ਸ੍ਰੀ ਦਰਬਾਰ ਸਾਹਿਬ ਤੋਂ ਲੋਹੜੀ ’ਤੇ ਪਤੰਗ ਉਡਾਉਣ ਦੀ ਪ੍ਰੇਰਨਾ ਕੀਰਤਨ ਤੇ ਪ੍ਰਬੰਧਕੀ ਨਿਘਾਰ ਦੀ ਨਿਸ਼ਾਨੀ : ਗਿ. ਜਾਚਕ

0
426

ਸ੍ਰੀ ਦਰਬਾਰ ਸਾਹਿਬ ਤੋਂ ਲੋਹੜੀ ’ਤੇ ਪਤੰਗ ਉਡਾਉਣ ਦੀ ਪ੍ਰੇਰਨਾ ਕੀਰਤਨ ਤੇ ਪ੍ਰਬੰਧਕੀ ਨਿਘਾਰ ਦੀ ਨਿਸ਼ਾਨੀ : ਗਿ. ਜਾਚਕ

ਲੁਧਿਆਣਾ, 13 ਜਨਵਰੀ ( ਮਨਦੀਪ ਸਿੰਘ) ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਗੁਰਮਤਿ ਪ੍ਰਚਾਰ ਦਾ ਕੇਂਦਰੀ ਧਰਮ ਸਥਾਨ ਸਥਾਪਿਤ ਹੋਣ ਕਰਕੇ ਸਾਰੀਆਂ ਗੁਰਸਿੱਖ ਸੰਗਤਾਂ ਲਈ ਪ੍ਰੇਰਨਾ ਦਾ ਸਰੋਤ ਹੈ । ਪਰ, ਹੁਣ ਬਹੁਤ ਵਾਰ ਉਥੋਂ ਦੇ ਰਾਗੀ ਸਿੰਘ ਗੁਰਬਾਣੀ ਕੀਰਤਨ ਦੁਆਰਾ ਗੁਰਮਤਿ ਦਾ ਮਾਨਵ-ਹਿਤਕਾਰੀ ਸੰਦੇਸ਼ ਦੇਣ ਦੀ ਥਾਂ ਬਿਪਰਵਾਦੀ ਸਿਧਾਂਤਾਂ ਤੇ ਤਿਉਹਾਰਾਂ ਦੀ ਪ੍ਰੋੜਤਾ ਕਰਦੇ ਜਾਪਦੇ ਹਨ । ਕਿਉਂਕਿ, ਉਹ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਅੰਮ੍ਰਿਤ ਬਾਣੀ ਛੱਡ ਕੇ ਕੋਈ ਹੋਰ ਕਾਵਿਕ ਰਚਨਾਵਾਂ ਗਾਉਣ ਲੱਗ ਪਏ ਹਨ । ਕੀਰਤਨ ਦੀ ਗੁਰਮਤੀ ਮਰਯਾਦਾ ਮੁਤਾਬਿਕ ਸ਼ਬਦ ਵਿੱਚਲੀ ‘ਰਹਾਉ’ ਦੀ ਤੁਕ ਨੂੰ ਅਸਥਾਈ ਬਣਾ ਕੇ ਗਾਉਣ ਦੀ ਥਾਂ ਮੌਕੇ ਮੁਤਾਬਿਕ ਮਨਮਰਜ਼ੀ ਦੀ ਤੁਕ ਚੁਣ ਲੈਂਦੇ ਹਨ । ਸ੍ਰੀ ਦਰਬਾਰ ਸਾਹਿਬ ਅੰਦਰਲਾ ਅਜਿਹਾ ਮਹੌਲ ਕੀਰਤਨ ਤੇ ਪ੍ਰਬੰਧਕੀ ਨਿਘਾਰ ਦੀ ਨਿਸ਼ਾਨੀ ਹੈ । ਇਹ ਲਫ਼ਜ਼ ਹਨ ਪੰਥਕ ਵਿਚਾਰ ਮੰਚ ਇੰਟਰਨੈਸਨਲ, ਨਿਊਯਾਰਕ ਦੇ ਚੇਅਰਮੈਨ ਅਤੇ ਸ੍ਰੀ ਦਰਬਾਰ ਸਾਹਿਬ ਦੇ ਸਾਬਕਾ ਗ੍ਰੰਥੀ ਗਿਆਨੀ ਜਗਤਾਰ ਸਿੰਘ ਜਾਚਕ ਦੇ, ਜਿਹੜੇ ਉਨ੍ਹਾਂ ਇੱਕ ਲਿਖਤੀ ਬਿਆਨ ਰਾਹੀਂ ਕਹੇ ।

ਉਨ੍ਹਾਂ ਦੱਸਿਆ ਕਿ ਅੱਜ ਸਵੇਰੇ ਰਾਗੀ ਭਾਈ ਜਗਦੀਪ ਸਿੰਘ ਨੇ ਗੁਰਬਾਣੀ ਗਾਇਨ ਕਰਨ ਦੀ ਥਾਂ ਭਾਈ ਗੁਰਦਾਸ ਜੀ ਦੇ ਇੱਕ ਕਬਿਤ ਦੀ ਉਦਾਹਰਣ ਵਜੋਂ ਵਰਤੀ ਤੁਕ “ਪਵਨ ਗਵਨ ਜੈਸੇ ਗੁਡੀਆ ਉਡਤ ਰਹੈ, ਪਵਨ ਰਹਤ ਗੁਡੀ ਉਡਿ ਨ ਸਕਤ ਹੈ ।” ਨੂੰ ਅਸਥਾਈ ਬਣਾ ਕੇ ਅਜਿਹੇ ਜ਼ੋਰਦਾਰ ਢੰਗ ਨਾਲ ਗਾਇਆ ਕਿ ਇਉਂ ਜਾਪਦਾ ਸੀ ਕਿ ਜਿਵੇਂ ਉਹ ਲੋਹੜੀ ਦੇ ਦਿਹਾੜੇ ਗੁੱਡੀਆਂ (ਪਤੰਗ) ਉਡਾਉਣ ਦੀ ਪ੍ਰੇਰਨਾ ਕਰ ਰਿਹਾ ਹੋਵੇ । ਜਦੋਂ ਕਿ ਇਸ ਕਬਿੱਤ ਦਾ ਮੁੱਖ ਉਦੇਸ਼ ਮਨ ਦੇ ਟਿਕਾਉ ਲਈ ਦੁਰਮਤਿ ਛੱਡ ਕੇ ਗੁਰਮਤਿ ਦੀ ਟੇਕ ਲੈਣ ਦੀ ਪ੍ਰੇਰਨਾ ਹੈ ; ਜਿਹੜਾ ਕਿ ਕਬਿਤ ਦੀ ਅੰਤਲੀ ਤੁਕ  “ਦੁਰਮਤਿ ਦੁਬਿਧਾ ਭ੍ਰਮਤ ਚਤੁਰ ਕੁੰਟ, ਗੁਰਮਤਿ ਏਕ ਟੇਕ ਮੋਨਿ ਨ ਬਕਤ ਹੈ ॥” ਗਾਉਣ ਨਾਲ ਪ੍ਰਗਟ ਹੁੰਦਾ ਹੈ । ਕੀਰਤਨੀਆਂ ਨੂੰ ਭੁੱਲਣਾ ਨਹੀਂ ਚਾਹੀਦਾ ਕਿ ਗੁਰਬਾਣੀ ਸ਼ਬਦਾਂ ਦਾ ਸਾਰੰਸ਼ ‘ਰਹਾਉ’ ਦੀ ਤੁਕ ਗਾਉਣ ਨਾਲ ਸਮਝ ਪੈਂਦਾ ਹੈ ਅਤੇ ਭਾਈ ਸਾਹਿਬ ਦੀਆਂ ਵਾਰਾਂ ਅਤੇ ਕਬਿੱਤਾਂ ਦੀ ਅੰਤਲੀ ਤੁਕ ਗਾਉਣ ਨਾਲ ।

ਗਿਆਨੀ ਜੀ ਨੇ ਆਖਿਆ ਕਿ ਦੀਵਾਲੀ ਮੌਕੇ ‘ਦੀਵਾਲੀ ਦੀ ਰਾਤਿ ਦੀਵੈ ਬਾਲੀਅਨ’ ਗਾਉਣੀ ਅਤੇ ਹੋਲੀ ਮੌਕੇ ਸਿੱਖ ਰਹਿਤ ਮਰਯਾਦਾ ਦੇ ਵਿਪਰੀਤ ਬਚਿਤ੍ਰਨਾਟਕ ਦੇ ਭਾਗ ਕ੍ਰਿਸ਼ਨਾ ਅਵਤਾਰ ਵਿਚੋਂ ਕ੍ਰਿਸ਼ਨ ਦੀ ਹੋਲੀ ਗਾਉਣੀ ਉਪਰੋਕਤ ਗਲਤੀ ਨੂੰ ਦਹੁਰਾਉਣ ਵਾਲੀਆਂ ਘਟਨਾਵਾਂ ਹਨ । ਦਸਮ ਪਾਤਸ਼ਾਹ ਦਾ ਆਗਮਨ ਪੁਰਬ ਜਾਣ ਕੇ ਗੁਰਬਾਣੀ ਗਾਇਨ ਦੀ ਥਾਂ ਬਚਿਤ੍ਰਨਾਟਕੀ ਰਚਨਾਵਾਂ ਦਾ ਗਾਇਨ ਵਧ ਜਾਂਦਾ ਹੈ । ਇਉਂ ਜਾਪਦਾ ਹੈ ਕਿ ਇਹ ਸਾਰਾ ਕੁਝ ਕੇਵਲ ਅਗਿਆਨਤਾ ਵੱਸ ਨਹੀਂ, ਪਿੱਛੇ ਕੋਈ ਸ਼ਾਬਾਸ਼ ਦੇਣ ਵਾਲਾ ਪ੍ਰੇਰਕ ਵੀ ਹੈ । ਕਿਉਂਕਿ, ਜਦੋਂ ਤੋਂ ਸਰਕਾਰੀ ਸ਼ਹਿ ’ਤੇ ਸ਼੍ਰੋਮਣੀ ਕਮੇਟੀ ਉੱਪਰ ਆਰ. ਐਸ. ਐਸ. ਦਾ ਪ੍ਰਭਾਵ ਵਧਿਆ ਹੈ, ਉਦੋਂ ਤੋਂ ਅਜਿਹੇ ਰੁਝਾਨ ਵਿੱਚ ਹੋਰ ਵਾਧਾ ਹੋਇਆ ਹੈ । ਉਪਰੋਕਤ ਸਮਸਿਆ ਦਾ ਇੱਕੋ ਇੱਕ ਹੱਲ ਹੈ ਕਿ ਕੀਰਤਨ ਲਈ ਕੇਵਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੇ ਗਾਇਨ ਦਾ ਵਿਧਾਨ ਕਾਇਮ ਹੋਵੇ ।

ਜਾਰੀ ਕਰਤਾ : ਮਨਦੀਪ ਸਿੰਘ ਲੁਧਿਆਣਾ, ਮੀਡੀਆ ਇੰਚਾਰਜ ਪੰਥਕ ਵਿਚਾਰ ਮੰਚ ਇੰਟਰਨੈਸ਼ਨਲ, ਨਿਊਯਾਰਕ ।

ਮਿਤੀ : 13 ਜਨਵਰੀ 2015, ਫੋਨ ਸਪੰਰਕ 98722 81325