Sohila (Part 1, Guru Granth Sahib)

0
779

‘ਸੋਹਿਲਾ’ ਬਾਣੀ ਦੀ ਸੰਖੇਪ ’ਚ ਬਹੁ ਪੱਖੀ ਵਿਚਾਰ (ਭਾਗ-1)

ਸੋਹਿਲਾ’ ਦਾ ਅਰਥ ਹੈ: ‘ਅਨੰਦ ਦਾ ਗੀਤ ਜਾਂ ਸੁਖਦਾਈ ਸਮੇਂ ’ਚ ਉੱਠੀ ਧੁਨ (ਆਵਾਜ਼)’। ਜਿਸ ਤਰ੍ਹਾਂ ਗੁਰਬਾਣੀ ਲਿਖਤ ’ਚ ਕੁੱਝ ਕੁ ਬਾਣੀਆਂ ਦਾ ‘ਸਿਰਲੇਖ’, ਉਸ ਰਚਨਾ ਵਿੱਚੋਂ ਹੀ ਲਿਆ ਹੁੰਦਾ ਹੈ; ਜਿਵੇਂ ਕਿ: ‘ਸੁਖਮਨੀ’ ਸਿਰਲੇਖ, ਉਸ ਬਾਣੀ ਦੀ ‘ਰਹਾਉ’ ਤੁਕ ‘‘ਸੁਖਮਨੀ ਸੁਖ, ਅੰਮ੍ਰਿਤ ਪ੍ਰਭ ਨਾਮੁ ॥ ਭਗਤ ਜਨਾ ਕੈ ਮਨਿ, ਬਿਸ੍ਰਾਮ ॥ ਰਹਾਉ ॥’’ (ਮ: ੫/੨੬੨) ਵਿੱਚੋਂ ਲਿਆ ਗਿਆ, ਪ੍ਰਤੀਤ ਹੁੰਦਾ ਹੈ।, ‘ਅਨੰਦੁ’ ਸਿਰਲੇਖ, ਉਸ ਬਾਣੀ ਦੀ ਪਹਿਲੀ ਤੁਕ ‘‘ਅਨੰਦੁ ਭਇਆ, ਮੇਰੀ ਮਾਏ ! ਸਤਿਗੁਰੂ ਮੈ ਪਾਇਆ ॥’’ (ਮ: ੩/੯੧੭) ’ਚੋਂ ਲਿਆ ਗਿਆ।, ‘ਸੋ ਦਰੁ’ ਸਿਰਲੇਖ, ਪਹਿਲੀ ਤੁਕ ‘‘ਸੋ ਦਰੁ ਕੇਹਾ ! ਸੋ ਘਰੁ ਕੇਹਾ ! ਜਿਤੁ ਬਹਿ, ਸਰਬ ਸਮਾਲੇ ॥’’ ’ਚੋਂ ਲਿਆ ਗਿਆ, ਇਸੇ ਤਰ੍ਹਾਂ ਹੀ ‘ਸੋਹਿਲਾ’ ਸਿਰਲੇਖ, ਇਸ ਬਾਣੀ ਦੀ ‘ਰਹਾਉ’ ਤੁਕ ‘‘ਤੁਮ ਗਾਵਹੁ; ਮੇਰੇ ਨਿਰਭਉ ਕਾ ‘ਸੋਹਿਲਾ’ ॥ ਹਉ ਵਾਰੀ, ਜਿਤੁ ‘ਸੋਹਿਲੈ’; ਸਦਾ ਸੁਖੁ ਹੋਇ ॥੧॥ ਰਹਾਉ ॥’’ ਵਿੱਚੋਂ ਲਿਆ ਗਿਆ, ਜਾਪਦਾ ਹੈ।

ਇਸ ਸਮੂਹਿਕ ਸ਼ਬਦ ਦੇ ਵਿਸ਼ੇ ਨੂੰ ਧਿਆਨ ’ਚ ਰੱਖਦਿਆਂ ਇਹ ਕਹਿਣਾ ਅਣਉਚਿਤ ਨਹੀਂ ਹੋਵੇਗਾ ਕਿ ਇਸ ਸ਼ਬਦ ਦੀ ਰਚਨਾ ਕਰਨ ਸਮੇਂ ਵਿਆਹ ਵਾਲ਼ੀ ਲੜਕੀ ਦੇ ਘਰੇਲੂ ਵਾਤਾਵਰਨ ਦੀਆਂ ਆਰੰਭਕ ਗਤੀਵਿਧੀਆਂ ਨੂੰ ਧਿਆਨ ’ਚ ਰੱਖਿਆ ਗਿਆ ਹੈ; ਜਿਵੇਂ ਕਿ ‘‘ਨਿਤ ਨਿਤ ਜੀਅੜੇ ! ’’ ਤੁਕ ’ਚ ਵਿਆਹ ਵਾਲ਼ੀ ‘ਜੀਅੜੇ’ ਇੱਕ ਵਚਨ (ਜਿੰਦ) ਨੂੰ ਸੰਬੋਧਨ ਹੈ, ਜਿਸ ਬਾਰੇ ‘‘ਤੇਰੇ, ਦਾਨੈ ਕੀਮਤਿ ਨਾ ਪਵੈ..॥’’ ਭਾਵ ਹੇ ਜਿੰਦੇ ! ਤੇਰੇ ਪਾਸੋਂ, ਕਰਤਾਰ (ਜਾਂ ਪਿਤਾ) ਦੇ ਦਾਨ ਦਾ ਮੁੱਲ ਨਹੀਂ ਪੈ ਸਕਦਾ, ਸਿੱਖਿਆ ਦਰਜ ਹੈ, ਇਸ ਲਈ ‘ਜਿੰਦ’, ਆਪਣੀਆਂ ਬਹੁ ਵਚਨ ਸਤ ਸੰਗੀਆਂ ਨੂੰ ‘‘ਦੇਹੁ ਸਜਣ ! ਅਸੀਸੜੀਆ..॥’’ ਲਈ ਬੇਨਤੀ ਕਰਦੀ ਹੈ, ਤਾਂ ਜੋ ਵਿਆਹ ਉਪਰੰਤ ‘‘ਹੋਵੈ ਸਾਹਿਬ ਸਿਉ ਮੇਲੁ ॥’’

ਵਿਸ਼ੇ ਨੂੰ ਸਮਝਾਉਣ ਲਈ ਬੇਸ਼ੱਕ ਮਿਸਾਲ ਦੁਨਿਆਵੀ ਵਿਆਹ ਦੀ ਦਿੱਤੀ ਗਈ ਹੈ ਪਰ ਵਿਸ਼ੇ ਦਾ ਆਧਾਰ (ਭਾਵਾਰਥ) ਰੂਹਾਨੀਅਤ ਹੀ ਹੈ।

ਸਤਿ ਗੁਰ ਪ੍ਰਸਾਦਿ ॥

ਸੋਹਿਲਾ, ਰਾਗੁ ਗਉੜੀ, ਦੀਪਕੀ, ਮਹਲਾ ੧

ਉਕਤ ਸਿਰਲੇਖ ’ਚ ਦਰਜ ‘ਦੀਪਕੀ’; ਰਾਗ ਗਉੜੀ ਦੀ ਹੀ ਇੱਕ ਕਿਸਮ ਹੈ।

ਜੈ ਘਰਿ, ਕੀਰਤਿ ਆਖੀਐ; ਕਰਤੇ ਕਾ ਹੋਇ ਬੀਚਾਰੋ ॥

ਜਿਸ ਘਰ (ਸਤ ਸੰਗਤ) ਵਿੱਚ (ਅਕਾਲ ਪੁਰਖ ਦੀ) ਕੀਰਤੀ (ਸਿਫ਼ਤ) ਗਾਈ ਜਾਂਦੀ ਹੈ ਤੇ ਕਰਤਾਰ (ਦੇ ਗੁਣਾਂ) ਦੀ ਵਿਚਾਰ ਕੀਤੀ ਜਾਂਦੀ ਹੈ।

ਤਿਤੁ ਘਰਿ, ਗਾਵਹੁ ਸੋਹਿਲਾ; ਸਿਵਰਿਹੁ ਸਿਰਜਣਹਾਰੋ ॥੧॥        

ਉਚਾਰਨ : ‘ਸਿਵਰਿਹੁ’ ਦੇ ਅੰਤ ਔਂਕੜ ਨੂੰ ਉਚਾਰਨ ਦਾ ਭਾਗ ਬਣਾਉਣਾ ਹੈ ਕਿਉਂਕਿ ਇਹ ਸ਼ਬਦ ਦੂਜਾ ਪੁਰਖ, ਬਹੁ ਵਚਨ, ਵਰਤਮਾਨ ਕਿਰਿਆ ਹੈ।

(ਹੇ ਭਗਤ ਜਨੋ ! ) ਉਸ ਘਰ (ਸਤ ਸੰਗਤ) ਵਿੱਚ (ਬੈਠ ਕੇ) ਅਨੰਦ ਪੈਦਾ ਕਰਨ ਵਾਲ਼ਾ ਗੀਤ (ਸੋਹਿਲਾ ‘ਰੱਬੀ ਜਸ’) ਗਾਵੋ (ਤੇ ਇਸ ‘ਸੋਹਿਲੇ’ ਦੇ ਸ੍ਰੋਤ ਭਾਵ) ਰਚੇਤਾ ‘ਅਕਾਲ ਪੁਰਖ’ ਨੂੰ ਯਾਦ ਕਰੋ।

ਤੁਮ ਗਾਵਹੁ; ਮੇਰੇ ਨਿਰਭਉ ਕਾ ਸੋਹਿਲਾ ॥

ਤੁਸੀਂ ਪਿਆਰੇ ਅਤੇ ਨਿਡਰ (ਅਕਾਲ ਪੁਰਖ) ਦਾ (ਜਸ ਭਾਵ) ਸੋਹਿਲਾ ਗਾਵੋ।

(ਨੋਟ: ਗੁਰਬਾਣੀ ’ਚ ਦਰਜ ‘ਮੇਰੇ’ (ਪੜਨਾਂਵ ਸ਼ਬਦ) ਦਾ ਅਰਥ ਨਿੱਜ ਕਰਕੇ ਲੈਣਾ, ਦਰੁਸਤ ਹੈ, ਜਿਸ ਦਾ ਮਤਲਬ ‘ਸਨੇਹੀ’ ਤੇ ‘ਪਿਆਰਾ’ ਕੀਤਾ ਜਾ ਸਕਦਾ ਹੈ ਕਿਉਂਕਿ ‘ਨਿਰਭਉ ਅਕਾਲ ਪੁਰਖ’ ਕਿਸੇ ਇੱਕ ਦਾ ਨਹੀਂ ਕਿਹਾ ਜਾ ਸਕਦਾ।)

ਹਉ ਵਾਰੀ, ਜਿਤੁ ਸੋਹਿਲੈ; ਸਦਾ ਸੁਖੁ ਹੋਇ ॥੧॥ ਰਹਾਉ ॥             ਉਚਾਰਨ : ਹਉਂ।

ਜਿਸ ਸੋਹਿਲੇ (ਦੇ ਗਾਉਣ) ਨਾਲ਼ ਸਦਾ ਅਨੰਦ ਮਿਲਦਾ ਹੈ, ਮੈਂ (ਅਜਿਹੇ ਅਨੰਦਮਈ ਗੀਤ ਤੋਂ) ਕੁਰਬਾਨ ਜਾਂਦਾ ਹਾਂ (ਭਾਵ ਇਸ ‘ਸੋਹਿਲੈ’ ਨੂੰ ਗਾਉਣ ਲਈ ਤਨ, ਮਨ, ਧਨ, ਸੁਆਸ ਆਦਿ ਸਮਰਪਿਤ ਕਰਦਾ ਹਾਂ)।

ਨਿਤ ਨਿਤ ਜੀਅੜੇ ! ਸਮਾਲੀਅਨਿ; ਦੇਖੈਗਾ ਦੇਵਣਹਾਰੁ ॥       ਉਚਾਰਨ : ਸਮ੍ਹਾਲ਼ੀਅਨ।

ਹੇ (ਲਾਚਾਰ ਤੇ ਪਰਾਈ ਅਮਾਨਤ) ਜਿੰਦ (ਵਹੁਟੀ) ! (ਜੋ) ਦਾਤਾਰ ਮਾਲਕ ਜੀ, ਸਦਾ ਹੀ (ਸਭ ਜੀਵਾਂ ਨੂੰ) ਸੰਭਾਲ਼ਦੇ ਹਨ (ਉਹ ਤੇਰੀ ਵੀ) ਸੰਭਾਲ਼ ਕਰੇਗਾ (ਧੀਰਜ ਰੱਖ)।

ਤੇਰੇ, ਦਾਨੈ ਕੀਮਤਿ ਨਾ ਪਵੈ; ਤਿਸੁ ਦਾਤੇ, ਕਵਣੁ ਸੁਮਾਰੁ ? ॥੨॥         ਉਚਾਰਨ : ਸ਼ੁਮਾਰ।

(ਹੇ ਜਿੰਦੇ ! ) ਤੇਰੇ (ਪਾਸੋਂ, ਉਸ ਦੇ) ਦਾਨ ਦਾ ਮੁੱਲ ਨਹੀਂ ਪੈ ਸਕਦਾ (ਕਿਉਂਕਿ) ਉਸ ਦਾਤੇ (ਦੀਆਂ ਦਾਤਾਂ ਦਾ) ਕਿਹੜਾ ਅੰਤ ਹੈ ?

(ਨੋਟ: ਉਕਤ ਤੁਕ ’ਚ ਦਰਜ ‘ਤੇਰੇ, ਦਾਨੈ’ ਨੂੰ ‘ਤੇਰੇ-ਦਾਨੈ’ (ਸੰਯੁਕਤ ਕਰਕੇ) ਨਹੀਂ ਪੜ੍ਹਨਾ ਕਿਉਂਕਿ ਗੁਰਬਾਣੀ ਲਿਖਤ ਅਨੁਸਾਰ ਅਗਰ ਸ਼ਬਦ ‘ਤੇਰੈ ਦਾਨੈ’ ਹੁੰਦਾ ਤਾਂ ਹੀ ਇਕੱਠਾ ਉਚਾਰਨ ਤੇ ਸੰਯੁਕਤ ਅਰਥ ਲਏ ਜਾ ਸਕਦੇ ਸਨ; ਜਿਵੇਂ ਕਿ ਹੇਠਾਂ ਲਿਖੀਆਂ 10 ਤੁਕਾਂ ’ਚ ਬਰੈਕਟ ’ਚ ਬੰਦ ਕੀਤੇ ਗਏ ਸੰਯੁਕਤ ਸ਼ਬਦਾਂ ਦੇ ਸੰਯੁਕਤ ਅਰਥ ਵੀ ਕੀਤੇ ਗਏ ਹਨ, ਜੋ ਕਾਰਕੀ (ਕਰਤਾ, ਕਰਮ, ਕਰਣ, ਅਧਿਕਰਣ ਕਾਰਕ ਆਦਿ) ਬਣਦੇ ਹਨ:

(1). ਹਰਿ ਜੀ ! ਸਚਾ ਸਚੁ ਤੂ; ਸਭੁ ਕਿਛੁ ‘ਤੇਰੈ-ਚੀਰੈ’ (ਤੇਰੇ ਲੇਖੇ ਵਿੱਚ)॥ (ਮ: ੩/੩੮)          (ਅਧਿਕਰਣ ਕਾਰਕ)

(2). ‘ਤੇਰੈ-ਭਰੋਸੈ’ (ਨਾਲ਼) ਪਿਆਰੇ ! ਮੈ ਲਾਡ ਲਡਾਇਆ ॥ (ਮ: ੫/੫੧)            (ਕਰਣ ਕਾਰਕ)

(3). ਆਇ ਪਇਆ ਹਰਿ ! ‘ਤੇਰੈ-ਦੁਆਰੈ’ (ਉੱਤੇ) ॥ (ਮ: ੫/੯੮)         (ਅਧਿਕਰਣ ਕਾਰਕ)

(4). ਗੁਰਮਤਿ ਦੇਇ; ‘ਭਰੋਸੈ-ਤੇਰੈ’ (ਮੈਂ ਤੇਰੇ ਭਰੋਸੇ ਉੱਤੇ ਹਾਂ) ॥ (ਮ: ੧/੧੫੪)           (ਅਧਿਕਰਣ ਕਾਰਕ)

(5). ‘ਲੇਖੈ-ਤੇਰੈ’ (ਵਿੱਚ); ਸਾਸ ਗਿਰਾਸ (ਲਈਦਾ ਹੈ)॥ (ਮ: ੧/੩੫੪)               (ਅਧਿਕਰਣ ਕਾਰਕ)

(6). ਸਰਬ ਸੁਖਾ ਬਨੇ; ‘ਤੇਰੈ ਓਲ੍ਹੈ’ (ਤੇਰੇ ਆਸਰੇ ਨਾਲ਼) ॥ (ਮ: ੫/੩੮੫)            (ਕਰਣ ਕਾਰਕ)

(7). ਤੇਰੀ ਸਰਣਿ, ‘ਤੇਰੈ-ਭਰਵਾਸੈ’ (ਨਾਲ਼); ਪੰਚ ਦੁਸਟ ਲੈ ਸਾਧਹਿ ॥ (ਮ: ੫/੭੫੦)          (ਕਰਣ ਕਾਰਕ)

(8). ਕੋਇ ਨ ਮੇਟੈ; ‘ਤੇਰੈ-ਲੇਖੈ’ (ਨੂੰ) ॥ (ਮ: ੩/੮੪੨)            (ਕਰਮ ਕਾਰਕ)

(9). ‘ਤੇਰੈ-ਭਾਣੈ’ (ਵਿੱਚ) ਭਗਤਿ, ਜੇ ਤੁਧੁ ਭਾਵੈ; ਆਪੇ ਬਖਸਿ ਮਿਲਾਈ ॥ (ਮ: ੩/੧੩੩੩)              (ਅਧਿਕਰਣ ਕਾਰਕ)

(10). ‘ਤੇਰੈ-ਭਾਣੈ’ (ਵਿੱਚ), ਸਦਾ ਸੁਖੁ ਪਾਇਆ; ਗੁਰਿ (ਨੇ), ਤ੍ਰਿਸਨਾ ਅਗਨਿ ਬੁਝਾਈ ॥ ਮ: ੩/੧੩੩੩)        (ਅਧਿਕਰਣ ਕਾਰਕ)

ਸੰਬਤਿ ਸਾਹਾ ਲਿਖਿਆ; ਮਿਲਿ ਕਰਿ, ਪਾਵਹੁ ਤੇਲੁ ॥

(ਹੇ ਜਿੰਦੇ ! ਤੂੰ ਸਤ ਸੰਗੀਆਂ ਨਾਲ਼ ਰਲ਼ ਕੇ ਇਉਂ ਬੇਨਤੀ ਕਰ ਕਿ ਹੇ ਸਤ ਸੰਗੀਓ ! ਪਤੀ ਦੇ ਘਰ ਜਾਣ ਲਈ ਮੇਰਾ) ਦਿਨ ਤੇ ਸਾਲ ਨਿਸ਼ਚਿਤ ਕਰ ਰੱਖਿਆ ਹੈ, ਤੁਸੀਂ ਸਭ ਮਿਲ ਕੇ (ਬੂਹੇ ਉੱਤੇ) ਤੇਲ ਪਾਵੋ (ਤਾਂ ਜੋ ਮੇਰੀ ਵਿਦਾਇਗੀ ਹੋ ਸਕੇ)।

ਦੇਹੁ ਸਜਣ ! ਅਸੀਸੜੀਆ; ਜਿਉ, ਹੋਵੈ ਸਾਹਿਬ ਸਿਉ ਮੇਲੁ ॥੩॥    ਉਚਾਰਨ : ਦੇਹਉ, ਅਸੀਸੜੀਆਂ, ਜਿਉਂ, ਸਿਉਂ, ਮੇਲ਼।

ਹੇ ਸਤ ਸੰਗੀ ਸੱਜਣੋ ! (ਮੈਨੂੰ) ਸ਼ੁਭ ਅਸੀਸਾਂ (ਅਸ਼ੀਰਵਾਦ) ਦੇਵੋ; ਜਿਵੇਂ ਕਿ (ਦਾਤਾਰ) ਮਾਲਕ ਨਾਲ਼ ਮੇਰਾ ਮੇਲ਼ ਹੋ ਜਾਵੇ।

ਘਰਿ ਘਰਿ, ਏਹੋ ਪਾਹੁਚਾ; ਸਦੜੇ ਨਿਤ ਪਵੰਨਿ ॥    

ਉਚਾਰਨ : ‘ਪਾਹੁਚਾ’ ਨੂੰ ‘ਪਾਹੁੰਚਾ’ ਨਹੀਂ ਕਿਉਂਕਿ ਇਸ ਦਾ ਅਰਥ ‘ਸਾਹੇ ਚਿੱਠੀ’ (ਨਾਂਵ) ਹੈ, ਨਾ ਕਿ ‘ਪਹੁੰਚਣਾ’ (ਕਿਰਿਆ)।

(ਸਸੁਰਾਲ ਜਾਣ ਲਈ) ਇਹੀ ਸਾਹੇ ਚਿੱਠੀ ਹਰ ਘਰ ਵਿੱਚ (ਆਉਂਦੀ ਹੈ, ਅਜਿਹੇ) ਸੱਦੇ ਸਦਾ (ਹਰ ਥਾਂ) ਪੈਂਦੇ ਹਨ (ਭਾਵ ਮੌਤ ਹਰ ਘਰ ਆ ਰਹੀ ਹੈ)।

ਸਦਣਹਾਰਾ ਸਿਮਰੀਐ; ਨਾਨਕ ! ਸੇ ਦਿਹ, ਆਵੰਨਿ ॥੪॥੧॥

ਹੇ ਨਾਨਕ ! (ਸਾਹੇ ਚਿੱਠੀ ਰਾਹੀਂ) ਬੁਲਾਉਣ ਵਾਲ਼ੇ ਮਾਲਕ ਨੂੰ ਯਾਦ ਕਰਨਾ ਚਾਹੀਦਾ ਹੈ (ਕਿਉਂਕਿ ਮੌਤ ਦੇ) ਉਹ ਦਿਨ (‘ਸਾਹੇ ਚਿੱਠੀ’ ਭਾਵ ‘ਪਾਹੁਚਾ’ ਰਾਹੀਂ ਜ਼ਰੂਰ) ਆਉਂਦੇ ਹਨ।

(ਨੋਟ: ਉਕਤ ਸ਼ਬਦ ਦਾ ਵਿਸ਼ਾ: ‘‘ਸਿਵਰਿਹੁ ਸਿਰਜਣਹਾਰੋ ॥’’ ਹੈ, ਜਿਸ ਨੂੰ ‘‘ਕਰਤੇ ਕਾ ਹੋਇ ਬੀਚਾਰੋ ॥’’ ਵੀ ਕਿਹਾ ਗਿਆ ਤੇ ਉਸ ਦੇ ‘‘ਦਾਨੈ (ਦੀ) ਕੀਮਤਿ ਨਾ ਪਵੈ..॥’’, ਜਿਸ (ਦਾਨ) ਵਿੱਚ ਜਗਤ ਦਾ ਵਿਨਾਸ਼ (ਤਬਾਹੀ) ਵੀ ਸ਼ਾਮਲ ਹੈ; ਜਿਸ ਨੂੰ ‘‘ਘਰਿ ਘਰਿ, ਏਹੋ ਪਾਹੁਚਾ..॥’’ ਬਿਆਨਿਆ ਗਿਆ, ਇਸ ਲਈ ‘‘ਸਦਣਹਾਰਾ (ਨੂੰ) ਸਿਮਰੀਐ; (ਕਿਉਂਕਿ) ਨਾਨਕ ! ਸੇ ਦਿਹ, ਆਵੰਨਿ ॥’’ ਪੰਕਤੀ ਰਾਹੀਂ ਵਿਸ਼ੇ ਨੂੰ ਸਮੇਟਿਆ ਗਿਆ ਹੈ।

ਗੁਰੂ ਨਾਨਕ ਸਾਹਿਬ ਜੀ ਨੇ ਉਕਤ ਵਿਸ਼ੇ ਨੂੰ ਸਪੱਸ਼ਟ ਕਰਨ ਲਈ ‘ਘਰ’ (ਭਾਵ ਸਤ ਸੰਗਤ) ਸ਼ਬਦ ਦੀ ਟੇਕ ਲੈਣੀ ਮੁਨਾਸਬ ਸਮਝੀ ਪਰ ‘ਘਰ’ ਸ਼ਬਦ ਦੇ ਅਰਥ ਸਨਾਤਨੀ ਲੋਕ ਕੁੱਝ ਹੋਰ ਹੀ ਲੈਂਦੇ ਹਨ, ਜਿਨ੍ਹਾਂ ਦਾ ਵੇਰਵਾ ਅਗਲੇ ਸ਼ਬਦ ’ਚ ਦਰਜ ਹੈ। ਗੁਰਮਤਿ ਇਨ੍ਹਾਂ ‘ਘਰਾਂ’ ਦੀ ਹੋਂਦ ਨੂੰ ਆਪਾ ਵਿਰੋਧੀ (ਅਨੇਕਤਾ ਫੈਲਾਉਣ ਵਾਲ਼ਾ ਸਿਧਾਂਤ) ਸਾਬਤ ਕਰਦੀ ਹੋਈ ‘ਏਕਤਾ’ ਭਾਵ ਸਤ ਸੰਗਤ ਰੂਪ ‘ਘਰ’, ਜੋ ਏਕਤਾ ਦਾ ਪ੍ਰਤੀਕ ਹੈ, ਨੂੰ ਵਿਲੱਖਣਤਾ ਦਿੰਦੀ ਹੈ; ਜਿਵੇਂ ਕਿ ਕੇਵਲ: ‘‘ਜੈ ਘਰਿ, ਕੀਰਤਿ ਆਖੀਐ..॥’’ )

ਰਾਗੁ ਆਸਾ, ਮਹਲਾ ੧ ॥

ਛਿਅ ਘਰ, ਛਿਅ ਗੁਰ; ਛਿਅ ਉਪਦੇਸ ॥ ਗੁਰੁ ਗੁਰੁ ਏਕੋ; ਵੇਸ ਅਨੇਕ ॥੧॥          ਉਚਾਰਨ : ਛੇ, ਉਪਦੇਸ਼।

ਛੇ ਸ਼ਾਸਤਰ ਹਨ ਤੇ ਛੇ (ਹੀ ਉਨ੍ਹਾਂ ਦੇ) ਗੁਰੂ (ਭਾਵ ਰਚੇਤਾ, ਲਿਖਾਰੀ) ਹਨ (ਜਿਨ੍ਹਾਂ ਦੇ ਭਿੰਨ-ਭਿੰਨ) ਛੇ ਉਪਦੇਸ਼ (ਸਿਧਾਂਤ) ਹਨ (ਭਾਵ ਕੋਈ ਪ੍ਰਕ੍ਰਿਤੀ ਬਾਰੇ ਘੱਟ ਤੇ ਕੋਈ ਉਸ ਤੋਂ ਕੁੱਝ ਵੱਧ ਕਹਿੰਦਾ ਹੈ, ਦਰਅਸਲ ਪੂਰਨ ਸਚਾਈ ਇਹ ਹੈ ਕਿ) ‘‘ਗੁਰੁ ਗੁਰੁ’’ ਭਾਵ ਅਸਲ ਕਰਤਾ (ਰਚੇਤਾ, ਨਿਰਾਕਾਰ ਕੇਵਲ) ਇੱਕੋ ਹੀ ਹੈ (ਜਿਸ ਦੇ ਛੇ ਉਪਦੇਸ਼ ਨਹੀਂ ਬਲਕਿ ਸਰਗੁਣ ਰੂਪ ’ਚ) ਅਨੇਕਾਂ ਹੀ ਸਰੂਪ (ਚਿੰਨ੍ਹ, ਸਿਧਾਂਤ) ਹਨ।

(ਨੋਟ: ਉਕਤ ਪੰਕਤੀ ’ਚ ਅਨਮਤ ਦੇ ‘‘ਛਿਅ ਉਪਦੇਸ ॥’’ ਦੇ ਪ੍ਰਥਾਇ (ਸੰਬੰਧ ’ਚ) ਹੀ ਗੁਰਮਤ ਨੇ ‘‘ਵੇਸ ਅਨੇਕ ॥’’ ਬਿਆਨਿਆ ਹੈ, ਇਸ ਲਈ ‘‘ਵੇਸ ਅਨੇਕ ॥’’ ਸੰਕੇਤਕ ਭਾਵ ਨੂੰ ਸਮਝਣ ਲਈ ‘‘ਛਿਅ ਉਪਦੇਸ ॥’’ ਦੀ ਪ੍ਰੋੜ੍ਹਤਾ ਕਰਨੀ ਹੋਵੇਗੀ ਤਾਂ ਜੋ ਅਗਲੀਆਂ ਪੰਕਤੀਆਂ ’ਚ ਸਪੱਸ਼ਟਤਾ ਆ ਸਕੇ।

ਛੇ ਸ਼ਾਸਤਰ, ਉਨ੍ਹਾਂ ਦੇ ਛੇ ਕਰਤਾ (ਰਿਸ਼ੀ) ਤੇ ਛੇ ਭਿੰਨ ਭਿੰਨ ਸਿਧਾਂਤਕ ਉਪਦੇਸ਼ ਇਸ ਪ੍ਰਕਾਰ ਹਨ:

(1). ਵੈਸ਼ੇਸ਼ਿਕ ਸ਼ਾਸਤਰ (ਜਾਂ ਦਰਸ਼ਨ)- ਇਸ ਦੇ ਰਚੇਤਾ ਕਣਾਦ ਮੁਨੀ ਜੀ ਹਨ। ਇਨ੍ਹਾਂ ਦਾ ਇਹ ਨਾਂ, ਚੌਲਾਂ ਦੇ ਕੇਵਲ ਕਣ ਨੂੰ ਹੀ ਆਪਣਾ ਆਹਾਰ ਬਣਾਉਣ ਕਾਰਨ ਪਿਆ ਹੈ।

ਜਗਤ ਰਚਨਾ ਨੂੰ ਮੂਲ 5 ਤੱਤਾਂ (ਪਦਾਰਥਾਂ) ‘ਹਵਾ, ਪਾਣੀ, ਅੱਗ, ਧਰਤੀ ਤੇ ਆਕਾਸ਼’ ਦਾ ਸੰਗ੍ਰਹਿ ਮੰਨਿਆ ਜਾਂਦਾ ਹੈ ਪਰ ਕਣਾਦ ਮੁਨੀ ਜੀ, ਪ੍ਰਕ੍ਰਿਤੀ ਦੇ ਮੂਲ ਛੇ ਪਦਾਰਥ (ਦ੍ਰਵ੍ਯ, ਗੁਣ, ਕਰਮ, ਸਾਮਾਨਯ, ਵਿਸ਼ੇਸ਼ ਤੇ ਸਮਵਾਯ) ਮੰਨਦੇ ਹਨ, ਜਿਨ੍ਹਾਂ ਵਿੱਚੋਂ ‘ਦ੍ਰਵ੍ਯ’ (ਪਦਾਰਥ) ’ਚ ਉਕਤ ਪੰਜਾਂ ਤੋਂ ਇਲਾਵਾ ‘ਕਾਲ (ਸਮਾਂ), ਦਿਸ਼ਾ, ਆਤਮਾ ਤੇ ਮਨ’ ਨੂੰ ਮਿਲਾ ਕੇ ਕੁੱਲ 9 ਮੰਨੇ ਗਏ। ਦੂਸਰੇ ‘ਗੁਣ’ (ਪਦਾਰਥ) ’ਚ ‘ਰੂਪ, ਰਸ, ਗੰਧ, ਸਪਰਸ, ਸਨੇਹ, ਸ਼ਬਦ, ਬੁੱਧੀ, ਦੁੱਖ, ਸੁੱਖ, ਇੱਛਾ, ਧਰਮ, ਅਧਰਮ ਸੰਸਕਾਰ’ ਆਦਿ ਮਿਲਾ ਕੇ 23 ਮੰਨੇ ਗਏ, ਆਦਿ।

ਇਸ ਰਿਸ਼ੀ ਸਿਧਾਂਤ ਅਨੁਸਾਰ ਉਕਤ ਪਦਾਰਥਾਂ ਦੇ ਪੂਰਨ ਗਿਆਨ ਨਾਲ਼ ਹੀ ਮੁਕਤੀ ਮਿਲਦੀ ਹੈ।

(2). ਨਿਆਇ ਸ਼ਾਸਤਰ- ਇਸ ਦੇ ਕਰਤਾ ਗੋਤਮ ਰਿਸ਼ੀ ਜੀ ਹਨ। ਮਹਾਂ ਭਾਰਤ ’ਚ ‘ਗੋ’ ਦਾ ਅਰਥ ਪ੍ਰਕਾਸ਼ ਤੇ ‘ਤਮ’ ਦਾ ਅਰਥ ਅਗਿਆਨਤਾ ਕੀਤਾ ਗਿਆ ਹੈ ਭਾਵ ਪ੍ਰਕਾਸ਼ ਨਾਲ ਹਨੇਰਾ ਨਾਸ਼ ਕਰਨ ਵਾਲ਼ਾ ‘ਗੋਤਮ’। ਇਸ ਦਾ ਜਨਮ 600 ਈ. ਪੂਰਬ ਸੀ ਤੇ ਇਨ੍ਹਾਂ ਮੁਤਾਬਕ ਪ੍ਰਕ੍ਰਿਤੀ ਦੇ ਸ੍ਰੋਤ (ਪਦਾਰਥ) 16 ਹਨ। ਇਸ ਸਿਧਾਂਤ ਮੁਤਾਬਕ ਜੀਵਾਤਮਾ, ਪਰਮਾਤਮਾ ਤੋਂ ਭਿੰਨ ਹੈ, ਜੋ ਕਦੇ ਵੀ ਅਭੇਦਤਾ ਨੂੰ ਪ੍ਰਾਪਤ ਨਹੀਂ ਹੁੰਦੀ ਭਾਵ ਭਗਤੀ ਕਰੋ ਜਾਂ ਨਾ, ਕਿਆਮਤ ਤੱਕ ਜੀਵਾਤਮਾ ਦੀ ਹੋਂਦ ਬਣੀ ਰਹੇਗੀ।

(3). ਸਾਂਖ ਦਰਸ਼ਨ (ਸ਼ਾਸਤਰ)- ਇਸ ਦੇ ਰਚੇਤਾ ਕਪਿਲ ਮੁਨੀ ਜੀ ਹਨ, ਜੋ 25 ਤੱਤ੍ਵ (ਪਦਾਰਥ) ਮੰਨਦੇ ਹਨ। ਇਸ ਸਿਧਾਂਤ ਅਨੁਸਾਰ ਪ੍ਰਕ੍ਰਿਤੀ ਨੂੰ ਮਨੁੱਖ ਦੀ ਤੇ ਮਨੁੱਖ ਨੂੰ ਪ੍ਰਕ੍ਰਿਤੀ ਦੀ ਸਦਾ ਲੋੜ ਰਹਿੰਦੀ ਹੈ। ਇਨ੍ਹਾਂ ਨੇ ਸਰੀਰ ਨੂੰ ਦੋ ਭਾਗਾਂ ’ਚ ਵੰਡ ਲਿਆ: ‘ਸੂਖਮ ਤੇ ਅਸਥੂਲ’। ਬੁੱਧੀ, ਅਹੰਕਾਰ ਤੇ ਗਿਆਰਾਂ ਇੰਦ੍ਰੀਆਂ (5 ਕਰਮ ਇੰਦ੍ਰੇ : ‘ਹੱਥ, ਪੈਰ, ਮੂੰਹ, ਲਿੰਗ ਤੇ ਗੁਦਾ’, ਪੰਜ ਗਿਆਨ ਇੰਦ੍ਰੇ: ‘ਜੀਭ, ਨੱਕ, ਕੰਨ, ਅੱਖ ਤੇ ਸਪਰਸ਼’ ਭਾਵ ਤ੍ਵਚਾ ਅਤੇ ਗਿਆਰਵਾਂ ‘ਮਨ’) ਦਾ ਸੰਗ੍ਰਹਿ ਹੀ ‘ਸੂਖਮ ਸਰੀਰ’ ਹੈ, ਜੋ ਅਸਥੂਲ ਸਰੀਰ ਦੇ ਨਾਸ ਹੋਣ ਉਪਰੰਤ ਵੀ ਕਿਆਮਤ (ਪਰਲੋ) ਤੱਕ ਨਾਸ ਨਹੀਂ ਹੁੰਦਾ। ਪਰਲੋ ਉਪਰੰਤ ਪ੍ਰਕ੍ਰਿਤੀ ’ਚ ਲੈ (ਲੀਨ) ਹੋ ਜਾਵੇਗਾ ਤੇ ਦੁਬਾਰਾ ਜਗਤ ਰਚਨਾ ਸਮੇਂ ਫਿਰ ਉਪਜ (ਹੋਂਦ ’ਚ ਆ) ਜਾਂਦਾ ਹੈ।

ਕਰਮ ਤੇ ਗਿਆਨ ਵਾਸ਼ਨਾ ਦਾ ਪ੍ਰੇਰਿਆ ‘ਸੂਖਮ ਸਰੀਰ’, ਇੱਕ ਤੋਂ ਦੂਸਰੇ ‘ਅਸਥੂਲ ਸਰੀਰ’ ’ਚ ਪ੍ਰਵੇਸ਼ ਕਰਦਾ ਰਹਿੰਦਾ ਹੈ। ਜਦ ਮਨੁੱਖ ਵਿਵੇਕ ਸ਼ਕਤੀ ਨਾਲ਼ ਆਪਣੇ ਆਪ ਨੂੰ ਪ੍ਰਕ੍ਰਿਤੀ ਤੇ ਉਸ ਦੇ ਕਾਰਜਾਂ ਤੋਂ ਭਿੰਨ ਵੇਖਦਾ ਹੈ ਤਾਂ ਬੁੱਧੀ ਕਾਰਨ ਪ੍ਰਾਪਤ ਹੋਏ ਸੰਤਾਪਾਂ ਤੋਂ ਦੁਖੀ ਨਹੀਂ ਹੁੰਦਾ, ਇਸ ਨੂੰ ਹੀ ਮੁਕਤੀ ਮੰਨਿਆ ਗਿਆ ਹੈ।

(4). ਪਾਤੰਜਲ ਸ਼ਾਸਤਰ- ਇਸ ਦਾ ਰਚੇਤਾ ‘ਪਾਤੰਜਲੀ’ ਰਿਸ਼ੀ ਹੋਣ ਕਾਰਨ ਹੀ ਇਸ ਦਰਸ਼ਨ ਦਾ ਇਹ ਨਾਂ ਮਸ਼ਹੂਰ ਹੋ ਗਿਆ। ਇਸ ਸਿਧਾਂਤ ਮੁਤਾਬਕ ਪ੍ਰਕ੍ਰਿਤੀ ਦੇ ਸ੍ਰੋਤ ਕੇਵਲ ਦੋ ਪਦਾਰਥ ਹਨ: ‘ਦ੍ਰਿਸ਼੍ਟਾ (ਵੇਖਣ ਵਾਲ਼ਾ) ਤੇ ਦ੍ਰਿਸ਼੍ਯ (ਜੋ ਵੇਖਿਆ ਜਾ ਸਕੇ)’। ਪੁਰਸ਼ ‘ਦ੍ਰਿਸ਼੍ਟਾ’ ਹੈ ਤੇ ਪ੍ਰਕ੍ਰਿਤੀ ‘ਦ੍ਰਿਸ਼੍ਯ’। ਚਿੱਤ-ਬਿਰਤੀ ਰੁਕਣਾ ਹੀ ਵੈਰਾਗ ਤੇ ਅਭਿਆਸ ਹੈ। ਚਿੱਤ ਦੀ ਇਕਾਗਰਤਾ ਨੂੰ ‘ਯੋਗ’ ਮੰਨਿਆ ਗਿਆ ਹੈ। ਯਮ ਨਿਯਮ (ਮਨ ਤੇ ਇੰਦ੍ਰੀਆਂ ਨੂੰ ਵਿਕਾਰਾਂ ਵੱਲੋਂ ਰੋਕਣਾ), ਆਸਣ, ਪ੍ਰਾਣਾਯਾਮ, ਪਰਤਿਆਹਾਰ (ਵਾਸ਼ਨਾ ਰੋਕਣੀ), ਧਾਰਨਾ (ਦ੍ਰਿੜ੍ਹਤਾ), ਧਿਆਨ ਤੇ ਸਮਾਧੀ ਹੀ ਅੰਤਹਕਰਣ ਨੂੰ ਨਿਰਮਲ ਕਰਦੇ ਹਨ, ਜੋ ਮੁਕਤੀ ਹੈ।

(5). ਮੀਮਾਂਸਾ ਸ਼ਾਸਤਰ-ਇਸ ਦੇ ਰਚੇਤਾ ਵਿਆਸ ਜੀ ਦੇ ਚੇਲੇ ਜੈਮਿਨੀ ਰਿਸ਼ੀ ਜੀ ਹਨ। ਵੇਦ ਵਿਆਸ ਜੀ ਦੇ ਚੇਲੇ ਹੋਣ ਕਾਰਨ ਜ਼ਰੂਰੀ ਹੈ ਕਿ ਇਨ੍ਹਾਂ ਉੱਤੇ ਆਪਣੇ ਗੁਰੂ ਵੇਦ ਵਿਆਸ ਜੀ ਦੁਆਰਾ ਲਿਖੇ ਗਏ ਵੇਦਾਂ ਦਾ ਪ੍ਰਭਾਵ ਜ਼ਿਆਦਾ ਪਿਆ ਹੋਵੇਗਾ। ਇਸ ਸਿਧਾਂਤ ਮੁਤਾਬਕ ਵੇਦਾਂ ਅਨੁਸਾਰ ਯੱਗ ਕਰਨੇ ਹੀ ਧਰਮ ਹੈ ਤੇ ਇਸ ਦਾ ਗਿਆਨ ਹੀ ਮੁਕਤੀ ਦਾ ਸਾਧਨ ਹੈ। ਕਰਮਾਂ ਦੇ ਪ੍ਰਭਾਵ ਕਾਰਨ ਹੀ ਮਨੁੱਖ ਦੇਵਤਾ ਬਣ ਕੇ ਸਵਰਗਾਂ ਦੇ ਅਨੰਦ (ਸੁੱਖ) ਭੋਗਦਾ ਹੈ।

(6). ਵੇਦਾਂਤ ਸ਼ਾਸਤਰ- ਇਸ ਦੇ ਕਰਤਾ ਵੇਦ ਵਿਆਸ ਜੀ ਹਨ, ਜਿਨ੍ਹਾਂ ਦੁਆਰਾ 4 ਵੇਦਾਂ ਨੂੰ ਮੁਕੰਮਲ ਰੂਪ ਮਿਲਿਆ, ਮੰਨਿਆ ਜਾਂਦਾ ਹੈ। ‘ਵੇਦਾਂਤ’ ਦਾ ਅਰਥ ਹੈ: ‘ਵੇਦਾਂ ਦਾ ਨਚੋੜ (ਸਾਰ), ਵੇਦਾਂ ਦਾ ਸਿਧਾਂਤ’। ਇਸ ਸਿਧਾਂਤ ਮੁਤਾਬਕ ਸ਼ੁੱਧ ਮਾਇਆ ਵਿੱਚ ਬ੍ਰਹਮ ਦਾ ਪ੍ਰਤਿਬਿੰਬ (ਪਰਛਾਵਾਂ, ਅਕਸ) ਈਸ਼ਵਰ ਹੈ ਤੇ ਮਲ਼ੀਨ ਮਾਯਾ ’ਚ ਪ੍ਰਤਿਬਿੰਬ ਜੀਵ ਹੈ। ਜੀਵ ਅਵਿਨਾਸ਼ੀ ਹੈ ਪਰ ਭਿੰਨ-ਭਿੰਨ ਉਪਾਧੀ (ਰੁਤਬਾ) ਭੇਦ (ਫ਼ਰਕ) ਹੋਣ ਕਾਰਨ ਵੱਖਰਾ ਵੱਖਰਾ ਪ੍ਰਤੀਤ ਹੁੰਦਾ ਹੈ। ਇਸ ਨੂੰ ਮਿਟਾ ਕੇ ਹੀ ਬ੍ਰਹਮ ਨਾਲ਼ ਅਭੇਦ ਹੋਈਦਾ ਹੈ, ਇਹੀ ਮੁਕਤੀ ਹੈ।

ਉਕਤ ਕੀਤੀ ਗਈ ਵਿਚਾਰ ਮੁਤਾਬਕ ‘ਨਿਰਾਕਾਰੀ’ ਹੋਂਦ ਤੋਂ ਇਲਾਵਾ ਕੇਵਲ ਪ੍ਰਕ੍ਰਿਤੀ (ਸਰਗੁਣ) ਸ਼ਕਤੀ ਨੂੰ ਹੀ ਅਲੱਗ-ਅਲੱਗ ਪਹਿਲੂਆਂ ਤੋਂ ਵੇਖਿਆ, ਵਿਚਾਰਿਆ ਤੇ ਵੰਡਿਆ ਗਿਆ ਹੈ, ਇਸ ਪ੍ਰਕ੍ਰਿਤੀ ਨਿਯਮ ਵੰਡ ਰਾਹੀਂ ਵੀ ਕੁਦਰਤ ਦਾ ਪੂਰਨ ਵਰਣਨ ਨਹੀਂ ਮੰਨਿਆ ਜਾ ਸਕਦਾ, ਇਸ ਲਈ ਗੁਰੂ ਜੀ ਨੇ ਉਕਤ ਦਲੀਲਾਂ ਦੇ ਮੁਕਾਬਲੇ ‘‘ਗੁਰੁ ਗੁਰੁ ਏਕੋ; ਵੇਸ ਅਨੇਕ ॥’’ ਬਿਆਨ ਕਰਕੇ ਕਰਤਾਰ ਦੀ ਸਰਗੁਣ ਸ਼ਕਤੀ ਨੂੰ ਅਸੀਮ ਕਰ ਦਿੱਤਾ ਹੈ, ਜੋ ਕਿ ਉਕਤ (ਛੇ ਸ਼ਾਸਤਰ) ਦਲੀਲਾਂ ਵਾਙ ਕਦੇ ਵੀ ਸੰਪੂਰਨ ਵਰਣਨ ਨਹੀਂ ਹੋ ਸਕਦੀ।

ਗੁਰਮਤ ਨੇ ਹਰ ਉਸ ਪ੍ਰਚਲਿਤ ਧਾਰਨਾ ਨੂੰ ਰੱਦ ਨਹੀਂ ਕੀਤਾ ਬਲਕਿ ਅਪੂਰਨ ਮੰਨਿਆ ਹੈ, ਜੋ ਈਸ਼ਵਰੀ ਸ਼ਕਤੀ ਨੂੰ ਸੰਖਿਅਕ ਅੰਕਾਂ ’ਚ ਕੈਦ ਕਰਦੀ ਹੋਵੇ, ਫਿਰ ਭਾਵੇਂ ਉਹ 84 ਲੱਖ ਜੂਨਾਂ ਹੋਣ, ਲੱਖ ਪਾਤਾਲ ਹੋਣ, 18 ਹਜ਼ਾਰ ਆਲਮ ਹੋਣ, ਤਿੰਨ ਲੋਕ (ਸੁਰਗ, ਮਾਤ ਤੇ ਪਤਾਲ) ਹੋਣ, 4 ਬਾਣੀਆਂ (ਪਰਾ, ਪਸ਼੍ਯੰਤੀ, ਮਧ੍ਯਮਾ ਤੇ ਵੈਖਰੀ) ਹੋਣ, ਚਾਰ ਪਦਾਰਥ (ਧਰਮ, ਅਰਥ, ਕਾਮ ਤੇ ਮੋਖ) ਹੋਣ, ਮਾਇਆ ਦੇ ਤਿੰਨ ਗੁਣ (ਰਜੋ, ਤਮੋ, ਸਤੋ) ਹੋਣ, ਆਦਿ। )

ਬਾਬਾ ! ਜੈ ਘਰਿ, ਕਰਤੇ ਕੀਰਤਿ ਹੋਇ ॥ ਸੋ ਘਰੁ ਰਾਖੁ, ਵਡਾਈ ਤੋਇ ॥੧॥ ਰਹਾਉ ॥

ਹੇ ਭਾਈ ! ਜਿਸ ਘਰ (ਭਾਵ ਮੱਤ, ਵਿਚਾਰਧਾਰਾ) ਵਿੱਚ ਕਰਤਾਰ ਦੀ ਸਿਫ਼ਤ ਸਾਲਾਹ ਦਰਜ ਹੋਵੇ, ਉਸ ਘਰ (ਸਿਧਾਂਤ) ਨੂੰ (ਆਪਣੇ ਹਿਰਦੇ ਵਿੱਚ ਸੰਭਾਲ਼ ਕੇ) ਰੱਖ (ਇਸ ਵਿਚ ਹੀ) ਤੇਰੀ ਵਡਿਆਈ (ਭਲਾਈ) ਹੈ।

ਵਿਸੁਏ, ਚਸਿਆ, ਘੜੀਆ, ਪਹਰਾ; ਥਿਤੀ, ਵਾਰੀ, ਮਾਹੁ ਹੋਆ ॥      

ਉਚਾਰਨ : ਵਿਸੁ+ਏ, ਚਸਿਆਂ, ਘੜੀਆਂ, ਪਹਰਾਂ, ਥਿਤੀਂ, ਵਾਰੀਂ, ਮਾਹ।

ਜਿਵੇਂ ਕਿ 15 ਵਾਰ ਅੱਖ ਝਮਕਣ ਦਾ ਸਮਾਂ=ਇੱਕ ਵਿਸਾ, 15 ਵਿਸੇ =ਇੱਕ ਚਸਾ, 30 ਚਸੇ= ਇੱਕ ਪਲ (ਜਾਂ 24 ਸੈਕਿੰਡ), 60 ਪਲ=ਇੱਕ ਘੜੀ, ਸਾਢੇ 7 ਘੜੀਆਂ=ਇੱਕ ਪਹਰ, 8 ਪਹਰ=ਇੱਕ ਦਿਨ (+ਰਾਤ), 15 ਥਿੱਤਾਂ=ਇੱਕ ਪਖਵਾੜਾ ਜਾਂ ਪੱਖ (ਭਾਵ 15 ਦਿਨ), 7 ਦਿਨ=ਇੱਕ ਹਫ਼ਤਾ, 30 ਦਿਨ=ਇੱਕ ਮਹੀਨਾ ਹੁੰਦਾ ਹੈ।

(ਨੋਟ: ਉਕਤ ਤੁਕ ਦਾ ਭਾਵਾਰਥ ਏਕਤਾ ਬਨਾਮ ਅਨੇਕਤਾ ਹੈ; ਜਿਵੇਂ ਕਿ: ‘1 ਮਹੀਨਾ=30 ਦਿਨ, 1 ਹਫ਼ਤਾ=7 ਦਿਨ, 1 ਪੱਖ=15 ਦਿਨ, 1 ਦਿਨ=8 ਪਹਰ, 1 ਪਹਰ= ਸਾਢੇ ਸੱਤ ਘੜੀਆਂ, 1 ਘੜੀ= 60 ਪਲ, 1 ਪਲ= 30 ਚਸੇ, 1 ਚਸਾ= 15 ਵਿਸੇ’, ਇਹ ਵਿਸ਼ਾ ਅਜੇ ਵੀ ਅਗਲੀ ਤੁਕ ਤੱਕ ਨਿਰੰਤਰ ਜਾਰੀ ਹੈ ਤੇ ਇਸ ਦਾ ਸਾਰ ਅਗਲੀ ਤੁਕ ਦੀ ਸਮਾਪਤੀ ’ਤੇ ਮਿਲੇਗਾ, ਇਸ ਲਈ ਮੈਂ ਉਕਤ ਤੁਕ ਦੇ ਸ਼ਬਦਾਰਥਾਂ ਦੇ ਆਰੰਭ ’ਚ ‘ਜਿਵੇਂ ਕਿ’ ਸ਼ਬਦ ਲਗਾਇਆ ਗਿਆ ਹੈ।)

ਸੂਰਜੁ ਏਕੋ, ਰੁਤਿ ਅਨੇਕ ॥ ਨਾਨਕ ! ਕਰਤੇ ਕੇ, ਕੇਤੇ ਵੇਸ ? ॥੨॥੨॥

ਅਨੇਕ ਰੁੱਤਾਂ=ਇੱਕ ਸੂਰਜ (ਇਸ ਤਰ੍ਹਾਂ ਹੀ) ਹੇ ਨਾਨਕ ! ਕਰਤਾਰ ਦੇ ਕਿਤਨੇ ਹੀ ਵੇਸ (ਸਿਧਾਂਤ) ਹਨ (ਭਾਵ 1 ਕਰਤਾਰ= ਅਣਗਿਣਤ ਸਿਧਾਂਤ, ਜਿਨ੍ਹਾਂ ਨੂੰ ਕੇਵਲ ‘ਛੇ’ ਦੇ ਅੰਕ ਤੱਕ ਸੀਮਤ ਨਹੀਂ ਕੀਤਾ ਜਾ ਸਕਦਾ)।

(ਨੋਟ: ਗੁਰਮਤ ਦੀ ਉਕਤ ਤੁਕ ’ਚ ਦਰਜ ‘‘ਰੁਤਿ ਅਨੇਕ ॥’’ ਨੇ 6 ਰੁੱਤਾਂ (ਬਸੰਤ ਰੁੱਤ=ਚੇਤ+ਵਿਸਾਖ, ਗ੍ਰੀਖਮ ਜਾਂ ਗਰਮੀ ਰੁੱਤ=ਜੇਠ+ਹਾੜ, ਵਰਖਾ ਰੁੱਤ=ਸਾਉਣ+ਭਾਦੋਂ, ਸਰਦ ਰੁੱਤ=ਅੱਸੂ+ਕੱਤਕ, ਹਿਮ ਰੁੱਤ=ਮੱਘਰ+ਪੋਹ ਤੇ ਸਿਸਿਰ (ਸ਼ਿਸ਼ਿਰ) ਰੁੱਤ=ਮਾਘ+ਫੱਗਣ) ਦੀ ਸੀਮਤ ਸੰਖਿਆ ਨੂੰ ਵੀ ਅਪੂਰਨ ਮੰਨਿਆ ਹੈ ਕਿਉਂਕਿ ਮੌਸਮ ਹਰ ਪਲ ਬਦਲਦਾ ਰਹਿੰਦਾ ਹੈ, ਜਿਸ ਬਾਰੇ ਕੋਈ ਵੀ ਸੰਖਿਅਕ ਗਿਣਤੀ ਤੁੱਛ ਹੈ।)