‘ਗੁਰਬਾਣੀ ’ਚ ਵਰਤੀਆਂ ਵਿਲੱਖਣ ਕ੍ਰਿਆਵਾਂ’

0
393

‘ਗੁਰਬਾਣੀ ’ਚ ਵਰਤੀਆਂ ਵਿਲੱਖਣ ਕ੍ਰਿਆਵਾਂ’

‘ਜਿਹਨਾਂ ਕਿਰਿਆਵਾਂ ਸੰਬੰਧੀ ਅਸਾਂ ਵੀਚਾਰ ਕਰਨੀ ਹੈ, ਇਹ ਗੁਰਬਾਣੀ ਵਿੱਚ ਟੂਕ-ਮਾਤ੍ਰ ਮਿਲਦੀਆਂ ਹਨ। ਗੁਰਬਾਣੀ ਵਿਚ ਵਰਤੀਆਂ ਇਹ ਵਿਲੱਖਣ ਕਿਰਿਆਵਾਂ, ਆਮ ਕਿਸੇ ਭਾਸ਼ਾ ਵਿਚ ਨਹੀਂ ਵਰਤੀਆਂ ਜਾਂਦੀਆਂ। ਗੁਰਬਾਣੀ ਵਿਚ ਇਹਨਾਂ ਦੀ ਵੱਖਰੇ ਤਰ੍ਹਾਂ ਦੀ ਬਨਾਵਟ ਹੋਣ ਕਾਰਣ; ਆਮ ਸੱਜਣ ਅਰਥ ਸਮਝਣ ਤੋਂ ਵਿਰਵਾ ਰਹਿ ਜਾਂਦਾ ਹੈ, ਇਸ ਕਰਕੇ ਆਉ ਇਹਨਾਂ ਵਿਲੱਖਣ ਤਰ੍ਹਾਂ ਦੀਆਂ ਕਿਰਿਆਵਾਂ ਨੂੰ ਸਮਝਣ ਦਾ ਯਤਨ ਕਰਦੇ ਹਾਂ।

  1. (ੳ). ਪੁਲਿੰਗ, ਅਨ-ਪੁਰਖ, ਇਕ ਵਚਨ, ਵਰਤਮਾਨ ਕਾਲ-:

‘‘ਸੂਕੇ ਤੇ ਫੁਨਿ ਹਰਿਆ ਕੀਤੋਨੁ, ਹਰਿ ਧਿਆਵਹੁ ਚੋਜ ਵਿਡਾਣੀ ਹੇ ॥’’ (ਪੰਨਾ ੧੦੭੦)

‘‘ਹਉਮੈ ਝਗੜਾ ਪਾਇਓਨੁ, ਝਗੜੈ ਜਗੁ ਮੁਇਆ ॥’’ ( ਪੰਨਾ ੭੯੦)

‘‘ਖਾਣਾ ਪੀਣਾ ਪਵਿਤ੍ਰੁ ਹੈ, ਦਿਤੋਨੁ ਰਿਜਕੁ ਸੰਬਾਹਿ ॥’’ ( ਪੰਨਾ ੪੭੨)

‘‘ਧੁਰਿ ਆਪੇ ਜਿਨ੍ਹਾ ਨੋ ਬਖਸਿਓਨੁ ਭਾਈ! ਸਬਦੇ ਲਇਅਨੁ ਮਿਲਾਇ ॥ (ਪੰਨਾ ੧੧੭੭)

(ਅ). ਕੀਤੋਨੁ -ਪੁਲਿੰਗ, ਅਨ-ਪੁਰਖ, ਇਕਵਚਨ, ਵਰਤਮਾਨ ਕਾਲ, ਕਰਮਨੀ-ਵਾਚ ਭਾਵ ‘ਉਸ ਨੇ ਕੀਤਾ ਹੈ।’

ਪਾਇਓਨੁ -ਪੁਲਿੰਗ, ਅਨ-ਪੁਰਖ, ਇਕਵਚਨ, ਵਰਤਮਾਨ ਕਾਲ, ਕਰਮਨੀ-ਵਾਚ ਭਾਵ ‘ਉਸ ਨੇ ਪਾਇਆ ਹੈ।’

ਦਿਤੋਨੁ -ਪੁਲਿੰਗ, ਅਨ-ਪੁਰਖ, ਇਕਵਚਨ, ਵਰਤਮਾਨ ਕਾਲ, ਕਰਮਨੀ-ਵਾਚ ਭਾਵ ‘ਉਸ ਨੇ ਦਿੱਤਾ ਹੈ।’

ਬਖਸਿਓਨੁ -ਪੁਲਿੰਗ, ਅਨ-ਪੁਰਖ, ਇਕਵਚਨ, ਵਰਤਮਾਨ ਕਾਲ, ਕਰਮਨੀ-ਵਾਚ ਭਾਵ ‘ਉਸ ਨੇ ਬਖਸ਼ਿਆ ਹੈ।’

ਉਪਰੋਕਤ ਸ਼ਬਦਾਂ ਦੇ ਇਸਤਲਾਹੀ ਅਰਥ ਨਾਲ-ਨਾਲ ਕੀਤੇ ਹਨ, ਇਹਨਾਂ ਸਾਰੇ ਸ਼ਬਦਾਂ ਦਾ ‘ਲਿੰਗ, ਬਚਨ, ਕਾਲ’ ਇੱਕੋ ਹੀ ਹੈ। ਸੰਬੰਧਿਤ ਸਾਰੇ ਕਿਰਿਆਵੀ ਸ਼ਬਦਾਂ ਦੇ ਪਛੇਤਰ ਵਰਤਿਆ ‘ਨੁ’ ਜਿੱਥੇ ਇਕ ਵਚਨ ਪੁਲਿੰਗ ਦਾ ਸੂਚਕ ਹੈ, ਉੱਥੇ ‘ਕਰਤਾ ਕਾਰਕ, ਅਨ-ਪੁਰਖ’ ਦਾ ਵਾਚੀ ਭੀ ਹੈ। ਇਸ ਕਰਕੇ ਅਰਥ ਕਰਦੇ ਸਮੇਂ ‘ਉਸ ਨੇ’ ਸ਼ਬਦ, ਮੂਲ ਅਰਥ ਸ਼ਬਦ ਦੇ ਅਗੇਤਰ ਜ਼ਰੂਰ ਲੱਗਣਾ ਹੈ।

  1. ਇਸਤਰੀ-ਲਿੰਗ, ਅਨ-ਪੁਰਖ, ਇਕਵਚਨ, ਵਰਤਮਾਨ ਕਾਲ –:

‘‘ਭੀੜਹੁ ਮੋਕਲਾਈ ਕੀਤੀਅਨੁ, ਸਭ ਰਖੇ ਕੁਟੰਬੈ ਨਾਲਿ ॥’’ ( ਪੰਨਾ ੯੫੭)

‘‘ਮੋਹ ਠਗਉਲੀ ਪਾਈਅਨੁ, ਬਹੁ ਦੂਜੈ ਭਾਇ ਵਿਕਾਰ ॥’’ (ਪੰਨਾ ੧੨੪੮)

‘‘ਸਿਫਤਿ ਸਲਾਹਣੁ ਭਗਤਿ, ਵਿਰਲੇ ਦਿਤੀਅਨੁ ॥’’ ( ਪੰਨਾ ੯੫੮)

‘‘ਜਿਸ ਨੋ, ਹਰਿ ਭਗਤਿ ਸਚੁ ਬਖਸੀਅਨੁ, ਸੋ ਸਚਾ ਸਾਹੁ ॥’’ ( ਪੰਨਾ ੮੫੨)

ਕੀਤੀਅਨੁ -ਇਸਤਰੀ-ਲਿੰਗ, ਅਨ-ਪੁਰਖ, ਇਕਵਚਨ, ਵਰਤਮਾਨ ਕਾਲ, ਕਰਮਨੀ-ਵਾਚ ਭਾਵ ‘ਉਸ ਨੇ ਕੀਤੀ ਹੈ।’

ਪਾਈਅਨੁ -ਇਸਤਰੀ-ਲਿੰਗ, ਅਨ-ਪੁਰਖ, ਇਕਵਚਨ, ਵਰਤਮਾਨ ਕਾਲ, ਕਰਮਨੀ-ਵਾਚ ਭਾਵ ‘ਉਸ ਨੇ ਪਾਈ ਹੈ।’

ਦਿਤੀਅਨੁ -ਇਸਤਰੀ-ਲਿੰਗ, ਅਨ-ਪੁਰਖ, ਇਕਵਚਨ, ਵਰਤਮਾਨ ਕਾਲ, ਕਰਮਨੀ-ਵਾਚ ਭਾਵ ‘ਉਸ ਨੇ ਦਿੱਤੀ ਹੈ।’

ਬਖਸੀਅਨੁ -ਇਸਤਰੀ-ਲਿੰਗ, ਅਨ-ਪੁਰਖ, ਇਕਵਚਨ, ਵਰਤਮਾਨ ਕਾਲ, ਕਰਮਨੀ-ਵਾਚ ਭਾਵ ‘ਉਸ ਨੇ ਬਖਸ਼ੀ ਹੈ।’

ਉਪਰੋਕਤ ਇਸਤਰੀ-ਲਿੰਗ ਸ਼ਬਦਾਂ ਦੇ ਪਛੇਤਰ ‘ਨੁ’ ਕਰਤਾ ਕਾਰਕ, ਅਨ-ਪੁਰਖ, ਇਕਵਚਨ ਦਾ ਵਾਚੀ ਹੈ।

ਨੋਟ : ਕੁੱਝ ਸੱਜਣ ਸੰਬੰਧਤ ਸ਼ਬਦਾਂ ਦਾ ਅਰਥ ‘ਬਹੁਵਚਨ’ ਰੂਪ ਵਿਚ ਕਰਦੇ ਹਨ, ਦਰੁਸੱਤ ਨਹੀਂ।

  1. ਪੁਲਿੰਗ, ਅਨ-ਪੁਰਖ, ਬਹੁਵਚਨ, ਵਰਤਮਾਨ ਕਾਲ-:

‘‘ਇਕ ਆਪੇ ਗੁਰਮੁਖਿ ਕੀਤਿਅਨੁ, ਬੂਝਨਿ ਵੀਚਾਰਾ ॥’’ ( ਪੰਨਾ ੪੨੫)

‘‘ਸਤਿਗੁਰਿ ਤੁਠੈ ਪਾਈਅਨਿ, ਅੰਦਰਿ ਰਤਨ ਭੰਡਾਰਾ ॥’’ ( ਪੰਨਾ ੧੪੧)

‘‘ਮਨ ਬਾਂਛਤ ਫਲ ਦਿਤਿਅਨੁ, ਨਾਨਕ ਬਲਿਹਾਰੀ ॥’’ ( ਪੰਨਾ ੮੨੦)

‘‘ਕਉਣ ਕਉਣ ਅਪਰਾਧੀ ਬਖਸਿਅਨੁ, ਪਿਆਰੇ! ਸਾਚੈ ਸਬਦਿ ਵੀਚਾਰਿ ॥’’ ( ਪੰਨਾ ੬੩੮)

ਕੀਤਿਅਨੁ -ਪੁਲਿੰਗ, ਅਨ-ਪੁਰਖ, ਬਹੁਵਚਨ, ਵਰਤਮਾਨ ਕਾਲ, ਕਰਮਨੀ-ਵਾਚ ਭਾਵ ‘ਉਸ ਨੇ ਕੀਤੇ ਹਨ।’

ਪਾਈਅਨਿ -ਪੁਲਿੰਗ, ਅਨ-ਪੁਰਖ, ਬਹੁਵਚਨ, ਵਰਤਮਾਨ ਕਾਲ, ਕਰਮਨੀ-ਵਾਚ ਭਾਵ ‘ਪਾਈਦੇ ਹਨ।’

ਦਿਤਿਅਨੁ -ਪੁਲਿੰਗ, ਅਨ-ਪੁਰਖ, ਬਹੁਵਚਨ, ਵਰਤਮਾਨ ਕਾਲ, ਕਰਮਨੀ-ਵਾਚ ਭਾਵ ‘ਉਸ ਨੇ ਦਿੱਤੇ ਹਨ।’

ਬਖਸਿਅਨੁ -ਪੁਲਿੰਗ, ਅਨ-ਪੁਰਖ, ਬਹੁਵਚਨ, ਵਰਤਮਾਨ ਕਾਲ, ਕਰਮਨੀ-ਵਾਚ ਭਾਵ ‘ਉਸ ਨੇ ਬਖਸ਼ੇ ਹਨ।’

ਸ਼ਬਦ ‘ਕੀਤਿਅਨੁ, ਦਿਤਿਅਨੁ, ਬਖਸਿਅਨੁ’ ਦੇ ਪਛੇਤਰ ਆਇਆ ‘ਨੁ’ ਕਿ੍ਰਆਵੀ- ਪਛੇਤਰ ਕਰਤਾ ਕਾਰਕ, ਬਹੁਵਚਨ, ਵਰਤਮਾਨ ਕਾਲ ਦਾ ਵਾਚੀ ਹੈ। ਇਸ ਕਰਕੇ ਇਹਨਾਂ ਤਿੰਨਾਂ ਸ਼ਬਦਾਂ ਦੇ ਅਰਥ ‘ਉਸ ਨੇ’ ਲਗਾ ਕੇ ਹੋਣਗੇ। ਸੰਬੰਧਿਤ ਸ਼ਬਦਾਂ ਵਿਚ ਆਇਆ ਸ਼ਬਦ ‘ਪਾਈਅਨਿ’ ਦਾ ਕਿ੍ਰਆਵੀ-ਪਛੇਤਰ ‘ਨਿ’ ਬਹੁਵਚਨ, ਵਰਤਮਾਨ ਕਾਲ ਦਾ ਵਾਚਕ ਹੈ, ਇਸ ਕਰਕੇ ਸੰਬੰਧਿਤ ਸ਼ਬਦ ਦੇ ਅਰਥ ‘ਪਾਈਦੇ ਹਨ, ਪਾਏ ਜਾਂਦੇ ਹਨ’ ਹੋਣਗੇ।

ਇਹਨਾਂ ਸ਼ਬਦਾਂ ਤੋਂ ਅਲਾਵਾ ‘ਲਾਇਅਨੁ, ਖੁਆਇਅਨੁ, ਮਾਰੀਅਨਿ, ਪਰਖੀਅਨਿ, ਸੰਤੋਖੀਅਨਿ, ਕਹੀਅਨਿ’ ਆਦਿ ਸ਼ਬਦ ਗੁਰਬਾਣੀ ਵਿਚ ਮਿਲਦੇ ਹਨ, ਜਿਹਨਾਂ ’ਤੇ ਵੀ ਨਿਯਮ ਉਕਤ ਸ਼ਬਦਾਂ ਵਾਲੇ ਹੀ ਢੁੱਕਦੇ ਹਨ।

ਭੁੱਲ-ਚੁਕ ਦੀ ਖਿਮਾਂ