ਲੋਕੋ ਰੁੱਖ, ਮਨੁੱਖ ਤੇ ਕੁੱਖ, ਧਿਰਾਂ ਖ਼ਤਰੇ ਵਿੱਚ..

0
539

ਲੋਕੋ ਰੁੱਖ, ਮਨੁੱਖ ਤੇ ਕੁੱਖ, ਧਿਰਾਂ ਖ਼ਤਰੇ ਵਿੱਚ..

ਸ. ਅਜੀਤ ਸਿੰਘ

ਸਾਰੀ ਵਿਗੜ ਗਈ ਏ ਤਾਣੀ, ਮੁੱਕਿਆ ਧਰਤੀ ਅੰਦਰੋਂ ਪਾਣੀ, ਹਉਕੇ ਲੈਂਦੀ ਹਵਾ ਨਿਮਾਣੀ, ਮੱਚੀਆਂ ਹਾਲ ਦੁਹਾਈਆਂ ਨੇ।
ਲੋਕੋ ਰੁੱਖ, ਮਨੁੱਖ ਤੇ ਕੁੱਖ, ਧਿਰਾਂ ਖ਼ਤਰੇ ਵਿੱਚ ਆਈਆਂ ਨੇ! ਧੀਆਂ ਕੁੱਖ ’ਚ ਮਾਰ ਮੁਕਾਈਆਂ, ਬਾਬੇ ਨਾਨਕ ਜੋ ਵਡਿਆਈਆਂ।

ਡਾ. ਜਾਪਣ ਵਾਂਗ ਕਸਾਈਆਂ, ਜਿਨ੍ਹਾਂ ਛੁਰੀਆਂ ਤੇਜ ਚਲਾਈਆਂ ਨੇ। ਕੁਝ ਤਾਂ ਤਰਸ ਇਨ੍ਹਾਂ ’ਤੇ ਖਾਓ, ਕਿਉਂ ਜੰਮਦੀਆਂ ਹੋਣ ਪਰਾਈਆਂ ਨੇ?
ਲੋਕੋ ਰੁੱਖ, ਮਨੁੱਖ ਤੇ ਕੁੱਖ, ਧਿਰਾਂ ਖ਼ਤਰੇ ਵਿੱਚ ਆਈਆਂ ਨੇ!

ਜੰਗਲ ਮੁੱਕਦੇ ਜਾਂਦੇ ਸਾਰੇ, ਪ੍ਰਦੂਸ਼ਣ ਸਭ ਥਾਂ ਖੰਭ ਖਿਲਾਰੇ। ਕਰੀਆਂ ਜਾਂਦੀਆਂ ਬਹੁਤ ਅਪੀਲਾਂ, ਲਾਉਂਦੇ ਅੱਗ ਨਾੜ ਨੂੰ ਸਾਰੇ।
ਦਿੱਸਦੇ ਰਾਤ ਨਾ ਅੰਬਰੀਂ ਤਾਰੇ, ਗਹਿਰਾਂ ਬਹੁਤ ਚੜ੍ਹਾਈਆਂ ਨੇ। ਲੋਕੋ ਰੁੱਖ, ਮਨੁੱਖ ਤੇ ਕੁੱਖ, ਧਿਰਾਂ ਖ਼ਤਰੇ ਵਿੱਚ ਆਈਆਂ ਨੇ!

ਦੂਸ਼ਿਤ ਕਰੋ ਨਾ ਸੱਭਿਆਚਰ, ਸਾਂਭੋ ਵਿਰਸਾ ਤੇ ਵਿਹਾਰ। ਗੱਭਰੂ ਸੂਰਮਗਤੀ ਨੂੰ ਭੁੱਲ ਗਏ, ਲੱਜਾ ਭੁੱਲ ਬੈਠੀ ਮੁਟਿਆਰ।
ਕਈਆਂ ਬੋਲ ਕੇ ਲੱਚਰ ਗਾਣੇ, ਕੀਤੀਆਂ ਖੂਬ ਕਮਾਈਆਂ ਨੇ। ਲੋਕੋ ਰੁੱਖ, ਮਨੁੱਖ ਤੇ ਕੁੱਖ, ਧਿਰਾਂ ਖ਼ਤਰੇ ਵਿੱਚ ਆਈਆਂ ਨੇ!

ਮਿਲ ਕੇ ਰੁੱਖ ਤੇ ਕੁੱਖ ਬਚਾਈਏ, ਸੜਕਾਂ ਕੰਢੇ ਬੂਟੇ ਲਾਈਏ। ਮੁੰਡੇ ਬਿਨਾਂ ਦਾਜ ਵਿਆਹੀਏ, ਲੈਣਾ ਦਾਜ ਨਹੀਂ, ਕਸਮਾਂ ਖਾਈਏ।
‘ਸਿੰਘ ਅਜੀਤ ਨਬੀਪੁਰ ਵਾਲੇ’, ਪੀੜਾਂ ਖੋਲ੍ਹ ਸੁਣਾਈਆਂ ਨੇ। ਲੋਕੋ ਰੁੱਖ, ਮਨੁੱਖ ਤੇ ਕੁੱਖ, ਧਿਰਾਂ ਖ਼ਤਰੇ ਵਿੱਚ ਆਈਆਂ ਨੇ!