ਸੇ ਭਗਤ ਸਤਿਗੁਰ ਮਨਿ ਭਾਏ॥

0
633

ਸੇ ਭਗਤ ਸਤਿਗੁਰ ਮਨਿ ਭਾਏ॥

ਭਾਈ ਅਮਰਿੰਦਰ ਸਿੰਘ (ਰੋਪੜ) -੯੪੬੩੦-੬੬੫੬੭

ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਅੰਦਰ ਜਿੱਥੇ ਛੇ ਗੁਰੂ ਸਾਹਿਬਾਨ, ਗਿਆਰਾਂ ਭੱਟ ਤੇ ਤਿੰਨ ਗੁਰਸਿੱਖਾਂ ਦੀ ਉਚਾਰਨ ਕੀਤੀ ਹੋਈ ਬਾਣੀ ਅੰਕਿਤ ਹੈ ਉੱਥੇ ਭਗਤੀ ਲਹਿਰ ਦੇ ਅਨੁਭਵੀ ਮਹਾਂਪੁਰਸ਼ ੧੫ ਭਗਤਾਂ ਦੀ ਬਾਣੀ, ਜੋ ਸਤਿਗੁਰੂ ਜੀ ਦੇ ਮਨ ਨੂੰ ਭਾਅ ਗਈ ਭਾਵ ਕਿ ਗੁਰਮਤਿ ਦੀ ਕਸਵੱਟੀ ’ਤੇ ਪੂਰੀ ਉਤਰੀ, ਵੀ ਦਰਜ ਹੈ।  ਇਹ ਬਾਣੀ ਵੀ ਪ੍ਰਮਾਣਿਕ ਅਤੇ ਸਦੀਵੀ ਹੋਂਦ ਦਾ ਮਾਣ ਪ੍ਰਾਪਤ ਕਰ ਸਕੀ ਕਿਉਂਕਿ ਭਗਤ ਸਾਹਿਬਾਨ ਨੇ ਆਪਣੀ ਰਚਨਾ ’ਚ ਜਾਤ-ਪਾਤ, ਊਚ-ਨੀਚ, ਵਹਿਮਾ-ਭਰਮਾਂ, ਭੇਖਾਂ-ਪਾਖੰਡਾਂ ਅਤੇ ਕਰਮਕਾਂਡਾਂ ਦਾ ਗੁਰਬਾਣੀ ਵਾਂਗ ਪੂਰਨ ਰੂਪ ਵਿੱਚ ਖੰਡਨ ਕੀਤਾ ਹੈ। ਪ੍ਰਮਾਤਮਾ ਦੀ ਸਿਫ਼ਤ-ਸਾਲਾਹ ਵਿੱਚ ਜੁੜ ਕੇ ਮਨੁੱਖ ਨੂੰ ਰੱਬੀ ਗੁਣਾਂ ਦੇ ਧਾਰਨੀ ਹੋਣ ਲਈ ਪ੍ਰੇਰਨਾ ਦਿੱਤੀ ਹੈ, ਇਸ ਲਈ ਅਜਿਹੇ ਗੁਰਮਤਿ ਅਨੁਸਾਰੀ ਜੀਵਨ ਬਸਰ ਕਰਨ ਵਾਲ਼ੇ ਰੱਬੀ ਭਗਤ ਹੀ ਗੁਰੂ ਜੀ ਦੇ ਮਨ ਨੂੰ ਭਾਅ ਗਏ ਤੇ ਬਾਣੀ ਗੁਰੂ ਗ੍ਰੰਥ ਸਾਹਿਬ ਜੀ ਅੰਦਰ ਦਰਜ ਕਰ ਲਈ। ਗੁਰੂ ਵਾਕ ਹਨ, ‘‘ਸੇ ਭਗਤ; ਸਤਿਗੁਰ ਮਨਿ ਭਾਏ ॥  ਅਨਦਿਨੁ ਨਾਮਿ ਰਹੇ; ਲਿਵ ਲਾਏ ॥’’ (ਮ: ੩/੧੨੭੮)

‘ਭਗਤ’ ਸ਼ਬਦ ਪੁਰਾਣੇ ਸਮੇਂ ਤੋਂ ਹੀ ਪ੍ਰਚਲਿਤ ਰਿਹਾ ਹੈ। ਭਾਈ ਕਾਹਨ ਸਿੰਘ ਜੀ ਨਾਭਾ ਨੇ ਕਾਸ਼ੀਰਾਮ ਤੋਂ ਚੱਲੇ ਗੁਸਾੲੀਂ ਸਾਧਾਂ ਦੇ ਫਿਰਕੇ ਨੂੰ ਵੀ ਭਗਤ ਹੀ ਕਿਹਾ ਹੈ।(ਮਹਾਨ ਕੋਸ਼ ੬੭੪) ਹਿੰਦੂ ਧਰਮ ਵਿੱਚ ਵਰਣ ਵੰਡ ਦੇ ਮੁਤਾਬਕ ਕੁਝ ਲੋਕਾਂ ਨੂੰ ਨੀਵੀਂ ਜਾਤ ਦਾ ਕਹਿ ਕੇ ਅਪਮਾਨ ਕੀਤਾ ਜਾਂਦਾ ਰਿਹਾ ਹੈ।  ਗੁਰਮਤਿ ਨੇ ਜਾਤ-ਪਾਤ ਨੂੰ ਮੁੱਢੋਂ ਹੀ ਨਕਾਰਿਆ ਅਤੇ ਸੰਸਾਰ ਨੂੰ ਸੋਝੀ ਬਖ਼ਸ਼ੀ, ‘‘ਜਾਤਿ ਕਾ ਗਰਬੁ, ਨ ਕਰੀਅਹੁ ਕੋਈ ॥  ਬ੍ਰਹਮੁ ਬਿੰਦੇ, ਸੋ ਬ੍ਰਾਹਮਣੁ ਹੋਈ ॥’’ (ਮ: ੩/੧੧੨੭) ਇਸ ਦੇ ਨਾਲ ਜੋ ਲੋਕ ਕਰਮਕਾਂਡ ਦੇ ਰਾਹ ਉੱਤੇ ਤੁਰੇ ਹੋਏ ਸਨ ਉਨ੍ਹਾਂ ਨੂੰ ਵੀ ਜੀਵਨ ਦਾ ਸਹੀ ਰਸਤਾ ਵਿਖਾਇਆ, ‘‘ਕਰਮ ਕਾਂਡ ਬਹੁ ਕਰਹਿ ਅਚਾਰ ॥  ਬਿਨੁ ਨਾਵੈ, ਧ੍ਰਿਗੁ ਧ੍ਰਿਗੁ ਅਹੰਕਾਰ ॥’’ (ਮ: ੩/੧੬੨) ਫਿਰ ਜੋ ਵਿਚਾਰਧਾਰਾ ਇੱਕ ਦੂਜੇ ਦੇ ਵਿਰੁੱਧ ਸਦਾ ਹੀ ਪ੍ਰਤੀਕਰਮ ਕਰਦੀ ਸੀ, ਉਨ੍ਹਾਂ ਨੂੰ ਵੀ ਠੰਡੀਆਂ ਮਿੱਠੀਆਂ ਅਸੀਸਾਂ ਦੇਣ ਦਾ ਯਤਨ ਕੀਤਾ, ‘‘ਸਭ ਮਹਿ ਜੋਤਿ, ਜੋਤਿ ਹੈ ਸੋਇ ॥ (ਮ: ੧/੧੩) ਦੀ ਨਿਰਮਲ ਰਹਿਣੀ ਪ੍ਰਗਟ ਕਰਨ ਲਈ ‘‘ਸਭੇ ਸਾਝੀਵਾਲ ਸਦਾਇਨਿ; ਤੂੰ ਕਿਸੈ ਨ ਦਿਸਹਿ ਬਾਹਰਾ ਜੀਉ ॥’’ (ਮ: ੫/੯੭) ਦੀ ਵਿਚਾਰਧਾਰਾ ਦਾ ਪ੍ਰਚਾਰ ਕੀਤਾ। ਜਿਨ੍ਹਾਂ ਭਗਤਾਂ ਨੂੰ ਨੀਵੀਂ ਜਾਤ ਵਾਲ਼ਾ ਕਿਹਾ ਜਾਂਦਾ ਸੀ, ਉਨ੍ਹਾਂ ਦੀ ਵੀਚਾਰ ਨੂੰ ਆਪਣੇ ਨਾਲ ਲਿਆ, ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਵਿੱਚ ਭਗਤ ਜਨਾਂ ਦੀ ਪਰਿਭਾਸ਼ਾ ਬਖ਼ਸ਼ਿਸ਼ ਕਰਦਿਆਂ ਗੁਰ ਵਾਕ ਉਚਾਰਨ ਕੀਤੇ, ‘‘ਮਤਿ ਹੋਦੀ, ਹੋਇ ਇਆਣਾ ॥  ਤਾਣ ਹੋਦੇ, ਹੋਇ ਨਿਤਾਣਾ ॥  ਅਣਹੋਦੇ ਆਪੁ ਵੰਡਾਏ ॥  ਕੋ ਐਸਾ ਭਗਤੁ ਸਦਾਏ ॥’’  (ਬਾਬਾ ਫਰੀਦ ਜੀ/੧੩੮੪) ਭਗਤ ਬਾਣੀ ਦਾ ਸਤਿਕਾਰ ਕਰਦੇ ਹੋਏ ਬਚਨ ਕੀਤੇ ਗਏ, ‘‘ਭਗਤ ਜਨਾ ਕਉ ਸਦਾ ਨਿਵਿ ਰਹੀਐ, ਜਨ ਨਿਵਹਿ ਤਾ ਫਲ ਗੁਨ ਪਾਵੈਗੋ ॥ ਜੋ ਨਿੰਦਾ ਦੁਸਟ ਕਰਹਿ ਭਗਤਾ ਕੀ; ਹਰਨਾਖਸ ਜਿਉ ਪਚਿ ਜਾਵੈਗੋ ॥’’ (ਮ: ੪/੧੩੦੯)

੧੫ ਭਗਤਾਂ ਵਿੱਚੋਂ ਇੱਕ ਭਗਤ ਹਨ ‘ਭਗਤ ਨਾਮਦੇਵ’ ਜੀ, ਜਿਨ੍ਹਾਂ ਦਾ ਜਨਮ ਗੁਰੂ ਨਾਨਕ ਸਾਹਿਬ ਜੀ ਤੋਂ ਲਗਭਗ ੨੦੦ ਸਾਲ ਪਹਿਲਾਂ ਮਹਾਂਰਾਸਟਰ ਦੇ ਜ਼ਿਲ੍ਹਾ ਸਤਾਰਾ ’ਚ ਕ੍ਰਿਸ਼ਨਾ ਨਦੀ ਦੇ ਕੰਢੇ ’ਤੇ ਵਸਦੇ ਪਿੰਡ ਨਰਸੀ ਬਾਮਨੀ ’ਚ ੨੯ ਅਕਤੂਬਰ ੧੨੭੦ ਈਸਵੀ ਨੂੰ ਪਿਤਾ ਦਾਮਾਸੇਟੀ ਅਤੇ ਮਾਤਾ ਗੋਨਾ ਬਾਈ ਦੇ ਗ੍ਰਹਿ ਵਿਖੇ ਹੋਇਆ।  ਆਪ ਜੀ ਦਾ ਵਿਆਹ ਬੀਬੀ ਰਾਧਾਬਾਈ ਜੀ ਨਾਲ ਹੋਇਆ ਜਿਨ੍ਹਾਂ ਦੇ ਉਦਰ ਤੋਂ ਨਾਰਾਇਣ ਨਾਮ ਦੇ ਪੁੱਤਰ ਨੇ ਜਨਮ ਲਿਆ।

ਭਗਤ ਕਬੀਰ ਜੀ (੧੪੪੦-੧੫੧੮) ਦੁਆਰਾ ਆਪਣੀ ਬਾਣੀ ’ਚ ਭਗਤ ਨਾਮਦੇਵ ਜੀ ਅਤੇ ਭਗਤ ਤ੍ਰਿਲੋਚਨ ਜੀ (੧੨੬੮-੧੩੩੫), ਭਗਤ ਰਵਿਦਾਸ ਜੀ (੧੩੭੪-੧੪੯੧) ਦਾ ਜ਼ਿਕਰ ਕਰਨਾ, ਸਾਬਤ ਕਰਦਾ ਹੈ ਕਿ ਇਨ੍ਹਾਂ ਤਿੰਨੇ ਸਿਰਮੌਰ ਭਗਤਾਂ ਦਾ ਜਨਮ ਭਗਤ ਕਬੀਰ ਜੀ ਤੋਂ ਪਹਿਲਾਂ ਹੋਇਆ ਹੈ; ਜਿਵੇਂ ਕਿ ‘‘ਨਾਮਾ ਕਹੈ ਤਿਲੋਚਨਾ ! ਮੁਖ ਤੇ ਰਾਮੁ ਸੰਮ੍ਰਾਲਿ ॥ ਹਾਥ ਪਾਉ ਕਰਿ ਕਾਮੁ ਸਭੁ; ਚੀਤੁ ਨਿਰੰਜਨ ਨਾਲਿ ॥੨੧੩॥ (ਭਗਤ ਕਬੀਰ ਜੀ/੧੩੭੬), ਹਰਿ ਸੋ ਹੀਰਾ ਛਾਡਿ ਕੈ; ਕਰਹਿ ਆਨ ਕੀ ਆਸ ॥ ਤੇ ਨਰ ਦੋਜਕ ਜਾਹਿਗੇ; ਸਤਿ ਭਾਖੈ ਰਵਿਦਾਸ ॥੨੪੨॥’’ (ਭਗਤ ਕਬੀਰ ਜੀ/੧੩੭੭)

ਭਗਤ ਨਾਮਦੇਵ ਜੀ ਪਿਤਾ ਪੁਰਖੀ ਕਿੱਤਾ ਕੱਪੜਿਆਂ ਨੂੰ ਰੰਗਣਾ, ਸਿਊਣ ਦਾ ਕਾਰਜ ਕਰਦੇ ਰਹੇ ਸਨ। ਭਗਤ ਜੀ ਬਚਪਨ ਤੋਂ ਹੀ ਤੀਬਰ ਬੁੱਧੀ ਦੇ ਮਾਲਕ, ਕੁਝ ਕਰਨ ਦਾ ਜਜ਼ਬਾ ਰੱਖਣ ਵਾਲ਼ੇ ਅਤੇ ਭਗਤੀ ਭਾਵਨਾ ਵਾਲ਼ੇ ਸਨ। ਸਮਾਜਕ ਪਿਆਰ ਤੇ ਚਿੰਤਨ ਉਨ੍ਹਾਂ ਦੇ ਜੀਵਨ ਦਾ ਬਹੁ ਮੁੱਲਾ ਗੁਣ ਸੀ । ਭਗਤ ਜੀ ਅਨੁਸਾਰ ਵੱਡਾਪਣ, ਕਿਸੇ ਊਚੀ ਜਾਤ ਵਿੱਚ ਜਨਮ ਲੈਣ ਨਾਲ਼ ਨਹੀਂ ਬਲਕਿ ਉਤਮ ਗੁਣਾਂ ਕਰ ਕੇ ਹੁੰਦਾ ਹੈ। ਭਗਤ ਜੀ ਨੇ ਆਪਣੀ ਰਚਨਾ ਵਿੱਚ ਫ਼ਖ਼ਰ ਨਾਲ ਸਵੀਕਾਰ ਕਰਦਿਆਂ ਕਿਹਾ ਕਿ ਵਡਿਆਈ ਤਾਂ ਗੁਰੂ ਦੇ ਉਪਦੇਸ਼ ਨੂੰ ਧਾਰਨ ਕਰਨ ਵਿੱਚ ਹੈ, ‘‘ਛੀਪੇ ਕੇ ਘਰਿ ਜਨਮੁ ਦੈਲਾ; ਗੁਰ ਉਪਦੇਸੁ ਭੈਲਾ ॥ ਸੰਤਹ ਕੈ ਪਰਸਾਦਿ; ਨਾਮਾ ਹਰਿ ਭੇਟੁਲਾ ॥’’ (ਭਗਤ ਨਾਮਦੇਵ ਜੀ/੪੮੬)

ਭਾਰਤ ਦੀ ਧਰਤੀ ’ਤੇ ਜਾਤ-ਪਾਤ ਦਾ ਬੋਲ ਬਾਲਾ ਸੀ, ਕਿਸੇ ਵੀ ਨੀਵੀਂ ਜਾਤ ਨਾਲ ਸਬੰਧ ਰੱਖਣ ਵਾਲੇ ਨੂੰ ਪ੍ਰਮਾਤਮਾ ਦੇ ਬਾਰੇ ਗਿਆਨ ਪ੍ਰਾਪਤ ਕਰਨ ਦਾ ਕੋਈ ਅਧਿਕਾਰ ਨਹੀਂ ਸੀ। ਇੱਥੋਂ ਤੱਕ ਕਿ ਜੇ ਕੋਈ ਮਨੁੱਖ ਰੱਬ ਦਾ ਨਾਮ ਸੁਣਨ ਦਾ ਉਪਰਾਲਾ ਵੀ ਕਰਦਾ ਤਾਂ ਉਸ ਦੇ ਕੰਨਾਂ ਵਿੱਚ ਸਿੱਕਾ ਢਾਲ਼ ਕੇ ਪਾ ਦਿੱਤਾ ਜਾਂਦਾ ਸੀ। ਕਿਸੇ ਮੰਦੀ ਵੀਚਾਰ ਰੱਖਣ ਵਾਲੇ ਮਨੁੱਖ ਨੂੰ ਜਾਂ ਕਿਸੇ ਚੋਰ ਜੁਆਰੀ ਵਿਭਚਾਰੀ ਮਨੁੱਖ ਨੂੰ ਮੰਦਰ ਵਿੱਚੋਂ ਪੂਜਾਰੀ ਨੇ ਧੱਕੇ ਮਾਰੇ ਹੋਣ ਐਸੀ ਗੱਲ ਮੰਨੀ ਜਾ ਸਕਦੀ ਹੈ ਪਰ ਭਗਤ ਨਾਮਦੇਵ ਜੀ ਵਰਗੀ ਸ਼ਖ਼ਸੀਅਤ ਨੂੰ ਪੁਜਾਰੀ ਨੇ ਧੱਕੇ ਮਾਰੇ, ਬੜਾ ਹੈਰਾਨੀਜਨਕ ਲੱਗਦਾ ਹੈ, ਪਰ ਗੁਰਬਾਣੀ ’ਚ ਇਸ ਦੀ ਪੁਸ਼ਟੀ ਹੁੰਦੀ ਹੈ, ‘‘ਹਸਤ ਖੇਲਤ ਤੇਰੇ ਦੇਹੁਰੇ ਆਇਆ ॥  ਭਗਤਿ ਕਰਤ, ਨਾਮਾ ਪਕਰਿ ਉਠਾਇਆ ॥’’ (ਭਗਤ ਨਾਮਦੇਵ ਜੀ/੧੧੬੪)

ਐਸੇ ਭਿਆਨਕ ਸਮੇਂ ਵਿੱਚ ਵੀ ਭਗਤ ਨਾਮਦੇਵ ਜੀ ਨੇ ਭਗਤੀ ਨੂੰ ਅਪਣਾਇਆ ਅਤੇ ਪੁਜਾਰੀ ਦੇ ਪੈਦਾ ਕੀਤੇ ਹੋਏ ਕਰਮਕਾਂਡਾਂ ਦੀ ਦ੍ਰਿੜ੍ਹਤਾ ਦੇ ਨਾਲ ਵਿਰੋਧਤਾ ਕੀਤੀ। ਜਿਹੜੀ ਲੁਕਾਈ ਭਰਮਾਂ ਵਿੱਚ ਪੈ ਕੇ ਅਗਿਆਨਤਾ ਵੱਸ ਪੱਥਰਾਂ ਨੂੰ ਰੱਬ ਸਮਝ ਕੇ ਪੂਜਾ ਕਰਦੀ ਸੀ, ਉਨ੍ਹਾਂ ਨੂੰ ਸੱਚ ਦੀ ਵੀਚਾਰ ਦ੍ਰਿੜ੍ਹ ਕਰਵਾਈ ਕਿ ‘‘ਏਕੈ ਪਾਥਰ ਕੀਜੈ ਭਾਉ ॥  ਦੂਜੈ ਪਾਥਰ, ਧਰੀਐ ਪਾਉ ॥ ਜੇ ਓਹੁ ਦੇਉ, ਤ ਓਹੁ ਭੀ ਦੇਵਾ ॥  ਕਹਿ ਨਾਮਦੇਉ, ਹਮ ਹਰਿ ਕੀ ਸੇਵਾ ॥’’ (ਭਗਤ ਨਾਮਦੇਵ ਜੀ/੫੨੫)

ਜਿਸ ਪ੍ਰਮਾਤਮਾ ਦੇ ਨਾਮ ਦੀ ਪ੍ਰਾਪਤੀ ਲਈ ਹੁਣ ਤੱਕ ਇਹ ਸੁਣਿਆ ਜਾਂਦਾ ਸੀ ਕਿ ਰੱਬ ਨੂੰ ਪ੍ਰਾਪਤ ਕਰਨ ਲਈ ਰਾਜ ਭਾਗ ਦਾ ਤਿਆਗ ਕਰ ਕੇ ਜੰਗਲਾਂ ਵਿੱਚ ਜਾਣਾ ਜ਼ਰੂਰੀ ਹੈ। ਇਹ ਵਿਚਾਰ ਸੁਣ ਕੇ ਕਈ ਰਾਜੇ, ਰਾਜ ਭਾਗ ਤਿਆਗ ਕੇ ਜੰਗਲਾਂ ਵਿੱਚ ਚਲੇ ਵੀ ਗਏ ਸਨ। ਗ੍ਰਹਿਸਤੀਆਂ ਨੇ ਆਪਣੇ ਪਰਿਵਾਰਾਂ ਨੂੰ ਛੱਡ ਦਿੱਤਾ ਫਿਰ ਵੀ ਜੀਵਨ ਵਿੱਚ ਪੱਲੇ ਕੇਵਲ ਨਿਰਾਸ਼ਾ ਹੀ ਪਈ।  ਭਗਤ ਨਾਮਦੇਵ ਜੀ ਨੇ ਉਸੇ ਰੱਬ ਦੀ ਪ੍ਰਾਪਤੀ ਜਿਸ ਤਰੀਕੇ ਨਾਲ ਕੀਤੀ ਤੇ ਸਮਝਾਈ, ਉਸ ਦਾ ਜ਼ਿਕਰ ਭਗਤ ਕਬੀਰ ਜੀ ਨੇ ਆਪਣੇ ਸ਼ਬਦਾਂ ਵਿੱਚ ਕੀਤਾ ਹੈ, ‘‘ਨਾਮਾ ਕਹੈ ਤਿਲੋਚਨਾ  ! ਮੁਖ ਤੇ ਰਾਮੁ ਸੰਮ੍ਰਾਲਿ ॥ ਹਾਥ ਪਾਉ ਕਰਿ ਕਾਮੁ ਸਭੁ; ਚੀਤੁ ਨਿਰੰਜਨ ਨਾਲਿ ॥੨੧੩॥ (ਭਗਤ ਕਬੀਰ ਜੀ/੧੩੭੬)

ਭਗਤ ਨਾਮਦੇਵ ਜੀ ਨੇ ਸੰਸਾਰ ਨੂੰ ਪ੍ਰਮਾਤਮਾ ਨਾਲ ਜੁੜਨ ਦੀ ਜੋ ਜੁਗਤੀ ਦੱਸੀ, ਉਹ ਬਹੁਤ ਵਿਲੱਖਣ ਸੀ। ਭਗਤ ਜੀ ਆਖਦੇ ਹਨ ਕਿ ਜਿਵੇਂ ਇੱਕ ਬੱਚਾ ਆਕਾਸ਼ ਵਿੱਚ ਪਤੰਗ ਉੱਡਾ ਰਿਹਾ ਹੋਵੇ ਅਤੇ ਨਾਲ-ਨਾਲ ਮਿਤਰਾਂ ਨਾਲ ਗੱਲਾਂ ਵੀ ਕਰੀ ਜਾਂਦਾ ਹੋਵੇ, ਇਸ ਤਰ੍ਹਾਂ ਹੇ ਮਨੁੱਖ ! ਤੂੰ ਸੰਸਾਰ ਵਿੱਚ ਭਾਵੇਂ ਲੱਖਾਂ ਕੰਮ ਕਾਰੋਬਾਰ ਕਰੀ ਜਾਹ ਪਰ ਤੇਰਾ ਧਿਆਨ ਪ੍ਰਮਾਤਮਾ ਵਿੱਚ ਰਹਿਣਾ ਚਾਹੀਦਾ ਹੈ।  ਗੁਰਵਾਕ ਹਨ, ‘‘ਆਨੀਲੇ ਕਾਗਦੁ ਕਾਟੀਲੇ ਗੂਡੀ, ਆਕਾਸ ਮਧੇ ਭਰਮੀਅਲੇ ॥ ਪੰਚ ਜਨਾ ਸਿਉ ਬਾਤ ਬਤਊਆ, ਚੀਤੁ ਸੁ ਡੋਰੀ ਰਾਖੀਅਲੇ ॥ ਮਨੁ, ਰਾਮ ਨਾਮਾ ਬੇਧੀਅਲੇ ॥ ਜੈਸੇ ਕਨਿਕ ਕਲਾ ਚਿਤੁ ਮਾਂਡੀਅਲੇ ॥’’ (ਭਗਤ ਨਾਮਦੇਵ ਜੀ/੯੭੨)

ਰੱਬੀ ਨਾਮ ਦੀ ਵਡਿਆਈ ਤੋਂ ਸੰਸਾਰ ਨੂੰ ਜਾਣੂ ਕਰਵਾਇਆ ਕਿ ਮਨੁੱਖ ਭਾਵੇਂ ਸੋਨਾ ਦਾਨ ਕਰੀ ਜਾਵੇ, ਭਾਵੇਂ ਤੀਰਥ ਯਾਤਰਾ ਕਰੀ ਜਾਵੇ ਪਰ ਮਨੁੱਖ ਪ੍ਰਮਾਤਮਾ ਦੇ ਨਾਮ ਨੂੰ ਖ਼ਰੀਦ ਨਹੀਂ ਸਕਦਾ। ਪਰਮੇਸ਼ਰ ਦਾ ਨਾਮ ਇਹੋ ਜਿਹੇ ਕਰਮਾਂ ਦੀ ਪਕੜ ਤੋਂ ਉੱਚਾ ਹੈ। ‘‘ਬਾਨਾਰਸੀ ਤਪੁ ਕਰੈ, ਉਲਟਿ ਤੀਰਥ ਮਰੈ; ਅਗਨਿ ਦਹੈ, ਕਾਇਆ ਕਲਪੁ ਕੀਜੈ ॥  ਅਸੁਮੇਧ ਜਗੁ ਕੀਜੈ, ਸੋਨਾ ਗਰਭ ਦਾਨੁ ਦੀਜੈ, ਰਾਮ ਨਾਮ ਸਰਿ ਤਊ ਨ ਪੂਜੈ ॥’’ (ਭਗਤ ਨਾਮਦੇਵ ਜੀ/੯੭੩)

ਭਗਤ ਨਾਮਦੇਵ ਜੀ ਨੇ ਭਗਤੀ ਦੇ ਨਾਲ-ਨਾਲ ਮਨੁੱਖ ਨੂੰ ਸਮਾਜਕ ਜ਼ਿੰਦਗੀ ਜਿਊਣ ਦੀ ਜੁਗਤੀ ਵੀ ਸਿਖਾਈ, ਵਹਿਮਾਂ-ਭਰਮਾਂ, ਧਾਰਮਿਕ ਕੱਟੜਤਾ ਦਾ ਡੱਟ ਕੇ ਵਿਰੋਧ ਵੀ ਕੀਤਾ। ਭਗਤ ਦਾ ਜੀਵਨ ਹਰ ਕਿਸਮ ਦੀ ਧਾਰਮਿਕ ਕੱਟੜਤਾ ਤੋਂ ਮੁਕਤ ਹੁੰਦਾ ਹੈ ਕਿਉਂਕਿ ਉਹ ਇੱਕ ਰੱਬ ਵਿੱਚ ਵਿਸ਼ਵਾਸ ਰੱਖਦਾ ਹੋਇਆ ਸਾਰੀ ਮਨੁੱਖਤਾ ਨੂੰ ਇੱਕੋ ਜਿਹਾ ਸਮਝਦਾ ਹੈ, ਇਸ ਦੇ ਨਾਲ ਭਗਤ ਧਾਰਮਿਕ ਅਸਥਾਨਾਂ ਦੀ ਕੈਦ ਤੋਂ ਵੀ ਮੁਕਤ ਹੁੰਦਾ ਹੈ, ‘‘ਹਿੰਦੂ ਪੂਜੈ ਦੇਹੁਰਾ; ਮੁਸਲਮਾਣੁ ਮਸੀਤਿ ॥  ਨਾਮੇ ਸੋਈ ਸੇਵਿਆ; ਜਹ ਦੇਹੁਰਾ ਨ ਮਸੀਤਿ ॥’’ (ਭਗਤ ਨਾਮਦੇਵ ਜੀ/੮੭੫)

ਸੋ ਸਪੱਸ਼ਟ ਹੈ ਕਿ ਭਗਤ ਨਾਮਦੇਵ ਜੀ ਦੀ ਵੀਚਾਰ ਨੂੰ ਸਮੇਂ ਦੀਆਂ ਪ੍ਰਚਲਿਤ ਧਾਰਮਿਕ ਰਸਮਾਂ ਵਿੱਚ ਕੈਦ ਨਹੀਂ ਕੀਤਾ ਜਾ ਸਕਦਾ।  ਇਸ ਕਰ ਕੇ ਉਸ ਸਮੇਂ ਦੇ ਹਾਕਮ ਲੋਕ ਅਤੇ ਧਾਰਮਿਕ ਆਗੂ ਭਗਤ ਨਾਮਦੇਵ ਜੀ ਦੇ ਵਿਰੋਧੀ ਹੋ ਗਏ। ਉਨ੍ਹਾਂ ਨੇ ਹਰ ਪ੍ਰਕਾਰ ਦੇ ਸਰੀਰਕ ਕਸ਼ਟ ਭਗਤ ਜੀ ਨੂੰ ਦਿੱਤੇ ਪਰ ਭਗਤ ਨਾਮਦੇਵ ਜੀ ਨੇ ਪ੍ਰਭੂ ਸਿਧਾਂਤਾਂ ਉੱਤੇ ਡੱਟ ਕੇ ਪਹਿਰਾ ਦਿੱਤਾ। ਇੱਥੋਂ ਤੱਕ ਕਿ ਮਾਂ ਦੀ ਮਮਤਾ  ਵੀ ਉਨ੍ਹਾਂ ਨੂੰ ਅਟੱਲ ਨਿਸ਼ਾਨੇ ਤੋਂ ਨਾ ਡੁਲਾ ਸਕੀ,ਉਹਨਾਂ ਨੇ ਸਪੱਸ਼ਟ ਸ਼ਬਦਾਂ ਵਿੱਚ ਮਾਤਾ ਨੂੰ ਸੰਬੋਧਨ ਕੀਤਾ, ‘‘ਨ ਹਉ ਤੇਰਾ ਪੂੰਗੜਾ; ਨ ਤੂ ਮੇਰੀ ਮਾਇ ॥  ਪਿੰਡੁ ਪੜੈ; ਤਉ ਹਰਿ ਗੁਨ ਗਾਇ ॥’’ (ਭਗਤ ਨਾਮਦੇਵ ਜੀ/੧੧੬੫)

ਭਗਤ ਨਾਮਦੇਵ ਜੀ ਨੇ ਬਾਣੀ ਵਿੱਚ ਗਨਿਕਾ, ਕੈਰੋ, ਰਾਵਣ, ਸੁਦਾਮਾ, ਅਜਾਮਲ, ਦੁਰਯੋਧਨ ਤੇ ਬਾਰ੍ਹਾਂ ਜੋਜਨ ਦੇ ਪ੍ਰਮਾਣ ਦਿੱਤੇ ਹਨ, ਇਸ ਤੋਂ ਸਹਜੇ ਹੀ ਸਪਸ਼ਟ ਹੋ ਜਾਂਦਾ ਹੈ ਕਿ ਭਗਤ ਨਾਮਦੇਵ ਜੀ ਨੂੰ ਇਤਿਹਾਸ ਅਤੇ ਮਿਥਿਹਾਸ ਦੀ ਪੂਰੀ ਜਾਣਕਾਰੀ ਸੀ। ਪੰਜਾਬ ਦੀ ਧਰਤੀ ਨੂੰ ਇਹ ਮਾਣ ਪ੍ਰਾਪਤ ਹੋਇਆ ਕਿ ਇੱਥੇ ਪਿੰਡ ਘੁਮਾਣ ਜ਼ਿਲ੍ਹਾ ਗੁਰਦਾਸਪੁਰ ਵਿੱਚ ਭਗਤ ਜੀ ਦਾ ਅੰਤਮ ਸਮਾਂ ਬਤੀਤ ਹੋਇਆ। ਜਿੱਥੇ ਭਗਤ ਜੀ ਦੀ ਯਾਦ ਵਿੱਚ ਦੋ ਅਸਥਾਨ ਬਣੇ ਹੋਏ ਹਨ। ਆਪ ਜੀ ਦਾ ਦੁਨਿਆਵੀ ਸਫ਼ਰ ੧੩੫੦ ਈਸਵੀ ਨੂੰ ਸਮਾਪਤ ਹੋ ਗਿਆ।

ਅਜੋਕੇ ਸਮੇਂ ਵਿੱਚ ਵੀ ਭਗਤ ਨਾਮਦੇਵ ਜੀ ਦੀ ਸਿੱਖਿਆ ਓਨੀ ਹੀ ਲਾਭਦਾਇਕ ਹੈ, ਜਿੰਨੀ ੬੬੮ ਸਾਲ ਪਹਿਲਾਂ ਸੀ ਤੇ ਮਨੁੱਖਤਾ ਦਾ ਕਲਿਆਣ ਕਰਦੀ, ਸਮਾਜਕ ਸਮੱਸਿਆਵਾਂ ਨੂੰ ਨਜਿੱਠਣ ’ਚ ਮਦਦ ਕਰਦੀ ਰਹੀ ਸੀ, ‘‘ਨਾਮੇ ਕੇ ਸੁਆਮੀ, ਲਾਹਿ ਲੇ ਝਗਰਾ ॥  ਰਾਮ ਰਸਾਇਨ; ਪੀਓ ਰੇ ਦਗਰਾ ॥’’ (ਭਗਤ ਨਾਮਦੇਵ ਜੀ/੪੮੬), ਅਜਿਹੀ ਨਿਡਰ, ਕਲਿਆਣਕਾਰੀ, ਸਮਾਨਤਾ ਤੇ ਆਜ਼ਾਦੀ ਪੈਦਾ ਕਰਨ ਵਾਲ਼ੀ, ਕਰਮਕਾਂਡਾਂ ਦਾ ਖੰਡਨ ਕਰਨ ਵਾਲੀ, ਰੱਬੀ ਗੁਣ ਗਾਉਣ ਵਾਲ਼ੀ ਵਿਚਾਰਧਾਰਾ ਨੂੰ ਗੁਰੂ ਸਾਹਿਬ ਵੱਲੋਂ ਗੁਰੂ ਗ੍ਰੰਥ ਸਾਹਿਬ ’ਚ ਦਰਜ ਕਰਦਿਆਂ ‘‘ਸੇ ਭਗਤ ਸਤਿਗੁਰ ਮਨਿ ਭਾਏ॥’’ ਰੂਪ ਅੰਮ੍ਰਿਤਮਈ ਬਚਨਾਂ ਰਾਹੀਂ ਸੱਚ ਪ੍ਰਗਟ ਕਰ ਵਿਖਾਇਆ।