ਪਲਾਸਟਿਕ ਦਾ ਕਹਿਰ

0
404

       ਪਲਾਸਟਿਕ ਦਾ ਕਹਿਰ

ਡਾ. ਹਰਸ਼ਿੰਦਰ ਕੌਰ, ਐਮ. ਡੀ., ਬੱਚਿਆਂ ਦੀ ਮਾਹਰ, 28, ਪ੍ਰੀਤ ਨਗਰ,

ਲੋਅਰ ਮਾਲ ਪਟਿਆਲਾ। ਫੋਨ ਨੰ: 0175-2216783

ਇਨ੍ਹਾਂ ਤੱਥਾਂ ਵੱਲ ਧਿਆਨ ਕਰੀਏ :-

  • ਪੂਰੀ ਦੁਨੀਆ ’ਚ ਹਰ ਮਿੰਟ ਵਿੱਚ 10 ਲੱਖ ਪਲਾਸਟਿਕ ਦੀਆਂ ਬੋਤਲਾਂ ਖ਼ਰੀਦੀਆਂ ਜਾ ਰਹੀਆਂ ਹਨ।
  • ਪੂਰੀ ਦੁਨੀਆ ਵਿੱਚ ਬਣ ਰਹੇ ਤੇ ਵਿਕ ਰਹੇ ਪਲਾਸਟਿਕ ਵਿੱਚੋਂ ਲਗਭਗ ਅੱਧੇ ਤੋਂ ਰੱਤਾ ਕੁ ਵੱਧ ਇੱਕ ਵਾਰ ਵਰਤ ਕੇ ਸੁੱਟਣ ਵਾਲਾ ਹੁੰਦਾ ਹੈ।
  • ਇਕੱਲੇ ਭਾਰਤ ਵਿੱਚ ਲਗਭਗ 4000 ਕਰੋੜ ਪਾਣੀ ਕੋਕ ਜਾਂ ਜੂਸ ਪੀਣ ਵਾਲੇ ਸਟਰਾਅ ਹਰ ਸਾਲ ਵਰਤੇ ਜਾਂਦੇ ਹਨ।
  • ਦੁਨੀਆ ਭਰ ਵਿੱਚ ਹਰ ਮਿੰਟ ਵਿੱਚ 10 ਲੱਖ ਤੋਂ ਵੱਧ ਪਲਾਸਟਿਕ ਦੇ ਲਿਫ਼ਾਫ਼ੇ ਵਿਕ ਰਹੇ ਹਨ।
  • ਲਗਭਗ 80 ਫੀਸਦੀ ਤੋਂ ਵੱਧ ਟੂਟੀਆਂ ਵਿੱਚ ਆਉਂਦੇ ਪਾਣੀ ਵਿੱਚ ਵੀ ਮਾਈਕਰੋਪਲਾਸਟਿਕ ਲੱਭਿਆ ਗਿਆ ਹੈ। ਭਾਰਤ ਇਸ ਲਿਸਟ ਵਿੱਚ ਤੀਜੇ ਨੰਬਰ ਉੱਤੇ ਹੈ। ਇਸ ਨੂੰ ਕੈਂਸਰ ਤੇ ਮੋਟਾਪੇ ਦਾ ਇਕ ਕਾਰਨ ਮੰਨ ਲਿਆ ਗਿਆ ਹੈ।
  • ਲਗਭਗ 380 ਮਿਲੀਅਨ ਟਨ ਪਲਾਸਟਿਕ ਹਰ ਸਾਲ ਪੂਰੀ ਦੁਨੀਆ ਵਿੱਚ ਬਣਾਇਆ ਜਾ ਰਿਹਾ ਹੈ।
  • ਪੂਰੀ ਦੁਨੀਆ ਵਿੱਚ ਸੰਨ 1950 ਤੋਂ 2018 ਤੱਕ 6.3 ਬਿਲੀਅਨ ਟਨ ਪਲਾਸਟਿਕ ਬਣਾਇਆ ਜਾ ਚੁੱਕਿਆ ਹੈ ਜਿਸ ਵਿੱਚੋਂ 9 ਫੀਸਦੀ ਦੁਬਾਰਾ ਵਰਤਿਆ ਜਾ ਰਿਹਾ ਹੈ ਤੇ 12 ਫੀਸਦੀ ਨੂੰ ਅੱਗ ਲਾ ਦਿੱਤੀ ਜਾਂਦੀ ਹੈ।
  • ਇਕੱਲੇ ਇੰਗਲੈਂਡ ਵਿੱਚ 5 ਮਿਲੀਅਨ ਟਨ ਪਲਾਸਟਿਕ ਹਰ ਸਾਲ ਵਰਤਿਆ ਜਾਂਦਾ ਹੈ ਜਿਸ ਵਿੱਚੋਂ ਇਕ ਚੌਥਾਈ ਦੁਬਾਰਾ ਵਰਤਿਆ ਜਾਂਦਾ ਹੈ ਤੇ ਬਾਕੀ ਦੇ ਨਾਲ ਧਰਤੀ ਵਿੱਚਲੀ ਡੂੰਘੀ ਥਾਂ ਭਰ ਦਿੱਤੀ ਜਾਂਦੀ ਹੈ।
  • ਸਮੁੰਦਰੀ ਜੀਵਾਂ ਵਿੱਚੋਂ 90 ਫੀਸਦੀ ਦੇ ਨੇੜੇ ਤੇੜੇ ਦੇ ਸਰੀਰਾਂ ਵਿੱਚ ਪਲਾਸਟਿਕ ਦੇ ਅੰਸ਼ ਲੱਭੇ ਜਾ ਚੁੱਕੇ ਹਨ।
  • ਬੰਗਲਾਦੇਸ ਵਿੱਚ ਹੋਈ ਖੋਜ ਰਾਹੀਂ ਸਾਬਤ ਹੋਇਆ ਹੈ ਕਿ ਪਲਾਸਟਿਕ ਵਿੱਚ ਬਿਸਫਿਨੋਲ ਏ, ਐਂਟੀਮਿਨੀ ਟਰਾਈਓਕਸਾਈਡ, ਬਰੋਮੀਨੇਟਿਡ ਫਲੇਮ ਰਿਟਾਰਡੈਂਟ, ਪੌਲੀ ਫਲੋਰੀਨੇਟਿਡ ਕੈਮੀਕਲ ਤੱਤ, ਆਦਿ ਜੋ ਅੱਖਾਂ ਵਿੱਚ ਰੜਕ, ਨਜ਼ਰ ਦਾ ਘਟਣਾ, ਸਾਹ ਦੀਆਂ ਤਕਲੀਫ਼ਾਂ, ਜਿਗਰ ਵਿੱਚ ਨੁਕਸ, ਕੈਂਸਰ, ਚਮੜੀ ਦੇ ਰੋਗ, ਸਿਰ ਪੀੜ, ਚੱਕਰ, ਜਮਾਂਦਰੂ ਨੁਕਸ, ਸ਼ਕਰਾਣੂਆਂ ਵਿੱਚ ਕਮੀ, ਦਿਲ ਦੇ ਰੋਗ, ਜੀਨ ਵਿੱਚ ਨੁਕਸ, ਅੰਤੜੀਆਂ ਵਿੱਚ ਨੁਕਸ, ਆਦਿ ਕਰ ਸਕਦੇ ਹਨ।
  • ਸਾਬਤ ਹੋ ਚੁੱਕਿਆ ਹੈ ਕਿ ਇਕ ਛੋਟਾ ਪਲਾਸਟਿਕ ਦਾ ਕੱਪ 50 ਸਾਲਾਂ ਵਿੱਚ ਗਲਦਾ ਹੈ, ਇਕ ਪਲਾਸਟਿਕ ਦੀ ਠੰਡੇ ਦੀ ਬੋਤਲ ਨੂੰ 400 ਸਾਲ ਲੱਗਦੇ ਹਨ ਤੇ ਪਲਾਸਟਿਕ ਦੇ ਇਕ ਵਾਰ ਵਰਤੇ ਜਾਣ ਵਾਲੇ ਬੱਚੇ ਦੇ ਨੈਪੀ 450 ਸਾਲਾਂ ਵਿੱਚ ਖੁਰਦੇ ਹਨ ਜਦਕਿ ਮੱਛੀ ਫੜਨ ਵਾਲੀ ਪਲਾਸਟਿਕ ਦੀ ਤਾਰ ਨੂੰ ਮਿੱਟੀ ਵਿੱਚ ਘੁਲ਼ ਕੇ ਖ਼ਤਮ ਹੋਣ ਵਿੱਚ 600 ਸਾਲ ਲੱਗ ਜਾਂਦੇ ਹਨ।
  • ਧਰਤੀ ਵਿੱਚ ਰਲ਼ਦੇ ਪਲਾਸਟਿਕ ਵਿੱਚੋਂ ਨਿਕਲੇ ਕੈਮੀਕਲ ਧਰਤੀ ਹੇਠਲੇ ਪਾਣੀ ਵਿੱਚ ਪਹੁੰਚ ਕੇ ਉਸ ਨੂੰ ਹਾਣੀਕਾਰਕ ਬਣਾ ਦਿੰਦੇ ਹਨ ਜੋ ਕਿਸੇ ਇਕ ਮੁਲਕ ਵਿਚਲੀ ਸੀਮਾ ਤੱਕ ਸੀਮਤ ਨਾ ਰਹਿ ਕੇ ਪੂਰੀ ਧਰਤੀ ਉੱਤੇ ਵੱਸਦੇ ਹਰ ਜੀਵ ਨੂੰ ਸ਼ਿਕਾਰ ਬਣਾ ਸਕਦੇ ਹਨ।
  • ਮਿੱਟੀ ਵਿੱਚ ਪਲਾਸਟਿਕ ਨੂੰ ਖੋਰਨ ਲਈ ਸੂਡੋਮੋਨਾਜ਼ ਕੀਟਾਣੂ, ਫਲੇਵੋਬੈਕਟੀਰੀਆ, ਨਾਈਲੋਨੇਜ਼ ਕੱਢਦੇ ਕੀਟਾਣੂ, ਆਦਿ ਇਸ ਦੀ ਤੋੜ ਭੰਨ ਕਰਦਿਆਂ ਮੀਥੇਨ ਗੈਸ ਬਣਾ ਦਿੰਦੇ ਹਨ, ਜੋ ਪੂਰੇ ਵਾਤਾਵਰਣ ਨੂੰ ਗੰਧਲਾ ਕਰ ਸਕਦੀ ਹੈ।
  • ਸੰਨ 2012 ਵਿੱਚ 165 ਮਿਲੀਅਨ ਟਨ ਪਲਾਸਟਿਕ ਦੁਨੀਆ ਭਰ ਦੇ ਸਮੁੰਦਰਾਂ ਵਿੱਚ ਫੈਲ ਚੁੱਕਿਆ ਸੀ। ਪਲਾਸਟਿਕ ਦੀ ਇਕ ਕਿਸਮ ‘ਨਰਡਲ’ ਜੋ ਨਿੱਕੇ ਪਲਾਸਟਿਕ ਦੇ ਟੋਟਿਆਂ ਦੀ ਸ਼ਕਲ ਵਿੱਚ ਸਮੁੰਦਰੀ ਜਹਾਜ਼ਾਂ ਰਾਹੀਂ ਵੱਖੋ-ਵੱਖ ਮੁਲਕਾਂ ਵਿੱਚ ਪਹੁੰਚਦੀ ਹੈ, ਦੇ ਕਈ ਬਿਲੀਅਨ ਟੋਟੇ ਸਮੁੰਦਰ ਵਿੱਚ ਡਿੱਗ ਚੁੱਕੇ ਹਨ। ਇਹ ਟੋਟੇ ਸਾਲ ਕੁ ਦੇ ਵਿੱਚ ਗਲ ਜਾਂਦੇ ਹਨ ਤੇ ਇਸ ਵਿੱਚੋਂ ਪੌਲੀਸਟਾਈਰੀਨ ਤੇ ਬਿਸਫਿਰੋਲ ਏ ਸਮੁੰਦਰੀ ਪਾਣੀ ਵਿੱਚ ਘੁਲ਼ ਜਾਂਦੇ ਹਨ।
  • ਤਾਜ਼ਾ ਖੋਜ ਅਨੁਸਾਰ ਪੰਜ ਟਰੀਲੀਅਨ (5000 ਕਰੋੜ) ਪਲਾਸਟਿਕ ਦੇ ਛੋਟੇ ਵੱਡੇ ਟੋਟੇ, ਡੱਬੇ, ਬੋਤਲਾਂ, ਲਿਫ਼ਾਫ਼ੇ ਇਸ ਸਮੇਂ ਸਮੁੰਦਰ ਉੱਤੇ ਤੈਰ ਰਹੇ ਹਨ ਜਿਸ ਨਾਲ ਡਾਈਈਥਾਈਲ ਹੈਕਸਾਈਲ ਥੈਲੇਟ, ਸਿੱਕੇ, ਕੈਡਮੀਅਮ ਤੇ ਪਾਰੇ ਦੀ ਮਾਤਰਾ ਵਿੱਚ ਭਾਰੀ ਵਾਧਾ ਹੋ ਗਿਆ ਹੈ ਤੇ ਸਮਝਿਆ ਜਾ ਰਿਹਾ ਹੈ ਕਿ ਇਨ੍ਹਾਂ ਸਦਕਾ ਕੈਂਸਰ ਦੇ ਮਰੀਜ਼ਾਂ ਵਿੱਚ ਲਗਭਗ 38 ਫੀਸਦੀ ਵਾਧਾ ਹੋ ਚੁੱਕਿਆ ਹੈ।
  • ਪਲੈਂਕਟਨ, ਮੱਛੀ ਤੇ ਮਨੁੱਖ ਕਿਸੇ ਨਾ ਕਿਸੇ ਤਰੀਕੇ ਭਾਵੇਂ ਸਬਜ਼ੀਆਂ ਰਾਹੀਂ (ਧਰਤੀ ਵਿੱਚੋਂ), ਸਮੁੰਦਰੀ ਜੀਵਾਂ ਰਾਹੀਂ ਜਾਂ ਪਾਣੀ ਰਾਹੀਂ ਇਹ ਹਾਣੀਕਾਰਕ ਤੱਤ ਆਪਣੇ ਅੰਦਰ ਲੰਘਾ ਰਹੇ ਹਨ ਜੋ ਛੇਤੀ ਤੇ ਦਰਦਨਾਕ ਮੌਤ ਦਾ ਕਾਰਨ ਬਣ ਚੁੱਕੇ ਹਨ।
  • ਅਮਰੀਕਾ ਦੇ ਆਲੇ ਦੁਆਲੇ ਦੇ ਸਮੁੰਦਰ ਵਿੱਚ, ਖ਼ਾਸ ਕਰ ‘ਹਵਾਈ’ ਲਾਗੇ ਪਲਾਸਟਿਕ ਦੇ ਢੇਰ ਨੂੰ ‘ਗਰੇਟ ਗਾਰਬੇਜ ਪੈਚ’ ਦਾ ਨਾਂ ਦੇ ਦਿੱਤਾ ਗਿਆ ਹੈ। ਇਨ੍ਹਾਂ ਵਿੱਚ ਮੱਛੀਆਂ ਫੜਨ ਵਾਲੇ ਜਾਲ ਤੇ ਕੁੰਡੀਆਂ ਦੀ ਵੀ ਭਰਮਾਰ ਹੈ ਜੋ ਸਮੁੰਦਰੀ ਜੀਵਾਂ ਨੂੰ ਸਾਹ ਘੁੱਟ ਕੇ ਮਰਨ ਉੱਤੇ ਮਜਬੂਰ ਕਰ ਸਕਦੀ ਹੈ। ਇਸੇ ਲਈ ਸੰਨ 2013 ਵਿੱਚ ਦੋ ਲੱਖ 60,000 ਟਨ ਪਲਾਸਟਿਕ ਦੇ ਗੰਦ ਦੇ ਢੇਰ ਨੂੰ ਵੇਖਦਿਆਂ ਪਲਾਸਟਿਕ ਦੀ ਘੱਟ ਵਰਤੋਂ ਉੱਤੇ ਜ਼ੋਰ ਪਾਇਆ ਗਿਆ।
  • ਧਰਤੀ ਉੱਤੇ ਸੁੱਟਿਆ ਜਾ ਰਿਹਾ ਪਲਾਸਟਿਕ ਵੀ ਟਨਾਂ ਦੇ ਹਿਸਾਬ ਨਾਲ ਧਰਤੀ ਨੂੰ ਜ਼ਹਿਰੀਲੀ ਬਣਾ ਰਿਹਾ ਹੈ। ਸੰਨ 2015 ਵਿੱਚ ਖੋਜ ਰਾਹੀਂ ਤੱਥ ਸਾਹਮਣੇ ਆਏ ਕਿ 275 ਮਿਲੀਅਨ ਟਨ ਪਲਾਸਟਿਕ ਵਰਤ ਕੇ ਸੁੱਟਿਆ ਗਿਆ ਜੋ ਸਮੁੰਦਰ ਨੇੜੇ ਵਸਦੇ 192 ਮੁਲਕਾਂ ਵਿਚਲੀ ਗੰਦਗੀ ਸੀ।
  • ‘ਸਾਇੰਸ’ ਰਸਾਲੇ ਵਿੱਚ ਛਪੀ ਖੋਜ ਅਨੁਸਾਰ ਸੰਨ 2015 ਵਿੱਚ 10 ਮੁਲਕਾਂ ਵੱਲੋਂ ਸਭ ਤੋਂ ਵੱਧ ਪਲਾਸਟਿਕ ਧਰਤੀ ਉੱਤੇ ਸੁੱਟਿਆ ਗਿਆ ਜੋ ਸਮੁੰਦਰ ਵਿੱਚ ਪਹੁੰਚਿਆ। ਇਹ ਮੁਲਕ ਸਨ-ਚੀਨ, ਇੰਡੋਨੇਸ਼ੀਆ, ਫਿਲੀਪੀਨ, ਵਿਅਤਨਾਮ, ਸਿਰੀ ਲੰਕਾ, ਥਾਈਲੈਂਡ, ਈਜਿਪਟ, ਮਲੇਸ਼ੀਆ, ਨਾਈਜੀਰੀਆ ਤੇ ਬੰਗਲਾਦੇਸ। ਧਰਤੀ ਉੱਪਰਲਾ ਪਲਾਸਟਿਕ, ਗਾਵਾਂ, ਕੁੱਤਿਆਂ, ਆਦਿ ਦੇ ਢਿੱਡ ਅੰਦਰ ਫਸ ਕੇ ਉਨ੍ਹਾਂ ਦੀ ਮੌਤ ਦਾ ਕਾਰਨ ਬਣਦਾ ਜਾ ਰਿਹਾ ਹੈ। ਜਾਪਾਨ, ਹਵਾਈ ਤੇ ਕੈਲੀਫੋਰਨੀਆ ਪਲਾਸਟਿਕ ਸਦਕਾ ਹੁੰਦੇ ਕੈਂਸਰ ਨਾਲ ਜੂਝ ਰਹੇ ਹਨ। ਇਨ੍ਹਾਂ ਦੇ ਨੇੜੇ ਦੇ ਸਮੁੰਦਰ ਵਿੱਚ 100 ਮਿਲੀਅਨ ਟਨ ਪਲਾਸਟਿਕ ਇਕੱਠਾ ਹੋਇਆ ਪਿਆ ਹੈ, ਜੋ 100 ਫੁੱਟ ਡੂੰਘਾ ਪਹੁੰਚ ਚੁੱਕਿਆ ਹੋਇਆ ਹੈ।

    The unaltered stomach contents of a dead albatross chick photographed on Midway Atoll National Wildlife Refuge in the Pacific in September 2009 include plastic marine debris fed the chick by its parents.
  • ਹੈਂਡਰਸਨ ਟਾਪੂ ਦੇ ਦੁਆਲੇ 17.6 ਮਿਲੀਅਨ ਟਨ ਪਲਾਸਟਿਕ ਲੱਭਿਆ ਗਿਆ ਤੇ ਇਸ ਵਿੱਚ 37.7 ਮਿਲੀਅਨ ਵੱਖੋ-ਵੱਖਰੇ ਪਲਾਸਟਿਕ ਦੇ ਟੋਟੇ, ਤਾਰਾਂ, ਜਾਲ, ਲਿਫ਼ਾਫ਼ੇ, ਬੋਤਲਾਂ ਆਦਿ ਲੱਭੇ। ਦਸ ਮੀਟਰ ਤੱਕ ਫੈਲੇ ਇਸ ਵਿਸ਼ਾਲ ਗੰਦ ਦੇ ਢੇਰ ਵਿੱਚੋਂ ਸੀਨੋਬੀਟਾ ਜਾਮਨੀ ਕੇਕੜੇ ਲੁਕੇ ਹੋਏ ਲੱਭੇ।
  • ਸੰਨ 2017 ਵਿੱਚ ਦੁਨੀਆ ਭਰ ਦੀਆਂ ਟੂਟੀਆਂ ਵਿੱਚੋਂ ਪਾਣੀ ਇਕੱਠਾ ਕਰ ਕੇ ਟੈਸਟ ਕਰਨ ਬਾਅਦ ਪਤਾ ਲੱਗਿਆ ਕਿ 83 ਫੀਸਦੀ ਸੈਂਪਲਾਂ ਵਿੱਚ ਪਲਾਸਟਿਕ ਦੇ ਅੰਸ਼ ਹਨ। ਅਮਰੀਕਾ ਦੇ 94 ਫੀਸਦੀ ਪੀਣ ਵਾਲੇ ਪਾਣੀ ਦੇ ਸੈਂਪਲਾਂ ਵਿੱਚ ਪਲਾਸਟਿਕ ਲੱਭਿਆ ਗਿਆ ਜਦਕਿ ਦੂਜੇ ਨੰਬਰ ਉੱਤੇ ਲੈਬਨਾਨ ਤੇ ਤੀਜੇ ਉੱਤੇ ਭਾਰਤ ਸੀ। ਉਸ ਤੋਂ ਅੱਗੇ ਯੂਰਪ, ਜਿਸ ਵਿੱਚ ਜਰਮਨੀ, ਇੰਗਲੈਂਡ ਤੇ ਫਰਾਂਸ ਵਿੱਚ 72 ਫੀਸਦੀ ਟੂਟੀਆਂ ਵਿੱਚ ਪਲਾਸਟਿਕ ਦੇ ਅੰਸ਼ ਲੱਭੇ। ਇਸ ਦਾ ਮਤਲਬ ਸਪਸ਼ਟ ਹੈ ਕਿ ਲੋਕ ਲਗਭਗ 3000 ਤੋਂ 4000 ਪਲਾਸਟਿਕ ਦੇ ਮਹੀਨ (ਬਰੀਕ) ਅੰਸ਼ ਹਰ ਸਾਲ ਪਾਣੀ ਰਾਹੀਂ ਆਪਣੇ ਅੰਦਰ ਲੰਘਾ ਰਹੇ ਹਨ।
  • ਪਲਾਸਟਿਕ ਸਮੁੰਦਰੀ ਜੀਵਾਂ ਦੇ ਢਿੱਡ ਅੰਦਰ ਜਾ ਕੇ ਜੰਮ ਜਾਂਦਾ ਹੈ ਤੇ ਉਨ੍ਹਾਂ ਨੂੰ ਮਾਰ ਦਿੰਦਾ ਹੈ। ਅਨੇਕ ਮੱਛੀਆਂ, ਕੱਛੂ ਤੇ ਚਿੜੀਆਂ ਭੁੱਖ ਨਾਲ ਮਰ ਚੁੱਕੀਆਂ ਹਨ ਕਿਉਂਕਿ ਢਿੱਡ ਅੰਦਰ ਫਸਿਆ ਪਲਾਸਟਿਕ ਉਨ੍ਹਾਂ ਨੂੰ ਕੁੱਝ ਖਾਣ ਜੋਗਾ ਛੱਡਦਾ ਹੀ ਨਹੀਂ। ਅਜਿਹੇ ਲਗਭਗ 4 ਲੱਖ ਸਮੁੰਦਰੀ ਜੀਵ ਹਰ ਸਾਲ ਸਿਰਫ਼ ਪਲਾਸਟਿਕ ਲੰਘਾਉਣ ਸਦਕਾ ਮਰ ਰਹੇ ਹਨ। ਵਹੇਲ ਮੱਛੀਆਂ ਵੀ ਸਿਰਫ਼ ਪਲਾਸਟਿਕ ਲੰਘਾਉਣ ਸਦਕਾ ਬੜੀ ਦਰਦਨਾਕ ਮੌਤ ਮਰ ਰਹੀਆਂ ਹਨ। ਮੌਜੂਦਾ ਖੋਜ ਰਾਹੀਂ ਪਤਾ ਲੱਗਿਆ ਹੈ ਕਿ ਕਈ ਥਾਵਾਂ ਵਿੱਚ 200 ਤੋਂ 1000 ਮੀਟਰ ਤੱਕ ਸਮੁੰਦਰ ਤਲ ਤੱਕ ਪਹੁੰਚੇ ਇਸ ਪਲਾਸਟਿਕ ਨੇ ਉੱਥੇ ਹਨ੍ਹੇਰੇ ਵਿੱਚ ਤੇ ਡੂੰਘਾਈ ਵਿੱਚ ਰਹਿੰਦੀਆਂ ਬਰੀਕ ਮੱਛੀਆਂ ਨੂੰ ਵੀ ਨਹੀਂ ਛੱਡਿਆ ਜਿਨ੍ਹਾਂ ਨੇ ਇਹ ਪਲਾਸਟਿਕ ਆਪਣੇ ਅੰਦਰ ਲੰਘਾਇਆ ਹੋਇਆ ਹੈ। ਸਮੁੰਦਰਾਂ ਉੱਤੇ ਖੋਜ ਕਰਨ ਵਾਲਿਆਂ ਨੇ ਤੱਥਾਂ ਦੇ ਆਧਾਰ ਉੱਤੇ ਮੱਛੀਆਂ ਦੇ ਢਿੱਡਾਂ ’ਚੋਂ ਕੱਢੇ ਪਲਾਸਟਿਕ ਤੇ ਸਮੁੰਦਰ ਦੀ ਡੂੰਘਾਈ ’ਚੋਂ ਕੱਢੇ ਪਲਾਸਟਿਕ ਦੇ ਹਿਸਾਬ ਨਾਲ ਦੱਸਿਆ ਹੈ ਕਿ 12000 ਤੋਂ 24000 ਟਨ ਪਲਾਸਟਿਕ ਹਰ ਸਾਲ ਸਮੁੰਦਰੀ ਜੀਵ, ਖ਼ਾਸ ਕਰ ਮੱਛੀਆਂ ਆਪਣੇ ਸਰੀਰਾਂ ਅੰਦਰ ਲੰਘਾਈ ਜਾ ਰਹੀਆਂ ਹਨ, ਜੋ ਅੱਗੋਂ ਮਨੁੱਖੀ ਖ਼ੁਰਾਕ ਦਾ ਹਿੱਸਾ ਬਣਦੇ ਹਨ।
  • ਸਮੁੰਦਰ ਲਾਗੇ ਰਹਿੰਦੇ ਪੰਛੀ ਵੀ ਇਸ ਦੇ ਅਸਰ ਤੋਂ ਨਹੀਂ ਬਚੇ। ਸੰਨ 2004 ਵਿੱਚ ਵੱਡੇ ਪੰਛੀਆਂ ਦੇ ਢਿੱਡਾਂ ਵਿੱਚੋਂ ਔਸਤਨ 30 ਪਲਾਸਟਿਕ ਦੇ ਲਿਫ਼ਾਫ਼ੇ ਅਤੇ ਹੋਰ ਟੋਟਿਆਂ ਦੇ ਹਿੱਸੇ ਲੱਭੇ ਜਿਸ ਸਦਕਾ ਉਹ ਮੌਤ ਦੇ ਮੂੰਹ ਵਿੱਚ ਚਲੇ ਗਏ। ਉਨ੍ਹਾਂ ਦੇ ਨਿੱਕੇ ਬੱਚੇ ਜੋ ਉਲਟੀ ਕਰ ਹੀ ਨਹੀਂ ਸਕਦੇ, ਵੀ ਅਣਚਾਹੇ ਇਹ ਪਲਾਸਟਿਕ ਅੰਦਰ ਲੰਘਾ ਕੇ ਮਰ ਗਏ। ਇਨ੍ਹਾਂ ਵਿੱਚੋਂ ਅਨੇਕ ਕਿਸਮਾਂ ਲਗਭਗ ਅਲੋਪ ਹੋਣ ਦੇ ਨੇੜੇ ਪਹੁੰਚ ਗਈਆਂ ਹਨ। ਜੀਨ ਤੇ ਹਾਰਮੋਨਾਂ ਉੱਤੇ ਅਸਰ ਪੈਣ ਸਦਕਾ ਮੱਛੀਆਂ ਤੇ ਪੰਛੀਆਂ ਦੀਆਂ ਪੂਛਾਂ, ਬੱਚੇ ਜੰਮਣ ਦੀ ਸਮਰਥਾ, ਲੰਬਾਈ, ਉਚਾਈ ਆਦਿ ਉੱਤੇ ਸਦੀਵੀ ਅਸਰ ਪੈ ਚੁੱਕਿਆ ਹੈ।
  • ਪਲਾਸਟਿਕ ਦੇ ਅਸਰ ਹੇਠ ਆਈਆਂ ਸਬਜ਼ੀਆਂ, ਪਾਣੀ ਜਾਂ ਮਾਸ-ਮੱਛੀ ਖਾਣ ਵਾਲੇ ਮਨੁੱਖਾਂ ਉੱਤੇ ਪਲਾਸਟਿਕ ਦੇ ਅਸਰ ਜੋ ਦਿਸ ਰਹੇ ਹਨ, ਉਹ ਹਨ-ਹਾਰਮੋਨਾਂ ਵਿੱਚ ਗੜਬੜੀ, ਕੈਂਸਰ, ਚਮੜੀ ਦੇ ਰੋਗ, ਐਲਰਜ਼ੀ, ਦਮਾ ਅਤੇ ਗੁਰਦੇ ਉੱਤੇ ਅਸਰ। ਇਸ ਸਮੇਂ ਅਮਰੀਕਾ ਦੇ 95 ਫੀਸਦੀ ਬਾਲਗਾਂ ਦੇ ਪਿਸ਼ਾਬ ਵਿੱਚ ‘ਬੀ. ਪੀ. ਏ.’ ਲੱਭਿਆ ਜਾ ਚੁੱਕਿਆ ਹੈ, ਜੋ ਸਪਸ਼ਟ ਕਰਦਾ ਹੈ ਕਿ ਉਨ੍ਹਾਂ ਦਾ ਸਰੀਰ ਪਲਾਸਟਿਕ ਦੇ ਮਾੜੇ ਅਸਰਾਂ ਹੇਠ ਆ ਚੁੱਕਿਆ ਹੈ। ਬੀ. ਪੀ. ਏ. ਬੱਚੇ ਜੰਮਣ ਦੀ ਸਮਰਥਾ ਬਹੁਤ ਘਟਾ ਦਿੰਦਾ ਹੈ, ਲੰਬਾਈ ਘੱਟ ਕਰ ਦਿੰਦਾ ਹੈ ਤੇ ਹੋਰ ਵੀ ਅਨੇਕ ਪਹਿਲਾਂ ਦੱਸੇ ਜਾ ਚੁੱਕੇ ਮਾੜੇ ਅਸਰ ਵਿਖਾਉਂਦਾ ਹੈ, ਜਿਨ੍ਹਾਂ ਵਿੱਚੋਂ ਥਾਇਰਾਇਡ ਹਾਰਮੋਨਾਂ ਦੀ ਕਮੀ ਤੇ ਸੈਕਸ ਹਾਰਮੋਨਾਂ ਦੀ ਕਮੀ ਬਹੁਤ ਜ਼ਿਆਦਾ ਵੇਖਣ ਵਿੱਚ ਆ ਰਹੀ ਹੈ।
  • ਚਾਹ ਦੀਆਂ ਥੈਲੀਆਂ ਤੇ ਟੀ-ਬੈਗਜ਼ :- ਕਿਸੇ ਵਿਰਲੇ ਹੀ ਮੁਲਕ ਵਿੱਚ ਚਾਹ ਦੀ ਵਰਤੋਂ ਨਹੀਂ ਹੁੰਦੀ ਹੋਵੇਗੀ। ਰੋਜ਼ਮਰਾ ਦੀ ਜ਼ਿੰਦਗੀ ਦਾ ਹਿੱਸਾ ਬਣ ਚੁੱਕੀ ਚਾਹ ਅੱਜ ਕੱਲ ਟੀ-ਬੈਗਜ਼ ਵਿੱਚ ਮਿਲਣ ਲੱਗ ਪਈ ਹੈ। ਵੱਡੇ ਅਹੁਦੇ ਵਾਲੇ ਇਸ ਤਰ੍ਹਾਂ ਦੀ ਚਾਹ ਪੀਣ ਨੂੰ ਉੱਚਾ ਰੁਤਬਾ ਮੰਨਣ ਲੱਗ ਪਏ ਹਨ। ਇਨ੍ਹਾਂ ਨਿੱਕੀਆਂ ਥੈਲੀਆਂ ਵਿੱਚ 70 ਤੋਂ 80 ਫੀਸਦੀ ਕਾਗਜ਼ ਤੇ ਬਾਕੀ ਉਸ ਨੂੰ ਖੁਰਨ ਤੋਂ ਬਚਾਉਣ ਲਈ ਪਲਾਸਟਿਕ ਦਾ ਹਿੱਸਾ ਪੌਲੀਪਰੋਪਾਈਲੀਨ, ਜੋ ਬਹੁਤੀ ਗਰਮੀ ਨੂੰ ਝਲ ਜਾਂਦਾ ਹੈ, ਪਾਇਆ ਗਿਆ ਹੈ। ਜਿਸ ਮਰਜ਼ੀ ਤਰ੍ਹਾਂ ਦੇ ਟੀ-ਬੈਗਜ਼ ਵਰਤ ਲਵੋ, ਹਰ ਕਿਸੇ ਵਿੱਚ ਵੱਧ ਜਾਂ ਘੱਟ ਪਲਾਸਟਿਕ ਦੇ ਟੋਟੇ ਹਨ ਜੋ ਚਾਹ ਦੇ ਉਬਲਣ ਸਮੇਂ ਜਾਂ ਉਬਲਦੇ ਗਰਮ ਪਾਣੀ ਵਿੱਚ ਡੁਬਾਉਣ ਨਾਲ ਚਾਹ ਦੇ ਵਿੱਚ ਰਲ਼ ਜਾਂਦੇ ਹਨ ਤੇ ਚਾਹ ਪੀਣ ਨਾਲ ਹੀ ਸਾਡੇ ਢਿੱਡਾਂ ਅੰਦਰ ਲੰਘ ਜਾਂਦੇ ਹਨ। ਜਿਨ੍ਹਾਂ ਟੀ-ਬੈਗਜ਼ ਨੂੰ ਚੁਫ਼ੇਰਿਓਂ ਵੱਟ ਪਾ ਕੇ ਬੰਦ ਕੀਤਾ ਜਾਵੇ, ਉਸ ਵਿੱਚ ਵੱਧ ਪਲਾਸਟਿਕ ਪਾਇਆ ਹੁੰਦਾ ਹੈ। ਕਾਗਜ਼ ਨੂੰ ਫਟਣ ਤੋਂ ਬਚਾਉਣ ਲਈ ਉਸ ਵਿੱਚ ‘ਐਪੀਕਲੋਰੋਹਾਈਡਰਿਨ’ ਪਾਇਆ ਜਾਂਦਾ ਹੈ ਜਿਸ ਬਾਰੇ ਸਾਬਤ ਹੋ ਚੁੱਕਿਆ ਹੈ ਕਿ ਇਸ ਦੀ ਵਾਧੂ ਵਰਤੋਂ ਕੈਂਸਰ ਕਰਦੀ ਹੈ। ਐਪੀਕਲੋਰੋਹਾਈਡਰਿਨ ਪਾਣੀ ਵਿੱਚ ਰਲ਼ ਕੇ ‘ਤਿੰਨ-ਐਮ. ਸੀ. ਪੀ. ਡੀ.’ ਵਿੱਚ ਤਬਦੀਲ ਹੋ ਜਾਂਦਾ ਹੈ। ਇਹ ਵੀ ਕੈਂਸਰ ਕਰਦਾ ਹੈ।

ਸਟਾਰਚ ਨੂੰ ਐਨਜ਼ਾਈਮ ਰਸ ਵਿੱਚ ਮਿਲਾ ਕੇ ਪਲਾਸਟਿਕ ਦੇ ਧਾਗੇ ਬਣਾ ਕੇ ਟੀ-ਬੈਗ ਦੀ ਸ਼ਕਲ ਦੇ ਦਿੱਤੀ ਜਾਂਦੀ ਹੈ। ਜਦੋਂ ਇਹ ਚਾਹ ਦੀਆਂ ਨਿੱਕੀਆਂ ਥੈਲੀਆਂ ਸੁੱਟ ਦਿੱਤੀਆਂ ਜਾਂਦੀਆਂ ਹਨ ਤਾਂ ਧਰਤੀ ਵਿੱਚ ਸਿੰਮ ਕੇ ਇਹ ਪਲਾਸਟਿਕ ਜ਼ਮੀਨ ਵਿੱਚ ਰਚ ਜਾਂਦਾ ਹੈ। ਬਥੇਰੇ ਟੀ-ਬੈਗਜ਼ ਉੱਤੇ ਲਿਖਿਆ ਮਿਲਦਾ ਹੈ ਕਿ ਇਹ ਪੂਰੀ ਤਰ੍ਹਾਂ ਘੁਲਣ ਵਾਲਾ ਹੈ ਪਰ ਅਜਿਹੇ ਬੈਗਜ਼ ਵੀ ਨਾਈਲਾਨ ਦੀਆਂ ਤਾਰਾਂ ਤੋਂ ਬਣਦੇ ਹਨ, ਜੋ ਸੈਂਕੜੇ ਸਾਲ ਵੀ ਧਰਤੀ ਵਿੱਚ ਗਲ਼ਦੇ ਨਹੀਂ। ਕਈ ਲੋਕ ਚਾਹ ਦੀਆਂ ਥੈਲੀਆਂ ਨੂੰ ਕੱਪ ਵਿੱਚ ਨੱਪ ਕੇ ਨਿਚੋੜ ਲੈਂਦੇ ਹਨ। ਇੰਜ ਥੈਲੀ ਵਿਚਲੇ ‘ਥੈਲੇਟ’ ਵੀ ਬਾਹਰ ਨਿਕਲ ਆਉਂਦੇ ਹਨ, ਜੋ ਹੋਰ ਵੀ ਹਾਣੀਕਾਰਕ ਹੁੰਦੇ ਹਨ। ਏਸੇ ਲਈ ਅੱਗੋਂ ਤੋਂ ਪਹਿਲਾਂ ਵਾਲੇ ਤਰੀਕੇ ਹੀ ਸਿੱਧੀ ਚਾਹ ਪੱਤੀ ਉਬਾਲ ਕੇ ਪੀਣੀ ਹੀ ਠੀਕ ਰਹਿਣੀ ਹੈ। ਰੁਤਬਾ ਵਧਾਉਣ ਦੇ ਚੱਕਰ ਵਿੱਚ ਵੇਖਿਓ ਕਿਤੇ ਜ਼ਿੰਦਗੀ ਦੇ ਵੀਹ ਸਾਲ ਛੋਟੇ ਨਾ ਹੋ ਜਾਣ। ਇਸ ਪਲਾਸਟਿਕ ਤੋਂ ਪਰਹੇਜ਼ ਬਹੁਤ ਜ਼ਰੂਰੀ ਹੈ।

ਨਿਚੋੜ :-

ਇਹ ਸਾਰਾ ਕੁੱਝ ਵੇਖਦਿਆਂ ਇਹ ਸਪਸ਼ਟ ਹੋ ਜਾਂਦਾ ਹੈ ਕਿ ਪਲਾਸਟਿਕ ਨੇ ਨਾ ਹਰਿਆਲੀ ਛੱਡਣੀ ਹੈ, ਨਾ ਜਾਨਵਰ, ਪੰਛੀ ਤੇ ਜਲ ਜੀਵਨ, ਪਰ ਮਨੁੱਖ ਵੀ ਬਹੁਤੀ ਦੇਰ ਬਚਣ ਨਹੀਂ ਲੱਗਿਆ। ਜੇ ਮਨੁੱਖੀ ਹੋਂਦ ਬਚਾਉਣੀ ਹੈ ਤਾਂ ਹਰ ਹਾਲ ਪਲਾਸਟਿਕ ਤੋਂ ਪੂਰਨ ਰੂਪ ਵਿੱਚ ਤੌਬਾ ਕਰਨੀ ਪੈਣੀ ਹੈ।

ਅਮਰੀਕਾ ਦੇ 213 ਮਿਲੀਅਨ ਲੋਕਾਂ ਨੂੰ ਪਲਾਸਟਿਕ ਦੀ ਰੀਸਾਈਕਿਗ ਕਰਨ ਉੱਤੇ ਜ਼ੋਰ ਪਾਇਆ ਗਿਆ ਸੀ ਜਿਸ ਸਦਕਾ ਸੰਨ 2011 ਵਿੱਚ 2.7 ਮਿਲੀਅਨ ਟਨ ਪਲਾਸਟਿਕ ਰੀਸਾਈਕਲ ਕੀਤਾ ਗਿਆ ਪਰ ਹਾਲੇ ਵੀ ਬਹੁਤ ਕੁੱਝ ਕਰਨਾ ਬਾਕੀ ਹੈ।

ਕਿਸੇ ਇਕ ਮੁਲਕ ਵਿੱਚ ਵੀ ਜੇ ਪਲਾਸਟਿਕ ਦੀ ਵਰਤੋਂ ਜਾਰੀ ਰਹਿ ਗਈ ਤਾਂ ਮਨੁੱਖੀ ਨਸਲ ਦਾ ਘਾਣ ਹੋ ਜਾਣਾ ਹੈ। ਇਸੇ ਲਈ ਸੰਪੂਰਨ ਰੋਕ ਹੀ ਇੱਕੋ ਰਾਹ ਬਚਿਆ ਹੈ।

ਭਾਰਤ ਵਿੱਚ ਸਿਰਫ਼ ਖਿਡਾਰੀਆਂ ਨੂੰ ਸਟੀਲ ਦੀਆਂ ਬੋਤਲਾਂ ਵਿੱਚ ਪਾਣੀ ਦੇਣ ਨਾਲ ਹੀ 120 ਮੀਟਰਿਕ ਟਨ ਪਲਾਸਟਿਕ ਸੁੱਟਣ ਤੋਂ ਬਚਾਓ ਹੋ ਗਿਆ। ਜੁਲਾਈ 2018 ਵਿੱਚ ਐਲਬੇਨੀਆ ਨੇ ਪਲਾਸਟਿਕ ਉੱਤੇ ਸੰਪੂਰਨ ਰੋਕ ਲਾ ਕੇ ਇਸ ਦੀ ਵਰਤੋਂ ਉੱਤੇ ਭਾਰੀ ਫਾਈਨ (7900 ਤੋਂ 11800 ਡਾਲਰ) ਲਾ ਦਿੱਤਾ ਹੈ।

ਜੇ ਅਸੀਂ ਆਪਣੀ ਅਗਲੀ ਪੁਸ਼ਤ ਸਹੀ ਸਲਾਮਤ ਚਾਹੁੰਦੇ ਹਾਂ ਤਾਂ ਰੁੱਖ, ਕੁੱਖ ਦੀ ਸੰਭਾਲ਼ ਦੇ ਨਾਲ-ਨਾਲ ਹਰ ਹਾਲ ਪਲਾਸਟਿਕ ਦੀ ਰੋਕ ਉੱਤੇ ਪੂਰੇ ਜ਼ੋਰ ਸ਼ੋਰ ਨਾਲ ਕਾਰਵਾਈ ਕਰਨੀ ਪੈਣੀ ਹੈ। ਜੇ ਨਹੀਂ, ਤਾਂ ਭਿਆਨਕ ਮੌਤ ਦੀ ਤਿਆਰੀ ਕੱਸ ਲਵੋ !