ਨਵੰਬਰ 1984 ਦਾ ਸਿੱਖ ਕਤਲਿਆਮ ਤੇ ਮਿਲੀ ਬੇਇਨਸਾਫ਼ੀ ਦੇ ਕਾਰਨ

0
512

(ਨੋਟ- ਇਸ ਸੰਵੇਦਸ਼ੀਲ ਮੁੱਦੇ ਦੀ ਗੰਭੀਰਤਾ ਨੂੰ ਵੇਖਦਿਆਂ ਵਿਸ਼ੇ ਨੂੰ ਸਰਲ ਤੇ ਸਪਸ਼ਟ ਕਰਨ ਲਈ ਕੁਝ ਸੁਧਾਰ ਕੀਤਾ ਗਿਆ ਹੈ, ਗੁਰੂ ਪਿਆਰਿਆਂ ਲਈ ਦੁਬਾਰਾ ਪੜਨ ਦੀ ਕੀਤੀ ਜਾ ਰਹੀ ਬੇਨਤੀ ਲਈ ਖ਼ਿਮਾ ਦਾ ਜਾਚਕ ਹਾਂ।)

ਨਵੰਬਰ 1984 ਦਾ ਸਿੱਖ ਕਤਲਿਆਮ ਤੇ ਮਿਲੀ ਬੇਇਨਸਾਫ਼ੀ ਦੇ ਕਾਰਨ

ਗਿਆਨੀ ਅਵਤਾਰ ਸਿੰਘ

ਭਾਰਤ ਦੇ ਇਤਿਹਾਸ ’ਚ 31 ਅਕਤੂਬਰ 1984, ਜਿੱਥੇ ਇੰਦਰਾਗਾਂਧੀ ਦੀ ਮੌਤ ਤੋਂ ਬਾਅਦ ਭਾਰਤ ਦੇ ਕਈ ਸੂਬਿਆਂ ’ਚ ਹੋਏ ਇੱਕ ਤਰਫ਼ਾ ਕਤਲਿਆਮ ਦੌਰਾਨ ਇੱਕ ਵਿਸ਼ੇਸ਼ ਵਰਗ (ਸਿੱਖਾਂ) ਨੂੰ ਨਿਸ਼ਾਨਾ ਬਣਾ ਕੇ ਮਾਰਿਆ ਗਿਆ ਅਤੇ ਵੱਡੇ ਪੈਮਾਨੇ ’ਚ ਉਨ੍ਹਾਂ ਦੀ ਇੱਜ਼ਤ ਅਤੇ ਧਨ-ਦੌਲਤ ਵੀ ਲੁੱਟੀ ਗਈ, ਨੂੰ ਦੰਗਿਆਂ ਦਾ ਨਾਂ ਦਿੱਤਾ ਜਾਂਦਾ ਹੈ ਜਦਕਿ ਦੰਗਿਆਂ ਅਤੇ ਕਤਲਿਆਮ ’ਚ ਬਹੁਤ ਅੰਤਰ ਹੈ।  ਦੰਗਿਆਂ ’ਚ ਇੱਕ ਤੋਂ ਵੱਧ ਗੁੱਟ ਹਮਲਾਵਰ (ਲੜਨ ਲਈ ਤਿਆਰ) ਹੁੰਦੇ ਹਨ ਪਰ ਕਤਲਿਆਮ ’ਚ ਦੂਸਰੀ ਧਿਰ ਲੜਨਾ ਹੀ ਨਹੀਂ ਚਾਹੁੰਦੀ।  ਕਤਲਿਆਮ ਨੂੰ ਦੰਗੇ ਕਹਿ ਕੇ ਭਾਰਤ ਆਪਣੇ ਅਕਸ ਨੂੰ ਦੁਨੀਆ ’ਚ ਬਚਾ ਵੀ ਰਿਹਾ ਹੈ ਅਤੇ ਸਿੱਖਾਂ ਨੂੰ ਇਨਸਾਫ਼ ਦੇਣ ਵਿੱਚ ਦੇਰੀ ਵੀ ਕਰਦਾ ਆ ਰਿਹਾ ਹੈ।  ਸਿੱਖ ਸੰਗਤਾਂ, ਇਸ ਮੰਦਭਾਗੀ ਘਟਨਾ ਲਈ ਭਾਰਤ ਦੇ ਲੀਡਰਾਂ ਦੀ ਬਦਨੀਤੀ ਨੂੰ ਜ਼ਿੰਮੇਵਾਰ ਮੰਨਦੀਆਂ ਹਨ ਕਿਉਂਕਿ ਇਸ ਕਤਲਿਆਮ ’ਚ ਕਾਂਗਰਸ ਦੇ ਕਈ ਲੀਡਰਾਂ ਨੇ ਆਮ ਨਾਗਰਿਕਾਂ (ਹਿੰਦੂਆਂ) ਨੂੰ ਸਿੱਖ ਭਾਈਚਾਰੇ ਵਿਰੁਧ ਵਰਗਲਾਇਆ ਸੀ।  ਭਾਵੇਂ ਕਿ ਇਸ ਜ਼ੁਲਮ ਦੀਆਂ ਤਾਰਾਂ ਜੂਨ 1984 ’ਚ ਦਰਬਾਰ ਸਾਹਿਬ (ਅੰਮ੍ਰਿਤਸਰ) ਉੱਤੇ ਭਾਰਤੀ ਫ਼ੌਜ ਦੁਆਰਾ ਕੀਤੇ ਗਏ ਹਮਲੇ ਅਤੇ ਅਨੇਕਾਂ ਬੇਗੁਨਾਹ ਸਿੱਖਾਂ ਨੂੰ ਅੱਤਵਾਦੀ ਕਹਿ ਕੇ ਮਾਰਨ ਨਾਲ਼ ਜੁੜੀਆਂ ਹੋਈਆਂ ਹਨ ਪਰ ਫਿਰ ਵੀ ਇਹ ਸਮਝਣਾ ਜ਼ਰੂਰੀ ਹੈ ਕਿ ਅਗਰ ਇਹ ਤਸ਼ੱਦਦ (ਜ਼ਿਆਦਤੀ) ਕੇਵਲ ਕਾਂਗਰਸ ਦੀ ਦੇਣ ਹੈ ਤਾਂ ਭਾਰਤ ’ਚ ਗ਼ੈਰ ਕਾਂਗਰਸੀ ਸਰਕਾਰਾਂ ਬਣਨ ਉਪਰੰਤ ਵੀ ਸਿੱਖਾਂ ਨੂੰ ਇਨਸਾਫ਼ ਕਿਉਂ ਨਹੀਂ ਮਿਲਿਆ ?

ਉਕਤ ਕੀਤੀ ਗਈ ਵਿਚਾਰ ਕਿ ਨਵੰਬਰ 1984 ’ਚ ਹੋਏ ਸਿੱਖ ਘੱਲੂਘਾਰੇ (ਨਰਸੰਘਾਰ) ਦੇ ਤੰਦ ਜੂਨ 1984 ਨਾਲ਼ ਜੁੜਦੇ ਹਨ, ਨੂੰ ਵੀ ਅਧੂਰਾ ਸੱਚ ਹੀ ਸਮਝਣਾ ਪਏਗਾ ਕਿਉਂਕਿ ਪੂਰਨ ਸਚਾਈ ਇਹ ਹੈ ਕਿ ਇਸ ਘਟਨਾ ਦਾ ਪਿਛੋਕੜ ਗੁਰੂ ਨਾਨਕ ਸਾਹਿਬ ਜੀ ਦੇ ਪ੍ਰਕਾਸ਼ ਪੁਰਬ (ਫ਼ਿਲਾਸਫ਼ੀ) ਨਾਲ਼ ਸਬੰਧਿਤ ਹੈ, ਜਿਸ ਨੇ ਅਰਥਹੀਣ ਹਿੰਦੂ ਕਰਮਕਾਂਡੀ ਸੋਚ ਨੂੰ ਆਰਥਿਕਤਾ ਦਾ ਜ਼ਰੀਆ ਬਣਾ ਬੈਠੇ ਵਰਗ (ਪੰਡਿਤ) ਨੂੰ ਭਾਰੀ ਚਿੰਤਤ ਕੀਤਾ ਹੈ ਤੇ ਇਹ ਲੋਕ ਇਸ ਸਚਾਈ ਨੂੰ ਸਦੀਆਂ ਤੋਂ ਬਰਦਾਸ਼ਤ ਨਹੀਂ ਕਰ ਪਾ ਰਹੇ, ਜਿਸ ਕਾਰਨ 1984 ਵਰਗੇ ਕਤਲਿਆਮ ਅਗਾਂਹ ਵੀ ਹੁੰਦੇ ਰਹਿਣ ਨੂੰ ਨਕਾਰਿਆ ਨਹੀਂ ਜਾ ਸਕਦਾ, ਵਿਸ਼ੇ ਨੂੰ ਵਿਚਾਰਨਾ ਹੀ ਇਸ ਲੇਖ ਦਾ ਮੰਤਵ ਹੈ।

ਭਾਰਤ ’ਚ 4-5 ਹਜ਼ਾਰ ਸਾਲ ਪਹਿਲਾਂ ਤੋਂ ਧਰਮ ਦੇ ਨਾਂ ’ਤੇ ਜੋ ਕਰਮਕਾਂਡ ਦੱਸੇ ਤੇ ਪ੍ਰਚਾਰੇ ਗਏ ਉਹ ਸਨਾਤਨੀ ਵਿਚਾਰਧਾਰਾ ਦਾ ਅਹਿਮ ਭਾਗ ਹਨ, ਜਿਨ੍ਹਾਂ ’ਚ ਕੁਦਰਤ ਦੀ ਉਪਾਸ਼ਨਾ (ਪੂਜਾ) ਸਰਬੋਤਮ ਹੈ; ਜਿਵੇਂ ਕਿ ਸੂਰਜ, ਚੰਦ ਆਦਿ ਗ੍ਰਹਿ ਦਾ ਪ੍ਰਭਾਵ ਕਬੂਲਣਾ, ਦਰਖ਼ਤ (ਬ੍ਰਿਛ, ਬਨਸਪਤੀ), ਅੱਗ, ਹਵਾ, ਪਾਣੀ ਆਦਿਕ ਤੱਤਾਂ ਨੂੰ ਦੇਵਤੇ ਸਵੀਕਾਰਨਾ, ਸਮਾਜਕ ਲੀਡਰ (ਰਾਜੇ) ਨੂੰ ਰੱਬ ਮੰਨਣਾ, ਮੌਤ ਉਪਰੰਤ ਇਨ੍ਹਾਂ ਦੀ ਮੂਰਤੀ ਬਣਾ ਮੰਦਰਾਂ ’ਚ ਸਥਾਪਤ ਕਰਨਾ ਜਾਂ ਕੁਝ ਕੁ ਨੂੰ ਸੁਰਗ ’ਚ ਵਸਦੇ ਸਿੱਧ ਕਰਨਾ, ਸਮਾਜਕ ਵੰਡ ਪਾਊ ਸੋਚ ਦੇ ਵਿਸਥਾਰ ਲਈ ਕੀਤੀ ਜਾਂਦੀ ਜ਼ਿੱਦ (ਕੱਟੜਤਾ) ਦੇ ਰਸਤੇ ’ਚ ਆਉਣ ਵਾਲ਼ੀ ਗ਼ੈਰ ਸੋਚ ਨੂੰ ਤੁਛ ਬਿਆਨ ਕਰਨਾ ਭਾਵੇਂ ਕਿ ਉਹ ਸਮਾਜਕ ਪਿਆਰ ਹੀ ਵੰਡਦੀ ਹੋਵੇ, ਇੱਥੋਂ ਤੱਕ ਕਿ ਉਨ੍ਹਾਂ ਦੀਆਂ ਭਾਵਨਾਵਾਂ ਨੂੰ ਸਰਕਾਰੀ ਸ਼ਹਿ ਨਾਲ਼ ਕੁਚਲਣਾ ਜਾਂ ਨਸ਼ਟ ਕਰਨਾ (ਕਿਉਂਕਿ ਇਨ੍ਹਾਂ ਦੀ ਆਪਣੀ ਰਹੁ-ਰੀਤ (ਪਰੰਪਰਾ) ਨੇ ਮਨੁੱਖੀ ਮਨੋਬਲ ਨੂੰ ਇੰਨਾ ਉੱਚਾ ਨਹੀਂ ਚੁੱਕਿਆ ਕਿ ਉਹ ਗ਼ੈਰ ਮੱਤ ਦੀ ਸਚਾਈ ਦਾ ਸਾਹਮਣਾ ਕਰ ਸਕੇ।), ਮਾਨਵਤਾ ਨੂੰ ਊਚ-ਨੀਚ ’ਚ ਵੰਡ ਕੇ ਆਪਣੀ ਬਰਾਦਰੀ ਨੂੰ ਪਿਆਰ ਤੇ ਬਾਕੀਆਂ ਪ੍ਰਤੀ ਨਫ਼ਰਤ ਪੈਦਾ ਕਰਨੀ ਤੇ ਕਰਾਉਣੀ, ਆਦਿ ਕਰਮਕਾਂਡ ਸਮਾਜ ਨੂੰ ਨਿਘਾਰ (ਹੇਠਾਂ ਵੱਲ) ਲੈ ਜਾਣ ਦੇ ਕਾਰਨ ਬਣੇ, ਫਿਰ ਵੀ ਇਨ੍ਹਾਂ ਨੂੰ ਪੰਡਿਤਾਂ ਨੇ ਰਾਜਨੀਤਕਾਂ ਵਾਙ ਫੁੱਟ ਪਾਊ ਨੀਤੀ ਰਾਹੀਂ ਸਮਾਜ ’ਤੇ ਥੋਪਣਾ ਜਾਰੀ ਰੱਖਿਆ ਕਿਉਂਕਿ ਇਹ ‘‘ਜਿਨ੍ ਮਨਿ ਹੋਰੁ, ਮੁਖਿ ਹੋਰੁ; ਸਿ ਕਾਂਢੇ ਕਚਿਆ ॥’’ (ਬਾਬਾ ਫਰੀਦ ਜੀ/੪੮੮) ਜੀਵਨ ਵਾਲ਼ੇ ਲੋਕ ਸਦਾ ਛਲ-ਕਪਟੀ ਹੋਣ ਕਾਰਨ ਸੱਤਾਧਾਰੀ ਸ਼ਕਤੀ ਦਾ ਦੁਰਪ੍ਰਯੋਗ ਕਰਵਾਉਣ ’ਚ ਅੱਗੇ ਰਹੇ ਹਨ; ਜਿਵੇਂ ਕਿ ਦਸਰਥ ਪੁੱਤਰ ਰਾਜਾ ਰਾਮਚੰਦਰ ਪਾਸੋਂ 128 ਸਾਲ ਦੇ ਸੰਭੂਕ ਮਹਾਂਰਿਸ਼ੀ (ਜੋ ਕਿ ਜੰਗਲ-ਇਕਾਂਤ ’ਚ ਰੱਬੀ ਭਗਤੀ ਕਰਦਾ ਸੀ) ਦਾ ਕਤਲ ਇਸ ਲਈ ਕਰਵਾ ਦਿੱਤਾ ਕਿਉਂਕਿ ਉਹ ਦਲਿਤ ਸੀ ਤੇ ਜਾਤ-ਪਾਤ ਆਧਾਰਿਤ ਵੰਡ ਨੂੰ ਨਹੀਂ ਮੰਨਦਾ ਸੀ ਭਾਵ ਸੂਦਰ ਹੋ ਕੇ ਭਗਤੀ ਕਰਦਾ ਸੀ ਜੋ ਕਿ ਨਹੀਂ ਕਰਨੀ ਚਾਹੀਦੀ, ਪਰ ਇਹ ਪਾਪ, ਰਾਜਾ (ਰਾਮਚੰਦਰ) ਪ੍ਰਤੀ ਪੰਡਿਤ ਦੁਆਰਾ ਨਿਭਾਈ ਗਈ ਵਫ਼ਾਦਾਰੀ (ਕਿ ਤੂੰ ਰਾਜਾ ਨਹੀਂ ਰੱਬ ਹੈਂ) ਦੇ ਬਦਲੇ ਕਰਵਾਇਆ ।  ਰਾਜ ਦਰਬਾਰ ਦੀ ਹਾਜ਼ਰੀ ਭਰਦੀ ਪੰਡਿਤ ਸ਼੍ਰੇਣੀ ਦੀ ਇੱਕ ਮਿਸਾਲ ਆਸਾ ਕੀ ਵਾਰ ਰਾਹੀਂ ਗੁਰੂ ਨਾਨਕ ਸਾਹਿਬ ਜੀ ਦਿੰਦੇ ਹਨ ਕਿ ਪੰਡਿਤ ਛੁਪ ਕੇ ਆਪਣੀ (ਵੇਦ, ਸਿਮਰਤੀ, ਪੁਰਾਨ, ਗੀਤਾ ਦੁਆਰਾ ਦੱਸੀ) ਪੂਜਾ ਕਰਦੇ ਹਨ ਪਰ ਬਾਹਰੋਂ ਇਸਲਾਮ ਰਾਜਿਆਂ ਨੂੰ ਖ਼ੁਸ਼ ਕਰਨ ਲਈ ਉਨ੍ਹਾਂ ਦੀਆਂ ਕਤੇਬਾਂ (ਤੌਰੇਤ, ਜ਼ੰਬੂਰ, ਅੰਜੀਲ ਤੇ ਕੁਰਾਨ) ਪੜ੍ਹਦੇ ਰਹੇ। ਧਰਮ ਦੇ ਨਾਂ ’ਤੇ ਅਜਿਹੀ ਛਲ-ਕਪਟੀ ਤੇ ਕਮਜੋਰ ਮਾਨਸਿਕਤਾ ਨੂੰ ਗੁਰੂ ਨਾਨਕ ਸਾਹਿਬ ਨੇ ਪਾਖੰਡ ਕਿਹਾ ਕਿਉਂਕਿ ਬਾਹਰ ਵਿਖਾਵੇ ਲਈ ਪੜ੍ਹੀ ਕੁਰਾਨ ’ਤੇ ਵਿਸ਼ਵਾਸ ਨਹੀਂ ਤੇ ਅੰਦਰ ਛੁਪ ਕੇ ਪੜ੍ਹੀ ਪੁਰਾਣ/ਗੀਤਾ ਨਾਲ਼ ਜ਼ਮੀਰ ਨਹੀਂ ਜਾਗੀ, ਜ਼ਮੀਰ ਜਗਾਉਣ ਲਈ ਹਿੰਮਤ ਤੇ ਬਲ ਰੱਬੀ ਨਾਮ ਸਿਮਰਨ ਨਾਲ਼ ਮਿਲਦਾ ਹੈ, ‘‘ਅੰਤਰਿ ਪੂਜਾ, ਪੜਹਿ ਕਤੇਬਾ; ਸੰਜਮੁ ਤੁਰਕਾ ਭਾਈ ॥  ਛੋਡੀਲੇ ਪਾਖੰਡਾ ! ॥ ਨਾਮਿ ਲਇਐ; ਜਾਹਿ ਤਰੰਦਾ ॥’’ (ਮ: ੧/੪੭੧)

ਭਾਵੇਂ ਕਿ ਸਨਾਤਨੀ ਸੋਚ ਨੇ ਮਨੁੱਖੀ ਮਨੋਬਲ ਨੂੰ ਹੇਠਾਂ ਡੇਗਿਆ ਹੈ ਪਰ ਫਿਰ ਵੀ ਇਹ ਭਾਰ ਅੱਜ ਤੱਕ ਢੋਹਣ ਲਈ ਪੰਡਿਤਾਂ ਨੇ ਸਰਬ ਪ੍ਰਮਾਣਿਤ ਗੁਰੂ ਨਾਨਕ ਫ਼ਿਲਾਸਫ਼ੀ ਦਾ ਵਿਰੋਧ ਜਾਰੀ ਰੱਖਿਆ ਕਿਉਂਕਿ ਗੁਰਮਤਿ; ਇਨ੍ਹਾਂ ਦੀ ਸੋਚ ਨੂੰ ਮੂਲੋਂ ਰੱਦ ਕਰਦੀ ਹੈ, ਜਿਸ ਨੂੰ ਇਨ੍ਹਾਂ ਨੇ ਰੋਜ਼ੀ-ਰੋਟੀ ਦਾ ਸਾਧਨ ਬਣਾ ਰੱਖਿਆ ਹੈ।  ਗੁਰਮਤਿ ਦੀ ਸੋਚ ਅਤੇ ਬ੍ਰਾਹਮਣਵਾਦੀ ਸੋਚ ਦੇ ਕੁਝ ਵਿਵਾਦਿਤ ਅੰਤਰ ਇਹ ਹਨ :

(1). ਪੰਡਿਤ ਕਿਰਤ (ਆਕਾਰ) ਦਾ ਪੂਜਾਰੀ ਹੈ ਤੇ ਇਸ ਨੂੰ ਸਥਾਈ ਮੰਨਦਾ ਹੈ ਜਦਕਿ ਗੁਰਬਾਣੀ ਨਿਰਾਕਾਰ ਨੂੰ ਰੱਬ ਮੰਨਦੀ ਹੈ, ਜੋ ਕੁਦਰਤ ’ਚ ਵਿਆਪਕ ਹੈ, ਪਰ ਫਿਰ ਵੀ ਗੁਰਮਤਿ ਦੇ ਰੱਬ ਵਾਙ ਕੁਦਰਤ (ਹਿੰਦੂ ਰੱਬ) ਸਥਾਈ ਨਹੀਂ । ਗੁਰੂ ਵਚਨ ਹਨ ਕਿ ਹੇ ਮੂਰਖ ! ਵਿਖਾਈ ਦੇਣ ਵਾਲ਼ੀ ਕੁਦਰਤ ਨਾਸਵਾਨ ਹੈ, ਇਸ ਨਾਲ਼ ਕਿਉਂ ਜੁੜਦਾ (ਲਗਦਾ, ਪੂਜਾ ਕਰਦਾ) ਹੈਂ ? ‘‘ਦ੍ਰਿਸਟਿਮਾਨ ਸਭੁ ਬਿਨਸੀਐ; ਕਿਆ ਲਗਹਿ ਗਵਾਰ  ?॥’’ (ਮ: ੫/੮੦੮) ਤਾਂ ਤੇ ‘‘ਹੈ ਭੀ, ਹੋਸੀ; ਜਾਇ ਨ ਜਾਸੀ; ਸਚਾ ਸਿਰਜਣਹਾਰੋ ॥ (ਮ: ੧/੨੪) ਨਾਲ਼ ਜੁੜ, ਜੋ ਸਦੀਵੀ ਸਥਿਰ ਹੈ।

(2). ਪੰਡਿਤ, ਜਿਨ੍ਹਾਂ ਨੂੰ ਦੇਵਤੇ (ਰੱਬ) ਮੰਨਦਾ ਹੈ ਗੁਰਮਤਿ ਉਨ੍ਹਾਂ ਨੂੰ ਦੁਨਿਆਵੀ ਰਾਜੇ ਮੰਨਦੀ ਹੈ, ‘‘ਜੁਗਹ ਜੁਗਹ ਕੇ ਰਾਜੇ ਕੀਏ; ਗਾਵਹਿ ਕਰਿ ਅਵਤਾਰੀ ॥’’ (ਮ: ੩/੪੨੩) ‘ਅਵਤਾਰੀ’ ਤੋਂ ਭਾਵ ਵਿਸ਼ਨੂੰ ਦੇਵਤੇ ਦੇ ਅਵਤਾਰ (ਦੇਵਤੇ ਦਾ ਕਿਸੇ ਹੋਰ ਦੇਹ ’ਚ ਪ੍ਰਵੇਸ਼ ਕਰਨਾ) ਹਨ, ਜਿਨ੍ਹਾਂ ਦੀ ਗਿਣਤੀ 10 ਅਤੇ 24 ਮੰਨੀ ਗਈ; ਜਿਵੇਂ ਕਿ ਰਾਮ ਚੰਦਰ ਜੀ ਤ੍ਰੇਤੇ ਯੁੱਗ ਦੇ ਅਵਤਾਰ ਅਤੇ ਕ੍ਰਿਸ਼ਨ ਜੀ ਦੁਆਪਰ ਯੁੱਗ ਦੇ ਅਵਤਾਰ ਮੰਨੇ ਗਏ । ਨਵਰਾਤ੍ਰ ਦਾ ਭਾਵ ਨੌ ਰਾਤਾਂ (9 ਸੁਹਾਗ ਰਾਤਾਂ) ਹਨ, ਜੋ ਦੁਰਗਾ ਦੁਆਰਾ ਮੁੜ-ਮੁੜ ਭਾਵ 9 ਵਾਰ ਅਵਤਾਰ (ਜਨਮ) ਲੈਣ ਉਪਰੰਤ ਸ਼ਿਵ ਜੀ ਨਾਲ਼ ਮਨਾਈਆਂ, ਮੰਨੀਆਂ ਗਈਆਂ।

(3). ਸਨਾਤਨ ਸੋਚ ਨੇ ਪੰਡਿਤ ਨੂੰ ਬ੍ਰਹਮਾ ਦੇ ਮੂੰਹ ’ਚੋਂ ਪੈਦਾ ਕੀਤਾ, ਖੱਤਰੀ; ਬ੍ਰਹਮਾ ਦੀਆਂ ਬਾਂਹਾਂ ’ਚੋਂ, ਵੈਸ; ਬ੍ਰਹਮਾ ਦੇ ਪੱਟਾਂ ’ਚੋਂ ਅਤੇ ਔਰਤ/ਸੂਦਰ; ਬ੍ਰਹਮਾ ਦੇ ਪੈਰਾਂ ’ਚੋਂ ਪੈਦਾ ਹੋਣ ਕਾਰਨ ਕੁੱਝ ਪਵਿੱਤਰ ਤੇ ਕੁੱਝ ਅਪਵਿੱਤਰ ਮੰਨੇ ਗਏ ਪਰ ਗੁਰਬਾਣੀ ਅਨੁਸਾਰ ਸਮਾਜ ਦੀ ਉਤਪਤੀ ਇੱਕ ਰੱਬੀ ਹੁਕਮ ਨਾਲ਼ ਹੋਈ ਹੈ, ‘‘ਕੀਤਾ ਪਸਾਉ; ਏਕੋ ਕਵਾਉ ॥’’ (ਜਪੁ) ਅਤੇ ਸਮਾਜਕ ਵਿਤਕਰੇ ਨੂੰ ਵੀ ਰੱਦ ਕੀਤਾ, ‘‘ਜਾਤਿ ਕਾ ਗਰਬੁ; ਨ ਕਰਿ ਮੂਰਖ ਗਵਾਰਾ ! ॥  ਇਸੁ ਗਰਬ ਤੇ ਚਲਹਿ; ਬਹੁਤੁ ਵਿਕਾਰਾ ॥ (ਮ: ੩/੧੧੨੮), ਜੌ ਤੂੰ ਬ੍ਰਾਹਮਣੁ; ਬ੍ਰਹਮਣੀ ਜਾਇਆ ॥  ਤਉ; ਆਨ ਬਾਟ ਕਾਹੇ ਨਹੀ ਆਇਆ  ? ॥’’ (ਭਗਤ ਕਬੀਰ ਜੀ/੩੨੪) ਭਾਵ ਅਗਰ ਤੂੰ ਬ੍ਰਾਹਮਣੀ ਦੀ ਕੁੱਖੋਂ ਜਨਮ ਲੈਣ ਕਾਰਨ ਬ੍ਰਾਹਮਣ ਹੈਂ ਤਾਂ ਮਾਤਾ ਦੇ ਗਰਭ ਰਾਹੀਂ ਤਾਂ ਅਸੀਂ ਸੂਦਰ ਪੈਦਾ ਹੋਏ ਹਾਂ ਤੂੰ ਕਿਸੇ ਹੋਰ ਰਸਤੇ ਕਿਉਂ ਨਾ ਪੈਦਾ ਹੋਇਆ ?

(4). ਪੰਡਿਤ ਨੇ ਮਨ ਸ਼ੁੱਧਤਾ ਦੀ ਬਜਾਇ ਸਰੀਰਕ ਸਫ਼ਾਈ ਨੂੰ ਵੱਧ ਮਹੱਤਵ ਦਿੱਤਾ, ਤਾਂ ਜੋ ਤੀਰਥ ਇਸ਼ਨਾਨ, ਤੀਰਥ ਯਾਤ੍ਰਾ ਆਦਿ ਰਾਹੀਂ ਪੰਡਿਤਾਂ ਨਾਲ਼ ਮਿਲਾਪ ਕਰ ਜਜਮਾਨਾਂ ਦੀ ਕਮਾਈ ਨਾਲ਼ ਉਨ੍ਹਾਂ ਦੀਆਂ ਆਰਥਕ ਲੋੜਾਂ ਪੂਰੀਆਂ ਹੁੰਦੀਆਂ ਰਹਿਣ ਪਰ ਗੁਰਮਤਿ ਨੇ ਇਸ ਨੂੰ ਪਾਖੰਡ ਦੱਸਿਆ ਕਿਉਂਕਿ ਇਨ੍ਹਾਂ ਦਾ ਪ੍ਰਭਾਵ ਮਨ ’ਤੇ ਨਹੀਂ ਪੈਂਦਾ, ‘‘ਖਟੁ ਸਾਸਤ ਬਿਚਰਤ ਮੁਖਿ ਗਿਆਨਾ ॥ ਪੂਜਾ ਤਿਲਕੁ ਤੀਰਥ ਇਸਨਾਨਾ ॥ ਨਿਵਲੀ ਕਰਮ ਆਸਨ ਚਉਰਾਸੀਹ; ਇਨ ਮਹਿ ਸਾਂਤਿ ਨ ਆਵੈ ਜੀਉ ॥’’ (ਮ: ੫/੯੮) ਪਰ ਗੁਰਬਾਣੀ ਨੇ ‘‘ਮਮਾ; ਮਨ ਸਿਉ ਕਾਜੁ ਹੈ; ਮਨ ਸਾਧੇ ਸਿਧਿ ਹੋਇ ॥’’ (ਭਗਤ ਕਬੀਰ ਜੀ/੩੪੨) ਬਖਿਆਨ ਕੀਤਾ। ‘ਮਨ ਸਾਧੇ ਸਿਧਿ ਹੋਇ’ ਤੋਂ ਭਾਵ ਮਨ ਨੂੰ ਕਾਬੂ (ਸ਼ੁੱਧ) ਕੀਤਿਆਂ ਹੀ ਸਫਲਤਾ ਮਿਲਦੀ ਹੈ, ਨਾ ਕਿ ਕੇਵਲ ਸਰੀਰਕ ਸਫ਼ਾਈ ਨਾਲ਼।

(5). ਪੰਡਿਤ ਰੀਤੀ ਅਨੁਸਾਰ ਛੇ ਕਰਮ (ਵਿਦਿਆ ਆਪ ਪੜ੍ਹਨੀ ਤੇ ਜਜਮਾਨਾਂ ਨੂੰ ਪੜ੍ਹਾਉਣੀ, ਜੱਗ ਆਪ ਕਰਨਾ ਤੇ ਜਜਮਾਨਾਂ ਪਾਸੋਂ ਕਰਵਾਉਣਾ, ਦਾਨ ਆਪ ਲੈਣਾ ਅਤੇ ਜਜਮਾਨਾਂ ਪਾਸੋਂ ਦੇਣ ਦੀ ਪ੍ਰੇਰਨਾ) ਹਨ ਜਦਕਿ ਗੁਰਮਤਿ ਦੇ ਤਿੰਨ ਮੁੱਢਲੇ ਅਸੂਲ ਹਨ ‘ਕਿਰਤ ਕਰਨੀ, ਨਾਮ ਜਪਣਾ ਤੇ ਵੰਡ ਛੱਕਣਾ’।  ਵੰਡ ਉਹੀ ਸਕਦਾ ਹੈ ਜਿਸ ਪਾਸ ਕੁਝ ਹੋਵੇ ਭਾਵ ਸੱਚੀ ਕਿਰਤ ਕਰੇ, ‘‘ਘਾਲਿ ਖਾਇ; ਕਿਛੁ ਹਥਹੁ ਦੇਇ ॥  ਨਾਨਕ ! ਰਾਹੁ ਪਛਾਣਹਿ ਸੇਇ ॥’’ (ਮ: ੧/੧੨੪੫), ਪਰ ਪੰਡਿਤ, ‘‘ਗਿਆਨ ਵਿਹੂਣਾ; ਗਾਵੈ ਗੀਤ ॥  ਭੁਖੇ ਮੁਲਾਂ; ਘਰੇ ਮਸੀਤਿ ॥  ਮਖਟੂ ਹੋਇ ਕੈ; ਕੰਨ ਪੜਾਏ ॥  ਫਕਰੁ ਕਰੇ; ਹੋਰੁ ਜਾਤਿ ਗਵਾਏ ॥  ਗੁਰੁ ਪੀਰੁ ਸਦਾਏ; ਮੰਗਣ ਜਾਇ ॥  ਤਾ ਕੈ ਮੂਲਿ ਨ ਲਗੀਐ ਪਾਇ ॥’’  (ਮ: ੧/੧੨੪੫), ਇਸ ਲਈ ‘‘ਬਾਮਨੁ ਗੁਰੂ ਹੈ ਜਗਤ ਕਾ; ਭਗਤਨ ਕਾ ਗੁਰੁ ਨਾਹਿ ॥ (ਭਗਤ ਕਬੀਰ ਜੀ/੧੩੭੭), ਪੰਡਿਤ ਮੁਲਾਂ; ਜੋ ਲਿਖਿ ਦੀਆ ॥  ਛਾਡਿ ਚਲੇ ਹਮ; ਕਛੂ ਨ ਲੀਆ ॥’’ (ਭਗਤ ਕਬੀਰ ਜੀ/੧੧੫੯) ਕਿਉਂਕਿ ‘‘ਹਿੰਦੂ ਅੰਨ੍ਹਾ; ਤੁਰਕੂ ਕਾਣਾ ॥  ਦੁਹਾਂ ਤੇ ਗਿਆਨੀ ਸਿਆਣਾ ॥  ਹਿੰਦੂ ਪੂਜੈ ਦੇਹੁਰਾ; ਮੁਸਲਮਾਣੁ ਮਸੀਤਿ ॥  ਨਾਮੇ ਸੋਈ ਸੇਵਿਆ; ਜਹ ਦੇਹੁਰਾ ਨ ਮਸੀਤਿ ॥’’ (ਭਗਤ ਨਾਮਦੇਵ/੮੭੫) ਭਾਵ ਨਾਮਦੇਵ ਜੀ ਨੇ ਉਸ ਦੀ ਪੂਜਾ ਕੀਤੀ ਜੋ ਕੇਵਲ ਦੇਹੁਰੇ (ਮੰਦਿਰ) ਜਾਂ ਮਸਜਿਦ ਤੱਕ ਸੀਮਤ ਨਹੀਂ ਬਲਕਿ ਹਰ ਥਾਂ ਵਿਆਪਕ ਹੈ, ਪਸਰਿਆ ਹੋਇਆ ਹੈ।

ਗੁਰਬਾਣੀ ਦਾ ਮਨੋਰਥ ਕਿਸੇ ਵਿਸ਼ੇਸ਼ ਵਰਗ (ਹਿੰਦੂ ਸਮਾਜ ਜਾਂ ਇਸਲਾਮ) ਨਾਲ਼ ਨਫ਼ਰਤ ਕਰਨਾ ਨਹੀਂ ਰਿਹਾ। ਇਸ ਦੀ ਮਿਸਾਲ ਹੈ ਭਗਤ ਰਾਮਾਨੰਦ ਜੀ ਬ੍ਰਾਹਮਣ ਅਤੇ ਬਾਬ ਫ਼ਰੀਦ ਜੀ ਮੁਸਲਮਾਨ ਦੀ ਬਾਣੀ ਨੂੰ ਗੁਰੂ ਗ੍ਰੰਥ ਸਾਹਿਬ ਅੰਦਰ ਇਕੱਠਿਆਂ ਸ਼ਾਮਲ ਕਰਨਾ।  ਗੁਰਬਾਣੀ ’ਚ ਸਿਧਾਂਤ ਹੀ ਸਰਬੋਤਮ ਮੰਨਿਆ ਗਿਆ ਹੈ; ਜਿਵੇਂ ਕਿ ਭਗਤ ਰਾਮਾਨੰਦ ਜੀ ਦੇ ਵਚਨ ਹਨ ਕਿ ਇੱਕ ਵਾਰ ਰੱਬ ਨੂੰ ਪੂਜਣ ਲਈ ਮੈਂ ਬ੍ਰਹਮ ਸਥਾਨ (ਮੰਦਿਰ) ’ਚ ਗਈ (ਗਿਆ), ਪਰ ਗੁਰੂ ਨੇ ਕਿਹਾ ਕਿ ਉਹ ਤਾਂ ਤੇਰੇ ਅੰਦਰ ਹੈ, ਤਦ ਤੋਂ ਮੈਨੂੰ ਇਉਂ ਜਾਪਿਆ ਕਿ ਬਾਹਰ ਜਿੱਥੇ ਜਾਈਦਾ ਹੈ ਉੱਥੇ ਕੇਵਲ ਪਾਣੀ (ਤੀਰਥ) ਜਾਂ ਪੱਥਰ (ਮੂਰਤੀਆਂ) ਹਨ ਪਰ ਹੇ ਮਾਲਕ ! ਤੂੰ ਤਾਂ ਸਰਬ ਵਿਆਪਕ ਹੈਂ, ਵੇਦ, ਪੁਰਾਣ ਦੀ ਖੋਜ ਅਤੇ ਉਨ੍ਹਾਂ ਦੇ ਕਹੇ ਅਨੁਸਾਰ (ਭਾਵ ਉੱਧਰ ਨੂੰ) ਤਾਂ ਜਾਈਏ ਜੇ ਇੱਥੇ (ਭਾਵ ਮੇਰੇ ਨੇੜੇ, ਮੇਰੇ ਅੰਦਰ) ਨਾ ਹੋਵੇ ਤਾਂ ਤੇ ਹੇ ਸਤਿਗੁਰੂ ਜੀਓ! ਮੈਂ ਤੇਰੇ ਤੋਂ ਕੁਰਬਾਨ ਜਾਂਦਾ ਹਾਂ ਜਿਨ੍ਹਾਂ ਨੇ ਮੇਰੀ ਤੰਗਦਿਲ ਦੇ ਸੰਗਲ (ਭਰਮ) ਕੱਟੇ, ‘‘ਪੂਜਨ ਚਾਲੀ ਬ੍ਰਹਮ ਠਾਇ ॥  ਸੋ ਬ੍ਰਹਮੁ ਬਤਾਇਓ; ਗੁਰ ਮਨ ਹੀ ਮਾਹਿ ॥੧॥  ਜਹਾ ਜਾਈਐ; ਤਹ ਜਲ ਪਖਾਨ ॥  ਤੂ ਪੂਰਿ ਰਹਿਓ ਹੈ; ਸਭ ਸਮਾਨ ॥  ਬੇਦ ਪੁਰਾਨ ਸਭ ਦੇਖੇ ਜੋਇ ॥  ਊਹਾਂ ਤਉ ਜਾਈਐ; ਜਉ ਈਹਾਂ ਨ ਹੋਇ ॥੨॥  ਸਤਿਗੁਰ !  ਮੈ ਬਲਿਹਾਰੀ ਤੋਰ ॥  ਜਿਨਿ ਸਕਲ ਬਿਕਲ ਭ੍ਰਮ ਕਾਟੇ ਮੋਰ ॥’’ (ਭਗਤ ਰਾਮਾਨੰਦ/੧੧੯੫) ਅਜਿਹਾ ਦੀ ਉਪਦੇਸ਼ ਬਾਬਾ ਫ਼ਰੀਦ ਜੀ ਦੇ ਰਹੇ ਹਨ, ‘‘ਫਰੀਦਾ ਜੰਗਲੁ ਜੰਗਲੁ ਕਿਆ ਭਵਹਿ ?  ਵਣਿ ਕੰਡਾ ਮੋੜੇਹਿ ॥  ਵਸੀ ਰਬੁ ਹਿਆਲੀਐ; ਜੰਗਲੁ ਕਿਆ ਢੂਢੇਹਿ  ?॥’’  (ਬਾਬਾ ਫਰੀਦ ਜੀ/੧੩੭੮) ਪਦ ਅਰਥ: ਵਣਿ- ਜੰਗਲ ਵਿੱਚ, ਕੰਡਾ-ਸੂਲਾਂ, ਮੋੜਿਹਿ- ਮੋੜਦਾ ਫਿਰਦਾ ਹੈਂ, ਲਤਾੜਦਾ (ਮਿੱਧਦਾ) ਫਿਰਦਾ ਹੈਂ, ਹਿਆਲੀਐ-ਹਿਰਦੇ ਵਿੱਚ।

ਗੁਰੂ ਨਾਨਕ ਪਾਤਿਸ਼ਾਹ ਨੇ ਜਿੱਥੇ ਆਪਣੀ ਨਿਵੇਕਲੀ ਸੋਚ ਤੇ ਆਦਰਸ਼ ਕਿਰਦਾਰ, ਲੁਕਾਈ ਨੂੰ 40-50 ਹਜ਼ਾਰ ਕਿਲੋ ਮੀਟਰ ਪੈਦਲ ਚੱਲ ਕੇ ਸਮਝਾਈ/ਸਮਝਾਇਆ ਉੱਥੇ ਸਮਾਜਕ ਪ੍ਰਚਲਿਤ ਗ਼ਲਤ ਮਨੌਤਾਂ ਨੂੰ ਦ੍ਰਿੜ੍ਹਤਾ ਤੇ ਦਲੇਰੀ ਨਾਲ਼ ਰੱਦ ਵੀ ਕੀਤਾ।  ਮੰਦਿਰਾਂ ’ਚ ਹੁੰਦੀ ਦੀਵਿਆਂ ਨਾਲ਼ ਆਰਤੀ ਨੂੰ ‘‘ਗਗਨ ਮੈ ਥਾਲੁ, ਰਵਿ ਚੰਦੁ ਦੀਪਕ ਬਨੇ; ਤਾਰਿਕਾ ਮੰਡਲ, ਜਨਕ ਮੋਤੀ ॥…. ਕੈਸੀ ਆਰਤੀ ਹੋਇ ॥ ਭਵ ਖੰਡਨਾ !  ਤੇਰੀ ਆਰਤੀ ॥ ਅਨਹਤਾ ਸਬਦ ਵਾਜੰਤ ਭੇਰੀ ॥੧॥ ਰਹਾਉ ॥ (ਮ: ੧/੧੩) ਉਚਾਰ ਕੇ ਸੌੜੀ ਸੋਚ ’ਚ ਉਤੇਜਨਾ ਪੈਦਾ ਕੀਤੀ, ਕੁੰਭ ਦੌਰਾਨ ਹਰਦੁਆਰ ਵਿਖੇ ਦਿੱਤੇ ਜਾ ਰਹੇ ਪਿੱਤਰਾਂ ਨੂੰ (ਸੂਰਜ ਵੱਲ ਸੁੱਟ ਕੇ) ਗੰਗਾ ਦੇ ਪਾਣੀ ਵਾਲ਼ੀ ਮਨੌਤ ਨੂੰ ਪੱਛਮ (ਕਰਤਾਰਪੁਰ) ਵੱਲ ਪਾਣੀ ਸੁੱਟ ਕੇ ਝੂਠਾ ਸਾਬਤ ਕੀਤਾ, ਜੋਗੀਆਂ ਦੀਆਂ ਗੁਫ਼ਾਵਾਂ ’ਚ ਜਾ ਕੇ ਕੀਤੀ ਗਈ ਵਿਚਾਰ-ਚਰਚਾ ਦੌਰਾਨ ਆਪਣੀ ਹਾਰ ਹੁੰਦੀ ਵੇਖ ਭਰਥਰੀ ਯੋਗੀ ਨੇ ਪੁੱਛਿਆ ਕਿ ਤੇਰੇ ਅੰਦਰ ਕਿਹੜੀ ਕਰਾਮਾਤ ਹੈ, ਜੋ ਤੈਨੂੰ ਇੱਥੇ (ਸਾਡੇ ਪਾਸ ਪਹਾੜਾਂ ’ਚ) ਲੈ ਆਈ, ਦੇ ਜਵਾਬ ’ਚ ਗੁਰੂ ਜੀ ਨੇ ਕਿਹਾ, ‘‘ਸੁਣਿ ਭਰਥਰਿ ! ਨਾਨਕੁ ਕਹੈ ਬੀਚਾਰੁ ॥ ਨਿਰਮਲ ਨਾਮੁ; ਮੇਰਾ ਆਧਾਰੁ ॥’’ (ਮ: ੧/੪੧੨)

ਧਰਮ; ਮਨੁੱਖ ਦੇ ਮਨੋਬਲ ਨੂੰ ਉੱਚਾ ਚੁੱਕਦਾ ਹੈ। ਉਕਤ ਕੀਤੀ ਗਈ ਵਿਚਾਰ ਕਿ ਪੰਡਿਤਾਂ ਦੁਆਰਾ ‘‘ਅੰਤਰਿ ਪੂਜਾ, ਪੜਹਿ ਕਤੇਬਾ; ਸੰਜਮੁ ਤੁਰਕਾ ਭਾਈ ॥’’ ਦੇ ਮੁਕਾਬਲੇ ਗੁਰੂ ਨਾਨਕ ਸਾਹਿਬ ਜੀ ਵੱਲੋਂ ਬਾਬਰ ਨੂੰ ਉਸ ਦੇ ਸਨਮੁਖ ਜਾਬਰ (ਜ਼ਾਲਮ) ਕਹਿਣਾ, ਮੱਕੇ ਜਾ ਕੇ ਆਪਣੇ ਪੈਰ ਉਸ ਤਰਫ਼ ਕਰਨ ਨੂੰ ਕਹਿਣਾ ਜਿੱਧਰ ਖ਼ੁੱਦਾ ਦਾ ਘਰ ਨਾ ਹੋਵੇ ਅਤੇ ਧਾਰਮਿਕ ਆਗੂ ਕਾਜ਼ੀ, ਪੰਡਿਤ ਤੇ ਜੋਗੀ, ਜੋ ਕਿ ਲੁਕਾਈ ਦੀ ਰਹਿਨੁਮਾਈ ਕਰਦੇ ਸਨ, ਨੂੰ ਬੁਲੰਦ ਹੌਸਲੇ (ਸਾਹਸ) ਨਾਲ਼, ‘‘ਕਾਦੀ; ਕੂੜੁ ਬੋਲਿ ਮਲੁ ਖਾਇ ॥  ਬ੍ਰਾਹਮਣੁ ਨਾਵੈ; ਜੀਆ ਘਾਇ ॥  ਜੋਗੀ; ਜੁਗਤਿ ਨ ਜਾਣੈ ਅੰਧੁ ॥  ਤੀਨੇ; ਓਜਾੜੇ ਕਾ ਬੰਧੁ ॥’’ (ਮ: ੧/੬੬੨) ਕਹਿਣਾ, ਕਿਸੇ ਬੁੱਝਦਿਲ ਜਾਂ ਕਮਜੋਰ ਜੀਵਨ ਦੀ ਆਵਾਜ਼ ਨਹੀਂ । ਗੁਰੂ ਸਾਹਿਬਾਨ ਨੂੰ ਆਪਣੇ ਵਚਨਾਂ ਉੱਤੇ ਪੂਰਾ ਵਿਸ਼ਵਾਸ ਰਿਹਾ ਹੈ ਕਿ ‘‘ਹਰਿ ਬਿਨੁ, ਕੋਈ ਮਾਰਿ ਜੀਵਾਲਿ ਨ ਸਕੈ; ਮਨ !  ਹੋਇ ਨਿਚਿੰਦ, ਨਿਸਲੁ ਹੋਇ ਰਹੀਐ ॥’’ (ਮ: ੪/੫੯੪)

ਦੂਸਰੇ ਪਾਸੇ ਪੰਡਿਤ, ਜੋ ਜਜਮਾਨਾਂ ਪਾਸੋਂ ਸਭ ਕੁਝ ਦਾਨ ਲੈਣ ਉਪਰੰਤ ਉਨ੍ਹਾਂ ਨੂੰ ਕਰਵਤ (ਆਰੇ) ਨਾਲ਼ ਆਪਣਾ ਸਰੀਰ ਚਿਰਵਾਉਣ ਉਪਰੰਤ ਸੁਰਗ ਮਿਲਣ ਦੀ ਲਾਲਸਾ ਅਧੀਨ ਨਰਸੰਘਾਰ ਕਰਦਾ ਰਿਹਾ, ਸਤੀ ਪ੍ਰਥਾ ਦੇ ਨਾਂ ’ਤੇ ਔਰਤਾਂ ਨੂੰ ਪਤੀ ਦੀ ਚਿਖਾ ’ਤੇ ਬੈਠਾ-ਬੈਠਾ ਮਾਰਦਾ ਰਿਹਾ, ਦਾ ਵਿਰੋਧ ਗੁਰੂ ਜੀ ਨੇ ਇਉਂ ਕੀਤਾ, ‘‘ਅਰਧ ਸਰੀਰੁ ਕਟਾਈਐ; ਸਿਰਿ ਕਰਵਤੁ ਧਰਾਇ ॥ ਤਨੁ ਹੈਮੰਚਲਿ ਗਾਲੀਐ; ਭੀ ਮਨ ਤੇ ਰੋਗੁ ਨ ਜਾਇ ॥ ਹਰਿ ਨਾਮੈ ਤੁਲਿ ਨ ਪੁਜਈ; ਸਭ ਡਿਠੀ ਠੋਕਿ ਵਜਾਇ ॥ (ਮ: ੧/੬੨), ਸਤੀਆ ਏਹਿ ਨ ਆਖੀਅਨਿ; ਜੋ ਮੜਿਆ ਲਗਿ ਜਲੰਨਿ੍ ॥  ਨਾਨਕ ! ਸਤੀਆ ਜਾਣੀਅਨਿ੍; ਜਿ ਬਿਰਹੇ ਚੋਟ ਮਰੰਨਿ੍ ॥’’ (ਮ: ੩/੭੮੭), ਜਿਨ੍ਹਾਂ ਰਾਜਿਆਂ ਨੂੰ ਰੱਬ ਮੰਨ ਕੇ ਜਾਂ ਮਜਬੂਰੀ ’ਚ ਖ਼ੁਸ਼ਾਮਦ ਕਰ ਪੰਡਿਤ ਆਪਣਾ ਵਕਤ ਲੰਘਾਉਂਦਾ ਰਿਹਾ, ਗੁਰੂ ਜੀ ਨੇ ਉਨ੍ਹਾਂ ਨੂੰ ‘‘ਅੰਧਾ ਆਗੂ ਜੇ ਥੀਐ; ਕਿਉ ਪਾਧਰੁ ਜਾਣੈ  ?॥  ਆਪਿ ਮੁਸੈ ਮਤਿ ਹੋਛੀਐ ? ਕਿਉ ਰਾਹੁ ਪਛਾਣੈ ॥ (ਮ: ੧/੭੬੭), ਅੰਧੇ ਕੈ ਰਾਹਿ ਦਸਿਐ; ਅੰਧਾ ਹੋਇ, ਸੁ ਜਾਇ ॥  ਹੋਇ ਸੁਜਾਖਾ ਨਾਨਕਾ ! ਸੋ ਕਿਉ ਉਝੜਿ ਪਾਇ ॥’’  (ਮ: ੨/੯੫੪) ਕਹਿ ਕੇ ਸ਼ਰਮਸਾਰ ਕੀਤਾ।

 ਮਨੁੱਖੀ ਮਨੋਬਲ ਨੂੰ ਡੇਗਣ ਅਤੇ ਪਰਿਵਾਰਕ ਰਿਸ਼ਤਿਆਂ ਨੂੰ ਕਮਜੋਰ ਕਰਨ ’ਚ ਨਸ਼ਾ ਵੱਡੀ ਰੁਕਾਵਟ ਰਿਹਾ ਹੈ,  ਗੁਰੂ ਜੀ ਨੇ ‘‘ਭਾਂਗ ਮਾਛੁਲੀ ਸੁਰਾ ਪਾਨਿ…॥’’ ਦੇ ਸੇਵਨ ਕਰਨ ਵਾਲ਼ਿਆਂ ਦੀ ਸੋਚ ਦੇ ਵਿਪਰੀਤ ਖੁੱਲ੍ਹ ਕੇ ਵਿਚਾਰ ਰੱਖੇ, ‘‘ਜਿਤੁ ਪੀਤੈ ਮਤਿ ਦੂਰਿ ਹੋਇ; ਬਰਲੁ ਪਵੈ ਵਿਚਿ ਆਇ ॥  ਆਪਣਾ ਪਰਾਇਆ ਨ ਪਛਾਣਈ; ਖਸਮਹੁ ਧਕੇ ਖਾਇ ॥ ਜਿਤੁ ਪੀਤੈ ਖਸਮੁ ਵਿਸਰੈ; ਦਰਗਹ ਮਿਲੈ ਸਜਾਇ ॥ ਝੂਠਾ ਮਦੁ ਮੂਲਿ ਨ ਪੀਚਈ; ਜੇ ਕਾ ਪਾਰਿ ਵਸਾਇ ॥’’ (ਮ: ੩/੫੫੪), ਕੁਦਰਤ ਵੱਲੋਂ ਮਿਲੀ ਸਾਬਤ ਸੂਰਤ ਨੂੰ ਜਿਉਂ ਦਾ ਤਿਉਂ ਬਣਾਏ ਰੱਖਣਾ ਰੱਬੀ ਬਖ਼ਸ਼ਸ਼ ’ਤੇ ਬਣੇ ਭਰੋਸੇ ਦਾ ਪ੍ਰਤੀਕ ਹੁੰਦਾ ਹੈ ਪਰ ਜਿਨ੍ਹਾਂ ਨੇ ‘‘ਸਿਖ ਸਾਖਾ ਬਹੁਤੇ ਕੀਏ; ਕੇਸੋ ਕੀਓ ਨ ਮੀਤੁ ॥ ਚਾਲੇ ਥੇ ਹਰਿ ਮਿਲਨ ਕਉ; ਬੀਚੈ ਅਟਕਿਓ ਚੀਤੁ ॥’’ (ਭਗਤ ਕਬੀਰ ਜੀ/੧੩੬੯) ਚੇਲਿਆਂ ਦੀ ਗਿਣਤੀ ਨੂੰ ਵਧਾਇਆ, ਉਨ੍ਹਾਂ ਸਾਬਤ ਸੂਰਤ ਬਾਰੇ ਬੋਲਣਾ ਉਚਿਤ ਨਾ ਸਮਝਿਆ, ਪਰ ਗੁਰਬਾਣੀ ਨੇ ਕੇਸ ਰੱਖਣ ਅਤੇ ਸੁੰਨਤ ਨਾ ਕਰਵਾਉਣ ਬਾਰੇ ਬੁਲੰਦ ਆਵਾਜ਼ ਕੀਤੀ, ‘‘ਸਾਬਤ ਸੂਰਤਿ ਦਸਤਾਰ ਸਿਰਾ ॥ (ਮ: ੫/੧੦੮੪),  ਸੁੰਨਤਿ ਕੀਏ ਤੁਰਕੁ ਜੇ ਹੋਇਗਾ; ਅਉਰਤ ਕਾ ਕਿਆ ਕਰੀਐ  ?॥  ਅਰਧ ਸਰੀਰੀ ਨਾਰਿ ਨ ਛੋਡੈ; ਤਾ ਤੇ ਹਿੰਦੂ ਹੀ ਰਹੀਐ ॥’’ (ਭਗਤ ਕਬੀਰ ਜੀ/੪੭੭) ਵਚਨ ਕਰਨ ਉਪਰੰਤ ਹਿੰਦੂ ਸੋਚ ਨਾਲ਼ ਵੀ ਅਸਹਿਮਤੀ ਜਤਾਈ, ‘‘ਕਬੀਰ ! ਮਨੁ ਮੂੰਡਿਆ ਨਹੀ; ਕੇਸ ਮੁੰਡਾਏ ਕਾਂਇ  ?॥  ਜੋ ਕਿਛੁ ਕੀਆ, ਸੋ ਮਨ ਕੀਆ; ਮੂੰਡਾ ਮੂੰਡੁ ਅਜਾਂਇ ॥’’ (ਭਗਤ ਕਬੀਰ ਜੀ/੧੩੬੯)

ਭਾਵੇਂ ਕਿ ਵਿਗਿਆਨਕ ਕਾਢਾਂ ਮਾਤਰ 150-200 ਸਾਲ ਪਹਿਲਾਂ ਦੀ ਦੇਣ ਹਨ ਪਰ ਗੁਰੂ ਨਾਨਕ ਸਾਹਿਬ ਨੇ 500 ਸਾਲ ਪਹਿਲਾਂ ਹੀ ਸਿੱਧ ਕਰ ਦਿੱਤਾ ਕਿ ਹਵਾ (ਹਾਈਡਰੋਜਨ ਤੇ ਆਕਸੀਜਨ) ਤੋਂ ਪਾਣੀ ਬਣਿਆ, ਪਾਣੀ ਤੋਂ ਜੀਵ, ਜਿਸ ਅਕਾਲ ਪੁਰਖ ਤੋਂ ਹਵਾ ਬਣੀ ਉਹੀ ਆਪਣੀ ਜਗਤ ਰਚਨਾ ਵਿੱਚ ਫੈਲਿਆ ਹੋਇਆ ਹੈ, ਵਿਆਪਕ ਹੈ, ‘‘ਸਾਚੇ ਤੇ ਪਵਨਾ ਭਇਆ; ਪਵਨੈ ਤੇ ਜਲੁ ਹੋਇ ॥  ਜਲ ਤੇ ਤ੍ਰਿਭਵਣੁ ਸਾਜਿਆ; ਘਟਿ ਘਟਿ ਜੋਤਿ ਸਮੋਇ ॥ (ਮ: ੧/੧੯), ਜਿਨ੍ਹਾਂ ਤਾਰਿਆਂ ਦੇ ਪ੍ਰਭਾਵ ਤੋਂ ਪੰਡਿਤ; ਲੋਕਾਂ ਨੂੰ ਪ੍ਰਭਾਵਤ ਕਰਦਾ ਆ ਰਿਹਾ ਸੀ, ਗੁਰੂ ਜੀ ਨੇ ਉਨ੍ਹਾਂ ਨੂੰ ਰੱਬੀ ਡਰ ’ਚ ਵਿਚਰਦੇ ਵਿਖਾਇਆ, ‘‘ਭੈ ਵਿਚਿ ਸੂਰਜੁ; ਭੈ ਵਿਚਿ ਚੰਦੁ ॥’’ (ਮ: ੧/੪੬੪), ਆਕਾਸ਼ ਗੰਗਾ ਬਾਰੇ ‘‘ਕੇਤੇ ਇੰਦ, ਚੰਦ ਸੂਰ ਕੇਤੇ; ਕੇਤੇ ਮੰਡਲ ਦੇਸ ॥’’ (ਜਪੁ) ਵਚਨ ਕੀਤੇ।  ਜਗਤ ਰਚਨਾ, ‘‘ਕੀਤਾ ਪਸਾਉ, ਏਕੋ ਕਵਾਉ ॥’’ ਰਾਹੀਂ ਪੈਦਾ ਹੁੰਦੀ ਪ੍ਰਗਟ ਕਰ ਰੱਬੀ ਸ਼ਕਤੀ ਨੂੰ ਅਥੱਕ ਬਿਆਨਿਆ, ਜੋ ਇਸਾਈ ਮਤ ਦੀ ਇਹ ਸੋਚ ਕਿ ਸੋਮਵਾਰ ਨੂੰ ਇਹ ਬਣਿਆ, ਮੰਗਲਵਾਰ ਨੂੰ ਓਹ ਅਤੇ ਐਤਵਾਰ ਨੂੰ ਪ੍ਰਭੂ ਨੇ ਆਰਾਮ ਕੀਤਾ ਭਾਵ ਰਚਨਾ ਕਰਦਿਆਂ ਪ੍ਰਭੂ ਥੱਕ ਗਿਆ, ਨੂੰ ਝੁਠਲਾਉਣਾ ਸੀ।

ਜਦ ਮਾਨਵ ਹਿੱਤਕਾਰੀ ਕਾਰਜ (ਧਰਮ) ਦੇ ਨਾਂ ’ਤੇ ਕੋਈ ਆਪਣੀ ਸੌੜੀ (ਕਰਮਕਾਂਡੀ) ਸੋਚ ਨੂੰ ਮਨੁੱਖਾਂ ’ਤੇ ਥੋਪਣਾ ਚਾਹੁੰਦਾ ਹੋਵੇ ਤਾਂ ਲੋਕਤੰਤਰੀ ਪ੍ਰਣਾਲੀ, ਜਿੱਥੇ ਸਮਝਦਾਰੀ ਦੀ ਜਗ੍ਹਾ ਵੋਟ ਗਿਣਤੀ ਦਾ ਮੁੱਲ ਵੱਧ ਪੈਂਦਾ ਹੋਵੇ, ’ਚ ਰਾਜ ਸੱਤਾ ਪ੍ਰਾਪਤ ਕਰ ਉਸ ਦੇ ਦੁਰਪ੍ਰਯੋਗ ਦੀ ਮਨਸ਼ਾ ਨਾਲ਼ ‘‘ਅੰਧੀ ਰਯਤਿ, ਗਿਆਨ ਵਿਹੂਣੀ..॥’’ (ਮ: ੧/੪੬੯) ਨੂੰ ਛਲ-ਕਪਟ ਰਾਹੀਂ ਵਰਗਲਾਇਆ ਜਾਂ ਜਜ਼ਬਾਤੀ ਬਣਾ ਲਿਆ ਜਾਂਦਾ ਹੈ, ਤਾਂ ਜੋ ਅਖੌਤੀ ਸਮਾਜਕ ਏਕਤਾ ਪੈਦਾ ਕਰ ਵਕਤੀ ਰਾਜੇ, ਵੋਟ ਲੈਣ ਲਈ ਉਨ੍ਹਾਂ ਦੇ ਤਲੇ ਚੱਟਣ ਭਾਵ ਉਨ੍ਹਾਂ ਲਈ ਗ਼ੈਰ ਸਿਧਾਂਤਕ ਵਰਗ ਨੂੰ ਖ਼ਤਮ ਕਰਨ, ਵਾਲ਼ੀ ਮੰਗ ਮੰਨਣ। ਇਹੀ ਕੁੱਝ ਇੰਦਰਾਗਾਂਧੀ ਨੇ ਸੰਨ 1984 ’ਚ ਪੰਡਿਤਾਂ ਨੂੰ ਖ਼ੁਸ਼ ਕਰਨ ਲਈ ਕੀਤਾ ਤੇ ਹੁਣ ਆਰ. ਐੱਸ. ਐੱਸ. ਸਮੇਤ ਉਸ ਦੀ ਬੀ ਟੀਮ ਭਾਜਪਾ ਕਰ ਰਹੀ ਹੈ, ਤਾਂ ਜੋ ਇਨਸਾਫ਼ ਦੇ ਦਰਵਾਜ਼ੇ ਸਦੀਵੀ ਬੰਦ ਕੀਤੇ ਜਾ ਸਕਣ ।  ਸਾਡੇ ਆਪਣੇ ਲੀਡਰ ਵੀ ਆਪਣੀਆਂ ਵਜ਼ੀਰੀਆਂ-ਜਗੀਰੀਆਂ ਤੱਕ ਸੀਮਤ ਰਹਿ ਕੇ ਪੰਥਕ ਵੋਟ ਸ਼ਕਤੀ ਨੂੰ ਉਨ੍ਹਾਂ ਪਾਸ ਗਿਰਵੀ ਰੱਖਦੇ ਆ ਰਹੇ ਹਨ ਅਤੇ ਅਸੀਂ ਜਾਣੇ-ਅਣਜਾਣੇ ਇਨ੍ਹਾਂ ਨੂੰ ਪੰਥ ਹਿਤੈਸੀ ਮੰਨਣ ਦੀ ਭੁੱਲ ਕਰਦੇ ਆ ਰਹੇ ਹਾਂ।

ਧਰਮ; ਰੱਬੀ ਪ੍ਰੇਮ, ਸਮਾਨਤਾ, ਆਪਸੀ ਪਿਆਰ, ਸੁਤੰਤਰਤਾ, ਇਨਸਾਫ਼ ਤੇ ਹੱਥੀਂ ਮਿਹਨਤ ਕਰਨਾ ਸਿਖਾਉਂਦਾ ਹੈ ਜਦਕਿ ਕਰਮਕਾਂਡ; ਅਨੇਕਤਾ (ਫੁੱਟ ਪਾਓ), ਸਮਾਜਕ ਵੰਡ, ਭਰਮ, ਅੰਧ ਵਿਸ਼ਵਾਸ ਤੇ ਹੋਰਨਾਂ ’ਤੇ ਨਿਰਭਰ ਰਹਿਣਾ ਸਿਖਾਉਂਦੇ ਹਨ ਤੇ ਗਿਆਨ ਵਿਹੂਣੀ ਪਰਜਾ ਤੋਂ ਧੱਕੇ (ਕੱਟੜਤਾ ਜਾਂ ਲਾਲਚ) ਨਾਲ਼ ਆਪਣੀ ਪ੍ਰਭਤਾ ਕਾਇਮ ਕਰਵਾਉਂਦੇ ਹਨ। ਆਰ. ਐੱਸ. ਐੱਸ. ਨੇ 1947 ’ਚ ਅੰਗਰੇਜ਼ਾਂ ਦੀ ਹਮਾਇਤ ਕਰ ਭਾਰਤ ਦੀ ਆਜ਼ਾਦੀ ਦਾ ਵਿਰੋਧ ਕੀਤਾ ਸੀ। ਆਖ਼ਿਰ ਸਦੀਆਂ ਤੋਂ ਗ਼ੁਲਾਮ ਹਿੰਦੂ ਜਨਤਾ ਨੂੰ ਆਜ਼ਾਦ ਕਿਉਂ ਨਹੀਂ ਹੋਣ ਦਿੱਤਾ ਜਾ ਰਿਹਾ ਸੀ ? ਇਸ ਦਾ ਜਵਾਬ ਹੈ ਕਿ ਤਾਨਾਸ਼ਾਹੀ (ਖ਼ੁਦਮੁਖਤਿਆਰੀ) ਹੀ ਲੋਕਤੰਤਰੀ ਅਧਿਕਾਰਾਂ ਦੀ ਦੁਸ਼ਮਣ ਹੁੰਦੀ ਹੈ, ਜੋ ਅਰਥਹੀਣ ਮਨੌਤਾਂ ਨੂੰ ਸਮਾਜ ’ਤੇ ਲਾਗੂ ਕਰਨ ’ਚ ਸਹਾਇਤਾ ਕਰਦੀ ਹੈ।  ਭਾਰਤ ਦੀ ਆਜ਼ਾਦੀ ਉਪਰੰਤ ਕਰਮਕਾਂਡੀਆਂ ਨੇ ਨਵੀਆਂ ਸਕੀਮਾਂ ਬਣਾ ਭਾਰਤੀ ਰਾਜਿਆਂ (ਲੀਡਰਾਂ) ਨੂੰ ਕਾਬੂ ਕਰਨਾ ਸਿੱਖ ਲਿਆ ਹੈ, ਰਾਜਨੀਤਕ ਪਾਰਟੀ ਭਾਵੇਂ ਕੋਈ ਵੀ ਹੋਵੇ। ਇਸ ਦਾ ਖ਼ਮਿਆਜ਼ਾ ਪੂਰਾ ਭਾਰਤ ਭੁਗਤ ਰਿਹਾ ਹੈ, ਜਿਨ੍ਹਾਂ ’ਚ ਸਿੱਖ ਵੀ ਬਰਾਬਰ ਦੇ ਜ਼ਿੰਮੇਵਾਰ ਹਨ ਕਿਉਂਕਿ ਇਨ੍ਹਾਂ ਪਾਸ ਤਾਂ ਗੁਰੂ ਗਿਆਨ (ਰੌਸ਼ਨੀ, ਅੱਖਾਂ) ਸੀ, ਫਿਰ ਵੀ ਗੁਰੂ ਵਚਨ ਨੂੰ ਆਧਾਰ ਬਣਾ, ਆਪਣੀ ਸ਼ਕਤੀ ਨੂੰ ਇਕੱਤਰ ਕਰ, ਚੰਗੀ ਲੀਡਰਸ਼ਿਪ ਪੈਦਾ ਕਰ, ਸਮਾਜ ’ਚ ਆਦਰਸ਼ ਜੀਵਨ ਕਿਉਂ ਨਹੀਂ ਪੇਸ਼ ਕੀਤਾ ਜਾ ਸਕਿਆ ?

1984 ’ਚ ਦਰਬਾਰ ਸਾਹਿਬ ਉੱਤੇ ਹੋਏ ਹਮਲੇ ਉਪਰੰਤ ਭਾਰਤ ਦੀ 8ਵੀਂ ਲੋਕ ਸਭਾ ’ਚ ਕਾਂਗਰਸ ਕੁੱਲ 533 ਸੀਟਾਂ ’ਚੋਂ 404 ਸੀਟਾਂ ਲੈ ਗਈ, ਜੋ ਹਥਲੀ ਵਿਚਾਰ ਅਨੁਕੂਲ ਹੀ ਹਨ, ਹੁਣ ਇਹੀ ਨੀਤੀ ਹਰ ਰਾਜਨੀਤਕ ਪਾਰਟੀ ਅਪਣਾਉਣ ਨੂੰ ਕਾਹਲ਼ੀ ’ਚ ਹੈ, ਇਸ ਲਈ ਘੱਟ ਗਿਣਤੀ ਵਰਗ ਨੂੰ ਇਨਸਾਫ਼ ਕਿੱਥੇ ? ਜਦ ਆਪਣੇ ਲੀਡਰ ਵੀ ਨਿੱਜੀ ਸੁਆਰਥ ਕਾਰਨ ਕੁਹਾੜੇ ਦਾ ਦਸਤਾ ਬਣੇ ਪਏ ਹੋਣ। ਫਿਰ ਭਾਵੇਂ 1984 ਹੋਵੇ ਜਾਂ ਬਰਗਾੜੀ ਕਾਂਡ ਸਮੇਤ ਹੋਰ ਥਾਂ ਕੀਤੀ ਗਈ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋਵੇ। ਭਾਜਪਾ ਆਗੂ ਲਾਲ ਕ੍ਰਿਸ਼ਨ ਅਡਵਾਨੀ ਨੇ ਇੰਦਰਾਗਾਂਧੀ ਨੂੰ ਦਰਬਾਰ ਸਾਹਿਬ ’ਤੇ ਤੁਰੰਤ ਹਮਲਾ ਕਰਨ ਲਈ ਉਕਸਾਇਆ, ਇਹ ਗੱਲ ਉਨ੍ਹਾਂ ਆਪਣੀ ਕਿਤਾਬ ’ਚ ਲਿਖੀ ਤੇ ਅਟਲ ਬਿਹਾਰੀ ਵਾਜਪਾਈ ਨੇ ਇੰਦਰਾਗਾਂਧੀ ਨੂੰ ਦੁਰਗਾ ਦਾ ਖ਼ਿਤਾਬ ਦਿੱਤਾ, ਇਹ ਸਭ ਹੱਥਕੰਡੇ ਪੰਡਿਤਾਂ ਨੂੰ ਖ਼ੁਸ਼ ਕਰਨ ਦੇ ਜ਼ਰੀਏ ਸਨ ਕਿਉਂਕਿ ਪੰਡਿਤ ਭਾਰਤ ’ਚ 3% ਹੋਣ ਦੇ ਬਾਵਜੂਦ 85% ਉੱਚ ਪਦਾਂ ’ਤੇ ਬੈਠੇ ਹਨ, ਜੋ ਹਰ ਸਰਕਾਰ ਨੂੰ ਬਣਾ ਅਤੇ ਡੇਗਣ ’ਚ ਸਮਰੱਥ ਹਨ।

ਸੋ ਸਾਨੂੰ ਗੁਰਬਾਣੀ ਮੁਤਾਬਕ ਆਪਣੇ ਅੰਦਰ ਅਣਖ, ਹਿੰਮਤ ਤੇ ਨਿਡਰਤਾ ਕਾਇਮ ਕਰ ਜਾਗਦੀ ਜ਼ਮੀਰ ਹੋਣ ਦਾ ਸਬੂਤ ਦੇਣਾ ਪਏਗਾ, ਜੋ ਗੁਰੂ ਸਿਧਾਂਤਾਂ ਨੂੰ ਸਰਬੋਤਮ ਮੰਨ, ਆਪਸੀ ਪਿਆਰ ਤੇ ਏਕਤਾ ਰੂਪੀ ਹਥਿਆਰਾਂ ਨਾਲ਼ ਗੰਦੀ ਰਾਜਨੀਤੀ ਤੋਂ ਛੁਟਕਾਰਾ ਪਾ, ਨਵੀਂ ਸੋਚ ਅੱਗੇ ਲਿਆਉਣੀ ਪਵੇਗੀ ਤਾਂ ਜੋ ਗੁਰੂ ਆਸ਼ੇ ਅਨੁਸਾਰ ਆਦਰਸ਼ ਜੀਵਨ ਪੈਦਾ ਕਰ ਸਮਾਜ ਨੂੰ ਵਿਲੱਖਣ ਗੁਰੂ ਉਪਦੇਸ਼ ਤੇ ਅਨੌਖੇ ਇਤਿਹਾਸ ਦੀ ਮਿਸਾਲ ਦੇ ਸਕੀਏ। ਇਨ੍ਹਾਂ ਗੁਣਾਂ ਨੂੰ ਸੁਰਜੀਤ ਕਰਨ ਲਈ ਹੀ ਗੁਰ ਪੁਰਬ ਆਦਿ ਦਿਹਾੜੇ ਮਨਾਉਣ ਦੀ ਪ੍ਰਥਾ ਕਾਇਮ ਕੀਤੀ ਗਈ ਸੀ, ਜਿਸ ’ਤੇ ਪਹਿਰਾ ਦੇਣਾ ਸਾਡਾ ਮੁੱਢਲਾ ਫ਼ਰਜ਼ ਹੈ।