ਨਾਨਕਸ਼ਾਹੀ ਕੈਲੰਡਰ ਦਾ ਵਿਰੋਧ ਕਰਨ ਵਾਲਿਆਂ ਨੂੰ ਕੁਝ ਸਵਾਲ

0
820

ਨਾਨਕਸ਼ਾਹੀ ਕੈਲੰਡਰ ਦਾ ਵਿਰੋਧ ਕਰਨ ਵਾਲਿਆਂ ਨੂੰ ਕੁਝ ਸਵਾਲ

ਕਿਰਪਾਲ ਸਿੰਘ ਬਠਿੰਡਾ 88378-13661

ਸਿੱਖ ਕੌਮ ਦੀ ਤਰਾਸਦੀ ਇਹ ਹੈ ਕਿ ਨਾਨਕਸ਼ਾਹੀ ਕੈਲੰਡਰ ਸਬੰਧੀ ਫ਼ੈਸਲਾ ਕਰਨ ਵਾਲੀ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਸਮੇਤ ਕਿਸੇ ਵੀ ਅਹੁੱਦੇਦਾਰ ਨੂੰ ਅਤੇ ਸ਼੍ਰੋਮਣੀ ਕਮੇਟੀ ਰਾਹੀਂ ਉੱਪਰੋਂ ਆਇਆ ਫ਼ੈਸਲਾ ਕੌਮ ਦੇ ਸਿਰ ਥੋਪਣ ਵਾਲੇ ਕਿਸੇ ਵੀ ਜਥੇਦਾਰ ਨੂੰ ਕੈਲੰਡਰ ਵਿਗਿਆਨ ਸਬੰਧੀ ਇੱਲ ਤੋਂ ਕੁੱਕੜ ਨਹੀਂ ਆਉਂਦਾ। ਇਸ ਦਾ ਅੰਦਾਜ਼ਾ ਸ਼੍ਰੋਮਣੀ ਕਮੇਟੀ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨਾਲ ਟੈਲੀਫੋਨ ’ਤੇ ਹੋਈ ਗੱਲਬਾਤ (ਵੇਰਵਾ ਹੇਠਾਂ ਵੀਡੀਓ ਵਿਚ) ਸੁਣ ਕੇ  ਲਾਇਆ ਜਾ ਸਕਦਾ ਹੈ। ਪ੍ਰਧਾਨ ਸਾਹਿਬ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਪੋਹ ਸੁਦੀ 7 ਦੀ ਰੱਟ ਤਾਂ ਲਾ ਰਹੇ ਹਨ ਜੋ ਇਸ ਸਾਲ 13 ਜਨਵਰੀ ਨੂੰ ਆ ਰਿਹਾ ਹੈ ਪਰ ਉਹ ਇਹ ਨਹੀਂ ਸਮਝਾ ਰਹੇ ਕਿ ਪੋਹ ਸੁਦੀ 7 ਦੇ ਹਿਸਾਬ ਅੱਜ ਪੋਹ ਸੁਦੀ ਦੀ ਕਿਹੜੀ ਤਿੱਥ ਹੈ ?  ਤੇ ਪਿਛਲੇ ਸਾਲ ਪੋਹ ਸੁਦੀ ਕਿਹੜੀ ਤਰੀਖ ਨੂੰ ਆਈ ਸੀ ਅਤੇ ਅਗਲੇ ਸਾਲ ਕਿਹੜੀ ਤਰੀਖ ਨੂੰ ਆਵੇਗੀ ? ਉਨ੍ਹਾਂ ਨੂੰ ਇਹ ਵੀ ਨਹੀਂ ਪਤਾ ਕਿ ਸਾਲ ਵਿੱਚ ਕਿਤਨੇ ਦਿਨ ਹੁੰਦੇ ਹਨ। ਜਿਨ੍ਹਾਂ ਜਥੇਦਾਰਾਂ ਤੋਂ ਜਾਰੀ ਕਰਵਾਏ ਹੁਕਮਨਾਮਿਆਂ ਦੀ ਛਤਰੀ ਫੜ ਕੇ ਆਪਣਾ ਛੁਟਕਾਰਾ ਕਰਵਾਉਂਦੇ ਹਨ ਉਨ੍ਹਾਂ ਨਾਲ ਗੱਲ ਕਰ ਕੇ ਵੇਖ ਲਵੋ ਤਾਂ ਉਨ੍ਹਾਂ ਦਾ ਹਾਲ ਵੀ ਪ੍ਰਧਾਨ ਲੌਂਗੋਵਾਲ ਤੋਂ ਵੱਖਰਾ ਨਹੀਂ ਹੈ। ਕੈਲੰਡਰ ਵਿੱਚ ਸੋਧ ਦੇ ਨਾਮ ’ਤੇ ਨਾਨਕਸ਼ਾਹੀ ਕੈਲੰਡਰ ਦਾ ਕਤਲ ਕਰਨ ਵਾਲੇ ਜਿਨ੍ਹਾਂ ਨੂੰ ਇਹ ਨਹੀਂ ਪਤਾ ਕਿ 6 ਜਨਵਰੀ ਨੂੰ ਚੰਦਰਮਾਂ ਦੀ ਕਿਹੜੀ ਤਿੱਥ ਹੈ ਉਨ੍ਹਾਂ ਨੇ ਕਿਵੇਂ ਅੰਦਾਜ਼ਾ ਲਾਇਆ ਕਿ ਪੋਹ ਸੁਦੀ 7, 13 ਜਨਵਰੀ ਨੂੰ ਆਵੇਗੀ ? ਮੈਨੂੰ ਤਾਂ ਇਹ ਵੀ ਯਕੀਨ ਹੈ ਕਿ ਜੇਕਰ ਇਨ੍ਹਾਂ ਨੂੰ ਜੰਤਰੀ ਵਿਖਾ ਕੇ ਪੁੱਛਿਆ ਜਾਵੇ ਕਿ ਇੱਥੇ ਵੇਖੋ 6 ਜਨਵਰੀ ਨੂੰ ਪੋਹ ਸੁਦੀ 1 ਲਿਖਿਆ ਹੈ, ਇਸ ਅਨੁਸਾਰ ਪੋਹ ਸੁਦੀ 7 ਨੂੰ 12 ਜਨਵਰੀ ਹੋਣੀ ਚਾਹੀਦੀ ਹੈ, ਪਰ 13 ਜਨਵਰੀ ਕਿਵੇਂ ਹੋ ਗਈ ?  ਇਨ੍ਹਾਂ ਨੂੰ ਇਹ ਵੀ ਨਹੀਂ ਪਤਾ ਕਿ ਪੰਡਿਤ ਦੇਵੀ ਦਿਆਲ ਜੋਤਸ਼ੀ ਦੀ ਜੋ ਜੰਤਰੀ ਵੇਖ ਕੇ ਇਹ ਆਪਣਾ ਕੈਲੰਡਰ ਛਾਪਦੇ ਹਨ ਉਸ ਵਿੱਚ 6 ਜਨਵਰੀ ਨੂੰ ਵੀ ਪੋਹ ਸੁਦੀ 1 ਹੈ ਅਤੇ 7 ਜਨਵਰੀ ਨੂੰ ਵੀ ਪੋਹ ਸੁਦੀ 1 ਹੈ।

ਪਿਛਲੇ ਸਾਲ ਬਿਕ੍ਰਮੀ ਕੈਲੰਡਰ ਦੇ ਵੱਡੇ ਸਮਰਥਕ ਸੰਤ ਸੇਵਾ ਸਿੰਘ ਰਾਮਪੁਰ ਖੇੜਾ ਵਾਲੇ ਨੂੰ ਜਦ ਪੁੱਛਿਆ ਗਿਆ ਸੀ ਕਿ 19 ਮਈ/6 ਜੇਠ ਨੂੰ ਵੀ ਜੇਠ ਸੁਦੀ 4 ਹੈ ਅਤੇ ਇੱਕ ਮਹੀਨੇ ਪਿੱਛੋਂ 17 ਜੂਨ/3 ਹਾੜ ਨੂੰ ਵੀ ਜੇਠ ਸੁਦੀ 4 ਹੈ।  ਸੋ ਤੁਸੀਂ ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਸ਼ਹੀਦੀ ਦਿਨ ਕਿਹੜੀ ਜੇਠ ਸੁਦੀ 4 ਨੂੰ ਮਨਾਓਗੇ ਤਾਂ ਪਹਿਲਾਂ ਤਾਂ ਉਹ ਇਹ ਮੰਨਣ ਲਈ ਤਿਆਰ ਨਹੀਂ ਸੀ ਕਿ ਇੱਕੋ ਤਿੱਥ ਦੋ ਦਿਨਾਂ ਨੂੰ ਕਿਵੇਂ ਆ ਸਕਦੀ ਹੈ ? ਪਰ ਜਦੋਂ ਜੰਤਰੀ ਵਿਖਾਈ ਗਈ ਤਾਂ ਉਹ ਇਸ ਦਾ ਕੋਈ ਜਵਾਬ ਨਾ ਦੇ ਸਕੇ।

ਇਨ੍ਹਾਂ ਵੱਲੋਂ ਕੈਲੰਡਰ ਦੇ ਮਾਹਰ ਸਮਝੇ ਜਾਂਦੇ ਜਿਸ ਲੈਫ: ਕਰਨਲ ਸੁਰਜੀਤ ਸਿੰਘ ਨਿਸ਼ਾਨ ਦੀ ਸਾਲਾਹ ਮੰਨ ਕੇ ਸ਼੍ਰੋਮਣੀ ਕਮੇਟੀ ਨੇ ਨਾਨਕਸ਼ਾਹੀ ਕੈਲੰਡਰ ਦਾ ਕਤਲ ਕਰ ਕੇ ਕੌਮ ਨੂੰ ਮੁੜ ਬਿਕ੍ਰਮੀ ਕੈਲੰਡਰ ਦੀ ਘੁੰਮਣਘੇਰੀ ਵਿੱਚ ਪਾਇਆ ਹੈ ਉਸ ਨੂੰ ਕੈਲੰਡਰਾਂ ਸਬੰਧੀ ਮੁੱਢਲੀ ਜਾਣਕਾਰੀ ਤਾਂ ਹੈ ਪਰ ਇਹ ਉਸ ਨੂੰ ਵੀ ਨਹੀਂ ਪਤਾ ਕਿ ਕੈਲੰਡਰਾਂ ਵਿੱਚ ਸੋਧ ਕਰਨ ਦੀ ਲੋੜ ਕਿਉਂ ਪੈਂਦੀ ਹੈ ਅਤੇ ਸੋਧ ਉਪਰੰਤ ਪੁਰਾਣੇ ਕੈਲੰਡਰ ਦੀਆਂ ਤਰੀਖਾਂ ਸੋਧੇ ਹੋਏ ਕੈਲੰਡਰ ਦੀਆਂ ਤਰੀਖਾਂ ਵਿੱਚ ਕਿਸ ਤਰ੍ਹਾਂ ਤਬਦੀਲ ਕੀਤੀਆਂ ਜਾਂਦੀਆਂ ਹਨ। ਉਹ ਇਕੋ ‘ਜੱਟ ਕਾ ਫਾਰਮੂਲਾ’ ਸਿੱਖੇ ਹਨ ਜਿਸ ਦੇ ਅਧਾਰ ’ਤੇ 1998 ਤੋਂ ਭਾਵ ਪਿਛਲੇ 20 ਸਾਲਾਂ ਤੋਂ ਇੱਕੋ ਰੱਟ ਲਾਈ ਜਾ ਰਹੇ ਹਨ ਕਿ 1582 ਵਿੱਚ ਪੋਪ ਗ੍ਰੈਗੋਰੀਅਨ ਨੇ ਕੈਲੰਡਰ ਵਿੱਚ 10 ਦਿਨਾਂ ਦੀ ਸੋਧ ਲਾਈ ਸੀ। ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਪੋਹ ਸੁਦੀ 7, 23 ਪੋਹ, 22 ਦਸੰਬਰ ਸੰਨ 1666 ’ਚ ਹੋਇਆ ਸੀ ਇਸ ਲਈ 22 ਦਸੰਬਰ ’ਚ 10 ਦਿਨ ਜੋੜਨ ਨਾਲ ਇਹ 1 ਜਨਵਰੀ 1667 ਬਣਦਾ ਹੈ ਪਰ ਪੁਰੇਵਾਲ ਨੇ 23 ਪੋਹ ਦੀ ਤਰੀਖ 5 ਜਨਵਰੀ ਨੂੰ ਨਿਸ਼ਚਿਤ ਕਰ ਦਿੱਤੀ ਇਸ ਲਈ ਇਸ ਵਿੱਚ 4 ਦਿਨਾਂ ਦੀ ਗ਼ਲਤੀ ਹੈ।

ਮੈਂ 1963 ਵਿੱਚ ਦਸਵੀਂ ਪਾਸ ਕੀਤੀ ਸੀ ਜਿਸ ਸਮੇਂ 9ਵੀਂ-10ਵੀਂ ਕਲਾਸ ਵਿੱਚ ਕੈਲੰਡਰ ਦੇ ਸਵਾਲ ਆਉਂਦੇ ਸਨ। ਉਸ ਸਮੇਂ ਸਾਨੂੰ ਇਹ ਪੜ੍ਹਾਇਆ ਜਾਂਦਾ ਸੀ ਕਿ ਭਾਰਤ ’ਚ ਇੰਗਲੈਂਡ ਵਾਲਿਆਂ ਦਾ ਰਾਜ ਰਿਹਾ ਹੈ ਜਿਨ੍ਹਾਂ ਨੇ ਇਹ ਸੋਧ 170 ਸਾਲ ਬਾਅਦ 2 ਸਤੰਬਰ 1752 ਦਿਨ ਬੁੱਧਵਾਰ ਨੂੰ ਲਾਗੂ ਕੀਤੀ ਸੀ। ਭਾਰਤ ਇੰਗਲੈਂਡ ਦੇ ਅਧੀਨ ਹੋਣ ਕਰਕੇ ਭਾਰਤ ’ਚ ਵੀ ਇਹ ਸੋਧ 2 ਸਤੰਬਰ 1752 ਤੋਂ ਹੀ ਲਾਗੂ ਹੋਈ ਅਤੇ ਉਸ ਸਮੇਂ 10 ਦੀ ਬਜਾਏ 11 ਦਿਨਾਂ ਦੀ ਸੋਧ ਕਰਨੀ ਪਈ ਸੀ ਇਸ ਲਈ ਅਗਲੇ ਦਿਨ ਵੀਰਵਾਰ ਨੂੰ 3 ਸਤੰਬਰ ਦੀ ਬਜਾਏ ਸਿੱਧਾ ਹੀ 14 ਸਤੰਬਰ ਕਰ ਲਿਆ ਭਾਵ 1752 ਵਿੱਚ ਸਤੰਬਰ ਦਾ ਮਹੀਨਾ ਕੇਵਲ 19 ਦਿਨਾਂ ਦਾ ਸੀ। ਉਸ ਸਮੇਂ ਸਾਨੂੰ ਇਹ ਵੀ ਪੜ੍ਹਾਇਆ ਜਾਂਦਾ ਸੀ ਕਿ ਭਾਰਤੀ ਇਤਿਹਾਸ ਦੀਆਂ 2 ਸਤੰਬਰ 1752 ਜਾਂ ਇਸ ਤੋਂ ਪਹਿਲਾਂ ਦੀਆਂ ਤਰੀਖਾਂ ਪੁਰਾਣੇ ਕੈਲੰਡਰ ਜਾਨੀ ਕਿ ਜੂਲੀਅਨ ਕੈਲੰਡਰ ਦੇ ਫਾਰਮੂਲੇ ਨਾਲ ਕੈਲਕੂਲੇਟ ਕੀਤੀਆਂ ਜਾਂਦੀਆਂ ਹਨ ਜਦੋਂ ਕਿ ਇਸ ਤੋਂ ਬਾਅਦ ਦੀਆਂ ਤਰੀਖਾਂ ਗ੍ਰੈਗੋਰੀਅਨ ਕੈਲੰਡਰ ਦੇ ਫਾਰਮੂਲੇ ਨਾਲ ਕੈਲਕੂਲੇਟ ਕੀਤੀਆਂ ਜਾਂਦੀਆਂ ਹਨ। ਇਹ ਕੁਝ ਲਿਖਣ ਦਾ ਮੇਰਾ ਭਾਵ ਇਹ ਹੈ ਕਿ ਜੇ ਦਸਵੀਂ ਪਾਸ ਵਿਦਿਆਰਥੀ ਨੂੰ ਪੁਰਾਣੇ ਕੈਲੰਡਰ ਦੀਆਂ ਤਰੀਖਾਂ ਨੂੰ ਸੋਧੇ ਹੋਏ ਕੈਲੰਡਰ ਦੀਆਂ ਤਰੀਖਾਂ ਤਬਦੀਲ ਕਰਨ ਦੇ ਤਰੀਕੇ ਬਾਰੇ ਜਾਣਕਾਰੀ ਹੈ ਤਾਂ ਕਰਨਲ ਨਿਸ਼ਾਨ ਸਾਹਿਬ ਜੀ ਤਾਂ ਐੱਮ. ਏ. (ਮੈਥ. ਅਤੇ ਅਸਟਰੋਨੋਮੀ) ਹਨ ਉਨ੍ਹਾਂ ਨੂੰ ਇਸ ਦੀ ਜਾਣਕਾਰੀ ਜ਼ਰੂਰ ਹੋਣੀ ਚਾਹੀਦੀ ਹੈ ਕਿ ਪੁਰੇਵਾਲ ਸਾਹਿਬ ਜੀ ਨੇ ਖਾਲਸਾ ਸਾਜਣਾ ਸ਼ਤਾਬਦੀ ਨੂੰ ਮੁੱਖ ਰੱਖ ਕੇ 1999 ਦੀ ਵੈਸਾਖੀ ਤੋਂ ਆਪਣੀ ਸੋਧ ਲਾਗੂ ਕੀਤੀ ਸੀ। ਸ਼੍ਰੋਮਣੀ ਕਮੇਟੀ ਵੱਲੋਂ ਛਾਪੀ ਨਾਨਕਸ਼ਾਹੀ ਜੰਤਰੀ ਦੀ ਭੂਮਿਕਾ ਹੀ ਜੇ ਧਿਆਨ ਨਾਲ ਪੜ੍ਹ ਲੈਣ ਤਾਂ ਉਨ੍ਹਾਂ ਨੂੰ ਇਹ ਸਮਝ ਵੀ ਜ਼ਰੂਰ ਆਉਣੀ ਚਾਹੀਦੀ ਹੈ ਕਿ ਬਿਕ੍ਰਮੀ ਕੈਲੰਡਰ ਦੇ ਮਹੀਨਿਆਂ ਦੇ ਦਿਨਾਂ ਦੀ ਗਿਣਤੀ ਹਰ ਸਾਲ ਸਥਿਰ ਨਹੀਂ ਰਹਿੰਦੀ ਜਿਨ੍ਹਾਂ ਵਿੱਚੋਂ ਸਾਲ ਦੇ ਕੁਝ ਮਹੀਨਿਆਂ ਦੇ ਦਿਨਾਂ ਦੀ ਗਿਣਤੀ 29 ਦਿਨਾਂ ਤੋਂ 32 ਦਿਨਾਂ ਤੱਕ ਹਰ ਸਾਲ 1 ਦਿਨ ਦੇ ਅੰਤਰ ਨਾਲ ਬਦਲਦੀ ਰਹਿੰਦੀ ਹੈ ਜਿਨ੍ਹਾਂ ਨੂੰ ਆਮ ਆਦਮੀ ਲਈ ਯਾਦ ਰੱਖਣਾ ਅਤੇ ਸਮਝਣਾ ਅਤਿ ਮੁਸ਼ਕਲ ਹੋਣ ਕਰਕੇ ਗਣਿਤ ਨੂੰ ਸੌਖਿਆਂ ਕਰਨ ਲਈ ਪਹਿਲੇ 5 ਮਹੀਨੇ ਚੇਤ ਤੋਂ ਸਾਵਣ ਤੱਕ 31-31 ਦਿਨਾਂ ਦੇ ਅਤੇ ਪਿਛਲੇ 7 ਮਹੀਨੇ ਆਮ ਸਾਲਾਂ ਵਿੱਚ 30-30 ਦਿਨਾਂ ਦੇ ਪਰ ਲੀਪ ਦੇ ਸਾਲ ਵਿੱਚ ਅਖੀਰਲਾ ਫੱਗਣ ਦਾ ਮਹੀਨਾ 31 ਦਿਨਾਂ ਦਾ ਹੋ ਜਾਂਦਾ ਹੈ।  1999 ’ਚ ਵੈਸਾਖੀ 14 ਅਪ੍ਰੈਲ ਨੂੰ ਆਉਣ ਨਾਲ 1 ਵੈਸਾਖ ਤੋਂ ਨਾਨਕਸ਼ਾਹੀ ਕੈਲੰਡਰ ਦਾ ਮਹੀਨਾ ਸ਼ੁਰੂ ਕਰਕੇ ਸਾਰੇ ਮਹੀਨਿਆਂ ਦੇ ਦਿਨਾਂ ਦੀ ਗਿਣਤੀ ਪੂਰੀ ਕਰਕੇ 365/66 ਦਿਨ ਬਾਅਦ ਮੁੜ 1 ਵੈਸਾਖ 14 ਅਪ੍ਰੈਲ ਨੂੰ ਆ ਜਾਂਦਾ ਹੈ। ਇਸ ਤਰ੍ਹਾਂ ਸਾਰੇ ਮਹੀਨਿਆਂ ਦੇ ਦਿਨ 1999 ਤੋਂ ਬਾਅਦ ਹਮੇਸ਼ਾਂ ਲਈ ਨਿਸ਼ਚਿਤ ਸਮੇਂ ਅਤੇ ਤਰੀਖ ਨੂੰ ਆਉਣੇ ਸ਼ੁਰੂ ਹੋ ਗਏ ਜਿਸ ਮੁਤਾਬਕ 23 ਪੋਹ ਹਰ ਸਾਲ 5 ਜਨਵਰੀ ਨੂੰ ਆਵੇਗਾ, ਪਰ 1999 ਤੋਂ ਪਹਿਲਾਂ 23 ਪੋਹ ਬਿਕ੍ਰਮੀ ਕੈਲੰਡਰ ਦੇ ਫਾਰਮੂਲੇ ਨਾਲ ਹੀ ਕੈਲਕੂਲੇਟ ਕੀਤਾ ਜਾਵੇਗਾ ਜਿਵੇਂ ਕਿ 2 ਸਤੰਬਰ 1752 ਤੋਂ ਪਹਿਲਾਂ ਦੇ ਸਾਰੇ ਦਿਨ ਪੁਰਾਣੇ ਜੂਲੀਅਨ ਕੈਲੰਡਰ ਦੇ ਫਾਰਮੂਲੇ ਨਾਲ ਹੀ ਕੈਲਕੂਲੇਟ ਕੀਤੇ ਜਾਂਦੇ ਹਨ। ਉਨ੍ਹਾਂ ਨੂੰ ਇਹ ਵੀ ਜਾਣਕਾਰੀ ਹੋਣੀ ਚਾਹੀਦੀ ਹੈ ਕਿ ਜਿਨ੍ਹਾਂ ਦੇ ਕੈਲੰਡਰ ਦੇ ਸਾਲ ਦੀ ਲੰਬਾਈ ਰੁੱਤੀ ਸਾਲ ਨਾਲੋਂ ਕੇਵਲ 11 ਮਿੰਟ ਵੱਧ ਸੀ ਜੇ ਉਨ੍ਹਾਂ ਨੂੰ 1582 ਵਿੱਚ ਹੀ ਸੋਧ ਕਰਨੀ ਪਈ ਤਾਂ ਬਿਕ੍ਰਮੀ ਕੈਲੰਡਰ ਜਿਸ ਦੀ ਲੰਬਾਈ ਰੁੱਤੀ ਸਾਲ ਨਾਲੋਂ ਗੁਰੂ ਕਾਲ ਦੌਰਾਨ 24 ਮਿੰਟ ਵੱਧ ਸੀ ਉਨ੍ਹਾਂ ਨੂੰ ਤਾਂ ਇਸ ਵਿੱਚ ਸੋਧ ਕਰਨ ਦੀ ਅਤਿਅੰਤ ਲੋੜ ਪੈਣੀ ਹੈ। ਪੰਡਿਤ ਜੋਤਸ਼ੀਆਂ ਵੱਲੋਂ 1964 ਵਿੱਚ ਇਸ ਵਿੱਚ ਸੋਧ ਦਾ ਯਤਨ ਤਾਂ ਜ਼ਰੂਰ ਕੀਤਾ ਗਿਆ ਪਰ ਇਹ ਸੋਧ ਕੇਵਲ ਸਾਢੇ ਕੁ ਤਿੰਨ ਮਿੰਟ ਦੀ ਹੀ ਸੀ ਤੇ ਹਾਲੀ ਵੀ ਰੁੱਤੀ ਸਾਲ ਨਾਲੋਂ ਤਕਰੀਬਨ 20 ਮਿੰਟ ਦਾ ਫ਼ਰਕ ਹੈ।  ਕਰਨਲ ਸੁਰਜੀਤ ਸਿੰਘ ਦੀ ਕੰਨਫਿਊਜ਼ਨ ਸਿਰਫ ਇਹੀ ਹੈ ਕਿ 10 ਦਿਨਾਂ ਦਾ ਫਾਰਮੂਲਾ ਲਾਉਣ ਸਮੇਂ ਇਹ ਸੋਧ ਲਾਉਣੀ ਭੁੱਲ ਜਾਂਦੇ ਹਨ। ਜੇ ਕਰਨਲ ਸੁਰਜੀਤ ਸਿੰਘ ਸਮੇਤ ਉਨ੍ਹਾਂ ਦੇ ਸਮਰਥਕ ਹਾਲੀ ਵੀ ਸਮਝਣ ਤੋਂ ਅਸਮਰਥ ਹਨ ਤਾਂ ਹੇਠ ਲਿਖੇ ਨੁਕਤਿਆਂ ਨੂੰ ਧਿਆਨ ਨਾਲ ਪੜ੍ਹਨ ਅਤੇ ਪੁੱਛੇ ਗਏ ਸਵਾਲਾਂ ਦਾ ਜਵਾਬ ਦੇਣ ਦੀ ਖੇਚਲ ਕਰਨ ਜੀ :-

1. ਕੀ ਉਨ੍ਹਾਂ ਨੂੰ ਪਤਾ ਹੈ ਕਿ ਸੰਨ 1469, ਜਿਸ ਸਾਲ ਗੁਰੂ ਨਾਨਕ ਸਾਹਿਬ ਜੀ ਦਾ ਪ੍ਰਕਾਸ਼ ਹੋਇਆ ਸੀ ਉਸ ਸਾਲ ਵੈਸਾਖੀ 27 ਮਾਰਚ ਨੂੰ ਸੀ ਅਤੇ 1699 ਜਦੋਂ ਗੁਰੂ ਗੋਬਿੰਦ ਸਿੰਘ ਜੀ ਨੇ ਖ਼ਾਲਸਾ ਪੰਥ ਦੀ ਸਾਜਣਾ ਕੀਤੀ ਸੀ ਉਸ ਸਾਲ ਵੈਸਾਖੀ 29 ਮਾਰਚ ਨੂੰ ਸੀ। ਜੇ ਕਰਨਲ ਨਿਸ਼ਾਨ ਵਾਲਾ ਫਾਰਮੂਲਾ (10 ਦਿਨ ਵਧਾ ਕੇ) ਹੀ ਵਰਤਿਆ ਜਾਵੇ ਤਾਂ 1699 ਵਾਲੀ ਵੈਸਾਖੀ ਅੱਜ ਕੱਲ੍ਹ 8 ਅਪ੍ਰੈਲ ਨੂੰ ਆਉਣੀ ਚਾਹੀਦੀ ਹੈ ਪਰ ਵੈਸਾਖੀ ਤਾਂ 13 ਜਾਂ 14 ਅਪ੍ਰੈਲ ਨੂੰ ਆਉਂਦੀ ਹੈ ਅਤੇ ਕਰਨਲ ਸੁਰਜੀਤ ਸਿੰਘ ਸਮੇਤ ਉਨ੍ਹਾਂ ਦੇ ਕਿਸੇ ਸਮਰਥਕ ਨੂੰ ਵੈਸਾਖੀ ਵਿੱਚ 5-6 ਦਿਨਾਂ ਦਾ ਫਰਕ ਰੜਕਦਾ ਨਹੀਂ ਤਾਂ ਫਿਰ ਕਿਉਂ ਕੇਵਲ 23 ਪੋਹ ਦੀ 4 ਦਿਨਾਂ ਦੀ ਗ਼ਲਤੀ ਦੱਸਣ ਦੀ ਜ਼ਿੱਦ ਕੀਤੀ ਜਾਂਦੀ ਹੈ ?

2. ਕਰਨਲ ਨਿਸ਼ਾਨ ਦਾ ਅਗਲਾ ਇਤਰਾਜ਼ ਹੈ ਕਿ ਜੇ ਵੈਸਾਖੀ ਵਿੱਚ 8 ਅਪ੍ਰੈਲ ਤੋਂ ਲੈ ਕੇ 14 ਅਪ੍ਰੈਲ ਤੱਕ 6 ਦਿਨਾਂ ਦਾ ਅੰਤਰ ਹੈ ਤਾਂ 23 ਪੋਹ ਵੀ 6 ਦਿਨਾਂ ਦੇ ਅੰਤਰ ਨਾਲ 1 ਜਨਵਰੀ ਦੀ ਬਜਾਏ 7 ਜਨਵਰੀ ਨੂੰ ਹੋਣੀ ਚਾਹੀਦਾ ਸੀ ਜੋ ਅੱਜ ਕੱਲ੍ਹ ਵੀ 7 ਜਨਵਰੀ ਨੂੰ ਹੀ ਆ ਰਹੀ ਹੈ। ਉਸ ਦਾ ਜਵਾਬ ਹੈ ਕਿ ਇਹ ਤਾਂ ਹੀ ਸੰਭਵ ਹੋਵੇਗਾ ਜੇ ਨਾਨਕਸ਼ਾਹੀ ਕੈਲੰਡਰ ਦੇ ਸਾਰੇ ਮਹੀਨਿਆਂ ਦੇ ਦਿਨਾਂ ਦੀ ਗਿਣਤੀ 29 ਤੋਂ 32 ਦਿਨਾਂ ਵਿੱਚ ਹਰ ਸਾਲ ਬਿਕ੍ਰਮੀ ਕੈਲੰਡਰ ਵਾਙ ਹੀ ਵਧਦੀ ਘਟਦੀ ਰਹੇ। ਜੇ ਨਾਨਕਸ਼ਾਹੀ ਕੈਲੰਡਰ ਦੇ ਮਹੀਨਿਆਂ ਦੇ ਦਿਨਾਂ ਦੀ ਗਿਣਤੀ ਬਿਕ੍ਰਮੀ ਕੈਲੰਡਰ ਦੇ ਮਹੀਨਿਆਂ ਵਾਲੀ ਹੀ ਰੱਖ ਲਈ ਜਾਵੇ ਤਾਂ ਇਸ ਦੇ ਸਾਲ ਦੀ ਲੰਬਾਈ ਵੀ ਬਿਕ੍ਰਮੀ ਕੈਲੰਡਰ ਦੇ ਸਾਲ ਵਾਲੀ ਹੀ ਰਹੇਗੀ ਜੋ ਮੌਸਮੀ ਸਾਲ ਤੋਂ ਤਕਰੀਬਨ 20 ਮਿੰਟ ਵਧ ਹੋਣ ਕਾਰਨ ਤਰੀਖਾਂ ਪਹਿਲਾਂ ਵਾਙ ਹੀ ਬਦਲਦੀਆਂ ਰਹਿਣਗੀਆਂ ਅਤੇ 13 ਹਜ਼ਾਰ ਸਾਲ ਬਾਅਦ ਹਾੜ ਦੇ ਮਹੀਨੇ ਵਿੱਚ ਅੱਜ ਵਰਗੀ ਗਰਮੀ ਪੈਣ ਦੀ ਥਾਂ ਪੋਹ ਦੇ ਮਹੀਨੇ ਵਰਗੀ ਠੰਡ ਪਵੇਗੀ ਅਤੇ ਪੋਹ ਦੇ ਮਹੀਨੇ ’ਚ ਠੰਡ ਪੈਣ ਦੀ ਬਜਾਏ ਅੱਜ ਦੇ ਹਾੜ ਮਹੀਨੇ ਵਰਗੀ ਗਰਮੀ ਪਵੇਗੀ। ਉਸ ਸਮੇਂ ਜਦੋਂ ਅਸੀਂ ਪੜ੍ਹਾਂਗੇ ਕਿ 2 ਹਾੜ ਨੂੰ ਮੌਸਮ ਗਰਮ ਸੀ, ਤਵੀ ਜਿਸ ’ਤੇ ਗੁਰੂ ਅਰਜਨ ਸਾਹਿਬ ਜੀ ਚੌਕੜਾ ਮਾਰ ਕੇ ਬੈਠੇ ਸਨ; ਗਰਮ ਸੀ ਅਤੇ ਸਿਰ ਉੱਪਰ ਗਰਮ ਰੇਤ ਪਾਈ ਜਾ ਰਹੀ ਸੀ। ਇਤਨੀ ਗਰਮੀ ਵਿੱਚ ਜੇ ਠੰਡੇ ਸਨ ਤਾਂ ਕੇਵਲ ਗੁਰੂ ਅਰਜਨ ਸਾਹਿਬ ਜੀ। ਇਸੇ ਤਰ੍ਹਾਂ ਛੋਟੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਸਬੰਧੀ ਪੜ੍ਹਾਂਗੇ ਕਿ ਪੋਹ ਦੀਆਂ ਠੰਡੀਆਂ ਰਾਤਾਂ ਵਿੱਚ ਸਾਹਿਬਜ਼ਾਦਿਆਂ ਤੇ ਮਾਤਾ ਗੁੱਜਰ ਕੌਰ ਜੀ ਨੂੰ ਠੰਡੇ ਬੁਰਜ ਵਿੱਚ ਰੱਖਿਆ ਗਿਆ ਤੇ ਇਤਨੀ ਠੰਡ ਵਿੱਚ ਉਨ੍ਹਾਂ ਨੂੰ ਠੰਡ ਤੋਂ ਬਚਾ ਲਈ ਕੋਈ ਕੱਪੜਾ ਵੀ ਨਹੀਂ ਦਿੱਤਾ ਗਿਆ। ਉਸ ਸਮੇਂ ਜਦੋਂ ਵਰਣਨ ਕੀਤੇ ਮਹੀਨਿਆਂ ਦਾ ਮੌਸਮ ਸਾਡੇ ਮੁੱਖ ਸਰੋਤਾਂ ਵਿੱਚ ਲਿਖੇ ਹੋਏ ਇਤਿਹਾਸਕ ਘਟਨਾਵਾਂ ਦੇ ਮੌਸਮ ਨਾਲ ਮੇਲ ਨਾ ਖਾਂਦਾ ਹੋਇਆ ਤਾਂ ਆਪਣੇ ਇਤਿਹਾਸ ਨੂੰ ਕਿਵੇਂ ਸੱਚਾ ਸਿੱਧ ਕਰਾਂਗੇ ਅਤੇ ਇਸ ਦੇ ਦੋਸ਼ੀ ਅਸੀਂ ਕਿਸ ਨੂੰ ਮੰਨਾਂਗੇ ?

3. ਤੀਸਰਾ ਇਤਰਾਜ਼ ਹੈ ਕਿ ਪੁਰੇਵਾਲ ਨੇ ਝੂਠੀਆਂ ਸੰਗਰਾਂਦਾਂ ਮਿਥ ਲਈਆਂ ਕਿਉਂਕਿ ਸੰਗਰਾਂਦ ਤਾਂ ਉਸ ਦਿਨ ਹੁੰਦੀ ਹੈ ਜਿਸ ਦਿਨ ਸੂਰਜ ਇੱਕ ਰਾਸ਼ੀ ਤੋਂ ਬਦਲ ਕੇ ਦੂਜੀ ਰਾਸ਼ੀ ਵਿੱਚ ਜਾਂਦਾ ਹੈ। ਇਹ ਇਤਰਾਜ਼ ਕਰਨ ਵਾਲਿਆਂ ਨੂੰ ਸਵਾਲ ਹੈ ਕਿ ਕੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਰਾਸ਼ੀ, ਸੰਗਰਾਂਦ ਜਾਂ ਸੰਕਰਾਂਤ ਨਾਮ ਦਾ ਕੋਈ ਵੀ ਸ਼ਬਦ ਦਰਜ ਹੈ ਜਾਂ ਕੋਈ ਹੋਰ ਵੀ ਐਸਾ ਸ਼ਬਦ ਦਰਜ ਹੈ ਜਿਸ ਵਿੱਚ ਸੰਗਰਾਂਦ ਦੀ ਪਰਿਭਾਸ਼ਾ ਦੱਸੀ ਗਈ ਹੋਵੇ ? ਜੇ ਨਹੀ ਤਾਂ ਗੁਰੂ ਸਾਹਿਬਾਨ ਦੇ ਗੁਰ ਪੁਰਬ ਅੱਗੇ ਪਿੱਛੇ ਆਉਣ ਦਾ ਫਿਕਰ ਛੱਡ ਕੇ ਕੇਵਲ ਪੰਡਿਤ ਦੇਵੀ ਦਿਆਲ ਸ਼ਰਮਾ ਦੀ ਪੰਚਾਂਗ ਵਿੱਚ ਦੱਸੀਆਂ ਸੰਗਰਾਂਦਾਂ ਨਾਲ ਜੁੜੇ ਰਹਿਣ ਦੇ ਕੀ ਕਾਰਨ ਹਨ ?

4. ਸੰਨ 2016 ਦੀ ਕੁਰਾਲੀ ਤੋਂ ਛਪਣ ਵਾਲੀ ਪੰਚਾਂਗ ਵੇਖੀ ਗਈ ਤਾਂ ਉਸ ਵਿੱਚ ਕੱਤਕ ਦੀ ਸੰਗਰਾਂਦ 16 ਅਕਤੂਬਰ ਨੂੰ ਲਿਖੀ ਹੋਈ ਸੀ ਪਰ ਜਲੰਧਰ, ਅੰਮ੍ਰਿਤਸਰ ਤੋਂ ਛਪਣ ਵਾਲੀਆਂ ਪੰਚਾਂਗਾਂ ਵਿੱਚ 17 ਅਕਤੂਬਰ ਨੂੰ ਕੱਤਕ ਦੀ ਸੰਗਰਾਂਦ ਸੀ। ਝੂਠੀਆਂ ਸੰਗਰਾਂਦਾਂ ਦੀ ਰੱਟ ਲਾਉਣ ਵਾਲੇ ਇਨ੍ਹਾਂ ਦੋਵਾਂ ਵਿੱਚੋਂ ਕਿਹੜੀ ਨੂੰ ਸੱਚੀ ਅਤੇ ਕਿਹੜੀ ਨੂੰ ਝੂਠੀ ਮੰਨਦੇ ਹਨ ? ਇਸ ਹਿਸਾਬ ਦੋਵਾਂ ਪੰਚਾਂਗਾਂ ਵਿੱਚ 23 ਪੋਹ ਦੀ ਤਰੀਖ ਵਿੱਚ ਇੱਕ ਦਿਨ ਦਾ ਫਰਕ ਪੈ ਗਿਆ। ਜੇ ਇੱਕੋ ਸਾਲ ਵਿੱਚ ਇੱਕ ਹੀ ਦਿਨ ਦੇ ਫਰਕ ਨੂੰ ਨਿਸ਼ਾਨ ਸਾਹਿਬ ਸਮਝ ਜਾਂ ਸਮਝਾ ਨਹੀਂ ਸਕਦੇ ਤਾਂ ਇਨ੍ਹਾਂ ਵੱਲੋਂ 350 ਸਾਲ ਪਹਿਲਾਂ 1666-67 ਵਿੱਚ ਚਾਰ ਦਿਨਾਂ ਦੇ ਫਰਕ ਦਾ ਰੋਣਾ ਕਿਸ ਅਰਥ ਹੈ ? ਜੇ ਵਾਰਾਨਸੀ ਤੋਂ ਛਪਣ ਵਾਲੀਆਂ ਗਣੇਸ਼ ਅੱਪਾ ਪੰਚਾਂਗ ਜਾਂ ਮਹਾਂਵੀਰ ਪੰਚਾਂਗ ਵੇਖ ਲਵੋ ਤਾਂ ਹਰ ਸਾਲ ਹੀ 3 ਜਾਂ 4 ਸੰਗਰਾਂਦਾਂ ਵੱਖ-ਵੱਖ ਦਿਨਾਂ ਨੂੰ ਹੁੰਦੀਆਂ ਹਨ; ਇਨ੍ਹਾਂ ਵਿੱਚੋਂ ਕਿਹੜੀ ਸੰਗਰਾਂਦ ਨੂੰ ਸੱਚੀ ਅਤੇ ਕਿਸ ਨੂੰ ਝੂਠੀ ਕਹਿਣਗੇ ?

5. ਇਥੇ ਇੱਕ ਗੱਲ ਹੋਰ ਸਮਝਣ ਵਾਲੀ ਹੈ ਕਿ ਵਾਰਾਨਸੀ ਤੋਂ ਛਪਣ ਵਾਲੀਆਂ ਪੰਚਾਂਗਾਂ ਸੂਰਜੀ ਸਿਧਾਂਤ ’ਤੇ ਅਧਾਰਿਤ ਹਨ ਅਤੇ ਇਸੇ ਸਿਧਾਂਤ ਨਾਲ ਬਣੀਆਂ ਪੰਚਾਂਗਾਂ ਗੁਰੂ ਸਾਹਿਬਾਨ ਦੇ ਸਮੇਂ ਪੰਜਾਬ ਵਿੱਚ ਪ੍ਰਚਲਿਤ ਸੀ, ਪਰ 1964 ਤੋਂ ਬਾਅਦ ਉੱਤਰੀ ਭਾਰਤ ਦੇ ਪੰਡਿਤਾਂ ਨੇ ਇਸ ਵਿੱਚ ਸੋਧ ਕਰਕੇ ਦ੍ਰਿੱਕ ਗਣਿਤ ਅਧਾਰਿਤ ਪੰਚਾਂਗਾਂ ਲਾਗੂ ਕਰ ਲਈਆਂ ਜਿਸ ਦੇ ਆਧਾਰ ’ਤੇ ਦੇਵੀ ਦਿਆਲ ਪੰਚਾਂਗਾਂ ਛਪਦੀਆਂ ਹਨ ਅਤੇ ਉਸੇ ਦੇ ਆਧਾਰ ’ਤੇ ਹੀ ਸ਼੍ਰੋਮਣੀ ਕਮੇਟੀ ਆਪਣੇ ਕੈਲੰਡਰ ਛਾਪਦੀ ਹੈ। ਸੋ ਗੁਰੂ ਕਾਲ ਵਾਲਾ ਕੈਲੰਡਰ ਤਾਂ ਇਹ 1964 ਵਿੱਚ ਹੀ ਛੱਡ ਚੁੱਕੇ ਹਨ। ਗੁਰੂ ਸਾਹਿਬਾਨ ਵੱਲੋਂ ਵਰਤਿਆ ਕੈਲੰਡਰ ਨਾ ਛੱਡਣ ਦੇ ਚਾਹਵਾਨ ਕੀ ਵਾਰਾਨਸੀ ਤੋਂ ਸੂਰਯ ਸਿਧਾਂਤ ਦੇ ਅਧਾਰਿਤ ਛਪਣ ਵਾਲੀਆਂ ਪੰਚਾਂਗਾਂ ਅਪਣਾਉਣਗੇ ?

6. ਪਿਛਲੇ 20 ਸਾਲਾਂ ਤੋਂ ਨਾਨਕਸ਼ਾਹੀ ਕੈਲੰਡਰ ’ਚ ਦਰਜ ਤਰੀਖਾਂ ਨੂੰ ਗ਼ਲਤ ਦੱਸਣ ਦੀ ਰੱਟ ਲਾਉਣ ਵਾਲੇ ਕਰਨਲ ਨਿਸ਼ਾਨ ਨੇ ਦਸੰਬਰ 2016 ਵਿੱਚ ‘ਗੁਰਪੁਰਬ ਦਰਪਣ’ ਨਾਮ ਦੀ ਪੁਸਤਕ ਛਪਵਾਈ, ਜਿਸ ਵਿੱਚ ਸੰਨ 2015 ਤੋਂ ਲੈ ਕੇ 2100 ਤੱਕ ਆਉਣ ਵਾਲੇ 86 ਸਾਲਾਂ ਦੌਰਾਨ ਗੁਰ ਪੁਰਬਾਂ ਦੀਆਂ ਤਰੀਖਾਂ ਦਰਜ ਕੀਤੀਆਂ ਹਨ ਅਤੇ ਇਨ੍ਹਾਂ ਤਰੀਖਾਂ ਨੂੰ ਗ਼ਲਤ ਸਿੱਧ ਕਰਨ ਵਾਲੇ ਨੂੰ ਇੱਕ ਲੱਖ ਰੁਪਏ ਇਨਾਮ ਦੇਣ ਦਾ ਐਲਾਨ ਵੀ ਕੀਤਾ ਪਰ ਇਹ ਪੁਸਤਕ ਬਾਜ਼ਾਰ ਵਿੱਚ ਆਉਣ ਤੋਂ ਪਿੱਛੋਂ ਸ਼੍ਰੋਮਣੀ ਕਮੇਟੀ ਨੇ ਨਾਨਕਸ਼ਾਹੀ ਸੰਮਤ 549 ਅਤੇ 550 ਦੇ ਕੇਵਲ ਦੋ ਹੀ ਕੈਲੰਡਰ ਜਾਰੀ ਕੀਤੇ। ਦੋਵਾਂ ਕੈਲੰਡਰਾਂ ਦਾ ਗੁਰ ਪੁਰਬ ਦਰਪਣ ਵਿੱਚ ਗੁਰ ਪੁਰਬਾਂ ਦੀਆਂ ਦਰਜ ਤਰੀਖਾਂ ਨਾਲ ਮਿਲਾਨ ਕੀਤਾ ਗਿਆ ਤਾਂ ਦੋਵਾਂ ਵਿੱਚ ਹੀ ਤਕਰੀਬਨ 4-4 ਦਿਹਾੜਿਆਂ ਵਿੱਚ ਅੰਤਰ ਵੇਖਿਆ ਗਿਆ। ਇਨ੍ਹਾਂ ਸਬੰਧੀ ਸ: ਸਰਬਜੀਤ ਸਿੰਘ ਜੀ ਸੈਕਰਾਮੈਂਟੋ ਅਤੇ ਮੇਰੇ ਵੱਲੋਂ ਨਿਸ਼ਾਨ ਸਾਹਿਬ ਜੀ ਨਾਲ ਤਕਰੀਨ 3 ਦਰਜਨ ਚਿੱਠੀਆਂ ਦਾ ਆਦਾਨ ਪ੍ਰਦਾਨ ਹੋਇਆ ਇਸ ਦੇ ਬਾਵਜੂਦ ਨਿਸ਼ਾਨ ਸਾਹਿਬ ਜੀ ਨੇ ਨਾ ਆਪਣੇ ਵੱਲੋਂ ਗ਼ਲਤ ਤਰੀਖਾਂ ਅੰਕਿਤ ਹੋ ਜਾਣ ਦੀ ਗ਼ਲਤੀ ਹੀ ਮੰਨੀ ਹੈ ਅਤੇ ਨਾ ਹੀ ਆਪਣੇ ਵੱਲੋਂ ਦਿੱਤੀਆਂ ਤਰੀਖਾਂ ਨੂੰ ਸਹੀ ਸਿੱਧ ਕਰ ਸਕਿਆ ਹੈ। ਉਨ੍ਹਾਂ ਚਿੱਠੀਆਂ ਵਿੱਚ ਪੁੱਛੇ ਸਵਾਲਾਂ ਦਾ ਜਵਾਬ ਸ਼੍ਰੋਮਣੀ ਕਮੇਟੀ, ਜਥੇਦਾਰ ਅਤੇ ਨਾਨਕਸ਼ਾਹੀ ਕੈਲੰਡਰ ਦਾ ਵਿਰੋਧ ਕਰਨ ਵਾਲੇ ਨਿਸ਼ਾਨ ਸਾਹਿਬ ਜੀ ਤੋਂ ਲੈ ਕੇ ਜ਼ਰੂਰ ਦੇਣ।

7. ਸੰਮਤ 551 ’ਚ ਗੁਰ ਪੁਰਬ ਦਰਪਣ ਵਿੱਚ ਨਿਸ਼ਾਨ ਸਾਹਿਬ ਜੀ ਨੇ ਬੰਦੀਛੋੜ ਦਿਵਸ 28 ਅਕਤੂਬਰ ਦਰਜ ਕੀਤਾ ਹੈ ਜਦੋਂ ਕਿ ਜਲੰਧਰ ਤੋਂ ਛਪਣ ਵਾਲੀ ਦੇਵੀ ਲਾਲ ਸ਼ਰਮਾ ਦੀ ਮੁਫੀਦ ਆਲਮ ਜੰਤਰੀ, ਭਾਈ ਚਤਰ ਸਿੰਘ ਜੀਵਨ ਸਿੰਘ ਅੰਮ੍ਰਿਤਸਰ ਵੱਲੋਂ ਛਾਪੀ ਹੋਈ ਅਸਲੀ ਤਿੱਥ ਪਤ੍ਰਿਕਾ ਅਤੇ ਭਾਈ ਬੂਟਾ ਸਿੰਘ ਪ੍ਰਤਾਪ ਸਿੰਘ ਵੱਲੋਂ ਛਾਪੀ ਜਾ ਰਹੀ ਜੋਤਸ਼ੀ ਪ੍ਰਤਾਪ ਸਿੰਘ ਵਾਲੀ ਜੰਤਰੀ ਬਿਕ੍ਰਮੀ ਤਿੱਥ ਪੱਤ੍ਰਕਾ ਭਾਵ ਤਿੰਨਾਂ ਵਿੱਚ ਹੀ ਬੰਦੀ ਛੋੜ ਦਿਵਸ 27 ਅਕਤੂਬਰ ਨੂੰ ਵਿਖਾਇਆ ਗਿਆ ਹੈ। ਸ਼੍ਰੋਮਣੀ ਕਮੇਟੀ, ਜਥੇਦਾਰਾਂ ਸਮੇਤ ਨਾਨਕਸ਼ਾਹੀ ਕੈਲੰਡਰ ਦਾ ਵਿਰੋਧ ਕਰਨ ਵਾਲੇ ਇਸ ਬਾਬਤ ਵੀ ਨਿਸ਼ਾਨ ਸਾਹਿਬ ਜੀ ਤੋਂ ਸਹੀ ਤਰੀਖ ਸਬੰਧੀ ਪੁੱਛ ਗਿੱਛ ਕਰ ਕੇ ਪੰਥ ਨੂੰ ਜਵਾਬ ਦੇਣ ਕਿ ਉਹ ਕਿਸ ਦਿਨ ਬੰਦੀਛੋੜ ਦਿਨ ਮਨਾਉਣ ?

8. ਗੁਰ ਪੁਰਬ ਦਰਪਣ ਦੇ ਪੰਨਾ ਨੰ 85 ’ਤੇ ਨਿਸ਼ਾਨ ਸਾਹਿਬ ਜੀ ਨੇ ਨਾਨਕਸ਼ਾਹੀ ਸੰਮਤ 550 ਚੇਤ ਸੁਦੀ 1 ਮਿਤੀ 18 ਮਾਰਚ ਨੂੰ ਸ਼ੁਰੂ ਕੀਤਾ ਹੈ ਜਦੋਂ ਕਿ ਚੇਤ ਦੀ ਸੰਗਰਾਂਦ 14 ਮਾਰਚ ਨੂੰ ਲਿਖੀ ਹੈ; ਇਸ ਹਿਸਾਬ ਨਾਲ਼ ਨਵਾਂ ਸਾਲ 5 ਚੇਤ ਨੂੰ ਸ਼ੁਰੂ ਹੋਇਆ। ਇਸੇ ਤਰ੍ਹਾਂ ਨਾਨਕਸ਼ਾਹੀ ਸੰਮਤ 549, 29 ਮਾਰਚ/16 ਚੇਤ ਅਤੇ ਸੰਮਤ 551, 6 ਅਪਰੈਲ /24 ਚੇਤ ਨੂੰ ਸ਼ੁਰੂ ਹੋਇਆ ਵਿਖਾਇਆ ਹੈ। ਸ਼੍ਰੋਮਣੀ ਕਮੇਟੀ ਹਰ ਸਾਲ 1 ਚੇਤ/ 14 ਮਾਰਚ ਤੋਂ ਨਵਾਂ ਸਾਲ ਸ਼ੁਰੂ ਕਰਕੇ ਆਪਣਾ ਕੈਲੰਡਰ ਛਾਪਦੀ ਹੈ। ਕੀ ਦੁਨੀਆਂ ਦਾ ਕੋਈ ਐਸਾ ਕੈਲੰਡਰ ਹੈ ਜਿਸ ਵਿੱਚ ਮਹੀਨੇ ਦੇ ਕੁਝ ਦਿਨ ਪਿਛਲੇ ਸਾਲ ਅਤੇ ਕੁਝ ਦਿਨ ਨਵੇਂ ਸਾਲ ਵਿੱਚ ਆਉਂਦੇ ਹੋਣ ਅਤੇ ਇਹ ਵੀ ਨਿਸ਼ਚਿਤ ਨਾ ਹੋਣ ਕਿ ਮਹੀਨੇ ਦੇ ਕਿੰਨੇ ਦਿਨ ਪੁਰਾਣੇ ਸਾਲ ਵਿੱਚ ਹੋਣ ਅਤੇ ਕਿੰਨੇ ਦਿਨ ਨਵੇਂ ਸਾਲ ਵਿੱਚ ?

9. ਬਿਕ੍ਰਮੀ ਕੈਲੰਡਰ ਦੇ ਸਮਰਥਕ ਬਹੁਤ ਦਲੀਲਾਂ ਦਿੰਦੇ ਹਨ ਕਿ ਦੁਨੀਆਂ ਦੇ ਹੋਰਨਾਂ ਦੇਸ਼ਾਂ ਵਿੱਚ ਅਤੇ ਹੋਰਨਾਂ ਧਰਮਾਂ ਦੇ ਵੀ ਚੰਦਰ ਕੈਲੰਡਰ ਲਾਗੂ ਹੈ, ਪਰ ਮੈਂ ਇਨ੍ਹਾਂ ਵੀਰਾਂ ਤੋਂ ਇੱਕ ਸਵਾਲ ਪੁੱਛਦਾ ਹਾਂ ਕਿ ਬਿਕ੍ਰਮੀ ਕੈਲੰਡਰ ਤੋਂ ਬਿਨਾਂ ਕੀ ਕਿਸੇ ਹੋਰ ਦੇਸ਼ ਜਾਂ ਧਰਮ ਦੇ ਕੈਲੰਡਰ ਵਿੱਚ ਵੀ ਇੱਕੇ ਦਿਨ ਦੋ ਤਰੀਖਾਂ ਹੁੰਦੀਆਂ ਹਨ ਜਾਂ ਇੱਕੋ ਤਰੀਖ ਲਗਾਤਾਰ ਦੋ ਦਿਨ ਆਉਂਦੀ ਹੈ, ਜਿਵੇਂ ਕਿ ਬਿਕ੍ਰਮੀ ਕੈਲੰਡਰ ਵਿੱਚ ਆ ਰਹੀਆਂ ਹਨ ?

10.ਜਲੰਧਰ ਤੋਂ ਛਪਣ ਵਾਲੀ ਦੇਵੀ ਦਿਆਲ ਸ਼ਰਮਾ ਦੀ ਮੁਫੀਦ ਆਲਮ ਜੰਤਰੀ ਦੇ ਪੰਨਾ 85 ਅਨੁਸਾਰ ਪੰਜਾਬ, ਜੰਮੂ ਕਸ਼ਮੀਰ, ਹਰਿਆਣਾ, ਹਿਮਾਚਲ ਪ੍ਰਦੇਸ਼, ਰਾਜਸਥਾਨ, ਦਿੱਲੀ, ਪੱਛਮੀ ਉੱਤਰ ਪ੍ਰਦੇਸ਼ ਦੇ ਕੁਝ ਖੇਤਰਾਂ ਸਮੇਤ ਪੱਛਮੀ ਭਾਰਤ ਵਿੱਚ ਬਸੰਤ ਪੰਚਮੀ ਦਾ ਪਰਬ 9 ਫਰਵਰੀ 2019 ਨੂੰ ਅਤੇ ਪੂਰਬੀ ਉੱਤਰ ਪ੍ਰਦੇਸ਼ ਦੇ ਲਖਨਊ ਸ਼ਹਿਰ ਸਮੇਤ ਬਾਕੀ ਦੇ ਖੇਤਰ, ਬਿਹਾਰ, ਬੰਗਾਲ ਆਦਿਕ ਸਮੇਤ ਬਾਕੀ ਦੇ ਸਾਰੇ ਪੂਰਬੀ ਭਾਰਤ ਵਿੱਚ ਇਹ ਪਰਬ 10 ਫਰਵਰੀ ਨੂੰ ਹੈ। ਸ਼੍ਰੋਮਣੀ ਕਮੇਟੀ ਦੇ ਕੈਲੰਡਰ ’ਚ ਸੰਮਤ 550 ਵਿੱਚ ਬਸੰਤ ਪੰਚਮੀ 28 ਮਾਘ (10 ਫਰਵਰੀ) ਨੂੰ ਦਰਜ ਕੀਤਾ ਗਿਆ ਹੈ। ਇਸ ਲਈ ਸ਼੍ਰੋਮਣੀ ਕਮੇਟੀ ਅਤੇ ਜਥੇਦਾਰਾਂ ਸਮੇਤ ਬਿਕ੍ਰਮੀ ਕੈਲੰਡਰ ਦੇ ਸਮਰਥਕ ਦੱਸਣ ਕਿ ਇਹ ਪੱਛਮੀ ਭਾਰਤ ਦੀਆਂ ਜੰਤਰੀਆਂ ਅਨੁਸਾਰ ਆਪਣੇ ਦਿਨ ਦਿਹਾੜੇ ਨਿਸ਼ਚਿਤ ਕਰਨਗੇ ਜਾਂ ਪੂਰਬੀ ਭਾਰਤ ਦੀਆਂ ਜੰਤਰੀਆਂ ਮੁਤਾਬਕ ? ਕਿਉਂਕਿ ਇਸ ਤਰ੍ਹਾਂ ਦੀਆਂ ਦੁਬਿਧਾਵਾਂ ਕਈ ਵਾਰ ਪਹਿਲਾਂ ਵੀ ਵਾਪਰ ਚੁੱਕੀਆਂ ਹਨ ਅਤੇ ਅੱਗੇ ਤੋਂ ਵੀ ਵਾਪਰਦੀਆਂ ਰਹਿਣਗੀਆਂ ਜਿਵੇਂ ਕਿ ਸਾਲ 2000 ਵਿੱਚ ਪੋਹ ਸੁਦੀ 7 ਇੱਕ ਦਿਨ ਦੇ ਅੰਤਰ ਨਾਲ ਆਈ ਸੀ। ਪੰਜਾਬ ’ਚ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਗੁਰ ਪੁਰਬ ਦ੍ਰਿੱਕ ਗਣਿਤ ਅਨੁਸਾਰ 14 ਜਨਵਰੀ ਨੂੰ ਅਤੇ ਪਟਨਾ ਸਾਹਿਬ (ਬਿਹਾਰ) ਜਿੱਥੇ ਗੁਰੂ ਸਾਹਿਬ ਜੀ ਦਾ ਪ੍ਰਾਕਾਸ਼ ਹੋਇਆ ਸੀ ਉਥੇ ਸੂਰਯ ਸਿਧਾਂਤ ਅਨੁਸਾਰ 13 ਜਨਵਰੀ ਨੂੰ ਮਨਾਇਆ ਗਿਆ ਸੀ

11. ਦ੍ਰਿੱਕ ਗਣਿਤ ਦੇ ਅਧਾਰ ’ਤੇ ਪੰਡਿਤ ਦੇਵੀ ਦਿਆਲ ਜੋਤਸ਼ੀ ਵੱਲੋਂ 2019 ਸਾਲ ਦੀਆਂ ਪੰਚਾਂਗਾਂ ਜੋ ਜਲੰਧਰ/ਅੰਮ੍ਰਿਤਸਰ ਤੋਂ ਛਪਦੀਆਂ ਹਨ ਅਤੇ ਸੂਰਯ ਸਿਧਾਂਤ ਦੇ ਅਧਾਰ ’ਤੇ ਜੋਤਸ਼ੀ ਰੁਪੇਸ਼ ਠਾਕੁਰ ਪ੍ਰਸ਼ਾਦ ਦੀਆਂ ਪੰਚਾਂਗਾਂ ਜੋ ਵਾਰਾਨਸੀ ਤੋਂ ਛਪੀ ਹੈ, ਦੀਆਂ ਸੰਗਰਾਂਦਾ ਅਤੇ ਮੱਸਿਆ, ਪੂਰਨਮਾਸ਼ੀਆਂ ਦਾ ਮਿਲਾਨ ਕਰਕੇ ਸਾਰਨੀ ਤਿਆਰ ਕੀਤੀ ਗਈ ਜੋ ਹੇਠਾਂ ਵੇਖੀ ਜਾ ਸਕਦੀ ਹੈ । ਮਿਸਾਲ ਵਜੋਂ ਦੋਵੇਂ ਜੰਤਰੀ/ ਕੈਲੰਡਰ ਦੀਆਂ ਫੋਟੋ ਕਾਪੀਆਂ ਵੇਖੋ। ਜੇ ਸੰਗਰਾਂਦਾਂ ਅਤੇ ਮੱਸਿਆ, ਪੂਰਨਮਾਸ਼ੀਆਂ ਦਾ ਹੀ ਇਨ੍ਹਾਂ ਫਰਕ ਹੈ ਤਾਂ ਦੋਵਾਂ ਪੰਚਾਂਗਾਂ ਦੀਆਂ ਬਾਕੀ ਦੀਆਂ ਤਰੀਖਾਂ ਅਤੇ ਤਿੱਥਾਂ ਦਾ ਕਿਤਨਾ ਫਰਕ ਹੋਵੇਗਾ ਇਸ ਦਾ ਅੰਦਾਜ਼ਾ ਖ਼ੁਦ ਲਾਇਆ ਜਾ ਸਕਦਾ ਹੈ :

12. ਐਡਵੋਕੇਟ ਗੁਰਸ਼ਰਨਜੀਤ ਸਿੰਘ ਲਾਂਬਾ, ਅਨੁਰਾਗ ਸਿੰਘ, ਬਲਜਿੰਦਰ ਸਿੰਘ ਆਦਿਕ ਜਿਹੜੇ ਗੁੰਮਰਾਹਕੁਨ ਪ੍ਰਚਾਰ ਕਰਦੇ ਰਹਿੰਦੇ ਹਨ ਕਿ ਮੱਸਿਆ, ਪੂਰਨਮਾਸ਼ੀਆਂ, ਸੰਗਰਾਂਦਾਂ ਕੁਦਰਤੀ ਨਿਯਮ ਮੁਤਾਬਕ ਆਉਂਦੀਆਂ ਹਨ ਜੋ ਕਿ ਮਨੁੱਖ ਅੱਗੇ ਪਿੱਛੇ ਨਹੀਂ ਕਰ ਸਕਦਾ ਇਸ ਲਈ ਚੰਦਰ ਕੈਲੰਡਰ ਸਭ ਤੋਂ ਵੱਧ ਵਿਗਿਆਨਕ ਕੈਲੰਡਰ ਹੈ ਅਤੇ ਇਸ ਅਨੁਸਾਰ ਨਿਸ਼ਚਿਤ ਕੀਤੀਆਂ ਤਰੀਖਾਂ ਕਦੀ ਵੀ ਬਦਲਦੀਆਂ ਨਹੀਂ। ਉਹ ਕਹਿੰਦੇ ਹਨ ਕਿ ਪੋਹ ਮਹੀਨੇ ਦੀ ਮੱਸਿਆ ਤੋਂ 7 ਦਿਨ ਬਾਅਦ ਪੋਹ ਸੁਦੀ 7 ਹੁੰਦੀ ਹੈ ਜਿਸ ਨੂੰ ਅੱਗੇ ਪਿੱਛੇ ਨਹੀਂ ਕੀਤਾ ਜਾ ਸਕਦਾ। ਉਨ੍ਹਾਂ ਅਨੁਸਾਰ ਸੂਰਜ ਦੇ ਅਧਾਰ ’ਤੇ ਬਣਿਆ ਕੋਈ ਵੀ ਕੈਲੰਡਰ ਵਿਗਿਆਨਕ ਨਹੀਂ ਹੈ। ਸ਼੍ਰੋਮਣੀ ਕਮੇਟੀ ਅਤੇ ਜਥੇਦਾਰਾਂ ਸਮੇਤ ਮੱਸਿਆ, ਪੂਰਨਮਾਸ਼ੀਆਂ ਤੇ ਸੰਗਰਾਂਦਾਂ ਨੂੰ ਪੂਜਣ ਵਾਲੇ ਸਾਰੇ ਵੀਰ ਦੱਸਣ ਕਿ ਇਸ ਸਾਲ ਪੋਹ ਮਹੀਨੇ ਦੀ ਮੱਸਿਆ 5 ਜਨਵਰੀ ਨੂੰ ਸੀ। ਇਸ ਹਿਸਾਬ ਨਾਲ ਮੱਸਿਆ ਤੋਂ 7 ਦਿਨ ਪਿੱਛੋਂ ਪੋਹ ਸੁਦੀ 7, 12 ਜਨਵਰੀ ਨੂੰ ਆਉਣੀ ਚਾਹੀਦੀ ਸੀ। ਇਸ ਲਈ ਇਨ੍ਹਾਂ ਨੂੰ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ 12 ਜਨਵਰੀ ਨੂੰ ਮਨਾਉਣਾ ਚਾਹੀਦਾ ਸੀ ਪਰ ਇਨ੍ਹਾਂ ਨੇ 13 ਜਨਵਰੀ ਨੂੰ ਕਿਉਂ ਮਨਾਇਆ ?

13. ਭਾਈ ਚਤਰ ਸਿੰਘ ਜੀਵਨ ਅੰਮ੍ਰਿਤਸਰ ਵਾਲਿਆਂ ਵੱਲੋਂ ਛਾਪੀ ਹੋਈ ਪੰਡਿਤ ਦੇਵੀ ਦਿਆਲ ਜੋਤਸ਼ੀ ਲਾਹੌਰ ਦੀ ਅਸਲੀ ਤਿੱਥ ਪੱਤ੍ਰਿਕਾ ਪੜ੍ਹ ਰਿਹਾ ਸੀ ਤਾਂ ਮੇਰੇ ਧਿਆਨ ’ਚ ਆਇਆ ਕਿ 1 ਅਪ੍ਰੈਲ 2019 ਈਸਵੀ ਨੂੰ ਅਯਨਾਂਸ਼ 24 ਡਿਗਰੀ 07 ਮਿੰਟ 17 ਸੈਕਿੰਡ ਲਿਖਿਆ ਸੀ ਅਤੇ ਹਰ ਮਹੀਨੇ ਔਸਤਨ 3 ਤੋਂ 5 ਸੈਕੰਡ ਵਧਦਾ ਗਿਆ ਤੇ ਅੰਤ 1 ਮਾਰਚ 2020 ਈ: ਨੂੰ ਇਹ ਅਯਨਾਂਸ਼ ਵਧਦਾ-ਵਧਦਾ 24 ਡਿਗਰੀ 08 ਮਿੰਟ 04 ਸੈਕਿੰਡ ਹੋ ਗਿਆ। ਬਿਕ੍ਰਮੀ ਕੈਲੰਡਰ ਦੇ ਸਭ ਤੋਂ ਵੱਡੇ ਸਮਰਥਕ ਅਤੇ ਮੰਨੇ ਗਏ ਵਿਦਵਾਨ ਕਰਨਲ ਨਿਸ਼ਾਨ ਅਤੇ ਭਾਈ ਬਲਜਿੰਦਰ ਸਿੰਘ ਤੋਂ ਬਹੁਤ ਹੀ ਨਿੰਮ੍ਰਤਾ ਨਾਲ ਪੁੱਛਣਾ ਚਾਹੁੰਦਾ ਹਾਂ ਕਿ ਇਸ ਅਯਨਾਂਸ਼ (ਅਯਨ+ਅੰਸ਼) ਦਾ ਕੀ ਭਾਵ ਹੈ, ਇਹ ਲਗਾਤਾਰ ਵਧਦਾ ਕਿਉਂ ਜਾ ਰਿਹਾ ਹੈ ਅਤੇ ਇਹ ਕੈਲੰਡਰ ’ਤੇ ਕੀ ਪ੍ਰਭਾਵ ਪਾਉਂਦਾ ਹੈ ? ਜੇ ਇਨ੍ਹਾਂ ਵਿਦਵਾਨ ਸੱਜਣਾਂ ਨੇ ਇਸ ਦੀ ਸਹੀ ਪਰਿਭਾਸ਼ਾ ਅਤੇ ਪੈਣ ਵਾਲੇ ਪ੍ਰਭਾਵ ਸਬੰਧੀ ਸਟੀਕ ਜਾਣਕਾਰੀ ਦੇ ਦਿੱਤੀ ਤਾਂ ਇਸ ਸਬੰਧੀ ਵਿਚਾਰ ਵਟਾਂਦਰੇ ਨੂੰ ਅੱਗੇ ਤੋਰਿਆ ਜਾਵੇਗਾ ਨਹੀਂ ਤਾਂ ਮੈਂ ਸਮਝਾਂਗਾ ਕਿ ਮੱਝ ਅੱਗੇ ਬੀਨ ਬਜਾਉਣ ਦਾ ਕੋਈ ਫਾਇਦਾ ਨਹੀਂ ਕਿਉਂਕਿ ਇਨ੍ਹਾਂ ਦੀ ਸੂਈ 1666 ਦੀ 23 ਪੋਹ ਦੀ ਤਰੀਖ ਜਾਨਣ ਦੇ ਇਰਦ ਗਿਰਦ ਹੀ ਘੁੰਮਦੀ ਰਹੇਗੀ ਅਤੇ ਕਦੇ ਵੀ ਬਿਕ੍ਰਮੀ ਕੈਲੰਡਰ ਦੀਆਂ ਬਰੀਕੀ ਅਤੇ ਇਸ ਵਿੱਚ ਭਾਰੀ ਨੁਕਸਾਂ ਸਬੰਧੀ ਇਨ੍ਹਾਂ ਨੂੰ ਕਦੀ ਵੀ ਸਮਝ ਨਹੀਂ ਆਵੇਗੀ ਜਾਂ ਕਿਸੇ ਖਾਸ ਕਾਰਨ ਇਹ ਸਮਝਣਾ ਹੀ ਨਹੀਂ ਚਾਹੁੰਦੇ। ਜਿਹੜਾ ਬੰਦਾ ਜਾਣਦਾ ਬੁਝਦਾ ਵੀ ਸਮਝਣਾ ਨਾ ਚਾਹੇ ਉਹ ਬੇਸਮਝ ਵਿਅਕਤੀ ਨਾਲੋਂ ਕਿਤੇ ਮਾੜਾ ਹੁੰਦਾ ਹੈ ਕਿਉਂਕਿ ਬੇਸਮਝ ਆਦਮੀ ਤਾਂ ਉਮਰ ਦੇ ਤਜਰਬੇ ਅਤੇ ਚੰਗੀ ਸਿਖਿਆ ਗ੍ਰਹਿਣ ਕਰ ਕੇ ਸਮਝਣ ਯੋਗ ਹੋ ਜਾਂਦਾ ਹੈ ਪਰ ਜਿਹੜਾ ਸਮਝਣਾ ਹੀ ਨਾ ਚਾਹੇ ਉਸ ਅੱਗੇ ਤਾਂ ਕਬੀਰ ਸਾਹਿਬ ਜੀ ਦੇ ਸ਼ਬਦਾਂ ਵਿੱਚ ਸਾਚਾ ਸਤਿਗੁਰੂ ਵੀ ਬੇਬੱਸ ਹੋ ਜਾਂਦਾ ਹੈ: ‘‘ਕਬੀਰ ਸਾਚਾ ਸਤਿਗੁਰੁ ਕਿਆ ਕਰੈ ? ਜਉ ਸਿਖਾ ਮਹਿ ਚੂਕ ॥ ਅੰਧੇ ਏਕ ਨ ਲਾਗਈ, ਜਿਉ ਬਾਂਸੁ ਬਜਾਈਐ ਫੂਕ ॥’’ (ਕਬੀਰ ਜੀਉ/੧੩੭੨)

14. ਸ਼੍ਰੋਮਣੀ ਕਮੇਟੀ ਦੇ ਕੈਲੰਡਰ ਵਿੱਚ ਗੁਰੂ ਸਾਹਿਬਾਨ ਦੇ ਪੁਰਬ ਚੰਦਰਮਾਂ ਦੀਆਂ ਤਿਥਾਂ ਮੁਤਾਬਕ, ਪੁਰਾਤਨ ਸਿੱਖ ਇਤਿਹਾਸ ਦੀਆਂ ਘਟਨਾਵਾਂ ਬਿਕ੍ਰਮੀ ਕੈਲੰਡਰ ਦੀਆਂ ਸੂਰਜੀ ਤਰੀਖਾਂ ਅਤੇ ਪੰਜਾਬ ਵਿੱਚ ਅੰਗਰੇਜ਼ਾਂ ਦੇ ਰਾਜ ਆਉਣ ਤੋਂ ਬਾਅਦ ਦੇ ਸਾਰੇ ਇਤਿਹਾਸਕ ਦਿਹਾੜੇ, ਜਿਵੇਂ ਕਿ ਸਾਕਾ ਨਨਕਾਣਾ ਸਾਹਿਬ, ਸਾਕਾ ਪੰਜਾ ਸਾਹਿਬ, ਸ਼੍ਰੋਮਣੀ ਕਮੇਟੀ ਦਾ ਇਤਿਹਾਸ, ਬਾਬਾ ਜਰਨੈਲ ਸਿੰਘ ਭਿੰਡਰਾਂ ਵਾਲੇ, ਹਰਜਿੰਦਰ ਸਿੰਘ ਜਿੰਦਾ, ਸੁਖਦੇਵ ਸਿੰਘ ਸੁੱਖਾ, ਭਾਈ ਬੇਅੰਤ ਸਿੰਘ, ਭਾਈ ਕੇਹਰ ਸਿੰਘ ਅਤੇ ਭਾਈ ਸਤਵੰਤ ਸਿੰਘ ਆਦਿਕ ਦੇ ਸ਼ਹੀਦੀ ਦਿਨ ਈਸਵੀ ਕੈਲੰਡਰ ਦੀਆਂ ਤਰੀਖਾਂ ਅਨੁਸਾਰ ਦਰਜ ਹੋਣ ਕਰਕੇ ਅਕਸਰ ਹੀ ਇੱਕ ਦੂਸਰੇ ਨਾਲ ਨੇੜੇ ਦਾ ਸਬੰਧ ਰੱਖਣ ਵਾਲੀਆਂ ਘਟਨਾਵਾਂ ਅੱਗੇ ਪਿੱਛੇ ਦਰਜ ਹੋਣ ਕਰਕੇ ਕੌਮ ਵਿੱਚ ਦੁਬਿਧਾ ਪੈਦਾ ਕਰਦੀਆਂ ਹਨ ਜਿਵੇਂ ਕਿ 1984 ਵਿੱਚ ਗੁਰੂ ਅਰਜਨ ਸਾਹਿਬ ਜੀ ਦਾ ਸ਼ਹੀਦੀ ਗੁਰਪੁਰਬ ਅਤੇ ਤੀਜਾ ਘੱਲੂਘਾਰਾ ਇੱਕੋ ਸਮੇਂ ਵਾਪਰਿਆ ਪਰ ਉਸ ਤੋਂ ਪਿੱਛੋਂ ਇਹ ਕਦੀ ਵੀ ਇਕੱਠੇ ਨਹੀਂ ਆਏ। ਇਸੇ ਤਰ੍ਹਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਗੁਰ ਪੁਰਬ ਅਤੇ ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਹਰ ਸਾਲ ਅੱਗੇ ਪਿੱਛੇ ਹੁੰਦੇ ਰਹਿੰਦੇ ਹਨ। ਹੋਰ ਤਾਂ ਹੋਰ ਅਕਾਲ ਤਖ਼ਤ ਸਾਹਿਬ ਜੀ ਦੀ ਸਿਰਜਣਾ ਵੀ ਗੁਰੂ ਹਰਿਗੋਬਿੰਦ ਸਾਹਿਬ ਜੀ ਨੇ ਕੀਤੀ ਅਤੇ 19 ਦਿਨਾਂ ਬਾਅਦ ਉਸੇ ਅਕਾਲ ਤਖ਼ਤ ’ਤੇ ਬੈਠ ਕੇ ਮੀਰੀ ਪੀਰੀ ਦੀਆਂ ਦੋ ਕਿਰਪਾਨਾਂ ਪਹਿਨ ਕੇ ਮੀਰੀ ਪੀਰੀ ਸਿਧਾਂਤ ਵੀ ਉਨ੍ਹਾਂ ਨੇ ਹੀ ਲਾਗੂ ਕੀਤਾ। ਸ਼੍ਰੋਮਣੀ ਕਮੇਟੀ ਦੇ ਕੈਲੰਡਰ ਵਿੱਚ ਅਕਾਲ ਤਖ਼ਤ ਸਾਹਿਬ ਜੀ ਦੀ ਸਿਰਜਣਾ ਸੂਰਜੀ ਮਹੀਨੇ ਦੀਆਂ ਤਰੀਖਾਂ ਅਤੇ ਮੀਰੀ ਪੀਰੀ ਦਿਵਸ ਚੰਦਰ ਮਹੀਨੇ ਦੀਆਂ ਤਰੀਖਾਂ ਨਾਲ ਦਰਜ ਕੀਤੇ ਜਾਂਦੇ ਹਨ। ਇਸੇ ਤਰ੍ਹਾਂ ਅਨੰਦਪੁਰ ਸਾਹਿਬ ਵਿਖੇ ਖ਼ਾਲਸੇ ਦੀ ਸਾਜਣਾ ਵੀ ਗੁਰੂ ਗੋਬਿੰਦ ਸਿੰਘ ਜੀ ਨੇ ਕੀਤੀ ਅਤੇ ਹੋਲਾ ਮਹੱਲਾ ਖੇਡਣ ਦੀ ਰੀਤ ਵੀ ਉਨ੍ਹਾਂ ਨੇ ਸ਼ੁਰੂ ਕੀਤੀ ਪਰ ਖ਼ਾਲਸੇ ਦਾ ਸਾਜਣਾ ਦਿਵਸ ਭਾਵ ਵੈਸਾਖੀ ਸੂਰਜੀ ਮਹੀਨੇ ਦੀ ਤਰੀਖ ਅਤੇ ਹੋਲਾ ਮਹੱਲਾ ਚੰਦਰ ਮਹੀਨੇ ਦੀ ਤਿੱਥ ਅਨੁਸਾਰ ਨਿਸ਼ਚਿਤ ਕੀਤਾ ਜਾਣ ਕਰ ਕੇ ਕਦੀ ਤਾਂ ਫਗਣ ਦੇ ਮਹੀਨੇ ਵਿੱਚ ਆ ਜਾਂਦਾ ਹੈ ਅਤੇ ਕਦੇ ਚੇਤ ਵਿੱਚ ਆਉਣ ਕਰਕੇ ਨਾਨਕਸ਼ਾਹੀ ਕੈਲੰਡਰ ਦੇ ਕਦੀ ਇੱਕ ਸਾਲ ਵਿੱਚ ਦੋ ਵਾਰ ਆ ਜਾਂਦਾ ਹੈ ਅਤੇ ਕਿਸੇ ਸਾਲ ਆਉਂਦਾ ਹੀ ਨਹੀਂ। ਬਿਕ੍ਰਮੀ ਕੈਲੰਡਰ ਇੱਕ ਐਸਾ ਗੋਰਖ ਧੰਦਾ ਹੈ ਕਿ ਬੰਦਾ ਇਸ ਦੀਆਂ ਬਰੀਕੀਆਂ ਸੁਣ ਕੇ ਹੀ ਦੰਗ ਰਹਿ ਜਾਂਦਾ ਹੈ। ਕਰਨਲ ਨਿਸ਼ਾਨ ਅਤੇ ਸੰਤ ਸਮਾਜ ਦੇ ਬ੍ਰਹਮਗਿਆਨੀ ਅਖਵਾਉਣ ਵਾਲੇ ਬਾਬਿਆਂ ਦੀ ਸਮਝ ਵਿੱਚ ਇਹ ਨਹੀਂ ਆ ਸਕਦਾ ਇਸੇ ਕਾਰਨ ਤਾਂ ਆਮ ਤੌਰ ’ਤੇ ਹਰ ਸਾਲ ਦੇ ਕੈਲੰਡਰ ਵਿੱਚ ਗੁਰੂ ਹਰਿਗੋਬਿੰਦ ਸਾਹਿਬ ਜੀ ਦਾ ਗੁਰਗੱਦੀ ਦਿਹਾੜੇ ਅਤੇ ਗੁਰੂ ਅਰਜਨ ਸਾਹਿਬ ਜੀ ਦਾ ਸ਼ਹੀਦੀ ਦਿਹਾੜੇ ਆਪਸੀ ਅੰਤਰ 10 ਤੋਂ 12 ਦਿਨਾਂ ਦਾ ਅੰਤਰ ਹੁੰਦਾ ਹੈ ਪਰ ਸੰਮਤ 550 ਵਿੱਚ ਇਨ੍ਹਾਂ ਵਿਚਕਾਰ ਅੰਤਰ 40 ਦਿਨ ਰੱਖਿਆ ਗਿਆ। ਸਵਾਲਾਂ ਦਾ ਜਵਾਬ ਦੇਣ ਤੋਂ ਘਬਰਾਈ ਸ਼੍ਰੋਮਣੀ ਕਮੇਟੀ ਨੇ ਐਨ ਮੌਕੇ ’ਤੇ ਕੈਲੰਡਰ ਦੇ ਨਿਯਮ ਭੰਗ ਕਰਕੇ ਗੁਰੂ ਹਰਿਗੋਬਿੰਦ ਸਾਹਿਬ ਜੀ ਦਾ ਗੁਰਗੱਦੀ ਗੁਰਪੁਰਬ ਇੱਕ ਮਹੀਨਾ ਪਿੱਛੇ ਲੈ ਜਾ ਕੇ ਦੋਵਾਂ ਪੁਰਬਾਂ ਦਾ ਅੰਤਰ ਠੀਕ ਕਰ ਲਿਆ। ਕੀ ਬਿਕ੍ਰਮੀ ਕੈਲੰਡਰ ਦੇ ਹਿਮਾਇਤੀ ਦੱਸ ਸਕਦੇ ਹਨ ਕਿ ਗੁਰਬਾਣੀ ਵਿੱਚ ਕਿੱਥੇ ਲਿਖਿਆ ਹੈ ਕਿ ਕੌਮ ਇੱਕ ਦੀ ਬਜਾਏ ਤਿੰਨ ਤਿੰਨ ਕੈਲੰਡਰਾਂ ਦੀ ਘੁੰਮਣਘੇਰੀ ਵਿੱਚ ਫਸਾਈ ਰੱਖਣੀ ਹੈ ਅਤੇ ਕਦੀ ਵੀ ਆਪਣੇ ਇੱਕ ਕੈਲੰਡਰ ਨਾਲ ਜੁੜ ਕੇ ਕੌਮੀ ਨਿਆਰੇਪਨ ਨੂੰ ਉਜਾਗਰ ਨਹੀਂ ਹੋਣ ਦੇਣਾ ?

15. ਸੱਚੀ ਗੁਰਬਾਣੀ ਤੋਂ ਵੱਧ ਬਿਪਰਾਂ ਦੀਆਂ ਕਾਇਮ ਕੀਤੀਆਂ ਰਿਵਾਇਤਾਂ (ਜਿਨ੍ਹਾਂ ਸਬੰਧੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਬਚਨ ਹਨ: ਜਬ ਇਹ ਗਹੈਂ ਬਿਪਰਨ ਕੀ ਰੀਤ॥ ਮੈਂ ਨਾ ਕਰੂੰ ਇਨ ਕੀ ਪਰਤੀਤ॥) ਨੂੰ ਵੱਧ ਮਹੱਤਤਾ ਦੇਣ ਵਾਲੇ ਦੱਸ ਸਕਦੇ ਹਨ ਕਿ ਜੇ ਉਹ ਸਵਾਲਾਂ ਦੀ ਘੁੰਮਣਘੇਰੀ ’ਚੋਂ ਬਚਣ ਖਾਤਰ ਸੰਮਤ 550 ਵਿੱਚ ਬਿਪਰਾਂ ਦੀ ਕਾਇਮ ਕੀਤੀ ਰਿਵਾਇਤ (ਮਲ ਮਾਸ ਵਿੱਚ ਗੁਰਪੁਰਬ ਨਹੀਂ ਮਨਾਉਣੇ) ਭੰਗ ਕਰਕੇ ਇੱਕ ਗੁਰਪੁਰਬ ਬਦਲ ਸਕਦੇ ਹਨ ਤਾਂ ਕਿਉਂ ਨਹੀਂ ਇੱਕੋ ਵਾਰ ਗੁਰਬਾਣੀ ਤੇ ਸਿੱਖ ਇਤਿਹਾਸ ਨਾਲ ਮੇਲ ਨਾ ਖਾਣ ਵਾਲੀਆਂ ਸਾਰੀਆਂ ਮਿਥੀਆਂ ਰਵਾਇਤਾਂ ਨੂੰ ਪਰ੍ਹੇ ਸੁੱਟ ਕੇ ਨਾਨਕਸ਼ਾਹੀ ਕੈਲੰਡਰ ਨੂੰ ਮਾਨਤਾ ਦੇ ਕੇ ਪੰਥਕ ਏਕਤਾ ਅਤੇ ਨਿਆਰੇਪਨ ਦਾ ਸਬੂਤ ਦਿੰਦੇ ?

16. ਮੱਸਿਆ, ਪੂਰਨਮਾਸ਼ੀਆਂ, ਸੰਗਰਾਂਦਾਂ ਨੂੰ ਪਵਿੱਤਰ ਦਿਹਾੜੇ ਦੱਸਣ ਵਾਲੇ ਗੁਰਬਾਣੀ ਦੇ ਹੇਠ ਲਿਖੇ ਪਾਵਨ ਬਚਨ ਪੜ੍ਹ ਕੇ ਇਹ ਵੀ ਦੱਸਣ ਕਿ ਗੁਰਬਾਣੀ ਨੂੰ ਪਵਿੱਤਰ ਸਮਝ ਕੇ ਇਨ੍ਹਾਂ ਬਚਨਾਂ ’ਤੇ ਪਹਿਰਾ ਦੇ ਕੇ ਸਚਿਆਰ ਸਿੱਖ ਬਣਨ ਲਈ ਤਿਆਰ ਵੀ ਹਨ ਜਾਂ ਨਹੀਂ ?

‘‘ਆਪੇ ਪੂਰਾ ਕਰੇ, ਸੁ ਹੋਇ ॥ ਏਹਿ ਥਿਤੀ ਵਾਰ, ਦੂਜਾ ਦੋਇ ॥ ਸਤਿਗੁਰ ਬਾਝਹੁ ਅੰਧੁ ਗੁਬਾਰੁ ॥ ਥਿਤੀ ਵਾਰ ਸੇਵਹਿ, ਮੁਗਧ ਗਵਾਰ ॥ ਨਾਨਕ ! ਗੁਰਮੁਖਿ ਬੂਝੈ, ਸੋਝੀ ਪਾਇ ॥ ਇਕਤੁ ਨਾਮਿ, ਸਦਾ ਰਹਿਆ ਸਮਾਇ ॥ (ਮ: ੩/੮੪੩), ਚਉਦਸ ਅਮਾਵਸ ਰਚਿ ਰਚਿ ਮਾਂਗਹਿ, ਕਰ ਦੀਪਕੁ ਲੈ ਕੂਪਿ ਪਰਹਿ ॥ (ਕਬੀਰ ਜੀੳ/੯੭੦), ਗਣਿ ਗਣਿ ਜੋਤਕੁ ਕਾਂਡੀ ਕੀਨੀ ॥ ਪੜੈ ਸੁਣਾਵੈ, ਤਤੁ ਨ ਚੀਨੀ ॥ ਸਭਸੈ ਊਪਰਿ, ਗੁਰ ਸਬਦੁ ਬੀਚਾਰੁ ॥ ਹੋਰ ਕਥਨੀ ਬਦਉ ਨ, ਸਗਲੀ ਛਾਰੁ ॥’’ (ਮ: ੧/੯੦੪)