ਮੀਣਾ ਹੋਆ ਪਿਰਥੀਆ’…(ਰਚਨਾ ਦਾ ਪਿਛੋਕੜ ਭਾਵ)

0
1528

‘ਮੀਣਾ ਹੋਆ ਪਿਰਥੀਆ’…(ਰਚਨਾ ਦਾ ਪਿਛੋਕੜ ਭਾਵ)

ਹਰਜਿੰਦਰ ਸਿੰਘ ‘ਘੜਸਾਣਾ’

ਗੁਰੂ ਰਾਮਦਾਸ ਸਾਹਿਬ ਜੀ ਦੇ ਵੱਡੇ ਪੁੱਤਰ ‘ਸੋਢੀ ਪ੍ਰਿਥੀ ਚੰਦ’ ਜੀ ਦਾ ਜਨਮ ਸਨ 1558 ਈ. ਨੂੰ ਗੋਇੰਦਵਾਲ ਵਿਖੇ ਹੋਇਆ ਸੀ। ਆਪ ਜੀ ਦਾ ਵਿਆਹ ‘ਬੀਬੀ ਕਰਮੋ’ ਜੀ ਨਾਲ ਹੋਇਆ, (ਗੋਸ਼ਟਾਂ ਮਿਹਰਬਾਨ ਜੀ ਕੀਆਂ ਵਿੱਚ ਇਹਨਾਂ ਦੀ ਪਤਨੀ ਦਾ ਨਾਮ ‘ਸਹਬਾਣੀ ਭਗਵਾਨੋ’ ਲਿਖਿਆ ਮਿਲਦਾ ਹੈ।) ਆਪ ਜੀ ਦੇ ਚਾਰ ਪੁੱਤਰ ਹੋਏ ‘ਮਿਹਰਵਾਨ, ਲਾਲਚੰਦ, ਨਿਹਾਲਚੰਦ ਅਤੇ ਚੰਦਰਸੈਨ।’
ਸੋਢੀ ਪ੍ਰਿਥੀ ਚੰਦ ਜੀ ਨੇ ਅਕਾਰਨ, ਈਰਖ ਅਤੇ ਪ੍ਰਭਤਾ ਵੱਸ ਗੁਰ-ਗੱਦੀ ਦੀ ਪ੍ਰਾਪਤੀ ਲਈ ਗੁਰੂ-ਘਰ ਦੇ ਮੁਕਾਬਲੇ ਵਿੱਚ ਇਕ ਵੱਖਰੀ ਗੁਰੂ-ਪ੍ਰੰਪਰਾ ਸ਼ੁਰੂ ਕਰ ਲਈ, ਜਿਸ ਨੂੰ ਛੋਟਾ ਮੇਲ ਭਾਵ ‘ਮੀਣਾ’ (ਕਪਟੀ) ਸੰਪ੍ਰਦਾਇ ਆਖਿਆ ਜਾਂਦਾ ਹੈ। ਪ੍ਰਿਥੀ ਚੰਦ ਜੀ ਆਪਣੇ ਆਪ ਨੂੰ ‘ਗੁਰੂ ਨਾਨਕ ਸਾਹਿਬ’ ਜੀ ਦੀ ਗੱਦੀ ਦਾ ਵਾਰਸ ਮੰਨਦੇ ਸਨ, ਚਾਰ ਗੁਰੂ ਸਾਹਿਬਾਨਾਂ ਨੂੰ ‘ਗੁਰੂ’ ਮੰਨਣ ਤੋਂ ਇਨਕਾਰੀ ਸਨ। ਇਹਨਾਂ ਨੇ ‘ਨਾਨਕ, ਜਨ ਨਾਨਕ’ ਅਤੇ ‘ਕਹੈ ਨਾਨਕ’ ਮੁਹਰ-ਛਾਪ ਹੇਠ ਆਪਣੀਆਂ ਰਚਨਾਵਾਂ ਲਿਖ ਕੇ ਪੋਥੀਆਂ ਤਿਆਰ ਕਰ ਲਈਆਂ ਸਨ। ਇਸ ਕਰਕੇ ਹੀ ਗੁਰੂ ਅਰਜਨ ਸਾਹਿਬ ਜੀ ਨੇ ਆਦਿ ਬੀੜ ਬੰਨ੍ਹਣ ਦਾ ਉਪਰਾਲਾ ਕੀਤਾ, ਤਾਂ ਜੋ ਕੱਚੀ ਬਾਣੀ ਦੇ ਰਲੇ ਤੋਂ ਬਚਿਆ ਜਾ ਸਕੇ। ਪ੍ਰਿਥੀ ਚੰਦ ਜੀ ਕਈ ਭਾਸ਼ਾਵਾਂ ਦੇ ਜਾਣਕਾਰ ਅਤੇ ਕਾਵਿ-ਗਿਆਨ ਵਿੱਚ ਬਹੁਤ ਨਿਪੁੰਨ ਸਨ। ਉਹਨਾਂ ਦੁਆਰਾ ਲਿਖੀ ਰਚਨਾਂ, ‘ਗੁਰਬਾਣੀ’ ਦੀ ਕਾਵਿ-ਸ਼ੈਲੀ, ਅੰਕਾਵਲੀ-ਬਣਤਰ ਨਾਲ ਹੂ ਬ ਹੂ ਮਿਲਦੀ ਹੈ, ਤਕਰੀਬਨ ਉਹੀ ਰਾਗ ਜੋ ਗੁਰਬਾਣੀ ਵਿੱਚ ਵਰਤੇ ਹਨ; ਪ੍ਰਿਥੀ ਚੰਦ ਨੇ ਭੀ ਉਹੀ ਅਪਨਾਏ ਸਨ। ਪਹਿਲਾਂ ਪ੍ਰਿਥੀ ਚੰਦ ਦੀ ਕਿ੍ਰਤ ਕੇਵਲ 6 ਸ਼ਬਦ ਅਤੇ 15 ਸਲੋਕ ਹੀ ਮਿਲਦੇ ਸਨ। ਹੁਣ ਤੱਕ ਪ੍ਰਾਪਤ ਹੋਏ ਲਿਖਤੀ-ਖਰੜਿਆਂ ਅਨੁਸਾਰ ਤਕਰੀਬਨ 18 ਰਾਗਾਂ ਵਿੱਚ ਪ੍ਰਿਥੀ ਚੰਦ ਜੀ ਦੀ ਰਚਨਾ ਲਿਖੀ ਹੋਈ ਮਿਲਦੀ ਹੈ। ਅੱਜ ਕੱਲ ਬਾਜ਼ਾਰ ਵਿੱਚ ਡਾ. ਜੋਗਿੰਦਰ ਸਿੰਘ ਆਹਲੂਵਾਲੀਆ ਦੀ ਨਵ-ਪ੍ਰਕਾਸ਼ਿਤ ਪੁਸਤਕ ‘ਸੋਢੀ ਪ੍ਰਿਥੀ ਚੰਦ ਦੀ ਰਚਨਾ’ ਉਪਲਬਧ ਹੈ, ਜਿਸ ਵਿੱਚੋਂ ਵਧੀਕ ਵਿਸਥਾਰ ਨਾਲ ਪੜ੍ਹਿਆ ਜਾ ਸਕਦਾ ਹੈ। ਪ੍ਰਿਥੀ ਚੰਦ ਨੇ ਜਿਨ੍ਹਾਂ 18 ਰਾਗਾਂ ਵਿੱਚ ਆਪਣੀ ਬਾਣੀ ਅੰਕਿਤ ਕੀਤੀ ਉਹ ਇਸ ਪ੍ਰਕਾਰ ਹਨ:
1. ਰਾਗ ਸ੍ਰੀ ਰਾਗ।, 2. ਰਾਗ ਮਾਝਿ।, 3. ਰਾਗ ਗਉੜੀ।, 4. ਰਾਗ ਆਸਾਵਰੀ।, 5. ਰਾਗ ਗੂਜਰੀ।, 6. ਰਾਗ ਵਡਹੰਸ।, 7. ਰਾਗ ਸੋਰਠਿ।, 8. ਰਾਗ ਧਨਾਸਰੀ।, 9. ਰਾਗ ਤਿਲੰਗ।, 10. ਰਾਗ ਸੂਹੀ।, 11. ਰਾਗ ਬਿਲਾਵਲ।, ੧੨. ਰਾਗ ਰਾਮਕਲੀ।, 13. ਰਾਗ ਨਟ ਨਾਰਾਣਿ।, 14. ਰਾਗ ਮਾਰੂ।, 15. ਰਾਗ ਭੈਰਉ।, 16. ਰਾਗ ਬਸੰਤ।, 17. ਰਾਗ ਮਲਾਰ ਅਤੇ 18. ਰਾਗ ਆਸਾ (ਸਯੁੰਕਤ)।
ਪ੍ਰਿਥੀ ਚੰਦ ਦੀ ਰਚਨਾ ਵਿੱਚ ਉਹੀ ਗੁਰਬਾਣੀ ਵਾਲੇ ਰਾਗ, ਕਾਵਿ-ਰੂਪ, ਉਹੀ ਛੰਦ-ਪ੍ਰਬੰਧ, ਉਹੀ ਸ਼ਬਦ-ਚੋਣ ਤੇ ਮੁਹਾਵਰਾ ਵਰਤਿਆ ਗਿਆ ਹੈ। ਜਿਸ ਤਰ੍ਹਾਂਗੁਰਬਾਣੀ ਵਿੱਚ ‘ਘੋੜੀ, ਛੰਤ, ਚਉਬੋਲੇ, ਪਹਰੇ, ਪਟੀ, ਬਾਰਾਂ’ ਆਦਿ।

ਜਿਵੇਂ ਗੁਰਬਾਣੀ ਵਿੱਚ ‘ਮਾਹ, ਵਾਰ ਸਤ, ਡਖਣੇ, ਕਾਫੀ, ਅੰਜੁਲੀ’ ਆਦਿ ਕਾਵਿ-ਰੂਪ ਵਰਤਿਆ ਗਿਆ ਹੈ, ਉਸ ਤਰ੍ਹਾਂ ਹੀ ਪ੍ਰਿਥੀ ਚੰਦ ਦੀ ਰਚਨਾ ਵਿੱਚ ‘ਛੰਤ, ਬਾਰਾਮਾਹ, ਘੋੜੀ, ਲੋਰੀ, ਵਾਰ ਸਤ, ਥਿਤੀ’ ਆਦਿ ਕਾਵਿ-ਰੂਪ ਵਰਤੇ ਹਨ। ਇੱਥੋਂ ਪ੍ਰਿਥੀ ਚੰਦ ਦੀ ਭਾਸ਼ਾਈ-ਗਿਆਨ, ਕਾਵਿ-ਭਾਸ਼ਾ ਵਿੱਚ ਨਿਪੁੰਨਤਾ ਸਹਿਜੇ ਹੀ ਗਿਆਤ ਹੋ ਜਾਂਦੀ ਹੈ।
ਪ੍ਰਿਥੀ ਚੰਦ ਜੀ ਦੀ ਰਚਨਾ ਤਕਰੀਬਨ-ਤਕਰੀਬਨ ‘ਗੁਰਬਾਣੀ’ ਨਾਲ ਮਿਲਦੀ ਹੈ ਭਾਵ ਲਫ਼ਜ਼ਾਂ ਦਾ ਆਪਸੀ ਤਾਲ-ਮੇਲ ਹੈ। ਜਿਵੇਂ -:

ਆਸਾ ਮਹਲਾ ੬ ਛੰਤੁ
‘ਹਰਿ ਦਰਸਨ ਭਿੰਨੇ ਲੋਇਣਾ, ਹਰਿ ਨਾਮ ਮਨੁ ਭੀਨਾ ਰਾਮ ਰਾਜੇ॥
ਇਕੁ ਤਿਲੁ ਹਰਿ ਬਿਨੁ ਨਾ ਰਹਾ, ਜਿਵ ਜਲ ਬਿਨੁ ਮੀਨਾ ਰਾਮ ਰਾਜੇ॥
ਹਰਿ ਪਾਰਸੁ ਮਨੁ ਲੋਹੁ ਹੈ, ਮਿਲਿ ਕੰਚਨੁ ਕੀਨਾ ਰਾਮ ਰਾਜੇ॥
ਨਾਨਕੁ ਤਿਸੁ ਬਲਿਹਾਰਣੇ, ਜਿਨਿ ਹਰਿ ਜਸੁ ਦੀਨਾ ਰਾਮ ਰਾਜੇ॥੧॥’ (ਕੱਚੀ ਬਾਣੀ, ਪ੍ਰਿਥੀ ਚੰਦ)

ਗੁਰਬਾਣੀ -: ‘‘ਆਸਾ ਮਹਲਾ ੪ ਛੰਤ ਘਰੁ ੪ ॥ ਹਰਿ ਅੰਮ੍ਰਿਤ ਭਿੰਨੇ ਲੋਇਣਾ, ਮਨੁ ਪ੍ਰੇਮਿ ਰਤੰਨਾ ਰਾਮ ਰਾਜੇ॥ ਮਨੁ ਰਾਮਿ ਕਸਵਟੀ ਲਾਇਆ, ਕੰਚਨੁ ਸੋਵਿੰਨਾ ॥ ਗੁਰਮੁਖਿ ਰੰਗਿ ਚਲੂਲਿਆ, ਮੇਰਾ ਮਨੁ ਤਨੋ ਭਿੰਨਾ ॥ ਜਨੁ ਨਾਨਕੁ ਮੁਸਕਿ ਝਕੋਲਿਆ, ਸਭੁ ਜਨਮੁ ਧਨੁ ਧੰਨਾ ॥੧॥’’ (ਆਸਾ, ਮ: ੪/੪੪੯)

ਪ੍ਰਿਥੀ ਚੰਦ -: ‘ਸੁਣਿਐ ਜੰਮਣੁ ਮਰਣੁ ਸਵਾਰੈ॥ ਸੁਣਿਐ ਭਉਜਲੁ ਉਤਰੈ ਪਾਰੈ॥ ਸੁਣਿਐ ਜਮ ਕਾ ਡੰਡੁ ਨ ਲਾਗੈ, ਹਰਿ ਦਰਗਹ ਪਾਈਐ ਢੋਈ ਜੀ॥੧॥’ (ਕੱਚੀ ਬਾਣੀ, ਪ੍ਰਿਥੀ ਚੰਦ)
‘ਜਪੁ’ ਸਾਹਿਬ ਜੀ ਦੀਆਂ ‘ਸੁਣਿਐ’ ਵਾਲੀਆਂ ਪਉੜੀਆਂ ਨਾਲ ਇਹ ਤੁਕਾਂ ਮਿਲਦੀਆਂ ਹਨ। ਲਿਖਤੀ-ਪੋਥੀ ਅਨੁਸਾਰ ਪ੍ਰਿਥੀ ਚੰਦ ਦੀ ਬਾਣੀ ਵਿੱਚ ‘ਵਿਆਕਰਣਿਕ-ਨਿਯਮ’ ਭੀ ਪੂਰੇ ਨਹੀਂ ਉਤਰਦੇ; ਕੇਵਲ ਕਾਵਿਕ ਨਿਯਮ ਪੂਰੇ ਉਤਰਦੇ ਹਨ।
ਪ੍ਰਿਥੀ ਚੰਦ ਜੀ ਰਚਨਾ ਵਿੱਚੋਂ ਕੁਝ ਹੋਰ ਉਦਾਹਰਣਾਂ-:

‘ਸੋਰਠਿ ਮਹਲਾ ੬।

ਮਨ ਰੇ ! ਤੇਰਾ ਹੰਸ ਇਕੇਲਾ ਜਾਈ॥ ਕਰਿ ਸਿਮਰਨੁ ਹੋਇ ਸਹਾਇ॥੧॥ ਰਹਾਉ॥ ਆਗੈ ਗੈਆ ਪੂਛੀਅਹਿ ਨ ਢੋਈ ਲਹਨਿ ਬੇਪੀਰ॥

ਦੂਜੀ ਦੁਰਮਤਿ ਖੋਇਆ, ਕਵਨੁ ਸਹਾਈ ਬੀਰ॥ ਜੇ ਜਾਣੈ ਮੈ ਵੰਞਣਾ, ਤਾ ਗੁਰ ਕੀ ਲੇਵੈ ਧੀਰ॥’ (ਕੱਚੀ ਬਾਣੀ, ਪ੍ਰਿਥੀ ਚੰਦ)

ਤਿਲੰਗ ਮਹਲਾ ੬।

ਮੇਰੇ ਲਾਲਨਾ ਕੋ ਦੀਨ ਕਾ ਸਾਥੀ॥ ਜੇਹੇ ਅਮਲ ਕਮਾਵਦਾ ਓਹ ਦੇਵੈ ਹਾਥੀ॥੧॥ ਰਹਾਉ॥

ਹਉ ਕੁਰਬਾਨੀ ਤਿਨ ਕੈ ਜਿਨੀ ਏਕੋ ਜਾਤਾ॥ ਦੂਜੇ ਕਿਸੇ ਨ ਜਾਣਈ, ਉਨਾ ਹੁਕਮੁ ਪਛਾਤਾ॥’ (ਕੱਚੀ ਬਾਣੀ, ਪ੍ਰਿਥੀ ਚੰਦ)

ਗਉੜੀ। ਏਕੰਕਾਰੁ ਅਗਮੁ ਗੁਸਾਈ॥ ਜਲ ਥਲ ਪੂਰ ਰਹਿਆ ਸਰਬ ਠਾਈ॥ ਕਰਨ ਕਰਾਵਨ ਅਪਰਿ ਅਪਾਰਾ॥

ਏਕੁ ਨ ਭੂਲਾ ਲੇਖਨਹਾਰਾ॥ ਏਕਹਿ ਏਕੁ ਆਪਿ ਥਿਰੁ ਸਾਚਾ॥’ (ਕੱਚੀ ਬਾਣੀ, ਪ੍ਰਿਥੀ ਚੰਦ)

ਮਾਝ ਮਹਲਾ ੬। ਲਖ ਜਿਹਬਾ ਹੋਹਿ, ਤਾ ਗਣਤਿ ਨ ਆਵੈ॥ ਤੂ ਅਗਣਤੁ ਕਿਆ ਗੁਣ ਕੋ ਗਾਵੈ॥

ਸਾਈ ਰਸਨਾ ਜਿਤੁ ਤੂ ਭਣੀਅਹਿ, ਸਾ ਵੇਲਾ ਧੰਨੁ ਚਿਤਾਰਿਆ॥ (ਕੱਚੀ ਬਾਣੀ, ਪ੍ਰਿਥੀ ਚੰਦ)

ਰਾਗ ਬਸੰਤ ਮਹਲਾ ੬ ਘਰੁ ੧। ਅੰਤਰਿ ਕਪਟੁ ਜਪੈ ਜਪ ਮਾਲੀ॥ ਕੰਢੈ ਬੈਠਾ ਨਹੀ ਤਿਸੈ ਸਮਾਲੀ॥

ਸਾਜਿ ਨਿਵਾਜਿ ਕਰੇ ਪ੍ਰਤਪਾਲੀ॥ ਸੋ ਨਹੀਂ ਜਾਣੈ ਪ੍ਰਭੁ ਬਨਮਾਲੀ॥ (ਕੱਚੀ ਬਾਣੀ, ਪ੍ਰਿਥੀ ਚੰਦ) ਆਦਿ।

ਵੀਚਾਰ: ਉਪਰੋਕਤ ਤਮਾਮ (ਕੱਚੀ ਬਾਣੀ, ਪ੍ਰਿਥੀ ਚੰਦ) ਲਿਖਤ ’ਚ ਇੱਕ ਗੱਲ ਧਿਆਨ ’ਚ ਰੱਖਣ ਵਾਲੀ ਹੈ ਕਿ ਸਮੱਗਰ ਰਚਨਾ ਵਿੱਚ ਕੇਵਲ ‘ਮਹਲਾ ੬’ ਸਿਰਲੇਖ ਹੀ ਵਰਤਿਆ ਹੈ, ਹੋਰ ਕੋਈ ‘ਮਹਲਾ’-ਅੰਕ ਨਹੀਂ।
ਪ੍ਰਿਥੀ ਚੰਦ ਦੀ ਰਚਨਾ ਵਿੱਚ ਕੇਵਲ ‘ਇੱਕ ਓਅੰਕਾਰ’ ਦੇ ਸਿਧਾਂਤ ਨੂੰ ਹੀ ਅਪਣਾਇਆ ਗਿਆ ਹੈ, ਬਹੁ ਅਵਤਾਰ ਪੂਜਾ, ਜੜ੍ਹ ਪੂਜਾ, ਤੀਰਥ-ਯਾਤ੍ਰਾ, ਕਰਮ-ਕਾਂਡ ਆਦਿ ਦੀ ਸਖ਼ਤ ਨਖੇਧੀ ਕੀਤੀ ਗਈ ਹੈ। ਅਕਾਲ ਪੁਰਖ ਜੀ ਨੂੰ ਪੁਰਾਣਿਕ ਅਤੇ ਕਰਮ-ਵਾਚਕ, ਗੁਣ-ਵਾਚਕ ਨਾਵਾਂ ਨਾਲ ਸੰਬੋਧਨ ਕੀਤਾ ਹੈ। ਅਗਿਆਨ ਦਾਹਨ੍ਹੇਰਾ ਮਿਟਾ ਕੇ ਗਿਆਨ-ਪ੍ਰਕਾਸ਼ ਕਰਨ ਵਾਲੇ ਨੂੰ ਉਕਤ ਰਚਨਾ ਵਿੱਚ ‘ਗੁਰੂ’ ਸੰਗਿਆ ਦਿੱਤੀ ਹੈ। ਫਿਰ ਸੁਆਲ ਪੈਦਾ ਹੁੰਦਾ ਹੈ ਕਿ ਉਪਰੋਕਤ ਰਚਨਾ ਪ੍ਰਮਾਣੀਕ ਕਿਉਂ ਨਹੀਂ ਹੋਈ? ਇਸ ਦਾ ਕਾਰਨ ਇਹ ਸੀ ਕਿ ਗੁਰੂ-ਹੁਕਮ ਮੰਨਣ ਤੋਂ ਇਨਕਾਰੀ, ਆਪਣੇ ਆਪ ਨੂੰ ਨਾ-ਯੋਗ ਹੁੰਦਿਆਂ ਭੀ ‘ਗੁਰੂ’ ਸਮਝਣਾ। ਈਰਖਾ, ਪ੍ਰਭਤਾ ਕਾਰਨ ਗੁਰੂ ਨਾਨਕ ਘਰ ਦੀ ਵਿਰਾਸਤ ‘ਗੁਰ-ਗੱਦੀ’ ਦੇ ਬਰਾਬਰ ਆਪਣੀ ਗੱਦੀ ਲਗਾ ਕੇ ਬੈਠਣਾ ਆਦਿ। ਇਸ ਕਾਰਨ ਹੀ ਪ੍ਰਿਥੀ ਚੰਦ ਦੀ ਰਚਨਾ ਗੁਰੂ-ਨਜ਼ਰ ਵਿੱਚ ਅਪ੍ਰਵਾਨ ਹੋ ਗਈ ਅਤੇ ਪ੍ਰਿਥੀ ਚੰਦ ‘ਪ੍ਰਿਥੀਆ’ ਹੀ ਰਹਿ ਗਿਆ; ਜਿਵੇਂ ਕਿ ਭਾਈ ਗੁਰਦਾਸ ਜੀ ਫ਼ੁਰਮਾਨ ਕਰ ਰਹੇ ਹਨ:

‘‘ਮੀਣਾ ਹੋਆ ਪਿਰਥੀਆ, ਕਰਿ ਕਰਿ ਟੇਢਕ ਬਰਲੁ ਚਲਾਇਆ।’’ (ਭਾਈ ਗੁਰਦਾਸ ਜੀ, ਵਾਰ ੨੬, ਪਉੜੀ ੩੩)
‘‘ਸਤਿਗੁਰ ਸਚਾ ਪਾਤਿਸਾਹੁ, ਮੁਹੁ ਕਾਲੈ ਮੀਣਾ ॥’’ (ਭਾਈ ਗੁਰਦਾਸ ਜੀ, ਵਾਰ ੩੬, ਪਉੜੀ ੧)
‘ਮੀਣਾ’ – (ਪੋਠੋਹਾਰੀ, ਵਿਸ਼ੇਸ਼ਣ) ਜਿਸ ਦਾ ਅਰਥ ਹੈ, ‘ਮੀਸਣਾ, ਕਪਟੀ, ਖੋਟੀ ਬੁਧੀ ਵਾਲਾ’।

ਭੁੱਲ-ਚੁੱਕ ਦੀ ਖਿਮਾ