ਗੁਰਬਾਣੀ ਨੂੰ ਆਧੁਨਿਕ ਪੰਜਾਬੀ ਵਾਂਗ ਪੜ੍ਹਨਾ ਤੇ ਸਮਝਣਾ ਵਿਸ਼ੇ ਦੀ ਗਹਿਰਾਈ ਤੋਂ ਦੂਰ ਰਹਿਣਾ ਤੇ ਵਿਚਾਰਕ ਮਤਭੇਦਾਂ ਨੂੰ ਜਨਮ ਦੇਣ ਬਰਾਬਰ ਹੈ। —ਭਾਗ ਤੀਜਾ—

0
510

ਗੁਰਬਾਣੀ ਨੂੰ ਆਧੁਨਿਕ ਪੰਜਾਬੀ ਵਾਂਗ ਪੜ੍ਹਨਾ ਤੇ ਸਮਝਣਾ ਵਿਸ਼ੇ ਦੀ ਗਹਿਰਾਈ ਤੋਂ ਦੂਰ ਰਹਿਣਾ ਤੇ ਵਿਚਾਰਕ ਮਤਭੇਦਾਂ ਨੂੰ ਜਨਮ ਦੇਣ ਬਰਾਬਰ ਹੈ।

—-ਭਾਗ ਤੀਜਾ—-

ਗੁਰਬਾਣੀ ਨੂੰ ਆਧੁਨਿਕ ਪੰਜਾਬੀ ਵਾਂਗ ਪੜ੍ਹਨਾ ਤੇ ਸਮਝਣਾ ਵਿਸ਼ੇ ਦੀ ਗਹਿਰਾਈ ਤੋਂ ਦੂਰ ਰਹਿਣਾ ਤੇ ਵਿਚਾਰਕ ਮਤਭੇਦਾਂ ਨੂੰ ਜਨਮ ਦੇਣ ਬਰਾਬਰ ਹੈ।–ਭਾਗ ਪਹਿਲਾ—

ਗੁਰਬਾਣੀ ਨੂੰ ਆਧੁਨਿਕ ਪੰਜਾਬੀ ਵਾਂਗ ਪੜ੍ਹਨਾ ਤੇ ਸਮਝਣਾ ਵਿਸ਼ੇ ਦੀ ਗਹਿਰਾਈ ਤੋਂ ਦੂਰ ਰਹਿਣਾ ਤੇ ਵਿਚਾਰਕ ਮਤਭੇਦਾਂ ਨੂੰ ਜਨਮ ਦੇਣ ਬਰਾਬਰ ਹੈ।– ਭਾਗ ਦੂਜਾ–

ਗੁਰਬਾਣੀ ਨੂੰ ਆਧੁਨਿਕ ਪੰਜਾਬੀ ਵਾਂਗ ਪੜ੍ਹਨਾ ਤੇ ਸਮਝਣਾ ਵਿਸ਼ੇ ਦੀ ਗਹਿਰਾਈ ਤੋਂ ਦੂਰ ਰਹਿਣਾ ਤੇ ਵਿਚਾਰਕ ਮਤਭੇਦਾਂ ਨੂੰ ਜਨਮ ਦੇਣ ਬਰਾਬਰ ਹੈ। (ਭਾਗ ਚੌਥਾ)

ਸ. ਕਿਰਪਾਲ ਸਿੰਘ (ਬਠਿੰਡਾ)-98554-80797

ਗੁਰਬਾਣੀ ਵਿੱਚ ਸ਼ਬਦਾਂ ਦੇ ਪਿਛਲੇ ਅੱਖਰਾਂ ਨੂੰ ਗੁਰਬਾਣੀ ਨਿਯਮਾਂ ਅਨੁਸਾਰ ਲੱਗੀ ਔਂਕੜ ਅਤੇ ਸਿਹਾਰੀ ਦੇ ਉਚਾਰਨ ਸਬੰਧੀ ਕ੍ਰਮਵਾਰ ਕਿਸ਼ਤ ਨੰ. 1 ਅਤੇ ਕਿਸ਼ਤ ਨੰ. 2 ਵੀਚਾਰ ਕੀਤੀ ਗਈ ਸੀ। ਇਸ ਭਾਗ ਵਿੱਚ ਅੰਤਲੇ ਅੱਖਰ ਨੂੰ ਲੱਗੇ ਕੰਨੇ ਨੂੰ ਬਿੰਦੀ ਸਹਿਤ ਜਾਂ ਬਿੰਦੀ ਰਹਿਤ ਉਚਾਰਨ ਸਬੰਧੀ ਵੀਚਾਰ ਕੀਤੀ ਜਾ ਰਹੀ ਹੈ।

ਪੰਜਾਬੀ ਵਿੱਚ ਉਹ ਇੱਕ ਵਚਨ ਪੁਲਿੰਗ ਨਾਂਵ ਸ਼ਬਦ, ਜਿਹੜੇ ਆਮ ਤੌਰ ’ਤੇ ਮੁਕਤਾ ਅੰਤ ਲਿਖੇ ਤੇ ਉਚਾਰੇ ਜਾਂਦੇ ਹਨ ਉਨ੍ਹਾਂ ਨੂੰ ਬਹੁ ਬਚਨ ਬਣਾਉਣ ਲਈ ਸਧਾਰਨ ਕੇਸ ਵਿੱਚ ਤਾਂ ਮੁਕਤਾ ਅੰਤ ਹੀ ਲਿਖਿਆ ਅਤੇ ਉਚਾਰਿਆ ਜਾਂਦਾ ਹੈ; ਜਿਵੇਂ ਕਿ  :-

(1) ਮੇਰੇ ਪਾਸ 5 ਪੈੱਨ ਹਨ। (5 ਪੈੱਨ= ਬਹੁ ਬਚਨ)

(2) ਕਮਰੇ ਵਿੱਚ ਦੋ ਮੇਜ਼ ਪਏ ਹਨ (ਦੋ ਮੇਜ਼=ਬਹੁ ਬਚਨ) ਪਰ ਜਦੋਂ ਉਨ੍ਹਾਂ ਦੇ ਪਿੱਛੇ ਸਬੰਧ ਕਾਰਕੀ ਚਿੰਨ੍ਹ – ਦਾ, ਦੈ, ਦੀ, ਦੀਆਂ, ਕਾ, ਕੇ, ਕੈ, ਕੀ, ਕੀਆਂ, ਕਉ, ਆਦਿਕ ਵਰਤੇ ਗਏ ਹੋਣ ਜਾਂ ਸਬੰਧ ਕਾਰਕੀ ਅਰਥ ਨਿਕਲਦੇ ਹੋਣ ਤਾਂ ਬਹੁ ਵਚਨ ਸ਼ਬਦਾਂ ਲਈ ਬਿੰਦੀ ਸਹਿਤ ਕੰਨੇ ਦੀ ਵਰਤੋਂ ਕੀਤੀ ਜਾਂਦੀ ਹੈ ਜਿਵੇਂ ਕਿ  : –

(1) ਮੇਰੇ ਪੰਜੇ ‘ਪੈੱਨਾਂ ਦਾ’ ਰੰਗ ਲਾਲ ਹੈ।

(2) ਦੋਵੇਂ ‘ਮੇਜ਼ਾਂ ਦੀ’ ਇੱਕ ਇੱਕ ਲੱਤ ਟੁੱਟੀ ਹੋਈ ਹੈ।

(ਨੋਟ : ਇੱਥੇ ਮਗਰਲੇ ਪਾਸੇ ਸਬੰਧਕੀ ਸ਼ਬਦ ‘ਦਾ’ ਅਤੇ ‘ਦੀ’ ਆਉਣ ਕਰ ਕੇ ਇੱਕ ਵਚਨ ‘ਪੈੱਨ’ ਅਤੇ ‘ਮੇਜ਼’ ਦਾ ਬਹੁ ਵਚਨ ਬਣਾਉਣ ਲਈ ਉਸ ਪਿੱਛੇ ਬਿੰਦੀ ਸਹਿਤ ਕੰਨੇ ਦੀ ਵਰਤੋਂ ਕਰ ਕੇ ‘ਪੈੱਨਾਂ’ ਅਤੇ ‘ਮੇਜ਼ਾਂ’ ਲਿਖਣੇ ਅਤੇ ਉਚਾਰਨ ਕਰਨੇ ਅਤਿ ਜ਼ਰੂਰੀ ਹੁੰਦੇ ਹੈ।)

ਗੁਰਬਾਣੀ ਵਿੱਚ ਅਜਿਹੇ ਸ਼ਬਦ ਕਈ ਥਾਂਵਾਂ ’ਤੇ ਕੰਨਾਂ ਬਿੰਦੀ ਸਹਿਤ ਲਿਖੇ ਵੀ ਗਏ ਹਨ ਅਤੇ ਕਈ ਥਾਂ ’ਤੇ ਬਿੰਦੀ ਨਹੀਂ ਵੀ ਲੱਗੀ ਪਰ ਪਾਠ ਕਰਦੇ ਸਮੇਂ ਅਰਥ ਸਮਝਣ ਲਈ ਉਨ੍ਹਾਂ ਸ਼ਬਦਾਂ ਤੋਂ ਸੇਧ ਲੈ ਕੇ ਬਿੰਦੀ ਰਹਿਤ ਲੱਗੇ ਕੰਨੇ ਵਾਲੇ ਨਾਂਵ ਸ਼ਬਦਾਂ ਨੂੰ ਵੀ ਬਿੰਦੀ ਸਮੇਤ ਪਾਠ ਕਰਨਾ ਹੀ ਸ਼ੁੱਧ ਪਾਠ ਹੋਵੇਗਾ; ਜਿਵੇਂ ਕਿ :-

(ੳ) ਸਬੰਧ ਕਾਰਕ : ਚਿੰਨ੍ਹ – ਦਾ, ਦੈ, ਦੀ, ਕਾ, ਕੇ, ਕੈ, ਕੀ, ਕਉ, ਨਾਲਿ, ਪਾਸਿ, ਆਦਿਕ।

(1) ‘ਗੁਰਸਿਖਾਂ ਕੀ’, ਹਰਿ  ! ਧੂੜਿ ਦੇਹਿ ; ਹਮ ਪਾਪੀ ਭੀ ਗਤਿ ਪਾਂਹਿ ॥ (ਮ : ੪/੧੪੨੪) ਭਾਵ ਹੇ ਹਰੀ  ! ਅਸਾਂ ਜੀਵਾਂ ਨੂੰ ਗੁਰਸਿੱਖਾਂ ਦੇ ਚਰਨਾਂ ਦੀ ਧੂੜ ਦੇਹ, ਤਾਂ ਕਿ ਅਸੀਂ ਵਿਕਾਰੀ ਜੀਵ ਭੀ ਉੱਚੀ ਆਤਮਕ ਅਵਸਥਾ ਪ੍ਰਾਪਤ ਕਰ ਸਕੀਏ।

(2) ਜਨੁ ਨਾਨਕੁ ਬੋਲੈ; ਅੰਮ੍ਰਿਤ ਬਾਣੀ ॥ ‘ਗੁਰਸਿਖਾਂ ਕੈ’ ਮਨਿ, ਪਿਆਰੀ ਭਾਣੀ ॥ (ਮ : ੪/੯੬) ਭਾਵ ਜੋ ਨਾਨਕ ਸਾਹਿਬ ਬੋਲਦੇ ਹਨ, ਗੁਰੂ ਦੇ ਸਿੱਖਾਂ ਦੇ ਮਨ ਵਿਚ ਉਹ ਬਾਣੀ ਪਿਆਰੀ ਤੇ ਚੰਗੀ ਲੱਗਦੀ ਹੈ।

(ਨੋਟ : ਉਪਰੋਕਤ ਦੋਵੇਂ ਤੁਕਾਂ ਵਿੱਚ ਬਹੁ ਵਚਨ ‘ਗੁਰਸਿਖਾਂ’ ਸ਼ਬਦ ਦੇ ਪਿੱਛੇ ਗੁਰਬਾਣੀ ਵਿੱਚ ਬਕਾਇਦਾ ਤੌਰ ’ਤੇ ‘ਕੰਨਾਂ ਬਿੰਦੀ ਸਮੇਤ’ ਹੈ।)

(3). ‘ਗੁਰਸਿਖਾਂ’ ਮਨਿ ਹਰਿ ਪ੍ਰੀਤਿ ਹੈ ; ਗੁਰੁ ਪੂਜਣ ਆਵਹਿ ॥ (ਮ : ੪/੫੯੦) ਭਾਵ ਗੁਰੂ ਦੇ (ਜਿਨ੍ਹਾਂ) ਸਿੱਖਾਂ ਦੇ ਮਨ ਵਿਚ ਹਰੀ ਦਾ ਪਿਆਰ ਹੁੰਦਾ ਹੈ (ਉਹ) ਆਪਣੇ ਸਤਿਗੁਰੂ ਦੀ ਸੇਵਾ ਕਰਨ ਆਉਂਦੇ ਹਨ।

(ਨੋਟ  : ਇਸ ਤੁਕ ਵਿੱਚ ‘ਗੁਰਸਿਖਾਂ’ ਬਹੁ ਵਚਨ ਸ਼ਬਦ ਦੇ ਪਿੱਛੇ ਭਾਵੇਂ ਪ੍ਰਤੱਖ ਤੌਰ ’ਤੇ ਕੋਈ ਸਬੰਧਕੀ ਸ਼ਬਦ ਨਹੀਂ ਹੈ ਪਰ ਸਬੰਧਕੀ ਅਰਥ ਨਿਕਲਣ ਸਦਕਾ ਇੱਥੇ ਵੀ ‘ਗੁਰਸਿਖਾਂ’ (ਕੰਨਾਂ ਬਿੰਦੀ ਸਹਿਤ) ਹੀ ਲਿਖਿਆ ਗਿਆ ਹੈ।)

ਉਕਤ ਤਿੰਨੇ ਉਦਾਹਰਨਾਂ ਤੋਂ ਸੇਧ ਲੈ ਕੇ ਹੇਠ ਲਿਖੀਆਂ ਤੁਕਾਂ ਵਿੱਚ ਵੀ ਬਿੰਦੀ ਸਹਿਤ ‘ਗੁਰਸਿਖਾਂ’ ਹੀ ਉਚਾਰਨ ਕਰਨਾ ਯੋਗ ਹੋਵੇਗਾ ਭਾਵੇਂ ਕਿ ‘ਗੁਰਸਿਖਾ’ ਸ਼ਬਦ ਦਾ ਕੰਨਾ ਬਿੰਦੀ ਰਹਿਤ ਹੀ ਹੈ।

(4). ਸਭ ਦੂ ਵਡੇ ਭਾਗ ‘ਗੁਰਸਿਖਾ ਕੇ’ ; ਜੋ ਗੁਰ ਚਰਣੀ ਸਿਖ ਪੜਤਿਆ ॥ (ਮ : ੪/੬੪੯) ਭਾਵ ਸਾਰਿਆਂ ਨਾਲੋਂ ਵੱਡੇ ਭਾਗ ਗੁਰੂ ਦੇ (ਉਨ੍ਹਾਂ) ਸਿੱਖਾਂ ਦੇ ਹਨ, ਜੋ ਗੁਰੂ ਦੇ ਪੈਰੀਂ ਪੈਂਦੇ ਹਨ ਭਾਵ ਗੁਰੂ ਦੀ ਓਟ ਲੈਂਦੇ ਹਨ।

(ਨੋਟ  : ਇਸ ਤੁਕ ਵਿੱਚ ‘ਗੁਰਸਿਖਾ’ ਦੇ ਪਿੱਛੇ ਸਬੰਧਕੀ ਸ਼ਬਦ ‘ਕੇ’ ਆਉਣ ਸਦਕਾ ਕੰਨਾ ਬਿੰਦੀ ਸਹਿਤ ਉਚਾਰਨ ਹੋਵੇਗਾ ਪਰ ਤੁਕ ਦੇ ਮਗਰਲੇ ਹਿੱਸੇ ਵਿੱਚ ‘ਸਿਖ’ ਸ਼ਬਦ ਭਾਵੇਂ ਬਹੁ ਵਚਨ (ਸਿੱਖਾਂ) ਲਈ ਹੀ ਵਰਤਿਆ ਗਿਆ ਹੈ ਪਰ ਇਸ ਪਿੱਛੇ ਨਾ ਕੋਈ ਸਬੰਧਕੀ ਸ਼ਬਦ ਵਰਤਿਆ ਗਿਆ ਹੈ ਅਤੇ ਨਾ ਹੀ ਲੁਪਤ ਤੌਰ ’ਤੇ ਸਬੰਧਕੀ ਅਰਥ ਨਿਕਲਦੇ ਹਨ ਇਸ ਲਈ ਇਸ ਸ਼ਬਦ ਨੂੰ ਕੰਨਾਂ ਬਿੰਦੀ ਲਾ ਕੇ ਬਹੁ ਵਚਨ ਬਣਾਉਣ ਦੀ ਲੋੜ ਨਹੀਂ ਪਈ ਇਸ ਸ਼ਬਦ ਦਾ ਅੰਤਲਾ ਅੱਖਰ ‘ਖ’ ਮੁਕਤਾ ਆਉਣਾ ਹੀ ਸ਼ਬਦ ਬਹੁ ਵਚਨ ਹੋਣ ਦਾ ਲਖਾਇਕ ਹੈ ਅਤੇ ਉਚਾਰਨ ਉਸੇ ਰੂਪ ਵਿੱਚ ਕੀਤਾ ਜਾਂਦਾ ਹੈ ਜਿਸ ਰੂਪ ਵਿੱਚ ਇੱਕ ਵਚਨ ਸ਼ਬਦ (ਭਾਵ ‘ਸਿਖੁ’ ਦਾ ਉਚਾਰਨ ਸਿਖ) ਦਾ ਉਚਾਰਨ ਕੀਤਾ ਜਾਂਦਾ ਹੈ।

(5). ‘ਗੁਰਸਿਖਾ ਕੈ’ ਮਨਿ ਭਾਵਦੀ ; ਗੁਰ ਸਤਿਗੁਰ ਕੀ ਵਡਿਆਈ ॥ (ਮ : ੪/੩੧੦) ਭਾਵ ਗੁਰਸਿੱਖਾਂ ਦੇ ਮਨ ਵਿਚ ਆਪਣੇ ਸਤਿਗੁਰੂ ਦੀ ਵਡਿਆਈ ਪਿਆਰੀ ਲੱਗਦੀ ਹੈ। (‘ਕੈ’ ਸਬੰਧਕੀ ਚਿਨ੍ਹ ਆਉਣ ਕਰ ਕੇ ਉਚਾਰਨ ‘ਕੰਨਾ ਬਿੰਦੀ ਸਹਿਤ’ ਲਾਜ਼ਮੀ ਹੈ ‘ਗੁਰਸਿੱਖਾਂ’)

(6). ‘ਗੁਰਸਿਖਾ’ ਮਨਿ, ਹਰਿ ਪ੍ਰੀਤਿ ਹੈ ; ਹਰਿ ਨਾਮ ਹਰਿ ਤੇਰੀ, ਰਾਮ ਰਾਜੇ ! ॥ (ਮ : ੪/੪੫੦) ਭਾਵ ਹੇ ਹਰੀ  ! ਗੁਰੂ ਦੇ ਸਿੱਖਾਂ ਦੇ ਮਨ ਵਿਚ ਤੇਰੀ ਪ੍ਰੀਤ ਬਣੀ ਰਹਿੰਦੀ ਹੈ, ਤੇਰੇ ਨਾਮ ਦਾ ਪਿਆਰ ਟਿਕਿਆ ਰਹਿੰਦਾ ਹੈ। (ਇਸ ਤੁਕ ਵਿੱਚ ਭਾਵੇਂ ਪ੍ਰਤੱਖ ਤੌਰ ’ਤੇ ਕੋਈ ਸਬੰਧਕੀ ਸ਼ਬਦ ਵਿਖਾਈ ਨਹੀਂ ਦਿੰਦਾ, ਪਰ ਲੁਪਤ ਤੌਰ ’ਤੇ ‘ਗੁਰਸਿੱਖਾਂ ਦੇ ਮਨ ਵਿੱਚ’ ਅਰਥ ਨਿਕਲਣ ਸਦਕਾ ‘ਕੰਨਾ ਬਿੰਦੀ ਸਹਿਤ’ ‘ਗੁਰਸਿੱਖਾਂ’ ਉਚਾਰਨ ਠੀਕ ਹੋਵੇਗਾ।)

(ਅ) ਅਧਿਕਰਣ ਕਾਰਕ  : ਚਿੰਨ੍ਹ ਹਨ – ਵਿਚਿ, ਅੰਦਰਿ, ਬਾਹਰਿ, ਉਪਰਿ, ਹੇਠਿ, ਉਤਾਹਿ, ਆਦਿ।

(1). ‘ਗੁਰਸਿਖਾਂ ਅੰਦਰਿ’ ਸਤਿਗੁਰੂ ਵਰਤੈ ; ਜੋ ‘ਸਿਖਾਂ ਨੋ’ ਲੋਚੈ, ਸੋ ਗੁਰ ਖੁਸੀ ਆਵੈ ॥ (ਮ : ੪/੩੧੭) ਭਾਵ ਗੁਰੂ ਦੇ ਸਿੱਖਾਂ ਦੇ ਦਿਲਾਂ ਅੰਦਰ ਸੱਚਾ ਗੁਰੂ ਵਿਆਪਕ ਹੈ, ਵੱਸਦਾ ਹੈ ਭਾਵ ਉਨ੍ਹਾਂ ਨੂੰ ਗੁਰੂ ਦੀ ਯਾਦ ਆਉਂਦੀ ਰਹਿੰਦੀ ਹੈ। ਉਹੀ ਗੁਰੂ ਨੂੰ ਪਸੰਦ ਹੈ, ਜੋ (ਅਜਿਹੇ) ਸਿੱਖਾਂ ਨੂੰ ਚਾਹੁੰਦਾ ਹੈ। (ਇਸ ਤੁਕ ਵਿੱਚ ਬਹੁ ਵਚਨ ਪੁਲਿੰਗ ਨਾਂਵ ਸ਼ਬਦ ‘ਗੁਰਸਿਖਾਂ ਅੰਦਰਿ’ ਅਧਿਕਰਣ ਕਾਰਕ ਅਤੇ ‘ਸਿਖਾਂ ਨੋ’ ਕਰਮ ਕਾਰਕ ਵਿੱਚ ਹੋਣ ਕਾਰਕ ਦੋਵੇਂ ਬਿੰਦੀ ਸਹਿਤ ਲਿਖੇ ਗਏ ਹਨ। ਇਨ੍ਹਾਂ ਤੋਂ ਸੇਧ ਲੈ ਕੇ ਹੇਠ ਲਿਖੀਆਂ ਤੁਕਾਂ ਵਿੱਚ ਬਿੰਦੀ ਸਹਿਤ ਉਚਾਰਨ ਕੀਤੇ ਜਾਣਾ ਹੀ ਠੀਕ ਹੋਵੇਗਾ।

(2). ‘ਗੁਰਸਿਖਾ ਅੰਦਰਿ’ ਸਤਿਗੁਰੁ ਵਰਤੈ ; ਚੁਣਿ ਕਢੇ, ਲਧੋਵਾਰੇ ॥ (ਮ : ੪/੩੧੨) ਭਾਵ ਗੁਰਸਿੱਖਾਂ ਦੇ ਹਿਰਦੇ ਵਿਚ ਸਤਿਗੁਰੂ ਵਸਦਾ ਹੈ, (ਇਸ ਕਰ ਕੇ ਸਿੱਖਾਂ ’ਚ ਰਲ਼ ਕੇ ਬੈਠੇ ਸਾਕਤ ਵੀ) ਪਰਖ ਕਰਦਿਆਂ ਚੁਣ ਕੇ ਵੱਖ ਕੱਢੇ ਜਾਂਦੇ ਹਨ। (ਬਿੰਦੀ ਸਹਿਤ ਉਚਾਰਨ ਹੋਵੇਗਾ ‘ਗੁਰਸਿੱਖਾਂ’)

(ੲ) ਕਰਮ ਕਾਰਕ : ਚਿੰਨ੍ਹ ਹਨ- ਨੋ, ਨਉ ।

(1). ‘ਗੁਰਸਿਖਾ ਨੋ’ ਸਾਬਾਸਿ ਹੈ ; ਹਰਿ ਤੁਠਾ, ਮੇਲਿ ਮਿਲਾਇ ॥ (ਮ : ੪/੧੪੨੪) ਭਾਵ ਗੁਰਸਿੱਖਾਂ ਨੂੰ (ਲੋਕ ਪਰਲੋਕ ਵਿਚ) ਆਦਰ-ਸਤਕਾਰ ਮਿਲਦਾ ਹੈ, ਪ੍ਰਭੂ ਉਹਨਾਂ ਉੱਤੇ ਪ੍ਰਸੰਨ ਹੋ ਕੇ (ਉਹਨਾਂ ਨੂੰ ਆਪਣੇ ਨਾਲ) ਮਿਲਾ ਲੈਂਦਾ ਹੈ। (ਇਸ ਤੁਕ ਵਿੱਚ ‘ਗੁਰਸਿਖਾ’ ਸੰਪਰਦਾਨ ਕਾਰਕ ਦਾ ਚਿੰਨ੍ਹ ‘ਨੋ’ ਆਉਣ ਸਦਕਾ ਕੰਨਾ ਬਿੰਦੀ ਸਹਿਤ ‘ਗੁਰਸਿਖਾਂ’ ਉਚਾਰਨ ਸਹੀ ਹੋਵੇਗਾ।)

(ਸ) ਕਰਤਾ ਕਾਰਕ : ਚਿੰਨ੍ਹ ਹੈ- ਨੇ

(1). ਏਹ ਮੁਦਾਵਣੀ ‘ਸਤਿਗੁਰੂ’ ਪਾਈ ; ‘ਗੁਰਸਿਖਾ’ ਲਧੀ ਭਾਲਿ ॥ (ਮ : ੩/੬੪੫) ਭਾਵ ਇਸ ਰੂਹਾਨੀਅਤ ਖ਼ੁਰਾਕ (ਦੀ ਦੱਸ) ਗੁਰੂ ਨੇ ਪਾਈ ਹੈ, ਗੁਰਸਿੱਖਾਂ ਨੇ ਖੋਜ ਕੇ ਪ੍ਰਾਪਤ ਕਰ ਲਈ। (ਬਿੰਦੀ ਸਹਿਤ ਉਚਾਰਨ ਹੋਵੇਗਾ= ਗੁਰਸਿੱਖਾਂ)

(2). ਸਤਿਗੁਰੁ ਪੁਰਖੁ ਜਿ ਬੋਲਿਆ; ‘ਗੁਰਸਿਖਾ’, ਮੰਨਿ ਲਈ ਰਜਾਇ ਜੀਉ ॥ (ਬਾਬਾ ਸੁੰਦਰ ਜੀ/੯੨੪) ਭਾਵ ਜਿਸ ਤਰ੍ਹਾਂ ਕਰਤਾਰ ਦੇ ਰੂਪ ਸੱਚੇ ਪਾਤਿਸ਼ਾਹ (ਗੁਰੂ ਅਮਰਦਾਸ ਜੀ ਨੇ) ਬਚਨ ਕੀਤਾ (ਕਿ ਸਾਰੇ ਗੁਰੂ ਰਾਮਦਾਸ ਜੀ ਦੇ ਚਰਨੀਂ ਲੱਗਣ, ਤਾਂ) ਗੁਰਸਿੱਖਾਂ ਨੇ (ਗੁਰੂ ਅਮਰਦਾਸ ਜੀ ਦਾ) ਹੁਕਮ ਮੰਨ ਲਿਆ। (ਬਿੰਦੀ ਸਹਿਤ ਉਚਾਰਨ ਹੋਵੇਗਾ= ਗੁਰਸਿੱਖਾਂ)

(ਹ) ਅਪਾਦਾਨ ਕਾਰਕ : ਚਿੰਨ੍ਹ ਹਨ-ਤੋਂ ਪਾਸੋਂ, ਪਾਸਹੁ।

(1). ਵਿਣੁ ਸਤਿਗੁਰ ਕੇ ਹੁਕਮੈ, ਜਿ ‘ਗੁਰਸਿਖਾਂ ਪਾਸਹੁ’ ਕੰਮੁ ਕਰਾਇਆ ਲੋੜੇ ; ਤਿਸੁ ਗੁਰਸਿਖੁ ਫਿਰਿ ਨੇੜਿ ਨ ਆਵੈ ॥ (ਮ : ੪/੩੧੭) ਭਾਵ ਜੋ (ਵਿਅਕਤੀ) ਸਤਿਗੁਰੂ ਦੇ ਹੁਕਮ ਤੋਂ ਬਿਨਾਂ ਗੁਰੂ ਦੇ ਸਿੱਖਾਂ ਪਾਸੋਂ ਗੁਰਮਤਿ ਦੇ ਵਿਰੁੱਧ ਕੋਈ ਹੋਰ ਕੰਮ ਕਰਾਉਣਾ ਚਾਹੁੰਦਾ ਹੋਵੇ; ਫਿਰ ਉਸ ਦੇ ਨੇੜੇ ਗੁਰਸਿੱਖ ਕਦੀ ਨਹੀਂ ਜਾਂਦਾ। (ਇਸ ਤੁਕ ਵਿੱਚ ‘ਗੁਰਸਿਖਾਂ’ ਬਿੰਦੀ ਸਹਿਤ ਲਿਖਿਆ ਹੋਇਆ ਹੈ।)

(2). ਤਿਨਾ ‘ਗੁਰਸਿਖਾ ਕੰਉ’ ਹਉ ਵਾਰਿਆ ; ਜੋ ਬਹਦਿਆ ਉਠਦਿਆ ਹਰਿ ਨਾਮੁ ਧਿਆਵਹਿ ॥ (ਮ : ੪/੫੯੦) ਭਾਵ ਗੁਰੂ ਦੇ ਉਨ੍ਹਾਂ ਸਿੱਖਾਂ ਤੋਂ ਮੈਂ ਸਦਕੇ ਜਾਂਦਾ ਹਾਂ ਜੋ ਬਹਦਿਆਂ ਉਠਦਿਆਂ (ਭਾਵ ਹਰ ਵੇਲੇ) ਹਰੀ ਦਾ ਨਾਮ ਸਿਮਰਦੇ ਹਨ । (ਇਸ ਤੁਕ ਨੰ. 2 ਵਿੱਚ ‘ਗੁਰਸਿਖਾ’ ਸ਼ਬਦ ਬਿਨਾਂ ਬਿੰਦੀ ਤੋਂ ਦਰਜ ਹੈ, ਪਰ ਤੁਕ ਨੰ : 1 ਤੋਂ ਸੇਧ ਲੈ ਕੇ ਇੱਥੇ ਵੀ ਬਿੰਦੀ ਲਾਉਣੀ ਯੋਗ ਹੈ ‘ਗੁਰਸਿਖਾਂ ਕੰਉ’)

(ਨੋਟ : ਇਸ ਉਕਤ ਤੁਕ ਵਿੱਚ ਦਰਜ ‘ਕੰਉ’ ਸ਼ਬਦ ਦੇ ‘ਕੰ’ ਉੱਤੇ ਟਿੱਪੀ ਹੈ, ਹੋ ਸਕਦਾ ਹੈ ਕਿ ਇਹ ‘ਗੁਰਸਿਖਾੰ’ ਵਾਙ ਹੱਥ ਲਿਖਤ ਬੀੜਾਂ ਵਿੱਚ ਕੰਨੇ ਉੱਤੇ ਹੋਵੇ ਕਿਉਂਕਿ ‘ਕੰਉ’ ਸ਼ਬਦ ’ਚ ਨਾਸਿਕੀ ਧੁਨੀ ਦੀ ਜ਼ਰੂਰਤ ਨਹੀਂ ਹੁੰਦੀ। ਵੈਸੇ ਗੁਰਬਾਣੀ ਵਿੱਚ ‘ਕਉ’ 1607 ਵਾਰ ਅਤੇ ‘ਕੰਉ’ 21 ਵਾਰ ਦਰਜ ਹੈ।)

(ਕ) ਕਰਨ ਕਾਰਕ  : ਚਿਨ੍ਹ ਹੈ- ਨੂੰ

(1). ਮੈ ਬਧੀ, ਸਚੁ ਧਰਮ ਸਾਲ ਹੈ ॥ ‘ਗੁਰਸਿਖਾ’ ਲਹਦਾ ਭਾਲਿ ਕੈ ॥ (ਮ : ੫/੭੩) ਗੁਰੂ ਦੇ ਸਿੱਖਾਂ ਨੂੰ ਲੱਭ ਕੇ (ਮੈਂ ਉਨ੍ਹਾਂ ਨੂੰ) ਮਿਲਦਾ ਹਾਂ। (ਇਸ ਤੁਕ ਵਿੱਚ ਲੁਪਤ ਤੌਰ ’ਤੇ ‘ਨੂੰ’ (ਕਰਮ ਕਾਰਕ) ਅਰਥ ਨਿਕਲਣ ਸਦਕਾ ‘ਗੁਰਸਿੱਖਾਂ’ ਅੰਤ ਕੰਨਾ ਬਿੰਦੀ ਸਹਿਤ ਉਚਾਰਨ ਹੋਵੇਗਾ।)

ਹੁਣ ਤੱਕ ਉਨ੍ਹਾਂ ਸ਼ਬਦਾਂ ਦੀ ਵੀਚਾਰ ਕੀਤੀ ਗਈ ਜਿਨ੍ਹਾਂ ਦਾ ਅੰਤ ਕੰਨਾ ਬਿੰਦੀ ਸਹਿਤ ਉਚਾਰਿਆ ਜਾਣਾ ਜਰੂਰੀ ਹੈ। ਇਸ ਤੋਂ ਇਹ ਭਾਵ ਵੀ ਨਹੀਂ ਹੈ ਕਿ ਬਿਨਾਂ ਸੋਚੇ ਸਮਝੇ ਹਰ ਥਾਂ ਹੀ ਅੰਤ ਕੰਨਾ ਵਾਲੇ ਸਾਰੇ ਸ਼ਬਦ ਬਿੰਦੀ ਸਹਿਤ ਉਚਾਰ ਲਏ ਜਾਣੇ ਚਾਹੀਦੇ ਹਨ, ਇਸ ਲਈ ਹੇਠ ਲਿਖੇ ਪਾਵਨ ਵਾਕਾਂ (ਤੇ ਨਿਯਮ) ਮੁਤਾਬਕ ਅੰਤਲਾ ਕੰਨਾ ਬਿੰਦੀ ਸਹਿਤ ਉਚਾਰਿਆ ਜਾਣਾ ਗ਼ਲਤ ਹੋਵੇਗਾ  :

(ਖ) ਸੰਬੋਧਨ ਕਾਰਕ  : ਚਿਨ੍ਹ ਹਨ- ਹੇ  ! , ਰੇ ! , ਰੀ !, ਆਦਿ।

ਕਈ ਵਾਰ ਪੰਕਤੀ ਦੇ ਕਾਵਿ ਤੋਲ ਕਾਰਨ ਇੱਕ ਵਚਨ ਨਾਂਵ ਸ਼ਬਦ ਵੀ ਕੰਨਾ ਸਹਿਤ ਆ ਜਾਂਦੇ ਹਨ, ਇਸ ਲਈ ਇਨ੍ਹਾਂ ਨੂੰ ਭੁਲੇਖੇ ਨਾਲ ਬਹੁ ਵਚਨ ਨਾਂਵ ਸਮਝ ਕੇ ਬਿੰਦੀ ਨਹੀਂ ਲਗਾਉਣਾ ਭਾਵ ਇਹ ਸੰਬੋਧਨ ਕਾਰਕ ਵਿੱਚ ਹੋ ਸਕਦੇ ਹਨ। ਜਦੋਂ ਕੰਨਾਂ ਸਹਿਤ ਨਾਂਵ ਸੰਬੋਧਨ ਕਾਰਕ ਵਿੱਚ ਹੋਣ (ਭਾਵ ਹੇ ਪੰਡਿਤਾ  !, ਹੇ ਗੁਰਾ  !, ਹੇ ਮਨਾ  ! , ਆਦਿ) ਤਾਂ ਇਹ ਹਮੇਸ਼ਾਂ ਬਿਨਾਂ ਬਿੰਦੀ ਹੀ ਉਚਾਰੇ ਜਾਣਗੇ, ਇਨ੍ਹਾਂ ਦਾ ਬਿੰਦੀ ਸਮੇਤ ਉਚਾਰਨਾ ਗ਼ਲਤ ਹੋਵੇਗਾ; ਜਿਵੇਂ ਕਿ  :

(1) ‘ਸੁਆਮੀ ਪੰਡਿਤਾ’  ! ਤੁਮ੍ ਦੇਹੁ ਮਤੀ ॥ ਕਿਨ ਬਿਧਿ ਪਾਵਉ, ਪ੍ਰਾਨਪਤੀ  ? ॥ (ਮ : ੧/੧੧੭੧)

(2) ‘ਮੇਰੇ ਪ੍ਰੀਤਮਾ’  ! ਮੈ, ਤੁਝ ਬਿਨੁ ਅਵਰੁ ਨ ਕੋਇ ॥ (ਮ : ੧/੬੧) ਭਾਵ ਹੇ ਮੇਰੇ ਪ੍ਰੀਤਮ-ਪ੍ਰਭੂ  ! ਮੇਰਾ ਤੇਰੇ ਤੋਂ ਬਿਨਾਂ ਹੋਰ ਕੋਈ (ਸਹਾਰਾ) ਨਹੀਂ।

(3) ‘ਮੇਰੇ ਸਾਹਿਬਾ’  ! ਕਉਣੁ ਜਾਣੈ ਗੁਣ ਤੇਰੇ ? ॥ (ਮ : ੧/੧੫੬) ਭਾਵ ਹੇ ਮੇਰੇ ਮਾਲਕ  ! ਤੇਰੇ ਸਾਰੇ ਗੁਣਾਂ ਨੂੰ ਕੌਣ ਜਾਣ ਸਕਦਾ ਹੈ ? ਭਾਵ ਕੋਈ ਵੀ ਨਹੀਂ ਜਾਣ ਸਕਦਾ।

(4). ‘ਗੁਰਾ’  ! ਇਕ ਦੇਹਿ ਬੁਝਾਈ ॥ (ਜਪੁ)

ਉਕਤ ਚਾਰੇ ਤੁਕਾਂ ਵਿੱਚ ਕਰਮਵਾਰ ‘ਪੰਡਿਤਾ !, ਪ੍ਰੀਤਮਾ, ਸਾਹਿਬਾ, ਗੁਰਾ’ ਸੰਬੋਧਨ ਵਿੱਚ ਹੋਣ ਕਾਰਨ ਬਿੰਦੀ ਰਹਿਤ ਉਚਾਰਨੇ ਚਾਹੀਦੇ ਹਨ।

ਬਿੰਦੀ ਰਹਿਤ ਉਚਾਰੇ ਜਾਣ ਵਾਲੇ ਕੰਨਾ ਅੰਤ ਨਾਂਵ ਸ਼ਬਦਾਂ ਨੂੰ ਹਮੇਸ਼ਾਂ ਸੰਬੋਧਨ ਵਿੱਚ ਵੀ ਨਾ ਸਮਝ ਲਿਆ ਜਾਵੇ; ਕੁਝ ਐਸੇ ਸ਼ਬਦ ਵੀ ਹੁੰਦੇ ਹਨ ਜੋ ਪ੍ਰਸੰਗ ਅਨੁਸਾਰ ਹਰ ਕੇਸ ਵਿੱਚ ਵੱਖੋ ਵੱਖਰੇ ਅਰਥ ਦਿੰਦੇ ਹਨ। ਉਨ੍ਹਾਂ ਦਾ ਉਚਾਰਨ ਵਰਤੀ ਗਈ ਤੁਕ ਵਿੱਚ ਪ੍ਰਸੰਗ ਅਨੁਸਾਰ ਵੱਖੋ ਵੱਖਰਾ ਹੋ ਸਕਦਾ ਹੈ; ਜਿਵੇਂ ਕਿ

ਗੋਵਿੰਦਾ ਜਾਂ ਗੋਬਿੰਦਾ

(5) ‘ਮੇਰੇ ਗੋਵਿੰਦਾ’  ! ਗੁਣ ਗਾਵਾ, ਤ੍ਰਿਪਤਿ ਮਨਿ ਹੋਇ ॥ (ਮ : ੪/੪੦) ਭਾਵ ਹੇ ਮੇਰੇ ਗੋਬਿੰਦ  ! ਮੈਂ ਤੇਰੇ ਗੁਣ ਗਾਉਂਦਾ ਰਹਾਂ (ਤੇਰੇ ਗੁਣ ਗਾਉਂਦਿਆਂ ਹੀ) ਮਨ ਵਿਚ (ਮਾਇਆ ਵਾਲੀ ਤ੍ਰਿਸ਼ਨਾ ਤੋਂ ਖ਼ਲਾਸੀ ਹੋ ਕੇ) ਤ੍ਰਿਪਤੀ ਹੋ ਜਾਂਦੀ ਹੈ। (ਇਸ ਤੁਕ ਵਿੱਚ ‘ਗੋਵਿੰਦਾ’ ਸੰਬੋਧਨ ਕਾਰਕ ਵਿੱਚ ਹੈ, ਇਸ ਲਈ ਬਿਨਾਂ ਬਿੰਦੀ ਤੋਂ ਉਚਾਰਨ ਹੋਵੇਗਾ। ਧਿਆਨ ਰਹੇ ਕਿ ਸਾਰੇ ਕੰਨਾ ਅੰਤ ਸੰਬੋਧਨ ਵਾਲੇ ਸ਼ਬਦਾਂ ਤੋਂ ਬਾਅਦ ਗੁਰਬਾਣੀ ਉਚਾਰਨ ਵਿੱਚ ਥੋੜ੍ਹਾ ਵਿਸਰਾਮ ਦੇਣ ਦੀ ਜ਼ਰੂਰਤ ਹੁੰਦੀ ਹੈ।)

(6) ਮੇਰੀ ਜਿਹਬਾ ਬਿਸਨੁ, ਨੈਨ ਨਾਰਾਇਨ ; ਹਿਰਦੈ ਬਸਹਿ ‘ਗੋਬਿੰਦਾ’ ॥ ਜਮ ਦੁਆਰ ਜਬ ਪੂਛਸਿ ਬਵਰੇ  ! ਤਬ ਕਿਆ ਕਹਸਿ ‘ਮੁਕੰਦਾ’ ॥ (ਭਗਤ ਕਬੀਰ/੪੮੨) ਭਾਵ ਮੇਰੀ ਜੀਭ ਉੱਤੇ ਬਿਸ਼ਨ ਪ੍ਰਭੂ ਜੀ, ਮੇਰੀਆਂ ਅੱਖਾਂ ਵਿਚ ਨਾਰਾਇਨ ਤੇ ਮੇਰੇ ਦਿਲ ਵਿਚ ਗੋਬਿੰਦ ਜੀ ਵੱਸਦੇ ਹਨ। (ਇਸ ਤੁਕ ਵਿੱਚ ‘ਗੋਬਿੰਦਾ’ ਇੱਕ ਬਚਨ ਸਾਧਾਰਨ ਵਰਤਮਾਨ ਕਾਲ ਕਰਤਾ ਕਾਰਕ ਵਿੱਚ ਹੈ, ਜਿਸ ਦੇ ਅੰਤ ’ਚ ਕੰਨਾ ਅਗਲੀ ਤੁਕ ਦੇ ਅਖ਼ੀਰ ’ਚ ਦਰਜ ‘ਮੁਕੰਦਾ’ ਸ਼ਬਦ ਕਾਰਨ ਕਾਵਿ ਤੋਲ (ਤੁਕਾਂਤ ਮੇਲ਼) ਨੂੰ ਪੂਰਾ ਕਰਨ ਲਈ ਆਇਆ ਹੈ, ਨਾ ਕਿ ਸੰਬੋਧਨ ਰੂਪ, ਇਸ ਲਈ ਇਸ ਦਾ ਉਚਾਰਨ ਬਿੰਦੀ ਤੋਂ ਬਿਨਾਂ ਹੀ ਕਰਨਾ ਯੋਗ ਹੈ।)

(7). ਜੋਗ ਬਿਨੋਦ; ਸ੍ਵਾਦ ‘ਆਨੰਦਾ’ ॥ ਮਤਿ, ਸਤ ਭਾਇ; ਭਗਤਿ ‘ਗੋਬਿੰਦਾ’ ॥ (ਮ : ੧/੧੩੩੧) ਭਾਵ (ਪ੍ਰਭੂ-ਚਰਨਾਂ ਦੇ) ਸੱਚੇ ਪ੍ਰੇਮ ਦੀ ਬਰਕਤ ਨਾਲ ਮੇਰੀ ਮੱਤ ਵਿੱਚ ਗੋਬਿੰਦ ਦੀ ਭਗਤੀ ਟਿਕ ਗਈ ਹੈ। (ਇਸ ਤੁਕ ਵਿੱਚ ‘ਗੋਬਿੰਦਾ’ ਦਾ ਅੰਤ ਕੰਨਾ, ਪਹਿਲੀ ਤੁਕ ਦੇ ਅੰਤ ’ਚ ਦਰਜ ‘ਆਨੰਦਾ’ ਸ਼ਬਦ ਦੇ ਅੰਤ ਕੰਨਾ ਦੇ ਕਾਵਿ ਤੋਲ ਕਾਰਨ ਹੈ, ਇਸ ਲਈ ਬਿਨਾਂ ਬਿੰਦੀ ਉਚਾਰਨ ‘ਗੋਬਿੰਦਾ’ ਕੀਤਾ ਜਾਣਾ ਠੀਕ ਹੋਵੇਗਾ।)

ਸਤਿਗੁਰਾ

(8) ‘ਮੇਰੇ ਸਤਿਗੁਰਾ’  ! ਹਉ ਤੁਧੁ ਵਿਟਹੁ ਕੁਰਬਾਣੁ ॥ (ਮ : ੫/੫੨) ਭਾਵ ਹੇ ਮੇਰੇ ਸਤਿਗੁਰੂ  ! ਮੈਂ ਤੈਥੋਂ ਕੁਰਬਾਨ ਜਾਂਦਾ ਹਾਂ।

(ਨੋਟ : ਉਕਤ ਕੀਤੀ ਗਈ ਅੰਤ ਕੰਨਾ ਸੰਬੋਧਨ ਸ਼ਬਦਾਂ ਵਾਙ ਇਸ ਤੁਕ ਵਿੱਚ ‘ਸਤਿਗੁਰਾ’ ਸ਼ਬਦ ਸੰਬੋਧਨ ਕਾਰਕ ਵਿੱਚ ਹੋਣ ਕਰ ਕੇ ਬਿੰਦੀ ਤੋਂ ਬਿਨਾਂ ਉਚਾਰਨ ਹੋਵੇਗਾ, ਪਰ।)

(9). ਰਾਮ ਨਾਮ ਗੁਨ ਗਾਵਹੁ ਹਰਿ ਪ੍ਰੀਤਮ ; ਉਪਦੇਸਿ ਗੁਰੂ ਗੁਰ ‘ਸਤਿਗੁਰਾ’ ; ਸੁਖੁ ਹੋਤੁ, ਹਰਿ ਹਰੇ ਹਰਿ ਹਰੇ, ਹਰੇ ਭਜੁ ; ਰਾਮ ਰਾਮ ਰਾਮ ॥ (ਮ : ੪/੧੨੯੭) ਭਾਵ ਗੁਰੂ ਸਤਿਗੁਰ ਦੇ ਉਪਦੇਸ਼ ਦੀ ਰਾਹੀਂ, ਹਰੀ ਪ੍ਰੀਤਮ ਦੇ ਨਾਮ ਦੇ ਗੁਣ ਗਾਂਦਾ ਰਹੁ, ਰਾਮ ਨਾਮ ਦਾ ਭਜਨ ਕਰਦਾ ਰਹੁ, ਹਰਿ-ਨਾਮ ਜਪਿਆਂ ਆਤਮਕ ਆਨੰਦ ਪ੍ਰਾਪਤ ਹੁੰਦਾ ਹੈ।

(ਨੋਟ : ਇਸ ਤੁਕ ਵਿੱਚ ‘ਸਤਿਗੁਰਾ’ ਸੰਬੋਧਨ ਵਿੱਚ ਨਹੀਂ ਬਲਕਿ ਇੱਕ ਵਚਨ ਸਬੰਧਕੀ ਕਾਰਕ ਹੈ; ਇਸ ਹਾਲਤ ’ਚ ਵੀ ਉਚਾਰਨ ਬਿੰਦੀ ਤੋਂ ਬਿਨਾਂ ਹੀ ਹੋਵੇਗਾ। ਧਿਆਨ ਰਹੇ ਕਿ ਉਕਤ ਕੀਤੀ ਗਈ ‘ਗੁਰਸਿਖਾ’ ਸ਼ਬਦ ਦੀ ਵਿਚਾਰ, ਜਿੱਥੇ ਸੰਬੰਧਕੀ ਚਿੰਨ੍ਹ ਆਉਣ ਨਾਲ ‘ਗੁਰਸਿਖਾ’ ਸ਼ਬਦ ਵੀ ਬਿੰਦੀ ਸਮੇਤ ‘ਗੁਰਸਿਖਾਂ’ ਉਚਾਰਨਾ ਹੈ ਕਿਉਂਕਿ ‘ਗੁਰਸਿਖਾ’ ਸ਼ਬਦ ਬਹੁ ਵਚਨ ਸੀ, ਪਰ ਇੱਥੇ ‘ਸਤਿਗੁਰਾ’ ਇੱਕ ਵਚਨ ਹੈ ਭਾਵੇਂ ਨਾਲ ਲੁਪਤ ਸੰਬੰਧਕੀ ਚਿੰਨ੍ਹ ਵੀ ਹੈ ਭਾਵ ‘ਗੁਰੂ ਗੁਰ ਸਤਿਗੁਰਾ ਦੇ ਉਪਦੇਸ਼ ਨਾਲ’, ਇਸ ਲਈ ਲੁਪਤ ਸਬੰਧਕੀ (ਦੇ) ਮਿਲਣ ਦੇ ਬਾਵਜੂਦ ਵੀ (ਗੁਰਸਿਖਾਂ ਵਾਙ) ਅੰਤ ਬਿੰਦੀ ਨਹੀਂ ਆਏਗੀ।)

ਕਾਗਾ

(10). ਉਡਹੁ ਨ, ‘ਕਾਗਾ’ ਕਾਰੇ ! ॥ ਬੇਗਿ ਮਿਲੀਜੈ ; ਅਪੁਨੇ ਰਾਮ ਪਿਆਰੇ ॥ (ਭਗਤ ਕਬੀਰ/੩੩੮) ਭਾਵ ਹੇ ਕਾਲੇ ਕਾਂ ! ਉੱਡ ਨਾ ਭਾਵ ਜਲਦੀ ਉੱਡ ਜਾਹ, ਤਾਂ ਜੋ ਮੈਂ ਛੇਤੀ ਆਪਣੇ ਪਿਆਰੇ ਨੂੰ ਮਿਲ ਸਕਾਂ। (ਧਿਆਨ ਰਹੇ ਕਿ ਕੰਧ ’ਤੇ ਬੈਠਾ ਕਾਂ ਕਿਸੇ ਦੇ ਆਉਣ ਦਾ ਪ੍ਰਤੀਕ ਹੁੰਦਾ ਹੈ, ਅਗਰ ਉੱਡ ਜਾਏ ਤਾਂ ਸਮਝੋ ਉਹ ਜਲਦੀ ਆਉਣ ਵਾਲਾ ਹੈ, ਇਸ ਲਈ ਪਿਆਰ ਨਾਲ ਕਿਹਾ ਗਿਆ ਹੈ ਕਿ ਉੱਡ ਨ, ਉੱਡ ਨਾ।)

(ਨੋਟ : ਇਸ ਤੁਕ ਵਿੱਚ ‘ਕਾਗਾ’ ਸ਼ਬਦ ਸੰਬੋਧਨ ਵਿੱਚ ਹੈ, ਜੋ ਬਿਨਾਂ ਬਿੰਦੀ ਤੋਂ ਉਚਾਰਨ ਹੋਵੇਗਾ, ਪਰ।)

(11). ‘ਕਾਗਾ’ ਕਰੰਗ ਢਢੋਲਿਆ ; ਸਗਲਾ ਖਾਇਆ ਮਾਸੁ ॥ ਏ ਦੁਇ ਨੈਨਾ ਮਤਿ ਛੁਹਉ; ਪਿਰ ਦੇਖਨ ਕੀ ਆਸ ॥ (ਬਾਬਾ ਫਰੀਦ ਜੀ/੧੩੮੨) ਭਾਵ (ਵਿਕਾਰ ਰੂਪ) ਕਾਵਾਂ ਨੇ ਸਾਰਾ ਪਿੰਜਰ (ਸਰੀਰ) ਫਰੋਲ਼ ਮਾਰਿਆ ਤੇ ਸਾਰਾ ਮਾਸ (ਅੰਦਰੂਨੀ ਗੁਣਾਂ ਦਾ ਸੰਗ੍ਰਹਿ) ਖਾ ਲਿਆ ਹੈ। ਇਸ ਲਈ ਵਿਕਾਰਾਂ ਅੱਗੇ ਬੇਨਤੀ ਹੈ ਕਿ ਇਹ (ਅੰਦਰੂਨੀ) ਦੋਵੇਂ ਅੱਖਾਂ (ਬਿਰਹਾ, ਦਿਲੀ ਤਮੰਨਾ) ਨੂੰ ਖਾਣ ਲਈ ਨਾ ਪਕੜੋ ਕਿਉਂਕਿ ਪਿਆਰੇ ਨੂੰ ਮਿਲਣ ਦੀ ਚਾਹ ਹੈ। (ਇਸ ਤੁਕ ਵਿੱਚ ‘ਕਾਗਾ’ ਬਹੁ ਵਚਨ ਹੈ, ਇਸ ਲਈ ਇਸ ਦਾ ਉਚਾਰਨ ਉਕਤ ਕੀਤੀ ਗਈ ‘ਗੁਰਸਿਖਾਂ’ ਸ਼ਬਦ ਦੀ ਵਿਚਾਰ ਵਾਙ ‘ਕਾਗਾਂ’ ਹੋਵੇਗਾ ਤੇ ਅਰਥ ਹਨ, ‘ਕਾਗਾਂ ਨੇ’ ਕਰਤਾ ਕਾਰਕ ਬਹੁ ਵਚਨ।)

ਲੋਕਾ

(12). ‘ਲੋਕਾ’  ! ਮਤ ਕੋ ਫਕੜਿ ਪਾਇ ॥ (ਮ : ੧/੩੫੮) ਭਾਵ ਹੇ ਲੋਕੋ  ! ਮੇਰੀ ਗੱਲ ਦਾ ਮਖ਼ੌਲ ਨਾ ਉਡਾਓ। (ਇਸ ਤੁਕ ਵਿੱਚ ‘ਲੋਕਾ’ ਸੰਬੋਧਨ ਕਾਰਕ ‘ਇੱਕ ਵਚਨ) ਹੈ, ਇਸ ਲਈ ਉਚਾਰਨ ਹੋਏਗਾ, ਬਿਨਾਂ ਬਿੰਦੀ ‘ਲੋਕਾ’।)

(13). ਤਿਹੁ ‘ਲੋਕਾ ਮਹਿ’ ਸਬਦੁ ਰਵਿਆ ਹੈ ; ਆਪੁ ਗਇਆ, ਮਨੁ ਮਾਨਿਆ ॥ (ਮ : ੧/੩੫੧) ਭਾਵ ਉਸ ਦਾ ਨਾਮ (ਜੋਤ, ਸ਼ਕਤੀ) ਤਿੰਨਾਂ ਜਹਾਨਾਂ ਅੰਦਰ ਵਿਆਪਕ ਹੈ। (ਇਤਨੀ ਸ਼ਕਤੀ ਅਨੁਭਵ ਕਰਨ ਉਪਰੰਤ ਮੇਰੀ ਹੰਗਤਾ, ਅਹੰਤਾ, ਖ਼ੁਦੀ ਤੁੱਛ ਜਾਪੀ, ਜਿਸ ਕਾਰਨ) ਮੇਰੇ ਅੰਦਰੋਂ ਆਪਾ-ਭਾਵ ਦੂਰ ਹੋ ਗਿਆ, ਮੇਰਾ ਮਨ ਉਸ ਪ੍ਰਭੂ-ਪਤੀ ਦੀ ਯਾਦ ਵਿਚ ਗਿੱਝ ਗਿਆ (ਇੱਥੇ ‘ਲੋਕਾ’ ਨਾਲ ਸੰਬੰਧਕੀ ‘ਮਹਿ’ ਹੋਣ ਕਾਰਨ ਉਚਾਰਨ ਹੋਏਗਾ, ‘ਲੋਕਾਂ’ ਬਹੁ ਵਚਨ, ਅਧਿਕਰਣ ਕਾਰਕ)।

(14). ‘ਲੋਕਾ ਵਿਚਿ’ ਮੁਹੁ ਕਾਲਾ ਹੋਆ ; ਅੰਦਰਿ ਉਭੇ ਸਾਸ ॥ (ਮ : ੩/੬੪੩) ਭਾਵ ਸੰਸਾਰ ਦੇ ਲੋਕਾਂ ਵਿਚ ਭੀ ਉਹਨਾਂ ਦਾ ਮੂੰਹ ਕਾਲਾ ਹੋਇਆ (ਭਾਵ ਸ਼ਰਮਿੰਦੇ ਹੋਏ) ਤੇ ਹਾਹੁਕੇ ਲੈਂਦੇ ਹਨ। (ਇੱਥੇ ਵੀ ਨੰ : 12 ਵਾਙ ਬਿੰਦੀ ਸਹਿਤ ਉਚਾਰਨ ‘ਲੋਕਾਂ ਹੋਵੇਗਾ, ਪਰ)।

(15). ‘ਲੋਕਾ’ ਨ ਸਾਲਾਹਿ, ਜੋ ਮਰਿ ਖਾਕੁ ਥੀਈ ॥ (ਮ : ੩/੭੫੫) ਭਾਵ ਤੂੰ ਲੋਕਾਂ ਨੂੰ ਹੀ ਨਾ ਵਡਿਆਉਂਦਾ ਫਿਰ, ਜੋ ਮਰ ਕੇ ਮਿੱਟੀ ਹੋ ਜਾਣਗੇ। (ਇਸ ਤੁਕ ਵਿੱਚ ‘ਲੋਕਾ’ (ਕਰਮ ਕਾਰਕ) ਸ਼ਬਦ ਹੈ, ਜਿਸ ਨਾਲ਼ ਲੁਪਤ ‘ਨੂੰ’ ਭਾਵ ‘ਲੋਕਾਂ ਨੂੰ’ ਅਰਥ ਮਿਲਦਾ ਹੈ, ਇਸ ਲਈ ਇਸ ‘ਲੋਕਾ’ ਦਾ ਉਚਾਰਨ ਵੀ ਉਕਤ ਨੰਬਰ 12, 13 ਪੰਕਤੀਆਂ ’ਚ ਦਰਜ ‘ਲੋਕਾਂ ਮਹਿ’ ਵਾਙ ‘ਲੋਕਾਂ’ ਕੰਨਾਂ ਬਿੰਦੀ ਸਹਿਤ ਹੀ ਹੋਵੇਗਾ।)

(16). ਅੰਭੈ ਸੇਤੀ, ਅੰਭੁ ਰਲਿਆ; ਬਹੁੜਿ ਨ ਨਿਕਸਿਆ ਜਾਇ ॥ ਨਾਨਕ  ! ਗੁਰਮੁਖਿ ਚਲਤੁ ਹੈ ; ਵੇਖਹੁ ਲੋਕਾ  ! ਆਇ ॥ (ਮ : ੩/੯੪੭) ਭਾਵ ਹੇ ਨਾਨਕ  ! ਆਖ, ਕਿ ਜਿਵੇਂ ਪਾਣੀ ਵਿਚ ਪਾਣੀ ਮਿਲ ਕੇ ਵੱਖਰਾ ਨਹੀਂ ਹੋ ਸਕਦਾ, ਇਸੇ ਤਰ੍ਹਾਂ ਗੁਰਮੁਖ ਦੀ (ਗੁਰੂ ਨਾਲ ਇਕਮਿਕਤਾ ਵਾਲੀ) ਖੇਡ ਹੈ ਭਾਵੇਂ ਹੇ ਲੋਕੋ ! (ਸੰਗਤੀ ਰੂਪ ਵਿੱਚ) ਆ ਕੇ ਵੇਖ ਲਵੋ (ਪਰਖ ਲਵੋ)। (ਇਸ ਤੁਕ ਵਿੱਚ ‘ਲੋਕਾ’ ਸੰਬੋਧਨ ਰੂਪ ਵਿੱਚ ਹੋਣ ਕਾਰਨ ਉਚਾਰਨ ਬਿੰਦੀ ਰਹਿਤ ਹੋਏਗਾ ‘ਲੋਕਾ’)।

(17). ਸਿਰੁ ਨਾਨਕ, ‘ਲੋਕਾ’ ਪਾਵ ਹੈ ॥ ਬਲਿਹਾਰੀ ਜਾਉ; ਜੇਤੇ ਤੇਰੇ ਨਾਵ ਹੈ ॥ (ਮ : ੧/੧੧੬੮) ਭਾਵ ਨਾਨਕ ਦਾ ਸਿਰ (ਸਿਫ਼ਤ-ਸਾਲਾਹ ਕਰਨ ਵਾਲੇ) ਲੋਕਾਂ ਦੇ ਕਦਮਾਂ ’ਤੇ ਹੈ, ਇਸ ਲਈ ਹੇ ਪ੍ਰਭੂ  ! ਜਿਤਨੇ (ਇਨ੍ਹਾਂ ਨੇ ਆਪਣੇ ਜਪਣ ਲਈ) ਤੇਰੇ ਕਿਰਤਮ ਨਾਮ ਬਣਾਏ ਹਨ ਮੈਂ ਉਨ੍ਹਾਂ ਤੋਂ ਕੁਰਬਾਨ ਜਾਂਦਾ ਹਾਂ। (ਇਸ ਤੁਕ ਵਿੱਚ ‘ਲੋਕਾ’ ਸਬੰਧ ਕਾਰਕ ਹੈ ਭਾਵ ‘ਲੋਕਾਂ ਦੇ ਕਦਮਾਂ ਤੋਂ’, ਇਸ ਲਈ ਉਚਾਰਨ ਬਿੰਦੀ ਸਹਿਤ ਹੋਏਗਾ ‘ਲੋਕਾਂ’)।

ਪੂਤਾ

(18). ਮਾਈ  ! ਖਾਟਿ ਆਇਓ ਘਰਿ, ‘ਪੂਤਾ’ ॥ ਹਰਿ ਧਨੁ ਚਲਤੇ, ਹਰਿ ਧਨੁ ਬੈਸੇ; ਹਰਿ ਧਨੁ ਜਾਗਤ ‘ਸੂਤਾ’ ॥ (ਮ : ੫/੪੯੫) ਭਾਵ ਹੇ ਮਾਂ  ! ਪੁੱਤਰ ਖੱਟ ਕੇ ਘਰ ਆਇਆ ਸਮਝ ਜਦ ਉਹ ਚਲਦਿਆਂ, ਬੈਠਿਆਂ, ਜਾਗਦਿਆਂ, ਸੁਤਿਆਂ ਹਰੀ ਦਾ ਨਾਮ-ਧਨ ਇਕੱਤਰ ਕਰ ਰਿਹਾ ਹੋਵੇ। (ਇਸ ਤੁਕ ’ਚ ‘ਪੂਤਾ’ ਸ਼ਬਦ ਬਣਤਰ ਅਗਲੀ ਸਬੰਧਿਤ ਤੁਕ ਦੇ ਅਖ਼ੀਰਲੇ ਸ਼ਬਦ ‘ਸੂਤਾ’ ਕਾਰਨ ਬਣੀ ਹੈ, ਜੋ ਕਾਵਿ ਤੋਲ ਦਾ ਪ੍ਰਤੀਕ ਹੈ ਤੇ ਉਚਾਰਨ ਹੋਏਗਾ, ਬਿਨਾਂ ਬਿੰਦੀ ‘ਪੂਤਾ’, ਪਰ)

(19). ਆਈ ‘ਪੂਤਾ’; ਇਹੁ ਜਗੁ ਸਾਰਾ ॥ (ਮ : ੧/੮੪੦) ਅਰਥ ‘ਆਈ’ ਭਾਵ ਮਾਇਆ ਦਾ ਪੁੱਤਰ ਹੈ ਇਹ ਸਾਰਾ ਜਗਤ। (ਇਸ ਤੁਕ ’ਚ ‘ਪੂਤਾ’ ਦਾ ਕੰਨਾ ਵੀ ਕਾਵਿ ਤੋਲ ਨੂੰ ਪੂਰਾ ਕਰਦਾ ਹੈ, ਪਰ ਪੰਕਤੀ ਦੇ ਮੱਧ ’ਚ ਹੋਣ ਕਾਰਨ ਇਸ ਨੂੰ ਤੁਕਾਂਤ ਮੇਲ ਨਹੀਂ ਕਿਹਾ ਜਾ ਸਕਦਾ, ਇਸ ਲਈ ਉਚਾਰਨ ਹੋਏਗਾ ‘ਪੂਤਾ’ (ਇੱਕ ਵਚਨ ਪੁੱਤਰ ਜਾਂ ਔਲਾਦ, ਜੋ ਇੱਕ ਵਚਨ ‘ਜਗਤ’ ਦਾ ਪ੍ਰਤੀਕ ਹੈ)।

(20). ਨਾ ਇਹੁ ਜੋਗੀ, ਨਾ ਅਵਧੂਤਾ ॥ ਨਾ ਇਸੁ ਮਾਇ, ਨ ਕਾਹੂ ਪੂਤਾ ॥ (ਭਗਤ ਕਬੀਰ/੮੭੧) ਭਾਵ ਇਹ (ਆਤਮਾ, ਜੋਤ, ਰੂਹ) ਨਾ ਜੋਗੀ ਹੈ, ਨਾ ਤਿਆਗੀ ਹੈ, ਨਾ ਇਸ ਦੀ ਕੋਈ (ਸਮਾਜਿਕ) ਮਾਂ ਹੈ, ਨਾ ਇਹ ਕਿਸੇ ਦਾ (ਸਮਾਜਿਕ) ਪੁੱਤਰ ਹੈ। (ਇਸ ਤੁਕ ’ਚ ‘ਪੂਤਾ’ ਬਣਤਰ ਵੀ ਸਬੰਧਿਤ ਤੁਕ ’ਚ ਦਰਜ ‘ਅਵਧੂਤਾ’ ਸ਼ਬਦ ਕਾਰਨ ਹੈ, ਇਸ ਲਈ ਉਚਾਰਨ ਹੋਏਗਾ ਬਿੰਦੀ ਰਹਿਤ ‘ਪੂਤਾ’, ਪਰ)

(21). ‘ਪੂਤਾ’ ! ਮਾਤਾ ਕੀ ਆਸੀਸ ॥ ਨਿਮਖ ਨ ਬਿਸਰਉ ਤੁਮ੍ ਕਉ ਹਰਿ ਹਰਿ; ਸਦਾ ਭਜਹੁ ਜਗਦੀਸ ॥ (ਮ : ੫/੪੯੬) (ਇਸ ਤੁਕ ਵਿੱਚ ‘ਪੂਤਾ’ ਸੰਬੋਧਨ ਹੈ ਭਾਵ ਹੇ ਪੁੱਤਰ  ! ਉਚਾਰਨ ਹੋਏਗਾ ਬਿਨਾਂ ਬਿੰਦੀ ‘ਪੂਤਾ’)

ਮੀਤਾ

(22). ‘ਮੀਤਾ’ ! ਐਸੇ ਹਰਿ ਜੀਉ ਪਾਏ ॥ ਛੋਡਿ ਨ ਜਾਈ, ਸਦ ਹੀ ਸੰਗੇ; ਅਨਦਿਨੁ ਗੁਰ ਮਿਲਿ ਗਾਏ ॥ (ਮ : ੫/੫੩੩) (ਇਸ ਤੁਕ ਵਿੱਚ ‘ਮੀਤਾ’ ਵੀ ਸੰਬੋਧਨ ਹੈ ਭਾਵ ਹੇ ਮਿੱਤਰ  ! ਉਚਾਰਨ ਹੋਏਗਾ ਬਿਨਾਂ ਬਿੰਦੀ ‘ਮੀਤਾ’, ਪਰ)

(23). ਸੋਈ ਸੁਗਿਆਨਾ ਸੋ ਪਰਧਾਨਾ; ਜੋ ਪ੍ਰਭਿ ਅਪਨਾ ‘ਕੀਤਾ’॥ ਕਹੁ ਨਾਨਕ  ! ਜਾਂ ਵਲਿ ਸੁਆਮੀ; ਤਾ ਸਰਸੇ (ਅਨੰਦਤ) ਭਾਈ ‘ਮੀਤਾ’ ॥ (ਮ : ੫/੪੫੩) (ਇਸ ਤੁਕ ਵਿੱਚ ‘ਮੀਤਾ’ ਸੰਬੋਧਨ ਨਹੀਂ ਬਲਕਿ ਪਿਛਲੇ ਤੁਕ ਦੇ ਅਖ਼ੀਰ ’ਚ ਦਰਜ ‘ਕੀਤਾ’ ਕਾਰਨ ਬਣਤਰ ‘ਮੀਤ’ ਬਹੁ ਵਚਨ ਤੋਂ ‘ਮੀਤਾ’ ਬਣੀ ਹੈ, ਪਰ ਕੋਈ ਸਬੰਧਕੀ ਨਾ ਹੋਣ ਕਾਰਨ ਉਚਾਰਨ ਹੋਏਗਾ ਬਿਨਾਂ ਬਿੰਦੀ ‘ਮੀਤਾ’ ਹੀ)

ਕੰਤਾ

(24). ‘ਕੰਤਾ’  ! ਤੂ ਸਉ ਸੇਜੜੀ ; ਮੈਡਾ ਹਭੋ ਦੁਖੁ ਉਲਾਹਿ (ਉਲਾਹ, ਦੂਰ ਕਰ)॥ (ਮ : ੫/੧੦੯੪) ਭਾਵ ਹੇ ਮੇਰੇ ਕੰਤ ! ਤੂੰ (ਮੇਰੀ ਹਿਰਦੇ) ਸੇਜ ਉੱਤੇ (ਆ ਕੇ) ਸੌਂ ਜਾਹ ਤੇ ਮੇਰਾ ਸਾਰਾ ਦੁੱਖ ਦੂਰ ਕਰ। (ਇਸ ਤੁਕ ’ਚ ‘ਕੰਤਾ’ ਕਾਵਿ ਤੋਲ ਕਾਰਨ ਨਹੀਂ ਬਲਕਿ ਇੱਕ ਵਚਨ ਸੰਬੋਧਨ ਹੈ, ਜਿਸ ਦਾ ਉਚਾਰਨ ਹੋਏਗਾ ਬਿਨਾਂ ਬਿੰਦੀ ‘ਕੰਤਾ’, ਪਰ।)

(25). ‘ਕੰਤਾ ਨਾਲਿ’ ਮਹੇਲੀਆ; ਸੇਤੀ ਅਗਿ ਜਲਾਹਿ ॥ (ਮ : ੩/੭੮੭) ਭਾਵ ਪਤੀਆਂ ਨਾਲ ਇਸਤ੍ਰੀਆਂ ਵੀ ਸਮਾਜਿਕ ਦੁੱਖ-ਸੁਖ ਵਿੱਚ ਭਾਗੀਦਾਰ ਬਣਦੀਆਂ ਹਨ। (ਇਸ ਤੁਕ ’ਚ ‘ਕੰਤਾ’ ਬਹੁ ਵਚਨ ਪੁਲਿੰਗ ਸ਼ਬਦ ਨਾਲ ਸਬੰਧਕੀ ‘ਨਾਲਿ’ ਹੋਣ ਕਾਰਨ ਉਚਾਰਨ ਹੋਏਗਾ ਬਿੰਦੀ ਸਮੇਤ ‘ਕੰਤਾਂ’)

ਪੁਰਖਾ

(26). ਕਿਤੁ ਬਿਧਿ ‘ਪੁਰਖਾ’  ! ਜਨਮੁ ਵਟਾਇਆ ? ॥ ਕਾਹੇ ਕਉ, ਤੁਝੁ ਇਹੁ ਮਨੁ ਲਾਇਆ  ?॥ (ਮ : ੧/੯੪੦) ਭਾਵ (ਯੋਗੀ, ਗੁਰੂ ਨਾਨਕ ਸਾਹਿਬ ਜੀ ਨੂੰ ਪੁੱਛਦੇ ਹਨ ਕਿ) ਹੇ ਪੁਰਖਾ ! ਤੂੰ ਆਪਣੀ ਜ਼ਿੰਦਗੀ ਕਿਸ ਤਰੀਕੇ ਨਾਲ ਪਲਟ ਲਈ ਹੈ ? ਤੇ ਆਪਣਾ ਮਨ ਕਿਸ ਨਾਲ ਜੋੜਿਆ ਹੈ ? (ਇਸ ਤੁਕ ’ਚ ‘ਪੁਰਖਾ’ ਇੱਕ ਵਚਨ ਸੰਬੋਧਨ ਹੈ ਤੇ ਉਚਾਰਨ ਹੋਏਗਾ, ਬਿਨਾਂ ਬਿੰਦੀ ‘ਪੁਰਖਾ’, ਪਰ)

(27). ਸਭਿ ਸਤ, ਸਭਿ ਤਪ; ਸਭਿ ਚੰਗਿਆਈਆ ॥ ਸਿਧਾ ‘ਪੁਰਖਾ ਕੀਆ’; ਵਡਿਆਈਆ ॥ (ਮ :੧/੯) ਭਾਵ ਸਿੱਧ ਲੋਕਾਂ ਦੀਆਂ (ਰਿੱਧੀਆਂ, ਸਿੱਧੀਆਂ ਸਮੇਤ) ਵੱਡੇ ਵੱਡੇ ਕਾਰਜ ਵਾਲੀਆਂ ਵਡਿਆਈਆਂ। (ਇਸ ਤੁਕ ’ਚ ‘ਪੁਰਖਾ ਕੀਆ’ ਭਾਵ ‘ਪੁਰਖਾ’ ਨਾਲ ਸਬੰਧਕੀ ‘ਕੀਆ’ ਹੋਣ ਕਾਰਨ ਉਚਾਰਨ ਹੋਏਗਾ ਬਿੰਦੀ ਸਮੇਤ ‘ਪੁਰਖਾਂ’ ਅਤੇ)

(28). ਮਹਾ ਪੁਰਖਾ ਕਾ ਬੋਲਣਾ ; ਹੋਵੈ ਕਿਤੈ ਪਰਥਾਇ ॥ (ਮ : ੩/੭੫੫) ਭਾਵ ਮਹਾ ਪੁਰਖਾਂ ਦਾ ਬਚਨ ਕਿਸੇ ਦੇ ਸਬੰਧ ’ਚ ਬੋਲਿਆ ਹੁੰਦਾ ਹੈ। (ਇਸ ਤੁਕ ’ਚ ਵੀ ‘ਪੁਰਖਾ’ ਨਾਲ ਸੰਬੰਧਕੀ ‘ਕਾ’ ਹੋਣ ਕਾਰਨ ਉਚਾਰਨ ਹੋਏਗਾ ‘ਪੁਰਖਾਂ’, ਪਰ)

(29). ਸੇ ਧੰਨੁ ਵਡੇ ਸਤ ਪੁਰਖਾ ਪੂਰੇ ; ਜਿਨ ਗੁਰਮਤਿ ਨਾਮੁ ਧਿਆਇਆ ॥ (ਮ : ੪/੪੪੫) ਭਾਵ ਜਿਨ੍ਹਾਂ ਮਨੁੱਖਾਂ ਨੇ ਗੁਰੂ ਦੀ ਮਤਿ ਲੈ ਕੇ ਪ੍ਰਭੂ ਦਾ ਨਾਮ ਸਿਮਰਿਆ, ਉਹ ਵੱਡੇ ਭਾਗਾਂ ਵਾਲੇ ਅਤੇ ਪੂਰੇ ਆਤਮਕ ਜੀਵਨ ਵਾਲੇ ਮਹਾਂ ਪੁਰਖ ਬਣ ਗਏ। (ਇਸ ਤੁਕ ’ਚ ‘ਪੁਰਖਾ’ ਬਹੁ ਵਚਨ ਹੋਣ ਦੇ ਬਾਵਜੂਦ ਵੀ ਕੋਈ ਸਬੰਧਕੀ ਚਿੰਨ੍ਹ ਨਾਲ ਨਾ ਹੋਣ ਕਾਰਨ ਉਚਾਰਨ ‘ਪੁਰਖਾ’ (ਬਿੰਦੀ ਰਹਿਤ) ਹੀ ਹੋਏਗਾ, ਪਰ)

(30). ਜੈਸੀ, ਪਰ ਪੁਰਖਾ ਰਤ ਨਾਰੀ ॥ ਲੋਭੀ ਨਰੁ, ਧਨ ਕਾ ਹਿਤਕਾਰੀ ॥ (ਭਗਤ ਨਾਮਦੇਵ/੧੧੬੪) ਭਾਵ ਜਿਸ ਤਰ੍ਹਾਂ ਲੋਭੀ ਮਨੁੱਖ ਮਾਇਆ ਨਾਲ ਪਿਆਰ ਕਰਦਾ ਹੈ ਵੈਸੇ ਹੀ ਵੇਸਵਾ ਇਸਤ੍ਰੀ, ਪਰਾਏ ਪੁਰਸ਼ਾਂ ਦੇ ਪਿਆਰ ਵਿੱਚ ਖ਼ੁਸ਼ ਰਹਿੰਦੀ ਹੈ। (ਇਸ ਤੁਕ ’ਚ ‘ਪਰ ਪੁਰਖਾ ਰਤ’ ਭਾਵ ਪਰਾਏ ਪੁਰਸ਼ਾਂ ਦੇ ਪਿਆਰ’ ਅਰਥ ਹੋਣ ਕਾਰਨ ‘ਪੁਰਖਾ’ ਉਪਰੰਤ ਲੁਪਤ ‘ਦੇ’ ਚਿੰਨ੍ਹ ਮਿਲਦਾ ਹੈ, ਜਿਸ ਕਾਰਨ ਉਚਾਰਨ ਹੋਏਗਾ ਬਿੰਦੀ ਸਮੇਤ ‘ਪੁਰਖਾਂ’)

(31). ਡੰਡ, ਕਮੰਡਲ, ਸਿਖਾ, ਸੂਤੁ, ਧੋਤੀ ; ਤੀਰਥਿ ਗਵਨੁ ਅਤਿ ਭ੍ਰਮਨੁ ਕਰੈ ॥ (ਮ : ੧/੧੧੨੭) ਭਾਵ (ਜੋਗੀ ਹੱਥ ਵਿਚ) ਡੰਡਾ ਤੇ ਖੱਪਰ ਫੜ ਲੈਂਦਾ ਹੈ, ਬ੍ਰਾਹਮਣ (ਸ਼ਿਖਾ) ਬੋਦੀ (ਚੋਟੀ) ਰੱਖਦਾ ਹੈ, ਜਨੇਊ ਤੇ ਧੋਤੀ ਪਹਿਨਦਾ ਹੈ, (ਜੋਗੀ) ਤੀਰਥ-ਜਾਤ੍ਰਾ ਤੇ ਧਰਤੀ-ਭ੍ਰਮਨ ਕਰਦਾ ਹੈ। (ਇਸ ਤੁਕ ’ਚ ਦਰਜ ‘ਸਿਖਾ’ ਦਾ ਅਰਥ ਹੈ ‘ਬੋਦੀ, ਚੋਟੀ’ ਤੇ ਉਚਾਰਨ ਹੈ ‘ਸ਼ਿਖਾ’ (ਸੰਸਕ੍ਰਿਤ ਦਾ ਇਸਤਰੀ ਲਿੰਗ), ਪਰ)

(32). ਸਿਖਾ ਕੰਨਿ ਚੜਾਈਆ ; ਗੁਰੁ ਬ੍ਰਾਹਮਣੁ ਥਿਆ ॥ (ਮ : ੧/੪੭੧) ਭਾਵ ਬ੍ਰਾਹਮਣ ਧਾਰਮਕ ਉਸਤਾਦ ਬਣ ਜਾਂਦਾ ਹੈ ਅਤੇ ਕੰਨਾਂ ਵਿੱਚ ਫੂਕਾਂ ਮਾਰ ਕੇ ਸਿੱਖਿਆ ਦੇਂਦਾ ਹੈ (ਕਿ ਅੱਜ ਤੋਂ ਤੇਰਾ) ਗੁਰੂ ਮੈਂ (ਭਾਵ ਬ੍ਰਾਹਮਣ) ਹੋ ਗਿਆ। (ਇਸ ਤੁਕ ’ਚ ‘ਸਿਖਾ’ ਦਾ ਅਰਥ ਹੈ ‘ਸਿਖਿਆ’ (ਕਿਰਿਆ) ਤੇ ਉਚਾਰਨ ਹੈ ‘ਸਿਖਾ’, ਪਰ।

(33). ਮਾਰਗਿ ਪੰਥਿ ਚਲੇ ; ਗੁਰ ਸਤਿਗੁਰ ਸੰਗਿ ਸਿਖਾ ॥ (ਮ : ੪/੧੧੧੬) ਭਾਵ ਅਭੁੱਲ ਸਤਿਗੁਰੂ ਦੇ ਨਾਲ ਅਨੇਕਾਂ ਸਿੱਖ ਵੀ ਸਹੀ ਰਸਤੇ ਭਾਵ ਦਿਸ਼ਾ ਵੱਲ ਰੱਬੀ ਮਿਲਾਪ ਵੱਲ ਚੱਲ ਪਏ। (ਇਸ ਤੁਕ ’ਚ ‘ਸਿਖਾ’ ਦਾ ਅਰਥ ਕਈ ਸਿੱਖ ਹੈ, ਪਰ ਕੋਈ ਸਬੰਧਕੀ ਸ਼ਬਦ ਨਾ ਹੋਣ ਕਾਰਨ ਉਚਾਰਨ ਬਿੰਦੀ ਸਮੇਤ ਨਹੀਂ ਕੀਤਾ ਜਾ ਸਕਦਾ, ਇਸ ਲਈ ਉਚਾਰਨ ਹੋਏਗਾ ‘ਸਿਖਾ’, ਪਰ)

(34). ਕਬੀਰ, ਸਾਚਾ ਸਤਿਗੁਰੁ ਕਿਆ ਕਰੈ  ? ਜਉ ਸਿਖਾ ਮਹਿ ਚੂਕ ॥ (ਭਗਤ ਕਬੀਰ ਜੀ/੧੩੭੨) ਭਾਵ ਹੇ ਕਬੀਰ  ! ਜੇ ਸਿਖਿਆ ਗ੍ਰਹਿਣ ਕਰਨ ਵਾਲੇ ਸਿੱਖਾਂ ਵਿੱਚ ਹੀ ਉਕਾਈ ਹੋਵੇ, ਤਾਂ ਸੱਚਾ ਸਤਿਗੁਰੂ ਭੀ ਕੀ ਕਰ ਸਕਦਾ  ?। (ਇਸ ਤੁਕ ਵਿੱਚ ‘ਸਿਖਾ ਮਹਿ’ ਦਾ ਅਰਥ ਹੈ ‘ਸਿੱਖਾਂ ਵਿੱਚ’ ਭਾਵ ‘ਸਿਖਾ’ ਬਹੁ ਵਚਨ ਨਾਲ ਸਬੰਧਕੀ ਸ਼ਬਦ ‘ਮਹਿ’ ਵੀ ਦਰਜ ਹੈ, ਇਸ ਲਈ ਉਚਾਰਨ ਹੋਏਗਾ ‘ਸਿੱਖਾਂ’।

ਸੋ, ਗੁਰਬਾਣੀ ’ਚ ਦਰਜ ਇੱਕ ਸ਼ਬਦ ਕਈ-ਕਈ ਰੂਪਾਂ ਵਿੱਚ ਦਰਜ ਹੋਣ ਕਾਰਨ ਉਸ ਦੇ ਅਰਥ ਤੇ ਉਚਾਰਨ ਨੂੰ ਚਲਦੇ ਪ੍ਰਸੰਗ ਮੁਤਾਬਕ ਕਰਨਾ ਹੀ ਦਰੁਸਤ ਹੈ, ਇਹ ਬੋਧ ਕਿਤੋਂ ਬਾਹਰੋਂ ਲੈਣ ਦੀ ਜ਼ਰੂਰਤ ਨਹੀਂ ਬਲਕਿ ਸਭ ਗਿਆਨ ਗੁਰਬਾਣੀ ਵਿੱਚ ਹੀ ਦਰਜ ਹੈ; ਜਿਵੇਂ ਕਿ ‘‘ਸਿਖਾਂ ਪੁਤ੍ਰਾਂ ਘੋਖਿ ਕੈ; ਸਭ ਉਮਤਿ ਵੇਖਹੁ ਜਿ ਕਿਓਨੁ॥’’ (ਬਲਵੰਡ ਸਤਾ/੯੬੭) ਤੁਕ ਵਿੱਚ ‘ਸਿਖਾਂ’ ਬਹੁ ਵਚਨ ਪੁਲਿੰਗ ਨਾਂਵ ਨਾਲ ਲੁਪਤ ਸਬੰਧਕੀ ਚਿੰਨ੍ਹ (ਨੂੰ) ਵੀ ਮਿਲਦਾ ਹੈ ਭਾਵ ‘ਸਿੱਖਾਂ ਪੁੱਤਰਾਂ ਨੂੰ ਘੋਖ ਕੇ’, ਇਸ ਲਈ ਉਚਾਰਨ ਅੰਤ ਬਿੰਦੀ ਸਮੇਤ ‘ਸਿਖਾਂ’ ਦਰਜ ਹੈ।

ਸੋ, ਗੁਰਬਾਣੀ ਪੜ੍ਹਨ ਦੇ ਨਾਲ-ਨਾਲ ਵਿਚਾਰਨ ਦਾ ਵਿਸ਼ਾ ਵੀ ਹੈ, ਪਰ ਕਿਰਾਏ ’ਤੇ ਰੱਖੇ ਪਾਠ ਜਾਂ ਅਣਵਿਚਾਰਿਆ ਪਾਠ ਕਰਨ ਨਾਲ ਜੀਵਨ ਨੂੰ ਬਹੁਤਾ ਲਾਭ ਪ੍ਰਾਪਤ ਨਹੀਂ ਹੋ ਸਕਦਾ ਇਹੀ ਸਾਡੀ ਅਸਲ ਕਮਜੋਰੀ ਹੈ ਕਿ ਅਸੀਂ ਗੁਰੂ ਦੇ ਬਾਹਰੀ ਦਰਸ਼ਨ ਨੂੰ ਹੀ ਸਤਿਕਾਰ ਕਰਦੇ ਆ ਰਹੇ ਹਾਂ ਜਦਕਿ ਗੁਰਬਾਣੀ ਦੇ ਬਚਨ ਹਨ ‘‘ਡਿਠੈ, ਮੁਕਤਿ ਨ ਹੋਵਈ; ਜਿਚਰੁ, ਸਬਦਿ ਨ ਕਰੇ ਵੀਚਾਰੁ॥’’ (ਮ : ੩/੫੯੪)

———–ਚਲਦਾ———