ਅਉਖੀ ਘੜੀ ਨ ਦੇਖਣ ਦੇਈ; ਅਪਨਾ ਬਿਰਦੁ ਸਮਾਲੇ॥

0
1855

ਅਉਖੀ ਘੜੀ ਨ ਦੇਖਣ ਦੇਈ; ਅਪਨਾ ਬਿਰਦੁ ਸਮਾਲੇ॥

ਕਥਾਵਾਚਕ ਗਿਆਨੀ ਅੰਮ੍ਰਿਤਪਾਲ ਸਿੰਘ (ਲੁਧਿਆਣਾ)

ਜਦੋਂ ਵੀ ਵਿਚਾਰ ਅਧੀਨ ਇਹ ਸ਼ਬਦ (ਅਉਖੀ ਘੜੀ ਨ ਦੇਖਣ ਦੇਈ; ਅਪਨਾ ਬਿਰਦੁ ਸਮਾਲੇ॥ ਧਨਾਸਰੀ ਮਹਲਾ ੫/੬੮੨) ਹੁਕਮਨਾਮੇ ਦੇ ਰੂਪ ਵਿਚ ਸਾਹਮਣੇ ਆਉਂਦਾ ਹੈ, ਇਸ ਦੇ ਅਰਥ ਕੀਤੇ ਜਾਂਦੇ ਹਨ ਕਿ ਪ੍ਰਭੂ ਆਪਣੇ ਪਿਆਰਿਆਂ ਨੂੰ ਔਖਾ ਸਮਾਂ ਨਹੀਂ ਦੇਖਣ ਦਿੰਦਾ। ਪ੍ਰਭੂ ਪਿਆਰਿਆਂ ਦੀ ਜ਼ਿੰਦਗੀ ਵਿਚ ਕਦੀ ਦੁੱਖ ਨਹੀਂ ਆਉਂਦਾ। ਫਿਰ ਇਸ ਗੱਲ ਨੂੰ ਸਾਬਤ ਕਰਨ ਲਈ ਸਿਲਸਿਲਾ ਸ਼ੁਰੂ ਹੋ ਜਾਂਦਾ ਹੈ, ਗੁਰਬਾਣੀ ਦੀਆਂ ਪੰਕਤੀਆਂ ਦੀ ਇਕ ਲੰਮੀ ਲੜੀ ਦਾ।

ਜਿਸ ਕੇ ਸਿਰ ਊਪਰਿ ਤੂੰ ਸੁਆਮੀ  ! ਸੋ, ਦੁਖੁ ਕੈਸਾ ਪਾਵੈ ?॥ (ਸੂਹੀ, ਮਹਲਾ ੫/੭੪੯)

ਪਰਮੇਸਰਿ, ਦਿਤਾ ਬੰਨਾ॥ ਦੁਖ ਰੋਗ ਕਾ, ਡੇਰਾ ਭੰਨਾ॥ (ਸੋਰਠਿ, ਮਹਲਾ ੫/੬੨੭)

ਤਾਤੀ ਵਾਉ ਨ ਲਗਈ; ਪਾਰਬ੍ਰਹਮ ਸਰਣਾਈ॥ (ਬਿਲਾਵਲੁ, ਮਹਲਾ ੫/੮੧੯)

ਵਿਚਿ, ਕਰਤਾ ਪੁਰਖੁ ਖਲੋਆ॥ ਵਾਲੁ ਨ ਵਿੰਗਾ ਹੋਆ॥ (ਸੋਰਠਿ, ਮਹਲਾ ੫/੬੨੩)

ਜਿਸ ਦਾ ਸਾਹਿਬੁ; ਡਾਢਾ ਹੋਇ॥ ਤਿਸ ਨੋ ਮਾਰਿ ; ਨ ਸਾਕੈ ਕੋਇ॥ (ਬਿਲਾਵਲੁ, ਮਹਲਾ ੩/੮੪੨)

ਐਸੀ ਵਿਦਵਤਾ ਦੇਖ ਕੇ ਸੰਗਤਾਂ ਅਸ਼-ਅਸ਼ ਕਰ ਉੱਠਦੀਆਂ ਹਨ ਕਿ ਵਾਹ ਜੀ ਵਾਹ  ! ਇਹ ਕਥਾਵਾਚਕ ਤਾਂ ਬਹੁਤ ਹੀ ਵਿਦਵਾਨ ਹਨ ਜੋ ਗੁਰਬਾਣੀ ਵਿੱਚੋਂ ਇੰਨੇ ਜ਼ਿਆਦਾ ਪ੍ਰਮਾਣ ਦੇ ਰਹੇ ਹਨ। ਜੇ ਕੋਈ ਕੌਮ ਦਾ ਪ੍ਰਸਿੱਧ ਕਥਾਵਾਚਕ ਬਹੁਤੇ ਪ੍ਰਮਾਣ ਦੇ ਕੇ ਆਪਣੀ ਕਮਜ਼ੋਰੀ ਨੂੰ ਢੱਕ ਲਵੇ ਅਤੇ ਉਸ ਦੀ ਇਸ ਕਮਜ਼ੋਰੀ ਨੂੰ ਵਿਦਵਤਾ ਮੰਨ ਲਿਆ ਜਾਏ ਤਾਂ ਸਮਝੋ ਕਿ ਕੌਮ ਦੀ ਬਦਕਿਸਮਤੀ ਸ਼ੁਰੂ ਹੋ ਗਈ ਹੈ।

ਹੁਣ ਜੇ ਕੋਈ ਉਸ ਵਿਦਵਾਨ ਸੱਜਣ ਨੂੰ ਪੁੱਛੇ ਕਿ ਜਿਸ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਬਦ ਬਾਬਤ ਇਹ ਕਹਿ ਰਹੇ ਹੋ ਕਿ ਰੱਬ ਆਪਣੇ ਪਿਆਰਿਆਂ ਨੂੰ ਔਖਾ ਸਮਾਂ ਨਹੀਂ ਦੇਖਣ ਦਿੰਦਾ, ਉਹ ਸਤਿਗੁਰੂ ਜੀ ਆਪ ਉਬਲਦੀ ਦੇਗ ਵਿਚ ਉਬਾਲੇ ਖਾ ਰਹੇ ਹਨ, ਇਸ ਤੋਂ ਔਖਾ ਸਮਾਂ ਹੋਰ ਕੀ ਹੋ ਸਕਦਾ ਹੈ ? ਪੰਚਮ ਗੁਰਦੇਵ ਜੀ ਨੂੰ ਤਾਂ ਤੱਤੀ ਤਵੀ ’ਤੇ ਬਿਠਾ ਕੇ ਉਹਨਾਂ ਦੇ ਸੀਸ ’ਤੇ ਗਰਮ ਰੇਤ ਪਾਈ ਜਾ ਰਹੀ ਹੈ, ਕੀ ਇਹ ਔਖਾ ਸਮਾਂ ਨਹੀਂ ? ਭਾਈ ਮਤੀ ਦਾਸ ਜੀ ਨੂੰ ਆਰੇ ਨਾਲ ਚੀਰਿਆ ਗਿਆ, ਭਾਈ ਦਿਆਲਾ ਜੀ ਨੂੰ ਉਬਲਦੀ ਦੇਗ ਵਿਚ ਉਬਾਲਿਆ ਗਿਆ, ਭਾਈ ਸਤੀ ਦਾਸ ਜੀ ਨੂੰ ਰੂੰ ਵਿੱਚ ਲਪੇਟ ਕੇ ਜਿਉਂਦੇ ਸਾੜਿਆ ਗਿਆ, ਕੀ ਇਹ ਔਖਾ ਸਮਾਂ ਨਹੀਂ ਸੀ ? ਕਿਤੇ ਮਹਾਨ ਗੁਰਸਿੱਖਾਂ ਦੇ ਬੰਦ-ਬੰਦ ਕੱਟੇ ਜਾ ਰਹੇ ਨੇ, ਕਿਤੇ ਖੋਪੜੀ ਉਤਾਰੀ ਜਾ ਰਹੀ ਹੈ, ਕਿਤੇ ਚਰਖੜੀਆਂ ’ਤੇ ਚਾੜ੍ਹ ਕੇ ਰੂੰ ਦੇ ਤੁੰਬਿਆਂ ਦੀ ਤਰ੍ਹਾਂ ਪਿੰਜਿਆ ਜਾ ਰਿਹਾ ਹੈ, ਕਿਤੇ ਜੰਬੂਰਾਂ ਨਾਲ ਮਾਸ ਨੋਚੇ ਜਾ ਰਹੇ ਨੇ, ਇਸ ਤੋਂ ਜ਼ਿਆਦਾ ਔਖੀ ਘੜੀ ਹੋਰ ਕੀ ਹੋ ਸਕਦੀ ਹੈ ? ਜੇਕਰ ਸਰੀਰਕ ਕਸ਼ਟ ਆਉਣੇ ਅਉਖੀ ਘੜੀ ਹੈ ਤਾਂ ਰੱਬ ਦੇ ਪਿਆਰਿਆਂ ਨੂੰ ਅਨੇਕਾਂ ਹੀ ਸਰੀਰਕ ਕਸ਼ਟ ਝੱਲਣੇ ਪਏ, ਉਦੋਂ ਰੱਬ ਨੇ ਉਹਨਾਂ ਨੂੰ ਅਉਖੀ ਘੜੀ ਕਿਉਂ ਦੇਖਣ ਦਿੱਤੀ ?

ਸ਼ਬਦ ਦੀ ਅਸਲ ਵਿਆਖਿਆ ਤਾਂ ਇਸ ਨੂੰ ਖੋਲਣ ਦੀ ਸੀ ਕਿ ਅਉਖੀ ਘੜੀ ਹੈ ਕੀ ? ਵਿਆਖਿਆ ਨਾ ਕਰ ਸਕਣ ਦੀ ਕਮਜ਼ੋਰੀ ਨੂੰ ਲੁਕੋਂਦਿਆਂ ਵਿਦਵਾਨ ਸੱਜਣ ਨੇ ਪ੍ਰਮਾਣ ’ਤੇ ਪ੍ਰਮਾਣ ਦੇਣੇ ਸ਼ੁਰੂ ਕਰ ਦਿੱਤੇ। ਸੰਗਤਾਂ ਨੇ ਬਹੁਤੇ ਪ੍ਰਮਾਣ ਦੇਣ ਨੂੰ ਹੀ ਵਿਦਵਤਾ ਮੰਨ ਲਿਆ। ਗੁਰਬਾਣੀ ਦੇ ਇਸ ਅਥਾਹ ਸਮੁੰਦਰ ਵਿਚ ਬਹੁਤ ਹੀ ਕੀਮਤੀ ਗਿਆਨ ਦੇ ਮੋਤੀ ਭਰੇ ਪਏ ਹਨ। ਲੋੜ ਤਾਂ ਹੈ ਬੱਸ ਸੁਰਤਿ ਦੀ ਡੂੰਘੀ ਚੁੱਭੀ ਲਾਉਣ ਦੀ। ਅਨੇਕਾਂ ਖ਼ਜ਼ਾਨੇ ਹੱਥ ਆ ਜਾਂਦੇ ਹਨ। ਜੋ ਖੋਜਦਾ ਹੈ, ਉਹ ਪ੍ਰਾਪਤ ਕਰ ਲੈਂਦਾ ਹੈ।

ਤੈਸੇ ਗੁਰਬਾਨੀ ਬਿਖੈ ਸਕਲ ਪਦਾਰਥ ਹੈ; ਜੋਈ ਜੋਈ ਖੋਜੇ, ਸੋਈ ਸੋਈ ਨਿਪਜਾਵਹੀ॥੫੪੬॥ (ਕਬਿੱਤ ਭਾਈ ਗੁਰਦਾਸ ਜੀ)

ਵਿਆਖਿਆ ਤਾਂ ਇਸ ਗੱਲ ਦੀ ਕਰਨੀ ਚਾਹਦੀ ਸੀ ਕਿ ਅਉਖੀ ਘੜੀ ਹੈ ਕੀ ?

ਭਗਤ ਰਵਿਦਾਸ ਜੀ ਪ੍ਰਭੂ ਦਾ ਨਾਮ ਲੈਂਦੇ ਹਨ। ਮਾਂ ਰੋਕਦੀ ਹੈ ਕਿ ਹੇ ਰਵਿਦਾਸ  ! ਰੱਬ ਦਾ ਨਾਮ ਨਾ ਲਿਆ ਕਰ। ਅਸੀਂ ਸ਼ੂਦਰ ਹਾਂ। ਰਾਮ ਦਾ ਨਾਮ ਲਿਆਂ ਰਾਮ ਭਿੱਟਿਆ ਜਾਂਦਾ ਹੈ। ਭਗਤ ਜੀ ਆਖਦੇ ਹਨ ਕਿ ਮਾਂ  ! ਰਾਮ ਇੰਨਾ ਕਮਜ਼ੋਰ ਨਹੀਂ ਹੈ, ਜੋ ਅਖੌਤੀ ਸ਼ੂਦਰ ਜ਼ਬਾਨ ’ਤੇ ਆਇਆਂ ਭਿੱਟਿਆ ਜਾਂਦਾ ਹੈ। ਰਾਮ ਤਾਂ ਇੰਨਾ ਮਹਾਨ ਹੈ ਕਿ ਜੇ ਕੋਈ ਅਖੌਤੀ ਸ਼ੂਦਰ ਵੀ ਜਪ ਲਵੇ ਤਾਂ ਉਹ ਵੀ ਪਵਿੱਤਰ ਹੋ ਜਾਂਦਾ ਹੈ। ਮਾਂ ਆਖਦੀ ਹੈ ਕਿ ਮੈਨੂੰ ਤੇਰੀ ਗੱਲ ’ਤੇ ਯਕੀਨ ਹੈ ਪਰ ਜੇ ਕਿਤੇ ਉੱਚ ਜਾਤੀ ਲੋਕਾਂ ਨੂੰ ਪਤਾ ਲੱਗ ਗਿਆ ਕਿ ਤੂੰ ਰਾਮ ਦਾ ਨਾਮ ਜਪਦਾ ਹੈਂ ਤਾਂ ਉਹ ਲੋਕ ਤੈਨੂੰ ਮਾਰ ਦੇਣਗੇ। ਤੈਨੂੰ ਡਰ ਨਹੀਂ ਲੱਗਦਾ ?

ਭਗਤ ਰਵਿਦਾਸ ਜੀ ਆਖਦੇ ਹਨ ਕਿ ਮਾਂ  ! ਬਹੁਤ ਡਰ ਲੱਗਦਾ ਹੈ। ਮਾਂ ਆਖਦੀ ਹੈ ਕਿ ਜੇ ਡਰ ਲੱਗਦਾ ਹੈ ਤਾਂ ਫਿਰ ਰੱਬ ਦਾ ਨਾਮ ਲੈਣਾ ਛੱਡ ਕਿਉਂ ਨਹੀਂ ਦਿੰਦਾ ? ਭਗਤ ਜੀ ਆਖਦੇ ਹਨ ਕਿ ਮਾਂ  ! ਡਰ ਇਸ ਕਰ ਕੇ ਨਹੀਂ ਲੱਗਦਾ ਕਿ ਉੱਚ ਜਾਤੀ ਲੋਕ ਮੈਨੂੰ ਮਾਰ ਦੇਣਗੇ। ਉਹ ਲੋਕ ਮੇਰੇ ਤਨ ਦੇ ਟੁੱਕੜੇ-ਟੁੱਕੜੇ ਵੀ ਕਰ ਦੇਣ ਤਾਂ ਵੀ ਕੋਈ ਡਰ ਨਹੀਂ। ਡਰ ਤਾਂ ਇਸ ਗੱਲ ਦਾ ਲੱਗਦਾ ਹੈ ਕਿ ਮੇਰੇ ਤੋਂ ਕਿਤੇ ਰੱਬ ਦਾ ਪ੍ਰੇਮ ਨਾ ਛੁੱਟ ਜਾਏ। ਪਾਵਨ ਬਚਨ ਹਨ  :

ਕਹਾ ਭਇਓ ? ਜਉ ਤਨੁ ਭਇਓ ਛਿਨੁ ਛਿਨੁ॥

ਪ੍ਰੇਮੁ ਜਾਇ; ਤਉ ਡਰਪੈ ਤੇਰੋ ਜਨੁ॥ (ਆਸਾ/ਭਗਤ ਰਵਿਦਾਸ ਜੀ/੪੮੬)

ਭਗਤ ਨੂੰ ਦੁੱਖ ਸਰੀਰ ਦਾ ਨਹੀਂ ਸਗੋਂ ਪ੍ਰਭੂ ਤੋਂ ਵਿਛੋੜੇ ਦਾ ਦੁੱਖ ਮਹਿਸੂਸ ਹੁੰਦਾ ਹੈ। ਉਹਦੇ ਲਈ ਅਉਖੀ ਘੜੀ ਰੱਬ ਤੋਂ ਦੂਰ ਹੋ ਜਾਣਾ ਹੈ। ਸ੍ਰੀ ਗੁਰੂ ਅਰਜਨ ਦੇਵ ਜੀ ਫ਼ੁਰਮਾਉਂਦੇ ਹਨ ਕਿ ਹੇ ਪ੍ਰਭੂ  ! ਜੇ ਤੂੰ ਇਕ ਘੜੀ ਵੀ ਨਾ ਮਿਲੇਂ ਤਾਂ ਮੇਰੇ ਭਾਅ ਦਾ ਕਲਿਜੁਗ ਆ ਜਾਂਦਾ ਹੈ। ਤੂੰ ਕਦੋਂ ਆ ਕੇ ਮਿਲੇਂਗਾ ? ਬਿਨਾਂ ਗੁਰੂ ਦਰਬਾਰ ਦੇ ਦਰਸ਼ਨ ਕੀਤਿਆਂ ਮੇਰੀ ਤਾਂ ਰਾਤ ਹੀ ਨਹੀਂ ਗੁਜ਼ਰਦੀ, ਅੱਖਾਂ ਵਿੱਚ ਨੀਂਦ ਹੀ ਨਹੀਂ ਪੈਂਦੀ। ਆਹ ਹੈ ਮੇਰੇ ਲਈ ਕਲਿਜੁਗ ਦੇ ਬਰਾਬਰ ਅਉਖੀ ਘੜੀ, ਜੋ ਆਪਣੇ ਪਿਆਰੇ ਤੋਂ ਬਿਨਾਂ ਗੁਜ਼ਾਰਨੀ ਪਵੇ।

ਇਕ ਘੜੀ ਨ ਮਿਲਤੇ; ਤਾ ਕਲਿਜੁਗੁ ਹੋਤਾ॥ ਹੁਣਿ, ਕਦਿ ਮਿਲੀਐ  ? ਪ੍ਰਿਅ ਤੁਧੁ ਭਗਵੰਤਾ॥

ਮੋਹਿ ਰੈਣਿ ਨ ਵਿਹਾਵੈ, ਨੀਦ ਨ ਆਵੈ; ਬਿਨੁ ਦੇਖੇ, ਗੁਰ ਦਰਬਾਰੇ ਜੀਉ॥ (ਮਾਝ, ਮਹਲਾ ੫, ਚਉਪਦੇ ਘਰੁ ੧/੯੬)

ਸੁੱਖ-ਦੁੱਖ ਤਾਂ ਜ਼ਿੰਦਗੀ ਦੇ ਦੋ ਬਸਤਰ ਹਨ, ਜੋ ਬਦਲ-ਬਦਲ ਕੇ ਪਾਉਣੇ ਹੀ ਪੈਂਦੇ ਹਨ। ਦੁਨੀਆਵੀ ਦੁੱਖ-ਸੁੱਖ ਅਉਖੀ ਘੜੀ ਨਹੀਂ ਹਨ। ਪ੍ਰਭੂ ਦੇ ਪਿਆਰਿਆਂ ਲਈ ਰੱਬ ਤੋਂ ਵਿਛੋੜਾ ਹੀ ਅਉਖੀ ਘੜੀ ਹੈ। ਸਿਧਾਤਾਂ ਤੋਂ ਥਿੜਕ ਜਾਣਾ, ਸਿੱਦਕ ਤੋਂ ਡੋਲ ਜਾਣਾ ਅਉਖੀ ਘੜੀ ਹੈ। ਪ੍ਰਭੂ ਆਪਣੇ ਪਿਆਰਿਆਂ ਦੀ ਹਰੇਕ ਸਾਹ ਪਾਲਣਾ ਕਰਦਾ ਹੈ, ਕਿਸੇ ਵੀ ਸਾਹ ਉਹਨਾਂ ਨੂੰ ਧਰਮ ਤੋਂ, ਸੱਚ ਤੋਂ ਅਤੇ ਸਿੱਦਕ ਤੋਂ ਡੋਲਣ ਨਹੀਂ ਦਿੰਦਾ।

ਇਸੇ ਤਰ੍ਹਾਂ ਅਸੀਂ ਗੁਰਬਾਣੀ ਵਿਚ ਇਹ ਬਚਨ ਪੜ੍ਹਦੇ ਹਾਂ  :

ਹਰਿ, ਜੁਗੁ ਜੁਗੁ ਭਗਤ ਉਪਾਇਆ; ਪੈਜ ਰਖਦਾ ਆਇਆ ਰਾਮ ਰਾਜੇ॥

ਹਰਣਾਖਸੁ ਦੁਸਟੁ ਹਰਿ ਮਾਰਿਆ; ਪ੍ਰਹਲਾਦੁ ਤਰਾਇਆ॥ (ਆਸਾ, ਮਹਲਾ ੪/੪੫੧)

ਪ੍ਰਭੂ ਨੇ ਆਪਣੇ ਭਗਤ ਪ੍ਰਹਿਲਾਦ ਦੀ ਲਾਜ ਰੱਖੀ। ਉਹ ਜੁਗਾਂ-ਜੁਗਾਂਤਰਾਂ ਤੋਂ ਆਪਣੇ ਭਗਤਾਂ ਦੀ ਇੱਜ਼ਤ ਰੱਖਦਾ ਆਇਆ ਹੈ। ਇੱਥੇ ਇਹ ਅਰਥ ਨਹੀਂ ਕਿ ਰੱਬ ਨੇ ਪ੍ਰਹਿਲਾਦ ਨੂੰ ਕੋਈ ਦੁੱਖ ਨਹੀਂ ਆਉਣ ਦਿੱਤਾ। ਪ੍ਰਹਿਲਾਦ ਦੀ ਜ਼ਿੰਦਗੀ ਵਿੱਚ ਦੁੱਖ ਤਾਂ ਬਹੁਤ ਆਏ ਪਰ ਰੱਬ ਨੇ ਉਸ ਦੇ ਸੱਚੇ ਅਸੂਲਾਂ ਦੀ ਰਾਖੀ ਕੀਤੀ। ਉਸ ਨੂੰ ਅਸੂਲਾਂ ਤੋਂ ਡੋਲਣ ਨਹੀਂ ਦਿੱਤਾ। ਸਰੀਰਕ ਕਸ਼ਟ ਤਾਂ ਪ੍ਰਹਿਲਾਦ ਦੀ ਜ਼ਿੰਦਗੀ ਵਿੱਚ ਵੀ ਆਏ। ਉਸ ਨੂੰ ਕਮਰੇ ਵਿੱਚ ਬੰਦ ਕਰ ਕੇ ਰੱਖਿਆ ਗਿਆ ਪਰ ਉਹ ਡੋਲਿਆ ਨਹੀਂ।

ਪ੍ਰਹਲਾਦੁ, ਕੋਠੇ ਵਿਚਿ ਰਾਖਿਆ; ਬਾਰਿ ਦੀਆ ਤਾਲਾ॥

ਨਿਰਭਉ ਬਾਲਕੁ ਮੂਲਿ ਨ ਡਰਈ; ਮੇਰੈ ਅੰਤਰਿ ਗੁਰ ਗੋਪਾਲਾ॥

(ਭੈਰਉ, ਮਹਲਾ ੩ ਘਰੁ ੨/੧੧੫੪)

ਕਈ ਵਾਰੀ ਅਸੀਂ ਸੁਣਦੇ ਹਾਂ ਕਿ ਤੱਤੇ ਥੰਮ ਨੂੰ ਦੇਖ ਕੇ ਪ੍ਰਹਿਲਾਦ ਡੋਲ ਗਿਆ ਤੇ ਰੱਬ ਕੀੜੀ ਬਣ ਕੇ ਤਪਦੇ ਥਮਲੇ ਉੱਪਰ ਆਇਆ। ਕੁੱਝ ਪ੍ਰਭਾਤ ਫੇਰੀਆਂ ਦੌਰਾਨ ਇਹ ਵੀ ਗਾਇਆ ਜਾਂਦਾ ਹੈ ‘ਕੀੜੀ ਨਾ ਬਣਦੋਂ ਰਾਮਾ, ਪ੍ਰਹਿਲਾਦ ਡੋਲ ਜਾਂਦਾ।’ ਜੇ ਪ੍ਰਹਿਲਾਦ ਡੋਲ ਗਿਆ ਹੁੰਦਾ ਤਾਂ ਗੁਰੂ ਸਾਹਿਬ ਬਾਣੀ ਵਿਚ ਇਹ ਨਾ ਕਹਿੰਦੇ ਕਿ ਧਰੂਅ ਤੇ ਪ੍ਰਹਿਲਾਦ ਵਾਂਗ ਰਾਮ ਦਾ ਨਾਮ ਜਪਿਆ ਕਰੋ।

ਰਾਮ ਜਪਉ ਜੀਅ ਐਸੇ ਐਸੇ॥ ਧ੍ਰੂ ਪ੍ਰਹਿਲਾਦ ਜਪਿਓ; ਹਰਿ ਜੈਸੇ॥ (ਗਉੜੀ/ਭਗਤ ਕਬੀਰ ਜੀ/੩੩੭)

ਗੁਰਬਾਣੀ ਤਾਂ ਇਹ ਫ਼ੁਰਮਾਉਂਦੀ ਹੈ ਕਿ ‘ਸਾਸਨਾ ਤੇ ਬਾਲਕ ਗਮ ਨ ਕਰੈ॥’ ਸਾਸਨਾ ਦਾ ਅਰਥ ਹੈ – ਤਸੀਹੇ। ਪ੍ਰਹਿਲਾਦ ਤਸੀਹਿਆਂ ਤੋਂ ਨਹੀਂ ਡਰਦਾ। ਉਹ ਤਾਂ ਆਪ ਆਖਦਾ ਹੈ ਕਿ ਹੇ ਮੇਰੇ ਪਿਤਾ  ! ਕਿਉਂ ਤੂੰ ਮੈਨੂੰ ਬਾਰ-ਬਾਰ ਦੁੱਖ ਦੇ ਕੇ ਪਰਖ ਰਿਹਾ ਹੈਂ ? ਮੈਂ ਆਪਣੇ ਗੁਰੂ ਦੇ ਨਾਮ ਨੂੰ ਲਾਜ ਨਹੀਂ ਲੱਗਣ ਦਿਆਂਗਾ। ਮੈਂ ਕਦੇ ਵੀ ਰਾਮ ਦਾ ਨਾਮ ਨਹੀਂ ਛੱਡਾਂਗਾ, ਭਾਵੇਂ ਮੈਨੂੰ ਜਾਨੋਂ ਮਾਰ ਦੇਹ, ਭਾਵੇਂ ਅੱਗ ਵਿੱਚ ਪਾ ਕੇ ਸਾੜ ਦੇਹ।

ਮੋ ਕਉ, ਕਹਾ ਸਤਾਵਹੁ ਬਾਰ ਬਾਰ  ? ॥ ਪ੍ਰਭਿ, ਜਲ ਥਲ ਗਿਰਿ ਕੀਏ ਪਹਾਰ॥ ਇਕੁ ਰਾਮੁ ਨ ਛੋਡਉ, ਗੁਰਹਿ ਗਾਰਿ॥ ਮੋ ਕਉ ਘਾਲਿ ਜਾਰਿ ਭਾਵੈ ਮਾਰਿ ਡਾਰਿ॥ (ਬਸੰਤੁ/ਭਗਤ ਕਬੀਰ ਜੀ/੧੧੯੪)

ਰੱਬ ਨੇ ਪ੍ਰਹਿਲਾਦ ਦੀ ਰਾਖੀ ਕੀਤੀ ਭਾਵੇਂ ਪ੍ਰਹਿਲਾਦ ਨੂੰ ਸਰੀਰਕ ਦੁੱਖ ਦਿੱਤੇ ਗਏ ਪਰ ਰੱਬ ਨੇ ਉਸ ਨੂੰ ਅਸੂਲਾਂ ਤੋਂ ਡੋਲਣ ਨਹੀਂ ਦਿੱਤਾ। ਧਰਮ ’ਤੇ ਕਾਇਮ ਰੱਖਣ ਦੀ ਸਮਰੱਥਾ ਦੇਣਾ ਹੀ ਪੈਜ ਰੱਖਣਾ ਹੈ।

ਅਠਾਰਵੀਂ ਸਦੀ ਵਿੱਚ ਹਜ਼ਾਰਾਂ ਸਿੱਖਾਂ ਨੂੰ ਸਿੱਖੀ ਸਿਧਾਂਤਾਂ ਦੀ ਖ਼ਾਤਰ ਆਪਣੇ ਘਰ-ਘਾਟ ਛੱਡਣੇ ਪਏ, ਜ਼ਮੀਨਾਂ ਛੱਡਣੀਆਂ ਪਈਆਂ। ਆਪਣੇ ਬੱਚਿਆਂ ਤੇ ਬਜ਼ੁਰਗਾਂ ਨੂੰ ਲੈ ਕੇ ਜੰਗਲਾਂ-ਪਹਾੜਾਂ ਵਿੱਚ ਜ਼ਿੰਦਗੀ ਦੇ ਦਿਨ ਕੱਟਦੇ ਰਹੇ ਪਰ ਅਕਾਲ ਪੁਰਖ ਨੇ ਉਹਨਾਂ ਨੂੰ ਸਿੱਖੀ ਸਿੱਦਕ ਤੋਂ ਡੋਲਣ ਨਹੀਂ ਦਿੱਤਾ। ਇੰਨੇ ਕਸ਼ਟਾਂ ਦੇ ਬਾਵਜ਼ੂਦ ਵੀ ਅਕਾਲ ਪੁਰਖ ਨੇ ਉਹਨਾਂ ਨੂੰ ‘ਅਉਖੀ ਘੜੀ ਨਹੀਂ ਦੇਖਣ ਦਿੱਤੀ’।

ਜ਼ਕਰੀਆ ਖਾਨ ਨੇ ਜੰਗਲਾਂ-ਪਹਾੜਾਂ ਵਿੱਚ ਵਸਦੇ ਸਿੱਖਾਂ ਨੂੰ ਚਿੱਠੀ ਲਿਖੀ, ਕਿ ਕੀ ਖੱਟਿਆ ਹੈ ਤੁਸੀਂ ਸਿੱਖੀ ਵਿੱਚੋਂ ? ਘਰ-ਘਾਟ ਤੁਹਾਡੇ ਉੱਜੜ ਗਏ। ਤੁਹਾਡੀਆਂ ਜ਼ਮੀਨਾਂ ਅਸੀਂ ਖੋਹ ਲਈਆਂ। ਹੁਣ ਤੁਸੀਂ ਆਪਣੇ ਮਾਸੂਮ ਬੱਚਿਆਂ ਤੇ ਬਜ਼ੁਰਗਾਂ ਨੂੰ ਲੈ ਕੇ ਜੰਗਲਾਂ-ਪਹਾੜਾਂ ਵਿੱਚ ਠੋਕਰਾਂ ਖਾਂਦੇ ਫਿਰਦੇ ਹੋ। ਛੱਡ ਦਿਓ ਸਿੱਖੀ। ਮੈਂ ਤੁਹਾਨੂੰ ਤੁਹਾਡੀ ਜ਼ਮੀਨ-ਜਾਇਦਾਦ ਵਾਪਸ ਕਰ ਦਿਆਂਗਾ। ਆਪਣੇ ਬੱਚਿਆਂ ਨਾਲ ਘਰਾਂ ਵਿੱਚ ਸੁੱਖ ਦੀ ਜ਼ਿੰਦਗੀ ਬਤੀਤ ਕਰੋ।

ਸਿੱਖਾਂ ਨੇ ਜ਼ਕਰੀਆ ਖਾਨ ਨੂੰ ਇਹ ਜਵਾਬ ਦਿੱਤਾ ਸੀ ਕਿ ਐ ਜ਼ਕਰੀਆ ਖਾਨ ! ਤੈਨੂੰ ਜ਼ਮੀਨ-ਜਾਇਦਾਦ ਦਾ ਤਾਂ ਪਤਾ ਹੈ ਪਰ ਗੁਰੂ ਤੇ ਸਿੱਖ ਦੇ ਪਿਆਰ ਦਾ ਨਹੀਂ ਪਤਾ। ਤੂੰ ਇਸ ਰਮਜ਼ ਨੂੰ ਕੀ ਸਮਝੇਂ ? ਗੁਰੂ ਗੋਬਿੰਦ ਸਿੰਘ ਜੀ ਨੇ ਸਾਡੀ ਖ਼ਾਤਰ ਆਪਣਾ ਅਨੰਦਪੁਰ ਸ਼ਹਿਰ ਵਾਰ ਦਿੱਤਾ। ਸਤਿਗੁਰੂ ਜੀ ਕਿਲ੍ਹੇ ਅਤੇ ਮਹਿਲ ਛੱਡ ਕੇ ਚਲੇ ਗਏ। ਹੁਣ ਅਸੀਂ ਐਸੇ ਮਹਾਨ ਗੁਰੂ ਦੇ ਪਿਆਰ ਨੂੰ ਭੁਲਾ ਕੇ ਆਪਣੇ ਮਕਾਨ ਬਚਾਉਂਦੇ ਫਿਰੀਏ, ਕੀ ਇਹ ਗੁਰੂ ਨਾਲ ਧੋਖਾ ਨਹੀਂ ? ਜਿਸ ਗੁਰੂ ਨੇ ਸਾਡੀ ਖ਼ਾਤਰ ਆਪਣੇ ਚਾਰੇ ਸਾਹਿਬਜ਼ਾਦੇ ਸ਼ਹੀਦ ਕਰਾ ਲਏ ਤੇ ਅਸੀਂ ਉਸ ਗੁਰੂ ਦੇ ਅਹਿਸਾਨਾਂ ਨੂੰ ਭੁਲਾ ਕੇ ਆਪਣੇ ਬੱਚੇ ਬਚਾਉਂਦੇ ਫਿਰੀਏ, ਤਾਂ ਕੀ ਇਹ ਸਾਡਾ ਪਿਆਰ ਝੂਠਾ ਨਹੀਂ ? ਗੁਰੂ ਗੋਬਿੰਦ ਸਿੰਘ ਜੀ ਨੇ ਆਪਣਾ ਪਿਆਰ ਪੁਗਾ ਦਿੱਤਾ ਹੈ, ਹੁਣ ਸਾਡੀ ਵਾਰੀ ਹੈ ਪਿਆਰ ਪੁਗਾਉਣ ਦੀ।

ਸਿਖ ਕਾਜ ਜੁ ਗੁਰੂ ਹਮਾਰੇ। ਸੀਸ ਦੀਉ ਨਿਜ ਸਣ ਪਰਵਾਰੇ।੨੭।

ਹਮ ਕਾਰਨ, ਗੁਰ ਕੁਲਹਿ ਗਵਾਈ। ਹਮ ਕੁਲ ਰਾਖੈਂ, ਕੌਣ ਬਡਾਈ ?। (ਪ੍ਰਾਚੀਨ ਪੰਥ ਪ੍ਰਕਾਸ਼/ਸਾਖੀ ਸੁਬੇਗ ਸਿੰਘ ਜੰਬਰ ਕੀ)

ਇਸ ਲਈ ਐ ਜ਼ਕਰੀਆ ਖਾਨ ! ਸਾਡਾ ਘਰ-ਘਾਟ ਜਾਂਦਾ ਹੈ ਤਾਂ ਜਾਏ। ਸਾਡੀ ਜ਼ਮੀਨ ਜਾਇਦਾਦ ਜਾਂਦੀ ਹੈ ਤਾਂ ਜਾਏ। ਜੇ ਸਾਡੇ ਬੱਚੇ ਵੀ ਸ਼ਹੀਦ ਹੋ ਜਾਣ ਤਾਂ ਵੀ ਸਾਨੂੰ ਕੋਈ ਦੁੱਖ ਨਹੀਂ, ਬੱਸ ਸਾਡਾ ਗੁਰੂ ਨਾਲੋਂ ਪਿਆਰ ਨਹੀਂ ਟੁੱਟਣਾ ਚਾਹੀਦਾ।

‘ਅਉਖੀ ਘੜੀ’ ਦੁਨੀਆਵੀ ਦੁੱਖ ਆਉਣੇ ਨਹੀਂ ਹਨ। ਉਹ ਤਾਂ ਹਰ ਜੀਵਨ ਨਾਲ ਜੁੜੇ ਹੀ ਹੋਏ ਹਨ। ਧਰਮ ਤੋਂ ਥਿੜਕ ਜਾਣਾ ‘ਅਉਖੀ ਘੜੀ’ ਹੈ। ਪ੍ਰਭੂ ਤੋਂ ਵਿਛੁੜ ਜਾਣਾ ‘ਅਉਖੀ ਘੜੀ’ ਹੈ। ਇਹ ਵਿਛੋੜੇ ਵਾਲੀ ਤੇ ਸੱਚੇ ਅਸੂਲਾਂ ਤੋਂ ਥਿੜਕਣ ਵਾਲੀ ‘ਅਉਖੀ ਘੜੀ’, ਪ੍ਰਭੂ ਆਪਣੇ ਪਿਆਰਿਆਂ ਨੂੰ ਨਹੀਂ ਦੇਖਣ ਦਿੰਦਾ।