Rahras (Part 4, Guru Granth Sahib)

0
679

ਰਹਰਾਸਿ (ਭਾਗ-4)

ਆਸਾ ਮਹਲਾ ੪ ॥

ਤੂੰ ਕਰਤਾ ਸਚਿਆਰੁ; ਮੈਡਾ ਸਾਂਈ ॥        ਉਚਾਰਨ : ਮੈਂਡਾ।

(ਹੇ ਪ੍ਰਭੂ  ! ) ਤੂੰ (ਨਾਸ਼ਵਾਨ) ਸ੍ਰਿਸ਼ਟੀ ਦਾ ਰਚੇਤਾ ਹੈਂ ਅਤੇ ਆਪ ਸਦੀਵੀ ਸਥਿਰ ਤੇ ਮੇਰਾ ਮਾਲਕ ਹੈਂ।

ਜੋ ਤਉ ਭਾਵੈ, ਸੋਈ ਥੀਸੀ; ਜੋ ਤੂੰ ਦੇਹਿ, ਸੋਈ ਹਉ ਪਾਈ ॥੧॥ ਰਹਾਉ ॥    ਉਚਾਰਨ : ਦੇਹਿਂ, ਹਉਂ, ਪਾਈਂ।

ਜੋ ਤੈਨੂੰ ਪਸੰਦ ਹੈ ਉਹੀ (ਕੁਦਰਤ ’ਚ) ਹੋਵੇਗਾ (ਇਸ ਲਈ) ਜੋ ਤੂੰ ਬਖ਼ਸ਼ ਕਰਦਾ ਹੈਂ, ਮੈਂ ਵੀ ਉਹੀ ਪ੍ਰਾਪਤ ਕਰਦਾ ਹਾਂ।

(ਨੋਟ: ਗੁਰਮੁਖੀ ਭਾਸ਼ਾ ’ਚ, ਜਿਨ੍ਹਾਂ ਕਿਰਿਆਵਾਚੀ ਸ਼ਬਦ ਦੇ ਅੰਤ ’ਚ ‘ਸੁ, ਸਿ, ਸੀ’ ਆਦਿ ਹੋਵੇ ਉਹ ਸ਼ਬਦ ਭਵਿੱਖਕਾਲ ਦੇ ਸੂਚਕ ਹੁੰਦੇ ਹਨ, ਇਸ ਲਈ ਉਕਤ ਪੰਕਤੀ ’ਚ ਦਰਜ ‘ਥੀਸੀ’ ਸ਼ਬਦ ਦਾ ਅਰਥ ‘ਹੋਵੇਗਾ’ ਕੀਤਾ ਗਿਆ ਹੈ; ਜਿਵੇਂ: ‘‘ਹੈ ਭੀ ਸਚੁ, ਨਾਨਕ ! ‘ਹੋਸੀ’ (ਹੋਵੇਗਾ) ਭੀ ਸਚੁ ॥’’ ਜਪੁ)

ਭ ਤੇਰੀ; ਤੂੰ ਸਭਨੀ ਧਿਆਇਆ ॥ ਜਿਸ ਨੋ ਕ੍ਰਿਪਾ ਕਰਹਿ; ਤਿਨਿ ਨਾਮ ਰਤਨੁ ਪਾਇਆ ॥    ਉਚਾਰਨ : ਸਭਨੀਂ, ਕਰਹਿਂ।

ਸਾਰੀ ਸ੍ਰਿਸ਼ਟੀ ਤੇਰੀ ਬਣਾਈ ਹੋਈ ਹੈ ਤੇ ਸਾਰੇ ਹੀ ਜੀਵ ਤੈਨੂੰ ਯਾਦ ਕਰਦੇ ਹਨ ਭਾਵ ਤੇਰੇ ਹੁਕਮ ਦਾ ਪਾਲਣ ਕਰਦੇ ਹਨ ਪਰ ਇਨ੍ਹਾਂ ’ਚੋਂ ਜਿਸ ਉੱਤੇ ਤੂੰ ਕਿਰਪਾ ਕਰਦਾ ਹੈਂ ਉਸ ਨੇ ਹੀ ਤੇਰਾ ਨਾਮ-ਰਤਨ ਪ੍ਰਾਪਤ ਕੀਤਾ ਹੈ ਭਾਵ ਤੇਰੀ ਹੋਂਦ ਨੂੰ ਸਵੀਕਾਰਿਆ ਹੈ (ਬਾਕੀ ਸਭ ਨੇ ਨਹੀਂ, ਬੇਸ਼ੱਕ ਉਹ ਵੀ ਤੇਰੇ ਹੁਕਮ ਵਿੱਚ ਹੀ ਚੱਲਦੇ ਹਨ)।

ਗੁਰਮੁਖਿ ਲਾਧਾ; ਮਨਮੁਖਿ ਗਵਾਇਆ ॥ ਤੁਧੁ ਆਪਿ ਵਿਛੋੜਿਆ; ਆਪਿ ਮਿਲਾਇਆ ॥੧॥

ਗੁਰੂ ਦੀ ਮਤ ਰਾਹੀਂ (ਜਾਂ ਗੁਰੂ ਵੱਲ ਮੁੱਖ ਕਰਨ ਨਾਲ਼ ਨਾਮ-ਰਤਨ) ਲੱਭਿਆ ਜਾ ਸਕਦਾ ਹੈ ਤੇ ਮਨ ਦੀ ਮਤ ਨਾਲ਼ (ਨਾਮ-ਰਤਨ) ਗੁੰਮ ਹੋ ਜਾਂਦਾ ਹੈ (ਭਾਵ ਮਨਮਤ ਕਾਰਨ ਮਨੁੱਖ ਨਾਮ-ਰਤਨ ਨੂੰ ਭੁੱਲ ਜਾਂਦਾ ਹੈ, ਪਰ ਹੇ ਮਾਲਕ ! ਮਨਮਤ ਵੱਲ ਪ੍ਰੇਰ ਕੇ) ਤੈਂ ਆਪ ਹੀ (ਮਨੁੱਖ ਨੂੰ, ਨਾਮ-ਰਤਨ ਤੋਂ) ਦੂਰ ਕੀਤਾ ਹੈ ਤੇ ਆਪ ਹੀ (ਗੁਰਮੁਖ ਬਣਾ ਕੇ ਨਾਮ-ਰਤਨ ਨਾਲ਼ ਮਨੁੱਖਾ ਸੁਰਤਿ ਨੂੰ) ਮਿਲਾ ਦਿੱਤਾ ਹੈ।

ਤੂੰ ਦਰੀਆਉ; ਸਭ ਤੁਝ ਹੀ ਮਾਹਿ ॥ ਤੁਝ ਬਿਨੁ; ਦੂਜਾ ਕੋਈ ਨਾਹਿ ॥          ਉਚਾਰਨ : ਮਾਹਿਂ, ਨਾਹਿਂ।

ਤੂੰ (ਜੀਵਾਤਮਾ ਰੂਪੀ ਬੂੰਦਾਂ ਦਾ ਸੰਗ੍ਰਹਿ) ਸਮੁੰਦਰ ਹੈਂ (ਇਸ ਲਈ ਸਾਰੇ ਜੀਵ) ਤੇਰੇ ਵਿੱਚ ਹੀ ਓਤ-ਪੋਤ (ਲੀਨ) ਹਨ। ਤੇਰੇ ਤੋਂ ਬਗ਼ੈਰ (ਅਜਿਹਾ) ਹੋਰ ਕੋਈ ਨਹੀਂ।

ਜੀਅ ਜੰਤ ਸਭਿ; ਤੇਰਾ ਖੇਲੁ ॥ ਵਿਜੋਗਿ ਮਿਲਿ ਵਿਛੁੜਿਆ; ਸੰਜੋਗੀ ਮੇਲੁ ॥੨॥

ਸਾਰੇ ਜੀਵ-ਜੰਤਾਂ ਦੀ ਹੋਂਦ ਤੇਰਾ ਹੀ ਇੱਕ ਖੇਲ ਹੈ (ਇਸ ਖੇਲ ’ਚ) ਵਿਛੋੜੇ (ਬਦਨਸੀਬ) ਕਾਰਨ (ਮਨੁੱਖਾ ਸਰੀਰ) ਪ੍ਰਾਪਤ ਕਰਕੇ (ਵੀ ਨਾਮ-ਰਤਨ ਤੋਂ ਮਨੁੱਖ) ਵਿਛੁੜ ਜਾਂਦਾ ਹੈ ਤੇ ਸੰਯੋਗ (ਚੰਗੇ ਭਾਗ) ਕਾਰਨ (ਨਾਮ-ਰਤਨ ਪ੍ਰਾਪਤ ਕਰਕੇ ਤੇਰੇ ਨਾਲ਼) ਮਿਲਾਪ ਹੋ ਜਾਂਦਾ ਹੈ।

ਜਿਸ ਨੋ ਤੂ ਜਾਣਾਇਹਿ; ਸੋਈ ਜਨੁ ਜਾਣੈ ॥ ਹਰਿ ਗੁਣ; ਸਦ ਹੀ ਆਖਿ ਵਖਾਣੈ ॥       ਉਚਾਰਨ : ਜਾਣਾਇਹਿਂ।

ਜਿਸ ਨੂੰ ਤੂੰ (ਉਕਤ ਸੂਝ) ਸਮਝਾ ਦੇਂਦਾ ਹੈਂ ਉਹੀ ਮਨੁੱਖ (ਨਾਮ-ਰਤਨ ਜਾਂ ਤੇਰੀ ਹੋਂਦ ਉੱਤੇ) ਵਿਸ਼ਵਾਸ ਧਾਰਦਾ ਹੈ ਤੇ ਸਦਾ ਹੀ ਹਰੀ ਦੇ ਗੁਣ ਵਰਣਨ ਕਰਕੇ ਦੱਸਦਾ ਹੈ।

ਜਿਨਿ ਹਰਿ ਸੇਵਿਆ; ਤਿਨਿ ਸੁਖੁ ਪਾਇਆ ॥ ਸਹਜੇ ਹੀ; ਹਰਿ ਨਾਮਿ ਸਮਾਇਆ ॥੩॥

ਜਿਸ ਨੇ ਵੀ (ਅਲੌਕਿਕ ਸ਼ਕਤੀ ਨੂੰ ਸਵੀਕਾਰ ਕੇ) ਹਰੀ ਨੂੰ ਯਾਦ ਕੀਤਾ ਉਸ ਨੇ ਅਨੰਦ ਪਾ ਲਿਆ ਤੇ ਆਸਾਨੀ ਨਾਲ਼ ਹਰੀ ਯਾਦ (ਨਾਮ-ਰਤਨ) ਵਿੱਚ ਲੀਨ ਹੋ ਗਿਆ।

ਤੂ ਆਪੇ ਕਰਤਾ; ਤੇਰਾ ਕੀਆ ਸਭੁ ਹੋਇ ॥ ਤੁਧੁ ਬਿਨੁ; ਦੂਜਾ ਅਵਰੁ ਨ ਕੋਇ ॥

(ਇਹ ਤਮਾਮ ਮਾਨਸਿਕ ਬਦਲਾਅ) ਤੂੰ ਆਪ ਹੀ ਕਰਨ ਵਾਲ਼ਾ ਹੈਂ ਕਿਉਂਕਿ ਤੇਰੇ ਦੁਆਰਾ ਹੀ ਸਭ ਕੁੱਝ ਹੁੰਦਾ ਹੈ। ਤੇਰੇ ਤੋਂ ਇਲਾਵਾ ਕੋਈ ਹੋਰ (ਪ੍ਰੇਰਨਾ-ਸ੍ਰੋਤ) ਨਹੀਂ।

ਤੂ ਕਰਿ ਕਰਿ ਵੇਖਹਿ; ਜਾਣਹਿ ਸੋਇ ॥ ਜਨ ਨਾਨਕ ! ਗੁਰਮੁਖਿ ਪਰਗਟੁ ਹੋਇ ॥੪॥੨॥     ਉਚਾਰਨ : ਵੇਖਹਿਂ, ਜਾਣਹਿਂ।

ਹੇ ਦਾਸ ਨਾਨਕ ! (ਆਖ ਕਿ, ਹੇ ਕਰਤਾਰ ਜੀਓ ! ) ਤੂੰ (ਆਪ ਹੀ ਇਸ ਕੁਦਰਤ ਰੂਪ ਖੇਲ ਨੂੰ ਭਿੰਨ-ਭਿੰਨ ਰੂਪਾਂ ’ਚ) ਬਣਾ-ਬਣਾ ਕੇ ਵਾਚਦਾ ਹੈਂ ਤੇ (ਜ਼ਰੂਰਤਮੁਤਾਬਕ) ਜੀਵਾਂ ਦੀ ‘ਸੋਇ’ ਭਾਵ ਖ਼ਬਰ-ਸਾਰ (ਜਾਣਕਾਰੀ) ਲੈਂਦਾ ਹੈਂ (ਪਰ ਇਹ ਭੇਤ ਜਾਂ ਰਮਜ਼) ਗੁਰੂ ਦੀ ਮਤ ਗ੍ਰਹਿਣ ਕਰਨ ਨਾਲ਼ ਹੀ ਵਿਸ਼ਵਾਸ ’ਚ ਬਦਲਦੀ ਹੈ ਜਾਂ ਉੱਘੀ ਹੁੰਦੀ ਹੈ।

ਆਸਾ ਮਹਲਾ ੧ ॥

ਤਿਤੁ ਸਰਵਰੜੈ ਭਈਲੇ ਨਿਵਾਸਾ; ਪਾਣੀ ਪਾਵਕੁ ਤਿਨਹਿ ਕੀਆ ॥      ਉਚਾਰਨ : ਤਿਨ੍ਹੈ (ਬਿੰਦੀ ਰਹਿਤ)।

(ਮਨੁੱਖਾ ਦਾ) ਨਿਵਾਸ-ਸਥਾਨ ਉਸ ਦਲਦਲ (ਜਿਲ੍ਹਣ, ਸਰੋਵਰ) ਵਿੱਚ ਹੋਇਆ ਹੈ (ਜਿੱਥੇ) ਉਸ (ਕਰਤਾਰ) ਨੇ ਪਾਣੀ ਦੀ ਬਜਾਏ ਤ੍ਰਿਸ਼ਨਾ ਰੂਪ ਅੱਗ ਬਣਾਈ ਹੈ।

(ਨੋਟ: ਉਕਤ ਪੰਕਤੀ ’ਚ ‘ਕੀਆ’ ਸ਼ਬਦ ਪੁਲਿੰਗ ਹੈ, ਜਿਸ ਦਾ ਅਰਥ ਹੈ: ‘ਕੀਤਾ ਜਾਂ ਬਣਾਇਆ’ । ਧਿਆਨ ਰਹੇ ਕਿ ‘ਪਾਵਕੁ’ ਸ਼ਬਦ ਵੀ ਪੁਲਿੰਗ ਹੈ ਜਿਸ ਦਾ ਪੰਜਾਬੀ ’ਚ ਅਰਥ ਹੈ: ਅੱਗ (ਇਸਤ੍ਰੀ ਲਿੰਗ)। ਗੁਰਬਾਣੀ ’ਚ ਕਿਸੇ ਸ਼ਬਦ ਦੇ ਲਿੰਗ ਨੂੰ ਸਮਝਣਾ ਬਹੁਤ ਹੀ ਆਸਾਨ ਹੈ ਕਿਉਂਕਿ ਅਗਰ ਕਿਸੇ ਸ਼ਬਦ ਨਾਲ਼ ਸੰਬੰਧਕੀ ਚਿੰਨ੍ਹ ਆਇਆਂ ਉਹ ਸ਼ਬਦ ਅੰਤ ਮੁਕਤਾ ਹੁੰਦਾ ਹੋਵੇ ਤਾਂ ਉਹ ਸ਼ਬਦ ਇਸਤ੍ਰੀ ਲਿੰਗ ਨਹੀਂ ਬਲਕਿ ਇੱਕ ਵਚਨ ਪੁਲਿੰਗ ਹੁੰਦਾ ਹੈ; ਜਿਵੇਂ ਕਿ: ‘‘ਨਾਨਕ  ! ਜਿਉ ‘ਪਾਵਕ ਕਾ’ ਸਹਜ ਸੁਭਾਉ ॥’’ (ਮ: ੫/੨੭੨) ਪੰਕਤੀ ’ਚ ‘ਪਾਵਕ’ ਨੂੰ ‘ਕਾ’ ਸੰਬੰਧਕੀ ਚਿੰਨ੍ਹ ਨੇ ਅੰਤ ਮੁਕਤਾ ਕਰ ਦਿੱਤਾ ਇਸ ਲਈ ‘ਪਾਵਕੁ’ ਸ਼ਬਦ ਇੱਕ ਵਚਨ ਪੁਲਿੰਗ ਹੈ, ਨਾ ਕਿ ਇਸਤ੍ਰੀ ਲਿੰਗ; ਤਾਂ ਤੇ ‘‘ਪਾਣੀ ਪਾਵਕੁ ਤਿਨਹਿ ਕੀਆ॥’’ ਦਾ ਅਰਥ ‘ਤ੍ਰਿਸ਼ਨਾ-ਅੱਗ ਰੂਪ ਪਾਣੀ ਉਸ ਨੇ ਕੀਤਾ’ ਅਰਥ ਕਰਨ ਦੀ ਬਜਾਏ ‘ਪਾਣੀ ਰੂਪ ਤ੍ਰਿਸ਼ਨਾ-ਅੱਗ ਉਸ ਨੇ ਕੀਤੀ’ ਵਧੇਰੇ ਦਰੁਸਤ ਜਾਪਦਾ ਹੈ। ਸੰਦੇਹ ਕੇਵਲ ਇਹੀ ਹੈ ਕਿ ‘ਕੀਆ’ ਦਾ ਅਰਥ ‘ਕੀਤੀ’ (ਪੰਜਾਬੀ ਰੂਪ) ਬਣਾ ਲਿਆ ਗਿਆ। )

ਪੰਕਜੁ ਮੋਹ, ਪਗੁ ਨਹੀ ਚਾਲੈ; ਹਮ ਦੇਖਾ, ਤਹ ਡੂਬੀਅਲੇ ॥੧॥      ਉਚਾਰਨ : ਨਹੀਂ, ਤ੍ਹਾਂ।

ਮਾਯਾ-ਮੋਹ ਦਾ ਇਹ ਚਿੱਕੜ (ਅਜਿਹੀ ਤਿਲ੍ਹਕਣ, ਫਿਸਲਣ ਹੈ ਜਿੱਥੇ ਪੂਰਨ ਵਿਸ਼ਵਾਸ ਤੇ ਦ੍ਰਿੜ੍ਹਤਾ ਵਾਲ਼ਾ) ਪੈਰ ਨਹੀਂ ਚੱਲਦਾ। ਸਾਡੇ ਵੇਖਦਿਆਂ ਇੱਥੇ (ਦਲਦਲ ’ਚ ਅਨੇਕਾਂ ਵਿਸ਼ਵਾਸ ਵਿਹੂਣੇ) ਡੁੱਬ ਗਏ।

(ਨੋਟ: ਗੁਰਮਤਿ ਅਨੁਸਾਰ ਵਿਕਾਰਾਂ ਦੀ ਮਾਰ ਜਾਂ ਧੱਕਾ, ਤੋਂ ਭਾਵ ਸਚਾਈ ਉੱਤੇ ਪੂਰਨ ਵਿਸ਼ਵਾਸ ਤੇ ਦ੍ਰਿੜ੍ਹਤਾ ਨਾ ਬਣਨ ਦੇਣਾ ਹੈ; ਜਿਵੇਂ ਕਿ: ‘‘ਸੂਧੇ, ਸੂਧੇ, ਰੇਗਿ ਚਲਹੁ ਤੁਮ; ਨਤਰ (ਨਹੀਂ ਤਾਂ), ਕੁਧਕਾ ਦਿਵਈਹੈ ਰੇ ॥੧॥ ਰਹਾਉ ॥’’ (ਭਗਤ ਕਬੀਰ/੮੫੫) ਭਾਵ ਹੇ ਭਾਈ  ! ਸਿੱਧੇ-ਸਿੱਧੇ ਭਾਵ ਸਚਾਈ ਵਾਲ਼ੇ ਰਸਤੇ ’ਚ ਚੱਲੋ, ਨਹੀਂ ਤਾਂ ਵਿਕਾਰਾਂ ਵਾਲ਼ਾ ਬੁਰਾ ਧੱਕਾ ਵੱਜੇਗਾ, ਪਰ ਤਰਕਵਿਤਰਕ ਤੇ ਅਗਿਆਨਤਾ ਕਾਰਨ ‘‘ਅਹਰਣਿ ਮਤਿ; ਵੇਦੁ ਹਥੀਆਰੁ ॥’’ (ਜਪੁ) ਬਚਨ ਤੋਂ ਤਿਲ੍ਹਕਿਆ ਜੀਵਨ; ਕੰਵਲ਼-ਫੁੱਲ ਦੀ ਖ਼ੁਸ਼ਬੋ ’ਚ ਮਸਤ ਹੋਏ ਭੌਰੇ ਵਾਙ ਫੁੱਲ ਦੀਆਂ ਪੱਤੀਆਂ (ਮਾਯਾ-ਮੋਹ) ’ਚ ਹੀ ਆਪਣੇ ਪੰਖ ਕੈਦ ਕਰਵਾ ਲੈਂਦਾ ਹੈ: ‘‘ਪੰਕਜਫਾਥੇ ਪੰਕ (ਕਮਲ-ਫੁੱਲ ’ਚ ਫਸੇ ਖੰਭ); ਮਹਾ ਮਦ ਗੁੰਫਿਆ (ਭਿਆਨਕ ਖ਼ੁਸ਼ਬੋ ’ਚ ਮਸਤ ਹੋਣ ਕਾਰਨ) ॥’’ ਮ: ੫/੧੩੬੨)

ਮਨ !  ਏਕੁ ਨ ਚੇਤਸਿ; ਮੂੜ ਮਨਾ ! ॥ ਹਰਿ ਬਿਸਰਤ; ਤੇਰੇ ਗੁਣ ਗਲਿਆ ॥੧॥ ਰਹਾਉ ॥    ਉਚਾਰਨ : ਮੂੜ੍ਹ।

ਹੇ ਨਾ-ਸਮਝ ਮਨ !  ਤੂੰ ‘ਏਕੁ’ (‘ੴ’ ਹੋਂਦ ਨੂੰ) ਯਾਦ (ਸਵੀਕਾਰ) ਨਹੀਂ ਕਰਦਾ। ਉਸ ਹਰੀ ਯਾਦ ਤੋਂ ਵਿਛੱੜਨ ਕਾਰਨ ਤੇਰੇ ਕੀਮਤੀ ਮਨੁੱਖਾ ਸੁਆਸ (ਗੁਣ) ਬਰਬਾਦ ਹੋ ਰਹੇ ਹਨ ‘‘ਗਨੰਤ ਸ੍ਵਾਸਾ; ਭੈਯਾਨ ਧਰਮੰ (ਭਿਅੰਕਰ ਧਰਮਰਾਜ)॥’’ ਮ: ੫/੧੩੫੪) ।

ਨਾ ਹਉ ਜਤੀ, ਸਤੀ, ਨਹੀ ਪੜਿਆ; ਮੂਰਖ ਮੁਗਧਾ ਜਨਮੁ ਭਇਆ ॥   ਉਚਾਰਨ : ਹਉਂ, ਨਹੀਂ, ਪੜ੍ਹਿਆ।

(ਹੇ ਕੁਦਰਤ ਦੇ ਰਚਨਹਾਰ ‘ੴ’ ! ) ਨਾ ਮੈਂ ਗੁਰੂ ਉਪਦੇਸ਼ (ਸੁਣਿਆ ਤੇ) ਪੜ੍ਹਿਆ, ਨਾ ਸੰਜਮਤਾ ਗ੍ਰਹਿਣ ਕੀਤੀ ਤੇ ਨਾ ਹੀ (ਤੰਗ-ਦਿਲੀ ਦੀ ਥਾਂ) ਉਦਾਰਤਾ ਆਈ (ਵਿਕਾਰੀ ਦ੍ਰਿਸ਼ਟੀ ਤੇ ਕੰਜੂਸਪੁਣੇ ਕਾਰਨ) ਅਗਿਆਨਤਾ, ਮੂਰਖਤਾਈ ਆਦਿ ‘ਜਨਮੁ’ ਭਾਵ ਪੈਦਾ ਹੋ ਗਈ।

ਪ੍ਰਣਵਤਿ ਨਾਨਕ, ਤਿਨ ਕੀ ਸਰਣਾ; ਜਿਨ, ਤੂ ਨਾਹੀ ਵੀਸਰਿਆ ॥੨॥੩॥          ਉਚਾਰਨ : ਸ਼ਰਣਾ, ਤੂੰ, ਨਾਹੀਂ।

(ਤੇਰਾ ਭਰੋਸੇ ਨਾਲ਼) ਨਾਨਕ ਬੇਨਤੀ ਕਰਦਾ ਹੈ (ਕਿ ਮੈਨੂੰ) ਉਨ੍ਹਾਂ (ਗੁਰੂ ਪਿਆਰਿਆਂ) ਦੀ ਸੰਗਤ ਬਖ਼ਸ਼ੋ, ਜਿਨ੍ਹਾਂ (ਅੰਦਰੋਂ) ਤੇਰੀ ਯਾਦ ਕਦੇ ਨਹੀਂ ਭੁਲਦੀ (ਭਾਵ ਜੋ ਤੇਰੀ ਸ਼ਕਤੀ ਉੱਤੇ ਪੂਰਨ ਵਿਸ਼ਵਾਸ ਰੱਖਦੇ ਹਨ)।

(ਨੋਟ: ‘ਸੋ ਦਰੁ’ ਸਿਰਲੇਖ ਅਧੀਨ ਦਰਜ ਰਹਰਾਸਿ ਦੇ ਇਨ੍ਹਾਂ 9 ਸ਼ਬਦਾਂ ’ਚ ਆਮ ਤੌਰ ’ਤੇ ਵਿਸ਼ਾ ਨਿਰਾਕਾਰ ਦੇ ਰੂ-ਬਰੂ ਹੋ ਕੇ ਬੇਨਤੀ ਰੂਪ ਨਾਲ਼ ਸੰਬੰਧਿਤ ਹੈ। ‘ਸੋ ਦਰੁ’ ਸਿਰਲੇਖ ਦੀ ਸਮਾਪਤੀ ’ਚ ਕੀਤੀ ਗਈ ਵਿਚਾਰ, ਕਿ ਕਰਤਾਰ ਦੇ ਸਿਮਰਨ ਦੌਰਾਨ ਮਨ ਦੀ ਇਕਾਗਰਤਾ ਲਾਜ਼ਮੀ ਹੈ ਜਿਸ ਕਾਰਨ ‘ਸੋ ਦਰੁ’ ਦੀ ਸਮਾਪਤੀ ’ਚ ਪੰਜਵੇਂ ਪਾਤਿਸ਼ਾਹ ਜੀ ਦੁਆਰਾ ‘‘ਕਾਹੇ ਰੇ ਮਨ ! ਚਿਤਵਹਿ ਉਦਮੁ..॥’’ (ਮ: ੫/੧੦) ਪੰਜਵਾਂ ਸ਼ਬਦ ਦਰਜ ਕੀਤਾ ਗਿਆ ਸੀ। ਸ਼ਾਇਦ ਇਹ ਪ੍ਰੇਰਨਾ (ਜਾਂ ਸੇਧ) ‘ਸੋ ਪੁਰਖੁ’ ਸਿਰਲੇਖ ਅਧੀਨ ਦਰਜ ਇਨ੍ਹਾਂ 4 ਸ਼ਬਦਾਂ ’ਚੋਂ ਗੁਰੂ ਨਾਨਕ ਸਾਹਿਬ ਜੀ ਦੁਆਰਾ ਉਚਾਰਨ ਕੀਤੇ ਗਏ ਉਕਤ ਸ਼ਬਦ ‘‘ਮਨ ! ਏਕੁ ਨ ਚੇਤਸਿ; ਮੂੜ ਮਨਾ ! ॥’’ ਰਾਹੀਂ ਲਈ ਗਈ ਹੋਵੇ ਕਿਉਂਕਿ ਇਹ ਸ਼ਬਦ ਵੀ ‘ਸੋ ਪੁਰਖੁ’ ਸਿਰਲੇਖ ਅਧੀਨ ਦਰਜ 4 ਸ਼ਬਦਾਂ ’ਚੋਂ ਸਮਾਪਤੀ (ਤੀਸਰੇ ਨੰਬਰ) ’ਤੇਹੀ ਦਰਜ ਕੀਤਾ ਗਿਆ ਹੈ ਤੇ ਇਸ ਤੋਂ ਅਗਲਾ ਸ਼ਬਦ ‘‘ਭਈ ਪਰਾਪਤਿ; ਮਾਨੁਖ ਦੇਹੁਰੀਆ ॥’’ ਵੀ ਮਨ ਨੂੰ ਸੰਬੋਧਨ ਰੂਪ ’ਚ ਸਮਝਣਾ, ਵਧੇਰੇ ਦਰੁਸਤ ਜਾਪਦਾ ਹੈ।)

ਆਸਾ ਮਹਲਾ ੫ ॥

ਭਈ ਪਰਾਪਤਿ; ਮਾਨੁਖ ਦੇਹੁਰੀਆ ॥ ਗੋਬਿੰਦ ਮਿਲਣ ਕੀ; ਇਹ ਤੇਰੀ ਬਰੀਆ ॥

(ਹੇ ਮਨ ! ) ਤੈਨੂੰ ਸੋਹਣੀ (ਤੇ ਕੀਮਤੀ) ਮਨੁੱਖਾ ਦੇਹੀ ਪ੍ਰਾਪਤ ਹੋਈ ਹੈ ਤੇ ਤੇਰੇ ਪਾਸ ਪ੍ਰਿਥਵੀ ਦੇ ਰਚੇਤਾ ਤੇ ਪਾਲਣਹਾਰ (ਮਾਲਕ) ਨੂੰ ਮਿਲਣ ਦਾ ਇਹੀ (ਸੁਭਾਗਾ) ਸਮਾਂ (ਮੌਕਾ) ਹੈ।

ਅਵਰਿ ਕਾਜ; ਤੇਰੈ ਕਿਤੈ ਨ ਕਾਮ ॥ ਮਿਲੁ ਸਾਧਸੰਗਤਿ; ਭਜੁ ਕੇਵਲ ਨਾਮ ॥੧॥

(ਰੱਬੀ ਹੋਂਦ ਨੂੰ ਸਵੀਕਾਰਨ ਤੋਂ ਇਲਾਵਾ) ਹੋਰ ਤਮਾਮ ਕਾਰਜ ਤੇਰੇ ਕਿਸੇ ਲੇਖੇ (ਨਸੀਬ) ਵਿੱਚ ਨਹੀਂ ਤਾਂ ਤੇ ਸਾਧ ਸੰਗਤ ਵਿੱਚ ਮਿਲ ਤੇ ਸਿਰਫ਼ (ਗੋਬਿੰਦ ਦਾ) ਨਾਮ ਜਪ।

ਸਰੰਜਾਮਿ ਲਾਗੁ; ਭਵਜਲ ਤਰਨ ਕੈ ॥ ਜਨਮੁ ਬ੍ਰਿਥਾ ਜਾਤ; ਰੰਗਿ ਮਾਇਆ ਕੈ ॥੧॥ ਰਹਾਉ ॥

(ਹੇ ਮਨ ! ) ਮਾਇਆ ਦੇ ਰੰਗ-ਤਮਾਸ਼ਿਆਂ ਵਿੱਚ ਹੀ ਤੇਰਾ ਕੀਮਤੀ ਜੀਵਨ ਵਿਅਰਥ ਜਾ ਰਿਹਾ ਹੈ, ਇਸ ਲਈ ਸੰਸਾਰ (ਵਿਕਾਰਾਂ ਦੇ) ਸਮੁੰਦਰ ਨੂੰ ਪਾਰ ਕਰਨ ਦੇ ਉਦਮ ਵਿੱਚ (ਤੁਰੰਤ) ਲੱਗ (ਤੇ ਇਉਂ ਬੇਨਤੀ ਕਰ ਕਿ)

ਜਪੁ, ਤਪੁ, ਸੰਜਮੁ; ਧਰਮੁ ਨ ਕਮਾਇਆ ॥ ਸੇਵਾ ਸਾਧ ਨ ਜਾਨਿਆ ਹਰਿ ਰਾਇਆ ॥

(ਹੇ ਸ੍ਰਿਸ਼ਟੀ ਦੇ ਪਾਲਣਹਾਰ ਗੋਬਿੰਦ ! ) ਮੈਂ ਤੇਰਾ ਸਿਮਰਨ, ਹੱਥੀਂ ਸੇਵਾ (ਬਦਲਾਅ ਵਾਲ਼ਾ ਸੰਘਰਸ਼), ਇੰਦ੍ਰਿਆਂ ਨੂੰ ਕਾਬੂ ਕਰਨਾ ਤੇ ਇਨਸਾਨੀਅਤ ਫ਼ਰਜ਼ ਅਦਾਨਹੀਂ ਕੀਤਾ। ਗੁਰੂ ਜੀ ਦੀ ਦੱਸੀ ਸੇਵਾ-ਭਗਤੀ ਰਾਹੀਂ ਹਰੀ ਪਾਤਿਸ਼ਾਹ (ਦੀ ਹੋਂਦ) ਨੂੰ ਵੀ ਨਹੀਂ ਸਵੀਕਾਰਿਆ, ਸਮਝਿਆ।

ਕਹੁ ਨਾਨਕ ! ਹਮ ਨੀਚ ਕਰੰਮਾ ॥ ਸਰਣਿ ਪਰੇ ਕੀ; ਰਾਖਹੁ ਸਰਮਾ ॥੨॥੪॥     ਉਚਾਰਨ : ਸ਼ਰਣ, ਸ਼ਰਮਾ।

ਹੇ ਨਾਨਕ ! ਆਖ (ਕਿ ਹੇ ਮੇਰੇ ਮਾਲਕ ਪਿਤਾ ! ) ਮੈਂ (ਹਰ) ਨੀਚ ਕਰਮ ਕਰਨ ਵਾਲ਼ਾ ਹਾਂ (ਪਰ ਤੇਰੀ ਬਖ਼ਸ਼ਸ਼ ਨਾਲ਼ ਹੁਣ) ਤੇਰੇ ਦਰ ਉੱਤੇ ਡਿੱਗਿਆ ਹਾਂ (ਆਪਣੇ ਬਿਰਦ ਭਾਵ ਮੁੱਢਲੇ ਸੁਭਾਉ ਦੀ) ਇੱਜ਼ਤ ਰੱਖੋ (ਕਿ ਤੁਸੀਂ ਆਪਣੇ ਭਗਤਾਂ ਦੀ ਸਦਾ ਰੱਖਿਆ ਕਰਦੇ ਆਏ ਹੋ, ਮੇਰੀ ਵੀ ਰੱਖਿਆ ਕਰੋਗੇ)।