ਭਲਾ ਸਰਬਤ ਦਾ ਮੰਗਦੇ ਨੇ
ਗੁਰ ਪੁਰਬ ਜਾਂ ਸ਼ਹੀਦੀ ਦਿਵਸ ਹੋਵੇ, ਰੱਬੀ ਰੰਗ ’ਚ ਮਾਹੌਲ ਨੂੰ ਰੰਗਦੇ ਨੇ।
ਭਲਾ ਹੋਵੇ ਉਨ੍ਹਾਂ ਗੁਰਮੁਖ ਪਿਆਰਿਆਂ ਦਾ, ਜੋ ਭਲਾ ਸਰਬਤ ਦਾ ਮੰਗਦੇ ਨੇ।
ਅਕਾਲ ਪੁਰਖ ਦੀ ਲੈਂਦੇ ਨੇ ਓਟ ਰਲ਼ ਕੇ, ਪ੍ਰਵਾਹ ਬਾਣੀ ਦਾ ਹਨ ਚਲਾ ਦਿੰਦੇ,
ਮਾਇਆ ਆਪਣੀ ਵਿੱਚੋਂ ਦਸਵੰਧ ਕੱਢ ਕੇ, ਲੋਹ ਲੰਗਰਾਂ ਤਾਈਂ ਤਪਾ ਦਿੰਦੇ,
ਤਰ੍ਹਾਂ ਤਰ੍ਹਾਂ ਦੇ ਤਿਆਰ ਪਕਵਾਨ ਕਰਕੇ, ਨਾਲ ਅਦਬ ਅਦਾਬ ਦੇ ਵੰਡਦੇ ਨੇ।
ਭਲਾ ਹੋਵੇ ਉਨ੍ਹਾਂ ਗੁਰਮੁਖ ਪਿਆਰਿਆਂ ਦਾ, ਜੋ ਭਲਾ ਸਰਬਤ ਦਾ ਮੰਗਦੇ ਨੇ।
ਬਾਰਿਕ ਇੱਕ ਪਿਤਾ ਦੇ ਹਾਂ ਸਾਰੇ, ਇਸ ਗੱਲ ਦੇ ਵਿਚ ਵਿਸ਼ਵਾਸ ਕਰਦੇ,
ਜੋ ਜੀਅ ਆਂਵਦਾ ਛੱਕ ਕੇ ਜਾਂਵਦਾ ਹੈ, ਨਹੀਂ ਕਿਸੇ ਨੂੰ ਹਨ ਨਿਰਾਸ਼ ਕਰਦੇ,
ਖੁੱਲ੍ਹ ਦਿਲੀ ਦਿਖਾਂਵਦੇ ਹਨ ਪੂਰੀ, ਕਿਸੇ ਚੀਜ਼ ਤੋਂ ਹੱਥ ਨਾ ਤੰਗਦੇ ਨੇ।
ਭਲਾ ਹੋਵੇ ਉਨ੍ਹਾਂ ਗੁਰਮੁਖ ਪਿਆਰਿਆਂ ਦਾ, ਜੋ ਭਲਾ ਸਰਬਤ ਦਾ ਮੰਗਦੇ ਨੇ।
ਲੋੜਵੰਦਾਂ ਦੀ ਹੁੰਦੀ ਹੈ ਲੋੜ ਪੂਰੀ, ਕਈਆਂ ਭੁੱਖਿਆਂ ਦਾ ਹੈ ਰੱਜ ਹੋਵੇ,
ਪੰਗਤ ਵਿਚ ਬੈਠ ਕੇ ਛਕਦੇ ਨੇ, ਚਾਹੇ ਚਪੜਾਸੀ ਤੇ ਚਾਹੇ ਕੋਈ ਜੱਜ ਹੋਵੇ,
ਹੁੰਦੇ ਨਿਹਾਲ ਨੇ ਛਕ ਪਦਾਰਥਾਂ ਨੂੰ, ਜੋ ਵੀ ਰਾਹੀ ਮੁਸਾਫ਼ਰ ਲੰਘਦੇ ਨੇ।
ਭਲਾ ਹੋਵੇ ਉਨ੍ਹਾਂ ਗੁਰਮੁਖ ਪਿਆਰਿਆਂ ਦਾ, ਜੋ ਭਲਾ ਸਰਬਤ ਦਾ ਮੰਗਦੇ ਨੇ।
ਜਿਥੇ ਪੈਂਦੀ ਹੈ ਕੁਦਰਤੀ ਮਾਰ ਕੋਈ, ਉਸ ਥਾਂ ’ਤੇ ਵੀ ਜਾ ਬਹੁੜਦੇ ਨੇ,
ਫੜ ਕੇ ਬਾਂਹ ਮੁਸੀਬਤਾਂ ਮਾਰਿਆਂ ਦੀ, ਟੁੱਟੀ ਜ਼ਿੰਦਗੀ ਨੂੰ ਫਿਰ ਜੋੜਦੇ ਨੇ,
ਜਿਹੜੇ ਢੰਗ ਤਰੀਕੇ ਨਾਲ ਰਾਹਤ ਮਿਲਦੀ, ਯਤਨ ਕਰਦੇ ਉਸ ਹੀ ਢੰਗ ਦੇ ਨੇ।
ਭਲਾ ਹੋਵੇ ਉਨ੍ਹਾਂ ਗੁਰਮੁਖ ਪਿਆਰਿਆਂ ਦਾ, ਜੋ ਭਲਾ ਸਰਬਤ ਦਾ ਮੰਗਦੇ ਨੇ।
ਪੰਜਾਬ ਵੱਸਦਾ ਗੁਰਾਂ ਦੇ ਨਾਮ ਉੱਤੇ, ਖੂੱਲੇ ਦਿਲ ਨੇ ਬਹੁਤ ਪੰਜਾਬੀਆਂ ਦੇ,
ਫ਼ਤਿਹ ਪਾ ਕੇ ਦੇਗ ਤੇ ਤੇਗ਼ ਉੁੱਪਰ, ਝੰਡੇ ਗੱਡ ਦੇ ਆਏ ਕਾਮਯਾਬੀਆਂ ਦੇ,
ਲੂਣੇ ਮਿੱਠੇ ਨੇ ਕਈ ਵਰਤਾਏ ਜਾਂਦੇ, ਤਿਆਰ ਹੁੰਦੇ ਜੋ ਨਾਲ ਦਸਵੰਧ ਦੇ ਨੇ।
ਭਲਾ ਹੋਵੇ ਉਨ੍ਹਾਂ ਗੁਰਮੁਖ ਪਿਆਰਿਆਂ ਦਾ, ਜੋ ਭਲਾ ਸਰਬਤ ਦਾ ਮੰਗਦੇ ਨੇ।
ਜਦ ਤੱਕ ਮੇਹਰ ਰਹੇਗੀ ਬਾਬਿਆਂ ਦੀ, ‘ਚੋਹਲਾ’ ਵਰਤਦਾ ਰਹੂ ਅਟੁੱਟ ਲੰਗਰ,
ਹਿੰਦੂ, ਸਿੱਖ, ਇਸਾਈ ਅਤੇ ਮੁਸਲਿਮ, ਸਾਰੇ ਛਕਦੇ ਨੇ ਹੋ ਕੇ ਇੱਕਜੁੱਟ ਲੰਗਰ,
ਇਸ ਲੰਗਰ ਦੀ ਓਟ ‘ਰਮੇਸ਼’ ਤਾਈਂ, ਬੁੱਤੇ ਸਾਰੇ ਇਸ ‘ਬੱਗੇ’ ਮਲੰਗ ਦੇ ਨੇ।
ਭਲਾ ਹੋਵੇ ਉਨ੍ਹਾਂ ਗੁਰਮੁਖ ਪਿਆਰਿਆਂ ਦਾ, ਜੋ ਭਲਾ ਸਰਬਤ ਦਾ ਮੰਗਦੇ ਨੇ।
-ਰਮੇਸ਼ ਬੱਗਾ ਚੋਹਲਾ (ਲੁਧਿਆਣਾ)-94631-32719