ਹੱਥ ਜੋੜ ਦੋਵੇਂ ਅਰਜ਼ ਗੁਜ਼ਾਰਦਾ

0
204

ਹੱਥ ਜੋੜ ਦੋਵੇਂ ਅਰਜ਼ ਗੁਜ਼ਾਰਦਾ

ਸ. ਬੂਟਾ ਸਿੰਘ ‘ਜਾਚਕ’, ਗੁਰਦੁਆਰਾ ਖੋਜੇ ਮਾਜਰਾ-94647-38220

ਅਸ਼ਲੀਲ ਪਿਕਚਰ ਜਦ ਨੇੜੇ ਲੱਗੀ ਹੋਈ ਸੀ, ਗਿਆ ਅੱਧੀ ਰਾਤ ’ਚ ਫ਼ੁਕਾਰੇ ਜਿਹਾ ਮਾਰਦਾ।

ਭੂਤਕਾਲ ਦੇ ਹੀ ਜੋਗੇ ਬਾਰੇ ਲੋਕ ਸੋਚਦੇ, ਪਰ ਮੈਂ ਤਾਂ ਆਪ ਹਾਂ ਵਿਕਾਰੀ ਕਿਰਦਾਰ ਦਾ।

ਨਾਮ ਜੋਗਾ ਮੇਰਾ ਸੁਪਨਾ ਮੈਂ ਵੇਖਿਆ, ਫਲ ਮਿਲਿਆ ਮੈਨੂੰ ਆਪਣੇ ਵਿਭਚਾਰ ਦਾ।

ਆਵਾਜ਼ ਆਈ! ਵੇਖ, ਪੈਰ ਅੱਗੇ ਪਾਈਂ ਨਾ, ਕੀਤਾ ਰੋਹ ’ਚ ਇਸਾਰਾ ਤਲਵਾਰ ਦਾ।

ਤੂੰ ਕੌਣ ਹੈਂ ਜੋ ਮੁੜ-2 ਇੱਥੇ ਆਉਂਦਾ ਏਂ ? ਡਰ ਦਿਲ ’ਚੋਂ ਵਿਸਾਰ ਕਰਤਾਰ ਦਾ।

ਸਿੱਧੀ ਸਿਰ ਦਸਤਾਰ ਤੇਰੇ ਸੱਜਦੀ, ਜਾਪੇ ਸਿੱਖ ਮੈਨੂੰ ਦਸਮ ਅਵਤਾਰ ਦਾ।

ਤੇਰੇ ਗਲ ਕ੍ਰਿਪਾਨ ਪਈ ਸੋਭਦੀ, ਸੋਹਣਾ ਠਾਠ ਬੱਲਾ ਸਿੱਖ ਦੀ ਨੁਹਾਰ ਦਾ।

ਐਪਰ ਲਾਜ ਨਹੀਂ ਔਂਦੀ ਸਿੱਖ ਹੋਇਕੈ, ਬੂਹੇ ਕਾਮੀਆਂ ਦੇ ਗੇੜੇ ਪਿਆ ਮਾਰਦਾ।

ਗੋਦ ਗੁਰਾਂ ਦੀ ਸ੍ਵਰਗ ਜਿਹੀ ਛੱਡ ਕੇ, ਭੁੱਲਾ ਰੂਪ ਤੱਕ ਨਾਰ ਬਦਕਾਰ ਦਾ।

ਭੈੜੀ ਵਾਸਨਾਂ ’ਤੇ ਫਿਰੇਂ ਤੂੰ ਰੀਝਿਆ, ਹੰਸ ਹੋ ਕੇ, ਸਾਥੀ ਬਗਲਿਆਂ ਦੀ ਡਾਰ ਦਾ।

ਨਾਮ ਜਪ ਹੁਣ ਪਹਿਰ ਰਾਤ ਰਹਿ ਗਈ, ਵੇਲਾ ਹੋ ਗਿਆ ਏ, ਆਸਾ ਜੀ ਦੀ ਵਾਰ ਦਾ।

ਮੈਨੂੰ ਪਤਾ ਹੈ ਅਸੂਲ ਗੁਰ ਸਿੱਖੀ ਦਾ, ਸਿੱਖ ਹੁੰਦਾ ਪੁੰਜ ਪਰਉਪਕਾਰ ਦਾ,

ਰਿਧਿ, ਸਿਧਿ, ਨਿਧਿ ਚਰਨਾਂ ’ਚ ਵਸਦੀ, ਜਿਹੜਾ ਸਿੱਖ ਨਾਮ ‘ਵਾਹਿਗੁਰੂ’ ਉਚਾਰਦਾ।

ਜਾਣੀ ਜਾਣ ਜੇ ਗੁਰ ਜੀ ਨੂੰ ਜਾਣਦਾ, ਦੱਸ ਫੇਰ ਕੀ ਬਣੇਗਾ ਇਸ ਕਾਰ ਦਾ?

ਪਤਾ ਲੱਗ ਜਾਣਾ ਗੁਰੂ ਦਸਮੇਸ਼ ਨੂੰ, ਸਾਰਾ ਇਸ ਤੇਰੇ ਬਦੀ ਦੇ ਵਿਹਾਰ ਦਾ।

ਜਾ ਮਨ ਵਿੱਚ ਸੋਚ ਕਿਤੇ ਬੈਠ ਕੇ, ਨਾਮ ਜਪ ਜਾ ਕੇ ਸਿੱਖਾ! ਕਰਤਾਰ ਦਾ।

ਉੱਥੇ ਮਾਣ ’ਤੇ ਵਿਕਾਰ ਨਹੀਂ ਪੁੱਗਦੇ, ਸਿਰ ਨੀਵਾਂ ਹੋਣਾ ਅੰਤ ਨੂੰ ਹੰਕਾਰ ਦਾ।

ਆਈ ਹੋਸ਼ ਜਾਂ ਉਭੜਵਾਹੇ ਜਾਗਿਆ, ਮੱਥੇ ਲੱਗੂ ਕਿਵੇਂ ਚਿਤ ’ਚ ਵਿਚਾਰ ਦਾ।

ਰੋਂਦਾ ਜਾਰੋ-ਜਾਰ ਗੁਰੂ ਦਰ ਪੁੱਜਿਆ, ਵੇਲਾ ਹੋ ਗਿਆ ਸੀ ਆਸਾ ਜੀ ਦੀ ਵਾਰ ਦਾ।

ਕਰ ਇਸ਼ਨਾਨ ਮੈ ਜਦ ਬਾਣੀ ਪੜ੍ਹਦਾ, ਬਣਿਆ ਸੇਵਕ ਸੀ ਗੁਰੂ ਦਰਬਾਰ ਦਾ।

‘ਜਾਚਕ’ ਬਣਾਂ, ਮਿਹਰ ਰੱਬਾ! ਕਰ ਤੂੰ, ਹੱਥ ਜੋੜ ਦੋਵੇਂ ਅਰਜ਼ ਗੁਜ਼ਾਰਦਾ।