20.5 C
Jalandhar
Saturday, April 4, 2026
spot_img
Home Blog Page 235

‘ਗੁਰ ਪ੍ਰਸਾਦਿ’ (ਸੰਯੁਕਤ ਸ਼ਬਦਾਂ) ਨਾਲ ਬੇਇਨਸਾਫ਼ੀ

0

‘ਗੁਰ ਪ੍ਰਸਾਦਿ’ (ਸੰਯੁਕਤ ਸ਼ਬਦਾਂ) ਨਾਲ ਬੇਇਨਸਾਫ਼ੀ

ਕਿਸੇ ਮਹਾਂਪੁਰਖ, ਗੁਰੂ, ਪੀਰ, ਮਹਾਤਮਾ ਦੀ ਭਾਵਨਾ (ਵਿਚਾਰਧਾਰਾ) ਨੂੰ ਸਦੀਵੀ ਜਿਉਂ ਦੀ ਤਿਉਂ ਜੀਵਤ ਰੱਖਣ ਲਈ ਪਹਿਲਾਂ ਇਹ ਜ਼ਰੂਰੀ ਹੁੰਦਾ ਹੈ ਕਿ ਉਸ ਦੀ ਸਮਝ ਉਸ ਵਰਗ ਨੂੰ ਮੁਕੰਬਲ ਹੋ ਜਾਵੇ, ਜਿਸ ਦੇ ਉਪਰ ਇਸ ਵਿਚਾਰਧਾਰਾ ਨੂੰ ਅਗਾਂਹ ਵਧਾਉਣ ਦੀ ਜ਼ਿੰਮੇਵਾਰੀ ਹੁੰਦੀ ਹੈ ਕਿਉਂਕਿ ਵਿਚਾਰਧਾਰਾ ਦੇ ਸ੍ਰੋਤ (ਗੁਰੂ, ਮਹਾਂਪੁਰਖ ਆਦਿ) ਸਦੀਵੀ ਨਿਰਵਿਘਨ ਆਪਣੀ ਵਿਚਾਰਧਾਰਾ ਨੂੰ ਅਗਾਂਹ ਵਧਾਉਣ ਲਈ ਹਰ ਇੱਕ ਇਨਸਾਨ ਦੇ ਸਾਹਮਣੇ ਸਰੀਰਕ ਤੌਰ ’ਤੇ ਮੌਜੂਦ ਨਹੀਂ ਰਹਿ ਸਕਦੇ।

ਦੀਰਘ ਸੋਚ ਵਾਲੇ ਮਹਾਂਪੁਰਖ ਸਮੇਂ ਦੀ ਲਿਆਕਤ (ਯੋਗਤਾ) ਨੂੰ ਸਮਝਦਿਆਂ ਆਪਣੇ ਬਚਨਾਂ (ਭਾਵਨਾਵਾਂ) ਨੂੰ ਕਿਸੇ ਨਿਯਮਬੰਦ ਲਿਖਤ ’ਚ ਬੰਦ ਕਰ ਦਿੰਦੇ ਹਨ ਤਾਂ ਜੋ ਭਵਿੱਖ ’ਚ ਸਮਾਜ ਉਸ ਤੋਂ ਨਿਰਵਿਘਨ ਲਾਭ ਉਠਾਉਂਦਾ ਰਹੇ। ਪੁਰਾਤਨ ਸਮੇਂ ਤੋਂ ਜਿਤਨੇ ਵੀ ਧਾਰਮਿਕ ਗ੍ਰੰਥਾਂ ’ਚ ਕੋਈ ਨਵੀਨਤਮ ਵਿਚਾਰਧਾਰਾ ਨੂੰ ਨਿਯਮਬੰਦ ਲਿਖਤ ’ਚ ਸਮੇਟਿਆ ਗਿਆ ਹੈ, ਉਹ ਤਕਰੀਬਨ ਸਾਰੇ ਹੀ ਅਜਿਹੇ ਹਨ ਜਿਨ੍ਹਾਂ ਦੇ ਧਾਰਮਿਕ ਪੈਰੋਕਾਰਾਂ (ਆਗਿਆਪਾਲਕ) ਦੁਆਰਾ ਹੀ ਇਸ ਵਿਸ਼ੇਸ਼ ਜ਼ਿੰਮੇਵਾਰੀ ਨੂੰ ਨਿਭਾਇਆ ਗਿਆ ਹੈ। ਜਿਸ ਵਿੱਚ ਸਮੇਂ ਅਨੁਸਾਰ ਉਹ ਤਰੁਟੀਆਂ (ਗ਼ਲਤੀਆਂ) ਦਰਜ ਹੁੰਦੀਆਂ ਗਈਆਂ, ਜੋ ਉਨ੍ਹਾਂ ਦੇ ਪੂਰਵਜ ਮਹਾਂਪੁਰਖਾਂ ਦੀ ਭਾਵਨਾ (ਵਿਚਾਰਧਾਰਾ) ਨਾਲ ਉੱਕਾ ਹੀ ਮੇਲ ਨਹੀਂ ਖਾਂਦੀਆਂ ਹਨ। ਜਿਵੇਂ ਕਿ ਗੁਰੂ ਗ੍ਰੰਥ ਸਾਹਿਬ ਜੀ ’ਚ ਦਰਜ ਭਗਤਾਂ ਦੀ ਬਾਣੀ ਦਾ ਉਹ ਸਰੂਪ, ਜੋ ਗੁਰੂ ਗ੍ਰੰਥ ਸਾਹਿਬ ਜੀ ’ਚ ਦਰਜ ਨਹੀਂ ਹੈ, ਜ਼ਿਆਦਾਤਰ ਸਿਧਾਂਤਕ ਪੱਖੋਂ ਬਦਲ ਗਿਆ ਹੈ।

ਗੁਰੂ ਨਾਨਕ ਦੇਵ ਜੀ ਦੀ ਇਹ ਵਿਸ਼ੇਸ਼ਤਾ ਰਹੀ ਹੈ ਕਿ ਉਨ੍ਹਾਂ ਨੇ ਨਾ ਕੇਵਲ ਆਪਣੀ ਲਿਖਤ (ਭਾਵਨਾ) ਨੂੰ ਨਿਯਮਬੰਦ ਲਿਖਤ ’ਚ ਆਪ ਸੰਭਾਲਿਆ ਬਲਕਿ 15 ਭਗਤਾਂ, 11 ਭੱਟਾਂ ਅਤੇ 3 ਗੁਰਸਿੱਖਾਂ ਦੀ ਲਿਖਤ ਨੂੰ ਵੀ ਸਾਂਭਣ ’ਚ ਵਿਸ਼ੇਸ਼ ਯੋਗਦਾਨ ਪਾਇਆ ਹੈ। ਹੁਣ ਇਸ ਦੇ ਪੈਰੋਕਾਰਾਂ (ਸਿੱਖਾਂ) ਦੀ ਇਹ ਵਿਸ਼ੇਸ਼ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਆਪਣੇ ਗੁਰੂ ਜੀ ਦੀ ਭਾਵਨਾ ਨੂੰ ਸਮਝਣ ਲਈ ਉਸ ਨਿਯਮਾਬੰਦ ਲਿਖਤ ਨੂੰ ਸਮਝਣ ’ਚ ਯੋਗਤਾ ਪ੍ਰਾਪਤ ਕਰਨ, ਜਿਸ ਵਿੱਚ ਉਨ੍ਹਾਂ ਦੇ ਗੁਰੂ ਜੀ ਨੇ ਆਪਣੇ ਵੀਚਾਰ ਸਮੇਟੇ (ਕਲਮਬੰਦ ਕੀਤੇ) ਹਨ।

ਮੈਂ ਪਿਛਲੇ 16 ਸਾਲ ਤੋਂ ਗੁਰੂ ਕ੍ਰਿਪਾ ਨਾਲ ਗੁਰਬਾਣੀ ਦੀ ਲਿਖਤ (ਵਿਆਕਰਨ) ਨੂੰ ਵੱਡੇ-2 ਸਹਿਰਾਂ ’ਚ ਬਣੇ ਗੁਰੂ ਘਰਾਂ, ਸਕੂਲਾਂ, ਕਾਲਜਾਂ ’ਚ ਥੋੜਾ ਬਹੁਤ ਪੜ੍ਹਾਉਣ ਦਾ ਯਤਨ ਕਰ ਰਿਹਾਂ ਹਾਂ ਪਰ ਮੇਰੀ ਇਸ ਗੱਲ ’ਚ ਕੋਈ ਅਤਿਕਥਨੀ ਵੀ ਨਹੀਂ ਹੋਵੇਗੀ ਕਿ ਸ਼ਹਿਰਾਂ ’ਚ ਵਸਦੇ ਪੜ੍ਹੇ ਲਿਖੇ 1000 ਸਿੱਖਾਂ ਵਿੱਚੋਂ ਕੇਵਲ 5 ਗੁਰਸਿੱਖ ਵੀ ਅਜਿਹੇ ਨਹੀਂ ਮਿਲਣਗੇ, ਜੋ ਕੇਵਲ ਮੂਲ ਮੰਤ੍ਰ ਦੀ ਲਿਖਤ ਬਾਰੇ ਹੀ ਸਹੀ ਜਾਣਕਾਰੀ ਰੱਖਦੇ ਹੋਣ। ਪਿੰਡਾਂ ’ਚ ਵਸਦੇ ਭੋਲੇ ਭਾਲੇ ਸਿੱਖਾਂ ਕੋਲ ਤਾਂ ਇਹ ਵਿਸ਼ਾ ਚੁੱਕਣਾ ਹੀ ਮੂਰਖਤਾ ਹੈ।

ਗੁਰੂ ਗ੍ਰੰਥ ਸਾਹਿਬ ਜੀ ਦੀ ਲਿਖਤ ’ਚ ਦੋ ਅਹਿਮ ਸ਼ਬਦ ਸੁਭਾਇਮਾਨ ਹਨ, ਜਿਨ੍ਹਾਂ ਨੂੰ ਸਮਝਣਾ ਅਤਿ ਜ਼ਰੂਰੀ ਹੈ, ਬਾਕੀ ਲਿਖਤ ਤਾਂ ਉਨ੍ਹਾਂ ਦਾ ਹੀ ਵਿਸਥਾਰ ਹੈ। ਉਹ ਦੋ ਸ਼ਬਦ ਹਨ ‘ੴ’ ਅਤੇ ‘ਗੁਰ ਪ੍ਰਸਾਦਿ’। ਵੇਖਣ ਵਿੱਚ ਇਹ ਵੀ ਆ ਰਿਹਾ ਹੈ ਕਿ ਗੁਰਬਾਣੀ ਲਿਖਤ ਦੀ ਸਮਝ ਨਾ ਹੋਣ ਕਾਰਨ, ਇਹ ਦੋਵੇਂ ਸ਼ਬਦਾਂ ਦੇ ਭਾਵ ਅਰਥ ਅਜੋਕੇ ਖੋਜ ਭਰਪੂਰ ਯੁਗ ’ਚ ਵੀ ਸ਼ੰਕਾ ਦੇ ਵਿਸ਼ੇ ਬਣੇ ਹੋਏ ਹਨ। ਇਸ ਲੇਖ ਦਾ ਵਿਸ਼ਾ ਮੈਂ ‘ਗੁਰ ਪ੍ਰਸਾਦਿ’ ਚੁਣਿਆ ਹੈ। ਪੁਰਾਤਨ ਤਮਾਮ ਟੀਕਾਕਾਰਾਂ (ਪਿ੍ਰੰ. ਸਾਹਿਬ ਸਿੰਘ, ਭਾਈ ਕਾਨ੍ਹ ਸਿੰਘ ਨਾਭਾ, ਪਿ੍ਰੰ. ਤੇਜਾ ਸਿੰਘ, ਭਾਈ ਰਣਧੀਰ ਸਿੰਘ, ਭਾਈ ਵੀਰ ਸਿੰਘ, ਸ. ਮਨਮੋਹਨ ਸਿੰਘ, ਗਿਆਨੀ ਹਰਬੰਸ ਸਿੰਘ, ਸ. ਜੋਗਿੰਦਰ ਸਿੰਘ ਤਲਵਾੜਾ ਅਤੇ ਅਨਮਤਿ ਦੇ ਕੁਝ ਵਿਦਵਾਨਾਂ ਆਦਿ ਸੱਜਣਾਂ) ਨੇ ਇਸ ‘ਗੁਰ ਪ੍ਰਸਾਦਿ’ ਸ਼ਬਦ ਦਾ ਅਰਥ ਕੀਤਾ ਹੈ ਕਿ ‘ੴ’ ਗੁਰੂ ਦੀ ਕ੍ਰਿਪਾ ਨਾਲ (ਮਿਲਦਾ ਹੈ)।

‘ਗੁਰ ਪ੍ਰਸਾਦਿ’ ਸ਼ਬਦ ਗੁਰਬਾਣੀ ’ਚ 114 ਵਾਰ, ਗੁਰ ਪਰਸਾਦਿ-69 ਵਾਰ, ਗੁਰ ਪਰਸਾਦੀ-212 ਵਾਰ ਤੇ ਗੁਰ ਪ੍ਰਸਾਦੀ-7 ਵਾਰ (ਕੁਲ 402 ਵਾਰ) ਆਇਆ ਹੈ, ਜਿਸ ਦੇ ਅਰਥ ਭਾਵ ’ਤੇ ਵੀਚਾਰ ਕਰਨ ਤੋਂ ਪਹਿਲਾਂ ਇਹ ਸਮਝਣਾ ਜ਼ਰੂਰੀ ਹੈ ਕਿ ਇਸ ਸ਼ਬਦ ਦੇ ਅੰਤ ’ਚ ‘ਦ’ ਅੱਖਰ ਨੂੰ ਹਮੇਸ਼ਾਂ ਸਿਹਾਰੀ ਕਿਉਂ ਆ ਰਹੀ ਹੈ? ਇਸ ਸਵਾਲ ਦਾ ਜਵਾਬ ਛੁਪਿਆ ਹੈ, ਉਨ੍ਹਾਂ ਸ਼ਬਦਾਂ ’ਚ ਜਿੱਥੇ ‘ਪ੍ਰਸਾਦਿ’ ਸ਼ਬਦ ਦੇ ‘ਦ’ ਅੱਖਰ ਨੂੰ ਸਿਹਾਰੀ ਨਹੀਂ ਹੈ ਜਿਵੇਂ ਕਿ (1) ‘‘ਭ੍ਰਮ ਭੈ ਛੂਟੇ ਗੁਰ ਪਰਸਾਦ॥ ਨਾਨਕ! ਪੇਖਿਓ ਸਭੁ ਬਿਸਮਾਦ॥’’ (ਮ:੫, ੯੧੫) (ਅਤੇ) ‘‘ਅਨਹਦ ਸਬਦ ਅਚਰਜ ਬਿਸਮਾਦ॥ ਗੁਰੁ ਪੂਰਾ ਪੂਰਾ ਪਰਸਾਦ॥’’ (ਮ:੫,੧੧੪੩) ਇਨ੍ਹਾਂ ਦੋਵੇਂ ਪੰਕਤੀਆਂ ’ਚ ‘ਪਰਸਾਦ’ ਸ਼ਬਦ ਦਾ ਇਹ ਰੂਪ ਕਾਵਿ ਤੋਲ ਕਾਰਨ ਆਇਆ ਹੈ ਕਿਉਂਕਿ ਦੋਵੇਂ ਥਾਈਂ ਦੂਸਰਾ ਸ਼ਬਦ ‘ਬਿਸਮਾਦ’ (ਅੰਤ ਸਿਹਾਰੀ ਰਹਿਤ) ਮੌਜੂਦ ਹੈ। (2) ‘‘ਗੁਰੁ ਪਰਸਾਦੁ ਕਰੇ; ਨਾਮੁ ਦੇਵੈ, ਨਾਮੇ ਨਾਮਿ ਸਮਾਵਣਿਆ॥’’ (ਮ:੪, ੧੩੦) (ਅਤੇ) ‘‘ਇਹੁ ਪਰਸਾਦੁ ਗੁਰੂ ਤੇ ਜਾਣੈ॥’’ (ਮ:੧,੧੨੮੯) ਇੱਥੇ ਪਹਿਲੀ ਪੰਕਤੀ ’ਚ ‘ਕਰੇ’ ਸ਼ਬਦ ਆਉਣ ਨਾਲ ਅਤੇ ਦੂਸਰੀ ਪੰਕਤੀ ’ਚ ‘ਤੇ’ ਸ਼ਬਦ ਆਉਣ ਨਾਲ ‘ਪਰਸਾਦੁ’ ਸ਼ਬਦ ਨੂੰ ਲੱਗਾ ਔਕੁੜ ਇੱਕ ਵਚਨ ਪੁਲਿੰਗ ਨਾਉਂ ਦੀ ਨਿਸ਼ਾਨੀ ਦਾ ਪ੍ਰਤੀਕ ਬਣ ਗਿਆ ਹੈ ਜਿਸ ਵਿੱਚੋਂ (ਨਾਲ, ਵਿੱਚ, ਤੋਂ ਅਤੇ ਨੇ) ਅਰਥ ਨਹੀਂ ਨਿਕਲ ਰਹੇ। (3) ‘‘ਭਾਈ ਮੀਤ ਕੁਟੰਬ ਦੇਖਿ ਬਿਬਾਦੇ॥ ਹਮ ਆਈ ਵਸਗਤਿ ਗੁਰ ਪਰਸਾਦੇ॥ (ਮ:੫/੩੭੦) ਇਸ ਵਾਕ ’ਚ ਵੀ ‘ਪਰਸਾਦੇ’ ਸ਼ਬਦ ‘ਬਿਬਾਦੇ’ ਸ਼ਬਦ ਦੇ ਪ੍ਰਥਾਏ ਕਾਵਿ ਤੋਲ ਕਾਰਨ ਆਇਆ ਹੈ। (4) ‘‘ਜੇ ਓਹੁ, ਅਨਿਕ ਪ੍ਰਸਾਦ ਕਰਾਵੈ॥ ਭੂਮਿ ਦਾਨ, ਸੋਭਾ ਮੰਡਪਿ ਪਾਵੈ॥ ਅਪਨਾ ਬਿਗਾਰਿ, ਬਿਰਾਂਨਾ ਸਾਂਢੈ॥ ਕਰੈ ਨਿੰਦ, ਬਹੁ ਜੋਨੀ ਹਾਂਢੈ॥’’ (ਭ. ਰਵਿਦਾਸ/੮੭੫) (ਭਾਵ ਜੇ ਕੋਈ ਧਾਰਮਿਕ ਅਸਥਾਨਾਂ ’ਤੇ ਅਨੇਕਾਂ ਪ੍ਰਸ਼ਾਦ ਕਰਾਵੇ ਜਾਂ ਚੜਾਵੇ, ਜਮੀਨ ਆਦਿ ਸੰਪੱਤੀ ਦਾਨ ਕਰਕੇ ਜਗਤ ’ਚ ਸ਼ੋਭਾ ਵੀ ਪ੍ਰਾਪਤ ਕਰ ਲਵੇ, ਇਉਂ ਕਰਦਿਆਂ ਆਪਣਾ ਨੁਕਸਾਨ ਅਤੇ ਹੋਰਾਂ ਦਾ ਭਲਾ ਵੀ ਕਰ ਲਵੇ ਪਰ ਜੇ ਪਰਾਈ ਤਰੁਟੀ, ਕਮਜ਼ੋਰੀ ਨੂੰ ਵਧਾ ਚੜ੍ਹਾ ਕੇ ਬਿਆਨ ਕਰਨ ਵਾਲਾ ਸੁਭਾਵ ਨਹੀਂ ਬਦਲਿਆ ਤਾਂ ਜੂਨਾਂ, ਆਵਾਗਵਨ ਵਿੱਚ ਜ਼ਰੂਰ ਜਾਵੇਗਾ ਨਾ ਕਿ ਇਤਨਾ ਪੁੰਨ-ਦਾਨ ਕਰਕੇ ਵੀ ਮੁਕਤੀ ਪ੍ਰਾਪਤ ਕਰ ਸਕੇਗਾ।) ਇਸ ਵਾਕ ’ਚ ‘ਪ੍ਰਸਾਦ’ ਸ਼ਬਦ ‘ਕ੍ਰਿਪਾ’ ਦੇ ਅਰਥਾਂ ’ਚ ਨਹੀਂ ਬਲਕਿ ‘ਕੜਾਹ ਪ੍ਰਸ਼ਾਦ’ ਦੇ ਅਰਥਾਂ ’ਚ ਵਰਤਿਆ ਗਿਆ ਹੈ।

ਸੋ, ਗੁਰਬਾਣੀ ’ਚ ‘ਗੁਰ ਪ੍ਰਸਾਦਿ’ ਸ਼ਬਦਾਂ ਦੇ ਅਰਥ ‘ਗੁਰੂ ਦੀ ਕਿਰਪਾ ਨਾਲ’ (ੴ ਮਿਲਦਾ ਹੈ, ਹੀ ਲਿਖਤ ਅਨੁਸਾਰ ਢੁੱਕਵੇਂ ਅਰਥ ਬਣਦੇ ਹਨ, ਜਿਨ੍ਹਾਂ ਨੂੰ ਪੁਰਾਤਨ ਤਮਾਮ ਵਿਦਿਵਾਨਾਂ ਨੇ ਅਪਣਾਇਆ ਹੋਇਆ ਸੀ।) ਹੁਣ ਇਹ ਵੀਚਾਰ ਵੀ ਜ਼ਰੂਰੀ ਹੈ ਕਿ ਇਸ ਦੇ ਹੋਰ ਅਲੱਗ-2 ਅਰਥ ਕੀ ਅਤੇ ਕਿਉਂ ਕੀਤੇ ਜਾਂਦੇ ਹਨ?

(1) ਇੱਕ ਵਰਗ ਅਜੋਕੀ ਵਿਗਿਆਨ ਸੋਚ ਤੋਂ ਪ੍ਰਭਾਵਤ ਹੋਣ ਕਾਰਨ ਕਿਸੇ ਗੁਰੂ ਬਖ਼ਸ਼ਸ਼ ਹੋਣ ਨੂੰ ਵਿਗਿਆਨਕ ਦਿ੍ਰਸ਼ਟੀ ਨਾਲ ਯੋਗ ਨਹੀਂ ਮੰਨਦਾ ਅਤੇ ਉਹ ‘ਗੁਰ’ ਸ਼ਬਦ ਦੇ ਅਰਥ ਰੱਬ ਪ੍ਰਥਾਏ ਕਰ ਲੈਂਦਾ ਹੈ। ਜਿਸ ਅਨੁਸਾਰ ‘ਗੁਰ ਪ੍ਰਸਾਦਿ’ ਦੇ ਅਰਥ ਬਣਦੇ ਹਨ ਕਿ ‘ਰੱਬ ਜੀ ਦਾ ਗੁਣ ਹੈ ਕਿ ਉਹ ਪ੍ਰਸਾਦਿ (ਕਿਰਪਾ) ਦੀ ਵਰਖਾ ਕਰਦੇ ਹਨ ਭਾਵ ਕਿਸੇ ਮਨੁੱਖ (ਗੁਰੂ ਨਾਨਕ ਦੇਵ ਜੀ) ਨੂੰ ਸਮਾਜ ’ਚ ਭੇਜ ਕੇ ਪਵਿੱਤਰ ਗ੍ਰੰਥ (ਗੁਰੂ ਗ੍ਰੰਥ ਸਾਹਿਬ ਜੀ ਵਾਂਗ) ਜਨਤਾ ਦੀ ਭਲਾਈ ਲਈ ਦੇ ਦਿੰਦੇ ਹਨ।

(ਨੋਟ: ਇਨ੍ਹਾਂ ਸੱਜਣਾਂ ਵੱਲੋਂ ‘ਪ੍ਰਸਾਦਿ’ ਸ਼ਬਦ ਦੇ ਅੰਤ ’ਚ ਲੱਗੀ ਸਿਹਾਰੀ ਦੇ ਅਰਥ ਨਾ ਕਰਨਾ, ਗੁਰੂ ਨਾਨਕ ਸਾਹਿਬ ਜੀ ਦੀ ਭਾਵਨਾ ਨਾਲ ਅਨਿਆਇ ਹੈ। ਇਸ ਸਿਹਾਰੀ ਵਿੱਚੋਂ ‘ਨਾਲ, ਰਾਹੀਂ, ਦੁਆਰਾ, ਨੇ, ਵਿੱਚ ਅਤੇ ਤੋਂ’ ਅਰਥ ਨਾ ਕੱਢਣਾ ਗੁਰਬਾਣੀ ਦੀ ਲਿਖਤ ਪ੍ਰਤੀ ਨਾ ਸਮਝੀ ਜਾਂ ਅਵੇਸਲੇਪਨ ਦਾ ਪ੍ਰਤੀਕ ਹੈ ਜਦਕਿ ‘ਕਿਰਪਾ ਦੀ ਵਰਖਾ’ ਅਰਥ ਕਰਨ ਨਾਲ ‘ਦੀ’ ਸੰਬੰਧਕੀ ਅੱਖਰ ‘ਪ੍ਰਸਾਦਿ’ ਸ਼ਬਦ ਦੀ ਸਿਹਾਰੀ ਵਿੱਚੋਂ ਕੱਢਣਾ ਹੋਰ ਵੀ ਅਪਮਾਨ ਜਨਕ ਭਾਵਨਾ ਹੈ। ਇਨ੍ਹਾਂ ਵੱਲੋਂ ਗੁਰੂ ਭਾਵਨਾ ਦੀ ਬਜਾਏ ਵਿਗਿਆਨ (ਅਧੂਰੇ ਸੱਚ) ਨੂੰ ਜਿਆਦਾ ਤਰਜੀਹ ਦੇਣੀ ਆਪਣੇ ਗੁਰੂ ਗਿਆਨ ਪ੍ਰਤੀ ਅਵਿਸਵਾਸ (ਅਸ਼ਰਧਾ) ਦਾ ਪ੍ਰਤੀਕ ਹੈ। ਯਾਦ ਰਹੇ, ‘ਪਵਿਤਰ ਗ੍ਰੰਥ’ ਕਹਿਣਾ, ਸਤਿਕਾਰ ਵੱਜੋਂ ਤਾਂ ਠੀਕ ਮੰਨਿਆ ਜਾ ਸਕਦਾ ਹੈ ਪਰ ‘ਪਵਿੱਤਰ ਗ੍ਰੰਥ’ ਬਖ਼ਸ਼ਸ਼ ਨਹੀਂ ਕਰਦਾ ਜਦਕਿ ‘ਗੁਰੂ ਗ੍ਰੰਥ ਸਾਹਿਬ’ ਪ੍ਰਤੀ ਇੱਕ ਸਿੱਖ ਦੀ ਭਾਵਨਾ ਬਣੀ ਹੋਈ ਹੈ ਕਿ ਗੁਰੂ; ਬਖ਼ਸ਼ਸ਼ ਕਰਦਾ ਹੈ ਇਸ ਲਈ ਗੁਰੂ ਅੱਗੇ ਮੱਥਾ ਟੇਕਦਾ, ਸਿਰ ਝੁਕਾਉਂਦਾ ਹੈ। ਇੱਥੇ ਇੱਕ ਵੀਚਾਰ ਹੋਰ ਵੀ ਜ਼ਰੂਰੀ ਹੈ ਕਿ ‘ਗੁਰ ਪ੍ਰਸਾਦਿ’ ਸ਼ਬਦ ’ਚੋਂ ‘ਗੁਰ’ ਸ਼ਬਦ ਦੇ ਅਰਥ ਰੱਬ ਕਰਨ ਨਾਲ ਵੀ ਅਰਥ ਇਉਂ ਬਣਦੇ ਹਨ ਕਿ ਰੱਬ ਦੀ ਕ੍ਰਿਪਾ ਨਾਲ (ਮਿਲਦਾ ਹੈ) ਪਰ ਕੀ? ਭਾਵ ਕੀ ਵਿਗਿਆਨ ਅਨੁਸਾਰ ਇਹ ਅਰਥ ਕਰਨੇ ਉਚਿਤ ਹੋ ਸਕਦੇ ਹਨ ਕਿ ਰੱਬ ਦੀ ਕਿਰਪਾ ਨਾਲ ਰੱਬ ਮਿਲਦਾ ਹੈ?)

(2) ਦੂਸਰਾ ਵਰਗ ਵਿਗਿਆਨ ਤੋਂ ਪ੍ਰਭਾਵਤ ਤਾਂ ਨਹੀਂ ਮੰਨਿਆ ਜਾ ਸਕਦਾ ਪਰ ਉਸ ਨੇ ਆਪਣੀ ਸੰਸਥਾ ਦੇ ਪੂਰਵਜਾਂ ਵੱਲੋਂ ਆਪਣਾਈ ਗਈ ਵਿਚਾਰਧਾਰਾ ’ਤੇ ਪਹਿਰਾ ਦਿੰਦਿਆਂ ਮੂਲ ਮੰਤ੍ਰ ਦੇ ਵਿਸਥਾਰ ਨੂੰ ‘‘ਨਾਨਕ ਹੋਸੀ ਭੀ ਸਚੁ॥’’ ਤੱਕ ਲੈ ਕੇ ਜਾਣਾ ਹੈ। ਉਸ ਲਈ ਸਭ ਤੋਂ ਵੱਡੀ ਚਨੌਤੀ ਹੈ ‘ਪ੍ਰਸਾਦਿ’ ਸ਼ਬਦ ਨੂੰ ਲੱਗੀ ਸਿਹਾਰੀ। ਅਗਰ ਇਹ ਵਰਗ ਮੂਲ ਮੰਤ੍ਰ ਦੇ ਅਰਥ ਇਉਂ ਕਰੇ ਕਿ ‘ੴ’ ਦਾ ਨਾਮ ਸਥਿਰ ਹੈ, ਉਹ ਨਿਰਭਉ, ਨਿਰਵੈਰ ਆਦਿ ਹੈ ਅਤੇ ਗੁਰੂ ਦੀ ਕ੍ਰਿਪਾ ਨਾਲ ਮਿਲਦਾ ਹੈ, ਤਾਂ ਮੂਲ ਮੰਤ੍ਰ ਦਾ ਵਿਸਥਾਰ ‘ਗੁਰ ਪ੍ਰਸਾਦਿ’ ਤੋਂ ਅੱਗੇ ਨਹੀਂ ਵਧ ਸਕਦਾ। ਇਸ ਲਈ ਇਸ ਵਰਗ ਨੇ ‘ਗੁਰ ਪ੍ਰਸਾਦਿ’ ਸ਼ਬਦਾਂ ਦੇ ਅਰਥ ਕੀਤੇ ਹਨ ਕਿ ‘ਗੁਰ’ ਭਾਵ (ੴ) ਵੱਡਾ ਹੈ, ਪ੍ਰਸਾਦਿ (ਕ੍ਰਿਪਾਲੂ, ਦਿਆਲੂ) ਹੈ ਆਦਿ। ਇਸ ਵਰਗ ਨੇ ਗੁਰਬਾਣੀ (ਭਾਸ਼ਾ) ਲਿਖਤ (ਵਿਆਕਰਨ) ਨੂੰ ਸਮਝਣ ਦੀ ਬਜਾਏ ਇਸ ਦੇ ਵਿਰੋਧ ਨੂੰ ਹੀ ਜ਼ਿਆਦਾ ਤਰਜੀਹ ਦਿੱਤੀ ਹੈ। ਇਥੇ ਇਹ ਵੀ ਵੀਚਾਰ ਦਾ ਨੁਕਤਾ ਹੈ ਕਿ ਅਗਰ ‘ਗੁਰ’ ਅਤੇ ‘ਪ੍ਰਸਾਦਿ’ ਦੋਵੇਂ ਸ਼ਬਦ; ਆਪਣੇ ਅਲਗ-2 ਅਰਥ-ਭਾਵ ਸਿੱਧੇ ਹੀ ‘ੴ’ ਪ੍ਰਤੀ ਕੱਢਣ ’ਚ ਸਮਰਥ ਹੁੰਦੇ ਤਾਂ ਇਨ੍ਹਾਂ ਸ਼ਬਦਾਂ ਦੀ ਬਣਤਰ ਵੀ ‘ਨਾਮੁ, ਪੁਰਖੁ, ਨਿਰਭਉ ਅਤੇ ਨਿਰਵੈਰੁ’ ਸ਼ਬਦਾਂ ਵਾਂਗ ‘ਗੁਰੁ’ ਅਤੇ ‘ਪ੍ਰਸਾਦੁ’ ਹੋਣੀ ਸੀ ਨਾ ਕਿ ‘ਗੁਰ ਪ੍ਰਸਾਦਿ’।

ਉਕਤ ਦੋਵੇਂ ਪ੍ਰਕਾਰ ਦੀਆਂ ਦਲੀਲਾਂ ਗੁਰਬਾਣੀ ਦੀ ਉਸ ਲਿਖਣਸ਼ੈਲੀ ਦੀ ਭਾਵਨਾ ਦੇ ਵਿਰੁਧ ਹਨ, ਜਿਸ ਯੋਜਨਾਬੰਦ ਲਿਖਤ ਨੂੰ ਗੁਰੂ ਨਾਨਕ ਦੇਵ ਜੀ ਨੇ ਅਪਣਾਇਆ ਸੀ ਅਤੇ ਗੁਰੂ ਅੰਗਦ ਦੇਵ ਜੀ ਨੇ ਜਿਸ ਨੂੰ ਵੱਡੇ ਪੈਮਾਨੇ ’ਤੇ ਸਰਲ ਤੇ ਸਪੱਸ਼ਟ ਕਰਨ ਦਾ ਯਤਨ ਕੀਤਾ ਸੀ। ਅਗਰ 402 ਵਾਰ ਆਏ ਸ਼ਬਦ ‘ਗੁਰ ਪ੍ਰਸਾਦਿ’ ਦੀ ਬਣਤਰ ਅੰਤ ਸਿਹਾਰੀ ਨਾਲ ਹੀ ਹੈ ਤਾਂ ਇਸ ਦਾ ਮਤਲਬ ਵੀ ਕੁਝ ਜ਼ਰੂਰ ਹੋਵੇਗਾ, ਜਿਸ ਨੂੰ ਕੇਵਲ ਵਿਗਿਆਨ ਤੋਂ ਪ੍ਰਭਾਵਤ ਹੋ ਕੇ ਜਾਂ ਕਿਸੇ ਸੰਸਥਾਵਾਂ ਦੇ ਪੂਰਵਜਾਂ ਦੀ ਗ਼ਲਤ ਭਾਵਨਾ (ਕਮਜੋਰੀ) ਕਾਰਨ ਛੱਡਿਆ ਨਹੀਂ ਜਾ ਸਕਦਾ ਹੈ।

ਪ੍ਰਚਾਰਕਾਂ ਦੀ ਯੋਗਤਾ: ਇੱਕ ਸੱਜਣ ਨੂੰ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ 15 ਦਿਨਾਂ ਬਾਅਦ ਤਿੰਨ ਦਿਨ ਲਈ ਗੁਰਬਾਣੀ ਦੇ ਪਾਵਨ ਵਾਕ (ਹੁਕਮਨਾਮੇ) ’ਤੇ ਆਪਣੇ ਵੀਚਾਰ ਰੱਖਣ ਲਈ ਸੰਦੇਸ਼ ਪ੍ਰਾਪਤ ਹੋਇਆ, ਅਚਾਨਕ ਮੇਰਾ ਉਸ ਸੱਜਣ ਨਾਲ ਸੰਪਰਕ ਹੋ ਗਿਆ ਅਤੇ ਉਸ ਨੇ ਆਪਣੇ ਤਿੰਨੇ ਵਿਸ਼ੇ ਹੁਕਮਨਾਮਾ ਲੈਣ ਤੋਂ 15 ਦਿਨ ਪਹਿਲਾਂ ਹੀ ਮੈਨੂੰ ਸੁਣਾ ਦਿੱਤੇ। ਮੇਰੇ ਵੱਲੋਂ ਚੇਤਾ ਕਰਾਉਂਦਿਆਂ ਕਿ ਕੀ ਅਜਿਹਾ ਕਰਨਾ ਉਚਿਤ ਹੈ? ਤਾਂ ਉਸ ਦਾ ਜਵਾਬ ਇਉਂ ਸੀ ਕਿ ਜ਼ਿਆਦਾਤਰ ਪ੍ਰਚਾਰਕ ਸ਼੍ਰੇਣੀ ਆਪਣੇ ਵਿਸ਼ੇ ਦੀ ਚੋਣ ਆਪਣੇ ਨਿਜ ਅਸਥਾਨ ’ਤੇ ਬੈਠ ਕੇ ਹੀ ਕਰਦੀ ਹੈ ਇਸ ਸੋਚ ਅਨੁਸਾਰ ਗੁਰੂ ਉਪਦੇਸ਼ (ਹੁਕਮਨਾਮੇ) ਨੂੰ ਉਲਥਾ ਲਿਆ ਜਾਂਦਾ ਹੈ। ਅਜਿਹੇ ਸੱਜਣ ਲੱਭਣੇ ਮੁਸ਼ਕਿਲ ਹੀ ਹਨ ਜੋ ਗੁਰੂ ਭਾਵਨਾ ਅਨੁਸਾਰ ਆਪਣੇ ਵੀਚਾਰਾਂ ਨੂੰ ਉਲਥਾਉਣ ਦੀ ਯੋਗਤਾ ਰੱਖਦੇ ਹੋਣ। ਅਜਿਹਾ ਹੀ ਹਾਲ ਤਕਰੀਬਨ ਜ਼ਿਆਦਾਤਰ ਪ੍ਰਚਾਰਕ ਦਾ ਹੈ ਜੋ ਇੱਕ ਜ਼ਮੀਨੀ ਸਚਾਈ ਹੈ।

ਇੱਕ ਦਿਨ ਟੀ. ਵੀ ’ਤੇ ਆਪਣੇ ਵੀਚਾਰ ਰੱਖਦਿਆਂ ਵੀਰ ਭੁਪਿੰਦਰ ਸਿੰਘ ਜੀ ‘‘ਪਵਣੁ ਗੁਰੂ; ਪਾਣੀ ਪਿਤਾ, ਮਾਤਾ ਧਰਤਿ ਮਹਤੁ॥ ਜਪੁ (ਮ:੧/੮) ਪੰਕਤੀ ’ਚ ਸ਼ਬਦ ‘ਮਹਤੁ’ ਬਾਰੇ ਇਉਂ ਬਿਆਨ ਕਰ ਰਹੇ ਸਨ ਕਿ ਇਹ ਸ਼ਬਦ ਅੰਤ ਔਕੁੜ ਲੱਗੀ ਹੋਣ ਕਾਰਨ ਇੱਕ ਵਚਨ ਪੁਲਿੰਗ ਨਾਉ ਹੈ। ਇਸ ਲਈ ਇਨ੍ਹਾਂ ਨੇ ਆਪਣੀ ਕਿਤਾਬ ’ਚ ‘ਮਾਤਾ ਧਰਤਿ ਮਹਤੁ’ ਦੇ ਅਰਥ ਕੀਤੇ ਹਨ ਕਿ ‘ਮਾਤਾ’ ਭਾਵ ਸੁਰਤ, ਮਤ, ਮਨ ਬੁਧਿ ਵਾਲੀ ਧਰਤੀ ਮਿਲੀ ਹੈ ਜਿਸ ’ਤੇ ਵੱਡੇ ਰੱਬ ਦਾ ‘ਮਹਤੁ’ ਭਾਵ ਹੁਕਮ ਚਲਦਾ ਹੈ।

(ਨੋਟ ਉਕਤ ਅਰਥ ਕਰਦਿਆਂ ਵੀਰ ਜੀ ਨੂੰ ਇਹ ਤਾਂ ਪਤਾ ਹੈ ਕਿ ‘ਧਰਤੀ’ ਸ਼ਬਦ ਇਸਤ੍ਰੀ ਲਿੰਗ ਹੈ ਪਰ ਇਹ ਪਤਾ ਨਹੀਂ ਕਿ ‘ਮਹਤੁ’ ਸ਼ਬਦ ਨੂੰ ਔਕੁੜ ਕਿਉਂ ਲੱਗਾ ਹੈ। ਇਸ ਲਈ ਇਨ੍ਹਾਂ ਨੇ ਸ਼ਬਦ ‘ਧਰਤੀ’ (ਇਸਤ੍ਰੀ ਲਿੰਗ) ਅਤੇ ‘ਮਹਤੁ’ (ਵੀਰ ਜੀ ਅਨੁਸਾਰ ਇੱਕ ਵਚਨ ਪੁਲਿੰਗ ਨਾਉ) ਨੂੰ ਅਰਥ ਕਰਦਿਆਂ ਅਲਗ-ਅਲਗ ਕਰ ਦਿੱਤਾ। ਗੁਰਬਾਣੀ ਦੀ ਲਿਖਤ ਅਨੁਸਾਰ ਇਸਤ੍ਰੀ ਲਿੰਗ ਸ਼ਬਦ (ਅੰਤ ਮੁਕਤਾ ਜਾਂ ਸਿਹਾਰੀ) ਦਾ ਵਿਸ਼ੇਸ਼ਣ ਵੀ ਅੰਤ ਮੁਕਤਾ ਜਾਂ ਅੰਤ ਸਿਹਾਰੀ ਵਾਲਾ ਹੀ ਹੋਣਾ ਜ਼ਰੂਰੀ ਹੈ। ਜਿਵੇਂ ਕਿ ਸ਼ਬਦ ‘ਅਕਾਲ ਮੂਰਤਿ’, ਭਾਵ ਇਸਤ੍ਰੀ ਲਿੰਗ ਸ਼ਬਦ ‘ਮੂਰਤਿ’ (ਭਾਵ ਸ਼ਕਲ ਜਾਂ ਹੋਂਦ) ਦਾ ਵਿਸ਼ੇਸ਼ਣ ਸ਼ਬਦ ਵੀ ‘ਅਕਾਲ’ ਭਾਵ ਅੰਤ ਮੁਕਤਾ ਹੀ ਹੈ। ਇਥੇ ‘ਅਕਾਲ ਮੂਰਤਿ’ ਦੋਵੇਂ ਸ਼ਬਦਾਂ ਦਾ ਅਰਥ ਵੀਰ ਭੁਪਿੰਦਰ ਸਿੰਘ ਜੀ ਨੇ ਇਕੱਠਾ ਕੀਤਾ ਹੈ।

ਸ਼ਬਦ ‘ਮਹਤੁ’, ਜੋ ਇਸਤ੍ਰੀ ਲਿੰਗ ਸ਼ਬਦ ‘ਧਰਤਿ’ ਦਾ ਵਿਸ਼ੇਸ਼ਣ ਹੈ, ਨੂੰ ਅੰਤ ਔਕੁੜ ਕਿਉਂ ਲੱਗਾ ਹੈ? ਇਸ ਦਾ ਜਵਾਬ ਉਨ੍ਹਾਂ ਸ਼ਬਦਾਂ ’ਚੋਂ ਮਿਲੇਗਾ, ਜਿਥੇ ‘ਵ’ ਅੱਖਰ ਅਤੇ ‘ਉ’ ਅੱਖਰ ਆਪਸ ਵਿੱਚ ਬਦਲਦੇ ਰਹਿੰਦੇ ਹਨ ਜਿਵੇਂ ਕਿ ਸ਼ਬਦ ਹਨ ‘ਜੀਉਣਾ ਜਾਂ ਜੀਵਨਾ, ਪਉੜੀ ਜਾਂ ਪਵੜੀ, ਜਾਵਾਂ ਜਾਂ ਜਾਉਂ ਆਦਿ। ਯਾਦ ਰਹੇ, ਕਿ ਪੰਜਾਬੀ ਅਤੇ ਗੁਰਮੁਖੀ ਸਮੇਤ ਹਰ ਇੱਕ ਭਾਸ਼ਾ ’ਚ ਸਮਾਨੰਤਰ ਧੁਨੀ ਹੋਣ ਕਾਰਨ ਕੁਝ ਅੱਖਰ ਆਪਸ ਵਿੱਚ ਬਦਲ ਜਾਂਦੇ ਹਨ ਜਿਵੇਂ ਕਿ ਯ=ਇ+ਅ, ਵ=ਉ+ਅ ਅਤੇ ਥ=ਸ+ਤ ਆਦਿ। ਇਸ ਨੂੰ ਹੀ ਭਾਸ਼ਾ ਦਾ ਵਿਕਾਸ ਆਖਦੇ ਹਨ। ਗੁਰੂ ਵਾਕ ਹੈ ‘‘ਏਹੁ ਵਿਸੁ ਸੰਸਾਰੁ ਤੁਮ ਦੇਖਦੇ, ਏਹੁ ਹਰਿ ਕਾ ਰੂਪੁ ਹੈ, ਹਰਿ ਰੂਪੁ ਨਦਰੀ ਆਇਆ॥ ਰਾਮਕਲੀ ਅਨੰਦ (ਮ:੩/੯੨੨) ’ਚ ‘ਵਿਸੁ’ ਸ਼ਬਦ ਨੂੰ ਲੱਗਾ ਅੰਤ ਔਕੁੜ ‘ਵ’ ਅੱਖਰ ਦਾ ਸੰਕੇਤ ਦੇਂਦਾ ਹੈ ਜਿਸ ਤੋਂ ‘ਵਿਸਵ’ ਸ਼ਬਦ ਬਣਿਆ, ਇਸ ਲਈ ‘ਮਾਤਾ ਧਰਤਿ ਮਹਤੁ’ ਵਾਕ ’ਚ ਵੀ ‘ਮਾਤਾ ਧਰਤਿ ਮਹੱਤਵ’ ਸ਼ਬਦ ਦਾ ਸੰਕੇਤ ਹੈ ਭਾਵ ਧਰਤੀ ਹੀ ਅਸਲ ’ਚ ਵੱਡੀ ਮਾਤਾ ਹੈ, ਜਿਸ ਵਿੱਚੋਂ ਅਨੇਕਾਂ ਜੀਵ ਪੈਦਾ ਹੁੰਦੇ ਤੇ ਮਰਦੇ ਹਨ। ਇਸ ਲਈ ‘ਮਹਤੁ’ ਸ਼ਬਦ ਨੂੰ ਲੱਗਾ ਔਕੁੜ ‘ਉ’ ਅੱਖਰ ਹੈ, ਜੋ ਅੱਖਰਾਂ ਦੇ ਆਪਸੀ ਸੁਮੇਲ ਹੋਣ ਕਾਰਨ ੳੂੜਾ ਅੱਖਰ ਉਡ ਗਿਆ ਤੇ ਕੇਵਲ ਔਕੁੜ ਦੀ ਹੋਂਦ ਬਾਕੀ ਰਹਿ ਗਈ ਜੋ ‘ਤ’ ਅੱਖਰ ਦੇ ਹੇਠਾਂ ਜਾ ਲੱਗੀ। ਇਸ ਲਈ ਮਹਤੁ’ ਸ਼ਬਦ ਨੂੰ ਲੱਗਾ ਅੰਤ ਔਕੁੜ ਇੱਕ ਵਚਨ ਪੁਲਿੰਗ ਨਾਉ ਸ਼ਬਦ ਦਾ ਪ੍ਰਤੀਕ ਨਹੀਂ ਹੈ, ਜਿਵੇਂ ਕਿ ਵੀਰ ਭੁਪਿੰਦਰ ਸਿੰਘ ਜੀ ਬਿਆਨ ਕਰਦੇ ਹੋਏ ਅਰਥ ਕਰ ਰਹੇ ਹਨ ਕਿ ‘ਮਾਤਾ’ ਭਾਵ ਸੁਰਤ, ਮਤ, ਮਨ ਬੁਧਿ ਵਾਲੀ ਧਰਤੀ ਮਿਲੀ ਹੈ ਜਿਸ ’ਤੇ ਵੱਡੇ ਰੱਬ ਦਾ ‘ਮਹਤੁ’ ਭਾਵ ਹੁਕਮ ਚਲਦਾ ਹੈ। (ਵੀਰ ਭੁਪਿੰਦਰ ਸਿੰਘ ਜੀ)

ਸਿੱਖ ਸਮਾਜ ਵਿੱਚੋਂ ਗੁਰੂ ਉਪਦੇਸ (ਭਾਵਨਾ) ਨੂੰ ਸਮਝਣ ਅਤੇ ਪ੍ਰਚਾਰਨ ਦੀ ਸੇਵਾ ਉਸ ਵਰਗ ਨੇ ਸੰਭਾਲੀ ਹੋਈ ਹੈ ਜੋ ਆਪ ਆਰਥਿਕ ਅਤੇ ਸਾਹਿਤਕ ਗਿਆਨ ਪੱਖੋਂ ਕਮਜ਼ੋਰ ਹੈ। ਸਿੱਖ ਧਰਮ ਨਾਲ ਸਬੰਧਤ ਜ਼ਿਆਦਾਤਰ ਕਾਲਜਾਂ ’ਚ ਦਾਖ਼ਲਾ ਲੈਣ ਵਾਲੇ ਵਿਦਿਆਰਥੀ ਨਿਰਸੁਆਰਥ ਭਾਵਨਾ ਵਾਲੇ ਨਹੀਂ ਮਿਲ ਰਹੇ ਹਨ। ਇਸ ਕਮਜ਼ੋਰੀ ਨੂੰ ਭਾਂਪਦਿਆਂ ਕੁਝ ਪੰਥ ਦਰਦੀ ਭਾਵਨਾ ਰੱਖਣ ਵਾਲੇ ਸੱਜਣਾਂ ਵੱਲੋਂ ਆਪਣੀ ਘਰੇਲੂ ਜ਼ਿੰਮੇਵਾਰੀ ਤੋਂ ਕੁਝ ਸਮੇਂ ਉਪਰੰਤ ਮੁਕਤ ਹੋ ਕੇ ਪੰਥਕ ਮੁੱਦਿਆਂ ਨੂੰ ਸਮਝਣ ਤੇ ਪ੍ਰਚਾਰਨ ਦੀ ਭਾਵਨਾ ਵਿਅਕਤ ਕੀਤੀ ਗਈ ਪਰ ਇਸ ਲਹਿਰ ਵਿੱਚ ਇੱਕ ਬਹੁਤ ਵੱਡੀ ਇਹ ਘਾਟ ਰਹਿ ਗਈ ਕਿ ਇਨ੍ਹਾਂ ਦੀ ਜਿੰਦਗੀ ਦਾ ਬਹੁਤਾ ਸਮਾ ਗ੍ਰਿਹਸਤੀ ਜੀਵਨ ਦੀਆਂ ਜ਼ਿੰਮੇਵਾਰੀਆਂ ਨਿਭਾਉਂਦਿਆਂ ਸਮਾਜਿਕ ਗਿਆਨ ’ਤੇ ਹੀ ਨਿਰਭਰ ਰਿਹਾ ਅਤੇ ਬੰਦ ਕਮਰੇ ’ਚ ਕੀਤੀ ਗਈ ਗੁਰਮਤਿ ਦੀ ਤਿਆਰੀ ਸਮੂਹ ਪੰਥਕ ਜਥੇਬੰਦੀਆਂ ਨਾਲ ਤਾਲਮੇਲ ਬਿਠਾਉਣ ’ਚ ਸਫਲ ਨਹੀਂ ਹੋ ਪਾਈ। ਭਵਿੱਖ ਲਈ ਇਨ੍ਹਾਂ ਦੇ ਹੀ ਵਿਚਾਰਾਂ ਤੋਂ ਪ੍ਰਭਾਵਤ ਹੋ ਕੇ ਨਵੀਂ ਸੋਚ ਪੰਥ ਦਰਦੀ ਭਾਵਨਾ ਰੱਖਣ ਦੇ ਬਾਵਜੂਦ ਵੀ ਪੰਥਕ ਏਕਤਾ ਲਈ ਖ਼ਤਰਾ ਬਣੀ ਰਹੇਗੀ। ਕੇਵਲ ਗੁਰਬਾਣੀ ਦੀ ਲਿਖਣਸ਼ੈਲੀ ਨੂੰ ਆਧਾਰ ਬਣਾ ਕੇ ਗੁਰੂ ਭਾਵਨਾ (ਸਿਧਾਂਤ) ਨੂੰ ਸਮਝਣ ਨਾਲ ਹੀ ਇਨ੍ਹਾਂ ਕਮਜ਼ੋਰੀਆਂ ਨੂੰ ਦੂਰ ਕਰਕੇ ਪੰਥਕ ਏਕਤਾ ਲਈ ‘‘ਏਕੁ ਪਿਤਾ, ਏਕਸ ਕੇ ਹਮ ਬਾਰਿਕ; ਤੂ ਮੇਰਾ ਗੁਰ ਹਾਈ॥ (ਮ: ੫/੬੧੧), ਗੁਰੂ ਸਿਖੁ, ਸਿਖੁ ਗੁਰੂ ਹੈ; ਏਕੋ ਗੁਰ ਉਪਦੇਸੁ ਚਲਾਏ॥’’ (ਮ:੪/੪੪੪) ਸੇਵਾਵਾਂ ’ਤੇ ਪਹਿਰਾ ਦਿੱਤਾ ਜਾ ਸਕਦਾ ਹੈ ਕਿਉਂਕਿ ਗੁਰੂ ਸਾਹਿਬਾਨਾਂ ਦੀ ਭਾਵਨਾ ਨੂੰ ਜਿਸ ਲਿਖਤ ’ਚ ਸੰਮੇਟਿਆ ਗਿਆ ਹੈ ਉਸ ਪ੍ਰਤੀ ਜਾਣਕਾਰੀ ਦੀ ਘਾਟ ਹੀ ਸਿੱਖ ਸਮਾਜ ’ਚ ਕਈ ਦੁਬਿਧਾਵਾਂ ਖੜ੍ਹੀਆਂ ਕਰ ਰਹੀ ਹੈ। ‘ਗੁਰ ਪ੍ਰਸਾਦਿ’ ਸ਼ਬਦ ਦੀ ਵੀਚਾਰ ਹੀ ਇਸ ਸਮਝ ਦੀ ਘਾਟ ਨੂੰ ਬਿਆਨ ਕਰਨ ਲਈ ਕਾਫ਼ੀ ਹੈ।

ਕੀ ਗੁਰਬਾਣੀ ਸਿਧਾਂਤ ਕੇਵਲ ਬ੍ਰਹਮਣ ਸੋਚ ਵਿਰੋਧੀ ਹੈ ?

0

ਕੀ ਗੁਰਬਾਣੀ ਸਿਧਾਂਤ ਕੇਵਲ ਬ੍ਰਹਮਣ ਸੋਚ ਵਿਰੋਧੀ ਹੈ ?

ਵਿਦਵਾਨ ਸੱਜਣ ਸਾਖੀਆਂ ਰਾਹੀਂ ਸਪੱਸ਼ਟ ਕਰਿਆ ਕਰਦੇ ਸਨ ਕਿ ਗੁਰੂ ਗ੍ਰੰਥ ਸਾਹਿਬ ਜੀ ਦੀ ਵਿਚਾਰਧਾਰਾ ਸਰਬ ਕਾਲੀ ਅਤੇ ਸਰਬ ਪ੍ਰਮਾਣਿਤ ਰਚਨਾ ਹੈ ਪਰ ਅਜੋਕੇ ਪ੍ਰਚਾਰ ਪੱਧਰ ਰਾਹੀਂ ਜੋ ਵੇਖਣ ਅਤੇ ਸੁਣਨ ਨੂੰ ਮਿਲ ਰਿਹਾ ਹੈ, ਉਸ ’ਤੋਂ ਕੇਵਲ ਇਹ ਸੋਚ ਨਿਕਲ ਕੇ ਸਾਹਮਣੇ ਆਉਂਦੀ ਹੈ ਕਿ ਸ਼ਾਇਦ ਗੁਰੂ ਸਿਧਾਂਤ ਦਾ ਬਹੁਤ ਵੱਡਾ ਭਾਗ ਕੇਵਲ ਇੱਕ ਸਮੁਦਾਏ ਦੇ ਪ੍ਰਥਾਏ ਭਾਵ ਪਾਖੰਡ ਅਤੇ ਕਰਮਕਾਂਡਾ ’ਤੇ ਹੀ ਆਧਾਰਤ ਹੈ। ਇਸ ਤਰ੍ਹਾਂ ਦੇ ਪ੍ਰਚਾਰ ਪੱਧਰ ਨੂੰ ਗੁਰੂ ਸਿਧਾਂਤ ਦੀ ਕਸੌਟੀ ’ਤੇ ਵਿਚਾਰਨਾ ਹੀ ਇਸ ਲੇਖ ਦਾ ਵਿਸ਼ਾ ਹੈ।

ਅੱਜ ਦੇ ਵਿਸ਼ੇ ਨੂੰ ਤਿੰਨ ਭਾਗਾਂ ’ਚ ਵੰਡ ਕੇ ਵਿਚਾਰਨਾ ਲਾਹੇਵੰਦ ਹੋ ਸਕਦਾ ਹੈ:-

(1). ਸਮਾਜਿਕ ਨੈਤਿਕ ਕਦਰਾਂ ਦੇ ਅਧਾਰ ’ਤੇ।

(2). ਅਧੂਰੀਆਂ ਜਾਂ ਲਾਭ ਰਹਿਤ ਮੰਨਤਾਂ ਦੇ ਅਧਾਰ ’ਤੇ। (ਅਤੇ)

(3). ਵਿਗਿਆਨਕ ਸੋਚ ਦੇ ਅਧਾਰ ’ਤੇ।

(ਭਾਗ ਨੰ. 1). ਸਮਾਜਿਕ ਨੈਤਿਕ ਕਦਰਾਂ ਦੇ ਅਧਾਰ ’ਤੇ:-

(1). ਸਮਾਜ ਦੀ ਉੱਨਤੀ ਲਈ ਪਹਿਲੀ ਸ਼ਰਤ ਜੀਵਨ ਦਾ ਗ੍ਰਿਹਸਤੀ ਹੋਣਾ ਹੈ:-

ਭਗਤ ਜਨਾ ਕਉ ਸਰਧਾ ਆਪਿ ਹਰਿ ਲਾਈ॥ ਵਿਚੇ ਗ੍ਰਿਸਤ ਉਦਾਸ ਰਹਾਈ॥(ਮ:੪/੪੯੪)

ਤਜੈ ਗਿਰਸਤੁ ਭਇਆ ਬਨ ਵਾਸੀ, ਇਕੁ ਖਿਨੁ ਮਨੂਆ ਟਿਕੈ ਨ ਟਿਕਈਆ॥ ਬਿਲਾਵਲੁ (ਮ:੪/੮੩੫)

(2). ਗ੍ਰਿਹਸਤੀ ਜੀਵਨ ’ਤੋਂ ਉਪਰੰਤ ਕਿਰਤੀ ਹੋਣਾ ਜਰੂਰੀ ਹੈ:-

ਗਿਆਨ ਵਿਹੂਣਾ ਗਾਵੈ ਗੀਤ॥ ਭੁਖੇ ਮੁਲਾਂ ਘਰੇ ਮਸੀਤਿ॥ ਮਖਟੂ ਹੋਇ ਕੈ ਕੰਨ ਪੜਾਏ॥ ਫਕਰੁ ਕਰੇ ਹੋਰੁ ਜਾਤਿ ਗਵਾਏ॥ ਗੁਰੁ ਪੀਰੁ ਸਦਾਏ ਮੰਗਣ ਜਾਇ॥ ਤਾ ਕੈ ਮੂਲਿ ਨ ਲਗੀਐ ਪਾਇ॥ ਘਾਲਿ ਖਾਇ ਕਿਛੁ ਹਥਹੁ ਦੇਇ॥ ਨਾਨਕ ! ਰਾਹੁ ਪਛਾਣਹਿ ਸੇਇ॥ (ਮ:੧/੧੨੪੫)

(3). ਘੱਟ ਖਾਣਾ ਅਤੇ ਘੱਟ ਸੌਣਾ ਵੀ ਲਾਭਕਾਰੀ ਹੈ:-

ਖੰਡਿਤ ਨਿਦ੍ਰਾ ਅਲਪ ਅਹਾਰੰ, ਨਾਨਕ! ਤਤੁ ਬੀਚਾਰੋ॥ (ਮ:੧/੯੩੯)

(4). ਹਮੇਸ਼ਾਂ ਲੰਬੀ/ਦੀਰਘ ਸੋਚ ਜਰੂਰੀ ਹੈ:-

ਆਗਾਹਾ ਕੂ ਤ੍ਰਾਘਿ, ਪਿਛਾ ਫੇਰਿ ਨ ਮੁਹਡੜਾ॥ (ਮ:੫/ ੧੦੯੬)

(5). ਗੰਦੇ ਵਾਤਾਵਰਨ ’ਤੋਂ ਸੁਚੇਤ ਰਹਿਣਾ ਜਰੂਰੀ ਹੈ:-

ਮੇਰੇ ਮੋਹਨ ! ਸ੍ਰਵਨੀ ਇਹ ਨ ਸੁਨਾਏ॥ ਸਾਕਤ ਗੀਤ ਨਾਦ ਧੁਨਿ ਗਾਵਤ, ਬੋਲਤ ਬੋਲ ਅਜਾਏ॥ (ਮ:੫/੮੨੦)

ਵਾਊ ਸੰਦੇ ਕਪੜੇ ਪਹਿਰਹਿ ਗਰਬਿ ਗਵਾਰ॥ ਨਾਨਕ! ਨਾਲਿ ਨ ਚਲਨੀ, ਜਲਿ ਬਲਿ ਹੋਏ ਛਾਰੁ॥ (ਮ:੫/੩੧੮)

(6). ਹਰ ਪ੍ਰਕਾਰ ਦਾ ਨਸ਼ਾ ਨੁਕਸਾਨਦੇਹ ਹੈ:-

ਜਿਤੁ ਪੀਤੈ ਮਤਿ ਦੂਰਿ ਹੋਇ ਬਰਲੁ ਪਵੈ ਵਿਚਿ ਆਇ॥…..ਝੂਠਾ ਮਦੁ ਮੂਲਿ ਨ ਪੀਚਈ, ਜੇ ਕਾ ਪਾਰਿ ਵਸਾਇ॥ (ਮ:੩/੫੫੪)

(7). ਔਰਤ ਨੂੰ ਬਰਾਬਰ ਦੇ ਅਧਿਕਾਰ ਜਰੂਰੀ ਹੈ:-

ਭੰਡਿ ਜੰਮੀਐ ਭੰਡਿ ਨਿੰਮੀਐ, ਭੰਡਿ ਮੰਗਣੁ ਵੀਆਹੁ॥ ਭੰਡਹੁ ਹੋਵੈ ਦੋਸਤੀ, ਭੰਡਹੁ ਚਲੈ ਰਾਹੁ॥ ਭੰਡੁ ਮੁਆ, ਭੰਡੁ ਭਾਲੀਐ, ਭੰਡਿ ਹੋਵੈ ਬੰਧਾਨੁ॥ ਸੋ ਕਿਉ ਮੰਦਾ ਆਖੀਐ, ਜਿਤੁ ਜੰਮਹਿ ਰਾਜਾਨ॥ (ਮ:੧/੪੭੩)

(8). ਬੇ ਸਹਾਰਿਆਂ ਦੀ ਸੇਵਾ ਵੀ ਜਿੰਦਗੀ ਦਾ ਮੁੱਢਲਾ ਫਰਜ਼ ਹੈ:-

ਪਰਉਪਕਾਰੁ ਨਿਤ ਚਿਤਵਤੇ, ਨਾਹੀ ਕਛੁ ਪੋਚ॥ (ਮ:੫/੮੧੫)

ਵਿਦਿਆ ਵੀਚਾਰੀ ਤਾਂ, ਪਰਉਪਕਾਰੀ॥ (ਮ:੧/੩੫੬)

(9). ਗੁਰੂ ਦੀ ਗੋਲਕ ਗ਼ਰੀਬ ਦਾ ਮੂੰਹ:-

ਗਰੀਬਾ ਉਪਰਿ, ਜਿ ਖਿੰਜੈ ਦਾੜੀ॥ ਪਾਰਬ੍ਰਹਮਿ, ਸਾ ਅਗਨਿ ਮਹਿ ਸਾੜੀ॥ (ਮ:੫/੧੯੯)

(10). ਪਰਉਪਕਾਰ ਲਈ ਪ੍ਰੇਮ ਜਰੂਰੀ ਹੈ:-

ਅੰਦਰੁ ਖਾਲੀ ਪ੍ਰੇਮ ਬਿਨੁ, ਢਹਿ ਢੇਰੀ ਤਨੁ ਛਾਰੁ॥ (ਮ:੧/੬੨)

ਜਿਸ ਨੋ ਆਇਆ ਪ੍ਰੇਮ ਰਸੁ, ਤਿਸੈ ਹੀ ਜਰਣੇ॥ (ਮ:੫/੩੨੦)

ਹਿਚਹਿ, ਤ ਪ੍ਰੇਮ ਕੈ ਚਾਬੁਕ ਮਾਰਉ॥ (ਭਗਤ ਕਬੀਰ/੩੨੯)

(11). ਚੰਗਾ ਲੀਡਰ ਵੀ ਜਰੂਰੀ ਹੈ:-

ਅੰਧਾ ਆਗੂ ਜੇ ਥੀਐ, ਕਿਉ ਪਾਧਰੁ ਜਾਣੈ॥ (ਮ:੧/੭੬੭)

ਰਾਜੇ ਸੀਹ ਮੁਕਦਮ ਕੁਤੇ॥ ਜਾਇ ਜਗਾਇਨ੍ਹਿ ਬੈਠੇ ਸੁਤੇ॥ ਚਾਕਰ ਨਹਦਾ ਪਾਇਨ੍ਹਿ ਘਾਉ॥ ਰਤੁ ਪਿਤੁ ਕੁਤਿਹੋ ਚਟਿ ਜਾਹੁ॥ (ਮ:੧/੧੨੮੮)

ਫਾਂਧੀ ਲਗੀ ਜਾਤਿ ਫਹਾਇਨਿ, ਅਗੈ ਨਾਹੀ ਥਾਉ॥ (ਮ:੧/੧੨੮੮) (ਭਾਵ ਸੁਆਰਥੀ ਲੀਡਰ ਆਪਣੇ ਕਬੀਲੇ ਨੂੰ ਵੀ ਹਿਰਨ ਦੀ ਤਰ੍ਹਾਂ ਵੇਚ, ਕੈਦ ਕਰਵਾ ਦੇਂਦਾ ਹੈ)

(12). ਵਿਕਾਰਾਂ ਨੂੰ ਕਾਬੂ ’ਚ ਰੱਖ ਕੇ ਹੀ ਇਨਸਾਨੀਅਤ ਕਮਾਈ ਜਾ ਸਕਦੀ ਹੈ:-

ਮਾਰੇ ਪੰਚ ਬਿਖਾਦੀਆ ॥ ਗੁਰ ਕਿਰਪਾ ਤੇ ਦਲੁ ਸਾਧਿਆ॥ (ਮ:੫/੨੧੦)

ਰਾਜੁ ਮਾਲੁ ਰੂਪੁ ਜਾਤਿ ਜੋਬਨੁ ਪੰਜੇ ਠਗ॥ (ਮ:੧/੧੨੮੮)

ਅਸਤਿ ਚਰਮ ਬਿਸਟਾ ਕੇ ਮੂੰਦੇ, ਦੁਰਗੰਧ ਹੀ ਕੇ ਬੇਢੇ॥ (ਭਗਤ ਕਬੀਰ/੧੧੨੪)

ਲੈ ਫਾਹੇ ਰਾਤੀ ਤੁਰਹਿ ਪ੍ਰਭੁ ਜਾਣੈ ਪ੍ਰਾਣੀ॥ ਤਕਹਿ ਨਾਰਿ ਪਰਾਈਆ, ਲੁਕਿ ਅੰਦਰਿ ਠਾਣੀ॥ ਸੰਨ੍ਹੀ ਦੇਨ੍ਹਿ ਵਿਖੰਮ ਥਾਇ, ਮਿਠਾ ਮਦੁ ਮਾਣੀ॥ (ਮ:੪/ ੩੧੫)

(13). ਕੁਝ ਧਾਰਮਿਕ ਰੁਚੀ ਵੀ ਜਰੂਰੀ ਹੁੰਦੀ ਹੈ:-

ਫਰੀਦਾ ! ਬੇ ਨਿਵਾਜਾ ਕੁਤਿਆ ! ਏਹ ਨ ਭਲੀ ਰੀਤਿ॥ (ਭਗਤ ਫਰੀਦ/੧੩੮੧), ਆਦਿ।

(ਨੋਟ-ਉਪਰੋਕਤ ਬਿਆਨ ਕੀਤੇ ਗਏ ਬੰਦਗੀ ਮਾਤ੍ਰ ਸੰਕੇਤਾਂ ਦਾ ਵਿਰੋਧ ਕੋਈ ਵੀ ਜਾਗਰੂਕ ਵਿਅਕਤੀ ਨਹੀਂ ਕਰ ਸਕਦਾ ਬੇਸ਼ੱਕ ਕੋਈ ਆਸਤਕ ਹੈ ਜਾਂ ਨਾਸਤਕ, ਕਰਮਕਾਂਡੀ ਹੈ ਜਾਂ ਤਰਕਸ਼ੀਲ ਆਦਿ।)

(ਭਾਗ ਨੰ. 2).ਅਧੂਰੀਆਂ ਜਾਂ ਲਾਭ ਰਹਿਤ ਮੰਨਤਾਂ ਦੇ ਅਧਾਰ ’ਤੇ:-

(ਨੋਟ– ਹੇਠਾਂ ਦਿੱਤੇ ਜਾ ਰਹੇ ਗੁਰੂ ਉਪਦੇਸ਼ਾਂ ਦਾ ਵਿਰੋਧ ਕਰਮਕਾਂਡੀ ਵਰਗ ਕਰੇਗਾ ਜਦਕਿ ਵਿਗਿਆਨ, ਤਰਕਸ਼ੀਲ ਆਦਿ ਮਦਦਗਾਰ ਬਣਨਗੇ ਕਿਉਂਕਿ ਰੂੜ੍ਹੀਵਾਦੀ ਸਮਾਜ ਬਦਲਾਵ ਨਹੀਂ ਚਾਹੁੰਦਾ ਹੈ।)

(1). ਜਾਤ-ਪਾਤ ਸਮਾਜ ਲਈ ਕਲੰਕ ਹੈ:-

ਜਾਣਹੁ ਜੋਤਿ, ਨ ਪੂਛਹੁ ਜਾਤੀ, ਆਗੈ ਜਾਤਿ ਨ ਹੇ॥ (ਮ:੧/੩੪੯)

ਅਗੈ ਜਾਤਿ ਨ ਜੋਰੁ ਹੈ, ਅਗੈ ਜੀਉ ਨਵੇ॥ (ਮ:੧/੪੬੯)

ਜਾਤਿ ਕਾ ਗਰਬੁ, ਨ ਕਰੀਅਹੁ ਕੋਈ॥ (ਮ:੩/੧੧੨੭)

ਜਾਤਿ ਕਾ ਗਰਬੁ, ਨ ਕਰਿ ਮੂਰਖ ਗਵਾਰਾ॥ (ਮ:੩/੧੧੨੭)

ਸਾ ਜਾਤਿ ਸਾ ਪਤਿ ਹੈ, ਜੇਹੇ ਕਰਮ ਕਮਾਇ॥ (ਮ:੧/੧੩੩੦)

ਕਬੀਰ ! ਮੇਰੀ ਜਾਤਿ ਕਉ, ਸਭੁ ਕੋ ਹਸਨੇਹਾਰੁ॥ (ਭਗਤ ਕਬੀਰ/੧੩੬੪)

ਨੀਚਾ ਅੰਦਰਿ ਨੀਚ ਜਾਤਿ, ਨੀਚੀ ਹੂ ਅਤਿ ਨੀਚੁ॥ ਨਾਨਕੁ ਤਿਨ ਕੈ ਸੰਗਿ ਸਾਥਿ, ਵਡਿਆ ਸਿਉ ਕਿਆ ਰੀਸ॥ ਜਿਥੈ ਨੀਚ ਸਮਾਲੀਅਨਿ, ਤਿਥੈ ਨਦਰਿ ਤੇਰੀ ਬਖਸੀਸ॥ (ਮ:੧/੧੫)

(2). ਵਹਿਮ-ਭਰਮ ਸਮਾਜ ਦੇ ਵਿਕਸਤ ਹੋਣ ਲਈ ਵੱਡੀ ਰੁਕਾਵਟ ਹੈ:-

ਜਲਿ ਹੈ ਸੂਤਕੁ, ਥਲਿ ਹੈ ਸੂਤਕੁ, ਸੂਤਕ ਓਪਤਿ ਹੋਈ॥ ਜਨਮੇ ਸੂਤਕੁ ਮੂਏ ਫੁਨਿ ਸੂਤਕੁ, ਸੂਤਕ ਪਰਜ ਬਿਗੋਈ॥੧॥ ਕਹੁ ਰੇ ਪੰਡੀਆ! ਕਉਨ ਪਵੀਤਾ॥ ਐਸਾ ਗਿਆਨੁ ਜਪਹੁ, ਮੇਰੇ ਮੀਤਾ॥੧॥ ਰਹਾਉ ॥ ਨੈਨਹੁ ਸੂਤਕੁ, ਬੈਨਹੁ ਸੂਤਕ, ਸੂਤਕੁ ਸ੍ਰਵਨੀ ਹੋਈ॥ ਊਠਤ ਬੈਠਤ ਸੂਤਕੁ ਲਾਗੈ, ਸੂਤਕੁ ਪਰੈ ਰਸੋਈ॥੨॥ ਫਾਸਨ ਕੀ ਬਿਧਿ ਸਭੁ ਕੋਊ ਜਾਨੈ, ਛੂਟਨ ਕੀ ਇਕੁ ਕੋਈ॥ ਕਹਿ ਕਬੀਰ! ਰਾਮੁ ਰਿਦੈ ਬਿਚਾਰੈ, ਸੂਤਕੁ ਤਿਨੈ ਨ ਹੋਈ॥ (ਭਗਤ ਕਬੀਰ/੩੩੧)

(3). ਜੰਤ੍ਰ, ਮੰਤ੍ਰ ਅਤੇ ਤੰਤ੍ਰ ਮਨੁੱਖ ਦੇ ਬਿਬੇਕ ਨੂੰ ਮਾਰ ਦਿੰਦੇ ਹਨ:-

ਤੰਤੁ ਮੰਤੁ ਪਾਖੰਡੁ ਨ ਜਾਣਾ, ਰਾਮੁ ਰਿਦੈ ਮਨੁ ਮਾਨਿਆ॥ (ਮ:੧/੭੬੬)

ਤੰਤੁ ਮੰਤੁ ਨਹ ਜੋਹਈ, ਤਿਤੁ ਚਾਖੁ ਨ ਲਾਗੈ॥ (ਮ:੫/੮੧੮)

ਤੰਤੁ ਮੰਤੁ ਪਾਖੰਡੁ ਨ ਕੋਈ, ਨਾ ਕੋ ਵੰਸੁ ਵਜਾਇਦਾ॥ (ਮ:੧/੧੦੩੫)

(4). ਬ੍ਰਤ ਰੱਖਣਾ ਔਰਤ ਦੀ ਅਜ਼ਾਦੀ ਲਈ ਵੱਡੀ ਰੁਕਾਵਟ ਹੈ:-

ਛੋਡਹਿ ਅੰਨੁ ਕਰਹਿ ਪਾਖੰਡ॥ ਨਾ ਸੋਹਾਗਨਿ ਨਾ ਓਹਿ ਰੰਡ॥ (ਭਗਤ ਕਬੀਰ/੮੭੩)

ਵਰਤ ਨ ਰਹਉ ਨ ਮਹ ਰਮਦਾਨਾ॥ ਤਿਸੁ ਸੇਵੀ ਜੋ ਰਖੈ ਨਿਦਾਨਾ॥ (ਮ:੫/੧੧੩੬)

ਬੋਲਿ ਸੁਧਰਮੀੜਿਆ ! ਮੋਨਿ ਕਤ ਧਾਰੀ ਰਾਮ॥ (ਮ:੫/੫੪੭)

(ਮੋਨ ਬ੍ਰਤ ਲਈ ਡਾਕਟਰਾਂ ਨੇ ਅੰਨਾ ਹਜਾਰੇ ਨੂੰ ਮਨ੍ਹਾ ਕੀਤਾ ਸੀ ਕਿਉਂਕਿ ਇਉਂ ਕੀਤਿਆਂ ਸਰੀਰਕ ਰੋਗ ਵਧ ਰਹੇ ਸਨ।)

(5). ਤਾਰਿਆਂ ਦਾ ਪ੍ਰਭਾਵ ਅੰਧਵਿਸਵਾਸ਼ ਹੈ:-

ਗਰਹ ਨਿਵਾਰੇ ਸਤਿਗੁਰੂ, ਦੇ ਅਪਣਾ ਨਾਉ॥ (ਮ:੫/੪੦੦)

(6). ਅਹੰਕਾਰ ਆਪਸੀ ਪ੍ਰੇਮ ਲਈ ਰੁਕਾਵਟ ਹੈ:-

ਮੁਸਲਮਾਣੁ ਕਹਾਵਣੁ ਮੁਸਕਲੁ, ਜਾ ਹੋਇ ਤਾ ਮੁਸਲਮਾਣੁ ਕਹਾਵੈ॥ (ਮ:੧/੧੪੧)

ਮੁਸਲਮਾਣੁ, ਮੋਮ ਦਿਲਿ ਹੋਵੈ॥ (ਮ:੫/੧੦੮੪)

ਦਖਨ ਦੇਸਿ ਹਰੀ ਕਾ ਬਾਸਾ, ਪਛਿਮਿ ਅਲਹ ਮੁਕਾਮਾ॥ ਦਿਲ ਮਹਿ ਖੋਜਿ, ਦਿਲੈ ਦਿਲਿ ਖੋਜਹੁ, ਏਹੀ ਠਉਰ ਮੁਕਾਮਾ॥ (ਭਗਤ ਕਬੀਰ/੧੩੪੯)

(7). ਵਿਖਾਵੇ ਦੇ ਧਾਰਮਿਕ ਕਰਮ ਆਪਣੇ ਆਪ ਲਈ ਅਤੇ ਸਮਾਜ ਲਈ ਧੋਖਾ ਹੈ:-

ਪਾਖੰਡਿ, ਜਮਕਾਲੁ ਨ ਛੋਡਈ, ਲੈ ਜਾਸੀ ਪਤਿ ਗਵਾਇ॥ (ਮ:੩/੫੮੭)

ਪਾਖੰਡਿ, ਭਗਤਿ ਨ ਹੋਵਈ, ਪਾਰਬ੍ਰਹਮੁ ਨ ਪਾਇਆ ਜਾਇ॥ (ਮ:੩/੮੪੯)

ਵਰਤ ਨੇਮੁ ਸੁਚ ਸੰਜਮੁ ਪੂਜਾ, ਪਾਖੰਡਿ ਭਰਮੁ ਨ ਜਾਇ॥ (ਮ:੪/੧੪੨੩)

ਮਾਥੇ ਤਿਲਕੁ ਹਥਿ ਮਾਲਾ ਬਾਨਾਂ॥ ਲੋਗਨ ਰਾਮੁ ਖਿਲਉਨਾ ਜਾਨਾਂ॥ (ਭਗਤ ਕਬੀਰ/੧੧੫੮)

ਕਾਦੀ ਕੂੜੁ ਬੋਲਿ, ਮਲੁ ਖਾਇ॥ ਬ੍ਰਾਹਮਣੁ ਨਾਵੈ ਜੀਆ ਘਾਇ॥ ਜੋਗੀ ਜੁਗਤਿ ਨ ਜਾਣੈ ਅੰਧੁ॥ ਤੀਨੇ ਓਜਾੜੇ ਕਾ ਬੰਧੁ॥ (ਮ:੧/੬੬੨)

ਬਾਰਹ ਮਹਿ ਰਾਵਲ ਖਪਿ ਜਾਵਹਿ, ਚਹੁ ਛਿਅ ਮਹਿ ਸੰਨਿਆਸੀ॥ ਜੋਗੀ ਕਾਪੜੀਆ ਸਿਰਖੂਥੇ, ਬਿਨੁ ਸਬਦੈ ਗਲਿ ਫਾਸੀ॥ (ਮ:੧/੧੩੩੨)

ਭੈਰਉ ਭੂਤ ਸੀਤਲਾ ਧਾਵੈ॥ ਖਰ ਬਾਹਨੁ ਉਹੁ ਛਾਰੁ ਉਡਾਵੈ॥ (ਭਗਤ ਨਾਮਦੇਵ/੮੭੪)

ਕਿਆ ਨਾਗੇ ਕਿਆ ਬਾਧੇ ਚਾਮ॥ (ਭਗਤ ਕਬੀਰ/੩੨੪)

ਇਨ ਬਿਧਿ ਨਾਗੇ ਜੋਗੁ ਨਾਹਿ॥ (ਮ:੧/੧੧੮੯)

ਬੈਸਨੋ ਨਾਮੁ ਕਰਮ ਹਉ ਜੁਗਤਾ, ਤੁਹ ਕੁਟੇ, ਕਿਆ ਫਲੁ ਪਾਵੈ॥ (ਮ:੫/੯੬੦)

ਕਬੀਰ! ਬੈਸਨੋ ਹੂਆ ਤ ਕਿਆ ਭਇਆ, ਮਾਲਾ ਮੇਲੀਂ ਚਾਰਿ॥ (ਭਗਤ ਕਬੀਰ/੧੩੭੨)

ਮਿਟੀ ਮੁਸਲਮਾਨ ਕੀ, ਪੇੜੈ ਪਈ ਕੁਮਿ੍ਆਰ॥ ਘੜਿ ਭਾਂਡੇ ਇਟਾ ਕੀਆ, ਜਲਦੀ ਕਰੇ ਪੁਕਾਰ॥ (ਮ:੧/੪੬੬)

ਜੋਗੀ ਗੋਰਖੁ ਗੋਰਖੁ ਕਰੈ ॥ ਹਿੰਦੂ ਰਾਮ ਨਾਮੁ ਉਚਰੈ॥ ਮੁਸਲਮਾਨ ਕਾ ਏਕੁ ਖੁਦਾਇ॥ ਕਬੀਰ ਕਾ ਸੁਆਮੀ, ਰਹਿਆ ਸਮਾਇ॥ (ਭਗਤ ਕਬੀਰ/੧੧੬੦)

ਮੁਸਲਮਾਨੀਆ ਪੜਹਿ ਕਤੇਬਾ, ਕਸਟ ਮਹਿ ਕਰਹਿ ਖੁਦਾਇ ਵੇ ਲਾਲੋ॥ (ਮ:੧/੭੨੨)

ਨਾਨਕ! ਜੇ ਸਿਰਖੁਥੇ ਨਾਵਨਿ ਨਾਹੀ, ਤਾ ਸਤ ਚਟੇ ਸਿਰਿ ਛਾਈ॥ (ਮ:੧/੧੫੦)

ਰੰਨਾ ਹੋਈਆ ਬੋਧੀਆ, ਪੁਰਸ ਹੋਏ ਸਈਆਦ॥ ਸੀਲੁ ਸੰਜਮੁ ਸੁਚ ਭੰਨੀ, ਖਾਣਾ ਖਾਜੁ ਅਹਾਜੁ॥ ਸਰਮੁ ਗਇਆ ਘਰਿ ਆਪਣੈ, ਪਤਿ ਉਠਿ ਚਲੀ ਨਾਲਿ॥ (ਮ:੧/੧੨੪੩)

ਹੋਰੁ ਫਕੜੁ ਹਿੰਦੂ ਮੁਸਲਮਾਣੈ॥ (ਮ:੧/੯੫੨)

ਹਿੰਦੂ ਅੰਨ੍ਹਾ ਤੁਰਕੂ ਕਾਣਾ॥ (ਭਗਤ ਨਾਮਦੇਵ/੮੭੫)

ਨਾ ਹਮ ਹਿੰਦੂ ਨ ਮੁਸਲਮਾਨ॥ ਅਲਹ ਰਾਮ ਕੇ ਪਿੰਡੁ ਪਰਾਨ॥ (ਮ:੫/੧੧੩੬)

ਸਚੁ ਵੇਖਣੁ ਸਚੁ ਬੋਲਣਾ, ਤਨੁ ਮਨੁ ਸਚਾ ਹੋਇ॥ (ਮ:੩/੬੯)

(8). ਸਰੀਰਕ ਸੁਖ (ਸ਼ਾਂਤੀ) ਦੀ ਬਜਾਏ ਕਲਪਨਿਕ ਨਗਰੀ ਦਾ ਲਾਲਚ ਮਨੁੱਖਾ ਜਿੰਦਗੀ ਨੂੰ ਅਜਾਈਂ ਵਿਅਰਥ ਗਵਾਉਣਾ ਹੈ:-

ਕਵਨੁ ਨਰਕੁ ਕਿਆ ਸੁਰਗੁ ਬਿਚਾਰਾ, ਸੰਤਨ ਦੋਊ ਰਾਦੇ॥ (ਭਗਤ ਕਬੀਰ/੯੬੯)

(9). ਮਰਨ ਉਪਰੰਤ ਸਦੀਵੀ ਮੁਕਤੀ ਦੀ ਆਰੰਭਤਾ ਜੀਵਨ ਕਾਲ ’ਚ ਆਪਣੇ ਹੱਥੀਂ ਆਪ ਕਰਨੀ ਹੈ:-

ਬੇਣੀ ਕਹੈ ਸੁਨਹੁ ਰੇ ਭਗਤਹੁ ਮਰਨ ਮੁਕਤਿ ਕਿਨਿ ਪਾਈ॥ (ਭਗਤ ਬੇਣੀ/੯੩)

(10). ਪ੍ਰਭੂ ਜੀ ਦੀ ਬਖ਼ਸ਼ੀ ਜਿੰਦਗੀ ’ਤੇ ਵਿਸ਼ਵਾਸ਼ ਨਾ ਹੋਣਾ, ਮਨੁੱਖਾ ਜੀਵਨ-ਸ਼ਾਂਤੀ ਲਈ ਨੁਕਸਾਨਦੇਹ ਹੈ:-

ਸੁੰਨਤਿ ਕੀਏ ਤੁਰਕੁ ਜੇ ਹੋਇਗਾ, ਅਉਰਤ ਕਾ ਕਿਆ ਕਰੀਐ॥ ਅਰਧ ਸਰੀਰੀ ਨਾਰਿ ਨ ਛੋਡੈ, ਤਾ ਤੇ ਹਿੰਦੂ ਹੀ ਰਹੀਐ॥ (ਭਗਤ ਕਬੀਰ/੪੭੭)

ਨਾਪਾਕ ਪਾਕੁ ਕਰਿ ਹਦੂਰਿ ਹਦੀਸਾ, ਸਾਬਤ ਸੂਰਤਿ ਦਸਤਾਰ ਸਿਰਾ॥ (ਮ:੫/੧੦੮੪)

(11). ਬਾਹਰਲਾ ਇਸਨਾਨ ਕੇਵਲ ਸਰੀਰਕ ਸਫਾਈ ਹੈ ਨਾ ਕਿ ਮਨ ਦੀ ਸ਼ੁੱਧਤਾ ਜਾਂ ਬਦਲਾਵ:-

ਮਨਿ ਮੈਲੈ ਸਭੁ ਕਿਛੁ ਮੈਲਾ ਤਨਿ ਧੋਤੈ ਮਨੁ ਹਛਾ ਨ ਹੋਇ॥ (ਮ:੩/੫੫੮)

ਅਠਸਠਿ ਤੀਰਥ ਦੇਵੀ ਥਾਪੇ ਪੁਰਬੀ ਲਗੈ ਬਾਣੀ॥ (ਮ:੧/੧੫੦)

ਅਠਸਠਿ ਤੀਰਥ ਜੇ ਨਾਵਹਿ ਉਤਰੈ ਨਾਹੀ ਮੈਲੁ॥ (ਮ:੧/੪੭੩)

ਕਾਇ ਕਮੰਡਲੁ ਕਾਪੜੀਆ ਰੇ! ਅਠਸਠਿ ਕਾਇ ਫਿਰਾਹੀ॥ (ਭਗਤ ਤ੍ਰਿਲੋਚਨ/੫੨੬)

ਲਉਕੀ ਅਠਸਠਿ ਤੀਰਥ ਨਵਾਈ॥ (ਭਗਤ ਕਬੀਰ/੬੫੬)

ਅਠਸਠਿ ਤੀਰਥ ਜਹ ਸਾਧ ਪਗ ਧਰਹਿ॥ (ਮ:੫/੮੯੦)

(12). ਆਕਾਰ ਪੂਜਾ ਨਾਲ ਨਿਰਾਕਾਰ ’ਤੋਂ ਦੂਰੀ ਬਣਾਉਣਾ ਜਾਂ ਟੁੱਟ ਜਾਣਾ ਹੈ:-

ਕੀਤੇ ਕਉ ਮੇਰੈ ਸੰਮਾਨੈ, ਕਰਣਹਾਰੁ ਤਿ੍ਰਣੁ ਜਾਨੈ॥ (ਮ:੫/੬੧੩) (ਭਾਵ ਪੈਦਾ ਕੀਤੇ ਆਕਾਰ ਨੂੰ ਲੋਕਾਂ ਨੇ ਮੇਰੂ ਪਰਬਤ ਵਾਂਗ ਵੱਡਾ ਸਮਝ ਲਿਆ ਜਦਕਿ ਜਿਸ ਨਿਰਾਕਾਰ ਪ੍ਰਭੂ ਜੀ ਨੇ ਇਹਨਾਂ ਪੂਜਨੀਕ ਆਕਾਰਾਂ ਨੂੰ ਬਣਾਇਆ ਉਸ ਨੂੰ ਸਮਾਜ ਨੇ ਘਾਹ ਦੇ ਤੀਲੇ ਵਾਂਗ ਮਾਮੂਲੀ ਜਿਹਾ ਹੀ ਸਮਝ ਰੱਖਿਆ ਹੈ।)

ਹਿੰਦੂ ਪੂਜੈ ਦੇਹੁਰਾ, ਮੁਸਲਮਾਣੁ ਮਸੀਤਿ॥ ਨਾਮੇ ਸੋਈ ਸੇਵਿਆ, ਜਹ ਦੇਹੁਰਾ ਨ ਮਸੀਤਿ॥ (ਭਗਤ ਨਾਮਦੇਵ/੮੭੫)

ਸੋ ਮੁਖੁ ਜਲਉ, ਜਿਤੁ ਕਹਹਿ ਠਾਕੁਰੁ ਜੋਨੀ॥ (ਮ:੫/੧੧੩੬)

ਦੁਰਗਾ ਕੋਟਿ, ਜਾ ਕੈ ਮਰਦਨੁ ਕਰੈ॥ (ਭਗਤ ਕਬੀਰ/੧੧੬੨)

ਕੋਟਿ ਤੇਤੀਸਾ ਦੇਵਤੇ, ਸਣੁ ਇੰਦ੍ਰੈ ਜਾਸੀ॥ (ਮ:੫/੧੧੦੦), ਆਦਿ।

(ਭਾਗ ਨੰ. 3). ਵਿਗਿਆਨਕ ਸੋਚ ਦੇ ਅਧਾਰ ’ਤੇ:-

(1). ਨੋਟ-ਇਸ ਵਿਸ਼ੇ ਨੂੰ ਸਮਝਣ ਲਈ ਇਸ ਦਾ ਪਹਿਲਾ ਭਾਗ ‘ਵਿਆਪਕ ਜੋਤਿ’ ਨੂੰ ਵਿਸਥਾਰ ਨਾਲ ਵੀਚਾਰਨਾ ਜਰੂਰੀ ਹੈ ਕਿਉਂਕਿ ਕੁਝ ਸੱਜਣ ਪ੍ਰਮਾਤਮਾ ਦੀ ਸਰਬ ਵਿਆਪਕਤਾ ਨੂੰ ਤੱਤ (ਅੱਗ, ਪਾਣੀ, ਹਵਾ, ਧਰਤੀ ਅਤੇ ਆਕਾਸ) ਰੂਪ ’ਚ ਮੰਨਦੇ ਹਨ ਜਿਸ ਕਾਰਨ ਪ੍ਰਮਾਤਮਾ ਅਦ੍ਰਿਸ਼ ਸ਼ਕਤੀ ਨਾ ਹੋ ਕੇ ਸਿਸਟਮ ਰੂਪ ’ਚ ਪ੍ਰਚਾਰਨਾ ਆਰੰਭ ਕਰ ਦਿੱਤਾ ਗਿਆ ਹੈ। ਜਦਕਿ ਗੁਰੂ ਗ੍ਰੰਥ ਸਾਹਿਬ ਜੀ ਦਾ ਆਰੰਭਕ ਵਾਕ ਹੀ ਇਉਂ ਹੈ-ਆਦਿ ਸਚੁ ਜੁਗਾਦਿ ਸਚੁ ॥ ਹੈ ਭੀ ਸਚੁ ਨਾਨਕ! ਹੋਸੀ ਭੀ ਸਚੁ ॥੧॥ ਜਪੁ (ਮ:੧/ਅੰਗ ੧) ਜਿਸ ਦੇ ਭਾਗ ‘ਆਦਿ, ਜੁਗਾਦਿ ਸਚੁ ਅਤੇ ਹੋਸੀ ਭੀ ਸਚੁ’ ’ਤੋਂ ਇਲਾਵਾ ਕੇਵਲ ‘ਹੈ ਭੀ ਸਚੁ’ ਨੂੰ ਵੀਚਾਰਿਆਂ ਇਉਂ ਮਾਲੂਮ ਜਾਪਦਾ ਹੈ:-

ਪੰਚ ਤਤ ਰਚਿ, ਜੋਤਿ ਨਿਵਾਜਿਆ॥ (ਮ:੫/੧੩੩੭) (ਭਾਵ ਪੰਜ ਤੱਤ ਅਲੱਗ ਹਨ ਅਤੇ ਜੋਤ ਅਲੱਗ ਹੈ।)

ਮਨ ਮਹਿ ਜੋਤਿ, ਜੋਤਿ ਮਹਿ ਮਨੂਆ, ਪੰਚ ਮਿਲੇ ਗੁਰ ਭਾਈ॥ (ਮ:੧/ਅੰਗ ੮੭੯) (ਭਾਵ ਮਨ ਅਤੇ ਜੋਤ ਅਲੱਗ-ਅਲੱਗ ਹੈ।)

ਮਾਟੀ ਮਹਿ, ਜੋਤਿ ਰਖੀ ਨਿਵਾਜਿ॥ (ਮ:੫/੮੬੨) (ਭਾਵ ਸਰੀਰਕ ਹੋਂਦ, ਪੰਜ ਤੱਤ ਅਲੱਗ ਹੈ ਅਤੇ ਜੋਤ ਅਲੱਗ ਹੈ।)

ਮਨੁ ਤਨੁ ਮੈਲਾ, ਵਿਚਿ ਜੋਤਿ ਅਪਾਰਾ॥ (ਮ:੩/੧੦੫੩) (ਭਾਵ ਮਨ, ਤਨ ਅਤੇ ਜੋਤ ਅਲੱਗ-ਅਲੱਗ ਹੈ।)

ਹਭ ਸਮਾਣੀ ਜੋਤਿ, ਜਿਉ ਜਲ ਘਟਾਊ ਚੰਦ੍ਰਮਾ॥ (ਮ:੫/੧੦੯੯) (ਭਾਵ ਜਿਵੇਂ ਘੜੇ ’ਚ ਪਏ ਪਾਣੀ ’ਚ ਚੰਦ ਵਿਖਾਈ ਦੇਂਦੇ ਹੈ ਉਸ ਤਰ੍ਹਾਂ ਪੰਜ ਤੱਤਾਂ ਦੇ ਸਰੀਰਕ ’ਚ ਜੋਤ ਅਲੱਗ ਵਿਖਾਈ ਦੇਂਦੀ ਹੈ।)

ਕਾਚੇ ਭਾਡੇ ਸਾਜਿ ਨਿਵਾਜੇ, ਅੰਤਰਿ ਜੋਤਿ ਸਮਾਈ॥ (ਮ:੫/੮੮੨)

ਏ ਸਰੀਰਾ ਮੇਰਿਆ! ਹਰਿ ਤੁਮ ਮਹਿ ਜੋਤਿ ਰਖੀ, ਤਾ ਤੂ ਜਗ ਮਹਿ ਆਇਆ॥ (ਮ:੩/੯੨੧)

ਇਹੁ ਸਰੀਰੁ ਸਭੁ ਧਰਮੁ ਹੈ, ਜਿਸੁ ਅੰਦਰਿ ਸਚੇ ਕੀ ਵਿਚਿ ਜੋਤਿ॥ (ਮ:੪/੩੦੯)

ਕਹੈ ਨਾਨਕੁ ਸ੍ਰਿਸਟਿ ਕਾ ਮੂਲੁ ਰਚਿਆ, ਜੋਤਿ ਰਾਖੀ ਤਾ ਤੂ ਜਗ ਮਹਿ ਆਇਆ॥ (ਮ:੩/੯੨੧)

ਏਕਾ ਮਾਟੀ ਏਕਾ ਜੋਤਿ॥ (ਮ:੫/੧੮੮)

ਜੋਤਿ ਦਾਤਿ ਜੇਤੀ ਸਭ ਤੇਰੀ, ਤੂ ਕਰਤਾ ਸਭ ਠਾਈ ਹੇ॥ (ਮ:੧/੧੦੨੨)

ਜੀਅ ਕੀ ਜੋਤਿ ਨ ਜਾਨੈ ਕੋਈ॥ (ਭਗਤ ਨਾਮਦੇਵ/੧੩੫੧) (ਭਾਵ ਅੰਦਰੂਨੀ ਜੋਤ ਦੀ ਸਮਝ ਦੁਨਿਆਵੀ ਜੀਵ ਨਹੀਂ ਸਮਝਦਾ ਹੈ। )

ਅਗਨਿ ਪਾਣੀ ਜੀਉ ਜੋਤਿ ਤੁਮਾਰੀ! ਸੁੰਨੇ ਕਲਾ ਰਹਾਇਦਾ॥ (ਮ:੧/੧੦੩੭)

ਜੋਤਿ ਓਹਾ, ਜੁਗਤਿ ਸਾਇ, ਸਹਿ ਕਾਇਆ ਫੇਰਿ ਪਲਟੀਐ॥ (ਬਲਵੰਡ ਸਤਾ/੯੬੬) (ਭਾਵ ਗੁਰੂ ਨਾਨਕ ਦੇਵ ਜੀ ਅਤੇ ਗੁਰੂ ਅੰਗਦ ਦੇਵ ਜੀ ਦੀ ਨਿਰਮਲ ਜੋਤ ਅਤੇ ਜੁਗਤੀ ਇੱਕ ਸਮਾਨ ਸੀ।)

ਜੋਤਿ ਸਮਾਣੀ ਜੋਤਿ ਮਾਹਿ, ਆਪੁ ਆਪੈ ਸੇਤੀ ਮਿਕਿਓਨੁ॥ (ਬਲਵੰਡ ਸਤਾ/੯੬੭)

ਰਾਮਦਾਸਿ ਗੁਰੂ ਜਗ ਤਾਰਨ ਕਉ, ਗੁਰ ਜੋਤਿ ਅਰਜੁਨ ਮਾਹਿ ਧਰੀ॥ (ਭਟ ਮਥੁਰਾ/੧੪੦੯)

ਨਾ ਇਹੁ ਮਾਨਸੁ, ਨਾ ਇਹੁ ਦੇਉ॥ ਨਾ ਇਹੁ ਜਤੀ ਕਹਾਵੈ ਸੇਉ॥ ਨਾ ਇਹੁ ਜੋਗੀ, ਨਾ ਅਵਧੂਤਾ॥ ਨਾ ਇਸੁ ਮਾਇ, ਨ ਕਾਹੂ ਪੂਤਾ॥੧॥ ਇਆ ਮੰਦਰ ਮਹਿ ਕੌਨ ਬਸਾਈ॥ ਤਾ ਕਾ ਅੰਤੁ ਨ ਕੋਊ ਪਾਈ॥੧॥ ਰਹਾਉ ॥ ਨਾ ਇਹੁ ਗਿਰਹੀ, ਨਾ ਓਦਾਸੀ॥ ਨਾ ਇਹੁ ਰਾਜ, ਨ ਭੀਖ ਮੰਗਾਸੀ॥ ਨਾ ਇਸੁ ਪਿੰਡੁ, ਨ ਰਕਤੂ ਰਾਤੀ॥ ਨਾ ਇਹੁ ਬ੍ਰਹਮਨੁ, ਨਾ ਇਹੁ ਖਾਤੀ॥੨॥ ਨਾ ਇਹੁ ਤਪਾ ਕਹਾਵੈ ਸੇਖੁ॥ ਨਾ ਇਹੁ ਜੀਵੈ, ਨ ਮਰਤਾ ਦੇਖੁ॥ ਇਸੁ ਮਰਤੇ ਕਉ ਜੇ ਕੋਊ ਰੋਵੈ॥ ਜੋ ਰੋਵੈ ਸੋਈ ਪਤਿ ਖੋਵੈ॥੩॥ ਗੁਰ ਪ੍ਰਸਾਦਿ ਮੈ ਡਗਰੋ ਪਾਇਆ॥ ਜੀਵਨ ਮਰਨੁ ਦੋਊ ਮਿਟਵਾਇਆ॥ ਕਹੁ ਕਬੀਰ! ਇਹੁ ਰਾਮ ਕੀ ਅੰਸੁ॥ ਜਸ ਕਾਗਦ ਪਰ ਮਿਟੈ ਨ ਮੰਸੁ॥ (ਭਗਤ ਕਬੀਰ/੮੭੧)

(2). ਇਸ ਜੋਤ ਰੂਪ ’ਚ ਹੀ ਪ੍ਰਮਾਤਮਾ ਨੂੰ ਵਿਆਪਕ ਵੇਖਣ ਦਾ ਉਪਦੇਸ਼ ਗੁਰੂ ਜੀ ਕਰ ਰਹੇ ਹਨ:-

ਏਕ ਅਨੇਕ ਬਿਆਪਕ ਪੂਰਕ, ਜਤ ਦੇਖਉ ਤਤ ਸੋਈ॥ (ਭਗਤ ਨਾਮਦੇਵ/੪੮੫)

ਬਿਆਪਿਕ ਰਾਮ ਸਗਲ ਸਾਮਾਨ॥ (ਭਗਤ ਕਬੀਰ/੩੪੪)

ਸਰਬ ਬਿਆਪਿਕ ਅੰਤਰ ਹਰੀ॥ (ਭਗਤ ਨਾਮਦੇਵ/੧੨੯੨)

ਸਭ ਮਹਿ ਜੋਤਿ, ਜੋਤਿ ਹੈ ਸੋਇ॥ (ਮ:੧/੧੩)

ਜਲ ਤੇ ਤ੍ਰਿਭਵਣੁ ਸਾਜਿਆ, ਘਟਿ ਘਟਿ ਜੋਤਿ ਸਮੋਇ॥ (ਮ:੧/੧੯)

ਘਟਿ ਘਟਿ ਜੋਤਿ ਨਿਰੰਤਰੀ, ਬੂਝੈ ਗੁਰਮਤਿ ਸਾਰੁ॥ (ਮ:੧/੨੦)

ਜੋਤਿ ਨਿਰੰਤਰਿ ਜਾਣੀਐ, ਨਾਨਕ! ਸਹਜਿ ਸੁਭਾਇ॥ (ਮ:੧/੫੫)

ਸਭ ਏਕਾ ਜੋਤਿ, ਜਾਣੈ ਜੇ ਕੋਈ॥ (ਮ:੩/੧੨੦)

ਨਿਰਮਲ ਜੋਤਿ, ਸਭ ਮਾਹਿ ਸਮਾਣੀ॥ (ਮ:੩/੧੨੧)

ਸਭ ਇਕਾ ਜੋਤਿ ਵਰਤੈ ਭਿਨਿ ਭਿਨਿ, ਨ ਰਲਈ ਕਿਸੈ ਦੀ ਰਲਾਈਆ॥ (ਮ:੪/੯੬)

ਏਕਾ ਜੋਤਿ, ਜੋਤਿ ਹੈ ਸਰੀਰਾ॥ (ਮ:੩/੧੨੫)

ਜਿਚਰੁ ਤੇਰੀ ਜੋਤਿ, ਤਿਚਰੁ ਜੋਤੀ ਵਿਚਿ ਤੂੰ ਬੋਲਹਿ, ਵਿਣੁ ਜੋਤੀ, ਕੋਈ ਕਿਛੁ ਕਰਿਹੁ ਦਿਖਾ, ਸਿਆਣੀਐ॥ (ਮ:੨/੧੩੮)

ਪ੍ਰਭ ਕੀ ਜੋਤਿ, ਸਗਲ ਘਟ ਸੋਹੈ॥ (ਮ:੫/੨੮)

ਸਰਬ ਜੋਤਿ ਮਹਿ, ਜਾ ਕੀ ਜੋਤਿ॥ (ਮ:੫/੨੯੪)

ਜਾਣਹੁ ਜੋਤਿ, ਨ ਪੂਛਹੁ ਜਾਤੀ, ਆਗੈ ਜਾਤਿ ਨ ਹੇ॥ (ਮ:੧/੩੪੯)

ਸਰਬ ਜੋਤਿ ਪੂਰਨ ਭਗਵਾਨੁ॥ (ਮ:੧/੩੫੨)

ਤ੍ਰਿਭਵਣ ਮਹਿ ਜੋਤਿ, ਤ੍ਰਿਭਵਣ ਮਹਿ ਜਾਣਿਆ॥ (ਮ:੧/੩੫੨)

ਜੋਤੀ ਜੋਤਿ ਮਿਲਾਵਣਹਾਰਾ॥ (ਮ:੧/੪੧੧)

ਮਨ ! ਤੂੰ ਜੋਤਿ ਸਰੂਪੁ ਹੈ, ਆਪਣਾ ਮੂਲੁ ਪਛਾਣੁ॥ (ਮ:੩/੪੪੧)

ਇਕਤੁ ਸੂਤਿ ਪਰੋਇ, ਜੋਤਿ ਸੰਜਾਰੀਐ॥ (ਮ:੫/੫੧੮)

ਜਹ ਜਹ ਦੇਖਾ, ਤਹ ਜੋਤਿ ਤੁਮਾਰੀ, ਤੇਰਾ ਰੂਪੁ ਕਿਨੇਹਾ॥ (ਮ:੧/੫੯੬)

ਊਚ ਨੀਚ ਮਹਿ ਜੋਤਿ ਸਮਾਣੀ, ਘਟਿ ਘਟਿ ਮਾਧਉ ਜੀਆ॥ (ਮ:੫/੬੧੭)

ਜਬ ਲਗੁ ਜੋਤਿ, ਕਾਇਆ ਮਹਿ ਬਰਤੈ, ਆਪਾ ਪਸੂ ਨ ਬੂਝੈ॥ (ਭਗਤ ਕਬੀਰ/੬੯੨)

ਜਬ ਅਪੁਨੀ ਜੋਤਿ ਖਿੰਚਹਿ ਤੂ ਸੁਆਮੀ! ਤਬ ਕੋਈ ਕਰਉ ਦਿਖਾ, ਵਖਿਆਨਾ॥ (ਮ:੩/੭੯੭)

ਸੁਣਿ ਸੁਣਿ ਮਾਨੈ, ਵੇਖੈ ਜੋਤਿ॥ (ਮ:੧/੮੩੧) ਘਟ ਘਟ ਅੰਤਰਿ, ਜਿਸ ਕੀ ਜੋਤਿ ਸਮਾਨੀ॥ (ਮ:੩/੮੩੨)

ਰਾਮ ਨਾਮੁ ਹੈ ਜੋਤਿ ਸਬਾਈ, ਗੁਰਮੁਖਿ ਆਪੇ ਅਲਖੁ ਲਖਈਆ॥ (ਮ:੪/੮੩੩)

ਜੋਤੀ ਜੋਤਿ ਰਲੀ, ਸੰਪੂਰਨੁ ਥੀਆ ਰਾਮ॥ (ਮ:੫/੮੪੬)

ਮੂਰਖੁ ਸਿਆਣਾ ਏਕੁ ਹੈ, ਏਕ ਜੋਤਿ ਦੁਇ ਨਾਉ॥ (ਮ:੧/੧੦੧੫)

ਸਰਬ ਜੀਆ ਜਗਿ ਜੋਤਿ ਤੁਮਾਰੀ! ਜੈਸੀ ਪ੍ਰਭਿ ਫੁਰਮਾਈ ਹੇ॥ (ਮ:੧/੧੦੨੧)

ਤ੍ਰਿਭਵਣ ਜੋਤਿ ਧਰੀ ਪਰਮੇਸਰਿ, ਅਵਰੁ ਨ ਦੂਜਾ ਭਾਈ ਹੇ॥ (ਮ:੧/੧੦੨੪)

ਸਰਬ ਜੋਤਿ ਤੇਰੀ, ਪਸਰਿ ਰਹੀ॥ (ਮ:੧/੮੭੬)

ਅੰਡਜ ਜੇਰਜ ਸੇਤਜ ਉਤਭੁਜ, ਘਟਿ ਘਟਿ ਜੋਤਿ ਸਮਾਣੀ॥ (ਮ:੧/੧੧੦੯)

ਜਿਉ ਪਸਰੀ ਸੂਰਜ ਕਿਰਣਿ ਜੋਤਿ॥ (ਮ:੪/੧੧੭੭)

ਸਭ ਜੋਤਿ ਤੇਰੀ, ਜਗਜੀਵਨਾ ! ਤੂ ਘਟਿ ਘਟਿ ਹਰਿ ਰੰਗ ਰੰਗਨਾ॥ (ਮ:੪/੧੩੧੩)

ਸਭ ਤੇਰੀ ਜੋਤਿ, ਜੋਤੀ ਵਿਚਿ ਵਰਤਹਿ, ਗੁਰਮਤੀ ਤੁਧੈ ਲਾਵਣੀ॥ (ਮ:੪/੧੩੧੪)

ਜੋਤੀ ਜੋਤਿ ਮਿਲਾਇ, ਜੋਤਿ ਰਲਿ ਜਾਵਹਗੇ॥ (ਮ:੪/੧੩੨੧)

ਜੋਤਿ ਬਿਨਾ ਜਗਦੀਸ ਕੀ, ਜਗਤੁ ਉਲੰਘੇ ਜਾਇ॥ (ਭਗਤ ਕਬੀਰ/੧੩੭੦)

(3). ਨੋਟ-ਹੁਣ ਸਵਾਲ ਇਹ ਖੜ੍ਹਾ ਹੁੰਦਾ ਹੈ ਕਿ ਅਗਰ ਸਾਰੇ ਸਰੀਰਾਂ ’ਚ ਪ੍ਰਮਾਤਮਾ ਦੀ ਜੋਤ ਹੈ ਤਾਂ ਕਿਸੇ ਦੀ ਸਰੀਰਕ ਮੋਤ ’ਤੋਂ ਉਪਰੰਤ ਉਹ ਜੋਤ ਕਿੱਥੇ ਚਲੀ ਜਾਂਦੀ ਹੈ? ਪ੍ਰਭੂ ’ਚ ਲੀਨ ਜਾਂ ਜੂਨਾਂ ’ਚ। ਗੁਰੂ ਨਾਨਕ ਦੇਵ ਜੀ ਵੱਲੋਂ ਬਖ਼ਸ਼ਸ਼ ਕੀਤੇ ਗਏ ‘ਜਪੁ ਅਤੇ ਆਸਾ ਦੀ ਵਾਰ’ ਰਾਹੀਂ ਨਿਤਨੇਮ ਦਾ ਭਾਗ ਬਣਾਏ ਇਹ ਪਾਵਨ ਵਾਕ ਇਸ ਤਰ੍ਹਾਂ ਫੁਰਮਾ ਰਹੇ ਹਨ:-

ਇਕਨਾ ਹੁਕਮੀ ਬਖਸੀਸ, ਇਕਿ ਹੁਕਮੀ ਸਦਾ ਭਵਾਈਅਹਿ॥ (ਮ:੧/੧)

ਇਕਨ੍ਹਾ ਹੁਕਮਿ ਸਮਾਇ ਲਏ, ਇਕਨ੍ਹਾ ਹੁਕਮੇ ਕਰੇ ਵਿਣਾਸੁ॥ (ਮ:੧/੪੬੩) ਭਾਵ ਕਈਆਂ ਨੂੰ ਆਪਣੇ ’ਚ ਲੀਨ ਕਰ ਲੈਂਦਾ ਹੈ ਅਤੇ ਕਈਆਂ ਨੂੰ ਜੂਨਾਂ ’ਚ ਘੁੰਮਾਉਂਦਾ ਹੈ।

ਕੁਝ ਹੋਰ ਉਦਾਹਰਨ:-

ਫਿਰਿ ਫਿਰਿ ਜੂਨਿ ਭਵਾਈਅਨਿ, ਜਮ ਮਾਰਗਿ ਮੁਤੇ॥ (ਮ:੫/੩੨੧)

ਓਇ ਮਾਣਸ ਜੂਨਿ ਨ ਆਖੀਅਨਿ, ਪਸੂ ਢੋਰ ਗਾਵਾਰ॥ (ਮ:੩/੧੪੧੮) (ਭਾਵ ਮਾਨਸ ਜਨਮ ਇੱਕ ਜੂਨੀ ਹੈ)

ਜਨਮ ਜਨਮ ਕੀ ਇਸੁ ਮਨ ਕਉ ਮਲੁ ਲਾਗੀ, ਕਾਲਾ ਹੋਆ ਸਿਆਹੁ॥ (ਮ:੩/੬੫੧)

ਚਾਰਿ ਪਾਵ ਦੁਇ ਸਿੰਗ ਗੁੰਗ ਮੁਖ, ਤਬ ਕੈਸੇ ਗੁਨ ਗਈਹੈ॥ (ਭਗਤ ਕਬੀਰ/੫੨੪)

ਚਿਤਿ ਨ ਆਇਓ ਪਾਰਬ੍ਰਹਮੁ, ਤਾ ਸਰਪ ਕੀ ਜੂਨਿ ਗਇਆ॥ (ਮ:੫/੭੦)

ਅੰਤਿ ਕਾਲਿ ਜੋ ਲਛਮੀ ਸਿਮਰੈ, ਐਸੀ ਚਿੰਤਾ ਮਹਿ ਜੇ ਮਰੈ॥ ਸਰਪ ਜੋਨਿ, ਵਲਿ ਵਲਿ ਅਉਤਰੈ॥੧॥ ਅਰੀ ਬਾਈ! ਗੋਬਿਦ ਨਾਮੁ ਮਤਿ ਬੀਸਰੈ॥ ਰਹਾਉ॥ ਅੰਤਿ ਕਾਲਿ, ਜੋ ਇਸਤ੍ਰੀ ਸਿਮਰੈ, ਐਸੀ ਚਿੰਤਾ ਮਹਿ ਜੇ ਮਰੈ॥ ਬੇਸਵਾ ਜੋਨਿ, ਵਲਿ ਵਲਿ ਅਉਤਰੈ॥੨॥ ਅੰਤਿ ਕਾਲਿ, ਜੋ ਲੜਿਕੇ ਸਿਮਰੈ, ਐਸੀ ਚਿੰਤਾ ਮਹਿ ਜੇ ਮਰੈ॥ ਸੂਕਰ ਜੋਨਿ, ਵਲਿ ਵਲਿ ਅਉਤਰੈ॥੩॥ ਅੰਤਿ ਕਾਲਿ, ਜੋ ਮੰਦਰ ਸਿਮਰੈ, ਐਸੀ ਚਿੰਤਾ ਮਹਿ ਜੇ ਮਰੈ ॥ ਪ੍ਰੇਤ ਜੋਨਿ, ਵਲਿ ਵਲਿ ਅਉਤਰੈ॥੪॥ ਅੰਤਿ ਕਾਲਿ, ਨਾਰਾਇਣੁ ਸਿਮਰੈ, ਐਸੀ ਚਿੰਤਾ ਮਹਿ ਜੇ ਮਰੈ॥ ਬਦਤਿ ਤਿਲੋਚਨੁ, ਤੇ ਨਰ ਮੁਕਤਾ, ਪੀਤੰਬਰੁ ਵਾ ਕੇ ਰਿਦੈ ਬਸੈ॥੫॥ (ਭਗਤ ਤ੍ਰਿਲੋਚਨ/੫੨੬)

(4). ਵੀਚਾਰਨ ਯੋਗ ਨੁਕਤਾ ਇਹ ਵੀ ਹੈ ਕਿ ਜਦ ਪ੍ਰਮਾਤਮਾ ਜੋਤ ਰੂਪ ਸ਼ਕਤੀ ਰਾਹੀਂ ਹਰ ਇੱਕ ’ਚ ਵਿਆਪਕ ਹੈ ਤਾਂ ਜੋਤ ਰੂਪ ’ਚ ਗੁਰੂ ਜੀ ਵੀ ਸਾਡੀ ਅਗਵਾਈ ਸਦੀਵੀ ਕਰ ਰਹੇ ਹਨ ਨਾ ਕਿ ਕੇਵਲ ਗਿਆਨ ਰੂਪ ਗ੍ਰੰਥ ਰਾਹੀਂ।

ਗੁਰਿ ਤੀਜੀ ਪੀੜੀ ਵੀਚਾਰਿਆ, ਕਿਆ ਹਥਿ ਏਨਾ ਵੇਚਾਰੇ॥ (ਮ:੪/੩੦੭)

ਗੁਰੁ ਚਉਥੀ ਪੀੜੀ ਟਿਕਿਆ, ਤਿਨਿ ਨਿੰਦਕ ਦੁਸਟ ਸਭਿ ਤਾਰੇ॥ (ਮ:੪/੩੦੭)

ਹਰਿ ਜੁਗਹ ਜੁਗੋ, ਜੁਗ ਜੁਗਹ ਜੁਗੋ, ਸਦ ਪੀੜੀ ਗੁਰੂ ਚਲੰਦੀ॥ (ਮ:੪/੭੯)

ਜੁਗਿ ਜੁਗਿ ਪੀੜੀ ਚਲੈ ਸਤਿਗੁਰ ਕੀ, ਜਿਨੀ ਗੁਰਮੁਖਿ ਨਾਮੁ ਧਿਆਇਆ॥ (ਮ:੪/੭੯)

ਵਧੀ ਵੇਲਿ ਬਹੁ ਪੀੜੀ ਚਾਲੀ॥ (ਮ:੫/੩੯੬) (ਭਾਵ ਗੁਰੂ ਅਤੇ ਸਿੱਖ ਰੂਪ ’ਚ ਵੰਸ਼ ਬਹੁਤ ਵਧ ਗਿਆ।)

(5). ਗੁਰੂ ਅਤੇ ਪ੍ਰਮਾਤਮਾ ਦੀ ਸ਼ਕਤੀ ਮਨੁੱਖਾ ਜੂਨੀ ਦੇ ਕਲਿਆਣ ਲਈ ਬਰਾਬਰ ਦਾ ਦਰਜਾ ਰੱਖਦੀ ਹੈ:-

ਗੁਰੁ ਪਰਮੇਸਰੁ ਏਕੋ ਜਾਣੁ॥ (ਮ:੫/੮੬੪)

(6). ਸਦੀਵੀ ਖਸਮ ਪ੍ਰਭੂ ਨਾਲ ਮਿਲਾਉਣ ਲਈ ਸਦੀਵੀ ਵਿਚੋਲਾ ਗੁਰੂ ਵੀ ਚਾਹੀਦਾ ਹੈ:-

ਘੋਲਿ ਘੁਮਾਈ ਤਿਸੁ ਮਿਤ੍ਰ ਵਿਚੋਲੇ, ਜੈ ਮਿਲਿ ਕੰਤੁ ਪਛਾਣਾ॥ (ਮ:੫/੯੬੪)

ਜਨੁ ਨਾਨਕੁ ਅਨਦਿਨੁ ਹਰਿ ਗੁਣ ਗਾਵੈ, ਮਿਲਿ ਸਤਿਗੁਰ ਗੁਰ ਵੇਚੋਲੀ॥ (ਮ:੪/੧੬੯)

ਮੈ ਮੇਲੇ ਮਿਤ੍ਰੁ ਸਤਿਗੁਰੁ ਵੇਚੋਲੇ ਜੀਉ॥ (ਮ:੪/੧੭੩)

(7). ਜਦ ਗੁਰੂ ਜੀ ਅਤੇ ਪ੍ਰਮਾਤਮਾ ਜੀ ਇੱਕ ਰੂਪ ਹਨ ਤਾਂ ਬਖ਼ਸ਼ਸ਼ ਲਈ ਦੋਨਾਂ ਅੱਗੇ ਬੇਨਤੀ ਵੀ ਜਰੂਰੀ ਹੈ:-

ਨਾਨਕ ਕੀ ਪ੍ਰਭ ਪਾਹਿ ਬਿਨੰਤੀ, ਕਾਟਹੁ ਅਵਗੁਣ ਮੇਰੇ॥ (ਮ:੫/੬੧੫)

ਕਰ ਜੋੜਿ ਗੁਰ ਪਹਿ ਕਰਿ ਬਿਨੰਤੀ, ਰਾਹੁ ਪਾਧਰੁ ਗੁਰੁ ਦਸੈ॥ (ਮ:੧/੭੬੭)

ਕਰ ਜੋੜਿ ਪ੍ਰਭ ਪਹਿ ਕਰਿ ਬਿਨੰਤੀ, ਮਿਲੈ ਹਰਿ ਜਸੁ ਲਾਹਾ॥ (ਮ:੫/੮੪੫)

(8). ਗੁਰੂ ਜੀ ਅਤੇ ਰੱਬ ਜੀ ਦੀ ਬਖ਼ਸ਼ਸ਼ ’ਤੋਂ ਬਿਨਾ ਜੀਵ ਆਪਣੀ ਮੰਜਿਲ ਸਰ ਨਹੀਂ ਕਰ ਸਕਦਾ:-

ਇਕਨਾ ਹੁਕਮੀ ਬਖਸੀਸ ਇਕਿ ਹੁਕਮੀ ਸਦਾ ਭਵਾਈਅਹਿ॥ (ਮ:੧/੧)

ਅਮੁਲੁ ਬਖਸੀਸ ਅਮੁਲੁ ਨੀਸਾਣੁ॥ (ਮ:੧/੫)

ਜਿਥੈ ਨੀਚ ਸਮਾਲੀਅਨਿ, ਤਿਥੈ ਨਦਰਿ ਤੇਰੀ ਬਖਸੀਸ॥ (ਮ:੧/੧੫)

ਇਹ ਬਖਸੀਸ ਖਸਮ ਤੇ ਪਾਵਾ॥ (ਮ:੫/੧੦੭੭)

(ਨੋਟ-ਭਾਗ ਨੰ.3 ’ਚ ਬਿਆਨ ਕੀਤੀ ਗਈ ਗੁਰੂ ਸਿਖਿਆ ਦੇ ਪ੍ਰਚਾਰ ਅਤੇ ਪ੍ਰਸਾਰ ਲਈ ਸਭ ’ਤੋਂ ਵੱਡੀ ਰੁਕਾਵਟ ਅੱਜ ਤੱਕ ਮੰਨਿਆ ਗਿਆ ਉਹ ਅਪੂਰਨ ਵਿਗਿਆਨਕ ਦ੍ਰਿਸ਼ਟੀਕੌਣ ਹੈ ਜੋ ਰੱਬ ਦੀ ਹੋਂਦ, ਗੁਰੂ ਦੀ ਹੋਂਦ, ਬਖ਼ਸ਼ਸ਼, ਅਰਦਾਸ, ਜੂਨਾਂ ਆਦਿ ਅਦ੍ਰਿਸ਼ ਵਿਸ਼ਿਆਂ ਦਾ ਵਿਰੋਧ ਕਰਦਾ ਹੈ ਜਦਕਿ ਪੁਰਾਤਨ ਰੁੜ੍ਹੀਵਾਦੀ ਵਿਚਾਰਧਾਰਾ ਇਹਨਾਂ ਵਿਸ਼ਿਆਂ ’ਤੇ ਗੁਰਮਤਿ ਨੂੰ ਸਹਿਯੋਗ ਕਰਦੀ ਹੈ ਪਰ ਕੁਝ ਗੁਰਸਿੱਖ ਪ੍ਰਚਾਰਕ ਅਜੋਕੇ ਵਿਗਿਆਨਕ ਦ੍ਰਿਸ਼ਟੀਕੌਣ ਦੀ ਚਨੌਤੀ ਨੂੰ ਸਵੀਕਾਰ ਕਰਨ ਦੀ ਬਜਾਏ ਅੱਖਾਂ ਬੰਦ ਕਰਕੇ ਹਰ ਵਿਸ਼ੇ ’ਤੇ ਬ੍ਰਹਮਣਵਾਦ ਦੇ ਪਿੱਛੇ ਪੈਣਾ ਹੀ ਅਸਲ ਵਿਦਿਵਤਾ ਮੰਨੀ ਬੈਠੈ ਹਨ। ਅਦ੍ਰਿਸ਼ ਵਿਸ਼ਿਆਂ ’ਤੇ ਗੁਰੂ ਜੀ ਅਤੇ ਪ੍ਰਭੂ ਜੀ ਪ੍ਰਤੀ ਸ਼ਰਧਾ ਬਣਾਏ ਰੱਖਣ ਲਈ ਗੁਰਬਾਣੀ ਉਪਦੇਸ਼ ਹਨ:-

ਹਰਿ ਜਨ ਕੇ ਵਡ ਭਾਗ ਵਡੇਰੇ, ਜਿਨ ਹਰਿ ਹਰਿ ਸਰਧਾ ਹਰਿ ਪਿਆਸ॥ (ਮ:੪/੧੦)

ਸਤਿਗੁਰੁ ਹੋਇ ਦਇਆਲੁ, ਤ ਸਰਧਾ ਪੂਰੀਐ॥ (ਮ:੧/੧੪੯)

ਪਾਰਬ੍ਰਹਮ ! ਮੇਰੀ ਸਰਧਾ ਪੂਰਿ॥ (ਮ:੫/੨੮੯)

ਜੋ ਜੋ ਸੁਨੈ ਪੇਖੈ ਲਾਇ ਸਰਧਾ, ਤਾ ਕਾ ਜਨਮ ਮਰਨ ਦੁਖੁ ਭਾਗੈ॥ (ਮ:੫/੩੮੧)

ਭਗਤ ਜਨਾ ਕਉ ਸਰਧਾ, ਆਪਿ ਹਰਿ ਲਾਈ॥ (ਮ:੪/੪੯੪)

ਤੂ ਵਡ ਦਾਤਾ ਅੰਤਰਜਾਮੀ! ਮੇਰੀ ਸਰਧਾ ਪੂਰਿ ਹਰਿ ਰਾਇਆ॥ (ਮ:੪/੫੭੩)

ਤਹਾ ਬੈਕੁੰਠੁ, ਜਹ ਕੀਰਤਨੁ ਤੇਰਾ, ਤੂੰ ਆਪੇ ਸਰਧਾ ਲਾਇਹਿ॥ (ਮ:੫/੭੪੯)

ਗੁਰ ਚਰਣੀ ਇਕ ਸਰਧਾ ਉਪਜੀ, ਮੈ ਹਰਿ ਗੁਣ ਕਹਤੇ ਤ੍ਰਿਪਤਿ ਨ ਭਈਆ॥ (ਮ:੪/੮੩੪)

ਸਰਧਾ ਸਰਧਾ ਉਪਾਇ ਮਿਲਾਏ, ਮੋ ਕਉ ਹਰਿ ਗੁਰ ਗੁਰਿ ਨਿਸਤਾਰੇ॥ (ਮ:੪/੯੮੩)

ਮਿਲਿ ਸੰਗਤਿ ਸਰਧਾ ਊਪਜੈ, ਗੁਰ ਸਬਦੀ ਹਰਿ ਰਸੁ ਚਾਖੁ ॥ ਮਾਰੂ (ਮ:੪/ਅੰਗ ੯੯੭)

ਹਰਿ ਹਰਿ ਕਿ੍ਰਪਾ ਕਰਹੁ ਜਗਜੀਵਨ ! ਮੈ ਸਰਧਾ ਨਾਮਿ ਲਗਾਵੈਗੋ॥ (ਮ:੪/੧੩੧੦)

ਗੁਰੂ ਅਤੇ ਰੱਬੀ ਸ਼ਕਤੀ ਲਈ ਪ੍ਰੇਮ ਪੈਦਾ ਹੋਣ ’ਤੋਂ ਬਿਨਾ ਸ਼ਰਧਾ ਪ੍ਰਗਟ ਨਹੀਂ ਹੁੰਦੀ:-

ਅਕਥ ਕਹਾਣੀ ਪ੍ਰੇਮ ਕੀ, ਕੋ ਪ੍ਰੀਤਮੁ ਆਖੈ ਆਇ॥ (ਮ:੪/੭੫੯)

ਪ੍ਰੇਮ ਕੀ ਸਾਰ ਸੋਈ ਜਾਣੈ, ਜਿਸ ਨੋ ਨਦਰਿ ਤੁਮਾਰੀ ਜੀਉ॥ (ਮ:੩/੧੦੧੬)

ਨਾਮਦੇਵ ! ਜਾ ਕੇ ਜੀਅ ਐਸੀ, ਤੈਸੋ ਤਾ ਕੈ ਪ੍ਰੇਮ ਪ੍ਰਗਾਸ॥ (ਭਗਤ ਨਾਮਦੇਵ/੧੨੫੩)

ਸੰਮਨ ! ਜਉ ਇਸ ਪ੍ਰੇਮ ਕੀ, ਦਮ ਕ੍ਹਿਹੁ ਹੋਤੀ ਸਾਟ॥ (ਮ:੫/੧੩੬੩)

ਮੂਸਨ! ਨਿਮਖਕ ਪ੍ਰੇਮ ਪਰਿ, ਵਾਰਿ ਵਾਰਿ ਦੇਂਉ ਸਰਬ॥ (ਮ:੫/੧੩੬੪)

ਗੁਰ ਰਾਮਦਾਸ ਕਲ੍ਹੁਚਰੈ, ਤੈ ਹਰਿ ਪ੍ਰੇਮ ਪਦਾਰਥੁ ਪਾਇਅਉ॥ (ਭਟ ਕਲ੍ਹ/੧੩੯੭)

ਪ੍ਰੇਮ ਭਗਤਿ ਨਹੀ ਊਪਜੈ, ਤਾ ਤੇ ਰਵਿਦਾਸ ਉਦਾਸ॥ (ਭਗਤ ਰਵਿਦਾਸ/੩੪੬)

ਪ੍ਰੇਮ ਕੀ ਜੇਵਰੀ, ਬਾਧਿਓ ਤੇਰੋ ਜਨ॥ (ਭਗਤ ਰਵਿਦਾਸ/੪੮੭)

ਪ੍ਰੇਮ ਪਟੋਲਾ ਤੈ ਸਹਿ ਦਿਤਾ, ਢਕਣ ਕੂ ਪਤਿ ਮੇਰੀ॥ (ਮ:੫/੫੨੦)

ਕਹੁ ਕਬੀਰ! ਜਨ ਭਏ ਖਾਲਸੇ, ਪ੍ਰੇਮ ਭਗਤਿ ਜਿਹ ਜਾਨੀ॥ (ਭਗਤ ਕਬੀਰ/੬੫੫)

ਜਉ ਹਮ ਬਾਂਧੇ ਮੋਹ ਫਾਸ, ਹਮ ਪ੍ਰੇਮ ਬਧਨਿ ਤੁਮ ਬਾਧੇ॥ (ਭਗਤ ਰਵਿਦਾਸ/੬੫੮)

ਜਉ ਤਉ ਪ੍ਰੇਮ ਖੇਲਣ ਕਾ ਚਾਉ॥ (ਮ:੧/੧੪੧੨)

ਪੰਥਾ ਪ੍ਰੇਮ ਨ ਜਾਣਈ, ਭੂਲੀ ਫਿਰੈ ਗਵਾਰਿ॥ (ਮ:੫/੧੪੨੬)

ਉਪਰੋਕਤ ਬਿਆਨ ਕੀਤੇ ਗਏ ਭਾਗ ਨੰ.1 ’ਤੋਂ ਭਾਗ ਨੰ.3 ਤੱਕ ਗੁਰੂ ਉਪਦੇਸ਼ਾਂ ’ਤੋਂ ਜੋ ਜਾਣਕਾਰੀ ਸਾਨੂੰ ਪ੍ਰਾਪਤ ਹੁੰਦੀ ਹੈ, ’ਤੋਂ ਸਪੱਸ਼ਟ ਹੈ ਕਿ ਗੁਰੂ ਦੇ ਉਪਦੇਸ਼ ਰਾਹੀਂ ਮਨੁੱਖਾਂ ਨੂੰ ਬਹੁ ਪੱਖੀ ਗਿਆਨ ਬਖ਼ਸ਼ਸ਼ ਹੁੰਦਾ ਹੈ। ਇਸ ਨੂੰ ਇੱਕ ਲੇਖ ਵਿੱਚ ਸਮਾਪਤ ਕਰਨਾ ਨਾ ਮੁਮਕਿਨ ਹੈ, ਅਸੰਭਵ ਹੈ। ਜਿਸ ਨੂੰ ਕੇਵਲ ਇੱਕ ਫਿਰਕੇ ਪ੍ਰਤੀ ਸੀਮਿਤ ਕਰਨਾ ਸਾਡੀ ਅਗਿਆਨਤਾ ਦਾ ਪ੍ਰਤੀਕ ਹੈ। ਸਾਨੂੰ ਆਪਣੇ ਆਪ ’ਤੋਂ ਇਹ ਸਵਾਲ ਪੁੱਛਣਾ ਚਾਹੀਦਾ ਹੈ ਕਿ ਗੁਰੂ ਗ੍ਰੰਥ ਸਾਹਿਬ ਜੀ ’ਚ ਦਰਜ ਕੁਝ ਭਗਤਾਂ ਦੀ ਬਾਣੀ ਉਸ ਸਮੇਂ ਲਿਖੀ ਗਈ ਸੀ ਜਦ ਗੁਰੂ ਨਾਨਕ ਦੇਵ ਜੀ ਪੈਦਾ ਵੀ ਨਹੀਂ ਹੋਏ ਸਨ। ਤਦ ਉਹਨਾਂ ਨੂੰ ਇਹ ਬ੍ਰਹਮ ਗਿਆਨ ਕਿਸ ਗ੍ਰੰਥ ’ਚੋਂ ਮਿਲਿਆ? ਕਦੇ ਅਸੀਂ ਨਾ-ਸਮਝੀ ਕਾਰਨ ਉਸ ਨੂੰ ਅਖੌਤੀ ਤਾਂ ਨਹੀਂ ਕਹਿ ਰਹੇ ਹਾਂ? ਪ੍ਰਮਾਤਮਾ ਸਮੇਤ ਸਮਾਜ ਦੀ ਅਸਲੀਅਤ ਦੀ ਜਾਣਕਾਰੀ ਦੇਣ ਵਾਲੇ ਗੁਰੂ ਜੀ ਦੇ ਬਹੁ ਪੱਖੀ ਉਦਾਰਵਾਦੀ ਨਜ਼ਰੀਏ ਨੂੰ ਅਸੀਂ ਆਪਣੀ ਤੰਗਦਿਲੀ ਕਾਰਨ ਨੁਕਸਾਨ ਤਾਂ ਨਹੀਂ ਪਹੁੰਚਾ ਰਹੇ? ਤਾਂ ਜੋ ਕਿਤੇ ਅਸੀਂ ਗੁਰੂ ਨਜ਼ਰਾਂ ’ਚ ਅਕ੍ਰਿਤਘਣ ਹੋ ਜਾਈਏ?

ਬੀਚੁ ਨ ਕੋਇ ਕਰੇ, ਅਕ੍ਰਿਤਘਣੁ ਵਿਛੁੜਿ ਪਇਆ॥ (ਮ:੫/੫੪੬) ਕੀਆ ਨ ਜਾਣੈ ਅਕਿਰਤਘਣ, ਵਿਚਿ ਜੋਨੀ ਫਿਰਤੇ॥ (ਮ:੪/੩੧੭) ਨਰਕ ਘੋਰ ਬਹੁ ਦੁਖ ਘਣੇ, ਅਕਿਰਤਘਣਾ ਕਾ ਥਾਨੁ॥ (ਮ:੪/੩੧੫) ਮਦ ਵਿਚਿ ਰਿਧਾ ਪਾਇਕੈ, ਕੁਤੇ ਦਾ ਮਾਸੁ। ਧਰਿਆ ਮਾਣਸ ਖੋਪਰੀ, ਤਿਸੁ ਮੰਦੀ ਵਾਸੁ। ਰਤੂ ਭਰਿਆ ਕਪੜਾ, ਕਰਿ ਕਜਣੁ ਤਾਸੁ। ਢਕਿ ਲੈ ਚਲੀ ਚੂਹੜੀ, ਕਰਿ ਭੋਗ ਬਿਲਾਸੁ। ਆਖਿ ਸੁਣਾਏ ਪੁਛਿਆ, ਲਾਹੇ ਵਿਸਵਾਸੁ। ਨਦਰੀ ਪਵੈ ਅਕਿਰਤਘਣੁ, ਮਤੁ ਹੋਇ ਵਿਣਾਸੁ ॥ ੯॥ ਭਾਈ ਗੁਰਦਾਸ ਜੀ (ਵਾਰ ੩੫ ਪਉੜੀ ੯)

ਭਗਤ ਨਾਮਦੇਵ ਜੀ ਦਾ ਜੀਵਨ ਵੇਰਵਾ ਤੇ ਸਿਧਾਂਤ

2

ਭਗਤ ਨਾਮਦੇਵ ਜੀ ਦਾ ਜੀਵਨ ਵੇਰਵਾ ਤੇ ਸਿਧਾਂਤ

ਭਗਤ ਨਾਮਦੇਵ ਜੀ ਦਾ ਜਨਮ ਕ੍ਰਿਸ਼ਨਾ ਨਦੀ ਦੇ ਕੰਢੇ ’ਤੇ ਵਸੇ ਪਿੰਡ ਨਰਸੀ ਬਾਮਨੀ, ਜ਼ਿਲ੍ਹਾ ਸਤਾਰਾ (ਮਹਾਰਾਸਟਰ) ਵਿਖੇ ਪਿਤਾ ਦਾਮਾਸੇਟੀ ਤੇ ਮਾਤਾ ਗੋਨਾ ਬਾਈ ਜੀ ਦੇ ਉਦਰ ਤੋਂ 29 ਅਕਤੂਬਰ 1270 ’ਚ ਹੋਇਆ। ਆਪ ਵਰਣ-ਵੰਡ ਮੁਤਾਬਕ ਛੀਂਬਾ ਜਾਤੀ ਨਾਲ਼ ਸੰਬੰਧਿਤ ਸਨ। ਆਪ ਜੀ ਦੀ ਸ਼ਾਦੀ ਗੋਬਿੰਦਸੇਟੀ ਜੀ ਦੀ ਬੇਟੀ ਬੀਬੀ ਰਾਜਾ ਬਾਈ ਜੀ ਨਾਲ਼ ਹੋਈ, ਜਿਨ੍ਹਾਂ ਦੇ ਉਦਰ ਤੋਂ ਚਾਰ ਪੁੱਤਰ (ਨਾਰਾਇਣ, ਮਹਾਦੇਵ, ਗੋਬਿੰਦ ਤੇ ਵਿੱਠਲ) ਅਤੇ ਇੱਕ ਬੇਟੀ (ਲਿੰਬਾ ਬਾਈ) ਨੇ ਜਨਮ ਲਿਆ।

ਆਰੰਭਕ ਕਾਲ ਵਿੱਚ ਆਪ ਸ਼ਿਵ ਤੇ ਵਿਸਨੁ ਭਗਤ ਮੰਨੇ ਜਾਂਦੇ ਰਹੇ ਪਰ ਆਤਮਗਿਆਨੀ ਵਿਸੋਬਾ ਖੇਚਰ ਤੇ ਗਿਆਨਦੇਵ (ਗਿਆਨੇਸਵਰ) ਜੀ ਦੀ ਸੰਗਤ ਨਾਲ਼ ਆਪ ਜੀ ਇੱਕ ਨਿਰਾਕਾਰ ਰੱਬ ਦੇ ਸੇਵਕ, ਜਾਤ-ਪਾਤ ਦੀ ਨਿਖੇਧੀ ਕਰਨ ਵਾਲ਼ੇ ਤੇ ਧਾਰਮਿਕ ਪੱਖਪਾਤ ਦੀ ਵਿਰੋਧਤਾ ਦੇ ਹਮਾਇਤੀ ਬਣ ਗਏ। ਆਪ ਅਕਾਲ ਪੁਰਖ ਨੂੰ ਕਈ ਨਾਵਾਂ ਨਾਲ਼ ਯਾਦ ਕਰਦੇ ਸਨ ਪਰ ਆਪਣੇ ਸਭ ਤੋਂ ਛੋਟੇ ਤੇ ਪਿਆਰੇ ਪੁੱਤਰ ਦਾ ਨਾਮ ‘ਵਿੱਠਲ’ ਹੋਣ ਕਾਰਨ ਰੱਬ ਦਾ ਨਾਮ ਵੀ ‘ਵਿੱਠਲ’ (ਬੀਠਲ) ਵਧੇਰੇ ਪ੍ਰਚਲਿਤ ਕੀਤਾ। ‘ਵਿੱਠਲ’ਮਰਾਠੀ ਭਾਸ਼ਾ ਦਾ ਸ਼ਬਦ ਹੈ, ਜਿਸ ਦਾ ਅਰਥ ਹੈ: ‘ਜੋ ਅਗਿਆਨੀ ਨੂੰ ਸਵੀਕਾਰੇ ਜਾਂ ਮਹਾਂਮੁਰਖਾਂ ਨੂੰ ਗਲ ਨਾਲ਼ ਲਾਏ’। ਆਪ ਜੀ ਦੇ ਵਚਨ ਹਨ ਕਿ ‘ਵਿੱਠਲ’ (ਬੀਠਲ) ਸਰਬ ਵਿਆਪਕ ਹੈ: ‘‘ਈਭੈ ਬੀਠਲੁ, ਊਭੈ ਬੀਠਲੁ; ਬੀਠਲ ਬਿਨੁ ਸੰਸਾਰੁ ਨਹੀ ॥’’ (ਭਗਤ ਨਾਮਦੇਵ/੪੮੫)

ਭਗਤ ਨਾਮਦੇਵ ਜੀ; ਗਿਆਨੇਸਵਰ ਜੀ ਤੋਂ ਉਮਰ ’ਚ 5 ਸਾਲ ਵੱਡੇ ਸਨ, ਇਸ ਲਈ ਕੁਝ ਇਤਿਹਾਸਕਾਰਾਂ ਮੁਤਾਬਕ ਆਪ ਨੇ ਵਿਸੋਬਾ ਖੇਚਰ ਜੀ ਨੂੰ ਆਪਣਾ ਗੁਰੂ ਸਵੀਕਾਰ ਲਿਆ ਸੀ। ਭਗਤ ਨਾਮਦੇਵ ਜੀ ਨੇ ਸੰਤ ਗਿਆਨੇਸਵਰ ਜੀ ਨਾਲ਼ ਮਿਲ਼ ਕੇ ਪੂਰੇ ਮਹਾਰਾਸਟਰ ਦਾ ਭ੍ਰਮਣ ਕੀਤਾ, ਭਗਤੀ-ਗੀਤ ਰਚੇ ਅਤੇ ਜਨਤਾ ਜਨਾਰਦਨ ਨੂੰ ਸਮਤਾ (ਸਮਾਨਤਾ) ਅਤੇ ਇੱਕ ਪ੍ਰਭੂ ਭਗਤੀ ਦਾ ਪਾਠ ਪੜ੍ਹਾਇਆ। ਸੰਨ 1295 ’ਚ ਸੰਤ ਗਿਆਨੇਸਵਰ ਜੀ ਦੇ ਪ੍ਰਲੋਕ ਗਮਨ ਤੋਂ ਬਾਅਦ ਆਪ ਜੀ ਨੇ ਪੂਰੇ ਭਾਰਤ ਦਾ ਭ੍ਰਮਣ ਕੀਤਾ ਤੇ ਮਰਾਠੀ ਭਾਸ਼ਾ ਤੋਂ ਇਲਾਵਾ ਹਿੰਦੀ ਵਿੱਚ ਵੀ ਰਚਨਾਵਾਂ ਲਿਖੀਆਂ। 

ਆਪ ਜੀ ਦਾ ਜ਼ਿਆਦਾਤਰ ਸਮਾਂ (ਲਗਭਗ 60 ਸਾਲ ਦੀ ਉਮਰ ਤੱਕ ਜਾਂ ਸੰਨ 1330 ਤੱਕ) ਮਹਾਰਾਸਟਰ ’ਚ ਮੁੰਬਈ ਨੇੜੇ (ਭੀਮਾ ਨਦੀ ਦੇ ਕਿਨਾਰੇ) ਜ਼ਿਲ੍ਹਾ ਸ਼ੋਲਾਪੁਰ ਦੇ ਪਿੰਡ ਪੰਢਰਪੁਰ (ਪੁੰਡੀਰਪੁਰ) ’ਚ ਬੀਤਿਆ, ਜਿੱਥੇ ਵਿਸਨੁ (ਵਿਠੋਵਾ) ਦਾ ਪ੍ਰਸਿੱਧ ਮੰਦਿਰ ਹੈ।

ਆਪ ਜੀ ਦੇ ਸਮੇਂ ਮਹਾਰਾਸਟਰ ’ਚ ਤਿੰਨ ਤਰ੍ਹਾਂ ਦੀ ਵਿਚਾਰਧਾਰਾ ਪ੍ਰਧਾਨ ਸੀ:

(1). ਨਾਥ ਪੰਥ, ਜੋ ਅਲਖ ਨਿਰੰਜਨ ਦੀ ਸਾਧਨਾ ’ਚ ਯਕੀਨ ਰੱਖਦਾ ਸੀ ਤੇ ਬਾਹਰੀ ਆਡੰਬਰਾਂ ਦਾ ਵਿਰੋਧੀ ਸੀ।

(2). ਮਹਾਨੁਭਾਵ ਪੰਥ, ਜੋ ਵੈਦਿਕ ਕਰਮਕਾਂਡ ਅਤੇ ਬਹੁ ਦੇਵ ਉਪਾਸ਼ਨਾ ਦਾ ਵਿਰੋਧੀ ਸੀ, ਪਰ ਮੂਰਤੀ ਪੂਜਾ ਦਾ ਖੰਡਨ ਨਹੀਂ ਕਰਦਾ ਸੀ।

(3). ਵਿਠੋਬਾ ਪੰਥ, ਜੋ ਪੰਢਰਪੁਰ ਵਿਖੇ ਵਿਸਨੁ ਦੀ ਉਪਾਸ਼ਨਾ ਕਰਦਾ ਸੀ। ਕੁਝ ਇਤਿਹਾਸਕਾਰਾਂ ਮੁਤਾਬਕ ਇਨ੍ਹਾਂ ਵਿਚੋਂ ਹੀ ਭਗਤ ਨਾਮਦੇਵ ਜੀ ਪ੍ਰਮੁੱਖ ਸੰਤ ਰਹੇ ਸਨ। ਆਮ ਜਨਤਾ ਹਰ ਸਾਲ ਗੁਰੂ-ਪੁੰਨਿਆਂ ਅਤੇ ਕੱਤਕ ਦੀ ਇਕਾਦਸੀ ਨੂੰ ਇੱਥੋਂ ਦੀ ਯਾਤਰਾ ਕਰਦੀ ਸੀ, ਜੋ ਅੱਜ ਵੀ ਪ੍ਰਚਲਿਤ ਹੈ। 

ਇਹ ਵੀ ਵਿਚਾਰ ਦਾ ਵਿਸ਼ਾ ਹੈ ਕਿ ਭਗਤ ਨਾਮਦੇਵ ਜੀ ਦੇ ਸਮਕਾਲੀ ਮਹਾਰਾਸਟਰ ਵਿੱਚ ਨਾਮਦੇਵ ਨਾਮਕ 5 ਸੰਤ ਹੋਏ ਹਨ ਤੇ ਇਨ੍ਹਾਂ ਸਭ ਨੇ ਹੀ ਥੋੜ੍ਹੀ ਬਹੁਤ ਅਭੰਗ (ਛੰਦ) ਅਤੇ ਪਦ-ਰਚਨਾ ਕੀਤੀ ਮਿਲਦੀ ਹੈ। ਮਹਾਰਾਸਟਰ ਦੀ ਸੰਤ ਗਾਥਾ ਵਿੱਚ ਨਾਮਦੇਵ ਦੇ ਨਾਮ ਉੱਤੇ 2500 ਅਭੰਗ (ਛੰਦ) ਲਿਖੇ ਗਏ, ਜਿਨ੍ਹਾਂ ਵਿੱਚੋਂ ਲਗਭਗ 600 ਅਭੰਗਾਂ ਵਿੱਚ ਕੇਵਲ ਨਾਮਦੇਵ ਜਾਂ ਨਾਮਾ ਸ਼ਬਦ ਦੀ ਛਾਪ ਹੈ ਤੇ ਬਾਕੀ ਵਿੱਚ ‘ਵਿਸਨੁਦਾਸਨਾਮਾ’ ਦੀ ਛਾਪ। ਸ਼ਾਇਦ ਭਗਤ ਨਾਮਦੇਵ ਜੀ ਨੂੰ ਇੱਕ ਸਰਬ ਵਿਆਪਕ ‘ਵਿੱਠਲ’ਦੇ ਉਪਾਸ਼ਕ ਅਪ੍ਰਵਾਨ ਕਰਦਿਆਂ ‘ਵਿਸਨੁ ਦਾ ਦਾਸ’ (ਪੱਥਰ ਪੂਜਕ) ਸਾਬਤ ਕਰਨ ਲਈ ‘ਵਿਸਨੁਦਾਸਨਾਮਾ’ ਛਾਪ ਹੇਠਾਂ ਰਚਨਾ ਲਿਖਣ ਪਿੱਛੇ ਵੈਦਿਕ ਪ੍ਰੇਮੀਆਂ ਦਾ ਸੁਆਰਥ ਹੋਵੇ; ਜਿਵੇਂ ਕਿ ‘ਨਾਨਕ’ ਛਾਪ ਅਧੀਨ ਵੀ ‘ਗੁਰੂ ਗ੍ਰੰਥ ਸਾਹਿਬ’ ਜੀ ਤੋਂ ਬਾਹਰ ਕਈ ਸ਼ਬਦ ਲਿਖੇ ਮਿਲਦੇ ਹਨ। 

ਭਗਤ ਨਾਮਦੇਵ ਜੀ ਨੇ ਆਪਣੇ ਸੰਸਾਰਕ ਸਫ਼ਰ ਦੇ ਆਖ਼ਰੀ 18 ਸਾਲ ਪੰਜਾਬ ਦੇ ਪਿੰਡ ਘੁੰਮਾਣ ਜ਼ਿਲ੍ਹਾ ਗੁਰਦਾਸਪੁਰ ਵਿੱਚ ਬਤੀਤ ਕੀਤੇ, ਜਿੱਥੇ ਉਨ੍ਹਾਂ ਨੇ 80 ਸਾਲ ਉਮਰ ਭੋਗਦਿਆਂ 2 ਮਾਘ ਸੰਮਤ 1406 (ਸੰਨ 1350 ਈਸਵੀ) ਨੂੰ ਅੰਤਿਮ ਸੁਆਸ ਲਿਆ।

ਸਰਦਾਰ ਜੱਸਾ ਸਿੰਘ ਰਾਮਗੜ੍ਹੀਏ ਨੇ ਆਪ ਜੀ ਦੀ ਯਾਦ ਨੂੰ ਸਦੀਵੀ ਤਾਜ਼ਾ ਰੱਖਣ ਲਈ ਇਸ ਇਤਿਹਾਸਿਕ ਜਗ੍ਹਾ ਨੂੰ ਮੁੜ ਸੁਰਜੀਤ ਕੀਤਾ ਜਿੱਥੇ ਹੁਣ ‘ਤਪਿਆਣਾ ਸਾਹਿਬ’ ਸੁਸ਼ੋਭਿਤ ਹੈ ਤੇ ਹਰ ਸਾਲ 2 ਮਾਘ ਨੂੰ ਭਾਰੀ ਮੇਲਾ ਲੱਗਦਾ ਹੈ।

ਆਪ ਜੀ ਦੀ ਬਾਣੀ ਨੂੰ ਗੁਰਮਤਿ ਅਨੁਕੂਲ ਪ੍ਰਵਾਨ ਕਰਦਿਆਂ ਗੁਰੂ ਅਰਜਨ ਸਾਹਿਬ ਜੀ ਨੇ ਸੰਨ 1604 ਈਸਵੀ ’ਚ ‘ਗੁਰੂ ਗ੍ਰੰਥ ਸਾਹਿਬ’ ਜੀ ਵਿੱਚ ਦਰਜ ਕੀਤਾ, ਜੋ 18 ਰਾਗਾਂ ’ਚ ਕੁੱਲ 61 ਸ਼ਬਦ ਹਨ।

ਭਗਤ ਨਾਮਦੇਵ ਜੀ ਦੀ ਵਿਚਾਰਧਾਰ ਨਾਲ਼ ਵੈਦਿਕ (ਪੰਡਿਤ) ਸੋਚ ਸਹਿਮਤ ਨਹੀਂ ਸੀ ਤੇ ਆਪਣੀ ਮੁੱਢ ਕਦੀਮਾਂ ਤੋਂ ਚੱਲੀ ਆ ਰਹੀ ਕੂਟਨੀਤੀ ਮੁਤਾਬਕ ਇਨ੍ਹਾਂ ਨੂੰ ਦੇਵ ਪੂਜਕ ਤੇ ਮੂਰਤੀ ਉਪਾਸ਼ਕ ਸਿੱਧ ਕਰਨ ਲਈ ਕਈ ਕੋਝੇ ਯਤਨ ਕੀਤੇ ਗਏ, ਜਿਸ ਕਾਰਨ ਅੱਜ ਕਈ ਸਿੱਖ ਵੀ ਇਨ੍ਹਾਂ ਬਾਰੇ ਤਰ੍ਹਾਂ-ਤਰ੍ਹਾਂ ਦੀ ਵਿਚਾਰ ਰੱਖਦੇ ਸੁਣੇ ਜਾ ਸਕਦੇ ਹਨ। ਜਿਨ੍ਹਾਂ ਵਿੱਚੋਂ ਕੁਝ ਕੁ ਸਵਾਲ ਇਸ ਪ੍ਰਕਾਰ ਹਨ:

ਪ੍ਰਸ਼ਨ-1. ਹਿੰਦੀ ਤੇ ਮਰਾਠੀ ਸਾਹਿਤ ਵਿੱਚ ਕ੍ਰਿਸ਼ਨ (ਵਿਸਨੁ) ਮੂਰਤੀ ਨੂੰ ‘ਬੀਠਲ’ ਕਿਹਾ ਜਾਂਦਾ ਹੈ। ਨਾਮਦੇਵ ਜੀ ਨੇ ਆਪਣੀ ਬਾਣੀ ’ਚ ‘ਬੀਠਲ’ ਸ਼ਬਦ 18 ਵਾਰ ਵਰਤਿਆ ਹੈ। ਕੀ ਇਹ ਅਨੁਮਾਨ ਨਹੀਂ ਲਗਾਇਆ ਜਾ ਸਕਦਾ ਕਿ ਨਾਮਦੇਵ ਜੀ ਕ੍ਰਿਸ਼ਨ ਉਪਾਸ਼ਕ ਸਨ ?

ਉੱਤਰ- ‘ਬੀਠਲ’ ਸ਼ਬਦ ਗੁਰੂ ਅਰਜਨ ਦੇਵ ਜੀ ਨੇ 7 ਵਾਰ, ਕਬੀਰ ਜੀ ਨੇ ਇੱਕ ਵਾਰ ਅਤੇ ਭਗਤ ਤ੍ਰਿਲੋਚਨ ਜੀ ਨੇ ਵੀ ਇੱਕ ਵਾਰ ਵਰਤਿਆ ਹੈ। ਕੀ ਇਹ ਸਭ ਵੀ ਕ੍ਰਿਸ਼ਨ ਉਪਾਸ਼ਕ ਹਨ ? ‘ਬੀਠਲ’ ਦਾ ਅਰਥ ‘ਕ੍ਰਿਸ਼ਨ’ ’ਤੋਂ ਇਲਾਵਾ ‘ਮਾਇਆ ਰਹਿਤ, ਨਿਰਲੇਪ ਪ੍ਰਭੂ’ ਵੀ ਹੈ, ਜੋ ‘ਸਰਬ ਵਿਆਪਕ’: ‘‘ਈਭੈ ਬੀਠਲੁ, ਊਭੈ ਬੀਠਲੁ, ਬੀਠਲ ਬਿਨੁ, ਸੰਸਾਰੁ ਨਹੀ॥ (ਭਗਤ ਨਾਮਦੇਵ/੪੮੫), ਜਤ੍ਰ ਜਾਉ ਤਤ ਬੀਠਲੁ ਭੈਲਾ॥ ਮਹਾ ਅਨੰਦ ਕਰੇ ਸਦ ਕੇਲਾ॥’’ (ਭਗਤ ਨਾਮਦੇਵ/੪੮੫) ਵਚਨ ਹੋਣ ਦੇ ਬਾਵਜੂਦ ਵੀ ਪਾਣੀ ’ਚ ਚਿਹਰਾ ਵੇਖਣ ਵਾਙ ਨਿਰਮਲ ਹੈ: ‘‘ਪਾਨੀ ਮਾਹਿ ਦੇਖੁ ਮੁਖੁ ਜੈਸਾ॥ ਨਾਮੇ ਕੋ ਸੁਆਮੀ ਬੀਠਲੁ ਐਸਾ॥’’ (ਭਗਤ ਨਾਮਦੇਵ/੧੩੧੮)

‘ਬੀਠਲ’ ਨੂੰ ਆਕਾਰ (ਪੱਥਰ, ਕ੍ਰਿਸ਼ਨ) ਰੂਪ ’ਚ ਪੂਜਣ ਵਾਲ਼ਿਆਂ ਉੱਪਰ ਵਿਅੰਗ ਕੱਸਦੇ ਹੋਏ ਭਗਤ ਜੀ ਉਨ੍ਹਾਂ ਨੂੰ ਮੂਰਖ ਸੰਗਿਆ ਦੇਂਦੇ ਹਨ: ‘‘ਆਜੁ ਨਾਮੇ ਬੀਠਲੁ ਦੇਖਿਆ, ਮੂਰਖ ਕੋ ਸਮਝਾਊ ਰੇ॥’’ (ਭਗਤ ਨਾਮਦੇਵ/੮੭੪)

ਪ੍ਰਸਨ-2. ਕੀ ਭਗਤ ਜੀ ਨੇ ਰੱਬ ਨੂੰ ਪੱਥਰ (ਮੂਰਤੀ) ’ਚੋਂ ਨਹੀਂ ਪਾਇਆ ? 

ਉੱਤਰ- ਭਗਤ ਨਾਮਦੇਵ ਜੀ ਆਪ ਹੀ ਪੱਥਰ ਪ੍ਰਤੀ ਇਉਂ ਵਚਨ ਬੋਲ ਰਹੇ ਹਨ: ‘‘ਏਕੈ ਪਾਥਰ ਕੀਜੈ ਭਾਉ॥ ਦੂਜੈ ਪਾਥਰ ਧਰੀਐ ਪਾਉ॥ ਜੇ ਓਹੁ ਦੇਉ, ਤ ਓਹੁ ਭੀ ਦੇਵਾ॥ ਕਹਿ ਨਾਮਦੇਉ, ਹਮ ਹਰਿ ਕੀ ਸੇਵਾ॥ (ਭਗਤ ਨਾਮਦੇਵ/੫੨੫) ਭਾਵ ਲੋਕ ਇੱਕ ਪੱਥਰ (ਫ਼ਰਸ਼) ’ਤੇ ਪੈਰ ਰੱਖਦੇ ਹਨ ਅਤੇ ਦੂਸਰੇ ਪੱਥਰ (ਮੂਰਤੀ) ਨੂੰ ਪੂਜਦੇ ਹਨ। ਅਗਰ ‘ਪੱਥਰ’ ਭਾਵ ਮੂਰਤੀ ਰੱਬ ਹੈ ਤਾਂ ‘ਫ਼ਰਸ਼ ਵਾਲ਼ਾ ਪੱਥਰ’ ਰੱਬ ਕਿਉਂ ਨਹੀਂ ? ਇਸ ਲਈ ਪੱਥਰ ਸਤਿਕਾਰਮਈ ((ਪੂਜਣਯੋਗ) ਹੈ ਜਾਂ ਨਿਰਾਦਰਮਈ (ਪੈਰ ਰੱਖਣ ਕਾਰਨ) ਇਹ ਭਰਮ ਮਿਟਾ ਕੇ ਮੈਂ ਤਾਂ ਕੇਵਲ ਹਰੀ ਦੀ ਬੰਦਗੀ ਕਰਦਾ ਹਾਂ।

ਭਗਤ ਨਾਮਦੇਵ ਜੀ ਨੇ ਹਰੀ ਦੀ ਬੰਦਗੀ ਪੱਥਰ ਪੂਜ ਬ੍ਰਾਹਮਣ ਦੀ ਸਿੱਖਿਆ ਲੈ ਕੇ ਨਹੀਂ ਕੀਤੀ ਬਲਕਿ ਹਰੀ ਦੇ ਅਸਲ ਸੇਵਕ (ਗੁਰੂ) ਦੀ ਰਾਹੀਂ ਕੀਤੀ ਹੈ: ‘‘ਬਿਨੁ ਗੁਰਦੇਉ, ਅਵਰ ਨਹੀ ਜਾਈ॥ ਨਾਮਦੇਉ ਗੁਰ ਕੀ ਸਰਣਾਈ॥’’ (ਭਗਤ ਨਾਮਦੇਵ/੧੧੬੭)ਭਗਤ ਕਬੀਰ ਜੀ; ਭਗਤ ਨਾਮਦੇਵ ਜੀ ਦੇ ਸਮਕਾਲੀ ਰਹੇ ਹਨ, ਜਿਨ੍ਹਾਂ ਦੇ ਮੂਰਤੀ ਪੂਜਾ ਬਾਰੇ ਵਚਨ ਹਨ: ‘‘ਕਬੀਰ ! ਪਾਹਨੁ ਪਰਮੇਸੁਰੁ ਕੀਆ, ਪੂਜੈ ਸਭੁ ਸੰਸਾਰੁ॥ ਇਸ ਭਰਵਾਸੇ ਜੋ ਰਹੇ, ਬੂਡੇ ਕਾਲੀ ਧਾਰ॥’’ (ਭਗਤ ਕਬੀਰ/੧੩੭੧)

ਪ੍ਰਸ਼ਨ-3. ਕੀ ਭਗਤ ਨਾਮਦੇਵ ਜੀ ਦਾ ‘ਗੁਰਦੇਉ’ ਦੇਵਤਾ ਨਹੀਂ ਕਿਉਂਕਿ ਨਾਮਦੇਵ ਜੀ ਕਹਿ ਰਹੇ ਹਨ ‘‘ਦੇਵਾ ! ਪਾਹਨ ਤਾਰੀਅਲੇ॥ (ਭਗਤ ਨਾਮਦੇਵ/੩੪੫) ਜਿਸ ਨੂੰ ਭਗਤ ਜੀ ਨੇ ਦੁੱਧ ਪਿਲਾਉਂਦਿਆਂ ਕਿਹਾ ‘‘ਦੂਧੁ ਪੀਉ, ਗੋਬਿੰਦੇ ਰਾਇ॥ ਦੂਧੁ ਪੀਉ, ਮੇਰੋ ਮਨੁ ਪਤੀਆਇ॥’’ ?

ਉੱਤਰ-ਭਗਤ ਜੀ ਦਾ ਜਨਮ ਪਿੰਡ ਨਰਸੀ ਬਾਮਨੀ (ਹਿੰਗੋਲੀ) ਮਹਾਰਾਸਟਰ ’ਚ ਹੋਇਆ ਸੀ, ਜਿਨ੍ਹਾਂ ਦੇ ਚਾਰ ਪੁੱਤਰਾਂ ’ਚੋਂ ਸਭ ਤੋਂ ਛੋਟੇ ਦਾ ਨਾਂ ‘ਵਿੱਠਲ’ ਸੀ। ਨਾਮਦੇਵ ਜੀ ਜਾਤ ਦੇ ਛੀਂਬੇ ਅਤੇ ਪੇਂਡੂ ਸਭਿਆਚਾਰ ’ਚ ਵੱਡੇ ਹੋਏ ਸਨ, ਜਿਸ ਕਾਰਨ ਪ੍ਰਭੂ ਜੀ ਦੀ ਬੰਦਗੀ ਦੌਰਾਨ ਵੀ ਪੇਂਡੂ ਸ਼ਬਦਾਵਲੀ ਦਾ ਪ੍ਰਭਾਵ ਵੇਖਣ ਨੂੰ ਮਿਲਦਾ ਹੈ।

ਭਗਤ ਜੀ ਦਾ ਹਿੰਦੂ ਦੇਵਤਿਆਂ ਪ੍ਰਤੀ ਇਉਂ ਨਜ਼ਰੀਆ ਹੈ ਕਿ ਹੇ ਪੰਡਿਤ ਜੀ ! ਤੇਰੀ ਗਾਇਤ੍ਰੀ ਮੰਤ੍ਰ ਵਾਲੀ ਗਾਂ, ਜੋ ਜੱਟ ਦੇ ਖੇਤ ਦੀ ਫਸਲ ਦਾ ਨੁਕਸਾਨ ਕਰਨ ਕਾਰਨ ਜ਼ਿਮੀਦਾਰ ਦੀ ਮਾਰ ਨਾਲ਼ ਲੰਗੜੀ ਹੋ ਗਈ ਸੀ, ਬੈਲ ’ਤੇ ਚੜ੍ਹ ਕੇ ਆਇਆ ਸ਼ਿਵ ਜੀ ਦਾਨੀ ਜਜਮਾਨ ਦਾ ਲੜਕਾ ਮਾਰ ਗਿਆ, ਰਾਮਚੰਦ੍ਰ ਜੀ ਦੀ ਪਤਨੀ ਹੀ ਰਾਵਨ ਚੁੱਕ ਕੇ ਲੈ ਗਿਆ ਭਾਵ ਆਪ ਹੀ ਗ੍ਰਹਿਸਤੀ ’ਚ ਸੁਖੀ ਨਹੀਂ ਰਹੇ ਭਗਤਾਂ ਨੂੰ ਕਿਵੇਂ ਸ਼ਾਂਤੀ ਦੇਣਗੇ ? : ‘‘ਪਾਂਡੇ ! ਤੁਮਰੀ ਗਾਇਤ੍ਰੀ ਲੋਧੇ ਕਾ ਖੇਤੁ ਖਾਤੀ ਥੀ॥ ਲੈ ਕਰਿ ਠੇਗਾ ਟਗਰੀ ਤੋਰੀ, ਲਾਂਗਤ ਲਾਂਗਤ ਜਾਤੀ ਥੀ॥ ਪਾਂਡੇ ! ਤੁਮਰਾ ਮਹਾਦੇਉ, ਧਉਲੇ ਬਲਦ ਚੜਿਆ ਆਵਤੁ ਦੇਖਿਆ ਥਾ॥ ਮੋਦੀ ਕੇ ਘਰ ਖਾਣਾ ਪਾਕਾ, ਵਾ ਕਾ ਲੜਕਾ ਮਾਰਿਆ ਥਾ॥ ਪਾਂਡੇ ! ਤੁਮਰਾ ਰਾਮਚੰਦੁ, ਸੋ ਭੀ ਆਵਤੁ ਦੇਖਿਆ ਥਾ॥ ਰਾਵਨ ਸੇਤੀ ਸਰਬਰ ਹੋਈ, ਘਰ ਕੀ ਜੋਇ ਗਵਾਈ ਥੀ॥’’ (ਭਗਤ ਨਾਮਦੇਵ/੮੭੫)

ਜਿੱਥੋਂ ਤੱਕ ਮੂਰਤੀ ਨੂੰ ਦੁੱਧ ਪਿਲਾਉਣ ਦਾ ਜ਼ਿਕਰ ਹੈ। ਉਹ ਪੂਰਾ ਸ਼ਬਦ ਇਉਂ ਹੈ: ‘‘ਦੂਧੁ ਪੀਉ, ਗੋਬਿੰਦੇ ਰਾਇ॥ ਦੂਧੁ ਪੀਉ, ਮੇਰੋ ਮਨੁ ਪਤੀਆਇ॥ ਨਾਹੀ ਤ ਘਰ ਕੋ ਬਾਪੁ ਰਿਸਾਇ ॥੧॥ ਰਹਾਉ ॥ ਸੁੋਇਨ ਕਟੋਰੀ, ਅੰਮ੍ਰਿਤ ਭਰੀ॥ ਲੈ ਨਾਮੈ, ਹਰਿ ਆਗੈ ਧਰੀ ॥੨॥ ਏਕੁ ਭਗਤੁ ਮੇਰੇ ਹਿਰਦੇ ਬਸੈ॥ ਨਾਮੇ ਦੇਖਿ ਨਰਾਇਨੁ ਹਸੈ ॥੩॥ ਦੂਧੁ ਪੀਆਇ, ਭਗਤੁ ਘਰਿ ਗਇਆ ॥ ਨਾਮੇ ਹਰਿ ਕਾ ਦਰਸਨੁ ਭਇਆ ॥’’ (ਭਗਤ ਨਾਮਦੇਵ/੧੧੬੪) ਭਾਵ ਹੇ ਮੇਰੇ ਗੋਵਿੰਦ ਮਾਲਕ ! ਮੇਰਾ ਦੂਧ ਪੀ ਲਵੋ। (ਪਰ ਕਿਹੜਾ ਦੂਧ ? ਗੁਰੂ ਨਾਨਕ ਦੇਵ ਜੀ ਵੀ ਇੱਕ ਪੇਂਡੂ ਸਭਿਆਚਾਰ ਦੀ ਉਦਾਹਰਨ ਇਉਂ ਦੇ ਰਹੇ ਹਨ ‘‘ਜਤੁ ਸਤੁ ਚਾਵਲ, ਦਇਆ ਕਣਕ ਕਰਿ, ਪ੍ਰਾਪਤਿ ਪਾਤੀ ਧਾਨੁ॥ ਦੂਧੁ ਕਰਮੁ, ਸੰਤੋਖੁ ਘੀਉ ਕਰਿ, ਐਸਾ ਮਾਂਗਉ ਦਾਨੁ॥’’ (ਮ: ੧/੧੩੨੯) ਭਾਵ ਉੱਚਾ ਆਚਰਨ ਅਤੇ ਦਾਨ (ਪਰਉਪਕਾਰ) ਭਾਵਨਾ ਚਾਵਲ ਵਾਙ ਹੈ, ਦਇਆ ਕਣਕ ਵਾਙ ਹੈ, ਪ੍ਰਭੂ ਪ੍ਰਾਪਤੀ ਧਨ ਦੌਲਤ, ਦੂਧ (ਸ਼ੁਭ ਕਰਮ) ਰੱਬੀ ਬਖ਼ਸ਼ਸ਼, ਸੰਤੋਖ ਘਿਉ ਹੈ, ਜੋ ਮੈਂ ਦਾਨ ਮੰਗਦਾ ਹਾਂ। 

(ਨੋਟ: ਚਾਵਲ, ਕਣਕ ਅਤੇ ਧਨ ਪਰਉਪਕਾਰੀ ਸੰਕੇਤ ਮਾਤਰ ਹਨ ਜਦਕਿ ਸ਼ੁਭ ਕਰਮ ਰੂਪ ਦੁੱਧ ’ਚੋਂ ਹੀ ਸੰਤੋਖ ਰੂਪ ਮੱਖਣ ਨਿਕਲਦਾ ਹੈ।)

ਸੋ, ‘ਦੂਧ ਪਿਉ’ ਦਾ ਭਾਵ ਸ਼ੁੱਭ ਕਰਮ ਪ੍ਰਵਾਨ ਕਰ ਤਾਂ ਜੋ ਮੇਰੇ ਮਨ ਨੂੰ ਤਸੱਲੀ ਹੋ ਜਾਵੇ ਨਹੀਂ ਤਾਂ ਘਰ (ਅੰਦਰੂਨੀ) ਬਾਪ ਭਾਵ ਸੰਤੋਖ, ਸਬਰ ਨਹੀਂ ਰਹੇਗਾ। ‘ਸੁੋਇਨ ਕਟੋਰੀ’ ਭਾਵ ਸ਼ੁੱਧ ਹਿਰਦਾ ਪ੍ਰਭੂ ਸਿਫ਼ਤ ਨਾਲ ਭਰਪੂਰ ਹਰੀ ਅੱਗੇ ਰੱਖਿਆ। ਜਦ ਰੱਬ ਨੇ ਕਿਹਾ ਕਿ ਅਜਿਹਾ ਭਗਤ ਹੀ ਮੈਨੂੰ ਪ੍ਰਵਾਨ ਹੈ ਤਾਂ ਸ਼ੁੱਭ ਆਚਰਨ ਪ੍ਰਵਾਨ ਕਰਵਾ ਕੇ ਨਾਮਦੇਵ ਭਗਤ ਸੰਤੋਖ ’ਚ ਆ ਗਿਆ ਭਾਵ ਹਰੀ ਦੀ ਮੌਜੂਦਗੀ ਨੂੰ ਅਨੁਭਵ ਕਰਨ ’ਚ ਸਫਲ ਰਿਹਾ।

ਸੰਸਾਰਕ ਵਸਤੂਆਂ; ਜਿਵੇਂ ਕਿ ਮੱਝ ਜਾਂ ਗਾਂ ਦੇ ਦੁੱਧ ਰਾਹੀਂ ਭਗਤੀ ਕਰਨ ਬਾਰੇ ਨਾਮਦੇਵ ਜੀ ਇਉਂ ਵਚਨ ਕਰਦੇ ਹਨ: ‘‘ਆਨੀਲੇ ਦੂਧੁ ਰੀਧਾਈਲੇ ਖੀਰੰ, ਠਾਕੁਰ ਕਉ ਨੈਵੇਦੁ ਕਰਉ ॥ ਪਹਿਲੇ ਦੂਧੁ ਬਿਟਾਰਿਓ ਬਛਰੈ, ਬੀਠਲੁ ਭੈਲਾ ਕਾਇ ਕਰਉ  ? ॥ (ਭਗਤ ਨਾਮਦੇਵ/੪੮੫) ਭਾਵ ਜਿਸ ਦੁੱਧ ਦੀ ਖੀਰ ਬਣਾ ਕੇ ਮੈਂ ਠਾਕੁਰ ਨੂੰ ਭੇਟਾ ਕਰਨੀ ਹੈ ਉਹ ਤਾਂ ਪਹਿਲਾਂ ਹੀ ਬੱਛਰੇ ਨੇ ਚੁੰਗਦਿਆਂ ਜੂਠਾ ਕਰ ਦਿੱਤਾ ਹੈ। ਅਪਵਿੱਤਰ ਦੁੱਧ ਨਾਲ ਬੀਠਲ ਨੂੰ ਪ੍ਰਸੰਨ ਕਿਵੇਂ ਕਰਾਂ ਭਾਵ ਨਹੀਂ ਕੀਤਾ ਜਾ ਸਕਦਾ। ਇਸ ਲਈ ਅਜਿਹੀ ਭਾਵਨਾ ਵਿਅਕਤ ਕਰਨ ਵਾਲ਼ੇ ਭਗਤ ਨਾਮਦੇਵ ਜੀ ਅਪਵਿੱਤਰ ਦੁੱਧ; ਬੀਠਲ ਨੂੰ ਕਿਵੇਂ ਭੇਟਾ ਕਰ ਸਕਦੇ ਹਨ ?

ਗੁਰੂ ਗ੍ਰੰਥ ਸਾਹਿਬ ਜੀ ’ਚ ਦਰਜ ਭਗਤਾਂ ਦੀ ਰੱਬੀ ਭਗਤੀ ਬਾਰੇ ਗੁਰੂ ਅਮਰਦਾਸ ਜੀ ਇਉਂ ਬਿਆਨ ਕਰ ਰਹੇ ਹਨ: ‘‘ਨਾਮਾ ਛੀਬਾ, ਕਬੀਰੁ ਜੁੋਲਾਹਾ, ਪੂਰੇ ਗੁਰ ਤੇ ਗਤਿ ਪਾਈ॥’’ (ਮ:੩/੬੭) ਭਾਵ ਨਾਮਦੇਵ ਜੀ, ਕਬੀਰ ਜੀ ਨੇ ਅਭੁੱਲ ਗੁਰੂ ਦੀ ਸਿਖਿਆ ਰਾਹੀ ਉੱਚੀ ਅਵਸਥਾ ਪ੍ਰਾਪਤ ਕੀਤੀ, ਨਾ ਕਿ ਪੱਥਰ (ਮੂਰਤੀ) ਪੂਜ ਕੇ। ਗੁਰੂ ਰਾਮਦਾਸ ਜੀ ਇਉਂ ਬਿਆਨ ਕਰ ਰਹੇ ਹਨ: ‘‘ਨਾਮਾ, ਜੈਦੇਉ, ਕੰਬੀਰੁ, ਤ੍ਰਿਲੋਚਨੁ, ਅਉਜਾਤਿ ਰਵਿਦਾਸੁ ਚਮਿਆਰੁ ਚਮਈਆ ॥ ਜੋ ਜੋ ਮਿਲੈ ਸਾਧੂ ਜਨ ਸੰਗਤਿ, ਧਨੁ ਧੰਨਾ ਜਟੁ, ਸੈਣੁ, ਮਿਲਿਆ ਹਰਿ ਦਈਆ ॥ (ਮ: ੪/੮੩੫) ਅਤੇ ‘‘ਨਾਮਾ, ਜੈਦੇਉ, ਕਬੀਰੁ, ਤ੍ਰਿਲੋਚਨੁ, ਸਭਿ ਦੋਖ ਗਏ ਚਮਰੇ॥ ਗੁਰਮੁਖਿ ਨਾਮਿ ਲਗੇ, ਸੇ ਉਧਰੇ, ਸਭਿ ਕਿਲਬਿਖ ਪਾਪ ਟਰੇ॥’’ (ਮ: ੪/੯੯੫) ਭਾਵ ਨਾਮਦੇਵ, ਜੈ ਦੇਵ, ਤ੍ਰਿਲੋਚਨ, ਰਵਿਦਾਸ, ਧੰਨਾ, ਸੈਣ ਜੀ ਆਦਿ ਭਗਤਾਂ ਨੇ ਗੁਰੂ ਦੀ ਕ੍ਰਿਪਾ ਨਾਲ ਰੱਬੀ ਨਾਮ ’ਚ ਜੁੜ ਕੇ ਸ਼ੁੱਭ ਗੁਣ ਪ੍ਰਾਪਤ ਕੀਤੇ ਅਤੇ ਪਾਪਾਂ ਦਾ ਨਾਸ ਕੀਤਾ। ਗੁਰੂ ਅਰਜਨ ਦੇਵ ਜੀ ਇਉਂ ਬਿਆਨ ਕਰ ਰਹੇ ਹਨ: ‘‘ਗੋਬਿੰਦ ਗੋਬਿੰਦ ਗੋਬਿੰਦ ਸੰਗਿ, ਨਾਮਦੇਉ ਮਨੁ ਲੀਣਾ ॥ ਆਢ ਦਾਮ ਕੋ ਛੀਪਰੋ ਹੋਇਓ ਲਾਖੀਣਾ॥’’ (ਮ: ੫/੪੮੮) ਭਾਵ ਪ੍ਰਿਥਵੀ ਦੀ ਰੱਖਿਆ ਕਰਨ ਵਾਲੇ ਮਾਲਕ ਦੇ ਚਰਨਾਂ ’ਚ ਭਗਤ ਨਾਮਦੇਵ ਜੀ ਦਾ ਮਨ ਜੁੜ ਗਿਆ ਜਿਸ ਕਾਰਨ ਗੁਣ ਹੀਣ ਛੀਂਬਾ ਗੁਣਾਂ ਭਰਪੂਰ ਬਣ ਗਿਆ, ਨਾ ਕਿ ਪੱਥਰ ਦੀ ਮੂਰਤੀ ਨੂੰ ਦੁੱਧ ਪਿਲਾ ਕੇ ਨਿਰਮਲ ਅਵਸਥਾ ਪ੍ਰਾਪਤ ਕੀਤੀ। ਭਗਤ ਨਾਮਦੇਵ ਜੀ ਨੇ ਭਗਤੀ ਕਿਵੇਂ ਕੀਤੀ ? ਆਪ ਹੀ ਬਿਆਨ ਕਰ ਰਹੇ ਹਨ: ‘‘ਭਨਤਿ ਨਾਮਦੇਉ, ਇਕੁ ਨਾਮੁ ਨਿਸਤਾਰੈ॥ ਜਿਹ ਗੁਰੁ ਮਿਲੈ, ਤਿਹ ਪਾਰਿ ਉਤਾਰੈ॥’’ (ਭਗਤ ਨਾਮਦੇਵ/੧੧੬੪) ਅਤੇ ‘‘ਸਤਿਗੁਰੁ ਮਿਲੈ, ਤ ਸਹਸਾ ਜਾਈ॥ ਕਿਸੁ ਹਉ ਪੂਜਉ, ਦੂਜਾ ਨਦਰਿ ਨ ਆਈ॥’’ (ਭਗਤ ਨਾਮਦੇਵ/੫੨੫) ਭਾਵ ਇੱਕ ਪ੍ਰਭੂ ਨਾਮ ਹੀ ਨਿਰਮਲ ਕਰ ਸਕਦਾ ਹੈ, ਜੋ ਗੁਰੂ ਦੀ ਰਾਹੀਂ ਦੁਨੀਆਵੀ ਵਿਕਾਰਾਂ ’ਤੋਂ ਪਾਰ ਲੰਘਾਉਂਦਾ ਹੈ, ਡਰ ਮੁਕਤ ਕਰਦਾ ਹੈ। ਗੁਰੂ ਜੀ ਰਾਹੀਂ ਨਿਰਾਕਾਰ ਦੀ ਪੂਜਾ ’ਤੋਂ ਬਿਨਾਂ ਕਿਸ ਦੀ ਬੰਦਗੀ ਕਰਾਂ  ? ਕੋਈ ਸਰਬ ਸ਼ਕਤੀਮਾਨ ਨਜ਼ਰ ਨਹੀਂ ਆਉਂਦਾ। 

ਪ੍ਰਸ਼ਨ-4. ਕੀ ਭਗਤ ਨਾਮਦੇਵ ਜੀ ਨੇ ਗੁਰਮਤ ਮਾਰਗ ਅਖ਼ਤਿਆਰ ਕਰਨ ਤੋਂ ਪਹਿਲਾਂ ਕਿਸੇ ਦੇਵ ਜਾਂ ਪੱਥਰ ਦੀ ਪੂਜਾ ਕੀਤੀ ਸੀ ?

ਉੱਤਰ: ਇਸ ਸਵਾਲ ’ਚ ਵੀ ਕੋਈ ਸਚਾਈ ਨਹੀਂ ਜਾਪਦੀ ਕਿਉਂਕਿ ਉੱਚੀ ਪਦਵੀ ਹਾਸਲ ਕਰਨ ਉਪਰੰਤ ਕੋਈ ਨੀਵੇਂਪਣ ਦੀ ਮਿਸਾਲ ਆਪਣੀ ਰਚਨਾ ਰਾਹੀਂ ਕਿਉਂ ਦੇਵੇਗਾ, ਜੋ ਸਦੀਵੀ ਰਹਿਣ ਵਾਲ਼ਾ ਦਸਤਾਵੇਜ਼ ਹੁੰਦਾ ਹੈ ?

ਗੁਰੂ ਅੰਗਦ ਸਾਹਿਬ ਜੀ 28 ਸਾਲ ਦੀ ਉਮਰ ਤੱਕ (ਭਾਵ ਸੰਨ 1532 ਤੱਕ) ਵੈਸਨਵ ਦੇਵੀ (ਦੁਰਗਾ, ਜਵਾਲਾਮੁਖੀ) ਜੰਮੂ ਦੀ ਯਾਤਰਾ ਕਰਨ ਹਰ ਸਾਲ ਜਾਂਦੇ ਰਹੇ ਪਰ ਜਦ ਗੁਰੂ ਨਾਨਕ ਸਾਹਿਬ ਦੀ ਸ਼ਰਨ ’ਚ ਆਏ ਤਾਂ ਆਪਣੇ ਦੁਆਰਾ ਰਚੇ 63 ਸ਼ਬਦਾਂ ’ਚ ਕਿਤੇ ਵੀ ਦੁਰਗਾ ਜਾਂ ਮੂਰਤੀ ਦਾ ਹਵਾਲਾ ਨਹੀਂ ਦਿੱਤਾ ਗਿਆ। ਇਸੇ ਤਰ੍ਹਾਂ ਗੁਰੂ ਅਮਰਦਾਸ ਜੀ ਵੀ ਹਰ ਸਾਲ ਤੀਰਥ ਯਾਤਰਾ ਲਈ ਜਾਂਦੇ ਰਹੇ ਹਨ, ਪਰ ਆਪਣੀ ਬਾਣੀ ’ਚ ਕਿਤੇ ਵੀ ਉਨ੍ਹਾਂ ਇਸ ਦਾ ਜ਼ਿਕਰ ਨਹੀਂ ਕੀਤਾ ਫਿਰ ਭਗਤ ਨਾਮਦੇਵ ਜੀ ਨੂੰ ਕੀ ਜ਼ਰੂਰ ਪੈ ਗਈ ਸੀ ਕਿ ਉਹ ਸਰਬੋਤਮ ਦਰਜੇ ਦੇ ਮਾਲਕ ਹੁੰਦਿਆਂ ਹੋਇਆਂ ਆਪਣੇ ਵਚਨਾਂ ’ਚ ਪੱਥਰ ਮੂਰਤੀ ਵਰਗੇ ਕਰਮਕਾਂਡ ਦੀ ਟੇਕ ਲੈਂਦੇ ?, ਜਿਸ ਲਈ ਉਨ੍ਹਾਂ ‘‘ਏਕੈ ਪਾਥਰ ਕੀਜੈ ਭਾਉ॥ ਦੂਜੈ ਪਾਥਰ ਧਰੀਐ ਪਾਉ॥’’ ਸ਼ਬਦ ਵੀ ਉਚਾਰਨ ਕੀਤੇ ਹਨ।

ਦਰਅਸਲ, ਭਗਤਾਂ ਵਲੋਂ ਰੱਬ, ਬੀਠਲ, ਗੋਵਿੰਦ, ਨਾਰਾਇਣ, ਰਾਮ, ਨਰਹਰਿ, ਮੁਰਾਰੀ, ਹਰੀ ਆਦਿ ਸਭ ਨਾਮ ਇੱਕ ਨਿਰਾਕਾਰ ਸਰਬ ਵਿਆਪਕ ਮਾਲਕ ਪ੍ਰਤੀ ਹੀ ਵਰਤੇ ਗਏ ਹਨ ਜਿਨ੍ਹਾਂ ਤੋਂ ਕੋਈ ਭਰਮ ਨਹੀਂ ਪਾਲਣਾ ਚਾਹੀਦਾ; ਜਿਵੇਂ ਕਿ ਬੰਦਗੀ ਮਾਤ੍ਰ ਹੇਠਾਂ ਅਕਾਲ ਪੁਰਖ ਦੇ ਅਲੱਗ-ਅਲੱਗ ਨਾਮ ਦਿੱਤੇ ਜਾ ਰਹੇ ਹਨ: ‘‘ਆਪਹਿ ਗਾਵੈ ਆਪਹਿ ਨਾਚੈ, ਆਪਿ ਬਜਾਵੈ ਤੂਰਾ॥ ਕਹਤ ਨਾਮਦੇਉ, ਤੂੰ ਮੇਰੋ ‘ਠਾਕੁਰੁ’, ਜਨੁ ਊਰਾ, ਤੂ ਪੂਰਾ॥ (ਭਗਤ ਨਾਮਦੇਵ/੧੨੫੨), ਨਾਮਦੇਉ ‘ਨਾਰਾਇਨੁ’ ਪਾਇਆ॥ ਗੁਰੁ ਭੇਟਤ, ਅਲਖੁ ਲਖਾਇਆ॥ (ਭਗਤ ਨਾਮਦੇਵ/੮੭੪), ਕਹਤ ਨਾਮਦੇਉ ‘ਹਰਿ’ ਕੀ ਰਚਨਾ, ਦੇਖਹੁ ਰਿਦੈ ਬੀਚਾਰੀ॥ ਘਟ ਘਟ ਅੰਤਰਿ ਸਰਬ ਨਿਰੰਤਰਿ, ਕੇਵਲ ਏਕ ‘ਮੁਰਾਰੀ’॥ (ਭਗਤ ਨਾਮਦੇਵ/੪੮੫), ਕਹੁ ਨਾਨਕ ! ਹਉਮੈ ਭੀਤਿ ਗੁਰਿ ਖੋਈ, ਤਉ ‘ਦਇਆਰੁ ਬੀਠਲੋ’ ਪਾਇਓ॥ (ਮ: ੫/੬੨੪), ਕਰਹੁ ਕ੍ਰਿਪਾ ‘ਗੋਪਾਲ ਬੀਠੁਲੇ’, ਬਿਸਰਿ ਨ ਕਬ ਹੀ ਜਾਇ॥ (ਮ: ੫/੧੨੨੩), ਮਿਲੁ ਮੇਰੇ ‘ਬੀਠੁਲਾ’, ਲੈ ਬਾਹੜੀ ਵਲਾਇ॥ (ਭਗਤ ਤ੍ਰਿਲੋਚਨ/੯੨), ਰਾਖੁ ਰਾਖੁ ਮੇਰੇ ‘ਬੀਠੁਲਾ’  ! ਜਨੁ ਸਰਨਿ ਤੁਮ੍ਾਰੀ॥ (ਭਗਤ ਕਬੀਰ/੮੫੫), ਕਹਿ ਨਾਮਦੇਉ ਹਮ ‘ਨਰਹਰਿ’ ਧਿਆਵਹ, ਰਾਮੁ ਅਭੈ ਪਦ ਦਾਤਾ॥ (ਭਗਤ ਨਾਮਦੇਵ/੧੧੬੫), ਆਦਿ।

ਬੇਸ਼ੱਕ ਵਹਿਮੀ ਲੋਕ ਅੱਜ ਵੀ ਕੁੱਤੇ ਭੌਂਕਣ ਨੂੰ ਅਸ਼ੁੱਭ ਮੰਨਦੇ ਹਨ ਪਰ ਸਮਝਦਾਰ ਲੋਕ ਆਵਾਰਾਂ ਕੁੱਤਿਆਂ ਦੀ ਰਾਹੀਂ ਵੀ ਸਮਾਜ ਸੁਧਾਰ ਦੇ ਕਈ ਕੰਮ ਕਰ ਜਾਂਦੇ ਹਨ।

0

ਬੇਸ਼ੱਕ ਵਹਿਮੀ ਲੋਕ ਅੱਜ ਵੀ ਕੁੱਤੇ ਭੌਂਕਣ ਨੂੰ ਅਸ਼ੁੱਭ ਮੰਨਦੇ ਹਨ ਪਰ ਸਮਝਦਾਰ ਲੋਕ ਆਵਾਰਾਂ ਕੁੱਤਿਆਂ ਦੀ ਰਾਹੀਂ ਵੀ ਸਮਾਜ ਸੁਧਾਰ ਦੇ ਕਈ ਕੰਮ ਕਰ ਜਾਂਦੇ ਹਨ।

‘ਮੁਹਾਵਰਾ’ ਸ਼ਬਦਾਂ ਦੀ ਆਮ ਬੋਲਚਾਲ ’ਚ ਮਹੱਤਤਾ

ਅੱਜ ਵਿਗਿਆਨਿਕ ਯੁੱਗ ਵਿੱਚ ਮੈਡੀਕਲ ਸਾਇੰਸ ਇਸ ਗੱਲ ਨੂੰ ਮੰਨਦੀ ਹੈ ਕਿ ਬੋਲਣ ਨਾਲ ਉਤਨੀ ਐਨਰਜੀ ਬਰਬਾਦ ਨਹੀਂ ਹੁੰਦੀ ਜਿੰਨੀ ਸੋਚਣ ਨਾਲ ਖ਼ਤਮ ਹੁੰਦੀ ਹੈ ਭਾਵ ਬੋਲਣ ਤੋਂ ਪਹਿਲਾਂ ਬੰਦੇ ਨੂੰ ਸੋਚ-ਵੀਚਾਰ ਕਰਨ ਲਈ ਬਹੁਤ ਹੀ ਜ਼ਿਆਦਾ ਐਨਰਜੀ ਦੀ ਜ਼ਰੂਰਤ ਪੈਂਦੀ ਹੈ। ਪੁਰਾਤਨ ਸੋਚ ਦੇ ਧਾਰਨੀ ਬੰਦਿਆਂ ਨੇ ਇਸ ਦਾ ਇੱਕ ਢੁੱਕਵਾਂ ਹੱਲ ਕੱਢਿਆ ਸੀ, ਜਿਸ ਨੂੰ ਅਸੀਂ ‘ਮੁਹਾਵਰਾ’ ਬੋਲੀ ਕਹਿੰਦੇ ਹਾਂ। ‘ਮੁਹਾਵਰਾ’ ਅਰਬੀ ਦਾ ਸ਼ਬਦ ਹੈ, ਜਿਸ ਦਾ ਅਰਥ ਹੈ ‘ਸੀਮਤ ਸ਼ਬਦਾਂ ’ਚ ਦਿੱਤਾ ਗਿਆ ਸੰਕੇਤ’। ਇਸ ਨਕਸੇ-ਕਦਮ ’ਤੇ ਚੱਲਦਿਆਂ ਹੀ ਮੈਡੀਕਲ ਸਾਇੰਸ ਨੇ ਉਕਤ ਨਿਰਣਾ (ਭਾਵ ਕਿ ਬੋਲਣ ਤੋਂ ਵਧੀਕ ਐਨਰਜੀ ਸੋਚਣ ’ਤੇ ਖਰਚ ਹੁੰਦੀ ਹੈ) ਕੀਤਾ ਸੀ।

ਦਿੱਲੀ ਵਿੱਚ ਪਿਛਲੇ ਪਾਰਲੀਮੈਂਟ ਸੈਸਨ ਦੌਰਾਨ ਪੰਜਾਬ ਦੇ ਸੰਗਰੂਰ ਹਲਕੇ ਤੋਂ ਐਮ. ਪੀ. ਸ. ਭਗਵੰਤ ਮਾਨ ਜੀ ਦਾ ਇਹ ਕਹਿਣਾ ਵੀ ਇਸ ਦੀ ਪੜਚੋਲਤਾ ਕਰਦਾ ਹੈ ਕਿ ਲੋਕ ਸਭਾ ’ਚ ਸਾਡੇ 4 ਹੀ ਮੈਂਬਰ ਹੋਣ ਕਾਰਨ ਸਾਨੂੰ ਕੇਵਲ 6 ਮਿੰਟ ਹੀ ਬੋਲਣ ਦਾ ਸਮਾ ਮਿਲਦਾ ਹੈ, ਜਿਸ ਦੀ ਭਰਪਾਈ ਅਸੀਂ ‘ਮੁਹਾਵਰੇ’ ਬੋਲ ਕੇ ਕਰਦੇ ਹਾਂ, ਜੋ ਕਿ ਪੰਜਾਬੀ ਬੋਲੀ ਦੀ ਦੇਣ ਹੈ ਭਾਵ ਥੋੜੇ ਸਮੇਂ ’ਚ ਬਹੁਤ ਕੁਝ ਬੋਲਣਾ, ਆਪਣੀ ਐਨਰਜੀ ਅਤੇ ਸਮਾ ਬਚਾਉਣਾ। ਇਹ ‘ਮੁਹਾਵਰਾ’ ਬੋਲੀ ਪੰਜਾਬ ਦੀ ਵਿਸ਼ੇਸ਼ਤਾ ਦਾ ਅੱਜ ਭੀ ਵੈਸਾ ਹੀ ਪ੍ਰਤੀਕ ਹੈ ਜਿਹਾ ਕਿ ਸਦੀਆਂ ਪਹਿਲਾਂ।

ਬੇਸ਼ੱਕ ਇਹ ‘ਮੁਹਾਵਰੇ’ ਬਹੁਤ ਕੁਝ, ਆਪਣੇ ਕੁਝ ਕੁ ਸ਼ਬਦਾਂ ਰਾਹੀਂ ਹੀ ਕਹਿ ਜਾਂਦੇ ਹਨ ਪਰ ਅਗਰ ਇਨ੍ਹਾਂ ਮੁਹਾਵਰਿਆਂ ਦੀ ਪਿਛੋਕੜ ਭਾਵਨਾ ਦੀ ਸਮਝ ਨਾ ਹੋਵੇ ਤਾਂ ਇਸ ਦਾ ਕੋਈ ਸਾਰਥਿਕ ਲਾਭ ਵੀ ਨਹੀਂ ਹੁੰਦਾ, ਇਸ ਲਈ ਕੁਝ ਕੁ ਉਨ੍ਹਾਂ ਮੁਹਾਵਰਿਆਂ ਦੀ ਵੀਚਾਰ ਸਾਂਝੀ ਕਰਾਂਗੇ ਜਿਨ੍ਹਾਂ ਨੂੰ ਅੱਜ ਭੀ ਆਮ ਤੌਰ ’ਤੇ ਪੰਜਾਬ ਦੇ ਪਿੰਡਾਂ ਵਿੱਚ ਬੋਲਿਆ ਜਾਂਦਾ ਹੈ।

ਗੁਰਬਾਣੀ ਦੀ ਲਿਖਤ ਕਾਵਿ ਰੂਪ ’ਚ ਹੋਣ ਕਾਰਨ ਵੀ ਵਾਰਤਿਕ ਨਾਲੋਂ ਘੱਟ ਐਨਰਜੀ ਲੈਂਦੀ ਹੈ ਬੇਸ਼ੱਕ ਇਸ ਦੇ ਸਮੂਹ ਅਰਥ-ਭਾਵ ਤਮਾਮ ਵਾਰਤਿਕ ਲਿਖਤ ’ਚ, ਅੱਜ ਵੀ ਨਹੀਂ ਆ ਰਹੇ। ਗੁਰਬਾਣੀ ਦੀ ਕਾਵਿ ਲਿਖਤ ਵਿੱਚ ਭੀ ‘ਮੁਹਾਵਰਾ’ ਬੋਲੀ ਨੂੰ ਵਿਸ਼ੇਸ਼ ਸਥਾਨ ਉਪਲੱਭਦ ਹੈ, ਜਿਵੇਂ ਕਿ

(1). ਕੂੜ ਕਮਾਉਣਾ– ਭਾਵ ਝੂਠ ਦੀ ਕਮਾਈ ਨਾਲ ਬੱਚੇ ਪਾਲਣਾ, ਨੂੰ ਗੁਰੂ ਨਾਨਕ ਸਾਹਿਬ ਜੀ ਇਉਂ ਬਿਆਨ ਕਰ ਰਹੇ ਹਨ ‘‘ਕੂਕਰ ਕੂੜੁ ਕਮਾਈਐ, ਗੁਰ ਨਿੰਦਾ ਪਚੈ ਪਚਾਨੁ॥’’ (ਮ:੧/੨੧)

(2). ਉਚ ਦੁਮਾਲੜਾ– ਭਾਵ ਜਿੱਤਿਆ ਹੋਇਆ ਪਹਿਲਵਾਨ, ਨੂੰ ਗੁਰੂ ਅਰਜੁਨ ਸਾਹਿਬ ਜੀ ਇਉਂ ਬਿਆਨ ਕਰ ਰਹੇ ਹਨ ‘‘ਹਉ ਗੋਸਾਈ ਦਾ ਪਹਿਲਵਾਨੜਾ॥ ਮੈ ਗੁਰ ਮਿਲਿ, ਉਚ ਦੁਮਾਲੜਾ॥ ਸਭ ਹੋਈ ਛਿੰਝ ਇਕਠੀਆ, ਦਯੁ ਬੈਠਾ ਵੇਖੈ ਆਪਿ ਜੀਉ॥’’ (ਮ:੫/੭੪)

(3). ‘‘ਅਹਿ ਕਰੁ ਕਰੇ ਸੁ ਅਹਿ ਕਰ ਪਾਏ.॥’’ ਭਾਵ ਜਿਹੋ ਜਿਹਾ ਬੰਦਾ ਕੰਮ ਕਰਦਾ ਹੈ ਉਸ ਦਾ ਫਲ ਭੀ ਉਸ ਨੂੰ ਵੈਸੀ ਹੀ ਭੋਗਣਾ ਪੈਂਦਾ ਹੈ, ਨੂੰ ਗੁਰੂ ਅਰਜੁਨ ਸਾਹਿਬ ਜੀ ਇਉਂ ਬਿਆਨ ਕਰ ਰਹੇ ਹਨ ‘‘ਅਹਿ ਕਰੁ ਕਰੇ, ਸੁ ਅਹਿ ਕਰੁ ਪਾਏ; ਕੋਈ ਨ ਪਕੜੀਐ ਕਿਸੈ ਥਾਇ॥’’ (ਮ:੫/੪੦੬) ਆਦਿ।

ਕੁਝ ਕੁ ਉਹ ‘ਮੁਹਾਵਰੇ’, ਜੋ ਕਿ ਗੁਰਬਾਣੀ ਵਿੱਚ ਦਰਜ ਨਹੀਂ ਹਨ ਜਿਵੇਂ ਕਿ

(1). ‘ਛੂਹਣੀ ਖੜ੍ਹੀ ਕਰਨਾ’– ਭਾਵ ਹਮੇਸ਼ਾ ਹੀ ਲੜਾਈ ਨੂੰ ਤਰਜੀਹ ਦੇਣਾ।

ਵੈਸੇ ਇਸ ‘ਮੁਹਾਵਰੇ’ ਦੀ ਪਿਛੋਕੜ ਭਾਵਨਾ ਸੀ ਕਿ ਛੂਹਣੀ (ਝਾੜੂ) ਨਾਲ ਸਫਾਈ ਕਰਦਿਆਂ ਕੁਝ ਗੰਦ, ਸਫਾਈ ਪੂਰੀ ਹੋਣ ਤੋਂ ਉਪਰੰਤ ਭੀ ਲੱਗਾ ਰਹਿ ਜਾਂਦਾ ਹੈ, ਜਿਸ ਨੂੰ ਦੀਵਾਰ ਨਾਲ ਖੜ੍ਹਾ ਕੀਤਿਆਂ ਇਸ ਦੀ ਸਾਰੀ ਗੰਦਗੀ ਝਾੜੂ ਨੂੰ ਪਕੜਣ ਵਾਲੇ ਪਾਸੇ ਆ ਜਾਂਦੀ ਹੈ ਅਤੇ ਦੁਬਾਰਾ ਝਾੜੂ ਮਾਰਨ ਵਾਲੇ ਦਾ ਮਨ (ਹੱਥ ’ਚ ਫੜੇ ਗੰਦੇ ਝਾੜੂ ਕਾਰਨ) ਕੁਝ ਉਦਾਸ ਜਿਹਾ ਹੋ ਜਾਂਦਾ ਹੈ ਜੋ ਕਿ ਮਨ ਦੇ ਨਿਰਾਸ ਦਾ ਪ੍ਰਤੀਕ ਸੀ, ਲੜਾਈ ਦਾ ਪ੍ਰਤੀਕ ਸੀ।

(2). ‘ਮੂਤਰ ’ਚੋਂ ਮੱਛੀਆਂ ਲੱਭਣਾ’-ਇਸ ‘ਮੁਹਾਵਰੇ’ ਦੀ ਪਿਛੋਕੜ ਭਾਵਨਾ ਅੱਜ ਦੇ ਵਿਗਿਆਨਿਕ ਯੁੱਗ ’ਚ 100% ਪੂਰੀ ਉਤਰਦੀ ਹੈ।

ਵਿਗਿਆਨੀ ਇਹ ਸਪੱਸ਼ਟ ਕਰ ਚੁੱਕੇ ਹਨ ਕਿ ਮੱਛੀ ਮੂਤ੍ਰ ’ਚ ਨਹੀਂ ਰਹਿ ਸਕਦੀ ਪਰ ਕਿਉਂ? ਇਸ ਦਾ ਜਵਾਬ ਭੀ ਲਾ-ਜਵਾਬ ਹੈ, ਜੋ ਇਸ ਤਰ੍ਹਾਂ ਹੈ:

ਮੂਤ੍ਰ ਦੇ ਵਿੱਚ ਪਾਣੀ ਦੀ ਮਾਤਰਾ ਕੇਵਲ 95% ਹੀ ਹੁੰਦੀ ਹੈ ਬਾਕੀ ਉਸ ਵਿੱਚ ਉਹ ਪ੍ਰੋਟੀਨ ਤੱਤ ਹੁੰਦੇ ਹਨ ਜੋ ਸਰੀਰ ਨੇ ਆਪਣੀ ਗ੍ਰਹਿਣ ਕਰਨ ਵਾਲੀ ਸ਼ਕਤੀ ਤੋਂ ਵਾਧੂ ਸਮਝ ਕੇ ਬਾਹਰ ਕੱਢ ਦਿੱਤੇ ਹਨ ਇਸ ਲਈ ਕੁਝ ਬੰਦੇ ਆਪਣੇ ਪਿਸ਼ਾਬ ਨੂੰ ਦੁਬਾਰਾ ਪੀਣਾ ਪਸੰਦ ਕਰਦੇ ਹਨ ਤਾਂ ਜੋ ਬਾਕੀ ਰਿਹਾ ਪ੍ਰੋਟੀਨ ਵੀ ਸਰੀਰ ਦੇ ਅੰਦਰ ਹੀ ਚਲਾ ਜਾਵੇ ਪਰ ਇਹੀ ਵਾਧੂ ਪ੍ਰੋਟੀਨ ਮੱਛੀ ਦੀ ਖੁਰਾਕ ਨਾ ਹੋਣ ਕਾਰਨ ਉਸ ਦੀ ਮੌਤ ਦਾ ਕਾਰਨ ਬਣਦੇ ਹਨ। (ਇੱਕ ਲੀਟਰ ਪਿਸ਼ਾਬ ’ਚ 5% ਵਾਧੂ ਪ੍ਰੋਟੀਨ ਦਾ ਸਕੇਲ ਇਉਂ ਬਣਦਾ ਹੈ ‘ਯੂਰੀਆ-9.3 ਗ੍ਰਾਮ, ਕਲੋਰਾਈਡ-1.87 ਗ੍ਰਾਮ, ਸੋਡੀਅਮ-1.17 ਗ੍ਰਾਮ, ਪੋਟਾਸ਼ੀਅਮ (ਚਿੱਟੀ ਧਾਤੂ) 0.750 ਗ੍ਰਾਮ ਅਤੇ ਕ੍ਰੇਏਟਨੀਨ-0.670 ਗ੍ਰਾਮ।’)

ਇਸ ਲਈ ‘ਮੂਤਰ ਚੋਂ ਮੱਛੀਆਂ ਲੱਭਣਾ’ ਭਾਵ ਮੂਰਖਤਾ ਵਾਲਾ ਕੰਮ ਹੀ ਹੁੰਦਾ ਹੈ, ‘ਮੁਹਾਵਰਾ’ ਅਜੌਕੇ ਵਿਗਿਆਨਿਕ ਯੁੱਗ ’ਚ 100% ਸਹੀ ਢੁੱਕਦਾ ਹੈ।

(3). ‘ਕੁੱਤੇ ਭੌਂਕਣਾ’-ਇਸ ਭਾਵਨਾ ਦੇ ਪਿਛੋਕੜ ’ਚ ਬੜੀ ਹੀ ਰੋਮੈਂਟਿਕ (ਭਾਵੁਕ, ਵਿਚਿੱਤਰ) ਧਾਰਨਾ ਮਿਲਦੀ ਹੈ ਜੋ ਕਿ ਇਸ ਪ੍ਰਕਾਰ ਹੈ:

ਇੱਕ ਸਾਧੂ ਨੇ ਆਪਣੇ ਨਵੇਂ-2 ਬਣੇ ਸ਼ਰਧਾਲੂ ਨੂੰ ਸੁਭ੍ਹਾ ਇਕਾਂਤ ’ਚ ਰਾਮ ਦਾ ਸਿਮਰਨ ਕਰਨ ਲਈ ਕਿਹਾ ਪਰ ਉਸ ਸ਼ਰਧਾਲੂ ਦੇ ਘਰ ਨਜ਼ਦੀਕ ਮਹੌਲ ਕੁਝ ਯੋਗ (ਸ਼ਾਂਤ) ਨਹੀਂ ਸੀ ਕਿਉਂਕਿ ਉਸ ਮੁਹੱਲੇ ਦੇ ਲੋਕ ਦੇਰ ਰਾਤ ਤੱਕ ਇਕੱਠੇ ਹੋ ਕੇ ਸ਼ਰਾਬਾਂ ਪੀਂਦੇ, ਰੰਗ-ਰਲੀਆਂ ਮਨਾਉਂਦੇ, ਸ਼ੋਰ-ਸ਼ਰਾਬਾ ਕਰਦੇ ਅਤੇ ਬੇਅੰਤਾਂ ਦਾ ਜੂਠਾ ਖਾਣਾ ਗਲੀਆਂ ’ਚ ਖਿਲਾਰਦੇ। ਇਉਂ ਸ਼ੋਰ ਮਚਾਉਂਦਿਆਂ ਬਹੁਤੀ ਰਾਤ ਬੀਤ ਜਾਂਦੀ ਜਿਸ ਕਾਰਨ ਉਸ ਸ਼ਰਧਾਲੂ ਨੂੰ ਸੁਭ੍ਹਾ ਉੱਠਣ ’ਚ ਹਮੇਸ਼ਾ ਹੀ ਦੇਰੀ ਹੋ ਜਾਂਦੀ। ਉਸ ਨੇ ਇਸ ਅਸ਼ਾਂਤੀ ਨੂੰ ਬੰਦ ਕਰਵਾਉਣ ਲਈ ਕੁਝ ਮੁਹੱਲੇ ਦੇ ਸਿਆਣੇ ਬੰਦਿਆਂ ਦੀ ਮਦਦ ਲਈ ਪਰ ਕੋਈ ਢੁੱਕਵਾਂ ਹੱਲ ਨਾ ਨਿਕਲਦਾ ਵੇਖ ਕੇ ਇੱਕ ਦਿਨ ਆਪਣੇ ਗੁਰੂ (ਸਾਧੂ) ਕੋਲ ਆਪਣੀ ਦਿਲੀ ਪੀੜਾ ਸੁਣਾ ਦਿੱਤੀ।

ਸਾਧੂ ਨੇ ਉਸ ਸ਼ਰਧਾਲੂ ਨੂੰ ਇੱਕ ਪਾਲਤੂ ਵੱਡਾ ਕੁੱਤਾ ਪਾਲਣ ਲਈ ਕਿਹਾ ਅਤੇ ਉਸ ਨੂੰ ਭੌਂਕਣ ਦੀ ਸਿਖਲਾਈ ਵੀ ਵਿਸ਼ੇਸ਼ ਤੌਰ ’ਤੇ ਦੇਣ ਲਈ ਪ੍ਰੇਰਿਆ। ਜਦ ਸ਼ਰਧਾਲੂ ਨੇ ਇਹ ਕੰਮ ਆਪਣੇ ਗੁਰੂ (ਸਾਧੂ) ਦੇ ਕਹੇ ਅਨੁਸਾਰ ਮੁਕੰਬਲ ਕਰ ਲਿਆ ਤਾਂ ਅਗਲਾ ਆਦੇਸ ਲੈਣ ਲਈ ਉਹ ਸ਼ਰਧਾਲੂ ਫਿਰ ਆਪਣੇ ਗੁਰੂ (ਸਾਧੂ) ਕੋਲ ਆਇਆ।

ਸਾਧੂ ਨੇ ਉਸ (ਸ਼ਰਧਾਲੂ) ਨੂੰ ਇੱਕ ਦੋ ਦਿਨ ਰਾਮ ਦਾ ਸਿਮਰਨ ਨਾ ਕਰਕੇ ਆਪਣੇ ਪਾਲਤੂ ਕੁੱਤੇ ਸਮੇਤ ਮੁਹੱਲੇ ਦੇ ਵਿਚਕਾਰ ਕਿਸੇ ਉੱਚੀ ਜਗ੍ਹਾ ’ਤੇ ਜਾ ਕੇ ਤਦ ਆਪਣੇ ਵੱਲੋਂ ਦਿੱਤੀ ਗਈ ਸਿਖਲਾਈ ਅਨੁਸਾਰ ਕੁੱਤੇ ਨੂੰ ਭੌਂਕਣ ਲਈ ਉਤਸਾਹਿਤ ਕਰਨ ਲਈ ਕਿਹਾ ਜਦ ਉਸ ਮਹੱਲੇ ਦੇ ਲੋਕ ਥੱਕ-ਟੁੱਟ ਕੇ ਸੌਣ ਦੀ ਤਿਆਰੀ ਵਿੱਚ ਹੋਣ।

ਸ਼ਰਧਾਲ ਨੇ ਰਾਮ ਦਾ ਸਿਮਰਨ ਕੁਝ ਦਿਨ ਨਾ ਕਰ ਸਕਣ ਲਈ ਆਪਣੇ ਗੁਰੂ ਤੋਂ ਮਾਫੀ ਮੰਗੀ ਤੇ ਚੱਲ ਪਿਆ ਆਪਣੇ ਗੁਰੂ ਜੀ ਦੇ ਨਿਵੇਕਲੇ ਆਦੇਸ ਦਾ ਪਾਲਣ ਕਰਨ। ਜਦ ਅੱਧੀ ਰਾਤ ਬੀਤਦੀ ਸ਼ਰਧਾਲੂ, ਆਪਣੇ ਗੁਰੂ ਦੇ ਆਦੇਸ ਅਨੁਸਾਰ ਕੁੱਤੇ ਨੂੰ ਭੌਂਕਣ ਵੱਲ ਪ੍ਰੇਰਦਾ, ਜਿਸ ਦੀ ਆਵਾਜ਼ ਸੁਣ ਕੇ ਪਹਿਲਾਂ ਤੋਂ ਹੀ ਉਸ ਮੁਹੱਲੇ ’ਚ ਸੈਂਕੜਿਆਂ ਦੀ ਤਾਦਾਦ ’ਚ ਮੌਜ਼ੂਦ ਅਤੇ ਮੁਹੱਲੇ ਵਾਲਿਆਂ ਦਾ ਜੂਠਾ ਖਾਣਾ ਖਾ-ਖਾ ਕੇ ਮੋਟੇ ਹੋਏ ਕੁੱਤਿਆਂ ਨੇ ਆਪਣੀ-2 ਧੁਨੀ ਅਨੁਸਾਰ ਆਵਾਜ਼ਾਂ ਕੱਢਣੀਆਂ। ਜਦ ਤੱਕ ਬਾਕੀ ਕੁੱਤੇ ਭੌਂਕਦੇ ਸ਼ਰਧਾਲੂ ਆਪਣੇ ਕੁੱਤੇ ਨੂੰ ਆਰਾਮ ਕਰਵਾ ਲੈਂਦਾ। ਮੁਹੱਲੇ ਦੇ ਤਮਾਮ ਕੱੁਤਿਆਂ ਦੇ ਭੌਂਕਣ ਤੋਂ ਬੰਦ ਹੁੰਦਿਆਂ ਹੀ ਸ਼ਰਧਾਲੂ ਆਪਣੇ ਗੁਰੂ ਦੇ ਆਦੇਸ ਦਾ ਦੁਬਾਰਾ ਪਾਲਣ ਕਰਨ ਲਈ ਆਪਣੇ ਕੁੱਤੇ ਤੋਂ ਉਹੀ ਕਿਰਿਆ ਕਰਵਾਉਂਦਾ ਜਿਸ ਤੋਂ ਉਪਰੰਤ ਸ਼ਰਧਾਲੂ ਦੇ ਗੁਰੂ ਦਾ ਅਧੂਰਾ ਆਦੇਸ਼ ਮੁਹੱਲੇ ਦੇ ਬਾਕੀ ਤਮਾਮ ਕੁੱਤੇ ਪੂਰਾ ਕਰਦੇ।

ਕੁਝ ਦਿਨਾਂ ਦੀ ਅਜਿਹੀ ਸਥਿਤੀ ਤੋਂ ਉਪਰੰਤ ਮੁਹੱਲੇ ਦੇ ਥੱਕੇ-ਹਾਰੇ ਲੋਕ ਬੜੇ ਹੈਰਾਨ ਤੇ ਪ੍ਰੇਸ਼ਾਨ। ਉਨ੍ਹਾਂ ਨੇ ਤਮਾਮ ਕੁੱਤਿਆਂ ਨੂੰ ਮੁਹੱਲੇ ਤੋਂ ਦੂਰ ਛੱਡਣ ਦੀ ਯੋਜਨਾ ਬਣਾਈ ਪਰ ਫ੍ਰੀ ਦਾ ਖਾਣਾ ਖਾਣ ਦੇ ਆਦੀ ਹੋਏ ਸਾਰੇ ਹੀ ਕੁੱਤੇ ਵਾਰ-2 ਉਸ ਮੁਹੱਲੇ ਵਿੱਚ ਹੀ ਆ ਜਾਣ, ਜਿੱਥੇ ਉਨ੍ਹਾਂ ਦੀ ਉਡੀਕ ਅਗਲੀ ਰਾਤ ਲਈ ਸਾਧੂ ਦਾ ਚੇਲਾ (ਸ਼ਰਧਾਲੂ) ਕਰੀ ਜਾ ਰਿਹਾ ਸੀ। ਆਖਿਰ ਕਿਸੇ ਸਮਝਦਾਰ ਬੰਦੇ ਨੇ ਉਨ੍ਹਾਂ ਨੂੰ ਸਮਝਾਇਆ ਕਿ ਤੁਸੀਂ ਉਸ ਸਾਧੂ (ਗੁਰੂ) ਕੋਲ ਜਾਉ। ਸਾਧੂ ਪਹਿਲਾਂ ਹੀ ਇਹੀ ਚਾਹੁੰਦਾ ਸੀ।

ਸਾਧੂ ਦੀ ਪ੍ਰੇਰਨਾ ਨਾਲ ਮੁਹੱਲਾ ਨਿਵਾਸੀਆਂ ਨੇ ਰਾਤ ਨੂੰ ਰੰਗ-ਰਲੀਆਂ ਮਨਾਉਣੀਆਂ ਬੰਦ ਕਰ ਦਿੱਤੀਆਂ ਜਿਸ ਨਾਲ ਸ਼ਰਧਾਲੂ ਨੂੰ ਇੱਕਾਂਤ ’ਚ ਰਾਮ ਦਾ ਸਿਮਰਨ ਕਰਨ ਦਾ ਮੌਕਾ ਮਿਲ ਗਿਆ ਪਰ ਸ਼ਰਧਾਲੂ ਆਰਥਿਕ ਪੱਖੋਂ ਬੜਾ ਕਮਜ਼ੋਰ ਸੀ, ਜੋ ਪਾਲਤੂ ਕੁੱਤੇ ਨੂੰ ਹਮੇਸ਼ਾ ਲਈ ਸਾਂਭਣ ਤੋਂ ਅਸਮਰਥ ਸੀ। ਸ਼ਰਧਾਲੂ ਨੇ ਆਪਣੇ ਗੁਰੂ ਨੂੰ ਕਿਹਾ ਕਿ ਇਸ ਕੁੱਤੇ ਦਾ ਕੀ ਕੀਤਾ ਜਾਵੇ? ਸਾਧੂ ਨੇ ਸ਼ਰਧਾਲੂ ਨੂੰ ਕਿਹਾ ਬੇਸ਼ੱਕ ਮੁਹੱਲੇ ਵਿੱਚ ਕੁਝ ਸਮੇਂ ਤੋਂ ਸ਼ਾਂਤੀ ਹੈ ਪਰ ਇਹ ਲੋਕ ਸਦੀਆਂ ਤੋਂ ਆਪਣੀਆਂ ਕਮਜ਼ੋਰੀਆਂ ਦੇ ਆਦੀ ਹੋ ਚੁੱਕੇ ਹਨ ਤੇ ਕਦੇ ਭੀ ਦੁਬਾਰਾ ਵਾਲੀ ਸਥਿਤੀ ’ਚ ਆ ਸਕਦੇ ਹਨ ਇਸ ਲਈ ਕੁੱਤੇ ਦੀ ਜ਼ਰੂਰਤ ਹਮੇਸ਼ਾ ਪਵੇਗੀ। ਉਧਰ ਮੁਹੱਲੇ ਦੇ ਨੌਜਵਾਨ ਲੋਕ ਜਦ ਵੀ ਆਪਣੇ ਪਹਿਲਾਂ ਵਾਲੇ ਭੂਤ ਨੂੰ ਜਗਾਉਣ ਦਾ ਯਤਨ ਕਰਨ, ਸਿਆਣੇ ਲੋਕ ਮੁਹੱਲੇ ਵਿੱਚ ਘੁੰਮ ਰਹੇ ਤਮਾਮ ਕੁੱਤਿਆਂ ਤੋਂ ਡਰਾ ਦਿੰਦੇ।

ਸੋ, ‘ਕੁੱਤੇ ਭੌਂਕਣਾ’ ਪੰਜਾਬੀ ਮੁਹਾਵਰੇ ਨੂੰ ਬੇਸ਼ੱਕ ਵਹਿਮੀ ਲੋਕ ਅੱਜ ਭੀ ਅਸ਼ੁੱਭ ਦਿ੍ਰਸ਼ਟੀ ਨਾਲ ਵੇਖਦੇ ਹਨ ਪਰ ਸਮਝਦਾਰ ਲੋਕ ਆਵਾਰਾ ਕੁੱਤਿਆਂ ਦੀ ਰਾਹੀਂ ਭੀ ਸਮਾਜ ’ਚ ਸੁਧਾਰ ਦੇ ਕਈ ਕੰਮ ਕਰ ਜਾਂਦੇ ਹਨ।

ਪੁਰਾਣੀ ਤੇ ਨਵੀਂ ਮਿਸ਼ਨਰੀ ਸੋਚ ਦੀ ਪੰਥਕ ਮਸਲਿਆਂ ਬਾਰੇ ਵਾਰਤਾਲਾਪ

0

ਪੁਰਾਣੀ ਤੇ ਨਵੀਂ ਮਿਸ਼ਨਰੀ ਸੋਚ ਦੀ ਪੰਥਕ ਮਸਲਿਆਂ ਬਾਰੇ ਵਾਰਤਾਲਾਪ

ਗਿਆਨੀ ਅਵਤਾਰ ਸਿੰਘ (ਸੰਪਾਦਕ) ‘ਮਿਸ਼ਨਰੀ ਸੇਧਾਂ’

ਨਵੀਂ ਸੋਚ- ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫ਼ਤਹਿ।

ਪੁਰਾਣੀ ਸੋਚ- ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫ਼ਤਹਿ ਜੀ! ਕਿੱਦਾਂ ਅੱਜ ਸੁਭ੍ਹਾ-ਸੁਭ੍ਹਾ ਦੋ ਵਿਸ਼ਿਆਂ ’ਤੇ ਇਕੱਠੇ ਹੀ ਦੋ ਲੇਖ ਲਿਖ ਰਹੀ ਹੈਂ ?

ਨਵੀਂ ਸੋਚ-ਮੈਨੂੰ ਰਾਤ ਭਰ ਮਿਸ਼ਨਰੀ ਜਥੇਬੰਦੀਆਂ ਦੀ ਨਵੀਂ ਤੇ ਪੁਰਾਣੀ ਸੋਚ ਨੇ ਚਿੰਤਤ ਕਰ ਰੱਖਿਆ ਹੋਇਆ ਹੈ।

ਪੁਰਾਣੀ ਸੋਚ- ਕੀ ਕਹਿ ਰਹੀ ਹੈਂ, ਮੈਨੂੰ ਸਮਝ ਨਹੀਂ ਆ ਰਹੀ ?

ਨਵੀਂ ਸੋਚ- ਮੈ ਅੱਜ ਤੇਰੇ ਨਾਲ, ਇਸ ਵਿਸ਼ੇ ਨਾਲ ਸਬੰਧਤ ਵਿਚਾਰ ਕਰਨ ਦੇ ਮੂਢ ’ਚ ਹਾਂ ਕਿ ਜਦ ਮਿਸ਼ਨਰੀ ਜਥੇਬੰਦੀਆਂ ਦੇ 100% ਵੀਚਾਰ ਸਮਾਨੰਤਰ ਹੋਣ ਦੇ ਬਾਵਯੂਦ ਵੀ ਪੰਥਕ ਮਸਲਿਆਂ ਨੂੰ ਇਕਜੁਟਤਾ ਨਾਲ ਨਹੀਂ ਵੀਚਾਰ ਪਾ ਰਹੇ ਤਾਂ ਸਿੱਖ ਸਮਾਜ ਨਾਲ ਸਬੰਧਤ ਤਮਾਮ ਜਥੇਬੰਦੀਆਂ ਦੀ ਵਿਵਾਦਿਤ ਵਿਸ਼ਿਆਂ ’ਤੇ ਏਕਤਾ ਲਈ ਆਰੰਭੇ ਜਾ ਰਹੇ ਤਮਾਮ ਯਤਨ ਨਿਹਫਲ ਹੀ ਹੋਣਗੇ।

ਪੁਰਾਣੀ ਸੋਚ-ਸਾਡੇ ਕੁਝ ਨਵੀਂ ਸੋਚ ਨਾਲ ਸਬੰਧਤ ਜਾਗਰੂਕ ਵੀਰ ਕੁਝ ਅਗਾਂਹ ਵਧੂ ਸੋਚ ਦੇ ਧਾਰਨੀ ਅਖਵਾਉਣ ਦਾ ਯਤਨ ਕਰ ਰਹੇ ਹਨ ਜਦਕਿ ਜ਼ਮੀਨੀ ਅਨੁਭਵ ਮੇਰੇ ਪਾਸ ਵੱਧ ਹੈ।

ਨਵੀਂ ਸੋਚ- ਤੇਰੇ ਜ਼ਮੀਨੀ ਅਨੁਭਵ ਨੇ ਪੰਥਕ ਮਸਲਿਆਂ ’ਚ ਕਿਸ ਅੰਦੋਲਣ ਦੀ ਅਗਵਾਈ ਕੀਤੀ ਹੈ ?

ਪੁਰਾਣੀ ਸੋਚ-ਜਿਤਨਾ ਗੁਰਮਤਿ ਫ਼ਿਲਾਸਫ਼ੀ ਨੂੰ ਸਾਫ਼ ਤੇ ਸਪੱਸ਼ਟ ਸ਼ਬਦਾਂ ਰਾਹੀਂ ਮੈਂ ਸਿੱਖ ਸਮਾਜ ਦੇ ਸਾਹਮਣੇ ਰੱਖਣ ’ਚ ਸਫਲ ਹੋਈ ਹਾਂ ਉਤਨਾ ਸਿੱਖ ਸਮਾਜ ’ਚ ਪੰਥਕ ਸੇਵਾ ਨਿਭਾ ਰਹੀ ਕਿਸੇ ਵੀ ਹੋਰ ਜਥੇਬੰਦੀ ਨੇ ਅਜਿਹਾ ਉਦਮ ਨਹੀਂ ਕਰ ਵਿਖਾਇਆ ਹੈ।

ਨਵੀਂ ਸੋਚ- ਇਤਨੀ ਯੋਗਤਾ ਰੱਖਣ ਦੇ ਬਾਵਯੂਦ ਵੀ ਕੀ ਤੂੰ ਸਿੱਖ ਸਮਾਜ ਦੇ ਵਰਤਮਾਨ ਦੇ ਜ਼ਮੀਨੀ ਹਾਲਾਤਾਂ ਨੂੰ ਧਿਆਨ ’ਚ ਰੱਖਦਿਆਂ ਕਿਸੇ ਵੱਡੇ ਅੰਦੋਲਣ ਦੀ ਅਗਵਾਈ ਕਰਨ ’ਚ ਅਪਣੀ ਸਮਰੱਥਾ ਵਿਖਾ ਸਕਦੀ ਹੈਂ ?

ਪੁਰਾਣੀ ਸੋਚ- ਅਸੀਂ ਹਮੇਸਾਂ ਤੋਂ ਹੀ ਵਾਦ-ਵਿਵਾਦ ਦੇ ਵਿਸ਼ਿਆਂ ਨੂੰ ਉੱਠਾ ਕੇ ਆਪਸੀ ਨਫ਼ਰਤ ਵਾਲਾ ਵਾਤਾਵਰਨ ਨਹੀਂ ਸਿਰਜਿਆ।

ਨਵੀਂ ਸੋਚ- ਸ਼ਾਇਦ, ਇਸ ਦਾ ਹੀ ਨਤੀਜਾ ਹੈ ਕਿ ਅੱਜ ਪੰਜਾਬ ਵਿੱਚ ਹਰ 10 ਬੱਚਿਆਂ ਵਿੱਚੋਂ 7 ਨਸ਼ਾ ਕਰਦੇ ਹਨ ਤੇ ਹਰ 100 ਵਿੱਚੋਂ 95 ਪਤਿਤ ਹਨ।

ਪੁਰਾਣੀ ਸੋਚ- ਜੋ 5% ਸਾਬੁਤ-ਸੂਰਤਿ ਗੁਰਸਿੱਖ ਹਨ ਉਨ੍ਹਾਂ ਵਿੱਚ ਮੇਰਾ ਹੀ ਵਧੇਰਾ ਯੋਗਦਾਨ ਹੈ।

ਨਵੀਂ ਸੋਚ- ਹਰ ਸੰਸਥਾ ਦਾ ਇਹੀ ਜਵਾਬ ਸੁਣਦਿਆਂ ਪੰਜਾਬ ਅਧਰਮ ਦੇ ਮਾਰਗ ਵੱਲ ਵਧ ਰਿਹਾ ਹੈ। ਤੇਰਾ ਸਿੱਖ ਕੌਮ ਨਾਲ ਸਬੰਧਤ ਵਰਤਮਾਨ ਦੇ ਜ਼ਮੀਨੀ ਹਾਲਾਤਾਂ ਬਾਰੇ ਕੀ ਨਜਰੀਆ ਹੈ?

ਪੁਰਾਣੀ ਸੋਚ-ਮੈਂ ਆਪਣੇ ਆਪ ’ਚ ਬਹੁਤਾ ਕੁਝ ਵੀ ਨਹੀਂ ਕਰ ਸਕਦੀ ਇਸ ਲਈ ਕਿਸੇ ਪ੍ਰਭਾਵਸ਼ਾਲੀ ਵਿਅਕਤੀ (ਸ਼ਖਸੀਅਤ) ਨੂੰ ਅੱਗੇ ਲਾ ਕੇ ਮੈਨੂੰ ਪਿੱਛੇ ਤੋਂ ਮਦਦ ਕਰਨੀ ਚਾਹੀਦੀ ਹੈ।

ਨਵੀਂ ਸੋਚ- ਜਦ ਕਿਸੇ ਵਿਅਕਤੀ ਜਾਂ ਸੰਸਥਾ ਨੇ ਤੇਰੇ ਵਾਂਙ ਸਿੱਖ ਕੌਮ ’ਚ ਯੋਗਦਾਨ ਹੀ ਨਹੀਂ ਪਾਇਆ ਤਾਂ ਉਹ ਸ਼ਖਸੀਅਤ ਤੇਰੇ ਨਾਲੋਂ ਵੱਧ ਪ੍ਰਭਾਵਸ਼ਾਲੀ ਕਿਵੇਂ ਬਣ ਗਈ ?

ਪੁਰਾਣੀ ਸੋਚ- ਸਾਨੂੰ ਕਿਸੇ ਵਾਦ-ਵਿਵਾਦ ’ਚ ਨਹੀਂ ਪੈਣਾ ਚਾਹੀਦਾ। ਅਗਰ ਤੇਰੇ ਕੋਲ ਹੀ ਕੋਈ ਹੱਲ (ਸੁਝਾਵ) ਹੈ ਤਾਂ ਦੱਸ ?

ਨਵੀਂ ਸੋਚ- ਮੇਰੀ ਸਮਝ ਅਨੁਸਾਰ ਸਾਨੂੰ ਤਿੰਨ ਵਿਸ਼ਿਆਂ ਨੂੰ ਧਿਆਨ ’ਚ ਰੱਖ ਕੇ ਅਗਾਂਹ ਵਧਣਾ ਚਾਹੀਦਾ ਹੈ।

(1). ਉਹ ਜਾਗਰੂਕ ਵਰਗ, ਜੋ ਸਾਡੀਆਂ ਆਪਣੀਆਂ ਤਰੁਟੀਆਂ ਸਮੇਤ ਗੁਰਦੁਆਰਿਆਂ ਦੀਆਂ ਤਮਾਮ ਪ੍ਰਬੰਧਕ ਕਮੇਟੀਆਂ ਦੇ ਰਵੱਈਏ ਤੋਂ ਤੰਗ ਆ ਕੇ ਸਾਝੇ ਗੁਰੂ ਘਰਾਂ ਨੂੰ ਛੱਡ, ਆਪਣੇ ਨਿਜੀ ਘਰਾਂ ਨੂੰ ਹੀ ਗੁਰੂ ਘਰ ਬਣਾ ਕੇ ਬੈਠ ਗਿਆ ਹੈ, ਉਸ ਤੱਕ ਕਿਸੇ ਵੀ ਤਰ੍ਹਾਂ ਸਾਨੂੰ ਪਹੁੰਚ ਬਣਾਉਣੀ ਚਾਹੀਦੀ ਹੈ ਅਤੇ ਬੇਸ਼ੱਕ ਕੁਝ ਹੱਦ ਤੱਕ ਹੀ ਸਹੀ ਆਪਣੇ ਹਮਖ਼ਿਆਲੀਆਂ ਨੂੰ ਨਾਲ ਲੈ ਕੇ ਚੱਲਣਾ ਹੀ ਯੋਗ ਹੋਵੇਗਾ।

(2). ਵੱਧ ਤੋਂ ਵੱਧ ਗੁਰੂ ਗ੍ਰੰਥ ਸਾਹਿਬ ਜੀ ਦੇ ਸੰਪੂਰਨ ਜਾਂ ਅਲੱਗ-2 ਬਾਣੀਆਂ ਦੇ, ਪਾਠ ਬੋਧ ਸਮਾਗਮ ਛੋਟੇ ਸਹਿਰਾਂ ਤੋਂ ਲੈ ਕੇ ਵੱਡੇ ਪੱਧਰ ਤੱਕ ਉਲੀਕ ਕੇ ਪੰਥਕ ਜਥੇਬੰਦੀਆਂ ’ਚ ਲਗਾਈ ਗਈ ਆਪਸੀ ਅੱਗ ਨੂੰ ਸ਼ਾਂਤ ਕਰਨਾ ਚਾਹੀਦਾ ਹੈ ਅਤੇ ਸੰਗਤਾਂ ਨੂੰ ਗੁਰੂ ਸਿਧਾਂਤ ਦੀ ਵੱਧ ਤੋਂ ਵੱਧ ਜਾਣਕਾਰੀ ਦੇਣੀ ਚਾਹੀਦੀ ਹੈ।

(3). ਉਸ ਨੌਜਵਾਨ ਵਰਗ ਨੂੰ ਕਿਸੇ ਵੀ ਤਰੀਕੇ ਨਾਲ ਇਕੱਠਾ ਕਰਕੇ ਵਰਤਮਾਨ ਦੇ ਪੰਥਕ ਹਾਲਾਤਾਂ ਪ੍ਰਤੀ ਜਵਾਬਦੇਹ ਬਣਾਉਣ ਲਈ ਉਦਮ ਕਰਨਾ ਚਾਹੀਦਾ ਹੈ ਜੋ ਸਾਡੇ ਆਪਣੇ ਰਵੀਏ ਕਾਰਨ ਜਾਂ ਆਪਣੀ ਨਾ-ਸਮਝੀ ਕਾਰਨ ਗੁਰੂ ਘਰਾਂ ਤੋਂ ਤਕਰੀਬਨ ਦੂਰ ਹੀ ਚਲਾ ਗਿਆ ਹੈ। ਅਗਰ ਰਾਜਨੀਤਿਕ ਲੋਕ, ਫਿਲਮੀ ਕਲਾਕਾਰਾਂ ਦੀ ਮਦਦ ਨਾਲ ਪੰਜਾਬ ਦੇ ਨੌਜਵਾਨ ਵਰਗ ਨੂੰ ਕੁਝ ਹੱਦ ਤੱਕ ਹੀ ਸਹੀ, ਕਬੱਡੀ (ਖੇਲ) ਵੱਲ ਪ੍ਰੇਰ ਸਕਦਾ ਹੈ ਤਾਂ ਅਸੀਂ ਕੁਝ ਯੋਗ ਕਲਾਕਾਰਾਂ ਦੀ ਮਦਦ ਨਾਲ ਗੁਰੂ ਘਰਾਂ ਤੋਂ ਬਾਹਰ ਖੁਲੇ ਮੈਦਾਨਾਂ ’ਚ ਪ੍ਰੋਗਰਾਮ ਬਣਾ ਕੇ ਆਪਣੀ ਨਵੀਂ ਪਨੀਰੀ ਨੂੰ ਕਿਉਂ ਨਹੀਂ ਕੁਝ ਸਮਝਾ ਸਕਦੇ?

ਪੁਰਾਣੀ ਸੋਚ- ਇਸ ਸਭ ਲਈ ਪੈਸਾ ਕਿੱਥੋਂ ਆਏਗਾ? ਜਦ ਕਿ ਸਾਡੇ ਆਪਣੇ ਹੀ ਪੜ੍ਹਾਏ ਹੋਏ ਬਹੁਤੇ ਪ੍ਰਚਾਰਕ ਕ੍ਰੋੜਪਤੀ ਤਾਂ ਬਣ ਗਏ ਪਰ ਪੰਥਕ ਮਸਲਿਆਂ ਪ੍ਰਤੀ ਸਾਡੇ ਨਾਲ ਖੜ੍ਹਨ ਦੀ ਬਜਾਏ ਆਪਣੇ ਵਿਦੇਸ਼ਾਂ ’ਚ ਉਲੀਕੇ ਹੋਏ ਪ੍ਰੋਗਰਾਮ ਕਰਨ ਤੱਕ ਹੀ ਸੀਮਤ ਰਹਿੰਦੇ ਹਨ।

ਨਵੀਂ ਸੋਚ- ਤੂੰ, ਉਨ੍ਹਾਂ ਦੇ ਦੂਰ ਹੋਣ ਦੇ ਕਾਰਨ ਲੱਭੇ ਹੈ? ਅਗਰ ਸਾਡੇ ਵੱਲੋਂ ਕਰਵਾਈ ਗਈ ਉਨ੍ਹਾਂ ਨੂੰ ਗੁਰਮਤਿ ਦੀ ਵਿਆਖਿਆ ਰਾਹੀਂ ਜ਼ਮੀਨੀ ਤੌਰ ’ਤੇ ਵਿਚਰਦਿਆਂ ਉਨ੍ਹਾਂ ਨੂੰ ਕੀ-ਕੀ ਸਮੱਸਿਆਵਾਂ ਆ ਰਹੀਆਂ ਹਨ ਤਾਂ ਜੋ ਅਸੀਂ ਅਗਾਂਹ ਵਾਸਤੇ ਆਪਣੇ ਸਿਲੇਬਸਾਂ ’ਚ ਸਮੇਂ ਅਨੁਸਾਰ ਬਦਲਾਵ ਕਰ ਸਕੀਏ। ਕੀ ਅਜਿਹਾ ਢੁਕਵਾਂ ਸਮਾਂ ਤੈਂ ਕਦੀ ਬਣਾਇਆ ਹੈ? ਆਮ ਸਿੱਖ (ਮਿਸ਼ਨਰੀ) ਦੀ ਸੁਣੀਏ ਤਾਂ ਉਹ ਸਾਡੇ ਵਿੱਚ ਹੀ ਅਨੇਕਾਂ ਤਰੁਟੀਆਂ ਕੱਢੇਗਾ।

ਪੁਰਾਣੀ ਸੋਚ- ਜ਼ਮੀਨੀ ਹਾਲਾਤਾਂ ਦਾ ਪ੍ਰਚਾਰਕਾਂ (ਸਾਡੇ ਵਿਦਿਆਰਥੀਆਂ) ’ਤੇ ਵੱਧ ਪ੍ਰਭਾਵ ਪੈ ਰਿਹਾ ਹੈ।

ਨਵੀਂ ਸੋਚ- ਸਚਾਈ ਇਹ ਵੀ ਹੈ ਕਿ ਤੂੰ ਵੀ ਸਮੇਂ ਅਨੁਸਾਰ ਅਪਡੇਟ ਨਹੀਂ ਹੋ ਸਕੀ। ਜ਼ਿਆਦਾਤਰ ਡਰ, ਆਪਣੇ ਹੀ ਦਸਵੰਧ ਦਾਨੀਆਂ ਦੇ ਟੁੱਟਣ ਦਾ ਬਣਿਆ ਹੋਇਆ ਹੈ। ਇਸ ਲਈ ਤੇਰੀ ਆਪਣੀ ਏਕਤਾ ਵੀ ਖਤਰੇ ’ਚ ਹੈ।

ਪੁਰਾਣੀ ਸੋਚ- ਮੇਰੇ ਕੋਲ ਸੀਮਤ ਬਜਟ ਹੈ। ਕਾਲਜਾਂ ਦੇ ਖਰਚੇ ਬਹੁਤੇ ਹਨ ਕਿਉਂਕਿ ਮੇਰੇ ਪਾਸ ਅਮੀਰ ਘਰਾਂ ਦੇ ਬੱਚੇ ਤਾਂ ਪ੍ਰਚਾਰਕ ਬਣਨ ਆਉਂਦੇ ਨਹੀਂ। ਇਸ ਲਈ ਮੈਂ ਵਰਤਮਾਨ ਦੇ ਜ਼ਮੀਨੀ ਹਾਲਾਤਾਂ ਨੂੰ ਚੰਗੀ ਤਰ੍ਹਾਂ ਸਮਝਣ ਦੇ ਬਾਵਜੂਦ ਵੀ ਅੰਦਰ ਬੈਠ ਕੇ ਰੋ ਹੀ ਸਕਦੀ ਹਾਂ।

ਨਵੀਂ ਸੋਚ- ਇਤਨੀ ਲਾਚਾਰੀ ਦੇ ਪਿਛੋਕੜ ਕਾਰਨਾਂ ਨੂੰ ਲੱਭ ਅਤੇ ਉਨ੍ਹਾਂ ਨੂੰ ਦੂਰ ਕਰ। ਤੇਰੇ ਅਨੁਸਾਰ ਬਿਆਨ ਕੀਤੀ ਗਈ ਤੇਰੀ ਯੋਗਤਾ ਹੀ ਤੇਰੀ ਬਹੁਤ ਵੱਡੀ ਸ਼ਕਤੀ ਹੈ। ਜਦ ਤੂੰ ਗੁਰਬਾਣੀ ਦੇ ਇਨ੍ਹਾਂ ਪਾਵਨ ਵਾਕਾਂ ਦੀ ਵਿਆਖਿਆ ਕਰਦੀ ਹੈਂ ਕਿ ‘‘ਮੰਨੈ, ਮਾਰਗਿ ਠਾਕ ਨ ਪਾਇ॥’’ (ਜਪੁ) ਭਾਵ ਗੁਰੂ ਦੀ ਸਿਖਿਆ ਮੰਨਣ ਵਾਲੇ ਦੇ ਰਸਤੇ ’ਚ ਕੋਈ ਰੁਕਾਵਟ ਨਹੀਂ ਪਾ ਸਕਦਾ, ‘‘ਹਰਿ ਬਿਨੁ, ਕੋਈ ਮਾਰਿ ਜੀਵਾਲਿ ਨ ਸਕੈ, ਮਨ! ਹੋਇ ਨਿਚਿੰਦ, ਨਿਸਲੁ ਹੋਇ ਰਹੀਐ॥’’ (ਮ:੪/੫੯੪) ਭਾਵ ਹੇ ਮਨ! ਹਰੀ ਸ਼ਕਤੀ ਤੋਂ ਬਿਨਾ ਕੋਈ ਖ਼ਤਰਾ ਨਹੀਂ , ਇਸ ਲਈ ਬੇ-ਫ਼ਿਕਰ ਹੋ ਕੇ ਵਿਚਰ, ਆਦਿ। ਤਾਂ ਤੇਰਾ ਇਹ ਡਰ ਜਾਂ ਚਿੰਤਾ ਦੂਰ ਹੋ ਜਾਣੀ ਚਾਹੀਦੀ ਹੈ।

ਹੇ ਪੁਰਾਣੀ ਮਿਸ਼ਨਰੀ ਸੋਚ ਮੇਰੀ ਵੱਡੀ ਭੈਣ ! ਸਮੇਂ ਦੀ ਮੰਗ (ਲਿਆਕਤ) ਨੂੰ ਸਮਝਦਿਆਂ ਤੂੰ ਵੀ ਵਖ਼ਤ ਰਹਿੰਦੇ ਅਪਡੇਟ ਹੋ ਜਾਹ। ਨਵੀਂ ਮਿਸ਼ਨਰੀ ਸੋਚ ਦੀ ਤੇਰੇ ਤੋਂ ਇਹੀ ਉਮੀਦ ਹੈ, ਅਗਰ ਜ਼ਮੀਨੀ ਹਾਲਾਤਾਂ ਨਾਲ ਚੱਲਣ ਦੀ ਤੈਨੂੰ ਜਾਚ ਨਾ ਆਈ ਤਾਂ ਸਿੱਖ ਕੌਮ ਦੁਆਰਾ ਲਗਾਈਆਂ ਗਈਆਂ ਤੇਰੇ ਪਾਸੋਂ ਤਮਾਮ ਉਮੀਦਾਂ ਮਿਟੀ ਵਿੱਚ ਮਿਲ ਜਾਣਗੀਆਂ ਅਤੇ ਵਖ਼ਤ (ਭਵਿਖ) ਤੈਨੂੰ ਕਦੇ ਵੀ ਮਾਫ਼ ਨਹੀਂ ਕਰੇਗਾ। ਇਸ ਕਰਕੇ ਹੀ ਮੈਂ ਅੱਜ ਇਕ ਸਮੇਂ ਦੋ ਵਿਸ਼ਿਆਂ ’ਤੇ ਇਕੱਠੇ ਲੇਖ ਲਿਖ ਰਹੀ ਹਾਂ।

ਮੀਣਾ ਹੋਆ ਪਿਰਥੀਆ’…(ਰਚਨਾ ਦਾ ਪਿਛੋਕੜ ਭਾਵ)

0

‘ਮੀਣਾ ਹੋਆ ਪਿਰਥੀਆ’…(ਰਚਨਾ ਦਾ ਪਿਛੋਕੜ ਭਾਵ)

ਹਰਜਿੰਦਰ ਸਿੰਘ ‘ਘੜਸਾਣਾ’

ਗੁਰੂ ਰਾਮਦਾਸ ਸਾਹਿਬ ਜੀ ਦੇ ਵੱਡੇ ਪੁੱਤਰ ‘ਸੋਢੀ ਪ੍ਰਿਥੀ ਚੰਦ’ ਜੀ ਦਾ ਜਨਮ ਸਨ 1558 ਈ. ਨੂੰ ਗੋਇੰਦਵਾਲ ਵਿਖੇ ਹੋਇਆ ਸੀ। ਆਪ ਜੀ ਦਾ ਵਿਆਹ ‘ਬੀਬੀ ਕਰਮੋ’ ਜੀ ਨਾਲ ਹੋਇਆ, (ਗੋਸ਼ਟਾਂ ਮਿਹਰਬਾਨ ਜੀ ਕੀਆਂ ਵਿੱਚ ਇਹਨਾਂ ਦੀ ਪਤਨੀ ਦਾ ਨਾਮ ‘ਸਹਬਾਣੀ ਭਗਵਾਨੋ’ ਲਿਖਿਆ ਮਿਲਦਾ ਹੈ।) ਆਪ ਜੀ ਦੇ ਚਾਰ ਪੁੱਤਰ ਹੋਏ ‘ਮਿਹਰਵਾਨ, ਲਾਲਚੰਦ, ਨਿਹਾਲਚੰਦ ਅਤੇ ਚੰਦਰਸੈਨ।’
ਸੋਢੀ ਪ੍ਰਿਥੀ ਚੰਦ ਜੀ ਨੇ ਅਕਾਰਨ, ਈਰਖ ਅਤੇ ਪ੍ਰਭਤਾ ਵੱਸ ਗੁਰ-ਗੱਦੀ ਦੀ ਪ੍ਰਾਪਤੀ ਲਈ ਗੁਰੂ-ਘਰ ਦੇ ਮੁਕਾਬਲੇ ਵਿੱਚ ਇਕ ਵੱਖਰੀ ਗੁਰੂ-ਪ੍ਰੰਪਰਾ ਸ਼ੁਰੂ ਕਰ ਲਈ, ਜਿਸ ਨੂੰ ਛੋਟਾ ਮੇਲ ਭਾਵ ‘ਮੀਣਾ’ (ਕਪਟੀ) ਸੰਪ੍ਰਦਾਇ ਆਖਿਆ ਜਾਂਦਾ ਹੈ। ਪ੍ਰਿਥੀ ਚੰਦ ਜੀ ਆਪਣੇ ਆਪ ਨੂੰ ‘ਗੁਰੂ ਨਾਨਕ ਸਾਹਿਬ’ ਜੀ ਦੀ ਗੱਦੀ ਦਾ ਵਾਰਸ ਮੰਨਦੇ ਸਨ, ਚਾਰ ਗੁਰੂ ਸਾਹਿਬਾਨਾਂ ਨੂੰ ‘ਗੁਰੂ’ ਮੰਨਣ ਤੋਂ ਇਨਕਾਰੀ ਸਨ। ਇਹਨਾਂ ਨੇ ‘ਨਾਨਕ, ਜਨ ਨਾਨਕ’ ਅਤੇ ‘ਕਹੈ ਨਾਨਕ’ ਮੁਹਰ-ਛਾਪ ਹੇਠ ਆਪਣੀਆਂ ਰਚਨਾਵਾਂ ਲਿਖ ਕੇ ਪੋਥੀਆਂ ਤਿਆਰ ਕਰ ਲਈਆਂ ਸਨ। ਇਸ ਕਰਕੇ ਹੀ ਗੁਰੂ ਅਰਜਨ ਸਾਹਿਬ ਜੀ ਨੇ ਆਦਿ ਬੀੜ ਬੰਨ੍ਹਣ ਦਾ ਉਪਰਾਲਾ ਕੀਤਾ, ਤਾਂ ਜੋ ਕੱਚੀ ਬਾਣੀ ਦੇ ਰਲੇ ਤੋਂ ਬਚਿਆ ਜਾ ਸਕੇ। ਪ੍ਰਿਥੀ ਚੰਦ ਜੀ ਕਈ ਭਾਸ਼ਾਵਾਂ ਦੇ ਜਾਣਕਾਰ ਅਤੇ ਕਾਵਿ-ਗਿਆਨ ਵਿੱਚ ਬਹੁਤ ਨਿਪੁੰਨ ਸਨ। ਉਹਨਾਂ ਦੁਆਰਾ ਲਿਖੀ ਰਚਨਾਂ, ‘ਗੁਰਬਾਣੀ’ ਦੀ ਕਾਵਿ-ਸ਼ੈਲੀ, ਅੰਕਾਵਲੀ-ਬਣਤਰ ਨਾਲ ਹੂ ਬ ਹੂ ਮਿਲਦੀ ਹੈ, ਤਕਰੀਬਨ ਉਹੀ ਰਾਗ ਜੋ ਗੁਰਬਾਣੀ ਵਿੱਚ ਵਰਤੇ ਹਨ; ਪ੍ਰਿਥੀ ਚੰਦ ਨੇ ਭੀ ਉਹੀ ਅਪਨਾਏ ਸਨ। ਪਹਿਲਾਂ ਪ੍ਰਿਥੀ ਚੰਦ ਦੀ ਕਿ੍ਰਤ ਕੇਵਲ 6 ਸ਼ਬਦ ਅਤੇ 15 ਸਲੋਕ ਹੀ ਮਿਲਦੇ ਸਨ। ਹੁਣ ਤੱਕ ਪ੍ਰਾਪਤ ਹੋਏ ਲਿਖਤੀ-ਖਰੜਿਆਂ ਅਨੁਸਾਰ ਤਕਰੀਬਨ 18 ਰਾਗਾਂ ਵਿੱਚ ਪ੍ਰਿਥੀ ਚੰਦ ਜੀ ਦੀ ਰਚਨਾ ਲਿਖੀ ਹੋਈ ਮਿਲਦੀ ਹੈ। ਅੱਜ ਕੱਲ ਬਾਜ਼ਾਰ ਵਿੱਚ ਡਾ. ਜੋਗਿੰਦਰ ਸਿੰਘ ਆਹਲੂਵਾਲੀਆ ਦੀ ਨਵ-ਪ੍ਰਕਾਸ਼ਿਤ ਪੁਸਤਕ ‘ਸੋਢੀ ਪ੍ਰਿਥੀ ਚੰਦ ਦੀ ਰਚਨਾ’ ਉਪਲਬਧ ਹੈ, ਜਿਸ ਵਿੱਚੋਂ ਵਧੀਕ ਵਿਸਥਾਰ ਨਾਲ ਪੜ੍ਹਿਆ ਜਾ ਸਕਦਾ ਹੈ। ਪ੍ਰਿਥੀ ਚੰਦ ਨੇ ਜਿਨ੍ਹਾਂ 18 ਰਾਗਾਂ ਵਿੱਚ ਆਪਣੀ ਬਾਣੀ ਅੰਕਿਤ ਕੀਤੀ ਉਹ ਇਸ ਪ੍ਰਕਾਰ ਹਨ:
1. ਰਾਗ ਸ੍ਰੀ ਰਾਗ।, 2. ਰਾਗ ਮਾਝਿ।, 3. ਰਾਗ ਗਉੜੀ।, 4. ਰਾਗ ਆਸਾਵਰੀ।, 5. ਰਾਗ ਗੂਜਰੀ।, 6. ਰਾਗ ਵਡਹੰਸ।, 7. ਰਾਗ ਸੋਰਠਿ।, 8. ਰਾਗ ਧਨਾਸਰੀ।, 9. ਰਾਗ ਤਿਲੰਗ।, 10. ਰਾਗ ਸੂਹੀ।, 11. ਰਾਗ ਬਿਲਾਵਲ।, ੧੨. ਰਾਗ ਰਾਮਕਲੀ।, 13. ਰਾਗ ਨਟ ਨਾਰਾਣਿ।, 14. ਰਾਗ ਮਾਰੂ।, 15. ਰਾਗ ਭੈਰਉ।, 16. ਰਾਗ ਬਸੰਤ।, 17. ਰਾਗ ਮਲਾਰ ਅਤੇ 18. ਰਾਗ ਆਸਾ (ਸਯੁੰਕਤ)।
ਪ੍ਰਿਥੀ ਚੰਦ ਦੀ ਰਚਨਾ ਵਿੱਚ ਉਹੀ ਗੁਰਬਾਣੀ ਵਾਲੇ ਰਾਗ, ਕਾਵਿ-ਰੂਪ, ਉਹੀ ਛੰਦ-ਪ੍ਰਬੰਧ, ਉਹੀ ਸ਼ਬਦ-ਚੋਣ ਤੇ ਮੁਹਾਵਰਾ ਵਰਤਿਆ ਗਿਆ ਹੈ। ਜਿਸ ਤਰ੍ਹਾਂਗੁਰਬਾਣੀ ਵਿੱਚ ‘ਘੋੜੀ, ਛੰਤ, ਚਉਬੋਲੇ, ਪਹਰੇ, ਪਟੀ, ਬਾਰਾਂ’ ਆਦਿ।

ਜਿਵੇਂ ਗੁਰਬਾਣੀ ਵਿੱਚ ‘ਮਾਹ, ਵਾਰ ਸਤ, ਡਖਣੇ, ਕਾਫੀ, ਅੰਜੁਲੀ’ ਆਦਿ ਕਾਵਿ-ਰੂਪ ਵਰਤਿਆ ਗਿਆ ਹੈ, ਉਸ ਤਰ੍ਹਾਂ ਹੀ ਪ੍ਰਿਥੀ ਚੰਦ ਦੀ ਰਚਨਾ ਵਿੱਚ ‘ਛੰਤ, ਬਾਰਾਮਾਹ, ਘੋੜੀ, ਲੋਰੀ, ਵਾਰ ਸਤ, ਥਿਤੀ’ ਆਦਿ ਕਾਵਿ-ਰੂਪ ਵਰਤੇ ਹਨ। ਇੱਥੋਂ ਪ੍ਰਿਥੀ ਚੰਦ ਦੀ ਭਾਸ਼ਾਈ-ਗਿਆਨ, ਕਾਵਿ-ਭਾਸ਼ਾ ਵਿੱਚ ਨਿਪੁੰਨਤਾ ਸਹਿਜੇ ਹੀ ਗਿਆਤ ਹੋ ਜਾਂਦੀ ਹੈ।
ਪ੍ਰਿਥੀ ਚੰਦ ਜੀ ਦੀ ਰਚਨਾ ਤਕਰੀਬਨ-ਤਕਰੀਬਨ ‘ਗੁਰਬਾਣੀ’ ਨਾਲ ਮਿਲਦੀ ਹੈ ਭਾਵ ਲਫ਼ਜ਼ਾਂ ਦਾ ਆਪਸੀ ਤਾਲ-ਮੇਲ ਹੈ। ਜਿਵੇਂ -:

ਆਸਾ ਮਹਲਾ ੬ ਛੰਤੁ
‘ਹਰਿ ਦਰਸਨ ਭਿੰਨੇ ਲੋਇਣਾ, ਹਰਿ ਨਾਮ ਮਨੁ ਭੀਨਾ ਰਾਮ ਰਾਜੇ॥
ਇਕੁ ਤਿਲੁ ਹਰਿ ਬਿਨੁ ਨਾ ਰਹਾ, ਜਿਵ ਜਲ ਬਿਨੁ ਮੀਨਾ ਰਾਮ ਰਾਜੇ॥
ਹਰਿ ਪਾਰਸੁ ਮਨੁ ਲੋਹੁ ਹੈ, ਮਿਲਿ ਕੰਚਨੁ ਕੀਨਾ ਰਾਮ ਰਾਜੇ॥
ਨਾਨਕੁ ਤਿਸੁ ਬਲਿਹਾਰਣੇ, ਜਿਨਿ ਹਰਿ ਜਸੁ ਦੀਨਾ ਰਾਮ ਰਾਜੇ॥੧॥’ (ਕੱਚੀ ਬਾਣੀ, ਪ੍ਰਿਥੀ ਚੰਦ)

ਗੁਰਬਾਣੀ -: ‘‘ਆਸਾ ਮਹਲਾ ੪ ਛੰਤ ਘਰੁ ੪ ॥ ਹਰਿ ਅੰਮ੍ਰਿਤ ਭਿੰਨੇ ਲੋਇਣਾ, ਮਨੁ ਪ੍ਰੇਮਿ ਰਤੰਨਾ ਰਾਮ ਰਾਜੇ॥ ਮਨੁ ਰਾਮਿ ਕਸਵਟੀ ਲਾਇਆ, ਕੰਚਨੁ ਸੋਵਿੰਨਾ ॥ ਗੁਰਮੁਖਿ ਰੰਗਿ ਚਲੂਲਿਆ, ਮੇਰਾ ਮਨੁ ਤਨੋ ਭਿੰਨਾ ॥ ਜਨੁ ਨਾਨਕੁ ਮੁਸਕਿ ਝਕੋਲਿਆ, ਸਭੁ ਜਨਮੁ ਧਨੁ ਧੰਨਾ ॥੧॥’’ (ਆਸਾ, ਮ: ੪/੪੪੯)

ਪ੍ਰਿਥੀ ਚੰਦ -: ‘ਸੁਣਿਐ ਜੰਮਣੁ ਮਰਣੁ ਸਵਾਰੈ॥ ਸੁਣਿਐ ਭਉਜਲੁ ਉਤਰੈ ਪਾਰੈ॥ ਸੁਣਿਐ ਜਮ ਕਾ ਡੰਡੁ ਨ ਲਾਗੈ, ਹਰਿ ਦਰਗਹ ਪਾਈਐ ਢੋਈ ਜੀ॥੧॥’ (ਕੱਚੀ ਬਾਣੀ, ਪ੍ਰਿਥੀ ਚੰਦ)
‘ਜਪੁ’ ਸਾਹਿਬ ਜੀ ਦੀਆਂ ‘ਸੁਣਿਐ’ ਵਾਲੀਆਂ ਪਉੜੀਆਂ ਨਾਲ ਇਹ ਤੁਕਾਂ ਮਿਲਦੀਆਂ ਹਨ। ਲਿਖਤੀ-ਪੋਥੀ ਅਨੁਸਾਰ ਪ੍ਰਿਥੀ ਚੰਦ ਦੀ ਬਾਣੀ ਵਿੱਚ ‘ਵਿਆਕਰਣਿਕ-ਨਿਯਮ’ ਭੀ ਪੂਰੇ ਨਹੀਂ ਉਤਰਦੇ; ਕੇਵਲ ਕਾਵਿਕ ਨਿਯਮ ਪੂਰੇ ਉਤਰਦੇ ਹਨ।
ਪ੍ਰਿਥੀ ਚੰਦ ਜੀ ਰਚਨਾ ਵਿੱਚੋਂ ਕੁਝ ਹੋਰ ਉਦਾਹਰਣਾਂ-:

‘ਸੋਰਠਿ ਮਹਲਾ ੬।

ਮਨ ਰੇ ! ਤੇਰਾ ਹੰਸ ਇਕੇਲਾ ਜਾਈ॥ ਕਰਿ ਸਿਮਰਨੁ ਹੋਇ ਸਹਾਇ॥੧॥ ਰਹਾਉ॥ ਆਗੈ ਗੈਆ ਪੂਛੀਅਹਿ ਨ ਢੋਈ ਲਹਨਿ ਬੇਪੀਰ॥

ਦੂਜੀ ਦੁਰਮਤਿ ਖੋਇਆ, ਕਵਨੁ ਸਹਾਈ ਬੀਰ॥ ਜੇ ਜਾਣੈ ਮੈ ਵੰਞਣਾ, ਤਾ ਗੁਰ ਕੀ ਲੇਵੈ ਧੀਰ॥’ (ਕੱਚੀ ਬਾਣੀ, ਪ੍ਰਿਥੀ ਚੰਦ)

ਤਿਲੰਗ ਮਹਲਾ ੬।

ਮੇਰੇ ਲਾਲਨਾ ਕੋ ਦੀਨ ਕਾ ਸਾਥੀ॥ ਜੇਹੇ ਅਮਲ ਕਮਾਵਦਾ ਓਹ ਦੇਵੈ ਹਾਥੀ॥੧॥ ਰਹਾਉ॥

ਹਉ ਕੁਰਬਾਨੀ ਤਿਨ ਕੈ ਜਿਨੀ ਏਕੋ ਜਾਤਾ॥ ਦੂਜੇ ਕਿਸੇ ਨ ਜਾਣਈ, ਉਨਾ ਹੁਕਮੁ ਪਛਾਤਾ॥’ (ਕੱਚੀ ਬਾਣੀ, ਪ੍ਰਿਥੀ ਚੰਦ)

ਗਉੜੀ। ਏਕੰਕਾਰੁ ਅਗਮੁ ਗੁਸਾਈ॥ ਜਲ ਥਲ ਪੂਰ ਰਹਿਆ ਸਰਬ ਠਾਈ॥ ਕਰਨ ਕਰਾਵਨ ਅਪਰਿ ਅਪਾਰਾ॥

ਏਕੁ ਨ ਭੂਲਾ ਲੇਖਨਹਾਰਾ॥ ਏਕਹਿ ਏਕੁ ਆਪਿ ਥਿਰੁ ਸਾਚਾ॥’ (ਕੱਚੀ ਬਾਣੀ, ਪ੍ਰਿਥੀ ਚੰਦ)

ਮਾਝ ਮਹਲਾ ੬। ਲਖ ਜਿਹਬਾ ਹੋਹਿ, ਤਾ ਗਣਤਿ ਨ ਆਵੈ॥ ਤੂ ਅਗਣਤੁ ਕਿਆ ਗੁਣ ਕੋ ਗਾਵੈ॥

ਸਾਈ ਰਸਨਾ ਜਿਤੁ ਤੂ ਭਣੀਅਹਿ, ਸਾ ਵੇਲਾ ਧੰਨੁ ਚਿਤਾਰਿਆ॥ (ਕੱਚੀ ਬਾਣੀ, ਪ੍ਰਿਥੀ ਚੰਦ)

ਰਾਗ ਬਸੰਤ ਮਹਲਾ ੬ ਘਰੁ ੧। ਅੰਤਰਿ ਕਪਟੁ ਜਪੈ ਜਪ ਮਾਲੀ॥ ਕੰਢੈ ਬੈਠਾ ਨਹੀ ਤਿਸੈ ਸਮਾਲੀ॥

ਸਾਜਿ ਨਿਵਾਜਿ ਕਰੇ ਪ੍ਰਤਪਾਲੀ॥ ਸੋ ਨਹੀਂ ਜਾਣੈ ਪ੍ਰਭੁ ਬਨਮਾਲੀ॥ (ਕੱਚੀ ਬਾਣੀ, ਪ੍ਰਿਥੀ ਚੰਦ) ਆਦਿ।

ਵੀਚਾਰ: ਉਪਰੋਕਤ ਤਮਾਮ (ਕੱਚੀ ਬਾਣੀ, ਪ੍ਰਿਥੀ ਚੰਦ) ਲਿਖਤ ’ਚ ਇੱਕ ਗੱਲ ਧਿਆਨ ’ਚ ਰੱਖਣ ਵਾਲੀ ਹੈ ਕਿ ਸਮੱਗਰ ਰਚਨਾ ਵਿੱਚ ਕੇਵਲ ‘ਮਹਲਾ ੬’ ਸਿਰਲੇਖ ਹੀ ਵਰਤਿਆ ਹੈ, ਹੋਰ ਕੋਈ ‘ਮਹਲਾ’-ਅੰਕ ਨਹੀਂ।
ਪ੍ਰਿਥੀ ਚੰਦ ਦੀ ਰਚਨਾ ਵਿੱਚ ਕੇਵਲ ‘ਇੱਕ ਓਅੰਕਾਰ’ ਦੇ ਸਿਧਾਂਤ ਨੂੰ ਹੀ ਅਪਣਾਇਆ ਗਿਆ ਹੈ, ਬਹੁ ਅਵਤਾਰ ਪੂਜਾ, ਜੜ੍ਹ ਪੂਜਾ, ਤੀਰਥ-ਯਾਤ੍ਰਾ, ਕਰਮ-ਕਾਂਡ ਆਦਿ ਦੀ ਸਖ਼ਤ ਨਖੇਧੀ ਕੀਤੀ ਗਈ ਹੈ। ਅਕਾਲ ਪੁਰਖ ਜੀ ਨੂੰ ਪੁਰਾਣਿਕ ਅਤੇ ਕਰਮ-ਵਾਚਕ, ਗੁਣ-ਵਾਚਕ ਨਾਵਾਂ ਨਾਲ ਸੰਬੋਧਨ ਕੀਤਾ ਹੈ। ਅਗਿਆਨ ਦਾਹਨ੍ਹੇਰਾ ਮਿਟਾ ਕੇ ਗਿਆਨ-ਪ੍ਰਕਾਸ਼ ਕਰਨ ਵਾਲੇ ਨੂੰ ਉਕਤ ਰਚਨਾ ਵਿੱਚ ‘ਗੁਰੂ’ ਸੰਗਿਆ ਦਿੱਤੀ ਹੈ। ਫਿਰ ਸੁਆਲ ਪੈਦਾ ਹੁੰਦਾ ਹੈ ਕਿ ਉਪਰੋਕਤ ਰਚਨਾ ਪ੍ਰਮਾਣੀਕ ਕਿਉਂ ਨਹੀਂ ਹੋਈ? ਇਸ ਦਾ ਕਾਰਨ ਇਹ ਸੀ ਕਿ ਗੁਰੂ-ਹੁਕਮ ਮੰਨਣ ਤੋਂ ਇਨਕਾਰੀ, ਆਪਣੇ ਆਪ ਨੂੰ ਨਾ-ਯੋਗ ਹੁੰਦਿਆਂ ਭੀ ‘ਗੁਰੂ’ ਸਮਝਣਾ। ਈਰਖਾ, ਪ੍ਰਭਤਾ ਕਾਰਨ ਗੁਰੂ ਨਾਨਕ ਘਰ ਦੀ ਵਿਰਾਸਤ ‘ਗੁਰ-ਗੱਦੀ’ ਦੇ ਬਰਾਬਰ ਆਪਣੀ ਗੱਦੀ ਲਗਾ ਕੇ ਬੈਠਣਾ ਆਦਿ। ਇਸ ਕਾਰਨ ਹੀ ਪ੍ਰਿਥੀ ਚੰਦ ਦੀ ਰਚਨਾ ਗੁਰੂ-ਨਜ਼ਰ ਵਿੱਚ ਅਪ੍ਰਵਾਨ ਹੋ ਗਈ ਅਤੇ ਪ੍ਰਿਥੀ ਚੰਦ ‘ਪ੍ਰਿਥੀਆ’ ਹੀ ਰਹਿ ਗਿਆ; ਜਿਵੇਂ ਕਿ ਭਾਈ ਗੁਰਦਾਸ ਜੀ ਫ਼ੁਰਮਾਨ ਕਰ ਰਹੇ ਹਨ:

‘‘ਮੀਣਾ ਹੋਆ ਪਿਰਥੀਆ, ਕਰਿ ਕਰਿ ਟੇਢਕ ਬਰਲੁ ਚਲਾਇਆ।’’ (ਭਾਈ ਗੁਰਦਾਸ ਜੀ, ਵਾਰ ੨੬, ਪਉੜੀ ੩੩)
‘‘ਸਤਿਗੁਰ ਸਚਾ ਪਾਤਿਸਾਹੁ, ਮੁਹੁ ਕਾਲੈ ਮੀਣਾ ॥’’ (ਭਾਈ ਗੁਰਦਾਸ ਜੀ, ਵਾਰ ੩੬, ਪਉੜੀ ੧)
‘ਮੀਣਾ’ – (ਪੋਠੋਹਾਰੀ, ਵਿਸ਼ੇਸ਼ਣ) ਜਿਸ ਦਾ ਅਰਥ ਹੈ, ‘ਮੀਸਣਾ, ਕਪਟੀ, ਖੋਟੀ ਬੁਧੀ ਵਾਲਾ’।

ਭੁੱਲ-ਚੁੱਕ ਦੀ ਖਿਮਾ

‘ਨਾਹਿ’ ਸ਼ਬਦ ਦਾ ਉਚਾਰਨ ਅਤੇ ਵਿਆਕਰਣਿਕ ਜਾਣਕਾਰੀ

0

‘ਨਾਹਿ’ ਸ਼ਬਦ ਦਾ ਉਚਾਰਨ ਅਤੇ ਵਿਆਕਰਣਿਕ ਜਾਣਕਾਰੀ

ਗਰਬਾਣੀ-ਪਾਠ ਕਰਦੇ ਸਮੇਂ ਅਸੀਂ ਇਹ ਮਾਪਦੰਡ ਲੈ ਕੇ ਚਲਦੇ ਹਾਂ ਕਿ ਕਿਸੇ ਸ਼ਬਦ ਨੂੰ ਅੰਤ ਲਗਿਆ ਔਂਕੜ ਪੁਲਿੰਗ ਨਾਂਵ ਇਕ ਵਚਨ ਦਾ ਸੂਚਕ ਹੁੰਦਾ ਹੈ, ਉਸ ਨੂੰ ਉਚਾਰਣ ਦਾ ਭਾਗ ਨਹੀਂ ਬਣਾਇਆ ਜਾਂਦਾ। ਕਾਰਕੀ-ਰੂਪ ਅਤੇ ਮੂਲ ਸਵਰੂਪ ਨੂੰ ਪ੍ਰਗਟ ਕਰਦੀ ਸਿਹਾਰੀ ਵੀ ਉਚਾਰਣ ਦਾ ਭਾਗ ਨਹੀਂ ਬਣਦੀ। ਕਿਤੇ-ਕਿਤੇ ਕਾਵਿਕ ਸੁਹਜ ਲਈ ਮੂਲਕ ਸਿਹਾਰੀ ਨੂੰ ਵੀ ਉਚਾਰਣ ਦਾ ਭਾਗ ਬਣਾ ਲਿਆ ਜਾਂਦਾ ਹੈ। ਅਸਾਂ ਜਿਸ ਸ਼ਬਦ ਦੇ ਉਚਾਰਣ ਸੰਬੰਧੀ ਵੀਚਾਰ ਕਰਨੀ ਹੈ, ਆਮ ਕਰਕੇ ਦੇਖੀਦਾ ਹੈ ਕਿ ਉਕਤ ਸ਼ਬਦਾਂ ਦਾ ਉਚਾਰਣ ਦਰੁਸਤ ਰੂਪ ਵਿੱਚ ਨਹੀਂ ਕੀਤਾ ਜਾਂਦਾ। ਵੀਚਾਰ ਅਧੀਨ ਸ਼ਬਦ ਹਨ ‘ਨਾਹੁ, ਨਾਹਿ ਤੇ ਨਾਹ’।

ਪਹਿਲਾਂ ਅਸੀਂ ‘ਨਾਹੁ’ ਅਤੇ ‘ਨਾਹ’ ਸ਼ਬਦ ਲਵਾਂਗੇ।

ਭਾਗ-1 ‘ਨਾਹੁ’

ਸ਼ਬਦ ‘ਨਾਹੁ’ ਸਮੱਗਰ ਗੁਰਬਾਣੀ ਦੀ ਲਿਖ਼ਤ ਵਿੱਚ 7 ਵਾਰ ਦਰਜ ਹੈ, ਜਿਸ ਦੇ ਪ੍ਰਮਾਣ ਇਸ ਤਰ੍ਹਾਂ ਮਿਲਦੇ ਹਨ:

‘‘ਆਸਾੜੁ ਤਪੰਦਾ ਤਿਸੁ ਲਗੈ, ਹਰਿ ‘ਨਾਹੁ’ ਨ ਜਿੰਨਾ ਪਾਸਿ ॥’’ (ਪੰ:੧੩੪)

‘‘ਪੋਖਿ ਤੁਖਾਰੁ ਨ ਵਿਆਪਈ, ਕੰਠਿ ਮਿਲਿਆ ਹਰਿ ‘ਨਾਹੁ’ ॥’’ (ਪੰ:੧੩੫)

‘‘ਜਾ ਕੈ ਗ੍ਰਿਹਿ ਹਰਿ ‘ਨਾਹੁ’, ਸੁ ਸਦ ਹੀ ਰਾਵਏ ॥’’ (ਪੰ:੪੫੭)

‘‘ਨਵਲ ਨਵਤਨ ‘ਨਾਹੁ’ ਬਾਲਾ, ਕਵਨ ਰਸਨਾ ਗੁਨ ਭਣਾ ॥’’ (ਪੰ:੮੪੭)

‘‘ਹਰਿ ਜੀਉ ‘ਨਾਹੁ’ ਮਿਲਿਆ, ਮਉਲਿਆ ਮਨੁ ਤਨੁ ਸਾਸੁ ਜੀਉ ॥’’ (ਪੰ:੯੨੭)

‘‘ਘਰਿ ‘ਨਾਹੁ’ ਨਿਹਚਲੁ, ਅਨਦੁ ਸਖੀਏ! ਚਰਨ ਕਮਲ ਪ੍ਰਫੁਲਿਆ ॥’’ (ਪੰ:੯੨੭)

‘‘ਨਾਨਕ ! ‘ਨਾਹੁ’ ਨ ਵੀਛੁੜੈ ਤਿਨ, ਸਚੈ ਰਤੜੀਆਹ ॥’’ (ਪੰ:੧੦੧੫)

ਉਪਰੋਕਤ ਪੰਗਤੀਆਂ ਵਿੱਚ ਦਰਜ ਸ਼ਬਦ ‘ਨਾਹੁ’ ਦਾ ਜੋੜ ਪ੍ਰਾਕ੍ਰਿਤ ‘ਨਾਥੁ’ ਤੋਂ ਤਦਭਵ ਰੂਪ ਬਣਿਆ ਹੈ। ਉਕਤ ਸ਼ਬਦ ਦਾ ਤੱਤਸਮ ਰੂਪ ਸੰਸਕ੍ਰਿਤ ਵਿੱਚ ‘ਨਾਥ’ ਕਰਕੇ ਭੀ ਦੇਖੀਦਾ ਹੈ। ਇਸ ਸ਼ਬਦ ਦਾ ਆਮ ਕਰਕੇ ਉਚਾਰਣ ‘ਨਾਂਹ’ ਸੁਣਦੇ ਹਾਂ, ਜੋ ਕਿ ਉਚਾਰਣ ਅਸ਼ੁੱਧ ਹੈ ਕਿਉਂਕਿ ‘ਨਾਂਹ’ ਸ਼ਬਦ ਨਿਖੇਧ-ਬੋਧਕ ਵਜ਼ੋਂ ਜਾਣਿਆ ਜਾਂਦਾ ਹੈ। ਸੰਬੰਧਤ ਸ਼ਬਦ ਦਾ ਸ਼ੁੱਧ ਉਚਾਰਣ ‘ਨਾਹ’ ਹੈ, ਅੰਤ ਲਗਿਆ ਔਂਕੜ ਪੁਲਿੰਗ ਨਾਂਵ ਇਕ ਵਚਨ ਦੇ ਸੂਚਕ ਵਜੋਂ ਹੋਣ ਕਾਰਨ ਉਚਾਰਣ ਦਾ ਭਾਗ ਨਹੀਂ ਬਣੇਗਾ।

‘ਨਾਹੁ’ ਸ਼ਬਦ ਦਾ ਪਹਿਲਾ ਅੱਖਰ ‘ਨ’ ਭਾਵੇਂ ਕਿ ਅਨੁਨਾਸ਼ਕੀ ਹੈ ਭਾਵ ਮਾਮੂਲੀ ਜਿਹੀ ਆਵਾਜ਼ ਨਾਸਕਾ ਵਿੱਚੋਂ ਆਏਗੀ ਪਰ ਇਸ ਉੱਪਰ ਬਿੰਦੀ ਦਾ ਪ੍ਰਯੋਗ ਕਰਕੇ ‘ਨਾਸਕੀ’ ਬਨਾੳਣਾ, ਠੀਕ ਨਹੀਂ ਹੈ। ਗੁਰਬਾਣੀ ’ਚ ਇਸ ਸ਼ਬਦ ਦੇ ਪ੍ਰਸੰਗਕ ਅਰਥ ‘ਨਾਥ, ਖਸਮ, ਮਾਲਕ, ਪ੍ਰਭੂ’ ਆਦਿ ਬਣਦੇ ਹਨ।

ਭਾਗ-2 ‘ਨਾਹ’

ਉਪਰੋਕਤ ਸ਼ਬਦ ਸਮੱਗਰ ਗੁਰਬਾਣੀ ਦੀ ਲਿਖ਼ਤ ਵਿੱਚ 25 ਵਾਰ ਦਰਜ ਹੈ, ਜਿਸ ਦਾ ਅਰਥ ਅਤੇ ਉਚਾਰਣ ‘ਨਾਹੁ’ ਸ਼ਬਦ ਵਾਲਾ ਹੀ ਹੈ। ਅੰਤ ਮੁਕਤਾ ਹੋਣ ਦਾ ਕਾਰਨ ਕਿਤੇ ਬਹੁ ਵਚਨ, ਕਿਤੇ ਇਸ ਸ਼ਬਦ ਵਿੱਚੋਂ ਸੰਬੰਧਕ ਸ਼ਬਦ ਨਿਕਲਣਾ ਅਤੇ ਕਿਤੇ ਸੰਬੋਧਨ-ਵਾਚੀ ਹੋਣਾ ਹੀ ਹੈ:

‘‘ਨਾਹ ਬਿਨੁ ਘਰ ਵਾਸੁ ਨਾਹੀ, ਪੁਛਹੁ ਸਖੀ ਸਹੇਲੀਆ ॥’’ (ਪੰ:੨੪੨)

‘‘ਸੁਣਿ ਨਾਹ ਪ੍ਰਭੂ ਜੀਉ ! ਏਕਲੜੀ ਬਨ ਮਾਹੇ ॥’’ (ਪੰ:੨੪੩)

‘‘ਨਾਨਕ ਕਾਮਣਿ ਨਾਹ (ਦੀ) ਪਿਆਰੀ, ਰਾਮ ਨਾਮੁ ਗਲਿ ਹਾਰੋ ॥’’ (ਪੰ:੨੪੪)

ਪਹਿਲੀ ਪੰਗਤੀ ਅੰਦਰ ‘ਨਾਹ’ ਦਾ ਅੰਤ ਮੁਕਤਾ, ਇਸ ਨਾਲ ਸੰਬੰਧਕ ਸ਼ਬਦ ‘ਬਿਨੁ’ ਦਾ ਹੋਣਾ ਹੈ, ਦੂਜੀ ਪੰਗਤੀ ’ਚ ਸੰਬੰਧਤ ਸ਼ਬਦ ਸੰਬੋਧਨ-ਵਾਚੀ ਹੋਣ ਕਾਰਨ ਅੰਤ ਮੁਕਤਾ ਹੈ ਅਤੇ ਤੀਜੀ ਪੰਗਤੀ ਵਿੱਚ ਉਕਤ ਸ਼ਬਦ ਸੰਬੰਧ ਕਾਰਕ (ਲੁਪਤ ‘ਦੀ’) ਕਰਕੇ ਅੰਤ ਮੁਕਤਾ ਹੈ।

ਭਾਗ-3 ‘ਨਾਹਿ’

ਇਹ ਸ਼ਬਦ ਗੁਰਬਾਣੀ ਦੀ ਲਿਖ਼ਤ ਵਿੱਚ 185 ਵਾਰ ਦਰਜ ਹੈ। ਅਸਲ ਵਿੱਚ ਸੰਸਕ੍ਰਿਤ ਤੋਂ ‘ਨਾਹੀ’ ਸ਼ਬਦ ਦਾ ਤਦਭਵ ਜੋੜ‘ਨਾਹਿ’ ਬਣਿਆ ਹੋਇਆ ਹੈ। ਉਕਤ ਸ਼ਬਦ ਦਾ ਤੱਤਸਮ ਰੂਪ ‘ਨਾਹੀ’ ਵੀ ਗੁਰਬਾਣੀ ’ਚ ਮਿਲਦਾ ਹੈ।

ਗੁਰਬਾਣੀ ਵਿਆਕਰਣ ਅਨੁਸਾਰ ਇਹ ਸ਼ਬਦ ਕਿਰਿਆ ਵਿਸ਼ੇਸ਼ਣ ਵਜ਼ੋਂ ਦਰਜ ਹੈ। ਉਪਰੋਕਤ ਸ਼ਬਦ ਦੇ ਅੰਤ ਲੱਗੀ ਸਿਹਾਰੀ ਜਿੱਥੇ ਮੂਲਕ-ਪਹਿਚਾਣ ਪ੍ਰਗਟ ਕਰਦੀ ਹੈ ਉੱਥੇ ਉਚਾਰਨ ਦਾ ਅਨਿਖੜਵਾਂ ਭਾਗ ਵੀ ਹੈ। ਕਈ ਸੱਜਣ ਇਸ ਸ਼ਬਦ ਦੀ ਅੰਤਲੀ ਸਿਹਾਰੀ ਉਚਾਰਣ ਨਹੀਂ ਕਰਦੇ, ਪਰ ਇਹ ਨਾ-ਵਾਕਫੀ ਹੀ ਹੈ ਕਿਉਕਿ ਸੰਬੰਧਤ ਸ਼ਬਦ ਦੀ ਸਿਹਾਰੀ, ਉਚਾਰਨ ਦਾ ਭਾਗ ਨਾ ਬਣਾਇਆਂ ਜਿੱਥੇ ਮੂਲ ਸਰੂਪ ਬਿਗੜਦਾ ਹੈ ਉੱਥੇ ਕਾਵਿਕ ਸੁਹਜ ਭੀ ਨਹੀਂ ਰਹਿੰਦਾ।

ਸੋ, ਉਕਤ ਲਫਜ਼ ਦਾ ਸ਼ੁੱਧ ਉਚਾਰਨ ‘ਨਾਹਿਂ’ ਵਾਂਗ ਕਰਨਾ ਚਾਹੀਦਾ ਹੈ :

‘‘ਨਾਨਕ! ਜੋ ਤਿਸੁ ਭਾਵੈ ਸੋ ਥੀਐ, ਇਨਾ ਜੰਤਾ ਵਸਿ ਕਿਛੁ ‘ਨਾਹਿ’ ॥’’ (ਪੰ: ੫੫)

‘‘ਸਿਵ ਪੁਰੀ, ਬ੍ਰਹਮ ਇੰਦ੍ਰ ਪੁਰੀ, ਨਿਹਚਲੁ ਕੋ ਥਾਉ ‘ਨਾਹਿ’ ॥’’ (ਪੰ:੨੧੪)

‘‘ਨਾਨਕ! ਗੁਰ ਬਿਨੁ ‘ਨਾਹਿ’ ਪਤਿ, ਪਤਿ ਵਿਣੁ ਪਾਰਿ ਨ ਪਾਇ ॥’’ (ਪੰ:੧੩੮)

‘ਨਾਹਿ’ -ਨਿਰਣਾ-ਵਾਚੀ ਕਿਰਿਆ ਵਿਸ਼ੇਸ਼ਣ ਭਾਵ ‘ਨਹੀਂ’। ਉਚਾਰਨ -ਨਾਹਿਂ।

ਭੁੱਲ-ਚੁਕ ਦੀ ਖਿਮਾ

‘ਲਟਕਵੇਂ ਅੰਕਾਂ ਦੀ ਵਿਆਖਿਆ’

0

‘ਲਟਕਵੇਂ ਅੰਕਾਂ ਦੀ ਵਿਆਖਿਆ’

ਗੁਰਬਾਣੀ ਵਿੱਚ ਪਾਠ ਕਰਦੇ ਸਮੇਂ ਸਾਨੂੰ ਸਿਰਲੇਖ ਦੇ ਪੈਰੀਂ ਲਟਕਵੇਂ ਅੰਕ ਨਜ਼ਰੀਂ ਪੈਂਦੇ ਹਨ। ਇਹਨਾਂ ਅੰਕਾਂ ਬਾਬਤ ਬੋਧ ਬਹੁਤ ਘੱਟ ਕਰਵਾਇਆ ਗਿਆ ਹੈ, ਇਸ ਸੰਬੰਧ ਵਿੱਚ ਕੇਵਲ ਸ਼ਬਦਾਰਥ ਅਤੇ ਪ੍ਰੋ.ਸਾਹਿਬ ਸਿੰਘ ਜੀ ਨੇ ‘ਸ੍ਰੀ ਗੁਰੂ ਗ੍ਰੰਥ ਸਾਹਿਬ ਦਰਪਨ’ ਵਿੱਚ ਲੋੜੀਂਦੀ ਜਾਣਕਾਰੀ ਦਿੱਤੀ ਹੈ। ਆਮ ਸਿੱਖ-ਸੰਗਤਾਂ, ਇਸ ਬਾਬਤ ਇਲਮ ਨਾ ਹੋਣ ਕਾਰਣ, ਜ਼ਵਾਬ ਦੇਣ ਤੋਂ ਅਸਮੱਰਥ ਰਹਿੰਦੇ ਹਨ। ਇਸ ਕਰਕੇ ਅਸਾਂ ਇਹ ਨਿਮਾਣਾ ਜਿਹਾ ਯਤਨ ਗੁਰੂ ਆਸਰੇ ਕਰਨ ਦਾ ਸੰਕਲਪ ਬਣਾਇਆ ਹੈ ਕਿ ਕਿਉਂ ਨਾ ਉਕਤ ਅੰਕਾਂ (ਹਿੰਦਸਿਆਂ) ਬਾਰੇ, ਤਰਤੀਬ-ਬਾਰ ਜਾਣਕਾਰੀ ਜੱਗਿਆਸੂਆਂ ਨਾਲ ਸਾਂਝੀ ਕੀਤੀ ਜਾਏ। ਉਕਤ ਅੰਕ ਗੁਰੂ ਗ੍ਰੰਥ ਸਾਹਿਬ ਜੀ ਅੰਦਰ ਲਗਭਗ ‘੩੮’ ਕੁ ਵਾਰ ਵੱਖ-ਵੱਖ ਰਾਗਾਂ ਵਿੱਚ ਆਏ ਹਨ। ਸਭ ਤੋਂ ਪਹਿਲਾਂ ਇਹ ਲਟਕਵੇਂ ਅੰਕ ਪੰਨਾ ੨੦੪ ਤੋਂ ਸ਼ੁਰੂ ਹੋ ਕੇ ਪੰਨਾ ੨੪੮ ਤੱਕ ਚੱਲਦੇ ਹਨ :

੧. ‘‘ਰਾਗ ਗਉੜੀ ਪੂਰਬੀ ੧ ਮਹਲਾ ੫’’ ਕਿਨ ਬਿਧਿ ਮਿਲੈ ਗੁਸਾਈ ਮੇਰੇ ਰਾਮ ਰਾਇ……..(ਪੰ:੨੦੪)

੨. ‘‘ਗਉੜੀ ੨ ਮਹਲਾ ੫॥’’ ਅਉਧ ਘਟੈ ਦਿਨਸੁ ਰੈਨਾਰੇ……………….(ਪੰ:੨੦੫)

੩. ‘‘ਗਉੜੀ ੩ ਮਹਲਾ ੫॥’’ ਛੋਡਿ ਛੋਡਿ ਰੇ ਬਿਖਿਆ ਕੇ ਰਸੂਆ॥………(ਪੰ:੨੦੬)

ਉਪਰੋਕਤ ਤਿੰਨ ਵਾਰਤਕ ਤੁਕਾਂ ਵਿੱਚ ਅੰਕ ੧, ੨, ੩ ਆਏ ਹਨ, ਇਹਨਾ ਦਾ ਭਾਵ ਹੈ ਕਿ ਜੋ ਅੰਕ ਜਿਸ ਸ਼ਬਦ ਦੇ ਸਿਰਲੇਖ ਹੇਠਾਂ ਆਇਆ ਹੈ, ਜੋ ਗਿਣਤੀ, ਸੰਬੰਧਤ ਅੰਕ ਦਰਸਾਉਂਦਾ ਹੈ, ਉਸ ਗਿਣਤੀ ਅਨੁਸਾਰ, ਬੋਧ ਕਰਾਏ ਘਰ ਵਿੱਚ ਉਸ ਸ਼ਬਦ ਨੂੰ ਗਾਉਣਾ ਹੈ। ਕੁੱਝ ਸੱਜਣ ਸੰਬੰਧਤ ਅੰਕਾਂ ਨੂੰ ਸ਼ਬਦਾਂ ਦੀ ਗਿਣਤੀ-ਬੋਧਕ ਮੰਨਦੇ ਹਨ, ਪਰ ਇਸ ਤਰਾਂ ਗਿਣਤੀ ਕਿਸੇ ਪ੍ਰਕਾਰ ਭੀ ਦਰੁਸਤ ਨਹੀਂ ਬੈਠਦੀ। ਇਹ ਅੰਕ ਕੇਵਲ ‘ਘਰਾਂ’ ਦੇ ਹੀ ਸੂਚਕ ਹਨ; ਕਿਉਂਕਿ ਗਉੜੀ ਰਾਗ ਵਿਸਥਾਰ ਪੱਖ ਤੋਂ ਸਭ ਰਾਗਾਂ ਤੋਂ ਬਡੇਰਾ ਰਾਗ ਹੈ, ਪਰ ਇਸ ਵਿੱਚ ਕਿਸੇ ‘ਘਰ’ ਵਿੱਚ ਗਾਉਣ ਦੀ ਹਦਾਇਤ ਨਹੀਂ ਮਿਲਦੀ। ਕੇਵਲ ੨੦੩ ਪੰਨੇ ਉਪਰ ‘ਰਹੋਏ ਕੇ’ ਵਿੱਚ ਗਾਉਣ ਸੰਬੰਧੀ ਸੂਚਨਾ ਹੈ, ਪਰ ਵੱਖਰੇ ਤੌਰ ’ਤੇ ‘ਘਰ’ ਵਿੱਚ ਗਾਉਣ ਸੰਬੰਧੀ ਸੂਚਨਾ ਨਹੀਂ, ਇਸ ਕਰਕੇ ਇਹ ਅੰਕ ਕੇਵਲ ‘ਘਰ’ ਦੀ ਗਿਣਤੀ ਬੋਧਕ ਹੀ ਹਨ।

‘ਘਰ’ ਦਾ ਭਾਵ ਹੈ ਕਿ ਸੰਬੰਧਤ ਰਾਗ ਦੇ ਸਰਗਮ ਪਰਸਤਾਰ ਅਨੁਸਾਰ ਗਾਉਣ ਦੇ ਪ੍ਰਕਾਰ। ਉਕਤ ਲਟਕਵੇਂ ਅੰਕਾਂ ਨੂੰ ਪਾਠ ਕਰਦੇ ਸਮੇਂ ਉਚਾਰਣ ਦਾ ਭਾਗ ਬਨਾਉਣ ਦਾ ਵਿਧਾਨ ਨਹੀਂ ਹੈ, ਹਾਂ ਜੋ ਘਰ ਦੇ ਅੱਗੇ ਅੰਕ ‘੧ ਤੋਂ ੧੭’ ਤੱਕ ਆਉਂਦੇ ਹਨ ਤਾਂ ਉਚਾਰਣਾ ਜ਼ਰੂਰੀ ਹੈ।

੪.‘‘ਗਉੜੀ ੪ ਮਹਲਾ ੫॥’’ ਤੁਝ ਬਿਨੁ ਕਵਨੁ ਹਮਾਰਾ॥………(ਪੰ:੨੦੬)

੫.‘‘ਗਉੜੀ ੫ ਮਹਲਾ ੫॥’’ ਦਇਆ ਮਇਆ ਕਰਿ ਪ੍ਰਾਨਪਤਿ ਮੋਰੈ…….(ਪੰ:੨੦੮)

੬. ‘‘ਗਉੜੀ ੬ ਮਹਲਾ ੫॥’’ ਪਾਰਬ੍ਰਹਮ ਪੂਰਨ ਪਰਮੇਸੁਰ……………..(ਪੰ:੨੦੯)

੭. ‘‘ਰਾਗੁ ਗਉੜੀ ੧ ਪੂਰਬੀ ਮਹਲਾ ੫॥‘‘ ਹਰਿ ਹਰਿ ਕਬਹੂ………….(ਪੰ ੨੧੦)

੮. ‘‘ਰਾਗੁ ਗਉੜੀ ਚੇਤੀ ੧ ਮਹਲਾ ੫’’ ਸੁਖੁ ਨਾਹੀ ਰੇ ਹਰਿ ਭਗਤਿ ਬਿਨਾ…….(ਪੰ:੨੧੦)

੯. ‘‘ਗਉੜੀ ੨ ਮਹਲਾ ੫॥’’ ਜਾ ਕਉ ਬਿਸਰੈ ਰਾਮ ਨਾਮ………………(ਪੰ:੨੧੨)

੧੦. ‘‘ਗਉੜੀ ੩ ਮਹਲਾ ੫॥’’ ਮੋਹਿ ਦਾਸਰੋ ਠਾਕੁਰ ਕੋ……………..(ਪੰ:੨੧੨)

੧੧. ‘‘ਗਉੜੀ ਪੂਰਬੀ ੪ ਮਹਲਾ ੫॥’’ ‘‘ਮੇਰੇ ਮਨ ਸਰਣਿ ਪ੍ਰਭੂ ਸੁਖ ਪਾਏ……(ਪੰ:੨੧੨)

੧੨. ‘‘ਰਾਗੁ ਗਉੜੀ ਮਾਲਾ ੧ ਮਹਲਾ ੫’’ ਪਾਇਓ ਬਾਲ ਬੁਧਿ ਸੁਖੁ ਰੇ…..(ਪੰ:੨੧੪)

੧੩. ‘‘ਗਉੜੀ ਮਾਲਾ ੨ ਮਹਲਾ ੫॥’’ ਪਾਇਆ ਲਾਲੁ ਰਤਨੁ ਮਨਿ ਪਾਇਆ‘‘…….(ਪੰ:੨੧੫)

੧੪. ‘‘ਰਾਗੁ ਗਉੜੀ ਮਾਝ ੧ ਮਹਲਾ ੫ ’’ ਦਨਿ ਦਇਆਲ ਦਮੋਦਰ ਰਾਇਆ ਜੀਉ….(ਪੰ:੨੧੬)

੧੫. ‘‘ਰਾਗੁ ਗਉੜੀ ਮਾਝ ੨ ਮਹਲਾ ੫ ’’ ਤੂੰ ਮੇਰਾ ਬਹੁ ਮਾਣੁ ਕਰਤੇ…………..(ਪੰ:੨੧੭)

੧੬. ‘‘ਰਾਗੁ ਗਉੜੀ ੧ ਛੰਤ ਮਹਲਾ ੫ ’’ ਮੇਰੈ ਮਨਿ ਬੈਰਾਗੁ ਭਇਆ ਜੀਉ……..(ਪੰ:੨੪੭)

੧੭. ‘‘ਗਉੜੀ ੨ ਮਹਲਾ ੫॥’’ ਮੋਹਨ ਤੇਰੇ ਊਚੇ ਮੰਦਰ ਮਹਲ ਅਪਾਰਾ…………(ਪੰ:੨੪੮)

੧੮. ‘‘ਗਉੜੀ੩ ਮਹਲਾ ੫॥’’ ਪਤਿਤ ਅਸੰਖ ਪੁਨੀਤ ਕਰਿ……………….(ਪੰ:੨੪੮)

ਉਪਰੋਕਤ ਕ੍ਰਮ-ਵਾਰ ਲਟਕਵੇਂ ਅੰਕ ਘਰ ਦੇ ਸੂਚਕ ਵਜ਼ੋਂ ਆਏ ਹਨ, ਜਿੱਥੇ ਰਾਗ ਦੀ ਕਿਸਮ ਬਦਲਦੀ ਹੈ, ਉੱਥੇ ਅੰਕ ਵੀ ਬਦਲਦਾ ਹੈ।

੧੯. ‘‘ਗਉੜੀ ਕਬੀਰ ਜੀ ਪੰਚਪਦੇ੨ ॥’’ ਜਿਉ ਜਲ ਛੋਡਿ ਬਾਹਰਿ ਭਇਓ ਮੀਨਾ॥…..(ਪੰ:੩੨੬)

ਉਕਤ ਵਾਰਤਕ ਵਿੱਚ ਪੰਚਪਦੇ ਹੇਠ ਆਏ ਅੰਕ ਨੂੰ ਸ਼ਬਦਾਰਥੀ ਵਿਦਵਾਨਾਂ ਨੇ ਪੰਚਪਦੇ ਦਾ ਗਿਣਤੀ-ਬੋਧਕ ਦੱਸਿਆ ਹੈ। ਪਰ ਗਿਣਤੀ ਠੀਕ ਨਹੀਂ ਬੈਠਦੀ। ਕੁੱਝ ਲਿਖਤੀ ਬੀੜਾਂ ਵਿੱਚ ਇਹ ਅੰਕ ਨਹੀਂ ਹੈ।

੨੦. ‘‘ਗਉੜੀ ਕਬੀਰ ਜੀ ਤਿਪਦੇ ਚਾਰਤੁਕੇ ੨ ॥’’ ਜਮ ਤੇ ਉਲਟਿ ਭਏ ਹੈ ਰਾਮ॥……..(ਪੰ:੩੨੬)

ਇਸ ਵਾਰਤਕ ਦੇ ਵਿੱਚ ਚਾਰਤੁਕੇ ਹੇਠ ਆਏ ਅੰਕ ਦਾ ਭਾਵ ਹੈ ਕਿ ਇਸ ਤੋਂ ਅਗਾਂਹ ਚਾਰ-ਤੁਕਿਆਂ ਵਾਲੇ ਦੋ ਸ਼ਬਦ ਆਉਣੇ ਹਨ।

੨੧. ‘‘ਗਉੜੀ ਕਬੀਰ ਜੀ ਤਿਪਦੇ ੧੪ ॥’’ ਕੰਚਨ ਸਿਉ ਪਾਈਐ ਨਹੀ ਤੋਲਿ॥…………..(ਪੰ:੩੨੭)

ਅੰਕ ੧੪ ਗਿਣਤੀ ਬੋਧਕ ਹੈ, ਇਸ ਤੋਂ ਅਗਾਂਹ ੧੪ ਤਿਪਦਿਆਂ ਵਾਲੇ ਸ਼ਬਦ ਆਉਣ ਵੱਲ ਸੰਕੇਤ ਕਰਦਾ ਹੈ।

੨੨. ‘‘ਗਉੜੀ ਕਬੀਰ ਜੀ ਦੁਪਦੇ ੨॥’’ ਨਾ ਮੈ ਜੋਗ ਧਿਆਨ ਚਿਤੁ ਲਾਇਆ………….॥’’ (ਪੰ:੩੨੯)

ਦੁਪਦੇ ਹੇੇਠ ਗਿਣਤੀ-ਬੋਧਕ ਅੰਕ ਅਗਾਂਹ ਦੋ ਦੁਪਦੇ ਆਉਣ ਨੂੰ ਦਰਸਾਉਂਦਾ ਹੈ।

੨੩. ‘‘ਰਾਗੁ ਗਉੜੀ ਬੈਰਾਗਣਿ ੧ ਕਬੀਰ ਜੀ’’ ਜੀਵਤ ਪਿਤਰ ਨ ਮਾਨੈ ਕੋਊ……..(ਪੰ:੩੩੨)

ਇਹ ਅੰਕ ਭੀ ਘਰ ਦਾ ਸੂਚਕ ਜਾਪਦਾ ਹੈ, ਉਂਜ ਹੱਥ-ਲਿਖਤੀ ਬੀੜਾਂ ਵਿੱਚ ਇਹ ਅੰਕ ਨਹੀਂ ਹੈ।

੨੪. ‘‘ਗਉੜੀ ਬੈਰਾਗਣਿ ਤਿਪਦੇ ੩ ॥’’ ਉਲਟਤ ਪਵਨ ਚਕ੍ਰ ਖਟੁ ਭੇਦੇ…………(ਪੰ:੩੩੩)

੨੫. ‘‘ਗਉੜੀ੨ ॥’’ ਪਾਪੁ ਪੁੰਨੁ ਦੁਇ ਬੈਲ ਬਿਸਾਏ………………(ਪੰ:੩੩੩)

੨੬. ‘‘ਗਉੜੀ੩ ਪੰਚਪਦਾ॥’’ ਪੇਵਕੜੈ ਦਿਨ ਚਾਰਿ ਹੈ……………..(ਪੰ:੩੩੩)

੨੭. ‘‘ਗਉੜੀ੨ ॥’’ ਜੋਗੀ ਕਹਹਿ ਜੋਗ ਭਲ ਮੀਠਾ………………..(ਪੰ:੩੩੪)

੨੮. ‘‘ਰਾਗੁ ਗਉੜੀ ਪੂਰਬੀ ੧ ਕਬੀਰ ਜੀ॥’’ ਜਹ ਕਛੁ ਅਹਾ ਤਹਾ ਕਿਛੁ ਨਾਹੀ………(ਪੰ:੩੩੪)

੨੯. ‘‘ਗਉੜੀ੮ ॥’’ ਪਾਨੀ ਮੈਲਾ ਮਾਟੀ ਗੋਰੀ…………………(ਪੰ:੩੩੬)

ਕ੍ਰਮ-ਵਾਰ, ਨੰਬਰ ੨੪ ਤੋਂ ਲੈ ਕੇ ੨੯ ਤੱਕ ਲਟਕਵੇਂ ਅੰਕ ਘਰ ਦੇ ਸੂਚਕ ਹਨ, ਜਿਵੇਂ ਕਿ ਇਸ ਤੋਂ ਅਗਾਂਹ ਪਰਤੱਖ ਤੌਰ ’ਤੇ ਸਿਰਲੇਖਾਂ ਅੱਗੇ ‘ਗਉੜੀ ੯’,‘ਗਉੜੀ ੧੧’, ‘ਗਉੜੀ ੧੨’, ‘ਗਉੜੀ ੧੩’ ਆਏ ਹਨ। ੩੦. ‘‘ਗਉੜੀ੫ ॥’’ ‘‘ਲਖ ਚਉਰਾਸੀਹ ਜੀਅ ਜੋਨਿ ਮਹਿ ਭ੍ਰਮਤ……….(ਪੰ: ੩੩੮)

ਇਹ ਅੰਕ ਗਿਣਤੀ-ਬੋਧਕ ਹੋਣ ਕਾਰਣ ਇਹ ਦਰਸਾਉਂਦਾ ਹੈ ਕਿ, ਇਸ ਤੋਂ ਅੱਗੇ ਭਗਤ ਕਬੀਰ ਜੀ ਦੇ ਪੰਜ ਸ਼ਬਦ ਹੋਰ ਆਉਣੇ ਹਨ।

੩੧. ‘‘ਆਸਾ ਮਹਲਾ ੧ ਪੰਚਪਦੇ ੬ ॥’’ ਦੁਧ ਬਿਨੁ ਧੇਨੁ ਪੰਖ ਬਿਨੁ ਪੰਖੀ………..(ਪੰ:੩੫੪)

੩੨. ‘‘ਆਸਾ ਮਹਲਾ ੧ ਪੰਚਪਦੇ ੨ ॥’’ ਮੋਹੁ ਕੁਟੰਬੁ ਮੋਹੁ ਸਭ ਕਾਰ……………(ਪੰ:੩੫੬)

੩੩. ‘‘ਆਸਾ ਮਹਲਾ ੧ ਚਉਪਦੇ ੪ ॥’’ ਵਿਦਿਆ ਵੀਚਾਰੀ ਤਾਂ ਪਰਉਪਕਾਰੀ………(ਪੰ:੩੫੬)

੩੪. ‘‘ਆਸਾ ਮਹਲਾ ੩ ਪੰਚਪਦੇ ੨ ॥’’ ਸਬਦਿ ਮਰੈ ਤਿਸੁ ਸਦਾ ਅਨੰਦ॥………….(ਪੰ:੩੬੪)

ਨੰਬਰ ੩੧ ਵਿੱਚ ਆਏ ਅੰਕ ਦਾ ਭਾਵ ਇਸ ਤੋਂ ਅਗਾਂਹ ਛੇ ਪੰਚਪਦਿਆਂ ਵਾਲੇ ਸ਼ਬਦ ਹਨ। ਨੰ:੩੨ ਵਿੱਚ ਅੰਕ ੨ ਪੰਚਪਦਿਆਂ ਵਾਲੇ ਦੋ ਸ਼ਬਦਾਂ ਵੱਲ ਸੰਕੇਤ ਕਰਦਾ ਹੈ। ਨੰ:੩੩ ਵਿੱਚ ਅੰਕ ੪, ਚਾਰ ਚਉਪਦਿਆਂ ਵਾਲੇ ਸ਼ਬਦ ਆਉਣ ਵੱਲ ਸੰਕੇਤ ਕਰਦਾ ਹੈ। ਨੰ: ੩੪ ਵਿੱਚ ਅੰਕ ੨ ਨੂੰ ਭੀ ਇਸੇ ਤਰ੍ਹਾਂ ਹੀ ਸਮਝਿਆ ਜਾਣਾ ਚਾਹੀਦਾ ਹੈ।

੩੫. ‘‘ਰਾਗੁ ਆਸਾ ਘਰ ੮ ਕੇ ਕਾਫੀ ੨ ਮਹਲਾ ੪॥’’ ਆਇਆ ਮਰਣੁ ਧੁਰਾਹੁ…………(ਪੰ:੩੬੯)

ਕਾਫੀ ਪਦ ਹੇਠਾਂ ਆਇਆ ਅੰਕ ੨ ਇਹ ਦਸਦਾ ਹੈ ਕਿ, ਇਹ ਸ਼ਬਦ ਅਤੇ ਅਗਲੇਰਾ ਸ਼ਬਦ ਕਾਫੀ ਨਾਲ ਮਿਲਾ ਕੇ ਗਾਉਣਾ ਹੈ।

੩੬. ‘‘ਆਸਾ ਮਹਲਾ ੫॥ ਪੰਚਪਦੇ ੩ ॥’’ ਪ੍ਰਥਮੇ ਤੇਰੀ ਨੀਕੀ ਜਾਤਿ॥……………….(ਪੰ: ੩੬੯)

੩੭. ‘‘ਆਸਾ ਮਹਲਾ ੫ ਪੰਚਪਦਾ੧ ॥’’ ਜਿਹ ਪੈਡੈ ਲੂਟੀ ਪਨਿਹਾਰੀ…………(ਪੰ:੩੯੩)

ਨੰਬਰ ੩੬ ਅਤੇ ੩੭ ਵਿੱਚ ਆਏ ਅੰਕ ਗਿਣਤੀ-ਬੋਧਕ ਹਨ, ੩ ਦਾ ਭਾਵ ਅਗਾਂਹ ਤਿੰਨ ਪੰਚਪਦੇ ਅਤੇ ੧ ਦਾ ਭਾਵ ਇੱਕ ਪੰਚਪਦਾ ਹੈ।

੩੮. ‘‘ਪ੍ਰਭਾਤੀ ਮਹਲਾ੫ ੩ ॥’’ ਜੋ ਤੇਰੀ ਸਰਣਾਈ ਹਰਿ ਜੀਉ………………… (ਪੰ:੧੩੩੩)

‘ਮਹਲਾ’ ਸਿਰਲੇਖ ਹੇਠ ਆਇਆ ਅੰਕ ਮੌਜੂਦਾ ਛਾਪੇ ਦੀਆਂ ਬੀੜਾਂ ਵਿੱਚ ਨਹੀਂ ਹੈ, ਪਰ ਹੱਥ-ਲਿਖਤੀ ਬੀੜਾਂ ਵਿੱਚ ਇਹ ਲਟਕਵਾਂ ਅੰਕ ਮਿਲਦਾ ਹੈ। ਪ੍ਰਾਈਵੇਟ ਪ੍ਰਕਾਸ਼ਕਾਂ ਵੱਲੋਂ ਪ੍ਰਕਾਸ਼ਤ ਬੀੜਾਂ ਵਿੱਚ ਵੀ ਇਹ ਅੰਕ ਮਿਲਦਾ ਹੈ। ਇਸ ਦਾ ਭਾਵ ਹੈ ਕਿ, ਸੰਬੰਧਤ ਸ਼ਬਦ ਤੋਂ ਲੈ ਕੇ ਇਸ ਸੰਗ੍ਰਹਿ ਦੇ ਸਾਰੇ ਸ਼ਬਦ ‘ਘਰ ਪੰਜਵੇਂ’ ਵਿੱਚ ਗਾਉਣੇ ਹਨ। ਸੰਪ੍ਰਦਾਈ ਸੱਜਣਾਂ ਵੱਲੋਂ ਇਸ ਅੰਕ ਨੂੰ ਗੁਰੂ ਅਰਜਨ ਸਾਹਿਬ ਜੀ ਦਾ ਵਾਚਕ ਮੰਨਿਆ ਹੈ ਪਰ ਇਹ ਵੀਚਾਰ ਦਰੁਸਤ ਨਹੀਂ।

ਭੁੱਲ-ਚੁਕ ਦੀ ਖਿਮਾਂ

‘ਗੁਰਬਾਣੀ ’ਚ ਵਰਤੀਆਂ ਵਿਲੱਖਣ ਕ੍ਰਿਆਵਾਂ’

0

‘ਗੁਰਬਾਣੀ ’ਚ ਵਰਤੀਆਂ ਵਿਲੱਖਣ ਕ੍ਰਿਆਵਾਂ’

‘ਜਿਹਨਾਂ ਕਿਰਿਆਵਾਂ ਸੰਬੰਧੀ ਅਸਾਂ ਵੀਚਾਰ ਕਰਨੀ ਹੈ, ਇਹ ਗੁਰਬਾਣੀ ਵਿੱਚ ਟੂਕ-ਮਾਤ੍ਰ ਮਿਲਦੀਆਂ ਹਨ। ਗੁਰਬਾਣੀ ਵਿਚ ਵਰਤੀਆਂ ਇਹ ਵਿਲੱਖਣ ਕਿਰਿਆਵਾਂ, ਆਮ ਕਿਸੇ ਭਾਸ਼ਾ ਵਿਚ ਨਹੀਂ ਵਰਤੀਆਂ ਜਾਂਦੀਆਂ। ਗੁਰਬਾਣੀ ਵਿਚ ਇਹਨਾਂ ਦੀ ਵੱਖਰੇ ਤਰ੍ਹਾਂ ਦੀ ਬਨਾਵਟ ਹੋਣ ਕਾਰਣ; ਆਮ ਸੱਜਣ ਅਰਥ ਸਮਝਣ ਤੋਂ ਵਿਰਵਾ ਰਹਿ ਜਾਂਦਾ ਹੈ, ਇਸ ਕਰਕੇ ਆਉ ਇਹਨਾਂ ਵਿਲੱਖਣ ਤਰ੍ਹਾਂ ਦੀਆਂ ਕਿਰਿਆਵਾਂ ਨੂੰ ਸਮਝਣ ਦਾ ਯਤਨ ਕਰਦੇ ਹਾਂ।

  1. (ੳ). ਪੁਲਿੰਗ, ਅਨ-ਪੁਰਖ, ਇਕ ਵਚਨ, ਵਰਤਮਾਨ ਕਾਲ-:

‘‘ਸੂਕੇ ਤੇ ਫੁਨਿ ਹਰਿਆ ਕੀਤੋਨੁ, ਹਰਿ ਧਿਆਵਹੁ ਚੋਜ ਵਿਡਾਣੀ ਹੇ ॥’’ (ਪੰਨਾ ੧੦੭੦)

‘‘ਹਉਮੈ ਝਗੜਾ ਪਾਇਓਨੁ, ਝਗੜੈ ਜਗੁ ਮੁਇਆ ॥’’ ( ਪੰਨਾ ੭੯੦)

‘‘ਖਾਣਾ ਪੀਣਾ ਪਵਿਤ੍ਰੁ ਹੈ, ਦਿਤੋਨੁ ਰਿਜਕੁ ਸੰਬਾਹਿ ॥’’ ( ਪੰਨਾ ੪੭੨)

‘‘ਧੁਰਿ ਆਪੇ ਜਿਨ੍ਹਾ ਨੋ ਬਖਸਿਓਨੁ ਭਾਈ! ਸਬਦੇ ਲਇਅਨੁ ਮਿਲਾਇ ॥ (ਪੰਨਾ ੧੧੭੭)

(ਅ). ਕੀਤੋਨੁ -ਪੁਲਿੰਗ, ਅਨ-ਪੁਰਖ, ਇਕਵਚਨ, ਵਰਤਮਾਨ ਕਾਲ, ਕਰਮਨੀ-ਵਾਚ ਭਾਵ ‘ਉਸ ਨੇ ਕੀਤਾ ਹੈ।’

ਪਾਇਓਨੁ -ਪੁਲਿੰਗ, ਅਨ-ਪੁਰਖ, ਇਕਵਚਨ, ਵਰਤਮਾਨ ਕਾਲ, ਕਰਮਨੀ-ਵਾਚ ਭਾਵ ‘ਉਸ ਨੇ ਪਾਇਆ ਹੈ।’

ਦਿਤੋਨੁ -ਪੁਲਿੰਗ, ਅਨ-ਪੁਰਖ, ਇਕਵਚਨ, ਵਰਤਮਾਨ ਕਾਲ, ਕਰਮਨੀ-ਵਾਚ ਭਾਵ ‘ਉਸ ਨੇ ਦਿੱਤਾ ਹੈ।’

ਬਖਸਿਓਨੁ -ਪੁਲਿੰਗ, ਅਨ-ਪੁਰਖ, ਇਕਵਚਨ, ਵਰਤਮਾਨ ਕਾਲ, ਕਰਮਨੀ-ਵਾਚ ਭਾਵ ‘ਉਸ ਨੇ ਬਖਸ਼ਿਆ ਹੈ।’

ਉਪਰੋਕਤ ਸ਼ਬਦਾਂ ਦੇ ਇਸਤਲਾਹੀ ਅਰਥ ਨਾਲ-ਨਾਲ ਕੀਤੇ ਹਨ, ਇਹਨਾਂ ਸਾਰੇ ਸ਼ਬਦਾਂ ਦਾ ‘ਲਿੰਗ, ਬਚਨ, ਕਾਲ’ ਇੱਕੋ ਹੀ ਹੈ। ਸੰਬੰਧਿਤ ਸਾਰੇ ਕਿਰਿਆਵੀ ਸ਼ਬਦਾਂ ਦੇ ਪਛੇਤਰ ਵਰਤਿਆ ‘ਨੁ’ ਜਿੱਥੇ ਇਕ ਵਚਨ ਪੁਲਿੰਗ ਦਾ ਸੂਚਕ ਹੈ, ਉੱਥੇ ‘ਕਰਤਾ ਕਾਰਕ, ਅਨ-ਪੁਰਖ’ ਦਾ ਵਾਚੀ ਭੀ ਹੈ। ਇਸ ਕਰਕੇ ਅਰਥ ਕਰਦੇ ਸਮੇਂ ‘ਉਸ ਨੇ’ ਸ਼ਬਦ, ਮੂਲ ਅਰਥ ਸ਼ਬਦ ਦੇ ਅਗੇਤਰ ਜ਼ਰੂਰ ਲੱਗਣਾ ਹੈ।

  1. ਇਸਤਰੀ-ਲਿੰਗ, ਅਨ-ਪੁਰਖ, ਇਕਵਚਨ, ਵਰਤਮਾਨ ਕਾਲ –:

‘‘ਭੀੜਹੁ ਮੋਕਲਾਈ ਕੀਤੀਅਨੁ, ਸਭ ਰਖੇ ਕੁਟੰਬੈ ਨਾਲਿ ॥’’ ( ਪੰਨਾ ੯੫੭)

‘‘ਮੋਹ ਠਗਉਲੀ ਪਾਈਅਨੁ, ਬਹੁ ਦੂਜੈ ਭਾਇ ਵਿਕਾਰ ॥’’ (ਪੰਨਾ ੧੨੪੮)

‘‘ਸਿਫਤਿ ਸਲਾਹਣੁ ਭਗਤਿ, ਵਿਰਲੇ ਦਿਤੀਅਨੁ ॥’’ ( ਪੰਨਾ ੯੫੮)

‘‘ਜਿਸ ਨੋ, ਹਰਿ ਭਗਤਿ ਸਚੁ ਬਖਸੀਅਨੁ, ਸੋ ਸਚਾ ਸਾਹੁ ॥’’ ( ਪੰਨਾ ੮੫੨)

ਕੀਤੀਅਨੁ -ਇਸਤਰੀ-ਲਿੰਗ, ਅਨ-ਪੁਰਖ, ਇਕਵਚਨ, ਵਰਤਮਾਨ ਕਾਲ, ਕਰਮਨੀ-ਵਾਚ ਭਾਵ ‘ਉਸ ਨੇ ਕੀਤੀ ਹੈ।’

ਪਾਈਅਨੁ -ਇਸਤਰੀ-ਲਿੰਗ, ਅਨ-ਪੁਰਖ, ਇਕਵਚਨ, ਵਰਤਮਾਨ ਕਾਲ, ਕਰਮਨੀ-ਵਾਚ ਭਾਵ ‘ਉਸ ਨੇ ਪਾਈ ਹੈ।’

ਦਿਤੀਅਨੁ -ਇਸਤਰੀ-ਲਿੰਗ, ਅਨ-ਪੁਰਖ, ਇਕਵਚਨ, ਵਰਤਮਾਨ ਕਾਲ, ਕਰਮਨੀ-ਵਾਚ ਭਾਵ ‘ਉਸ ਨੇ ਦਿੱਤੀ ਹੈ।’

ਬਖਸੀਅਨੁ -ਇਸਤਰੀ-ਲਿੰਗ, ਅਨ-ਪੁਰਖ, ਇਕਵਚਨ, ਵਰਤਮਾਨ ਕਾਲ, ਕਰਮਨੀ-ਵਾਚ ਭਾਵ ‘ਉਸ ਨੇ ਬਖਸ਼ੀ ਹੈ।’

ਉਪਰੋਕਤ ਇਸਤਰੀ-ਲਿੰਗ ਸ਼ਬਦਾਂ ਦੇ ਪਛੇਤਰ ‘ਨੁ’ ਕਰਤਾ ਕਾਰਕ, ਅਨ-ਪੁਰਖ, ਇਕਵਚਨ ਦਾ ਵਾਚੀ ਹੈ।

ਨੋਟ : ਕੁੱਝ ਸੱਜਣ ਸੰਬੰਧਤ ਸ਼ਬਦਾਂ ਦਾ ਅਰਥ ‘ਬਹੁਵਚਨ’ ਰੂਪ ਵਿਚ ਕਰਦੇ ਹਨ, ਦਰੁਸੱਤ ਨਹੀਂ।

  1. ਪੁਲਿੰਗ, ਅਨ-ਪੁਰਖ, ਬਹੁਵਚਨ, ਵਰਤਮਾਨ ਕਾਲ-:

‘‘ਇਕ ਆਪੇ ਗੁਰਮੁਖਿ ਕੀਤਿਅਨੁ, ਬੂਝਨਿ ਵੀਚਾਰਾ ॥’’ ( ਪੰਨਾ ੪੨੫)

‘‘ਸਤਿਗੁਰਿ ਤੁਠੈ ਪਾਈਅਨਿ, ਅੰਦਰਿ ਰਤਨ ਭੰਡਾਰਾ ॥’’ ( ਪੰਨਾ ੧੪੧)

‘‘ਮਨ ਬਾਂਛਤ ਫਲ ਦਿਤਿਅਨੁ, ਨਾਨਕ ਬਲਿਹਾਰੀ ॥’’ ( ਪੰਨਾ ੮੨੦)

‘‘ਕਉਣ ਕਉਣ ਅਪਰਾਧੀ ਬਖਸਿਅਨੁ, ਪਿਆਰੇ! ਸਾਚੈ ਸਬਦਿ ਵੀਚਾਰਿ ॥’’ ( ਪੰਨਾ ੬੩੮)

ਕੀਤਿਅਨੁ -ਪੁਲਿੰਗ, ਅਨ-ਪੁਰਖ, ਬਹੁਵਚਨ, ਵਰਤਮਾਨ ਕਾਲ, ਕਰਮਨੀ-ਵਾਚ ਭਾਵ ‘ਉਸ ਨੇ ਕੀਤੇ ਹਨ।’

ਪਾਈਅਨਿ -ਪੁਲਿੰਗ, ਅਨ-ਪੁਰਖ, ਬਹੁਵਚਨ, ਵਰਤਮਾਨ ਕਾਲ, ਕਰਮਨੀ-ਵਾਚ ਭਾਵ ‘ਪਾਈਦੇ ਹਨ।’

ਦਿਤਿਅਨੁ -ਪੁਲਿੰਗ, ਅਨ-ਪੁਰਖ, ਬਹੁਵਚਨ, ਵਰਤਮਾਨ ਕਾਲ, ਕਰਮਨੀ-ਵਾਚ ਭਾਵ ‘ਉਸ ਨੇ ਦਿੱਤੇ ਹਨ।’

ਬਖਸਿਅਨੁ -ਪੁਲਿੰਗ, ਅਨ-ਪੁਰਖ, ਬਹੁਵਚਨ, ਵਰਤਮਾਨ ਕਾਲ, ਕਰਮਨੀ-ਵਾਚ ਭਾਵ ‘ਉਸ ਨੇ ਬਖਸ਼ੇ ਹਨ।’

ਸ਼ਬਦ ‘ਕੀਤਿਅਨੁ, ਦਿਤਿਅਨੁ, ਬਖਸਿਅਨੁ’ ਦੇ ਪਛੇਤਰ ਆਇਆ ‘ਨੁ’ ਕਿ੍ਰਆਵੀ- ਪਛੇਤਰ ਕਰਤਾ ਕਾਰਕ, ਬਹੁਵਚਨ, ਵਰਤਮਾਨ ਕਾਲ ਦਾ ਵਾਚੀ ਹੈ। ਇਸ ਕਰਕੇ ਇਹਨਾਂ ਤਿੰਨਾਂ ਸ਼ਬਦਾਂ ਦੇ ਅਰਥ ‘ਉਸ ਨੇ’ ਲਗਾ ਕੇ ਹੋਣਗੇ। ਸੰਬੰਧਿਤ ਸ਼ਬਦਾਂ ਵਿਚ ਆਇਆ ਸ਼ਬਦ ‘ਪਾਈਅਨਿ’ ਦਾ ਕਿ੍ਰਆਵੀ-ਪਛੇਤਰ ‘ਨਿ’ ਬਹੁਵਚਨ, ਵਰਤਮਾਨ ਕਾਲ ਦਾ ਵਾਚਕ ਹੈ, ਇਸ ਕਰਕੇ ਸੰਬੰਧਿਤ ਸ਼ਬਦ ਦੇ ਅਰਥ ‘ਪਾਈਦੇ ਹਨ, ਪਾਏ ਜਾਂਦੇ ਹਨ’ ਹੋਣਗੇ।

ਇਹਨਾਂ ਸ਼ਬਦਾਂ ਤੋਂ ਅਲਾਵਾ ‘ਲਾਇਅਨੁ, ਖੁਆਇਅਨੁ, ਮਾਰੀਅਨਿ, ਪਰਖੀਅਨਿ, ਸੰਤੋਖੀਅਨਿ, ਕਹੀਅਨਿ’ ਆਦਿ ਸ਼ਬਦ ਗੁਰਬਾਣੀ ਵਿਚ ਮਿਲਦੇ ਹਨ, ਜਿਹਨਾਂ ’ਤੇ ਵੀ ਨਿਯਮ ਉਕਤ ਸ਼ਬਦਾਂ ਵਾਲੇ ਹੀ ਢੁੱਕਦੇ ਹਨ।

ਭੁੱਲ-ਚੁਕ ਦੀ ਖਿਮਾਂ

ਨਾਸਕੀ-ਚਿੰਨ੍ਹ ‘ਟਿੱਪੀ’

0

ਨਾਸਕੀ-ਚਿੰਨ੍ਹ ‘ਟਿੱਪੀ’

‘ਟਿੱਪੀ’ ਨਾਸਕੀ ਧੁਨੀ ਦਾ ਪ੍ਰਤੀਕ-ਚਿਨ੍ਹ ਹੈ। ਇਸ ਦੀ ਵਰਤੋਂ ਮੁਕਤਾ, ਸਿਹਾਰੀ, ਔਂਕੜ ਅਤੇ ਦੁਲੈਂਕੜ ਉਪਰ ਹੁੰਦੀ ਹੈ। ਗੁਰਬਾਣੀ ਵਿੱਚ ‘ਟਿੱਪੀ’ ਵਤ ਸ਼ਬਦ ਪੁਲਿੰਗ ਨਾਵ ਅਤੇ ਇਸਤਰੀ-ਲਿੰਗ ਨਾਵ ਆਪਣੇ ਮੂਲ-ਸਰੂਪ ਅਨੁਸਾਰ ਮਿਲਦੇ ਹਨ ਜਿਵੇਂ -:

‘ਗੋਬਿੰਦ, ਸੰਦੇਸਾ, ਅੰਧਾ, ਡੰਡਾ, ਖੰਡਾ, ਖੰਡ, ਧੰਧਾ’ ਆਦਿ ਲਫਜ਼ ਪੁਲਿੰਗ ਨਾਵ ਹਨ।

‘ਕੂੰਜ, ਧੁੰਧ, ਬੂੰਦ, ਗੂੰਜ, ਚਿੰਜ’ ਆਦਿ ਲਫਜ਼ ਇਸਤਰੀ-ਲਿੰਗ ਨਾਵ ਹਨ।

1. ਗੁਰਬਾਣੀ ਵਿਚ ਟਿੱਪੀ ਦੀ ਵਰਤੋਂ ਬਿੰਦੀ ਦੀ ਬਦਲ ਵਿਚ ਭੀ ਕੀਤੀ ਗਈ ਹੈ :

‘‘ਦਾਸੰੀ, ਹਰਿ ਕਾ ਨਾਮੁ ਧਿਆਇਆ॥’’ (ਪੰਨਾ ੬੮੪)

ਦਾਸੰੀ-ਭਾਵ ਦਾਸੀਂ-ਕਰਤਾ ਕਾਰਕ ਬਹੁ ਵਚਨ ਨਾਵ, ਸੰਬੰਧਕੀ ਰੂਪ ‘ਦਾਸਾਂ ਨੇ’।

‘‘ਲਿੰਉ ਲਿੰਉ ਕਰਤ ਫਿਰੈ, ਸਭੁ ਲੋਗੁ॥’’ (ਪੰਨਾ ੩੪੨)

ਲਿੰਉ-ਭਾਵ ਲਿਂਉ, ਕਿਰਿਆਵਾਚੀ ਸ਼ਬਦ, ਜਿਸ ਦਾ ਅਰਥ ਹੈ ‘ਮੈਂ ਹਾਸਲ ਕਰ ਲਵਾਂ।

‘‘ਪੰਦ੍ਰਹ ਥਿਤੰੀ ਸਾਤ ਵਾਰ॥’’ (ਪੰਨਾ ੩੪੩)

ਥਿਤੰੀ-ਭਾਵ ਥਿਤਂੀਂ-ਬਹੁ ਵਚਨ-ਨਾਵ, ਜਿਸ ਦਾ ਅਰਥ ਹੈ ਚੰਦ੍ਰਮਾ ਨਾਲ ਸਬੰਧਤ ‘ਥਿਤਾਂ’।

‘‘ਸੇਵੀ ਸਾਹਿਬੁ ਆਪਣਾ, ਅਵਰੁ ਨ ਜਾਚੰਉ ਕੋਇ॥’’ (ਪੰਨਾ ੬੬੦)

ਜਾਚੰਉ-ਜਾਚਂਉ-ਉਤਮ ਪੁਰਖ ਇੱਕ ਵਚਨ ਕਿਰਿਆ ਵਰਤਮਾਨ ਕਾਲ, ਅਰਥ ਹੈ ‘ਮੈਂ ਮੰਗਦਾ ਹਾਂ’।

2. ਅਨੁਨਾਸਕ- ਅੱਖਰ ਙ, ਞ, ਣ, ਨ ਅਤੇ ਮ’ ਅੱਖਰਾਂ ਤੋਂ ਪਹਿਲਾਂ ਵਰਤੀ ਗਈ ਟਿੱਪੀ ਅੱਧਕ ਦਾ ਕੰਮ ਕਰਦੀ ਹੈ; ਇਸ ਲਈ ਆਮ ਤੌਰ ’ਤੇ ਅੱਧਕ ਦੀ ਥਾਂ ਟਿੱਪੀ ਦੀ ਵਰਤੋਂ ਕੀਤੀ ਜਾਂਦੀ ਹੈ,ਜਿਵੇਂ ਕਿ

‘‘ਫੁਨਿ ਪ੍ਰੇਮ ਰੰਗ ਪਾਈਐ, ਗੁਰਮੁਖਹਿ ਧਿਆਈਐ; ਅੰਨ ਮਾਰਗ ਤਜਹੁ, ਭਜਹੁ ਹਰਿ ਗੜਾਨੀਅਹੁ॥’’ (ਪੰਨਾ ੧੪੦੦)

ਅੰਨ– ਸ਼ਬਦ ’ਚ ‘ਨ’ ਅੱਖਰ ਅਨੁਨਾਸਕੀ ਹੈ ਇਸ ਤੋਂ ਪਹਿਲਾਂ ਆਇਆ ਅੱਖਰ ‘ਅ’ ਉਪਰ ਟਿੱਪੀ ਲਗੀ ਹੈ; ਅੱਧਕ ਵਾਂਗ ਬੋਲੀ ਜਾਵੇਗੀ। ਉਕਤ ਲਫਜ਼ ਆਮ ਕਰਕੇ ‘ਅੱਨ’ ਲਿਖਣਾ ਗ਼ਲਤ ਹੈ।

‘‘ਪੁੰਨ ਦਾਨ ਚੰਗਿਆਈਆ, ਬਿਨੁ ਸਾਚੇ ਕਿਆ ਤਾਸੁ॥’’ (ਪੰਨਾ ੫੬)

ਪੁੰਨ-ਅਨੁਨਾਸਕੀ ਅੱਖਰ ਤੋਂ ਪਹਿਲਾਂ ਟਿੱਪੀ ਦੀ ਵਰਤੋਂ ਅੱਧਕ ਦੀ ਥਾਂਵੇਂ ਹੋਈ ਹੈ।

‘‘ਨਾਨਕ! ਸੁਤੀ ਪੇਈਐ, ਜਾਣੁ ਵਿਰਤੀ ਸੰਨਿ॥ (ਪੰਨਾ ੨੩)

‘ਸੰਨਿ’ ਸ਼ਬਦ ਦੇ ‘ਸ’ ਉਪਰ ਅੱਧਕ ਉਚਾਰਨ ਹੋਵੇਗੀ।

‘‘ਸੋ ਨਰੁ ਜੰਮੈ ਨਾ ਮਰੈ, ਨਾ ਆਵੈ ਨਾ ਜਾਇ॥’’ (ਪੰਨਾ ੧੯)

‘ਜੰਮੈ’ ਸ਼ਬਦ ਭੀ ‘ਜੱਮੈ’ ਵਾਂਙ ਪੜ੍ਹਿਆ ਜਾਵੇਗਾ।

‘‘ਝਰਹਿ ਕਸੰਮਲ ਪਾਪ ਤੇਰੇ ਮਨੂਆ॥’’ (ਪੰਨਾ ੨੫੫)

‘ਕਸੰਮਲ’ ਸ਼ਬਦ ਦਾ ਉਚਾਰਨ ‘ਕਸੱਮਲ’ ਵਾਂਙ।

3. ਗੁਰਬਾਣੀ ਕਾਵਿ-ਰੂਪ ਵਿਚ ਹੈ ਇਸ ਕਰਕੇ ਕਾਵਿਕ-ਨਿਯਮ ਲਾਗੂ ਹੁੰਦੇ ਹਨ। ਪਿੰਗਲ ਅਨੁਸਾਰ ‘ਟਿੱਪੀ’ ਦੀ ਇਕ ਮਾਤ੍ਰਾ ਗਿਣੀ ਜਾਂਦੀ ਹੈ, ਮਾਤ੍ਰਾ ਨੂੰ ਵਧਾਉਣ ਹਿਤ ‘ਟਿੱਪੀ’ ਦਾ ਪ੍ਰਯੋਗ ਹੁੰਦਾ ਹੈ, ਜਿਵੇਂ ਕਿ

‘‘ਨਾਨਕ! ਸੇਈ ਤੰਨ ਫੁਟੰਨਿ, ਜਿਨਾ ਸਾਂਈ ਵਿਸਰੈ॥’’ (ਪੰਨਾ ੩੨੩)

ਇਸ ਪੰਗਤੀ ਵਿਚ ਲਫਜ਼ ‘ਤਨ’ ਦੋ ਮਾਤ੍ਰੀਆ ਲਫਜ਼ ਸੀ, ਤਿੰਨ ਮਾਤ੍ਰੀਆ ਬਨਾਉਣ ਲਈ ਉਕਤ ਲਫਜ਼ ਉਪਰ ਟਿੱਪੀ ਵਰਤੀ ਗਈ ਹੈ।

‘‘ਚਬਣ ਚਲਣ ਰਤੰਨ, ਸੇ ਸੁਣੀਅਰ ਬਹਿ ਗਏ॥’’ (ਪੰਨਾ ੧੩੮੧)

ਰਤੰਨ– ਤਿੰਨ ਮਾਤ੍ਰੀਆ ਤੋਂ ਚਾਰ ਮਾਤ੍ਰੀਆ ਬਨਾਇਆ ਗਿਆ ਹੈ।

ਮਾਤਿ੍ਰਕ ਛੰਦ ਅਨੁਸਾਰ ਜਿੱਥੇ ‘ਟਿੱਪੀ’ ਦਾ ਪ੍ਰਯੋਗ ਕਰਨ ਨਾਲ ਮਾਤ੍ਰਾ ਵਿਚ ਨਾ ਵਾਧਾ ਹੁੰਦਾ ਹੋਵੇ, ਉੱਥੇ ‘ਟਿੱਪੀ’ ਦਾ ਪ੍ਰਯੋਗ ਕਰਨ ਵਿੱਚ ਕੋਈ ਹਰਜ ਨਹੀਂ। ਪਰ ਜਿੱਥੇ ਮਾਤ੍ਰਾ ਦੀ ਗਿਣਤੀ ਵਧ ਜਾਏ ਉੱਥੇ ‘ਟਿੱਪੀ’ ਦਾ ਪ੍ਰਯੋਗ ਨਹੀਂ ਕਰਨਾ ਚਾਹੀਦਾ, ਜਿਵੇਂ ਕਿ

‘‘ਸੋ ਪੁਰਖੁ ਨਿਰੰਜਨੁ, ਹਰਿ ਪੁਰਖੁ ਨਿਰੰਜਨੁ; ਹਰਿ ਅਗਮਾ ਅਗਮ ਅਪਾਰਾ॥’’ (ਪੰਨਾ ੧੦)

ਉਪਰੋਕਤ ਪੰਗਤੀ ਵਿੱਚ ਲਫਜ਼ ‘ਅਗਮਾ, ਅਗਮ’ ਉਪਰ ਟਿੱਪੀ ਦਾ ਪ੍ਰਯੋਗ ਨਹੀਂ ਹੋ ਸਕਦਾ ਕਿਉਂਕਿ ਮਾਤ੍ਰਾ ਵਧ ਰਹੀ ਹੈ ਇਸ ਕਰਕੇ ਉਕਤ ਲਫਜ਼ਾਂ ਨੂੰ ਕੇਵਲ ‘ਅ’ ਅਗੇਤਰ ਕਰਕੇ ‘ਅ-ਗਮਾ’ ਅਤੇ ‘ਅ-ਗਮ’ ਉਚਾਰਨ ਕਰਨਾ ਚਾਹੀਦਾ ਹੈ। ਜੋ ਸੱਜਨ ਇੱਥੇ ‘ਟਿਪੀ’ ਦਾ ਪ੍ਰਯੋਗ ਕਰਦੇ ਹਨ, ਉਹਨਾ ਨੂੰ ਉਪਰੋਕਤ ਕਾਵਿਕ ਨਿਯਮ ਸਮਝਣੇ ਚਾਹੀਦੇ ਹਨ।

ਭੁੱਲ-ਚੁਕ ਦੀ ਖਿਮਾ

Most Viewed Posts