ਪੁਰਾਣੀ ਤੇ ਨਵੀਂ ਮਿਸ਼ਨਰੀ ਸੋਚ ਦੀ ਪੰਥਕ ਮਸਲਿਆਂ ਬਾਰੇ ਵਾਰਤਾਲਾਪ

0
328

ਪੁਰਾਣੀ ਤੇ ਨਵੀਂ ਮਿਸ਼ਨਰੀ ਸੋਚ ਦੀ ਪੰਥਕ ਮਸਲਿਆਂ ਬਾਰੇ ਵਾਰਤਾਲਾਪ

ਗਿਆਨੀ ਅਵਤਾਰ ਸਿੰਘ (ਸੰਪਾਦਕ) ‘ਮਿਸ਼ਨਰੀ ਸੇਧਾਂ’

ਨਵੀਂ ਸੋਚ- ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫ਼ਤਹਿ।

ਪੁਰਾਣੀ ਸੋਚ- ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫ਼ਤਹਿ ਜੀ! ਕਿੱਦਾਂ ਅੱਜ ਸੁਭ੍ਹਾ-ਸੁਭ੍ਹਾ ਦੋ ਵਿਸ਼ਿਆਂ ’ਤੇ ਇਕੱਠੇ ਹੀ ਦੋ ਲੇਖ ਲਿਖ ਰਹੀ ਹੈਂ ?

ਨਵੀਂ ਸੋਚ-ਮੈਨੂੰ ਰਾਤ ਭਰ ਮਿਸ਼ਨਰੀ ਜਥੇਬੰਦੀਆਂ ਦੀ ਨਵੀਂ ਤੇ ਪੁਰਾਣੀ ਸੋਚ ਨੇ ਚਿੰਤਤ ਕਰ ਰੱਖਿਆ ਹੋਇਆ ਹੈ।

ਪੁਰਾਣੀ ਸੋਚ- ਕੀ ਕਹਿ ਰਹੀ ਹੈਂ, ਮੈਨੂੰ ਸਮਝ ਨਹੀਂ ਆ ਰਹੀ ?

ਨਵੀਂ ਸੋਚ- ਮੈ ਅੱਜ ਤੇਰੇ ਨਾਲ, ਇਸ ਵਿਸ਼ੇ ਨਾਲ ਸਬੰਧਤ ਵਿਚਾਰ ਕਰਨ ਦੇ ਮੂਢ ’ਚ ਹਾਂ ਕਿ ਜਦ ਮਿਸ਼ਨਰੀ ਜਥੇਬੰਦੀਆਂ ਦੇ 100% ਵੀਚਾਰ ਸਮਾਨੰਤਰ ਹੋਣ ਦੇ ਬਾਵਯੂਦ ਵੀ ਪੰਥਕ ਮਸਲਿਆਂ ਨੂੰ ਇਕਜੁਟਤਾ ਨਾਲ ਨਹੀਂ ਵੀਚਾਰ ਪਾ ਰਹੇ ਤਾਂ ਸਿੱਖ ਸਮਾਜ ਨਾਲ ਸਬੰਧਤ ਤਮਾਮ ਜਥੇਬੰਦੀਆਂ ਦੀ ਵਿਵਾਦਿਤ ਵਿਸ਼ਿਆਂ ’ਤੇ ਏਕਤਾ ਲਈ ਆਰੰਭੇ ਜਾ ਰਹੇ ਤਮਾਮ ਯਤਨ ਨਿਹਫਲ ਹੀ ਹੋਣਗੇ।

ਪੁਰਾਣੀ ਸੋਚ-ਸਾਡੇ ਕੁਝ ਨਵੀਂ ਸੋਚ ਨਾਲ ਸਬੰਧਤ ਜਾਗਰੂਕ ਵੀਰ ਕੁਝ ਅਗਾਂਹ ਵਧੂ ਸੋਚ ਦੇ ਧਾਰਨੀ ਅਖਵਾਉਣ ਦਾ ਯਤਨ ਕਰ ਰਹੇ ਹਨ ਜਦਕਿ ਜ਼ਮੀਨੀ ਅਨੁਭਵ ਮੇਰੇ ਪਾਸ ਵੱਧ ਹੈ।

ਨਵੀਂ ਸੋਚ- ਤੇਰੇ ਜ਼ਮੀਨੀ ਅਨੁਭਵ ਨੇ ਪੰਥਕ ਮਸਲਿਆਂ ’ਚ ਕਿਸ ਅੰਦੋਲਣ ਦੀ ਅਗਵਾਈ ਕੀਤੀ ਹੈ ?

ਪੁਰਾਣੀ ਸੋਚ-ਜਿਤਨਾ ਗੁਰਮਤਿ ਫ਼ਿਲਾਸਫ਼ੀ ਨੂੰ ਸਾਫ਼ ਤੇ ਸਪੱਸ਼ਟ ਸ਼ਬਦਾਂ ਰਾਹੀਂ ਮੈਂ ਸਿੱਖ ਸਮਾਜ ਦੇ ਸਾਹਮਣੇ ਰੱਖਣ ’ਚ ਸਫਲ ਹੋਈ ਹਾਂ ਉਤਨਾ ਸਿੱਖ ਸਮਾਜ ’ਚ ਪੰਥਕ ਸੇਵਾ ਨਿਭਾ ਰਹੀ ਕਿਸੇ ਵੀ ਹੋਰ ਜਥੇਬੰਦੀ ਨੇ ਅਜਿਹਾ ਉਦਮ ਨਹੀਂ ਕਰ ਵਿਖਾਇਆ ਹੈ।

ਨਵੀਂ ਸੋਚ- ਇਤਨੀ ਯੋਗਤਾ ਰੱਖਣ ਦੇ ਬਾਵਯੂਦ ਵੀ ਕੀ ਤੂੰ ਸਿੱਖ ਸਮਾਜ ਦੇ ਵਰਤਮਾਨ ਦੇ ਜ਼ਮੀਨੀ ਹਾਲਾਤਾਂ ਨੂੰ ਧਿਆਨ ’ਚ ਰੱਖਦਿਆਂ ਕਿਸੇ ਵੱਡੇ ਅੰਦੋਲਣ ਦੀ ਅਗਵਾਈ ਕਰਨ ’ਚ ਅਪਣੀ ਸਮਰੱਥਾ ਵਿਖਾ ਸਕਦੀ ਹੈਂ ?

ਪੁਰਾਣੀ ਸੋਚ- ਅਸੀਂ ਹਮੇਸਾਂ ਤੋਂ ਹੀ ਵਾਦ-ਵਿਵਾਦ ਦੇ ਵਿਸ਼ਿਆਂ ਨੂੰ ਉੱਠਾ ਕੇ ਆਪਸੀ ਨਫ਼ਰਤ ਵਾਲਾ ਵਾਤਾਵਰਨ ਨਹੀਂ ਸਿਰਜਿਆ।

ਨਵੀਂ ਸੋਚ- ਸ਼ਾਇਦ, ਇਸ ਦਾ ਹੀ ਨਤੀਜਾ ਹੈ ਕਿ ਅੱਜ ਪੰਜਾਬ ਵਿੱਚ ਹਰ 10 ਬੱਚਿਆਂ ਵਿੱਚੋਂ 7 ਨਸ਼ਾ ਕਰਦੇ ਹਨ ਤੇ ਹਰ 100 ਵਿੱਚੋਂ 95 ਪਤਿਤ ਹਨ।

ਪੁਰਾਣੀ ਸੋਚ- ਜੋ 5% ਸਾਬੁਤ-ਸੂਰਤਿ ਗੁਰਸਿੱਖ ਹਨ ਉਨ੍ਹਾਂ ਵਿੱਚ ਮੇਰਾ ਹੀ ਵਧੇਰਾ ਯੋਗਦਾਨ ਹੈ।

ਨਵੀਂ ਸੋਚ- ਹਰ ਸੰਸਥਾ ਦਾ ਇਹੀ ਜਵਾਬ ਸੁਣਦਿਆਂ ਪੰਜਾਬ ਅਧਰਮ ਦੇ ਮਾਰਗ ਵੱਲ ਵਧ ਰਿਹਾ ਹੈ। ਤੇਰਾ ਸਿੱਖ ਕੌਮ ਨਾਲ ਸਬੰਧਤ ਵਰਤਮਾਨ ਦੇ ਜ਼ਮੀਨੀ ਹਾਲਾਤਾਂ ਬਾਰੇ ਕੀ ਨਜਰੀਆ ਹੈ?

ਪੁਰਾਣੀ ਸੋਚ-ਮੈਂ ਆਪਣੇ ਆਪ ’ਚ ਬਹੁਤਾ ਕੁਝ ਵੀ ਨਹੀਂ ਕਰ ਸਕਦੀ ਇਸ ਲਈ ਕਿਸੇ ਪ੍ਰਭਾਵਸ਼ਾਲੀ ਵਿਅਕਤੀ (ਸ਼ਖਸੀਅਤ) ਨੂੰ ਅੱਗੇ ਲਾ ਕੇ ਮੈਨੂੰ ਪਿੱਛੇ ਤੋਂ ਮਦਦ ਕਰਨੀ ਚਾਹੀਦੀ ਹੈ।

ਨਵੀਂ ਸੋਚ- ਜਦ ਕਿਸੇ ਵਿਅਕਤੀ ਜਾਂ ਸੰਸਥਾ ਨੇ ਤੇਰੇ ਵਾਂਙ ਸਿੱਖ ਕੌਮ ’ਚ ਯੋਗਦਾਨ ਹੀ ਨਹੀਂ ਪਾਇਆ ਤਾਂ ਉਹ ਸ਼ਖਸੀਅਤ ਤੇਰੇ ਨਾਲੋਂ ਵੱਧ ਪ੍ਰਭਾਵਸ਼ਾਲੀ ਕਿਵੇਂ ਬਣ ਗਈ ?

ਪੁਰਾਣੀ ਸੋਚ- ਸਾਨੂੰ ਕਿਸੇ ਵਾਦ-ਵਿਵਾਦ ’ਚ ਨਹੀਂ ਪੈਣਾ ਚਾਹੀਦਾ। ਅਗਰ ਤੇਰੇ ਕੋਲ ਹੀ ਕੋਈ ਹੱਲ (ਸੁਝਾਵ) ਹੈ ਤਾਂ ਦੱਸ ?

ਨਵੀਂ ਸੋਚ- ਮੇਰੀ ਸਮਝ ਅਨੁਸਾਰ ਸਾਨੂੰ ਤਿੰਨ ਵਿਸ਼ਿਆਂ ਨੂੰ ਧਿਆਨ ’ਚ ਰੱਖ ਕੇ ਅਗਾਂਹ ਵਧਣਾ ਚਾਹੀਦਾ ਹੈ।

(1). ਉਹ ਜਾਗਰੂਕ ਵਰਗ, ਜੋ ਸਾਡੀਆਂ ਆਪਣੀਆਂ ਤਰੁਟੀਆਂ ਸਮੇਤ ਗੁਰਦੁਆਰਿਆਂ ਦੀਆਂ ਤਮਾਮ ਪ੍ਰਬੰਧਕ ਕਮੇਟੀਆਂ ਦੇ ਰਵੱਈਏ ਤੋਂ ਤੰਗ ਆ ਕੇ ਸਾਝੇ ਗੁਰੂ ਘਰਾਂ ਨੂੰ ਛੱਡ, ਆਪਣੇ ਨਿਜੀ ਘਰਾਂ ਨੂੰ ਹੀ ਗੁਰੂ ਘਰ ਬਣਾ ਕੇ ਬੈਠ ਗਿਆ ਹੈ, ਉਸ ਤੱਕ ਕਿਸੇ ਵੀ ਤਰ੍ਹਾਂ ਸਾਨੂੰ ਪਹੁੰਚ ਬਣਾਉਣੀ ਚਾਹੀਦੀ ਹੈ ਅਤੇ ਬੇਸ਼ੱਕ ਕੁਝ ਹੱਦ ਤੱਕ ਹੀ ਸਹੀ ਆਪਣੇ ਹਮਖ਼ਿਆਲੀਆਂ ਨੂੰ ਨਾਲ ਲੈ ਕੇ ਚੱਲਣਾ ਹੀ ਯੋਗ ਹੋਵੇਗਾ।

(2). ਵੱਧ ਤੋਂ ਵੱਧ ਗੁਰੂ ਗ੍ਰੰਥ ਸਾਹਿਬ ਜੀ ਦੇ ਸੰਪੂਰਨ ਜਾਂ ਅਲੱਗ-2 ਬਾਣੀਆਂ ਦੇ, ਪਾਠ ਬੋਧ ਸਮਾਗਮ ਛੋਟੇ ਸਹਿਰਾਂ ਤੋਂ ਲੈ ਕੇ ਵੱਡੇ ਪੱਧਰ ਤੱਕ ਉਲੀਕ ਕੇ ਪੰਥਕ ਜਥੇਬੰਦੀਆਂ ’ਚ ਲਗਾਈ ਗਈ ਆਪਸੀ ਅੱਗ ਨੂੰ ਸ਼ਾਂਤ ਕਰਨਾ ਚਾਹੀਦਾ ਹੈ ਅਤੇ ਸੰਗਤਾਂ ਨੂੰ ਗੁਰੂ ਸਿਧਾਂਤ ਦੀ ਵੱਧ ਤੋਂ ਵੱਧ ਜਾਣਕਾਰੀ ਦੇਣੀ ਚਾਹੀਦੀ ਹੈ।

(3). ਉਸ ਨੌਜਵਾਨ ਵਰਗ ਨੂੰ ਕਿਸੇ ਵੀ ਤਰੀਕੇ ਨਾਲ ਇਕੱਠਾ ਕਰਕੇ ਵਰਤਮਾਨ ਦੇ ਪੰਥਕ ਹਾਲਾਤਾਂ ਪ੍ਰਤੀ ਜਵਾਬਦੇਹ ਬਣਾਉਣ ਲਈ ਉਦਮ ਕਰਨਾ ਚਾਹੀਦਾ ਹੈ ਜੋ ਸਾਡੇ ਆਪਣੇ ਰਵੀਏ ਕਾਰਨ ਜਾਂ ਆਪਣੀ ਨਾ-ਸਮਝੀ ਕਾਰਨ ਗੁਰੂ ਘਰਾਂ ਤੋਂ ਤਕਰੀਬਨ ਦੂਰ ਹੀ ਚਲਾ ਗਿਆ ਹੈ। ਅਗਰ ਰਾਜਨੀਤਿਕ ਲੋਕ, ਫਿਲਮੀ ਕਲਾਕਾਰਾਂ ਦੀ ਮਦਦ ਨਾਲ ਪੰਜਾਬ ਦੇ ਨੌਜਵਾਨ ਵਰਗ ਨੂੰ ਕੁਝ ਹੱਦ ਤੱਕ ਹੀ ਸਹੀ, ਕਬੱਡੀ (ਖੇਲ) ਵੱਲ ਪ੍ਰੇਰ ਸਕਦਾ ਹੈ ਤਾਂ ਅਸੀਂ ਕੁਝ ਯੋਗ ਕਲਾਕਾਰਾਂ ਦੀ ਮਦਦ ਨਾਲ ਗੁਰੂ ਘਰਾਂ ਤੋਂ ਬਾਹਰ ਖੁਲੇ ਮੈਦਾਨਾਂ ’ਚ ਪ੍ਰੋਗਰਾਮ ਬਣਾ ਕੇ ਆਪਣੀ ਨਵੀਂ ਪਨੀਰੀ ਨੂੰ ਕਿਉਂ ਨਹੀਂ ਕੁਝ ਸਮਝਾ ਸਕਦੇ?

ਪੁਰਾਣੀ ਸੋਚ- ਇਸ ਸਭ ਲਈ ਪੈਸਾ ਕਿੱਥੋਂ ਆਏਗਾ? ਜਦ ਕਿ ਸਾਡੇ ਆਪਣੇ ਹੀ ਪੜ੍ਹਾਏ ਹੋਏ ਬਹੁਤੇ ਪ੍ਰਚਾਰਕ ਕ੍ਰੋੜਪਤੀ ਤਾਂ ਬਣ ਗਏ ਪਰ ਪੰਥਕ ਮਸਲਿਆਂ ਪ੍ਰਤੀ ਸਾਡੇ ਨਾਲ ਖੜ੍ਹਨ ਦੀ ਬਜਾਏ ਆਪਣੇ ਵਿਦੇਸ਼ਾਂ ’ਚ ਉਲੀਕੇ ਹੋਏ ਪ੍ਰੋਗਰਾਮ ਕਰਨ ਤੱਕ ਹੀ ਸੀਮਤ ਰਹਿੰਦੇ ਹਨ।

ਨਵੀਂ ਸੋਚ- ਤੂੰ, ਉਨ੍ਹਾਂ ਦੇ ਦੂਰ ਹੋਣ ਦੇ ਕਾਰਨ ਲੱਭੇ ਹੈ? ਅਗਰ ਸਾਡੇ ਵੱਲੋਂ ਕਰਵਾਈ ਗਈ ਉਨ੍ਹਾਂ ਨੂੰ ਗੁਰਮਤਿ ਦੀ ਵਿਆਖਿਆ ਰਾਹੀਂ ਜ਼ਮੀਨੀ ਤੌਰ ’ਤੇ ਵਿਚਰਦਿਆਂ ਉਨ੍ਹਾਂ ਨੂੰ ਕੀ-ਕੀ ਸਮੱਸਿਆਵਾਂ ਆ ਰਹੀਆਂ ਹਨ ਤਾਂ ਜੋ ਅਸੀਂ ਅਗਾਂਹ ਵਾਸਤੇ ਆਪਣੇ ਸਿਲੇਬਸਾਂ ’ਚ ਸਮੇਂ ਅਨੁਸਾਰ ਬਦਲਾਵ ਕਰ ਸਕੀਏ। ਕੀ ਅਜਿਹਾ ਢੁਕਵਾਂ ਸਮਾਂ ਤੈਂ ਕਦੀ ਬਣਾਇਆ ਹੈ? ਆਮ ਸਿੱਖ (ਮਿਸ਼ਨਰੀ) ਦੀ ਸੁਣੀਏ ਤਾਂ ਉਹ ਸਾਡੇ ਵਿੱਚ ਹੀ ਅਨੇਕਾਂ ਤਰੁਟੀਆਂ ਕੱਢੇਗਾ।

ਪੁਰਾਣੀ ਸੋਚ- ਜ਼ਮੀਨੀ ਹਾਲਾਤਾਂ ਦਾ ਪ੍ਰਚਾਰਕਾਂ (ਸਾਡੇ ਵਿਦਿਆਰਥੀਆਂ) ’ਤੇ ਵੱਧ ਪ੍ਰਭਾਵ ਪੈ ਰਿਹਾ ਹੈ।

ਨਵੀਂ ਸੋਚ- ਸਚਾਈ ਇਹ ਵੀ ਹੈ ਕਿ ਤੂੰ ਵੀ ਸਮੇਂ ਅਨੁਸਾਰ ਅਪਡੇਟ ਨਹੀਂ ਹੋ ਸਕੀ। ਜ਼ਿਆਦਾਤਰ ਡਰ, ਆਪਣੇ ਹੀ ਦਸਵੰਧ ਦਾਨੀਆਂ ਦੇ ਟੁੱਟਣ ਦਾ ਬਣਿਆ ਹੋਇਆ ਹੈ। ਇਸ ਲਈ ਤੇਰੀ ਆਪਣੀ ਏਕਤਾ ਵੀ ਖਤਰੇ ’ਚ ਹੈ।

ਪੁਰਾਣੀ ਸੋਚ- ਮੇਰੇ ਕੋਲ ਸੀਮਤ ਬਜਟ ਹੈ। ਕਾਲਜਾਂ ਦੇ ਖਰਚੇ ਬਹੁਤੇ ਹਨ ਕਿਉਂਕਿ ਮੇਰੇ ਪਾਸ ਅਮੀਰ ਘਰਾਂ ਦੇ ਬੱਚੇ ਤਾਂ ਪ੍ਰਚਾਰਕ ਬਣਨ ਆਉਂਦੇ ਨਹੀਂ। ਇਸ ਲਈ ਮੈਂ ਵਰਤਮਾਨ ਦੇ ਜ਼ਮੀਨੀ ਹਾਲਾਤਾਂ ਨੂੰ ਚੰਗੀ ਤਰ੍ਹਾਂ ਸਮਝਣ ਦੇ ਬਾਵਜੂਦ ਵੀ ਅੰਦਰ ਬੈਠ ਕੇ ਰੋ ਹੀ ਸਕਦੀ ਹਾਂ।

ਨਵੀਂ ਸੋਚ- ਇਤਨੀ ਲਾਚਾਰੀ ਦੇ ਪਿਛੋਕੜ ਕਾਰਨਾਂ ਨੂੰ ਲੱਭ ਅਤੇ ਉਨ੍ਹਾਂ ਨੂੰ ਦੂਰ ਕਰ। ਤੇਰੇ ਅਨੁਸਾਰ ਬਿਆਨ ਕੀਤੀ ਗਈ ਤੇਰੀ ਯੋਗਤਾ ਹੀ ਤੇਰੀ ਬਹੁਤ ਵੱਡੀ ਸ਼ਕਤੀ ਹੈ। ਜਦ ਤੂੰ ਗੁਰਬਾਣੀ ਦੇ ਇਨ੍ਹਾਂ ਪਾਵਨ ਵਾਕਾਂ ਦੀ ਵਿਆਖਿਆ ਕਰਦੀ ਹੈਂ ਕਿ ‘‘ਮੰਨੈ, ਮਾਰਗਿ ਠਾਕ ਨ ਪਾਇ॥’’ (ਜਪੁ) ਭਾਵ ਗੁਰੂ ਦੀ ਸਿਖਿਆ ਮੰਨਣ ਵਾਲੇ ਦੇ ਰਸਤੇ ’ਚ ਕੋਈ ਰੁਕਾਵਟ ਨਹੀਂ ਪਾ ਸਕਦਾ, ‘‘ਹਰਿ ਬਿਨੁ, ਕੋਈ ਮਾਰਿ ਜੀਵਾਲਿ ਨ ਸਕੈ, ਮਨ! ਹੋਇ ਨਿਚਿੰਦ, ਨਿਸਲੁ ਹੋਇ ਰਹੀਐ॥’’ (ਮ:੪/੫੯੪) ਭਾਵ ਹੇ ਮਨ! ਹਰੀ ਸ਼ਕਤੀ ਤੋਂ ਬਿਨਾ ਕੋਈ ਖ਼ਤਰਾ ਨਹੀਂ , ਇਸ ਲਈ ਬੇ-ਫ਼ਿਕਰ ਹੋ ਕੇ ਵਿਚਰ, ਆਦਿ। ਤਾਂ ਤੇਰਾ ਇਹ ਡਰ ਜਾਂ ਚਿੰਤਾ ਦੂਰ ਹੋ ਜਾਣੀ ਚਾਹੀਦੀ ਹੈ।

ਹੇ ਪੁਰਾਣੀ ਮਿਸ਼ਨਰੀ ਸੋਚ ਮੇਰੀ ਵੱਡੀ ਭੈਣ ! ਸਮੇਂ ਦੀ ਮੰਗ (ਲਿਆਕਤ) ਨੂੰ ਸਮਝਦਿਆਂ ਤੂੰ ਵੀ ਵਖ਼ਤ ਰਹਿੰਦੇ ਅਪਡੇਟ ਹੋ ਜਾਹ। ਨਵੀਂ ਮਿਸ਼ਨਰੀ ਸੋਚ ਦੀ ਤੇਰੇ ਤੋਂ ਇਹੀ ਉਮੀਦ ਹੈ, ਅਗਰ ਜ਼ਮੀਨੀ ਹਾਲਾਤਾਂ ਨਾਲ ਚੱਲਣ ਦੀ ਤੈਨੂੰ ਜਾਚ ਨਾ ਆਈ ਤਾਂ ਸਿੱਖ ਕੌਮ ਦੁਆਰਾ ਲਗਾਈਆਂ ਗਈਆਂ ਤੇਰੇ ਪਾਸੋਂ ਤਮਾਮ ਉਮੀਦਾਂ ਮਿਟੀ ਵਿੱਚ ਮਿਲ ਜਾਣਗੀਆਂ ਅਤੇ ਵਖ਼ਤ (ਭਵਿਖ) ਤੈਨੂੰ ਕਦੇ ਵੀ ਮਾਫ਼ ਨਹੀਂ ਕਰੇਗਾ। ਇਸ ਕਰਕੇ ਹੀ ਮੈਂ ਅੱਜ ਇਕ ਸਮੇਂ ਦੋ ਵਿਸ਼ਿਆਂ ’ਤੇ ਇਕੱਠੇ ਲੇਖ ਲਿਖ ਰਹੀ ਹਾਂ।