Rahras (Part 3, Guru Granth Sahib)

0
368

ਰਹਰਾਸਿ (ਭਾਗ 3)

ੴ ਸਤਿ ਗੁਰ ਪ੍ਰਸਾਦਿ ॥

ਰਾਗੁ ਆਸਾ, ਮਹਲਾ ੪, ਸੋ ਪੁਰਖੁ;

(ਨੋਟ: ਇਸ ਸੰਪੂਰਨ ਸ਼ਬਦ ’ਚ 25 ਤੁਕਾਂ ਹਨ ਜਿਨ੍ਹਾਂ ਵਿੱਚੋਂ 24 ਤੁਕਾਂ ’ਚ ‘ਜੀ’ ਸ਼ਬਦ ਦਰਜ ਹੈ ਭਾਵ ਕੇਵਲ ਪਹਿਲੀ ਤੁਕ ਤੋਂ ਇਲਾਵਾ ਹਰ ਪੰਕਤੀ ਦੇ ਮੱਧ (ਵਿਚਕਾਰ) ‘ਜੀ’ ਦਰਜ ਹੈ ਤੇ ਤੁਕ ਦਾ ਮੱਧ ਹੋਣ ਕਾਰਨ ‘ਜੀ’ ਉਪਰੰਤ ਵਿਸਰਾਮ ਦੇਣ ਦੀ ਵੀ ਜ਼ਰੂਰਤ ਹੈ, ਜਿਸ ਨੂੰ ਸੰਬੋਧਨ ਰੂਪ ਮੰਨ ਕੇ ਵੀ ਵਿਚਾਰਿਆ ਜਾ ਸਕਦਾ ਹੈ, ਪਰ ਅਗਰ ਇਸ ਨੂੰ ਸੰਬੋਧਨ ਸੂਚਕ ਸ਼ਬਦ ਮੰਨੀਏ ਤਾਂ ਇਹ ਧਿਆਨ ਰੱਖਣਾ ਵੀ ਜ਼ਰੂਰੀ ਹੈ ਕਿ ਇਹ ਸ਼ਬਦ ਕਿਸ ਦੇ ਪ੍ਰਥਾਏ ਸੰਬੋਧਨ ਹੈ ? ਭਾਵ ‘ਅਦ੍ਰਿਸ਼’ ਦੇ; ਜਿਵੇਂ ਕਿ ‘‘ਸਭਿ ਧਿਆਵਹਿ ਤੁਧੁ ਜੀ  !’’ ਵਾਕ ’ਚ ‘ਤੁਧ’ ਪੜਨਾਂਵ ਤੋਂ ਸੰਕੇਤ ਮਿਲਦਾ ਹੈ ਜਾਂ ‘ਸੰਤਹੁ’ ਦਾ; ਜਿਵੇਂ ਕਿ ਚੌਥੀ ਤੁਕ ’ਚ: ‘ਹਰਿ ਧਿਆਵਹੁ ਸੰਤਹੁ ਜੀ  !’ ਦਰਜ ਹੈ।

ਸ਼ਬਦ ਦੇ ਸਮੂਹਿਕ ਭਾਵਾਰਥ ਨੂੰ ਸਾਹਮਣੇ ਰੱਖਦਿਆਂ ਸਪੱਸ਼ਟ ਹੁੰਦਾ ਹੈ ਕਿ ਸ਼ਬਦ ਦੀ ਅਰੰਭਤਾ ਤੇ ਸਮਾਪਤੀ ‘ਅਦ੍ਰਿਸ਼’ ਦੇ ਸੰਬੋਧਨ (ਬੇਨਤੀ) ਰੂਪ (ਮੱਧਮ ਪੁਰਖ, ਇੱਕ ਵਚਨ) ਨੂੰ ਦਰਸਾਉਂਦੀ ਹੈ ਜਦ ਕਿ ਸ਼ਬਦ ਦਾ ਕੁੱਝ ਵਿਚਕਾਰਲਾ ਭਾਗ ਸਿੱਖਿਆ ਵਾਚਕ ਰੂਪ ‘ਸੰਤਹੁ’ (ਦੂਜਾ ਪੁਰਖ, ਬਹੁ ਵਚਨ) ਨੂੰ ਸੰਬੋਧਨ ਕਰਦਾ ਹੈ। ਇਸ ਲਈ ਪੂਰਨ ਸ਼ਬਦ ਪੜ੍ਹਦਿਆਂ ਧਿਆਨ ਦੀ ਇਕਾਗਰਤਾ ਨੂੰ ਬਣਾਏ ਰੱਖਣ ਲਈ ‘ਜੀ’ ਸ਼ਬਦ ਨੂੰ ਕੇਵਲ ਕਾਵ ਤੋਲ ਦਾ ਪ੍ਰਤੀਕ ਮੰਨਣਾ, ਵਧੇਰੇ ਲਾਭਕਾਰੀ ਰਹੇਗਾ।)

ਸੋ ਪੁਰਖੁ ਨਿਰੰਜਨੁ, ਹਰਿ ਪੁਰਖੁ ਨਿਰੰਜਨੁ; ਹਰਿ ਅਗਮਾ ਅਗਮ ਅਪਾਰਾ ॥

ਉਹ ਸਰਬ ਵਿਆਪਕ ਤੇ (ਮਾਇਆ ਦੇ ਪ੍ਰਭਾਵ ਤੋਂ) ਨਿਰਲੇਪ (ਅਛੋਹ) ਹਰੀ (ਅਦ੍ਰਿਸ਼), ਮਨੁੱਖਾ ਪੰਜ ਗਿਆਨ ਇੰਦ੍ਰਿਆਂ (ਨੱਕ, ਕੰਨ, ਜੀਭ, ਅੱਖਾਂ ਤੇ ਸਪਰਸ਼ (ਛੋਹ) ਭਾਵ ਤੁਚਾ) ਦੀ ਪਕੜ ਤੋਂ ਵੀ ਅਪਹੁੰਚ ਹੈ, ਅਛੋਹ ਹੈ, ਅਪਰੰਪਰ ਹੈ ਭਾਵ ਉਸ ਅਗੰਮ ਹਰੀ ਦਾ ਆਦਿ ਅੰਤ ਨਹੀਂ।

ਸਭਿ ਧਿਆਵਹਿ, ਸਭਿ ਧਿਆਵਹਿ ਤੁਧੁ ਜੀ; ਹਰਿ ਸਚੇ ਸਿਰਜਣਹਾਰਾ ॥       ਉਚਾਰਨ : ਧਿਆਵਹਿਂ (ਧਿਆਵੈਂ)।

ਹੇ ਸਦੀਵੀ ਸਥਿਰ ਤੇ ਸਭ (ਨਾਸ਼ਵਾਨ ਰੂਪ) ਨੂੰ ਬਣਾਉਣ ਵਾਲ਼ੇ ਹਰੀ (ਅਦ੍ਰਿਸ਼) ਜੀਓ ! ਤਮਾਮ (ਅਸਥਾਈ ਜੀਵ) ਤੁਸਾਂ ਨੂੰ ਯਾਦ ਕਰਦੇ ਹਨ ਭਾਵ ਤੇਰੇ ਹੁਕਮ ਵਿੱਚ ਵਿਚਰਦੇ (ਤੁਰਦੇ-ਫਿਰਦੇ) ਹਨ।

ਸਭਿ ਜੀਅ, ਤੁਮਾਰੇ ਜੀ; ਤੂੰ ਜੀਆ ਕਾ ਦਾਤਾਰਾ ॥         ਉਚਾਰਨ : ਜੀ… , ਤੁਮ੍ਹਾਰੇ, ਜੀਆਂ।

ਸਭ ਜੀਵ ਤੁਮ੍ਹਾਰੇ (ਰਾਹੀਂ ਪੈਦਾ ਹੋਏ ਹਨ ਤੇ) ਤੂੰ ਹੀ (ਸਭ) ਜੀਵਾਂ ਨੂੰ ਦਾਤਾਂ ਦੇਣ ਵਾਲ਼ਾ ਹੈਂ ਭਾਵ ਸਭ ਜੀਵਾਂ ਦਾ ਦਾਤਾਰ ਪਿਤਾ ਹੈਂ।

ਹਰਿ ਧਿਆਵਹੁ ਸੰਤਹੁ  ! ਜੀ; ਸਭਿ ਦੂਖ ਵਿਸਾਰਣਹਾਰਾ ॥         ਉਚਾਰਨ : ਧਿਆਵੋ, ਸੰਤੋ।

(ਤਾਂ ਤੇ) ਹੇ ਸਤ੍ਯ ਉੱਤੇ ਪਹਿਰਾ ਦੇਣ ਵਾਲ਼ੇ ਸੰਤ ਜਨੋ  ! (ਉਸ) ਹਰੀ (ਦੀ ਰਜ਼ਾ ਵਿੱਚ ਵਿਚਰ ਰਹੇ ਹੋ, ਨੂੰ) ਸਵੀਕਾਰ ਕਰੋ, ਜੋ ਤਮਾਮ ਦੁੱਖਾਂ ਨੂੰ ਨਸ਼ਟ ਕਰਨ ਵਾਲ਼ਾ ਹੈ ਭਾਵ ਸਮਾਜਿਕ ਬੁਰਿਆਈਆਂ ਨਾਲ਼ ਲੜਨ ਦੀ ਸ਼ਕਤੀ ਬਖ਼ਸ਼ਸ਼ ਕਰਦਾ ਹੈ।

ਹਰਿ ਆਪੇ ਠਾਕੁਰੁ, ਹਰਿ ਆਪੇ ਸੇਵਕੁ ਜੀ; ਕਿਆ ਨਾਨਕ ਜੰਤ ਵਿਚਾਰਾ  ? ॥੧॥

ਹੇ ਨਾਨਕ  ! ਆਖ, ਕਿ ਹਰੀ ਆਪ ਹੀ (ਦਾਤਾਰ ਰੂਪ ’ਚ ਸਭ ਦਾ) ਮਾਲਕ ਹੈ ਤੇ ਆਪ ਹੀ (ਦਾਤਾਂ ਜਾਂ ਬਖ਼ਸ਼ਸ਼ਾਂ ਗ੍ਰਹਿਣ ਕਰਨ ਵਾਲ਼ਾ) ਨੌਕਰ ਹੈ, ਆਗਿਆਪਾਲਕ (ਆਗਿਆਕਾਰ) ਹੈ (ਉਸ ਦੀ ਪ੍ਰੇਰਨਾ ਤੋਂ ਬਿਨਾਂ, ਉਸ ਦੀ ਰਜ਼ਾ ਨੂੰ ਸਵੀਕਾਰਨਾ ਜਾਂ ਅਸਵੀਕਾਰ ਕਰਨ ਵਾਲ਼ਾ) ਜੀਵ ਵਿਚਾਰਾ ਕੌਣ ਹੋ ਸਕਦਾ ਹੈ ? ਭਾਵ ਮਨੁੱਖ ਪਾਸ ਉਸ ਦਾ ਹੁਕਮ ਅਦੂਲੀ ਕਰਨ ਦੀ ਸਮਰੱਥਾ ਨਹੀਂ।

(ਨੋਟ: ਉਕਤ ਉਪਦੇਸ਼ ਰਾਹੀਂ ਬੋਧ ਹੁੰਦਾ ਹੈ ਕਿ ਮਨੁੱਖ ਅੰਦਰ ਭਗਤੀ ਭਾਵਨਾ ਪੈਦਾ ਹੋਣੀ ਜਾਂ ਨਾ ਪੈਦਾ ਹੋਣੀ ਹਰੀ ਦੇ ਹੁਕਮ ਵਿੱਚ ਹੈ, ਜਿਸ ਨੂੰ ਉਸ ਦਾ ਖੇਲ ਜਾਂ ਮਨੁੱਖਾ ਨਸੀਬ ਆਦਿ ਨਾਂ ਦਿੱਤਾ ਜਾ ਸਕਦਾ ਹੈ।)

ਤੂੰ ਘਟ ਘਟ ਅੰਤਰਿ, ਸਰਬ ਨਿਰੰਤਰਿ ਜੀ; ਹਰਿ ਏਕੋ ਪੁਰਖੁ ਸਮਾਣਾ ॥

ਹੇ ਹਰੀ (ਅਦ੍ਰਿਸ਼) ਜੀਓ ! ਤੂੰ ਸਰਬ ਵਿਆਪਕ (ਵਿੱਥ ਰਹਿਤ ਹੋ ਕੇ) ਹਰ ਇੱਕ ਹਿਰਦੇ ਵਿੱਚ (ਬਿਰਾਜਮਾਨ) ਹੈਂ, ਕੇਵਲ ਤੂੰ ਇੱਕ ਹੀ ਸਰਬ ਵਿਆਪਕ ਸਮਾਇਆ ਹੋਇਆ ਹੈਂ।

ਇਕਿ ਦਾਤੇ, ਇਕਿ ਭੇਖਾਰੀ ਜੀ; ਸਭਿ ਤੇਰੇ ਚੋਜ ਵਿਡਾਣਾ ॥

(ਤੇਰੀ ਵਿਆਪਕਤਾ ਦੇ ਬਾਵਜੂਦ ਵੀ ਤੁਸਾਂ ਨੇ) ਕਈ ਜੀਵ ਦਾਤਾਰ ਬਣਾ ਦਿੱਤੇ ਤੇ ਕਈ (ਉਨ੍ਹਾਂ ਦੀ ਖ਼ੁਸ਼ਾਮਦ ਕਰਨ ਲਈ) ਭਿਖਾਰੀ (ਮੰਗਤੇ) ਬਣਾ ਦਿੱਤੇ, ਤੇਰੇ ਇਹ ਤਮਾਮ ਕੌਤਕ ਅਚੰਭਾ (ਹੈਰਾਨੀ) ਪੈਦਾ ਕਰਨ ਵਾਲ਼ੇ ਹਨ।

ਤੂੰ ਆਪੇ ਦਾਤਾ, ਆਪੇ ਭੁਗਤਾ ਜੀ; ਹਉ, ਤੁਧੁ ਬਿਨੁ, ਅਵਰੁ ਨ ਜਾਣਾ ॥      ਉਚਾਰਨ : ਹਉਂ (ਹੌਂ)।

ਤੂੰ ਆਪ ਹੀ ਦਾਤਾਂ ਬਖ਼ਸ਼ਣ ਵਾਲ਼ਾ ਦਾਤਾਰ ਪਿਤਾ ਹੈਂ ਤੇ ਆਪ ਹੀ ਉਨ੍ਹਾਂ ਪਦਾਰਥਾਂ ਨੂੰ ਭੋਗਣ ਵਾਲ਼ਾ (ਜੀਵ ਰੂਪ ਅਖੌਤੀ ਦਾਤਾਰ ਜਾਂ ਮੰਗਤਾ) ਹੈਂ। ਮੈਂ, ਤੇਰੇ ਤੋਂ ਬਿਨਾਂ (ਅਸਲ ‘ਦਾਤਾ’ ਤੇ ‘ਭੁਗਤਾ’ ਕਿਸੇ) ਹੋਰ ਨੂੰ ਨਹੀਂ ਸਮਝਦਾ।

ਤੂੰ ਪਾਰਬ੍ਰਹਮੁ, ਬੇਅੰਤੁ, ਬੇਅੰਤੁ ਜੀ; ਤੇਰੇ, ਕਿਆ ਗੁਣ ਆਖਿ ਵਖਾਣਾ  ? ॥

ਤੇਰੀ ਹੋਂਦ (ਸ਼ਕਤੀ) ਜਗਤ ਤੋਂ ਪਰੇ ਨਿਰਗੁਣ ਰੂਪ ’ਚ ਅਸੀਮ ਅਸੀਮ ਹੈ, ਤੇਰੇ ਤਮਾਮ ਗੁਣਾਂ ਨੂੰ (ਮੈਂ ਸੀਮਤ ਸੋਚ ਰੱਖਣ ਵਾਲ਼ਾ) ਕਿਵੇਂ ਵਰਣਨ ਕਰਕੇ ਦੱਸਾਂ ?

(ਨੋਟ: ਉਕਤ ਪੰਕਤੀ ’ਚ ਦਰਜ ‘ਵਖਾਣਾ’ ਸ਼ਬਦ ਉੱਤਮ ਪੁਰਖ, ਇੱਕ ਵਚਨ, ਵਰਤਮਾਨ ਕਿਰਿਆ ਹੈ, ਜਿਸ ਦਾ ਉਚਾਰਨ ‘ਵਖਾਣਾਂ’ (ਬਿੰਦੀ ਸਹਿਤ) ਹੋਣਾ ਚਾਹੀਦਾ ਸੀ ਪਰ ਗੁਰਮੁਖੀ ਜਾਂ ਪੰਜਾਬੀ ਭਾਸ਼ਾ ’ਚ ਪੰਜ ਅੱਖਰ (ਙ, ਞ, ਣ, ਨ, ਮ) ਬਿਨਾਂ ਬਿੰਦੀ ਤੋਂ ਵੀ ਅਨੁਨਾਸਕ ਧੁਨ ਪ੍ਰਗਟ ਕਰਨ ਦੀ ਸਮਰੱਥਾ ਰੱਖਦੇ ਹਨ ਇਸ ਲਈ ‘ਵਖਾਣਾ’ ਦਾ ਉਚਾਰਨ ਬਿੰਦੀ ਸਹਿਤ ‘ਵਖਾਣਾਂ’ ਨਹੀਂ ਕੀਤਾ ਜਾ ਸਕਦਾ।)

ਜੋ ਸੇਵਹਿ, ਜੋ ਸੇਵਹਿ ਤੁਧੁ ਜੀ; ਜਨੁ ਨਾਨਕੁ ਤਿਨ ਕੁਰਬਾਣਾ ॥੨॥      ਉਚਾਰਨ : ਸੇਵਹਿਂ, ਤਿਨ੍ਹ।

(ਹੇ ਹਰੀ ਦਾਤਾਰ ਪਿਤਾ ‘ਅਦ੍ਰਿਸ਼’ ਜੀਓ !) ਜਿਹੜੇ ਮਨੁੱਖ ਤੁਹਾਨੂੰ ਸਿਮਰਦੇ (ਭਾਵ ਯਾਦ ਕਰਦੇ) ਹਨ, ਤੇਰੀ ਰਜ਼ਾ ਵਿੱਚ ਚੱਲ ਰਹੇ ਹਾਂ, ਨੂੰ ਸਵੀਕਾਰਦੇ ਹਨ, ਮੈਂ ਦਾਸ ਨਾਨਕ ਉਨ੍ਹਾਂ (ਦੇ ਜੀਵਨ ਕਿਰਦਾਰ) ਤੋਂ ਕੁਰਬਾਨ ਜਾਂਦਾ ਹਾਂ, ਉਨ੍ਹਾਂ ਦੀ ਜੀਵਨ ਜੁਗਤੀ ਜਾਂ ਜੀਵਨਸ਼ੈਲੀ ਨੂੰ ਮੁਬਾਰਕਬਾਦ ਦੇਂਦਾ ਹਾਂ।

ਹਰਿ ਧਿਆਵਹਿ, ਹਰਿ ਧਿਆਵਹਿ ਤੁਧੁ ਜੀ; ਸੇ ਜਨ ਜੁਗ ਮਹਿ ਸੁਖਵਾਸੀ ॥      ਉਚਾਰਨ : ਧਿਆਵਹਿਂ।

ਹੇ ਹਰੀ ਜੀਓ ! ਜੋ ਮਨੁੱਖ ਤੁਸਾਂ ਨੂੰ ਯਾਦ ਕਰਦੇ ਹਨ ਉਹ ਭਗਤ ਸੰਸਾਰ ਵਿੱਚ ਅਨੰਦਮਈ ਰਹਿੰਦੇ ਹਨ।

ਸੇ ਮੁਕਤੁ, ਸੇ ਮੁਕਤੁ ਭਏ, ਜਿਨ ਹਰਿ ਧਿਆਇਆ ਜੀ; ਤਿਨ ਤੂਟੀ ਜਮ ਕੀ ਫਾਸੀ ॥      ਉਚਾਰਨ : ਜਿਨ੍ਹ, ਤਿਨ੍ਹ, ਫਾਂਸੀ।

(ਕਿਉਂਕਿ) ਜਿਨ੍ਹਾਂ ਨੇ ਵੀ ਹਰੀ ਨੂੰ ਚੇਤੇ ਕੀਤਾ ਉਨ੍ਹਾਂ ਅੰਦਰੋਂ ਵਿਕਾਰਾਂ ਦੇ ਮੁਕਾਬਲੇ ਪਲ ਪਲ ਦੀ ਹਾਰ ਹੁੰਦੀ ਆ ਰਹੀ, ਖ਼ਤਮ ਹੋ ਗਈ। ਉਹ (ਵਿਕਾਰਾਂ ਦੀ ਪਕੜ ਵੱਲੋਂ) ਬਿਲਕੁਲ ਅਜ਼ਾਦ ਹੋ ਗਏ।

ਜਿਨ ਨਿਰਭਉ, ਜਿਨ ਹਰਿ ਨਿਰਭਉ, ਧਿਆਇਆ ਜੀ; ਤਿਨ ਕਾ ਭਉ ਸਭੁ ਗਵਾਸੀ ॥     ਉਚਾਰਨ : ਜਿਨ੍ਹ, ਤਿਨ੍ਹ।

ਜੋ, ਹਰ ਪ੍ਰਕਾਰ ਦੇ ਡਰ ਤੋਂ ਮੁਕਤ (ਨਿਡਰ) ਹਰੀ ਨੂੰ ਯਾਦ ਕਰਦੇ ਹਨ (ਕੂੜ ਜਾਂ ਪਾਪ ਦੀ ਬਜਾਏ ਸਚਾਈ ਨਾਲ਼ ਜੁੜਨ ਕਾਰਨ, ਉਨ੍ਹਾਂ ਦੀ ਸਿਮਰਨ-ਸ਼ਕਤੀ) ਉਨ੍ਹਾਂ ਦਾ ਵੀ ਹਰ ਪ੍ਰਕਾਰ ਦਾ ਡਰ-ਸਹਿਮ (ਖੌਫ਼) ਦੂਰ ਕਰ ਦੇਵੇਗੀ (ਸੋ ਡਰੈ, ਜਿ ਪਾਪ ਕਮਾਵਦਾ; ਧਰਮੀ ਵਿਗਸੇਤੁ (ਖ਼ੁਸ਼, ਨਿਡਰ)॥ ਮ: ੪/੮੪)।

ਜਿਨ ਸੇਵਿਆ, ਜਿਨ ਸੇਵਿਆ ਮੇਰਾ ਹਰਿ ਜੀ; ਤੇ ਹਰਿ ਹਰਿ ਰੂਪਿ ਸਮਾਸੀ ॥       ਉਚਾਰਨ : ਜਿਨ੍ਹ।

ਜਿਨ੍ਹਾਂ ਨੇ ਪਿਆਰੇ ਹਰੀ ਨੂੰ ਨਿਰੰਤਰ ਚੇਤੇ ਕੀਤਾ ਉਹ ਨਿਰੋਲ ਹਰੀ ਦੇ ਰੂਪ (ਸ਼ਕਤੀ) ਵਿੱਚ ਹੀ ਸਮਾ (ਲੀਨ ਹੋ) ਜਾਣਗੇ, ਮਗਨ (ਮਸਤ) ਹੋ ਜਾਣਗੇ।

ਸੇ ਧੰਨੁ, ਸੇ ਧੰਨੁ, ਜਿਨ ਹਰਿ ਧਿਆਇਆ ਜੀ; ਜਨੁ ਨਾਨਕੁ ਤਿਨ ਬਲਿ ਜਾਸੀ ॥੩॥      ਉਚਾਰਨ : ਜਿਨ੍ਹ, ਤਿਨ੍ਹ।

ਜਿਨ੍ਹਾਂ ਨੇ (ਉਕਤ ਲਗਨ / ਰੁਚੀ ਨਾਲ਼) ਹਰੀ ਨੂੰ ਯਾਦ ਕੀਤਾ, ਉਹ ਮਨੁੱਖਾ ਜੀਵਨ ਸ਼ਲਾਘਾਯੋਗ ਹਨ, ਕਾਬਲੇ ਤਾਰੀਫ਼ ਹਨ। ਦਾਸ ਨਾਨਕ ਵੀ ਉਨ੍ਹਾਂ ਤੋਂ ਕੁਰਬਾਨ ਜਾਵੇਗਾ।

(ਨੋਟ: ਗੁਰਬਾਣੀ ਲਿਖਤ ਅਨੁਸਾਰ ਕਿਸੇ ਵੀ ਸ਼ਬਦ ਦੇ ਅੰਤ ’ਚ ‘ਸ’ ਅੱਖਰ ਨੂੰ ਅਗਰ ਸਿਹਾਰੀ, ਔਂਕੜ ਜਾਂ ਬਿਹਾਰੀ ਆਦਿ ਲੱਗੀ ਹੋਵੇ ਤਾਂ ਉਹ ਤਮਾਮ ਸ਼ਬਦ ਭਵਿੱਖ ਕਾਲ ਦਾ ਸੂਚਕ ਹੁੰਦਾ ਹੈ; ਜਿਵੇਂ ਕਿ: ‘‘ਹੈ ਭੀ ਸਚੁ, ਨਾਨਕ  ! ਹੋਸੀ (ਹੋਏਗਾ) ਭੀ ਸਚੁ ॥੧॥’’ (ਜਪੁ), ਇਸ ਤਰ੍ਹਾਂ ਹੀ ਉਕਤ ਤਿੰਨੇ ਪੰਕਤੀਆਂ ਦੇ ਅਖੀਰ ’ਚ ਆਏ ਸ਼ਬਦ ‘ਗਵਾਸੀ’ (ਦੂਰ ਕਰੇਗਾ), ‘ਸਮਾਸੀ’ (ਲੀਨ ਹੋਵੇਗਾ), ‘ਜਾਸੀ’ (ਕੁਰਬਾਨ ਜਾਵੇਗਾ) ਅਰਥ, ਦਰੁਸਤ ਜਾਪਦੇ ਹਨ। ਇਨ੍ਹਾਂ ਵਿਚਾਰਾਂ ਦੀ ਪੁਸ਼ਟੀ ਲਈ ਵੇਖੋ ‘ਮਹਾਨ ਕੋਸ਼’ ’ਚ ਉਕਤ ਤਿੰਨੇ ਸ਼ਬਦਾਂ ਦੇ ਅਰਥ।)

ਤੇਰੀ ਭਗਤਿ, ਤੇਰੀ ਭਗਤਿ ਭੰਡਾਰ ਜੀ; ਭਰੇ ਬਿਅੰਤ ਬੇਅੰਤਾ ॥

(ਹੇ ਦਿਆਲੂ ਦਾਤਾਰ ਪਿਤਾ ਜੀਓ !) ਤੇਰੀ ਭਗਤੀ ਜਾਂ ਪਿਆਰ ਭਾਵਨਾ (ਹਮਦਰਦੀ) ਨਾਲ਼ ਅਥਾਹ ਖ਼ਜ਼ਾਨੇ ਭਰੇ ਪਏ ਹਨ (ਹਰਿ ਭਗਤਿ, ਹਰਿ ਕਾ ਪਿਆਰੁ ਹੈ.. ॥ ਮ: ੩/੨੮)।

ਤੇਰੇ ਭਗਤ, ਤੇਰੇ ਭਗਤ ਸਲਾਹਨਿ ਤੁਧੁ ਜੀ; ਹਰਿ ਅਨਿਕ ਅਨੇਕ ਅਨੰਤਾ ॥

ਹੇ ਹਰੀ ਜੀਓ  ! (ਉਨ੍ਹਾਂ ਖ਼ਜ਼ਾਨਿਆਂ ’ਚੋਂ ਪ੍ਰਾਪਤ ਹੋਣ ਵਾਲ਼ੀ ਮਿਹਰਬਾਨ ਦ੍ਰਿਸ਼ਟੀ ਦੀ ਚਾਹਤ ਲਈ) ਤੇਰੇ ਅਗਣਿਤ ਭਗਤ (ਸ਼ਰਧਾਲੂ) ਤੈਨੂੰ ਚੇਤੇ ਕਰਦੇ ਹਨ ਭਾਵ ਤੇਰੀ ਦਇਆ ਦ੍ਰਿਸ਼ਟੀ ਦਾ ਪਾਤਰ ਬਣਨ ਲਈ ਤੇਰੇ ਅਣਗਿਣਤ ਸੇਵਕ, ਤੇਰੀ ਹੋਂਦ ਨੂੰ ਸਵੀਕਾਰਦੇ ਹਨ।

ਤੇਰੀ ਅਨਿਕ, ਤੇਰੀ ਅਨਿਕ, ਕਰਹਿ ਹਰਿ ਪੂਜਾ ਜੀ; ਤਪੁ ਤਾਪਹਿ, ਜਪਹਿ ਬੇਅੰਤਾ ॥    ਉਚਾਰਨ : ਕਰਹਿਂ, ਤਾਪਹਿਂ, ਜਪਹਿਂ।

ਹੇ ਹਰੀ ਜੀਓ  ! ਅਣਗਿਣਤ ਜੀਵ (ਹੱਥਾਂ ਨਾਲ਼) ਤੇਰੀ ਪੂਜਾ ਕਰਦੇ ਹਨ, ਕਈ ਅੱਗ ਦਾ ਸੇਕ (ਤਾਉ, ਸਰੀਰਕ ਕਸ਼ਟ) ਸਹਾਰਦੇ ਹਨ, ਬੇਅੰਤ (ਜੀਭ ਨਾਲ਼ ਜਪੁ) ਜਪਦੇ ਹਨ।

ਤੇਰੇ ਅਨੇਕ, ਤੇਰੇ ਅਨੇਕ, ਪੜਹਿ ਬਹੁ ਸਿਮ੍ਰਿਤਿ ਸਾਸਤ ਜੀ; ਕਰਿ ਕਿਰਿਆ ਖਟੁ ਕਰਮ ਕਰੰਤਾ ॥    ਉਚਾਰਨ : ਪੜ੍ਹਹਿਂ, ਸ਼ਾਸਤ।

ਤੇਰੇ (ਨਾਂ ਨੂੰ ਆਧਾਰ ਬਣਾ ਕੇ) ਅਨੇਕਾਂ ਮਨੁੱਖ (31) ਸਿਮਰਤੀਆਂ, (6) ਸ਼ਾਸਤਰ ਆਦਿ ਪੜ੍ਹਦੇ ਹਨ ਤੇ ਉਨ੍ਹਾਂ (ਮਨੂ ਸਿਮਰਤੀ ਆਦਿ) ਦੁਆਰਾ ਦੱਸੇ ਗਏ 6 ਕਰਮ (ਵਗ਼ੈਰਾ ਕਰਮਕਾਂਡ) ਮਿੱਥ ਕੇ ਕਿਰਿਆ ਕਰਦੇ ਹਨ।

(ਨੋਟ: (1). 31 ਮੁੱਖ ਸਿਮ੍ਰਤੀਆਂ ਹਨ, ਇਨ੍ਹਾਂ ’ਚ ਹੀ 18 ਤੇ 28 ਆ ਜਾਂਦੀਆਂ ਹਨ: ਮਨੁ ਸਿਮ੍ਰਿਤਿ, ਯਾਗ੍ਯਵਲਕ੍ਯ, ਲਘੁ ਅਤ੍ਰਿ, ਅਤ੍ਰਿ, ਵ੍ਰਿੱਧ ਅਤ੍ਰਿ, ਵਿਸਨੁ, ਲਘੁ ਹਾਰੀਤ, ਵ੍ਰਿੱਧ ਹਾਰੀਤ, ਔਸ਼ਨਸ, ਔਸ਼ਨਸ ਸੰਹਿਤਾ, ਆਂਗਿਰਸ, ਯਮ, ਆਪਸਤੰਬ, ਸੰਵ੍ਰਤ, ਕਾਤ੍ਯਾਯਾਨ, ਵ੍ਰਿੱਹਸਪਤਿ, ਪਾਰਾਸ਼ਰ, ਵ੍ਰਿਹਤਪਾਰਾਸ਼ਰੀ, ਵ੍ਯਾਸ, ਲਘੁਵ੍ਯਾਸ, ਸ਼ੰਖ, ਲਿਖਿਤ, ਦਕਸ਼, ਗੌਤਮ, ਵ੍ਰਿੱਧ ਗੌਤਮ, ਸ਼ਾਤਾਤਪ, ਵਾਸਿਸ੍ਠ, ਪੁਲਸ੍ਤਯ, ਬੁਧ, ਕਸ਼੍ਯਪ ਤੇ ਨਾਰਦ ਸਿਮ੍ਰਿਤਿ। (ਮਹਾਨ ਕੋਸ਼)

(2). ਛੇ ਸ਼ਾਸਤਰ ਹਨ: ਸਾਂਖ, ਯੋਗ, ਨਿਆਇ, ਵੈਸ਼ੇਸ਼ਿਕ, ਮੀਮਾਂਸਾ ਤੇ ਵੇਦਾਂਤ।

(3). ਖਟੁ (ਛੇ) ਕਰਮ ਹਨ: ਪੜ੍ਹਨਾ ਤੇ ਪੜ੍ਹਾਉਣਾ, ਯੱਗ ਕਰਨਾ ਤੇ ਕਰਾਉਣਾ, ਦਾਨ ਦੇਣਾ ਤੇ ਲੈਣਾ।)

ਸੇ ਭਗਤ, ਸੇ ਭਗਤ ਭਲੇ, ਜਨ ਨਾਨਕ ਜੀ; ਜੋ ਭਾਵਹਿ, ਮੇਰੇ ਹਰਿ ਭਗਵੰਤਾ ॥੪॥       ਉਚਾਰਨ : ਭਾਵਹਿਂ।

ਹੇ ਦਾਸ ਨਾਨਕ  ! (ਆਖ, ਕਿ ਕੇਵਲ) ਉਹੀ ਰੱਬੀ ਸੇਵਕ ਭਲੇ ਪੁਰਸ਼ ਹੁੰਦੇ ਹਨ ਜੋ ਸਭ ਦੇ ਪਿਆਰੇ ਹਰੀ ਮਾਲਕ ਨੂੰ ਪਸੰਦ ਆ ਜਾਂਦੇ ਹਨ (ਭਾਵ ਜਿਨ੍ਹਾਂ ਦੁਆਰਾ ‘ਅਦ੍ਰਿਸ਼’ ਦੀ ਹੋਂਦ ਸਵੀਕਾਰਨਾ ਹਰੀ ਨੂੰ ਪਸੰਦ ਆ ਜਾਵੇ ਉਨ੍ਹਾਂ ਦਾ ਜੀਵਨ ਹੀ ਗੁਣਕਾਰੀ ਬਣਦਾ ਹੈ, ਤਾਂ ਤੇ ਉਕਤ ‘ਜਪ, ਤਪ, ਪੂਜਾ’ ਆਦਿ ਕਰਮ ਨਾ ਤਾਂ ‘ਅਦ੍ਰਿਸ਼’ ਦੀ ਹੋਂਦ ਨੂੰ ਸਵੀਕਾਰਨ ਲਈ ਕੀਤੇ ਜਾਂਦੇ ਹਨ ਤੇ ਨਾ ਹੀ ਇਸ ਕਿਰਿਆ ਨਾਲ਼ ‘ਅਦ੍ਰਿਸ਼’ ਪ੍ਰਸੰਨ ਹੁੰਦਾ ਹੈ)।

ਤੂੰ ਆਦਿ ਪੁਰਖੁ, ਅਪਰੰਪਰੁ ਕਰਤਾ ਜੀ; ਤੁਧੁ ਜੇਵਡੁ, ਅਵਰੁ ਨ ਕੋਈ ॥

(ਹੇ ਹਰੀ ‘ਅਦ੍ਰਿਸ਼’ ਜੀਓ ! ) ਤੂੰ (ਸ੍ਰਿਸ਼ਟੀ ਦਾ) ਮੂਲ (ਮੁੱਢ), ਸਰਬ ਵਿਆਪਕ, ਜੀਵਾਂ ਦੀ ਪਕੜ ਤੋਂ ਬਹੁਤ ਪਰੇ, ਬ੍ਰਹਿਮੰਡ ਦਾ ਰਚੇਤਾ ਹੈਂ, ਤੇਰੇ ਬਰਾਬਰ (ਅਸੀਮ ਸ਼ਕਤੀ ਦਾ ਮਾਲਕ) ਹੋਰ ਕੋਈ ਨਹੀਂ।

ਤੂੰ ਜੁਗੁ ਜੁਗੁ ਏਕੋ, ਸਦਾ ਸਦਾ ਤੂੰ ਏਕੋ ਜੀ; ਤੂੰ ਨਿਹਚਲੁ ਕਰਤਾ ਸੋਈ ॥

ਤੇਰੀ ਹੋਂਦ ਆਦਿ ਕਾਲ ਤੋਂ ਇੱਕ ਸਮਾਨ ਹੈ ਤੇ ਸਦੀਵੀ (ਅੰਤ ਕਾਲ ਤੱਕ) ਇੱਕ ਸਮਾਨ ਰਹਿਣ ਵਾਲ਼ੀ ਹੈ (ਕਿਉਂਕਿ ਤੂੰ) ਸਥਿਰ (ਹੈਂ ਤੇ ਅਸਥਿਰ ਕੁਦਰਤ ਨੂੰ) ਬਣਾਉਣ ਵਾਲ਼ਾ ਤੇ ‘ਸੋਈ’ (ਸੰਭਾਲ਼ਨ ਵਾਲ਼ਾ) ਹੈਂ।

ਤੁਧੁ ਆਪੇ ਭਾਵੈ, ਸੋਈ ਵਰਤੈ ਜੀ; ਤੂੰ ਆਪੇ ਕਰਹਿ, ਸੁ ਹੋਈ ॥         ਉਚਾਰਨ : ਕਰਹਿਂ।

ਆਪ ਹੀ ਤੈਨੂੰ ਜੋ ਪਸੰਦ ਹੈ ਉਹੀ (ਵਰਤਾਰਾ, ਜਗਤ ਵਿੱਚ) ਵਰਤਦਾ ਹੈ, ਜੋ ਤੂੰ ਆਪ ਹੀ ਕਰਨਾ ਚਾਹੁੰਦਾ ਹੈਂ ਉਹੀ (ਚੰਗਾ-ਮੰਦਾ ਸਲੂਕ, ਵਿਹਾਰ) ਹੁੰਦਾ ਹੈ।

ਤੁਧੁ ਆਪੇ, ਸ੍ਰਿਸਟਿ ਸਭ ਉਪਾਈ ਜੀ; ਤੁਧੁ ਆਪੇ ਸਿਰਜਿ, ਸਭ ਗੋਈ ॥          ਉਚਾਰਨ : ਸ੍ਰਿਸ਼ਟਿ।

(ਆਪਣੇ ਮਨ-ਪਰਚਾਵੇ ਲਈ) ਤੂੰ ਆਪ ਹੀ ਸਾਰੀ ਕੁਦਰਤ ਪੈਦਾ ਕੀਤੀ ਤੇ ਆਪ ਹੀ (ਕਈ ਵਾਰ ਅਜਿਹੀ ਰਚਨਾ ਪਹਿਲਾਂ) ਬਣਾ ਕੇ ਸਾਰੀ ਦੀ ਸਾਰੀ ਗੁਪਤ (ਅਲੋਪ) ਕੀਤੀ, ਨਾਸ ਕੀਤੀ।

ਜਨੁ ਨਾਨਕੁ ਗੁਣ ਗਾਵੈ ਕਰਤੇ ਕੇ, ਜੀ; ਜੋ ਸਭਸੈ ਕਾ ਜਾਣੋਈ ॥੫॥੧॥

(ਹਰੀ ਦਾ) ਦਾਸ ਨਾਨਕ ਵੀ (ਅਜਿਹੇ) ਕਰਤਾਰ ਦੇ ਗੁਣ ਗਾਉਂਦਾ ਹੈ, ਜੋ ਸਭਨਾਂ ਦੇ ਮਨ ਦੀ ਜਾਣਨਹਾਰ ਹੈ।