ਤਿੜਕ ਰਿਹਾ ਹੈ ਇਸ ਦੇਸ਼ ਦਾ ਢਾਚਾ..!

0
244

ਤਿੜਕ ਰਿਹਾ ਹੈ ਇਸ ਦੇਸ਼ ਦਾ ਢਾਚਾ..!

                    ਡਾ. ਪਰਗਟ ਸਿੰਘ ਬੱਗਾ (ਟੋਰਾਂਟੋ) ਕੈਨੇਡਾ। ਫੋਨ: (905) 531-8901

200 ਸਾਲਾਂ ਦੀ ਗੁਲਾਮੀ ਅਤੇ ਗੁਲਾਮੀ ਤੋਂ ਬਾਅਦ ਆਜ਼ਾਦੀ, ਆਪਣੇ-ਆਪ ਵਿੱਚ ਭਾਰਤ ਦੀ ਬਹੁਤ ਵੱਡੀ ਪ੍ਰਾਪਤੀ ਹੈ। ਅੰਗ੍ਰੇਜ਼ ਸਾਮਰਾਜ ਦੀ ਗੁਲਾਮੀ ਤੋਂ ਛੁਟਕਾਰਾ ਪਾਉਣ ਲਈ ਇੱਕ ਸਾਂਝਾ ਸੰਘਰਸ਼ ਵਿੱਢਿਆ ਗਿਆ, ਜਿਸ ਵਿੱਚ ਹਿੰਦੂ, ਸਿੱਖ ਅਤੇ ਮੁਸਲਿਮ; ਸਭ ਨੇ ਇਕ-ਜੁੱਟ ਹੋ ਕੇ ਸਿਦਕ-ਦਿਲੀ ਨਾਲ ਵਿਸ਼ੇਸ਼ ਯੋਗਦਾਨ ਪਾਇਆ। ਸਭਨਾ ਦਾ ਨਿਸ਼ਾਨਾ ਇਕ ਸੀ ਸਿਰਫ਼ ‘ਆਜ਼ਾਦੀ’। ਅੰਗ੍ਰੇਜ਼ਾਂ ਦੇ ਜ਼ਬਰ ਤੇ ਜ਼ੁਲਮ ਦੀਆਂ ਹੌਲਨਾਕ ਘਟਨਾਵਾਂ ਨੇ ਦੇਸ਼ ਦੀ ਰੂਹ ਨੂੰ ਝੰਜੋੜ ਕੇ ਰੱਖ ਦਿੱਤਾ। ਪੰਜਾਬ ਦੀ ਜਵਾਨੀ ਨੇ ਉਛਾਲਾ ਖਾਧਾ ਅਤੇ ਇਸ ਉਛਾਲੇ ’ਚੋਂ ਸ. ਭਗਤ ਸਿੰਘ, ਸ. ਊਧਮ ਸਿੰਘ ਅਤੇ ਸ. ਕਰਤਾਰ ਸਿੰਘ ਸਰਾਭਾ ਵਰਗੇ ਸੂਰਮੇ ਅੱਗ ਦਾ ਭਾਬੜ ਬਣ ਕੇ ਉੱਠੇ, ਜਿਨ੍ਹਾਂ ਦੇਸ਼ ਦੀ ਆਜ਼ਾਦੀ ਦੇ ਹਵਨ-ਕੁੰਡ ਵਿੱਚ ਆਪਣੇ ਪ੍ਰਾਣਾ ਦੀ ਆਹੂਤੀ ਦਿੱਤੀ। ਨਤੀਜਨ ਦੇਸ਼ ਭਗਤਾਂ ਦੀ ਅਜ਼ਮਤ, ਕ੍ਰਿਆਸ਼ੀਲਤਾ, ਬਹਾਦਰੀ ਅਤੇ ਕੁਰਬਾਨੀਆਂ ਸਦਕਾ 15 ਅਗਸਤ 1947 ਨੂੰ ਭਾਰਤ ਆਜ਼ਾਦ ਹੋ ਗਿਆ। ਇਹ ਇੱਕ ਹਕੀਕਤ ਹੈ ਕਿ ਜੇਕਰ ਸ਼ਹੀਦ-ਏ-ਆਜ਼ਮ ਸ. ਭਗਤ ਸਿੰਘ ਵਰਗੇ ਸਿੱਖ ਜੁਝਾਰੂ ਨੌਜਵਾਨ ਅੰਗ੍ਰੇਜ਼ ਸਾਮਰਾਜ ਦੀਆਂ ਜੜ੍ਹਾਂ ਨੂੰ ਹਲੂਣਾ ਨਾ ਦਿੰਦੇ ਤਾਂ ਸ਼ਾਇਦ ਅਜੇ ਹੋਰ ਲੰਮਾਂ ਸਮਾਂ ਭਾਰਤ ਨੂੰ ਆਜ਼ਾਦੀ ਦਾ ਮੂੰਹ ਵੇਖਣਾ ਨਸੀਬ ਨਾ ਹੁੰਦਾ।

ਅੱਜ ਅਸੀਂ ਆਜ਼ਾਦ ਹਾਂ। ਸਾਡਾ ਭਾਰਤ ਦੇਸ਼ ਆਜ਼ਾਦ ਹੈ। ਸਾਡੀ ਆਪਣੀ ਸਰਕਾਰ ਹੈ ਅਤੇ ਸਰਕਾਰਾਂ ਨੂੰ ਚਲਾਉਣ ਲਈ ਸਾਡੇ ਆਪਣੇ ਮੰਤਰੀ ਹਨ। ਇਸ ਪ੍ਰਭੂਸੱਤਾ ਸੰਪੰਨ ਰਾਸ਼ਟਰ ਦਾ ਆਪਣਾ ਵਿਸ਼ਾਲ ਸੰਵਿਧਾਨ ਹੈ, ਜਿਸ ਦੀ ਪ੍ਰਸਤਾਵਨਾ ਵਿੱਚ ‘ਲੋਕਤੰਤਰੀ ਸੰਵਿਧਾਨ’ ਦੇ ਸਾਰੇ ਗੁਣ ਮੌਜੂਦ ਹਨ। ਦੇਸ਼ ਦੇ ਸੰਘੀ ਢਾਚੇ ਨੂੰ ਚਲਾਉਣ ਲਈ ਤਾਕਤਵਰ ਕਾਰਜਪਾਲਕਾ, ਵਿਧਾਨਪਾਲਕਾ ਅਤੇ ਨਿਆਂਪਾਲਕਾ ਮੌਜੂਦ ਹਨ। ਭਾਰਤ ਨੂੰ ਵਿਸ਼ਵ ਦਾ ਸਭ ਤੋਂ ਵੱਡਾ ਲੋਕਤੰਤਰ ਦੇਸ਼ ਅਖਵਾਉਣ ਦਾ ਮਾਣ ਪ੍ਰਾਪਤ ਹੈ ਕਿਉਂਕਿ ਇਸ ਦੇਸ਼ ਦਾ ਮੁਖੀ ਕੋਈ ਪਿਤਰੀ ਰਾਜਾ-ਮਹਾਰਾਜਾ ਨਹੀਂ ਬਲਕਿ ਲੋਕਾਂ ਦੁਆਰਾ ਅਪ੍ਰਤੱਖ ਤੌਰ ’ਤੇ ਚੁਣਿਆ ਗਿਆ ‘ਰਾਸ਼ਟਰਪਤੀ’ ਹੈ। ਲੋਕਾਂ ਦੁਆਰਾ ਬਣਾਇਆ ਗਿਆ ‘ਸੰਵਿਧਾਨ’; ਰਾਸ਼ਟਰਪਤੀ ਦੀਆਂ ਸ਼ਕਤੀਆਂ ਦਾ ਮੁੱਖ ਸੋਮਾ ਹੈ। ਨਿਆਂ, ਸਮਾਨਤਾ, ਸੁਤੰਤਰਤਾ, ਜਨਤਾ ਦਾ ਮਾਨ-ਸਨਮਾਨ, ਆਪਸੀ ਭਰਾਤਰੀ-ਭਾਵ ਅਥਵਾ ਰਾਸ਼ਟਰੀ ਏਕਤਾ-ਅਖੰਡਤਾ; ਭਾਰਤੀ ਸੰਵਿਧਾਨ ਦੇ ਮੁੱਖ ਉਦੇਸ਼ ਹਨ। ਇਸੇ ਕਰਕੇ ਭਾਰਤ ਨੂੰ ‘ਰੀਪਬਲੀਕਨ’ (ਗਣਤੰਤਰ) ਵਜੋਂ ਸਵੀਕਾਰਿਆ ਤੇ ਸਤਿਕਾਰਿਆ ਗਿਆ ਹੈ।

ਅੱਜ, ਦੇਸ਼ ਦੀ ਸਰਕਾਰ ਕਾਨੂੰਨ ਦੇ ਰਾਜ ਦੀਆਂ ਸਿਫ਼ਤਾਂ ਦੇ ਪੁਲ ਬੰਨ੍ਹਦੀ ਨਹੀਂ ਥੱਕਦੀ। ਸਰਕਾਰ ਨੂੰ ਲੋਕਾਂ ਦੀ, ਲੋਕਾਂ ਦੁਆਰਾ ਅਤੇ ਲੋਕਾਂ ਲਈ, ਬਣੀ ਸਰਕਾਰ ਦੇ ਰਾਗ ਅਲਾਪੇ ਜਾਂਦੇ ਹਨ। ਭਾਰਤ ਦੇ ਹੁਕਮਰਾਨ ਬਗ਼ੈਰ ਕਿਸੇ ਭੇਦ-ਭਾਵ, ਦੇਸ਼ ਦੇ ਹਰ ਨਾਗਰਿਕ ਨੂੰ ਭਾਵੇਂ ਉਹ ਕਿਸੇ ਵੀ ਪ੍ਰਾਂਤ, ਦਲ, ਰੰਗ, ਜਾਤ, ਮਜ਼ਹਬ, ਲਿੰਗ ਜਾਂ ਭਾਸ਼ਾ ਨਾਲ ਸੰਬੰਧਿਤ ਹੋਵੇ, ਘੱਟੋ-ਘੱਟ ਮੁੱਢਲੀਆਂ ਲੋੜਾਂ ਪ੍ਰਦਾਨ ਕਰਨ ਦੀ ਵਚਨਬੱਧਤਾ ਹਮੇਸ਼ਾਂ ਪ੍ਰਗਟਾਉਂਦੇ ਰਹਿੰਦੇ ਹਨ। ਲੋਕਤੰਤਰ ਦੇ ਚੌਥੇ ਥੰਮ ‘ਪ੍ਰੈਸ’ ਨੂੰ ਪੂਰਨ ਤੌਰ ’ਤੇ ਆਜ਼ਾਦ ਐਲਾਨਣ ਦੇ ਦਮਗਜੇ ਮਾਰੇ ਜਾਂਦੇ ਹਨ। ਅਨਪੜ੍ਹਤਾ, ਗਰੀਬੀ, ਬੇਰੁਜ਼ਗਾਰੀ, ਅਸਮਾਜਿਕਤਾ ਅਤੇ ਅਸੁਰੱਖਿਆ ਖ਼ਤਮ ਕਰਨ ਸੰਬੰਧੀ ਨਿੱਤ ਨਵੇਂ ਪ੍ਰੋਗਰਾਮਾਂ ਦੇ ਲਾਰੇ ਅਤੇ ਨਾਹਰੇ ਸੁਣ-ਸੁਣ ਕੇ ਜਨਤਾ ਦੇ ਕੰਨ ਪੱਕ ਗਏ ਹਨ। ਦੇਸ਼ ਅੰਦਰ ਸ਼ਾਂਤੀ ਅਤੇ ਆਤਮ-ਨਿਰਭਰਤਾ ਪੈਦਾ ਕਰਨ ਦੀਆਂ ਨਿੱਤ ਬੜਕਾਂ ਮਾਰੀਆਂ ਜਾਂਦੀਆਂ ਹਨ, ਪਰ ਅਸਲ ਵਿੱਚ ਸਚਾਈ ਇਹ ਹੈ ਕਿ ਆਜ਼ਾਦੀ ਦੇ ਸਾਢੇ-ਸੱਤ ਦਹਾਕੇ ਬੀਤ ਜਾਣ ਤੋਂ ਬਾਅਦ ਵੀ ਸਾਡੀਆਂ ਰੰਗ-ਬਰੰਗੀਆਂ ਸਰਕਾਰਾਂ ਨੇ ਜਨਤਾ ਨੂੰ ਸਿਹਤ ਅਤੇ ਵਿੱਦਿਆ ਵਰਗੀਆਂ ਮੁੱਢਲੀਆਂ ਸਹੂਲਤਾਂ ਦੇਣ ਦੀ ਜ਼ਿੰਮੇਵਾਰੀ ਨਿਭਾਉਣ ਤੋਂ ਘੇਸਲ ਵੱਟੀ ਹੋਈ ਹੈ।

ਨਿਰਸੰਦੇਹ, ਅੱਜ ਭਾਰਤ ਸੰਸਾਰ ਦਾ ਸਭ ਤੋਂ ਵੱਡਾ ‘ਲੋਕਤੰਤਰ’ ਕਹਿਲਾਉਣ ਵਾਲਾ ਦੇਸ਼ ਹੈ। ਪੂਰੇ ਵਿਸ਼ਵ ਅੰਦਰ 448 ਧਾਰਾਵਾਂ ਵਾਲਾ ਸਭ ਤੋਂ ਲੰਬਾ-ਚੌੜਾ ‘ਸੰਵਿਧਾਨ’ ਵੀ ਸ਼ਾਇਦ ਇਸੇ ਦੇਸ਼ ਦਾ ਹੈ। ਆਓ, ਇਸ ਸੰਦਰਭ ਵਿੱਚ ਭਾਰਤੀ ਲੋਕਤੰਤਰ ਦੇ ਅਜੋਕੇ ਦੁਖਾਂਤ ਦੇ ਪਿਛੋਕੜ ’ਤੇ ਝਾਤ ਮਾਰਦਿਆਂ, ਮੁਲੰਕਣ ਕਰੀਏ ਕਿ ਅਸੀਂ 15 ਅਗਸਤ 1947 ਨੂੰ ਰਾਜਨੀਤਕ ਤੌਰ ’ਤੇ ਆਜ਼ਾਦ ਤਾਂ ਹੋ ਗਏ ਸੀ, ਪਰ 74 ਸਾਲ ਪਹਿਲਾਂ ਜਿਹੜਾ ‘ਜਮਹੂਰੀਅਤ’ ਦਾ ਸਫ਼ਰ ਅਸੀਂ ਆਰੰਭ ਕੀਤਾ ਸੀ, ਉਸ ਪੰਧ ’ਤੇ ਤੁਰਦਿਆਂ, ਅੱਜ ਸਾਡੀਆਂ ਕੀ ਪ੍ਰਾਪਤੀਆਂ ਰਹੀਆਂ ਹਨ ? 26 ਜਨਵਰੀ 1950 ਨੂੰ ਜਿਹੜਾ ਸੰਵਿਧਾਨ ਸਾਡੇ ਦੇਸ਼ ਨੇ ਲਾਗੂ ਕੀਤਾ ਸੀ, ਉਹ ਆਮ ਲੋਕਾਂ ਦੀਆਂ ਆਸਾਂ ਪੂਰੀਆਂ ਕਰਨ ਵਿੱਚ, ਕਿੱਥੋਂ ਤੱਕ ਸਫਲ ਰਿਹਾ ਹੈ ? ਸਾਡੇ ਸਿਆਸਤਦਾਨਾਂ ਨੇ ਭਾਰਤੀ ਸੰਵਿਧਾਨ ਦੀ ਕਿੰਨੀ ਕੁ ਮਿੱਟੀ-ਪਲੀਤ ਕੀਤੀ ਹੈ ? ਲੋਕਾਂ ਦੀ, ਲੋਕਾਂ ਦੁਆਰਾ, ਲੋਕਾਂ ਲਈ, ਬਣੀਆਂ ਸਰਕਾਰਾਂ, ਦੇਸ਼ ਦੇ ਆਮ ਨਾਗਰਿਕਾਂ ਨੂੰ ਕਾਨੂੰਨ ਦਾ ਰਾਜ ਦੇਣ ਵਿੱਚ ਕਿੱਥੋਂ ਤੱਕ ਸਫਲ ਹੋਈਆਂ ਹਨ ? ਕਿਉਂ ਗਰੀਬ ਜਨਤਾ ਦਾ ਕਚੂੰਮਰ ਨਿਕਲ ਰਿਹਾ ਹੈ ? ਕਿਉਂ ਪੰਜਾਬ, ਬੰਗਾਲ, ਕਸ਼ਮੀਰ ਅਤੇ ਬਾਬਰੀ ਮਸਜਿਦ ਬਨਾਮ ਰਾਮ ਮੰਦਰ ਵਰਗੇ ਮਸਲੇ ਦਰਪੇਸ਼ ਹਨ ? ਲੋਕਤੰਤਰ ਮਹਿਜ਼ ਇੱਕ ਢੋਂਗ ਬਣ ਕੇ ਤਾਂ ਨਹੀਂ ਰਹਿ ਗਿਆ ? ਇਸ ਦੇਸ਼ ਦਾ ਢਾਚਾ ਤਿੜਕ ਤਾਂ ਨਹੀਂ ਰਿਹਾ.. ?

ਆਜ਼ਾਦੀ ਦਾ ਮੂੰਹ ਵੇਖਣ ਲਈ ਸ. ਊਧਮ ਸਿੰਘ ਸੁਨਾਮ ਨੇ ਜਲ੍ਹਿਆਂਵਾਲੇ ਬਾਗ਼ ਦੀ ਲਹੂ-ਭਿੱਜੀ ਮਿੱਟੀ ਦੀ ਸਹੁੰ ਖਾ ਕੇ, ਇਸ ਖ਼ੂਨੀ-ਸਾਕੇ ਦਾ ਬਦਲਾ ਚੁਕਾਉਣ ਲਈ ਜਨਰਲ ਮਾਈਕਲ ਉਡਵਾਇਰ ਨੂੰ ਲੰਡਨ ਜਾ ਕੇ, ਆਪਣੇ ਪਿਸਤੌਲ ਦੀਆਂ ਗੋਲੀਆਂ ਨਾਲ ਮਾਰ-ਮੁਕਾਇਆ ਸੀ। ਬ੍ਰਿਟਿਸ਼ ਸਾਮਰਾਜ ਤੋਂ ਦੇਸ਼ ਆਜ਼ਾਦ ਕਰਵਾ ਕੇ, ਭਾਰਤ ਵਰਸ਼ ਨੂੰ ਸੰਪਰਦਾਇਕਤਾ, ਜਾਤੀ-ਵਾਦ, ਛੁਤ-ਛਾਤ, ਰੰਗ, ਨਸਲ ਅਤੇ ਊਚ-ਨੀਚ ਦੇ ਭੇਦ-ਭਾਵ ਤੋ ਪੂਰਨ ਤੌਰ ’ਤੇ ਮੁਕਤੀ ਦਵਾ ਕੇ, ਨਿੱਜੀ ਅਤੇ ਦਲਗਤ ਸਵਾਰਥਾਂ ਤੋਂ ਉੱਪਰ ਉੱਠ ਕੇ, ਸਮਾਜਿਕ-ਬਰਾਬਰਤਾ, ਸਾਂਝੀਵਾਲਤਾ ਤੇ ਆਪਸੀ ਭਾਈਚਾਰਕ-ਸਾਂਝਾ ’ਤੇ ਆਧਾਰਿਤ ਖ਼ੁਸ਼ਹਾਲ ਅਤੇ ਸਾਵੇਂ-ਪੱਧਰੇ ਸਮਾਜ ਦੀ ਸਿਰਜਣਾ ਦਾ ਸੁਪਨਾ ਵੱਖਿਆ ਸੀ। ਐਸੇ ਕ੍ਰਾਂਤੀਕਾਰੀ ਯੋਧਿਆਂ ਦੀ ਨਿਸ਼ਠਾ ਅਤੇ ਹੌਂਸਲੇ ਨੂੰ ਕੋਟਿ ਕੋਟਿ ਪ੍ਰਣਾਮ ਹੈ, ਜਿਹੜੇ ਕਾਲ਼ਖ਼ਾਂ ਦੇ ਪਹਿਰੇ ਨੂੰ ਚਾਨਣ ’ਚ ਬਦਲਣ ਦੀਆਂ ਰਾਹਾਂ ’ਤੇ ਤੁਰੇ ਸਨ, ਪਰ ਕਿੰਨੀ ਸ਼ਰਮ ਤੇ ਫ਼ਿਕਰਮੰਦੀ ਦੀ ਗੱਲ ਹੈ ਕਿ ਅੱਜ ਸੱਤਾਧਾਰੀ ਹੁਕਮਰਾਨਾਂ ਵੱਲੋਂ ਭਾਰਤ ਦੀ ਸਾਂਝੀ ਵਿਰਾਸਤ ਨੂੰ ਮਲੀਆਮੇਟ ਕਰਨ ਲਈ ਹਰ ਹਰਬਾ ਵਰਤਿਆ ਜਾ ਰਿਹਾ ਹੈ। ਭਾਰਤ ਦੀ ਕੁੱਲ ਸੰਪਤੀ ਨਿੱਜੀ-ਕੰਪਨੀਆਂ ਅਤੇ ਪੂੰਜੀ-ਪਤੀਆਂ ਦੇ ਹੱਥਾਂ ਵਿੱਚ ਸੌਂਪੀ ਜਾ ਰਹੀ ਹੈ। ਦੇਸ਼ ਦਾ ਨਿੱਜੀਕਰਨ, ਉਦਾਰੀਕਰਨ ਅਤੇ ਵਿਸ਼ਵੀਕਰਨ ਕੀਤਾ ਜਾ ਰਿਹਾ ਹੈ। ਦੇਸ਼ ਦੀ ਸਰਕਾਰ; ਮਲਟੀ-ਨੇਸ਼ਨ ਅਤੇ ਅੰਤਰ-ਰਾਸ਼ਟਰੀ ਦਬਾਅ ਹੇਠ ਕੰਮ ਕਰ ਰਹੀ ਹੈ। ਰਾਜਸੀ ਨੇਤਾ ਆਪਣੇ-ਆਪਣੇ ਰਾਜਨੀਤਕ ਦਬਾਅ ਗਰੁੱਪਾਂ ਲਈ ਦਿਨ-ਰਾਤ ਸਮਰਪਿਤ ਹਨ।

ਭਾਰਤ ਇੱਕ ਧਰਮ-ਨਿਰਪੱਖ ਦੇਸ਼ ਹੈ। ਧਰਮ ਅਤੇ ਰਾਜਨੀਤੀ ਦੀ ਰਲ਼ਗੱਡਤਾ ਨੂੰ ਹਮੇਸ਼ਾਂ ਸਰਕਾਰਾਂ ਵੱਲੋਂ ਤ੍ਰਿਸਕਾਰਿਆ ਜਾਂਦਾ ਹੈ, ਪਰ ਇਸ ਦੇ ਬਾਵਜੂਦ ਦੇਸ਼ ਦੀਆਂ ਸਾਰੀਆਂ ਰਾਜਸੀ ਪਾਰਟੀਆਂ ਧਰਮ ਦਾ ਸਿੱਧੇ ਜਾਂ ਅਸਿੱਧੇ ਰੂਪ ਵਿੱਚ  ਸਹਾਰਾ ਲੈਂਦੀਆਂ ਹਨ। ਆਜ਼ਾਦੀ ਦੇ ਸੰਗਰਾਮ ਦੌਰਾਨ ਗ਼ਦਰੀ ਯੋਧਿਆਂ ਨੇ ਫਿਰਕਾ-ਪ੍ਰਸਤ ਮੁੱਦਿਆਂ ਨੂੰ ਕਦੇ ਵੀ ਨਾ ਵਿਚਾਰਨ ਦਾ ਪ੍ਰਣ ਲਿਆ ਸੀ। ਵਤਨੋਂ ਦੂਰ ਅਮਰੀਕਾ ਦੀ ਧਰਤੀ ’ਤੇ ‘ਗ਼ਦਰ ਪਾਰਟੀ’ ਦੀ ਸਥਾਪਨਾ ਕਰਕੇ, ਕਿਸੇ ਵੀ ਧਾਰਮਿਕ ਮੁੱਦੇ ਅਥਵਾ ਜਾਤਾਂ-ਪਾਤਾਂ ’ਤੇ ਵਾਦ-ਵਿਵਾਦ ਖੜ੍ਹਾ ਕਰਨ ਦੀ ਮਨਾਹੀ ਦੀਆਂ ਕਸਮਾਂ ਖਾਧੀਆਂ ਸਨ, ਪਰ ਅੱਜ ਉਨ੍ਹਾਂ ਹੀ ਵਰਜਿਤ ਮੁੱਦਿਆਂ ਨੂੰ ਰਾਸ਼ਟਰ ਪੱਧਰ ’ਤੇ ਲਾਗੂ ਕਰਨ ਲਈ ਮੋਦੀ ਸਰਕਾਰ ਅਤੇ ਸਮੁੱਚਾ ਸੰਘ ਪਰਿਵਾਰ; ਬੇ-ਸਬਰੀ ਨਾਲ ਪੱਬਾਂ-ਭਾਰ ਖੜ੍ਹਾ ਦਿਖਾਈ ਦੇ ਰਿਹਾ ਹੈ। ਦੇਸ਼ ਦੀਆਂ ਘੱਟ-ਗਿਣਤੀਆਂ, ਦਲਿਤ-ਸਮਾਜ; ਭੈਅ ਦੇ ਮਾਹੌਲ ਅੰਦਰ ਦਿਨ-ਕਟੀ ਕਰ ਰਹੇ ਹਨ। ਔਰਤਾਂ ਅਤੇ ਕਬਾਇਲੀ ਲੋਕਾਂ ਉੱਪਰ ਤਸ਼ੱਦਦ ਢਾਹੇ ਜਾ ਰਹੇ ਹਨ। ਅਫ਼ਸੋਸ-ਜਨਕ ਪਹਿਲੂ ਇਹ ਹੈ ਕਿ ਜਿਨ੍ਹਾਂ ਲੀਡਰਾਂ ਨੂੰ ਦੇਸ਼ ਦੀ ਜਨਤਾ ਨੇ ‘ਲੋਕ-ਹੱਕਾਂ’ ਦੀ ਰਾਖੀ ਲਈ ਜ਼ਿਮੇਵਾਰੀ ਸੌਂਪੀ ਹੋਈ ਹੈ, ਉਹੀ ਲੀਡਰ ‘ਲੋਕ-ਹੱਕਾਂ’ ਦਾ ਸਭ ਤੋਂ ਵੱਧ ਘਾਣ ਕਰ ਰਹੇ ਹਨ। ਰਿਸ਼ਵਤਖ਼ੋਰੀ ਅਤੇ ਭ੍ਰਿਸ਼ਟਾਚਾਰ, ਉਨ੍ਹਾਂ ਹੀ ਪ੍ਰਤੀਨਿਧਾਂ ਦੀ ਦੇਖ-ਰੇਖ ਹੇਠ ਪਨਪ ਰਿਹਾ ਹੈ।

ਸਮੇਂ ਦੀ ਲੋੜ ਹੈ ਕਿ ਅੱਜ, ‘ਜਮਹੂਰੀ-ਸਰਕਾਰ’ ਦੀ ਪੂਰਨ ਤੌਰ ’ਤੇ ਬਹਾਲੀ ਹੋਵੇ। ਭ੍ਰਿਸ਼ਟਾਚਾਰ ਸਾਡੇ ਦੇਸ਼ ਦੇ ਮੱਥੇ ’ਤੇ ਵੱਡਾ ਕਲੰਕ ਹੈ। ਪੂਰੀ ਸੰਜੀਦਗੀ ਨਾਲ ਸਾਧਾਰਨ ਜਨ-ਜੀਵਨ ਵਿੱਚ ਸੁਧਾਰ ਲਿਆਂਦਾ ਜਾਵੇ। ਆਰਥਿਕ-ਵਿਕਾਸ ਦੇ ਦਰਵਾਜ਼ੇ ਖੋਲ੍ਹ ਕੇ, ਦੇਸ਼ ਨੂੰ ਤਰੱਕੀ ਦੀਆਂ ਰਾਹਾਂ ’ਤੇ ਤੋਰਿਆ ਜਾਵੇ, ਪਰ ਇਸ ਦੇ ਉਲਟ ਦੇਸ਼ ਦਾ ਆਮ ਨਾਗਰਿਕ ਬੇ-ਭਰੋਸਗੀ ਅਤੇ ਭ੍ਰਿਸ਼ਟਾਚਾਰਕ-ਅਸੰਤੋਸ਼ ਦਾ ਤਲਖ਼ ਸੰਤਾਪ ਹੰਢਾ ਰਿਹਾ ਹੈ। ਹਰ ਭਾਰਤ ਵਾਸੀ ਆਪਣੇ ਭਵਿੱਖ ’ਤੇ ਲੱਗੇ ਪ੍ਰਸ਼ਨ-ਚਿੰਨ੍ਹ ਕਾਰਨ ਸਹਿਮਿਆ, ਕਸੂਤੀ ਸਥਿੱਤੀ ਵਿੱਚ ਫਸਿਆ ਦਿਖਾਈ ਦੇ ਰਿਹਾ ਹੈ। ਦੇਸ਼ ਲਾਰਿਆਂ ਤੇ ਨਾਹਰਿਆਂ ਦੇ ਸਹਾਰੇ ਚੱਲ ਰਿਹਾ ਹੈ। ਕਾਰਪੋਰੇਟ ਘਰਾਣੇ, ਨਿੱਜੀ ਕੰਪਨੀਆਂ ਅਤੇ ਸਾਡੇ ਭ੍ਰਿਸ਼ਟ-ਰਾਜਸੀ ਨੇਤਾ ਗ਼ਰੀਬਾਂ ਦੇ ਖ਼ੂਨ-ਪਸੀਨੇ ਦੀ ਕਮਾਈ ਲੁੱਟ-ਖਸੁੱਟ ਕੇ ਗੁਲਛਰੇ ਉਡਾਉਣ ਵਿੱਚ ਮਸਰੂਫ਼ ਹਨ। ਦੇਸ਼ ਦੇ ਸਰਮਾਏ ’ਤੇ ਕੁੱਝ ਕੁ ਧਨਾਢ ਘਰਾਣੇ ਕਾਬਜ਼ ਹਨ, ਜੋ ਆਪਣੀ ਪਕੜ ਮਜ਼ਬੂਤ ਕਰਨ ਦੇ ਜੁਗਾੜ ਵਿੱਚ ਜੱੁਟੇ ਹੋਏ ਹਨ। ਜਲ, ਜੰਗਲ਼, ਜ਼ਮੀਨ ਸਭ ਅੰਤਰ-ਰਾਸ਼ਟਰੀ ਲਪੇਟ ਵਿੱਚ ਹਨ। ਬਲੈਕਮਨੀ (ਕਾਲੇ-ਧੰਨ) ਦਾ ਚਲਣ ਖੁੱਲ੍ਹੇ-ਆਮ ਹੈ। ਰੰਗ, ਨਸਲ, ਧਰਮ, ਬੋਲੀ ਦੇ ਆਧਾਰ ’ਤੇ ਕਤਲੋ-ਗ਼ਾਰਤ ਨਿਰੰਤਰ ਜਾਰੀ ਹੈ। ਪ੍ਰਾਂਤਵਾਦ ਅਤੇ ਖੇਤਰਵਾਦ ਦੇ ਆਧਾਰ ’ਤੇ ਵੱਖ-ਵੱਖ ਫਿਰਕਿਆਂ ਵਿਚਕਾਰ ਨਫ਼ਰਤ ਦੇ ਬੀਜ, ਬੀਜੇ ਜਾ ਰਹੇ ਹਨ। ਸਰਕਾਰੀ ਦਹਿਸ਼ਤ, ਗ਼ੈਰ-ਯਕੀਨੀ ਭਵਿੱਖ ਅਤੇ ਆਰਥਿਕ ਪ੍ਰੇਸ਼ਾਨੀਆਂ ਦੇ ਆਲਮ ਨੇ ਆਮ ਜਨ-ਜੀਵਨ ਨਰਕ ਬਣਾਇਆ ਹੋਇਆ ਹੈ। ਆਰਥਿਕ, ਸਮਾਜਿਕ ਅਤੇ ਸਭਿਆਚਾਰਿਕ ਬਰਾਬਰੀ ਤੋਂ ਬਿਨਾਂ ਆਮ ਆਦਮੀ ਲਈ ਰਾਜਨੀਤਿਕ ਬਰਾਬਰੀ ਦਾ ਕੋਈ ਖ਼ਾਸ ਮਹੱਤਵ ਹੀ ਨਹੀਂ ਹੁੰਦਾ।

ਜਦੋਂ ਤੱਕ ਭਾਰਤ ਭ੍ਰਿਸ਼ਟਾਚਾਰ ਤੋਂ ਮੁਕਤ ਨਹੀਂ ਹੁੰਦਾ, ਉਦੋਂ ਤੱਕ ਦੇਸ਼ ਵਾਸੀਆਂ ਨੂੰ ਗ਼ਰੀਬੀ ਤੋਂ ਨਜਾਤ ਨਹੀਂ ਮਿਲ ਸਕਦੀ। ਸੰਸਾਰ ਦੀ ਵੱਡੀ ਤਾਕਤ ਬਣਨਾ ਤਾਂ ਦੂਰ ਦੀ ਗੱਲ ਹੈ, ਭਾਰਤ ਤਾਂ ਅਜੇ ਸਹੀ ਅਰਥਾਂ ਵਿੱਚ ‘ਲੋਕਰਾਜ ਵੀ ਨਹੀਂ ਬਣ ਸਕਿਆ। ਭਾਰਤ ਅੰਦਰ ਚਾਰ-ਮਾਰਗੀ ਵਿਸ਼ਾਲ ਸੜਕਾਂ ਹਨ। ਅਸਮਾਨੀ ਛੂੰਹਦੀਆਂ ਇਮਾਰਤਾਂ ਹਨ। ਆਲੀਸ਼ਾਨ ਹੋਟਲ ਹਨ। ਮਹਿੰਗੀਆਂ ਸ਼ਰਾਬਾਂ ਹਨ। ਕੀਮਤੀ ਕਾਰਾਂ ਹਨ। ਵਿਦੇਸ਼ੀ ਕੰਪਨੀਆਂ ਦੇ ਬਣਾਏ ਮਾਰੂ-ਹਥਿਆਰ ਅਤੇ ਜੰਗੀ-ਜਹਾਜ਼ ਹਨ। ਬਾਬਰੀ ਮਸਜਿਦ ਬਨਾਮ ਰਾਮ ਮੰਦਰ ਦੀ ਉਸਾਰੀ ਦਾ ‘ਸ਼੍ਰੀ-ਗਣੇਸ਼’ ਕੀਤਾ ਜਾ ਚੁੱਕਾ ਹੈ। ਦੇਸ਼ ਦੇ ਰਾਸ਼ਟਰਪਤੀ ਨੇ ਲੱਖਾਂ ਰੁਪਏ ਦਾਨ ਵਜੋਂ ਦਿੱਤੇ ਹਨ। ਮੋਦੀ ਸਰਕਾਰ ਵੱਲੋਂ ਅੰਬਾਨੀਆਂ-ਅਡਾਨੀਆਂ ਦੇ ਲੱਖਾਂ-ਕਰੋੜਾਂ ਦੇ ਕਰਜ਼ੇ ਮਾਫ਼ ਕੀਤੇ ਜਾ ਚੁੱਕੇ ਹਨ, ਪ੍ਰੰਤੂ ਵਿਚਾਰੇ ‘ਕਿਰਤੀ-ਕਿਸਾਨ’ ਦਾ ਚੁੱਲ੍ਹਾ ‘ਠੰਢਾ’ ਹੈ। ਸਾਰੇ ਦੇਸ਼ ਦਾ ਢਿੱਡ ਭਰਨ ਵਾਲਾ ‘ਅੰਨ-ਦਾਤਾ’; ਕਰਜ਼ੇ ਦੀ ਮਾਰ ਹੇਠ ਖ਼ੁਦਕੁਸ਼ੀਆਂ ਕਰਨ ਲਈ ਮਜਬੂਰ ਹੈ।

ਸਾਨੂੰ ਯਕੀਨ ਨਹੀਂ ਹੋ ਰਿਹਾ ਕਿ ਅਸੀਂ ਸੱਚ-ਮੁੱਚ ਇੱਕ ਆਜ਼ਾਦ ਦੇਸ਼ ਦੇ ਵਸਨੀਕ ਹਾਂ। ਭਾਰਤ ਦਾ ਆਮ ਨਾਗਰਿਕ ਹਰ ਪਲ ਘੁਟਣ ਅਤੇ ਬੇਜ਼ਾਰੀ (ਪੀੜਾ) ਮਹਿਸੂਸ ਕਰ ਰਿਹਾ ਹੈ। ਜ਼ਿਹਨ ਵਿੱਚ ਵਾਰ-ਵਾਰ ਵਿਚਾਰ ਉਤਪੰਨ ਹੋ ਰਹੇ ਹਨ ਕਿ ਅੰਗ੍ਰੇਜ਼ਾਂ ਦੀ 100 ਸਾਲਾਂ ਦੀ ਜ਼ਿੱਲਤ (ਅਪਮਾਨ) ਭਰੀ ਗ਼ੁਲਾਮੀ ਨਾਲੋਂ, ਅੱਜ ਅਸੀਂ ਬਦਤਰ (ਮਾੜਾ) ਜੀਵਨ ਬਸਰ ਕਰ ਰਹੇ ਹਾਂ। ਦੇਸ਼ ਦੀ ਭੋਲੀ-ਭਾਲੀ ਜਨਤਾ ਨੂੰ ਭਾਰਤੀ ਸੰਵਿਧਾਨ ਦੀ ਪਰਸਤਾਵਨਾ ਵਿੱਚ ਅੰਕਿਤ ‘ਲੋਕਤੰਤਰੀ-ਸੰਵਿਧਾਨ’ ਦੇ ਸਾਰੇ ਗੁਣਾਂ ਤੋਂ ਵਾਂਝਾ ਰੱਖਿਆ ਗਿਆ ਹੈ। ਸਰਕਾਰ ਅਜੇ ਤੱਕ ਭਾਰਤੀ-ਸੰਵਿਧਾਨ ਦੇ ਉਦੇਸ਼ਾਂ ਨੂੰ ਅਮਲੀ ਰੂਪ ਦੇਣ ਵਿੱਚ ਅਸਮਰੱਥ ਰਹੀ ਹੈ। ਲੋਕ; ਭਾਰਤੀ-ਲੋਕਤੰਤਰ ਅਤੇ ਸੁਤੰਤਰਤਾ ਦੇ ਨਿੱਘ ਤੋਂ ਅਭਿੱਜ ਹੈ। ਦੇਸ਼ ਦਾ ਨਾਗਰਿਕ ਬੁਨਿਆਦੀ ਅਧਿਕਾਰਾਂ ਤੋਂ ਸੱਖਣਾ ਹੈ, ਪਰ ਹਾਕਮਾਂ ਤੇ ਪ੍ਰਸ਼ਾਸਕਾਂ ਵੱਲੋਂ ਖੁੱਲ੍ਹੇ-ਆਮ ‘ਲੋਕਤੰਤਰ’ ਅਤੇ ‘ਜਨਤਾ’ ਦਾ ਕਤਲੇਆਮ ਕੀਤਾ ਜਾ ਰਿਹਾ ਹੈ।

ਹਰ ਸਾਲ 26 ਜਨਵਰੀ ਧੂਮ-ਧਾਮ ਨਾਲ਼ ਮਨਾਇਆ ਜਾਂਦਾ ਹੈ। ਇਸ ਵਾਰ ਆਜ਼ਾਦ-ਭਾਰਤ ਦੀ 74ਵੀਂ ਵਰ੍ਹੇ-ਗੰਢ ਪੂਰੇ ਦੇਸ਼ ਅੰਦਰ ‘ਗਣਤੰਤਰ-ਦਿਵਸ’ ਦੇ ਰੂਪ ਵਿੱਚ ਜੋਸ਼-ਓ-ਖ਼ਰੋਸ਼ ਨਾਲ ਮਨਾਈ ਗਈ। ਕਰੋੜਾਂ ਰੁਪਏ ‘ਗਣਤੰਤਰ-ਦਿਵਸ’ ਦੇ ਜਸ਼ਨਾਂ ’ਤੇ ਪਾਣੀ ਵਾਂਗ ਵਹਾਏ ਗਏ। ਦਿੱਲੀ ਵਿੱਚ ਰਵਾਇਤੀ ਪਰੇਡ ਹੋਈ। ਕੌਮੀ-ਤਿਰੰਗਾ ਲਹਿਰਾਇਆ ਗਿਆ। ਦੇਸ਼ ਦੇ ਰਾਸ਼ਟਰਪਤੀ ਨੇ ਸਲਾਮੀ ਲਈ। ਲੀਡਰਾਂ ਵੱਲੋਂ ਦੇਸ਼ ਵਾਸੀਆਂ ਨੂੰ ਦੇਸ਼ ਦੀ ਏਕਤਾ ਅਤੇ ਅਖੰਡਤਾ ਦੇ ਪਾਠ ਪੜ੍ਹਾਏ ਗਏ। ਰੇਡੀਓ ਤੇ ਦੂਰਦਰਸ਼ਨ ਤੋਂ ਜ਼ੋਰਾਂ-ਸ਼ੋਰਾਂ ਨਾਲ ‘ਗਣਤੰਤਰ-ਦਿਵਸ’ ਦੀਆਂ ਖ਼ਬਰਾਂ ਪ੍ਰਸਾਰਣ ਕੀਤੀਆਂ ਗਈਆਂ, ਪਰ ਅੱਜ, ‘ਗਣਤੰਤਰ-ਦਿਵਸ’ ਦੇ ਜਸ਼ਨ ਮਨਾਉਣ ਦੀ ਨਹੀਂ ਬਲਕਿ ਪਿਛਾਂਹ ਵੱਲ ਝਾਤੀ ਮਾਰਨ ਦੀ ਲੋੜ ਹੈ। ਜਿਹੜਾ ‘ਸੰਵਿਧਾਨ’ ਭਾਰਤ-ਵਾਸੀਆਂ ਨੇ 74 ਸਾਲ ਪਹਿਲਾਂ 26 ਜਨਵਰੀ 1950 ਨੂੰ ਲਾਗੂ ਕੀਤਾ ਸੀ, ਉਸ ਦੀ ਦੇਸ਼ ਦੀਆਂ ਸਰਕਾਰਾਂ ਨੇ ਕਿੰਨੀ ਕੁ ਕੀਮਤ ਪਾਈ ਹੈ ? ਸਾਡੇ ਰਾਜ-ਨੇਤਾ ਉਸ ਸੰਵਿਧਾਨ ਦੀਆਂ ਕਦਰਾਂ-ਕੀਮਤਾਂ ਲਈ ਕਿੰਨੇ ਕੁ ਬਚਨਬੱਧ ਹਨ ? ਸਮਝ ਨਹੀਂ ਆ ਰਹੀ ਕਿ ਜਿਸ ਦੇਸ਼ ਦੇ ਸ਼ਾਸਕ ਹੀ ਜਨਤਾ ਦੀ ਇਸ ਕਦਰ ਮਿੱਟੀ ਪਲੀਤ ਕਰ ਰਹੇ ਹੋਣ, ਉਨ੍ਹਾਂ ਵੱਲੋਂ ‘ਗਣਤੰਤਰ-ਦਿਵਸ’ ਜਸ਼ਨ ਮਨਾਉਣ ਦੇ ਕੀ ਮਾਅਨੇ ?

ਜਿਸ ਦੇਸ਼ ਦਾ ਅੰਨਦਾਤਾ ਘਰੋਂ ਬੇਘਰ ਹੋ ਕੇ, ਪੂਰੇ ਦੋ ਮਹੀਨਿਆਂ ਤੋਂ ਦਿੱਲੀ ਦੀਆਂ ਬਰੂਹਾਂ ’ਤੇ ਰੁਲ਼ ਰਿਹਾ ਹੋਵੇ। ਲੱਖਾਂ ਕਿਸਾਨ ਸੜਕਾਂ, ਫੁੱਟਪਾਥਾਂ ਅਤੇ ਨੀਲੇ ਅਸਮਾਨ ਹੇਠ ਪੋਹ-ਮਾਘ ਦੀਆਂ ਠੰਢੀਆਂ-ਸਰਦ ਰਾਤਾਂ ਬਤੀਤ ਕਰਨ ਲਈ ਮਜਬੂਰ ਹੋਣ, 150 ਤੋਂ ਵੱਧ ਕਿਸਾਨ ਆਪਣੀਆਂ ਜਾਨਾਂ ਗੁਆ ਚੁੱਕੇ ਹੋਣ ਤਾਂ ਕੀ ਉਸ ਦੇਸ਼ ਦੇ ਕਿਸਾਨ ਦੇ ਮੁਰਝਾਏ ਹੋਏ ਚਿਹਰੇ ’ਤੇ ‘ਆਜਾਦੀ’ ਦੇ ਸੂਰਜ ਦੀ ਇੱਕ ਵੀ ਕਿਰਨ ਦਿਖਾਈ ਦੇ ਸਕਦੀ ਹੈ ? ਪੂਰੇ ਦੇਸ਼ ਦਾ ਢਿੱਡ ਭਰਨ ਵਾਲੇ ‘ਧਰਤੀ-ਪੁੱਤਰ’ ਨੂੰ ਅੱਜ, ਨਿਰਾਸ਼ਤਾ, ਗ਼ਰੀਬੀ, ਬਿਮਾਰੀ, ਬੇਕਾਰੀ ਅਤੇ ਲਾਚਾਰੀ ਦੇ ਆਲਮ ਨੇ ਬੁਰੀ ਤਰ੍ਹਾਂ ਦਬੋਚਿਆ ਹੋਇਆ ਹੈ। ਹੁਣ ਸਵਾਲ ਇਹ ਹੈ ਕਿ ਹਰ ਰੋਜ਼ ਵਾਪਰ ਰਹੀਆਂ ਐਸੀਆਂ ਦਰਦਨਾਕ ਘਟਨਾਵਾਂ ਸਾਮ੍ਹਣੇ, ਆਜ਼ਾਦੀ ਦੇ ਜਸ਼ਨਾਂ ਦੀਆਂ ਰੰਗੀਨੀਆਂ ਦੇ ਕੀ ਅਰਥ ਰਹਿ ਜਾਂਦੇ ਹਨ ? ਦੇਸ਼ ਦੇ ਹੁਕਮਰਾਨ ਆਪਣੀਆਂ ਕੀਤੀਆਂ-ਅਕੀਤੀਆਂ ਅਤੇ ਨੀਤੀਆਂ-ਬਦਨੀਤੀਆਂ ਉੱਤੇ ਕੋਈ ਸ਼ਰਮਿੰਦਗੀ ਮਹਿਸੂਸ ਨਹੀਂ ਕਰ ਰਹੇ। ਮੋਦੀ ਜੀ! ਹੁਣ ‘ਰਾਜ-ਧਰਮ’ ਨਿਭਾਉਣ ਦਾ ਵੇਲ਼ਾ ਹੈ।  ਤੁਹਾਡੀ ‘ਪਰਜਾ’ (ਕਿਸਾਨਾਂ) ਦੇ ਦਿਲ ਵਲੂੰਧਰੇ ਗਏ ਹਨ। ਤੁਸੀਂ ਦੇਸ਼ ਦੇ ਮਾਣਯੋਗ ਪ੍ਰਧਾਨ-ਮੰਤਰੀ ਦੇ ਅਹੱੁਦੇ ’ਤੇ ਬਿਰਾਜਮਾਨ ਹੋ। ਸਿਆਣਪ ਉਹ ਹੁੰਦੀ ਹੈ, ਜੋ ਵੇਲ਼ੇ ਸਿਰ ਕੰਮ ਆਵੇ। ਪੁਰਜ਼ੋਰ ਅਪੀਲ ਹੈ ਕਿ ਸਮੇਂ ਦੀ ਨਜ਼ਾਕਤ ਨੂੰ ਸਮਝੋ ਅਤੇ ਕਿਸਾਨੀ ਸਮੱਸਿਆਵਾਂ ਦਾ ਹੱਲ ਤਕਨੀਕੀ ਨੁਕਤਿਆਂ ਨਾਲ ਨਹੀਂ ਸਗੋਂ ਇਸ ਦੀ ਭਾਵੁਕਤਾ ਅਤੇ ਗੰਭੀਰਤਾ ਨੂੰ ਵੇਖਦਿਆਂ ਤੁਰੰਤ ਕੱਢਿਆ ਜਾਣਾ ਚਾਹੀਦਾ ਹੈ। ਬਿਨਾਂ ਦੇਰੀ ਕੀਤਿਆਂ ‘ਕਾਲੇ-ਕਾਨੂੰਨ’ ਵਾਪਸ ਲਏ ਜਾਣ ਅਤੇ ਫ਼ਸਲਾਂ ਦਾ ਉਚਿਤ ਭਾਅ ਯਕੀਨਨ ਬਣਾਇਆ ਜਾਵੇ। ਕਿਸਾਨੀ-ਅੰਦੋਲਨ ਖ਼ਤਮ ਕਰਨ ਵਿੱਚ ਤੁਹਾਡੇ ਵੱਲੋਂ ਪਹਿਲ-ਕਦਮੀ ਕੀਤੀ ਜਾਣੀ ਚਾਹੀਦੀ ਹੈ ਵਰਨਾ ਕਰੋੜਾਂ ਕਿਸਾਨਾਂ ਦੇ ਦਰਦ ਭਿੱਜੇ ਹੰਝੂਆਂ, ਅਣਆਈਆਂ ਮੌਤਾਂ, ਖ਼ੁਦਕੁਸ਼ੀਆਂ, ਭੁੱਖ-ਮਰੀਆਂ ਅਤੇ ਅਨੰਤ ਤੰਗੀਆਂ-ਤੁਰਸ਼ੀਆਂ ਵੱਲੋਂ ਪਾਸਾ-ਵੱਟ ਕੇ 26 ਜਨਵਰੀ ਵਰਗੇ ਜਸ਼ਨ; ਵਿਖਾਵਾ ਮਾਤਰ ਅਖਵਾਉਣਗੇ।