ਗੁਰਬਾਣੀ ਵਿਚ ‘ਹ’ ਅੱਖਰ ਦੀ ਵਰਤੋਂ

0
928

ਗੁਰਬਾਣੀ ਵਿਚ ‘ਹ’ ਅੱਖਰ ਦੀ ਵਰਤੋਂ

ਸ. ਪ੍ਰੀਤਮ ਸਿੰਘ (ਕਰਨਾਲ) -94164-05173

ਗੁਰਮੁੱਖੀ ਲਿਪੀ ਵਿਚ 35 ਅੱਖਰ ਗਿਣੇ ਗਏ ਹਨ ਪਰ ਅੱਜ ਕਲ ਇਹ 35 ਤੋਂ 41 ਹੋ ਗਏ ਹਨ ਕਿਉਂਕਿ ਲੋੜ ਅਨੁਸਾਰ ਕੁਝ ਅੱਖਰਾਂ ਦੀ ਜ਼ਰੂਰਤ ਅੱਖਰਾਂ ਹੇਠ ਬਿੰਦੀ ਲਗਾ ਕੇ ਪੂਰੀ ਕੀਤੀ ਗਈ ਹੈ। ਇਹਨਾਂ 35 ਜਾਂ 41 ਅੱਖਰਾਂ ਵਿਚੋਂ ਤਿੰਨ ਅੱਖਰ ‘ੳ’ ‘ਅ’ ਅਤੇ ‘ੲ’ ਸ੍ਵਰ ਮੰਨੇ ਜਾਂਦੇ ਹਨ ਅਤੇ ਬਾਕੀ ਦੇ ਵਿਅੰਜਨ। ਇਕ ਅੱਖਰ ‘ਹ’ ਐਸਾ ਹੈ ਜੋ ਕਿ ਸ੍ਵਰ ਵੀ ਹੈ ਤੇ ਵਿਅੰਜਨ ਵੀ। ਦੋਨੋਂ ਤਰ੍ਹਾਂ ਇਸ ਦੀ ਵਰਤੋਂ ਕੀਤੀ ਜਾਂਦੀ ਹੈ। ਪਰ ਗੁਰਬਾਣੀ ਵਿਚ ‘ਹ’ ਦੀ ਵਰਤੋਂ ਸ੍ਵਰ ਕਰ ਕੇ ਬਹੁਤ ਜ਼ਿਆਦਾ ਹੋਈ ਹੈ। ਵਰਤੋਂ ਦੇ ਹਿਸਾਬ ਨਾਲ ਹੀ ਉਚਾਰਣ ਵਿਚ ਫ਼ਰਕ ਪੈਂਦਾ ਜਾਂਦਾ ਹੈ। ਜਿਸ ਦੀ ਵਿਆਖਿਆ ਹੇਠਾਂ ਵਿਸਥਾਰ ਸਹਿਤ ਕੀਤੀ ਗਈ ਹੈ।

ਨਾਂਵ ਜਾਂ ਪੜਨਾਂਵ ਸ਼ਬਦ ਦੇ ਅਖੀਰ ਵਿਚ ‘ਹ’ ਮੁਕਤਾ ਆਵੇ ਤਾਂ ਇਸ ਦਾ ਝੁਕਾਅ ‘ਾ’ (ਕੰਨਾ) ਵਲ ਹੁੰਦਾ ਹੈ। ਜਿਵੇਂ ਕਿ

ਸ਼ਬਦ ਉਚਾਰਣ ਅਰਥ ਗੁਰਬਾਣੀ ਪ੍ਰਮਾਣ

ਦਹ ਦਾਹ (ਦਸ, ਸੰਖਿਆਵਾਚਕ) ਦਹ ਦਿਸਿ ਧਾਵਹਿ ਕਰਮਿ ਲਿਖਿਆਸੁ॥ (੧੫੨)

ਅਲਹ ਅੱਲਾਹ (ਪਰਮਾਤਮਾ) ਅਲਹ ਅਲਖ ਅਪਾਰੁ॥ (੮੯੬)

ਦਰਗਹ ਦਰਗਾਹ (ਪਰਮਾਤਮਾ ਦਾ ਦਰ) ਗੁਰਮੁਖਿ ਦਰਗਹ ਮੰਨੀਅਹਿ, ਹਰਿ ਆਪਿ ਲਏ ਗਲਿ ਲਾਇ॥ (੪੨)

ਨਮਹ ਨਮਾਹ (ਨਮਸਕਾਰ) ਆਦਿ ਗੁਰਏ ਨਮਹ॥ ਜੁਗਾਦਿ ਗੁਰਏ ਨਮਹ॥ (ਸੁਖਮਨੀ ਸਾਹਿਬ) ਆਦਿ

ਜਦੋਂ ਉੱਤਮ ਪੁਰਖੀ ਬਹੁਵਚਨੀ ਕਿਰਿਆਵਾਚੀ ਸ਼ਬਦ ਦੇ ਅਖੀਰ ਵਿਚ ‘ਹ’ ਮੁਕਤਾ ਆਉਂਦਾ ਹੈ ਤਾਂ ਉਸ ਦਾ ਉਚਾਰਣ ਉਸ ਤੋਂ ਪਹਿਲੇ ਅੱਖਰ ’ਤੇ ਲਗੀਆਂ ਦੁਲਾਵਾਂ (ਬਿੰਦੀ ਸਾਹਿਤ) ( ੈਂ) ਨਾਲ ਹੁੰਦਾ ਹੈ। ਜਿਵੇਂ ਕਿ

ਕਰਹ ਕਰੈਂ (ਕਰੀਏ ਜਾਂ ਕਰਦੇ ਹਾਂ) ਆਵਹੁ ਸੰਤ ਪਿਆਰਿਹੁ ! ਅਕਥ ਕੀ ਕਰਹ ਕਹਾਣੀ॥ (ਅਨੰਦ ਸਾਹਿਬ)

ਗਾਵਹ ਗਾਵੈਂ (ਗਾਈਏ ਜਾਂ ਗਾਉਂਦੇ ਹਾਂ) ਮਿਲਿ ਗਾਵਹ ਗੁਣ ਅਗਮ ਅਪਾਰੇ॥ (੧੦੪)

ਚਾਲਹ ਚਾਲੈਂ (ਚਲੀਏ ਜਾਂ ਚਲਦੇ ਹਾਂ) ਹਮ ਅੰਧੁਲੇ ਅੰਧ ਬਿਖੈ ਬਿਖੁ ਰਾਤੇ ਕਿਉ ਚਾਲਹ ਗੁਰ ਚਾਲੀ॥ (੬੬੭) ਆਦਿ

ਅਗਰ ਨਾਂਵ ਜਾਂ ਪਵਨਾਂਵ ਸ਼ਬਦ ਦੇ ਅਖੀਰ ਵਿਚ ‘ਹ’ ਸਿਹਾਰੀ ()ਿ ਨਾਲ ਆਵੇ ਤਾਂ ਇਸ ਦਾ ਝੁਕਾਅ ਉਸ ਤੋਂ ਪਹਿਲੇ ਅੱਖਰ ’ਤੇ ਦੁਲਾਂਵਾਂ ( ੈ) ਵਲ ਹੁੰਦਾ ਹੈ। ਜਿਵੇਂ ਕਿ:

ਤਿਸਹਿ ਤਿਸੈ (ਉਸ ਨੂੰ) ਤਿਸਹਿ ਧਿਆਵਹੁ ਮਨ ਮੇਰੇ! ਸਰਬ ਕੋ ਆਧਾਰੁ॥ (੫੧)
ਜਿਸਹਿ ਜਿਸੈ (ਜਿਸ ਨੂੰ) ਜਿਸਹਿ ਬੁਝਾਏ ਤਿਸਹਿ ਸਭ ਭਲੀ॥ (੨੮੪)

ਗੁਰਹਿ ਗੁਰੈ (ਗੁਰੂ ਨੇ) ਗੁਰਹਿ ਦਿਖਾਇਓ ਲੋਇਨਾ॥ (੪੦੭)

ਮਨਹਿ ਮਨੈ (ਮਨ ਨੂੰ) ਮਾਇਆ ਮੋਹੁ ਇਸੁ ਮਨਹਿ ਨਚਾਏ..॥ (੧੨੨) ਆਦਿ

ਜਦੋਂ ਮੱਧਮ ਪੁਰਖ ਇਕ ਵਚਨੀ ਅਤੇ ਅਨ ਪੁਰਖ ਬਹੁ ਵਚਨੀ ਕਿਰਿਆ ਵਾਚੀ ਸ਼ਬਦਾਂ ਦੇ ਅਖੀਰ ’ਚ ‘ਹ’ ਸਿਹਾਰੀ ()ਿ ਨਾਲ ਆਉਂਦਾ ਹੈ ਤਾਂ ਉਸ ਦਾ ਉਚਾਰਨ ਵੀ ਦੁਲਾਵਾਂ ’ਤੇ ਬਿੰਦੀ ( ੈਂ) ਨਾਲ ਹੁੰਦਾ ਹੈ। ਜਿਵੇਂ ਕਿ:

ਕਰਹਿ ਕਰੈਂ (ਕਰਦਾ ਹੈਂ) ਮਨ! ਭੁਖਾ ਭੁਖਾ ਮਤ ਕਰਹਿ ਮਤ ਤੂੰ ਕਰਹਿ ਪੂਕਾਰ॥ (੨੭)

ਚਲਾਵਹਿ ਚਲਾਵੈਂ (ਚਲਾਉਂਦਾ ਹੈਂ) ਤੁਧੁ ਆਪੇ ਭਾਵੈ, ਤਿਵੈ ਚਲਾਵਹਿ, ਸਭ ਤੇਰੈ ਸਬਦਿ ਸਮਾਇ ਜੀਉ॥ (੪੪੮)

ਕਰਾਵਹਿ ਕਰਾਵੈਂ (ਕਰਾਉਂਦਾ ਹੈਂ) ਜੋ ਤੂੰ ਕਰਾਵਹਿ ਸੋ ਕਰੀ ਪਿਆਰੇ ਅਵਰੁ ਕਿਛੁ ਕਰਣੁ ਨ ਜਾਇ॥ (੪੩੨)

(ਅਤੇ) ਅਨ ਪੁਰਖ ਬਹੁਵਚਨੀ ਕਿਰਿਆ ਲਈ:

ਗਾਵਹਿ ਗਾਵੈਂ (ਗਾਉਂਦੇ ਹਨ) ਗਾਵਹਿ ਜੋਧ ਮਹਾਬਲ ਸੂਰਾ ਗਾਵਹਿ ਖਾਣੀ ਚਾਰੇ॥ (੬)

ਧਾਵਹਿ ਧਾਵੈਂ (ਦੌੜਦੇ ਹਨ) ਹਉਮੈ ਕਰਿ ਰਾਜੇ ਬਹੁ ਧਾਵਹਿ॥ (੨੨੬)

ਜਾਵਹਿ ਜਾਵੈਂ (ਜਾਂਦੇ ਹਨ) ਜਨਮ ਜਨਮ ਕੇ ਕਿਲਬਿਖ ਜਾਵਹਿ॥ (੧੦੪)

ਉਪਦੇਸ਼, ਬੇਨਤੀ ਜਾਂ ਹੁਕਮੀ ਕਿਰਿਆ ਵਾਚੀ ਬਹੁਵਚਨੀ ਸ਼ਬਦਾਂ ਦੇ ਅਖੀਰ ’ਚ ‘ਹ’ ਅੱਖਰ ਨੂੰ ਔਂਕੁੜ (-) ਲਗਦਾ ਹੈ ਅਤੇ ਇਸ ਦਾ ਉਚਾਰਣ ‘ਹ’ ਤੋਂ ਪਹਿਲੇ ਅੱਖਰ ਉਤੇ ਹੋੜਾ ( ੋ) ਲਗ ਕੇ ਹੁੰਦਾ ਹੈ। ਇਸ ਹਾਲਤ ਵਿਚ ਸ਼ਬਦ ਦੇ ਤਿੰਨ ਜਾਂ ਚਾਰ ਅੱਖਰ ਹੁੰਦੇ ਹਨ। ਕਿਤੇ ਕਿਤੇ ਦੋ ਅੱਖਰ ਵੀ ਹੁੰਦੇ ਹਨ, ਜਿਵੇਂ ਕਿ:

ਗਾਵਹੁ ਗਾਵੋ (ਗਾਉਣਾ ਕਰੋ) ਤੁਮ ਗਾਵਹੁ ਮੇਰੇ ਨਿਰਭਉ ਕਾ ਸੋਹਿਲਾ॥ (੧੨)

ਜਾਵਹੁ ਜਾਵੋ (ਜਾਉ) ਤਾਂ ਵਾਪਾਰੀ ਜਾਣੀਅਹੁ ਲਾਹਾ ਲੈ ਜਾਵਹੁ॥ (੪੧੮)

ਸਲਾਹਹੁ ਸਲਾਹੋ (ਸਲਾਹੁਣਾ ਕਰੋ) ਮਿਲਿ ਸਤਸੰਗਤਿ ਨਾਮੁ ਸਲਾਹਹੁ ਆਤਮ ਰਾਮੁ ਸਖਾਈ ਹੇ॥ (੧੦੨੬)

ਜਾਹੁ ਜਾਹੁ (ਜਾਉ) ਕਰਿ ਕਰਿ ਕਰਣਾ ਲਿਖਿ ਲੈ ਜਾਹੁ॥ (ਜਪੁ ਜੀ ਸਾਹਿਬ)

ਕਿਰਿਆ ਤੋਂ ਬਿਨਾ ਕਿਸੇ ਵੀ ਸ਼ਬਦ ਦੇ ਅਖੀਰ ਦੇ ਅੱਖਰ ਨਾਲ ਜੇ ਅੰਕੁੜ (-) ਲਗਾ ਹੋਵੇ ਤਾਂ ਉਸ ਦਾ ਉਚਾਰਨ ਨਹੀਂ ਹੁੰਦਾ ਚਾਹੇ ਉਹ ਅੱਖਰ ‘ਹ’ ਕਿਉਂ ਨਾ ਹੋਵੇ। ਜਿਵੇਂ ਕਿ:

ਪ੍ਰਭੁ ਪ੍ਰਭ (ਮਾਲਕ) ਜਲਿ ਥਲਿ ਮਹੀਅਲਿ ਪੂਰਿਆ, ਪ੍ਰਭੁ ਆਪਣੀ ਨਦਰਿ ਨਿਹਾਲਿ॥ (੪੮)

ਰਾਹੁ ਰਾਹ (ਰਸਤਾ) ਹੁਕਮੀ ਹੁਕਮੁ ਚਲਾਏ ਰਾਹੁ॥ (ਜਪੁ ਜੀ ਸਾਹਿਬ)

ਵੇਪਰਵਾਹੁ ਵੇਪਰਵਾਹ (ਪਰਵਾਹ ਨਾ ਕਰਣ ਵਾਲਾ) ਨਾਨਕ ! ਵਿਗਸੈ ਵੇਪਰਵਾਹੁ॥ (ਜਪੁ ਜੀ ਸਾਹਿਬ)

ਕਈ ਥਾਂਈਂ ਹੁਕਮੀ, ਬੇਨਤੀ ਜਾਂ ਉਪਦੇਸ਼ਕ ਕਿਰਿਆ ਭਵਿੱਖਕਾਲ ਲਈ ਵਿਅੰਜਨ ਅੱਖਰਾਂ ਵਾਂਗ ਸ਼ਬਦ ਦੇ ਅਖੀਰਲੇ ਅੱਖਰ ‘ਹ’ ਨੂੰ ਵੀ ਸਿਹਾਰੀ ()ਿ ਲਗੀ ਹੁੰਦੀ ਹੈ ਜਿਸ ਦਾ ਉਚਾਰਨ ਨਹੀਂ ਕੀਤਾ ਜਾਂਦਾ। ਜਿਵੇਂ ਵਿਅੰਜਨ ਅੱਖਰ ਵਾਲਾ ਸ਼ਬਦ ਹੈ ‘ਸੁਣਿ’ ਭਾਵ, ‘‘ਸੁਣਿ ਮਨ ਮੇਰੇ! ਭਜੁ ਸਤਿਗੁਰ ਸਰਣਾ॥’’ (ਅੰਕ ੩੩)। ਹੇ ਮੇਰੇ ਮਨ! ਸੁਣ, ਗੁਰੂ ਦੀ ਸ਼ਰਣ ਪੈ ਕੇ ਭਜਨ ਕਰ। ਇਸੇ ਤਰ੍ਹਾਂ ‘ਹ’ ਨੂੰ ਲਗੀ ਸਿਹਾਰੀ ਦੀਆਂ ਉਦਾਹਰਣਾਂ ਹੇਠਾਂ ਦਿੱਤੀਆਂ ਗਈਆਂ ਹਨ:

ਜਾਹਿ ਜਾਹ (ਜਾਉ) ਮੇਰੇ ਮਨ ਲੈ ਲਾਹਾ ਘਰਿ ਜਾਹਿ॥ (੨੦)

ਸਾਲਾਹਿ ਸਾਲਾਹ (ਸਿਫ਼ਤ ਸਾਲਾਹ ਕਰ) ਰਾਮ ਨਾਮੁ ਸਾਲਾਹਿ ਤੂ ਫਿਰਿ ਆਵਣੁ ਜਾਣੁ ਨ ਹੋਇ॥ (੩੬)

ਢਾਹਿ ਢਾਹ (ਡੇਗਣਾ) ਕੰਧੀ ਵਹਣ ਨ ਢਾਹਿ, ਤਉ ਭੀ ਲੇਖਾ ਦੇਵਣਾ॥ (੧੩੮੨)

ਜੇ ਉਪਰਲੇ ਦੋਨੋਂ ਸ਼ਬਦ ‘ਸਾਲਾਹਿ’ ਤੇ ‘ਢਾਹਿ’ ਹੁਕਮੀ ਕਿਰਿਆ ਆਦਿ ਨਹੀਂ ਵੀ ਹੁੰਦੇ ਤਾਂ ਵੀ ਉਚਾਰਨ ਉਸੇ ਤਰ੍ਹਾਂ ਹੀ ਰਹਿੰਦਾ ਹੈ ਜਿਵੇਂ ਉਪਰ ਦਸਿਆ ਹੈ ਪਰ ਅਰਥ ਇਉਂ ਨਿਕਲਦੇ ਹਨ ਸਿਫ਼ਤ ਸਾਲਾਹ ਕਰ ਕੇ, ਢਾਹ ਕੇ ਆਦਿ।

ਗੁਰਬਾਣੀ ਵਿਚ ਕਿਧਰੇ ਕਿਧਰੇ ਸ਼ਬਦ ਦੇ ਅਖੀਰਲੇ ‘ਹ’ ਉੱਤੇ ਹੋੜਾ ( ੋ) ਲਗਿਆ ਹੁੰਦਾ ਹੈ। ਜੋ ਓ ਦੀ ਤਰ੍ਹਾਂ ਆਵਾਜ਼ ਕੱਢਦਾ ਹੈ ਜਿਵੇਂ

ਵਣਜਾਰਿਹੋ ਵਣਜਾਰਿਓ (ਹੇ ਵਣਜਾਰਿਓ) ਵਣਜੁ ਕਰਹੁ ਵਣਜਾਰਿਹੋ! ਵਖਰੁ ਲੇਹੁ ਸਮਾਲਿ॥ (੨੨)

ਭਾਈਹੋ ਭਾਈਓ (ਹੇ ਭਾਈਓ) ਤਿਸੈ ਪਰਾਪਤਿ ਭਾਈਹੋ! ਜਿਸੁ ਦੇਵੈ ਪ੍ਰਭੁ ਆਪਿ॥ (੪੫)

ਸਹੇਲੀਹੋ ਸਹੇਲੀਓ (ਹੇ ਸਹੇਲੀਓ) ਆਵਹੁ ਮਿਲਹੁ ਸਹੇਲੀਹੋ! ਮੈ ਪਿਰੁ ਦੇਹੁ ਮਿਲਾਇ॥ (੩੮)

ਵਡਭਾਗੀਹੋ ਵਡਭਾਗੀਓ (ਹੇ ਵਡੇ ਭਾਗਾਂ ਵਾਲਿਓ) ਅਨਦੁ ਸੁਣਹੁ ਵਡਭਾਗੀਹੋ! ਸਗਲ ਮਨੋਰਥ ਪੂਰੇ॥ (ਅਨੰਦੁ ਸਾਹਿਬ)

ਜਦੋਂ ਕਿਰਿਆਵਾਚੀ ਸ਼ਬਦ ਦੇ ਅਖੀਰਲੇ ਅੱਖਰ ‘ਹ’ ਉੱਤੇ ‘ਲਾਂ’ ( ੇ) ਲਗੀ ਹੋਵੇ ਤਾਂ ਉਸ ਦਾ ਉਚਾਰਨ ਬਿੰਦੀ ਸਹਿਤ ਹੁੰਦਾ ਹੈ ਜਿਵੇਂ ਕਿ

ਲਖਾਵਹੇ ਲਖਾਵਹੇਂ (ਜਣਾਏਂ ਜਾਂ ਵਿਖਾਏਂ) ਹੋਹੁ ਨਿਮਾਣਾ ਸਤਿਗੁਰੂ ਅਗੈ, ਮਤ ਕਿਛੁ ਆਪੁ ਲਖਾਵਹੇ॥ (੪੪੧)

ਗਵਾਵਹੇ ਗਵਾਵਹੇਂ (ਗਵਾ ਲਵੇਂ) ਆਪਣੈ ਅਹੰਕਾਰਿ ਜਗਤੁ ਜਲਿਆ, ਮਤ ਤੂੰ ਆਪਣਾ ਆਪੁ ਗਵਾਵਹੇ॥(੪੪੧)

ਧਿਆਵਹੇ ਧਿਆਵਹੇਂ (ਧਿਆਉਂਦੇ ਹਨ।) ਜਹ ਸਾਧ ਸੰਤ ਇਕਤ੍ਰ ਹੋਵਹਿ, ਤਹਾ ਤੁਝਹਿ ਧਿਆਵਹੇ॥ (੨੪੮)

ਗਾਵਹੇ ਗਾਵਹੇਂ (ਗਾਉਂਦੇ ਹਨ।) ਧਰਮ ਸਾਲ ਅਪਾਰ ਦੈਆਰ ਠਾਕੁਰ ਸਦਾ ਕੀਰਤਨੁ ਗਾਵਹੇ॥ (੨੪੮)

ਸ਼ਬਦ ਦੇ ਅਖੀਰਲੇ ਅੱਖਰ ‘ਹ’ ਨੂੰ ਲਗਿਆ ਅੰਕੁੜ ਕਈ ਥਾਂਈਂ ‘ਉ’ ਦੀ ਥਾਂ ਵੀ ਵਰਤਿਆ ਮਿਲਦਾ ਹੈ। ਜਿਵੇਂ ਕਿ:

ਕਹੁ ਕਉ (ਭਾਵ- ਨੂੰ) ਨੰਨਾਕਾਰੁ ਨ ਹੋਤਾ ਤਾ ਕਹੁ॥ ਨਾਮੁ ਮੰਤਰੁ ਗੁੁਰਿ ਦੀਨੋ ਜਾ ਕਹੁ॥ (੨੫੭) ਆਦਿ।