ਅਨੰਦ ਕਾਰਜ ਬਾਬਤ ਗੁਰੂ ਰਾਮਦਾਸ ਜੀ ਦੀਆਂ ਚਾਰ ਲਾਵਾਂ

0
3856

ਅਨੰਦ ਕਾਰਜ ਬਾਬਤ ਗੁਰੂ ਰਾਮਦਾਸ ਜੀ ਦੀਆਂ ਚਾਰ ਲਾਵਾਂ

ਗਿਆਨੀ ਅਵਤਾਰ ਸਿੰਘ-(98140-35202)

ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਕ 774 ਉੱਤੇ ਸੂਹੀ ਰਾਗ (ਜਿਸ ਨੂੰ ਗਾਉਣ ਦਾ ਸਮਾਂ ਦੋ ਘੜੀ ਦਿਨ ਚੜ੍ਹੇ ਹੈ) ਵਿੱਚ ਗੁਰੂ ਰਾਮਦਾਸ ਪਾਤਿਸ਼ਾਹ ਜੀ ਵੱਲੋਂ ਉਚਾਰਿਆ ਗਿਆ ਚਾਰ ਬੰਦਾਂ ਵਾਲ਼ਾ ਸ਼ਬਦ, ਜਿਸ ਨੂੰ ਚਾਰ ਲਾਵਾਂ ਦੇ ਨਾਂ ਨਾਲ਼ ਯਾਦ ਕੀਤਾ ਜਾਂਦਾ ਹੈ ਅਤੇ ਮਰਿਆਦਾ ਅਨੁਸਾਰ ਹਰ ਗੁਰਸਿੱਖ ਦੇ ਅਨੰਦ ਕਾਰਜ ਦੌਰਾਨ ਪੜ੍ਹਨ ਦੀ ਹਦਾਇਤ ਵੀ ਕੀਤੀ ਗਈ ਹੈ। ਇਨ੍ਹਾਂ ਲਾਵਾਂ ਦੇ ਚਾਰ ਬੰਦ; ਰੂਹਾਨੀਅਤ ਦੇ ਚਾਰ ਪੜਾਅ ਵੀ ਹਨ।  ਅਨੰਦ ਕਾਰਜ ਸਮੇਂ ਲੜਕੀ ਨੇ ਜਿੱਥੇ ਆਪਣੇ ਪਿਤਾ ਦੇ ਘਰ ਤੋਂ ਸਹੁਰੇ ਘਰ ਨੂੰ ਅਪਣਾਉਣਾ ਹੁੰਦਾ ਹੈ ਜਾਂ ਇੱਕ ਪਰਿਵਾਰਕ ਸਾਂਝ ਉਪਰੰਤ ਦੂਸਰੀ ਪਰਿਵਾਰਕ ਸਾਂਝ ਮੁਤਾਬਕ ਆਪਣੇ ਆਪ ਨੂੰ ਢਾਲਣਾ ਹੁੰਦਾ ਹੈ ਓਥੇ ਉਨ੍ਹਾਂ ਦੀ ਸੋਚ ਨੂੰ ਆਪਣੇ ਜੀਵਨ ਆਚਰਨ ਨਾਲ਼ ਪ੍ਰਭਾਵਤ ਵੀ ਕਰਨਾ ਹੁੰਦਾ ਹੈ।

ਗੁਰਬਾਣੀ ਅਨੁਸਾਰ ਰੱਬੀ ਗੁਣਾਂ ਨਾਲ਼ ਬਣੇ ਉੱਚੇ-ਸੁੱਚੇ ਜੀਵਨ ਕਿਰਦਾਰ ਹੀ ਇੰਨੇ ਸਮਾਜਕ ਪਰਿਵਰਤਨ ਨੂੰ ਸਥਿਰਤਾ ਦੇ ਸਕਦੇ ਹਨ।  ਰੱਬੀ ਗੁਣਾਂ ਨਾਲ਼ ਹੋਈ ਪਹਿਲਾਂ ਆਪਣੀ ਜੀਵਨ ਤਬਦੀਲ (ਪ੍ਰਥਮੇ ਮਨੁ ਪਰਬੋਧੈ ਅਪਨਾ.. ॥ ਮ: ੫/੩੮੧) ਹੀ ਦੂਸਰੇ ਪਰਿਵਾਰ ਦੀ ਜੀਵਨਸ਼ੈਲੀ ’ਚ ਬਦਲਾਅ ਲਿਆਉਣ ਦੇ ਸਮਰੱਥ ਹੁੰਦੀ ਹੈ ਕਿਉਂਕਿ ਰੱਬੀ ਅਥਾਹ ਗੁਣ; ਮਨੁੱਖ ਦੇ ਅਹੰਕਾਰ (ਇਕ ਦੂ ਇਕੁ ਸਿਆਣਾ ॥) ਭਾਵ ਨੂੰ ਨਿਮਰਤਾ ’ਚ ਬਦਲਣ ਦੀ ਯੋਗਤਾ ਰੱਖਦੇ ਹਨ।  ਭਾਵੇਂ ਕਿ ਇੱਕ ਹੱਥ ਨਾਲ਼ ਕਦੇ ਤਾੜੀ ਨਹੀਂ ਵੱਜਦੀ, ਪਰ ਔਰਤ, ਜੋ ਕਿ ਘਰ ਦੀ ਮੁੱਢਲੀ ਜ਼ਿੰਮੇਵਾਰੀ ਨਾਲ਼ ਜੁੜੀ ਰਹਿੰਦੀ ਹੈ, ਹੀ ਆਪਣੇ ਵੰਸ਼ਜ ਨੂੰ ਆਪਣੀ ਸੋਚ ਅਨੁਸਾਰ ਘੜਨ ’ਚ ਅਹਿਮ ਭੂਮਿਕਾ ਨਿਭਾਉਂਦੀ ਆ ਰਹੀ ਹੈ, ਇਸ ਲਈ ਲੜਕੇ ਦੇ ਮੁਕਾਬਲੇ ਵਿਆਹੁਤਾ ਲੜਕੀ ’ਚ ਜ਼ਿਆਦਾ ਸਹਿਣਸ਼ੀਲਤਾ ਹੋਣੀ ਜ਼ਰੂਰੀ ਹੈ। ਉਸ ਨੇ ਦੋ ਪਰਿਵਾਰਾਂ ਦੀ ਸੋਚ ਅਤੇ ਮਾਹੌਲ ਰਾਹੀਂ ਆਪਣੀ ਉਮਰ ਨੂੰ ਬਤੀਤ ਕਰਨਾ ਹੁੰਦਾ ਹੈ।

ਗੁਰੂ ਰਾਮਦਾਸ ਜੀ ਇਸਤਰੀ ਭਾਵ ਨਾਲ਼ ਆਪਣੇ ਪਿਤਾ ਪਾਸੋਂ ਸ਼ੁਭ ਗੁਣਾਂ ਰੂਪ ਦਾਜ ਦੀ ਇਉਂ ਮੰਗ ਕਰਦੇ ਹਨ ‘‘ਹਰਿ ਪ੍ਰਭ ਮੇਰੇ ਬਾਬੁਲਾ ! ਹਰਿ ਦੇਵਹੁ ਦਾਨੁ ਮੈ ਦਾਜੋ ॥’’ (ਸਿਰੀਰਾਗੁ, ਮ: ੪, ਪੰਨਾ ੭੯) ਤਾਂ ਜੋ ਲੜਕੀ ਨੂੰ ਅਗਾਂਹ ਜ਼ਿੰਦਗੀ ’ਚ ਕਠਿਨਾਈਆਂ ਦਾ ਸਾਹਮਣਾ ਨਾ ਕਰਨਾ ਪਵੇ।  ਮੈਡੀਕਲ ਸਾਇੰਸ ਨੇ ਬੱਚੇ ਦੀ ਬੁਧੀ ’ਚ ਵਿਕਾਸ ਗਤੀ ਜਾਂ ਸਮਰੱਥਾ ਭਾਵ ਨਾਬਾਲਕ ਤੋਂ ਜਵਾਨ ਹੋਣ ਦੀ ਉਮਰ 16 ਤੋਂ 25 ਸਾਲ ਮੰਨੀ ਹੈ, ਇਸ ਸਮੇਂ ਦੌਰਾਨ ਬੱਚੇ ਦੀ ਬੁਧੀ ਨੇ ਵਿਕਾਸਸ਼ੀਲ ਤੋਂ ਵਿਕਸਿਤ ਹੋ ਕੇ ਆਪਣੇ ਜੀਵਨ ਦੀ ਘਾੜਤ ਨੂੰ ਸੁਚੱਜਾ ਜਾਂ ਕੁਚੱਜਾ ਘੜਨਾ ਹੁੰਦਾ ਹੈ ਅਤੇ ਇਹ ਸਮਾਂ ਲੜਕੀ ਦਾ ਆਮ ਤੌਰ ’ਤੇ ਮਾਪਿਆ ਪਾਸ ਹੀ ਬੀਤਦਾ ਹੋਣ ਕਾਰਨ ਸੁਚੱਜੀ ਸੰਭਾਲ਼ ਕਰਨ ਦਾ ਜ਼ਿੰਮਾ ਮਾਤਾ-ਪਿਤਾ ਪਾਸ ਹੀ ਹੁੰਦਾ ਹੈ। ਇਸ ਲਈ ਗੁਰੂ ਰਾਮਦਾਸ ਜੀ ਨੇ ਔਰਤ ਭਾਵ ਨਾਲ਼ ‘‘ਹਰਿ ਪ੍ਰਭ ਮੇਰੇ ਬਾਬੁਲਾ ! ਹਰਿ ਦੇਵਹੁ ਦਾਨੁ ਮੈ ਦਾਜੋ ॥’’ ਉਪਦੇਸ਼ ਦਿੱਤਾ। 

ਸ਼ੁਭ ਗੁਣਾਂ ਦਾ ਦਾਜ ਜਿੱਥੇ ਸਹੁਰੇ ਘਰ ਦੀ ਸ਼ੋਭਾ ਵਧਾਉਂਦਾ ਹੈ ਓਥੇ ਇਸ ਦੇ ਹੱਥੋਂ ਖੁੱਸਣ ਦੀ ਸੰਭਾਵਨਾ ਵੀ ਨਹੀਂ ਹੁੰਦੀ। ਦੁਨਿਆਵੀ ਦਾਜ ਸਮੇਂ ਨਾਲ਼ ਖ਼ਰਚ ਹੋ ਜਾਂਦਾ ਹੈ ਤੇ ਲੜਕੀ ਦਾਜ ਵਿਹੂਣੀ ਰਹਿ ਜਾਂਦੀ ਹੈ ਭਾਵ ਸਹੁਰੇ ਘਰ ਪਿਤਾ ਦੀ ਜ਼ਮੀਨ-ਜਾਇਦਾਦ ਪੁੱਤਰ ਦੇ ਨਾਂ ਹੋ ਜਾਂਦਾ ਹੈ, ਬੱਚਿਆਂ ਦਾ ਹਰ ਥਾਂ ਵਾਰਸ ਪਿਤਾ ਨੂੰ ਮੰਨਿਆ ਜਾਂਦਾ ਹੈ। ਜੇਕਰ ਔਰਤ ਪਾਸੋਂ ਪਿਤਾ ਦੁਆਰਾ ਦਿੱਤਾ ਗਿਆ ਸਮਾਜਕ ਦਾਜ ਵੀ ਸਮੇਂ ਨਾਲ਼ ਨਸ਼ਟ ਹੋ ਜਾਏ, ਵਰਤਿਆ ਜਾਏ ਤਾਂ ਔਰਤ ਨੂੰ ਇਕੱਲਾਪਣ ਤੋੜ ਕੇ ਰੱਖ ਦਿੰਦਾ ਹੈ, ਪਰ ਅਗਰ ਰੱਬੀ ਗੁਣ ਰੂਪ ਦਾਜ ਹੋਏਗਾ ਤਾਂ ਉਸ ਨਾਲ਼ ਸਹੁਰੇ ਘਰ ਦੇ ਮਾਹੌਲ ਨੂੰ ਪ੍ਰਭਾਵਤ ਕਰ ਕੇ ਸਦੀਵੀ ਪਤੀ ਪਿਆਰ ਤੇ ਇੱਜ਼ਤ ਮਿਲੇਗੀ, ਇਸੇ ਰੂਹਾਨੀਅਤ ਭਾਵ ਵਜੋਂ ਇਸ ਸ਼ਬਦ ਦੇ ਸਮਾਪਤੀ ’ਚ ਚੌਥੀ ਲਾਵਾਂ ਰਾਹੀਂ ਬਣਦੀ ਸਥਿਰ ਪਤੀ-ਪਰਮੇਸ਼ਰ ਨਾਲ਼ ਨੇੜਤਾ ਨੂੰ ਦਰਸਾਇਆ ਗਿਆ ਹੈ, ‘‘ਜਨੁ ਨਾਨਕੁ ਬੋਲੇ ਚਉਥੀ ਲਾਵੈ; ਹਰਿ ਪਾਇਆ ਪ੍ਰਭੁ ਅਵਿਨਾਸੀ ॥੪॥’’

ਇਨ੍ਹਾਂ ਚਾਰ ਲਾਵਾਂ ਦਾ ਸਾਰ ਇਸ ਪ੍ਰਕਾਰ ਹੈ :

ਦੋ ਦਿਲਾਂ ਜਾਂ ਦੋ ਪਰਿਵਾਰਾਂ ਦੇ ਮਿਲਾਪ ਲਈ ਪਹਿਲੇ ਪੜਾਅ ਜਾਂ ਪਹਿਲੀ ਲਾਂਵ ’ਚ ਇੱਕ ਪੂਰਨ ਵਿਚੋਲਾ (ਸਤਿਗੁਰੂ) ਚਾਹੀਦਾ ਹੈ, ਜੋ ਸਹੁਰੇ-ਪੇਕੇ (ਲੋਕ-ਪ੍ਰਲੋਕ) ਬਾਰੇ ਕਾਫ਼ੀ ਵਾਕਫ਼ ਹੋਵੇ, ਉਸ ਰਾਹੀਂ ਹੀ ਜੀਵਨ ਤਬਦੀਲੀ ਕਰ ਬੰਦਾ ਲਾਭਕਾਰੀ ਗੁਣਾਂ ਵੱਲ ਕਾਰਜਸ਼ੀਲ ਹੋਏਗਾ, ਰੱਬੀ ਨਾਮ ਨੂੰ ਹਿਰਦੇ ’ਚ ਦ੍ਰਿੜ੍ਹਾਏਗਾ।  ਉਨ੍ਹਾਂ ਦਾ ਸੰਦੇਸ਼ (ਬਾਣੀ) ਹੀ ਜਜਮਾਨੀ (ਅਨਯਾਈ) ਲਈ ਹਰ ਪ੍ਰਕਾਰ ਦੀ ਧਾਰਮਕ ਸਿੱਖਿਆ ਬਣੇਗੀ ਕਿਉਂਕਿ ਉਨ੍ਹਾਂ ਉਪਦੇਸ਼ਾਂ ਨੇ ਪਾਪ-ਬਿਰਤੀ ਨਾਸ਼ ਕਰ ਕੇ ਮਨ ’ਚ ਹਰੀ ਨਾਮ ਪਿਆਰਾ ਮਹਿਸੂਸ ਕਰਵਾਉਣਾ ਹੈ, ਜਿਸ ਤੋਂ ਅਨੰਦ, ਸਹਿਜ ਆਦਿ ਗੁਣ ਪੈਦਾ ਹੁੰਦੇ ਹਨ ਤੇ ਇਹੀ ਸਹੁਰੇ ਘਰ ਲਈ ਅਰੰਭਕ ਕਾਰਜ (ਦਾਜ) ਹੈ, ‘‘ਹਰਿ ਪਹਿਲੜੀ ਲਾਵ; ਪਰਵਿਰਤੀ ਕਰਮ ਦ੍ਰਿੜਾਇਆ, ਬਲਿ ਰਾਮ ਜੀਉ !॥ ਬਾਣੀ ਬ੍ਰਹਮਾ ਵੇਦੁ ਧਰਮੁ ਦ੍ਰਿੜਹੁ; ਪਾਪ ਤਜਾਇਆ, ਬਲਿ ਰਾਮ ਜੀਉ ॥ ਧਰਮੁ ਦ੍ਰਿੜਹੁ, ਹਰਿ ਨਾਮੁ ਧਿਆਵਹੁ; ਸਿਮ੍ਰਿਤਿ ਨਾਮੁ ਦ੍ਰਿੜਾਇਆ ॥ ਸਤਿਗੁਰੁ ਗੁਰੁ ਪੂਰਾ ਆਰਾਧਹੁ; ਸਭਿ ਕਿਲਵਿਖ ਪਾਪ ਗਵਾਇਆ ॥ ਸਹਜ ਅਨੰਦੁ ਹੋਆ ਵਡਭਾਗੀ; ਮਨਿ ਹਰਿ ਹਰਿ ਮੀਠਾ ਲਾਇਆ ॥ ਜਨੁ ਕਹੈ ਨਾਨਕੁ ਲਾਵ ਪਹਿਲੀ; ਆਰੰਭੁ ਕਾਜੁ ਰਚਾਇਆ ॥੧॥’’ (ਸੂਹੀ, ਮ: ੪, ਪੰਨਾ ੭੭੪)

ਸ਼ਬਦਾਰਥ : ਹੇ ਰਾਮ-ਹਰੀ ਜੀਓ ! ਮੈਂ ਤੁਹਾਡੇ ਤੋਂ ਬਲਿਹਾਰ (ਕੁਰਬਾਨ ਜਾਂਦਾ ਹਾਂ ਕਿਉਂਕਿ ਤੇਰੀ ਮਿਹਰ ਨਾਲ਼ ਮਿਲੇ ਗੁਰੂ ਵਿਚੋਲੇ ਨੇ ਮੈਨੂੰ) ਪਰਵਿਰਤੀ ਕਰਮ (ਰੱਬੀ ਨਾਮ ਪ੍ਰਤਿ ਉਤਸ਼ਾਹ, ਮਨ ’ਚ) ਪੈਦਾ ਕੀਤਾ ਜੋ ਪਹਿਲੀ ਲਾਂਵ ਹੈ (ਤਾਂ ਤੇ ਹੇ ਸਤਿਸੰਗੀਓ! ਮੇਰੇ ਵਾਙ) ਅਸਲ ਧਰਮ ਗੁਰੂ ਦੀ ਬਾਣੀ (ਹਿਰਦੇ ’ਚ) ਧਾਰਨ ਕਰੋ, ਜੋ ਮਾਨੋ ਬ੍ਰਹਮਾ ਦਾ ਵੇਦ ਹੈ।  ਸਾਰੇ ਪਾਪ ਨਾਸ਼ ਕਰਨਯੋਗ ਹੈ। ਇਹੀ ਧਰਮ ਹਿਰਦੇ ਪੱਕਾ ਕਰੋ, ਇਸ ਨਾਲ਼ ਹਰੀ ਨਾਮ ਜਪੋ, ਮਾਨੋ ਇਹੀ ਸਿਮ੍ਰਿਤੀ ਹੈ ਕਿਉਂਕਿ ਇਸ ਨੇ ਹੀ ਰੱਬੀ ਨਾਮ ਯਾਦ ਕਰਵਾਇਆ ਹੈ।

ਦਾਸ ਨਾਨਕ ਵਿਸ਼ਵਾਸ ਨਾਲ਼ ਆਖਦਾ ਹੈ ਕਿ ਪੂਰਨ ਸਤਿਗੁਰ ਵਿਚੋਲੇ ਨੂੰ ਸਿਮਰੋ, ਮਹੱਤਵ ਦੇਵੋ, ਜਿਸ ਨੇ ਸਾਰੇ ਵਿਕਾਰ-ਪਾਪ ਦੂਰ ਕਰਾ ਦਿੱਤੇ।  ਵੱਡੇ ਭਾਗਾਂ ਨਾਲ਼ ਮਨ ਵਿੱਚ ਹਰੀ ਨਾਮ ਪਿਆਰਾ ਲੱਗਣ ਕਾਰਨ ਅਨੰਦ, ਸਹਿਜ ਅਵਸਥਾ ਬਣ ਗਈ, ਇਹੀ ਦੋ ਦਿਲਾਂ ਨੂੰ ਜੋੜਨ ਲਈ ਪਹਿਲੀ ਲਾਂਵ ਹੈ, ਆਰੰਭਕ ਕਾਰਜ ਰਚਿਆ ਹੈ।

ਗੁਰੂ ਮੇਲ਼ ਹੋਣ ਤੋਂ ਬਾਅਦ ਦੂਜੇ ਪੜਾਅ ’ਚ ਮਨ ਨਿਡਰ ਹੋ ਕੇ ਮੈਂ-ਮੇਰੀ ਤਿਆਗਦਾ ਹੈ। ਰੱਬੀ ਡਰ-ਅਦਬ ਧਾਰਨ ਕਰਦਾ ਹੈ।, ਅੰਗ-ਸੰਗ ਮਹਿਸੂਸ ਕਰ ਉਸ ਦੇ ਗੁਣ ਗਾਉਂਦਾ ਹੈ, ਗੁਰੂ ਤੇ ਸੰਗਤੀ ਮਿਲਾਪ ਨਾਲ਼ ਸਰਬ ਵਿਆਪਕ ਦੇ ਦਰਸ਼ਨ ਕਰ ਅੰਦਰੋਂ ਦ੍ਵੈਤ ਮਾਰ ਕੇ ਖ਼ੁਸ਼ੀ ਦੇ ਗੀਤ ਗਾਉਂਦਾ ਹੈ, ਇਹੀ ਹਨ : ਰੱਬੀ ਉਸਤਤ ਦੇ ਮਨ ’ਚੋਂ ਨਿਰੰਤਰ ਵਾਜੇ ਵਜਾਉਣੇ, ‘‘ਹਰਿ ਦੂਜੜੀ ਲਾਵ; ਸਤਿਗੁਰੁ ਪੁਰਖੁ ਮਿਲਾਇਆ, ਬਲਿ ਰਾਮ ਜੀਉ ॥ ਨਿਰਭਉ ਭੈ ਮਨੁ ਹੋਇ; ਹਉਮੈ ਮੈਲੁ ਗਵਾਇਆ, ਬਲਿ ਰਾਮ ਜੀਉ ॥ ਨਿਰਮਲੁ ਭਉ ਪਾਇਆ, ਹਰਿ ਗੁਣ ਗਾਇਆ; ਹਰਿ ਵੇਖੈ ਰਾਮੁ ਹਦੂਰੇ ॥ ਹਰਿ ਆਤਮ ਰਾਮੁ ਪਸਾਰਿਆ ਸੁਆਮੀ; ਸਰਬ ਰਹਿਆ ਭਰਪੂਰੇ ॥ ਅੰਤਰਿ ਬਾਹਰਿ ਹਰਿ ਪ੍ਰਭੁ ਏਕੋ; ਮਿਲਿ ਹਰਿ ਜਨ ਮੰਗਲ ਗਾਏ ॥ ਜਨ ਨਾਨਕ ਦੂਜੀ ਲਾਵ ਚਲਾਈ; ਅਨਹਦ ਸਬਦ ਵਜਾਏ ॥੨॥’’ (ਸੂਹੀ, ਮ: ੪, ਪੰਨਾ ੭੭੪)

ਸ਼ਬਦਾਰਥ : ਹੇ ਰਾਮ-ਹਰੀ ਜੀਓ !  ਮੈਂ ਤੇਰੇ ਤੋਂ ਬਲਿਹਾਰ (ਹਾਂ ਕਿਉਂਕਿ ਜਦੋਂ ਤੈਂ) ਪੂਰਨ ਸਤਿਗੁਰੂ-ਵਿਚੋਲਾ ਮਿਲਾਇਆ ਤਾਂ ਮਨ (ਤੇਰੇ) ਡਰ-ਅਦਬ ਰਾਹੀਂ ਨਿਡਰ ਹੋ ਕੇ ਅਹੰਕਾਰ ਰੂਪ ਮੈਲ਼ ਦੂਰ ਕਰਨ ’ਚ ਕਾਮਯਾਬ ਰਿਹਾ। ਤੇਰਾ ਨਿਰਮਲ ਡਰ-ਅਦਬ ਪਾ ਕੇ ਰੱਬੀ ਗੁਣ ਗਾ ਸਕਿਆ ਤੇ (ਤੈਨੂੰ) ਰਾਮ ਨੂੰ ਅੰਗ-ਸੰਗ ਮਹਿਸੂਸ ਕਰ ਲਿਆ। ਮੈਨੂੰ ਜਾਪਿਆ ਕਿ ਹਰ ਜਗ੍ਹਾ ਜੀਵ-ਆਤਮਾਵਾਂ ਦਾ ਸੰਗ੍ਰਹਿ ਮਾਲਕ ਹੀ ਵਿਆਪਕ ਹੈ, ਮਾਨੋ ਨੱਕੋ-ਨੱਕ ਭਰਿਆ ਪਿਆ ਹੈ। ਸਰੀਰ (ਆਕਾਰ) ਦੇ ਅੰਦਰ ਅਤੇ ਬਾਹਰ ਕੇਵਲ ਉਹੀ ਹਰੀ ਹੈ, ਜਿਸ ਨੂੰ ਮਿਲ ਕੇ (ਜਿਸ ਦਾ ਸਾਥ ਮਹਿਸੂਸ ਕਰਕੇ) ਹਰੀ ਭਗਤਾਂ ਨੇ ਖ਼ੁਸ਼ੀ ਦੇ ਗੀਤ ਗਾਏ। ਹੇ ਦਾਸ ਨਾਨਕ ! ਆਖ ਕਿ ਇਹ ਨਿਰੰਤਰ ਅਨੰਦਮਈ ਰੱਬੀ ਉਸਤਤ ਦੇ ਵਾਜੇ ਵਜਾਉਣੇ ਹੀ ਦੂਜੀ ਲਾਂਵ ਚਲਾ ਰੱਖੀ ਹੈ ਭਾਵ ਇਹ ਦੂਜਾ ਰੁਤਬਾ ਮਾਣਿਆ ਜਾ ਸਕਿਆ ਹੈ।

ਮਾਯਾ ਤੋਂ ਉਦਾਸੀਨ ਹੋਇਆ ਮਨ ਤੀਸਰੇ ਪੜਾਅ ’ਚ ਰੱਬੀ ਮਿਲਾਪ ਲਈ ਉਤੇਜਿਤ ਹੁੰਦਾ ਹੈ । ਚੰਗੇ ਨਸੀਬਾਂ ਨਾਲ਼ ਹਮਖ਼ਿਆਲੀ ਸੰਤ-ਜਨਾਂ ਦੀ ਸੰਗਤ ਕਰ ਨਿਰਮਲ ਹਰੀ ਨੂੰ ਪਾ ਲੈਂਦਾ ਹੈ।  ਵਖਿਆਨ ਰਹਿਤ ਹਰੀ ਨੂੰ ਬਿਆਨ ਕਰਨ ਲੱਗਦਾ ਹੈ।  ਨਿਰੋਲ ਰੱਬੀ ਬੋਲ, ਰੱਬੀ ਗੁਣ ਮੁੱਖੋਂ ਅਲਾਪਦਾ ਹੈ। ਹਿਰਦੇ ’ਚ ਰੱਬੀ ਲੋਅ-ਧੁਨ ਪ੍ਰਗਟ ਹੋ ਜਾਂਦੀ ਹੈ। ਇਹ ਵੀ ਅਹਿਸਾਸ ਹੋ ਜਾਂਦਾ ਹੈ ਕਿ ਮੱਥੇ ਦੇ ਨਸੀਬ ਉੱਘੜਨ ਨਾਲ਼ ਹੀ ਇਹ ਰੱਬੀ ਨਾਮ ਜਪਿਆ ਗਿਆ। ਇਉਂ ਜਿਸ ਨੇ ਵੀ ਜਪਿਆ ਉਸ ਦੇ ਮਨ ’ਚ ਵੀ ਹਰੀ ਮਿਲਾਪ ਲਈ ਤੜਫ ਪੈਦਾ ਹੁੰਦੀ ਹੈ, ‘‘ਹਰਿ ਤੀਜੜੀ ਲਾਵ, ਮਨਿ ਚਾਉ ਭਇਆ; ਬੈਰਾਗੀਆ, ਬਲਿ ਰਾਮ ਜੀਉ ॥ ਸੰਤ ਜਨਾ ਹਰਿ ਮੇਲੁ, ਹਰਿ ਪਾਇਆ ਵਡਭਾਗੀਆ; ਬਲਿ ਰਾਮ ਜੀਉ ॥  ਨਿਰਮਲੁ ਹਰਿ ਪਾਇਆ, ਹਰਿ ਗੁਣ ਗਾਇਆ; ਮੁਖਿ ਬੋਲੀ ਹਰਿ ਬਾਣੀ ॥ ਸੰਤ ਜਨਾ ਵਡਭਾਗੀ ਪਾਇਆ; ਹਰਿ ਕਥੀਐ ਅਕਥ ਕਹਾਣੀ ॥  ਹਿਰਦੈ ਹਰਿ ਹਰਿ, ਹਰਿ ਧੁਨਿ ਉਪਜੀ; ਹਰਿ ਜਪੀਐ ਮਸਤਕਿ ਭਾਗੁ ਜੀਉ ॥ ਜਨੁ ਨਾਨਕੁ ਬੋਲੇ ਤੀਜੀ ਲਾਵੈ; ਹਰਿ ਉਪਜੈ ਮਨਿ ਬੈਰਾਗੁ ਜੀਉ ॥੩॥’’ (ਸੂਹੀ, ਮ: ੪, ਪੰਨਾ ੭੭੪)

ਸ਼ਬਦਾਰਥ : ਹੇ ਰਾਮ-ਹਰੀ ਜੀਓ !  ਮੈਂ ਤੇਰੇ ਤੋਂ ਬਲਿਹਾਰ (ਹਾਂ ਕਿਉਂਕਿ ਵੱਡੇ ਭਾਗਾਂ ਨਾਲ਼ ਤੇਰੇ ਮਿਲਾਪ ਲਈ) ਮਨ ’ਚ ਚਾਅ ਪੈਦਾ ਹੋ ਗਿਆ, ਵੈਰਾਗ ਪੈਦਾ ਹੋ ਗਿਆ। ਵੱਡੇ ਭਾਗਾਂ ਨਾਲ਼ ਹਰੀ ਸੰਤ-ਜਨਾਂ ਦਾ ਸਾਥ ਪਾ ਲਿਆ (ਜਿਨ੍ਹਾਂ ਰਾਹੀਂ) ਮਾਯਾ ਤੋਂ ਨਿਰਲੇਪ ਹਰੀ ਮਿਲਿਆ ਕਿਉਂਕਿ ਉਸ ਦੇ ਗੁਣ ਗਾ ਸਕਿਆ, ਮੂੰਹੋਂ ਰੱਬੀ ਉਸਤਤ, ਰੱਬੀ ਪਿਆਰ ਬੋਲੀ ਬੋਲ ਸਕਿਆ। ਵੱਡੇ ਭਾਗਾਂ ਨਾਲ਼ ਸੰਤ-ਜਨਾਂ ਦੇ ਮਿਲਾਪ ਸਦਕਾ ਵਰਣਨ ਰਹਿਤ ਹਰੀ ਦੀ ਕਥਾ ਵਖਿਆਨ ਕਰ ਸਕਿਆ। ਹੁਣ ਤਾਂ ਹਿਰਦੇ ’ਚ ਰੱਬੀ ਲਗਨ-ਧੁਨ ਪੈਦਾ ਹੋ ਗਈ, ਪਰ ਮੱਥੇ ਉੱਤੇ ਭਾਗ ਜਾਗਣ ਨਾਲ਼ ਰੱਬੀ ਨਾਮ ਜਪਿਆ ਜਾ ਸਕਦਾ ਹੈ। ਦਾਸ ਨਾਨਕ ਤੀਜੀ ਲਾਂਵ ਬਾਬਤ ਬੋਲਦਾ ਹੈ ਕਿ ਇੱਥੇ ਮਨ ’ਚ ਚਾਅ-ਵਿਰਾਗ (ਤੜਫ) ਪੈਦਾ ਹੋਣ ਨਾਲ਼ ਹਰੀ ਨਾਮ ਪ੍ਰਬਲ ਹੁੰਦਾ ਹੈ।

ਮਤਾਂ ਕਿਤੇ ਦੂਸਰਿਆਂ ਦੇ ਮੁਕਾਬਲੇ ਆਪਣਾ ਰੂਹਾਨੀਅਤ ਪੱਖ ਮਜ਼ਬੂਤ ਵੇਖ ਅਹੰਕਾਰ ਪੈਦਾ ਹੋਵੇ ਇਸ ਲਈ ਚੌਥੇ ਪੜਾਅ ’ਚ ਗੁਰਮੁਖ ਆਪਣੀ ਘਾਲਣਾ ਨੂੰ ਮਹੱਤਵ ਨਹੀਂ ਦਿੰਦਾ ਸਗੋਂ ਰੱਬੀ ਬਖ਼ਸ਼ਸ਼ ਨਾਲ਼ ਅਚਨਚੇਤ (ਬਿਨਾਂ ਸੋਚਿਆਂ) ਹਰੀ ਮਿਲਿਆ, ਪ੍ਰਤੀਤ ਹੁੰਦਾ ਹੈ, ਮਹਿਸੂਸ ਕਰਦਾ ਹੈ, ਜਿਸ ਨਾਲ਼ ਮਨ ’ਚ ਅਡੋਲਤਾ ਆਈ, ਰੱਬੀ ਪਿਆਰ ਜਾਗਿਆ। ਸਭ ਮਹੱਤਵ ਮਾਲਕ ਨੂੰ ਦੇਣ ਕਾਰਨ ਪ੍ਰਭੂ ਪ੍ਰਸੰਨ ਹੋ ਗਿਆ, ਫਿਰ ਮਨ-ਇੱਛਤ ਰੱਬੀ ਮਿਲਾਪ ਫਲ਼ ਪਾ ਲਿਆ (ਹੁਰਮਤਿ (ਇੱਜ਼ਤ) ਤਿਸ ਨੋ ਅਗਲੀ (ਬਹੁਤੀ); ਓਹੁ ਵਜਹੁ (ਮੁਨਾਫ਼ਾ) ਭਿ ਦੂਣਾ ਖਾਇ ॥ (ਆਸਾ ਕੀ ਵਾਰ, ਮ: ੧, ਪੰਨਾ ੪੭੪), ਅੰਦਰੋਂ ਵਧਾਈ ਮਿਲਣ ਲੱਗੀ, ਇਉਂ ਜਾਪਿਆ ਕਿ ਇਹ ਖੇਡ ਮਾਲਕ-ਪ੍ਰਭੂ ਨੇ ਆਪ ਹੀ ਰਚੀ ਹੈ, ਨਾਮ ਜਪਣ ਨਾਲ਼ ਜੀਵ-ਇਸਤ੍ਰੀ ਹਿਰਦੇ ’ਚ ਸਦਾ ਖਿੜਾਉ ਪੈਦਾ ਹੁੰਦਾ ਹੈ ਕਿਉਂਕਿ ਨਾਸ਼ ਰਹਿਤ ਪ੍ਰਭੂ-ਪਤੀ ਮਿਲਾਪ ਹੁੰਦਾ ਹੈ, ਜੋ ਸਦੀਵੀ ਹੈ, ‘‘ਹਰਿ ਚਉਥੜੀ ਲਾਵ, ਮਨਿ ਸਹਜੁ ਭਇਆ; ਹਰਿ ਪਾਇਆ, ਬਲਿ ਰਾਮ ਜੀਉ ॥ ਗੁਰਮੁਖਿ ਮਿਲਿਆ ਸੁਭਾਇ; ਹਰਿ ਮਨਿ ਤਨਿ ਮੀਠਾ ਲਾਇਆ, ਬਲਿ ਰਾਮ ਜੀਉ ॥ ਹਰਿ ਮੀਠਾ ਲਾਇਆ, ਮੇਰੇ ਪ੍ਰਭ ਭਾਇਆ; ਅਨਦਿਨੁ ਹਰਿ ਲਿਵ ਲਾਈ ॥ ਮਨ ਚਿੰਦਿਆ ਫਲੁ ਪਾਇਆ ਸੁਆਮੀ; ਹਰਿ ਨਾਮਿ ਵਜੀ ਵਾਧਾਈ ॥ ਹਰਿ ਪ੍ਰਭਿ+ਠਾਕੁਰਿ (ਨੇ) ਕਾਜੁ ਰਚਾਇਆ; ਧਨ (ਇਸਤ੍ਰੀ) ਹਿਰਦੈ ਨਾਮਿ ਵਿਗਾਸੀ ॥ ਜਨੁ ਨਾਨਕੁ ਬੋਲੇ ਚਉਥੀ ਲਾਵੈ; ਹਰਿ ਪਾਇਆ ਪ੍ਰਭੁ ਅਵਿਨਾਸੀ ॥੪॥’’ (ਸੂਹੀ, ਮ: ੪, ਪੰਨਾ ੭੭੪)

ਸ਼ਬਦਾਰਥ : ਹੇ ਰਾਮ-ਹਰੀ ਜੀਓ !  ਮੈਂ ਤੇਰੇ ਤੋਂ ਬਲਿਹਾਰ (ਹਾਂ ਕਿਉਂਕਿ ਤੇਰੇ) ਹਰੀ ਮਿਲਾਪ ਨਾਲ਼ ਮਨੋਂ ਅਡੋਲ ਹੋਇਆ। ਸਤਿਗੁਰੂ ਵਿਚੋਲੇ ਰਾਹੀਂ (ਤੂੰ) ਅਚਾਨਕ ਮਿਲ ਗਿਆ। ਜਦ ਗੁਰੂ ਵਿਚੋਲੇ ਰਾਹੀਂ ਸਹਜ-ਸੁਭਾਅ ਹੀ (ਤੂੰ) ਮਿਲਿਆ ਤਾਂ ਮਨੋਂ ਤੇ ਸਰੀਰਕ ਇੰਦ੍ਰਿਆਂ ਰਾਹੀਂ ਤੂੰ ਮਿੱਠਾ-ਪਿਆਰਾ ਜਾਪਣ ਲੱਗ ਪਿਆ ਭਾਵ ਤੇਰੀ ਤੇ ਮੇਰੀ ਦਿਲੋਂ ਤੇ ਵਚਨਾਂ ਪੱਖੋਂ ਸਾਂਝ ਬਣ ਗਈ। ਜਦ (ਗੁਰੂ-ਵਿਚੋਲੇ ਨੇ) ਹਰੀ ਪਿਆਰਾ ਲੱਗਣ ਲਾਇਆ ਤਾਂ ਹਰੀ ਨੂੰ ਭਾ ਗਿਆ, ਪਸੰਦ ਆ ਗਿਆ ਭਾਵ ਉਹ ਖ਼ੁਸ਼ ਹੋ ਗਿਆ। ਹੁਣ ਸਦਾ ਉਸ ਨਾਲ਼ ਸੁਰਤ ਜੁੜੀ ਰਹਿੰਦੀ ਹੈ।  ਮਨ-ਇੱਛਤ ਮਾਲਕ ਮਿਲਾਪ ਰੂਪ ਲਾਹਾ ਪਾ ਲਿਆ ਭਾਵ ਇਹ ਮਿਹਨਤ ਅਜਾਈਂ ਨਾ ਗਈ। ਹਰੀ ਨਾਮ ਨਾਲ਼ ਅੰਦਰੋਂ (ਬਾਹਰੀ ਇੰਦ੍ਰਿਆਂ ਨੂੰ) ਵਧਾਈਆਂ ਮਿਲਣ ਲੱਗੀਆਂ। ਇਹ ਸਾਰਾ ਕਾਰਜ ਰੱਬੀ ਖੇਡ ਹੈ, ਜੋ ਉਸ ਨੇ ਰਚੀ ਤੇ ਜੀਵ-ਇਸਤਰੀ ਉਸ ਦੇ ਨਾਮ (ਜਪਣ) ਰਾਹੀਂ ਹਿਰਦੇ ਤੋਂ ਖਿੜ ਉੱਠੀ ਭਾਵ ਇਸ ਮਾਰਗ ’ਤੇ ਚੱਲ ਕੇ ਪਛੁਤਾਈ ਨਹੀਂ। ਦਾਸ ਨਾਨਕ ਪੂਰਨ ਵਿਸ਼ਵਾਸ ਨਾਲ਼ ਇਸ ਚੌਥੇ ਪੜਾਅ ਬਾਬਤ ਬੋਲਦਾ ਹੈ ਕਿ ਇੱਥੇ ਸਦੀਵੀ ਰੱਬੀ ਮਿਲਾਪ ਪਾਇਆ ਜਾ ਸਕਦਾ ਹੈ।

ਸੋ, ਸਤਿਗੁਰੂ ਵਿਚੋਲੇ ਦੇ ਉਕਤ ਅੰਮ੍ਰਿਤਮਈ ਵਚਨਾਂ ਨੂੰ ਗ੍ਰਹਿਣ ਕਰ ਕੇ ਅਨੰਦਮਈ ਤੇ ਸੁਖਦਾਈ ਜੀਵਨ ਭੋਗਿਆ ਜਾ ਸਕਦਾ ਹੈ ਭਾਵੇਂ ਕਿ ਸਮਾਜ ’ਚ ਲੋਕ-ਲਾਜ (ਫਰੀਦਾ ਦੁਨੀ ਵਜਾਈ ਵਜਦੀ.. ॥ ਮ: ੫, ਪੰਨਾ ੧੩੮੩) ਤੇ ਅਹੰਕਾਰ (ਵਿਖਾਵੇ ਮਾਤਰ ਪਰਪੰਚ) ਨੂੰ ਪਿਆਰ ਕਰਨ ਵਾਲ਼ੀ ਦੁਨਿਆਵੀ ਬਿਰਤੀ ਅੱਜ ਵੀ ਪੂਰਨ ਗੁਰੂ-ਵਿਚੋਲੇ (ਗੁਰੂ ਰਾਮਦਾਸ ਜੀ) ਵੱਲੋਂ ਨਕਾਰੇ ਦਾਜ (ਹੋਰਿ ਮਨਮੁਖ, ਦਾਜੁ ਜਿ ਰਖਿ ਦਿਖਾਲਹਿ; ਸੁ ਕੂੜੁ ਅਹੰਕਾਰੁ ਕਚੁ ਪਾਜੋ ॥ ਸਿਰੀਰਾਗੁ, ਮ: ੪, ਪੰਨਾ ੭੯) ਨੂੰ ਮਹੱਤਵ ਦੇ ਕੇ ਆਪਣੇ ਜੀਵਨ ਅਤੇ ਪਰਿਵਾਰਕ ਜ਼ਿੰਦਗੀ ਨੂੰ ਨਰਕ ਬਣਾਉਂਦੀ ਵੇਖੀ ਜਾ ਸਕਦੀ ਹੈ।