ਜੀਵਨ-ਸੰਗਰਾਮ

0
86

ਜੀਵਨ-ਸੰਗਰਾਮ

ਪ੍ਰੋਫ਼ੈਸਰ ਸਾਹਿਬ ਸਿੰਘ ਜੀ

ਜਦੋਂ ਬਾਬਰ ਨੇ ਸੰਨ 1521 (ਸੰਮਤ ੧੫੭੮) ਵਿਚ ਐਮਨਾਬਾਦ ’ਤੇ ਹਮਲਾ ਕੀਤਾ, ਤਦੋਂ ਸਤਿਗੁਰੂ ਨਾਨਕ ਦੇਵ ਜੀ ਐਮਨਾਬਾਦ ਪਹੁੰਚੇ ਹੋਏ ਸਨ। ਸਤਿਗੁਰੂ ਜੀ ਸੰਨ 1518 (ਸੰਮਤ ੧੫੭੫) ਵਿਚ ਤੀਸਰੀ ਤੇ ਆਖ਼ਰੀ ‘ਉਦਾਸੀ’ ਸਮੇਂ ਮੱਕੇ ਮਦੀਨੇ ਵੱਲ ਗਏ ਸਨ। ਉੱਥੋਂ ਬਗ਼ਦਾਦ ਹੁੰਦੇ ਹੋਏ ਕਾਬਲ, ਹਸਨ-ਅਬਦਾਲ, ਭੋਰੇ, ਡਿੰਗੇ ਦੇ ਰਸਤੇ ਐਮਨਾਬਾਦ ਆਏ ਸਨ। ਬਾਬਰ ਦੀ ਫ਼ੌਜ ਨੇ ਜੋ ਜੋ ਅੱਤਿਆਚਾਰ ਉਸ ਸ਼ਹਿਰ ਦੇ ਵਾਸੀ ਨਰ-ਨਾਰੀਆਂ ਉੱਤੇ ਕੀਤੇ, ਸਤਿਗੁਰੂ ਜੀ ਨੇ ਉਹ ਸਭ ਆਪਣੀ ਅੱਖੀਂ ਵੇਖੇ ਸਨ ਤੇ ਗ਼ਰੀਬ ਜਨਤਾ ਨੂੰ ਇਸ ਤਰ੍ਹਾਂ ਬੇ-ਬਸੀ ਵਿਚ ਕੁੜ੍ਹਦਿਆਂ ਵੇਖ ਕੇ ਹਜ਼ੂਰ ਨੇ ਪਰਮਾਤਮਾ ਦੀ ਦਰਗਾਹ ਵਿਚ ਇਉਂ ਪੁਕਾਰ ਕੀਤੀ ਸੀ ‘‘ਏਤੀ ਮਾਰ ਪਈ ਕਰਲਾਣੇ; ਤੈਂ ਕੀ ਦਰਦੁ ਆਇਆ  ?’’ (ਮਹਲਾ , ਪੰਨਾ ੩੬੦)

ਇਹ ‘ਉਦਾਸੀ’ ਕਰਤਾਰਪੁਰ ਤੋਂ (ਜੋ ਰਾਵੀ ਦੇ ਪਾਰਲੇ ਕੰਢੇ ਅਤੇ ਇਸ ਵੇਲੇ ਪਾਕਿਸਤਾਨ ਵਿਚ ਹੈ) ਸ਼ੁਰੂ ਹੋਈ ਸੀ। ਐਮਨਾਬਾਦ ਦੇ ਮਾਰੋਂ ਬਚ ਕੇ ਕੈਦ ਹੋਏ ਦੁਖੀ ਲੋਕਾਂ ਨੂੰ ਬਾਬਰ ਦੀ ਕੈਦ ਤੋਂ ਛੁਡਾ ਕੇ ਹਜ਼ੂਰ ਸੰਨ 1521 ਵਿਚ ਮੁੜ ਕਰਤਾਰਪੁਰ ਵਾਪਸ ਆ ਗਏ ਤੇ ਜੀਵਨ-ਸਫ਼ਰ ਦੇ ਬਾਕੀ ਅਖ਼ੀਰਲੇ 18 ਸਾਲ ਸਤਿਗੁਰੂ ਜੀ ਨੇ ਇਸੇ ਸੁਭਾਗ ਥਾਂ ਗੁਜ਼ਾਰੇ ਸਨ।

ਜੁੱਧਾਂ-ਜੰਗਾਂ ਸਮੇ ਸੂਰਮਿਆਂ-ਜੋਧਿਆਂ ਦੇ ਕੀਤੇ ਬਹਾਦਰੀ ਦੇ ਕਾਰਨਾਮਿਆਂ ਨੂੰ ਦਿਲ-ਉਭਾਰਵੀਂ ਕਵਿਤਾ ਵਿਚ ਲਿਖਣ ਦਾ ਰਿਵਾਜ; ਮਨੁੱਖ-ਇਤਿਹਾਸ ਵਿਚ ਬਹੁਤ ਪੁਰਾਣਾ ਤੁਰਿਆ ਆ ਰਿਹਾ ਹੈ। ਪੰਜਾਬ ਵਿਚ ਇਹਨਾਂ ਕਵਿਤਾਵਾਂ ਨੂੰ ‘ਵਾਰਾਂ’ ਆਖਦੇ ਹਨ। ਐਮਨਾਬਾਦ ਦੇ ਜੰਗ ਪਿਛੋਂ ਕਰਤਾਰਪੁਰ ਪਹੁੰਚ ਕੇ ਸਤਿਗੁਰੂ ਜੀ ਨੇ ਭੀ ਇਕ ‘ਵਾਰ’ ਲਿਖੀ, ਜੋ ਗੁਰੂ ਗ੍ਰੰਥ ਸਾਹਿਬ ਦੇ ਮਲਾਰ ਰਾਗ ਵਿਚ ਦਰਜ ਹੈ। ਇਸ ‘ਵਾਰ’ ਵਿਚ ਹਜ਼ੂਰ ਨੇ ਦੱਸਿਆ ਹੈ ਕਿ ਜਗਤ ਇਕ ਰਣ-ਭੂਮੀ ਹੈ, ਇਕ ਅਖਾੜਾ ਹੈ, ਜੋ ਮਹਾਂ-ਸੂਰਮੇ ਸਿਰਜਣਹਾਰ ਪਰਮਾਤਮਾ ਨੇ ਰਚਿਆ ਹੈ। ਇਸ ਜਗਤ-ਅਖਾੜੇ ਵਿਚ ਉਸ ਦੇ ਭੇਜੇ ਹੋਏ ਜੀਅ-ਜੰਤ ਅਖਾੜੇ ਦੇ ਮੱਲ ਹਨ, ਭਲਵਾਨ ਹਨ। ਛਿੰਝ ਪੈ ਰਹੀ ਹੈ, ਮਾਇਆ ਦੇ ਭਲਵਾਨ ਕਾਮ ਕ੍ਰੋਧ ਲੋਭ ਮੋਹ ਅਹੰਕਾਰ ਆਦਿਕ ਕਈ ਵਿਰੋਧੀਆਂ ਨਾਲ ਜੀਵਾਂ ਦੇ ਘੋਲ ਹੋ ਰਹੇ ਹਨ। ਜੋ ਜੀਵ ਆਪਣੇ ਮਨ ਦੇ ਪਿੱਛੇ ਤੁਰਦੇ ਹਨ ਉਹ ਇਹਨਾਂ ਤੋਂ ਤਕੜੀ ਕੁੱਟ ਖਾਂਦੇ ਹਨ, ਪਰ ਜੋ ਬੰਦੇ ਗੁਰੂ ਦੇ ਦੱਸੇ ਰਾਹ ਤੁਰਦੇ ਹਨ ਉਹ ਗੱਜ-ਵੱਜ ਕੇ ਟਾਕਰਾ ਕਰਦੇ ਹਨ ਤੇ ਇਹਨਾਂ ਵੈਰੀਆਂ ਨੂੰ ਭਾਂਜ ਪਾ ਦੇਂਦੇ ਹਨ। ਆਪ ਫ਼ੁਰਮਾਂਦੇ ਹਨ ‘‘ਆਪੇ ਛਿੰਝ ਪਵਾਇ; ਮਲਾਖਾੜਾ ਰਚਿਆ   ਲਥੇ ਭੜਥੂ ਪਾਇ; ਗੁਰਮੁਖਿ ਮਚਿਆ   ਮਨਮੁਖ ਮਾਰੇ ਪਛਾੜਿ; ਮੂਰਖ ਕਚਿਆ   ਆਪਿ ਭਿੜੈ, ਮਾਰੇ ਆਪਿ; ਆਪਿ ਕਾਰਜੁ ਰਚਿਆ ’’ (ਮਹਲਾ , ਪੰਨਾ ੧੨੮੦)

ਫਿਰ, ਸੁਆਦਲੀ ਗੱਲ ਇਸ ਅਖਾੜੇ ਦੀ ਇਹ ਹੈ ਕਿ ਮਾਇਆ ਦੇ ਕਾਮ ਕ੍ਰੋਧ ਆਦਿਕ ਬਲੀ ਭੀ ਪਰਮਾਤਮਾ ਨੇ ਆਪ ਹੀ ਪੈਦਾ ਕੀਤੇ ਹਨ। ਹਜ਼ੂਰ ਇਸ ‘ਵਾਰ’ ਦੀ ਅਗਲੀ ਹੀ ਪਉੜੀ ਵਿਚ ਲਿਖਦੇ ਹਨ ‘‘ਦੋਵੈ ਤਰਫਾ ਉਪਾਇ; ਇਕੁ ਵਰਤਿਆ   ਬੇਦ ਬਾਣੀ ਵਰਤਾਇ; ਅੰਦਰਿ ਵਾਦੁ ਘਤਿਆ   ਪਰਵਿਰਤਿ ਨਿਰਵਿਰਤਿ ਹਾਠਾ ਦੋਵੈ; ਵਿਚਿ ਧਰਮੁ ਫਿਰੈ ਰੈਬਾਰਿਆ   ਮਨਮੁਖ ਕਚੇ ਕੂੜਿਆਰ; ਤਿਨ੍ਹੀ ਨਿਹਚਉ ਦਰਗਹ ਹਾਰਿਆ ’’ (ਮਹਲਾ , ਪੰਨਾ ੧੨੮੦)

ਇਹ ਜਗਤ ਸਿਰਜਣਹਾਰ ਦੀ ਤਾਂ ਭਾਵੇਂ ਇਕ ਖੇਡ ਹੀ ਹੈ, ਪਰ ਜੀਵਾਂ ਵਾਸਤੇ ਰਣ-ਭੂਮੀ ਹੈ, ਜੰਗ ਦਾ ਮੈਦਾਨ ਹੈ। ਜਿਨ੍ਹਾਂ ਸੁਭਾਗ ਬੰਦਿਆਂ ਨੂੰ ਇਹ ਸੂਝ ਆ ਗਈ ਹੈ, ਉਹਨਾਂ ਲਈ ਜੀਵਨ ਇਕ ਦੌੜ-ਭੱਜ ਹੈ; ਇਕ ਜੁੱਧ ਹੈ। ਜੁੱਧ ਜਿੱਤਣ ਦੀ ਖ਼ੁਸ਼ੀ ਤਾਂ ਜੁੱਧ ਦੇ ਮੁੱਕਣ ’ਤੇ ਹੀ ਹੋ ਸਕਦੀ ਹੈ, ਉਸ ਤੋਂ ਪਹਿਲਾਂ ਵੈਰੀ ਦਾ ਟਾਕਰਾ ਕਰਨ ਲਈ ਔਖਿਆਈਆਂ ਸਹਾਰਨੀਆਂ ਜ਼ਰੂਰੀ ਹਨ। ਭਗਤ ਕਬੀਰ ਜੀ ਨੇ ਜੀਵਨ ਨੂੰ ਇਸ ਸਹੀ ਸਰੂਪ ਵਿਚ ਵੇਖਿਆ ਤੇ ਆਖਣ ਲੱਗੇ ਕਿ ਜਿਨ੍ਹਾਂ ਨੇ ਮਾਇਆ ਅੱਗੇ ਹਥਿਆਰ ਸੁੱਟ ਦਿੱਤੇ, ਉਹ ਤਾਂ ਬੇਫ਼ਿਕਰੀ ਵਿਚ ਉਸ ਦੀ ਰਈਅਤ (ਪ੍ਰਜਾ) ਹੋ ਕੇ ਦਿਨ ਗੁਜ਼ਾਰਨ ਲੱਗ ਪਏ, ਪਰ ਮੈਨੂੰ ਸਮਝ ਆ ਗਈ ਹੈ ਕਿ ਇਸ ਦਾ ਦਾਅ ਨਹੀਂ ਖਾਣਾ। ਸੋ ਮੈਂ ਦਿਨ-ਰਾਤ ਹਰ ਵੇਲੇ ਦੀ ਲੜਾਈ ਸਹੇੜ ਲਈ ਹੈ। ਆਪ ਲਿਖਦੇ ਹਨ ‘‘ਕਬੀਰ  ! ਜਿਨਹੁ ਕਿਛੂ ਜਾਨਿਆ ਨਹੀ; ਤਿਨ ਸੁਖ ਨੀਦ ਬਿਹਾਇ   ਹਮਹੁ ਜੁ ਬੂਝਾ ਬੂਝਨਾ; ਪੂਰੀ ਪਰੀ ਬਲਾਇ ੧੮੧’’ (ਭਗਤ ਕਬੀਰ, ਪੰਨਾ ੧੩੭੪)

ਲਫ਼ਜ਼ ‘ਪੂਰੀ ਪਰੀ ਬਲਾਇ’ ਤੋਂ ਇਹ ਨਾ ਸਮਝ ਲੈਣਾ ਕਿ ਕਬੀਰ ਜੀ ਇਸ ਰਾਹੇ ਤੁਰਨ ਨੂੰ ਪਸੰਦ ਨਹੀਂ ਸਨ ਕਰਦੇ। ਕਬੀਰ ਜੀ ਦਾ ਭਾਵ ਇਹ ਹੈ ਕਿ ਲੋਕ ਤਾਂ ਇਹਨਾਂ ਕਾਮਾਦਿਕਾਂ ਦੀਆਂ ਸੱਟਾਂ ਖਾਂਦੇ ਹੋਏ ਤੇ ਹਾਏ ਹਾਏ ਕਰਦੇ ਹੋਏ ਭੀ ਬੇ-ਪਰਵਾਹ ਬਣ ਰਹੇ ਹਨ, ਪਰ ਮੈਂ ਦਿਨ-ਰਾਤ ਇਹਨਾਂ ਦਾ ਟਾਕਰਾ ਕਰ ਰਿਹਾ ਹਾਂ, ਉਝ ਇਹ ਕੰਮ ਹੈ ਬੜਾ ਹੀ ਔਖਾ। ਅਗਲੇ ਨਾਲ ਦੇ ਹੀ ਦੋ ਸਲੋਕਾਂ ਵਿਚ ਆਖਦੇ ਹਨ ਕਿ ਜਿਸ ਮਨੁੱਖ ਨੂੰ ‘ਦਾਝਨ ਸੰਸੇ’ (ਭਾਵ ਸੜਨ, ਫ਼ਿਕਰ) ਆਦਿਕ ਦੀ ਮਾਰ ਪੈਂਦੀ ਹੈ, ਉਹ ਬਹੁਤ ਹਾਹਾਕਾਰ ਕਰਦਾ ਹੈ, ਜਿਉਂ ਜਿਉਂ ਪੀੜ ਉਠਦੀ ਹੈ ਤਿਉਂ ਤਿਉਂ ਉਹ ਹੋਰ ਦੁਖੀ ਹੁੰਦਾ ਹੈ, ਪਰ ਫਿਰ ਭੀ ਮਾਇਆ ਦਾ ਖਹਿੜਾ ਨਹੀਂ ਛੱਡਦਾ। ਮੈਨੂੰ ਗੁਰੂ ਦੇ ਸ਼ਬਦ ਦੀ ਚੋਟ ਵੱਜੀ ਹੈ, ਜਿਸ ਨੇ ਮੇਰਾ ਦਿਲ ਵਿੰਨ੍ਹ ਲਿਆ ਹੈ, ਹੁਣ ਮੈਂ ਥਾਂ-ਸਿਰ ਟਿਕ ਗਿਆ ਹਾਂ, ਮੈਨੂੰ ਇਹ ‘ਦਾਝਨ ਸੰਸਾ’ ਆਦਿਕ ਦੁਖੀ ਨਹੀਂ ਕਰ ਸਕਦੇ। ਗੁਰੂ ਦੇ ਸ਼ਬਦ-ਰੂਪ ਨੇਜ਼ੇ ਦੀ ਸੱਟ ਹੈ ਭੀ ਸੁਖ ਹੀ ਦੇਣ ਵਾਲੀ। ਜਿਸ ਮਨੁੱਖ ਨੂੰ ਇਹ ਸੱਟ ਵੱਜਦੀ ਹੈ, ਬਿਰਹਣੀ ਨਾਰਿ (ਪਤੀ ਤੋਂ ਵਿਛੜੀ ਇਸਤਰੀ) ਵਾਂਗ ਉਸ ਦੇ ਅੰਦਰ ਪਤੀ-ਪ੍ਰਭੂ ਨੂੰ ਮਿਲਣ ਦੀ ਤਾਂਘ ਪੈਦਾ ਹੋ ਜਾਂਦੀ ਹੈ। ਜੋ ਭਾਗਾਂ ਵਾਲਾ ਮਨੁੱਖ ਗੁਰ-ਸ਼ਬਦ ਦੀ ਚੋਟ ਖਾਂਦਾ ਹੈ ਉਸ ਪੂਜਣ-ਜੋਗ ਮਨੁੱਖ ਦਾ ਮੈਂ ਹਰ ਵੇਲੇ ਦਾਸ ਬਣਨ ਨੂੰ ਤਿਆਰ ਹਾਂ। ਆਪ ਲਿਖਦੇ ਹਨ ‘‘ਕਬੀਰ ਮਾਰੇ ਬਹੁਤੁ ਪੁਕਾਰਿਆ; ਪੀਰ ਪੁਕਾਰੈ ਅਉਰ   ਲਾਗੀ ਚੋਟ ਮਰੰਮ ਕੀ; ਰਹਿਓ ਕਬੀਰਾ ਠਉਰ ੧੮੨, ਕਬੀਰ  ! ਚੋਟ ਸੁਹੇਲੀ ਸੇਲ ਕੀ; ਲਾਗਤ ਲੇਇ ਉਸਾਸ   ਚੋਟ ਸਹਾਰੈ ਸਬਦ ਕੀ; ਤਾਸੁ ਗੁਰੂ, ਮੈ ਦਾਸ ੧੮੩’’ (ਭਗਤ ਕਬੀਰ, ਪੰਨਾ ੧੩੭੪)

ਸੋ, ਇਹ ਜੰਗ ਲੜਨ-ਜੋਗ ਹੀ ਹੈ, ਇਹ ਜੰਗ ਲੜਿਆਂ ਹੀ ਆਤਮਕ ਜੀਵਨ ਬਣਦਾ ਹੈ। ਇਸੇ ਜੀਵਨ-ਸੰਗਰਾਮ ਵਿਚ ਅਗਾਂਹ ਅਗਾਂਹ ਪੈਰ ਰੱਖਣ ਲਈ ਸਤਿਗੁਰੂ ਅਰਜਨ ਸਾਹਿਬ; ਜੀਵ ਨੂੰ ਪ੍ਰੇਰਨਾ ਕਰਦੇ ਹਨ ਤੇ ਆਖਦੇ ਹਨ ਕਿ ਵੇਖੀਂ  ! ਮੋਢਾ ਪਿਛਾਂਹ ਨ ਮੋੜੀਂ, ਬੱਸ  ! ਹੰਭਲਾ ਮਾਰ, ਇਸੇ ਹੀ ਵਾਰੀ ਜੀਵਨ-ਜੁੱਧ ਵਿਚ ਕਾਮਯਾਬ ਹੋ ਜਾਹ, ਤਾਂ ਕਿ ਮੁੜ ਮੁੜ ਆ ਕੇ ਇਹ ਲੜਾਈ ਲੜਨੀ ਨਾ ਪਏ। ਹਜ਼ੂਰ ਫ਼ੁਰਮਾਂਦੇ ਹਨ ‘‘ਆਗਾਹਾ ਕੂ ਤ੍ਰਾਘਿ; ਪਿਛਾ ਫੇਰਿ ਮੁਹਡੜਾ   ਨਾਨਕ  ! ਸਿਝਿ ਇਵੇਹਾ ਵਾਰ; ਬਹੁੜਿ ਹੋਵੀ ਜਨਮੜਾ ’’ (ਮਹਲਾ , ਪੰਨਾ ੧੦੯੬)

ਪਰ ਦੁਨੀਆ ਵਿਚ ਐਸੇ ਬੰਦੇ ਬਹੁਤ ਹੀ ਥੋੜ੍ਹੇ ਹੋਇਆ ਕਰਦੇ ਹਨ, ਜੋ ਜ਼ਿੰਦਗੀ ਦੇ ਘੋਲ ਨੂੰ ਉਸ ਨੁੱਕਰੋਂ ਵੇਖਦੇ ਹਨ, ਜਿਸ ਨੁੱਕਰੋਂ ਕਬੀਰ ਜੀ ਨੇ ਵੇਖਿਆ ਸੀ। ਆਮ ਤੌਰ ’ਤੇ ਲੋਕ ਜੀਵਨ ਬਾਰੇ ਅਜਿਹੀ ਵਿਚਾਰ ਨੂੰ ਬੇ-ਲੋੜਵੀਆਂ ਘੁੰਤਰਾਂ ਆਖ ਕੇ ਰੱਦ ਕਰ ਦੇਂਦੇ ਹਨ। ਆਪੋ-ਆਪਣੇ ਧੰਦਿਆਂ ਵਿਚ ਰੁੱਝੇ ਹੋਏ ਅਸੀਂ ਇਹ ਕਹਿ ਦਿਆ ਕਰਦੇ ਹਾਂ-ਮੈਨੂੰ ਇਸ ਵਿਚਾਰ ਤੋਂ ਕੀ ਖੱਟੀ ਹੋਵੇਗੀ  ? ਸਭ ਤੋਂ ਪਹਿਲਾਂ, ਪੇਟ ਨ ਪਈਆਂ ਰੋਟੀਆਂ ਤੇ ਸਭੇ ਗੱਲਾਂ ਖੋਟੀਆਂ। ਕਈ ਅਵਤਾਰ ਮਹਾਂ-ਪੁਰਖ ਧਰਤੀ ’ਤੇ ਆਉਂਦੇ ਰਹੇ, ਪਰ ਦੁਨੀਆ ਇਸ ਵੇਲੇ ਭੀ ਉਹੋ ਜਿਹੀ ਹੀ ਹੈ ਜਿਹੋ ਜਿਹੀ ਅੱਜ ਤੋਂ ਸਦੀਆਂ ਪਹਿਲਾਂ ਸੀ। ਨਾਲੇ, ‘ਬੰਦਾ ਜੋੜੇ ਪਲੀ ਪਲੀ, ਰਾਮ ਰੁੜ੍ਹਾਵੇ ਕੁੱਪਾ’ (ਭਾਵ ਕਿਸੇ ਕੰਜੂਸ ਦਾ ਇੱਕੋ ਵਾਰੀ ਬਹੁਤ ਨੁਕਸਾਨ ਹੋ ਜਾਣਾ)। ਸਾਇੰਸ ਦੀਆਂ ਸਦੀਆਂ ਦੀਆਂ ਕੱਢੀਆਂ ਕਾਢਾਂ ਨੂੰ ਕੁਦਰਤ ਘੜੀਆਂ ਪਲਾਂ ਵਿਚ ਮੁਕਾ ਕੇ ਰੱਖ ਦੇਂਦੀ ਹੈ। ਖਬਰੇ ਕਿਤਨੇ ਸਾਲਾਂ ਦੀ ਘਾਲ-ਕਮਾਈ ਨਾਲ ਕੋਇਟਾ ਸ਼ਹਿਰ ਬਣਿਆ ਸੀ, ਲੋਕਾਂ ਨੇ ਉਮਰਾਂ ਗਾਲ ਕੇ ਲੱਖਾਂ ਕ੍ਰੋੜਾਂ ਰੁਪਇਆਂ ਦੀ ਜਾਇਦਾਦ ਬਣਾਈ ਤੇ ਭੁਚਾਲ ਨੇ ਦੋ ਹੀ ਮਿੰਟਾਂ ਵਿਚ ਸਭ ਕੁਝ ਢਾਹ ਕੇ ਢੇਰੀ ਕਰ ਦਿੱਤਾ। ਧਰਮ ਦੇ ਪਰਚਾਰਕਾਂ ਨੇ ਭੀ ਕੀ ਸੁਆਰ ਦਿੱਤਾ ?

ਅਗਸਤ 1947 ਦੀ ਹਿੰਦੁਸਤਾਨ ਤੇ ਪਾਕਿਸਤਾਨ ਦੀ ਵੰਡ ਨੇ ਪੰਜਾਬ ਵਿਚ ਕੀ ਚੰਨ ਚਾੜ੍ਹੇ ਸਨ  ? ਸਭ ਧਰਮਾਂ ਦੇ ਪਰਚਾਰਕਾਂ ਦੀਆਂ ਅੱਖਾਂ ਦੇ ਸਾਹਮਣੇ ਹੀ ਬੇਅੰਤ ਬੇਦਰਦੀ ਨਾਲ ਲੱਖਾਂ ਬੱਚਿਆਂ, ਔਰਤਾਂ ਤੇ ਮਨੁੱਖਾਂ ਦਾ ਲਹੂ ਡੋਲ੍ਹਿਆ ਗਿਆ ਸੀ, ਪੰਜਾਬ ਦੇ ਸਭ ਤੋਂ ਵੱਡੇ ਦੋਵੇਂ ਸ਼ਹਿਰ ਲਾਹੌਰ ਤੇ ਅੰਮ੍ਰਿਤਸਰ ਮਸਾਣ-ਭੂਮੀ ਬਣੇ ਦਿੱਸ ਰਹੇ ਸਨ; ਲੱਖਾਂ ਕਾਰੀਗਰਾਂ ਤੇ ਮਜ਼ਦੂਰਾਂ ਦੀ ਮਿਹਨਤ ਚਾਰ ਪੰਜ ਮਹੀਨਿਆਂ ਦੇ ਅੰਦਰ ਹੀ ਮਿੱਟੀ ਵਿਚ ਮਿਲਾ ਦਿੱਤੀ ਗਈ। ਤੁਹਾਡੀਆਂ ਜੀਵਨ-ਸੰਗਰਾਮ ਦੀਆਂ ਵਿਚਾਰਾਂ ਨੇ ਉਸ ਵੇਲੇ ਸਦੀਆਂ ਦੀ ਬਣੀ ਸੱਭਿਅਤਾ ਨੂੰ ਢਹਿਣ ਤੋਂ ਬਚਾਣ ਲਈ ਕੋਈ ਉਪਰਾਲਾ ਨਾ ਕੀਤਾ। ਫਿਰ, ਅਗਾਂਹ ਦੀਆਂ ਗੱਲਾਂ ਕੌਣ ਸੋਚੇ  ? ਪਤਾ ਨਹੀਂ ਅਗਾਂਹ ਕੀ ਹੈ  ? ਕੁਝ ਹੈ ਭੀ ਕਿ ਨਹੀਂ  ?-ਆਮ ਤੌਰ ’ਤੇ ਧੰਦਿਆਂ ਵਿਚ ਫਸੀ ਦੁਨੀਆ ਇਸੇ ਕਿਸਮ ਦੇ ਢੁੱਚਰ ਪੇਸ਼ ਕਰ ਕੇ ਜੀਵਨ-ਘੋਲ ਦੀ ਇਸ ਅਣ-ਟਲਵੀਂ ਹੋਣੀ ਨੂੰ ਟਾਲਣ ਦੇ ਯਤਨ ਕਰਦੀ ਹੈ। ਇਸ ਸ਼ਰੇਣੀ ਵਿਚ ਕਈ ਉਹ ਹੁੰਦੇ ਹਨ, ਜਿਨ੍ਹਾਂ ਪਾਸ ਧਨ-ਜਾਇਦਾਦ ਅਮੁੱਕ ਹੋਣ ਕਰਕੇ ਕੰਮ-ਕਾਰ ਵਲੋਂ ਨਿਰੀ ਵੇਹਲ ਹੀ ਵੇਹਲ ਹੁੰਦੀ ਹੈ ਤੇ ਉਹ ਸੁਖ-ਰਹਿਣੇ ਬਣ ਚੁੱਕੇ ਹੁੰਦੇ ਹਨ। ਕਈ ਧਨ-ਪਦਾਰਥ ਦੀ ਬਹੁਲਤਾ ਦੇ ਕਾਰਨ ਕਾਮ-ਵਾਸ਼ਨਾ ਵਿਚ ਇਤਨੇ ਡੁਬਦੇ ਹਨ ਕਿ ਉਹਨਾਂ ਨੂੰ ਦੀਨ-ਦੁਨੀਆ ਦੀ ਹੋਰ ਕੋਈ ਹੋਸ਼ ਨਹੀਂ ਰਹਿੰਦੀ। ਕਈ ਉੱਥੋਂ ਹੀ ਗਏ-ਗੁਜ਼ਰੇ ਹੋਏ ਕਰਤਾਰ-ਦਾਤਾਰ ਦੀ ਹੋਂਦ ਤੋਂ ਨਮੁੱਕਰ ਹੋ ਜਾਂਦੇ ਹਨ ਤੇ ਕਈ ਲੋਕ ਹੋਰ ਹੋਰ ਮਾਇਆ ਇਕੱਠੀ ਕਰਨ ਦੀ ਖ਼ਾਤਰ ਰੱਤ-ਪੀਣੇ ਸੁਭਾਵ ਦੇ ਬਣ ਕੇ ਹੀ ਰੁੱਝੇ ਰਹਿੰਦੇ ਹਨ। ਦਿਨ-ਰਾਤ ਵੱਢੀ-ਰਿਸ਼ਵਤ, ਚੋਰ-ਬਜ਼ਾਰੀ, ਚੋਰੀ-ਡਾਕੇ-ਧਾੜੇ ਆਦਿਕ ਵਿਚ।

ਜਿਸ ਸਮਾਜ ਵਿਚ ਇਸ ਆਚਰਨ ਵਾਲੇ ਬੰਦਿਆਂ ਦੀ ਬਹੁ-ਗਿਣਤੀ ਹੋ ਜਾਏ, ਉਹ ਸਮਾਜ ਗਿਰਾਵਟ ਦੀ ਚੋਟੀ ’ਤੇ ਅਪੜ ਗਿਆ ਸਮਝੋ। ਸਦੀਆਂ ਦੀਆਂ ਬਣੀਆਂ ਬਾਦਸ਼ਾਹੀਆਂ ਦਿਨਾਂ ਵਿਚ ਹੀ ਮੁੱਕ ਜਾਂਦੀਆਂ ਹਨ, ਜੇ ਉਹਨਾਂ ਦੇ ਨੇਤਾ ਅਜਿਹੀ ਨਿੱਘਰੀ ਆਤਮ-ਦਸ਼ਾ ਵਿਚ ਆ ਅੱਪੜਨ। ਹਿੰਦੁਸਤਾਨ ਵਿਚੋਂ ਪਠਾਣਾਂ ਦੀ ਬਾਦਸ਼ਾਹੀ ਇਹੋ ਜਿਹੇ ਰੰਗੀਲੇ ਬਾਦਸ਼ਾਹਾਂ ਤੇ ਹਾਕਮਾਂ ਦਾ ਸਦਕਾ ਹੀ ਖ਼ਤਮ ਹੋਈ ਸੀ। ਬਾਬਰ ਨੇ ਕਾਬਲੋਂ ਚੱਲ ਕੇ ਭੋਰਾ ਆ ਸਰ ਕੀਤਾ, ਫਿਰ ਸਿਆਲਕੋਟ ਤੋਂ ਈਨ ਮਨਾਈ। ਐਮਨਾਬਾਦ ਦੇ ਪਠਾਣ ਹਾਕਮਾਂ ਤਕ ਖ਼ਬਰਾਂ ਪਹੁੰਚ ਰਹੀਆਂ ਸਨ ਕਿ ਸਿਆਲਕੋਟ ਤੋਂ ਬਾਬਰ ਉਹਨਾਂ ਵੱਲ ਭੀ ਧਾਈ ਕਰੇਗਾ, ਪਰ ਵਿਸ਼ਿਆਂ ਦੀਆਂ ਰੰਗ-ਰਲੀਆਂ ਵਿਚ ਉਹਨਾਂ ਦੀ ਸੁਧ-ਬੁਧ ਟਿਕਾਣੇ ਨਹੀਂ ਸੀ। ਆਖ਼ਰ ਜਿਸ ਵੇਲੇ ਮੁਗ਼ਲ-ਜਮ ਸਿਰ ’ਤੇ ਹੀ ਆ ਗੱਜਿਆ, ਤਾਂ ਜੀਵਨ-ਬਾਜ਼ੀ ਹਾਰ ਚੁਕੇ ਹੋਏ ਉਹਨਾਂ ਪਠਾਣਾਂ ਨੇ ਪੀਰਾਂ ਫ਼ਕੀਰਾਂ ਦਾ ਆਸਰਾ ਲੈਣਾ ਸ਼ੁਰੂ ਕੀਤਾ ਕਿ ਕਲਾਮ ਦੇ ਜ਼ੋਰ ਮੁਗ਼ਲ ਅੰਨ੍ਹੇ ਕੀਤੇ ਜਾਣ। ਜਿਨ੍ਹਾਂ ਨੂੰ ਪਹਿਲਾਂ ਵੇਲੇ-ਸਿਰ ਕਦੇ ਚਾਂਦ-ਮਾਰੀ ਦਾ ਅਭਿਆਸ ਨਾ ਕਰਾਇਆ, ਅੱਜ ਉਹ ਬੰਦੂਕਾਂ ਕਿਵੇਂ ਚਲਾਣ  ? ਪਠਾਣਾਂ ਦੀਆਂ ਬੰਦੂਕਾਂ ਹੱਥਾਂ ਵਿਚ ਹੀ ਚਿੜ ਚਿੜ ਕਰਦੀਆਂ ਰਹੀਆਂ ਤੇ ਮੁਗ਼ਲ ਤੱਕ ਤੱਕ ਕੇ ਨਿਸ਼ਾਨੇ ਬੰਨ੍ਹਦੇ ਰਹੇ। ਇਹ ਸਾਰੀ ਬਰਬਾਦੀ ਕਿਵੇਂ ਹੋਈ  ? ਹਕੂਮਤ ਦੇ ਨਸ਼ੇ ਤੋਂ, ਧਨ ਦੀ ਬਹੁਲਤਾ ਤੋਂ, ਜੀਵਨ-ਜਾਚ ਭੁੱਲ ਗਏ। ਐਸ਼ਵਰਜ ਦੇ ਨਸ਼ੇ ਵਿਚ ਜਿਹੜੀਆਂ ਭੀ ਕੌਮਾਂ ਜੀਵਨ-ਸੰਗਰਾਮ ਦੀ ਅਸਲੀਅਤ ਨੂੰ ਸਮਝਣ ਵਲੋਂ ਮੂੰਹ ਮੋੜ ਲੈਂਦੀਆਂ ਹਨ, ਉਹ ਮੂੰਹ-ਭਾਰ ਜਾ ਪੈਂਦੀਆਂ ਹਨ। ਐਮਨਾਬਾਦ ਦੇ ਪਠਾਣਾਂ ਦੀ ਅੱਖੀਂ ਵੇਖੀ ਹਾਸ-ਹੀਣੀ ਹਾਲਤ ਦਾ ਬਿਆਨ ਸਤਿਗੁਰੂ ਨਾਨਕ ਸਾਹਿਬ ਨੇ ਇਉਂ ਕੀਤਾ ਸੀ ‘‘ਇਸੁ ਜਰ ਕਾਰਣਿ ਘਣੀ ਵਿਗੁਤੀ; ਇਨਿ ਜਰ ਘਣੀ ਖੁਆਈ   ਪਾਪਾ ਬਾਝਹੁ ਹੋਵੈ ਨਾਹੀ; ਮੁਇਆ ਸਾਥਿ ਜਾਈ   ਜਿਸ ਨੋ ਆਪਿ ਖੁਆਏ ਕਰਤਾ; ਖੁਸਿ ਲਏ ਚੰਗਿਆਈ   ਕੋਟੀ ਹੂ ਪੀਰ ਵਰਜਿ ਰਹਾਏ; ਜਾ ਮੀਰੁ ਸੁਣਿਆ ਧਾਇਆ   ਥਾਨ ਮੁਕਾਮ ਜਲੇ ਬਿਜ ਮੰਦਰ; ਮੁਛਿ ਮੁਛਿ ਕੁਇਰ ਰੁਲਾਇਆ   ਕੋਈ ਮੁਗਲੁ ਹੋਆ ਅੰਧਾ; ਕਿਨੈ ਪਰਚਾ ਲਾਇਆ   ਮੁਗਲ ਪਠਾਣਾ ਭਈ ਲੜਾਈ; ਰਣ ਮਹਿ ਤੇਗ ਵਗਾਈ   ਓਨ੍ਹੀ ਤੁਪਕ ਤਾਣਿ ਚਲਾਈ; ਓਨ੍ਹੀ ਹਸਤਿ ਚਿੜਾਈ   ਜਿਨ੍ ਕੀ ਚੀਰੀ ਦਰਗਹ ਪਾਟੀ; ਤਿਨ੍ਹਾ ਮਰਣਾ ਭਾਈ (ਮਹਲਾ , ਪੰਨਾ ੪੧੮)

ਜੀਵਨ-ਘੋਲ ਦੀ ਹੋਣੀ ਨੂੰ ਵਿਚਾਰਨ ਵਲੋਂ ਅਵੇਸਲਾ-ਪਨ ਤੇ ਤਬਾਹੀ ਲਿਆਉਣ ਵਾਲਾ ਇਹ ਨੀਵਾਂ ਆਚਰਨ ਰੰਗ-ਰਲੀਆਂ ਦੀ ਗੋਦ ਵਿਚ ਹੀ ਪਲਦਾ-ਪਲ੍ਹਰਦਾ ਹੈ, ਸੌਖੇ ਤੇ ਆਪਣੇ ਵਲੋਂ ਸਭਯ ਲੋਕ ਹੀ ਇਸ ਦਾ ਸ਼ਿਕਾਰ ਛੇਤੀ ਹੁੰਦੇ ਹਨ, ਗ਼ਰੀਬ ਅਨਪੜ੍ਹ ਬੰਦਿਆਂ ਉੱਤੇ ਇਸ ਦਾ ਜ਼ੋਰ ਕੁਝ ਘੱਟ ਪੈਂਦਾ ਹੈ, ਪਰ ਗੁਰੂ ਨਾਨਕ ਪਾਤਿਸ਼ਾਹ ਦੇ ਦਰ ’ਤੇ ਆਇਆਂ ਇੱਥੋਂ ਮੁੜ ਮੁੜ ਚੇਤਾਵਨੀ ਮਿਲਦੀ ਹੈ ਕਿ ‘‘ਕਵਨ ਕਾਜ ਸਿਰਜੇ ਜਗ ਭੀਤਰਿ; ਜਨਮਿ (’) ਕਵਨ ਫਲੁ ਪਾਇਆ ? (ਭਗਤ ਕਬੀਰ, ਪੰਨਾ ੯੭੦), ਪ੍ਰਾਣੀ  ! ਤੂੰ ਆਇਆ ਲਾਹਾ ਲੈਣਿ   ਲਗਾ ਕਿਤੁ ਕੁਫਕੜੇ ? ਸਭ ਮੁਕਦੀ ਚਲੀ ਰੈਣਿ ਰਹਾਉ ’’ (ਮਹਲਾ , ਪੰਨਾ ੪੩)

ਅਗਸਤ 1947 ਵਿਚ ਪੂਰਬੀ ਤੇ ਪੱਛਮੀ ਪੰਜਾਬ ਦੀ ਵੰਡ ਨੇ ਲੱਖਾਂ ਬੰਦਿਆਂ ਨੂੰ ਬੇ-ਘਰ ਕਰ ਦਿੱਤਾ। ਹਜ਼ਾਰਾਂ ਬੱਚੇ ਭੁੱਖ ਨਾਲ ਹੀ ਤੜਫ ਤੜਫ ਕੇ ਮਾਵਾਂ ਦੇ ਕੁੱਛੜ ਪਏ ਜਿੰਦਾਂ ਦੇ ਗਏ। ਦੇਸ ਦੀਆਂ ਹਜ਼ਾਰਾਂ ਬੱਚੀਆਂ ਦੀ ਬੜੀ ਬੇਰਹਿਮੀ ਨਾਲ ਬੇਪਤੀ ਹੋਈ। ਸਾਰੇ ਪੰਜਾਬ ਵਿਚ ਕਈ ਮਹੀਨੇ ਚਾਰ-ਚੁਫੇਰੇ ‘ਮਾਰੋ, ਵੱਢੋ’ ਦੀਆਂ ਕੂਕਾਂ ਦਿਨ-ਰਾਤ ਸੁਣੀਂਦੀਆਂ ਰਹੀਆਂ। ਜਿਨ੍ਹਾਂ ਨੇ ਇਹ ਸਭ ਕੁਝ ਅੱਖੀਂ ਵੇਖਿਆ, ਜਿਨ੍ਹਾਂ ਮਹੀਨਿਆਂ-ਬੱਧੀ ਇਹ ਬਿਪਤਾ ਸਿਰ ’ਤੇ ਝੱਲੀ, ਜਿਨ੍ਹਾਂ ਨੂੰ ਆਪਣੇ ਸਹਿ-ਧਰਮੀਆਂ ਦੇ ਵਤਨ ਅੱਪੜ ਕੇ ਭੀ ਅਜੇ ਗੋਡੇ ਹੀ ਰਗੜਨੇ ਪਏ, ਤਰਲੇ ਹੀ ਲੈਣੇ ਪਏ, ਉਹਨਾਂ ਵਿਚ ਹੁਣ ਹਜ਼ਾਰਾਂ ਬੰਦੇ ਐਸੇ ਹੋ ਗਏ ਹਨ, ਜਿਨ੍ਹਾਂ ਦੇ ਅੰਦਰੋਂ ਇਸ ਸਾਰੇ ਸਹਿਮ ਨਾਲ ਆਤਮਕ ਜੀਵਨ ਦਾ ਚਸ਼ਮਾ ਸੁੱਕ ਗਿਆ ਜਾਪਦਾ ਹੈ। ਉਹਨਾਂ ਨਾਲ ਕਦੇ ਇਨਸਾਨੀ ਜੀਵਨ ਬਾਰੇ ਕੋਈ ਵਿਚਾਰ-ਮਈ ਗੱਲ ਕਰੋ, ਤਾਂ ਉਹ ਅੱਗੋਂ ਡੂੰਘਾ ਹਾਹੁਕਾ ਲੈ ਕੇ ਆਖਦੇ ਹਨ-ਜੀਵਨ ਕੀ ਹੈ ? ਜੀਵਨ ਹੈ ਦੁੱਖਾਂ ਦੀ ਅਮੁੱਕ ਕਹਾਣੀ। ਜੀਵਨ ਹੈ ਇਕ ਲੰਮੀ ਬਿਪਤਾ, ਜਿਸ ਤੋਂ ਸਿਰਫ਼ ਮੌਤ ਹੀ ਛੁਟਕਾਰਾ ਦੇ ਸਕਦੀ ਹੈ। ਬੱਸ ! ਭਾਈ ! ਜਿਤਨੀ ਛੇਤੀ ਮੌਤ ਆਵੇ ਉਤਨਾ ਹੀ ਚੰਗਾ ਹੈ। ਹੋਰ ਕੀ ਜੀਵਨ ? ਅਸਾਂ ਭੁਖ-ਨੰਗ, ਸਹਿਮ ਤੇ ਨਿਰਾਦਰੀ ਤਾਂ ਇਹੀ ਵੇਖਿਆ ਹੈ ਕਿ ਜੀਵਨ ਹੈ ਹਾਹੁਕੇ, ਤਰਲੇ, ਲਿੱਲ੍ਹੀਆਂ, ਧੱਕੇ। ਇਹ ਢਹਿੰਦੀ ਡਿਗਦੀ ਨਿੱਘਰਦੀ ਹਾਲਤ ਰੰਗ-ਰਲੀਆਂ ਦੇ ਘੁਰਾੜਿਆਂ ਨਾਲੋਂ ਭੀ ਵਧੀਕ ਖ਼ਤਰੇ-ਭਰੀ ਹੈ। ਨਿਰਾਸਤਾ ਦੀ ਇਹ ਡੂੰਘੀ ਤੋਂ ਡੂੰਘੀ ਖੱਡ ਹੈ, ਜਿਸ ਵਿਚ ਡਿੱਗ ਕੇ ਮਨੁੱਖ ਨੂੰ ਮਨੁੱਖਤਾ ਦੇ ਆਤਮਕ ਜੀਵਨ ਵਾਸਤੇ ਕੋਈ ਦਿਲਚਸਪੀ ਨਹੀਂ ਰਹਿ ਜਾਂਦੀ। ਪੰਜਾਬ ਉੱਤੇ ਆਏ ਬਿਪਤਾ ਦੇ ਇਸ ਭਿਆਨਕ ਹੜ੍ਹ ਨੇ ਜੀਵਨ-ਨਦੀ ਦੇ ਕੰਢੇ ਢਾਹ ਢਾਹ ਕੇ ਸ਼ਰਧਾ ਦੀਆਂ ਢਿੱਗਾਂ ਆਪਣੇ ਵਿਚ ਹੜੱਪ ਕਰਨੀਆਂ ਸ਼ੁਰੂ ਕਰ ਦਿੱਤੀਆਂ, ਤੇ ਕੰਢੇ ’ਤੇ ਖਲੋਤੇ ਹਜ਼ਾਰਾਂ ਨਰ-ਨਾਰੀ ਇਸ ਵਿਚ ਰੋੜ੍ਹੇ ਪੈ ਗਏ। ਕਿਸੇ ਇਹੋ ਜਿਹੇ ਡਰਾਵਣੇ ਦ੍ਰਿਸ਼ ਦਾ ਜ਼ਿਕਰ ਹੀ ਸਾਹਿਬ ਗੁਰੂ ਅਰਜਨ ਦੇਵ ਜੀ ਨੇ ਕੀਤਾ ਹੈ ਕਿ ‘‘ਢਹਦੀ ਜਾਇ ਕਰਾਰਿ; ਵਹਣਿ ਵਹੰਦੇ ਮੈ ਡਿਠਿਆ ’’ (ਮਹਲਾ , ਪੰਨਾ ੧੦੯੭) [ਕਰਾਰਿ-ਨਦੀ ਦਾ ਕੰਢਾ। ਵਹਣਿ-ਵਹਿਣ ਵਿਚ। ਵਹੰਦੇ-ਰੁੜ੍ਹਦੇ।

ਹੁਣ ਤਕ ਅਸਾਂ ਜੀਵਨ-ਸੰਗਰਾਮ ਦੀਆਂ ਗੱਲਾਂ ਰੰਗ-ਰਲੀਆਂ ਮਾਣਦੇ ਧਨੀ ਲੋਕਾਂ ਨਾਲ ਹੀ ਕੀਤੀਆਂ ਹਨ ਜਾਂ ਘਰੋਂ-ਘਾਟੋਂ ਉਖੜੇ ਹੋਏ ਬਿਪਤਾ-ਮਾਰੇ ਬੰਦਿਆਂ ਨਾਲ। ਧਾਰਮਿਕ ਦੁਨੀਆ ਨੂੰ ਭੀ ਵੇਖੀਏ। ਧਾਰਮਿਕ ਜਗਤ ਜ਼ਿੰਦਗੀ ਦੀ ਦੌੜ ਦੀਆਂ ਗੁੰਝਲਾਂ ਨੂੰ ਵਿਚਾਰਨ ਤੇ ਹੱਲ ਕਰਨ ਵਲੋਂ ਅਵੇਸਲਾ ਨਹੀਂ ਰਿਹਾ। ਵਿਚਾਰਵਾਨ ਸਿਆਣਿਆਂ ਨੇ ਤੱਤ ਕੱਢ ਕੇ ਮਰਯਾਦਾ ਬੰਨ੍ਹ ਦਿੱਤੀਆਂ ਤੇ ਆਖਿਆ ਕਿ ਜੋ ਜੋ ਮਨੁੱਖ ਇਸ ਮਰਯਾਦਾ ਉੱਤੇ ਤੁਰੇਗਾ ਉਸ ਨੂੰ ਸੁਰਗ-ਬਹਿਸ਼ਤ ਦਾ ਸੁੱਖ-ਅਰਾਮ ਮਿਲੇਗਾ। ਪਰ ਇਹਨਾਂ ਹੱਦ-ਬੰਦੀਆਂ ਨੇ ਪਰਮਾਤਮਾ ਦੇ ਨਾਮ ਵੰਡ ਲਏ, ਪਰਮਾਤਮਾ ਦੇ ਰਹਿਣ ਦੇ ਥਾਂ ਭੀ ਵੰਡ ਲਏ। ਮੁਸਲਮਾਨ ਆਖਦਾ ਹੈ ਕਿ ਸਿਰਫ਼ ਮਸੀਤ ਹੀ ਖ਼ੁਦਾ ਦਾ ਘਰ ਹੈ, ਰੱਬ ਦਾ ਮੁਕਾਮ ਪੱਛਮ ਵੱਲ ਹੀ ਹੈ, ਰਮਜ਼ਾਨ ਦੇ ਮਹੀਨੇ ਰੋਜ਼ੇ ਰੱਖਿਆਂ ਅਤੇ ਕਾਅਬੇ ਦਾ ਹੱਜ ਕੀਤਿਆਂ ਬਹਿਸ਼ਤ ਨਸੀਬ ਹੁੰਦਾ ਹੈ। ਇਸੇ ਤਰ੍ਹਾਂ ਬ੍ਰਾਹਮਣ ਆਖਦਾ ਹੈ ਕਿ ਹਰੀ-ਪਰਮਾਤਮਾ ਦੱਖਣ ਦੇਸ਼ ਵੱਲ ਦੁਆਰਕਾ ਵਿਚ ਵੱਸਦਾ ਹੈ, ਚੱੜ੍ਹੀ ਇਕਾਦਸ਼ੀਆਂ ਦੇ ਵਰਤ ਰੱਖਿਆਂ ਅਤੇ ਜਗਨ ਨਾਥ ਤੀਰਥ ਦਾ ਇਸ਼ਨਾਨ ਕੀਤਿਆਂ ਸੁਰਗ-ਬੈਕੁੰਠ ਦੀ ਪ੍ਰਾਪਤੀ ਹੁੰਦੀ ਹੈ। ਸ਼ਰਹ ਤੇ ਕਰਮਕਾਂਡ ਦੇ ਪਰਚਾਰਕ ਇਸ ਗੱਲ ’ਤੇ ਭੀ ਜ਼ੋਰ ਦੇਂਦੇ ਹਨ ਕਿ ਜੋ ਮਨੁੱਖ ਇਸ ਮਰਯਾਦਾ ’ਤੇ ਵਿਸ਼ਵਾਸ ਨਹੀਂ ਰੱਖਦਾ, ਉਹ ਭਾਵੇਂ ਕਿਤਨਾ ਹੀ ਸੁੱਚਾ ਜੀਵਨ ਬਣਾਣ ਦਾ ਜਤਨ ਕਰੇ ਤੇ ਸ੍ਰਿਸ਼ਟੀ ਦੀ ਸੇਵਾ ਕਰਨ ਦਾ ਉੱਦਮ ਕਰੇ, ਉਸ ਦੇ ਸਾਰੇ ਜਤਨ ਤੇ ਉੱਦਮ ਵਿਅਰਥ ਹਨ। ਇਹਨਾਂ ਦੇ ਮੱਤ ਅਨੁਸਾਰ ਸ਼ਰਹ ਤੇ ਕਰਮਕਾਂਡ ਦੀ ਹੱਦ-ਬੰਦੀ ਤੋਂ ਬਾਹਰ ਰਹਿਣ ਵਾਲੇ ਸਭ ਨਰਕ-ਦੋਜ਼ਕ ਦੇ ਭਾਗੀ ਹਨ, ਪਰ ਕਬੀਰ ਜੀ ਨੇ ਬੜੇ ਖੁਲ੍ਹੇ ਲਫ਼ਜ਼ਾਂ ਵਿਚ ਇਹਨਾਂ ਦੋਹਾਂ ਧਿਰਾਂ ਨੂੰ ਇਹਨਾਂ ਦੀ ਉਕਾਈ ਦੱਸ ਦਿੱਤੀ ਤੇ ਆਖਿਆ ‘‘ਅਲਹੁ ਏਕੁ ਮਸੀਤਿ ਬਸਤੁ ਹੈ; ਅਵਰੁ ਮੁਲਖੁ ਕਿਸੁ ਕੇਰਾ   ਹਿੰਦੂ ਮੂਰਤਿ ਨਾਮ ਨਿਵਾਸੀ; ਦੁਹ ਮਹਿ ਤਤੁ ਹੇਰਾ   ਅਲਹ ਰਾਮ ! ਜੀਵਉ ਤੇਰੇ ਨਾਈ   ਤੂ ਕਰਿ ਮਿਹਰਾਮਤਿ; ਸਾਈ ! ਰਹਾਉ   ਦਖਨ ਦੇਸਿ ਹਰੀ ਕਾ ਬਾਸਾ; ਪਛਿਮਿ (’) ਅਲਹ ਮੁਕਾਮਾ   ਦਿਲ ਮਹਿ ਖੋਜਿ ਦਿਲੈ ਦਿਲਿ ਖੋਜਹੁ; ਏਹੀ ਠਉਰ ਮੁਕਾਮਾ   ਬ੍ਰਹਮਨ ਗਿਆਸ ਕਰਹਿ ਚਉਬੀਸਾ; ਕਾਜੀ ਮਹ ਰਮਜਾਨਾ   ਗਿਆਰਹ ਮਾਸ ਪਾਸ ਕੈ ਰਾਖੇ; ਏਕੈ ਮਾਹਿ ਨਿਧਾਨਾ (ਭਗਤ ਕਬੀਰ, ਪੰਨਾ ੧੩੪੯), ਕਹਾ ਉਡੀਸੇ ਮਜਨੁ ਕੀਆ; ਕਿਆ ਮਸੀਤਿ ਸਿਰੁ ਨਾਂਏਂ   ਦਿਲ ਮਹਿ ਕਪਟੁ ਨਿਵਾਜ ਗੁਜਾਰੈ; ਕਿਆ ਹਜ ਕਾਬੈ ਜਾਂਏਂ  ?’’ (ਭਗਤ ਕਬੀਰ, ਪੰਨਾ ੧੩੪੯)

ਜਦੋਂ ਸ਼ਰਈ ਤੇ ਕਰਮਕਾਂਡੀ ਲੋਕ ਪਰਮਾਤਮਾ ਨੂੰ ਇਹੋ ਜਿਹਾ ਤੰਗ-ਦਿਲ ਤੇ ਪੱਖ-ਪਾਤੀ ਦੱਸਣ ਲੱਗ ਪੈਂਦੇ ਹਨ, ਤਾਂ ਧਰਮ ਅਤੇ ਸੁੱਚਾ ਆਚਰਨ; ਪਰਮਾਤਮਾ ਨਾਲੋਂ ਲਾਂਭੇ ਰਹਿ ਜਾਂਦੇ ਹਨ। ਜਿਸ ਭੀ ਦੇਸ ਵਿਚ ਖਹਿ ਖਹਿ ਚੱਲ ਪਏ ਉੱਥੋਂ ਦੀ ਖ਼ਲਕਤਿ ਦੀ ਸ਼ਾਮਤ ਆ ਜਾਂਦੀ ਹੈ, ਪੰਜਾਬ-ਵਾਸੀਆਂ ਨੂੰ ਕਈ ਪੀੜ੍ਹੀਆਂ ਤਕ 1847 ਵਾਲੀ ਬਿਪਤਾ ਚੇਤੇ ਰਹੇਗੀ। ਕੋਈ ਭੀ ਮਜ਼੍ਹਬ ਹੋਵੇ, ਇਨਸਾਨ ਵਾਸਤੇ ਉਹ ਤਦ ਤੱਕ ਹੀ ਲਾਭਦਾਇਕ ਹੈ, ਜਦ ਤਕ ਉਸ ਦੇ ਦੱਸੇ ਪੂਰਨਿਆਂ ’ਤੇ ਤੁਰ ਕੇ ਮਨੁੱਖ ਆਪਣੇ ਦਿਲ ਵਿਚ ਭਲਾਈ ਪੈਦਾ ਕਰਨ ਦਾ ਜਤਨ ਕਰਦਾ ਹੈ। ਪਰਮਾਤਮਾ ਅਤੇ ਉਸ ਦੀ ਸ੍ਰਿਸ਼ਟੀ ਵਾਸਤੇ ਆਪਣੇ ਦਿਲ ਵਿਚ ਪਿਆਰ ਨੂੰ ਥਾਂ ਦੇਂਦਾ ਹੈ। ਜਦੋਂ ਮਜ਼੍ਹਬ ਦੇ ਅਸੂਲ ਤੇ ਰਹੁ-ਰੀਤੀਆਂ; ਰਿਵਾਜੀ ਤੌਰ ’ਤੇ ਹੀ ਕੀਤੇ ਜਾਂਦੇ ਹਨ, ਪਰ ਮਨੁੱਖ ਇਹ ਨਹੀਂ ਵੇਖਦਾ ਕਿ ਇਸ ਤਰ੍ਹਾਂ ਦਿਲ ਵਿਚ ਕੋਈ ਭਲੀ ਤਬਦੀਲੀ ਆਈ ਹੈ ਕਿ ਨਹੀਂ, ਜਾਂ ਸਗੋਂ ਮਨ ਕਿਤੇ ਕਠੋਰ ਤਾਂ ਨਹੀਂ ਹੋ ਰਿਹਾ, ਉਸ ਵੇਲੇ ਇਹ ਧਾਰਮਿਕ ਉੱਦਮ ਵਿਅਰਥ ਹੋ ਜਾਂਦੇ ਹਨ। ਪਠਾਣਾਂ ਮੁਗ਼ਲਾਂ ਦੇ ਰਾਜ ਵੇਲੇ ਸਾਡੇ ਦੇਸ ਵਿਚ ਇਸਲਾਮੀ ਸ਼ਰਹ ਦਾ ਕਾਨੂੰਨ ਚੱਲਦਾ ਸੀ, ਪਰ ਹਰੇਕ ਮੁਸਲਮਾਨ ਕੁਰਾਨ ਸ਼ਰੀਫ਼ ਨੂੰ ਸਮਝ ਨਹੀਂ ਸਕਦਾ ਸੀ ਕਿਉਂਕਿ ਉਹ ਅਰਬੀ ਬੋਲੀ ਵਿਚ ਹੈ। ਸਿਰਫ਼ ਕਾਜ਼ੀ ਮੌਲਵੀ ਹੀ ਸਮਝ ਸਕਦੇ ਸਨ। ਇਸ ਦਾ ਨਤੀਜਾ ਇਹ ਹੋਇਆ ਕਿ ਜਿੱਥੋਂ ਤੱਕ ਕਾਨੂੰਨ ਨੂੰ ਵਰਤਣ ਦਾ ਸੰਬੰਧ ਪੈਂਦਾ ਸੀ, ਰਾਜਸੀ ਤਾਕਤ ਕਾਜ਼ੀਆਂ ਮੌਲਵੀਆਂ ਦੇ ਹੱਥ ਸੀ ਕਿਉਂਕਿ ਇਹੀ ਲੋਕ ਕੁਰਾਨ ਸ਼ਰੀਫ਼ ਦੇ ਅਰਥ ਕਰਨ ਵਿਚ ਇਤਬਾਰ-ਜੋਗ ਮੰਨੇ ਜਾਂਦੇ ਸਨ। ਇਕ ਪਾਸੇ, ਇਹ ਲੋਕ ਰਾਜਸੀ ਤਾਕਤ ਦੇ ਮਾਲਕ; ਦੂਜੇ ਪਾਸੇ, ਇਹੀ ਲੋਕ ਧਾਰਮਿਕ ਆਗੂ ਆਮ ਲੋਕਾਂ ਨੂੰ ਜੀਵਨ ਦਾ ਸਹੀ ਰਾਹ ਦੱਸਣ ਵਾਲੇ । ਇਹ ਦੋਵੇਂ ਵਿਰੋਧੀ ਗੱਲਾਂ ਇਕੱਠੀਆਂ ਹੋ ਗਈਆਂ। ਰਾਜ-ਪਰਬੰਧ ਚਲਾਣ ਵੇਲੇ ਗ਼ੁਲਾਮ ਭਾਰਤ-ਵਾਸੀਆਂ ਉੱਤੇ ਕਠੋਰਤਾ ਵਰਤਣੀ ਇਹਨਾਂ ਵਾਸਤੇ ਕੁਦਰਤੀ ਗੱਲ ਸੀ, ਪਰ ਇਸ ਕਠੋਰਤਾ ਨੂੰ ਆਪਣੇ ਵਲੋਂ ਉਹ ਲੋਕ ਇਸਲਾਮੀ ਸ਼ਰਹ ਦੱਸਦੇ ਤੇ ਸਮਝਦੇ ਸਨ। ਸੋ, ਮਜ਼ਹਬ ਵਿਚੋਂ ਕਾਜ਼ੀਆਂ ਮੌਲਵੀਆਂ ਨੂੰ ਸੁਭਾਵਕ ਹੀ ਦਿਲ ਦੀ ਕਠੋਰਤਾ ਮਿਲਦੀ ਗਈ। ਜਿਸ ਭੀ ਦੇਸ ਵਿਚ ਰਾਜ-ਪਰਬੰਧ ਕਿਸੇ ਖ਼ਾਸ ਮਜ਼੍ਹਬ ਦੇ ਅਸੂਲਾਂ ਅਨੁਸਾਰ ਚਲਾਇਆ ਜਾਂਦਾ ਹੈ, ਉਸ ਮਜ਼੍ਹਬ ਦੇ ਪਰਚਾਰਕਾਂ ਦਾ ਇਹੀ ਹਾਲ ਹੋ ਜਾਂਦਾ ਹੈ।

ਕਬੀਰ ਜੀ ਨੇ ਆਪਣੇ ਵਕਤ ਦੇ ਕਾਜ਼ੀਆਂ ਮੌਲਵੀਆਂ ਦੀ ਇਹ ਹਾਲਤ ਵੇਖ ਕੇ ਆਖਿਆ ਕਿ ਮਜ਼੍ਹਬ ਨੇ, ਮਜ਼੍ਹਬ ਦੀ ਰਹੁ-ਰੀਤੀ ਨੇ, ਬਾਂਗ ਨਿਮਾਜ਼ ਹੱਜ ਆਦਿਕ ਨੇ, ਦਿਲ ਦੀ ਸਫ਼ਾਈ ਸਿਖਾਣੀ ਸੀ, ਪਰ ਜੇ ਰਿਸ਼ਵਤ, ਕਠੋਰਤਾ, ਤਅੱਸਬ ਆਦਿਕ ਦੇ ਕਾਰਨ ਦਿਲ ਨਿਰਦਈ ਹੋ ਚੁੱਕਾ ਹੈ, ਸਗੋਂ ਇਹੀ ਹੱਜ ਆਦਿਕ ਕਰਮ; ਦਿਲ ਨੂੰ ਹੋਰ ਕਠੋਰ ਬਣਾਈ ਜਾ ਰਹੇ ਹਨ, ਤਾਂ ਇਹਨਾਂ ਦੇ ਕਰਨ ਦਾ ਕੋਈ ਲਾਭ ਨਹੀਂ। ਜੇ ਮੁੱਲਾਂ ਬਾਂਗ ਦੇ ਕੇ ਸਿਰਫ਼ ਲੋਕਾਂ ਨੂੰ ਹੀ ਸੱਦ ਰਿਹਾ ਹੈ ਪਰ ਉਸ ਦੇ ਆਪਣੇ ਦਿਲ ਵਿਚ ਸ਼ਾਂਤੀ ਨਹੀਂ ਹੈ, ਤਾਂ ਹਰੇਕ ਦੇ ਦਿਲ ਦੀ ਜਾਣਨ ਵਾਲੇ ਰੱਬ ਨੂੰ ਉਹ ਇਸ ਬਾਂਗ ਆਦਿਕ ਨਾਲ ਧੋਖਾ ਨਹੀਂ ਦੇ ਸਕਦਾ। ਅਜਿਹਾ ਮਨੁੱਖ ਜੇ ਹੱਜ ਭੀ ਕਰ ਆਵੇ ਤਾਂ ਉਸ ਦਾ ਉਸ ਨੂੰ ਕੋਈ ਲਾਭ ਨਹੀਂ ਹੁੰਦਾ, ਕਿਉਂਕਿ ਦਿਲ ਦੇ ਕਠੋਰ ਬੰਦੇ ਦੇ ਭਾਣੇ ਰੱਬ ਹੈ ਹੀ ਨਹੀਂ। ਖ਼ੁਦਾ ਦੇ ਨਾਮ ’ਤੇ ਕਿਸੇ ਪਸ਼ੂ ਦੀ ‘ਕੁਰਬਾਨੀ’ ਦੇ ਦੇਣੀ, ਰਲ ਮਿਲ ਕੇ ਖਾ ਪੀ ਜਾਣਾ ਸਭ ਕੁਝ ਆਪ ਹੀ ਤੇ ਫਿਰ ਇਹ ਸਮਝ ਲੈਣਾ ਕਿ ਇਸ ‘ਕੁਰਬਾਨੀ’ ਦੇ ਇਵਜ਼ ਸਾਡੇ ਗੁਨਾਹ ਬਖ਼ਸ਼ ਦਿੱਤੇ ਗਏ ਹਨ-ਇਹ ਭਾਰਾ ਭੁਲੇਖਾ ਹੈ। ‘ਕੁਰਬਾਨੀ’ ਦੇ ਬਹਾਨੇ ਮਾਸ ਖਾਣ ਨਾਲੋਂ ਖਿਚੜੀ ਖਾ ਲੈਣੀ ਚੰਗੀ ਹੈ। ‘ਕੁਰਬਾਨੀ’ ਨਾਲ ਖ਼ੁਦਾ ਖ਼ੁਸ਼ ਨਹੀਂ ਹੁੰਦਾ, ਖ਼ੁਦਾ ਖ਼ੁਸ਼ ਹੁੰਦਾ ਹੈ ਦਿਲ ਦੀ ਪਵਿੱਤਰਤਾ ਨਾਲ। ਆਪ ਲਿਖਦੇ ਹਨ ‘‘ਕਬੀਰ  ! ਮੁਲਾਂ ਮੁਨਾਰੇ ਕਿਆ ਚਢਹਿ ? ਸਾਂਈ ਬਹਰਾ ਹੋਇ   ਜਾ ਕਾਰਨਿ ਤੂੰ ਬਾਂਗ ਦੇਹਿ; ਦਿਲ ਹੀ ਭੀਤਰਿ ਜੋਇ ੧੮੪ ਸੇਖ ਸਬੂਰੀ ਬਾਹਰਾ; ਕਿਆ ਹਜ ਕਾਬੇ ਜਾਇ  ? ਕਬੀਰ ! ਜਾ ਕੀ ਦਿਲ ਸਾਬਤਿ ਨਹੀ; ਤਾ ਕਉ ਕਹਾਂ ਖੁਦਾਇ  ?੧੮੫ ਕਬੀਰ ! ਜੋਰੀ ਕੀਏ ਜੁਲਮੁ ਹੈ; ਕਹਤਾ ਨਾਉ ਹਲਾਲੁ ਦਫਤਰਿ ਲੇਖਾ ਮਾਂਗੀਐ; ਤਬ ਹੋਇਗੋ ਕਉਨੁ ਹਵਾਲੁ  ?੧੮੭ ਕਬੀਰ  ! ਖੂਬੁ ਖਾਨਾ ਖੀਚਰੀ; ਜਾ ਮਹਿ ਅੰਮ੍ਰਿਤੁ ਲੋਨੁ ਹੇਰਾ ਰੋਟੀ ਕਾਰਨੇ; ਗਲਾ ਕਟਾਵੈ ਕਉਨੁ  ?੧੮੮’’ (ਭਗਤ ਕਬੀਰ, ਪੰਨਾ ੧੩੭੪)

ਸ਼ਰਈ ਕਰਮਕਾਂਡੀ ਲੋਕ ਹੱਦ-ਬੰਦੀ ਵਿਚ ਫਸਣ ਕਰਕੇ ਇਕ ਤਾਂ ਪਰਮਾਤਮਾ ਨੂੰ ਭੀ ਪੱਖ-ਪਾਤੀ ਤੇ ਤੰਗ-ਦਿਲ ਜ਼ਾਹਰ ਕਰ ਕੇ ਆਮ ਲੋਕਾਂ ਦੇ ਦਿਲ ਵਿਚੋਂ ਧਰਮ ਵਲੋਂ ਸ਼ਰਧਾ ਘਟਾਣ ਦਾ ਕਾਰਨ ਬਣਦੇ ਹਨ ਕਿਉਂਕਿ ਜਿਸ ਮਨੁੱਖ ਨੂੰ ਰੱਤਾ ਭਰ ਭੀ ਸਮਝ ਹੈ ਉਹ ਇਹ ਗੱਲ ਕਿਸ ਤਰ੍ਹਾਂ ਮੰਨ ਲਏ ਕਿ ਸਾਰੀ ਦੁਨੀਆ ਦਾ ਪੈਦਾ ਕਰਨ ਵਾਲਾ ਤੇ ਪਾਲਣ ਵਾਲਾ ਪ੍ਰਭੂ ਨਿਰਾ ਮੁਸਲਮਾਨਾਂ ਦਾ ਹੈ ਜਾਂ ਨਿਰਾ ਹਿੰਦੂਆਂ ਦਾ ਹੈ; ਦੂਜਾ, ਇਹ ਲੋਕ ਇਕ ਹੋਰ ਭੀ ਅਨੋਖਾ ਜਿਹਾ ਪਰਚਾਰ ਕਰਦੇ ਹਨ ਕਿ ਲੋਕ ਦਿਨੋ-ਦਿਨ ਕਾਫ਼ਰ ਹੁੰਦੇ ਜਾ ਰਹੇ ਹਨ; ਕਲਜੁਗ ਦਾ ਬੜਾ ਜ਼ੋਰ ਪੈ ਰਿਹਾ ਹੈ। ਵਿੱਦਿਆ ਦਾ ਚਾਨਣ ਹੋਣ ਨਾਲ ਜਿਉਂ ਜਿਉਂ ਮਨੁੱਖ ਸ਼ਰਹ ਤੇ ਕਰਮਕਾਂਡ ਦੀ ਉਲਝਣ ਵਿਚੋਂ ਨਿਕਲਦੇ ਜਾਂਦੇ ਹਨ ਤਿਉਂ ਤਿਉਂ ਇਹਨਾਂ ਪਰਚਾਰਕਾਂ ਦੇ ਭਾ ਦਾ ਸ਼ੈਤਾਨ ਅਤੇ ਕਲਜੁਗ ਦਾ ਜ਼ੋਰ ਵਧਦਾ ਜਾ ਰਿਹਾ ਹੈ।

ਜੀਵਨ-ਸੰਗਰਾਮ ਦੀ ਅਸਲੀਅਤ ਨੂੰ ਸਮਝਣ ਵਾਲਾ ਵਿਦਿਆਰਥੀ ਸ਼ਰਈ ਤੇ ਕਰਮਕਾਂਡੀ ਪਰਚਾਰਕਾਂ ਦੇ ਇਸ ਪਰਚਾਰ ਨੂੰ ਜਿਉਂ ਜਿਉਂ ਵਿਚਾਰਦਾ ਹੈ ਤਿਉਂ ਤਿਉਂ ਉਸ ਨੂੰ ਇਹ ਪਰਚਾਰ ਮਨੁੱਖ-ਜਾਤੀ ਵਾਸਤੇ ਬੜਾ ਖ਼ਤਰੇ ਵਾਲਾ ਜਾਪਦਾ ਹੈ। ਕੀ ਦੁਨੀਆ ਦਿਨੋ-ਦਿਨ ਭੈੜੀ ਹੁੰਦੀ ਜਾ ਰਹੀ ਹੈ  ? ਕੀ ਭਲਾ ਸਮਾਂ; ਸਤਿਜੁਗ ਬੀਤ ਚੁਕਿਆ ਹੈ  ? ਤੇ ਕੀ ਹੁਣ ਭੈੜਾ ਸਮਾਂ; ਕਲਿਜੁਗ ਆ ਰਿਹਾ ਹੈ ? ਇਹ ਸ਼ੈਤਾਨ ਤੇ ਕਲਿਜੁਗ ਕੌਣ ਹਨ  ? ਕੀ ਪਰਮਾਤਮਾ ਤੋਂ ਇਹ ਆਕੀ ਹਨ  ? ਕੀ ਇਹ ਪਰਮਾਤਮਾ ਦੇ ਸ਼ਰੀਕ ਹਨ  ? ਕੀ ਪਰਮਾਤਮਾ ਬੰਦਿਆਂ ਨੂੰ ਸ਼ੈਤਾਨ ਤੇ ਕਲਿਜੁਗ ਦੇ ਪੰਜੇ ਵਿਚੋਂ ਬਚਾ ਨਹੀਂ ਸਕਦਾ  ? ਜਾਂ ਬਚਾਣਾ ਨਹੀਂ ਚਾਹੁੰਦਾ  ? ਇਹੋ ਜਿਹੇ ਖ਼ਿਆਲ ਜਗਤ-ਅਖਾੜੇ ਵਿਚ ਆਏ ਜੀਵਾਂ ਨੂੰ ਜੀਵਨ-ਘੋਲ ਚੰਗੀ ਤਰ੍ਹਾਂ ਘੁਲਣ ਦਾ ਹੌਸਲਾ ਦੇਣ ਦੇ ਥਾਂ ਸਗੋਂ ਬੇ-ਹੌਸਲਾ ਕਰਦੇ ਹਨ।

ਮਨੁੱਖ-ਜਾਤੀ ਦਾ ਪੁਰਾਣਾ ਇਤਿਹਾਸ ਪੜ੍ਹ ਕੇ ਵੇਖੋ, ਸਾਇੰਸ ਦੀਆਂ ਪਿਛਲੇ 50-60 ਸਾਲਾਂ ਦੀਆਂ ਕਾਢਾਂ ਵੱਲ ਧਿਆਨ ਮਾਰੋ, ਇਸ ਧਰਤੀ ਦੀ ਕਾਇਆਂ ਹੀ ਪਲਟ ਚੁੱਕੀ ਹੈ। ਮਨੁੱਖ ਦੀ ਰਹਿਣੀ ਬਹਿਣੀ ਵਿਚ ਬੇਅੰਤ ਫ਼ਰਕ ਪੈ ਚੁੱਕਾ ਹੈ। ਜੇ ਇਸ ਨੂੰ ਠੀਕ ਤਰ੍ਹਾਂ ਸਮਝਣਾ ਹੋਵੇ, ਤਾਂ ਅਫ਼ਰੀਕਾ ਦੇ ਜਾਂਗਲੀ ਹਬਸ਼ੀਆਂ ਦਾ ਜੀਵਨ ਵੇਖੋ, ਤੇ ਫਿਰ ਅਮਰੀਕਾ ਤੇ ਰੂਸ ਵਰਗੇ ਦੇਸ ਦੇ ਬੰਦਿਆਂ ਵੱਲ ਤੱਕੋ, ਸੈਂਕੜੇ ਕੋਹਾਂ ਦੀ ਵਿਥ ਹੈ। ਮਨੁੱਖ ਹਰ ਪਾਸੇ ਦਿਨੋ-ਦਿਨ ਉੱਨਤੀ ਕਰ ਰਿਹਾ ਹੈ। ਸਾਹਿਤ, ਰਾਗ, ਚਿਤਰਕਾਰੀ, ਰਾਜਨੀਤੀ, ਸਾਇੰਸ, ਇਖ਼ਲਾਕ, ਸੱਭਿਅਤਾ, ਗੱਲ ਕੀ, ਇਨਸਾਨੀ ਜੀਵਨ ਦਾ ਕੋਈ ਭੀ ਪਾਸਾ ਧਿਆਨ ਮਾਰ ਕੇ ਵੇਖੋ, ਹਰ ਪਾਸੇ ਬਹੁਤ ਵਾਧਾ ਹੁੰਦਾ ਜਾ ਰਿਹਾ ਹੈ ਤੇ ਜਿਵੇਂ ਹੋਰ ਹੁਨਰ ਵਧ ਫੁੱਲ ਰਹੇ ਹਨ, ਤਿਵੇਂ ਹੀ ਧਰਮ ਭੀ ਵੱਧ ਫੁੱਲ ਰਿਹਾ ਹੈ। ਧਰਮ ਭੀ ਜੀਵਨ ਦਾ ਇਕ ਹੁਨਰ ਹੈ। ਮਨੁੱਖ ਦੀ ਮਨੁੱਖਤਾ ਦਿਨੋ-ਦਿਨ ਸੁਚੱਜੀ ਹੋ ਰਹੀ ਹੈ।

ਜੀਵਨ-ਸੰਗਰਾਮ ਵਿਚ ਕਾਮਾਦਿਕ ਵੈਰੀਆਂ ਨੂੰ ਜਿੱਤਣ ਦਾ ਸਹੀ ਰਸਤਾ ਦੱਸਦੇ ਹੋਏ ਸਤਿਗੁਰੂ ਨਾਨਕ ਸਾਹਿਬ ਨੇ ਬਾਣੀ ‘ਸਿਧ ਗੋਸਟਿ’ ਵਿਚ ਇਹ ਦੱਸਿਆ ਹੈ ਕਿ ਪਰਮਾਤਮਾ ਨੇ ਸ੍ਰਿਸ਼ਟੀ ਬਣਾਈ ਹੀ ਇਸ ਵਾਸਤੇ ਹੈ ਕਿ ਮਨੁੱਖ; ਮਨੁੱਖਤਾ ਦੀ ਚੋਟੀ ਉੱਤੇ ਅੱਪੜ ਸਕੇ, ਜਗਤ ਵਿਚ ਉਤਪਤੀ ਤੇ ਨਾਸ ਦੀ ਖੇਡ; ਗੁਰਮੁਖਤਾ ਦੇ ਵਿਕਾਸ ਵਾਸਤੇ ਹੀ ਬਣੀ ਹੈ। ਮਨੁੱਖ ਸਤਿਗੁਰੂ ਦੇ ਸ਼ਬਦ ਦੀ ਰਾਹੀਂ ਪਰਮਾਤਮਾ ਨਾਲ ਪਿਆਰ ਪਾ ਕੇ ਪਰਮਾਤਮਾ ਦੇ ਰੰਗ ਵਿਚ ਰੰਗਿਆ ਜਾਂਦਾ ਹੈ, ਇੱਜ਼ਤ ਨਾਲ ਆਪਣੇ ਘਰ ਵਿਚ ਪਹੁੰਚਦਾ ਹੈ ਤੇ ਉਸ ਦੀ ਘੜਨ ਭੱਜਣ ਦੀ ਖੇਡ ਮੁੱਕ ਜਾਂਦੀ ਹੈ। ਆਪ ਫ਼ੁਰਮਾਂਦੇ ਹਨ ‘‘ਗੁਰਮੁਖਿ ਧਰਤੀ ਸਾਚੈ (ਨੇ) ਸਾਜੀ   ਤਿਸ ਮਹਿ ਓਪਤਿ ਖਪਤਿ; ਸੁ ਬਾਜੀ   ਗੁਰ ਕੈ ਸਬਦਿ; ਰਪੈ ਰੰਗੁ ਲਾਇ   ਸਾਚਿ ਰਤਉ; ਪਤਿ ਸਿਉ ਘਰਿ ਜਾਇ   ਸਾਚ ਸਬਦ ਬਿਨੁ; ਪਤਿ ਨਹੀ ਪਾਵੈ   ਨਾਨਕ  ! ਬਿਨੁ ਨਾਵੈ; ਕਿਉ ਸਾਚਿ (’) ਸਮਾਵੈ  ?੩੦ (ਗੋਸਟਿ, ਮਹਲਾ , ਪੰਨਾ ੯੪੧)

ਹੁਣ ਤਾਂ ਇਹ ਜਤਨ ਹੋ ਰਹੇ ਹਨ ਕਿ ਸੁਆਰਥ ਤੇ ਟੋਏ-ਟਿੱਬੇ ਵਾਲਾ ਜੀਵਨ ਮੁਕਾ ਕੇ ਸਾਰੀ ਸ੍ਰਿਸ਼ਟੀ ਦੇ ਜੀਆਂ ਲਈ ਇਕੋ ਜਿਹਾ ਸਾਵਾਂ-ਪੱਧਰਾ ਸੁਖਦਾਈ ਜੀਵਨ ਬਣਾਇਆ ਜਾਏ। ਪਰਮਾਤਮਾ ਨੇ ਸਾਰੀ ਸ੍ਰਿਸ਼ਟੀ ਦਾ ਧਨ-ਪਦਾਰਥ ਸਾਰੇ ਜੀਵਾਂ ਲਈ ਸਾਂਝਾ ਵਰਤਣ ਲਈ ਦਿੱਤਾ ਸੀ, ਪਰ ਜੀਵਾਂ ਨੇ ਵਖਰੇਵੇਂ ਬਣਾ ਕੇ ਧਰਤੀ ਨੂੰ ਨਰਕ ਬਣਾ ਦਿੱਤਾ ਸੀ। ਤੰਗ-ਦਿਲੀ ਤੇ ਸੁਆਰਥ ਦੀ ਭਾਰੀ ਭਟਕਣਾ ਵਿਚ ਦੁਨੀਆ ਭੁੱਲੀ ਪਈ ਸੀ, ਸੁਆਰਥ ਤੇ ਤੰਗ-ਦਿਲੀ ਦਾ ਰਾਗ ਗਾਉਣਾ ਹੀ ਲੋਕ ਜਾਣਦੇ ਸਨ। ਇਨਸਾਨ ਦੀ ਇਹ ਨਿੱਘਰੀ ਹੋਈ ਆਤਮਕ ਹਾਲਤ ਪਰਮਾਤਮਾ ਦੇ ਸਾਹਮਣੇ ਪੇਸ਼ ਕਰ ਕੇ ਗੁਰੂ ਨਾਨਕ ਦੇਵ ਜੀ ਨੇ ਅਰਦਾਸ ਕੀਤੀ ਕਿ ਦਾਤਾ  ! ਮਨੁੱਖ ਦੇ ਅੰਦਰੋਂ ਇਹ ਵਿਤਕਰਾ ਦੂਰ ਕਰ ‘‘ਸਾਹੁਰੜੀ ਵਥੁ ਸਭੁ ਕਿਛੁ ਸਾਝੀ; ਪੇਵਕੜੈ ਧਨ ਵਖੇ   ਆਪਿ ਕੁਚਜੀ, ਦੋਸੁ ਦੇਊ; ਜਾਣਾ ਨਾਹੀ ਰਖੇ   ਮੇਰੇ ਸਾਹਿਬਾ  ! ਹਉ ਆਪੇ ਭਰਮਿ ਭੁਲਾਣੀ   ਅਖਰ ਲਿਖੇ ਸੇਈ ਗਾਵਾ; ਅਵਰ ਜਾਣਾ ਬਾਣੀ ਰਹਾਉ ’’ (ਮਹਲਾ , ਪੰਨਾ ੧੧੭੧)

ਬਾਬਾ ਫ਼ਰੀਦ ਜੀ ਨੇ ਭੀ ਇਹੀ ਆਖਿਆ ਕਿ ਸਾਰੇ ਜਗਤ ਵਿਚ ਦੁਖ ਹੀ ਦੁਖ ਹੈ, ਸੁਆਰਥੀ ਅਹੰਕਾਰੀ ਮਨੁੱਖ ਇਸ ਜ਼ਿੰਦਗੀ ਨੂੰ ਇਤਨਾ ਦੋਜ਼ਕ ਬਣਾ ਦੇਂਦੇ ਹਨ ਕਿ ਜੀਉਣ ਦਾ ਕੋਈ ਚਾਅ ਹੀ ਨਹੀਂ ਰਹਿ ਜਾਂਦਾ । ਇਸ ਦੁਖ-ਕਲੇਸ਼ ਮਿਟਾਣ ਵਾਸਤੇ ਫ਼ਰੀਦ ਜੀ ਨੇ ਸਮਝਾਇਆ ਕਿ ਹੇ ਬੰਦੇ  ! ਮਨ ਪੱਧਰਾ ਕਰ ਦੇਹ, ਇਸ ਦੇ ਉੱਚੇ ਨੀਵੇਂ ਥਾਂ ਦੂਰ ਕਰ ਦੇਹ। ਜੇ ਤੂੰ ਇਹ ਕਰ ਸਕੇ ਤਾਂ ਤੇਰੇ ਜੀਵਨ-ਸਫ਼ਰ ਵਿਚ ਦੋਜ਼ਕ ਦੀ ਅੱਗ ਬਿਲਕੁਲ ਨਹੀਂ ਆਵੇਗੀ। ਆਪ ਨੇ ਫ਼ੁਰਮਾਇਆ ‘‘ਫਰੀਦਾਮੈ ਜਾਨਿਆ ਦੁਖੁ ਮੁਝ ਕੂ; ਦੁਖੁ ਸਬਾਇਐ ਜਗਿ   ਊਚੇ ਚੜਿ ਕੈ ਦੇਖਿਆ; ਤਾਂ ਘਰਿ ਘਰਿ ਏਹਾ ਅਗਿ ੮੧’’ (ਬਾਬਾ ਫਰੀਦ ਜੀ, ਪੰਨਾ ੧੩੮੨)

ਲਫ਼ਜ਼ ‘ਟੋਏ ਟਿੱਬੇ’ ਵਿਚ ਫ਼ਰੀਦ ਜੀ ਦੇ ਦਿੱਤੇ ਹੋਏ ਰਮਜ਼-ਭਰੇ ਖ਼ਿਆਲ ਨੂੰ ਗੁਰੂ ਅਰਜਨ ਸਾਹਿਬ ਨੇ ਸਾਫ਼ ਲਫ਼ਜ਼ਾਂ ਵਿਚ ਸਮਝਾਇਆ ਕਿ ਆਪ ਟਿੱਬੇ ਉੱਤੇ ਖਲੋ ਕੇ ਦੂਜਿਆਂ ਨੂੰ ਟੋਇਆਂ ਵਿਚ, ਪੈਰਾਂ ਵਿਚ, ਲਤਾੜਨ ਦੀ ਮੂਰਖਤਾ ਛੱਡੋ, ਜਿਉਂ ਜਿਉਂ ਦੂਜਿਆਂ ਨੂੰ ਲਤਾੜ ਕੇ ਆਪ ਵੱਡੇ ਬਣਨ ਦੇ ਜਤਨ ਕਰੋਗੇ, ਜਗਤ ਵਿਚ ਵੈਰ ਤੇ ਨਫ਼ਰਤ ਦੀ ਅੱਗ ਭੜਕੇਗੀ। ਸਾਰੀ ਖ਼ਲਕਤਿ ਵਿਚ ਰੱਬ ਵੇਖੋ। ਆਪ ਜੀਵੋ ਤੇ ਹੋਰਨਾਂ ਨੂੰ ਭੀ ਜੀਉਣ ਦਿਉ। ਆਪ ਜੀ ਨੇ ਫ਼ੁਰਮਾਇਆ ‘‘ਫਰੀਦਾ  ! ਖਾਲਕੁ ਖਲਕ ਮਹਿ; ਖਲਕ ਵਸੈ ਰਬ ਮਾਹਿ   ਮੰਦਾ ਕਿਸ ਨੋ ਆਖੀਐ ? ਜਾਂ ਤਿਸੁ ਬਿਨੁ ਕੋਈ ਨਾਹਿ ੭੫’’ (ਮਹਲਾ , ਪੰਨਾ ੧੩੮੧)

ਵੇਖ ਲਵੋ, ਸ੍ਰਿਸ਼ਟੀ ਨਿੱਘਰ ਨਹੀਂ ਰਹੀ, ਉਚਾਈ ਵੱਲ ਜਾ ਰਹੀ ਹੈ। ਵਿਤਕਰੇ ਪੈਦਾ ਕਰਨ ਵਾਲਾ ਕਲਿਜੁਗ ਦੂਰ ਹੋ ਰਿਹਾ ਹੈ, ਸਾਰੀ ਖ਼ਲਕਤਿ ਨਾਲ ਪਿਆਰ ਕਰਨ ਦੀ ਜਾਚ ਸਿਖਾਣ ਵਾਲਾ ਸਤਿਜੁਗ ਆ ਰਿਹਾ ਹੈ। ਇਸ ਵਿਚ ਕੋਈ ਸ਼ੱਕ ਨਹੀਂ ਕਿ ਜਗਤ ਵਿਚ ਆਤਮਕ ਜੀਵਨ ਦੀ ਉੱਨਤੀ ਸਹਿਜੇ ਸਹਿਜੇ ਹੋ ਰਹੀ ਹੈ। ਅਣਗਿਣਤ ਵਿਕਾਰ ਤੇ ਬੁਰਾਈਆਂ ਭੀ ਮੌਜੂਦ ਹਨ, ਪਰ ਇਹ ਗੱਲ ਪੱਕੀ ਹੈ ਕਿ ਸਾਰੀ ਜਗਤ-ਖੇਡ ਭਲਾਈ ਵੱਲ ਜਾ ਰਹੀ ਹੈ, ਗਿਰਾਵਟ ਵੱਲ ਨਹੀਂ। ਸੰਸਾਰ ਵਿਚ ਬੇਅੰਤ ਮੂਰਖ, ਜਾਹਲ, ਚੋਰ, ਵੱਢੀ-ਖ਼ੋਰ, ਧਾੜਵੀ, ਜਰਵਾਣੇ, ਪਾਪੀ ਬੰਦੇ ਵੇਖ ਕੇ ਭੀ ਸਤਿਗੁਰ ਨਾਨਕ ਪਾਤਿਸ਼ਾਹ ਪਰਮਾਤਮਾ ਨੂੰ ਧੰਨ ਧੰਨ ਹੀ ਆਖਦੇ ਹਨ ਤੇ ਕਹਿੰਦੇ ਹਨ-ਹੇ ਨਿਰੰਕਾਰ ! ਤੇਰੀ ਸਾਰੀ ਰਚਨਾ-ਖੇਡ ਭਲਾਈ ਪੈਦਾ ਕਰਨ ਵਾਸਤੇ ਹੀ ਹੈ, ਤੂੰ ਆਪ ਹੀ ਇਸ ਆਹਰ ਵਿਚ ਲਗਾ ਹੋਇਆ ਹੈਂ। ਮੇਰੀ ਕੀ ਪਾਇਆਂ ਹੈ ਕਿ ਤੇਰੀ ਵਡਿਆਈ ਸਮਝ ਸਕਾਂ  ? ਮੈਂ ਤੈਥੋਂ ਕੁਰਬਾਨ ਹਾਂ, ਸਦਕੇ ਹਾਂ। ਜਪੁ ਜੀ ਵਿਚ ਹਜ਼ੂਰ ਇਉਂ ਆਖਦੇ ਹਨ ‘‘ਅਸੰਖ ਮੂਰਖ ਅੰਧ ਘੋਰ   ਅਸੰਖ ਚੋਰ ਹਰਾਮਖੋਰ   ਅਸੰਖ ਅਮਰ ਕਰਿ ਜਾਹਿ ਜੋਰ   ਅਸੰਖ ਗਲਵਢ; ਹਤਿਆ ਕਮਾਹਿ   ਅਸੰਖ ਪਾਪੀ; ਪਾਪੁ ਕਰਿ ਜਾਹਿ   ਅਸੰਖ ਕੂੜਿਆਰ; ਕੂੜੇ ਫਿਰਾਹਿ   ਅਸੰਖ ਮਲੇਛ; ਮਲੁ ਭਖਿ ਖਾਹਿ   ਅਸੰਖ ਨਿੰਦਕ; ਸਿਰਿ ਕਰਹਿ ਭਾਰੁ   ਨਾਨਕੁ ਨੀਚੁ ਕਹੈ ਵੀਚਾਰੁ   ਵਾਰਿਆ ਜਾਵਾ; ਏਕ ਵਾਰ   ਜੋ ਤੁਧੁ ਭਾਵੈ; ਸਾਈ ਭਲੀ ਕਾਰ   ਤੂ ਸਦਾ ਸਲਾਮਤਿ; ਨਿਰੰਕਾਰ ! ੧੮’’ (ਜਪੁ, ਮਹਲਾ , ਪੰਨਾ )

ਮਿਡਲ ਦੀਆਂ ਜਮਾਤਾਂ ਵਿਚ ਅੰਗਰੇਜ਼ੀ ਦੀ ਇਕ ਕਵਿਤਾ ਪੜ੍ਹਾਇਆ ਕਰਦੇ ਸਨ, ਜਿਸ ਦਾ ਸਿਰਲੇਖ ਹੈ ‘ਆਦਮ ਦਾ ਪੁੱਤਰ ਅਬੂ’। ਇਹ ਇਕ ਨਿੱਕੀ ਜਿਹੀ ਸੁਆਦਲੀ ਕਹਾਣੀ ਹੈ। ਅਬੂ ਦੀ ਰਿਹਾਇਸ਼ ਦੇ ਕਮਰੇ ਵਿਚ ਇਕ ਰਾਤ ਇਕ ਫ਼ਰਿਸ਼ਤਾ ਆ ਕੇ ਇਕ ਨੁੱਕਰੇ ਬਹਿ ਗਿਆ ਤੇ ਕੁਝ ਲਿਖਣ ਲੱਗ ਪਿਆ। ਫ਼ਰਿਸ਼ਤੇ ਦੇ ਆਉਣ ਕਰਕੇ ਕਮਰੇ ਵਿਚ ਬੜਾ ਚਾਨਣ ਹੋ ਗਿਆ ਸੀ, ਇਸ ਵਾਸਤੇ ਅਬੂ ਪਹਿਲਾਂ ਤਾਂ ਕੁਝ ਠਠੰਬਰ ਗਿਆ, ਫਿਰ ਉਸ ਨੂੰ ਲਿਖਦਿਆਂ ਵੇਖ ਕੇ ਦਿਲ ਕੱਢਿਓਸੁ ਤੇ ਉਸ ਦੇ ਕੋਲ ਜਾ ਕੇ ਪੁੱਛਣ ਲੱਗਾ, ‘‘ਤੂੰ ਕੀ ਲਿਖ ਰਿਹਾ ਹੈਂ  ?’’ ਫ਼ਰਿਸ਼ਤੇ ਨੇ ਉੱਤਰ ਦਿੱਤਾ, ‘‘ਮੈਂ ਉਹਨਾਂ ਬੰਦਿਆਂ ਦੇ ਨਾਂ ਲਿਖ ਰਿਹਾ ਹਾਂ ਜੋ ਰੱਬ ਦੀ ਬੰਦਗੀ ਕਰਦੇ ਸਨ।’’ ਅਬੂ ਨੇ ਆਖਿਆ, ‘‘ਮੇਰਾ ਨਾਂ ਵੀ ਲਿਖ ਲੈ। ਮੈਂ ਰੱਬ ਦੀ ਬੰਦਗੀ ਤਾਂ ਨਹੀਂ ਕਰਦਾ, ਪਰ ਮੈਂ ਰੱਬ ਦੇ ਬੰਦਿਆਂ ਦੀ ਸੇਵਾ ਜ਼ਰੂਰ ਕਰਦਾ ਹਾਂ।’’ ਫ਼ਰਿਸ਼ਤੇ ਨੇ ਅਗੋਂ ਕੋਈ ਹਾਂ ਹੂੰ ਨਾ ਕੀਤੀ ਤੇ ਚੁੱਪ ਕੀਤਾ ਉੱਥੋਂ ਚਲਾ ਗਿਆ। ਅਗਲੀ ਰਾਤੇ ਉਹੀ ਫ਼ਰਿਸ਼ਤਾ ਫਿਰ ਉੱਥੇ ਆਇਆ ਤੇ ਉੱਸੇ ਨੁੱਕਰੇ ਬਹਿ ਕੇ ਇਕ ਕਾਗਜ਼ ਉੱਤੇ ਲਿਖੇ ਨਾਂ ਪੜ੍ਹਨ ਲੱਗ ਪਿਆ। ਇਹ ਨਾਂ ਰੱਬ ਦੀ ਬੰਦਗੀ ਕਰਨ ਵਾਲੇ ਬੰਦਿਆਂ ਦੇ ਸਨ। ਚਾਨਣ ਤੱਕ ਕੇ ਅਬੂ ਫਿਰ ਉਸ ਫ਼ਰਿਸ਼ਤੇ ਦੇ ਕੋਲ ਅੱਪੜਿਆ, ਤੇ ਇਹ ਵੇਖ ਕੇ ਬੜਾ ਹੈਰਾਨ ਹੋਇਆ ਕਿ ਉਸ ਦਾ ਨਾਂ ਸਭ ਤੋਂ ਉੱਪਰ ਸੀ।

ਇਹ ਕਹਾਣੀ ਉਹਨਾਂ ਲੋਕਾਂ ਦੇ ਦਿਲ ਦੀ ਤਸਵੀਰ ਹੈ, ਜੋ ਇਹ ਖ਼ਿਆਲ ਕਰਦੇ ਹਨ ਕਿ ਖ਼ਲਕਤਿ ਦੀ ਸੇਵਾ ਕਰਨੀ ਹੀ ਸਭ ਤੋਂ ਉੱਚਾ-ਸੁੱਚਾ ਧਰਮ ਹੈ, ਪਰਮਾਤਮਾ ਦੀ ਭਗਤੀ ਇਸੇ ਵਿਚ ਹੀ ਆ ਜਾਂਦੀ ਹੈ, ਹੋਰ ਕਿਸੇ ਸਿਮਰਨ ਭਜਨ ਦੀ ਲੋੜ ਨਹੀਂ ਹੈ। ਜਗਤ-ਅਖਾੜੇ ਦਾ ਸਭ ਤੋਂ ਸੁਚੱਜਾ ਦਾਅ ਖ਼ਲਕਤਿ ਦੀ ਸੇਵਾ ਹੀ ਹੈ। ਆਪਣਾ ਆਪ ਖ਼ਲਕਤਿ ਦੇ ਭਲੇ ਦੀ ਖ਼ਾਤਰ ਸਦਕੇ ਕਰ ਦਿਓ।

ਓਪਰੀ ਨਜ਼ਰੇ ਇਹ ਨਿਸ਼ਾਨਾ ਬੜਾ ਉੱਚਾ ਤੇ ਸੋਹਣਾ ਜਾਪਦਾ ਹੈ, ਪਰ ਜਿਹੜਾ ਭੀ ਰਸਤਾ ਪਰਮਾਤਮਾ ਦੀ ਯਾਦ ਨੂੰ ਬੇ-ਲੋੜਵਾਂ ਦੱਸਦਾ ਹੈ ਉਹ ਕੁਵੱਲਾ ਰਸਤਾ ਹੈ, ਉਸ ਵਿਚੋਂ ਕਈ ਉਪਾਧੀਆਂ ਨਿਕਲਦੀਆਂ ਹਨ। ਪਰ-ਅਧੀਨਤਾ ਸਮੇਂ ਜਦੋਂ ਸਾਡੇ ਦੇਸ ਨੇ ਕਾਂਗਰਸ ਦੇ ਝੰਡੇ ਹੇਠ ਆਜ਼ਾਦੀ ਦਾ ਢੋਲ ਵਜਾਇਆ ਸੀ; ਤਾਂ ਸੈਂਕੜੇ ਨਹੀਂ, ਹਜ਼ਾਰਾਂ ਲੱਖਾਂ ਭਾਰਤ-ਵਾਸੀ ਆਜ਼ਾਦੀ ਦੀ ਛਿੰਝ ਵਿਚ ਨਿੱਤਰੇ, ਜਿਨ੍ਹਾਂ ਜਵਾਨੀ ਦੀ ਉਮਰ ਦੇ ਕਈ ਕਈ ਸਾਲ ਜੇਲ੍ਹਾਂ ਵਿਚ ਕੱਟੇ ਸਨ। ਪਰ ਜੀਵਨ-ਘੋਲ ਨੂੰ ਤੁਸਾਂ ਬਾਹਰੋਂ ਬਾਹਰੋਂ ਹੀ ਨਹੀਂ ਵੇਖਣਾ। ਹਰੇਕ ਮਨੁੱਖ ਨੇ ਆਪਣੇ ਅੰਦਰ ਹਰ ਵੇਲੇ ਹੋ ਰਿਹਾ ਘੋਲ ਭੀ ਗਹੁ ਨਾਲ ਤੱਕਣਾ ਹੈ। ਦੇਸ ਦੀ ਸੁਤੰਤਰਤਾ ਦੀ ਖ਼ਾਤਰ ਕੁਰਬਾਨੀ ਕਰਨ ਵਾਲੇ ਜਿਸ ਭੀ ਸੱਜਣ ਨੇ ਇਹ ਵੇਖਣਾ ਹੋਵੇ ਕਿ ਉਸ ਦਾ ਆਪਣਾ ਸ਼ਖ਼ਸੀ ਜੀਵਨ ਕਿਸ ਪੱਧਰ ’ਤੇ ਸੀ, ਉਹ ਆਪਣੇ ਆਪ ਨੂੰ ਇਉਂ ਪੁੱਛ ਵੇਖੇ-ਕੀ ਕੈਦ ਮੁੱਕਣ ’ਤੇ ਜੇਲ੍ਹ ਤੋਂ ਬਾਹਰ ਆਉਣ ਵੇਲੇ ਮਨ ਇਹ ਤਾਂਘਦਾ ਸੀ ਕਿ ਲੋਕ ਅੱਗੋਂ ਸੁਆਗਤ ਕਰਨ ਲਈ ਸੈਂਕੜੇ ਹਜ਼ਾਰਾਂ ਦੀ ਗਿਣਤੀ ਵਿਚ ਆਏ ਹੋਏ ਹੋਣ  ? ਜੇ ਸੁਆਗਤ ਲਈ ਕੋਈ ਨਹੀਂ ਸੀ ਆਉਂਦਾ ਤਾਂ ਕੀ ਦਿਲ ਨੂੰ ਸੱਟ ਨਹੀਂ ਸੀ ਵੱਜਦੀ  ? ਕੀ ਦੇਸ-ਵਾਸੀਆਂ ਗੁਆਂਢੀਆਂ ਉੱਤੇ ਗੁੱਸਾ ਨਹੀਂ ਸੀ ਆਉਂਦਾ ਕਿ ਉਹਨਾਂ ਸਾਡੀ ਕੁਰਬਾਨੀ ਦੀ ਕਦਰ ਨਹੀਂ ਕੀਤੀ  ? ਜੇ ਲੋਕ ਅੱਗੋਂ ਆ ਕੇ ਜਲੂਸ ਕੱਢਦੇ ਸਨ ਤਾਂ ਕੀ ਮਨ ਅਹੰਕਾਰ ਨਾਲ ਆਫਰ ਨਹੀਂ ਸੀ ਜਾਂਦਾ।

ਮਾਇਆ ਦੇ ਸਾਰੇ ਹੀ ਸੂਰਮੇ ਇਨਸਾਨੀ ਜੀਵਨ ਨੂੰ ਡੇਗਣ ਲਈ ਇਕੋ ਜਿਹੇ ਹੀ ਖ਼ਤਰਨਾਕ ਹਨ। ਕਿਸੇ ਇਕੋ ਦੇ ਢਹੇ ਚੜ੍ਹਿਆਂ ਭੀ ਜੀਵਨ-ਖੇਡ ਹਾਰ ਜਾਈਦੀ ਹੈ। ਸੋ, ਸਰੀਰ ਉੱਤੇ ਜੇਲ੍ਹਾਂ ਦੇ ਕਸ਼ਟ ਸਹਾਰ ਕੇ ਤੇ ਬਾਹਰ ਕਾਰ-ਵਿਹਾਰ ਵਿਗੜਨ ਦੇ ਕਾਰਨ ਧਨ ਗੁਆ ਕੇ ਭੀ ਇਕੱਲੇ ਅਹੰਕਾਰ ਦੇ ਹੀ ਵੱਸ ਵਿਚ ਆਇਆਂ ਆਤਮਕ ਜੀਵਨ ਦੇ ਘੋਲ ਵਿਚ ਢਹਿ ਪਈਦਾ ਹੈ। ਤਾਹੀਏਂ ਕਬੀਰ ਜੀ ਨੇ ਲਿਖਿਆ ਹੈ ਕਿ ਜੇ ਮਾਣ-ਅਹੰਕਾਰ ਨਹੀਂ ਛਡਿਆ ਜਾ ਸਕਦਾ ਤਾਂ ਮਾਇਆ ਦੇ ਤਿਆਗ ਨਾਲ ਭੀ ਆਤਮਕ ਜੀਵਨ ਨਹੀਂ ਸੌਰਦਾ; ਕਿਉਂਕਿ ਅਹੰਕਾਰ ਇਕ ਐਸੀ ਬਲਾ ਹੈ ਜਿਸ ਨੇ ਵੱਡੇ ਵੱਡੇ ਰਿਸ਼ੀਆਂ ਮੁਨੀਆਂ ਨੂੰ ਖਾ ਲਿਆ, ਇਸ ਦੇ ਅੱਗੇ ਕੋਈ ਵਿਰਲਾ ਹੀ ਅੜ ਸਕਦਾ ਹੈ। ਆਪ ਫ਼ੁਰਮਾਂਦੇ ਹਨ ‘‘ਕਬੀਰ  ! ਮਾਇਆ ਤਜੀ ਕਿਆ ਭਇਆ  ? ਜਉ ਮਾਨੁ ਤਜਿਆ ਨਹੀ ਜਾਇ   ਮਾਨ ਮੁਨੀ ਮੁਨਿਵਰ ਗਲੇ; ਮਾਨੁ ਸਭੈ ਕਉ ਖਾਇ ੧੫੬’’ (ਭਗਤ ਕਬੀਰ, ਪੰਨਾ ੧੩੭੨)

ਇਕ ਗੱਲ ਹੋਰ ਭੀ ਹੈ। ਲੋਕ ਹਾਸੇ ਦੀ ਇਕ ਬਾਤ ਸੁਣਾਇਆ ਕਰਦੇ ਹਨ-ਇਕ ਨਿੱਕੀ ਜਿਹੀ ਕੱਚੀ ਕੁੱਲੀ ਵਿਚ ਇਕ ਗ਼ਰੀਬ ਬੰਦਾ ਰਹਿੰਦਾ ਸੀ। ਇਕ ਦਿਨ ਮੀਂਹ ਲਹਿ ਪਿਆ। ਇਕ ਊਠ ਨੇ ਆ ਕੇ ਤਰਲਾ ਕੀਤਾ ਕਿ ਮੀਂਹ ਦੇ ਫਾਂਡੇ ਤੋਂ ਬਚਣ ਲਈ ਮੈਨੂੰ ਭੀ ਘੜੀ ਕੁ ਅੰਦਰ ਖਲੋ ਲੈਣ ਦੇ। ਕੁੱਲੀ ਦੇ ਮਾਲਕ ਨੇ ਸਮਝਾਇਆ ਕਿ ਭਲੇ ਲੋਕ  ! ਤੇਰੇ ਇਤਨੇ ਵੱਡੇ ਸਰੀਰ ਲਈ ਇਸ ਨਿੱਕੇ ਜਿਹੇ ਕੋਠੇ ਵਿਚ ਥਾਂ ਨਹੀਂ ਹੋ ਸਕਦੀ। ਊਠ ਨੇ ਆਖਿਆ, ‘‘ਹੱਛਾ, ਮੈਨੂੰ ਸਿਰ ਹੀ ਲੁਕਾ ਲੈਣ ਦੇ।’’ ਬੱਸ ! ਫਿਰ ਕੀ ਸੀ  ? ਸਿਰ ਅਗਾਂਹ ਅਗਾਂਹ ਸਰਕਾ ਕੇ ਉਸ ਨੇ ਸਹਿਜੇ ਸਹਿਜੇ ਆਪਣੇ ਪੈਰ ਭੀ ਅੰਦਰ ਆ ਜਮਾਏ ਤੇ ਮੂਰਖ ਗ਼ਰੀਬ ਨੂੰ ਕੋਠਿਓਂ ਬਾਹਰ ਨਿਕਲਣਾ ਪਿਆ। ਇਹੀ ਹਾਲ ਸੁਆਗਤ ਤੇ ਜਲੂਸਾਂ ਦੇ ਚਾਹਵਾਨ ਸੇਵਕਾਂ ਦਾ ਹੁੰਦਾ ਹੈ। ਇਹ ਜਲੂਸ ਤੇ ਸੁਆਗਤ ਊਠ ਦੀ ਧੌਣ ਹੀ ਸਮਝ ਲਵੋ। ਜਿਉਂ ਜਿਉਂ ਦੇਸ-ਸੇਵਕ ਦੇ ਅਹੰਕਾਰ ਨੂੰ ਸੁਆਗਤਾਂ ਤੇ ਜਲੂਸਾਂ ਦੀ ਖ਼ੁਰਾਕ ਮਿਲਦੀ ਹੈ, ਉਹ ਆਪ ਬਲਵਾਨ ਹੋ ਕੇ ਬਾਕੀ ਸਾਥੀਆਂ ਲਈ ਭੀ ਥਾਂ ਬਣਾਂਦਾ ਜਾਂਦਾ ਹੈ। ਲੋਭ ਆਦਿਕ ਨੂੰ ਭੀ ਫਿਰ ਰੱਜ ਕੇ ਮੌਕਾ ਮਿਲਦਾ ਹੈ। ਕੈਦਾਂ ਸਮੇ ਗਵਾਏ ਧਨ ਦੀ ਕਸਰ ਇਤਨੀ ਨਿਕਲਦੀ ਹੈ ਕਿ ਕਈ ਪੀੜ੍ਹੀਆਂ ਤਕ ਮੁਕਣ ਜੋਗਾ ਨਹੀਂ ਰਹਿੰਦਾ। ਜੇ ਅਜ਼ਾਦ ਵਤਨ ਵਿਚ ਭੀ ‘ਸੇਵਕ’ ਗ਼ਰੀਬ ਹੀ ਰਹੇ, ਤਾਂ ਉਸ ਅਜ਼ਾਦੀ ਦਾ ਕੀ ਲਾਭ  ? ਫਿਰ, ਹਰੇਕ ਸਰਕਾਰੀ ਠੇਕੇ ਵਿਚ ਤੇ ਹਰੇਕ ਕੰਮ-ਕਾਜ ਵਿਚ ਜਿੱਥੇ ਕਿ ਸਰਕਾਰੀ ਨਹੁੰ ਅੜਦਾ ਹੋਵੇ, ‘ਸੇਵਕਾਂ’ ਦੀਆਂ ਪੱਤੀਆਂ ਪੈ ਜਾਂਦੀਆਂ ਹਨ, ਰਾਜ-ਦਰਬਾਰੇ ਤਰਦੀਆਂ ਤਰਦੀਆਂ ਅਸਾਮੀਆਂ ਉੱਤੇ ‘ਸੇਵਕਾਂ’ ਦੇ ਹੀ ਸਾਕ-ਅੰਗ, ‘ਸੇਵਕਾਂ’ ਦੇ ਹੀ ਯਾਰ-ਦੋਸਤ ਨੌਕਰ ਰੱਖੇ ਜਾਂਦੇ ਹਨ। ਹੁੰਦੀ ਭੀ ਮਜਬੂਰੀ ਹੀ ਹੈ ਕਿਉਂਕਿ ਦੇਸ ਦੀ ‘ਸੇਵਾ’ ਕਰਨ ਲਈ ‘ਇਤਬਾਰੀ’ ਬੰਦੇ ਰੱਖਣੇ ਹੁੰਦੇ ਹਨ। ਅਜ਼ਾਦ ਦੇਸ ਵਿਚ ਚਾਰ-ਚੁਫੇਰੇ ਚੋਰ-ਬਜ਼ਾਰੀ ਤੇ ਵੱਢੀ ਦੇ ਪੌਂ ਬਾਰ੍ਹਾਂ ਹੋ ਜਾਂਦੇ ਹਨ। ਵੱਢੀ-ਖ਼ੋਰਾਂ ਤੇ ਚੋਰ-ਬਜ਼ਾਰੀਆਂ ਨੂੰ ਰੋਕੇ ਕੌਣ  ? ‘ਸੇਵਕਾਂ’ ਨੇ ਉਹਨਾਂ ਦੀ ਰਾਹੀਂ ਹੀ ਅਗਾਂਹ ਨੂੰ ‘ਦੇਸ-ਸੇਵਾ’ ਕਰਨ ਲਈ ਚੋਣਾਂ ਦੇ ਸਮੇ ਪਰਚੀਆਂ ਲੈਣੀਆਂ ਹੁੰਦੀਆਂ ਹਨ। ਗ਼ਰੀਬ ਜਨਤਾ ਮਹਿੰਗਾਈ ਦੇ ਭਾਰ ਹੇਠ ਨੱਪੀ ਹੋਈ ਤ੍ਰਾਹ ਤ੍ਰਾਹ ਪਈ ਕਰਦੀ ਹੈ, ਪਰ ਉਸ ਨੂੰ ਦਮ-ਦਿਲਾਸੇ ਹੀ ਦਿੱਤੇ ਜਾਂਦੇ ਹਨ, ਜਨਤਾ ਵਾਸਤੇ ਪੰਜ-ਸਾਲਾ ਵਿਓਂਤਾਂ ਹੀ ਪਈਆਂ ਬਣਦੀਆਂ ਹਨ ਜਾਂ ਅਮਨ-ਸ਼ਾਂਤੀ ਕਾਇਮ ਰੱਖਣ ਲਈ ਨਵੀਆਂ ਹੱਥ-ਆਈਆਂ ਡਾਂਗਾਂ ਬੰਦੂਕਾਂ ਹੀ ਵਰਤੀਆਂ ਜਾਂਦੀਆਂ ਹਨ। ਰੱਬ ਨੂੰ ਵਿਸਾਰ ਕੇ ਨਿਰੀ ਖ਼ਲਕਤਿ ਦੀ ਸੇਵਾ ਦਾ ਨਿਸ਼ਾਨਾ ਆਖ਼ਰ ਇਸ ਅਧੋਗਤੀ ’ਤੇ ਲੈ ਅੱਪੜਦਾ ਹੈ। ਇਹ ਹਾਲਤ ਹੋਵੇ ਭੀ ਕਿਉਂ ਨਾ  ? ਬੱਘੀ ਦੇ ਪਹੀਏ ਦੇ ਆਰਿਆਂ ਵੱਲ ਵੇਖੋ। ਜਿਉਂ ਜਿਉਂ ਉਹ ਆਰੇ ਧੁਰੇ ਤੋਂ ਦੂਰ ਜਾਂਦੇ ਹਨ, ਤਿਉਂ ਤਿਉਂ ਉਹਨਾਂ ਦੀ ਆਪੋ ਵਿਚ ਦੀ ਵਿੱਥ ਹੀ ਵਧਦੀ ਜਾਂਦੀ ਹੈ।

ਇਸ ਜਗਤ-ਅਖਾੜੇ ਦੇ ਜੀਵਨ-ਘੋਲ ਬਾਰੇ ਹੁਣ ਤਕ ਅਸੀਂ ਚਾਰ ਕਿਸਮ ਦੇ ਖ਼ਿਆਲਾਂ ਵਾਲੇ ਬੰਦਿਆਂ ਦਾ ਜ਼ਿਕਰ ਕਰ ਆਏ ਹਾਂ-(1) ਮਾਇਆ-ਧਾਰੀ ਲੋਕ, ਜੋ ਧਨ-ਪਦਾਰਥ ਨੂੰ ਕਾਮਯਾਬੀ ਦਾ ਮਾਪ ਸਮਝਦੇ ਹਨ; (2) ਬਿਪਤਾ-ਮਾਰੇ ਬੰਦੇ, ਜੋ ਹਾਰੇ ਜੁਆਰੀਏ ਵਾਂਗ ਢੇਰੀ ਢਾਹ ਬੈਠਦੇ ਹਨ; (3) ਸ਼ਰਈ ਤੇ ਕਰਮਕਾਂਡੀ ਲੋਕ, ਜੋ ਕਿਸੇ ਪਰਲੋਕ ਦੇ ਬਹਿਸ਼ਤ-ਸੁਰਗ ਦੀਆਂ ਆਸਾਂ ਵਿਚ ਦਿਨ ਗੁਜ਼ਾਰਦੇ ਹਨ; (4) ਉਹ ਬੰਦੇ ਜੋ ਸਿਰਫ਼ ਖ਼ਲਕਤਿ ਦੀ ਸੇਵਾ ਨੂੰ ਹੀ ਜੀਵਨ-ਆਦਰਸ਼ ਮੰਨਦੇ ਹਨ ਤੇ ਸ਼ਖ਼ਸੀ ਆਤਮਕ ਜੀਵਨ ਨੂੰ ਜੀਵਨ-ਸੰਗਰਾਮ ਵਿਚ ਕੋਈ ਥਾਂ ਨਹੀਂ ਦੇਂਦੇ।

ਗੁਰੂ ਨਾਨਕ ਪਾਤਿਸ਼ਾਹ ਨੇ ਜੋ ਜੀਵਨ-ਰਾਹ ਤੋਰਿਆ ਹੈ, ਉਸ ਵਿਚ ਸ਼ਖ਼ਸੀ ਜੀਵਨ ਤੇ ਖ਼ਲਕਤਿ ਨਾਲ ਸਾਂਝਾ ਜੀਵਨ ਦੋਹਾਂ ਦੇ ਹੀ ਪਲਰਨ ’ਤੇ ਜ਼ੋਰ ਦਿੱਤਾ ਹੈ। ਸਤਿਗੁਰੂ ਜੀ ਦਾ ਦੱਸਿਆ ਇਹ ਸ਼ਖ਼ਸੀ ਜੀਵਨ; ਸੁਆਰਥੀ ਜੀਵਨ ਨਹੀਂ ਹੈ। ਮਨੁੱਖ ਨੇ ਮਾਇਆ ਕਮਾਣੀ ਹੈ, ਪਰ ਕਮਾਣੀ ਹੈ ਜੀਵਨ ਨਿਰਬਾਹ ਦੀ ਖ਼ਾਤਰ ਹੀ। ਮੱਲਾਂ ਨਹੀਂ ਮੱਲਣੀਆਂ, ਦਾਅਵੇ ਨਹੀਂ ਬੰਨ੍ਹਣੇ, ਦੂਜਿਆਂ ਨੂੰ ਕੰਗਾਲ ਬਣਾ ਕੇ ਉਹਨਾਂ ਦੀ ਮਨੁੱਖਤਾ ਨੂੰ ਕੁਚਲ ਕੇ ਪੈਰਾਂ ਹੇਠ ਨਹੀਂ ਲਿਤਾੜਨਾ। ਸਤਿਗੁਰੂ ਜੀ ਸਮਾਜ ਦਾ ਅਜਿਹਾ ਆਰਥਕ ਪਰਬੰਧ ਚਾਹੁੰਦੇ ਹਨ, ਜਿਸ ਨਾਲ ਮਨੁੱਖਾਂ ਵਿਚ ਵਿੱਥਾਂ ਨਾ ਵਧਣ, ਕੋਈ ਕਿਸੇ ਨੂੰ ਬਲ-ਹੀਣਾ ਨਾ ਕਰ ਸਕੇ। ਨਿਤਾਣੇ ਸਹਿਮੇ ਬੰਦਿਆਂ ਨੂੰ ਵੇਖ ਕੇ ਗੁਰੂ ਅੰਗਦ ਸਾਹਿਬ ਧੀਰਜ ਦੇਂਦੇ ਹਨ ਤੇ ਆਖਦੇ ਹਨ-ਵੇਖੋ, ਜਿਨ੍ਹਾਂ ਮੀਰ ਮੁਲਕ ਸਲਾਰਾਂ ਅੱਗੇ ਤੁਸੀਂ ਥਰ ਥਰ ਕੰਬਦੇ ਲਿੱਲ੍ਹੀਆਂ ਲੈਂਦੇ ਹੋ, ਇਹ ਭੀ ਤੁਹਾਡੇ ਵਰਗੇ ਮਨੁੱਖ ਹਨ। ਜਦੋਂ ਦਰਗਾਹੀ ਸੱਦਾ ਆਉਂਦਾ ਹੈ, ਇਹ ਭੀ ਯਤੀਮਾਂ ਵਾਂਗ ਖ਼ਾਲੀ ਹੱਥ ਹੀ ਇੱਥੋਂ ਤੁਰ ਪੈਂਦੇ ਹਨ। ਇਹਨਾਂ ਦੀ ਖ਼ੁਸ਼ਾਮਦ ਛੱਡੋ ਤੇ ਇਕ ਸਿਰਜਣਹਾਰ ਨੂੰ ਸਭ ਦਾ ਰਿਜ਼ਕ-ਦਾਤਾ ਸਮਝੋ । ਆਪ ਫ਼ੁਰਮਾਂਦੇ ਹਨ ‘‘ਕੀਤਾ ਕਿਆ ਸਾਲਾਹੀਐ  ? ਕਰੇ, ਸੋਇ ਸਾਲਾਹਿ   ਨਾਨਕ  ! ਏਕੀ ਬਾਹਰਾ; ਦੂਜਾ ਦਾਤਾ ਨਾਹਿ   ਕਰਤਾ ਸੋ ਸਾਲਾਹੀਐ; ਜਿਨਿ ਕੀਤਾ ਆਕਾਰੁ   ਦਾਤਾ ਸੋ ਸਾਲਾਹੀਐ; ਜਿ ਸਭਸੈ ਦੇ ਆਧਾਰੁ (ਮਹਲਾ , ਪੰਨਾ ੧੨੩੯), ਚੀਰੀ ਜਾ ਕੀ ਨਾ ਫਿਰੈ; ਸਾਹਿਬੁ ਸੋ ਪਰਵਾਣੁ   ਚੀਰੀ ਜਿਸ ਕੀ ਚਲਣਾ; ਮੀਰ ਮਲਕ ਸਲਾਰ   ਜੋ ਤਿਸੁ ਭਾਵੈ ਨਾਨਕਾ ! ਸਾਈ ਭਲੀ ਕਾਰ   ਜਿਨ੍ਹਾ ਚੀਰੀ ਚਲਣਾ; ਹਥਿ (’) ਤਿਨ੍ਹਾ ਕਿਛੁ ਨਾਹਿ   ਸਾਹਿਬ ਕਾ ਫੁਰਮਾਣੁ ਹੋਇ; ਉਠੀ ਕਰਲੈ ਪਾਹਿ ’’ (ਮਹਲਾ , ਪੰਨਾ ੧੨੩੯)

ਗੁਰੂ ਨਾਨਕ ਪਾਤਿਸ਼ਾਹ ਦੇ ਰਾਹ ਦੇ ਪੰਧਾਊ ਨੇ ਜੇ ਰੋਜ਼ੀ ਭੀ ਕਮਾਣੀ ਹੈ, ਗੁਆਂਢੀਆਂ ਦਾ ਲਹੂ ਪੀ ਕੇ ਧਨ ਨਹੀਂ ਕਮਾਣਾ ਤੇ ਇਸ ਕਮਾਈ ਵਿਚੋਂ ਭੀ ਖ਼ਲਕਤਿ ਦੀ ਸੇਵਾ ਕਰਨੀ ਹੈ। ਇਹ ਸੇਵਾ ਭੀ ਕਿਸੇ ਮਾਣ-ਆਕੜ ਦੇ ਆਸਰੇ ਨਹੀਂ, ਸਗੋਂ ਅਕਾਲ ਪੁਰਖ ਦਾ ਸ਼ੁਕਰ ਕਰਨਾ ਹੈ ਕਿ ਸੇਵਾ ਦਾ ਇਹ ਅਵਸਰ ਮਿਲਿਆ ਹੈ। ਭਾਈ ਗੁਰਦਾਸ ਜੀ ਲਿਖਦੇ ਹਨ ‘‘ਕਿਰਤਿ ਵਿਰਤਿ ਕਰਿ ਧਰਮ ਦੀ; ਹਥਹੁ ਦੇਕੈ ਭਲਾ ਮਨਾਵੈ’’ (ਭਾਈ ਗੁਰਦਾਸ ਜੀ, ਵਾਰ ਪਉੜੀ ੧੨)

ਦੁਨੀਆ ਦੇ ਦੁੱਖ-ਕਲੇਸ਼ਾਂ ਦੇ ਸਾਹਮਣੇ ਸਿੱਖ ਨੇ ਹਥਿਆਰ ਭੀ ਨਹੀਂ ਸੁੱਟ ਦੇਣੇ, ਢੇਰੀ ਭੀ ਨਹੀਂ ਢਾਹ ਬੈਠਣਾ। ਦੁੱਖਾਂ-ਸੁੱਖਾਂ ਦਾ ਚੱਕਰ ਸਦਾ ਚੱਲਦਾ ਹੀ ਰਹਿਣਾ ਹੈ। ਦੁਨੀਆ ਦੀਆਂ ਚੋਟਾਂ, ਮਾਰਾਂ ਤੇ ਦੁੱਖਾਂ ਬਾਰੇ ਤਾਂ ਹਜ਼ੂਰ ਨੇ ਆਖਿਆ ਹੈ ‘‘ਏਹਿ ਭਿ ਦਾਤਿ ਤੇਰੀ ਦਾਤਾਰ  !’’ ਲੋਹਾਰ ਲੋਹੇ ਨੂੰ ਮੁੜ ਮੁੜ ਭੱਠੀ ਵਿਚ ਪਾ ਕੇ ਅਹਿਰਣ ਉੱਤੇ ਸੱਟਾਂ ਮਾਰਦਾ ਹੈ ਤਾਂ ਕਿ ਉਸ ਬੇ-ਡੌਲ ਢੇਲੇ ਦੀ ਕੋਈ ਸੋਹਣੀ ਸ਼ਕਲ ਬਣ ਜਾਏ, ਜੋ ਲੋਹਾਰ ਨੇ ਆਪਣੇ ਮਨ ਵਿਚ ਮਿਥੀ ਹੋਈ ਹੈ। ਹਜ਼ੂਰ ਫ਼ੁਰਮਾਂਦੇ ਹਨ ‘‘ਜਿਉ ਆਰਣਿ ਲੋਹਾ ਪਾਇ; ਭੰਨਿ ਘੜਾਈਐ   ਤਿਉ ਸਾਕਤੁ ਜੋਨੀ ਪਾਇ; ਭਵੈ ਭਵਾਈਐ ’’ (ਮਹਲਾ , ਪੰਨਾ ੭੫੨)

ਕਿਸੇ ਅਗਲੇ ਜਹਾਨ ਵਿਚ ਜਾ ਕੇ ਸੁਰਗ-ਬਹਿਸ਼ਤ ਦੀ ਆਸ ਰੱਖਣ ਵਾਲਿਆਂ ਨੂੰ ਸਤਿਗੁਰੂ ਜੀ ਨੇ ਸਮਝਾਇਆ ਕਿ ਇਸੇ ਧਰਤੀ ਨੂੰ ਇਸੇ ਜੀਵਨ ਵਿਚ ਆਪਣੇ ਚੱਜ-ਆਚਾਰ ਨਾਲ ਇਤਨੀ ਸੋਹਣੀ ਬਣਾ ਦਿਉ ਕਿ ਇਸ ਵਿਚ ਕੋਈ ਦੁਖੀ ਨਾ ਰਹਿ ਜਾਏ। ਸੁਆਰਥ-ਖ਼ੁਦਗ਼ਰਜ਼ੀ ਛੱਡ ਕੇ ਆਂਢ-ਗੁਆਂਢ ਖ਼ਲਕਤਿ ਦੇ ਸੁਖ ਵਾਸਤੇ ਜੀਵੋ, ਵੱਖ ਵੱਖ ਹੱਦ-ਬੰਨੇ ਬਣਾਣ ਦੇ ਥਾਂ ਦਾਤਾਰ ਦੀ ਸਾਂਝੀ ਦਾਤਿ ਨੂੰ ਰਲ ਮਿਲ ਕੇ ਵਰਤੋ, ਸਾਂਝੀਵਾਲਤਾ ਵਾਲਾ ਸਮਾਜ ਪੈਦਾ ਕਰੋ, ਪਰ ਇੱਥੇ ਹੀ ਨਹੀਂ ਅਟਕ ਜਾਣਾ। ਬਾਹਰਲੀ ਦੁਨੀਆ ਨੂੰ ਤਦੋਂ ਹੀ ਬਹਿਸ਼ਤ ਬਣਾ ਸਕੋਗੇ ਜੇ ਆਪਣੇ ਅੰਦਰ ਭੀ ਸੁਰਗ ਦੇ ਹੁਲਾਰੇ ਲਵੋਗੇ। ਸੁਖਾਂ ਦੇ ਸਮੁੰਦਰ ਜੀਵਨ-ਦਾਤੇ ਪ੍ਰਭੂ ਦੀ ਯਾਦ ਵਿਚ ਜੁੜਦੇ ਰਹੋ। ਪ੍ਰਭੂ-ਚਰਨਾਂ ਵਿਚ ਜੁੜਨ ਦੀ ਬਰਕਤਿ ਨਾਲ ਹੀ ਖ਼ਲਕਤਿ ਨਾਲ ਪਿਆਰ ਕਰ ਸਕੀਦਾ ਹੈ। ਪਰਮਾਤਮਾ ਨਾਲ ਇਹ ਸ਼ਖ਼ਸੀ ਨਿਹੁੰ ਕਦੇ ਨਹੀਂ ਵਿਸਾਰਨਾ। ਇਹੀ ਹੈ ਅਸਲ ਦਾਅ ਜਗਤ-ਅਖਾੜੇ ਵਿਚ ਮਾਲੀ ਜਿੱਤਣ ਦਾ ਕਿਉਂਕਿ ‘‘ਜਿਨੀ ਨਾਮੁ ਧਿਆਇਆ; ਗਏ ਮਸਕਤਿ ਘਾਲਿ   ਨਾਨਕਤੇ ਮੁਖ ਉਜਲੇ; ਕੇਤੀ ਛੁਟੀ ਨਾਲਿ ’’ (ਜਪੁ, ਮਹਲਾ , ਪੰਨਾ )