ਸਰਬ ਸਾਂਝੇ ਫ਼ੈਸਲੇ ਲੈਣਾ ਹੀ ਸਿੱਖੀ ਵਿਰਸਾ, ਨਾ ਕਿ ਵਿਅਕਤੀਗਤ ਸੋਚ ’ਤੇ ਪਹਿਰਾ ਦੇਣਾ।

0
615

ਸਰਬ ਸਾਂਝੇ ਫ਼ੈਸਲੇ ਲੈਣਾ ਹੀ ਸਿੱਖੀ ਵਿਰਸਾ, ਨਾ ਕਿ ਵਿਅਕਤੀਗਤ ਸੋਚ ’ਤੇ ਪਹਿਰਾ ਦੇਣਾ।

ਕਿਰਪਾਲ ਸਿੰਘ ਬਠਿੰਡਾ 88378-13661

ਤਕਰੀਬਨ ਪਿਛਲੇ ਚਾਰ ਦਹਾਕਿਆਂ ਤੋਂ ਸਾਡੇ ਸਿੱਖ ਨੌਜਵਾਨ ਗੁਰੂ ਦੀ ਸੋਚ ਅਤੇ ਸਿੱਖਿਆ ਨੂੰ ਤਾਂ ਵਿਸਾਰੀ ਬੈਠੇ ਹਨ, ਪਰ ਜਜ਼ਬਾਤਾਂ ਦੇ ਵਹਿਣ ਵਿੱਚ ਆਪਣੇ ਵੱਲੋਂ ਮਿੱਥੇ ਗਏ ਹੀਰੋ ਦੀ ਸੋਚ ’ਤੇ ਠੋਕ ਕੇ ਪਹਿਰਾ ਦੇਣ ਦੇ ਨਾਹਰੇ ਬੜੇ ਜ਼ੋਰ-ਸ਼ੋਰ ਨਾਲ ਲਾਉਂਦੇ ਸੁਣੇ ਜਾ ਸਕਦੇ ਹਨ। ਇਸ ਸੋਚ ਦੀ ਜਨਮ ਦਾਤਾ ਸ਼ਾਇਦ ਉਹ ਟਕਸਾਲ ਹੈ ਜੋ ਪਹਿਲਾਂ ਤਾਂ ਆਪਣਾ ਮੁੱਢ ਸ਼ਾਂਤਮਈ ਰਹਿ ਕੇ ਸ਼ਹੀਦੀ ਪ੍ਰਾਪਤ ਕਰਨ ਵਾਲੇ ਭਾਈ ਮਨੀ ਸਿੰਘ ਨਾਲ ਜੋੜਦੇ ਰਹੇ ਹਨ ਪਰ ਪਿਛਲੇ ਚਾਰ ਦਹਾਕਿਆਂ ਤੋਂ ਖੰਡਾ ਖੜਕਾਉਣ ਵਾਲੇ ਬਾਬਾ ਦੀਪ ਸਿੰਘ ਜੀ ਸ਼ਹੀਦ ਨਾਲ ਜੋੜਨ ਲੱਗ ਪਏ ਹਨ। ਅੱਜ ਹਰ ਥਾਂ ਖੰਡਾ ਖੜਕਾਉਣਾ ਜਾਇਜ਼ ਠਹਿਰਾਉਣ ਲਈ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦਾ ਉਚਾਰਿਆ ਅਤੇ ਜ਼ਫ਼ਰਨਾਮੇ ’ਚ ਦਰਜ਼ ਵਾਕ ‘‘ਚੁ ਕਾਰ ਅਜ਼ ਹਮਹ ਹੀਲਤੇ ਦਰ ਗੁਜ਼ਸ਼ਤ ਹਲਾਲ ਅਸਤੁ ਬੁਰਦਨ ਸ਼ਮਸ਼ੀਰ ਦਸਤ ੨੨’’ ਸੁਣਾਉਂਦੇ ਹਨ, ਜਿਸ ਦਾ ਭਾਵ ਹੈ ‘ਜਦੋਂ ਸੁਲ੍ਹਾ-ਸਫ਼ਾਈ ਹੋਣ ਦੇ ਸਾਰੇ ਉਪਾਅ ਖ਼ਤਮ ਹੋ ਜਾਣ ਤਾਂ ਤਲਵਾਰ; ਹੱਥ ’ਚ ਧਾਰਨ ਕਰਨੀ ਜਾਇਜ਼ ਹੈ ॥੨੨॥, ਪਰ ਇਹ ਦਲੀਲਾਂ ਦੇਣ ਸਮੇਂ ਅਸੀਂ ਭੁੱਲ ਜਾਂਦੇ ਹਾਂ ਕਿ ਬਾਬਾ ਦੀਪ ਸਿੰਘ ਜੀ ਅਤੇ ਸਿੱਖ ਮਿਸਲਾਂ ਦੇ ਸਮੇਂ; ਰਾਜੇ ਮਹਾਂ ਰਾਜਿਆਂ ਦੀ ਨਿਯੁਕਤੀ ਵੋਟਾਂ ਪਾ ਕੇ ਲੋਕਤੰਤਰਿਕ ਢੰਗ ਨਾਲ ਨਹੀਂ ਬਲਕਿ ਪਿਤਾ ਪੁਰਖੀ ਉੱਤਰਾਧਿਕਾਰੀ ਚੁਣਨ ਜਾਂ ਬਾਹੂ ਬਲ ਨਾਲ ਹੁੰਦੀ ਸੀ। ਰਾਜੇ ਦੇ ਮੂੰਹ ’ਚੋਂ ਨਿਕਲੇ ਬੋਲ ਹੀ ਸਰਕਾਰੀ ਕਾਨੂੰਨ/ਹੁਕਮ ਅਤੇ ਅੰਤਮ ਫ਼ੈਸਲਾ ਹੁੰਦੇ ਸਨ। ਉਸ ਸਮੇਂ ਨਾ ਕੋਈ ਮਨੁੱਖੀ ਅਧਿਕਾਰ ਕਮਿਸ਼ਨ, ਨਾ ਅਦਾਲਤਾਂ ’ਚ ਦਲੀਲ-ਅਪੀਲ ਅਤੇ ਨਾ ਹੀ ਯੂ. ਐੱਨ.ਓ. ਵਰਗੀ ਕੋਈ ਅੰਤਰਰਾਸ਼ਟਰੀ ਸਾਂਝੀ ਸੰਸਥਾ ਹੁੰਦੀ ਸੀ, ਜੋ ਦੇਸ਼ ਦੇ ਵਸ਼ਿੰਦਿਆਂ ’ਤੇ ਢਾਹੇ ਜਾ ਰਹੇ ਉਨ੍ਹਾਂ ਦੀ ਆਪਣੀ ਸਰਕਾਰ ਵੱਲੋਂ ਜਾਂ ਕਿਸੇ ਵਿਦੇਸ਼ੀ ਹਮਲਾਵਰਾਂ ਵੱਲੋਂ ਤਸ਼ੱਦਦ ਵਿਰੁੱਧ ਦਬਾਅ ਪਾਉਂਦੀ ਸੀ, ਇਸ ਲਈ ਉਸ ਸਮੇਂ ਜਦੋਂ ਅਹਿਮਦਸ਼ਾਹ ਅਬਦਾਲੀ ਅਤੇ ਅਫ਼ਗ਼ਾਨਿਸਤਾਨ ਤੋਂ ਆਏ ਧਾੜਵੀ ਹਿੰਦੁਸਤਾਨ ਦੀ ਇੱਜਤ-ਆਬਰੂ ਲੁੱਟਦੇ ਅਤੇ ਧਾਰਮਿਕ ਸਥਾਨਾਂ ਨੂੰ ਢਾਹੁੰਦੇ ਤਾਂ ਉਨ੍ਹਾਂ ਨਾਲ ਨਿਪਟਣ ਦਾ ਇੱਕੋ ਇੱਕ ਰਾਹ ਹੁੰਦਾ ਸੀ ‘ਹਥਿਆਰਬੰਦ ਹੋ ਕੇ ਮੁਕਾਬਲਾ ਕਰਨਾ’। ਇਨ੍ਹਾਂ ਹਾਲਾਤਾਂ ’ਚ ਬਾਬਾ ਦੀਪ ਸਿੰਘ ਜੀ ਅਤੇ ਸਿੱਖ ਮਿਸਲਾਂ ਦੇ ਜਥੇਦਾਰਾਂ ਤੇ ਯੋਧਿਆਂ ਵੱਲੋਂ ਖੰਡਾ ਖੜਕਾਉਣ ਤੋਂ ਬਿਨਾਂ ਹੋਰ ਕੋਈ ਰਾਹ ਹੀ ਨਹੀਂ ਸੀ ਹੁੰਦਾ, ਪਰ ਅੱਜ ਦੁਨੀਆਂ ਦੇ ਬਹੁਤਾਤ ਦੇਸ਼ਾਂ ’ਚ ਲੋਕਾਂ ਦੀਆਂ ਵੋਟਾਂ ਨਾਲ ਚੁਣੀਆਂ ਜਾਂਦੀਆਂ ਸਰਕਾਰਾਂ ਹਨ, ਜਿਨ੍ਹਾਂ ਨੂੰ ਸੰਵਿਧਾਨ ਅਨੁਸਾਰ ਨਿਸ਼ਚਿਤ ਸਮੇਂ ਲਈ ਕੰਮ ਕਰਨ ਦੇ ਅਧਿਕਾਰ ਪ੍ਰਾਪਤ ਹੁੰਦੇ ਹਨ। ਨਿਸ਼ਚਿਤ ਸਮੇਂ ਪਿੱਛੋਂ ਦੁਬਾਰਾ ਚੋਣ ਹੁੰਦੀ ਹੈ, ਜਿਸ ਦੌਰਾਨ ਲੋਕਾਂ ਨੂੰ ਇਹ ਹੱਕ ਮਿਲ ਜਾਂਦਾ ਹੈ ਕਿ ਉਨ੍ਹਾਂ ਨਾਲ ਕੀਤੇ ਵਾਅਦਿਆਂ ’ਤੇ ਪੂਰੀ ਨਾ ਉੱਤਰਨ ਵਾਲੀ ਪਾਰਟੀ ਦੀ ਥਾਂ ਬਹੁਗਿਣਤੀ ਵੋਟਾਂ ਨਾਲ ਕਿਸੇ ਦੂਸਰੀ ਪਾਰਟੀ ਦੀ ਸਰਕਾਰ ਚੁਣ ਸਕਣ।

ਅੱਜ ਦੀਪ ਸਿੱਧੂ ਦੀ ਸੋਚ ’ਤੇ ਠੋਕ ਕੇ ਪਹਿਰਾ ਦੇਣ ਦੇ ਨਾਹਰੇ ਲਾਉਣ ਵਾਲੇ ਨੌਜਵਾਨਾਂ ਅਤੇ ਅਤੇ ਉਨ੍ਹਾਂ ਦੇ ਸਮਰਥਕਾਂ ਲਈ ਸਵਾਲ ਬਣ ਜਾਂਦਾ ਹੈ ਕਿ ਲੋਕਤੰਤਰੀ ਪ੍ਰਣਾਲੀ ਵਿੱਚ ਸਭ ਤੋਂ ਵੱਡੇ ਵੋਟ ਹਥਿਆਰ ਦੀ, ਕੀ ਉਨ੍ਹਾਂ ਕਦੇ ਯੋਗ ਵਰਤੋਂ ਕਰਨ ਲਈ ਜ਼ਮੀਨ ਤਿਆਰ ਕੀਤੀ ਹੈ ?  ਸਿੱਖ ਬੁਧੀਜੀਵੀ ਤੇ ਮੰਨਿਆ ਜਾਂਦਾ ਇਤਿਹਾਸਕਾਰ ਅਜਮੇਰ ਸਿੰਘ ਵੀ ਇਸ ਜਮਾਤ ਨਾਲ ਰਲ਼ ਕੇ ਦੀਪ ਸਿੱਧੂ ਨੂੰ ਬਹੁਤ ਹੀ ਬੁੱਧੀਮਾਨ ਅਤੇ ਦੀਰਘ ਸੋਚ ਵਾਲਾ ਕਿਸਾਨ ਨੌਜਵਾਨ ਨੇਤਾ ਕਹਿੰਦਾ ਪਿਆ ਹੈ, ਜੋ ਕਿਸਾਨ ਮੋਰਚਾ ਸ਼ੁਰੂ ਹੋਣ ਤੋਂ ਸਾਲ ਕੁ ਪਹਿਲਾਂ ਲੋਕ ਸਭਾ ਚੋਣਾਂ ’ਚ ਗੁਰਦਾਸਪੁਰ ਤੋਂ ਭਾਜਪਾ ਉਮੀਦਵਾਰ ਸੰਨੀ ਦਿਉਲ ਦਾ ਚੋਣ ਮੈਨੇਜਰ ਰਿਹਾ ਹੈ। ਫਿਲਮਾਂ ’ਚ ਨਲਕੇ ਪੁੱਟਣ ਵਾਲੇ ਸੰਨੀ ਦਿਉਲ ਨੇ ਆਪਣੀ ਸੀਟ ਜਿੱਤਣ ਤੋਂ ਬਾਅਦ ਪੰਜਾਬੀਆਂ ਦੇ ਦੁੱਖਾਂ ਦੀ ਜੜ੍ਹ ਤਾਂ ਕੀ ਪੁੱਟਣੀ ਸੀ ਸਗੋਂ ਆਪਣੇ ਹਲਕੇ ’ਚ ਵੀ ਕਦੇ ਗੇੜਾ ਨਹੀਂ ਮਾਰਿਆ ਅਤੇ ਨਾ ਹੀ ਅਜਮੇਰ ਸਿੰਘ ਵਰਗਿਆਂ ਮੁਤਾਬਕ ਕਿਸਾਨ ਮਾਮਲਿਆਂ ਸੰਬੰਧੀ ਦੀਰਘ ਸੋਚ ਰੱਖਣ ਵਾਲੇ ਦੀਪ ਸਿੱਧੂ ਨੇ ਕਦੇ ਉਸ ਨੂੰ ਚੇਤਾ ਕਰਵਾਇਆ ਕਿ ਕਿਸਾਨਾਂ ਦੀਆਂ ਜਾਇਜ਼ ਮੰਗਾਂ ਲਈ ਕੇਂਦਰ ਸਰਕਾਰ ’ਤੇ ਦਬਾਅ ਬਣਾਇਆ ਜਾਵੇ।

ਖੇਤੀ ਕਾਨੂੰਨਾਂ ਦੇ ਨਾਂ ’ਤੇ ਤਿੰਨ ਕਿਸਾਨ ਮਾਰੂ ਆਰਡੀਨੈਂਸ ਜਾਰੀ ਹੋਣ ਤੋਂ ਲੈ ਕੇ ਲੋਕ ਸਭਾ ’ਚ ਬਿੱਲ ਪੇਸ਼ ਹੋਣ ਅਤੇ ਕਾਨੂੰਨ ਬਣਨ ਤੱਕ ਸੰਨੀ ਦਿਉਲ ਨੇ ਕਦੇ ਮੂੰਹ ਨਹੀਂ ਖੋਲ੍ਹਿਆ ਅਤੇ ਇਨ੍ਹਾਂ ਕਾਨੂੰਨਾਂ ਵਿਰੁੱਧ ਕਿਸਾਨਾਂ ਵੱਲੋਂ ਭਖਵਾਂ ਸੰਘਰਸ਼ ਚਲਾਏ ਜਾਣ ਅਤੇ ਹਰ ਵਰਗ ਵੱਲੋਂ ਇਸ ਅੰਦੋਲ ਨੂੰ ਹਿਮਾਇਤ ਮਿਲਣ ਦੇ ਬਾਵਜੂਦ ਵੀ ਸੰਨੀ ਦਿਉਲ ਨੇ ਆਪਣੀ ਜ਼ਬਾਨ ਬੰਦ ਰੱਖੀ। ਦੀਪ ਸਿੱਧੂ ਨੂੰ ਚਾਹੀਦਾ ਤਾਂ ਇਹ ਸੀ ਕਿ ਉਹ ਸੰਨ੍ਹੀ ਦਿਉਲ ਦੇ ਘਰ ਜਾ ਬੈਠਦਾ ਤੇ ਉਸ ’ਤੇ ਜ਼ੋਰ ਪਾਉਂਦਾ ਕਿ ਤੈਨੂੰ ਅਸੀਂ ਇਸ ਕਾਰਨ ਨਹੀਂ ਚੁਣਿਆ ਸੀ ਕਿ ਕੇਵਲ ਚੋਣ ਦੌਰਾਨ ਹੀ ਮੋਢੇ ’ਤੇ ਨਲਕਾ ਰੱਖ ਕੇ ਢਾਈ ਕਿੱਲੋ ਦਾ ਹੱਥ ਵਿਖਾ ਕੇ ਫਿਲਮੀ ਡਾਇਲਾਗ ਬੋਲ-ਬੋਲ ਤਾਲੀਆਂ ਵਜਾ ਕੇ ਖੁਸ਼ ਹੁੰਦੇ ਰਹੀਏ। ਹੁਣ ਨਿੱਜੀ ਤੌਰ ’ਤੇ ਮੋਦੀ ਜਾਂ ਅਮਿਤ ਸ਼ਾਹ ਨੂੰ ਮਿਲ ਕੇ ਕਾਨੂੰਨ ਰੱਦ ਕਰਵਾਉਣ ਲਈ ਜ਼ੋਰ ਪਾਉਣ ਅਤੇ ਉਨ੍ਹਾਂ ਵੱਲੋਂ ਨਾ ਮੰਨਣ ਦੀ ਸੂਰਤ ’ਚ ਪਾਰਲੀਮੈਂਟ ਵਿੱਚ ਆਪਣੀ ਆਵਾਜ਼ ਬੁਲੰਦ ਕਰਨ ਜਾਂ ਰੋਸ ਵਜੋਂ ਅਸਤੀਫ਼ਾ ਦੇ ਦੇਣ। ਸੰਨ੍ਹੀ ਦਿਉਲ ਵੱਲੋਂ ਇਹ ਸੁਝਾਅ ਮੰਨਣ ਤੋਂ ਇਨਕਾਰੀ ਹੋਣ ’ਤੇ ਦੀਪ ਸਿੱਧੂ ਨੂੰ ਚਾਹੀਦਾ ਸੀ ਕਿ ਗੁਰਦਾਸਪੁਰ ਹਲਕੇ ’ਚੋਂ ਚੋਣਾਂ ਦੌਰਾਨ ਸਮਰਥਨ ਦੇਣ ਵਾਲੇ ਨੌਜਵਾਨਾਂ ਦਾ ਜਥਾ ਲੈ ਕੇ ਮੁੰਬਈ ਵਿਖੇ ਸੰਨ੍ਹੀ ਦਿਉਲ ਦੀ ਰਿਹਾਇਸ਼ ਅੱਗੇ ਧਰਨਾ ਜਾ ਲਾਉਂਦੇ; ਜਿਵੇਂ ਪੰਜਾਬ ਦੇ ਕਿਸਾਨਾਂ ਨੇ ਪਿੰਡ ਬਾਦਲ ਵਿਖੇ ਧਰਨਾ ਲਾ ਕੇ ਹਰਸਿਮਰਤ ਕੌਰ ਬਾਦਲ ਨੂੰ ਕੇਂਦਰੀ ਮੰਤਰੀ ਪਦ ਤੋਂ ਅਸਤੀਫ਼ਾ ਦੇਣ ਅਤੇ ਅਕਾਲੀ ਦਲ ਬਾਦਲ ਨੂੰ ਭਾਜਪਾ ਨਾਲੋਂ ਢਾਈ ਦਹਾਕੇ ਪੁਰਾਣਾ ਗਠਜੋੜ ਤੋੜਨ ਲਈ ਮਜ਼ਬੂਰ ਕਰ ਦਿੱਤਾ ਸੀ। ਜੇ ਉਹ ਇਹ ਰਾਹ ਅਪਣਾਅ ਲੈਂਦਾ ਤਾਂ ਹਰ ਹਲਕੇ ’ਚ ਭਾਜਪਾ ਅਤੇ ਇਸ ਦੇ ਭਾਈਵਾਲ ਸਾਂਸਦਾਂ ਦੇ ਸਮਰਥਕਾਂ ਵੱਲੋਂ ਇਹ ਮੁਹਿੰਮ ਚਲਾਏ ਜਾਣ ਲਈ ਰਾਹ ਦਸੇਰਾ ਬਣ ਜਾਣਾ ਸੀ, ਜਿਸ ਨਾਲ ਸਰਕਾਰ ’ਤੇ ਦਬਾਅ ਵਧਣਾ ਸੀ, ਪਰ ਦੀਪ ਸਿੱਧੂ ਨੇ ਇਹ ਰਾਹ ਅਪਨਾਉਣ ਦੀ ਥਾਂ, ਜਦ ਪੰਜਾਬ ਦੇ ਕਿਸਾਨ ਰੇਲਾਂ ਦੀਆਂ ਪਟੜੀਆਂ ’ਤੇ ਧਰਨੇ ਲਾਈ ਬੈਠੇ ਸਨ ਤਾਂ ਦਿੱਲੀ ਵੱਲ ਅੱਗੇ ਜਾ ਪੰਜਾਬ ਹਰਿਆਣਾ ਦੇ ਸੰਭੂ ਬਾਰਡਰ ’ਤੇ ਮੋਰਚਾ ਜਾ ਲਾਇਆ। ਨੌਜਵਾਨਾਂ ਦਾ ਤਾਂ ਇਹ ਹਾਲ ਹੁੰਦਾ ਹੈ ਕਿ ਜਿੱਥੇ ਫਿਲਮੀ ਹੀਰੋ ਹੋਣ, ਗਾਇਕ ਹੋਣ ਉੱਥੇ ਇਕੱਠੇ ਹੁੰਦਿਆਂ ਦੇਰ ਨਹੀਂ ਲਗਦੀ। ਦੀਪ ਸਿੱਧੂ, ਜੋ ਖ਼ੁਦ ਫਿਲਮੀ ਹੀਰੋ ਹੈ, ਉਸ ਨਾਲ ਕੁਝ ਨੌਜਵਾਨਾਂ ਦਾ ਜੁੜਨਾ ਸੁਭਾਵਕ ਹੈ।

ਸੰਭੂ ਬਾਰਡਰ ’ਤੇ ਦਿੱਤੇ ਦੀਪ ਸਿੱਧੂ ਦੇ ਭਾਸ਼ਣ ਸੁਣ ਕੇ ਜਾਪਦਾ ਹੈ ਕਿ ਇਹ ਅਜੋਕੀਆਂ ਕਿਸਾਨੀ ਮੰਗਾਂ ਬਾਰੇ ਘੱਟ ਅਤੇ ਦੇਸ਼ ਦੀ ਆਜ਼ਾਦੀ ’ਚ ਸਿੱਖਾਂ ਵੱਲੋਂ ਪਾਏ ਸਭ ਤੋਂ ਵੱਧ ਯੋਗਦਾਨ ਅਤੇ ਉਸ ਤੋਂ ਬਾਅਦ ਹੋਈ ਸਿੱਖਾਂ ਨਾਲ ਬੇਇਨਸਾਫ਼ੀ ਦੀਆਂ ਮਿਸਾਲਾਂ ਦੇ ਦੇ ਕੇ ਸੰਘੀ ਢਾਂਚੇ ਦੇ ਇਰਦ-ਗਿਰਦ ਬੋਲਦਾ ਰਿਹਾ ਭਾਵੇਂ ਕਿ ਇਹ ਭਾਸ਼ਣ ਕਿਸਾਨ ਸੰਘਰਸ਼ ਦੇ ਦਾਇਰੇ ਤੋਂ ਬਾਹਰ ਸਨ, ਪਰ ਨੌਜਵਾਨ ਸਿੱਖਾਂ ਦੇ ਮਨਾਂ ਨੂੰ ਟੁੰਭ ਜਾਂਦੇ ਸਨ।

ਪੰਜਾਬ ਦੇ ਕਿਸਾਨ ਆਗੂਆਂ ਦਾ ਵੀ ਮੰਨਣਾ ਰਿਹਾ ਕਿ ਭਾਵੇਂ ਇਹ ਮੰਗਾਂ ਜਾਇਜ਼ ਹਨ, ਪਰ ਅੱਜ ਸਮੁੱਚੇ ਭਾਰਤ ਦੀਆਂ ਕਿਸਾਨ ਮੰਗਾਂ ਨੂੰ ਫੁੱਟਪਾਊ ਕੇਂਦਰ ਸਰਕਾਰ ਕੇਵਲ ਸਿੱਖਾਂ ਨਾਲ ਜੋੜਦਿਆਂ ਫਿਰਕੂ ਰੰਗਤ ਦੇ ਕੇ ਅੰਦਲਨ ਦੀ ਏਕਤਾ ਦਾ ਨੁਕਸਾਨ ਕਰੇਗੀ; ਜਿਵੇਂ ਕਿ ਅਸੀਂ ਪਿਛਲੇ ਸਮਿਆਂ ’ਚ ਖ਼ਾਸ ਕਰ ਸਿੱਖ ਸੰਘਰਸ਼ਾਂ ਦੌਰਾਨ ਵੇਖ ਚੁੱਕੇ ਹਾਂ। ਇਸ ਲਈ ਕਿਸਾਨ ਆਗੂ ਚਾਹੁੰਦੇ ਸਨ ਕਿ ਕਿਸਾਨ ਸੰਘਰਸ਼ ਨੂੰ ਸਿੱਖਾਂ ਜਾਂ ਪੰਜਾਬ ਦੀਆਂ ਮੰਗਾਂ ਤੱਕ ਸੀਮਤ ਨਾ ਰੱਖਿਆ ਜਾਵੇ ਬਲਕਿ ਪੰਜਾਬ ’ਚੋਂ ਸ਼ੁਰੂ ਕੀਤੇ ਇਸ ਘੋਲ਼ ਨੂੰ ਪੂਰੇ ਦੇਸ਼ ਵਿੱਚ ਫੈਲਾਅ ਕੇ ਸਾਰੇ ਵਰਗਾਂ ਨੂੰ ਨਾਲ ਜੋੜ ਕੇ ਵੱਡਾ ਜਨ ਅੰਦੋਲਨ ਖੜ੍ਹਾ ਕੀਤਾ ਜਾਵੇ ਤਾਂ ਹੀ ਸਫਲਤਾ ਸੰਭਵ ਹੈ। ਕਿਸਾਨਾਂ ਦਾ ਪੱਕਾ ਨਿਸ਼ਚਾ ਸੀ ਕਿ ਜੇ ਅੰਦੋਲਨ ਸ਼ਾਂਤਮਈ ਰਿਹਾ ਤਾਂ ਜਿੱਤ ਅੰਦੋਲਨਕਾਰੀਆਂ ਦੀ ਹੋਵੇਗੀ। ਜੇ ਹਿੰਸਕ ਹੋ ਗਿਆ ਤਾਂ ਯਕੀਨੀ ਤੌਰ ’ਤੇ ਜਿੱਤ ਸਰਕਾਰ ਦੀ ਹੋਵੇਗੀ/ ਮੋਦੀ ਦੀ ਹੋਵੇਗੀ। ਉਕਤ ਸਾਰੇ ਹਾਲਾਤਾਂ ਨੂੰ ਧਿਆਨ ’ਚ ਰੱਖਿਆਂ ਹੀ ਦੀਪ ਸਿੱਧੂ ਦੀਆਂ ਸ਼ੰਭੂ ਮੋਰਚੇ ਤੋਂ ਲਾਲ ਕਿਲ੍ਹੇ ਤੱਕ ਦੀਆਂ ਗਤੀਵਿਧੀਆਂ ਕਿਸਾਨ ਅੰਦੋਲਨ ਵਿਰੁਧ ਭੁਗਤਦੀਆਂ ਪ੍ਰਤੀਤ ਹੋਈਆਂ। ਕਿਸਾਨ ਆਗੂਆਂ ਨੇ ਸ਼ੰਭੂ ਮੋਰਚੇ ਦੌਰਾਨ ਹੀ ਭਾਂਪ ਲਿਆ ਸੀ ਕਿ ਦੀਪ ਸਿੱਧੂ ਕਿਸਾਨ ਅੰਦੋਲਨ ਲਈ ਨੁਕਸਾਨ ਦਾਇਕ ਹੋਵੇਗਾ ਇਸੇ ਕਾਰਨ ਉਨ੍ਹਾਂ ਨੇ ਆਰੰਭ ਤੋਂ ਹੀ ਇਸ ਨੂੰ ਆਪਣੀ ਸਟੇਜ਼ ਤੋਂ ਦੂਰ ਰੱਖਿਆ।

ਹਰ ਪੰਜਾਬੀ ਜਾਣਦਾ ਹੈ ਕਿ ਪੰਜਾਬੀ ਸੂਬਾ ਲਹਿਰ ਦੌਰਾਨ ਅਤੇ ਬਾਅਦ ਵਿੱਚ ਜਿੰਨੇ ਵੀ ਮੋਰਚੇ ਲੱਗੇ ਉਨ੍ਹਾਂ ਵਿਰੁੱਧ ਜਨਸੰਘ/ਭਾਜਪਾ ਲੋਹੇ ਦੀ ਲੱਠ ਬਣ ਕੇ ਇਨ੍ਹਾਂ ਮੰਗਾਂ ਦੀ ਪੂਰਤੀ ਵਿੱਚ ਰੋੜਾ ਬਣਦੀ ਰਹੀ ਹੈ। ਦੇਸ਼ ਦੀ ਵੰਡ ਲਈ ਭਾਵੇਂ ਇਹ ਜਮਾਤ ਮੁੱਖ ਤੌਰ ’ਤੇ ਮੁਹੰਮਦ ਜ਼ਿਨਾਹ ਅਤੇ ਜਵਾਹਰ ਲਾਲ ਨਹਿਰੂ ਨੂੰ ਕਸੂਰਵਾਰ ਠਹਿਰਾਉਂਦੀ ਰਹੀ ਹੈ ਪਰ ਬੀ.ਆਰ. ਅੰਬੇਡਕਰ ਦੀਆਂ ਲਿਖਤਾਂ ਪੜ੍ਹਨ ਵਾਲੇ ਜਾਣਦੇ ਹਨ ਕਿ ਆਰ.ਐੱਸ.ਐੱਸ. ਦੇ ਨਫ਼ਰਤੀ ਬਿਆਨ ਅਤੇ 1935 ’ਚ ਹਿੰਦੂ ਰਾਸ਼ਟਰ ਦੀ ਮੰਗ ਕਰਨਾ; ਵੱਧ ਕਸੂਰਵਾਰ ਸੀ। ਇਸ ਲਈ ਪੰਜਾਬੀਆਂ ਦੇ ਹੋਏ ਨੁਕਸਾਨ ਲਈ ਕਾਂਗਰਸ ਦੇ ਨਾਲ-ਨਾਲ ਆਰ.ਐੱਸ.ਐੱਸ./ਭਾਜਪਾ ਵੀ ਜ਼ਿੰਮੇਵਾਰ ਹੈ।

ਫਿਲਮਾਂ ’ਚ ਦੂਸਰਿਆਂ ਦੀ ਲਿਖੀ ਸਕਰਿਪਟ ’ਤੇ ਐਕਟਿੰਗ ਕਰਨਾ ਜਾਂ ਦੂਸਰਿਆਂ ਵੱਲੋਂ ਲਿਖੇ ਡਾਇਲਾਗ ਬੋਲਣਾ; ਕਿਸੇ ਅੰਦੋਲਨ ਦੀ ਅਗਵਾਈ ਕਰਨ ਵਰਗਾ ਨਹੀਂ ਹੁੰਦਾ। ਕਿਸੇ ਪਤਿਤ ਹੀਰੋ ਦੇ ਬੋਲਾਂ ਤੋਂ ਪ੍ਰਭਾਵਤ ਹੋ ਕੇ ਉਸ ਦੀ ਬਹਾਦਰੀ ਨੂੰ ਬਾਬਾ ਬਘੇਲ ਸਿੰਘ ਜੀ ਜਾਂ ਬਾਬਾ ਜਰਨੈਲ ਸਿੰਘ ਜੀ ਭਿੰਡਰਾਂਵਾਲਿਆਂ ਦੀ ਬਹਾਦਰੀ ਨਾਲ ਜੋੜ ਬੈਠਣਾ; ਇੱਕ ਟੀਵੀ ਦਰਸ਼ਕ ਦੀ ਸੋਚ ਹੀ ਕਹੀ ਜਾਵੇਗੀ। ਬੜਾ ਦੁੱਖ ਹੁੰਦਾ ਹੈ ਜਦ ਕਿਸੇ ਕੌਮ ਦਾ ਇਤਿਹਾਸਕਾਰ ਜਾਂ ਵਕਤਾ ਵੀ ਅਜਿਹੇ ਦਰਸ਼ਕਾਂ ਦੀ ਕਤਾਰ ’ਚ ਖੜ੍ਹ ਹੁੰਦਾ ਹੈ ਜਦਕਿ ਕੌਮ; ਉਸ ਪਾਸੋਂ ਗਹਿਰੀਆਂ ਉਮੀਦਾਂ ਲਾਈ ਬੈਠੀ ਹੁੰਦੀ ਹੈ। ਜੋ ਸਿੱਖ; ਏਜੰਡੇ ਨਾਲੋਂ ਵਿਅਕਤੀ ਵਿਸ਼ੇਸ਼ ਦੀ ਸੋਚ ਦੀ ਫੋਟੋ ਕਾਪੀ ਬਣ ਕਹਿੰਦੇ ਰਹਿੰਦੇ ਹਨ ਕਿ ‘ਫਲਾਣਿਆ! ਤੇਰੀ ਸੋਚ ’ਤੇ ਪਹਿਰਾ ਦੇਵਾਂਗੇ ਠੋਕ ਕੇ’ ਉਨ੍ਹਾਂ ਨੂੰ ਹੇਠਲੇ ਨੁਕਤਿਆਂ ਵੱਲ ਧਿਆਨ ਦੇਣ ਦੀ ਜ਼ਰੂਰਤ ਹੈ :

  1. ਪੰਜਾਬ ਦੀਆਂ ਜਿਹੜੀਆਂ ਮੰਗਾਂ ਅਤੇ ਵੱਧ ਅਧਿਕਾਰਾਂ ਦੀ ਗੱਲ-ਬਾਤ ਕਾਰਨ ਦੀਪ ਸਿੱਧੂ, ਨੌਜਵਾਨੀ ਲਈ ਰੋਲ ਮਾਡਲ ਬਣਿਆ ਹੈ ਇਹ ਅੱਜ ਦੀਆਂ ਨਹੀਂ ਬਲਕਿ ਪੁਰਾਣੀਆਂ ਹਨ ਅਤੇ ਦੀਪ ਸਿੱਧੂ ਕਦੇ ਉਨ੍ਹਾਂ ’ਤੇ ਬੋਲਦਾ ਨਹੀਂ ਵੇਖਿਆ ਗਿਆ। ਆਖ਼ਿਰ ਕਿਉਂ ? ਕੀ ਇਹ ਕਿਸਾਨੀ ਸੰਘਰਸ਼ ਪ੍ਰਤੀ ਬਣੀ ਸਮਾਜਿਕ ਚੇਤਨਾ ਦਾ ਰੁਖ ਬਦਲਣ ਲਈ ਤਾਂ ਨਹੀਂ ?
  2. ਜਦ 26 ਜਨਵਰੀ ਤੋਂ ਪਹਿਲਾਂ ਕਿਸਾਨੀ ਮੰਗਾਂ ਬਾਰੇ ਭਾਜਪਾ ਸਰਕਾਰ ਦੀ ਬੋਲੀ ਭਾਂਪ ਲਈ ਗਈ ਸੀ ਕਿ ਇਹ ਕਿਸਾਨ ਸੰਘਰਸ਼ ਨੂੰ ਸਿੱਖ ਸੰਘਰਸ਼ ਜਾਂ ਖਾਲਿਸਤਾਨੀ ਸੰਘਰਸ਼ ਸਾਬਤ ਕਰ ਰਹੀ ਹੈ ਤਾਂ ਲਾਲ ਕਿਲ੍ਹੇ ਵੱਲ ਵਧ ਕੇ ਕਿਸਾਨਾਂ ਸਾਮ੍ਹਣੇ ਕਮਜ਼ੋਰ ਪੈ ਚੁੱਕੀ ਸਰਕਾਰ ਨੂੰ ਮੁੜ ਊਰਜਾ ਦੇਣ ਵਾਲਾ ਕਾਰਜ ਕਿਉਂ ਕੀਤਾ ਗਿਆ ?
  3. ਲਾਲ ਕਿਲ੍ਹੇ ’ਤੇ ਪਹੁੰਚਣ ਦਾ ਪ੍ਰੋਗਰਾਮ ਅਚਾਨਕ ਹੀ ਨਹੀਂ ਬਣ ਗਿਆ ਬਲਕਿ ਇਸ ਲਈ 25 ਜਨਵਰੀ ਦੀ ਰਾਤ ਨੂੰ ਹੀ ਸੰਯੁਕਤ ਕਿਸਾਨ ਮੰਚ ’ਤੇ ਜਬਰਨ ਕਬਜ਼ਾ ਕਰ ਦਿੱਲੀ ਪੁਲਿਸ ਅਤੇ ਕਿਸਾਨ ਆਗੂਆਂ ਦੁਆਰਾ ਬਣਾਈ ਪੂਰੀ ਪਲਾਨਿੰਗ ਨੂੰ ਫੇਲ੍ਹ ਕੀਤਾ ਗਿਆ। ਦੂਸਰੇ ਪਾਸੇ ਸਰਕਾਰ ਨੇ ਵੀ ਨਿਰਧਾਰਿਤ ਕੀਤੇ ਰੋਡ ਮਾਰਚ ਨੂੰ ਬੰਦ ਕਰ ਲਾਲ ਕਿਲ੍ਹੇ ’ਤੇ ਜਾਣ ਵਾਲੇ ਸਾਰੇ ਰਸਤੇ ਖੋਲ੍ਹ ਦਿੱਤੇ ਗਏ। ਆਖ਼ਿਰ ਕਿਉਂ ? ਵੈਸੇ ਦਿੱਲੀ ਪੁਲਿਸ ਵੀ ਕਿਸਾਨ ਆਗੂਆਂ ਨਾਲ ਮਜਬੂਰੀ ’ਚ ਹੀ 26 ਜਨਵਰੀ ਦੇ ਰੋਡ ਮਾਰਚ ਬਾਰੇ ਗੱਲ-ਬਾਤ ਕਰਦੀ ਪਈ ਸੀ।
  4. ਜਿਹੜੇ ਕਿਸਾਨ ਆਗੂ ਲਾਲ ਕਿਲ੍ਹੇ ’ਤੇ ਪਹੁੰਚੇ ਹੀ ਨਹੀਂ ਅਤੇ ਉੱਧਰ ਜਾਣ ਵਾਲਿਆਂ ਨੂੰ ਰੋਕਦੇ ਵੀ ਰਹੇ ਉਨ੍ਹਾਂ 37 ਕਿਸਾਨ ਆਗੂਆਂ ਵਿਰੁਧ ਬਾਈ ਨੇਮ ਕੇਸ ਦਰਜ ਕਿਉਂ ਹੋਏ ? ਦੂਸਰੇ ਪਾਸੇ ਦੀਪ ਸਿੱਧੂ ਦੀਆਂ ਭਾਵੇਂ ਲਾਲ ਕਿਲ੍ਹੇ ਜਾਣ ਅਤੇ ਭਾਸ਼ਣ ਦੇਣ ਦੀਆਂ ਵੀਡੀਓ ਵੀ ਮੌਜੂਦ ਹਨ, ਪਰ ਉਸ ਦਾ ਨਾਂ ਤੁਰੰਤ ਲਿਖੀ ਕਿਸੇ ਐੱਫ.ਆਈ.ਆਰ ਵਿੱਚ ਦਰਜ ਨਹੀਂ। ਜਦੋਂ ਮੀਡੀਏ ਵਿੱਚ ਇਹ ਸਵਾਲ ਉੱਠਣੇ ਸ਼ੁਰੂ ਹੋ ਗਏ ਕਿ ਜਿਹੜੇ ਕਿਸਾਨ ਆਗੂ ਲਾਲ ਕਿਲ੍ਹੇ ਵਿੱਚ ਗਏ ਹੀ ਨਹੀਂ ਉਨ੍ਹਾਂ ਦੇ ਨਾਮ ਤਾਂ ਵੱਖ ਵੱਖ ਐੱਫ.ਆਈ.ਆਰ’ਜ਼ ’ਚ ਸ਼ਾਮਲ ਹਨ ਪਰ ਜਿਹੜੇ ਪਹੁੰਚੇ ਅਤੇ ਜਿਨ੍ਹਾਂ ਵੱਲੋਂ ਝੰਡੇ ਲਹਿਰਾਏ ਗਏ ਉਨ੍ਹਾਂ ਦੇ ਨਾਮ ਕਿਸੇ ਵੀ ਐੱਫ.ਆਈ.ਆਰ ਵਿੱਚ ਸ਼ਾਮਲ ਕਿਉਂ ਨਹੀਂ ? ਤਾਂ ਦਬਾਅ ਕਾਰਨ ਦੀਪ ਸਿੱਧੂ ਵਿਰੁਧ ਡੀ.ਡੀ. (ਡੀ.ਡੀ.ਆਰ) ਦਰਜ ਕਰ ਉਸ ਦੀ ਪੜਤਾਲ ਦੇ ਆਧਾਰ ’ਤੇ ਐੱਫ.ਆਈ.ਆਰ. ਨੰ: 96 ਮਿਤੀ 27.1.2021 ਅਧੀਨ ਨਾਮਜ਼ਦ ਕਰ ਦਿੱਤਾ। ਹੁਣ ਇਹ ਕਹਿਣਾ ਵੀ ਗਲਤ ਨਹੀਂ ਹੋਵੇਗਾ ਕਿ ਸਰਕਾਰ ਆਪਣੇ ਬੰਦਿਆਂ ਰਾਹੀਂ ਕਿਸਾਨ ਆਗੂਆਂ ’ਤੇ ਦਬਾਅ ਬਣਾਏਗੀ ਤਾਂ ਜੋ ਉਹ ਦੀਪ ਸਿੱਧੂ ਨੂੰ ਰਿਹਾਅ ਕਰਨ ਲਈ ਕੋਈ ਬਿਆਨ ਜਾਰੀ ਕਰਵਾਇਆ ਜਾ ਸਕੇ ਤੇ ਸਰਕਾਰ ਤੁਰੰਤ ਦੀਪ ਸਿੱਧੂ ਨੂੰ ਛੱਡ ਦੇਵੇ।
  5. ਮਿਤੀ 27.2.2021 ਨੂੰ ਸ਼੍ਰੀ ਗਜ਼ੇਂਦਰ ਸਿੰਘ ਨਾਗਰ ਚੀਫ ਮੈਟਰੋਪੋਲੀਸ਼ਨ ਮੈਜਿਸਟ੍ਰੇਟ ਕੇਂਦਰੀ ਦਿੱਲੀ ਦੀ ਅਦਾਲਤ ’ਚ ਇਸ ਕੇਸ ਵਿੱਚ ਹੋਈ ਜ਼ਿਰਹਾ ਦੌਰਾਨ ਦੀਪ ਸਿੱਧੂ ਨੇ ਲਿਖਤੀ ਜਵਾਬਨਾਮੇ ਵਿੱਚ ਕਿਹਾ ਕਿ ਉਹ 12.00 ਵਜੇ ਤੱਕ ਮੂਰਥਲ ਹੋਟਲ ਵਿੱਚ ਸੀ ਜਦੋਂ ਉਸ ਨੂੰ ਪਤਾ ਲੱਗਾ ਕਿ ਪ੍ਰਦਰਸ਼ਨਕਾਰੀ ਲਾਲ ਕਿਲ੍ਹੇ ’ਤੇ ਪਹੁੰਚ ਗਏ ਹਨ ਤਾਂ ਉਸ ਨੇ ਪਹੁੰਚ ਕੇ ਪ੍ਰਦਰਸ਼ਨਕਾਰੀਆਂ ਨੂੰ ਉੱਥੋਂ ਚਲੇ ਜਾਣ ਦੀ ਅਪੀਲ ਕਰਕੇ ਦਿੱਲੀ ਪੁਲਿਸ ਦੀ ਮਦਦ ਕੀਤੀ ਹੈ। ਜੇ ਸਿੱਧੂ ਸੱਚ ਕਹਿ ਰਿਹੈ ਤਾਂ ਜ਼ਰਾ ਸੋਚੋ ਇਹ ਬਿਆਨ ਉਸ ਵੱਲੋਂ 25.1.2021 ਦੀ ਸ਼ਾਮ ਨੂੰ ਸ਼ੰਭੂ ਬਾਰਡਰ ਦੀ ਸਟੇਜ਼ ’ਤੇ ਦਿੱਤੇ ਉਸ ਭਾਸ਼ਣ ਦੇ ਵਿਰੋਧ ਵਿੱਚ ਨਹੀਂ ਹੈ ਜਿਸ ਵਿੱਚ ਉਹ ਕਹਿ ਰਿਹਾ ਹੈ ਕਿ ਅਸੀਂ ਸਰਕਾਰ ਵੱਲੋਂ ਸੁਝਾਏ ਰੂਟ ’ਤੇ ਚੱਲਣ ਦੇ ਪਾਬੰਦ ਨਹੀਂ ਹਾਂ ਅਸੀਂ ਆਪਣਾ ਰਾਹ ਆਪ ਚੁਣਨਾ ਹੈ। ਹੁਣ ਸਵਾਲ ਪੈਦਾ ਹੁੰਦਾ ਹੈ ਕਿ 25 ਜਨਵਰੀ ਦੀ ਅੱਧੀ ਰਾਤ ਤੱਕ ਪੁਲਿਸ ਦੀਆਂ ਪਾਬੰਦੀਆਂ ਨੂੰ ਮੰਨਣ ਤੋਂ ਇਨਕਾਰੀ ਦੀਪ ਸਿੱਧੂ ਅਗਲੀ ਸਵੇਰ ਹੀ ਨੌਜਾਵਾਨਾਂ ਨੂੰ ਕਿਸ ਦੇ ਰਹਿਮ ’ਤੇ ਛੱਡ ਕੇ 12.00 ਦੁਪਹਿਰ ਤੱਕ ਹੋਟਲ ਵਿੱਚ ਬੈਠਾ ਰਿਹਾ ਅਤੇ 12.30 ਵਜੇ ਲਾਲ ਕਿਲ੍ਹੇ ਆ ਕੇ ਪੁਲਿਸ ਦੀ ਮਦਦ ਕਰਦਾ ਪਿਆ ਹੈ। ਕਮਾਲ ਹੈ!

ਉਕਤ ਨੁਕਤੇ ਵੀਚਾਰਨ ਉਪਰੰਤ ਫ਼ੈਸਲਾ ਸਭ ਪੰਜਾਬੀਆਂ ਨੇ ਕਰਨਾ ਹੈ ਕਿ ਦੀਪ ਸਿੱਧੂ ਦੀਆਂ ਗਤੀਵਿਧੀਆਂ ਕਿਸਾਨੀ ਸੰਘਰਸ਼ ਨੂੰ ਸਮਰਥਨ ਦੇਣ ਵਾਲੀਆਂ ਹਨ ਜਾਂ ਢਾਅ ਲਾਉਣ ਵਾਲੀਆਂ। ਇਸ ਕਿਸਾਨ ਵਿਰੋਧੀ ਲਹਿਰ ਨੂੰ ਜੀਵਤ ਰੱਖਣ ਲਈ ਭੱਜ-ਦੌੜ ਕਰ ਰਹੇ ਸ. ਅਜਮੇਰ ਸਿੰਘ ਮੰਡੀ ਕਲਾਂ ਅਤੇ ਬਾਬਾ ਬਖ਼ਸ਼ੀਸ਼ ਸਿੰਘ ਬਾਰੇ ਵੀ ਕੁਝ ਵਿਚਾਰ ਜ਼ਰੂਰੀ ਹੈ। ਸ. ਅਜਮੇਰ ਸਿੰਘ; ਪੰਜਾਬ ’ਚ ਚੱਲੀ ਪਹਿਲਾਂ ਨਕਸਲਾਈਟ ਲਹਿਰ ਦਾ ਅਤੇ ਫਿਰ ਜਰਨੈਲ ਸਿੰਘ ਭਿੰਡਰਾਂਵਾਲੇ ਦੀ ਅਗਵਾਈ ਵਿੱਚ ਚੱਲੀ ਖਾੜਕੂ ਲਹਿਰ ਦਾ ਸਮਰਥਕ ਰਿਹਾ ਹੈ। ਇਸੇ ਤਰ੍ਹਾਂ ਬਾਬਾ ਬਖ਼ਸ਼ੀਸ਼ ਸਿੰਘ ਖੜਕੂ ਲਹਿਰ ਦਾ ਕੇਵਲ ਸਮਰਥਕ ਹੀ ਨਹੀਂ ਬਲਕਿ ਸਰਗਰਮ ਹਿੱਸੇਦਾਰ ਸੀ। 26 ਜਨਵਰੀ ਦੀਆਂ ਘਟਨਾਵਾਂ ਦੌਰਾਨ ਸ਼ਹੀਦੀ ਪ੍ਰਾਪਤ ਕਰਨ ਵਾਲੇ ਭਾਈ ਰਵਨੀਤ ਸਿੰਘ ਡਿਬਡਿਬਾ ਹਮੇਸ਼ਾਂ ਲਈ ਯਾਦ ਰਹਿਣ ਦੇ ਬਿਆਨ ਦੇਣ ਵਾਲੇ ਇਹ ਵੀਰ ਦੱਸਣ ਕਿ ਨਕਸਲਾਈਟ ਲਹਿਰ ਅਤੇ ਖਾੜਕੂ ਲਹਿਰ ਦੌਰਾਨ ਕਿਹੜੇ-ਕਿਹੜੇ ਨੌਜਵਾਨ ਸ਼ਹੀਦ ਹੋਏ ਹਨ, ਉਨ੍ਹਾਂ ਸ਼ਹੀਦੀਆਂ ਕਾਰਨ ਪੰਜਾਬ ਨੂੰ ਕੀ ਪ੍ਰਾਪਤੀ ਹੋਈ ? ਉਨ੍ਹਾਂ ਖਾੜਕੂ ਲਹਿਰਾਂ ਦੌਰਾਨ ਸਾਰੇ ਸ਼ਹੀਦਾਂ ਦੇ ਨਾਮ ਤਾਂ ਕਿਸੇ ਨੂੰ ਕੀ ਯਾਦ ਹੋਣੇ ਸੀ, ਭਾਈ ਜਸਵੰਤ ਸਿੰਘ ਖਾਲੜਾ ਵੱਲੋਂ ਆਪਣੀ ਜਾਨ ਦੀ ਕੀਮਤ ’ਤੇ ਲੱਭੀਆਂ ਲਾਵਾਰਸ਼ ਲਾਸ਼ਾਂ ਨੂੰ ਜੇ ਕੋਈ ਇਨਸਾਫ਼ ਵੀ ਅਜਿਹੇ ਬੰਦੇ ਦਿਵਾ ਸਕਦੇ ਤਾਂ ਹੁਣ ਵੀ ਗੱਲ ਮੰਨਣਯੋਗ ਹੁੰਦੀ। ਸੋ ਬਿਨਾਂ ਸੋਚੇ ਸਮਝੇ ਭੜਕਾਊ ਭਾਸ਼ਣ ਦੇ ਦੇ ਸਿੱਖ ਨੌਜਵਾਨੀ ਨੂੰ ਸ਼ਹੀਦ ਕਰਵਾਈ ਜਾਣ; ਕੋਈ ਸਿਆਣਪ ਨਹੀਂ ਕਹੀ ਜਾ ਸਕਦੀ।

ਗੁਰੂ ਅੰਗਦ ਸਾਹਿਬ ਜੀ ਦਾ ਫ਼ੁਰਮਾਨ ਹੈ ਕਿ ਜਿਊਂਦੇ ਨੂੰ ਜਿਊਂਦਾ ਅਤੇ ਮਰ ਚੁੱਕੇ ਨੂੰ ਮਰਿਆ ਮਿਲਦਾ ਹੈ ‘‘ਜੀਵਤੇ ਕਉ ਜੀਵਤਾ ਮਿਲੈ; ਮੂਏ ਕਉ ਮੂਆ ’’ (ਮਹਲਾ /੭੮੮)  ਦੀਪ ਸਿੱਧੂ ਅੰਦਰ ਦੀਰਘ ਸੋਚ ਵੇਖਣ ਵਾਲੇ ਸ: ਅਜਮੇਰ ਸਿੰਘ ਜੀ ਦੀ ਦੀਰਘ ਸੋਚ ਨੂੰ ਜਾਣਨ ਲਈ ਉਸ ਦੇ ਹੇਠਲੇ ਬਿਆਨ ਧਿਆਨ ਮੰਗਦੇ ਹਨ।

(1). 14 ਫ਼ਰਵਰੀ 2015 ਨੂੰ ਦਿੱਲੀ ’ਚ ਕੇਜਰੀਵਾਲ ਸਰਕਾਰ 70 ਵਿਧਾਨਸਭਾ ਸੀਟਾਂ ’ਚੋਂ 67 ਸੀਟਾਂ ਜਿੱਤ ਕੇ ਸਰਕਾਰ ਬਣਾਉਂਦੀ ਹੈ। ਸ. ਅਜਮੇਰ ਸਿੰਘ ਜੀ 17 ਫ਼ਰਵਰੀ 2015 ਨੂੰ ਇੱਕ ਇੰਟਰਵਿਊ ’ਚ ਅਰਵਿੰਦ ਕੇਜਰੀਵਾਲ ਅਤੇ ਭਗਵੰਤ ਮਾਨ ਨੂੰ ਬਹੁਤ ਸੂਝਵਾਨ ਅਤੇ ਦੀਰਘ ਸੋਚ ਦੇ ਮਾਲਕ ਆਖਦਾ ਹੈ।

(2). ਮਾਰਚ 2015 ’ਚ ਭਾਵ ਇੱਕ ਮਹੀਨੇ ਅੰਦਰ ਹੀ ਕੇਜਰੀਵਾਲ ਅਤੇ ਯੋਗੇਂਦਰ ਯਾਦਵ ਦਾ ਆਪਸੀ ਵਿਵਾਦ ਹੋ ਗਿਆ। ਸ. ਅਜਮੇਰ ਸਿੰਘ ਜੀ ਨੇ 22 ਮਾਰਚ 2015 ਨੂੰ ਇੱਕ ਇੰਟਰਵਿਊ ਦੌਰਾਨ ਕਿਹਾ ਕਿ ਕੇਜਰੀਵਾਲ ਅਤੇ ਭਗਵੰਤ ਮਾਨ ਦੇ ਮੁਕਾਬਲੇ ਯੋਗੇਂਦਰ ਯਾਦਵ ਬੜੇ ਦੀਰਘ ਅਤੇ ਵਿਆਪਕ ਸੋਚ ਦੇ ਮਾਲਕ ਹਨ।

(3). ਹੁਣ ਕਿਸਾਨ ਆਗੂਆਂ ਵੱਲੋਂ 26 ਜਨਵਰੀ 2021 ਨੂੰ ਲਾਲ ਕਿਲ੍ਹੇ ਜਾਣ ਦੀ ਨਿਖੇਧੀ ਕਰਨ ਕਾਰਨ ਸ. ਅਜਮੇਰ ਸਿੰਘ ਜੀ ਨੇ ਇਸ ਦੇ ਪਿਛੇ ਯੋਗੇਂਦਰ ਯਾਦਵ ਦੀ ਸੰਕੀਰਨ ਅਤੇ ਕਾਮਰੇਡ ਸੋਚ ਨੂੰ ਜ਼ਿੰਮੇਵਾਰ ਠਹਿਰਾਇਆ ਹੈ।

ਸ. ਅਜਮੇਰ ਸਿੰਘ ਜੀ ਹਰ ਉਸ ਤਾਕਤ ਨਾਲ ਖੜ੍ਹੇ ਵੇਖੇ ਗਏ ਹਨ ਜੋ (ਸਥਾਪਿਤ ਧਿਰਾਂ ਦੇ ਮੁਕਾਬਲੇ ਨਵੀਂ ਉੱਭਰ ਰਹੀ ਹੁੰਦੀ ਹੈ) ਵਿਰੋਧ ’ਚ ਹੁੰਦੀ ਹੈ। (2015 ’ਚ ਸਥਾਪਿਤ ਧਿਰਾਂ ਕਾਂਗਰਸ ਅਤੇ ਭਾਜਪਾ ਦੇ ਵਿਰੋਧ ’ਚ ਕੇਜਰੀਵਾਲ ਉੱਭਰਿਆ ਤਾਂ ਅਜਮੇਰ ਸਿੰਘ ਨੇ ਕੇਜਰੀਵਾਲ ਅਤੇ ਭਗਵੰਤ ਮਾਨ ਦੀ ਸਿਆਣਪ ਤੇ ਸੋਚ ਨੂੰ ਖ਼ੂਬ ਸਾਲਾਹਿਆ। ਮਹੀਨੇ ਕੁ ਬਾਅਦ ਕੇਜਰੀਵਾਲ ਦਾ ਇਸ ਦੀ ਪਾਰਟੀ ਦੇ ਪ੍ਰਮੁੱਖ ਆਗੂ ਯੋਗੇਂਦਰ ਯਾਦਵ ਤੇ ਪ੍ਰਸਾਂਤ ਭੂਸ਼ਨ ਨਾਲ ਵਿਵਾਦ ਖੜ੍ਹਾ ਹੋਇਆ ਤਾਂ ਅਜਮੇਰ ਸਿੰਘ ਜੀ; ਯੋਗੇਂਦਰ ਯਾਦਵ ਨਾਲ ਸਨ। ਹੁਣ ਦੀਪ ਸਿੱਧੂ ਨੇ ਕਿਸਾਨ ਆਗੂਆਂ ਦੁਆਰਾ ਲਏ ਫ਼ੈਸਲਿਆਂ ਦਾ ਵਿਰੋਧ ਕੀਤਾ ਤਾਂ ਦੀਪ ਸਿੱਧੂ ਨਾਲ ਹਨ । ਵੈਸੇ ਜੋ ਵਿਅਕਤੀ ਇੱਕ ਮਹੀਨੇ (ਮਾਰਚ 2015) ’ਚ ਇਕੋ ਬੰਦੇ (ਕੇਜਰੀਵਾਲ/ਭਗਵੰਤ ਮਾਨ) ਨੂੰ ਦੀਰਘ ਸੋਚ ਵਾਲਾ ਅਤੇ ਸੰਕੀਰਨ ਸੋਚ ਵਾਲਾ ਕਹਿ ਸਕਦਾ ਹੋਵੇ ਉਸ ਅਨੁਸਾਰ ਮਾਰਚ 2015 ’ਚ ਦੀਰਘ ਸੋਚ ਵਾਲਾ ਯੋਗੇਂਦਰ ਯਾਦਵ; ਸੰਨ 2021 (6 ਸਾਲ ਬਾਅਦ) ਸੰਕੀਰਨ ਸੋਚ ਦਾ ਮਾਲਕ ਬਣਾ ਦੇਣਾ ਕਿੰਨਾ ਕੁ ਮੁਸ਼ਕਲ ਹੋ ਸਕਦਾ ਹੈ ?

ਸ: ਅਜਮੇਰ ਸਿੰਘ ਜੀ ਦੇ ਉਕਤ ਬਦਲਵੇਂ ਵੀਚਾਰਾਂ ਉਪਰੰਤ ਕੀ ਇਹ ਉਮੀਦ ਰੱਖੀ ਜਾ ਸਕਦੀ ਹੈ ਕਿ ਭਵਿੱਖ ’ਚ ਦੀਪ ਸਿੱਧੂ ਨੂੰ ਸੰਕੀਰਨ ਸੋਚ ਦਾ ਮਾਲਕ ਨਹੀਂ ਕਹਿਣਗੇ ?

ਅਖੀਰ ਵਿੱਚ ਸਮੁੱਚੇ ਪੰਜਾਬੀਆਂ ਨੂੰ ਬੇਨਤੀ ਹੈ ਕਿ ਸਾਡੇ ਸੰਵਿਧਾਨ ਅਤੇ ਅੰਤਰਰਾਸ਼ਟਰੀ ਕਾਨੂੰਨਾਂ ਅਨੁਸਾਰ ਹਰ ਦੇਸ਼ ਦੇ ਸ਼ਹਿਰੀ ਨੂੰ ਇਹ ਹੱਕ ਹੈ ਕਿ ਉਹ ਸ਼ਾਂਤਮਈ ਰਹਿ ਕੇ ਸਰਕਾਰੀ ਹੁਕਮਾਂ/ਕਾਨੂੰਨਾਂ ਦਾ ਵਿਰੋਧ ਕਰ ਸਕਦੇ ਹਨ। ਇਨ੍ਹਾਂ ਸੰਵਿਧਾਨਿਕ ਹੱਕਾਂ ਕਾਰਨ ਹੀ ਸਾਡੀ ਸੁਪਰੀਮ ਕੋਰਟ ਨੇ ਸਰਕਾਰ ਨੂੰ ਹੁਕਮ ਕੀਤਾ ਹੈ ਕਿ ਹਰ ਸ਼ਹਿਰੀ ਨੂੰ ਸਰਕਾਰ ਦੇ ਗਲਤ ਫ਼ੈਸਲਿਆਂ ਦਾ ਸ਼ਾਂਤਮਈ ਰਹਿ ਕੇ ਵਿਰੋਧ ਕਰਨ ਦਾ ਹੱਕ ਹਾਸਲ ਹੈ। ਜਦ ਤਕ ਅੰਦੋਲਨਕਾਰੀ ਸ਼ਾਂਤਮਈ ਰਹਿਣਗੇ ਓਨੀ ਦੇਰ ਸਰਕਾਰ; ਜਬਰਨ ਧਰਨਾ ਸਥਲ ਨੂੰ ਖਾਲੀ ਨਹੀਂ ਕਰਵਾ ਸਕਦੀ। ਸਿਰਫ ਸੁਪਰੀਮ ਕੋਰਟ ਹੀ ਨਹੀਂ ਅੰਤਰਰਾਸ਼ਟਰੀ ਪੱਧਰ ’ਤੇ ਵੀ ਭਾਰਤ ਸਰਕਾਰ ’ਤੇ ਭਾਰੀ ਦਬਾਅ ਹੈ ਕਿ ਉਹ ਕਿਸਾਨ ਸੰਘਰਸ਼ ਨੂੰ ਦਬਾਉਣ ਦਾ ਯਤਨ ਨਾ ਕਰੇ। ਇਸੇ ਕਾਰਨ ਕਿਸਾਨੀ ਸੰਘਰਸ਼ ਹੁਣ ਤੱਕ ਉਹ ਸਫਲਤਾਵਾਂ ਹਾਸਲ ਕਰਨ ਵਿੱਚ ਸਫਲ ਹੋਇਆ ਹੈ ਜਿਹੜੀਆਂ ਕਿ ਪਹਿਲਾਂ ਕਿਸੇ ਸੰਘਰਸ਼ ਸਮੇਂ ਨਹੀਂ ਹੋ ਸਕੀਆਂ। ਕਾਰਨ ਇੱਕੋ ਹੈ ਕਿ ਨਕਸਲਾਈਟ ਲਹਿਰ ਅਤੇ ਸਿੱਖ ਖਾੜਕੂ ਲਹਿਰ ਦੌਰਾਨ ਸਾਨੂੰ ਨਾ ਕਿਸੇ ਅਦਾਲਤ ਤੋਂ ਇਨਸਾਫ਼ ਮਿਲਿਆ ਅਤੇ ਨਾ ਹੀ ਅੰਤਰਰਾਸ਼ਟਰੀ ਪੱਧਰ ’ਤੇ ਕੋਈ ਸਮਰਥਨ ਹਾਸਲ ਹੋਇਆ ਸੀ ਕਿਉਂਕਿ ਹਿੰਸਕ ਸੰਘਰਸ਼ ਨਾਲ ਕੋਈ ਨਹੀਂ ਖੜ੍ਹੇਗਾ।  ਕੇਵਲ ਸੰਘਰਸ਼ ਨੂੰ ਕਮਜ਼ੋਰ ਕਰਨ ਵਾਲੀਆਂ ਸ਼ਕਤੀਆਂ ਤੋਂ ਸਾਵਧਾਨ ਰਹਿਣ ਦੀ ਲੋੜ ਹੈ ਅਤੇ ਕਿਸਾਨ ਆਗੂਆਂ ਨੂੰ ਪੂਰਨ ਸਹਿਯੋਗ ਦੇਣਾ ਬਣਦਾ ਹੈ।

ਹਰ ਵਰਗ ਦੀ ਭਰਵੀ ਸ਼ਮੂਲੀਅਤ ਤੋਂ ਬਿਨਾਂ ਤਾਨਾਸ਼ਾਹੀ ਮੋਦੀ ਸਰਕਾਰ ਤੋਂ ਕੁਝ ਹਾਸਲ ਨਹੀਂ ਕੀਤਾ ਜਾ ਸਕਦਾ ਇਸ ਲਈ ਸਾਨੂੰ ਸਭ ਤੋਂ ਪਹਿਲਾਂ ਸੰਘਰਸ਼ ਨੂੰ ਦਿਲੋਂ ਪਿਆਰ ਕਰਨ ਵਾਲਿਆਂ ’ਚ ਏਕਤਾ ਬਣਾ ਕੇ ਰੱਖਣੀ ਬਣਦੀ ਹੈ। ਦੀਪ ਸਿੱਧੂ ਦੇ ਮੁਕਾਬਲੇ ਲੱਖਾ ਸਿਧਾਣਾ ਪੰਜਾਬ ਦੀ ਮਿੱਟੀ ਨਾਲ ਜੁੜਿਆ, ਕਿਸਾਨ ਅਤੇ ਪੰਜਾਬੀਅਤ ਨੂੰ ਪਿਆਰ ਕਰਨ ਵਾਲਾ ਸ਼ਖ਼ਸ ਹੈ ਜਦੋਂ ਕਿ ਦੀਪ ਸਿੱਧੂ ਦਾ ਆਰਥਿਕ ਖੇਤਰ ਫਿਲਮ ਅਦਾਕਾਰੀ ਕਾਰਨ ਮੁੰਬਈ ਆਧਾਰਿਤ ਹੈ, ਜਿੱਥੇ ਬੜਾ ਸਿਆਸੀ ਦਬਾਅ ਰਹਿੰਦਾ ਹੈ। ਭਾਜਪਾ ਸਰਕਾਰ ਗੁਮਰਾਹਕੁੰਨ ਖ਼ਬਰ ਹਰ ਹੀਲੇ ਫੈਲਾਉਂਦੀ ਆ ਰਹੀ ਹੈ। ਜ਼ਿਆਦਾਤਰ ਗੋਦੀ ਮੀਡੀਆ, ਅਦਾਕਾਰ ਅਤੇ ਖਿਡਾਰੀ; ਇਸ ਦਾ ਸ਼ਿਕਾਰ ਹੋ ਜਾਂਦੇ ਹਨ।  3 ਫ਼ਰਵਰੀ 2021 ਨੂੰ ਸਾਇਨਾ ਨੇਹਵਾਲ ਅਤੇ ਅਕਸ਼ੇ ਕੁਮਾਰ ਦੁਆਰਾ ਕੀਤੇ ਇੱਕੋ ਜਿਹੇ ਟਵੀਟ ਤੋਂ ਇਹ ਸਾਬਤ ਹੋ ਚੁੱਕਾ ਹੈ।

ਲੱਖੇ ਸਿਧਾਣੇ ਸੰਬੰਧੀ ਕਿਸਾਨ ਆਗੂ ਸੁਰਜੀਤ ਸਿੰਘ ਡੱਲੇਵਾਲ ਅਤੇ ਰੁਲਦੂ ਸਿੰਘ ਮਾਨਸਾ ਵਰਗੇ ਵੀ ਕਹਿ ਚੁੱਕੇ ਹਨ ਕਿ ਉਹ ਸਾਡਾ ਹੀ ਬੱਚਾ ਹੈ। ਵੈਸੇ ਵੀ 26 ਜਨਵਰੀ ਵਾਲੀ ਘਟਨਾ ’ਚ ਉਸ ਦਾ ਬਹੁਤ ਰੋਲ ਨਹੀਂ ਸੀ ਜਦਕਿ ਦੀਪ ਸਿੱਧੂ ਬਾਰੇ ਉਨ੍ਹਾਂ ਸਪਸ਼ਟ ਕਿਹਾ ਹੈ ਕਿ ਨਾ ਉਸ ਨਾਲ ਸਾਡਾ ਪਹਿਲਾਂ ਕੋਈ ਸੰਬੰਧ ਸੀ, ਨਾ ਹੁਣ ਹੈ। ਹੁਣ ਲੱਖੇ ਸਿਧਾਣੇ ਨੂੰ ਵੀ ਚਾਹੀਦਾ ਹੈ ਕਿ ਉਹ ਵਾਚੇ ਕਿ ਕਿਤੇ ਗਲਤ ਅਨਸਰ ਉਸ ਨੂੰ ਆਪਣੇ ਕੁਹਾੜੇ ਦਾ ਦਸਤਾ ਤਾਂ ਨਹੀਂ ਬਣਾ ਰਹੇ।

ਪੰਜਾਬ ਅਤੇ ਕਿਸਾਨਾਂ ਦੇ ਸਮੁੱਚੇ ਹਿੱਤਾਂ ਨੂੰ ਧਿਆਨ ਵਿੱਚ ਰੱਖ ਕੇ ਸਾਂਝੇ ਫ਼ੈਸਲੇ ਲੈਣ ਲਈ ਸੰਯੁਕਤ ਕਿਸਾਨ ਮੋਰਚੇ ਦਾ ਬਣਿਆ ਰਹਿਣਾ ਜ਼ਰੂਰੀ ਹੈ।  26 ਜਨਵਰੀ ਦੀਆਂ ਘਟਨਾਵਾਂ ਨੇ ਜਿੱਥੇ ਮੋਰਚੇ ਨੂੰ ਵੱਡੀ ਢਾਅ ਲਾਈ ਹੈ ਉੱਥੇ ਭਾਰਤ ਦੇ ਕਿਸਾਨੀ ਸੰਘਰਸ਼ ਦੀ ਅਗਵਾਈ ਜੋ ਪਹਿਲਾਂ ਪੰਜਾਬ ਕੋਲ ਸੀ ਉਹ ਕਿਸਾਨ ਆਗੂਆਂ ਅਤੇ ਨੌਜਵਾਨਾਂ ਵਿਚਕਾਰ ਵਧੇ ਤਨਾਅ ਕਾਰਨ ਕੁਝ ਮੱਧਮ ਪਈ ਜਾਪਦੀ ਹੈ। ਇਸ ਨਾਲ ਪੰਜਾਬ ਦਾ ਵੱਧ ਨੁਕਸਾਨ ਹੋਣਾ ਹੈ। ਬਜ਼ੁਰਗ ਕਿਸਾਨ ਆਗੂਆਂ ਅਤੇ ਨੌਜਵਾਨਾਂ ਦੀ ਨੇੜਤਾ ਹੀ ਹੱਠੀ ਸਰਕਾਰ ਲਈ ਚੁਣੌਤੀ ਬਣ ਕੇ ਕਿਸਾਨ ਮੰਗਾਂ ਮਨਵਾਉਣ ’ਚ ਸਫਲ ਸਿੱਧ ਹੋਵੇਗਾ।

ਹੇਠਲੀ ਵੀਡੀਓ ਚ ਸੋਚ ਤੋਂ ਭਾਵ ਏਜੰਡਾ ਹੈ। ਪਹਿਲਾਂ ਕਿਹਾ ਗਿਆ ਹੈ ਕਿ ਲੋਕ ਕਹਿੰਦੇ ਹਨ ਕਿ ਏਜੰਡਾ ਦੀ ਗੱਲ ਹੋਵੇ, ਵਿਅਕਤੀ ਦੀ ਨਹੀਂ, ਪਰ ਫਿਰ ਆਪ ਹੀ ਸੋਚ (ਏਜੰਡੇ) ਲਈ ਇਕੱਠ ਬੁਲਾਉਣ ਅਤੇ ਉਸ ਤੇ ਮੰਥਨ ਕਰਨ ਲਈ ਕਹਿ ਰਿਹਾ ਹੈ ਭਾਵ ਪਹਿਲਾਂ ਏਜੰਡੇ ਨੂੰ ਰੱਦ ਕਰ ਵਿਅਕਤੀ ਨੂੰ ਮਹੱਤਵ ਦੇ ਰਿਹੈ ਫਿਰ ਆਪ ਹੀ ਏਜੰਡੇ ਨੂੰ।