਰਤ, ਵਧੀਆ ਸਲਾਮਤ ਹੈ ਤਾਂ ਘਰ ਦੀ ਹਾਲਤ ਵੀ ਵਧੀਆ ਹੋਵੇਗੀ, ਪਰ ਜੇਕਰ ਡਿਉੜੀ ਦੀ ਹਾਲਤ ਮਾੜੀ ਹੈ, ਟੁੱਟੀ ਭੱਜੀ ਹੈ ਤਾਂ ਘਰ ਦੀ ਹਾਲਤ ਵੀ ਮਾੜੀ ਹੋਵੇਗੀ। ਇਹ ਪੰਜਾਬੀ ਦੀ ਕਹਾਵਤ ਕਿਸੇ ਵੀ ਕੌਮ ਦਾ ਪੂਰਨ ਅੰਦਾਜ਼ਾ ਲਗਾਉਣ ਲਗਿਆਂ ਕਾਫੀ ਹੈ। ਜੇਕਰ ਕੌਮ ਦੀ ਨੌਜਵਾਨ ਪੀੜ੍ਹੀ ਉਸ ਕੌਮ ਦੇ ਅਸੂਲਾਂ, ਸਿਧਾਂਤਾਂ, ਸਿਖਿਆ, ਇਤਿਹਾਸ ਨਾਲ ਜੁੜੀ ਹੈ ਤਾਂ ਉਹ ਕੌਮ ਚੜ੍ਹਦੀ ਕਲਾ ਵਿੱਚ ਹੋਵੇਗੀ, ਪਰ ਜੇਕਰ ਨੌਜਵਾਨ ਪੀੜ੍ਹੀ ਕੌਮ ਦੇ ਅਸੂਲਾਂ, ਸਿਧਾਂਤਾਂ, ਸਿਖਿਆ ਅਤੇ ਆਪਣੇ ਇਤਿਹਾਸ ਨੂੰ ਭੁੱਲੀ ਗਈ ਤਾਂ ਉਹ ਕੌਮ ਨਿਘਾਰ ਵੱਲ ਜਾ ਰਹੀ ਹੋਵੇਗੀ। ਹੁਣ ਜੇਕਰ ਸਿੱਖ ਕੌਮ ਦੀ ਗੱਲ ਕਰੀਏ ਤਾਂ ਸਹਿਜੇ ਹੀ ਸਾਨੂੰ ਪਤਾ ਲੱਗ ਜਾਣਾ ਚਾਹੀਦਾ ਹੈ ਕਿ ਅਸੀਂ ਕਿੱਥੇ ਖੜ੍ਹੇ ਹੋਏ ਹਾਂ ਅਤੇ ਨਾਲ ਹੀ ਸਾਨੂੰ ਇਸ ਕੌੜੀ ਸਚਾਈ ਨੂੰ ਪਰਵਾਨ ਕਰਨਾ ਪਏਗਾ ਕਿ ਅੱਜ ਸਿੱਖ ਕੌਮ ਚੜ੍ਹਦੀ ਕਲਾ ਵੱਲ ਕਿਉਂ ਨਹੀਂ ਜਾ ਰਹੀ ਹੈ ? ਅਜੋਕੀ ਸਿੱਖ ਨੌਜਵਾਨ ਪੀੜ੍ਹੀ ਪਤਿਤਪੁਣਾ, ਨਸ਼ਿਆਂ ਵੱਲ ਵਧ ਰਹੀ ਹੈ, ਜਿਸ ਨੂੰ ਕੌਮ ਦਾ ਕੋਈ ਦਰਦ ਪਿਆਰ ਨਹੀਂ ਜਾਪਦਾ। ਪੰਜਾਬ ਨਸ਼ਿਆਂ ਵਿੱਚ ਸੱਭ ਤੋਂ ਪਹਿਲੇ ਨੰਬਰ ’ਤੇ ਹੈ।

4 ਕੁ ਸਾਲ ਪਹਿਲਾ ਇੱਕ ਅਖਬਾਰ ਦੀ ਰਿਪੋਰਟ ਸੀ ਕਿ ਪੰਜਾਬ ਦੇ 88% ਸਿੱਖ ਨੋਜਵਾਨ ਪਤਿਤ ਹਨ ਕੇਵਲ 3.5% ਹੀ ਅੰਮ੍ਰਿਤਧਾਰੀ ਹਨ। ਪੰਜਾਬ ਦਾ ਹਰੇਕ ਤੀਜਾ ਨੌਜਵਾਨ ਤੇ ਹਰੇਕ ਸਤਵੀਂ ਕੁੜੀ ਕਿਸੇ ਨਾ ਕਿਸੇ ਰੂਪ ਵਿੱਚ ਨਸ਼ੇੜੀ ਹੈ। ਹੁਣ ਇਸ ਦਾ ਕੀ ਕਾਰਨ ਹੈ ਕਿ ਸਿੱਖ ਕੌਮ ਨਿਘਾਰ ਵੱਲ ਜਾ ਰਹੀ ਹੈ। ਆਉ, ਕੁਝ ਕਾਰਨਾਂ ਵੱਲ ਝਾਤੀ ਮਾਰੀਏ। ਅੱਜ ਸਿੱਖ ਧਰਮ, ਸਾਡੇ ਗੁਰਦੁਆਰਿਆਂ, ਧਾਰਮਿਕ ਅਸਥਾਨਾਂ, ਧਾਰਮਿਕ ਜਥੇਬੰਦੀਆਂ ’ਤੇ ਰਾਜਨੀਤੀ ਭਾਰੂ ਹੋ ਚੁਕੀ ਹੈ। ਸਾਡੀ ਪ੍ਰਮੁੱਖ ਸਿੱਖ ਜਥੇਬੰਦੀ ਜਿਸ ਰੂਪ ਵਿੱਚ ਉਸ ਨੂੰ ਕੰਮ ਕਰਨਾ ਚਾਹੀਦਾ ਸੀ, ਜੋ ਉਸ ਦੇ ਫਰਜ਼ ਸਨ ਉਹ ਪੂਰੇ ਨਹੀਂ ਹੋ ਰਹੇ।

ਗੁਰਦੁਆਰਿਆਂ ਦਾ ਜੋ ਮਕਸਦ ਸੀ ਜਿਸ ਲਈ ਗੁਰਦੁਆਰੇ ਬਣਾਏ ਗਏ ਸਨ ਉਨ੍ਹਾਂ ਕਾਰਜਾਂ ਦੀ ਪੂਰਤੀ ਨਹੀਂ ਹੋ ਰਹੀ ਹੈ। ਅੱਜ ਲੱਚਰ ਗੀਤਾਂ ਰਾਹੀਂ, ਫਿਲਮਾਂ ਰਾਹੀਂ, ਲੱਚਰ ਕਲਾਕਾਰਾਂ ਰਾਹੀਂ ਸਿੱਖ ਨੌਜਵਾਨਾਂ ਤੱਕ ਮਾੜਾ ਸੁਨੇਹਾ ਜਾ ਰਿਹਾ ਹੈ ਅੱਜ ਜਿਸ ਤਰ੍ਹਾਂ ਸਿਰ ਦੇ ਵਾਲਾਂ ਦਾ ਸਟਾਇਲ ਹੇਅਰ ਕੱਟ ਕਲਾਕਾਰ ਰੱਖਦਾ ਹੈ ਉਸ ਨੂੰ ਵੇਖ ਕੇ ਸਿੱਖ ਨੌਜਵਾਨ ਵੀ ਉਸੇ ਤਰ੍ਹਾਂ ਵਾਲਾਂ ਦਾ ਡਿਜ਼ਾਈਨ ਕਰ ਲੈਂਦਾ ਹੈ। ਲੱਚਰ ਗੀਤਾਂ ਅਤੇ ਕਲਾਕਾਰਾਂ ਨੇ ਵੀ ਸਿੱਖੀ ਦੇ ਵਾਤਾਵਰਣ ਨੂੰ ਗੰਦਲਾ ਕਰਨ ਲਈ ਕੋਈ ਕਸਰ ਨਹੀਂ ਛੱਡੀ। ਅੱਜ ਸਿੱਖ ਮਾਪੇ ਵੀ ਆਪਣਾ ਫਰਜ਼ ਨਹੀਂ ਨਿਭਾ ਰਹੇ ਹਨ। ਬਹੁਤੇ ਮਾਪੇ ਇਹ ਗੱਲ ਕਹਿੰਦੇ ਹਨ ਕਿ ਸਾਡਾ ਪੁੱਤਰ ਪੜ੍ਹ ਲਿਖ ਕੇ ਵਧੀਆ ਵਕੀਲ, ਡਾਕਟਰ, ਇੰਨਜੀਨੀਅਰ ਤਾਂ ਬਣੇ ਪਰ ਕੋਈ ਵਿਰਲਾ ਮਾਂ-ਪਿਉ ਹੀ ਇਹ ਗੱਲ ਕਹਿੰਦਾ ਹੈ ਕਿ ਸਾਡਾ ਬੱਚਾ ਸਭ ਤੋਂ ਪਹਿਲਾਂ ਇੱਕ ਚੰਗਾ ਗੁਰਸਿੱਖ ਬਣੇ। ਅੱਜ ਕੋਈ ਮਾਂ ਗੁਜਰੀ ਵਰਗੀ ਦਾਦੀ ਨਹੀਂ ਲੱਭਦੀ ਜਿਹੜੀ ਕਿ ਆਪਣੇ ਪੋਤਿਆਂ ਨੂੰ ਸਿੱਖ ਇਤਿਹਾਸ ਸੁਣਾਵੇ।

ਜੇਕਰ ਅਗਲੀ ਗੱਲ ਸਿੱਖ ਪ੍ਰਚਾਰਕਾਂ, ਗੰਥ੍ਰੀਆਂ, ਰਾਗੀਆਂ, ਕਵੀਸ਼ਰਾਂ, ਢਾਢੀਆਂ ਦੀ ਕਰੀਏ ਤਾਂ ਸਾਡੀ ਇਹ ਸ਼੍ਰੇਣੀ ਵੀ ਆਪਣੇ ਮੁਕੰਮਲ ਫਰਜ਼ ਦੀ ਪੂਰਤੀ ਨਹੀਂ ਕਰ ਰਹੀ ਹੈ। ਕੁਝ ਕੁ ਸੁਆਰਥੀ ਲਾਲਚੀ ਲੋਕਾਂ ਨੇ ਆਪਣੇ ਲਾਲਚ ਦੀ ਪੂਰਤੀ ਲਈ ਪੰਜਾਬ ਵਿੱਚ ਨਸ਼ਿਆਂ ਦੇ ਹੜ ਵਗਾ ਦਿੱਤੇ ਜਿਸ ਵਿੱਚ ਪੰਜਾਬ ਦੇ ਹਜ਼ਾਰਾਂ ਨੌਜਵਾਨ ਰੁੜ ਗਏ, ਪਰ ਗੁਰਮਤਿ ਦੇ ਪ੍ਰਚਾਰਕਾਂ ਨੇ ਇਸ ਗੰਭੀਰ ਵਿਸ਼ੇ ਨੂੰ ਅਣਗੌਲ਼ਿਆ ਹੀ ਕਰ ਰੱਖਿਆ। ਸੋ, ਇਹ ਕੁਝ ਕੁ ਕਾਰਨ ਹਨ ਜਿਹਨਾਂ ਸਦਕਾ ਪੰਜਾਬ ਦੀ ਨੌਜਵਾਨੀ ਤਬਾਹ ਹੋਈ ਹੈ।

ਹੁਣ ਇਸ ਸਮੱਸਿਆ ਦਾ ਸਮਾਧਾਨ ਕੀ ਹੈ ? ਕਿਵੇਂ ਸਿੱਖ ਨੌਜਵਾਨਾਂ ਵਿੱਚ ਸਿੱਖੀ ਜਜ਼ਬਾ ਭਰੀਏ ? ਸਭ ਤੋਂ ਪਹਿਲਾਂ ਸਾਨੂੰ ਇਹ ਗੱਲ ਤਸਲੀਮ (ਕਬੂਲ) ਕਰਨੀ ਚਾਹੀਦੀ ਹੈ ਕਿ ਅਸੀਂ ਸਾਰੇ ਇੱਕੋ ਪੰਥ ਦਾ ਹਿੱਸਾ ਹਾਂ ਸਿੱਖੀ ਦਾ ਪ੍ਰਚਾਰ ਤੇ ਪ੍ਰਸਾਰ ਸਾਡਾ ਸਾਰਿਆਂ ਦਾ ਫਰਜ਼ ਹੈ। ਸਾਨੂੰ ਸਾਰਿਆਂ ਨੂੰ ਮਿਲ ਕੇ ਹੀ ਪੰਥ ਬਣਦਾ ਹੈ। ਹਰੇਕ ਸਿੱਖ ਆਪਣੇ ਆਪ ਵਿੱਚ ਪ੍ਰਚਾਰਕ ਹੈ ਤੇ ਸਿੱਖੀ ਦਾ ਪ੍ਰਚਾਰ, ਪ੍ਰਸਾਰ; ਉਸ ਦਾ ਫਰਜ਼ ਹੈ। ਸਭ ਤੋਂ ਪਹਿਲਾਂ ਸਾਨੂੰ ਇਹ ਜਾਣਨਾ ਜ਼ਰੂਰੀ ਹੈ ਕਿ ਅਸੀਂ ਕੌਣ ਹਾਂ ? ਸਾਡੀ ਵਿਰਾਸਤ ਕੀ ਹੈ ? ਸਾਡਾ ਇਤਿਹਾਸ ਕੀ ਹੈ ? ਸਾਡੇ ਕਰਤੱਵ ਕੀ ਹਨ ? ਜਦੋਂ ਸਾਨੂੰ ਇਸ ਗੱਲ ਦਾ ਪਤਾ ਲੱਗ ਗਿਆ ਤਾਂ ਅਸੀਂ ਕਦੇ ਵੀ ਸਿੱਖੀ ਤੋਂ ਦੂਰ ਨਹੀਂ ਜਾਵਾਂਗੇ। ਇੱਕ ਨਿੱਕੀ ਜਿਹੀ ਘਟਨਾ ਨਾਲ ਸਾਂਝ ਪਾਉਂਦਾ ਜਾਵਾਂ।

ਇੱਕ ਸਿੱਖ ਨੌਜਵਾਨ ਬੱਚਾ ਪੜ੍ਹਨ ਲਈ ਕਿਸੇ ਵਧੀਆ ਸਕੂਲ ਵਿੱਚ ਦਾਖਲ ਹੋਇਆ ਤੇ ਉਸ ਨੇ ਉਸ ਸਕੂਲ ਦੇ ਹੋਸਟਲ ਵਿੱਚ ਰਹਿਣਾ ਸ਼ੁਰੂ ਕਰ ਦਿੱਤਾ। ਕੁਝ ਸਮੇਂ ਬਾਅਦ ਉਹ ਘਰ ਮਾਪਿਆ ਨੂੰ ਮਿਲਣ ਲਈ ਆਇਆ। ਉਹ ਸਾਬਤ ਸੂਰਤ ਸੀ। ਆ ਕੇ ਪਿਤਾ ਨੂੰ ਕਹਿਣ ਲੱਗਾ ਕਿ ਮੈਂ ਆਪਣੇ ਕੇਸ ਕੱਟਵਾਨੇ ਹਨ ਕਾਲਜ ਵਿੱਚ ਤਕਰੀਬਨ ਮੋਨੇ ਮੁੰਡੇ ਹਨ ਉਹ ਮੇਰਾ ਮਜ਼ਾਕ ਉਡਾਉਂਦੇ ਹਨ, ਇਸ ਲਈ ਮੈਂ ਕੇਸ ਕੱਟਵਾਣੇ ਹਨ। ਪਿਤਾ ਨੇ ਸਮਝਾਇਆ ਕਿ ਲੋਕਾਂ ਮਗਰ ਨਹੀਂ ਲਗੀਦਾ। ਅਸੀਂ ਗੁਰੂ ਕੇ ਸਿੱਖ ਹਾਂ। ਕੇਸ ਗੁਰੂ ਕੀ ਮੋਹਰ ਹੈ। ਕੇਸ ਸਾਡੀ ਪਹਿਚਾਣ ਹਨ। ਪਿਤਾ ਨੇ ਬੜਾ ਸਮਝਾਇਆ ਪਰ ਉਹ ਨਾ ਮੰਨਿਆ। ਬੜੇ ਤਰਲੇ ਮਿੰਨਤਾਂ ਕੀਤੀਆਂ ਪਰ ਉਹ ਬੱਚਾ ਨਾ ਮੰਨਿਆ। ਆਖਿਰ ਪਿਤਾ ਨੇ ਸਮਝਾਇਆ ਕਿ ਬੇਟਾ ਚੱਲ ਇੱਕ ਕੰਮ ਕਰ ਜੇਕਰ ਤੂੰ ਕੇਸ ਕੱਟਵਾਣਾ ਹੀ ਚਾਹੁੰਦਾ ਹੈਂ ਤਾਂ ਇੱਕ ਵਾਰੀ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਜਾ ਆਈਂ। ਉਥੇ ਮੱਥਾ ਟੇਕ ਕੇ ਅਜਾਇਬ ਘਰ ਜਾਵੀਂ। ਹਰੇਕ ਤਸਵੀਰ ਨੂੰ ਬੜੇ ਧਿਆਨ ਨਾਲ ਦੇਖੀਂ। ਉਹ ਨੌਜਵਾਨ ਬੱਚਾ ਮੰਨ ਗਿਆ। ਦਰਬਾਰ ਸਾਹਿਬ ਮੱਥਾ ਟੇਕਣ ਗਿਆ ਬਾਅਦ ਵਿੱਚ ਅਜਾਇਬ ਘਰ ਗਿਆ ਜਿੱਥੇ ਸ਼ਹੀਦਾਂ ਦੀਆਂ ਤਸਵੀਰਾਂ ਲਗੀਆਂ ਸਨ। ਭਾਈ ਮਨੀ ਸਿੰਘ, ਭਾਈ ਸ਼ਾਹਬਾਜ਼ ਸਿੰਘ, ਸੁਬੇਗ ਸਿੰਘ, ਬਾਬਾ ਬੰਦਾ ਸਿੰਘ ਬਹਾਦਰ, ਭਾਈ ਤਾਰੂ ਸਿੰਘ; ਜਦੋਂ ਭਾਈ ਤਾਰੂ ਸਿੰਘ ਦੀ ਤਸਵੀਰ ਆਈ ਤਾਂ ਭਾਈ ਤਾਰੂ ਸਿੰਘ ਦੀ ਤਸਵੀਰ ਮਾਨੋਂ ਕਹਿ ਰਹੀ ਸੀ ਐ ਸਿੱਖ ਨੌਜਵਾਨਾ! ਅੱਜ ਤਾਂ ਤੇਰੇ ਸਿਰ ’ਤੇ ਕੋਈ ਆਰੀ ਨਹੀਂ ਚੱਲ ਰਹੀ ਹੈ। ਅੱਜ ਤਾਂ ਤੈਨੂੰ ਕੋਈ ਸ਼ਹੀਦ ਨਹੀਂ ਕਰ ਰਿਹਾ ਹੈ ਫਿਰ ਤੂੰ ਕੇਸ ਕਿਉਂ ਕੱਟਵਾ ਰਿਹਾ ਹੈਂ ਬੜੇ ਧਿਆਨ ਨਾਲ ਤਸਵੀਰਾਂ ਵੇਖੀਆਂ ਫਿਰ ਘਰ ਆ ਗਿਆ ਪਿਤਾ ਸਾਹਮਣੇ ਆ ਕੇ ਰੌਣ ਲੱਗ ਪਿਆ, ਨਾਲ ਹੀ ਮਾਫੀ ਮੰਗੀ। ਪਿਤਾ ਨੂੰ ਕਹਿੰਦਾ ਕਿ ਪਿਤਾ ਜੀ! ਮੈਂ ਬਹੁਤ ਵੱਡੀ ਗਲਤੀ ਕਰਨ ਜਾ ਰਿਹਾ ਸੀ ਜਦੋਂ ਮੈਂ ਅਜਾਇਬ ਘਰ ਗਿਆ, ਸ਼ਹੀਦਾਂ ਦੀਆਂ ਤਸਵੀਰਾਂ ਵੇਖੀਆਂ ਤਾਂ ਮੇਰਾ ਅੰਦਰ ਝੰਜੋੜਿਆ ਗਿਆ ਕਿ ਅੱਜ ਤਾਂ ਮੇਰੇ ਸਿਰ ’ਤੇ ਕੋਈ ਆਰਾ ਨਹੀਂ ਚੱਲ ਰਿਹਾ ਹੈ, ਰੰਬੀਆਂ ਨਹੀਂ ਚੱਲ ਰਹੀਆਂ ਹਨ, ਤਲਵਾਰਾਂ ਨਹੀਂ ਚੱਲ ਰਹੀਆਂ ਹਨ। ਫਿਰ ਮੈਂ ਕੇਸ ਕਿਉਂ ਕੱਟਵਾਵਾਂ। ਮੈਨੂੰ ਪਤਾ ਲੱਗ ਗਿਆ ਅਸੀਂ ਕੌਣ ਹਾਂ ? ਸਾਡਾ ਕੀ ਇਤਿਹਾਸ ਹੈ ?

ਸੋ ਇਹ ਇੱਕ ਨਿੱਕੀ ਜਿਹੀ ਘਟਨਾ ਹੈ ਸਭ ਤੋਂ ਪਹਿਲਾਂ ਨੌਜਵਾਨਾਂ ਨੂੰ ਦੱਸਣ ਦੀ ਲੌੜ ਹੈ ਕਿ ਸਾਡਾ ਕੀ ਇਤਿਹਾਸ ਹੈ ? ਇਤਿਹਾਸ ਬੜੀ ਵੱਡੀ ਸਾਨੂੰ ਸੇਧ ਦਿੰਦਾ ਹੈ। ਹੇਠਾਂ ਕੁਝ ਕੁ ਕਾਰਨ ਹਨ ਜਿਹਨਾਂ ਰਾਹੀਂ ਨੌਜਵਾਨਾਂ ਨੂੰ ਸਿੱਖੀ ਵੱਲ ਪ੍ਰੇਰਿਆ ਜਾ ਸਕਦਾ ਹੈ:

(1). ਹਰੇਕ ਸਿੱਖ ਆਪਣੇ ਆਪ ਨੂੰ ਸਿੱਖੀ ਦਾ ਹਿੱਸਾ ਸਮਝ ਕੇ ਗੁਰਮਤਿ ਦੇ ਪ੍ਰਚਾਰ ਪ੍ਰਸਾਰ ਲਈ ਤੱਤਪਰ ਹੋਵੇ।

(2). ਗੁਰਦੁਆਰਿਆਂ ਵਿੱਚ ਨੌਜਵਾਨਾਂ ਲਈ ਗੁਰਮਤ ਕਲਾਸਾਂ ਲਗਵਾਈਆਂ ਜਾਣ।

(3). ਗੁਰਮਤਿ ਕੈਂਪ, ਪਿੰਡਾਂ ਤੇ ਸ਼ਹਿਰਾਂ ਵਿੱਚ ਲਗਵਾਏ ਜਾਣ।

(4). ਦਸਤਾਰ ਸਿਖਲਾਈ ਤੇ ਦਸਤਾਰ ਮੁਕਾਬਲੇ ਕਰਵਾਏ ਜਾਣ।

(5). ਸਿੱਖੀ ਅਤੇ ਸਿੱਖ ਇਤਿਹਾਸ ਨੂੰ ਉਜਾਗਰ ਕਰਨ ਵਾਲੀਆਂ ਫਿਲਮਾਂ ਬਣਾਉਣ ਵਾਲਿਆਂ ਨੂੰ ਉਤਸ਼ਾਹਿਤ ਕਰਨਾ ਅਤੇ ਉਹਨਾਂ ਫਿਲਮਾਂ ਨੂੰ, ਨੌਜਵਾਨਾਂ ਨੂੰ ਦੇਖਣ ਲਈ ਪ੍ਰੇਰਨਾ।

(6). ਸੋਸ਼ਲ ਮੀਡੀਆ ਰਾਹੀਂ ਵੀ ਵਧੀਆ ਪ੍ਰਚਾਰ ਹੋ ਸਕਦਾ ਹੈ, ਸਿੱਖ ਪ੍ਰਚਾਰ ਸੋਸ਼ਲ ਮੀਡੀਆ ਰਾਹੀਂ ਕੀਤਾ ਜਾਵੇ।

(7). ਪੰਥਕ ਜਥੇਬੰਦੀਆਂ, ਸੰਸਥਾਵਾਂ, ਸ਼੍ਰੋਮਣੀ ਗੁਰਦੁਆਰਾ ਪ੍ਰੰਬਧਕ ਕਮੇਟੀ, ਪੰਥਕ ਵਿਦਿਆ ਅਦਾਰੇ; ਇਮਾਨਦਾਰੀ ਨਾਲ ਆਪਣਾ ਫਰਜ਼ ਨਿਭਾਉਣ।

(8). ਸਿੱਖ ਮਾਰਸ਼ਲ ਆਰਟ ਗੱਤਕਾ ਨੂੰ ਵੱਧ ਤੋਂ ਵੱਧ ਨੌਜਵਾਨਾਂ ਨੂੰ ਸਿੱਖਣ ਲਈ ਪ੍ਰੇਰਿਤ ਕੀਤਾ ਜਾਵੇ।

(9). ਸਿੱਖ ਇਤਿਹਾਸ ਨੂੰ ਵੱਧ ਤੋਂ ਵੱਧ ਭਾਸ਼ਾਵਾਂ ਵਿੱਚ ਛਾਪ ਕੇ ਵੰਡਿਆ ਜਾਵੇ।

(10). ਗੁਰਦੁਆਰਿਆਂ ਵਿੱਚ ਇਸ ਤਰ੍ਹਾਂ ਦਾ ਮਾਹੌਲ ਤਿਆਰ ਕੀਤਾ ਜਾਵੇ ਕਿ ਵੱਧ ਤੋਂ ਵੱਧ ਨੌਜਵਾਨ ਗੁਰਦੁਆਰੇ ਆਉਣ ਵਿੱਚ ਉਤਸ਼ਾਹਿਤ ਹੋਣ ਕਿਉਂਕਿ ਅੱਜ ਗੁਰਦੁਆਰੇ ਆਉਣ ਵਾਲਿਆਂ ਦੀ ਗਿਣਤੀ ਵਿੱਚ ਬਜ਼ੁਰਗ ਅਤੇ ਅੱਧਖੜ ਉਮਰ ਵਾਲੇ ਜ਼ਿਆਦੇ ਹਨ। ਨੌਜਵਾਨ ਬਹੁਤ ਘੱਟ ਆਉਂਦੇ ਹਨ। ਇਸ ਦਾ ਕਾਰਨ ਹੈ ਕਿ ਗੁਰਦੁਆਰੇ ਵਿੱਚ ਉਸ ਤਰ੍ਹਾਂ ਦਾ ਮਾਹੌਲ ਤਿਆਰ ਨਹੀਂ ਕੀਤਾ ਜਾ ਰਿਹਾ, ਜਿਸ ਕਰਕੇ ਨੌਜਵਾਨ ਵੱਧ ਤੋਂ ਵੱਧ ਗੁਰਦੁਆਰੇ ਆਉਣ।

ਯਹੂਦੀ ਕੌਮ ਉੱਤੇ ਬੜੇ ਜ਼ੁਲਮ ਹੋਏ। ਨਾਜ਼ੀਆਂ ਨੇ ਲੱਖਾਂ ਯਹੂਦੀਆਂ ਦਾ ਕਤਲ ਕੀਤਾ। ਉਹਨਾਂ ਦੇ ਸੀਨਾਗੋਗਸ ਧਾਰਮਿਕ ਅਸਥਾਨ ਢਾਹੇ ਗਏ, ਬੱਚਿਆਂ ਦਾ ਕਤਲੇਆਮ ਹੋਇਆ। ਯਹੂਦੀ ਕੌਮ ਨੂੰ ਰੋਲਿਆ ਗਿਆ। ਉਸ ਸਮੇਂ ਦੌਰਾਨ ਕੁਝ ਕੁ ਯਹੂਦੀਆਂ ਨੇ ਇੱਕਠੇ ਹੋ ਕੇ ਇੱਕ ਬਜ਼ੁਰਗ ਨੂੰ ਪੁਛਿਆ, ਬਜ਼ੁਰਗੋ ! ਸਾਡੇ ’ਤੇ ਨਾਜ਼ੀਆਂ ਨੇ ਬੜੇ ਜ਼ੁਲਮ ਕੀਤੇ ਹਨ ਸਾਡੇ ਸੀਨਾਗੋਗਸ ਧਾਰਮਿਕ ਅਸਥਾਨ ਢਾਹੇ ਗਏ ਬੱਚਿਆਂ ਦਾ ਕਤਲੇਆਮ ਹੋਇਆ। ਸਾਡੀ ਕੌਮ ਤਬਾਹ ਕਰ ਕੇ ਰੱਖ ਦਿੱਤੀ ਹੈ। ਹੁਣ ਸਾਡੀ ਕੌਮ ਆਪਣੇ ਪੈਰਾਂ ’ਤੇ ਕਿਵੇਂ ਖੜ੍ਹੀ ਹੋਵੇ ?

ਉਸ ਬਜ਼ੁਰਗ ਨੇ ਕਿਹਾ ਕਿ ਜੇਕਰ ਮੈਂ ਤੁਹਾਨੂੰ ਕੁਝ ਕਿਹਾ, ਕੁਝ ਦੱਸਿਆ ਤਾਂ ਇਹਨਾਂ ਨੇ ਮੈਨੂੰ ਵੀ ਮਾਰ ਦੇਣਾ ਹੈ। ਤੁਸੀਂ ਇੰਝ ਕਰੋ ਮੈਨੂੰ ਤਬੂਤ (ਇੱਕ ਲੱਕੜ ਦਾ ਬਕਸਾ) ਵਿੱਚ ਪਾ ਕੇ ਜੰਗਲ ਵਿਚ ਲੈ ਜਾਵੋ ਫਿਰ ਮੈਂ ਤਹਾਨੂੰ ਕੁਝ ਦੱਸ ਸਕਦਾ ਹਾਂ। ਉਸ ਵਕਤ ਯਹੂਦੀਆਂ ਨੇ ਉਸ ਨੂੰ ਇੱਕ ਤਾਬੂਤ ਵਿੱਚ ਪਾਇਆ, ਜੰਗਲ ਵਿੱਚ ਲੈ ਗਏ। ਉਸ ਨੂੰ ਤਾਬੂਤ ਵਿੱਚੋਂ ਬਾਹਰ ਕੱਢਿਆ ਗਿਆ। ਉਸ ਬਜ਼ੁਰਗ ਨੇ ਉਸ ਵਕਤ ਯਹੂਦੀਆਂ ਨੂੰ ਚਾਰ ਗੱਲਾਂ ਬੜੇ ਕਮਾਲ ਦੀਆਂ ਕਹੀਆਂ ਉਸ ਨੇ ਸੰਬੋਧਨ ਕਰਕੇ ਯਹੂਦੀਆਂ ਨੂੰ ਕਿਹਾ ਕਿ ਮੈਂਨੂੰ ਪਤਾ ਹੈ ਸਾਡੇ ’ਤੇ ਬੜੇ ਜ਼ੁਲਮ ਹੋਏ ਹਨ ਮੈਂ ਤਹਾਨੂੰ ਚਾਰ ਗੱਲਾਂ ਦੱਸਾਂਗਾ ਜੇਕਰ ਤੁਸੀ ਮੇਰੀਆਂ ਚਾਰ ਗੱਲਾਂ ਨੂੰ ਮੰਨ ਲਿਆ ਤਾਂ ਤੁਸੀ ਆਪਣੇ ਪੈਰਾਂ ’ਤੇ ਖੜ੍ਹੇ ਹੋ ਸਕਦੇ ਹੋ। ਉਹ ਹਨ:

(1) . ਅਪਣੇ ਬੱਚਿਆਂ ਨੂੰ ਕਦੇ ਵੀ ਅਪਣੀ ਮਾਂ-ਬੋਲੀ ‘ਹੀਬਰੋ’ ਨਾ ਭੁੱਲਣ ਦਿਉ।

(2). ਆਪਣੇ ਬੱਚਿਆਂ ਨੂੰ ਧਾਰਮਿਕ ਗ੍ਰੰਥ ਦੀ ਸਿਖਿਆ ਤੋਂ ਕਦੇ ਵੀ ਉਲਾਂਭੇ ਨਾ ਕਰਿਉ। ਆਪਣੇ ਬੱਚਿਆਂ ਨੂੰ ਧਾਰਮਿਕ ਗ੍ਰੰਥ ਦੀ ਸਿਖਿਆ ਉੱਪਰ ਚੱਲਣ ਦੀ ਪ੍ਰੇਰਨਾ ਕਰਿਉ।

(3). ਰਾਤ ਨੂੰ ਸੌਣ ਲੱਗੇ ਆਪਣੇ ਬੱਚੇ ਨੂੰ ਉਸ ਦੇ ਕੰਨ ਵਿੱਚ ਕਹਿਣਾ ਕਿ ਤੂੰ ਗੁਲਾਮ ਹੈਂ।

(4) ਅਗਰ ਵੱਧ ਤੋਂ ਵੱਧ ਵਿਦਿਆ ਪੜੋਂ ਤਾਂ ਆਪਣੀ ਕੌਮ ਨੂੰ ਆਜ਼ਾਦ ਕਰਵਾ ਸਕਦੇ ਹੋ।

ਯਹੂਦੀਆਂ ਨੇ ਇਹ ਚਾਰ ਗੱਲਾਂ ਮੰਨੀਆਂ, ਜਿਸ ਦਾ ਨਤੀਜਾ ਅੱਜ ਯਹੂਦੀ ਕੌਮ ਆਪਣੇ ਪੈਰ੍ਹਾਂ ’ਤੇ ਖੜ੍ਹੀ ਹੈ। ਉਸ ਕੋਲ ਆਪਣਾ ਮੁਲਕ (ਇਜ਼ਰਾਈਲ) ਹੈ। ਅੱਜ ਦੁਨੀਆਂ ਦੀ ਸਭ ਤੋਂ ਵੱਧ ਪੜ੍ਹੀ ਲਿਖੀ ਤੇ ਸਭ ਤੋਂ ਵੱਧ ਅਮੀਰ ਕੌਮ ਹੈ ‘ਯਹੂਦੀ ਕੌਮ’। ਦੁਨੀਆਂ ਵਿੱਚ ਸਭ ਤੋਂ ਵੱਧ ਨੌਬਲ ਪ੍ਰਾਈਸ ਯਹੂਦੀਆਂ ਨੇ ਪ੍ਰਾਪਤ ਕੀਤੇ ਹਨ। ਦੁਨੀਆਂ ਦੇ ਸਭ ਤੋਂ ਵੱਡੇ ਬੈਂਕਰ ਯਹੂਦੀ ਹਨ ਅਤੇ ਦੁਨੀਆਂ ਦੇ ਹਰੇਕ ਖੇਤਰ ਵਿੱਚ ਉਹਨਾਂ ਨੇ ਤਰੱਕੀ ਕੀਤੀ ਹੈ।

ਸੋ, ਯਹੂਦੀ ਕੌਮ ’ਤੇ ਵੀ ਬੜੇ ਜ਼ੁਲਮ ਹੋਏ ਤੇ ਗਿਣਤੀ ਵਿੱਚ ਵੀ ਸਾਡੇ ਨਾਲੋਂ ਘੱਟ ਹਨ, ਪਰ ਹੁਣ ਪੂਰੀ ਤਰ੍ਹਾਂ ਆਪਣੇ ਪੈਰਾਂ ’ਤੇ ਖੜ੍ਹੇ ਹਨ ਹੁਣ ਆਪਣੀ ਗੱਲ ਕਰੀਏ ਕਿ ਸਾਡੀ ਸਿੱਖ ਕੌਮ ਉਤੇ ਵੀ ਬੜੇ ਜ਼ੁਲਮ ਹੋਏ, ਸਾਡੇ ਵੀ ਧਾਰਮਿਕ ਅਸਥਾਨ ਢਾਹੇ ਗਏ, ਪਰ ਯਹੂਦੀਆਂ ਵਾਂਗ ਸੰਘਰਸ਼ ਕਰਨ ਦੀ ਲੋੜ ਹੈ, ਜਿਸ ਬਾਬਤ ਅਸੀਂ ਅਜੇ ਤਿਆਰ ਨਹੀਂ ਹੋ ਸਕੇ।

ਮੈਂ ਆਪਣੀ ਤੁਛ ਬੁਧੀ ਮੁਤਾਬਕ ਉਪਰ ਨੌਜਵਾਨਾਂ ਨੂੰ ਗੁਰਮਤਿ ਨਾਲ ਜੋੜਨ ਲਈ ਕੁਝ ਕੁ ਸੁਝਾਵ ਦਿੱਤੇ ਹਨ, ਜਿਨ੍ਹਾਂ ’ਚ ਵਾਧਾ ਕੀਤਾ ਜਾ ਸਕਦਾ ਹੈ, ਪਰ ਦੇਰੀ ਨਹੀਂ। ਅਸੀਂ ਨੌਜਵਾਨਾਂ ਨੂੰ ਦੱਸੀਏ ਕਿ ਅਸੀਂ ਕੌਣ ਹਾਂ ? ਨੌਜਵਾਨ ਕੌਮ ਦਾ ਸਰਮਾਇਆ ਹੁੰਦੇ ਹਨ ਉਹਨਾਂ ਨੂੰ ਪਿਆਰ ਨਾਲ ਸਿੱਖੀ ਪੈੜ੍ਹਾਂ ’ਤੇ ਚੱਲਣ ਲਈ ਪ੍ਰੇਰਿਤ ਕਰਨਾ ਸਮੇਂ ਦੀ ਮੁੱਖ ਲੋੜ ਹੈ।