25.2 C
Jalandhar
Monday, April 6, 2026
spot_img
Home Blog Page 59

ਲਾਲ ਕਿਲ੍ਹੇ ’ਤੇ ਨਿਸ਼ਾਨ ਸਾਹਿਬ ਝੁਲਾਇਆ ਜਾਣਾ ਕਿੰਨਾ ਕੁ ਜਾਇਜ਼ ?

0

ਲਾਲ ਕਿਲ੍ਹੇ ’ਤੇ ਨਿਸ਼ਾਨ ਸਾਹਿਬ ਝੁਲਾਇਆ ਜਾਣਾ ਕਿੰਨਾ ਕੁ ਜਾਇਜ਼ ?

ਕਿਰਪਾਲ ਸਿੰਘ ਬਠਿੰਡਾ 88378-13661

ਸਿੱਖ ਨਜ਼ਰੀਏ ਅਤੇ ਇੱਥੋਂ ਤੱਕ ਕਿ ਜੇ ਨਿਰਪੱਖ ਵੀਚਾਰਧਾਰਾ ਵਾਲਾ ਕੋਈ ਵੀ ਸੂਝਵਾਨ ਮਨੁੱਖ ਵੀਚਾਰ ਕਰ ਕੇ ਸੋਚੇ ਤਾਂ 26 ਜਨਵਰੀ ਨੂੰ ਕਿਸਾਨਾਂ ਵੱਲੋਂ ਕੀਤੀ ਜਾ ਰਹੀ ਟਰੈਕਟਰ ਪਰੇਡ ਦੌਰਾਨ ਕੁਝ ਲੋਕਾਂ ਵੱਲੋਂ ਲਾਲ ਕਿਲ੍ਹੇ ਵਿੱਚ ਕੇਸਰੀ ਨਿਸ਼ਾਨ ਸਾਹਿਬ ਝੁਲਾਏ ਜਾਣ ਵਿੱਚ ਕੁਝ ਵੀ ਗ਼ਲਤ ਨਹੀਂ ਸੀ। ਇਤਿਹਾਸ ਦੇ ਵਾਕਫ਼ਕਾਰ ਜਾਣਦੇ ਹਨ ਕਿ ਮਾਰਚ 1783 ਵਿੱਚ ਸ: ਬਘੇਲ ਸਿੰਘ, ਸ: ਜੱਸਾ ਸਿੰਘ ਰਾਮਗੜ੍ਹੀਆ ਅਤੇ ਸ: ਜੱਸਾ ਸਿੰਘ ਆਹਲੂਵਾਲੀਆ ਦੀ ਜਥੇਦਾਰੀ ਹੇਠ ਸਿੰਘ ਦਿੱਲੀ ਨੂੰ ਫ਼ਤਿਹ ਕਰ ਲਾਲ ਕਿਲ੍ਹੇ ਵਿੱਚ ਦਾਖ਼ਲ ਹੋਏ ਤਾਂ ਇਸੇ ਲਾਲ ਕਿਲ੍ਹੇ ਵਿੱਚ ਸਿੰਘਾਂ ਨੇ ਕੇਸਰੀ ਨਿਸ਼ਾਨ ਸਾਹਿਬ ਝੁਲਾਇਆ ਸੀ। ਸਿੰਘਾਂ ਵੱਲੋਂ ਦਿੱਲੀ ਫ਼ਤਿਹ ਕਰਨ ਦਾ ਮਕਸਦ ਉੱਥੇ ਰਾਜ ਕਰਨਾ ਨਹੀਂ ਸੀ ਬਲਕਿ ਦਿੱਲੀ ਵਿੱਚ ਸਿੱਖ ਗੁਰੂ ਸਾਹਿਬਾਨਾਂ ਦੇ ਯਾਦਗਾਰੀ ਸਥਾਨਾਂ ਦੀ ਨਿਸ਼ਾਨਦੇਹੀ ਕਰ ਕੇ ਉੱਥੇ ਢੁੱਕਵੀਆਂ ਇਮਾਰਤਾਂ ਦੀ ਉਸਾਰੀ ਕਰਨ ਦਾ ਸੀ। ਮੁਗ਼ਲ ਬਾਦਸ਼ਾਹ ਵੱਲੋਂ ਇਹ ਸ਼ਰਤ ਪ੍ਰਵਾਨ ਕਰ ਲਈ ਗਈ ਅਤੇ ਇਸ ਸੇਵਾ ਲਈ ਦਿੱਲੀ ਠਹਿਰਨ ਵਾਲੇ ਸਿੰਘਾਂ ਦੇ ਖ਼ਰਚੇ ਦੀ ਪੂਰਤੀ ਵਾਸਤੇ ਲੋੜੀਦੀ ਧਨ ਰਾਸ਼ੀ ਉਪਲਬਧ ਕਰਵਾਉਣ ਲਈ ਦਿੱਲੀ ਸ਼ਹਿਰ ਦੀ ਚੁੰਗੀ ਵਜੋਂ ਉਗਰਾਹੇ ਹਰ ਰੁਪਏ ਵਿੱਚੋਂ ਛੇ ਆਨੇ ਦੇਣਾ ਪ੍ਰਵਾਨ ਕੀਤਾ। ਮੁਗ਼ਲ ਬਾਦਸ਼ਾਹ ਸ਼ਾਹ ਆਲਮ ਦੂਜੇ ਨਾਲ ਹੋਏ ਇਸ ਸਮਝੌਤੇ ਤੋਂ ਬਾਅਦ ਬਾਕੀ ਜਥੇਦਾਰ ਤਾਂ ਪੰਜਾਬ ਵਾਪਸ ਆ ਗਏ ਪਰ ਬਘੇਲ ਸਿੰਘ ਨੇ ਦਿੱਲੀ ਵਿੱਚ ਸਾਲ ਭਰ ਰਹਿ ਕੇ ਇਤਿਹਾਸਕ ਪਵਿੱਤਰ ਥਾਵਾਂ ਉੱਤੇ ਗੁਰਦਵਾਰੇ ਬਣਵਾਏ। ਸ: ਜੱਸਾ ਸਿੰਘ ਰਾਮਗੜ੍ਹੀਆ ਨਿਸ਼ਾਨੀ ਵਜੋਂ ਮੁਗ਼ਲ ਬਾਦਸ਼ਾਹ ਦਾ ਤਖ਼ਤ (ਸ਼ਾਨਦਾਰ ਪੱਥਰ ਦੀ ਮੋਟੀ ਸਿੱਲ) ਘੋੜਿਆਂ ਪਿੱਛੇ ਬੰਨ੍ਹ, ਧੂਹ ਕੇ ਅੰਮ੍ਰਿਤਸਰ ਦਰਬਾਰ ਸਾਹਿਬ ਕੰਪਲੈਕਸ ਵਿੱਚ ਲੈ ਆਏ, ਜੋ ਉੱਥੇ ਸਥਿੱਤ ਰਾਮਗੜ੍ਹੀਆ ਬੁੰਗਾ ਵਿੱਚ ਇਸ ਸਮੇਂ ਵੀ ਸੁਸ਼ੋਭਿਤ ਹੈ। ਇਸੇ ਤਰ੍ਹਾਂ ਹੁਣ ਲਾਲ ਕਿਲ੍ਹੇ ’ਤੇ ਕੇਸਰੀ ਨਿਸ਼ਾਨ ਸਾਹਿਬ ਝੁਲਾਏ ਜਾਣ ਦਾ ਇਹ ਭਾਵ ਨਹੀਂ ਸੀ ਕਿ ਚੁਣੀ ਹੋਈ ਮੋਦੀ ਸਰਕਾਰ ਦਾ ਕਿਸਾਨਾਂ ਨੇ ਤਖ਼ਤਾ ਪਲਟ ਕੇ ਉੱਥੇ ਆਪਣਾ ਰਾਜ ਸਥਾਪਤ ਕਰ ਲਿਆ ਜਿਸ ਨਾਲ ਭਾਰਤ ਦੇ ਸੰਵਿਧਾਨ ਅਤੇ ਤਿਰੰਗੇ ਦੇ ਮਾਨ ਸਨਮਾਨ ਨੂੰ ਬਹੁਤ ਭਾਰੀ ਠੇਸ ਪਹੁੰਚਾਈ ਗਈ ਬਲਕਿ ਕਿਸਾਨ ਮਾਰੂ ਦੋ ਕਾਨੂੰਨ ਅਤੇ ਤੀਜਾ ਸਮੁੱਚੇ ਤੌਰ ’ਤੇ ਲੋਕ ਮਾਰੂ ‘ਜ਼ਰੂਰੀ ਵਸਤਾਂ (ਸੋਧ) ਕਾਨੂੰਨ {Essential Commodities (Amendment) Act, 2020}’ ਰੱਦ ਕਰਵਾਉਣ ਦੀ ਮੰਗ ਮਨਵਾਉਣ ਲਈ ਪ੍ਰਦਰਸ਼ਨ ਦਾ ਇੱਕ ਹਿੱਸਾ ਸੀ।

26 ਜਨਵਰੀ ਨੂੰ ਦਿੱਲੀ ਦੀ ਰਿੰਗ ਰੋਡ ’ਤੇ ਕਿਸਾਨਾਂ ਵੱਲੋਂ ਟਰੈਕਟਰ ਪਰੇਡ ਕੀਤੇ ਜਾਣ ਦਾ ਪ੍ਰੋਗਰਾਮ ਸ਼ਾਇਦ 2 ਜਨਵਰੀ ਨੂੰ ਐਲਾਨਿਆਂ ਗਿਆ ਸੀ, ਪਰ ਸਰਕਾਰੀ ਬਿਆਨ ਅਤੇ ਭਾਜਪਾ ਦੀ ਦਿੱਲੀ ਇਕਾਈ ਦੇ ਜਨਰਲ ਸਕੱਤਰ/ ਪ੍ਰਧਾਨ ਰਾਜੇਸ਼ ਭਾਟੀਆ ਦੇ ਆਪਣੇ ਆਫ਼ੀਸ਼ਲ ਲੈੱਟਰ ਪੈਡ ’ਤੇ ਸੋਸ਼ਲ ਮੀਡੀਏ ’ਤੇ ਵਾਇਰਲ ਹੋਏ ਪੱਤਰ ਨੇ ਸਪਸ਼ਟ ਕਰ ਦਿੱਤਾ ਸੀ ਕਿ ਭਾਜਪਾ ਅਤੇ ਸਰਕਾਰ ਦੀ ਨੀਤੀ ਠੀਕ ਨਹੀਂ ਅਤੇ ਟਰੈਕਟਰ ਮਾਰਚ ਦੌਰਾਨ ਬਹਾਨੇ ਬਣਾ ਕੇ ਸ਼ਾਹੀਨ ਬਾਗ਼ ਵਾਲਾ ਕਾਂਡ ਵਰਤਾ ਕੇ ਦੰਗੇ ਭੜਕਾ ਸਕਦੀ ਹੈ; ਸ਼ਾਂਤਮਈ ਅੰਦੋਲਨ ਨੂੰ ਲੀਹੋਂ ਲਾਹੁਣ ਅਤੇ ਬਦਨਾਮ ਕਰਨ ਵਿੱਚ ਸਫਲ ਹੋ ਸਕਦੀ ਹੈ। ਇਸੇ ਕਾਰਨ ਉਨ੍ਹਾਂ ਸਰਕਾਰ ਨਾਲ ਰਿੰਗ ਰੋਡ ਤੋਂ ਵੱਖਰੇ 3 ਧਰਨਾ ਸਥਾਨਾਂ (ਸਿੰਘੂ, ਟਿੱਕਰੀ ਅਤੇ ਗਾਜੀਪੁਰ) ਤੋਂ ਤਿੰਨ ਵੱਖ ਵੱਖ ਰੂਟ ਜਿਨ੍ਹਾਂ ਦਾ ਕੁਝ ਹਿੱਸਾ ਬਾਹਰੀ ਦਿੱਲੀ ਵਿੱਚ ਅਤੇ ਕੁਝ ਹਿੱਸਾ ਹਰਿਆਣਾ ’ਚ ਸੀ; ਉੱਪਰ ਮਾਰਚ ਕਰਨ ਦੀ ਸਹਿਮਤੀ ਕਰ ਲਈ, ਪਰ 25 ਜਨਵਰੀ ਦੀ ਸ਼ਾਮ ਨੂੰ 5.00 ਵਜੇ ਤੋਂ ਬਾਅਦ ਜਿਸ ਸਮੇਂ ਕਿਸਾਨ ਸਟੇਜ ਦੀ ਸਮਾਪਤੀ ਕਰ ਗਏ ਸਨ, ਉਸ ਸਮੇਂ ਕੁਝ ਨੌਜਵਾਨ ਜਿਨ੍ਹਾਂ ਨੂੰ ਦੀਪ ਸਿੱਧੂ ਦਾ ਥਾਪੜਾ ਸੀ ਉਹ ਸਿੰਘੂ ਬਾਰਡਰ ਵਾਲੀ ਮੁੱਖ ਸਟੇਜ਼ ’ਤੇ ਆ ਚੜ੍ਹੇ ਅਤੇ ਮੰਗ ਕਰਨ ਲੱਗੇ ਕਿ ਪਹਿਲਾਂ ਰਿੰਗ ਰੋਡ ’ਤੇ ਪ੍ਰੇਡ ਕਰਨ ਦਾ ਐਲਾਨ ਹੋਇਆ ਸੀ ਪਰ ਹੁਣ ਰੂਟ ਬਦਲਿਆ ਜਾ ਰਿਹਾ ਹੈ ਇਸ ਲਈ ਕਿਸਾਨ ਆਗੂ ਇੱਥੇ ਆ ਕੇ ਰੂਟ ਤੈਅ ਕਰਨ ਨਹੀਂ ਤਾਂ ਅਸੀਂ ਪਹਿਲਾਂ ਐਲਾਨੇ ਗਏ ਰੂਟ ’ਤੇ ਹੀ ਪ੍ਰੇਡ ਕਰਾਂਗੇ। ਦਿੱਲੀ ਪੁਲਿਸ ਨਾਲ ਪਹਿਲਾਂ ਹੋਏ ਫ਼ੈਸਲੇ ਤੋਂ ਉਲਟ ਰਾਤੋ-ਰਾਤ ਕੋਈ ਹੋਰ ਵੱਖਰਾ ਫ਼ੈਸਲਾ ਸੰਭਵ ਨਹੀਂ ਸੀ। ਆਖਿਰ 26 ਜਨਵਰੀ ਨੂੰ ਉਹੀ ਹੋਇਆ ਜੋ ਅਮਿਤ ਸ਼ਾਹ ਦੀ ਚਾਣਕੀਆ ਨੀਤੀ ਦਾ ਹਿੱਸਾ ਸੀ, ਜਿਸ ਦਾ ਸ਼ਿਕਾਰ ਕੁਝ ਲੋਕ ਅਨਭੋਲ ਵਿੱਚ ਅਤੇ ਕੁਝ ਕੁ ਉਹ ਜਿਨ੍ਹਾਂ ਦਾ ਖ਼ੂਨ ਦੀਪ ਸਿੱਧੂ ਵਰਗਿਆਂ ਵੱਲੋਂ ਜਜ਼ਬਾਤਾਂ ਦੇ ਰੌਂਅ ਵਿੱਚ ਰੰਗਿਆ ਗਿਆ ਸੀ, ਉਨ੍ਹਾਂ ਨੇ ਕਿਸਾਨ ਆਗੂਆਂ ਵੱਲੋਂ ਰੋਕੇ ਜਾਣ ਦੇ ਬਾਵਜੂਦ ਪ੍ਰੇਡ ਸ਼ੁਰੂ ਕਰਨ ਦੇ ਮਿੱਥੇ ਸਮੇਂ ਸਵੇਰੇ 10.00 ਵਜੇ ਤੋਂ ਬਹੁਤ ਪਹਿਲਾਂ ਸਵੇਰੇ 7.00 ਵਜੇ ਹੀ ਟਰੈਕਟਰ ਮਾਰਚ ਸ਼ੁਰੂ ਕਰ ਦਿੱਤਾ। ਦਿੱਲੀ ਪੁਲਿਸ ਦਾ ਇਸ ਵਿੱਚ ਪੂਰਾ ਸਹਿਯੋਗ ਸੀ ਕਿਉਂਕਿ ਕਿਸਾਨਾਂ ਨਾਲ ਤੈਅ-ਸ਼ੁਦਾ ਰੂਟ ’ਤੇ ਪੁਲਿਸ ਨੇ ਭਾਰੀ ਬੈਰੀਕੇਡਿੰਗ ਕੀਤੀ ਹੋਈ ਸੀ ਜਦੋਂ ਕਿ ਰਿੰਗ ਰੋਡ ਅਤੇ ਲਾਲ ਕਿਲ੍ਹੇ ਦੇ ਰਸਤੇ ’ਤੇ ਕੋਈ ਰੋਕ ਨਹੀਂ ਸੀ। ਇਸ ਤੋਂ ਸਾਫ਼ ਹੈ ਕਿ ਲਾਲ ਕਿਲ੍ਹੇ ਜੋ ਵਾਪਰਿਆ ਉਹ ਸਰਕਾਰ ਦੀ ਮਿਥੀ ਨੀਤੀ ਤਹਿਤ ਹੀ ਵਾਪਰਿਆ ਹੈ। ਤੰਗ ਨਜ਼ਰੀਏ ਅਤੇ ਫਿਰਕੂ ਸੋਚ ਵਾਲੀ ਤਾਨਾਸ਼ਾਹੀ ਮੋਦੀ ਸਰਕਾਰ ਆਪਣੇ ਗੋਦੀ ਮੀਡੀਏ ਰਾਹੀਂ ਕਿਸਾਨ ਅੰਦੋਲਨ ਨੂੰ ਖਦੇੜਨ ਲਈ ਇਹੀ ਨੀਤੀ ਘੜੀ ਬੈਠੀ ਸੀ ਕਿ ਇਸ ਅੰਦੋਲਨ ਨੂੰ ਜਨ ਅੰਦੋਲਨ ਬਣਨ ਤੋਂ ਹਰ ਹੀਲੇ ਰੋਕਿਆ ਜਾਵੇ ਅਤੇ ਕੇਵਲ ਪੰਜਾਬ ਦੇ ਸਿੱਖਾਂ ਨਾਲ ਜੋੜ ਕੇ ਇਸ ਨੂੰ ਵੱਖਵਾਦੀਆਂ, ਅਤਿਵਾਦੀਆਂ ਤੇ ਖ਼ਾਲਿਸਤਾਨੀਆਂ ਦਾ ਅੰਦੋਲਨ ਸਿੱਧ ਕਰਕੇ ਦੇਸ਼ ਲਈ ਭਾਰੀ ਖ਼ਤਰਾ ਦੱਸਿਆ ਜਾਵੇ ਅਤੇ ਫਿਰ 1984 ਵਾਲਾ ਕਾਂਡ ਵਰਤਾ ਕੇ ਰਗੜ ਦਿੱਤਾ ਜਾਵੇ ਤਾਂ ਹੋਰ ਕਿਸੇ ਦੀ ਹਿੰਮਤ ਨਹੀਂ ਪਏਗੀ ਕਿ ਸਰਕਾਰ ਵੱਲੋਂ ਲਏ ਗਏ ਕਿਸੇ ਵੀ ਫ਼ੈਸਲੇ ਵਿਰੁਧ ਆਵਾਜ਼ ਉਠਾ ਸਕੇ। ਭਾਵੇਂ ਲਾਲ ਕਿਲ੍ਹੇ ’ਚ ਨਿਸ਼ਾਨ ਸਾਹਿਬ ਝੁਲਾਉਣ ਵਿੱਚ ਕੁਝ ਵੀ ਗ਼ਲਤ ਨਹੀਂ ਕਿਉਂਕਿ ਹਰ ਸਾਲ ਜਦੋਂ ਦਿੱਲੀ ਗੁਰਦੁਆਰਾ ਕਮੇਟੀ ਦਿੱਲੀ ਫ਼ਤਿਹ ਦਿਵਸ ਮਨਾਉਂਦੀ ਹੈ ਤਾਂ ਉਸ ਸਮੇਂ ਵੀ ਇੱਥੇ ਨਿਸ਼ਾਨ ਸਾਹਿਬ ਝੁਲਾਇਆ ਜਾਂਦਾ ਹੈ, ਪਰ ਸਰਕਾਰੀ ਸਾਜ਼ਸ਼ ਸਫਲ ਹੋਈ ਜਿਸ ਦੇ ਹੱਥ 26 ਜਨਵਰੀ ਦੀ ਮਾਮੂਲੀ ਘਟਨਾ ਬਹੁਤ ਵੱਡਾ ਹਥਿਆਰ ਵਜੋਂ ਲੱਗ ਗਈ। ਜਿਸ ਕਾਰਵਾਈ ਨਾਲ ਸਰਕਾਰ ਨੂੰ ਬਲ ਮਿਲੇ ਉਹ ਕਦੇ ਵੀ ਸੰਘਰਸ਼ ਦੇ ਹਿੱਤ ਵਿੱਚ ਨਹੀਂ ਹੁੰਦੀ। ਸਰਕਾਰ ਅਤੇ ਇਸ ਦੇ ਗੋਦੀ ਮੀਡੀਏ ਨੇ ਘਟਨਾ ਤੋਂ ਤੁਰੰਤ ਬਾਅਦ ਜੰਗੀ ਪੱਧਰ ’ਤੇ ਪ੍ਰਚਾਰ ਸ਼ੁਰੂ ਕਰ ਦਿੱਤਾ ਕਿ ਖ਼ਾਲਿਸਤਾਨੀ ਸਿੱਖਾਂ ਨੇ ਤਿਰੰਗੇ ਦਾ ਅਪਮਾਨ ਕਰ ਦਿੱਤਾ ਅਤੇ ਹਿੰਸਕ ਹੋ ਗਏ ਜਿਨ੍ਹਾਂ ਨੂੰ ਕਾਬੂ ਰੱਖਣਾ ਪੁਲਿਸ ਲਈ ਮੁਸ਼ਕਲ ਹੋ ਗਿਆ। ਇਹ ਦੱਸਣਯੋਗ ਹੈ ਕਿ ਬਹੁਤ ਸਾਰੇ ਲੋਕ ਇਸ ਟਰੈਕਟਰ ਮਾਰਚ ਪਹੁੰਚਣ ਤੋਂ ਪਹਿਲਾਂ ਹੀ ਲਾਲ ਕਿਲ੍ਹੇ ਵਿੱਚ ਮੌਜੂਦ ਸਨ, ਜੋ ਕੋਈ ਸ਼ੱਕ ਨਹੀਂ ਰਹਿਣ ਦਿੰਦੇ ਕਿ ਇਹ ਘਟਨਾਕ੍ਰਮ ਸਰਕਾਰ ਦੀ ਇੱਕ ਮਿਥੀ ਸਾਜ਼ਸ਼ ਅਧੀਨ ਹੀ ਵਾਪਰਿਆ, ਨਹੀਂ ਤਾਂ ਸਰਕਾਰ ਦੱਸੇ ਕਿ ਜਦੋਂ 25 ਜਨਵਰੀ ਦੀ ਰਾਤ ਨੂੰ ਹੀ ਪਤਾ ਲੱਗ ਚੱੁਕਾ ਸੀ ਕਿ ਕੁਝ ਨੌਜਵਾਨ ਰਿੰਗ ਰੋਡ ’ਤੇ ਮਾਰਚ ਕਰਨਗੇ ਅਤੇ ਲਾਲ ਕਿਲ੍ਹੇ ਵਿੱਚ ਦਾਖ਼ਲ ਹੋ ਕੇ ਕੇਸਰੀ ਨਿਸ਼ਾਨ (ਸਰਕਾਰ ਅਤੇ ਗੋਦੀ ਮੀਡੀਆ ਬੜੀ ਬੇਸ਼ਰਮੀ ਨਾਲ ਜਿਸ ਨੂੰ ਖ਼ਾਲਿਸਤਾਨੀ ਝੰਡਾ ਕਹਿ ਰਹੇ ਹਨ) ਝੁਲਾ ਸਕਦੇ ਹਨ ਤਾਂ ਉਹ ਲੋਕ ਕਿਸ ਤਰ੍ਹਾਂ ਲਾਲ ਕਿਲ੍ਹੇ ਵਿੱਚ ਪਹੁੰਚ ਗਏ।

ਦੀਰਘ ਵੀਚਾਰ ਕਰਨ ਦੀ ਲੋੜ ਹੈ ਕਿ ਕੇਸਰੀ ਨਿਸ਼ਾਨ ਸਾਹਿਬ ਅਤੇ ਇੱਕ ਗਰੁੱਪ ਦਾ ਕਿਸਾਨ ਝੰਡਾ ਲਾਲ ਕਿਲ੍ਹੇ ਵਿੱਚ ਝੁਲਾਉਣ ਨਾਲ ਕਿਸਾਨਾਂ ਨੂੰ ਕੀ ਲਾਭ ਹੋਇਆ ਜਦੋਂ ਕਿ ਨੁਕਸਾਨ ਵੱਡੇ ਪੱਧਰ ’ਤੇ ਹੋਇਆ ਜਿਸ ਵਿੱਚ ਇੱਕ ਕਿਸਾਨ ਦੇ ਇਕਲੌਤੇ ਪੁੱਤਰ ਨਵਰੀਤ ਸਿੰਘ ਦੀ ਸ਼ਹੀਦੀ, 200 ਤੋਂ ਵੱਧ ਗ੍ਰਿਫ਼ਤਾਰੀਆਂ, ਸਾਰੇ ਪ੍ਰਮੁੱਖ ਆਗੂਆਂ ਅਤੇ ਕਈ ਅਨਭੋਲ ਕਿਸਾਨਾਂ ’ਤੇ ਕੇਸ ਦਰਜ ਹੋਣੇ, ਕਈਆਂ ਦਾ ਲਾਪਤਾ ਹੋਣਾ ਅਤੇ ਬਹੁਤਿਆਂ ਨੂੰ ਪੁਲਿਸ ਦੀਆਂ ਡਾਗਾਂ ਅਤੇ ਅੱਥਰੂ ਗੈਸ ਦੀ ਮਾਰ ਝੱਲਣੀ ਪਈ। ਦਿੱਲੀ ਬਾਰਡਰਾਂ ’ਤੇ ਲੱਗੇ ਮੋਰਚਿਆਂ ਵਿੱਚ ਦੋ ਦਿਨਾਂ ਤੱਕ ਹਫਰਾ ਤਫਰੀ ਮੱਚੀ ਰਹੀ ਜਿਸ ਦਾ ਲਾਹਾ ਲੈਂਦਿਆਂ ਆਰ.ਐੱਸ.ਐੱਸ./ਭਾਜਪਾ ਦੇ ਗੁੰਡਿਆਂ ਨੇ ਦਿੱਲੀ ਪੁਲਿਸ ਦੀ ਮਦਦ ਨਾਲ 27 ਜਨਵਰੀ ਦੀ ਰਾਤ ਨੂੰ ਗਾਜ਼ੀਆਬਾਦ, ਅਗਲੇ ਦਿਨ ਸਿੰਘੂ ਤੇ ਟਿੱਕਰੀ ਬਾਰਡਰਾਂ ’ਤੇ ਕਿਸਾਨਾਂ ਦੀ ਕੁੱਟਮਾਰ ਕਰਕੇ ਮੋਰਚਾ ਖ਼ਤਮ ਕਰਨ ਦੀਆਂ ਧਮਕੀਆਂ ਦਿੱਤੀਆਂ ਪਰ ਜਿਹੜਾ ਮੋਰਚਾ ਅਕਾਲ ਪੁਰਖ ਦੀ ਰਜ਼ਾ ਅਨੁਸਾਰ ਚੱਲ ਰਿਹਾ ਹੋਵੇ ਉਸ ਨੂੰ ਇਸ ਤਰ੍ਹਾਂ ਦੇ ਹੋਛੇ ਹੱਥਕੰਡਿਆਂ ਨਾਲ ਕਦੀ ਨਹੀਂ ਦਬਾਇਆ ਜਾ ਸਕਦਾ। ਕਿਸਾਨ ਆਗੂ ਰਾਕੇਸ਼ ਟਿਕੈਤ ਦੀ ਇੱਕ ਭਾਵੁਕ ਭਰੀ ਅਪੀਲ ਅਤੇ ਕਿਸਾਨਾਂ ਵੱਲੋਂ ਉਸ ਨੂੰ ਦਿੱਤੇ ਭਰਵੇਂ ਹੁੰਗਾਰੇ ਨੇ ਰਾਤੋ ਰਾਤ ਪਾਸਾ ਪਲਟ ਦਿੱਤਾ ਤੇ ਤਿੰਨੇ ਹੀ ਬਾਰਡਰਾਂ ’ਤੇ ਪਹਿਲਾਂ ਨਾਲੋਂ ਵੀ ਵੱਡੀ ਗਿਣਤੀ ਵਿੱਚ ਕਿਸਾਨ ਪਹੁੰਚ ਗਏ। ਯੂ.ਪੀ./ ਹਰਿਆਣਾ/ ਪੰਜਾਬ ਤੇ ਹੋਰਨਾਂ ਸੂਬਿਆਂ ਵਿੱਚ ਕਿਸਾਨ ਮੋਰਚੇ ਦੇ ਹੱਕ ਵਿੱਚ ਮਹਾਂ ਪੰਚਾਇਤਾਂ ਹੋਣੀਆਂ ਸ਼ੁਰੂ ਹੋ ਗਈਆਂ, ਜਿਸ ਨੇ ਸਮੁੱਚੇ ਦੇਸ਼ ਵਿੱਚ ਉਨ੍ਹਾਂ ਲੋਕਾਂ ਨੂੰ ਵੀ ਸਰਗਰਮ ਕਰ ਦਿੱਤਾ, ਜਿਹੜੇ ਪਹਿਲਾਂ ਨਹੀਂ ਹੋਏ ਸਨ।  18 ਫ਼ਰਵਰੀ ਨੂੰ ਸਮੁੱਚੇ ਭਾਰਤ ਵਿੱਚ 4.00 ਘੰਟੇ ਦਾ ਹੋਇਆ ਰੇਲ ਰੋਕੋ ਪ੍ਰੋਗਰਾਮ ਐਨਾ ਸਫਲ ਰਿਹਾ ਜਿੰਨਾ ਪਹਿਲਾਂ ਕਦੀ ਨਹੀਂ ਹੋਇਆ। ਜਿਸ ਕਿਸਾਨ ਅੰਦੋਲਨ ਨੂੰ ਕੇਵਲ ਪੰਜਾਬ ਤੱਕ ਸੀਮਤ ਰੱਖਣ ਦੀ ਸਰਕਾਰ ਭਰਪੂਰ ਕੋਸ਼ਿਸ਼ ਕਰ ਰਹੀ ਸੀ ਉਹ ਹੁਣ ਭਾਰਤ ਦੀਆਂ ਹੱਦਾਂ ਪਾਰ ਕਰਕੇ ਪੂਰੇ ਵਿਸ਼ਵ ਵਿੱਚ ਫੈਲ ਗਿਆ ਕਿਉਂਕਿ ਕਿਸਾਨ ਭਾਵੇਂ ਕਿਸੇ ਵੀ ਦੇਸ਼ ਦਾ ਹੋਵੇ ਉਨ੍ਹਾਂ ਸਾਰਿਆਂ ਦੀਆਂ ਮੁਸ਼ਕਲਾਂ ਸਾਂਝੀਆਂ ਹਨ ਅਤੇ ਸਰਕਾਰਾਂ ਦੀਆਂ ਨੀਤੀਆਂ ਤੇ ਕਾਰਪੋਰੇਟ ਘਰਾਣਿਆਂ ਦੀ ਲੁੱਟ ਸਦਕਾ ਸਾਰੇ ਹੀ ਕਰਜ਼ੇ ਦੀ ਮਾਰ ਹੇਠ ਹਨ। ਉਹ ਸੋਚਣ ਲੱਗ ਪਏ ਕਿ ਕਿਸਾਨ ਕਿਸੇ ਇੱਕ ਦੇਸ਼ ਤੱਕ ਸੀਮਤ ਨਹੀਂ ਅਤੇ ਸਾਰੇ ਹੀ ਧਰਤੀ ਨਾਲ ਜੁੜੇ ਹੋਏ ਹੋਣ ਕਰਕੇ ਸਾਨੂੰ ‘ਭਾਰਤ ਮਾਤਾ ਕੀ ਜੈ’ ਦੀ ਬਜਾਏ ‘ਧਰਤੀ ਮਾਤਾ ਕੀ ਜੈ’ ਦਾ ਨਾਅਰਾ ਅਪਣਾਉਣਾ ਚਾਹੀਦਾ ਹੈ।

ਸਰਕਾਰ ਦੀ ਵੰਡ ਪਾਊ ਨੀਤੀ ਤੋਂ ਸੂਝਵਾਨ ਅਤੇ ਪ੍ਰੋੜ ਕਿਸਾਨ ਆਗੂ ਪਹਿਲੇ ਹੀ ਦਿਨ ਤੋਂ ਭਲੀਭਾਂਤ ਜਾਣੂ ਸਨ, ਇਸੇ ਕਾਰਨ ਇਸ ਦੇ ਮੁੱਖ ਬੁਲਾਰੇ ਖਾਸਕਰ ਬਲਵੀਰ ਸਿੰਘ ਰਾਜੇਵਾਲ ਵਾਰ ਵਾਰ ਸਿੱਖ ਨੌਜਵਾਨਾਂ ਨੂੰ ਸੁਚੇਤ ਕਰਦੇ ਰਹੇ ਕਿ ਇਹ ਕੇਵਲ ਪੰਜਾਬ ਜਾਂ ਸਿੱਖਾਂ ਦਾ ਅੰਦੋਲਨ ਨਹੀਂ ਬਲਕਿ ਦੇਸ਼ ਦੇ ਸਮੂਹ ਕਿਸਾਨਾਂ ਦਾ ਅੰਦੋਲਨ ਹੈ ਇਸ ਲਈ ਇਸ ਨੂੰ ਕੇਵਲ ਤਿੰਨਾਂ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ, ਕਿਸਾਨਾਂ ਦੀਆਂ ਫ਼ਸਲਾਂ ਐੱਮ.ਐੱਸ.ਪੀ. ’ਤੇ ਖਰੀਦਣ ਦੀ ਗਰੰਟੀ ਦੇਣ ਦਾ ਕਾਨੂੰਨ ਬਣਾਉਣ, ਬਿਜਲੀ ਸੋਧ ਬਿੱਲ (2020) ਅਤੇ ਪਰਾਲੀ ਸਾੜਨ ਬਦਲੇ ਕਿਸਾਨਾਂ ਨੂੰ ਇੱਕ ਕਰੋੜ ਰੁਪਏ ਦਾ ਜੁਰਮਾਨਾ ਕਰਨ ਦਾ ਬਿੱਲ (2020) ਰੱਦ ਕਰਨ ਤੋਂ ਇਲਾਵਾ ਹੋਰ ਕੋਈ ਵੀ ਮੰਗ ਨਾ ਉਠਾਈ ਜਾਵੇ। ਦੂਸਰਾ ਫ਼ਾਰਮੂਲਾ ਉਹ ਇਹ ਦੱਸਦੇ ਹਨ ਕਿ ‘ਇਸ ਮੋਰਚੇ ਦੀ ਹੁਣ ਤੱਕ ਦੀ ਸਫਲਤਾ ਦਾ ਰਾਜ਼ ਸੰਘਰਸ਼ ਦਾ ਪੁਰਨ ਅਮਨ ਰਹਿਣਾ ਹੈ। ਜੇ ਅੱਗੇ ਵੀ ਸੰਘਰਸ਼ ਪੁਰਨ ਅਮਨ ਰਿਹਾ ਤਾਂ ਜਿੱਤ ਯਕੀਨੀ ਸਾਡੀ ਹੋਵੇਗੀ ਪਰ ਜੇ ਹਿੰਸਕ ਹੋਇਆ ਤਾਂ ਜਿੱਤ ਮੋਦੀ ਦੀ ਹੋਵੇਗੀ। ਹੁਣ ਇਹ ਤੁਸੀਂ ਸੋਚਣਾਂ ਹੈ ਕਿ ਇੱਥੋਂ ਜਿੱਤ ਕੇ ਜਾਣਾ ਹੈ ਜਾਂ ਮੋਦੀ ਨੂੰ ਜਿਤਾਉਣਾ ਹੈ’।  ਇਸੇ ਖ਼ਿਆਲ ਨੂੰ ਅੱਗੇ ਤੋਰਦਿਆਂ ਇੱਕ ਦਿਨ ਉਨ੍ਹਾਂ ਇਹ ਅਪੀਲ ਵੀ ਕਰ ਦਿੱਤੀ ਕਿ ਟਰੈਕਟਰਾਂ ’ਤੇ ਕੇਸਰੀ ਨਿਸ਼ਾਨ ਸਾਹਿਬ ਨਾ ਝੁਲਾਏ ਜਾਣ ਅਤੇ ਸਭ ਤੋਂ ਫਰੰਟ ਲਾਈਨ ’ਤੇ ਬੈਠੇ ਘੋੜ ਸਵਾਰ ਨਿਹੰਗ ਸਿੰਘਾਂ ਦੀ ਫ਼ੌਜ ਪਿੱਛੇ ਹਟ ਜਾਵੇ ਤਾਂ ਕਿ ਐਸਾ ਨਾ ਹੋਵੇ ਕਿ ਸਰਕਾਰ ਇਸ ਨੂੰ ਕੇਵਲ ਪੰਜਾਬ ਜਾਂ ਖਾਲਸਾ ਪੰਥ ਦੇ ਅੰਦੋਲਨ ਦਾ ਰੂਪ ਦੇ ਕੇ ਕਿਸਾਨਾਂ ਨੂੰ ਧਰਮਾਂ ਵਿੱਚ ਵੰਡਣ ’ਚ ਸਫਲ ਹੋ ਜਾਵੇ। ਇਸ ਦੂਰਦ੍ਰਿਸ਼ਟੀ ਵਾਲੇ ਸੁਝਾਅ ਦਾ ਕੁਝ ਜਜ਼ਬਾਤੀ ਸਿੰਘ ਜਿਨ੍ਹਾਂ ਦੀ ਅਗਵਾਈ ਦੀਪ ਸਿੱਧੂ, ਲੱਖਾ ਸਿਧਾਣਾ ਅਤੇ ਨਿਹੰਗ ਸਿੰਘਾਂ ਦੇ ਕੁਝ ਮੁਖੀ ਕਰ ਰਹੇ ਸਨ, ਨੇ ਬੁਰਾ ਮਨਾਇਆ ਤੇ ਰਾਜੇਵਾਲ ਨੂੰ ਸੋਸ਼ਲ ਮੀਡੀਏ ’ਤੇ ਆਪਣਾ ਨਿਸ਼ਾਨਾ ਬਣਾਇਆ। ਕਿਸਾਨ ਜਥੇਬੰਦੀਆਂ ਨੇ ਇਨ੍ਹਾਂ ’ਤੇ ਆਪਣੀ ਸਟੇਜ ਤੋਂ ਬੋਲਣ ’ਤੇ ਪਹਿਲਾਂ ਤੋਂ ਹੀ ਪਾਬੰਦੀ ਲਾਈ ਹੋਈ ਸੀ। 26 ਜਨਵਰੀ ਨੂੰ ਲਾਲ ਕਿਲ੍ਹੇ ਵਾਪਰੀ ਘਟਨਾ ਸੰਬੰਧੀ ਗੋਦੀ ਮੀਡੀਆ ਤੇ ਸਰਕਾਰ ਦੁਆਰਾ ਲਗਾਤਾਰ ਕਿਸਾਨ ਵਿਰੋਧੀ ਪ੍ਰਚਾਰ ਸਦਕਾ ਮੋਰਚੇ ਵਿੱਚ ਆਈ ਨਿਰਾਸਤਾ ਕਾਰਨ ਰਾਜੇਵਾਲ ਨੇ ਸਟੇਜ ਤੋਂ ਕਹਿ ਦਿੱਤਾ ਕਿ ਦੀਪ ਸਿੱਧੂ ਅਤੇ ਕਿਸਾਨ-ਮਜ਼ਦੂਰ ਸੰਘਰਸ਼ ਕਮੇਟੀ ਦੇ ਪ੍ਰਧਾਨ ਸਤਨਾਮ ਸਿੰਘ ਪੰਨੂ, ਸਕੱਤਰ ਸਰਵਨ ਸਿੰਘ ਪੰਧੇਰ ਕਿਸਾਨ ਵਿਰੋਧੀ ਹਨ, ਜਿਨ੍ਹਾਂ ਨੂੰ ਵਾਰ-ਵਾਰ ਰੋਕੇ ਜਾਣ ਦੇ ਬਾਵਜੂਦ ਵੀ ਉਨ੍ਹਾਂ ਨੇ ਤਹਿ ਹੋਏ ਰੂਟ ’ਤੇ ਜਾਣ ਦੀ ਬਜਾਏ ਰਿੰਗ ਰੋਡ ’ਤੇ ਮਾਰਚ ਕਰਕੇ ਅਤੇ ਲਾਲ ਕਿਲ੍ਹੇ ਵਿੱਚ ਕੇਸਰੀ ਨਿਸ਼ਾਨ ਸਾਹਿਬ ਝੁਲਾ ਕੇ ਸਰਕਾਰ ਦੀਆਂ ਇਛਾਵਾਂ ਪੂਰੀਆਂ ਕੀਤੀਆਂ ਹਨ।

2019 ਦੀ ਲੋਕ ਸਭਾ ਚੋਣ ਦੌਰਾਨ ਭਾਜਪਾ ਉਮੀਦਵਾਰ ਸੰਨੀ ਦਿਉਲ ਦੇ ਚੋਣ ਪ੍ਰਚਾਰ ’ਚ ਸਰਗਰਮੀ ਨਾਲ ਭਾਗ ਲੈਣ ਦੇ ਨਾਤੇ ਦੀਪ ਸਿੱਧੂ ਦੇ ਰੋਲ ਸੰਬੰਧੀ ਤਾਂ ਸ਼ੱਕ ਕੀਤਾ ਜਾ ਸਕਦਾ ਹੈ ਪਰ ਲੱਖਾ ਸਿਧਾਣਾ ਕਾਫ਼ੀ ਲੰਬੇ ਸਮੇਂ ਤੋਂ ਸਮਾਜ ਸੇਵਾ ਅਤੇ ਪੰਜਾਬੀ ਭਾਸ਼ਾ ਦੇ ਮਾਨ ਸਨਮਾਨ ਲਈ ਆਪਣੀ ਸੇਵਾ ਨਿਭਾਉਂਦਾ ਆਇਆ ਹੈ। ਨੌਜਵਾਨੀ ਦੇ ਗਰਮ ਖ਼ੂਨ ਕਾਰਨ ਭਾਵੇਂ ਉਹ ਕਈ ਵਾਰ ਐਸੇ ਬਿਆਨ ਦੇ ਜਾਂਦਾ ਹੈ ਜਿਹੜੇ ਅਪਣਾਈ ਗਈ ਕਿਸਾਨੀ ਸੰਘਰਸ਼ ਨੀਤੀ ਦੇ ਅਨੁਕੂਲ ਨਹੀਂ ਹੁੰਦੇ ਪਰ ਰੋਕੇ ਜਾਣ ’ਤੇ ਉਸ ਨੇ ਕਦੀ ਵੀ ਉਸ ਕਦਰ ਪ੍ਰਤੀਕਰਮ ਨਹੀਂ ਦਿੱਤਾ ਜਿਸ ਤਰ੍ਹਾਂ ਦੇ ਦੀਪ ਸਿੱਧੂ ਕਰਦਾ ਆ ਰਿਹਾ ਹੈ। ਇਸੇ ਕਾਰਨ ਰਾਜੇਵਾਲ ਨੇ ਗਦਾਰ ਕਹਿਣ ਵੇਲੇ ਲੱਖੇ ਸਿਧਾਣੇ ਦਾ ਨਾਮ ਨਹੀਂ ਲਿਆ। ਸਤਨਾਮ ਸਿੰਘ ਪੰਨੂੰ ਤੇ ਸਰਵਨ ਸਿੰਘ ਪੰਧੇਰ ਨੇ ਬਾਅਦ ਵਿੱਚ ਆਪਣੇ ਵੱਲੋਂ ਲਏ ਫ਼ੈਸਲਿਆਂ ਨੂੰ ਗ਼ਲਤੀ ਮੰਨ ਕੇ ਮਾਫ਼ੀ ਮੰਗ ਲਈ ਸੀ। ਦੀਪ ਸਿੱਧੂ ਜਿਹੜਾ ਹੁਣ ਵੀ ਆਪਣੇ ਆਪ ਨੂੰ ਠੀਕ ਅਤੇ ਸੰਯੁਕਤ ਕਿਸਾਨ ਮੋਰਚੇ ਨੂੰ ਗਲਤ ਕਹਿ ਰਿਹਾ ਹੈ ਉਸ ਬਾਰੇ ਸਖ਼ਤ ਸ਼ਬਦ ਵਰਤਣੇ ਵੀ ਗਲਤ ਨਹੀਂ ਜਾਪਦੇ।

ਹੋ ਸਕਦਾ ਹੈ ਕਿ ਉਸ ਦੇ ਭਾਜਪਾ ਨਾਲ ਸੰਬੰਧ ਨਾ ਵੀ ਹੋਣ ਪਰ ਇਹ ਤਾਂ ਉਸ ਨੂੰ ਮੰਨਣਾ ਹੀ ਪਵੇਗਾ ਕਿ ਉਨ੍ਹਾਂ ਵੱਲੋਂ ਜਜ਼ਬਾਤੀ ਹੋ ਕੇ ਜੋ ਫ਼ੈਸਲਾ ਲਿਆ ਉਹ ਕਿਸਾਨੀ ਸੰਘਰਸ਼ ਲਈ ਨੁਕਸਾਨ ਦਾਇਕ ਸਾਬਤ ਹੋਇਆ, ਪਰ ਜੇ ਉਹ ਅਤੇ ਉਸ ਦੇ ਸਮਰਥਕ ਇੰਨਾ ਨੁਕਸਾਨ ਹੋਇਆ ਸਮਝਣ ਉਪਰੰਤ ਵੀ ਗ਼ਲਤੀ ਨਾ ਮੰਨਣ ਅਤੇ ਇਹ ਮੰਗ ਵੀ ਲਗਾਤਰ ਕਰਦੇ ਰਹਿਣ ਕਿ ਕਿਸਾਨ ਆਗੂ; ਦੀਪ ਸਿੱਧੂ ਦੇ ਕੇਸ ਖ਼ਤਮ ਕਰਵਾਉਣ ਅਤੇ ਉਸ ਨੂੰ ਜੇਲ੍ਹ ’ਚੋਂ ਰਿਹਾਅ ਕਰਵਾਉਣ ਲਈ ਅੱਗੇ ਆਉਣਾ ਤਾਂ ਅਜਿਹੀ ਮੰਗ ਦੋ ਕਾਰਨਾ ਕਰਕੇ ਵਜ਼ਨ ਨਹੀਂ ਰੱਖਦੀ। ਪਹਿਲਾ ਇਹ ਕਿ ਕਿਸਾਨ ਜਥੇਬੰਦੀਆਂ ਪਹਿਲਾਂ ਹੀ ਦੋ ਵਾਰ ਪ੍ਰੈੱਸ-ਕਾਨਫਰੰਸਾਂ ਵਿੱਚ ਸਪਸ਼ਟ ਕਰ ਚੁੱਕੀਆਂ ਹਨ ਕਿ ਜਦ ਤੱਕ ਫੜੇ ਗਏ ਸਾਰੇ ਵਿਅਕਤੀ ਰਿਹਾਅ ਨਹੀਂ ਕੀਤੇ ਜਾਂਦੇ ਉਸ ਸਮੇਂ ਤੱਕ ਸਰਕਾਰ ਨਾਲ ਕੋਈ ਗੱਲਬਾਤ ਨਹੀਂ ਕਰਨਗੇ ਕਿਉਂਕਿ ਗੱਲਬਾਤ ਤੋਂ ਪਹਿਲਾਂ ਸੁਖਾਵਾਂ ਮਾਹੌਲ ਬਣਾਉਣਾ ਜ਼ਰੂਰੀ ਹੈ। ਦੂਸਰਾ ਸਭ ਨੂੰ ਪਤਾ ਹੈ ਕਿ ਜਦੋਂ ਸਰਕਾਰ ਵਿਰੁਧ ਕੋਈ ਸੰਘਰਸ਼ ਹੁੰਦਾ ਹੈ ਤਾਂ ਉਸ ਸਮੇਂ ਪੁਲਿਸ ਦੇ ਤਸ਼ੱਦਦ ਅਤੇ ਫ਼ਰਜ਼ੀ ਕੇਸਾਂ ਦਾ ਸਾਹਮਣਾ ਵੀ ਕਰਨਾ ਪੈਂਦਾ ਹੈ ਅਤੇ ਜੇਲ੍ਹਾਂ ਵੀ ਕੱਟਣੀਆਂ ਪੈਂਦੀਆਂ ਹਨ। ਸੰਘਰਸ਼ ਦਾ ਮੁੱਖ ਟੀਚਾ ਆਪਣੀਆਂ ਉਹ ਮੰਗਾਂ ਪੂਰੀਆਂ ਕਰਵਾਉਣਾ ਹੁੰਦਾ ਹੈ ਜਿਨ੍ਹਾਂ ਲਈ ਸੰਘਰਸ਼ ਸ਼ੁਰੂ ਕੀਤਾ ਸੀ, ਨਾ ਕਿ ਸੰਘਰਸ਼ ਦੌਰਾਨ ਫੜੇ ਗਏ ਵਿਅਕਤੀ ਛੁਡਾਉਣੇ ’ਤੇ ਕੇਸ ਖਾਰਜ ਕਰਵਾਉਣੇ। ਹਾਂ ਜਦੋਂ ਸੰਘਰਸ਼ ਪੂਰੀ ਤਰ੍ਹਾਂ ਸਫਲ ਹੋ ਜਾਵੇ ਉਸ ਸਮੇਂ ਸੰਘਰਸ਼ ਖ਼ਤਮ ਕਰਨ ਤੋਂ ਪਹਿਲਾਂ ਸਾਰੇ ਕੇਸ ਖ਼ਤਮ ਕਰਵਾਉਣੇ ਤੇ ਫੜੇ ਗਏ ਵਿਅਕਤੀ ਰਿਹਾ ਕਰਵਾਉਣੇ ਲਾਜ਼ਮੀ ਹੋ ਜਾਂਦਾ ਹੈ।

ਜੇ ਕੋਈ ਵਿਅਕਤੀ ਨਿਸ਼ਾਨ ਸਾਹਿਬ ਝੁਲਾਉਣ ਨੂੰ ਕੌਮ ਲਈ ਵੱਡੀ ਪ੍ਰਾਪਤੀ ਸਮਝ ਰਿਹਾ ਹੈ ਤਾਂ ਕਿਸੇ ਵੱਡੀ ਪ੍ਰਾਪਤੀ ਲਈ ਕੁਝ ਕੁਰਬਾਨੀ ਤਾਂ ਕਰਨੀ ਹੀ ਪੈਂਦੀ ਹੈ। ਉਸ ਦੀ ਕੇਵਲ ਰਿਹਾਈ ਜਾਂ ਕੇਸ ਖ਼ਤਮ ਕਰਵਾਉਣ ਲਈ ਇੰਨਾ ਉਛਾਲਣ ਦੀ ਲੋੜ ਨਹੀਂ। ਉਹ ਵੱਖਰੇ ਤੌਰ ’ਤੇ ਇੱਕ ਸੰਘਰਸ਼ ਕਰਨ ਲਈ ਅਜ਼ਾਦ ਹਨ, ਪਰ ਉਸ ਵਾਸਤੇ ਕਿਸਾਨੀ ਸੰਘਰਸ਼ ਦਾ ਮੋਢਾ ਵਰਤਣ ਦੀ ਲੋੜ ਨਹੀਂ। ਇਸ ਨਾਲ ਕਿਸਾਨੀ ਸੰਘਰਸ਼ ਨੂੰ ਢਾਹ ਲੱਗੇਗੀ। ਲਾਲ ਕਿਲ੍ਹੇ ’ਤੇ ਝੰਡਾ ਲਹਿਰਾਉਣ ਜਾਂ ਗਤਕਾ ਖੇਲ੍ਹਣ ਨਾਲ ਖ਼ਾਲਿਸਤਾਨ ਕਦੀ ਨਹੀਂ ਬਣੇਗਾ; ਜੇ ਬਣੇਗਾ ਤਾਂ ਦੇਸ਼ ਦੇ ਸਾਰੇ ਹਿੰਦੂ ਭਰਾਵਾਂ ’ਚ ਐਸੇ ਹਿੰਦੂ ਵੀਰਾਂ ਵਰਗੀ ਭਾਵਨਾ ਪੈਦਾ ਕਰਨ ਨਾਲ ਬਣੇਗਾ, ਜੋ ਕਿਸਾਨ ਸਟੇਜਾਂ ’ਤੇ ਕਹਿੰਦੇ ਹਨ ਕਿ ਜਦ ਤੱਕ ਮੋਦੀ ਹੈ ਮੈਂ ਆਪਣੇ ਆਪ ਨੂੰ ਹਿੰਦੂ ਕਹਾਉਣਾ ਠੀਕ ਨਹੀਂ ਸਮਝਦਾ ਬਲਕਿ ਖ਼ਾਲਸਾ ਸਿੱਖ ਕਹਾਉਣ ਵਿੱਚ ਫ਼ਖ਼ਰ ਮਹਿਸੂਸ ਕਰਾਂਗਾ। (ਅਜਿਹੇ ਬੋਲ ਸੁਣਨ ਲਈ ਲਿੰਕ ਹੈ <https://youtu.be/YuFZRX1cx3Y>) ਜੇ ਬਹੁ ਗਿਣਤੀ ਚੰਗੇ ਹਿੰਦੂਆਂ ਦੀ ਐਸੀ ਭਾਵਨਾ ਬਣ ਜਾਵੇ ਤਾਂ ਕੇਵਲ ਪੰਜਾਬ ਹੀ ਨਹੀਂ, ਸਮੁੱਚਾ ਭਾਰਤ ਖ਼ਾਲਿਸਤਾਨ ਬਣ ਜਾਏਗਾ। ਹਿੰਦੂ ਭਰਾਵਾਂ ’ਚ ਇਸ ਤਰ੍ਹਾਂ ਦੀ ਭਾਵਨਾ; ਲਾਲ ਕਿਲ੍ਹੇ ’ਤੇ ਨਿਸ਼ਾਨ ਸਾਹਿਬ ਝੁਲਾਉਣ ਨਾਲ ਨਹੀਂ ਬਣਨੀ ਸਗੋਂ ਗੁਰੂ ਨਾਨਕ ਸਾਹਿਬ ਜੀ ਦੀ ਵੀਚਾਰਧਾਰਾ ਅਤੇ ਸੰਯੁਕਤ ਕਿਸਾਨ ਕਮੇਟੀ ਦੀ ਸੁਚੱਜੀ ਅਗਵਾਈ ਹੀ ਕਰ ਸਕਦੀ ਹੈ।

ਲਾਲ ਕਿਲ੍ਹੇ ’ਤੇ ਨਿਸ਼ਾਨ ਸਾਹਿਬ ਝੁਲਾਉਣ ਨਾਲ ਸਰਕਾਰ ’ਤੇ ਕੋਈ ਦਬਾਅ ਨਹੀਂ ਪਿਆ ਸਗੋਂ ਸਰਕਾਰ ਨੂੰ ਬਲ ਤੇ ਬਹਾਨਾ ਮਿਲਿਆ ਕਿਸਾਨਾਂ ਨੂੰ ਬਦਨਾਮ ਕਰਨ ਅਤੇ ਤਸ਼ੱਦਦ ਕਰਨ ਦਾ। ਸਰਕਾਰਾਂ ਉਸ ਦਬਾਅ ਦਾ ਅਸਰ ਕਬੂਲਦੀਆਂ ਹਨ, ਜਿਸ ਨਾਲ ਉਨ੍ਹਾਂ ਦੇ ਵੋਟ ਬੈਂਕ ਨੂੰ ਖੋਰਾ ਲਗਦਾ ਹੈ; ਜਿਵੇਂ ਕਿ ਪਹਿਲਾਂ ਹਰਿਆਣਾ ਨਗਰ ਚੋਣਾਂ ਅਤੇ ਹੁਣ ਪੰਜਾਬ ਵਿੱਚ ਲੱਗਾ ਹੈ। ਪੰਜਾਬ ਦੀਆਂ ਚੋਣਾਂ ਵਿੱਚ ਤਾਂ ਵੋਟਰਾਂ ਨੇ ਭਾਜਪਾ ਨੂੰ ਖ਼ਤਮ ਹੀ ਕਰ ਦਿੱਤਾ। ਭਾਜਪਾ ਦੇ ਗੜ੍ਹ ਮੰਨੇ ਜਾਂਦੇ ਪੰਜਾਬ ਦੇ ਤਿੰਨ ਜ਼ਿਲ੍ਹਿਆਂ ਦੇ ਨਤੀਜੇ ਹੀ ਵੇਖੇ ਜਾ ਸਕਦੇ ਹਨ। ਭਾਜਪਾ ਵੱਲੋਂ 2022 ’ਚ ਪੰਜਾਬ ਵਿੱਚ ਸਰਕਾਰ ਬਣਾਉਣ ਦੇ ਦਾਅਵੇ ਮੁੰਘੇਰੀ ਲਾਲ ਦੇ ਸੁਫਨੇ ਹਨ। ਅੰਮ੍ਰਿਤਸਰ ਨਗਰ ਨਿਗਮ ਦੀ ਇੱਕੋ ਇੱਕ (ਬਾਈ ਇਲੈਕਸ਼ਨ) ਵਾਰਡ ਨੰ: 37 ਵਿੱਚ ਨੋਟਾ (NOTA) ਨੂੰ 60 ਅਤੇ ਭਾਜਪਾ ਨੂੰ ਇਸ ਨਾਲੋਂ ਵੀ ਘੱਟ 52 ਵੋਟਾਂ ਮਿਲਿਆਂ। ਅੰਮ੍ਰਿਤਸਰ ਨਗਰ ਨਿਗਮ ਦੇ 1, ਰਮਦਾਸ ਦੇ 11, ਮਜੀਠਾ ਦੇ 13, ਰਈਆ ਦੇ 13, ਜੰਡਿਆਲਾ ਦੇ 15 ਅਤੇ ਅਜਨਾਲਾ ਦੇ 15 ਭਾਵ ਜਿਲ੍ਹੇ ਦੀਆਂ 6 ਨਗਰ ਨਿਗਮ/ ਨਗਰ ਕੌਂਸਲ/ ਨਗਰ ਪੰਚਾਇਤਾਂ ਦੇ ਕੁੱਲ 68 ਵਾਰਡਾਂ ਵਿੱਚੋਂ ਭਾਜਪਾ ਦਾ ਕੋਈ ਵੀ ਉਮੀਦਵਾਰ ਜਿੱਤ ਨਾ ਸਕਿਆ। ਨਗਰ ਨਿਗਮ ਗੁਰਦਾਸਪੁਰ ਦੇ 29, ਨਗਰ ਕੌਂਸਿਲ ਦੀਨਾਨਗਰ ਦੇ 15, ਕਾਦੀਆਂ ਦੇ 15, ਧਾਰੀਵਾਲ ਦੇ 13, ਫਤਹਿਗੜ੍ਹ ਚੂੜੀਆਂ ਦੇ 13 ਭਾਵ ਕੁਲ 85 ਵਾਰਡਾਂ ਵਿੱਚੋਂ ਵੀ ਭਾਜਪਾ ਉਮੀਦਵਾਰ ਨਾ ਜਿੱਤ ਸਕਿਆ ਜਦੋਂ ਕਿ ਬਟਾਲਾ ਨਗਰ ਨਿਗਮ ਦੇ ਕੁੱਲ 50 ਵਾਰਡਾਂ ਵਿੱਚੋਂ ਭਾਜਪਾ ਦੇ ਚਾਰ ਕੁ  ਉਮੀਦਵਾਰ ਜਿੱਤੇ ਹਨ। ਹੁਸ਼ਿਆਰਪੁਰ ਜ਼ਿਲ੍ਹੇ ਦੀਆਂ ਨਗਰ ਨਿਗਮ/ ਨਗਰ ਕੌਂਸਿਲ/ ਨਗਰ ਪੰਚਾਇਤਾਂ ਦੇ ਕੁਲ 50 ਵਾਰਡਾਂ ’ਚੋਂ ਭਾਜਪਾ ਦੇ ਕੇਵਲ 4 ਉਮੀਦਵਾਰ ਜਿੱਤੇ ਹਨ। ਬਠਿੰਡੇ ਦੇ 50 ਵਾਰਡਾਂ ’ਚੋਂ ਇੱਕ ਵੀ ਨਾ ਜਿੱਤ ਸਕਿਆ। ਵਾਰਡ ਨੰ: 10 ’ਚ ਭਾਜਪਾ ਨੂੰ 12 ਅਤੇ ਨੋਟਾ ਨੂੰ 21; ਵਾਰਡ ਨੰ: 20 ’ਚ ਭਾਜਪਾ ਨੂੰ 18 ਅਤੇ ਨੋਟਾ ਨੂੰ 36 ਤੇ ਪੱਟੀ ਦੇ ਇੱਕ ਵਾਰਡ ’ਚ ਭਾਜਪਾ ਨੂੰ 81 ਅਤੇ ਨੋਟਾ ਨੂੰ 164 ਵੋਟਾਂ ਪਈਆਂ।  ਗੁਰਦਾਸਪੁਰ ਨਗਰ ਨਿਗਮ ਦੇ ਵਾਰਡ ਨੰਬਰ 12 ਦੀ ਭਾਜਪਾ ਉਮੀਦਵਾਰ ਕਿਰਨ ਕੌਰ ਨੂੰ ਸਿਰਫ਼ 9 ਵੋਟਾਂ ਮਿਲੀਆਂ। ਉਂਜ ਉਨ੍ਹਾਂ ਨੇ ਈਵੀਐਮ ਬਦਲਣ ਦੇ ਦੋਸ਼ ਲਾਉਂਦਿਆਂ ਕਿਹਾ ਕਿ ਉਨ੍ਹਾਂ ਦੇ ਹੱਕ ਵਿੱਚ ਉਨ੍ਹਾਂ ਦੇ ਪਰਵਾਰ ਦੇ 15 ਤੋਂ 20 ਜਣਿਆਂ ਨੇ ਵੋਟਾਂ ਪਾਈਆਂ ਪਰ ਈਵੀਐਮ ਨੇ ਉਨ੍ਹਾਂ ਦੀਆਂ ਕੇਵਲ 9 ਵੋਟਾਂ ਵਿਖਾਈਆਂ। ਜਿਹੜੀ ਬੀਬੀ ਆਪਣੇ ਪਰਵਾਰ ਵੱਲੋਂ ਪਈਆਂ ਵੋਟਾਂ ਦੀ ਇੱਕ ਗਿਣਤੀ ਨਹੀਂ ਕਰ ਸਕੀ, 15 ਤੋਂ 20 ਕਹਿ ਰਹੀ ਹੈ ਉਸ ਦੇ ਦੋਸ਼ਾਂ ਵਿੱਚ ਕਿੰਨਾ ਕੁ ਸੱਚ ਹੋ ਸਕਦਾ ਹੈ ?

ਜਦ ਭਾਜਪਾ ਵਾਲੇ ਵੀ ਦੁੱਖੀ ਹਨ ਤਾਂ ਮੋਦੀ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਚੋਣਾਂ ਵਿੱਚ ਈਵੀਐਮ ਦੀ ਵਰਤੋਂ ’ਤੇ ਪੂਰੀ ਤਰ੍ਹਾਂ ਰੋਕ ਲਾਵੇ, ਸਾਰੀਆਂ ਵਿਰੋਧੀ ਪਾਰਟੀਆਂ ਵੀ ਇਹੀ ਕਹਿੰਦੀਆਂ ਪਈਆਂ ਹਨ।  ਉਕਤ ਵੇਰਵਾ ਦਾਲ਼ ’ਚੋਂ ਪੱਥਰ ਪਰਖਣ ਵਾਙ ਹੈ ਜੇ ਇਕੱਲੇ ਇਕੱਲੇ ਵਾਰਡ ਦੀ ਪੜਤਾਲ ਕੀਤੀ ਜਾਵੇ ਤਾਂ ਬਹੁਤਿਆਂ ਵਿੱਚ ਇਹੀ ਹਾਲ ਦਿੱਸੇਗਾ ਭਾਵ ਜਿੰਨੇ ਵੋਟਰਾਂ ਨੇ ਨੋਟਾ ਦਬਾਇਆ ਹੈ, ਭਾਜਪਾ ਨੂੰ ਉਸ ਤੋਂ ਵੀ 50% ਘੱਟ ਵੋਟਾਂ ਮਿਲੀਆਂ। ਜੇ ਬੰਗਾਲ ਅਤੇ ਯੂ.ਪੀ. ’ਚ ਆਉਣ ਵਾਲੀਆਂ ਚੋਣਾਂ ਵਿੱਚ ਵੋਟਰਾਂ ਨੇ ਪੰਜਾਬ, ਹਰਿਆਣਾ ਵਾਲਾ ਰੁੱਖ ਹੀ ਅਪਣਾਇਆ ਤਾਂ ਸਰਕਾਰ ਗੋਡਣੀਆਂ ਭਾਰ ਹੋ ਕੇ ਕਿਸਾਨਾਂ ਦੀਆਂ ਮੰਗਾਂ ਮੰਨਣ ਲਈ ਤਿਆਰ ਹੋ ਜਾਵੇਗੀ।

ਕਿਸਾਨ ਅੰਦੋਲਨ ਦਾ ਭੂਤ, ਵਰਤਮਾਨ ਤੇ ਭਵਿਖ

0

ਕਿਸਾਨ ਅੰਦੋਲਨ ਦਾ ਭੂਤ, ਵਰਤਮਾਨ ਤੇ ਭਵਿਖ

ਗਿਆਨੀ ਅਵਤਾਰ ਸਿੰਘ

ਹਰ ਜ਼ਿੰਦਗੀ ਦਾ ਵਜੂਦ, ਸੰਘਰਸ਼ ਹੁੰਦਾ ਹੈ। ਮਨੁੱਖ ਜਾਤੀ ਦਾ ਵੀ ਵਿਸ਼ੇ-ਵਿਕਾਰਾਂ ਨਾਲ਼ ਸੰਘਰਸ਼, ਪਰਵਾਰਿਕ ਫ਼ਰਜ਼ਾਂ ਪ੍ਰਤੀ ਸੰਘਰਸ਼, ਕੌਮੀ ਸੰਘਰਸ਼, ਸਮਾਜਿਕ ਸੰਘਰਸ਼ ਆਦਿ ਹੁੰਦਾ ਰਹਿੰਦਾ ਹੈ। ਅੱਜ ਭਾਰਤ ’ਚ ਆਰਥਿਕਤਾ ਨਾਲ਼ ਸੰਬੰਧਿਤ; ਕਿਰਸਾਨੀ ਸੰਘਰਸ਼ ਚੱਲਦਾ ਪਿਆ ਹੈ। ਭਾਰਤ ਦੀ 70% ਆਬਾਦੀ ਲਈ ਇਹ ਕਿੱਤਾ; ਰੁਜ਼ਗਾਰ ਦਾ ਸਾਧਨ ਹੈ, ਸਭਿਆਚਾਰ ਹੈ। ਦਿਲੋਂ ਭਾਵਨਾਵਾਂ ਜੁੜੀਆਂ ਹੋਣ ਕਾਰਨ ਅੰਦੋਲਨਕਾਰੀਆਂ ਪ੍ਰਤੀ ਪਿਆਰ ਵੇਖਣ ਨੂੰ ਮਿਲਦਾ ਹੈ। ਭੀੜ-ਭੜੱਕੇ ’ਚ ਗੁੰਮ ਹੋ ਰਹੀਆਂ ਕੁਝ ਕੀਮਤੀ ਵਸਤੂਆਂ; ਜਿਵੇਂ ਕਿ ਬੀਬੀਆਂ ਦੀਆਂ ਵਾਲ਼ੀਆਂ, ਪਰਸ ਆਦਿ ਵੀ ਉਨ੍ਹਾਂ ਨੂੰ ਮੁੜ ਮਿਲ ਜਾਂਦੇ ਹਨ। ਆਸ-ਪਾਸ ਦੇ ਲੋਕ ਅੰਦੋਲਨਕਾਰੀਆਂ ਤੋਂ ਖ਼ੁਸ਼ ਹਨ। ਹਰ ਮਦਦ ਦੇਣ ਲਈ ਅੱਗੇ ਆ ਰਹੇ ਹਨ। ਜ਼ਮੀਨੀ ਵੱਟ ਦੀ ਲੜਾਈ ਨੂੰ ਸਦੀਆਂ ਤੱਕ ਜੀਵਤ ਰੱਖਣ ਵਾਲ਼ਾ ਕਿਸਾਨ; ਅੱਜ ਸਮੁੱਚੇ ਭਾਰਤ ਦੇ ਅੰਦੋਲਨਕਾਰੀਆਂ ਅਤੇ ਉਨ੍ਹਾਂ ਪ੍ਰਤੀ ਹਮਦਰਦੀ ਰੱਖਣ ਵਾਲ਼ਿਆਂ ਨੂੰ ਸਾਂਝਾ ਪਰਵਾਰ ਸਮਝਣ ਲੱਗ ਪਿਆ ਹੈ। ਅਜਿਹੀ ਸਮਾਜਿਕ ਏਕਤਾ; ਪਾੜੋ ਤੇ ਰਾਜ ਕਰੋ; ਵਾਲ਼ੀ ਦਮਨਕਾਰੀ ਨੀਤੀ ਨੂੰ ਡਰਾ ਰਹੀ ਹੈ।  ਅੱਜ ਕਿਸਾਨਾਂ ਦੇ ਸਾਮ੍ਹਣੇ ਦੋ ਹੀ ਦੁਸ਼ਮਣ ਹਨ : ‘ਸਰਕਾਰ ਅਤੇ ਕਾਰਪੋਰੇਟ ਘਰਾਣੇ’।

ਸਾਡੇ ਆਪਣੇ ਵੱਲੋਂ ਚੁਣੇ ਦੇਸ਼ ਦੇ ਰਖਵਾਲੇ (ਸਰਕਾਰ) ਅਤੇ ਕਾਰਪੋਰੇਟ ਘਰਾਣੇ; ਦੋਵੇਂ ਮਿਲ ਕੇ ਜ਼ਮੀਨਾਂ ਦੇ ਅਸਲ ਮਾਲਕ ਕਿਸਾਨਾਂ ਨੂੰ ਮਜ਼ਦੂਰ ਬਣਾਉਣਾ ਲੋਚਦੇ ਹਨ। ਸਰਕਾਰ; ਸੱਚ ਨੂੰ ਜਾਣਨ ਦੇ ਬਾਵਜੂਦ ਪਰਦਾ ਪਾ ਰਹੀ ਹੈ; ਜਿਵੇਂ ਕਿ ਤਿੰਨੇ ਕਾਨੂੰਨ ਬਣਨ ਉਪਰੰਤ (1). ਕਿਸਾਨ ਆਪਣੀ ਫ਼ਸਲ ਪੂਰੇ ਭਾਰਤ ’ਚ ਵੇਚ ਸਕਦਾ ਹੈ। ਵੈਸੇ ਇਹ ਅਧਿਕਾਰ 1976 ਤੋਂ ਪੰਜਾਬ ਹਾਈਕੋਰਟ ਰਾਹੀਂ ਮਿਲ ਰੱਖਿਆ ਹੈ। (2). ਸੰਸਦ ’ਚ ਬਿੱਲਾਂ ’ਤੇ ਚਰਚਾ ਦੌਰਾਨ ਪ੍ਰਧਾਨ ਮੰਤਰੀ ਮੋਦੀ ਦਾ ਕਹਿਣਾ ਹੈ ਕਿ ਬਿੱਲ 12 ਕਰੋੜ ਛੋਟੇ ਕਿਸਾਨਾਂ ਲਈ ਹਨ ਭਾਵ ਧਰਨੇ ’ਤੇ ਬੈਠੇ ਕਿਸਾਨ ਛੋਟੇ ਨਹੀਂ, ਅਮੀਰ ਹਨ। ਸਚਾਈ ਇਹ ਹੈ ਕਿ ਪੰਜਾਬ ’ਚ 80% ਕਿਸਾਨਾਂ ਕੋਲ਼ 5 ਏਕੜ ਤੋਂ ਘੱਟ ਜ਼ਮੀਨ ਹੈ। (3). ਕਿਸਾਨਾਂ ਨਾਲ਼ ਮੀਟਿੰਗ ਦੌਰਾਨ ਬਿੱਲਾਂ ’ਚ ਸੋਧ ਕਰਨ ਲਈ ਸਹਿਮਤ ਹੋਣ ਦੇ ਬਾਵਜੂਦ ਖੇਤੀ ਮੰਤਰੀ ਨਰੇਂਦਰ ਤੋਮਰ; ਸੰਸਦ ’ਚ ਕਹਿ ਰਿਹਾ ਹੈ, ਇਨ੍ਹਾਂ ’ਚ ਕਾਲ਼ਾ ਕੀ ਹੈ, ਉਹ ਦੱਸੋ। ਹੁਣ ਸਵਾਲ ਪੈਦਾ ਹੁੰਦਾ ਹੈ ਕਿ ਜੇ ਕਾਲ਼ੇ ਦਾ ਪਤਾ ਨਹੀਂ ਤਾਂ ਸੋਧਾਂ ਕਾਹਦੇ ਲਈ ਮੰਨੀਆਂ? (4). ਸਰਕਾਰ; ਕਿਸਾਨਾਂ ਦੀ ਆਮਦਨ ਦੁੱਗਣੀ ਕਰਨਾ ਚਾਹੁੰਦੀ ਹੈ, ਪਰ ਦੁੱਗਣੇ ਦਾ ਪੈਮਾਨਾ ਕੀ ਹੈ, ਇਹ ਸਪਸ਼ਟ ਨਹੀਂ।

ਜੁਲਾਈ 2012 ਤੋਂ ਜੂਨ 2013 ਵਿਚਕਾਰ ਕਿਸਾਨ ਪਰਵਾਰ ਦੀ ਸਾਲਾਨਾ ਆਮਦਨੀ 77112 ਰੁਪਏ ਕੱਢੀ ਗਈ ਭਾਵ 6426 ਰੁਪਏ ਮਹੀਨਾ, ਜੋ ਚਾਰ ਸਾਲਾਂ ਬਾਅਦ (2016-17 ’ਚ) ਮਾਤਰ 2505 ਰੁਪਏ ਵਧੀ ਜਦਕਿ ਇਹ ਵਾਧਾ ਮਹਿੰਗਾਈ ਦਰ ਤੋਂ ਵੀ ਥੱਲੇ ਹੈ। ਖੇਤੀ ਵਿਸ਼ੇਸ਼ੱਗਾਂ ਦਾ ਮੰਨਣਾ ਹੈ ਕਿ ਕਿਸਾਨਾਂ ਦੀ ਆਮਦਨ ਦੁੱਗਣੀ ਕਰਨ ਲਈ ਮੌਜੂਦਾ ਆਮਦਨੀ ਦਾ ਮੁਲੰਕਣ ਕਰਨਾ ਜ਼ਰੂਰੀ ਹੈ, ਜੋ ਸਰਕਾਰ ਨਹੀਂ ਕਰਦੀ ਪਈ। ਸੋ ਇਹ ਕਹਿਣਾ ਕਿ ਕਿਸਾਨਾਂ ਦੀ ਆਮਦਨ ਦੁੱਗਣੀ ਕਰਨਾ ਮਕਸਦ ਹੈ, ਝੂਠ ਹੈ।

ਤਿੰਨੇ ਖੇਤੀ ਬਿੱਲਾਂ ਬਾਰੇ ਸੁਪਰੀਮ ਕੋਰਟ ਕੋਲ਼ ਇਹ ਅਧਿਕਾਰ ਸਨ, ਜੋ ਨਹੀਂ ਵਰਤੇ ਗਏ :

(1). ਇਹ ਵਾਚਣਾ ਕਿ ਸੰਵਿਧਾਨ ਮੁਤਾਬਕ ਖੇਤੀ ਵਿਸ਼ਾ; ਸੂਬਿਆਂ ਦਾ ਅਧਿਕਾਰ ਹੈ ਜਾਂ ਕੇਂਦਰ ਸਰਕਾਰ ਦਾ।

(2). ਜਿਸ ਢੰਗ ਨਾਲ਼ ਸੰਸਦ ’ਚ ਇਹ ਕਾਨੂੰਨ ਬਣਾਏ ਗਏ, ਕੀ ਉਹ ਸੰਵਿਧਾਨ ਮੁਤਾਬਕ ਸਹੀ ਹੈ?, ਪਰ ਸੁਪਰੀਮ ਕੋਰਟ ਨੇ ਕਿਸਾਨਾਂ ਦੀ ਉਮੀਦ ਦੇ ਉਲ਼ਟ ਤਿੰਨੇ ਕਾਨੂੰਨਾਂ ਨੂੰ ਸਹੀ ਠਹਿਰਾਉਣ ਵਾਲ਼ਿਆਂ ਦੀ ਇੱਕ ਕਮੇਟੀ ਬਣਾ ਦਿੱਤੀ; ਜੈਸਾ ਕਿ ਸਰਕਾਰ ਚਾਹੁੰਦੀ ਸੀ; ਇਸ ਤੋਂ ਜਾਪਿਆ ਕਿ ਸਰਕਾਰ ਹੀ ਸੁਪਰੀਮ ਕੋਰਟ ਰਾਹੀਂ ਬੋਲ ਰਹੀ ਹੈ। ਸੁਪਰੀਮ ਕੋਰਟ ਨੇ 29 ਜਨਵਰੀ 2021 ਨੂੰ ਇਹ ਵੀ ਮੰਨ ਲਿਆ ਕਿ ਅਦਾਲਤ ਦੀ ਆਲੋਚਨਾ ਦਾ ਟ੍ਰੈਂਡ ਵਧਦਾ ਜਾ ਰਿਹਾ ਹੈ। ਹੋ ਸਕਦਾ ਹੈ ਕਿ ਇੱਕ ਦਿਨ ਸੁਪਰੀਮ ਕੋਰਟ ਇਨ੍ਹਾਂ ਵਿਸ਼ਿਆਂ ’ਤੇ ਆਪਣਾ ਫ਼ੈਸਲਾ ਦੇਵੇ ਵੀ।

ਲੋਕਤੰਤਰ ਤੋਂ ਭਾਵ ਆਮ ਜਨਤਾ ਦੁਆਰਾ ਆਪਣੀ ਸਰਕਾਰ ਚੁਣਨਾ ਹੈ, ਜੋ ਜਨਤਾ ਪ੍ਰਤੀ ਜਵਾਬਦੇਹ ਹੋਵੇ। ਜਨਤਾ ਦੇ ਦੁੱਖ-ਸੁੱਖ (ਪੜ੍ਹਾਈ, ਰੁਜ਼ਗਾਰ, ਸੁਰੱਖਿਆ, ਨਿਆਂ, ਬਰਾਬਰਤਾ, ਮੈਡੀਕਲ ਸੁਵਿਧਾ ਆਦਿ) ’ਚ ਸਹਾਇਕ ਹੋਵੇ, ਪਰ ਕਥਨੀ ਅਤੇ ਕਰਨੀ ’ਚ ਓਹਲਾ ਰੱਖਣ ’ਚ ਮਾਹਰ ਤਾਨਾਸ਼ਾਹ ਹਾਕਮ; ਜਨਤਾ ਨੂੰ ਅਪਣਾਉਣ ਦੀ ਬਜਾਇ ਆਪਣੀ ਨੀਤੀ (ਸਾਮ, ਦਾਮ, ਦੰਡ, ਭੇਦ) ਨੂੰ ਹੀ ਕਾਰਗਰ ਮੰਨਦੇ ਆ ਰਹੇ ਹਨ।  ਪਿਛਲੇ ਕੁਝ ਸਾਲਾਂ ਤੋਂ ਸਰਕਾਰੀ ਫ਼ੈਸਲਿਆਂ ਨੂੰ ਸਹੀ ਠਹਿਰਾਉਣ ਲਈ ਵੀ ਰੈਲੀਆਂ ਹੋਣ ਲੱਗੀਆਂ ਹਨ। ਇਸ ਨੂੰ ਤਾਨਾਸ਼ਾਹੀ ਦਾ ਸਿਖਰ ਕਹੀਏ, ਡਰ ਕਹੀਏ ਜਾਂ ਲੋਕਤੰਤਰ ਦੀ ਹੱਤਿਆ। ਅਜਿਹੇ ਫੁੱਟ ਪਾਊ ਹਾਲਾਤ; ਜਨਤਾ ਵਿਰੁਧ ਲਏ ਫ਼ੈਸਲਿਆਂ ਦਾ ਨਤੀਜਾ ਹੁੰਦੇ ਹਨ।

ਮਨੁੱਖੀ ਅਧਿਕਾਰਾਂ ਨੂੰ ਜੀਵਤ ਰੱਖਣ ਲਈ ਹੀ ਭਾਰਤ ਆਜ਼ਾਦ ਹੋਇਆ ਹੈ।  ਜੇ ਅੰਗਰੇਜ਼ਾਂ ਦੁਆਰਾ 150 ਸਾਲ ਪਹਿਲਾਂ (ਸੰਨ 1870 ’ਚ) ਬਣਾਇਆ ਗਿਆ ਦੇਸ਼-ਧ੍ਰੋਹ (ਰਾਜਦ੍ਰੋਹ) ਕਾਨੂੰਨ (ਧਾਰਾ 124 ਏ) ਅੱਜ ਵੀ ਆਪਣੇ ਵਿਰੁਧ ਉੱਠਣ ਵਾਲ਼ੀ ਹਰ ਆਵਾਜ਼ ਨੂੰ ਦਬਾਉਣ ਲਈ ਇਸਤੇਮਾਲ ਕਰਨਾ ਹੈ ਤਾਂ ਅੰਗਰੇਜ਼ਾਂ ਨੂੰ ਮਾੜਾ ਅਤੇ ਭਾਰਤ ਨੂੰ ਆਜ਼ਾਦ ਕਿਵੇਂ ਮੰਨਿਆ ਸਕਦਾ ਹੈ?  ਭਾਰਤ ’ਚ ਜਿੰਨਿਆਂ ’ਤੇ ਵੀ ਦੇਸ਼ ਧ੍ਰੋਹ ਲਗਾਇਆ ਗਿਆ, ਉਨ੍ਹਾਂ ’ਚੋਂ ਮਾਤਰ 2% ਨੂੰ ਹੀ ਸਜ਼ਾ ਮਿਲੀ, ਬਾਕੀ 98% ਸਰਕਾਰੀ ਦਮਨਕਾਰੀ ਨੀਤੀ ਦਾ ਸ਼ਿਕਾਰ ਹੋਏ ਹਨ ਜਦਕਿ ਸੰਸਾਰਭਰ ’ਚ ਵਿਰੋਧੀ ਆਵਾਜ਼ ਨੂੰ ਹੀ ਮਜ਼ਬੂਤ ਲੋਕਤੰਤਰ ਦੀ ਆਤਮਾ ਮੰਨਿਆ ਹੈ।

ਵਿਸ਼ਵ ਆਂਕੜਿਆਂ ਮੁਤਾਬਕ ਸੰਨ 2015 ’ਚ ਭਾਰਤ ਦਾ ਲੋਕਤੰਤਰੀ ਕਿਰਦਾਰ 26ਵੇਂ ਨੰਬਰ ’ਤੇ ਸੀ, ਜੋ ਹੁਣ ਡਿੱਗ ਕੇ 53ਵੇਂ ਨੰਬਰ ’ਤੇ ਆ ਗਿਆ। ਦੂਜੇ ਪਾਸੇ ਪਿਛਲੇ 30 ਸਾਲਾਂ ’ਚ GDP ਪੱਖੋਂ ਭਾਰਤ 25ਵੇਂ ਸਥਾਨ ਤੋਂ 5ਵੇਂ ’ਤੇ ਚੜ੍ਹ ਗਿਆ ਭਾਵ ਵਿਕਾਸ ਕਰ ਗਿਆ ਭਾਵੇਂ ਕਿ ਭਾਰਤ ਦਾ ਆਮ ਨਾਗਰਿਕ ਅਜੇ ਵੀ ਆਰਥਿਕ ਪੱਖੋਂ 180 ਦੇਸ਼ਾਂ ’ਚ 130-135ਵੇਂ ਨੰਬਰ ’ਤੇ ਅਟਕਿਆ ਪਿਆ ਹੈ।

ਕਿਰਸਾਨੀ ਨੂੰ ਖ਼ਤਮ ਕਰ ਰੁਜ਼ਗਾਰ ਪੈਦਾ ਕਰਨਾ ਵੀ ਇੰਨਾ ਆਸਾਨ ਨਹੀਂ ਹੈ ਕਿਉਂਕਿ ਨਵੇਂ ਰੁਜ਼ਗਾਰ ਪੈਦਾ ਕਰਨਾ; ਸਰਕਾਰ ਦੇ ਏਜੰਡਾ ’ਚ ਨਹੀਂ ਹੁੰਦਾ ਭਾਵੇਂ ਕਿ ਭਾਰਤ ਇੱਕ ਨੌਜਵਾਨ ਦੇਸ਼ ਹੈ। ਇਸ ਦੀ 65% ਆਬਾਦੀ 35 ਸਾਲ ਤੋਂ ਛੋਟੀ ਹੈ ਭਾਵ ਇੱਕ ਬਜ਼ੁਰਗ ਦੇ ਮੁਕਾਬਲੇ 2 ਨੌਜਵਾਨ। ਹਰ ਸਾਲ ਇੱਕ ਕਰੋੜ ਨੌਜਵਾਨ ਪੜ੍ਹ ਕੇ ਨੌਕਰੀ ਦੀ ਤਲਾਸ਼ ’ਚ ਹੁੰਦਾ ਹੈ। ਪ੍ਰਸਿੱਧ ਸੰਸਥਾ CMIE (The Centre for Monitoring Indian Economy) ਮੁਤਾਬਕ ਭਾਰਤ ’ਚ ਪਹਿਲਾਂ ਤੋਂ ਮਿਲਿਆ ਰੁਜ਼ਗਾਰ ਵੀ ਘਟ ਰਿਹਾ ਹੈ। ਸੰਨ 2016-17 ’ਚ 40.73 ਕਰੋੜ ਲੋਕਾਂ ਕੋਲ਼ ਰੁਜ਼ਗਾਰ ਸੀ, ਜੋ 2017-18 ’ਚ 40.59 ਕਰੋੜ ਰਹਿ ਗਿਆ ਅਤੇ 2018-19 ’ਚ 40.09 ਕਰੋੜ। ਸੰਨ 2020 ਦੇ ਕੋਰੋਨਾ ਕਾਲ ’ਚ ਬੇਰੁਜ਼ਗਾਰੀ ਨੇ ਸਾਰੇ ਹੀ ਆਂਕੜੇ ਤੋੜ ਦਿੱਤੇ। ਹਰ ਸਾਲ 2 ਕਰੋੜ ਰੁਜ਼ਗਾਰ ਪੈਦਾ ਕਰਨ ਦਾ ਵਾਅਦਾ ਕਰਨ ਵਾਲ਼ੀ ਮੋਦੀ ਸਰਕਾਰ; ਹੁਣ ਤੱਕ 14 ਕਰੋੜ ਰੁਜ਼ਗਾਰ ਗਵਾ ਚੁੱਕੀ ਹੈ। ਦੂਜੇ ਪਾਸੇ ਵਿਦੇਸ਼ ਤੋਂ ਕਾਲ਼ਾ ਧਨ ਲਿਆਉਣ ਦਾ ਦਾਅਵਾ ਕਰਨ ਵਾਲ਼ੀ 56 ਇੰਚ ਛਾਤੀ; ਦੇਸ਼ ’ਚੋਂ ਵੀ ਕਰੋੜਾਂ ਰੁਪਏ ਲੈ ਕੇ ਵਿਦੇਸ਼ ਭੱਜ ਗਿਆਂ ਨੂੰ ਵੀ ਫੜ ਨਾ ਸਕੀ।

ਮੋਦੀ ਸਰਕਾਰ; ਸੁਰੱਖਿਆ, ਸੰਚਾਰ ਤੇ ਕਾਨੂੰਨ ਆਦਿਕ ਸੀਮਤ ਅਧਿਕਾਰ ਆਪਣੇ ਪਾਸ ਰੱਖ ਕੇ ਬਾਕੀ ਸਭ ਕੁਝ ਕਾਰਪੋਰੇਟ ਘਰਾਣਿਆਂ ਦੇ ਹੱਥਾਂ ’ਚ ਦੇਣ ਲਈ ਕਾਹਲ਼ੀ ਵਿੱਚ ਹੈ ਤਾਂ ਜੋ ਵੋਟਰਾਂ ਪ੍ਰਤੀ ਜਵਾਬਦੇਹੀ ਅਤੇ ਭ੍ਰਿਸ਼ਟਾਚਾਰ ਵਿਰੁਧ ਲੜਨ ਤੋਂ ਮੁਕਤ ਹੋ ਸਕੇ। ਸਰਕਾਰੀ ਰਿਆਇਤਾਂ (ਗੈਸ, ਪਾਣੀ, ਬਿਜਲੀ ਆਦਿ) ਨੂੰ ਬੰਦ ਕਰਨਾ ਜਾਰੀ ਹੈ। ਅਗਲੀ ਵਾਰੀ ਜਾਤੀ ਆਧਾਰਿਤ ਆਰਕਸ਼ਣ (ਰਿਜ਼ਰਵੇਸ਼ਨ) ਕੋਟਾ ਖ਼ਤਮ ਕਰਨਾ ਹੈ। ਜਦ ਸਰਕਾਰੀ ਨੌਕਰੀ ਨਾ ਰਹੀ ਤਾਂ ਇਨ੍ਹਾਂ ਦੀ ਕੀ ਜ਼ਰੂਰਤ?

ਅਜੋਕੇ ਪੜ੍ਹੇ-ਲਿਖੇ ਸਮਾਜ ’ਚ ਇੰਨੇ ਬਦਲਾਅ ਕਰਨੇ ਮੁਸ਼ਕਲ ਹਨ। ਵਿਰੋਧ ਦਾ ਡਰ ਰਹਿੰਦਾ ਹੈ, ਇਸ ਲਈ ਪਹਿਲਾਂ ਫਿਰਕੂ ਅਤੇ ਰਾਸ਼ਟਰਵਾਦ ਰੰਗ ਛਿੜਕਿਆ ਗਿਆ ਅਤੇ ਆਮ ਨਾਗਰਿਕ; ਅਸਹਿਣਸ਼ੀਲ ਹੋ ਕੇ ਨਿਰਪੱਖ ਵਿਚਾਰਾਂ ਨੂੰ ਵੀ ਸਰਕਾਰੀ ਦਮਨਕਾਰੀ ਕਾਨੂੰਨ (ਦੇਸ਼-ਧ੍ਰੋਹ) ਅਧੀਨ ਮੰਨਣ ਲੱਗ ਪਿਆ। ਆਰਥਿਕ ਅਤੇ ਸਮਾਜਿਕ ਮੁੱਦੇ ਫਿਰਕੂ ਰੰਗ ’ਚ ਘੁਲ਼ ਗਏ।

ਸੁਧਾਰ ਦੇ ਨਾਂ ’ਤੇ ਪਿਛਲੇ ਸਾਲਾਂ ’ਚ ਲਏ ਫ਼ੈਸਲੇ (ਜਿਵੇਂ ਨੋਟਬੰਦੀ, GST, ਧਾਰਾ 370, ਰਾਮ ਮੰਦਿਰ, CAA, ਤਿੰਨ ਤਲਾਕ ਆਦਿਕ) ਜਨਤਾ ’ਚ ਪਿਆਰ ਜਾਂ ਰੁਜ਼ਗਾਰ ਦੇਣ ਲਈ ਨਹੀਂ ਅਤੇ ਨਾ ਹੀ ਇਨ੍ਹਾਂ ਨਾਲ਼ ਨਿਆਂ ਮਿਲਣ ’ਚ ਤੇਜ਼ੀ ਆਉਣੀ ਹੈ। ਇੱਕੋ ਮਨੋਰਥ ਹੈ ‘ਭਾਰਤ ਨੂੰ ਹਿੰਦੂ ਰਾਸ਼ਟਰ ਬਣਾਉਣਾ’।  ਸੋ ਕਿਸਾਨ ਸੰਘਰਸ਼ ਕਿਸੇ ਇੱਕ ਵਰਗ ਤੱਕ ਸੀਮਤ ਨਾ ਰਹੇ, ਸਭ ਨੂੰ ਅੱਗੇ ਆਉਣਾ ਪੈਣਾ ਹੈ।

ਭਾਰਤ; ਖੇਤੀ ਆਧਾਰਿਤ ਦੇਸ਼ ਹੈ। ਖੇਤੀ ’ਚ ਸੁਧਾਰਾਂ ਦੀ ਜ਼ਰੂਰਤ ਪੈਂਦੀ ਹੈ, ਪਰ ਸੁਧਾਰ ਕਿਸਾਨਾਂ ਨਾਲ਼ ਮਿਲ ਕੇ ਹੋਣ, ਨਾ ਕਿ ਕਾਰਪੋਰੇਟ ਘਰਾਣਿਆਂ ਨਾਲ਼ ਮਿਲ ਕੇ। ਖੇਤ ਦਾ ਮਾਲਕ; ਕਿਸਾਨ ਹੈ, ਸਰਕਾਰ ਨਹੀਂ। ਕਿਸਾਨ ਨੂੰ ਖੇਤ ਦੀ ਮਾਲਕੀ ਦਾ ਹੱਕ ਬਾਬਾ ਬੰਦਾ ਸਿੰਘ ਬਹਾਦਰ ਨੇ 18ਵੀਂ ਸਦੀ ’ਚ ਦਿੱਤੇ ਹਨ, ਨਾ ਕਿ ਅੰਗਰੇਜ਼ ਜਾਂ ਆਜ਼ਾਦ ਹੋਈ ਭਾਰਤ ਸਰਕਾਰ ਨੇ ਦਿੱਤੇ ਹਨ।

ਅੱਜ ਕੋਈ ਵੀ ਦੇਸ਼; ਦੂਸਰੇ ਦੇਸ਼ ਦੇ ਸੁਧਾਰਵਾਦੀ ਕਦਮ ਦਾ ਖੁੱਲ੍ਹ ਕੇ ਵਿਰੋਧ ਨਹੀਂ ਕਰੇਗਾ ਭਾਵੇਂ ਕਿ ਸੁਧਾਰ ਦੇ ਨਾਂ ’ਤੇ ਕੋਈ ਦੇਸ਼ ਆਪਣੀ ਜਨਤਾ ਦਾ ਗਲ਼ਾ ਘੁੱਟਦਾ ਪਿਆ ਹੋਵੇ। ਅਮਰੀਕਾ, ਕੈਨੇਡਾ, ਰੂਸ, ਇੰਗਲੈਂਡ ਆਦਿ ਦੇਸ਼ਾਂ ਨੇ ਭਾਰਤ ਸਰਕਾਰ ਉੱਤੇ ਕਿਸਾਨ ਬਿੱਲ ਵਾਪਸ ਲੈਣ ਲਈ ਕੋਈ ਦਬਾਅ ਨਹੀਂ ਬਣਾਇਆ ਹੈ। ਇਹ ਵੱਖਰੀ ਗੱਲ ਹੈ ਕਿ ਸ਼ਾਤਮਈ ਅੰਦੋਲਨ ਨੇ ਦੇਸ਼ ਵਿਦੇਸ਼ ਦੇ ਚਿੰਤਕਾਂ ਦਾ ਧਿਆਨ ਆਪਣੇ ਵੱਲ ਜ਼ਰੂਰ ਖਿੱਚਿਆ ਹੋਇਆ ਹੈ, ਜਿਸ ਕਾਰਨ ਮੋਦੀ ਸਰਕਾਰ ’ਤੇ ਦਬਾਅ ਹੈ ਕਿ ਉਹ ਬਲ ਪ੍ਰਯੋਗ ਨਾ ਕਰੇ। ਅੰਦੋਲਨ ਨੂੰ ਨਾਕਾਮ (ਫ਼ੇਲ੍ਹ) ਕਰਨ ਲਈ ਪਹਿਲਾਂ ਹਿੰਸਕ ਬਣਾਉਣਾ ਪੈਣਾ ਹੈ, ਜੋ ਸਰਕਾਰ ਕਰਦੀ ਪਈ ਹੈ।

ਸੰਘਰਸ਼; ਸਿੱਖ ਕੌਮ ਦੀ ਵਿਰਾਸਤ ਹੋਣ ਕਾਰਨ ਇਸ ਨੂੰ ਹਿੰਸਕ ਜਮਾਤ ਵਜੋਂ ਪ੍ਰਚਾਰਿਆ ਜਾਂਦਾ ਹੈ। ਸਿੱਖਾਂ ਨੇ ਵੀ ਆਪਣੇ ਸ਼ਾਂਤਮਈ ਸੰਘਰਸ਼ (ਗੌਰਵ) ਨੂੰ ਕਦੇ ਪ੍ਰਗਟ ਨਹੀਂ ਹੋਣ ਦਿੱਤਾ। ਸੰਘਰਸ਼; ਸ਼ਾਂਤਮਈ ਵੀ ਹੁੰਦਾ ਹੈ। ਦੁਨੀਆ ਦਾ ਪਹਿਲਾ ਸ਼ਾਂਤਮਈ ਸੰਘਰਸ਼; ਮੀਰੀ ਪੀਰੀ ਦੇ ਮਾਲਕ ਗੁਰੂ ਹਰਗੋਬਿੰਦ ਸਾਹਿਬ ਜੀ ਸਮੇਂ ਲੜਿਆ ਗਿਆ ਜਦ ਉਨ੍ਹਾਂ ਨੂੰ 18 ਸਾਲ ਦੀ ਉਮਰ (ਸੰਨ 1613 ਈਸਵੀ) ’ਚ 12 ਸਾਲ ਦੀ ਸਜ਼ਾ ਹੋਈ ਤੇ ਗਵਾਲੀਅਰ ਕਿਲ੍ਹੇ ’ਚ ਬੰਦ ਕੀਤਾ ਸੀ। ਬਾਬਾ ਬੁੱਢਾ ਜੀ ਦੀ ਦੇਖ-ਰੇਖ ’ਚ ਅਰੰਭਿਆ ਇਹ ਸ਼ਾਂਤਮਈ ਅੰਦੋਲਨ 4-5 ਸਾਲ ਨਿਰੰਤਰ ਚੱਲਿਆ।  ਸੰਗਤਾਂ ਅੰਮ੍ਰਿਤਸਰ ਤੋਂ ਸ਼ਬਦ ਕੀਰਤਨ ਅਤੇ ਸਤਿ ਨਾਮ ਦਾ ਜਾਪ ਕਰਦੀਆਂ ਹੋਈਆਂ ਗਵਾਲੀਅਰ ਦੇ ਕਿਲ੍ਹੇ ਦਾ ਚੱਕਰ ਲਗਾ ਕੇ ਵਾਪਸ ਅੰਮ੍ਰਿਤਸਰ ਪਰਤ ਆਉਂਦੀਆਂ। ਸੰਗਤਾਂ ਦਾ ਆਪਣੇ ਗੁਰੂ ਪ੍ਰਤੀ ਅਥਾਹ ਪਿਆਰ ਅਤੇ ਸੂਫ਼ੀ ਸੰਤਾਂ ਦੇ ਦਬਾਅ ਕਾਰਨ ਜਹਾਂਗੀਰ ਨੇ ਗੁਰੂ ਸਾਹਿਬ ਨੂੰ ਸਜ਼ਾ ਪੂਰੀ ਹੋਣ ਤੋਂ ਪਹਿਲਾਂ ਹੀ 52 ਹੋਰ ਬੰਦੀ ਰਾਜਿਆਂ ਸਮੇਤ ਰਿਹਾਅ ਕਰ ਦਿੱਤਾ। ਦਰਬਾਰ ਸਾਹਿਬ ਦੀ ਪ੍ਰਕਰਮਾ ਕਰਦਿਆਂ ਅੱਜ ਵੀ ਚੌਂਕੀਆਂ ਦੇ ਰੂਪ ’ਚ ਇਹੀ ਰੀਤ ਚਾਲੂ ਹੈ। ਸ਼ਾਂਤਮਈ ਅੰਦੋਲਨ ਦੀ ਦੂਸਰੀ ਘਟਨਾ ਸੰਨ 1921 ’ਚ ਸਾਕਾ ਨਾਨਕਾਣਾ ਸਾਹਿਬ ਵਜੋਂ ਵਾਪਰੀ, ਜਿਸ ਤੋਂ ਬਾਅਦ ਸਾਰੇ ਹੀ ਗੁਰਦੁਆਰਿਆਂ ਨੂੰ ਆਜ਼ਾਦ ਕਰਵਾਉਣ ਦਾ ਰਸਤਾ ਸਾਫ਼ ਹੁੰਦਾ ਗਿਆ। ਵੈਸੇ ਸੰਨ 1613 ਤੋਂ 1921 ਵਿਚਕਾਰ ਸਿੱਖਾਂ ਨੇ ਕਈ ਹਿੰਸਕ ਯੁੱਧ (ਹਥਿਆਰਾਂ ਨਾਲ਼) ਵੀ ਲੜੇ ਹਨ। ਅੱਜ ਦੇ ਹਾਕਮ ਭੁੱਲ ਬੈਠੇ ਹਨ ਕਿ ਇਨ੍ਹਾਂ ਹਿੰਸਕ ਯੁੱਧਾਂ ਨੇ ਹੀ ਭਾਰਤ ਦੀ ਆਜ਼ਾਦੀ ਦਾ ਮੁੱਢ ਬੰਨ੍ਹਿਆ ਹੈ।

ਦੁਨੀਆ ਦੇ ਇਤਿਹਾਸ ’ਚ ਵੱਡੇ ਵਿਸ਼ਵ ਹਿੰਸਕ ਯੁੱਧ ਦੀ ਸਮਾਪਤੀ ਤੋਂ ਬਾਅਦ ਸੰਨ 1945 ’ਚ 40 ਦੇਸ਼ਾਂ ਦੁਆਰਾ ਸੰਯੁਕਤ ਰਾਸ਼ਟਰ ਦੀ ਸਥਾਪਨਾ ਕਰਨ ਉਪਰੰਤ ਹਿੰਸਕ ਯੁੱਧਾਂ ਦਾ ਵਿਰੋਧ ਹੋਣ ਲੱਗਾ। ਸੰਨ 2006 ’ਚ ਸੰਯੁਕਤ ਰਾਸ਼ਟਰ ’ਚ ਮਾਨਤਾ ਪ੍ਰਾਪਤ ਦੇਸ਼ਾਂ ਦੀ ਗਿਣਤੀ ਵਧ ਕੇ 192 ਹੋ ਗਈ ਭਾਵ ਹਿੰਸਕ ਯੁੱਧ ਵਿਰੁਧ 40 ਤੋਂ 192 ਦੇਸ਼ ਹੋ ਗਏ।

ਸੰਯੁਕਤ ਰਾਸ਼ਟਰ ਦਾ ਦਬਾਅ ਹੀ ਕਹੀਏ ਕਿ ਸ਼੍ਰੀ ਲੰਕਾ ’ਚ 1983 ਤੋਂ ਸ਼ੁਰੂ ਹੋਇਆ ਸ਼ਕਤੀਸ਼ਾਲੀ ਹਿੰਸਕ ਲਿੱਟੇ ਯੁੱਧ; 32 ਦੇਸ਼ਾਂ ਦੁਆਰਾ ਅੱਤਵਾਦੀ ਕਰਾਰ ਦੇਣ ਉਪਰੰਤ 2009 ’ਚ ਮਿਟਾ ਦਿੱਤਾ ਗਿਆ। ਅਫ਼ਗ਼ਾਨਿਸਤਾਨ ’ਚ ਅਲ ਕਾਇਦਾ ਅਤੇ ਸੀਰੀਆ ’ਚ ਇਸਲਾਮਿਕ ਸਟੇਟ ਵੀ ਹਿੰਸਕ ਸੰਘਰਸ਼ ਸਨ, ਜਿਨ੍ਹਾਂ ਦਾ ਹੁਣ ਵਜੂਦ ਨਾ ਬਚਿਆ ਭਾਵ 17ਵੀਂ, 18ਵੀਂ ਤੇ 19ਵੀਂ ਸਦੀ ਵਾਙ 21ਵੀਂ ਸਦੀ ’ਚ ਹਿੰਸਕ ਸੰਘਰਸ਼ ਕਰਨਾ; ਕੌਮ ਨੂੰ ਖ਼ਤਮ ਕਰਨਾ ਹੈ। ਇਸ ਲਈ ਹੀ 1984 ’ਚ ਸਿੱਖਾਂ ਨੂੰ ਹਿੰਸਕ ਸੰਘਰਸ਼ ਵੱਲ ਧਕੇਲਿਆ ਗਿਆ ਅਤੇ ਕਿਸੇ ਵਿਦੇਸ਼ੀ ਤਾਕਤ ਨੇ ਹਿਮਾਇਤ ’ਚ ਹਾ ਦਾ ਨਾਹਰਾ ਤੱਕ ਨਹੀਂ ਮਾਰਿਆ। ਸਿੱਖਾਂ ਨੂੰ ਇੰਨਾ ਨਿੰਮੋਝੂਣਾ ਕਰ ਦਿੱਤਾ ਕਿ ਇਹ ਜਸਵੰਤ ਸਿੰਘ ਖਾਲੜਾ ਮਿਸ਼ਨ ਨੂੰ ਵੀ ਪੂਰਾ ਕਰਨਯੋਗ ਨਾ ਰਹੇ ਭਾਵ ਆਪਣਾ ਇਤਿਹਾਸ ਵੀ ਨਾ ਸੰਭਾਲ਼ਿਆ ਗਿਆ, ਇਨਸਾਫ਼ ਲੈਣਾ ਤਾਂ ਬਹੁਤ ਦੂਰ।

ਅੱਜ ਬਾਹਾਂ ਦੇ ਜ਼ੋਰ ਨਾਲ਼ ਨਹੀਂ, ਦਿਮਾਗ਼ ਨਾਲ਼ ਆਪਣੇ ਅਧਿਕਾਰ ਬਚਾਏ, ਲਏ ਜਾ ਸਕਦੇ ਹਨ। ਸ਼ਾਂਤਮਈ ਸੰਘਰਸ਼ ਰਾਹੀਂ RSS ਵਰਗੀ ਫਿਰਕੂ ਜਮਾਤ ਵੀ ਭਾਰਤ ਦੀਆਂ ਘੱਟ ਗਿਣਤੀ ਕੌਮਾਂ ਨੂੰ ਆਪਣੇ ’ਚ ਜਜ਼ਬ ਕਰਨਯੋਗ ਬਣ ਗਈ ਅਤੇ ਭਾਰਤ ਦੀ ਆਜ਼ਾਦੀ ਦਾ ਵਿਰੋਧ ਕਰਨ ਦੇ ਬਾਵਜੂਦ ਸੱਚੇ ਦੇਸ਼ ਭਗਤ ਅਖਵਾ ਰਹੇ ਹਨ।

ਹਰਿਆਣਾ ਅਤੇ ਯੂਪੀ ਵਾਙ ਪੰਜਾਬ ’ਚ ਭਾਵੇਂ ਮਹਾਂ ਪੰਚਾਇਤਾਂ ਨਹੀਂ, ਪਰ ਕਿਸਾਨਾਂ ਦੀਆਂ ਸੈਂਕੜੇ (250 ਕੁ) ਜਥੇਬੰਦੀਆਂ ਹਨ, ਜਿਨ੍ਹਾਂ ’ਚੋਂ 32 ਜਥੇਬੰਦੀਆਂ ਕੇਂਦਰ ਸਰਕਾਰ ਦੇ ਕਾਲ਼ੇ ਕਾਨੂੰਨਾਂ ਵਿਰੁਧ ਲਾਮਬੰਦ ਹਨ। ਇਨ੍ਹਾਂ ’ਚ ਨਿਜੀ ਮਤਭੇਦ ਭੀ ਹਨ, ਇਸ ਲਈ 32 ਹਨ, ਪਰ ਇਨ੍ਹਾਂ ਦੁਆਰਾ ਕੀਤੀ ਗਈ ਅਗਵਾਈ ਨੇ ਕਿਸਾਨ ਸੰਘਰਸ਼ ਨੂੰ ਸ਼ਾਂਤਮਈ ਰੱਖ ਕੇ ਸਿੱਖਾਂ ਦੇ ਹਿੰਸਕ ਦਾਗ਼ ਨੂੰ ਮਿਟਾ ਦਿੱਤਾ। ਸਿੱਖੀ ਦਾ ਪ੍ਰਚਾਰ-ਪ੍ਰਸਾਰ ਜੋ ਇਸ ਅੰਦੋਲਨ ਰਾਹੀਂ ਦੇਸ਼-ਵਿਦੇਸ਼ ’ਚ ਹੋਇਆ ਉਹ ਲਾਜਵਾਬ ਵਜੋਂ ਜਾਣਿਆ ਜਾਏਗਾ।

‘26 ਨਵੰਬਰ 2020 ਨੂੰ ਦਿੱਲੀ ਚੱਲੋ’ ਦੇ ਨਾਹਰੇ ਤੋਂ ਪਹਿਲਾਂ ਕਿਸਾਨ ਜਥੇਬੰਦੀਆਂ ਨੇ ਪੂਰਨ ਰਣਨੀਤੀ ਤਿਆਰ ਕਰ ਲਈ ਸੀ ਤਾਹੀਓਂ ਦਿੱਲੀ ਕੂਚ ਕਰਨ ਤੋਂ 20 ਦਿਨ ਪਹਿਲਾਂ 7 ਨਵੰਬਰ ਨੂੰ ਦਿੱਲੀ ’ਚ ਇਕੱਤਰ ਹੋ ਕੇ 43 ਜਥੇਬੰਦੀਆਂ ਦਾ ਸਾਂਝਾ ਸੰਯੁਕਤ ਕਿਸਾਨ ਮੋਰਚਾ ਖੜ੍ਹਾ ਕੀਤਾ ਗਿਆ ਤਾਂ ਜੋ ਇਸ ਨੂੰ ਕੇਵਲ ਪੰਜਾਬ ਜਾਂ ਸਿੱਖਾਂ ਦਾ ਅੰਦੋਲਨ ਕਹਿ ਕੇ ਹਲਕੇ ’ਚ ਨਾ ਲਿਆ ਜਾਵੇ। ਭਾਵੇਂ ਕਿ ਅਗਸਤ ਤੋਂ ਸਾਰੀਆਂ ਹੀ ਜਥੇਬੰਦੀਆਂ ਪੰਜਾਬ ’ਚ ਧਰਨੇ ਲਗਾ ਰਹੀਆਂ ਸਨ, ਪਰ ਹੁਣ ਇਨ੍ਹਾਂ ਨੂੰ ਕੁਝ ਸੁਲਝੇ ਸਮਾਜ ਸੇਵੀ, ਬੁੱਧੀਜੀਵੀ, ਵਕੀਲਾਂ ਆਦਿਕ ਦੀ ਵਧੇਰੇ ਲੋੜ ਸੀ। ਸੋ ਉਹ ਵੀ ਪੂਰੀ ਕਰ ਲਈ ਗਈ ।

ਕਿਸਾਨ ਜਥੇਬੰਦੀਆਂ ਨੇ ਤਾਨਾਸ਼ਾਹ ਸਰਕਾਰ ਦਾ ਹਠ ਭਾਂਪ ਕੇ ਹੀ ਦਿੱਲੀ ਕੂਚ ਕਰਨ ਲਈ 6 ਮਹੀਨਿਆਂ ਦੀ ਤਿਆਰੀ ਆਰੰਭੀ। ਜਦ ਲੰਬੇ ਸ਼ਾਂਤਮਈ ਸੰਘਰਸ਼ ਲਈ ਮਾਰਚ ਕਰਨਾ ਹੋਵੇ ਤਾਂ ਰਸਤੇ ਦੀ ਕਾਹਲ਼ੀ; ਅਨੁਸ਼ਾਸਨ ਅਤੇ ਟੀਚੇ ਨੂੰ ਨੁਕਸਾਨ ਪਹੁੰਚਾਉਂਦੀ ਹੈ। ਪੰਜ ਦਿਨਾਂ ਦਾ ਸਫ਼ਰ ਦੋ ਦਿਨਾਂ ’ਚ ਪੂਰਾ ਕਰਕੇ ਕੁਝ ਵੱਧ ਲਾਭ ਨਹੀਂ ਮਿਲਣ ਵਾਲ਼ਾ ਹੁੰਦਾ।  25 ਨਵੰਬਰ 2020 ਨੂੰ ਪਹਿਲੀ ਵਾਰ ਵੱਡੇ ਟੀਚੇ ਨੂੰ ਸਰ ਕਰਨ ਲਈ ਦਿੱਲੀ ਵੱਲ ਚੱਲੀ ਪੰਜਾਬ ਦੀ ਨੌਜਵਾਨੀ ਅੱਗੇ-ਅੱਗੇ ਹੋ ਤੁਰੀ, ਜਿਸ ਨੇ ਸਾਰੇ ਸਰਕਾਰੀ ਜਬਰ ਆਪਣੇ ਪਿੰਡੇ ’ਤੇ ਹੰਢਾਏ।

ਸਰਕਾਰਾਂ ਨੂੰ ਵੀ ਸਲਾਹ ਦੇਣ ਵਾਲ਼ੇ ਬੜੇ ਤਜਰਬੇਕਾਰ ਹੁੰਦੇ ਹਨ।  ਉਨ੍ਹਾਂ ਕੋਲ਼ ਭਾਵੇਂ ਸਾਧਨਾਂ ਦੀ ਕੋਈ ਕਮੀ ਨਹੀਂ ਹੁੰਦੀ ਪਰ ਜਿੱਤ ਨੂੰ ਯਕੀਨੀ ਬਣਾਨ ਲਈ ਕੁਝ ਹੱਥੋਂ ਛੱਡਣਾ ਵੀ ਜਿੱਤ ਵੱਲ ਵਧਣਾ ਹੁੰਦਾ ਹੈ। ਪੰਜਾਬ ਅਤੇ ਹਰਿਆਣਾ ਦੇ ਕੁਝ ਕਿਸਾਨਾਂ ਨੇ ਮਿਲ ਕੇ ਹਰਿਆਣਾ ਪੁਲਿਸ ਦੁਆਰਾ ਖੜੀਆਂ ਕੀਤੀਆਂ ਰੁਕਾਵਟਾਂ ਤੋੜ ਦਿੱਤੀਆਂ ਅਤੇ 26 ਨਵੰਬਰ ਤੱਕ ਸਿੰਘੂ ਬਾਰਡਰ ਪਹੁੰਚ ਗਏ। ਇਸ ਵਿੱਚ ਸਰਕਾਰ ਦੀ ਹਾਰ ਹੋਈ ਮੰਨ ਕੇ ਆਪਣੀ ਸ਼ਕਤੀ ਨੂੰ ਵਧਾ ਕੇ ਪੇਸ਼ ਕਰ ਲੈਣਾ; ਭਰਮ ਹੈ, ਅਜੇ ਜਲਦਬਾਜ਼ੀ ਹੈ।

ਮੋਦੀ ਸਰਕਾਰ; ਸਿੰਘੂ ਬਾਰਡਰ ਪਹੁੰਚੇ ਕਿਸਾਨ ਮਾਰਚ ਦੇ ਦੋ ਭਾਗ ਕਰਨ ’ਚ ਕਾਮਯਾਬ ਹੋਈ ਹੈ। ਲਗਭਗ 500 ਟਰੈਕਟਰ ਦਿੱਲੀ ਅੰਦਰ ਕਰ ਲਏ ਗਏ ਅਤੇ ਬਾਕੀ ਹਜ਼ਾਰਾਂ ਟਰੈਕਟਰ ਹਰਿਆਣੇ ਅੰਦਰ ਰੋਕ ਲਏ। ਸ਼ਾਇਦ ਪਿੱਛੇ-ਪਿੱਛੇ ਚੱਲ ਰਹੇ ਵੱਡੇ ਕਿਸਾਨ ਮਾਰਚ ਨੂੰ ਅਗਾਂਹ ਵਧਣ ਦੀ ਬਹੁਤੀ ਕਾਹਲ਼ੀ ਵੀ ਨਹੀਂ ਸੀ। ਦੋਵਾਂ ਦੇ ਵਿਚਕਾਰ ਪੁਲਿਸ ਨੇ ਮਜ਼ਬੂਤ ਬੈਰੀਕੇਡ ਲਗਾ ਦਿੱਤੇ। ਦੋ ਥਾਂਵਾਂ ’ਚ ਵੰਡੇ ਕਿਸਾਨ ਮਾਰਚ ਦੇ ਦੋ ਮੰਚ ਸਥਾਪਿਤ ਹੋ ਗਏ। ਜੋ ਦਿੱਲੀ ’ਚ ਸਨ ਉਨ੍ਹਾਂ ਦੀ ਅਗਵਾਈ ਗਰਮ ਖ਼ਿਆਲੀ ਕਰਦੇ ਪਏ ਸੀ। ਉਨ੍ਹਾਂ ਦੀਆਂ ਤਕਰੀਰਾਂ ’ਚ ਹਿੰਸਕ ਝੜਪਾਂ ਉਪਰੰਤ ਦਿੱਲੀ ਤੱਕ ਪਹੁੰਚਣ ਦਾ ਗ਼ਰੂਰ ਸੀ। ਹੌਲ਼ੀ ਹੌਲ਼ੀ ਸ਼ਾਂਤਮਈ ਸ਼ਬਦ ਤੋਂ ਇਨ੍ਹਾਂ ਨੂੰ ਨਫ਼ਰਤ ਹੋਣ ਲੱਗੀ। ਦਿੱਲੀ ਸਰਕਾਰ, ਜੋ ਕਿਸਾਨ ਅੰਦੋਲਨ ਨੂੰ ਸਹਿਯੋਗ ਵੀ ਕਰਦੀ ਪਈ ਹੈ ਉਸ ਨੇ ਇਨ੍ਹਾਂ ਲਈ ਫ਼ਰੀ ਨੈੱਟ ਸੁਵਿਧਾ ਦੇ ਰੱਖੀ ਹੈ। ਜਿਸ ਨਾਲ਼ ਕਿਸਾਨ ਆਗੂਆਂ ਪ੍ਰਤੀ ਅਵਿਸ਼ਵਾਸ ਭਾਵਨਾ ਸੋਸ਼ਲ ਮੀਡੀਆ ’ਤੇ ਨਿਰੰਤਰ ਪੈਂਦੀ ਗਈ। ਅਜਿਹਾ ਵੀ ਨਹੀਂ ਕਿ ਸੰਯੁਕਤ ਮੋਰਚੇ ਦੇ ਮੰਚ ਤੋਂ ਇਨ੍ਹਾਂ ਨੂੰ ਕਦੇ ਬੋਲਣ ਨਹੀਂ ਦਿੱਤਾ, ਪਰ ਅਕਸਰ ਇਨ੍ਹਾਂ ਦੇ ਭਾਸ਼ਣ ’ਚ ਉਸਾਰੂ ਭਾਵਨਾ ਘੱਟ ਅਤੇ ਕਿਸਾਨ ਆਗੂਆਂ ਪ੍ਰਤੀ ਤਲਖ਼ੀ ਵਧੇਰੇ ਵੇਖੀ ਗਈ।

ਸੰਯੁਕਤ ਕਿਸਾਨ ਮੋਰਚਾ; ਪੂਰੇ ਭਾਰਤ ਦੇ ਕਿਸਾਨ-ਮਜਦੂਰਾਂ ਨੂੰ ਜੋੜਨ ਦੀ ਵਿਓਂਤ ਬਣਾਉਂਦਾ ਹੈ ਤਾਂ ਜੋ ਤਿੰਨੇ ਕਾਲ਼ੇ ਕਾਨੂੰਨ ਵਾਪਸ ਹੋਣ ਅਤੇ ਸਾਰੀਆਂ ਫ਼ਸਲਾਂ ’ਤੇ MSP ਦੀ ਗਾਰੰਟੀ ਮਿਲੇ। ਜੇ ਬਿਹਾਰ ਦੇ ਕਿਸਾਨ ਨੂੰ ਘਰੋਂ ਬਾਹਰ ਕੱਢ ਕੇ MSP ਦਿਲਵਾ ਦਿੱਤੀ ਜਾਵੇ ਤਾਂ ਉਹ ਸਾਰੀ ਉਮਰ ਸਿੱਖ ਕਿਸਾਨਾਂ ਨੂੰ ਦੇਵਤੇ ਵਜੋਂ ਪੂਜੇਗਾ, ਪਰ ਨੌਜਵਾਨ ਆਗੂ ਅਖਵਾਉਣ ਵਾਲ਼ੇ; ਸਿੱਖਾਂ ਦੇ ਹਿੰਸਕ ਕਿਰਦਾਰ ਨਾਲ਼ ਸਰਕਾਰ ਨੂੰ ਡਰਾ ਕੇ ਮੰਗਾਂ ਮਨਵਾਉਣਾ ਚਾਹੁੰਦੇ ਹਨ। ਵੈਸੇ ਮੋਦੀ ਸਰਕਾਰ ਵੀ ਕਿਸਾਨ ਅੰਦੋਲਨ ਨੂੰ ਸਿੱਖੀ ਅੰਦੋਲਨ ਬਣਾ ਕੇ ਹਲਕੇ ’ਚ ਲੈਣਾ ਚਾਹੁੰਦੀ ਹੈ, ਇਸ ਲਈ ਨੌਜਵਾਨਾਂ ਦੇ ਭਾਸ਼ਣ ਅਤੇ ਗਤੀਵਿਧੀਆਂ ਸਰਕਾਰ ਨੂੰ ਬਹੁਤ ਫਿੱਟ ਬੈਠ ਰਹੀਆਂ ਹਨ। ਤਾਂ ਤੇੇ ਇਸ ਲੋਕ ਪੱਖੀ ਸੰਘਰਸ਼ ਦੀ ਸਫਲਤਾ ਲਈ ਆਪਣੀ ਹਉਮੈ ਛੱਡ ਕੇ ਬਜ਼ੁਰਗ ਕਿਸਾਨ ਆਗੂਆਂ ਦਾ ਵਿਰੋਧ ਨਹੀਂ ਬਲਕਿ ਸਹਿਯੋਗ ਕਰਨਾ ਚਾਹੀਦਾ ਹੈ ਤਾਂ ਕਿ ਸ਼ੁਰੂ ਕੀਤਾ ਕਿਰਸਾਨੀ ਸੰਘਰਸ਼ ਸਫਲ ਹੋ ਸਕੇ।

ਆਖ਼ਿਰ ਕਿਸਾਨ ਦਰਦ ਨੂੰ ਮੋਦੀ ਸਰਕਾਰ ਕਿਉਂ ਨਹੀਂ ਸਮਝਣਾ ਚਾਹੁੰਦੀ, ਇਹ ਵਿਚਾਰ ਜ਼ਰੂਰੀ ਹੈ। ਦਰਅਸਲ ਮੋਦੀ ਸਰਕਾਰ; ਇਸ ਖੇਤਰ ’ਚ ਅਡਾਨੀ-ਅੰਬਾਨੀ ਦਾ ਬਹੁਤ ਪੈਸਾ ਲਗਵਾ ਚੁੱਕੀ ਹੈ ਜਾਂ ਇਉਂ ਕਹੀਏ ਕਿ ਇਨ੍ਹਾਂ ਨੇ ਹੀ ਸਰਕਾਰ ਨੂੰ ਅਜਿਹਾ ਕਾਨੂੰਨ ਬਣਾਨ ਲਈ ਕਿਹਾ ਹੈ ਅਤੇ ਉਸ ਦੀ ਸ਼ੁਰੂਆਤ ਕਾਨੂੰਨ ਬਣਨ ਤੋਂ ਪਹਿਲਾਂ ਹੀ ਇਹ ਕਰ ਚੁੱਕੇ ਹਨ। ਦੂਜੇ ਪਾਸੇ ਮੋਦੀ ਸਰਕਾਰ ਨੂੰ ਜਾਪਦਾ ਹੈ ਕਿ ਪੰਜਾਬ ’ਚ ਉਸ ਕੋਲ਼ ਬਹੁਤਾ ਕੁਝ ਸਿਆਸੀ ਤੌਰ ’ਤੇ ਗਵਾਉਣ ਨੂੰ ਨਹੀਂ। ਸੰਨ 2014 ਅਤੇ 2019 ’ਚ ਪੂਰੇ ਭਾਰਤ ’ਚ ਮੋਦੀ ਲਹਿਰ ਹੋਣ ਦੇ ਬਾਵਜੂਦ ਵੀ ਪੰਜਾਬ ’ਚੋਂ ਭਾਜਪਾ ਨੂੰ ਕੋਈ ਸਹਿਯੋਗ ਨਹੀਂ ਮਿਲਿਆ, ਇਸ ਲਈ ਅੱਗੇ ਦੀ ਵੀ ਉਮੀਦ ਨਹੀਂ ਹੈ ਤਾਂ ਫਿਰ ਝੁੱਕਣ ਦਾ ਸਵਾਲ ਹੀ ਨਹੀਂ। ਹਰਿਆਣਾ ’ਚ 90 ਵਿਧਾਇਕਾਂ ’ਚੋਂ ਮਾਤਰ 43 ਸੀਟਾਂ ’ਤੇ ਹੀ ਜਾਟ ਵੋਟਰ 30 ਤੋਂ 60% ਹਨ। ਰਾਜਸਥਾਨ ’ਚ ਕੇਵਲ 9% ਜਾਟ ਵੋਟਰ ਹਨ। ਯੂਪੀ ’ਚ ਭਾਵੇਂ 19 ਜ਼ਿਲ੍ਹਿਆਂ ’ਚ 17% ਜਾਟ ਵੋਟਰ ਹਨ ਪਰ ਇੱਥੇ ਮੁਸਲਿਮ ਵੋਟ ਬਹੁਤ ਹੈ, ਜੋ ਜਾਟਾਂ ਨਾਲ਼ ਮਿਲ ਕੇ ਭਾਜਪਾ ਨੂੰ ਸੱਤਾ ਤੋਂ ਬਾਹਰ ਕਰ ਸਕਦੀ ਹੈ।

ਸੰਯੁਕਤ ਕਿਸਾਨ ਮੋਰਚਾ; 26 ਜਨਵਰੀ ਨੂੰ ਕਿਸਾਨ ਝਾਕੀਆਂ ਵਾਲ਼ੀ ਪਰੇਡ ਕਰ ਕੇ ਨਿਵੇਕਲਾ ਸ਼ਾਂਤਮਈ ਅੰਦੋਲਨ ਕਰਨਾ ਚਾਹੁੰਦਾ ਸੀ ਤਾਂ ਜੋ ਭਾਰਤ ਦੇ ਸਾਰੇ ਕਿਸਾਨ-ਮਜ਼ਦੂਰ ਅੱਗੇ ਆਉਣ ਦਾ ਸਾਹਸ ਜੁਟਾ ਸਕਣ। ਵਿਸ਼ਵ ਨੂੰ ਨਿਵੇਕਲਾ ਅਨੁਸ਼ਾਸਨ ਵੀ ਵੇਖਣ ਨੂੰ ਮਿਲਦਾ। ਫਿਰ ਅਗਲਾ ਕਦਮ 1 ਫ਼ਰਵਰੀ ਨੂੰ ਬਜਟ ਸੈਸ਼ਨ ਦੌਰਾਨ ਸੰਸਦ ਘੇਰ ਕੇ ਦਬਾਅ ਬਣ ਜਾਣਾ ਸੀ (ਹੁਣ ਵੀ ਰਾਕੇਸ਼ ਟਿਕੈਤ ਸੰਸਦ ਭਵਨ ਘੇਰਨ ਦਾ ਸੰਕੇਤ ਦਿੰਦੇ ਪਏ ਹਨ, ਪਰ ਸੰਯੁਕਤ ਮੋਰਚਾ ਪਿਛਲੀ ਨਮੋਸ਼ੀ ਦੀ ਭਰਪਾਈ ਪਹਿਲਾਂ ਕਰ ਲੈਣਾ ਚਾਹੁੰਦਾ ਹੈ।  26 ਜਨਵਰੀ ਦੀ ਘਟਨਾ ਨੇ ਇਹ ਦੇਰੀ ਕਰਵਾਈ ਹੈ)। ਮੋਦੀ ਸਰਕਾਰ ਇਸ ਦਾ ਸਿਆਸੀ ਨੁਕਸਾਨ ਭਾਂਪ ਗਈ ਸੀ ਤਾਹੀਓਂ ਕਿਸਾਨ ਮਾਰਚ ਨੂੰ ਨਾਕਾਮ ਕਰਨ ਲਈ ਇੱਕ ਪਾਸੇ ਕਿਸਾਨ ਆਗੂਆਂ ਨਾਲ਼ ਪੁਲਿਸ ਦੀਆਂ ਮੀਟਿੰਗਾਂ ਹੁੰਦੀਆਂ ਰਹੀਆਂ ਅਤੇ ਦੂਜੇ ਪਾਸੇ ਪੁਲਿਸ ਨਾਲ਼ ਸਹਿਮਤੀ ਬਣ ਚੁੱਕੇ ਰਸਤੇ ਉੱਤੇ ਨਾ ਜਾਣ ਦੇਣ ਦੀਆਂ ਤਿਆਰੀਆਂ ਚੱਲ ਰਹੀਆਂ ਸਨ।  ਸਾਹਿਬਜ਼ਾਦਾ ਜੁਝਾਰ ਸਿੰਘ ਗੁਰਮਤਿ ਮਿਸ਼ਨਰੀ ਕਾਲਜ (ਰੋਪੜ) ਦੀ ਟੀਮ ’ਚ ਮੈਂ 24 ਜਨਵਰੀ ਤੋਂ 26 ਜਨਵਰੀ ਤੱਕ ਸਿੰਘੂ ਬਾਰਡਰ ’ਤੇ ਸੀ ਅਤੇ 26 ਜਨਵਰੀ ਵਾਲ਼ੇ ਮਾਰਚ ਨੂੰ ਨੇੜਿਓਂ ਵੇਖਿਆ। ਨੌਜਵਾਨ ਅਖਵਾਉਣ ਵਾਲ਼ੇ ਆਗੂਆਂ ਦੁਆਰਾ 25 ਜਨਵਰੀ ਨੂੰ ਸੰਯੁਕਤ ਕਿਸਾਨ ਮੋਰਚੇ ਦੀ ਸਟੇਜ ’ਤੇ ਜਬਰਨ ਕਬਜ਼ਾ ਕਰ ਸਪੀਕਰਾਂ ਰਾਹੀਂ ਸੰਯੁਕਤ ਕਿਸਾਨ ਨੇਤਾਵਾਂ ਦੁਆਰਾ ਨਿਰਧਾਰਿਤ ਕੀਤੇ ਰੂਟ ’ਤੇ ਕਿਸਾਨਾਂ ਨੂੰ ਨਾ ਜਾਣ ਲਈ ਰਾਤ 12 ਵਜੇ ਤੱਕ ਬੋਲਿਆ ਗਿਆ। ਵਧਦੇ ਤਣਾਅ ਨੂੰ ਵੇਖ ਕਿਸਾਨ ਆਗੂਆਂ ਨੇ ਸਟੇਜ ਤੋਂ ਜਾਣਾ ਸਮਝਦਾਰੀ ਸਮਝੀ। ਵੈਸੇ ਵੀ ਸਟੇਜ ਸ਼ਾਮ 5 ਵਜੇ ਤੱਕ ਹੀ ਰਹਿਣੀ ਸੀ।

ਸੰਯੁਕਤ ਮੋਰਚੇ ਅਨੁਸਾਰ 26 ਜਨਵਰੀ ਨੂੰ ਸੁਬ੍ਹਾ 10 ਵਜੇ ਸਿੰਘੂ ਬਾਰਡਰ ਤੋਂ ਚੱਲਣਾ ਸੀ। ਕਿਸਾਨ ਮਾਰਚ ਦੇ ਅੱਗੇ-ਅੱਗੇ ਕਿਸਾਨ ਆਗੂ, ਫਿਰ ਝਾਕੀਆਂ ਅਤੇ ਬੀਬੀਆਂ ਦੀਆਂ ਟਰਾਲੀਆਂ। ਇਨ੍ਹਾਂ ਦੇ ਪਿੱਛੇ-ਪਿੱਛੇ ਸਾਰੇ ਟਰੈਕਟਰ, ਗੱਡੀਆਂ ਨੇ ਚੱਲਣਾ ਸੀ ਅਤੇ ਇਉਂ ਗਏ ਵੀ, ਪਰ ਗਰਮ ਖ਼ਿਆਲੀ ਪਹਿਲਾਂ ਹੀ ਕਰਨਾਲ ਬਾਈਪਾਸ ’ਤੇ ਜਾ ਕੇ ਪੁਲਿਸ ਦੁਆਰਾ ਲਗਾਈਆਂ ਰੋਕਾਂ ਤੋੜ ਕੇ ਲਾਲ ਕਿਲ੍ਹੇ ਪਹੁੰਚ ਗਏ। ਕਿਸਾਨ ਝੰਡਾ ਅਤੇ ਕੇਸਰੀ ਝੰਡਾ ਦੋਵੇਂ ਲਹਿਰਾ ਦਿੱਤੇ। ਪਹਿਲਾਂ ਤੋਂ ਲਹਿਰਾ ਰਹੇ ਤਿਰੰਗੇ ਝੰਡੇ ਨਾਲ਼ ਕਿਸੇ ਨੇ ਕੋਈ ਛੇੜ-ਛਾੜ ਨਹੀਂ ਕੀਤੀ।

ਪੰਜਾਬ ਤੋਂ ਦਿੱਲੀ ਤੱਕ ਕਿਸਾਨ ਮਾਰਚ ਅੱਗੇ ਰੋਕਾਂ ਲਗਾਉਣੀਆਂ ਇੱਕ ਸਰਕਾਰੀ ਫ਼ਰਜ਼ ਸੀ। ਵੈਸੇ ਦਿਲੋਂ ਇੰਨੀਆਂ ਰੋਕਾਂ ਲਗਾਉਣ ਦੇ ਸਰਕਾਰ ਹੱਕ ’ਚ ਨਹੀਂ ਸੀ। ਇਹ ਸਰਕਾਰੀ ਚਾਲ ਹੇਠਲੇ ਪੁਲਿਸ ਅਫ਼ਸਰਾਂ ਤੱਕ ਸਪਸ਼ਟ ਨਹੀਂ ਸੀ, ਇਸ ਲਈ ਉਨ੍ਹਾਂ ਨੂੰ ਕਿਤੇ ਵੀ ਕੋਈ ਸਪਸ਼ਟ ਆਦੇਸ਼ ਨਹੀਂ ਦਿੱਤਾ ਗਿਆ ਅਤੇ ਗਣਤੰਤਰਤਾ ਦਿਵਸ ਨੂੰ ਲਾਲ ਕਿਲ੍ਹੇ ’ਤੇ ਵੀ ਕੁਝ ਕਿਸਾਨਾਂ ਹੱਥੋਂ ਪੁਲਿਸ ਪਿਟਦੀ ਰਹੀ।

ਪੁਲਿਸ ਦੀ ਰਿਪੋਰਟ ਮੁਤਾਬਕ 6 DTC ਬੱਸਾਂ ’ਚ ਟੱਕਰ ਮਾਰੀ ਗਈ ਅਤੇ 30 ਪੁਲਿਸ ਦੀਆਂ ਗੱਡੀਆਂ ਭੰਨੀਆਂ ਗਈਆਂ।  394 ਪੁਲਿਸ ਵਾਲ਼ੇ ਗੰਭੀਰ ਜ਼ਖ਼ਮੀ ਹੋ ਗਏ।  121 ਦੰਗਾ ਕਰਨ ਵਾਲ਼ੇ ਗ੍ਰਿਫ਼ਤਾਰ ਕੀਤੇ ਗਏ ਆਦਿ। ਇੱਕ ਕਿਸਾਨ ਅੰਦੋਲਨਕਾਰੀ ਨਵਰੀਤ ਸਿੰਘ ਮਾਰਿਆ ਗਿਆ। ਉਹ ਇਕਲੌਤਾ ਪੁੱਤਰ ਸੀ ਅਤੇ ਨਵੀਂ-ਨਵੀਂ ਸ਼ਾਦੀ ਹੋਈ ਸੀ। ਉਸ ਦੇ ਦਾਦਾ ਜੀ ਦਾ ਮੰਨਣਾ ਹੈ ਕਿ ਸਿਰ ’ਚ ਪੁਲਿਸ ਦੀ ਗੋਲ਼ੀ ਲੱਗੀ ਤਾਂ ਟਰੈਕਟਰ ਪਲਟਿਆ ਸੀ।

ਸਿੰਘੂ ਬਾਰਡਰ ਤੋਂ ਕਿਸਾਨ ਮਾਰਚ; ਸੰਯੁਕਤ ਮੋਰਚਾ ਦੀ ਅਗਵਾਈ ਕਰਨ ਵਾਲ਼ਿਆਂ ਦੀ ਦੇਖ-ਰੇਖ ’ਚ ਨਿਸ਼ਚਿਤ ਕੀਤੇ ਪ੍ਰੋਗਰਾਮ ਮੁਤਾਬਕ ਚੱਲਿਆ, ਪਰ ਪੁਲਿਸ ਅੱਗਿਓਂ ਅਸਲ ਮਾਰਗ ਬੰਦ ਕਰ ਲਾਲ ਕਿਲ੍ਹੇ ਨੂੰ ਜਾਣ ਵਾਲ਼ਾ ਮਾਰਗ ਖੋਲ੍ਹੀ ਬੈਠੀ ਸੀ। ਕਿਸਾਨ ਮਾਰਚ ਬਾਹਰੀ ਰਿੰਗ ਰੋਡ ’ਤੇ ਮਜਨੂੰ ਦਾ ਟਿਲਾ (ਗੁਰਦੁਆਰਾ ਸਾਹਿਬ) ਨੇੜਿਓਂ ਵਾਪਸ ਪਰਤਿਆ। ਤਦ ਲਾਲ ਕਿਲ੍ਹੇ ’ਤੇ ਵਾਪਰੀ ਘਟਨਾ ਬਾਰੇ ਪਤਾ ਵੀ ਲੱਗ ਚੁੱਕਾ ਸੀ, ਇਸ ਲਈ ਪਿੱਛੇ-ਪਿੱਛੇ ਚੱਲ ਰਹੇ ਕਿਸਾਨ ਮਾਰਚ ਨੂੰ ਜਿੱਥੇ ਹੈ ਓਥੋਂ ਹੀ ਵਾਪਸ ਪਰਤਨ ਲਈ ਕਿਹਾ ਗਿਆ। ਬਹੁਤੇ ਟਰੈਕਟਰ ਅਜੇ ਸਿੰਘੂ ਬਾਰਡਰ ਤੋਂ ਚੱਲ ਵੀ ਨਹੀਂ ਸਕੇ ਸਨ। ਉਸ ਦਿਨ ਸਿੰਘੂ ਬਾਰਡਰ ’ਤੇ ਲਗਭਗ ਢਾਈ ਲੱਖ ਟਰੈਕਟਰ ਸੀ, ਜਿਨ੍ਹਾਂ ਵਿੱਚੋਂ ਅੱਧੇ ਕੁ ਹੀ ਕਿਸਾਨ ਮਾਰਚ ’ਚ ਸ਼ਾਮਲ ਹੋ ਸਕੇ। ਕਿਸਾਨ ਆਗੂਆਂ ਦੁਆਰਾ ਲਿਆ ਗਿਆ ਇਹ ਫ਼ੈਸਲਾ ਬਾਅਦ ’ਚ ਬੜੀ ਸਿਆਣਪ ਦਾ ਪ੍ਰੀਤਕ ਬਣਿਆ।

ਅਸੀਂ 26 ਜਨਵਰੀ ਦੀ ਰਾਤ 11 ਵਜੇ ਸਿੰਘੂ ਬਾਰਡਰ ਤੋਂ ਰੋਪੜ ਵੱਲ ਵਾਪਸ ਪਰਤੇ। ਰਸਤੇ ’ਚ ਹਜ਼ਾਰਾਂ ਕਿਸਾਨ ਅੰਦੋਲਨਕਾਰੀ ਵਾਪਸ ਘਰਾਂ ਵੱਲ ਜਾਂਦੇ ਵੇਖੇ ਗਏ। ਇਨ੍ਹਾਂ ’ਚ ਤਿੰਨ ਤਰ੍ਹਾਂ ਦੇ ਕਿਸਾਨ ਸਨ (1). ਜੋ ਕੇਵਲ 26 ਜਨਵਰੀ ਮਾਰਚ ਲਈ ਹੀ ਦਿੱਲੀ ਗਏ ਸਨ। (2). ਜਿਨ੍ਹਾਂ ਨੂੰ ਕਿਸਾਨ ਮਾਰਚ ’ਚ ਭਾਗ ਲੈਣ ਦਾ ਸੁਭਾਗ ਪ੍ਰਾਪਤ ਨਾ ਹੋ ਸਕਿਆ, ਉਨ੍ਹਾਂ ਅੰਦਰ ਨਿਰਾਸ਼ਾ ਸੀ ਕਿਉਂਕਿ ਉਹ 25-30 ਹਜ਼ਾਰ ਦਾ ਤੇਲ ਫੂਕ ਕੇ ਦਿੱਲੀ ਪਹੁੰਚੇ ਸਨ। (3). ਸਰਕਾਰ ਹਿਮਾਇਤੀ ਕਿਸਾਨ ਜਥੇਬੰਦੀਆਂ, ਜੋ ਕਿਸੇ ਢੁੱਕਵੇਂ ਸਮੇਂ ਦੀ ਉਡੀਕ ’ਚ ਸਨ। ਇਨ੍ਹਾਂ ਦੀ ਓਥੇ ਮੌਜੂਦਗੀ ਕੇਵਲ ਕਿਸਾਨ ਜਥੇਬੰਦੀਆਂ ਦਾ ਹੌਸਲਾ ਡੇਗਣ ਲਈ ਹੀ ਰੱਖੀ ਗਈ ਸੀ। ਇਹ ਸਨ ‘ਰਾਸ਼ਟਰੀ ਮਜਦੂਰ ਸੰਗਠਨ ਅਤੇ ਭਾਰਤੀ ਕਿਸਾਨ ਯੂਨੀਅਨ (ਭਾਨੂੰ)’; ਲਾਲ ਕਿਲ੍ਹੇ ’ਤੇ ਹੋਏ ਤਰੰਗੇ ਦਾ ਅਪਮਾਨ ਕਹਿ ਕੇ ਇਹ ਦੋਵੇਂ ਜਥੇਬੰਦੀਆਂ ਰਾਤੋ ਰਾਤ ਦਿੱਲੀ ਬਾਰਡਰ ਖ਼ਾਲੀ ਕਰ ਵਾਪਸ ਘਰਾਂ ਨੂੰ ਚੱਲ ਪਈਆਂ।

26 ਜਨਵਰੀ ਵਾਲ਼ੀ ਘਟਨਾ ਮੋਦੀ ਸਰਕਾਰ ਦੀ ਇੱਕ ਸਾਜ਼ਸ਼ ਸੀ। ਜਜ਼ਬਾਤੀ ਸਿੱਖ ਇਸ ਦਾ ਸ਼ਿਕਾਰ ਹੋ ਗਏ। ਇਸ ਨਮੋਸ਼ੀ ਕਾਰਨ 1 ਫ਼ਰਵਰੀ ਵਾਲ਼ਾ ਸੰਸਦ ਘਿਰਾਓ ਰੱਦ ਕਰਨਾ ਪਿਆ ਕਿਉਂਕਿ ਦੇਸ਼-ਵਿਦੇਸ਼ ’ਚ ਕਿਸਾਨਾਂ ਬਾਬਤ ਗ਼ਲਤ ਸੰਦੇਸ਼ ਭੇਜਿਆ ਗਿਆ। ਭਾਵੇਂ ਕਿ ਕਿਸਾਨ ਆਗੂ ਬੜੇ ਸੁਲਝੇ ਹੋਏ ਸਨ, ਪਰ ਆਪਹੁਦਰੇਪਣ ਨੇ ਕਿਸਾਨਾਂ ਪ੍ਰਤੀ ਚਲਦਾ ਹਮਦਰਦੀ ਵੇਗ ਇੱਕ ਵਾਰ ਮੁੜ ਤੋਂ ਸੋਚਣ ਲਈ ਰੋਕ ਦਿੱਤਾ। ਕਿਸਾਨ ਜਥੇਬੰਦੀਆਂ ਦੀ ਸਿਆਣਪ ਹੀ ਕਹੀਏ ਕਿ ਉਸ ਖ਼ਾਲੀਪਣ ਨੂੰ ਭਰਨ ਲਈ ਕਾਫ਼ੀ ਹੱਦ ਤੱਕ ਮੁੜ ਕਾਮਯਾਬੀ ਪਾ ਲਈ ਹੈ। ਪੰਜਾਬ ਦੇ ਕਿਸਾਨਾਂ ਨੂੰ ਇਸ ਅੰਦੋਲਨ ਦੀ ਰੀੜ੍ਹ ਮੰਨਣ ਵਾਲ਼ੇ ਵੀ ਨੌਜਵਾਨ ਅਖਵਾਉਣ ਵਾਲ਼ੇ ਆਗੂਆਂ ਨੂੰ ਫਿਟਕਾਰ ਪਾਉਂਦੇ ਵੇਖੇ ਗਏ।

ਸੰਯੁਕਤ ਕਿਸਾਨ ਮੋਰਚੇ ’ਚ ਕੁੱਲ 43 ਕਿਸਾਨ ਆਗੂ ਹਨ। ਇਨ੍ਹਾਂ ਚ 5-6 ਗਰਮ ਖ਼ਿਆਲੀਆਂ ਦੇ ਹਿਮਾਇਤੀ ਹਨ ਅਤੇ 37 ਕਿਸਾਨ ਆਗੂ ਹਿੰਸਕ ਅੰਦੋਲਨ ਦੇ ਸਖ਼ਤ ਖ਼ਿਲਾਫ਼ ਸਨ। ਉਨ੍ਹਾਂ ਨੇ ਸ਼ਾਂਤਮਈ ਰਹਿਣ ਦੀ ਹਜ਼ਾਰਾਂ ਵਾਰ ਅਪੀਲ ਕੀਤੀ ਹੈ। ਇਸ ਦੇ ਬਾਵਜੂਦ ਦਿੱਲੀ ਪੁਲਿਸ ਨੇ 27 ਫ਼ਰਵਰੀ ਨੂੰ ਇਨ੍ਹਾਂ 37 ਕਿਸਾਨ ਆਗੂਆਂ ਵਿਰੁਧ ਦੰਗੇ ਭੜਕਾਉਣ ਦਾ ਕੇਸ ਦਰਜ ਕੀਤਾ ਹੈ। ਕੀ ਸਭ ਕੁੱਝ ਪਹਿਲਾਂ ਤੋਂ ਤਿਆਰ ਕੀਤਾ ਜਾ ਚੁੱਕਾ ਸੀ?

ਭਾਵੇਂ ਕਿ ਦੇਸ਼ ਧ੍ਰੋਹ ਕਾਨੂੰਨ ਦਾ ਦੁਰਪ੍ਰਯੋਗ ਹੋਇਆ ਹੈ, ਫਿਰ ਵੀ ਸੰਨ 2014 ਤੋਂ 2016 ਤੱਕ ਇਹ ਧਾਰਾ 179 ’ਤੇ ਲੱਗੀ ਭਾਵ ਹਰ ਸਾਲ 50 ਕੁ ਉੱਤੇ। ਸੰਨ 2019 ’ਚ 96 ’ਤੇ ਅਤੇ 2020 ’ਚ CAA ਦਾ ਵਿਰੋਧ ਹੋਣ ਕਾਰਨ 3000 ’ਤੇ ਲਾਈ ਗਈ ਭਾਵ ਵਿਰੋਧ ’ਚ ਅੰਦੋਲਨ ਕਰਨ ਵਾਲ਼ਿਆਂ ਨੂੰ ਬਖ਼ਸ਼ਿਆ ਨਹੀਂ ਗਿਆ, ਫਿਰ ਕੀ ਕਾਰਨ ਹੈ ਕਿ ਗਣਤੰਤਰਤਾ ਦਿਵਸ; ਜਿੱਥੇ ਤਿੰਨ ਸੂਬਿਆਂ (ਹਰਿਆਣਾ, ਯੂਪੀ ਤੇ ਦਿੱਲੀ) ਦੀ ਪੁਲਿਸ ਸੁਰੱਖਿਆ ਮੌਜੂਦ ਹੋਵੇ ਤੇ ਕੋਈ ਲਾਲ ਕਿਲ੍ਹੇ ’ਤੇ ਪਹੁੰਚ ਜਾਵੇ। ਬਿਲਕੁਲ ਅਸੰਭਵ ਹੈ ਅਤੇ ਇੱਕ ’ਤੇ ਵੀ ਦੇਸ਼ ਧ੍ਰੋਹ ਨਾ ਲੱਗਣਾ, ਹੈਰਾਨ ਕਰਨ ਵਾਲ਼ਾ ਹੈ। ਮੈ ਕਿਸੇ ’ਤੇ ਰਾਜਦ੍ਰੋਹ ਲਾਉਣ ਦੀ ਸਿਫ਼ਾਰਸ਼ ਨਹੀਂ ਕਰ ਰਿਹਾ ਬਲਕਿ ਹਕੀਕਤ ਬਿਆਨ ਕਰ ਰਿਹਾ ਹਾਂ। ਦੂਜੇ ਪਾਸੇ ਸ਼ਾਂਤੀ ਦੂਤ 37 ਕਿਸਾਨ ਆਗੂਆਂ ਸਮੇਤ ਨਿਰਦੋਸ਼ਾਂ ’ਚ ਦਹਿਸ਼ਤ ਭਰਨ ਲਈ ਦਿੱਲੀ ਪੁਲਿਸ ਦੀਆਂ 18 ਟੀਮਾਂ ਪੰਜਾਬ ’ਚ ਹਨ, ਜਿਨ੍ਹਾਂ ਨੇ ਤਿੰਨ ਕੁ ਦਿਨਾਂ ’ਚ ਹੀ ਬਠਿੰਡੇ ਦੇ 400 ਨੌਜਵਾਨਾਂ ਨੂੰ ਸੰਮਨ ਭੇਜੇ। ਦਿੱਲੀ ਪੁਲਿਸ ਦੀ FIR ’ਚ 400 ਟਰੈਕਟਰਾਂ ’ਤੇ 10 ਹਜ਼ਾਰ ਕਿਸਾਨ ਲਾਲ ਕਿਲ੍ਹੇ ਪਹੁੰਚੇ, ਦਰਜ ਹੈ ਯਾਨੀ ਇੱਕ ਟਰੈਕਟਰ ’ਤੇ 25 ਕਿਸਾਨ। ਕੀ ਸੰਭਵ ਹੈ? ਅਜਿਹਾ ਜਾਪਦਾ ਹੈ ਕਿ 26 ਜਨਵਰੀ ਦੀ ਘਟਨਾ ਨੂੰ ਢਾਲ਼ ਬਣਾ ਕੇ ਸੰਯੁਕਤ ਕਿਸਾਨ ਮੋਰਚਾ ਨੂੰ ਸਹਿਯੋਗ ਕਰਨ ਵਾਲ਼ਿਆਂ ਨੂੰ ਡਰਾਇਆ ਜਾ ਰਿਹਾ ਹੈ ਅਤੇ ਕਿਸਾਨ ਆਗੂਆਂ ਪ੍ਰਤੀ ਅਵਿਸ਼ਵਾਸ ਪੈਦਾ ਕਰਨ ਵਾਲ਼ਿਆਂ ਨੂੰ ਹੱਲਾਸ਼ੇਰੀ।

ਕੁਦਰਤ ਬੜੀ ਮਹਾਨ ਹੈ। ਗੁਰੂ ਦਾ ਆਸਰਾ ਲੈਣ ਵਾਲ਼ਿਆਂ ਦੇ ਗੁਰੂ; ਅੰਗ-ਸੰਗ ਰਹਿੰਦਾ ਹੈ ‘‘ਸਤਿਗੁਰੁ ਮੇਰਾ ਸਦਾ ਸਦਾ; ਨਾ ਆਵੈ ਨਾ ਜਾਇ   ਓਹੁ ਅਬਿਨਾਸੀ ਪੁਰਖੁ ਹੈ; ਸਭ ਮਹਿ ਰਹਿਆ ਸਮਾਇ ’’ (ਮਹਲਾ /੭੫੯)   26 ਜਨਵਰੀ ਤੋਂ ਬਾਅਦ ਕਿਸਾਨ ਅੰਦੋਲਨ ਨੂੰ ਹਿੰਸਕ ਅੰਦੋਲਨ ਸਾਬਤ ਕਰ ਸਰਕਾਰ ਨੇ 27 ਜਨਵਰੀ ਨੂੰ ਸਖ਼ਤੀ ਨਾਲ਼ ਖਦੇੜਨ ਦੀ ਠਾਣ ਲਈ। ਚਾਰੋਂ ਤਰਫ਼ ਵਾਪਸ ਮੁੜ ਰਹੇ ਕਿਸਾਨਾਂ ਨੂੰ ਵੇਖ ਅਤੇ ਸਰਕਾਰ ਦੀ ਸਖ਼ਤੀ ਵੇਖ ਭਾਰਤੀ ਕਿਸਾਨ ਯੂਨੀਅਨ (ਬੀਕੇਯੂ) ਦੇ ਕੌਮੀ ਪ੍ਰਧਾਨ ਨਰੇਸ਼ ਟਿਕੈਤ ਵੀ ਆਪਣੇ ਭਰਾ ਰਾਕੇਸ਼ ਟਿਕੈਤ ਨੂੰ ਗਾਜੀਪੁਰ ਬਾਰਡਰ ਛੱਡ ਵਾਪਸ ਆਪਣੇ ਘਰ ਚਲੇ ਗਏ।  28 ਜਨਵਰੀ ਨੂੰ ਇੱਕ ਚਮਤਕਾਰ ਹੋਇਆ। ਭਾਜਪਾ ਆਗੂ ਨੰਦ ਕਿਸੋਰ ਨੇ ਆਪਣੇ ਸਮਰਥਕਾਂ ਨੂੰ ਲਿਆ ਕੇ ਗਾਜੀਪੁਰ ਬੈਠੇ ਕਿਸਾਨ ’ਤੇ ਹਮਲੇ ਲਈ ਤਿਆਰ ਕਰ ਲਿਆ ਕਿਉਂਕਿ ਤਦ ਰਾਕੇਸ਼ ਟਿਕੈਤ ਨਾਲ਼ ਬਹੁਤ ਥੋੜ੍ਹੇ ਕਿਸਾਨ ਹੀ ਸਨ, ਜਿਨ੍ਹਾਂ ’ਚ ਕੁਝ ਉਤਰਾਖੰਡ ਦੇ ਸੀ। ਮੋਰਚਾ ਚੁੱਕਣ ਦਾ ਮਨ ਬਣਾ ਬੈਠੇ ਰਾਕੇਸ਼ ਟਿਕੈਤ ਨੇ ਭਾਜਪਾ ਦੀ ਧਮਕੀ ਸੁਣ ਕੇ ਭਾਵੁਕ ਹੁੰਦਿਆਂ ਵੀਡੀਓ ਬਣਾ ਕੇ ਸ਼ੇਅਰ ਕੀਤੀ, ਜਿਸ ਵਿੱਚ ਕਿਹਾ ਕਿ ਮੈਨੂੰ ਮਰਨਾ ਕਬੂਲ ਹੈ, ਪਰ ਮੋਰਚਾ ਨਹੀਂ ਛੱਡਾਂਗਾ। ਸੰਯੁਕਤ ਕਿਸਾਨ ਮੋਰਚਾ ਨੇ ਵੀ ਰਾਕੇਸ਼ ਟਿਕੈਤ ਦੀ ਮਦਦ ਲਈ ਹਰਿਆਣੇ ਤੋਂ ਕਈ ਕਿਸਾਨਾਂ ਨੂੰ ਗਾਜੀਪੁਰ ਲਈ ਭੇਜਿਆ। ਵੀਡੀਓ ਦੇ ਸ਼ੇਅਰ ਹੁੰਦਿਆਂ ਹੀ 28 ਜਨਵਰੀ ਦੀ ਰਾਤ ਨੂੰ ਯੂਪੀ, ਹਰਿਆਣਾ ’ਚੋਂ ਹਜ਼ਾਰਾਂ ਕਿਸਾਨ ਟਰੈਕਟਰ ਲੈ ਕੇ ਗਾਜੀਪੁਰ ਵੱਲ ਚੱਲ ਪਏ।  29 ਜਨਵਰੀ ਦੀ ਸੁਬ੍ਹਾ ਕਿਸਾਨਾਂ ਦੀ ਨਫ਼ਰੀ ਵੇਖ ਕਿਸਾਨਾਂ ਨੂੰ ਖਦੇੜਨ ਦੀ ਠਾਣ ਬੈਠੀ ਸਰਕਾਰ ਡਰ ਗਈ। ਉਸ ਨੇ ਹਮਲਾ ਕਰਨਾ ਰੱਦ ਕਰ ਬਾਰਡਰਾਂ ’ਤੇ ਲੋਹੇ ਦੇ ਕਿੱਲ ਲਗਾਉਣ ਦਾ ਇਰਾਦਾ ਬਣਾ ਲਿਆ ਅਤੇ ਬਾਰਡਰ ਦਾ ਨੈੱਟ, ਬਿਜਲੀ, ਪਾਣੀ ਬੰਦ ਕਰ ਦਿੱਤਾ।

ਜਦ ਕਿਸਾਨ 26 ਜਨਵਰੀ ਨੂੰ ਦਿੱਲੀ ਆਪ ਹੀ ਛੱਡ ਆਏ ਸਨ ਤਾਂ ਇਹ ਕਿੱਲ ਲਗਾਉਣ ਦਾ ਦੋ ਕਾਰਨ ਹੋ ਸਕਦੇ ਹਨ :

(1). ਦਿੱਲੀ ਸਰਕਾਰ ਵੱਲੋਂ ਮਿਲਦੀ ਪਾਣੀ ਆਦਿ ਦੀ ਸੁਵਿਧਾ ਕੱਟੀ ਜਾਵੇ। ਬਦਲੇ ’ਚ ਦਿੱਲੀ ਸਰਕਾਰ ਨੇ ਵੀ ਦਿੱਲੀ ਪੁਲਿਸ ਨੂੰ ਦਿੱਤੀਆਂ ਆਪਣੀਆਂ 576 ਬੱਸਾਂ ਵਾਪਸ ਲੈ ਲਈਆਂ, ਜਿਨ੍ਹਾਂ ਦਾ ਇਸਤੇਮਾਲ ਪੁਲਿਸ; ਬਾਰਡਰ ’ਤੇ ਆਉਣ ਜਾਣ ਲਈ ਕਰਦੀ ਸੀ।

(2). ਸਿੰਘੂ ਬਾਰਡਰ ’ਤੇ ਦੋਵੇਂ ਮੋਰਚਿਆਂ ਵਿਚਕਾਰ ਕਿੱਲਾਂ ਲਾਉਣ ਨਾਲ਼ ਸ਼ਾਂਤੀ ਦਾ ਉਪਦੇਸ਼ ਦੇਣ ਵਾਲ਼ੇ ਸੰਯੁਕਤ ਕਿਸਾਨ ਮੋਰਚੇ ਦਾ ਸੰਪਰਕ ਦਿੱਲੀ ’ਚ ਬੈਠੇ ਕਿਸਾਨਾਂ ਨਾਲ਼ੋਂ ਕੱਟਿਆ ਗਿਆ। ਜਿਨ੍ਹਾਂ ਨੂੰ ਭੜਕਾਉਣ ਲਈ ਭਾਜਪਾ ਵਰਕਰਾਂ ਨੇ ਉਨ੍ਹਾਂ ’ਤੇ ਜਾ ਕੇ ਹਮਲਾ ਵੀ ਕੀਤਾ ਸੀ।

ਸੋ ਉਕਤ ਵੇਰਵਾ ਦੇਣ ਦਾ ਕਾਰਨ ਇਹੀ ਹੈ ਕਿ ਪੰਜਾਬ ’ਚ ਬੈਠੇ ਹਰ ਕਿਸਾਨ ਅਤੇ ਕਿਸਾਨ ਹਮਾਇਤੀ ਨੂੰ ਦਿੱਲੀ ਦੇ ਜ਼ਮੀਨੀ ਹਾਲਾਤਾਂ ਬਾਰੇ ਕੁਝ ਸਹੀ ਜਾਣਕਾਰੀ ਮਿਲੇ। ਇਹ ਮੋਰਚਾ ਕਈ ਮਹੀਨੇ ਲੰਬਾ ਚੱਲਣਾ ਹੈ। ਸਰਕਾਰ ਨੇ ਕਈਆਂ ਨੂੰ ਭੜਕਾਉਣਾ ਹੈ। ਉਨ੍ਹਾਂ ਭੜਕਿਆਂ ’ਤੇ ਸਖ਼ਤ ਕਾਰਵਾਈ ਨਹੀਂ ਕਰਨੀ, ਪਰ ਉਸ ਦੀ ਆੜ ’ਚ ਸ਼ਾਂਤਮਈ ਅੰਦੋਲਨ ਦਾ ਪ੍ਰਭਾਵ ਘਟਾਉਣਾ ਹੈ ਕਿਉਂਕਿ ਸਰਕਾਰ ਨੂੰ ਅਸਲ ਡਰ ਇਸ ਤੋਂ ਹੀ ਹੈ। ਸੋ ਏਕਤਾ ਅਤੇ ਸ਼ਾਂਤੀ ਉਹ ਹਥਿਆਰ ਹਨ, ਜਿਨ੍ਹਾਂ ਨਾਲ਼ ਅੱਜ ਵੱਡੇ-ਵੱਡੇ ਯੁੱਧ ਜਿੱਤੇ ਜਾ ਸਕਦੇ ਹਨ। ਇਸ ਕਿਸਾਨ ਮੋਰਚੇ ਨੇ ਕਈ ਸਮਝਦਾਰ ਆਗੂ ਸਾਡੇ ਸਾਮ੍ਹਣੇ ਲਿਆਉਣੇ ਹਨ; ਜਿਵੇਂ ਕਿ ਬਲਬੀਰ ਸਿੰਘ ਰਾਜੇਵਾਲ, ਜੋਗਿੰਦਰ ਸਿੰਘ ਉਗਰਾਹਾਂ, ਜਗਜੀਤ ਸਿੰਘ ਡੱਲੇਵਾਲ, ਰਾਕੇਸ਼ ਟਿਕੈਤ, ਦਰਸਨ ਪਾਲ ਆਦਿਕ। ਜ਼ਰੂਰਤ ਹੈ ਉਨ੍ਹਾਂ ਦੀਆਂ ਬਾਹਾਂ ਮਜ਼ਬੂਤ ਕਰਨ ਦੀ।

ਕਿੱਲਾਂ ਦਾ ਜਵਾਬ ਕਿੱਲਾਂ ਨਾਲ਼ ਨਹੀਂ, ਫੁੱਲਾਂ ਨਾਲ਼ ਹੋਣਾ ਚਾਹੀਦਾ ਹੈ ਤਾਂ ਕਮਲ ਹੈਰਿਸ ਦੀ ਭਤੀਜੀ ਮੀਨਾ ਹੈਰਿਸ, ਗੀਤਕਾਰ ਅਮਾਂਡਾ, ਗ੍ਰੇਟਾ ਥਨਬਰਗ ਆਦਿਕ ਸ਼ਖ਼ਸੀਅਤਾਂ ਆਪਣੇ ਕਰੋੜਾਂ ਪਾਠਕਾਂ ਸਮੇਤ ਦੁਨੀਆ ਦਾ ਧਿਆਨ ਸਾਡੇ ਵੱਲ ਕਰਵਾਉਂਦੀਆਂ ਰਹਿਣਦੀਆਂ ਅਤੇ ਦਬਾਅ ’ਚ ਆ ਕੇ ਮੋਦੀ ਸਰਕਾਰ ਇੱਕ ਦਿਨ ਸਾਡੀਆਂ ਜਾਇਜ਼ ਮੰਗਾਂ ਮੰਨਣ ਲਈ ਜ਼ਰੂਰ ਮਜਬੂਰ ਹੋਵੇਗੀ।

ਅੰਤ ’ਚ ਕੌਮੀ ਫ਼ਰਜ਼ਾਂ ਪੱਖੋਂ ਇਹ ਵਿਸ਼ਾ ਬੜਾ ਮਹੱਤਵਪੂਰਨ ਹੈ ਕਿ ਸਿੱਖ ਕੌਮ ਵੱਡੇ ਫ਼ੈਸਲੇ ਪੰਜ ਪਿਆਰਿਆਂ ਦੀ ਦੇਖ-ਰੇਖ ’ਚ ਲੈਂਦੀ ਆਈ ਹੈ। ਕੋਈ ਇੱਕ ਵਿਅਕਤੀ ਕਿੰਨਾ ਵੀ ਮਹਾਨ ਜਾਂ ਨਿਰਪੱਖ ਹੋਵੇ, ਇਕੱਲਾ ਵੱਡਾ ਫ਼ੈਸਲਾ ਨਹੀਂ ਲੈ ਸਕਦਾ ਤਾਂ ਫਿਰ ਅਜਿਹੀ ਭਾਵਨਾ ਆਪਹੁਦਰਾਪਣ ਨਹੀਂ ਵਧਾਉਂਦੀ ‘ਫਲਾਣਿਆ ! ਤੇਰੀ ਸੋਚ ’ਤੇ ਪਹਿਰਾ ਦੇਵਾਂਗੇ ਠੋਕ ਕੇ’ ?

25 ਜਨਵਰੀ ਨੂੰ ਦੀਪ ਸਿੱਧੂ ਦੁਆਰਾ ਕੀਤੇ ਸੰਯੁਕਤ ਕਿਸਾਨ ਮੋਰਚੇ ਦੀ ਸਟੇਜ ਤੇ ਜਬਰਨ ਕਬਜ਼ੇ ਉਪਰੰਤ ਦਿੱਤਾ ਭਾਸ਼ਣ

ਕਿਰਤ ਤੇ ਕਿਰਤੀ

0

ਕਿਰਤ ਤੇ ਕਿਰਤੀ

           ਗਿਆਨੀ ਬਲਜੀਤ ਸਿੰਘ (ਡਾਇਰੈਕਟਰ ਆੱਫ ਐਜੁਕੇਸ਼ਨ)

ੴ ਸਤਿ ਗੁਰ ਪ੍ਰਸਾਦਿ॥ 

ਗੁਰਮਤਿ ਵਿੱਚ ਕਿਰਤ ਤੇ ਕਿਰਤੀ ਮਨੁੱਖ ਨੂੰ ਸਤਿਕਾਰਿਆ ਗਿਆ ਹੈ। ਵੇਹਲੜ ਜਾਂ ਮਖੱਟੂ ਕਿਸਮ ਦੇ ਲੋਕਾਂ ਨੂੰ ਗੁਰਬਾਣੀ ਨੇ ਪ੍ਰਵਾਨ ਨਹੀਂ ਕੀਤਾ। ਗੁਰੂ ਨਾਨਕ ਸਾਹਿਬ ਜੀ ਨੇ ਸਾਰੰਗ ਰਾਗ ਅੰਦਰ ‘‘ਗਿਆਨ ਵਿਹੂਣਾ, ਗਾਵੈ ਗੀਤ ਭੁਖੇ ਮੁਲਾਂ, ਘਰੇ ਮਸੀਤਿ ਮਖਟੂ ਹੋਇ ਕੈ, ਕਨ ਪੜਾਏ ਫਕਰੁ ਕਰੇ, ਹੋਰ ਜਾਤਿ ਗਵਾਏ’’ (ਮਹਲਾ /੧੨੪੫) ਬਚਨਾਂ ਰਾਹੀਂ ਉਨ੍ਹਾਂ ਵੇਹਲੜਾਂ ਨੂੰ ਨਿਜ ਸੁਆਰਥ ਦੀ ਪੂਰਤੀ ਲਈ ਧਾਰਮਿਕ ਭੇਖੀ ਮੰਨਿਆ ਅਤੇ ‘‘ਗੁਰੁ ਪੀਰੁ ਸਦਾਏ, ਮੰਗਣ ਜਾਇ ਤਾ ਕੈ, ਮੂਲਿ ਲਗੀਐ ਪਾਇ’’ (ਮਹਲਾ /੧੨੪੫) ਦਾ ਪਵਿਤ੍ਰ ਉਪਦੇਸ਼ ਦੇ ਕੇ ਉਨ੍ਹਾਂ ਦੀ ਸ਼ਰਨ ਲੈਣ ਤੋਂ ਮਨੁੱਖਤਾ ਨੂੰ ਸੁਚੇਤ ਕੀਤਾ ਸਗੋਂ ਇਸ ਦੀ ਬਜਾਇ ‘‘ਘਾਲਿ ਖਾਇ, ਕਿਛੁ ਹਥਹੁ ਦੇਇ ਨਾਨਕ! ਰਾਹੁ ਪਛਾਣਹਿ ਸੇਇ’’ (ਮਹਲਾ /੧੨੪੫) ਦੀ ਮਹਾਨ ਜੀਵਨ ਜਾਚ ਸਿਖਾਈ ਤਾਂ ਕਿ ਹਰ ਮਨੁੱਖ ‘‘ਉਦਮੁ ਕਰੇਦਿਆ ਜੀਉ ਤੂੰ, ਕਮਾਵਦਿਆ ਸੁਖ ਭੁੰਚੁ ਧਿਆਇਦਿਆ ਤੂੰ ਪ੍ਰਭੂ ਮਿਲੁ, ਨਾਨਕ! ਉਤਰੀ ਚਿੰਤ’’ (ਮਹਲਾ /੫੨੨) ਅਨੁਸਾਰ ਅਨੰਦ ਅਤੇ ਖੁਸ਼ੀਆਂ ਭਰਿਆ ਜੀਵਨ ਬਤੀਤ ਕਰ ਸਕੇ।

 ਉੱਚੀ ਨੀਵੀਂ ਕਿਰਤ ਦੇ ਵਿਤਕਰੇ ਤੋਂ ਨਿਰਲੇਪ ਹੋ ਕੇ ਵੱਖ-ਵੱਖ ਕਿੱਤਿਆਂ ਨਾਲ ਸੰਬੰਧਿਤ ਕਿਰਤੀ ਭਗਤਾਂ ਨੂੰ ਆਪਣੇ ਬਰਾਬਰ ਦਾ ਸਥਾਨ ਦਿੱਤਾ ਇਸ ਤਰ੍ਹਾਂ ਕਿਰਤ ਅਤੇ ਕਿਰਤੀ ਨਾਲ ਇਨਸਾਫ਼ ਕਰਨ ਦੀ ਪਿਰਤ ਪਾ ਦਿੱਤੀ।

 ਓਧਰ ਘਰ-ਬਾਰ ਨੂੰ ਤਿਆਗ ਚੁੱਕੇ ਲੋਕਾਂ ਦੀ ਵਿਚਾਰਧਾਰ ਸੀ ਕਿ ‘‘ਹਾਟੀ ਬਾਟੀ ਰਹਹਿ ਨਿਰਾਲੇ, ਰੂਖਿ ਬਿਰਖਿ ਉਦਿਆਨੇ ਕੰਦ ਮੂਲੁ ਅਹਾਰੋ ਖਾਈਐ, ਅਉਧੂ ਬੋਲੈ ਗਿਆਨੇ ਤੀਰਥਿ ਨਾਈਐ, ਸੁਖੁ ਫਲੁ ਪਾਈਐ, ਮੈਲੁ ਲਾਗੈ ਕਾਈ ਗੋਰਖ ਪੂਤੁ ਲੋਹਾਰੀਪਾ ਬੋਲੈ, ਜੋਗ ਜੁਗਤਿ ਬਿਧਿ ਸਾਈ’’ (ਮਹਲਾ /੯੩੯) ਇਸ ਦੇ ਉੱਤਰ ਵਿੱਚ ਗੁਰਮਤਿ ਦ੍ਰਿੜ੍ਹ ਕਰਾਉਦਿਆਂ ਗੁਰਦੇਵ ਜੀ ਨੇ ‘‘ਹਾਟੀ ਬਾਟੀ ਨੀਦ ਆਵੈ, ਪਰ ਘਰਿ, ਚਿਤੁ ਡੁੋਲਾਈ ਬਿਨ ਨਾਵੈ, ਮਨੁ ਟੇਕ ਟਿਕਈ, ਨਾਨਕ! ਭੂਖ ਜਾਈ ਹਾਟੁ ਪਟਣੁ ਘਰੁ ਗੁਰੂ ਦਿਖਾਇਆ, ਸਹਜੇ ਸਚੁ ਵਾਪਾਰੋ ਖੰਡਿਤ ਨਿਦ੍ਰਾ, ਅਲਪ ਅਹਾਰੰ, ਨਾਨਕ! ਤਤੁ ਬੀਚਾਰੋ’’ (ਮਹਲਾ /੯੩੯) ਦਾ ਮਹਾਨ ਉਪਦੇਸ਼ ਦੇ ਕੇ ਮਨੁੱਖਤਾ ਨੂੰ ਅਗਿਆਨਤਾ ਦੀ ਨੀਂਦ ਤੋਂ ਮੁਕਤ ਕਰ ਦਿੱਤਾ। ਹਿਰਦਾ ਘਰ-ਸ਼ਹਰ ਵਿੱਚ ‘‘ਸਹਜੇ ਸਚੁ ਵਾਪਾਰੋ’’  ਨੂੰ ਅਪਣਾ ਕੇ ਸਮਝ ਸਕੇ ਕਿ ਜ਼ਿੰਦਗੀ ਦਾ ਮਕਸਦ ਕਿਸੇ ਵਿਹਲੇ ਸਮੇਂ ’ਤੇ ਨਹੀਂ ਸੁੱਟ ਦੇਣਾ ਚਾਹੀਦਾ। ਇਸ ਨੂੰ ਸ਼ੁਗਲ ਦੀ ਖ਼ਾਤਰ ਨਹੀਂ ਵਰਤਣਾ, ਮਿਹਨਤ ਕਰਨੀ ਹੈ। ਇੱਕ ਜ਼ਿੰਮੀਦਾਰ ਨੇ ਖੇਤੀ ਵਿੱਚ, ਦੁਕਾਨਦਾਰ ਨੇ ਹੱਟੀ ਵਿੱਚ, ਵਾਪਾਰੀ ਨੇ ਵਾਪਾਰ ਵਿੱਚ ਅਤੇ ਇਕ ਮੁਲਾਜ਼ਮ ਨੇ ਨੌਕਰੀ ਵਿੱਚ ਸੱਚੀ ਮਿਹਨਤ ਕਰਨੀ ਹੈ।

ਸੋਰਠਿ ਰਾਗ ਅੰਦਰ ‘‘ਮਨੁ ਹਾਲੀ, ਕਿਰਸਾਣੀ ਕਰਣੀ’’…, ‘‘ਹਾਣੁ ਹਟੁ ਕਰਿ ਆਰਜਾ’’…., ‘‘ਸੁਣਿ ਸਾਸਤ ਸਉਦਾਗਰੀ’’…, ਲਾਇ ਚਿਤੁ ਕਰਿ ਚਾਕਰੀ’’..(ਮਹਲਾ /੫੯੫) ਰਾਹੀਂ ਇਹ ਦ੍ਰਿੜ੍ਹ ਕਰਵਾਇਆ ਗਿਆ ਹੈ ਕਿ ਇਨ੍ਹਾਂ ਕਿਰਤਾਂ ਰਾਹੀਂ ਧਨ ਤਾਂ ਕਮਾਇਆ ਜਾ ਸਕਦਾ ਹੈ, ਪਰ ‘‘ਬਾਬਾ! ਮਾਇਆ ਸਾਥਿ ਹੋਇ’’ (ਮਹਲਾ /੫੯੫) ਦੀ ਅਟਲ ਸਚਾਈ ਨੂੰ ਅੱਖੋਂ ਪਰੋਖੇ ਨਹੀਂ ਕੀਤਾ ਜਾ ਸਕਦਾ ਤਾਂ ਕਿ ‘‘ਨਾਨਕ! ਵੇਖੈ ਨਦਰਿ ਕਰਿ, ਚੜੈ ਚਵਗਣ ਵੰਨੁ’’ (ਮਹਲਾ /੫੯੬) ਭਾਵ ਚੜ੍ਹਦੀ ਕਲਾ ਨਾਲ ਪ੍ਰਭੂ ਨਾਮ ਦੀ ਰੰਗਣ ਵਿੱਚ ਰੰਗਿਆ ਹੋਇਆ ‘‘ਤਾ ਸੁਖਿ ਲਹਹਿ ਮਹਲੁ’’ (ਮਹਲਾ /੫੯੬) ਭਾਵ ਪਰਮਾਤਮਾ ਦੀ ਹਜੂਰੀ ਦਾ ਅਨੰਦ ਮਾਣਦਾ ਹੈ।

ਵਾਪਾਰ ਦਾ ਭਾਵ ਹੈ ਕਿ ਵਸਤੂ ਨੂੰ ਇੱਕ ਥਾਂ ਤੋਂ ਖ਼ਰੀਦ ਕੇ ਕਿਸੇ ਦੂਜੀ ਥਾਂ ’ਤੇ ਵੇਚਣਾ ਅਤੇ ਲਾਭ ਪ੍ਰਾਪਤ ਕਰਨਾ। ਆਮ ਲੋਕਾਂ ਦੀ ਧਾਰਨਾ ਮੁਤਾਬਕ ਸਾਰੀਆਂ ਕਿਰਤਾਂ ਵਿੱਚੋਂ ਵਾਪਾਰ ਸਭ ਤੋਂ ਉੱਤਮ ਕਿਰਤ ਹੈ। ਰਾਜ ਨੀਤੀ ਪੰਚ ਤੰਤ੍ਰ ਵਿੱਚ ਲਿਖਿਆ ਹੈ ਮੰਗਣ ਨੀਚ, ਕਠਿਨ ਕਿਰਸਾਨੀ, ਕਾਰ ਹਥ ਦੀ ਉਞ ਨਿਮਾਣੀ ਪਰ ਅਧੀਨ ਹੈ ਸ਼ਾਹ ਬਲੋਟੀ, ਜਾਨਣ ਸਭ ਨੌਕਰੀ ਖੋਟੀ ਸਭਨੀ ਗੱਲੀਂ ਵਣਜ ਚੰਗੇਰਾ, ਓਡਾ ਲਾਹਾ ਜੇਡਾ ਜੇਰਾ

ਸਾਹਿਬ ਗੁਰੂ ਨਾਨਕ ਸਾਹਿਬ ਜੀ, ਬਾਕੀ ਗੁਰੂ ਸਾਹਿਬਾਨ ਅਤੇ ਭਗਤ ਸਾਹਿਬਾਨਾਂ ਨੇ ਧਰਮ ਨੂੰ, ਕੇਵਲ ਸੁਰਗ ਨਰਕ ਤੱਕ ਸੀਮਤ ਨਹੀਂ ਕੀਤਾ ਸਗੋਂ ਜੀਵਨ ਜੀਉਣ ਦਾ ਆਧਾਰ ਬਣਾਇਆ ਤਾਂ ਕਿ ‘‘ਧਰਮ ਸੇਤੀ ਵਾਪਾਰੁ ਕੀਤੋ, ਕਰਮੁ ਕੀਤੋ ਮਿਤੁ ਕਹੁ ਨਾਨਕ ਤੀਜੈ ਪਹਰੈ ਪ੍ਰਾਣੀ! ਧਨ ਜੋਬਨ ਸਿਉ ਚਿਤੁ’’ (ਮਹਲਾ /੭੫) ਦੀ ਖ਼ੁਆਰੀ ਤੋਂ ਮੁਕਤ ਹੋ ਸਕੇ ਅਤੇ ਸਮਝ ਸਕੇ ‘‘ਵਾਪਾਰੀ ਵਣਜਾਰਿਆ! ਆਏ ਵਜਹੁ ਲਿਖਾਇ ਕਾਰ ਕਮਾਵਹਿ ਸਚ ਕੀ, ਲਾਹਾ ਮਿਲੈ ਰਜਾਇ’’ (ਮਹਲਾ /੫੯)

ਪਹਿਲੇ ਜਾਮੇ ਵਿੱਚ ਹੀ ਸਾਹਿਬ ਜੀ ਨੇ ਗੁਰਮਤਿ ਦੇ ਮਹਾਨ ਸਿਧਾਂਤ ਨੂੰ ਮਨੁੱਖਤਾ ਤੱਕ ਪਹੁੰਚਾਣ ਹਿਤ ਲੰਮੇ ਪ੍ਰਚਾਰ ਦੋਰੇ ਕੀਤੇ ਉੱਥੇ ਖੇਤੀ, ਦੁਕਾਨ ਦਾਰੀ ਅਤੇ ਮੋਦੀ ਖ਼ਾਨੇ ਵਿੱਚ ਲਗਭਗ ਤਿੰਨ ਸਾਲ ਸੇਵਾ ਕਰਕੇ ਵਾਪਾਰ ਕਰਨ ਦਾ ਢੰਗ ਤਰੀਕਾ ਵੀ ਦਰਸਾ ਦਿੱਤਾ। ਗ੍ਰਹਿਸਤੀ ਨੇ ਕਿਵੇਂ ਮਾਇਆ ਵਿੱਚ ਨਿਰਲੇਪ ਰਹਿਣਾ ਹੈ, ਇਹ ਆਪਣੇ ਅਮਲੀ ਜੀਵਨ ਰਾਹੀਂ ਪੂਰਨੇ ਪਾ ਦਿੱਤੇ।

ਪਿਤਾ ਮਹਿਤਾ ਕਾਲੂ ਜੀ ਅਤੇ ਸਾਹਿਬ ਦੀ ਆਪਸੀ ਵਾਰਤਾਲਾਪ ਨੂੰ ਕਵੀ ਸੰਤੋਖ ਸਿੰਘ ਜੀ ਨੇ ਇਨ੍ਹਾਂ ਸ਼ਬਦਾਂ ਵਿੱਚ ਨਾਨਕ ਪ੍ਰਕਾਸ਼ ਗ੍ਰੰਥ ਰਾਹੀਂ ਜਗਤ ਸਾਹਮਣੇ ਪ੍ਰਗਟ ਕੀਤਾ ‘‘ਦ੍ਵੈ ਘਟਿਕਾ ਜਬ ਬੀਤ ਗਈ, ਤਿਹ ਕਾਲ ਮੈ ਕਾਲੂ ਨੇ ਬਾਣੀ ਅਲਾਈ ਬਹੁ ਕਾਲ ਭਯੋ, ਸੁਲਤਾਨ ਪੁਰੇ, ਕ੍ਰਿਤ ਮੋਦੀ ਤੇ ਕੀਨੀ ਹੈ ਕੇਤੀ ਕਮਾਈ ਸੁਨਿ ਪੰਕਜ ਲੋਕਨ ਬੈਣ ਭਣੇ, ਬਹੁ ਆਨਿ ਕਮਾਈ ਕਰੀ ਇਹ ਥਾਂਈ ਨਹਿ ਹਾਥ ਮੈ ਆਥਿ ਕਰੈ ਥਿਰਤਾ, ਉਤਆਵਤ ਹੈ, ਇਹ ਯੌਂ ਚਲ ਜਾਈ ਕਰ ਏਕ ਬਿਰਾਟਕਾ, ਸੰਚਿ ਕਰੀ ਨਹਿ, ਆਮਦ ਖਰਚੀ ਸਮਤਾਈ੩੯

ਆਪ ਜੀ ਦੀ ਚਰਨ ਛੋਹ ਤੋਂ ਭਾਈ ਭਗੀਰਥ, ਭਾਈ ਮਨਸੁਖ, ਸਾਲਸ ਰਾਇ ਜੌਹਰੀ ਅਤੇ ਭਾਈ ਮੂਲਾ ਜੀ ਵਰਗੇ ਵਾਪਾਰੀ ਜੀਵਨ ਵਣਜ ਵਿੱਚ ਵੀ ਲਾਭ ਪ੍ਰਾਪਤ ਕਰ ਗਏ। ਭਾਈ ਸਜਣ ਵਰਗਿਆਂ ਨੂੰ ‘‘ਚਾਕਰੀਆ ਚੰਗਿਆਈਆ, ਅਵਰ ਸਿਆਣਪ ਕਿਤੁ ਨਾਨਕ! ਨਾਮੁ ਸਮਾਲਿ ਤੂੰ, ਬਧਾ ਛੁਟਹਿ ਜਿਤੂ’’ (ਮਹਲਾ /੭੨੯) ਦਾ ਉਪਦੇਸ਼ ਦੇ ਕੇ ਬੰਧਨ ਮੁਕਤ ਕੀਤਾ।

ਸਾਹਿਬ ਜੀ ਨੇ ਫ਼ੁਰਮਾਇਆ ਕਿ ਦੁਨਿਆਵੀ ਵਾਪਾਰ ਦੇ ਨਾਲ ‘‘ਪ੍ਰਾਣੀ! ਤੂੰ ਆਇਆ ਲਾਹਾ ਲੈਣਿ’’ (ਮਹਲਾ /੪੩) ਦਾ ਪਵਿਤ੍ਰ ਸੰਦੇਸ਼ ਨਹੀਂ ਭੁਲਣਾ ‘‘ਗੁਣਾ ਕਾ ਹੋਵੈ ਵਾਸੁਲਾ, ਕਢਿ ਵਾਸੁ ਲਈਜੈ’’ (ਮਹਲਾ /੭੬੫)  ਦਾ ਵਾਪਾਰ ਕਰਨਾ ਹੈ ਕਿਉਂਕਿ ‘‘ਜੇ ਗੁਣ ਹੋਵਹਿ ਗੰਠੜੀਐ, ਮੇਲੇਗਾ ਸੋਈ’’ (ਮਹਲਾ /੭੨੯) ਅਨੁਸਾਰ ਪ੍ਰਭੂ ਦਾ ਮਿਲਾਪ ਮਨੁੱਖ ਨੂੰ ਹੋ ਸਕਦਾ ਹੈ।

  ਮਨੁੱਖੀ ਜ਼ਿੰਦਗੀ ਦਾ ਫ਼ਰਜ਼ ਦਰਸਾਉਦਿਆਂ ਸਾਹਿਬ ਜੀ ਨੇ ਫ਼ੁਰਮਾਇਆ ਕਿ ਜਿਵੇਂ ਜਗਤ ਅੰਦਰ ਪੈਦਾ ਹੋਇਆ ਹਰ ਮਨੁੱਖ ਧਨਵਾਨ ਹੋਣਾ ਲੋਚਦਾ ਹੈ, ਵਡਿਆਈ ਦੀ ਇੱਛਾ ਰੱਖਦਾ ਹੈ ਉਸੇ ਤਰ੍ਹਾਂ ਆਤਮਿਕ ਨਾਮ ਧਨ ਪ੍ਰਾਪਤ ਕਰ ਕੇ ‘‘ਜਿਨ੍ ਕੈ ਹਿਰਦੈ ਤੂ ਵਸਹਿ, ਤੇ ਨਰ ਗੁਣੀ ਗਹੀਰ’’ (ਮਹਲਾ /੧੨੮੭) ਦੀ ਪਦਵੀ ਪ੍ਰਾਪਤ ਕਰਨੀ ਹੈ। ਇਸ ਲਈ ਗੁਰਮਤਿ ਨੇ ਹਰ ਮਨੁੱਖ ਮਾਤ੍ਰ ਨੂੰ ਸੰਸਾਰ ਵਿੱਚ ਆਇਆ ਇਕ ਵਣਜਾਰਾ ਕਰਕੇ ਲਿਖਿਆ ਹੈ; ਜਿਵੇਂ ਫ਼ੁਰਮਾਨ ਹੈ ‘‘ਵਣਜੁ ਕਰਹੁ ਵਣਜਾਰਿਹੋ! ਵਖਰੁ ਲੇਹੁ ਸਮਾਲਿ ਤੈਸੀ ਵਸਤੁ ਵਿਸਾਹੀਐ, ਜੈਸੀ ਨਿਬਹੈ ਨਾਲਿ ਅਗੈ ਸਾਹੁ ਸੁਜਾਣ ਹੈ, ਲੈਸੀ ਵਸਤੁ ਸਮਾਲਿ (ਮਹਲਾ /੨੨), ਭਾਈ ਰੇ! ਰਾਮ ਕਹਹੁ ਚਿਤੁ ਲਾਇ ਹਰਿ ਜਸੁ ਵਖਰੁ ਲੈ ਚਲਹੁ, ਸਹੁ ਦੇਖੈ ਪਤੀਆਏ’’ (ਮਹਲਾ /੨੨)

 ਵਣਜ ਕਰਨ ਤੋਂ ਪਹਿਲਾਂ ਇਹ ਵਿਚਾਰ ਜ਼ਰੂਰ ਕਰਨੀ ਬਣਦੀ ਹੈ ਕਿ ‘‘ਜਿਨਾ ਰਾਸਿ ਸਚੁ ਹੈ, ਕਿਉ ਤਿਨਾ ਸੁਖੁ ਹੋਇ ਖੋਟੈ ਵਣਜਿ ਵਣੰਜਿਐ, ਮਨੁ ਤਨੁ ਖੋਟਾ ਹੋਇ’’ (ਮਹਲਾ /੨੩) ਜੇ ਸਿਧਾਂਤ ਨੂੰ ਅੱਖੋਂ ਓਹਲੇ ਕਰ ਦਿੱਤਾ ਜਾਏ ਤਾਂ ‘‘ਬੰਧਨ ਸਉਦਾ ਅਣਵੀਚਾਰੀ’’ (ਮਹਲਾ /੪੧੬) ਬਣ ਜਾਂਦਾ ਹੈ ਤਾਂ ਤੇ ਸਾਹਿਬ ਦਾ ਇਹ ਫ਼ੁਰਮਾਨ ਹਰ ਸਮੇਂ ਯਾਦ ਰੱਖਣਯੋਗ ਹੈ ‘‘ਪਹਿਲਾ ਵਸਤੁ ਸਿਞਾਣਿ ਕੈ, ਤਾਂ ਕੀਚੈ ਵਾਪਾਰੁ’’ (ਮਹਲਾ /੧੪੧੦)

ਗੁਰਮੁਖਾਂ ਨੇ ਸਤਿਗੁਰਾਂ ਦੇ ਇਨ੍ਹਾਂ ਉਪਦੇਸ਼ਾਂ ਨੂੰ ਕਮਾ ਕੇ ਪ੍ਰਭੂ ਨਾਮ ਨੂੰ ਵਣਜਿਆ ਹੈ ਅਥਵਾ ਗੁਣਾਂ ਦੀ ਪੂੰਜੀ ਵਿੱਚ ਵਾਧਾ ਕੀਤਾ ਹੈ। ਉਹ ਹਰੀ ਨਾਮ ਦੇ ਵਾਪਾਰੀ ਹਨ। ਕਬੀਰ ਸਾਹਿਬ ਜੀ ਦਾ ਫ਼ੁਰਮਾਨ ਹੈ ‘‘ਕਿਨਹੀ ਬਨਜਿਆ ਕਾਂਸੀ ਤਾਂਬਾ, ਕਿਨਹੀ ਲਉਗ ਸੁਪਾਰੀ ਸੰਤਹੁ ਬਨਜਿਆ ਨਾਮੁ ਗੋਬਿੰਦ ਕਾ, ਐਸੀ ਖੇਪ ਹਮਾਰੀ ਹਰਿ ਕੇ ਨਾਮ ਕੇ ਬਿਆਪਾਰੀ ਹੀਰਾ ਹਾਥਿ ਚੜਿਆ ਨਿਰਮੋਲਕੁ, ਛੂਟਿ ਗਈ ਸੰਸਾਰੀ ਰਹਾਉ ਸਾਚੇ ਲਾਏ ਤਉ ਸਚ ਲਾਗੇ, ਸਾਚੇ ਕੇ ਬਿਉਹਾਰੀ ਸਾਚੀ ਬਸਤੁ ਕੇ ਭਾਰੁ ਚਲਾਏ, ਪਹੁਚੇ ਜਾਇ ਭੰਡਾਰੀ’’ (੧੧੨੩)

ਸਤਿਗੁਰ ਨਾਨਕ ਸਾਹਿਬ ਜੀ ਫ਼ੁਰਮਾਉਂਦੇ ਹਨ ਕਿ ਚੰਦ ਸੂਰਜ ਜਗਤ ਦੇ ਮਾਨੋ ਦੋ ਦੀਵੇ ਹਨ, ਚੌਦਾਂ ਲੋਕ ਬਾਜ਼ਾਰ ਹਨ, ਜਿੰਨੇ ਜੀਵਨ ਹਨ ਓਨੇ ਹੀ ਮਾਤ ਲੋਕ ਦੇ ਵਾਪਾਰੀ ਹਨ। ਜਦੋਂ ਜਗਤ ਰਚਨਾ ਵਿੱਚ ਹੱਟ ਖੁਲ੍ਹੇ, ਵਾਪਾਰ ਹੋਣ ਲੱਗ ਪਿਆ, ਜੋ ਵਾਪਾਰੀ ਇੱਥੇ ਪਹੁੰਚਦਾ ਹੈ, ਉਹ ਖੋਟਾ ਖਰਾ ਵਾਪਾਰ ਕਰਕੇ ਚੱਲਣਵਾਲਾ ਬਣਦਾ ਹੈ। ਧਰਮ ਰੂਪ ਦਲਾਲ, ਜੀਵਾਂ ਦੇ ਅਮਲਾਂ (ਭਾਵ ਕਰਮਾਂ) ਅਨੁਸਾਰ ਨਿਸ਼ਾਨ ਪਾਈ ਜਾਂਦਾ ਹੈ। ਗੁਰੂੂ ਜੀ ਫ਼ੁਰਮਾਂਦੇ ਹਨ ਕਿ ਪ੍ਰਭੂ ਦੇ ਹੱਟ ’ਤੇ ਨਾਮ ਰੂਪ ਲਾਭ ਹੀ ਪ੍ਰਵਾਣ ਹੈ। ਜੋ ਮਨੁੱਖ ਨਾਮ ਦਾ ਲਾਹਾ ਖੱਟ ਕੇ ਨਿਜ ਘਰ (ਭਾਵ ਨਿਜ ਸਰੂਪ) ਵਿੱਚ ਆਏ ਓਨਾ ਨੂੰ ਵਧਾਈ ਅਤੇ ਸਚ ਨਾਮ ਦੀ ਵਡਿਆਈ ਮਿਲਦੀ ਹੈ। ਫ਼ੁਰਮਾਨ ਹੈ ‘‘ਦੁਇ ਦੀਵੇ, ਚਉਦਹ ਹਟਨਾਲੇ ਜੇਤੇ ਜੀਅ ਤੇਤੇ ਵਣਜਾਰੇ ਖੁਲ੍ਰੇ ਹਟ, ਹੋਆ ਵਾਪਾਰੁ ਜੋ ਪਹੁਚੈ, ਸੋ ਚਲਣਹਾਰੁ ਧਰਮੁ ਦਲਾਲੁ ਪਾਏ ਨੀਸਾਣੁ ਨਾਨਕ! ਨਾਮੁ ਲਾਹਾ ਪਰਵਾਣੁ ਘਰਿ ਆਏ ਵਜੀ ਵਾਧਾਈ ਸਚ ਨਾਮ ਕੀ ਮਿਲੀ ਵਡਿਆਈ’’ (ਮਹਲਾ /੭੮੯)

ਭਾਈ ਗੁਰਦਾਸ ਜੀ; ਆਪਣੀ ਰਚਨਾ ਵਿੱਚ ਵਾਰ ਨੰ. 13 ਦੀ ਪਉੜੀ ਨੰ. 21 ਰਾਹੀਂ ਦਰਸਾਉਂਦੇ ਹਨ ਕਿ ਸੱਚਾ ਸਉਦਾ ਸੱਚੇ ਪਾਤਿਸ਼ਾਹ ਦੀ ਹੱਟ ਤੋਂ ਹੀ ਮਿਲਦਾ ਹੈ। ਕਥਨ ਹੈ ‘‘ਸਉਦਾ ਇਕਤੁ ਹਟਿ ਹੈ, ਸਾਹੁ ਸਤਿਗੁਰੁ ਪੂਰਾ ਅਉਗੁਣ ਲੈ ਗੁਣ ਵਿਕਣੈ, ਵਚਨੈ ਦਾ ਸੂਰਾ ਸਫਲੁ ਕਰੈ ਸਿੰਮਲੁ ਬਿਰਖੁ, ਸੋ ਵਰਨੁ ਮਨੂਰਾ ਵਾਸੁ ਸੁਵਾਸੁ ਨਿਵਾਸੁ ਕਰਿ, ਕਾਉ ਹੰਸੁ ਊਰਾ ਘੁਘੂ ਸੁਝ ਸੁਝਇਦਾ, ਸੰਖ ਮੋਤੀ ਚੂਰਾ ਵੇਦ ਕਤੇਬਹੁ ਬਾਹਰਾ, ਗੁਰ ਸਬਦੁ ਹਜੂਰਾ’’ (ਵਾਰ ੧੩/ ਪਉੜੀ ੨੧)

ਗੁਰੂ ਅਮਰਦਾਸ ਜੀ ਨੇ ਵੀ ਜੀਵ ਨੂੰ ਆਤਮਿਕ ਜੀਵਨ ਦੀ ਉੱਨਤੀ ਵੱਲ ਪ੍ਰੇਰਦਿਆਂ ਉਪਦੇਸ਼ ਕੀਤਾ ‘‘ਹਰਿ ਰਾਸਿ ਮੇਰੀ, ਮਨੁ ਵਣਜਾਰਾ ਹਰਿ ਰਾਸਿ ਮੇਰੀ ਮਨੁ ਵਣਜਾਰਾ, ਸਤਿਗੁਰ ਤੇ ਰਾਸਿ ਜਾਣੀ’’ (ਮਹਲਾ /੯੨੧)

ਪਰਮਾਤਮਾ ਆਦਰਸ਼ ਗੁਣਾਂ ਦਾ ਪ੍ਰਤੀਕ ਹੈ। ਮਨ ਵਿੱਚ ਉੱਨਤੀ ਕਰਨ ਲਈ ਰੱਬ ਦਾ ਨਾਮ; ਸ਼ਕਤੀ ਹੈ। ਮਨ ਉਨ੍ਹਾਂ ਗੁਣਾਂ ਦਾ ਧਾਰਨੀ ਹੋ ਸਕਦਾ ਹੈ, ਪਰ ਇਹ ਪ੍ਰਾਪਤੀ ਇਕ ਦਿਨ ਵਿੱਚ ਨਹੀਂ ਹੋਣੀ ਬਲਕਿ ਇਕ ਵਾਪਾਰੀ ਦੀ ਤਰ੍ਹਾਂ ਲਗਾਤਾਰ ਯਤਨ ਕਰਨ ਨਾਲ ਹੋਵੇਗੀ। ਹਰ ਰੋਜ਼ ਪੜਤਾਲ ਕਰਨੀ ਪੈਣੀ ਹੈ ਕਿ ਅੱਜ ਮੇਰੀ ਆਤਮਿਕ ਤੌਰ ’ਤੇ ਕਿੰਨੀ ਕੁ ਉੱਨਤੀ ਹੋਈ ਹੈ। ਅੱਜ ਜੀਵਨ ਤੋਂ ਕੀ ਲਾਭ ਪ੍ਰਾਪਤ ਹੋਇਆ ਹੈ। ਫ਼ੁਰਮਾਨ ਕੀਤਾ ਹੈ ‘‘ਹਰਿ ਹਰਿ ਨਿਤ ਜਪਿਹੁ ਜੀਅਹੁ, ਲਾਹਾ ਖਟਿਹੁ ਦਿਹਾੜੀ’’ (ਮਹਲਾ /੯੨੧) ਇਸ ਤਰ੍ਹਾਂ ਜਿਨ੍ਹਾਂ ਨੇ ਸਚੇ ਨਾਮ ਦੇ ਵਾਪਾਰ ਨੂੰ ਖ਼ਰੀਦਿਆ, ਉਨ੍ਹਾਂ ਪਰਥਾਏ ਗੁਰਬਾਣੀ ਨੇ ਇਸ ਤਰ੍ਹਾਂ ਫ਼ੁਰਮਾਇਆ ਹੈ ‘‘ਇਹੁ ਵਾਪਾਰੁ ਵਿਰਲਾ ਵਾਪਾਰੈ ਨਾਨਕ! ਤਾ ਕੈ, ਸਦ ਬਲਿਹਾਰੈ (ਮਹਲਾ /੨੮੩), ਸਤ ਕੈ ਖਟਿਐ, ਦੁਖੁ ਨਹੀ ਪਾਇਆ (ਮਹਲਾ /੩੭੨), ਕਹੁ ਨਾਨਕ! ਕਿਰਪਾ ਕਰੇ, ਜਿਸ ਨੋ ਇਹ ਵਥ ਦੇਇ ਜਗ ਮਹਿ ਉਤਮ ਕਾਢੀਅਹਿ, ਵਿਰਲੇ ਕੇਈ ਕੇਇ’’ (ਮਹਲਾ /੫੧੭)

‘‘ਕਰਿ ਮਨ ਮੇਰੇ! ਸਤਿ ਬਿਉਹਾਰ’’  (ਸੁਖਮਨੀ/ਮਹਲਾ /੨੮੧) ਦੇ ਪਵਿਤ੍ਰ ਉਪਦੇਸ਼ ਰਾਹੀਂ ਅਜਿਹਾ ਆਤਮਿਕ ਵਣਜ ਕਰਨ ਵਾਲੇ ਜਗਿਆਸੂਆਂ ਨੂੰ ਦੁਨਿਆਵੀ ਵਜੋਂ ਵੀ ਚੰਗੇ ਬਿਉਹਾਰ ਦੀ ਸਮਝ ਆ ਗਈ; ਜਿਵੇਂ ਪ੍ਰੇਮ ਸੁਮਾਰਗ ਗ੍ਰੰਥ ਵਿੱਚ ਅੰਕਿਤ ਹੈ ਕਿਰਤ ਜੋ ਕਰੇ ਧਰਮ ਦੀ ਕਰੇ, ਸਭ ਤੇ ਉਤਮ ਕਿਰਤ ਸਉਦਾਗਰੀ ਹੈ ਉਸ ਤੇ ਖੇਤੀ ਹੈ ਬਿਉਹਾਰ ਮੈ ਲੈਣੇ ਦੇਣੇ ਮੈ ਏਕ ਹੀ ਬਾਤ ਕਰੈ, ਦੂਸਰੀ ਕਰੈ, ਮਿਥਿਆ ਬਿਉਹਾਰ ਕਰੈ, ਅਰ ਕੋਈ ਕਿਸੀ ਕੋ ਕਸਬ ਕਰਨੇ ਤੇ ਅਬੈ ਰਖੈ, ਕਸਬ ਕਰਨਾ, ਕਿਆ ਉਤਮ ? ਕਿਆ ਮਧਮ ? ਕਿਆ ਨੀਚ ? ਬਡੀ ਭਗਤੀ ਹੈ, ਇਸ ਬਰਾਬਰ ਔਰ ਭਗਤਿ ਨਾਹੀ, ਜੋ ਕਸਬ ਕਰ ਕੈ ਬੰਦਗੀ ਕਰੈ

ਅਜਿਹੇ ਧਰਮੀ ਮਨੁੱਖਾਂ ਦੇ ਦੁਨਿਆਵੀ ਵਾਪਾਰ ਦੁਆਰਾ ਕਮਾਇਆ ਧਨ ਅਤੇ ਹੋਰ ਸਾਧਨ ਪਵਿਤ੍ਰ ਹੋ ਜਾਂਦੇ ਹਨ ਜੋ ਖ਼ਲਕਤ ਦੇ ਭਲੇ ਹਿਤ ਵਰਤੀਦੇ ਹਨ। ਸਾਹਿਬ ਦਾ ਫ਼ੁਰਮਾਨ ਹੈ ‘‘ਗੁਰਮੁਖਿ ਸਭ ਪਵਿਤੁ ਹੈ, ਧਨੁ ਸੰਪੈ ਮਾਇਆ ਹਰਿ ਅਰਥਿ ਜੋ ਖਰਚਦੇ, ਦੇਂਦੇ ਸੁਖੁ ਪਾਇਆ’’ (ਮਹਲਾ /੧੨੪੬)

ਮਨੁੱਖ ਨੇ ਜਿੱਥੇ ਦੁਨੀਆਵੀ ਵਾਪਾਰ ਕਰ ਉੱਨਤੀ ਕਰਨੀ ਹੈ, ਉੱਥੇ ਪ੍ਰਾਪਤ ਸੁਆਸਾਂ ਦੀ ਪੂੰਜੀ ਨਾਲ ਪਰਮਾਤਮਾ ਦਾ ਨਾਮ ਧਨ ਇਕੱਠਾ ਕਰਨ ਲਈ ਗੁਰਬਾਣੀ ਸਮਝਣ ਸਮਝਾਉਣ ਦਾ ਉਪਰਾਲਾ ਕਰਨਾ ਹੈ। ਗੁਰੂ ਅਰਜਨ ਸਾਹਿਬ ਜੀ ਫ਼ੁਰਮਾਉਂਦੇ ਹਨ ‘‘ਹਮ ਧਨਵੰਤ ਭਾਗਠ ਸਚ ਨਾਇ’’ (ਮਹਲਾ /੧੮੫) ਦੀ ਪ੍ਰਾਪਤੀ ਤਾਂ ਹੀ ਹੋਈ ਜਦੋਂ ਮੈ ‘‘ਪੀਊ ਦਾਦੇ ਕਾ, ਖੋਲਿ ਡਿਠਾ ਖਜਾਨਾ ਤਾ, ਮੇਰੈ ਮਨਿ, ਭਇਆ ਨਿਧਾਨਾ ਰਤਨ ਲਾਲ, ਜਾ ਕਾ ਕਛੂ ਮੋਲੁ ਭਰੇ ਭੰਡਾਰ ਅਖੂਟ ਅਤੋਲ ਖਾਵਹਿ ਖਰਚਹਿ, ਰਲਿ ਮਿਲਿ ਭਾਈ ਤੋਟਿ ਆਵੈ, ਵਧਦੋ ਜਾਈ’’ (ਮਹਲਾ /੧੮੬) ਗੁਰਬਾਣੀ ਦਾ ਇਹ ਖਜ਼ਾਨਾ ਐਨਾ ਅਖੁੱਟ ਹੈ ਕਿ ‘‘ਤਿਚਰੁ ਮੂਲਿ ਥੁੜਂੀਦੋ; ਜਿਚਰੁ ਆਪਿ ਕ੍ਰਿਪਾਲੁ ॥  ਸਬਦੁ ਅਖੁਟੁ ਬਾਬਾ ਨਾਨਕਾ; ਖਾਹਿ ਖਰਚਿ ਧਨੁ ਮਾਲੁ ’’ (ਮਹਲਾ /੧੪੨੬)

ਜਗਤ ਰਚਨਾ ਵਿੱਚ ਸਪੁੱਤਰ ਹੋਣ ਦਾ ਮਾਣ ਉਸੇ ਨੂੰ ਪ੍ਰਾਪਤ ਹੁੰਦਾ ਹੈ ਜੋ ਪਿਤਾ ਵੱਲੋਂ ਦਿੱਤੀ ਸੁਆਸ ਪੂੰਜੀ ਨਾਲ ਲਾਭ ਪ੍ਰਾਪਤ ਕਰਦਾ ਹੈ। ਭਾਈ ਗੁਰਦਾਸ ਜੀ ਦਾ ਕਥਨ ਹੈ ‘‘ਬਨਜ ਬਿਉਹਾਰ ਲਗਿ ਜਾਤ ਹੈ ਬਿਦੇਸਿ ਪ੍ਰਾਨੀ, ਕਹੀਏ ਸਪੂਤ ਲਾਭ ਲਭਤ ਕੈ ਆਨੀਐ’’ (ਕਬਿੱਤ੧੧੮/ਭਾਈ ਗੁਰਦਾਸ ਜੀ)

ਮਨੁੱਖ ਵਣਜਾਰੇ ਨੂੰ ਆਤਮਿਕ ਸੂਝ ਦਿੰਦਿਆਂ ਵੀ ਸਾਹਿਬ ਨੇ ਫ਼ੁਰਮਾਇਆ ਹੈ ‘‘ਵਣਜੁ ਕਰਹੁ ਮਖਸੂਦੁ ਲੈਹੁ, ਮਤ ਪਛੋਤਾਵਹੁ……. ਤਾਂ ਵਾਪਾਰੀ ਜਾਣੀਅਹੁ, ਲਾਹਾ ਲੈ ਜਾਵਹੁ’’ (ਮਹਲਾ /੪੧੮)

 ਸੋ ਆਓ, ਗੁਰਬਾਣੀ ਰਾਹੀਂ ਵਾਪਾਰ ਦੇ ਇਸ ਸੰਕਲਪ ਨੂੰ ਸਮਝੀਏ ਤਾਂ ਕਿ ਸਾਹਿਬ ਦੁਆਰਾ ਦਿੱਤਾ ਪਵਿੱਤ੍ਰ ਉਪਦੇਸ਼ ਸਾਡੇ ਅੰਦਰ ਵਸ ਜਾਏ ਅਤੇ ਅਸੀਂ ਪ੍ਰਭੂ ਜੀ ਦੀ ਦਰਗਾਹ ਵਿੱਚ ਪਰਵਾਨ ਹੋਣ ਵਾਲੀ ਪੂੰਜੀ (ਖੇਪ) ਇਕੱਠੀ ਕਰ ਸਕੀਏ ਤਾਂ ਤੇ ਦ੍ਰਿੜ੍ਹ ਕਰਨਾ ਬਣਦਾ ਹੈ ‘‘ਸਚੁ ਵਾਪਾਰੁ ਕਰਹੁ ਵਾਪਾਰੀ ਦਰਗਹ ਨਿਬਹੈ ਖੇਪ ਤੁਮਾਰੀ’’ (ਮਹਲਾ /੨੯੩)

ਤਿੜਕ ਰਿਹਾ ਹੈ ਇਸ ਦੇਸ਼ ਦਾ ਢਾਚਾ..!

0

ਤਿੜਕ ਰਿਹਾ ਹੈ ਇਸ ਦੇਸ਼ ਦਾ ਢਾਚਾ..!

                    ਡਾ. ਪਰਗਟ ਸਿੰਘ ਬੱਗਾ (ਟੋਰਾਂਟੋ) ਕੈਨੇਡਾ। ਫੋਨ: (905) 531-8901

200 ਸਾਲਾਂ ਦੀ ਗੁਲਾਮੀ ਅਤੇ ਗੁਲਾਮੀ ਤੋਂ ਬਾਅਦ ਆਜ਼ਾਦੀ, ਆਪਣੇ-ਆਪ ਵਿੱਚ ਭਾਰਤ ਦੀ ਬਹੁਤ ਵੱਡੀ ਪ੍ਰਾਪਤੀ ਹੈ। ਅੰਗ੍ਰੇਜ਼ ਸਾਮਰਾਜ ਦੀ ਗੁਲਾਮੀ ਤੋਂ ਛੁਟਕਾਰਾ ਪਾਉਣ ਲਈ ਇੱਕ ਸਾਂਝਾ ਸੰਘਰਸ਼ ਵਿੱਢਿਆ ਗਿਆ, ਜਿਸ ਵਿੱਚ ਹਿੰਦੂ, ਸਿੱਖ ਅਤੇ ਮੁਸਲਿਮ; ਸਭ ਨੇ ਇਕ-ਜੁੱਟ ਹੋ ਕੇ ਸਿਦਕ-ਦਿਲੀ ਨਾਲ ਵਿਸ਼ੇਸ਼ ਯੋਗਦਾਨ ਪਾਇਆ। ਸਭਨਾ ਦਾ ਨਿਸ਼ਾਨਾ ਇਕ ਸੀ ਸਿਰਫ਼ ‘ਆਜ਼ਾਦੀ’। ਅੰਗ੍ਰੇਜ਼ਾਂ ਦੇ ਜ਼ਬਰ ਤੇ ਜ਼ੁਲਮ ਦੀਆਂ ਹੌਲਨਾਕ ਘਟਨਾਵਾਂ ਨੇ ਦੇਸ਼ ਦੀ ਰੂਹ ਨੂੰ ਝੰਜੋੜ ਕੇ ਰੱਖ ਦਿੱਤਾ। ਪੰਜਾਬ ਦੀ ਜਵਾਨੀ ਨੇ ਉਛਾਲਾ ਖਾਧਾ ਅਤੇ ਇਸ ਉਛਾਲੇ ’ਚੋਂ ਸ. ਭਗਤ ਸਿੰਘ, ਸ. ਊਧਮ ਸਿੰਘ ਅਤੇ ਸ. ਕਰਤਾਰ ਸਿੰਘ ਸਰਾਭਾ ਵਰਗੇ ਸੂਰਮੇ ਅੱਗ ਦਾ ਭਾਬੜ ਬਣ ਕੇ ਉੱਠੇ, ਜਿਨ੍ਹਾਂ ਦੇਸ਼ ਦੀ ਆਜ਼ਾਦੀ ਦੇ ਹਵਨ-ਕੁੰਡ ਵਿੱਚ ਆਪਣੇ ਪ੍ਰਾਣਾ ਦੀ ਆਹੂਤੀ ਦਿੱਤੀ। ਨਤੀਜਨ ਦੇਸ਼ ਭਗਤਾਂ ਦੀ ਅਜ਼ਮਤ, ਕ੍ਰਿਆਸ਼ੀਲਤਾ, ਬਹਾਦਰੀ ਅਤੇ ਕੁਰਬਾਨੀਆਂ ਸਦਕਾ 15 ਅਗਸਤ 1947 ਨੂੰ ਭਾਰਤ ਆਜ਼ਾਦ ਹੋ ਗਿਆ। ਇਹ ਇੱਕ ਹਕੀਕਤ ਹੈ ਕਿ ਜੇਕਰ ਸ਼ਹੀਦ-ਏ-ਆਜ਼ਮ ਸ. ਭਗਤ ਸਿੰਘ ਵਰਗੇ ਸਿੱਖ ਜੁਝਾਰੂ ਨੌਜਵਾਨ ਅੰਗ੍ਰੇਜ਼ ਸਾਮਰਾਜ ਦੀਆਂ ਜੜ੍ਹਾਂ ਨੂੰ ਹਲੂਣਾ ਨਾ ਦਿੰਦੇ ਤਾਂ ਸ਼ਾਇਦ ਅਜੇ ਹੋਰ ਲੰਮਾਂ ਸਮਾਂ ਭਾਰਤ ਨੂੰ ਆਜ਼ਾਦੀ ਦਾ ਮੂੰਹ ਵੇਖਣਾ ਨਸੀਬ ਨਾ ਹੁੰਦਾ।

ਅੱਜ ਅਸੀਂ ਆਜ਼ਾਦ ਹਾਂ। ਸਾਡਾ ਭਾਰਤ ਦੇਸ਼ ਆਜ਼ਾਦ ਹੈ। ਸਾਡੀ ਆਪਣੀ ਸਰਕਾਰ ਹੈ ਅਤੇ ਸਰਕਾਰਾਂ ਨੂੰ ਚਲਾਉਣ ਲਈ ਸਾਡੇ ਆਪਣੇ ਮੰਤਰੀ ਹਨ। ਇਸ ਪ੍ਰਭੂਸੱਤਾ ਸੰਪੰਨ ਰਾਸ਼ਟਰ ਦਾ ਆਪਣਾ ਵਿਸ਼ਾਲ ਸੰਵਿਧਾਨ ਹੈ, ਜਿਸ ਦੀ ਪ੍ਰਸਤਾਵਨਾ ਵਿੱਚ ‘ਲੋਕਤੰਤਰੀ ਸੰਵਿਧਾਨ’ ਦੇ ਸਾਰੇ ਗੁਣ ਮੌਜੂਦ ਹਨ। ਦੇਸ਼ ਦੇ ਸੰਘੀ ਢਾਚੇ ਨੂੰ ਚਲਾਉਣ ਲਈ ਤਾਕਤਵਰ ਕਾਰਜਪਾਲਕਾ, ਵਿਧਾਨਪਾਲਕਾ ਅਤੇ ਨਿਆਂਪਾਲਕਾ ਮੌਜੂਦ ਹਨ। ਭਾਰਤ ਨੂੰ ਵਿਸ਼ਵ ਦਾ ਸਭ ਤੋਂ ਵੱਡਾ ਲੋਕਤੰਤਰ ਦੇਸ਼ ਅਖਵਾਉਣ ਦਾ ਮਾਣ ਪ੍ਰਾਪਤ ਹੈ ਕਿਉਂਕਿ ਇਸ ਦੇਸ਼ ਦਾ ਮੁਖੀ ਕੋਈ ਪਿਤਰੀ ਰਾਜਾ-ਮਹਾਰਾਜਾ ਨਹੀਂ ਬਲਕਿ ਲੋਕਾਂ ਦੁਆਰਾ ਅਪ੍ਰਤੱਖ ਤੌਰ ’ਤੇ ਚੁਣਿਆ ਗਿਆ ‘ਰਾਸ਼ਟਰਪਤੀ’ ਹੈ। ਲੋਕਾਂ ਦੁਆਰਾ ਬਣਾਇਆ ਗਿਆ ‘ਸੰਵਿਧਾਨ’; ਰਾਸ਼ਟਰਪਤੀ ਦੀਆਂ ਸ਼ਕਤੀਆਂ ਦਾ ਮੁੱਖ ਸੋਮਾ ਹੈ। ਨਿਆਂ, ਸਮਾਨਤਾ, ਸੁਤੰਤਰਤਾ, ਜਨਤਾ ਦਾ ਮਾਨ-ਸਨਮਾਨ, ਆਪਸੀ ਭਰਾਤਰੀ-ਭਾਵ ਅਥਵਾ ਰਾਸ਼ਟਰੀ ਏਕਤਾ-ਅਖੰਡਤਾ; ਭਾਰਤੀ ਸੰਵਿਧਾਨ ਦੇ ਮੁੱਖ ਉਦੇਸ਼ ਹਨ। ਇਸੇ ਕਰਕੇ ਭਾਰਤ ਨੂੰ ‘ਰੀਪਬਲੀਕਨ’ (ਗਣਤੰਤਰ) ਵਜੋਂ ਸਵੀਕਾਰਿਆ ਤੇ ਸਤਿਕਾਰਿਆ ਗਿਆ ਹੈ।

ਅੱਜ, ਦੇਸ਼ ਦੀ ਸਰਕਾਰ ਕਾਨੂੰਨ ਦੇ ਰਾਜ ਦੀਆਂ ਸਿਫ਼ਤਾਂ ਦੇ ਪੁਲ ਬੰਨ੍ਹਦੀ ਨਹੀਂ ਥੱਕਦੀ। ਸਰਕਾਰ ਨੂੰ ਲੋਕਾਂ ਦੀ, ਲੋਕਾਂ ਦੁਆਰਾ ਅਤੇ ਲੋਕਾਂ ਲਈ, ਬਣੀ ਸਰਕਾਰ ਦੇ ਰਾਗ ਅਲਾਪੇ ਜਾਂਦੇ ਹਨ। ਭਾਰਤ ਦੇ ਹੁਕਮਰਾਨ ਬਗ਼ੈਰ ਕਿਸੇ ਭੇਦ-ਭਾਵ, ਦੇਸ਼ ਦੇ ਹਰ ਨਾਗਰਿਕ ਨੂੰ ਭਾਵੇਂ ਉਹ ਕਿਸੇ ਵੀ ਪ੍ਰਾਂਤ, ਦਲ, ਰੰਗ, ਜਾਤ, ਮਜ਼ਹਬ, ਲਿੰਗ ਜਾਂ ਭਾਸ਼ਾ ਨਾਲ ਸੰਬੰਧਿਤ ਹੋਵੇ, ਘੱਟੋ-ਘੱਟ ਮੁੱਢਲੀਆਂ ਲੋੜਾਂ ਪ੍ਰਦਾਨ ਕਰਨ ਦੀ ਵਚਨਬੱਧਤਾ ਹਮੇਸ਼ਾਂ ਪ੍ਰਗਟਾਉਂਦੇ ਰਹਿੰਦੇ ਹਨ। ਲੋਕਤੰਤਰ ਦੇ ਚੌਥੇ ਥੰਮ ‘ਪ੍ਰੈਸ’ ਨੂੰ ਪੂਰਨ ਤੌਰ ’ਤੇ ਆਜ਼ਾਦ ਐਲਾਨਣ ਦੇ ਦਮਗਜੇ ਮਾਰੇ ਜਾਂਦੇ ਹਨ। ਅਨਪੜ੍ਹਤਾ, ਗਰੀਬੀ, ਬੇਰੁਜ਼ਗਾਰੀ, ਅਸਮਾਜਿਕਤਾ ਅਤੇ ਅਸੁਰੱਖਿਆ ਖ਼ਤਮ ਕਰਨ ਸੰਬੰਧੀ ਨਿੱਤ ਨਵੇਂ ਪ੍ਰੋਗਰਾਮਾਂ ਦੇ ਲਾਰੇ ਅਤੇ ਨਾਹਰੇ ਸੁਣ-ਸੁਣ ਕੇ ਜਨਤਾ ਦੇ ਕੰਨ ਪੱਕ ਗਏ ਹਨ। ਦੇਸ਼ ਅੰਦਰ ਸ਼ਾਂਤੀ ਅਤੇ ਆਤਮ-ਨਿਰਭਰਤਾ ਪੈਦਾ ਕਰਨ ਦੀਆਂ ਨਿੱਤ ਬੜਕਾਂ ਮਾਰੀਆਂ ਜਾਂਦੀਆਂ ਹਨ, ਪਰ ਅਸਲ ਵਿੱਚ ਸਚਾਈ ਇਹ ਹੈ ਕਿ ਆਜ਼ਾਦੀ ਦੇ ਸਾਢੇ-ਸੱਤ ਦਹਾਕੇ ਬੀਤ ਜਾਣ ਤੋਂ ਬਾਅਦ ਵੀ ਸਾਡੀਆਂ ਰੰਗ-ਬਰੰਗੀਆਂ ਸਰਕਾਰਾਂ ਨੇ ਜਨਤਾ ਨੂੰ ਸਿਹਤ ਅਤੇ ਵਿੱਦਿਆ ਵਰਗੀਆਂ ਮੁੱਢਲੀਆਂ ਸਹੂਲਤਾਂ ਦੇਣ ਦੀ ਜ਼ਿੰਮੇਵਾਰੀ ਨਿਭਾਉਣ ਤੋਂ ਘੇਸਲ ਵੱਟੀ ਹੋਈ ਹੈ।

ਨਿਰਸੰਦੇਹ, ਅੱਜ ਭਾਰਤ ਸੰਸਾਰ ਦਾ ਸਭ ਤੋਂ ਵੱਡਾ ‘ਲੋਕਤੰਤਰ’ ਕਹਿਲਾਉਣ ਵਾਲਾ ਦੇਸ਼ ਹੈ। ਪੂਰੇ ਵਿਸ਼ਵ ਅੰਦਰ 448 ਧਾਰਾਵਾਂ ਵਾਲਾ ਸਭ ਤੋਂ ਲੰਬਾ-ਚੌੜਾ ‘ਸੰਵਿਧਾਨ’ ਵੀ ਸ਼ਾਇਦ ਇਸੇ ਦੇਸ਼ ਦਾ ਹੈ। ਆਓ, ਇਸ ਸੰਦਰਭ ਵਿੱਚ ਭਾਰਤੀ ਲੋਕਤੰਤਰ ਦੇ ਅਜੋਕੇ ਦੁਖਾਂਤ ਦੇ ਪਿਛੋਕੜ ’ਤੇ ਝਾਤ ਮਾਰਦਿਆਂ, ਮੁਲੰਕਣ ਕਰੀਏ ਕਿ ਅਸੀਂ 15 ਅਗਸਤ 1947 ਨੂੰ ਰਾਜਨੀਤਕ ਤੌਰ ’ਤੇ ਆਜ਼ਾਦ ਤਾਂ ਹੋ ਗਏ ਸੀ, ਪਰ 74 ਸਾਲ ਪਹਿਲਾਂ ਜਿਹੜਾ ‘ਜਮਹੂਰੀਅਤ’ ਦਾ ਸਫ਼ਰ ਅਸੀਂ ਆਰੰਭ ਕੀਤਾ ਸੀ, ਉਸ ਪੰਧ ’ਤੇ ਤੁਰਦਿਆਂ, ਅੱਜ ਸਾਡੀਆਂ ਕੀ ਪ੍ਰਾਪਤੀਆਂ ਰਹੀਆਂ ਹਨ ? 26 ਜਨਵਰੀ 1950 ਨੂੰ ਜਿਹੜਾ ਸੰਵਿਧਾਨ ਸਾਡੇ ਦੇਸ਼ ਨੇ ਲਾਗੂ ਕੀਤਾ ਸੀ, ਉਹ ਆਮ ਲੋਕਾਂ ਦੀਆਂ ਆਸਾਂ ਪੂਰੀਆਂ ਕਰਨ ਵਿੱਚ, ਕਿੱਥੋਂ ਤੱਕ ਸਫਲ ਰਿਹਾ ਹੈ ? ਸਾਡੇ ਸਿਆਸਤਦਾਨਾਂ ਨੇ ਭਾਰਤੀ ਸੰਵਿਧਾਨ ਦੀ ਕਿੰਨੀ ਕੁ ਮਿੱਟੀ-ਪਲੀਤ ਕੀਤੀ ਹੈ ? ਲੋਕਾਂ ਦੀ, ਲੋਕਾਂ ਦੁਆਰਾ, ਲੋਕਾਂ ਲਈ, ਬਣੀਆਂ ਸਰਕਾਰਾਂ, ਦੇਸ਼ ਦੇ ਆਮ ਨਾਗਰਿਕਾਂ ਨੂੰ ਕਾਨੂੰਨ ਦਾ ਰਾਜ ਦੇਣ ਵਿੱਚ ਕਿੱਥੋਂ ਤੱਕ ਸਫਲ ਹੋਈਆਂ ਹਨ ? ਕਿਉਂ ਗਰੀਬ ਜਨਤਾ ਦਾ ਕਚੂੰਮਰ ਨਿਕਲ ਰਿਹਾ ਹੈ ? ਕਿਉਂ ਪੰਜਾਬ, ਬੰਗਾਲ, ਕਸ਼ਮੀਰ ਅਤੇ ਬਾਬਰੀ ਮਸਜਿਦ ਬਨਾਮ ਰਾਮ ਮੰਦਰ ਵਰਗੇ ਮਸਲੇ ਦਰਪੇਸ਼ ਹਨ ? ਲੋਕਤੰਤਰ ਮਹਿਜ਼ ਇੱਕ ਢੋਂਗ ਬਣ ਕੇ ਤਾਂ ਨਹੀਂ ਰਹਿ ਗਿਆ ? ਇਸ ਦੇਸ਼ ਦਾ ਢਾਚਾ ਤਿੜਕ ਤਾਂ ਨਹੀਂ ਰਿਹਾ.. ?

ਆਜ਼ਾਦੀ ਦਾ ਮੂੰਹ ਵੇਖਣ ਲਈ ਸ. ਊਧਮ ਸਿੰਘ ਸੁਨਾਮ ਨੇ ਜਲ੍ਹਿਆਂਵਾਲੇ ਬਾਗ਼ ਦੀ ਲਹੂ-ਭਿੱਜੀ ਮਿੱਟੀ ਦੀ ਸਹੁੰ ਖਾ ਕੇ, ਇਸ ਖ਼ੂਨੀ-ਸਾਕੇ ਦਾ ਬਦਲਾ ਚੁਕਾਉਣ ਲਈ ਜਨਰਲ ਮਾਈਕਲ ਉਡਵਾਇਰ ਨੂੰ ਲੰਡਨ ਜਾ ਕੇ, ਆਪਣੇ ਪਿਸਤੌਲ ਦੀਆਂ ਗੋਲੀਆਂ ਨਾਲ ਮਾਰ-ਮੁਕਾਇਆ ਸੀ। ਬ੍ਰਿਟਿਸ਼ ਸਾਮਰਾਜ ਤੋਂ ਦੇਸ਼ ਆਜ਼ਾਦ ਕਰਵਾ ਕੇ, ਭਾਰਤ ਵਰਸ਼ ਨੂੰ ਸੰਪਰਦਾਇਕਤਾ, ਜਾਤੀ-ਵਾਦ, ਛੁਤ-ਛਾਤ, ਰੰਗ, ਨਸਲ ਅਤੇ ਊਚ-ਨੀਚ ਦੇ ਭੇਦ-ਭਾਵ ਤੋ ਪੂਰਨ ਤੌਰ ’ਤੇ ਮੁਕਤੀ ਦਵਾ ਕੇ, ਨਿੱਜੀ ਅਤੇ ਦਲਗਤ ਸਵਾਰਥਾਂ ਤੋਂ ਉੱਪਰ ਉੱਠ ਕੇ, ਸਮਾਜਿਕ-ਬਰਾਬਰਤਾ, ਸਾਂਝੀਵਾਲਤਾ ਤੇ ਆਪਸੀ ਭਾਈਚਾਰਕ-ਸਾਂਝਾ ’ਤੇ ਆਧਾਰਿਤ ਖ਼ੁਸ਼ਹਾਲ ਅਤੇ ਸਾਵੇਂ-ਪੱਧਰੇ ਸਮਾਜ ਦੀ ਸਿਰਜਣਾ ਦਾ ਸੁਪਨਾ ਵੱਖਿਆ ਸੀ। ਐਸੇ ਕ੍ਰਾਂਤੀਕਾਰੀ ਯੋਧਿਆਂ ਦੀ ਨਿਸ਼ਠਾ ਅਤੇ ਹੌਂਸਲੇ ਨੂੰ ਕੋਟਿ ਕੋਟਿ ਪ੍ਰਣਾਮ ਹੈ, ਜਿਹੜੇ ਕਾਲ਼ਖ਼ਾਂ ਦੇ ਪਹਿਰੇ ਨੂੰ ਚਾਨਣ ’ਚ ਬਦਲਣ ਦੀਆਂ ਰਾਹਾਂ ’ਤੇ ਤੁਰੇ ਸਨ, ਪਰ ਕਿੰਨੀ ਸ਼ਰਮ ਤੇ ਫ਼ਿਕਰਮੰਦੀ ਦੀ ਗੱਲ ਹੈ ਕਿ ਅੱਜ ਸੱਤਾਧਾਰੀ ਹੁਕਮਰਾਨਾਂ ਵੱਲੋਂ ਭਾਰਤ ਦੀ ਸਾਂਝੀ ਵਿਰਾਸਤ ਨੂੰ ਮਲੀਆਮੇਟ ਕਰਨ ਲਈ ਹਰ ਹਰਬਾ ਵਰਤਿਆ ਜਾ ਰਿਹਾ ਹੈ। ਭਾਰਤ ਦੀ ਕੁੱਲ ਸੰਪਤੀ ਨਿੱਜੀ-ਕੰਪਨੀਆਂ ਅਤੇ ਪੂੰਜੀ-ਪਤੀਆਂ ਦੇ ਹੱਥਾਂ ਵਿੱਚ ਸੌਂਪੀ ਜਾ ਰਹੀ ਹੈ। ਦੇਸ਼ ਦਾ ਨਿੱਜੀਕਰਨ, ਉਦਾਰੀਕਰਨ ਅਤੇ ਵਿਸ਼ਵੀਕਰਨ ਕੀਤਾ ਜਾ ਰਿਹਾ ਹੈ। ਦੇਸ਼ ਦੀ ਸਰਕਾਰ; ਮਲਟੀ-ਨੇਸ਼ਨ ਅਤੇ ਅੰਤਰ-ਰਾਸ਼ਟਰੀ ਦਬਾਅ ਹੇਠ ਕੰਮ ਕਰ ਰਹੀ ਹੈ। ਰਾਜਸੀ ਨੇਤਾ ਆਪਣੇ-ਆਪਣੇ ਰਾਜਨੀਤਕ ਦਬਾਅ ਗਰੁੱਪਾਂ ਲਈ ਦਿਨ-ਰਾਤ ਸਮਰਪਿਤ ਹਨ।

ਭਾਰਤ ਇੱਕ ਧਰਮ-ਨਿਰਪੱਖ ਦੇਸ਼ ਹੈ। ਧਰਮ ਅਤੇ ਰਾਜਨੀਤੀ ਦੀ ਰਲ਼ਗੱਡਤਾ ਨੂੰ ਹਮੇਸ਼ਾਂ ਸਰਕਾਰਾਂ ਵੱਲੋਂ ਤ੍ਰਿਸਕਾਰਿਆ ਜਾਂਦਾ ਹੈ, ਪਰ ਇਸ ਦੇ ਬਾਵਜੂਦ ਦੇਸ਼ ਦੀਆਂ ਸਾਰੀਆਂ ਰਾਜਸੀ ਪਾਰਟੀਆਂ ਧਰਮ ਦਾ ਸਿੱਧੇ ਜਾਂ ਅਸਿੱਧੇ ਰੂਪ ਵਿੱਚ  ਸਹਾਰਾ ਲੈਂਦੀਆਂ ਹਨ। ਆਜ਼ਾਦੀ ਦੇ ਸੰਗਰਾਮ ਦੌਰਾਨ ਗ਼ਦਰੀ ਯੋਧਿਆਂ ਨੇ ਫਿਰਕਾ-ਪ੍ਰਸਤ ਮੁੱਦਿਆਂ ਨੂੰ ਕਦੇ ਵੀ ਨਾ ਵਿਚਾਰਨ ਦਾ ਪ੍ਰਣ ਲਿਆ ਸੀ। ਵਤਨੋਂ ਦੂਰ ਅਮਰੀਕਾ ਦੀ ਧਰਤੀ ’ਤੇ ‘ਗ਼ਦਰ ਪਾਰਟੀ’ ਦੀ ਸਥਾਪਨਾ ਕਰਕੇ, ਕਿਸੇ ਵੀ ਧਾਰਮਿਕ ਮੁੱਦੇ ਅਥਵਾ ਜਾਤਾਂ-ਪਾਤਾਂ ’ਤੇ ਵਾਦ-ਵਿਵਾਦ ਖੜ੍ਹਾ ਕਰਨ ਦੀ ਮਨਾਹੀ ਦੀਆਂ ਕਸਮਾਂ ਖਾਧੀਆਂ ਸਨ, ਪਰ ਅੱਜ ਉਨ੍ਹਾਂ ਹੀ ਵਰਜਿਤ ਮੁੱਦਿਆਂ ਨੂੰ ਰਾਸ਼ਟਰ ਪੱਧਰ ’ਤੇ ਲਾਗੂ ਕਰਨ ਲਈ ਮੋਦੀ ਸਰਕਾਰ ਅਤੇ ਸਮੁੱਚਾ ਸੰਘ ਪਰਿਵਾਰ; ਬੇ-ਸਬਰੀ ਨਾਲ ਪੱਬਾਂ-ਭਾਰ ਖੜ੍ਹਾ ਦਿਖਾਈ ਦੇ ਰਿਹਾ ਹੈ। ਦੇਸ਼ ਦੀਆਂ ਘੱਟ-ਗਿਣਤੀਆਂ, ਦਲਿਤ-ਸਮਾਜ; ਭੈਅ ਦੇ ਮਾਹੌਲ ਅੰਦਰ ਦਿਨ-ਕਟੀ ਕਰ ਰਹੇ ਹਨ। ਔਰਤਾਂ ਅਤੇ ਕਬਾਇਲੀ ਲੋਕਾਂ ਉੱਪਰ ਤਸ਼ੱਦਦ ਢਾਹੇ ਜਾ ਰਹੇ ਹਨ। ਅਫ਼ਸੋਸ-ਜਨਕ ਪਹਿਲੂ ਇਹ ਹੈ ਕਿ ਜਿਨ੍ਹਾਂ ਲੀਡਰਾਂ ਨੂੰ ਦੇਸ਼ ਦੀ ਜਨਤਾ ਨੇ ‘ਲੋਕ-ਹੱਕਾਂ’ ਦੀ ਰਾਖੀ ਲਈ ਜ਼ਿਮੇਵਾਰੀ ਸੌਂਪੀ ਹੋਈ ਹੈ, ਉਹੀ ਲੀਡਰ ‘ਲੋਕ-ਹੱਕਾਂ’ ਦਾ ਸਭ ਤੋਂ ਵੱਧ ਘਾਣ ਕਰ ਰਹੇ ਹਨ। ਰਿਸ਼ਵਤਖ਼ੋਰੀ ਅਤੇ ਭ੍ਰਿਸ਼ਟਾਚਾਰ, ਉਨ੍ਹਾਂ ਹੀ ਪ੍ਰਤੀਨਿਧਾਂ ਦੀ ਦੇਖ-ਰੇਖ ਹੇਠ ਪਨਪ ਰਿਹਾ ਹੈ।

ਸਮੇਂ ਦੀ ਲੋੜ ਹੈ ਕਿ ਅੱਜ, ‘ਜਮਹੂਰੀ-ਸਰਕਾਰ’ ਦੀ ਪੂਰਨ ਤੌਰ ’ਤੇ ਬਹਾਲੀ ਹੋਵੇ। ਭ੍ਰਿਸ਼ਟਾਚਾਰ ਸਾਡੇ ਦੇਸ਼ ਦੇ ਮੱਥੇ ’ਤੇ ਵੱਡਾ ਕਲੰਕ ਹੈ। ਪੂਰੀ ਸੰਜੀਦਗੀ ਨਾਲ ਸਾਧਾਰਨ ਜਨ-ਜੀਵਨ ਵਿੱਚ ਸੁਧਾਰ ਲਿਆਂਦਾ ਜਾਵੇ। ਆਰਥਿਕ-ਵਿਕਾਸ ਦੇ ਦਰਵਾਜ਼ੇ ਖੋਲ੍ਹ ਕੇ, ਦੇਸ਼ ਨੂੰ ਤਰੱਕੀ ਦੀਆਂ ਰਾਹਾਂ ’ਤੇ ਤੋਰਿਆ ਜਾਵੇ, ਪਰ ਇਸ ਦੇ ਉਲਟ ਦੇਸ਼ ਦਾ ਆਮ ਨਾਗਰਿਕ ਬੇ-ਭਰੋਸਗੀ ਅਤੇ ਭ੍ਰਿਸ਼ਟਾਚਾਰਕ-ਅਸੰਤੋਸ਼ ਦਾ ਤਲਖ਼ ਸੰਤਾਪ ਹੰਢਾ ਰਿਹਾ ਹੈ। ਹਰ ਭਾਰਤ ਵਾਸੀ ਆਪਣੇ ਭਵਿੱਖ ’ਤੇ ਲੱਗੇ ਪ੍ਰਸ਼ਨ-ਚਿੰਨ੍ਹ ਕਾਰਨ ਸਹਿਮਿਆ, ਕਸੂਤੀ ਸਥਿੱਤੀ ਵਿੱਚ ਫਸਿਆ ਦਿਖਾਈ ਦੇ ਰਿਹਾ ਹੈ। ਦੇਸ਼ ਲਾਰਿਆਂ ਤੇ ਨਾਹਰਿਆਂ ਦੇ ਸਹਾਰੇ ਚੱਲ ਰਿਹਾ ਹੈ। ਕਾਰਪੋਰੇਟ ਘਰਾਣੇ, ਨਿੱਜੀ ਕੰਪਨੀਆਂ ਅਤੇ ਸਾਡੇ ਭ੍ਰਿਸ਼ਟ-ਰਾਜਸੀ ਨੇਤਾ ਗ਼ਰੀਬਾਂ ਦੇ ਖ਼ੂਨ-ਪਸੀਨੇ ਦੀ ਕਮਾਈ ਲੁੱਟ-ਖਸੁੱਟ ਕੇ ਗੁਲਛਰੇ ਉਡਾਉਣ ਵਿੱਚ ਮਸਰੂਫ਼ ਹਨ। ਦੇਸ਼ ਦੇ ਸਰਮਾਏ ’ਤੇ ਕੁੱਝ ਕੁ ਧਨਾਢ ਘਰਾਣੇ ਕਾਬਜ਼ ਹਨ, ਜੋ ਆਪਣੀ ਪਕੜ ਮਜ਼ਬੂਤ ਕਰਨ ਦੇ ਜੁਗਾੜ ਵਿੱਚ ਜੱੁਟੇ ਹੋਏ ਹਨ। ਜਲ, ਜੰਗਲ਼, ਜ਼ਮੀਨ ਸਭ ਅੰਤਰ-ਰਾਸ਼ਟਰੀ ਲਪੇਟ ਵਿੱਚ ਹਨ। ਬਲੈਕਮਨੀ (ਕਾਲੇ-ਧੰਨ) ਦਾ ਚਲਣ ਖੁੱਲ੍ਹੇ-ਆਮ ਹੈ। ਰੰਗ, ਨਸਲ, ਧਰਮ, ਬੋਲੀ ਦੇ ਆਧਾਰ ’ਤੇ ਕਤਲੋ-ਗ਼ਾਰਤ ਨਿਰੰਤਰ ਜਾਰੀ ਹੈ। ਪ੍ਰਾਂਤਵਾਦ ਅਤੇ ਖੇਤਰਵਾਦ ਦੇ ਆਧਾਰ ’ਤੇ ਵੱਖ-ਵੱਖ ਫਿਰਕਿਆਂ ਵਿਚਕਾਰ ਨਫ਼ਰਤ ਦੇ ਬੀਜ, ਬੀਜੇ ਜਾ ਰਹੇ ਹਨ। ਸਰਕਾਰੀ ਦਹਿਸ਼ਤ, ਗ਼ੈਰ-ਯਕੀਨੀ ਭਵਿੱਖ ਅਤੇ ਆਰਥਿਕ ਪ੍ਰੇਸ਼ਾਨੀਆਂ ਦੇ ਆਲਮ ਨੇ ਆਮ ਜਨ-ਜੀਵਨ ਨਰਕ ਬਣਾਇਆ ਹੋਇਆ ਹੈ। ਆਰਥਿਕ, ਸਮਾਜਿਕ ਅਤੇ ਸਭਿਆਚਾਰਿਕ ਬਰਾਬਰੀ ਤੋਂ ਬਿਨਾਂ ਆਮ ਆਦਮੀ ਲਈ ਰਾਜਨੀਤਿਕ ਬਰਾਬਰੀ ਦਾ ਕੋਈ ਖ਼ਾਸ ਮਹੱਤਵ ਹੀ ਨਹੀਂ ਹੁੰਦਾ।

ਜਦੋਂ ਤੱਕ ਭਾਰਤ ਭ੍ਰਿਸ਼ਟਾਚਾਰ ਤੋਂ ਮੁਕਤ ਨਹੀਂ ਹੁੰਦਾ, ਉਦੋਂ ਤੱਕ ਦੇਸ਼ ਵਾਸੀਆਂ ਨੂੰ ਗ਼ਰੀਬੀ ਤੋਂ ਨਜਾਤ ਨਹੀਂ ਮਿਲ ਸਕਦੀ। ਸੰਸਾਰ ਦੀ ਵੱਡੀ ਤਾਕਤ ਬਣਨਾ ਤਾਂ ਦੂਰ ਦੀ ਗੱਲ ਹੈ, ਭਾਰਤ ਤਾਂ ਅਜੇ ਸਹੀ ਅਰਥਾਂ ਵਿੱਚ ‘ਲੋਕਰਾਜ ਵੀ ਨਹੀਂ ਬਣ ਸਕਿਆ। ਭਾਰਤ ਅੰਦਰ ਚਾਰ-ਮਾਰਗੀ ਵਿਸ਼ਾਲ ਸੜਕਾਂ ਹਨ। ਅਸਮਾਨੀ ਛੂੰਹਦੀਆਂ ਇਮਾਰਤਾਂ ਹਨ। ਆਲੀਸ਼ਾਨ ਹੋਟਲ ਹਨ। ਮਹਿੰਗੀਆਂ ਸ਼ਰਾਬਾਂ ਹਨ। ਕੀਮਤੀ ਕਾਰਾਂ ਹਨ। ਵਿਦੇਸ਼ੀ ਕੰਪਨੀਆਂ ਦੇ ਬਣਾਏ ਮਾਰੂ-ਹਥਿਆਰ ਅਤੇ ਜੰਗੀ-ਜਹਾਜ਼ ਹਨ। ਬਾਬਰੀ ਮਸਜਿਦ ਬਨਾਮ ਰਾਮ ਮੰਦਰ ਦੀ ਉਸਾਰੀ ਦਾ ‘ਸ਼੍ਰੀ-ਗਣੇਸ਼’ ਕੀਤਾ ਜਾ ਚੁੱਕਾ ਹੈ। ਦੇਸ਼ ਦੇ ਰਾਸ਼ਟਰਪਤੀ ਨੇ ਲੱਖਾਂ ਰੁਪਏ ਦਾਨ ਵਜੋਂ ਦਿੱਤੇ ਹਨ। ਮੋਦੀ ਸਰਕਾਰ ਵੱਲੋਂ ਅੰਬਾਨੀਆਂ-ਅਡਾਨੀਆਂ ਦੇ ਲੱਖਾਂ-ਕਰੋੜਾਂ ਦੇ ਕਰਜ਼ੇ ਮਾਫ਼ ਕੀਤੇ ਜਾ ਚੁੱਕੇ ਹਨ, ਪ੍ਰੰਤੂ ਵਿਚਾਰੇ ‘ਕਿਰਤੀ-ਕਿਸਾਨ’ ਦਾ ਚੁੱਲ੍ਹਾ ‘ਠੰਢਾ’ ਹੈ। ਸਾਰੇ ਦੇਸ਼ ਦਾ ਢਿੱਡ ਭਰਨ ਵਾਲਾ ‘ਅੰਨ-ਦਾਤਾ’; ਕਰਜ਼ੇ ਦੀ ਮਾਰ ਹੇਠ ਖ਼ੁਦਕੁਸ਼ੀਆਂ ਕਰਨ ਲਈ ਮਜਬੂਰ ਹੈ।

ਸਾਨੂੰ ਯਕੀਨ ਨਹੀਂ ਹੋ ਰਿਹਾ ਕਿ ਅਸੀਂ ਸੱਚ-ਮੁੱਚ ਇੱਕ ਆਜ਼ਾਦ ਦੇਸ਼ ਦੇ ਵਸਨੀਕ ਹਾਂ। ਭਾਰਤ ਦਾ ਆਮ ਨਾਗਰਿਕ ਹਰ ਪਲ ਘੁਟਣ ਅਤੇ ਬੇਜ਼ਾਰੀ (ਪੀੜਾ) ਮਹਿਸੂਸ ਕਰ ਰਿਹਾ ਹੈ। ਜ਼ਿਹਨ ਵਿੱਚ ਵਾਰ-ਵਾਰ ਵਿਚਾਰ ਉਤਪੰਨ ਹੋ ਰਹੇ ਹਨ ਕਿ ਅੰਗ੍ਰੇਜ਼ਾਂ ਦੀ 100 ਸਾਲਾਂ ਦੀ ਜ਼ਿੱਲਤ (ਅਪਮਾਨ) ਭਰੀ ਗ਼ੁਲਾਮੀ ਨਾਲੋਂ, ਅੱਜ ਅਸੀਂ ਬਦਤਰ (ਮਾੜਾ) ਜੀਵਨ ਬਸਰ ਕਰ ਰਹੇ ਹਾਂ। ਦੇਸ਼ ਦੀ ਭੋਲੀ-ਭਾਲੀ ਜਨਤਾ ਨੂੰ ਭਾਰਤੀ ਸੰਵਿਧਾਨ ਦੀ ਪਰਸਤਾਵਨਾ ਵਿੱਚ ਅੰਕਿਤ ‘ਲੋਕਤੰਤਰੀ-ਸੰਵਿਧਾਨ’ ਦੇ ਸਾਰੇ ਗੁਣਾਂ ਤੋਂ ਵਾਂਝਾ ਰੱਖਿਆ ਗਿਆ ਹੈ। ਸਰਕਾਰ ਅਜੇ ਤੱਕ ਭਾਰਤੀ-ਸੰਵਿਧਾਨ ਦੇ ਉਦੇਸ਼ਾਂ ਨੂੰ ਅਮਲੀ ਰੂਪ ਦੇਣ ਵਿੱਚ ਅਸਮਰੱਥ ਰਹੀ ਹੈ। ਲੋਕ; ਭਾਰਤੀ-ਲੋਕਤੰਤਰ ਅਤੇ ਸੁਤੰਤਰਤਾ ਦੇ ਨਿੱਘ ਤੋਂ ਅਭਿੱਜ ਹੈ। ਦੇਸ਼ ਦਾ ਨਾਗਰਿਕ ਬੁਨਿਆਦੀ ਅਧਿਕਾਰਾਂ ਤੋਂ ਸੱਖਣਾ ਹੈ, ਪਰ ਹਾਕਮਾਂ ਤੇ ਪ੍ਰਸ਼ਾਸਕਾਂ ਵੱਲੋਂ ਖੁੱਲ੍ਹੇ-ਆਮ ‘ਲੋਕਤੰਤਰ’ ਅਤੇ ‘ਜਨਤਾ’ ਦਾ ਕਤਲੇਆਮ ਕੀਤਾ ਜਾ ਰਿਹਾ ਹੈ।

ਹਰ ਸਾਲ 26 ਜਨਵਰੀ ਧੂਮ-ਧਾਮ ਨਾਲ਼ ਮਨਾਇਆ ਜਾਂਦਾ ਹੈ। ਇਸ ਵਾਰ ਆਜ਼ਾਦ-ਭਾਰਤ ਦੀ 74ਵੀਂ ਵਰ੍ਹੇ-ਗੰਢ ਪੂਰੇ ਦੇਸ਼ ਅੰਦਰ ‘ਗਣਤੰਤਰ-ਦਿਵਸ’ ਦੇ ਰੂਪ ਵਿੱਚ ਜੋਸ਼-ਓ-ਖ਼ਰੋਸ਼ ਨਾਲ ਮਨਾਈ ਗਈ। ਕਰੋੜਾਂ ਰੁਪਏ ‘ਗਣਤੰਤਰ-ਦਿਵਸ’ ਦੇ ਜਸ਼ਨਾਂ ’ਤੇ ਪਾਣੀ ਵਾਂਗ ਵਹਾਏ ਗਏ। ਦਿੱਲੀ ਵਿੱਚ ਰਵਾਇਤੀ ਪਰੇਡ ਹੋਈ। ਕੌਮੀ-ਤਿਰੰਗਾ ਲਹਿਰਾਇਆ ਗਿਆ। ਦੇਸ਼ ਦੇ ਰਾਸ਼ਟਰਪਤੀ ਨੇ ਸਲਾਮੀ ਲਈ। ਲੀਡਰਾਂ ਵੱਲੋਂ ਦੇਸ਼ ਵਾਸੀਆਂ ਨੂੰ ਦੇਸ਼ ਦੀ ਏਕਤਾ ਅਤੇ ਅਖੰਡਤਾ ਦੇ ਪਾਠ ਪੜ੍ਹਾਏ ਗਏ। ਰੇਡੀਓ ਤੇ ਦੂਰਦਰਸ਼ਨ ਤੋਂ ਜ਼ੋਰਾਂ-ਸ਼ੋਰਾਂ ਨਾਲ ‘ਗਣਤੰਤਰ-ਦਿਵਸ’ ਦੀਆਂ ਖ਼ਬਰਾਂ ਪ੍ਰਸਾਰਣ ਕੀਤੀਆਂ ਗਈਆਂ, ਪਰ ਅੱਜ, ‘ਗਣਤੰਤਰ-ਦਿਵਸ’ ਦੇ ਜਸ਼ਨ ਮਨਾਉਣ ਦੀ ਨਹੀਂ ਬਲਕਿ ਪਿਛਾਂਹ ਵੱਲ ਝਾਤੀ ਮਾਰਨ ਦੀ ਲੋੜ ਹੈ। ਜਿਹੜਾ ‘ਸੰਵਿਧਾਨ’ ਭਾਰਤ-ਵਾਸੀਆਂ ਨੇ 74 ਸਾਲ ਪਹਿਲਾਂ 26 ਜਨਵਰੀ 1950 ਨੂੰ ਲਾਗੂ ਕੀਤਾ ਸੀ, ਉਸ ਦੀ ਦੇਸ਼ ਦੀਆਂ ਸਰਕਾਰਾਂ ਨੇ ਕਿੰਨੀ ਕੁ ਕੀਮਤ ਪਾਈ ਹੈ ? ਸਾਡੇ ਰਾਜ-ਨੇਤਾ ਉਸ ਸੰਵਿਧਾਨ ਦੀਆਂ ਕਦਰਾਂ-ਕੀਮਤਾਂ ਲਈ ਕਿੰਨੇ ਕੁ ਬਚਨਬੱਧ ਹਨ ? ਸਮਝ ਨਹੀਂ ਆ ਰਹੀ ਕਿ ਜਿਸ ਦੇਸ਼ ਦੇ ਸ਼ਾਸਕ ਹੀ ਜਨਤਾ ਦੀ ਇਸ ਕਦਰ ਮਿੱਟੀ ਪਲੀਤ ਕਰ ਰਹੇ ਹੋਣ, ਉਨ੍ਹਾਂ ਵੱਲੋਂ ‘ਗਣਤੰਤਰ-ਦਿਵਸ’ ਜਸ਼ਨ ਮਨਾਉਣ ਦੇ ਕੀ ਮਾਅਨੇ ?

ਜਿਸ ਦੇਸ਼ ਦਾ ਅੰਨਦਾਤਾ ਘਰੋਂ ਬੇਘਰ ਹੋ ਕੇ, ਪੂਰੇ ਦੋ ਮਹੀਨਿਆਂ ਤੋਂ ਦਿੱਲੀ ਦੀਆਂ ਬਰੂਹਾਂ ’ਤੇ ਰੁਲ਼ ਰਿਹਾ ਹੋਵੇ। ਲੱਖਾਂ ਕਿਸਾਨ ਸੜਕਾਂ, ਫੁੱਟਪਾਥਾਂ ਅਤੇ ਨੀਲੇ ਅਸਮਾਨ ਹੇਠ ਪੋਹ-ਮਾਘ ਦੀਆਂ ਠੰਢੀਆਂ-ਸਰਦ ਰਾਤਾਂ ਬਤੀਤ ਕਰਨ ਲਈ ਮਜਬੂਰ ਹੋਣ, 150 ਤੋਂ ਵੱਧ ਕਿਸਾਨ ਆਪਣੀਆਂ ਜਾਨਾਂ ਗੁਆ ਚੁੱਕੇ ਹੋਣ ਤਾਂ ਕੀ ਉਸ ਦੇਸ਼ ਦੇ ਕਿਸਾਨ ਦੇ ਮੁਰਝਾਏ ਹੋਏ ਚਿਹਰੇ ’ਤੇ ‘ਆਜਾਦੀ’ ਦੇ ਸੂਰਜ ਦੀ ਇੱਕ ਵੀ ਕਿਰਨ ਦਿਖਾਈ ਦੇ ਸਕਦੀ ਹੈ ? ਪੂਰੇ ਦੇਸ਼ ਦਾ ਢਿੱਡ ਭਰਨ ਵਾਲੇ ‘ਧਰਤੀ-ਪੁੱਤਰ’ ਨੂੰ ਅੱਜ, ਨਿਰਾਸ਼ਤਾ, ਗ਼ਰੀਬੀ, ਬਿਮਾਰੀ, ਬੇਕਾਰੀ ਅਤੇ ਲਾਚਾਰੀ ਦੇ ਆਲਮ ਨੇ ਬੁਰੀ ਤਰ੍ਹਾਂ ਦਬੋਚਿਆ ਹੋਇਆ ਹੈ। ਹੁਣ ਸਵਾਲ ਇਹ ਹੈ ਕਿ ਹਰ ਰੋਜ਼ ਵਾਪਰ ਰਹੀਆਂ ਐਸੀਆਂ ਦਰਦਨਾਕ ਘਟਨਾਵਾਂ ਸਾਮ੍ਹਣੇ, ਆਜ਼ਾਦੀ ਦੇ ਜਸ਼ਨਾਂ ਦੀਆਂ ਰੰਗੀਨੀਆਂ ਦੇ ਕੀ ਅਰਥ ਰਹਿ ਜਾਂਦੇ ਹਨ ? ਦੇਸ਼ ਦੇ ਹੁਕਮਰਾਨ ਆਪਣੀਆਂ ਕੀਤੀਆਂ-ਅਕੀਤੀਆਂ ਅਤੇ ਨੀਤੀਆਂ-ਬਦਨੀਤੀਆਂ ਉੱਤੇ ਕੋਈ ਸ਼ਰਮਿੰਦਗੀ ਮਹਿਸੂਸ ਨਹੀਂ ਕਰ ਰਹੇ। ਮੋਦੀ ਜੀ! ਹੁਣ ‘ਰਾਜ-ਧਰਮ’ ਨਿਭਾਉਣ ਦਾ ਵੇਲ਼ਾ ਹੈ।  ਤੁਹਾਡੀ ‘ਪਰਜਾ’ (ਕਿਸਾਨਾਂ) ਦੇ ਦਿਲ ਵਲੂੰਧਰੇ ਗਏ ਹਨ। ਤੁਸੀਂ ਦੇਸ਼ ਦੇ ਮਾਣਯੋਗ ਪ੍ਰਧਾਨ-ਮੰਤਰੀ ਦੇ ਅਹੱੁਦੇ ’ਤੇ ਬਿਰਾਜਮਾਨ ਹੋ। ਸਿਆਣਪ ਉਹ ਹੁੰਦੀ ਹੈ, ਜੋ ਵੇਲ਼ੇ ਸਿਰ ਕੰਮ ਆਵੇ। ਪੁਰਜ਼ੋਰ ਅਪੀਲ ਹੈ ਕਿ ਸਮੇਂ ਦੀ ਨਜ਼ਾਕਤ ਨੂੰ ਸਮਝੋ ਅਤੇ ਕਿਸਾਨੀ ਸਮੱਸਿਆਵਾਂ ਦਾ ਹੱਲ ਤਕਨੀਕੀ ਨੁਕਤਿਆਂ ਨਾਲ ਨਹੀਂ ਸਗੋਂ ਇਸ ਦੀ ਭਾਵੁਕਤਾ ਅਤੇ ਗੰਭੀਰਤਾ ਨੂੰ ਵੇਖਦਿਆਂ ਤੁਰੰਤ ਕੱਢਿਆ ਜਾਣਾ ਚਾਹੀਦਾ ਹੈ। ਬਿਨਾਂ ਦੇਰੀ ਕੀਤਿਆਂ ‘ਕਾਲੇ-ਕਾਨੂੰਨ’ ਵਾਪਸ ਲਏ ਜਾਣ ਅਤੇ ਫ਼ਸਲਾਂ ਦਾ ਉਚਿਤ ਭਾਅ ਯਕੀਨਨ ਬਣਾਇਆ ਜਾਵੇ। ਕਿਸਾਨੀ-ਅੰਦੋਲਨ ਖ਼ਤਮ ਕਰਨ ਵਿੱਚ ਤੁਹਾਡੇ ਵੱਲੋਂ ਪਹਿਲ-ਕਦਮੀ ਕੀਤੀ ਜਾਣੀ ਚਾਹੀਦੀ ਹੈ ਵਰਨਾ ਕਰੋੜਾਂ ਕਿਸਾਨਾਂ ਦੇ ਦਰਦ ਭਿੱਜੇ ਹੰਝੂਆਂ, ਅਣਆਈਆਂ ਮੌਤਾਂ, ਖ਼ੁਦਕੁਸ਼ੀਆਂ, ਭੁੱਖ-ਮਰੀਆਂ ਅਤੇ ਅਨੰਤ ਤੰਗੀਆਂ-ਤੁਰਸ਼ੀਆਂ ਵੱਲੋਂ ਪਾਸਾ-ਵੱਟ ਕੇ 26 ਜਨਵਰੀ ਵਰਗੇ ਜਸ਼ਨ; ਵਿਖਾਵਾ ਮਾਤਰ ਅਖਵਾਉਣਗੇ।

Sri Raag Mehla 1 Achhal Chhalaaee Nah Chhalai (Shabad no 33)

0

Sri Raag Mehla 1 Keetaa Kahaa Kare Man Maan (Shabad no 32)

0

Sri Raag Mehla1 Toon Dareeaau Daana Beena (Shabad no 31)

0

Sri Raag Mehla1 Ekyaa Surat Jete Hai Jeea (Shabad no 30)

0

Sri Raag Mehla1 Ek Suaan Dui Suaanee Naal (Shabad no 29)

0

Sri Raag Mehla1 Soee Maulaa Jin Jag Mauliaa (Shabad no 28)

0

Most Viewed Posts