30.4 C
Jalandhar
Sunday, April 5, 2026
spot_img
Home Blog Page 232

‘ਚਮਕੌਰ ਦੀ ਜੰਗ’

0

‘ਚਮਕੌਰ ਦੀ ਜੰਗ’

ਸ੍ਰ ਸੁਰਿੰਦਰ ਸਿੰਘ ‘ਖਾਲਸਾ’ – 94662 66708, 97287 43287

ਜੰਗ ਚਮਕੌਰ ਦੀ ਨਵੇਕਲੀ ਏ ਦੁਨੀਆਂ ਦੇ ਇਤਿਹਾਸ ਅੰਦਰ, ਹੋਰ ਏਦਾਂ ਦੀ ਹੋਈ ਕੋਈ ਲੜਾਈ ਤਾਂ ਨਹੀਂ ਸੀ।

ਇਹ ਜੰਗ; ਨਾ ਜ਼ਰ, ਨਾ ਜੋਰੂ ਅਤੇ ਨਾਂ ਹੀ ਜਮੀਨ ਖਾਤਰ ਸੀ, ਰਾਜਨੀਤਕਾਂ ਦੀ ਵੀ ਕੋਈ ਉਣਤਾਈ ਤਾਂ ਨਹੀਂ ਸੀ।

ਜ਼ੁਲਮ ਵਿਰੁਧ ਅਤੇ ਖਾਲਸੇ ਦੀ ਆਨ ਖਾਤਰ, ਧਰਮ ਯੁੱਧ ਸੀ, ਆਮ ਲੜਾਈਆਂ ਜਿਹੀ ਕੋਈ ਲੜਾਈ ਤਾਂ ਨਹੀਂ ਸੀ।

ਇਕ ਪਾਸੇ ਲੱਖਾਂ ਦੀ ਤਦਾਦ ਵਿਚ ਮੁਲਖੀਆ ਸੀ, ਸਿਪਾਹੀਆਂ ਅਤੇ ਹਥਿਆਰਾਂ ਦੀ ਕੋਈ ਅੰਤਤਾਈ ਤਾਂ ਨਹੀਂ ਸੀ।

ਦੁਸ਼ਮਣ ਕਾਹਲੇ ਸਨ ਹਮਲਾ ਕਰਨ ਦੇ ਲਈ, ਵਜੀਦ ਖਾਨ ਤੇ ਉਸ ਦੀ ਫੌਜ ਨੂੰ ਆਉਂਦੀ ਟਿਕਾਈ ਤਾਂ ਨਹੀਂ ਸੀ।

ਪਰ ਅੱਗੇ ਲੱਗਣ ਨੂੰ ਕੋਈ ਜਰਨੈਲ ਤਿਆਰ ਨਹੀਂ ਸੀ, ਪਿੱਛਲੇ ਨੁਕਸਾਨ ਦੀ ਵੀ ਹੋਈ ਭਰਪਾਈ ਤਾਂ ਨਹੀਂ ਸੀ।

ਇਧਰ ਭੁਖਣ ਭਾਣੇ, ਗਿਣਤੀ ਦੇ ਚਾਲੀ ਕੁ ਸਿੰਘ ਹੈ ਸਨ, ਕਈ ਰਾਤਾਂ ਤੋਂ ਨੀਂਦ ਦੀ ਝੱਪਕੀ ਪਾਈ ਤਾਂ ਨਹੀਂ ਸੀ।

ਇਕ ਉਨੀਂਦਰਾ ਅਤੇ ਦੂਜੀ ਸੀ ਬੇ-ਅਰਾਮੀ, ਉਪਰੋਂ ਕੱਚੀ ਗੜ੍ਹੀ ਸੀ, ਕੋਈ ਕਿਲੇ ਵਾਲੀ ਪਕਿਆਈ ਤਾਂ ਨਹੀਂ ਸੀ।

ਉਪਰੋਂ ਕਹਿਰਾਂ ਦੀ ਠੰਡ ਅਤੇ ਮਹੀਨਾ ਪੋਹ ਦਾ ਸੀ, ਇਸ ਹਾਲਤ ’ਚ ਵੀ ਖਾਲਸੇ ਨੇ ਹਿੰਮਤ ਗਵਾਈ ਤਾਂ ਨਹੀਂ ਸੀ।

ਗਿਣਤੀ ਦੇ ਹਥਿਆਰ ਸਨ, ਤੀਰ ਕਮਾਨ, ਤੇਗਾਂ; ਵਿਛੜੇ ਹੋਏ ਪਰਿਵਾਰਾਂ ਦੀ ਖਬਰ ਵੀ ਕੋਈ ਆਈ ਤਾਂ ਨਹੀਂ ਸੀ।

ਭਾਰੀ ਫੌਜ ਦੁਸ਼ਮਨ ਦੀ ਨੇ ਹਮਲਾ ਕੀਤਾ, ਪਰ ਗੜ੍ਹੀ ਦੇ ਨਜਦੀਕ ਆਉਣ ਦੀ ਹਿਮੰਤ ਹਾਲੇ ਜੁਟਾਈ ਤਾਂ ਨਹੀਂ ਸੀ।

ਗੁਰੂ ਜੀ ਨੇ ਵਿਉਂਤ ਬਣਾ ਕੇ ਮੁਕਾਬਲਾ ਸ਼ੁਰੂ ਕੀਤਾ, ਝੱਟ ਜਥਾ ਮੈਦਾਨ ਨੂੰ ਤੋਰ ਦਿੱਤਾ, ਦੇਰ ਭੋਰਾ ਲਾਈ ਤਾਂ ਨਹੀਂ ਸੀ।

ਸਿੰਘਾਂ ਦੇ ਜੱਥੇ ਨੇ ਬਾਹਰ ਆ ਕੇ ਵੱਡ-ਟੁੱਕ ਕਰਤੀ, ਮੁਗਲਾਂ ਦੀ ਪਹਿਲਾਂ ਹੋਈ ਇਉਂ ਕਦੇ ਵੀ ਤਬਾਹੀ ਤਾਂ ਨਹੀਂ ਸੀ।

ਇਕ ਜੱਥਾ ਸ਼ਹੀਦ ਹੋਇਆ ਦੂਜਾ ਤੋਰ ਦਿੱਤਾ, ਪਿਆਰੇ ਸਿੰਘ ਸਨ; ਜਿਹਨਾਂ ਦੀ ਹੋਣੀ ਕਦੇ, ਭਰਪਾਈ ਤਾਂ ਨਹੀ ਸੀ।

ਥਾਪੜਾ ਦੇ ਕੇ ਅਜੀਤ ਸਿੰਘ ਨੂੰ ਕਿਹਾ ਸਤਿਗੁਰਾਂ ਮੈਦਾਨੇ ਜੰਗ ਜਾਅ, ਸਾਹਿਬਜ਼ਾਦੇ ਦੇਰ ਭੋਰਾ ਵੀ ਲਾਈ ਤਾਂ ਨਹੀਂ ਸੀ।

ਤੇਗ-ਏ ਜੌਹਰ ਮੈਦਾਨ ’ਚ ਦੇਖ ਅਜੀਤ ਸਿੰਘ ਦੇ, ਵੈਰੀ ਕਹਿਣ ਕਿਤੇ ਬਿਜਲੀ ਅਸਮਾਨੋਂ ਲਿਸ਼ਕਾਈ ਤਾਂ ਨਹੀਂ ਸੀ।

ਆਖਿਰ ਬਾਬਾ ਅਜੀਤ ਸਿੰਘ ਜੀ ਸ਼ਹੀਦ ਹੋ ਗਏ, ਏਹੋ ਜਿਹੀ ‘ਸ਼ਹੀਦੀ’ ਹਰ ਇਕ ਦੇ ਹਿੱਸੇ ਆਈ ਤਾਂ ਨਹੀਂ ਸੀ।

ਹੁਣ ਵਾਰੀ ਗੁਰਾਂ ਦੇ ਲਖਤ-ਏ ਜਿਗਰ ਬਾਬਾ ਜੁਝਾਰ ਸਿੰਘ ਦੀ ਸੀ, ਜਿਨ੍ਹਾਂ ਦੇ ਮੁੱਛ ਦਾੜ੍ਹੀ ਹਾਲੇ ਆਈ ਤਾਂ ਨਹੀ ਸੀ।

ਜੁਝਾਰ ਸਿੰਘ ਵੀ ਜੂਝ ਸ਼ਹੀਦੀ ਦਾ ਜਾਮ ਪੀਤਾ, ਅਮਾਨਤ ਅਦਾ ਹੂਈ, ਪਿਤਾ ਨੇ ਸ਼ੁਕਰ ਨੂੰ ਦੇਰ ਲਾਈ ਤਾਂ ਨਹੀਂ ਸੀ।

‘ਸੁਰਿੰਦਰਾ’ ਜੋਗੀ ਅਲ੍ਹਾ ਯਾਰ ਖਾਂ ਕਿਹਾ ਸੀ, ਤੀਰਥ ਏਕੋ ਚਮਕੌਰ ਹੈ; ਹੋਰ ਕੋਈ ਥਾਂ ਇਸ ਦੇ ਸਮ ਆਈ ਤਾਂ ਨਹੀਂ ਸੀ।

ਨਵੇਂ ਸਾਲ ਦੀ ਵਧਾਈ

0

ੴ ਸਤਿਗੁਰ ਪ੍ਰਸਾਦਿ॥

ਨਵੇਂ ਸਾਲ ਦੀ ਵਧਾਈ

ਜੋਗਿੰਦਰ ਸਬਲੋਕ-98727-52119

ਵ-ਵਾਹਿਗੁਰੂ ਕਾ ਜਾਪੁ।

ਹ- ਹਰ ਕਾ ਵੱਡ ਪਰਤਾਪ।

ਗ-ਗੋਬਿੰਦ ਗੁਣੀ ਨਿਧਾਨ।

ਰ- ਰਾਮ ਨਾਮ ਪਰਵਾਨ।

ਵਾਹਿਗੁਰੂ ਕੇ ਅੱਖਰ ਚਾਰ।

ਜੋ ਜਨ ਪੜ੍ਹੇ ਸੋ ਉਤਰੇ ਪਾਰ।

ਚਾਰ ਜੁਗਾਂ ਤਕ ਕਰੀ ਤਪੱਸਿਆ।

ਅੱਖਰ ਚਾਰ ਬਣਾਏ।

ਜਨਮ ਸਫਲ ਉਸ ਦਾ ਹੋ ਜਾਸੀ।

ਜਿਹੜਾ ਇਸ ਨੂੰ ਧਿਆਏ।

ਅਪਣੀ ਕਿਰਤ ’ਚੋਂ ਹਿਸਾ ਕੱਢ ਕੇ।

ਕਰੋ ਲੋੜਵੰਦ ਦੀ ਸੇਵਾ।

ਇਹ ਨਿਸ਼ਫਲ ਤੇ ਕਦੀ ਨਹੀਂ ਹੁੰਦਾ।

ਲਗਦਾ ਇਸ ਨੂੰ-ਮੇਵਾ।

ਨਵੇਂ ਸਾਲ ਦਾ ਸ਼ੁਭ ਦਿਹਾੜਾ।

ਸਾਨੂੰ ਇਹ ਸਿਖਲਾਏ।

ਗੇੜ ਚੌਰਾਸੀ ਵਾਲਾ ਮੁਕੇ।

ਗੁਰੂ ਘਰ ਜੋ ਜਾਏ।

ਗੁਰੂ ਨਾਨਕ ਨੇ ਐਸੀ ਗੁੜਤੀ।

ਸਾਡੇ ਲਈ ਬਣਾਈ।

ਨਵੇਂ ਸਾਲ ਦੀ ਹੋਵੇ ਵੀਰੋ!

ਸਭ ਨੂੰ ਲੱਖ ਲੱਖ ਵਧਾਈ।

ਹੋਵੇ ਸਭ ਨੂੰ ਲੱਖ ਵਧਾਈ।

ਬੇਨਤੀ ਪੱਤਰ / ਵਿਸ਼ਾ:- ਨਾਨਕਸ਼ਾਹੀ ਕੈਲੰਡਰ

0

ਬੇਨਤੀ ਪੱਤਰ / ਵਿਸ਼ਾ:- ਨਾਨਕਸ਼ਾਹੀ ਕੈਲੰਡਰ

ਸ. ਹਰਚਰਨ ਸਿੰਘ ਜੀ,

ਮੁਖ ਸਕੱਤਰ, ਸ਼੍ਰੋ . ਗੁ. ਪ੍ਰ. ਕਮੇਟੀ ਅੰਮ੍ਰਿਤਸਰ ਸਾਹਿਬ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫ਼ਤਿਹ।

ਵਿਸ਼ਾ:- ਨਾਨਕਸ਼ਾਹੀ ਕੈਲੰਡਰ

ਸ. ਹਰਚਰਨ ਸਿੰਘ ਜੀ, 9 ਮਾਰਚ 2015 ਦਿਨ ਸੋਮਵਾਰ ਨੂੰ ਪੰਜ ਸਿੰਘ ਸਾਹਿਬ ਨੇ ਆਪਣੀ ਇਕ ਇਕੱਤਰਤਾ ਵਿੱਚ ਨਾਨਕਸ਼ਾਹੀ ਕੈਲੰਡਰ ਦੇ ਵਿਵਾਦ ਨੂੰ ਹਲ ਕਰਨ ਲਈ 18 ਮੈਂਬਰੀ ਕਮੇਟੀ ਦਾ ਗਠਨ ਕੀਤਾ ਸੀ ਅਤੇ ਇਸ ਕਮੇਟੀ ਨੂੰ ਆਪਣੀ ਰਿਪੋਰਟ ਪੋਹ ਦੀ ਸੰਗਰਾਦ ਤਾਈ ਦੇਣ ਦਾ ਹੁਕਮ ਵੀ ਕੀਤਾ ਸੀ। ਪੋਹ ਦੀ ਸੰਗਰਾਂਦ, ਨਾਨਕਸ਼ਾਹੀ ਕੈਲੰਡਰ ਮੁਤਾਬਕ 14 ਦਸੰਬਰ ਅਤੇ ਕਥਿਤ ਸੋਧੇ ਹੋਏ ਕੈਲੰਡਰ ਮੁਤਾਬਕ 16 ਦਸੰਬਰ ਨੂੰ ਸੀ। ਆਸ ਕਰਦੇ ਹਾਂ ਕਿ ਅਕਾਲ ਤਖਤ ਸਾਹਿਬ ਦੇ ਹੁਕਮ ਮੁਤਾਬਕ, ਕੈਲੰਡਰ ਕਮੇਟੀ ਆਪਣੀ ਰਿਪੋਰਟ ਅਕਾਲ ਤਖਤ ਸਾਹਿਬ ਤੇ ਪੇਸ਼ ਕਰ ਚੁੱਕੀ ਹੋਵੇਗੀ। ਬੇਨਤੀ ਹੈ ਕਿ ਕੈਲੰਡਰ ਕਮੇਟੀ ਦੀ ਰਿਪੋਰਟ ਨੂੰ ਦੇਸ਼-ਵਿਦੇਸ਼ ਦੀਆਂ ਸੰਗਤਾਂ, ਜਥੇਬੰਦੀਆਂ ਅਤੇ ਗੁਰਦਵਾਰਾ ਪ੍ਰਬੰਧਕ ਕਮੇਟੀਆਂ ਦੀ ਜਾਣਕਾਰੀ ਲਈ ਛੇਤੀ ਤੋਂ ਛੇਤੀ ਜਨਤਕ ਕੀਤਾ ਜਾਵੇ ਤਾ ਜੋ ਉਸ ਰਿਪੋਰਟ ਸਬੰਧੀ ਵਿਚਾਰ ਚਰਚਾ ਕਰਕੇ ਨਵੇ ਸਾਲ (ਨਾਨਕਸ਼ਾਹੀ ਸੰਮਤ ੫੪੮) ਦਾ ਸਰਬ ਪ੍ਰਮਾਣਿਤਕੈਲੰਡਰ ਤਿਆਰ ਕੀਤਾ ਜਾ ਸਕੇ।

ਸ. ਹਰਚਰਨ ਸਿੰਘ ਜੀ, ਸਾਨੂੰ ਪੂਰੀ ਆਸ ਹੈ ਕਿ ਤੁਹਾਡੇ ਵੱਲੋਂ ਸ਼੍ਰੋਮਣੀ ਕਮੇਟੀ ਦੇ ਮੁਖ ਸਕੱਤਰ ਦਾ ਅਹੁਦਾ ਸੰਭਾਲਣ ਤੋਂ ਪਿਛੋਂ , ਸ਼੍ਰੋਮਣੀ ਕਮੇਟੀ ਦੇ ਦਫ਼ਤਰੀ ਕੰਮ-ਕਾਜ `ਚ ਬਹੁਤ ਸੁਧਾਰ ਹੋਇਆ ਹੋਵੇਗਾ ਅਤੇ ਇਸ ਪੱਤਰਰਾਹੀ ਮੰਗੀ ਗਈ ਜਾਣਕਾਰੀ ਕੁਝ ਹੀ ਦਿਨਾਂ `ਚ ਸੰਗਤਾਂ ਦੇ ਸਾਹਮਣੇ ਹੋਵੇਗੀ। ਜਿਵੇ ਕਿ ਆਪ ਜੀ ਜਾਣਦੇ ਹੀ ਕਿ ਨਵੇ ਸਾਲ ਦਾ ਕੈਲੰਡਰ ਮਾਰਚ ਦੇ ਪਹਿਲੇ ਹਫ਼ਤੇ ਛੱਪਣਾ ਹੈ ਇਸ ਲਈ ਕਮੇਟੀ ਦੀ ਰਿਪੋਰਟ ਤੇ ਵਿਚਾਰ ਚਰਚਾ ਕਰਕੇ ਕਿਸੇ ਨਤੀਜੇ ਤੇ ਪੁੱਜਣ ਲਈ ਸਿਰਫ ਦੋ ਮਹੀਨੇ (ਜਨਵਰੀ ਅਤੇ ਫਰਵਰੀ) ਹੀ ਬਚਦੇ ਹਨ। ਆਸ ਕਰਦੇ ਹਾਂ ਕਿ ਆਪ ਜੀ ਇਸ ਪਾਸੇ ਨਿਜੀ ਦਿਲਚਸਪੀ ਲੈ ਕੇ ਕੈਲੰਡਰ ਕਮੇਟੀ ਦੀ ਰਿਪੋਰਟ ਨੂੰ ਜਲਦੀ ਤੋਂ ਜਲਦੀ ਦੇਸ਼ ਵਿਦੇਸ਼ ਦੀਆਂ ਸੰਗਤਾਂ ਸਾਹਮਣੇ ਅਗਲੇਰੀ ਵਿਚਾਰ ਚਰਚਾ ਲਈ ਪੁੱਜਦੀ ਕਰੋਗੇ।

ਆਸ ਸਹਿਤ

ਸਰਵਜੀਤ ਸਿੰਘ ਸੈਕਰਾਮੈਂਟੋ

ਸਿੱਖ ਇਤਿਹਾਸ ’ਚ ਕੁਰਬਾਨੀ ਪ੍ਰਤੀ ਅਨੂਠੀ ਮਿਸਾਲ ਹੈ: ‘ਭਾਈ ਮੋਤੀ ਰਾਮ ਮਹਿਰਾ’

0

ਸਿੱਖ ਇਤਿਹਾਸ ’ਚ ਕੁਰਬਾਨੀ ਪ੍ਰਤੀ ਅਨੂਠੀ ਮਿਸਾਲ ਹੈ: ‘ਭਾਈ ਮੋਤੀ ਰਾਮ ਮਹਿਰਾ’

ਸ. ਕਿਰਪਾਲ ਸਿੰਘ ਬਠਿੰਡਾ ਮੋਬ: 9855480797

ਸਿੱਖ ਕੌਮ, ਸਰਬੰਸਦਾਨੀ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਕਾਇਮ ਕੀਤੇ ਗਏ ਸਿਧਾਂਤਾ ’ਤੇ ਦ੍ਰਿੜਤਾ ਨਾਲ ਪਹਿਰਾ ਦੇਣ ਬਦਲੇ ਬੰਦ – ਬੰਦ ਕਟਵਾਉਣ ਵਾਲੇ, ਚਰਖੜੀਆਂ ’ਤੇ ਚੜ੍ਹਨ ਵਾਲੇ, ਤਨ ਆਰਿਆਂ ਨਾਲ ਚਿਰਾਉਣ ਵਾਲੇ, ਖੋਪਰੀਆਂ ਉਤਰਾਉਣ ਵਾਲੇ ਸਿਰਲੱਥੇ ਯੋਧਿਆਂ ਅਤੇ ਸਿਦਕੀ ਸਿੰਘ ਸਰਦਾਰਾਂ ਦੀ ਉਹ ਜੁਝਾਰੂ ਕੌਮ ਹੈ, ਜਿਸ ਨੇ ਨਾ ਤਾਂ ਮੁਗਲਾਂ ਦੀ ਈਨ ਮੰਨੀ, ਨਾ ਅੰਗਰੇਜ਼ਾਂ ਅੱਗੇ ਝੁਕੀ, ਨਾ ਹੀ ਕੌਮ ਨੂੰ ਢਾਅ ਲਾਉਣ ਵਾਲੇ ਸ਼ਰਾਰਤੀ ਅਨਸਰਾਂ ਨੂੰ ਹੀ ਬਖਸ਼ਿਆ ਅਤੇ ਨਾ ਹੀ ਕਦੇ ਮੌਤ ਨੂੰ ਵੇਖ ਕੇ ਗੁਰੂ ਘਰ ਨਾਲ ਪ੍ਰੇਮ ਵਿਖਾਉਣ ਅਤੇ ਸੇਵਾ ਕਰਨ ਤੋਂ ਕਦੀ ਪਿੱਛੇ ਹਟੇ। ਸੁਨਿਆਰ ਦੀ ਭੱਠੀ ਵਿੱਚ ਤਪ ਕੇ ਤਿਆਰ ਹੋਏ ਚਮਕਦੇ ਸੋਨੇ ਦੀ ਲਿਸ਼ਕ ਵਰਗੇ ਹੀਰਿਆਂ ਦੀ ਸੂਚੀ ਵਿੱਚ ਭਾਈ ਮੋਤੀ ਰਾਮ ਮਹਿਰਾ ਦਾ ਨਾਮ ਵਿਸ਼ੇਸ਼ ਸਥਾਨ ਰੱਖਦਾ ਹੈ; ਜਿਸ ਨੇ ਸ਼ਹੀਦੀਆਂ ਪ੍ਰਪਾਤ ਕਰਨ ਤੋਂ ਪਹਿਲਾਂ ਵਜ਼ੀਦ ਖ਼ਾਨ ਸੂਬਾ ਸਰਹੰਦ ਵੱਲੋਂ ਠੰਡੇ ਬੁਰਜ ਵਿੱਚ ਕੈਦ ਰੱਖੇ ਛੋਟੇ ਸਾਹਿਬਜ਼ਾਦਿਆਂ ਤੇ ਮਾਤਾ ਗੁੱਜਰ ਕੌਰ ਜੀ ਦੀ ਤਿੰਨ ਰਾਤਾਂ ਜਲ ਅਤੇ ਦੁੱਧ ਪਿਲਾਉਣ ਦੀ ਸੇਵਾ ਕਰਨ ਦੀ ਕੀਮਤ; ਆਪਣਾ ਸਾਰਾ ਪਰਿਵਾਰ ਕੋਹਲੂ ਵਿੱਚ ਪਿੜਵਾ ਕੇ ਦਿੱਤਾ। ਭਾਈ ਮੋਤੀ ਰਾਮ ਮਹਿਰਾ ਸੇਵਾ ਸਮਰਪਣ, ਮਿਹਨਤ, ਨਿਸ਼ਠਾ ਅਤੇ ਸ਼ੀਤਲਤਾ ਦੀਅਜਿਹੀ ਹੀ ਮੂਰਤ ਸਨ ਜੋ ਅਜਿਹਾ ਵਿਲੱਖਣ ਰੁਤਬਾ ਹਾਸਲ ਕਰ ਗਏ ਕਿ ਰਹਿੰਦੀ ਦੁਨੀਆਂ ਤੱਕ ਲੋਕਾਈ ਉਨ੍ਹਾਂ ਨੂੰ ਯਾਦ ਕਰਦੀ ਰਹੇਗੀ। ਜਦੋਂ ਛੋਟੇ ਸਾਹਿਬਜ਼ਾਦਿਆਂ ਅਤੇ ਮਾਤਾ ਗੁਜ਼ਰ ਕੌਰ ਜੀ ਦੀ ਸ਼ਹੀਦੀ ਦੀ ਗੱਲ ਚਲਦੀ ਹੈ ਤਾਂ ਭਾਈ ਮੋਤੀ ਰਾਮ ਮਹਿਰਾ ਦਾ ਨਾਮ ਹਰ ਇਨਸਾਨ ਦੀ ਜੁਬਾਨ ’ਤੇ ਆਪ ਮੁਹਾਰੇ ਹੀ ਆ ਜਾਂਦਾ ਹੈ।

ਜਦੋਂ ਪੋਹ ਦੀ ਕੜਕਦੀ ਠੰਢ ਵਿੱਚ ਸਰਹਿੰਦ ਦੇ ਨਵਾਬ ਨੇ ਠੰਡੇ ਬੁਰਜ਼ ਵਿੱਚ ਮਾਤਾ ਗੁਜ਼ਰੀ ਜੀ ਅਤੇ ਛੋਟੇ ਸਾਹਿਬਜ਼ਾਦਿਆਂ ਨੂੰ ਕੈਦ ਰੱਖਿਆ ਸੀ ਤਾਂ ਉਸ ਸਮੇਂਅਮਰ ਸ਼ਹੀਦ ਬਾਬਾ ਮੋਤੀ ਰਾਮ ਮਹਿਰਾ ਨੇ ਇਨ੍ਹਾਂ ਦੀ ਤਿੰਨ ਰਾਤਾਂ ਲਗਾਤਾਰ ਦੁੱਧ ਅਤੇ ਲੰਗਰ ਦੀ ਸੇਵਾ ਕੀਤੀ ਸੀ। ਬਾਬਾ ਮੋਤੀ ਰਾਮ ਜੀ ਮਹਿਰਾ (ਕਸ਼ਿਅਪ ਰਾਜਪੂਤ) ਬਰਾਦਰੀ ਨਾਲ ਸਬੰਧ ਰੱਖਦੇ ਸਨ। ਆਪ ਜੀ ਦਾ ਨਿੱਕੜਾ ਤੇ ਗਰੀਬੜਾ ਜਿਹਾ ਪਰਿਵਾਰ ਸੀ ਜਿਨ੍ਹਾਂ ਦੀ ਨਵਾਬ ਵਜ਼ੀਦ ਖ਼ਾਨ ਸੂਬਾ ਸਰਹਿੰਦ ਨੇ ਕੈਦੀਆਂ ਨੂੰ ਭੋਜਨ ਛੁਕਾਉਣ ਦੀ ਜਿੰਮੇਵਾਰੀ ਸੌਂਪੀ ਹੋਈ ਸੀ।

ਬਾਬਾ ਮੋਤੀ ਰਾਮ ਮਹਿਰਾ ਜੀ ਦੀ ਗੁਰੂ ਘਰ ਨਾਲ ਪੂਰਨ ਸ਼ਰਧਾ ਸੀ; ਜਿਨ੍ਹਾਂ ਦੇ ਘਰ ਹਮੇਸ਼ਾਂ ਹੀ ਲੰਗਰ ਚੱਲਦਾ ਰਹਿੰਦਾ ਸੀ ਕਈ ਵਾਰ ਸੰਗਤਾਂ ਇਸ ਦੇ ਘਰ ਵੀਰਾਤ ਗੁਜ਼ਾਰ ਲੈਂਦੀਆਂ ਸਨ। ਇਤਿਹਾਸ ਗਵਾਹ ਹੈ ਕਿ ਸਿੱਖ ਸਮਾਜ ਨੇ ਜਿੱਥੇ ਉਨ੍ਹਾਂ ’ਤੇ ਜ਼ਬਰ ਜ਼ੁਲਮ ਅਤੇ ਧਾਰਮਿਕ ਹੱਠ ਧਰਮੀ ਕਰਨ ਵਾਲਿਆਂ ਨੂੰ ਇੱਟ ਦਾ ਜਵਾਬ ਪੱਥਰ ਨਾਲ ਦਿੱਤਾ ਉੱਥੇ ਸੰਕਟ ਦੀ ਘੜੀ ਵਿੱਚ ਉਨ੍ਹਾਂ ਦਾ ਪੱਖ ਪੂਰਨ ਅਤੇ ਹਮਦਰਦੀ ਦਾ ਪ੍ਰਗਟਾਵਾ ਕਰਨ ਵਾਲਿਆਂ ਨੂੰ ਸਨਮਾਨਿਤ ਵੀ ਕੀਤਾ ਅਤੇਰਹਿੰਦੀਆਂ ਪੁਸ਼ਤਾਂ ਤੱਕ ਉਨ੍ਹਾਂ ਦੇ ਅਹਿਸਾਨਮੰਦ ਰਹੇ। ਸਿੱਖ ਕੌਮ ’ਤੇ ਇੱਕ ਜਿਹਾ ਅਹਿਸਾਨ ਭਾਈ ਮੋਤੀ ਰਾਮ ਮਹਿਰਾ ਨੇ ਕੀਤਾ ਸੀ, ਜਿਸ ਦਾ ਭਰਵਾਂ ਮੁੱਲ ਚੁਕਾ ਦੇਣ ਉਪ੍ਰੰਤ ਵੀ ਸਿੱਖ ਭਾਈਚਾਰਾ ਇਸ ਅਹਿਸਾਨ ਦੇ ਮਿੱਠੇ ਭਾਰ ਹੇਠ ਦੱਬੇ ਰਹਿਣ ਵਿੱਚ ਅੰਤਾਂ ਦਾ ਫ਼ਖ਼ਰ ਮਹਿਸੂਸ ਕਰ ਰਿਹਾ ਹੈ। ਗੁਰੂ ਗੋਬਿੰਦ ਸਿੰਘ ਦਾ ਪਰਿਵਾਰ ਸਰਸਾ ਨਦੀ ਦੇ ਕੰਢੇ ਵਿੱਛੜ ਗਿਆ। ਗੁਰੂ ਸਾਹਿਬ ਦੇ ਪੂਜਣਯੋਗ ਮਾਤਾ ਜੀ ਛੋਟੇ ਸਾਹਿਬਜ਼ਾਦਿਆਂ ਸਮੇਤ ਰੋਪੜ ਦੇ ਅਸਥਾਨ ’ਤੇ ਕੀਮੇ ਮਹਿਰੇ ਤੋਂ ਮੁਸਲਮਾਨ ਹੋਏ ਕਾਇਮਦੀਨ ਮਲਾਹ ਦੀ ਕਿਸ਼ਤੀ ਵਿੱਚ ਦੋ ਰਾਤਾਂ ਕੱਟ ਕੇ ਗੰਗੂ ਬ੍ਰਾਹਮਣ ਦੀ ਬੇਨਤੀ ’ਤੇ ਰਾਤ ਲਈ ਉਸ ਦੇ ਘਰ ਠਹਿਰੇ ਜਿਸ ਨੇ ਬਦਨੀਅਤ ਹੋ ਕੇ ਮਾਤਾ ਜੀ ਅਤੇ ਸਾਹਿਬਜ਼ਾਦਿਆਂ ਨੂੰ ਕੈਦ ਕਰਵਾ ਦਿੱਤਾ; ਜਿਨ੍ਹਾਂ ਨੂੰ ਮੋਰਿੰਡੇ ਦਾ ਹਾਕਮ ਸਰਹਿੰਦ ਦੇ ਨਵਾਬ ਵਜ਼ੀਦ ਖਾਨ ਕੋਲ ਲੈ ਆਇਆ। ਵਜ਼ੀਦ ਖ਼ਾਨ ਨੇ ਇਨ੍ਹਾਂ ਨੂੰ ਠੰਢੇ ਬੁਰਜ਼ ਵਿੱਚ ਕੈਦ ਕਰ ਦਿੱਤਾ ਅਤੇ ਇਹ ਮਨਾਦੀ ਕਰਵਾ ਦਿੱਤੀ ਕਿ ਜੋ ਸਰਕਾਰ ਦੇ ਬਾਗੀ ਗੁਰੂ ਗੋਬਿੰਦ ਸਿੰਘ ਦੇ ਇਨ੍ਹਾਂ ਬੱਚਿਆਂ ਅਤੇ ਮਾਤਾ ਨਾਲ ਕਿਸੇ ਤਰ੍ਹਾਂ ਦੀ ਵੀ ਹਮਦਰਦੀ ਵਿਖਾ ਕੇ ਉਨ੍ਹਾਂ ਦੀ ਸਹਾਇਤਾ ਕਰੇਗਾ ਜਾਂ ਭੋਜਨ ਛਕਾਉਣ ਦੀ ਕੋਸ਼ਿਸ਼ ਕਰੇਗਾ ਉਸ ਨੂੰ ਸਰਕਾਰ ਦਾ ਮੁਲਜ਼ਮ ਸਮਝ ਕੇ ਸਖ਼ਤ ਸਜਾ ਦਿੱਤੀ ਜਾਵੇਗੀ। ਪੋਹ ਦੇ ਮਹੀਨੇ ਦੀ ਕੜਕਦੀ ਠੰਢ ਅਤੇ ਬਰਸਾਤੀ ਰਾਤੇ ਠੰਢ ਨਾਲ ਠਰੂੰ – ਠਰੂੰ ਕਰਦੇ ਬਾਲ ਦਾਦੀ ਦੀ ਹਿੱਕ ਨਾਲ ਚਿੰਬੜੇ ਅਕਾਲ ਪੁਰਖ ਦਾ ਜਾਪ ਕਰ ਰਹੇ ਸਨ। ਬਾਬਾ ਮੋਤੀ ਰਾਮ ਮਹਿਰਾ ਇਹ ਸਭ ਕੁਝ ਵੇਖ ਕੇ ਬਰਦਾਸ਼ਤ ਨਾ ਕਰ ਸਕੇ ਕਿ ਦੋ ਜਹਾਨਾਂ ਦੇ ਵਾਲੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਨਿੱਕੇ – ਨਿੱਕੇ ਬਾਲ ਅਤੇ ਬਿਰਧ ਮਾਤਾ ਭੁੱਖੇ – ਭਾਣੇ ਰਾਤ ਬਤੀਤ ਕਰਨ। ਘਰਵਾਲੀ ਨਾਲ ਵਿਚਾਰ ਕਰਕੇ ਘਰੋਂ ਦੁੱਧ ਦਾ ਗੜਵਾ ਅਤੇ ਇੱਕ ਭਾਂਡੇ ਵਿੱਚ ਜਲ ਅਤੇ ਪਹਿਰੇਦਾਰਾਂ ਨੂੰ ਰਿਸ਼ਵਤ ਦੇਣ ਲਈ ਘਰਵਾਲੀ ਦੇ ਗਹਿਣੇ ਲੈ ਕੇ ਠੰਢੇ ਬੁਰਜ਼ ਵਿੱਚ ਪੁੱਜਿਆ। ਮਾਤਾ ਜੀ ਨੇ ਸਾਹਿਬਜ਼ਾਦਿਆਂ ਨੂੰ ਦੁੱਧ ਛਕਾਇਆ ਅਤੇ ਧੰਨ – ਧੰਨ ਹੋਇਆ।

ਇਸ ਤਰ੍ਹਾਂ ਤਿੰਨ ਰਾਤਾਂ ਬਾਬਾ ਮੋਤੀ ਰਾਮ ਨੇ ਦੁੱਧ ਅਤੇ ਜਲ ਦੀ ਸੇਵਾ ਕੀਤੀ। ਇਸਲਾਮ ਧਰਮ ਕਬੂਲ ਨਾ ਕਰਨ ’ਤੇ ਨਵਾਬ ਸਰਹਿੰਦ ਨੇ ਦੋਵੇਂ ਸਾਹਿਬਜ਼ਾਦਿਆਂ ਨੂੰ ਨੀਹਾਂ ਵਿੱਚ ਚਿਣਵਾ ਕੇ ਸ਼ਹੀਦ ਕਰ ਦਿੱਤਾ। ਮਾਤਾ ਜੀ ਵੀ ਪ੍ਰਲੋਕ ਸਿਧਾਰ ਗਏ। ਦੀਵਾਨ ਟੋਡਰ ਮੱਲ ਨੇ ਨਵਾਬ ਦੀ ਸ਼ਰਤ ਕਬੂਲਦੇ ਹੋਏ ਮੋਹਰਾਂ ਖੜ੍ਹੀਆਂ ਕਰਕੇ ਦਾਹ ਸੰਸਕਾਰ ਲਈ ਥਾਂ ਦਾ ਮੁੱਲ ਤਾਰਿਆ ਅਤੇ ਸਸਕਾਰ ਕੀਤਾ। ਨਵਾਬ ਨੂੰ ਜਦੋਂ ਪਤਾ ਲੱਗਾ ਕਿ ਬਾਬਾ ਮੋਤੀ ਰਾਮ ਮਹਿਰਾ ਨੇ ਸਾਹਿਬਜ਼ਾਦਿਆਂ ਅਤੇ ਮਾਤਾ ਗੁਜਰੀ ਜੀ ਦੀ ਦੁੱਧ ਨਾਲ ਸੇਵਾ ਕੀਤੀ ਸੀ ਅਤੇ ਦਾਹ ਸੰਸਕਾਰ ਲਈ ਲੱਕੜਾਂ ਲਿਆਉਣ ਹਿੱਤ ਵੀ ਦੀਵਾਨ ਟੋਡਰ ਮੱਲ ਦੀ ਮਦਦ ਕੀਤੀ ਹੈ, ਤਾਂ ਉਸ ਨੇ ਬਾਬਾ ਮੋਤੀ ਰਾਮ ਮਹਿਰਾ ਨੂੰ ਸਮੇਤ ਪਰਿਵਾਰ ਕੋਹਲੂ ਵਿੱਚ ਪਿੜਵਾ ਦਿੱਤਾ।

ਇਸ ਮਹਾਨ ਸ਼ਹੀਦ ਦੀ ਯਾਦਗਾਰ ਪਹਿਲਾਂ ਠੰਡੇ ਬੁਰਜ ਦੇ ਕੋਲ ਸੀ। ਫਿਰ ਇਸ ਨੂੰ ਬਣਾਉਣ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਮੇਨ ਗੁਰਦੁਆਰਾ ਸਾਹਿਬ ਤੋਂ ਥੋੜ੍ਹੀ ਦੂਰ ਰੋਜ਼ਾ ਸ਼ਰੀਫ ਦੇ ਸਾਹਮਣੇ ਹਜ਼ਾਰ ਵਰਗ ਗਜ਼ ਦਾ ਪਲਾਟ ਦੇ ਦਿੱਤਾ, ਜਿਸ ਦੀ ਉਸਾਰੀ ਬਾਬਾ ਮੋਤੀ ਰਾਮ ਮਹਿਰਾ ਚੈਰੀਟੇਬਲ ਟਰਸਟ ਵੱਲੋਂ ਕੀਤੀ ਗਈ। ਸਿੱਖ ਇਤਿਹਾਸ ਵਿੱਚ ਭਾਈ ਮੋਤੀ ਰਾਮ ਮਹਿਰਾ ਦੀ ਕੁਰਬਾਨੀ ਸਿੱਖੀ ਪ੍ਰਤੀ ਸ਼ਰਧਾ ਦੀ ਅਨੂਠੀ ਮਿਸਾਲ ਹੈ।

ਨਿੱਕੀਆਂ ਜਿੰਦਾਂ ਵੱਡੇ ਸਾਕੇ: ‘ਸਾਕਾ ਸਰਹਿੰਦ’

0

ਨਿੱਕੀਆਂ ਜਿੰਦਾਂ ਵੱਡੇ ਸਾਕੇ: ‘ਸਾਕਾ ਸਰਹਿੰਦ’

ਡਾ. ਅਮਨਦੀਪ ਸਿੰਘ ਟੱਲੇਵਾਲੀਆ-98146-99446

ਮਾਂ ਲਈ ਸਭ ਤੋਂ ਵੱਡੀ ਚੀਜ਼ ਹੁੰਦੀ ਹੈ ਉਸ ਦੀ ਗੋਦੀ ਵਿੱਚ ਪੁੱਤਰ ਦਾ ਖੇਡਣਾ। ਇਸ ਦਾਤ ਨੂੰ ਪ੍ਰਾਪਤ ਕਰਨ ਲਈ ਮਾਵਾਂ ਲੱਖਾਂ ਜਫ਼ਰ ਜਾਲਦੀਆਂ ਹਨ:- ‘ਤੀਰਥ-ਤੀਰਥ ਖੈਰ ਮੰਗਾਵੇ, ਗੁੱਗੇ ਤੇ ਮੜ੍ਹੀਆਂ ਪੂਜਵਾਵੇ। ਸਿਵਿਆਂ ਉਤੇ ਮਾਸ ਰੰਡ੍ਹਾਵੇ, ਅਣਹੋਈਆਂ ਗੱਲਾਂ ਕਰਵਾਵੇ। ਪੁੱਤਰ ਜਿਹਾ ਨਾ ਮੇਵਾ ਡਿੱਠਾ, ਜਿਤਨਾ ਕੱਚਾ ਉਤਨਾ ਹੀ ਮਿੱਠਾ।’

ਪਰ ਧੰਨ ਨੇ ਉਹ ਮਾਵਾਂ ਜਿਹੜੀਆਂ ਆਪਣੇ ਪੁੱਤਰਾਂ ਦੇ ਟੋਟੇ-ਟੋਟੇ ਕਰਵਾ ਕੇ ਝੋਲੀ ਪਵਾਉਂਦੀਆਂ ਹਨ, ਹੱਥੀਂ ਆਪਣੇ ਪੁੱਤਰਾਂ ਨੂੰ ਸ਼ਹੀਦ ਹੋਣ ਲਈ ਜੰਗ ਵਿੱਚ ਤੋਰਦੀਆਂ ਹਨ ਪਰ ਫਿਰ ਵੀ ਅੱਖਾਂ ’ਚੋਂ ਹੰਝੂ ਨਹੀਂ ਕੇਰਦੀਆਂ। ਧੰਨ ਹੈ ਉਹ ਪਿਤਾ ਜਿਹੜਾ ਅੱਖਾਂ ਸਾਹਮਣੇ ਆਪਣੇ ਪੁੱਤਰਾਂ ਨੂੰ ਸ਼ਹੀਦ ਹੁੰਦੇ ਵੇਖ ਕੇ ਵੀ ਇਹੋ ਆਖਦਾ ਹੈ :- ‘‘ਇਨ ਪੁੱਤਰਨ ਕੇ ਸੀਸ ਪਰ, ਵਾਰ ਦੀਏ ਸੁਤ ਚਾਰ। ਚਾਰ ਮੂਏ ਤੋ ਕਿਆ ਹੂਆ ਜੀਵਤ ਕਈ ਹਜ਼ਾਰ।’’

ਇਹੀ ਹੈ ਇਸ ਸ਼ਹੀਦੀ ਸਾਕੇ ਦੀ ਗਾਥਾ ਜਿਸ ਦਾ ਅੱਖਰ-ਅੱਖਰ ਇਸ ਗੱਲ ਦੀ ਗਵਾਹੀ ਭਰਦਾ ਹੈ ਕਿ ‘ਜ਼ੁਲਮ ਸਾਹਮਣੇ ਸੀਸ ਝੁਕਾਉਣਾ ਅਣਖੀ ਲੋਕਾਂ ਦਾ ਕੰਮ ਨਹੀਂ ਅਤੇ ਨਾਲ ਹੀ ਇਹ ਸਾਕਾ ਇਸ ਗੱਲ ਦਾ ਪ੍ਰਤੀਕ ਹੈ ਕਿ ਮੌਤ ਨੂੰ ਅਤੇ ਉਮਰ ਨੂੰ ਮਾਪਣ ਦੀ ਕੋਈ ਜ਼ਰੂਰਤ ਨਹੀਂ ਰਹਿ ਜਾਂਦੀ ਜਦੋਂ ਕੋਈ ਮੌਤ ‘ਸੁੱਤੇ ਹੋਏ ਲੋਕਾਂ ਨੂੰ ਜਗਾਉਣ ਲਈ’ ਜਾਂ ‘ਜ਼ੁਲਮ ਰਾਜ ਦੇ ਤਖ਼ਤਾਂ-ਤਾਜਾਂ ਨੂੰ ਹਿਲਾਉਣ ਲਈ ਹੋਈ ਹੋਵੇ।’

ਇਹ ਵੀ ਇੱਕ ਸਚਾਈ ਹੈ ਕਿ ਜਿਹੜੇ ਇਨਸਾਨ ਇਤਿਹਾਸ ਤੋਂ ਕੁੱਝ ਸਿਖਦੇ ਨਹੀਂ, ਉਹ ਹੀ ਇਤਿਹਾਸ ਨੂੰ ਦੁਹਰਾਉਣ ਦੇ ਜ਼ਿੰਮੇਵਾਰ ਹੁੰਦੇ ਹਨ। ਜਿਵੇਂ ਕਰਬਲਾ ਵਿੱਚ ਹਜ਼ਰਤ ਅਲੀ ਦੇ ਪੁੱਤਰਾਂ (ਹਸਨ, ਹੁਸੈਨ) ਨੂੰ ਸਮੇਂ ਦੇ ਹਾਕਮਾਂ ਨੇ ਮੌਤ ਦੇ ਘਾਟ ਉਤਾਰ ਦਿੱਤਾ ਸੀ, ਉਸੇ ਤਰ੍ਹਾਂ ਜੇ ਵਜ਼ੀਰ ਖਾਨ ਨੇ ਉਸ ਸਾਕੇ ਤੋਂ ਕੁੱਝ ਸਿੱਖਿਆ ਹੁੰਦਾ ਤਾਂ ਉਹ ਅਜਿਹੀ ਸਥਿਤੀ ਨੂੰ ਦੁਬਾਰਾ ਦੁਹਰਾਉਣ ਦੀ ਜੁਰਅਤ ਨਾ ਕਰਦਾ।

ਹਥਲੇ ਲੇਖ ਦਾ ਵਿਸ਼ਾ ‘ਨਿੱਕੀਆਂ ਜਿੰਦਾਂ’ ਭਾਵ ਗੁਰੂ ਗੋਬਿੰਦ ਸਾਹਿਬ ਜੀ ਦੇ ਲਾਲਾਂ ਨਾਲ ਸਬੰਧਿਤ ਸਾਕਾ ਹੈ ਜਿਨ੍ਹਾਂ ਵਿੱਚੋਂ ‘ਸਾਹਿਬਜਾਦਾ ਜੋਰਾਵਰ ਸਿੰਘ’ ਜੀ ਦਾ ਜਨਮ 1696 ਈ. ’ਚ ਤੇ ‘ਸਾਹਿਬਜਾਦਾ ਫਤਿਹ ਸਿੰਘ’ ਜੀ ਦਾ ਜਨਮ 1699 ਈ. ਵਿੱਚ ਅਨੰਦਪੁਰ ਸਾਹਿਬ ਦੀ ਧਰਤੀ ਤੇ ਦਸਮੇਸ਼ ਪਿਤਾ ‘ਗੁਰੂ ਗੋਬਿੰਦ ਸਿੰਘ ਸਾਹਿਬ’ ਜੀ ਦੇ ਘਰ ਹੋਇਆ।

‘ਸਾਕਾ ਸਰਹਿੰਦ’ ਕਿਉਂ ਵਾਪਰਿਆ ? ਅਨੰਦਪੁਰ ਸਾਹਿਬ ਦੀ ਲੜਾਈ ਜੋ ਇਤਿਹਾਸਕਾਰਾਂ ਅਨੁਸਾਰ ਮਈ 1704 ਈ: (ਸੰਮਤ 1761) ਨੂੰ ਸ਼ੁਰੂ ਹੋਈ ਸੀ ਲਗਾਤਾਰ ਸੱਤ ਮਹੀਨੇ ਚੱਲਦੀ ਰਹੀ ਕਿਲੇ ਦੇ ਅੰਦਰ ਸਿੰਘਾਂ ਕੋਲ ਰਾਸ਼ਨ ਪਾਣੀ ਮੁੱਕ ਗਿਆ ਅਤੇ ਉਧਰ ਪਹਾੜੀ ਰਾਜਿਆਂ ਦੀਆਂ ਅਤੇ ਮੁਸਲਮਾਨੀ ਫੌਜਾਂ ਵੀਹੋਰ ਬਹੁਤਾ ਚਿਰ ਲੜਨ ਦੇ ਸਮਰੱਥ ਨਹੀਂ ਸਨ। ਇਸ ਕਰਕੇ ਮੁਸਲਮਾਨਾਂ ਨੇ ਕੁਰਾਨ ਦੀਆਂ ਅਤੇ ਪਹਾੜੀ ਰਾਜਿਆਂ ਨੇ ਗਊਆਂ ਦੀਆਂ ਝੂਠੀਆਂ ਸਹੁੰਆਂ ਖਾ ਕੇ ਗੁਰੂ ਜੀ ਕੋਲੋਂ ਅਨੰਦਪੁਰ ਦਾ ਕਿਲ੍ਹਾ ਖਾਲੀ ਕਰਵਾ ਲਿਆ ਅਤੇ ਕਿਹਾ ਕਿ ਉਹ ਮੁੜ ਕੇ ਵਾਰ ਨਹੀਂ ਕਰਨਗੇ ਪਰ ਗੁਰੂ ਗੋਬਿੰਦ ਸਿੰਘ ਜੀ ਜਾਣਦੇ ਸਨ ਕਿ ਇਹ ਮੱਕਾਰ, ਚਾਲਬਾਜ ਲੋਕ ਕਦੇ ਵੀ ਆਪਣੀ ਆਖੀ ਗੱਲ ਤੋਂ ਮੁਕਰ ਸਕਦੇ ਹਨ। ਪਰ ਮਾਤਾ ਗੁਜਰੀ ਜੀ ਅਤੇ ਕੁੱਝ ਸਿੰਘਾਂ ਦੇ ਕਹਿਣ ’ਤੇ ਗੁਰੂ ਜੀ ਨੇ ਕਿਲ੍ਹਾ ਛੱਡ ਦਿੱਤਾ ਅਤੇ ਰੋਪੜ ਦੇ ਇਲਾਕੇ ਵੱਲ ਨੂੰ ਵਧਣਾ ਸ਼ੁਰੂ ਕਰ ਦਿੱਤਾ। ਅਜੇ ਗੁਰੂ ਜੀ ਦਾ ਵਹੀਰ ਸਰਸਾ ਨਦੀ ਕੰਢੇ ਹੀ ਪਹੁੰਚਿਆ ਸੀ ਕਿ ਪਿੱਛੋਂ ਆ ਰਹੀ ਦੁਸ਼ਮਣ ਦੀ ਫੌਜ਼ ਨੇ ਮੁੜ ਹਮਲਾ ਕਰ ਦਿੱਤਾ। ਸਰਸਾ ਨਦੀ ਵਿੱਚ ਉਸ ਵੇਲੇ ਹੜ੍ਹ ਆਇਆ ਹੋਇਆ ਸੀ। ਇਸ ਸਥਾਨ ’ਤੇ ਲਹੂ ਡੋਲਵੀਂ ਟੱਕਰ ਸ਼ੁਰੂ ਹੋਈ। ਬਹੁਤਾ ਕੀਮਤੀ ਇਤਿਹਾਸ ਸਰਸਾ ਨਦੀ ਵਿੱਚ ਰੁੜ ਗਿਆ। ਇਸੇ ਹੀ ਸਥਾਨ ’ਤੇ ਗੁਰੂ ਜੀ ਦਾ ਪਰਿਵਾਰ ਖੇਰੂੰ-ਖੇਰੂੰ ਹੋ ਗਿਆ, ਵੱਡੇ ਸਾਹਿਬਜ਼ਾਦੇ, ਪਿਤਾ ਗੁਰੂ ਗੋਬਿੰਦ ਸਿੰਘ ਜੀਸਮੇਤ ਕੁੱਝ ਸਿੰਘਾਂ ਦੇ ਨਾਲ ਚਮਕੌਰ ਸਾਹਿਬ ਵੱਲ ਨੂੰ ਚਲੇ ਗਏ, ਛੋਟੇ ਸਾਹਿਬਜ਼ਾਦੇ ਅਤੇ ਬਿਰਧ ਮਾਂ ਗੁਜਰੀ ਜੀ ਇਕੱਲੇ ਰਹਿ ਗਏ। ਪੋਹ ਦੀ ਰੁੱਤ, ਕਹਿਰਾਂ ਦੀ ਸਰਦੀ ਦੋ ਛੋਟੇ ਛੋਟੇ ਬਾਲ ਦਾਦੀ ਦੀ ਉਂਗਲੀ ਫੜ ਕੇ ਜੰਗਲਾਂ ਵਿੱਚ ਦੀ ਹੁੰਦੇ ਹੋਏ ਹਨੇਰੇ ਨੂੰ ਚੀਰਦੇ ਆਪਣੀ ਜ਼ਿੰਦਗੀ ਦੇ ਔਕੜਾਂ ਭਰੇ ਸਫ਼ਰ ਨੂੰ ਤਹਿ ਕਰ ਰਹੇ ਸਨ। ਇੰਝ ਤੁਰਦੇ-ਤੁਰਦੇ ਗੰਗੂ ਬ੍ਰਾਹਮਣ, ਜੋ ਕਿ ਗੁਰੂ ਘਰ ਦਾ ਰਸੋਈਆ ਸੀ ਆਪਣੇ ਪਿੰਡ ਸਹੇੜੀ ਲੈ ਗਿਆ। ਦੂਸਰੇ ਦਿਨ ਬੱਚਿਆਂ ਦੀ ਗ੍ਰਿਫਤਾਰੀ ਲਈ ਰੱਖੇ ਗਏ ਬੇਸ਼ੁਮਾਰ ਕੀਮਤੀ ਇਨਾਮ ਨੇ ਗੰਗੂ ਬ੍ਰਾਹਮਣ ਦੇ ਮਨ ਵਿੱਚ ਲਾਲਚ ਪੈਦਾ ਕਰ ਦਿੱਤਾ। ਲਾਲਸਾ ਕਾਰਨ ਅੰਨ੍ਹੇ ਹੋਏ ਗੰਗੂ ਬ੍ਰਾਹਮਣ ਨੇ ਗੁਰੂ ਘਰ ਦੀ 25 ਸਾਲ ਰਸੋਈ ਦੀ ਸੇਵਾ ਕਰਦਿਆਂ ਪ੍ਰਾਪਤ ਕੀਤੀ ਮਾਇਆ (ਅਹਿਸਾਨ) ਨੂੰ ਭੁਲਾ ਕੇ ਹੋਰ ਇਨਾਮੀ ਰਾਸੀ ਦੀ ਪ੍ਰਾਪਤੀ ਲਈ ਉਸ ਨੇ ਮਾਸੂਮ ਬੱਚਿਆਂ ਤੇ ਬਿਰਧਦਾਦੀ ਮਾਤਾ ਦੀ ਸੂਚਨਾ ਕਿ ਉਹ ਮੇਰੇ ਘਰ ਵਿੱਚ ਹਨ, ਸਹੇੜੀ ਦੇ ਚੌਧਰੀ ਨੂੰ ਜਾ ਦਿੱਤੀ ਜਿਸ ਉਪਰੰਤ ਚੌਧਰੀ ਅਤੇ ਗੰਗੂ ਨੇ ਇਸ ਗੱਲ ਦੀ ਇਤਲਾਹ ਮੋਰਿੰਡੇ ਦੇ ਰੰਘੜ ਕੋਲ ਕਰ ਦਿੱਤੀ, ਕਿਉਂਕਿ ਉਹ ਦੋਨੋ ਵੀ ਚਾਹੁੰਦੇ ਸਨ ਕਿ ਗੁਰੂ ਗੋਬਿੰਦ ਸਿੰਘ ਜੀ ਦੇ ਬੱਚਿਆਂ ਅਤੇ ਦਾਦੀ ਮਾਤਾ ਨੂੰ ਵਜ਼ੀਰ ਖਾਨ ਕੋਲ ਫੜਾ ਕੇ ਉਹ ਬਹੁਤ ਵੱਡਾ ਇਨਾਮ ਪ੍ਰਾਪਤ ਕਰ ਲੈਣਗੇ।

ਇੱਥੇ ਇਹ ਧਾਰਨਾ ਕਿ ਮਾਤਾ ਜੀ ਕੋਲ ਕੀਮਤੀ ਸੋਨਾ ਤੇ ਹੀਰੇ ਸਨ, ਜਿਸ ਲਾਲਚ ਕਾਰਨ ਗੰਗੂ ਪਾਪੀ ਬਣਿਆ, ਬਿਲਕੁਲ ਹੀ ਅਧਾਰਹੀਣ ਤੇ ਗੁਰਮਤਿ ਵਿਰੋਧੀਜਾਪਦੀ ਹੈ ਕਿਉਂਕਿ ਦਾਦੀ ਮਾਤਾ ਜੀ ਦੀ ਪ੍ਰੇਰਨਾ ਸਦਕਾ ਹੀ ਨਾਬਾਲਕ ਗੁਰੂ ਗੋਬਿੰਦ ਸਾਹਿਬ ਜੀ ਨੇ ਛੋਟੀ ਉਮਰ ’ਚ ਆਪਣੇ ਕੀਮਤੀ ਕੰਗਣ (ਮੁੰਦਰੀ) ਪਟਨਾ (ਬਿਹਾਰ) ਵਿਖੇ ਨਦੀ ’ਚ ਸੁੱਟਿਆ ਸੀ ਜਦ ਉਹ ਬੱਚਿਆਂ ਨਾਲ ਖੇਲਦਿਆਂ ਇੱਕ ਸੋਨੇ ਦੀ ਮੁੰਦਰੀ ਬਾਰੇ ਆਪਣੇ ਸਾਥੀਆਂ ਨੂੰ ਸਮਝਾ ਰਹੇ ਸੀ ਕਿ ਨਦੀ ’ਚ ਇੱਥੇ ਡਿੱਗੀ ਹੈ। ਉਹੀ ਦਾਦੀ ਮਾਤਾ ਆਪ ਇਤਨੇ ਸੰਕਟਮਈ ਸਮੇਂ ’ਚ ਸੋਨਾ, ਹੀਰੇ ਆਦਿ ਦੀ ਪੋਟਲੀ ਨਾਲ ਲੈ ਕੇ ਚਲੀ ਹੋਈ ਸੀ, ਬਾਰੇ ਧਾਰਨਾ ਮਾਤਾ ਜੀ ਦੀ ਸ਼ਖ਼ਸੀਅਤ ਨੂੰ ਗ਼ਲਤ ਰੰਗਤ ਦੇਣ ਦਾ ਪ੍ਰਤੀਕ ਜਾਪਦੀ ਹੈ।

ਉਧਰ ਗੰਗੂ ਵੀ ਜਾਤ ਦਾ ਬ੍ਰਾਹਮਣ ਸੀ ਜੋ ਕਿ ਅਜਿਹੀ ਮਾਨਸਿਕਤਾ ਵਿੱਚ ਪਲਿਆ ਹੋਇਆ ਸੀ ਜਿੱਥੇ ਮਜ਼ਲੂਮਾਂ ਅਤੇ ਬੇਕਸੂਰ ਲੋਕਾਂ ਦੀ ਮਜ਼ਬੂਰੀ ਦਾ ਨਜਾਇਜ਼ ਫਾਇਦਾ ਉਠਾਇਆ ਜਾਂਦਾ ਹੈ। ਉਨ੍ਹਾਂ ਤਿੰਨਾਂ (ਚੌਧਰੀ, ਗੰਗੂ ਤੇ ਰੰਘੜ) ਨੇ ਮਿਲ ਕੇ ਸਾਹਿਬਜ਼ਾਦਿਆਂ ਨੂੰ ਵਜ਼ੀਰ ਖਾਨ ਦੇ ਬੰਦੀ ਬਣਾ ਦਿੱਤਾ। ਸਾਹਿਬਜ਼ਾਦਿਆਂ ਨੂੰ ਦਾਦੀ ਜੀ ਸਮੇਤ ਇੱਕ ਰਾਤ ਠੰਡੇ ਬੁਰਜ ਵਿੱਚ ਰੱਖਿਆ ਗਿਆ, ਉਹ ਬੁਰਜ ਜਿਸ ਨੂੰ ਸਿੱਖ ਇਤਿਹਾਸ ਵਿੱਚ ‘ਚੰਡਾਲ ਬੁਰਜ’ ਦੇ ਨਾਂ ਨਾਲ ਜਾਣਿਆ ਜਾਂਦਾ ਹੈ, ਜਿਸ ਦੇ ਚਾਰ ਥੰਮ ਸਨ, ਨਾ ਉੱਪਰ ਕੋਈ ਛੱਤ ਸੀ, ਲੋਹੇ ਦੇ ਸਰੀਏ ਵਾਲੇ ਵੱਡੇ ਵੱਡੇ ਦਰਵਾਜ਼ੇ ਸਨ। ਪੋਹ ਦੀ ਠੰਡੀ ਹਵਾ ਕਲੇਜਿਆਂ ਨੂੰ ਚੀਰਕੇ ਲੰਘ ਰਹੀ ਸੀ ਪਰ ਸਿਦਕ ਦੇ ਪੱਕੇ ਸ਼ਹੀਦ ਦਾਦੇ ਦੇ ਪੋਤੇ ਆਪਣੀ ਦਾਦੀ ਮਾਂ ਦੀ ਨਿੱਘੀ ਬੁੱਕਲ ਦਾ ਅਨੰਦ ਮਾਣ ਰਹੇ ਸਨ। ਮਖ਼ਮਲਾਂ ’ਤੇ ਸੌਣ ਵਾਲੇ, ਛੱਤੀ ਪ੍ਰਕਾਰ ਦੇ ਭੋਜਨ ਖਾਣ ਵਾਲੇ ਅੱਜ ਭੁੱਖਣ-ਭਾਣੇ ਠੰਡੇ ਬੁਰਜ ਵਿੱਚ ਬੈਠੇ ਦਾਦੀ ਮਾਂ ਦੀਆਂ ਕਹਾਣੀਆਂ (ਆਪ-ਬੀਤੀਆਂ) ਸੁਣ ਰਹੇ ਸਨ, ਇਹ ਵਾਰਤਾਲਾਪ ਕੋਈ ਕਾਲਪਨਿਕ ’ਤੇ ਆਧਾਰਿਤ ਨਹੀਂ ਸੀ, ਸਗੋਂ ਸੱਚ ਦੇ ਰਾਹ ’ਤੇ ਤੁਰੇ ਹੋਏ ਪਾਂਧੀਆਂ ਨੂੰ ਰਸਤੇ ਵਿੱਚ ਆਉਣ ਵਾਲੀਆਂ ਔਖਿਆਈਆਂ ਅਤੇ ਉਨ੍ਹਾਂ ਔਕੜਾਂ ਨੂੰ ਖਿੜੇ ਮੱਥੇ ਸਹਿਣ ਕਰਨ ਦਾ ਉਪਦੇਸ਼ ਦਿੰਦੀਆਂ ਸਨ। ਦਾਦੀ ਮਾਂ ਸਮਝਾ ਰਹੀ ਸੀ ਕਿ ਬੱਚਿਓ ! ਦਾਦਾ ਜੀ ਦੀ ਚਿੱਟੀ ਪੱਗ ਨੂੰ ਦਾਗ ਲੱਗਣ ਤੋਂ ਬਚਾਇਓ ਭਾਵੇਂ ਤੁਹਾਡਾ ਸੀਸ ਕੱਟ ਜਾਵੇ। ਦਾਦੀ ਮਾਂ ਦੀਆਂ ਦਿੱਤੀਆਂ ਨਸੀਹਤਾਂ ’ਤੇ ਫੁੱਲ ਚੜ੍ਹਾਉਂਦਿਆਂ ਬੱਚਿਆਂ ਨੇ ਕਿਹਾ ਸੀ ਕਿ ਸਿਰ ਦੇ ਕੇ ਸਿਦਕ ਬਚਾਵਾਂਗੇ। 24 ਦਸੰਬਰ 1704 ਈ: ਦਾ ਦਿਨ ਚੜ੍ਹਿਆ, ਠੰਡੇ ਬੁਰਜ ਵਿੱਚੋਂ ਸਾਹਿਬਜ਼ਾਦਿਆਂ ਨੂੰ ਲੈਣ ਲਈ ਸਿਪਾਹੀ ਆਏ। ਇਸ ਸਥਿਤੀ ਦਾ ਵਰਣਨ ਅੱਲਾ ਯਾਰ ਖਾਂ ਜੋਗੀ ‘ਸ਼ਹੀਦਾਨਿ ਵਫ਼ਾ’ ਵਿੱਚ ਇਸਤਰ੍ਹਾਂ ਕਰਦਾ ਹੈ :- ‘‘ਜਾਨੇ ਸੇ ਪਹਿਲੇ ਆਓ, ਗਲੇ ਸੇ ਲਗਾ ਤੋ ਲੂੰ, ਕੇਸੋਂ ਕੋ ਕੰਘੀ ਕਰੂੰ ਜਰਾ ਧੁਲਾ ਤੋ ਲੂੰ, ਪਿਆਰੇ ਸਰੋਂ ਪੇ ਨੰਨ੍ਹੀ ਸੀ, ਕਲਗੀ ਸਜਾ ਤੋ ਲੂੰ, ਮਰਨ ਸੇ ਪਹਿਲੇ ਤੁਮ ਕੋ, ਦੁਲਹਾ ਬਨਾ ਤੋ ਲੂੰ।’’

ਸਾਹਿਬਜ਼ਾਦਿਆਂ ਨੂੰ ਵਜ਼ੀਰ ਖ਼ਾਨ ਦੀ ਕਚਹਿਰੀ ਵਿੱਚ ਪੇਸ਼ ਕੀਤਾ ਗਿਆ, ਸੂਰਮਿਆਂ ਨੇ ਕਚਿਹਰੀ ਵਿੱਚ ਖਲੋ ਕੇ, ਗੱਜ ਕੇ ‘ਵਾਹਿਗੁਰੂ ਜੀ ਕਾ ਖਾਲਸਾ। ਵਾਹਿਗੁਰੂ ਜੀ ਕੀ ਫਤਹਿ।’ ਬੁਲਾਈ। ਇਹ ਦੇਖ ਕੇ ਸੂਬਾ ਕੰਬ ਉੱਠਿਆ। ਕਹਿੰਦੇ ਹਨ ਜਿਸ ਦਰਵਾਜ਼ੇ ਰਾਹੀਂ ਸਾਹਿਬਜ਼ਾਦਿਆਂ ਨੂੰ ਕਚਿਹਰੀ ਵਿੱਚ ਲਿਆਂਦਾ ਗਿਆ ਉਹ ਬਹੁਤ ਨੀਵਾਂ ਸੀ, ਤਾਂ ਕਿ ਜਦੋਂ ਉਹ ਅੰਦਰ ਵੜਣ ਤਾਂ ਉਹਨਾਂ ਦੀ ਨੀਵੀਂ ਪੈ ਜਾਵੇ ਪਰ ਅਣਖ ਨਾਲ ਜਿਉਣ ਵਾਲੇ ਸੂਰਮਿਆਂ ਦੀ ਧੌਣ ਕਾਇਰਾਂ ਸਾਹਮਣੇ ਨਹੀਂ ਝੁਕ ਸਕਦੀ।

ਸੂਬੇ ਨੇ ਸਾਹਿਬਜ਼ਾਦਿਆਂ ਨੂੰ ਧਰਮ ਤੋਂ ਡੁਲ੍ਹਾਉਣ ਦੇ ਲੱਖਾਂ ਯਤਨ ਕੀਤੇ ਤਰ੍ਹਾਂ-ਤਰ੍ਹਾਂ ਦੇ ਲਾਲਚ ਦਿੱਤੇ ਤਾਂ ਕਿ ਉਹ ਸਿੱਖ ਧਰਮ ਨੂੰ ਛੱਡ ਕੇ ਇਸਲਾਮ ਕਬੂਲ ਕਰ ਲੈਣ। ਸੂਰਜ ਪ੍ਰਕਾਸ਼ ਦੇ ਕਰਤਾ ਭਾਈ ਸੰਤੋਖ ਸਿੰਘ ਲਿਖਦੇ ਹਨ ਕਿ ਮੋਰਿੰਡੇ ਦੇ ਇੱਕ ਅਹਿਲਕਾਰ ਨੇ ਸਾਹਿਬਜ਼ਾਦਿਆਂ ਨੂੰ ਕਿਹਾ ਕਿ ਤੁਹਾਡੇ ਪਿਤਾ ਜੀ ਅਤੇ ਭਰਾ ਚਮਕੌਰ ਦੀ ਜੰਗ ਵਿੱਚ ਮਾਰੇ ਗਏ ਹਨ। ਸੋ, ਤੁਹਾਡਾ ਕੋਈ ਆਸਰਾ ਨਹੀਂ ਰਿਹਾ ਜੇਕਰ ਤੁਸੀਂ ਇਸਲਾਮ ਕਬੂਲ ਕਰ ਲਵੋ ਤਾਂ ਵਜ਼ੀਰ ਖ਼ਾਨ ਤੁਹਾਡੀ ਰੱਖਿਆ ਕਰ ਸਕਦਾ ਹੈ। ਸੂਰਜ ਪ੍ਰਕਾਸ਼ ਅਨੁਸਾਰ: ‘‘ਸਾਹਿਬਜ਼ਾਦਿਓ! ਪਿਤਾ ਤੁਹਾਰਾ ॥ ਗਢ ਚਮਕੌਰ ਘੇਰ ਗਹਿ ਮਾਰਾ॥ ਤਹਿ ਤੁਮਰੇ ਦੈ ਭ੍ਰਾਤ ਪ੍ਰਹਾਰੇ ॥ ਸੰਗੀ ਸਿੰਘ ਸਕਲ ਸੋ ਮਾਰੇ ॥’’

ਅੱਗੋਂ ਸਾਹਿਬਜ਼ਾਦਿਆਂ ਨੇ ਜੁਆਬ ਦਿੱਤਾ :- ‘‘ਸ੍ਰੀ ਸਤਿਗੁਰੂ ਜੋ ਪਿਤਾ ਹਮਾਰਾ ॥ ਜਗ ਮਹਿੰ ਕੋਨ ਸਕੇ ਤਿੰਹ ਮਾਰਾ ?॥ ਜਿੰਮ ਆਕਾਸ਼ ਕੋ ਕਿਆ ਕੋਈ ਮਾਰਹਿ ? ॥ ਕੌਨ ਅੰਧੇਰੀ ਕੋ ਨਿਰਵਾਰਹਿ ?॥’’ ਭਾਵ ਸੂਬੇ ਦੀ ਗੱਲ ਸੁਣ ਕੇ ਸਾਹਿਬਜ਼ਾਦਿਆਂ ਨੇ ਜੁਆਬ ਦਿੱਤਾ ਕਿ ਸਾਨੂੰ ਤਾਂ ਅਕਾਲ ਪੁਰਖ ਦੇ ਆਸਰੇ ਦੀ ਲੋੜ ਹੈ ਹੋਰ ਕੋਈ ਆਸਰੇ ਦੀ ਲੋੜ ਨਹੀਂ। ਸਾਹਿਬਜ਼ਾਦਿਆਂ ਨੇ ਨਿਡਰ ਹੋ ਕੇ ਕਿਹਾ ਕਿ ਵਜ਼ੀਰ ਖ਼ਾਨ ! ਸੂਰਜ ਪੂਰਬ ਨੂੰ ਛੱਡ ਕੇ ਪੱਛਮ ’ਚੋਂ ਨਿਕਲ ਸਕਦਾ, ਮੱਛੀਆਂ ਪਾਣੀ ਤੋਂ ਬਿਨਾਂ ਜਿੰਦਾ ਰਹਿ ਸਕਦੀਆਂ ਹਨ ਪਰ ਸ਼ੇਰਾਂ ਦੇ ਪੁੱਤ ਤੇਰੀਆਂ ਗਿੱਦੜ ਧਮਕੀਆਂ ਅੱਗੇ ਝੁਕ ਨਹੀਂ ਸਕਦੇ। ਸੂਬੇ ਨੂੰ ਜਦ ਕੋਈ ਗੱਲ ਰਾਹ ਪੈਂਦੀ ਨਾ ਦਿਸੀ ਤਾਂ ਉਹਨੇ ਸਾਹਿਬਜ਼ਾਦਿਆਂ ਨੂੰ ਇੱਕ ਰਾਤ ਹੋਰ ਠੰਡੇ ਬੁਰਜ ਵਿੱਚ ਰੱਖਣ ਦਾ ਹੁਕਮ ਕੀਤਾ। ਭੁੱਖੇ ਤਿਹਾਏ ਛੋਟੇ ਬੱਚੇ ਦੂਜੇ ਦਿਨ ਬੁਰਜ ’ਚ ਤਸੀਹਿਆਂ ਭਰੀ ਰਾਤ ਪਲ-ਪਲ ਕਰਕੇ ਗੁਜ਼ਾਰ ਰਹੇ ਸਨ। ਇਸ ਸਮੇਂ ਹੀ ਗੁਰੂ ਘਰ ਦਾ ਇੱਕ ਪ੍ਰੇਮੀ ਬਾਬਾ ਮੋਤੀ ਰਾਮ ਮਹਿਰਾ ਜੋ ਕਿ ਵਜ਼ੀਰ ਖਾਨ ਦੇ ਲੰਗਰ ਵਿੱਚ ਨੌਕਰੀ ਕਰਦਾ ਸੀ, ਦੁੱਧ ਦੀ ਗੜਬੀ ਲੈ ਕੇ ਬੁਰਜ ਵਿੱਚ ਪਹੁੰਚਿਆ, ਰਸਤੇ ਵਿੱਚ ਕਿਸੇ ਪਹਿਰੇਦਾਰ ਨੇ ਬਾਬਾ ਜੀ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਉਹਨਾਂ ਨੂੰ ਮੋਹਰਾਂ ਅਤੇ ਪੈਸੇ ਵੀ ਦੇਣੇ ਪਏ। ਮਾਤਾ ਗੁਜਰੀ ਜੀ ਨੇ ਦੁੱਧ ਪੋਤਿਆਂ ਨੂੰ ਛਕਾਇਆ ਅਤੇ ਮੋਤੀ ਮਹਿਰੇ ਦਾ ਧੰਨਵਾਦ ਕੀਤਾ :- ‘‘ਪਿਖ ਕੇ ਪ੍ਰੇਮ ਸੂ ਮੋਤੀ ਕੇਰਾ, ਮਾਤਾ ਕਹਯੋ ਭਲਾ ਹੋਵੈ ਤੇਰਾ॥’’

ਸਾਹਿਬਜ਼ਾਦਿਆਂ ਦੀ ਦੂਸਰੀ ਪੇਸ਼ੀ 25 ਦਸੰਬਰ 1704 ਈ. ਨੂੰ ਹੋਈ। ਜਦੋਂ ਸਿਪਾਹੀ ਬੱਚਿਆਂ ਨੂੰ ਲੈਣ ਆਏ ਤਾਂ ਦਾਦੀ ਮਾਂ ਨੇ ਲਾਲ ਦੇ ਲਾਲਾਂ ਦੇ ਮੁੱਖ ਚੁੰਮੇ ਅਤੇ ਉਨ੍ਹਾਂ ਨੂੰ ਸਿਦਕ ਦੇ ਪੱਕੇ ਰਹਿਣ ਦੀ ਪ੍ਰੇਰਨਾ ਦਿੱਤੀ। ਸਾਹਿਬਜ਼ਾਦਿਆਂ ਨੇ ਕਚਿਹਰੀ ਵਿੱਚ ਜਾ ਕੇ ਗੱਜ ਕੇ ਫ਼ਤਿਹ ਫਿਰ ਬੁਲਾਈ। ਸੂਬੇ ਨੇ ਫਿਰ ਉਹੀ ਇਸਲਾਮ ਕਬੂਲ ਕਰਨ ਦੀ ਪੇਸ਼ਕਾਰੀ ਕੀਤੀ ਪਰ ਸਾਹਿਬਜ਼ਾਦਿਆਂ ਨੇ ਇਸ ਪੇਸ਼ਕਾਰੀ ਨੂੰ ਠੁਕਰਾ ਦਿੱਤਾ। ਵਜ਼ੀਰ ਖਾਨ ਨੇ ਬੱਚਿਆਂ ਤੋਂ ਪੁੱਛਿਆ ਕਿ ਜੇਕਰ ਤੁਹਾਨੂੰ ਛੱਡ ਦਿੱਤਾ ਜਾਵੇ ਤਾਂ ਤੁਸੀਂ ਕੀ ਕਰੋਗੇ, ਤਾਂ ਉਨ੍ਹਾਂ ਜਵਾਬ ਦਿੱਤਾ ਕਿ ਉਹ ਆਪਣੇ ਪਿਤਾ ਜੀ ਵਾਂਗ ਇੱਕ ਸ਼ੇਰਾਂ ਦੀ ਫੌਜ਼ ਤਿਆਰ ਕਰਨਗੇ ਅਤੇ ਤੇਰੇ ਵਰਗੇ ਗਿੱਦੜਾਂ ਦੇ ਤਖ਼ਤ ਤਾਜ਼ ਹਿਲਾ ਕੇ ਰੱਖ ਦੇਣਗੇ। ਸੂਬੇ ਨੇ ਆਪਣੀ ਹਾਰ ਨੂੰ ਛੁਪਾਉਣ ਲਈ ਕਾਜ਼ੀ ਕੋਲੋਂ ਫ਼ਤਵਾ ਲਵਾਇਆ, ਕਾਜ਼ੀ ਨੇ ਸ਼ਰ੍ਹਾ ਦੀ ਕਿਤਾਬ ਫੋਲਦਿਆਂ ਕਿਹਾ ਕਿ ਇਨ੍ਹਾਂ ਬਾਗੀ ਦੇ ਪੁੱਤਰਾਂ ਨੂੰ ਜਿਉਂਦਿਆਂ ਨੂੰ ਨੀਹਾਂ ਵਿੱਚ ਚਿਣ ਦੇਣਾ ਚਾਹੀਦਾ ਹੈ। ਇਹ ਉਹ ਕੁਲਿਹਣੀ ਘੜੀ ਸੀ ਜਿਸ ਨੂੰ ਸੁਣ ਕੇ ਧਰਤੀ ਕੰਬੀ, ਅਸਮਾਨ ਡੋਲਿਆ, ਪੱਥਰ ਮੋਮ ਵਾਂਗ ਪਿਘਲ ਗਏ ਅਤੇ ਹਜ਼ਰਤ ਮੁਹੰਮਦ ਸਾਹਿਬ ਨੇ ਅਰਸ਼ਾਂ ’ਚੋਂ ਖੂਨ ਦੇ ਅੱਥਰੂ ਵਹਾਏ ਜਿਸ ਸਮੇਂ ਇਹ ਫ਼ੈਸਲਾ ਸੁਣਾਇਆ ਗਿਆ ਉਸ ਵੇਲੇ ਮਲੇਰਕੋਟਲੇ ਦਾ ਨਵਾਬ ਸ਼ੇਰ ਮੁਹੰਮਦ ਖ਼ਾਨ ਵੀ ਉੱਥੇ ਮੌਜੂਦ ਸੀ। ਉਹ ਉੱਠ ਖਲੋਤਾ ਤੇ ਉਹਨੇ ‘ਹਾਅ ਦਾ ਨਾਅਰਾ’ ਮਾਰਿਆ, ਵਜ਼ੀਰ ਖ਼ਾਨ ! ਬੱਚਿਆਂ ਉੱਤੇ ਜ਼ੁਲਮ ਕਰਨਾ ਬਹੁਤ ਵੱਡਾ ਪਾਪ ਹੈ, ਇਸਲਾਮ ਇਸ ਪਾਪ ਦੀ ਮੰਨਜ਼ੂਰੀ ਨਹੀਂ ਦਿੰਦਾ। ਇਸ ਹਾਅ ਦੇ ਨਾਅਰੇ ਨੂੰ ਸੁਣ ਕੇ ਵਜ਼ੀਰ ਖ਼ਾਨ ਦਾ ਮਨ ਕੁੱਝ ਬਦਲਿਆ ਪਰ ਕੋਲ ਬੈਠੇ ਸੁੱਚਾ ਨੰਦ ਨੇ ਭਾਨੀ ਮਾਰਦਿਆਂ ਕਿਹਾ: ‘‘ਵਜ਼ੀਰ ਖ਼ਾਨ ਇਨ੍ਹਾਂ ਬੱਚਿਆਂ ਨੂੰ ਜਿਉਂਦੇ ਛੱਡ ਕੇ ਤੂੰ ਸੁੱਖ ਦੀ ਨੀਂਦ ਨਹੀਂ ਸੌਂ ਸਕਦਾ ਕਿਉਂਕਿ ਦੁਸ਼ਮਣ ਨੂੰ ਅਤੇ ਸੱਪ ਨੂੰ ਭੁੱਲ ਜਾਣਾ ਬਹੁਤ ਵੱਡੀ ਗਲਤੀ ਹੁੰਦੀ ਹੈ।’’ ਬੱਸ ਫਿਰ ਕੀ ਸੀ, ਉਹ ਅੰਤਿਮ ਘੜੀ ਆ ਗਈ ਜਦ ਸਾਹਿਬਜ਼ਾਦਿਆਂ ਨੂੰ ਜਿਉਂਦਿਆਂ ਨੀਹਾਂ ਵਿੱਚਚਿਣ ਦਿੱਤਾ ਗਿਆ। ਜਦ ਕੰਧ ਮੁਕੰਬਲ ਹੋ ਗਈ ਤਾਂ ਇੱਟਾਂ ਦਾ ਇਹ ਢਾਂਚਾ ਇੱਕ ਕੁਦਰਤੀ ਸ਼ਕਤੀ ਨਾਲ ਧੜੰਮ ਡਿੱਗ ਪਿਆ ਤੇ ਸਾਹਿਬਜ਼ਾਦਿਆਂ ਨੂੰ ਬੇਹੋਸ਼ੀ ਦੀ ਹਾਲਤ ਵਿੱਚ ਪਾਇਆ ਗਿਆ ਜਿੱਥੇ ਬੱਚੇ ਮੁੜ ਹੋਸ਼ ’ਚ ਨਾ ਆਏ।

ਕੁਝ ਇਤਿਹਾਸਕਾਰਾਂ ਅਨੁਸਾਰ ਤੀਜ਼ੀ ਪੇਸ਼ੀ 26 ਦਸੰਬਰ ਨੂੰ ਅਤੇ ਕੁੱਝ ਮੁਤਾਬਿਕ 27 ਦਸੰਬਰ 1704 ਈ. ਨੂੰ ਵੀ ਹੋਈ। ਇਸਲਾਮ ਧਾਰਨ ਕਰਨ ਦੀ ਰਟ ਮੁੜ ਦੁਹਰਾਈ ਗਈ ਪਰ ਸਾਹਿਬਜ਼ਾਦਿਆਂ ਨੇ ਸਿਦਕ ਦੇ ਪੱਕੇ ਰਹਿਣ ਦਾ ਪ੍ਰਣ ਦੁਹਰਾਇਆ।

ਕੁੱਝ ਇਤਿਹਾਸਕਾਰਾਂ ਅਨੁਸਾਰ ਕੰਧ ਡਿੱਗਣ ਉਪਰੰਤ ਬੱਚੇ ਜੀਵਤ ਤੇ ਬੇਹੋਸ਼ੀ ਦੀ ਹਾਲਤ ’ਚ ਸਨ ਜਿਸ ਕਾਰਨ ਤਲਵਾਰ ਨਾਲ ਉਨ੍ਹਾਂ ਦਾ ਸਿਰ, ਧੜ ਨਾਲੋਂ ਅਲੱਗ ਕੀਤਾ ਗਿਆ ਇਹ ਫਤਵਾ ਵੀ ਦੂਸਰੇ (ਅਗਲੇ) ਦਿਨ ਬੱਚਿਆਂ ਨੂੰ ਕਚਿਹਰੀ ’ਚ ਪੇਸ਼ ਕਰਨ ਉਪਰੰਤ ਦੁਬਾਰਾ ਲਿਆ ਗਿਆ ਜਿਵੇਂ ਕਿ ‘ਪੰਥ ਪ੍ਰਕਾਸ਼’ ਦੇ ਕਰਤਾ ਗਿਆਨੀ ਗਿਆਨ ਸਿੰਘ ਜੀ ਲਿਖਦੇ ਹਨ:- ‘ਸ਼ਾਸ਼ਲ ਬੇਗ ਅਰ ਬਾਸ਼ਲ ਬੇਗ। ਉਭੈ ਜਲਾਦਨ ਖਿਚ ਕੈ ਤੇਗ । ਤਿਸਹੀ ਠਉਰ ਖਰਿਓ ਕੈ ਸੀਸ। ਤੁਰਤ ਉਤਾਰੇ ਦੁਸ਼ਟੈਂ ਰੀਸ। ਤੇਰਾਂ ਪੋਹ ਥਾ ਮੰਗਲਵਾਰ। ਮਚਿਓ ਸ਼ਹਿਰ ਮੇਂ ਹਾਹਾਕਾਰ॥’ ਭਾਵ ਸੂਬੇ ਨੇ ਆਪਣਾ ਆਖਰੀ ਫ਼ੈਸਲਾ ਦਿੱਤਾ ਕਿ, ‘‘ਇੰਨ੍ਹਾਂ ਬੱਚਿਆਂ ਦੇ ਸਿਰ ਕਲਮ ਕਰ ਦਿੱਤੇ ਜਾਣ’’ ਜਿਸ ’ਤੇ ਪਹਿਰਾ ਦੇਂਦਿਆਂ ਸ਼ਾਸ਼ਲ ਬੇਗ ਤੇ ਬਾਸ਼ਲ ਬੇਗ ਨਾਮੀ ਦੋ ਭਰਾਵਾਂ ਨੇ ਸਾਹਿਬਜ਼ਾਦਿਆਂ ਨੂੰ ਕੋਹ-ਕੋਹ ਕੇ ਸ਼ਹੀਦ ਕਰ ਦਿੱਤਾ।

ਖ਼ੈਰ, ਉਹ ਕਿਹੜੀ ਅੱਖ ਹੋਵੇਗੀ ਜਿਹੜੀ ਨਿਰਦੋਸ਼ ਨਾ-ਬਾਲਗ ਸਾਹਿਬਜ਼ਾਦਿਆਂ ਨੂੰ ਸ਼ਹੀਦ ਕਰਨ ਦੇ ਤਰੀਕੇ ਬਾਰੇ ਸੁਣ ਕੇ ਨਾ ਰੋਈ ਹੋਵੇਗੀ। ਇਹ ਸਪਸ਼ਟ ਹੈ ਕਿ ਸਾਹਿਬਜ਼ਾਦਿਆਂ ਦੀ ਮੌਤ ਨੀਹਾਂ ਵਿੱਚ ਦਮ ਘੁੱਟਣ ਕਰਕੇ ਹੋਈ, ਨਾ ਕਿ ਸਿਰ ਕਲਮ ਕੀਤੇ ਗਏ। ਇਸ ਤੋਂ ਉਪਰੰਤ ਬਿਰਧ ਦਾਦੀ ਮਾਤਾ ਜੀ ਨੂੰ ਵੀ ਠੰਡੇ ਬੁਰਜ ਤੋਂ ਹੇਠਾਂ ਛੁਟ ਦਿੱਤਾ ਗਿਆ ਜਿੱਥੇ ਗੰਭੀਰ ਸੱਟਾਂ ਲੱਗਣ ਕਾਰਨ ਉਨ੍ਹਾਂ ਵੀ ਪ੍ਰਾਣ ਤਿਆਗ ਦਿੱਤੇ ਕਿਉਂਕਿ ਮਾਤਾ ਜੀ ਤਿੰਨ-ਚਾਰ ਦਿਨਾਂ ਤੋਂ ਭੁੱਖਣ-ਭਾਣੇ ਠੰਢੇ ਬੁਰਜ ਵਿੱਚ ਕੈਦ ਸਨ। ਪੋਹ ਦੀ ਠੰਢੀ ਹਵਾ ਅਤੇ ਭੁੱਖ ਨੇ ਵੀ ਸਰੀਰ ਕਾਫ਼ੀ ਕਮਜ਼ੋਰ ਕਰ ਦਿੱਤਾ ਸੀ, ਪਰ ਇਹ ਧਾਰਨਾ ਕਿ ਮਾਤਾ ਜੀ ਨੇ ਗ਼ਮ ’ਚ ਖੁਦ ਬੁਰਜ ਤੋਂ ਛਾਲ ਮਾਰ ਕੇ ਆਪਣੀ ਜਾਨ ਦੇ ਦਿੱਤੀ, ਬਿਲਕੁਲ ਹੀ ਅਧਾਰਹੀਣ ਹੈ ਕਿਉਂਕਿ ਉਹ ਔਰਤ ਜੋ ਆਪਣੇ ਪਤੀ ਦੇ ਦੇਸ਼ ਕੌਮ ਤੋਂ ਕੁਰਬਾਨ ਹੋਣ ਵੇਲੇ ਨਹੀਂ ਡੋਲੀ ਅਤੇ ਜਿਸਨੇ ਆਪਣੇ ਪੋਤਿਆਂ ਨੂੰ ਹੱਥੀਂ ਸ਼ਹੀਦ ਹੋਣ ਲਈ ਤੋਰਿਆ ਉਹ ਐਨੀ ਬੁਜ਼ਦਿਲ ਨਹੀਂ ਹੋ ਸਕਦੀ ਕਿ ਬੁਰਜ ਤੋਂ ਛਾਲ ਮਾਰਕੇ ਆਤਮ ਹੱਤਿਆ ਕਰ ਲਵੇ। ਦੂਸਰਾ ਸਿੱਖ ਧਰਮ ਵਿੱਚ ਆਤਮ ਹੱਤਿਆ ਕਰਨਾ ਵਰਜਿਤ ਹੈ।

ਸਰਹਿੰਦ ਦੇ ਸ਼ਾਹੂਕਾਰ ‘ਦੀਵਾਨ ਟੋਡਰ ਮੱਲ ਜੀ’ ਨੇ ਨਵਾਬ ਵਜੀਰ ਖਾਨ ਕੋਲੋਂ ਸਾਹਿਬਜਾਦਿਆਂ ਅਤੇ ਮਾਤਾ ਜੀ ਦਾ ਸੰਸਕਾਰ ਕਰਨ ਦੀ ਤਾਂਘ ਪ੍ਰਗਟਾਈ ਤਾਂ ਨਵਾਬ ਨੇ ਆਪਣੀ ਕੂੜ-ਮਤ ਦਾ ਪ੍ਰਗਟਾਵਾ ਕਰਦੇ ਹੋਏ ਦੀਵਾਨ ਮਲ ਜੀ ਨੂੰ ਜਮੀਨ ਦਾ ਮੁੱਲ ਸੋਨੇ ਦੀਆਂ ਮੋਹਰਾਂ ਵਿਛਾ ਕੇ ਪਾਉਣ ਲਈ ਕਿਹਾ। ਦੀਵਾਨ ਸਾਹਿਬ, ਗੁਰੂ ਪਿਆਰ ਵਿੱਚ ਇੰਨੇ ਭਿੱਜੇ ਹੋਏ ਸਨ ਕਿ ਨਿਰ-ਸੰਕੋਚ ਨਵਾਬ ਦੀ ਸ਼ਰਤ ਮੰਨਦੇ ਹੋਏ ਜਮੀਨ ਦਾ ਮੁੱਲ ਪਾਇਆ ਗਿਆ । ਦੀਵਾਨ ਟੋਡਰ ਮੱਲ ਨੇ ਸੋਨੇ ਦੀਆਂ ਮੋਹਰਾਂ ਖੜੀਆ ਕਰਕੇ ਕੁੱਲ (ਤਕਰੀਬਨ) 7800 ਸੋਨੇ ਦੀਆਂ ਮੁਹਰਾਂ ਦੇ ਕੇ ਤਕਰੀਬਨ ਸਾਢੇ ਤਿੰਨ ਗੱਜ ਦੀ ਜਮੀਨ ਲਈ। ਜਿੱਥੇ ਸਾਹਿਬਜ਼ਾਦਿਆਂ ਅਤੇ ਮਾਤਾ ਜੀ ਦਾ ਸੰਸਕਾਰ ਕੀਤਾ ਗਿਆ। ਇਸ ਸਥਾਨ ਉੱਤੇ ਹੁਣ ਗੁਰਦੁਆਰਾ ਜੋਤੀ-ਸਰੂਪ ਸਾਹਿਬ (ਸਰਹੰਦ) ਸੁਸ਼ੋਭਿਤ ਹੈ।

ਇਹ ਸ਼ਹੀਦੀ ਸਾਕਾ 13 ਪੋਹ ਸੰਮਤ 1761 (1705 ਈ.) ਨੂੰ ਵਾਪਰਿਆ। ਭਾਵੇਂ ਵਜ਼ੀਰ ਖਾਨ ਨੇ ਦੋ ਚਮਕਦੇ ਹੀਰਿਆਂ ਨੂੰ ਬਿਨਾਂ ਕਸੂਰੋਂ ਮਿੱਟੀ ਵਿੱਚ ਰੋਲ ਦਿੱਤਾ ਪਰ ਉਹ ਸੂਰਮੇਂ ਤਾਂ ਅਮਰ ਹਨ। ਉਹਨਾਂ ਦੀ ਸ਼ਹੀਦੀ ਨੇ ਬੰਦੇ ਵਰਗੇ ਵੈਰਾਗੀ ਸਾਧੂਆਂ ਦੇ ਮਨ ’ਤੇ ਅਜਿਹਾ ਅਸਰ ਕੀਤਾ ਕਿ ਜਿਹੜੇ ਬੈਰਾਗੀ ਸਾਧੂ ਆਪਣੇ ਡੇਰੇ ਦੇ ਆਲੇ ਦੁਆਲੇ ਖ਼ੂਨ ਦਾ ਛਿੱਟਾ ਵੀ ਡੁਲ੍ਹਿਆ ਬਰਦਾਸ਼ਤ ਨਹੀਂ ਸਨ ਕਰਦੇ, ਉਨ੍ਹਾਂ ਗੁਰੂ ਕਿਰਪਾ (ਥਾਪੜੇ) ਨਾਲ ਇਨ੍ਹਾਂ ਮਾਸੂਮਾਂ ਦੇ ਡੁੱਲ੍ਹੇ ਹੋਏ ਖੂਨ ਨੂੰ ਦੇਖ ਕੇ ਪਾਪੀ ਕੋਲੋਂ ਬਦਲਾ ਲੈਣ ਦੀ ਪੱਕੀ ਧਾਰ ਲਈ ਅਤੇ ਸਰਹਿੰਦ ਦੀ ਇੱਟ ਨਾਲ ਇੱਟ ਖੜਕਾ ਦਿੱਤੀ।

ਇੰਨੇ ਮਹਾਨ ਸਨ ਗੁਰੂ ਕੇ ਲਾਲ ਜਿੰਨ੍ਹਾਂ ਨੇ ਸਿੱਖਾਂ ਦੇ ਸਿਰ ਉੱਤੇ ਸਦੀਵੀ ਦਸਤਾਰ ਕਾਇਮ ਰੱਖਣ ਸਦਕਾ, ਆਪਣਾ-ਆਪ ਕੌਮ ਉੱਤੋਂ ਕੁਰਬਾਨ ਕਰ ਦਿੱਤਾ ਪਰ ਪਿਊ-ਦਾਦੇ ਦੀ ਪੱਗ ਨੂੰ ਲਾਜ ਨਹੀਂ ਲੱਗਣ ਦਿੱਤੀ। ਕੀ ਅੱਜ ਅਸੀਂ ਵੀ ਇਨ੍ਹਾਂ ਸਹਾਦਤਾਂ ਤੋਂ ਪ੍ਰੇਰਨਾ ਲੈ ਕੇ ਗੁਰੂ ਸਿਧਾਂਤ ’ਤੇ ਪਹਿਰਾ ਦੇਂਦਿਆਂ ਆਪ ਵੀ ਆਪਣੇ ਮਨੁੱਖਾ ਜਨਮ ਰਾਹੀਂ ਸਮਾਜ ’ਚ ਕੋਈ ਆਦਰਸ਼ ਜੀਵਨ ਪੇਸ਼ ਕਰਾਂਗੇ ਜਾਂ ਇਨ੍ਹਾਂ ਅਨੋਖੀਆਂ ਕੁਰਬਾਨੀਆਂ ਨੂੰ ਮਿਟੀ ’ਚ ਮਿਲਾਉਣ ਦੇ ਭਾਗੀ ਬਣਾਗੇ।

(ਡਾ. ਅਮਨਦੀਪ ਸਿੰਘ ਟੱਲੇਵਾਲੀਆ, ਚੜ੍ਹਦੀਕਲਾ ਨਿਵਾਸ, ਬਾਬਾ ਫਰੀਦ ਨਗਰ, ਕਚਹਿਰੀ ਚੌਂਕ, ਬਰਨਾਲਾ।)

ਸਾਕਾ ਸਰਹਿੰਦ ਜਿਸ ਨੇ ਇਤਿਹਾਸ ਦਾ ਰੁਖ਼ ਬਦਲ ਦਿੱਤਾ

0

ਸਾਕਾ ਸਰਹਿੰਦ ਜਿਸ ਨੇ ਇਤਿਹਾਸ ਦਾ ਰੁਖ਼ ਬਦਲ ਦਿੱਤਾ

ਡਾ. ਹਰਚੰਦ ਸਿੰਘ ਸਰਹਿੰਦੀ

ਸਿੱਖ ਕੌਮ ਉਸ ਫੌਲਾਦ ਦੀ ਉਪਜ ਹੈ, ਜਿਸ ਨੂੰ ਸੈਂਕੜੇ ਵਰ੍ਹੇ ਕੁਠਾਲੀ ਵਿਚ ਪਾ ਕੇ ਅਤੇ ਮਘਦੀ ਭੱਠੀ ਵਿਚ ਰੱਖ ਕੇ ਤਿਆਰ ਕੀਤਾ ਗਿਆ ਹੈ ਅਤੇ ਫਿਰ ਸਮੇਂ-ਸਮੇਂ ਸਿਰ ਇਸ ਦੀ ਸ਼ਕਤੀ ਤੇ ਸ਼ੁੱਧਤਾ ਨੂੰ ਪਰਖਿਆ ਗਿਆ ਹੈ- ਮੌਤ ਦਾ ਉਹ ਕਿਹੜਾ ਢੰਗ ਹੋਵੇਗਾ, ਜੋ ਸਮੇਂ ਦੇ ਜਾਬਰ ਹੁਕਮਰਾਨਾਂ ਵੱਲੋਂ ਸਿੱਖਾਂ ’ਤੇ ਨਾ ਅਜ਼ਮਾਇਆ ਗਿਆ ਹੋਵੇ। ਇਸ ਤਰ੍ਹਾਂ ਸਿੱਖ ਇਤਿਹਾਸ ਵਿਚ ਸ਼ਹਾਦਤਾਂ ਦੀਆਂ ਉਪਰੋਥਲੀ ਵਾਪਰੀਆਂ ਘਟਨਾਵਾਂ ਨੇ ਭਾਰਤੀ ਕੌਮ ਰੂਪੀ ਜੰਗਾਲ ਲੱਗੇ ਲੋਹੇ ਨੂੰ ਫੌਲਾਦ ਵਿਚ ਬਦਲ ਕੇ ਬੇਹੱਦ ਸ਼ਕਤੀਸ਼ਾਲੀ ਬਣਾ ਦਿੱਤਾ। ਜਾਂ ਇਉਂ ਕਹਿ ਲਵੋ ਕਿ ਤੱਤੀਆਂ ਤਵੀਆਂ ਨੇ, ਉੱਬਲਦੀਆਂ ਦੇਗਾਂ ਨੇ, ਆਰਿਆਂ ਦਿਆਂ ਦੰਦਿਆਂ ਨੇ, ਚਰਖੜੀਆਂ ਦਿੰਦਿਆਂ ਹੁਲਾਰਿਆਂ ਨੇ, ਰੰਬੀਆਂ ਦੀਆਂ ਧਾਰਾਂ ਨੇ, ਸਰਹਿੰਦ ਦੀਆਂ ਨੀਹਾਂ ਨੇ, ਚਮਕੌਰ ਵਰਗੀਆਂ ਬੇਜੋੜ ਜੰਗਾਂ ਨੇ, ਭਖਦੇ ਹੋਏ ਲਾਲ ਗਰਮ ਜੰਬੂਰਾਂ ਨੇ ਅਤੇ ਕੱਟੜਵਾਦੀਆਂ ਵੱਲੋਂ ਸਮੇਂ-ਸਮੇਂ ਸਿਰ ਖੇਡੀ ਖੂਨ ਦੀ ਹੋਲੀ ਨੇ ਸਿੱਖਾਂ ਵਿਚ ਸਵੈਮਾਨਤਾ, ਬੀਰ ਰਸ, ਚੜ੍ਹਦੀ ਕਲਾ ਅਤੇ ਸੱਚ ਤੇ ਹੱਕ ਦਾ ਜਜ਼ਬਾ ਪੈਦਾ ਕੀਤਾ ਅਤੇ ਉਨ੍ਹਾਂ ਵਿਚ ਨਵੀਂ ਚੇਤਨਾ ਭਰ ਕੇ ਨਵ-ਜੀਵਨ ਬਖਸ਼ਿਆ, ਸਹੀ ਜੀਵਨ-ਜਾਚ ਦੱਸੀ ਅਤੇ ਅਣਖ ਨਾਲ ਜਿਊਣਾ ਤੇ ਮਰਨਾ ਸਿਖਾਇਆ। ਇਸ ਤਰ੍ਹਾਂ ਪਿਛਲੇ ਤਿੰਨ ਸੌ ਸਾਲਾਂ ਦਾ ਸਿੱਖ ਇਤਿਹਾਸ ਲਹੂ ਨਾਲ ਲਥਪਥ ਹੈ, ਜਾਂ ਕਹਿ ਲਵੋ ਕਿ ਸਿੱਖਾਂ ਨੇ ਇਤਿਹਾਸ ਦੇ ਹਰ ਅੰਗ ਨੂੰ ਆਪਣੇ ਲਹੂ ਨਾਲ ਸ਼ਿੰਗਾਰਿਆ ਹੈ।

ਸਾਕਾ ਸਰਹਿੰਦ ਇਸ ਸ਼ਿੰਗਾਰ ਲੜੀ ਦਾ ਸਭ ਤੋਂ ਵੱਧ ਕੀਮਤੀ ਮਣਕਾ ਹੈ। ਜਿਸ ਕਿਸੇ ਨੇ ਵੀ ਸਿੱਖ ਇਤਿਹਾਸ ਨੂੰ ਗਹੁ ਨਾਲ ਪੜ੍ਹਿਆ, ਘੋਖਿਆ ਤੇ ਵਿਚਾਰਿਆ ਹੈ, ਉਹ ਇਸ ਤੱਥ ਤੋਂ ਬਾਖੂਬੀ ਵਾਕਿਫ ਹੋਵੇਗਾ ਕਿ ਪਿਛਲੇ ਤਿੰਨ ਸੌ ਸਾਲਾਂ ਦੌਰਾਨ ਜੋ ਤਸੀਹੇ ਤੇ ਤਬਾਹੀ ਦੇ ਤੂਫਾਨ ਸਿੱਖਾਂ ਨੇ ਆਪਣੇ ‘ਨੰਗੇ ਪਿੰਡੇ’ ’ਤੇ ਹੰਢਾਏ ਹਨ, ਉਨ੍ਹਾਂ ਵਿਚ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਦੀ ਦਿਲ-ਕੰਬਾਊ ਘਟਨਾ (ਸਾਕਾ ਸਰਹਿੰਦ) ਵਿਸ਼ੇਸ਼ ਇਤਿਹਾਸਕ ਮਹੱਤਵ ਰੱਖਦੀ ਹੈ, ਕਿਉਂਕਿ ਇਸ ਘਟਨਾ ਨੇ ਸਿੱਖ ਸੋਚ ਤੇ ਫਲਸਫੇ ਨੂੰ ਨਵੀਆਂ-ਨਕੋਰ ਸੇਧਾਂ ਦਿੱਤੀਆਂ ਅਤੇ ਮੁਗਲਾਂ ਦੀ ਤਬਾਹੀ ਲਈ ਰਾਹ ਪੱਧਰਾ ਕੀਤਾ। ਇਤਿਹਾਸ ਗਵਾਹ ਹੈ ਕਿ ਸਾਕਾ ਸਰਹਿੰਦ ਦੀ ਕੁੱਖ ਵਿਚੋਂ ਇਕ ਉੱਦਮੀ, ਉਤਸ਼ਾਹੀ, ਸਿਦਕੀ ਤੇ ਆਤਮ-ਵਿਸ਼ਵਾਸੀ ਕੌਮ ਦਾ ਜਨਮ ਹੋਇਆ, ਜਾਂ ਇਉਂ ਕਹਿ ਲਵੋ ਕਿ ਸ਼ਹਾਦਤ ਦੀ ਇਸ ਅਦੁੱਤੀ ਘਟਨਾ ਨੇ ਕੌਮ ਦੀਆਂ ਰਗਾਂ ਵਿਚ ਬਾਰੂਦੀ ਸ਼ਕਤੀ ਦਾ ਸੰਚਾਰ ਕੀਤਾ ਅਤੇ ਦੇਸ਼ ਤੇ ਕੌਮ ਦੀ ਤਕਦੀਰ ਤੇ ਤਸਵੀਰ ਨੂੰ ਬਦਲਣ ਵਿਚ ਅਹਿਮ ਭੂਮਿਕਾ ਨਿਭਾਈ ਹੈ। ਇਹ ਸਾਕਾ ਸਰਹਿੰਦ ਦੀ ਹੀ ਦੇਣ ਹੈ ਕਿ ਜਦੋਂ ਵੀ ਸਿੱਖ ਕੌਮ ਦੇ ਸਿਰ ’ਤੇ ਮੁਸੀਬਤਾਂ ਦੇ ਝੱਖੜ ਝੁੱਲੇ, ਕਾਲੀਆਂ-ਬੋਲੀਆਂ ਹਨੇਰੀਆਂ ਦੇ ਝਾਂਜੇ ਵਗੇ, ਕਹਿਰ ਬਰਸਾਉਂਦੀਆਂ ਅਸਮਾਨੀ ਬਿਜਲੀਆਂ ਡਿੱਗੀਆਂ ਅਤੇ ਧਾਰਮਿਕ ਕੱਟੜਵਾਦ ਨੇ ਮੌਤ ਦਾ ਨੰਗਾ ਨਾਚ ਨੱਚਿਆ ਤਾਂ ਸਿੱਖ ਕੌਮ ਦਾ ਚਿਹਰਾ ਸਾਬਤ ਸੂਰਤ ਅਤੇ ਪਿੰਡਾ ਪਹਿਲਾਂ ਨਾਲੋਂ ਵੀ ਵੱਧ ਨਿੱਖਰ ਕੇ ਸਾਹਮਣੇ ਆਇਆ। ਗੱਲ ਕੀ, ਸਾਹਿਬਜ਼ਾਦਿਆਂ ਦੀ ਸ਼ਹਾਦਤ ਸਿੱਖਾਂ ਲਈ ਸ਼ਕਤੀ ਦਾ ਇਕ ਸੋਮਾ ਹੋ ਨਿੱਬੜੀ।

ਦੂਜਾ, ਇਸ ਘਟਨਾ ਨੇ ਸਿੱਖਾਂ ਨੂੰ ਸਹਿਣਸ਼ੀਲਤਾ ਤੇ ਠਰੰਹ੍ਮੇ ਤੋਂ ਕੰਮ ਲੈਂਦਿਆਂ, ਲੰਮੀ ਲੜਾਈ ਲੜਨ ਦੀ ਜਾਚ ਸਿਖਾਈ ਅਤੇ ‘‘ਨਿਸਚੈ ਕਰ ਆਪਨੀ ਜੀਤ ਕਰੋ॥’’ ਦਾ ਸਬਕ ਕੰਠ ਕਰਵਾਇਆ। ਤੁਸੀਂ ਵੇਖੋਗੇ ਕਿ ਸਾਕਾ ਸਰਹਿੰਦ ਤੋਂ ਥੋੜ੍ਹੇ ਅਰਸੇ ਬਾਅਦ ਹੀ ਜਦੋਂ ਸਿੱਖ ਹੱਥਾਂ ਵਿਚ ਸ਼ਮਸ਼ੀਰ ਲੈ ਕੇ ਮੈਦਾਨ ਵਿਚ ਨਿੱਤਰੇ ਤਾਂ ਤਖ਼ਤਾਂ ਤੇ ਤਾਜਾਂ ਨੇ ਉਨ੍ਹਾਂ ਨੂੰ ਪ੍ਰਣਾਮ ਕੀਤਾ।

ਖ਼ੈਰ ! ਆਓ ! ਇਤਿਹਾਸ ਦੀਆਂ ਗਲੀਆਂ ਵਿਚ ਘੁੰਮਦਿਆਂ ਅਤੇ ਇਤਿਹਾਸਕ ਦਸਤਾਵੇਜ਼ਾਂ ਦੇ ਅੰਗ-ਸੰਗ ਤੁਰਦਿਆਂ, ਸਾਕਾ ਸਰਹਿੰਦ ਦੇ ਵੱਖ-ਵੱਖ ਪਹਿਲੂਆਂ ’ਤੇ ਝਾਤ ਮਾਰਦਿਆਂ, ਉਸ ਸਥਾਨ ’ਤੇ ਪਹੁੰਚੀਏ ਜਿੱਥੇ ਬਾਬਾ ਬੰਦਾ ਸਿੰਘ ਬਹਾਦਰ, ਸਾਕਾ ਸਰਹਿੰਦ ਦੇ ਮੁੱਖ ਦੋਸ਼ੀ ਸੂਬੇਦਾਰ ਵਜ਼ੀਰ ਖਾਂ ਨੂੰ ਮੌਤ ਦੇ ਘਾਟ ਉਤਾਰ ਕੇਸਿੱਖ ਰਾਜ ਦਾ ਨੀਂਹ-ਪੱਥਰ ਗੱਡਦਾ ਹੈ, ਯਾਨੀ ਨਵੇਂ ਇਤਿਹਾਸ ਦੀ ਸਿਰਜਣਾ ਕਰਦਾ ਹੈ।

ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦਿਆਂ, ਬਾਬਾ ਜ਼ੋਰਾਵਰ ਸਿੰਘ (9 ਸਾਲ) ਅਤੇ ਬਾਬਾ ਫਤਹਿ ਸਿੰਘ (7 ਸਾਲ) ਨੂੰ ਸਰਹਿੰਦ ਵਿਖੇ ਦੀਵਾਰ ਵਿਚ ਚਿਣਵਾ ਕੇ ਸ਼ਹੀਦ ਕਰਨ ਦੀ ਮੰਦਭਾਗੀ ਘਟਨਾ, ਮੁਗਲ ਹਕੂਮਤ ਵੱਲੋਂ ਤਾਕਤ ਦੇ ਨਸ਼ੇ ਵਿਚ ਕੀਤੀ ਇਕ ਅਜਿਹੀ ਬੱਜਰ ਗਲਤੀ ਸੀ, ਜਿਸ ਦੀ ਮਿਸਾਲ ਦੁਨੀਆਂ ਦੇਇਤਿਹਾਸ ਵਿਚ ਮਿਲਣੀ ਔਖੀ ਹੈ। ਜੇਮਜ਼ ਬ੍ਰਾਊਨ ਲਿਖਦਾ ਹੈ ਕਿ ‘‘ਨਵੇਂ ਧਾਰਮਿਕ ਅਸੂਲਾਂ ਦਾ ਪ੍ਰਚਾਰ ਕਰਨ ਵਾਲਿਆਂ ਉੱਤੇ ਢਾਹੇ ਜ਼ੁਲਮਾਂ ਦੀਆਂ ਸਾਰੀਆਂ ਮਿਸਾਲਾਂ ਵਿਚੋਂ ਇਹ (ਸਾਕਾ ਸਰਹਿੰਦ) ਸਭ ਤੋਂ ਜ਼ਿਆਦਾ ਕਠੋਰ ਉਪੱਦਰ ਅਤੇ ਨਿਰਦਈ ਅੱਤਿਆਚਾਰ ਹੈ। ਨਿਰਬਲ ਅਤੇ ਨਿਹੱਥੀਆਂ ਇਸਤਰੀਆਂ ਅਤੇ ਬੱਚੇ ਆਮ ਤੌਰ ’ਤੇ ਧਾਰਮਿਕ ਕਰੋਧ ਤੋਂ ਬਚੇ ਰਹਿੰਦੇ ਹਨ। ਇਸ ਲਈ ਇਹ ਕੋਈ ਹੈਰਾਨੀ ਦੀ ਗੱਲ ਨਹੀਂ ਜੇਕਰ ਇਸ ਘਟਨਾ ਪ੍ਰਤੀ ਸਿੱਖਾਂ ਦਾ ਗੁੱਸਾ ਵੀ ਇਤਨਾ ਹੀ ਸਖਤ ਸੀ।’’ ਜੇਮਜ਼ ਬ੍ਰਾਊਨ ਨੇ ਇਸ ਘਟਨਾ ਪ੍ਰਤੀ ਸਿੱਖਾਂ ਦੀ ਲੀਰੋ-ਲੀਰ ਹੋਈ ਮਾਨਸਿਕਤਾ ਦਾ ਸਹੀ ਵਿਸ਼ਲੇਸ਼ਣ ਕੀਤਾ ਹੈ। ਇਸ ਤਰ੍ਹਾਂ ਸੁਭਾਵਿਕ ਹੀ ਸੀ ਕਿ ਸ਼ਹਾਦਤ ਦੀ ਇਸ ਘਟਨਾ ਦੇ ਤਿੱਖੇ ਪ੍ਰਤੀਕਰਮ ਵਜੋਂ ਸਿੱਖਾਂ ਦੇ ਮਨਾਂ ਅੰਦਰ ਸਮੇਂ ਦੀ ਹਕੂਮਤ ਵਿਰੁੱਧ ਗੁੱਸੇ ਤੇ ਨਫਰਤ ਦੀ ਅੱਗ ਭੜਕ ਉੱਠੀ ਅਤੇ ਸਿੱਖਾਂ ਦੇ ਸੰਘਰਸ਼ ਨੇ ਇਕ ਕ੍ਰਾਂਤੀਕਾਰੀ ਲਹਿਰ ਅਤੇ ਜ਼ੁਲਮ ਵਿਰੁੱਧ ਉੱਠੇ ਇਨਕਲਾਬ ਦਾ ਰੂਪ ਧਾਰਨ ਕਰ ਲਿਆ। ਇਸ ਘਟਨਾ ਦੇ ਸਿੱਖ ਮਨਾਂ ’ਤੇ ਉੱਕਰੇ ਗੂੜ੍ਹੇ ਜ਼ਖਮਾਂ ਦੀ ਚੀਸ ਨੂੰ ਅੱਜ ਵੀ ਸਹਿਜੇ ਹੀ ਮਹਿਸੂਸ ਕੀਤਾ ਜਾ ਸਕਦਾ ਹੈ। ਇਹੋ ਕਾਰਨ ਹੈ ਕਿ ਸਰਹਿੰਦ ਦਾ ਨਾਂ ਸੁਣਦਿਆਂ ਹੀ ਪੰਜਾਬ ਦੇ ਇਤਿਹਾਸ ਦਾ ਇਕ ਲਹੂ-ਭਿੱਜਿਆ ਕਾਂਡ ਸਾਡੇ ਜ਼ਿਹਨ ਵਿਚ ਉਭਰ ਆਉਂਦਾ ਹੈ, ਯਾਨੀ ਸਰਹਿੰਦ ਦੀ ‘ਖੂਨੀ ਦੀਵਾਰ’ ਸਾਡੀ ਚੇਤਨਾ ਦਾ ਵਿਹੜਾ ਮੱਲ ਖਲੋਂਦੀ ਹੈ। ਫਿਰ ਇਸ ਦੁਖਾਂਤ ਤੋਂ ਉਪਜਿਆ ਦਰਦ, ਜੋ ਹਰ ਪੰਜਾਬੀ ਨੂੰ ਪੀੜ੍ਹੀ-ਦਰ-ਪੀੜ੍ਹੀ ਵਿਰਾਸਤ ਵਿਚ ਮਿਲਦਾ ਹੈ, ਇਕ ਲੰਮਾ ਹਉਕਾ ਬਣ ਕੇ ਹਿੱਕ ਨੂੰ ਚੀਰਦਾ ਹੋਇਆ ਬਾਹਰ ਨਿਕਲ ਜਾਂਦਾ ਹੈ। ਦਰਅਸਲ, ਇਸ ਅੱਤਿਆਚਾਰ ਪ੍ਰਤੀ ਗੁੱਸੇ ਤੇ ਨਫਰਤ ਦੀ ਲਾਟ ਜੀਵਨ ਭਰ ਹਰ ਸਿੱਖ ਦੇ ਸੀਨੇ ਵਿਚ ਬਲਦੀ ਰਹਿੰਦੀ ਹੈ। ਸ਼ਾਇਦ, ਸਿੱਖ ਹਿਰਦਿਆਂ ਅੰਦਰ ਨਿਰੰਤਰ ਬਲਦੀ ਇਸ ਲਾਟ ਸਦਕਾ ਹੀ ਸਿੱਖ ਇਤਿਹਾਸ, ਅਣਮਨੁੱਖੀ ਕਾਰੇ ਕਰਨ ਵਾਲਿਆਂ ਨੂੰ ਕਦੇ ਨਹੀਂ ਬਖਸ਼ਦਾ।

ਖ਼ੈਰ! ਆਓ! ਸਾਕਾ ਸਰਹਿੰਦ ਅਤੇ ਇਸ ਨਾਲ ਜੁੜੀਆਂ ਮਹੱਤਵਪੂਰਨ ਘਟਨਾਵਾਂ ਨੂੰ ਇਕ ਸਿਲਸਿਲੇਵਾਰ ਢੰਗ ਨਾਲ ਵਿਚਾਰੀਏ। ਸਾਕਾ ਸਰਹਿੰਦ ਦੀ ਲੜੀ, ਗੁਰੂ ਗੋਬਿੰਦ ਸਿੰਘ ਵੱਲੋਂ ਆਨੰਦਪੁਰ ਸਾਹਿਬ ਦਾ ਕਿਲ੍ਹਾ ਖਾਲੀ ਕਰਨ ਨਾਲ ਸ਼ੁਰੂ ਹੁੰਦੀ ਹੈ। ਗੁਰੂ ਸਾਹਿਬ ਨੇ 21 ਦਸੰਬਰ, 1704 ਈ. ਨੂੰ ਆਪਣੇ ਪਰਿਵਾਰ ਅਤੇ ਲਗਪਗ 1500 ਸਿੱਖਾਂ ਸਮੇਤ ਆਨੰਦਪੁਰ ਸਾਹਿਬ ਦਾ ਕਿਲ੍ਹਾ ਖਾਲੀ ਕਰਕੇ ਰੋਪੜ ਵੱਲ ਕੂਚ ਕਰ ਦਿੱਤਾ। ਸਰਸਾ ਨਦੀ ਦੇ ਕੰਢੇ ’ਤੇ ਮੁਗਲ ਤੇ ਪਹਾੜੀ ਰਾਜਿਆਂ ਦੀਆਂ ਫੌਜਾਂ ਨਾਲ ਘਮਸਾਨ ਦਾ ਯੁੱਧ ਹੋਇਆ। ਇਸ ਮੌਕੇ, ਮਾਤਾ ਗੁਜਰੀ (ਗੁਰੂ ਸਾਹਿਬ ਦੇ ਮਾਤਾ ਜੀ) ਅਤੇ ਦੋ ਛੋਟੇ ਸਾਹਿਬਜ਼ਾਦੇ, ਬਾਬਾ ਜ਼ੋਰਾਵਰ ਸਿੰਘ (9 ਸਾਲ) ਅਤੇ ਬਾਬਾ ਫਤਿਹ ਸਿੰਘ (7 ਸਾਲ) ਵਹੀਰ ਨਾਲੋਂ ਨਿਖੜ ਜਾਂਦੇ ਹਨ। ਗੁਰੂ ਘਰ ਦਾ ਰਸੋਈਆ ਗੰਗੂ ਬ੍ਰਾਹਮਣ ਉਨ੍ਹਾਂ ਨੂੰ ਆਪਣੇ ਪਿੰਡ ਸਹੇੜੀ (ਨੇੜੇ ਮੋਰਿੰਡਾ) ਵਿਖੇ ਆਪਣੇ ਘਰ ਲੈ ਗਿਆ। ਇਥੋਂ, ਮੋਰਿੰਡੇ ਦਾ ਕੋਤਵਾਲ, ਮਾਤਾ ਗੁਜਰੀ ਅਤੇ ਦੋਵੇਂ ਸਾਹਿਬਜ਼ਾਦਿਆਂ ਨੂੰ ਗ੍ਰਿਫਤਾਰ ਕਰਕੇ 23 ਦਸੰਬਰ, 1704 ਨੂੰ ਸਰਹਿੰਦ ਦੇ ਸੂਬੇਦਾਰ, ਵਜ਼ੀਰ ਖਾਂ ਦੇ ਹਵਾਲੇ ਕਰ ਦਿੰਦਾ ਹੈ। ਇਨ੍ਹਾਂ ਤਿੰਨਾਂ ਸ਼ਾਹੀ ਕੈਦੀਆਂ ਨੂੰ ਅਗਲੀ ਕਾਰਵਾਈ ਤੱਕ ਠੰਢੇ ਬੁਰਜ ਵਿਚ ਨਜ਼ਰਬੰਦ ਕਰ ਦਿੱਤਾ ਗਿਆ।

24 ਦਸੰਬਰ ਨੂੰ ਸਾਹਿਬਜ਼ਾਦਿਆਂ ਨੂੰ ਸੂਬੇਦਾਰ ਵਜ਼ੀਰ ਖਾਂ ਦੀ ਕਚਹਿਰੀ ਵਿਚ ਪੇਸ਼ ਕੀਤਾ ਗਿਆ। ਸੂਬੇਦਾਰ ਨੇ ਉਨ੍ਹਾਂ ਨੂੰ ਇਸਲਾਮ ਕਬੂਲ ਕਰਨ ਅਤੇ ਸ਼ਾਹੀ ਠਾਠ-ਬਾਠ ਦੀ ਜ਼ਿੰਦਗੀ ਬਤੀਤ ਕਰਨ ਦੀ ਪੇਸ਼ਕਸ਼ ਕੀਤੀ। ਪਰ ਸਾਹਿਬਜ਼ਾਦਿਆਂ ਨੇ ਇਸ ਪੇਸ਼ਕਸ਼ ਨੂੰ ਠੁਕਰਾ ਦਿੱਤਾ। 25 ਦਸੰਬਰ ਨੂੰ ਸਾਹਿਬਜ਼ਾਦਿਆਂ ਨੂੰ ਮੁੜ ਕਚਹਿਰੀ ਵਿਚ ਪੇਸ਼ ਕੀਤਾ ਗਿਆ। ਫਿਰ ਇਸਲਾਮ ਕਬੂਲ ਕਰਨ ਲਈ ਕਿਹਾ ਗਿਆ। ਪਰ ਸਾਹਿਬਜ਼ਾਦਿਆਂ ਨੇ ਸਪੱਸ਼ਟ ਸ਼ਬਦਾਂ ਵਿਚ ਆਪਣਾ ਫੈਸਲਾ ਸੁਣਾਉਂਦਿਆਂ ਕਿਹਾ ਕਿ ਉਹ ਆਪਣੇ ਧਰਮ ਨੂੰ ਆਪਣੀ ਜਾਨ ਦੀ ਨਕਦੀ ਨਾਲ ਨਹੀਂ ਵੇਚਣਾ ਚਾਹੁੰਦੇ। ਕੋਈ ਵਾਹ ਨਾ ਚਲਦੀ ਵੇਖ ਕੇ ਸੂਬੇਦਾਰ ਨੇ ਸਾਹਿਬਜ਼ਾਦਿਆਂ ਨੂੰ ਜ਼ਿੰਦਾ ਦੀਵਾਰ ਵਿਚ ਚਿਣਵਾ ਕੇ ਸ਼ਹੀਦ ਕਰਨ ਦਾ ਮੰਦਭਾਗੀ ਫੈਸਲਾ ਆਖਰ ਦੇ ਹੀ ਦਿੱਤਾ (ਅਤੇ ਨਾਲ ਹੀ ਆਪਣੀ ਮੌਤ ਦੇ ਵਰੰਟਾਂ ’ਤੇ ਵੀ ਹਸਤਾਖਰ ਕਰ ਦਿੱਤੇ)। ਮਾਲੇਰਕੋਟਲਾ ਦੇ ਨਵਾਬ ਸ਼ੇਰ ਮੁਹੰਮਦ ਖਾਂ ਨੇ ਇਸ ਫੈਸਲੇ ’ਤੇ ਅਸਹਿਮਤੀ ਪ੍ਰਗਟ ਕਰਦਿਆਂ ‘ਹਾਅ ਦਾ ਨਾਅਰਾ’ ਮਾਰਿਆ, ਜਿਸ ਲਈ ਸਿੱਖ ਉਸ ਦੇ ਸਦਾ ਰਿਣੀ ਰਹਿਣਗੇ।

ਅੰਤ, ਉਹ ਕੁਲਹਿਣੀ ਘੜੀ ਆਣ ਪਹੁੰਚੀ, ਜਿਸ ਬਾਰੇ ਕਿਸੇ ਉਰਦੂ ਸ਼ਾਇਰ ਦੀ ਜ਼ੁਬਾਨੀ ਕਿਹਾ ਜਾ ਸਕਦਾ ਹੈ: ‘‘ਯਹ ਦੌਰ ਭੀ ਦੇਖਾ ਹੈ, ਤਾਰੀਖ ਕੀ ਨਜ਼ਰੋਂ ਨੇ, ਲਮਹੋਂ ਨੇ ਖਤਾ ਕੀ ਥੀ, ਸਦੀਓਂ ਨੇ ਸਜ਼ਾ ਪਾਈ।’’ ਮਾਸੂਮ ਜਿੰਦਾਂ ਨੂੰ ਕੰਧ ਵਿਚ ਚਿਣਵਾਇਆ ਜਾਣ ਲੱਗਾ। ਜਦੋਂ ਕੰਧ ਛਾਤੀ ਤੱਕ ਅੱਪੜ ਗਈ ਤਾਂ ਆਰਜ਼ੀ ਢਾਂਚਾ ਧੜੱਮ ਡਿੱਗ ਪਿਆ ਅਤੇ ਸਾਹਿਬਜ਼ਾਦਿਆਂ ਨੂੰ ਇੱਟਾਂ ਵਿਚੋਂ ਬੇਹੋਸ਼ੀ ਦੀ ਹਾਲਤ ਵਿਚ ਬਾਹਰ ਕੱਢਿਆ ਗਿਆ। ਪ੍ਰਸਿੱਧ ਵਿਦਵਾਨ ਤੇ ਖੋਜੀ ਪ੍ਰੋ. ਹਰਬੰਸ ਸਿੰਘ, ਆਪਣੀ ਪੁਸਤਕ, ‘ਗੁਰੂ ਗੋਬਿੰਦ ਸਿੰਘ’ ਦੇ ਪੰਨਾ 121 ’ਤੇ ਲਿਖਦਾ ਹੈ ਕਿ ‘‘ਇਸੇ ਬੇਹੋਸ਼ੀ ਦੀ ਹਾਲਤ ਵਿਚ ਸਾਹਿਬਜ਼ਾਦਿਆਂ ਨੂੰ ਵਾਪਸ ਜੇਲ੍ਹ ਵਿਚ ਲਿਜਾਇਆ ਗਿਆ, ਜਿਥੇ ਕੁਝ ਸਮੇਂ ਬਾਅਦ ਉਹ ਹੋਸ਼ ਵਿਚ ਆ ਗਏ।’’ 26 ਦਸੰਬਰ ਨੂੰ ਚੁੱਪ ਵਰਤੀ ਰਹੀ। 27 ਦਸੰਬਰ ਨੂੰ ਤੀਜੀ ਤੇ ਅੰਤਮ ਪੇਸ਼ੀ ਵੇਲੇ ਵੀ ਇਸਲਾਮ ਕਬੂਲ ਕਰਨ ਦੀ ਉਹੋ ਰਟ ਦੁਹਰਾਈ ਗਈ, ਪਰ ਸਾਹਿਬਜ਼ਾਦੇ ਸ਼ਾਂਤ ਤੇ ਅਡੋਲ ਰਹੇ। ਅੰਤ, ਸੂਬੇਦਾਰ ਨੇ ਆਪਣੀ ‘ਹਾਰ ਕਬੂਲ ਕਰਦਿਆਂ’ ਸਾਹਿਬਜ਼ਾਦਿਆਂ ਦੇ ਸਿਰ ਕਲਮ ਕਰਨ ਦਾ ਹੁਕਮ ਦੇ ਦਿੱਤਾ। ਸਮਾਣੇ ਦੇ ਜੱਲਾਦਾਂ, ਸਾਸ਼ਲ ਬੇਗ ਤੇ ਬਾਸ਼ਲ ਬੇਗ ਨੇ, ਉਮਰ ਦੇ ਲਿਹਾਜ਼ ਨਾਲ, ਵਾਰੀ-ਵਾਰੀ ਸਾਹਿਬਜ਼ਾਦਿਆਂ ਦੇ ਸਿਰ ਧੜ ਨਾਲੋਂ ਵੱਖ ਕਰ ਦਿੱਤੇ ਅਤੇ ਨਾਲ ਹੀ ਮੁਗਲ ਹਕੂਮਤ ਦੀਆਂ ਜੜ੍ਹਾਂ ’ਤੇ ਦੋ ਮਾਰੂ ਟੱਕ ਵੀ ਮਾਰ ਦਿੱਤੇ। ਬਹੁ-ਸੰਮਤੀ ਇਤਿਹਾਸਕਾਰ ਉਕਤ ਤੱਥ ਦੀ ਪੁਸ਼ਟੀ ਕਰਦੇ ਹਨ। ਸਿੱਖ ਪੰਥ ਦਾ ਮਹਾਨ ਵਿਦਵਾਨ ਰਤਨ ਸਿੰਘ ਭੰਗੂ, ‘ਪ੍ਰਾਚੀਨ ਪੰਥ ਪ੍ਰਕਾਸ਼’ ਵਿਚ ਲਿਖਦਾ ਹੈ: ‘ਦੈ ਗੋਡੇ ਹੇਠ, ਕਰ ਜ਼ਿਬਹ ਡਾਰੋ।। ਤੜਫ ਤੜਫ ਗਈ ਜਿੰਦ ਉਡਾਇ।। (‘ਜ਼ਿਬਹ’, ਅਰਬੀ ਭਾਸ਼ਾ ਦਾ ਸ਼ਬਦ ਹੈ, ਜਿਸ ਦਾ ਅਰਥ ਹੈ ਛੁਰੀ ਨਾਲ ਹਲਾਲ ਕਰਨਾ।) ਮੁੱਕਦੀ ਗੱਲ, ਸਾਹਿਬਜ਼ਾਦਿਆਂ ਨੂੰ ਕਿਸੇ ਤੇਜ਼ ਧਾਰ ਹਥਿਆਰ ਨਾਲ ਸ਼ਹੀਦ ਕੀਤਾ ਗਿਆ। ਸੋ, ਇਹ ਧਾਰਨਾ ਬੇਬੁਨਿਆਦ ਹੈ ਕਿ ਸਾਹਿਬਜ਼ਾਦੇ, ਦੀਵਾਰ ਵਿਚ ਚਿਣਵਾਏ ਜਾਣ ਦੇ ਸਿੱਟੇ ਵਜੋਂ ਦਮ ਘੁਟਣ ਕਾਰਨ ਸ਼ਹੀਦ ਹੋ ਗਏ ਸਨ। ਮਾਤਾ ਗੁਜਰੀ ਬਿਰਧ ਅਵਸਥਾ ਕਾਰਨ ਇਹ ਸਦਮਾ ਨਾ ਸਹਾਰਦੇ ਹੋਏ ਬੇਹੋਸ਼ ਹੋ ਗਏ ਅਤੇ ਮੁੜ ਹੋਸ਼ ਵਿਚ ਨਾ ਆਏ। ਗੁਰੂ ਘਰ ਦੇ ਉਪਾਸ਼ਕ ਦੀਵਾਨ ਟੋਡਰ ਮੱਲ ਨੇ ਇਨ੍ਹਾਂ ਤਿੰਨਾਂ ਸ਼ਹੀਦਾਂ ਦੀਆਂ ਦੇਹਾਂ ਦਾ ਅੰਤਮ ਸਸਕਾਰ ਕਰਨ ਦਾ ਪ੍ਰਬੰਧ ਕੀਤਾ।

ਨਵੇਂ ਇਤਿਹਾਸ ਦੀ ਸਿਰਜਣਾ: ਇਹ ਸਾਕਾ ਸਰਹਿੰਦ ਦਾ ਹੀ ਪ੍ਰਤੀਕਰਮ ਸੀ ਕਿ ਬਾਬਾ ਬੰਦਾ ਸਿੰਘ ਬਹਾਦਰ ਆਪਣੇ ਸ਼ਾਂਤੀ ਮੱਠ ਨੂੰ ਅਲਵਿਦਾ ਆਖ, ਦੋਸ਼ੀਆਂ ਨੂੰ ਉਨ੍ਹਾਂ ਦੇ ਪਾਪਾਂ ਦੀ ਸਜ਼ਾ ਦੇਣ ਲਈ ਪੰਜਾਬ ਦੇ ਇਤਿਹਾਸਕ ਰੰਗ-ਮੰਚ ’ਤੇ ਅਚਾਨਕ ਇਕ ਨਾਇਕ ਦੇ ਤੌਰ ’ਤੇ ਉੱਭਰ ਕੇ ਸਾਹਮਣੇ ਆਇਆ। ਜਿੱਤਾਂ ਦੇ ਇਕ ਲੰਮੇ ਸਿਲਸਿਲੇ ਤੋਂ ਬਾਅਦ ਬਾਬਾ ਬੰਦਾ ਸਿੰਘ ਬਹਾਦਰ ਨੇ ਸਿਤਮਾਂ ਦੀ ਨਗਰੀ-ਸਰਹਿੰਦ ਵੱਲ ਵਾਗਾਂ ਮੋੜੀਆਂ। 12 ਮਈ, 1710 ਨੂੰ ਸਰਹਿੰਦ ਤੋਂ 12 ਕੋਹ ਦੀ ਵਿੱਥ ’ਤੇ ਚੱਪੜਚਿੜੀ ਦੇ ਮੈਦਾਨ ਵਿਚ ਇਕ ਫੈਸਲਾਕੁੰਨ ਯੁੱਧ ਹੋਇਆ। ਇਸ ਯੁੱਧ ਵਿਚ ਸਾਕਾ ਸਰਹਿੰਦ ਦਾ ਮੁੱਖ ਦੋਸ਼ੀ ਸੂਬੇਦਾਰ ਵਜ਼ੀਰ ਖਾਂ ਮਾਰਿਆ ਗਿਆ ਅਤੇ ਮੈਦਾਨ ਸਿੱਖਾਂ ਦੇ ਹੱਥ ਆਇਆ। 14 ਮਈ, 1710 ਨੂੰ ਸਿੱਖ ਜੇਤੂਆਂ ਦੀ ਸ਼ਕਲ ਵਿਚ ਸਰਹਿੰਦ ਵਿਚ ਦਾਖਲ ਹੋਏ। ਇਸ ਜਿੱਤ ਤੋਂ ਬਾਅਦ ਸਿੱਖਾਂ ਨੇ ਪਿੱਛੇ ਮੁੜ ਕੇ ਨਹੀਂ ਵੇਖਿਆ। ਇਸੇ ਚੜ੍ਹਤ ਦੌਰਾਨ ਬੰਦਾ ਬਹਾਦਰ ਨੇ ਸੁਤੰਤਰ ਸਿੱਖ ਰਾਜ ਦੀ ਘੋਸ਼ਣਾ ਕਰ ਦਿੱਤੀ। ਲੋਹਗੜ੍ਹ ਨੂੰ ਆਪਣੀ ਰਾਜਧਾਨੀ ਬਣਾਇਆ ਅਤੇ ਇਥੋਂ ਹੀ ਗੁਰੂ ਸਾਹਿਬਾਨ ਦੇ ਨਾਂ ’ਤੇ ਸਿੱਕਾ ਜਾਰੀ ਕੀਤਾ। ਇਸ ਤਰ੍ਹਾਂ ਇਕ ‘ਬਚੂੰਗੜੀ’ ਕੌਮ ਨੇ ਅਚਾਨਕ ਕੱਦ ਕੱਢਿਆ ਅਤੇ ਭਾਰਤ ਦੇ ਨਕਸ਼ੇ ’ਤੇ ਪਹਿਲੀ ਵੇਰ ਇਕ ਰਾਜਸੀ ਤਾਕਤ ਦੇ ਰੂਪ ਵਿਚ ਉੱਭਰ ਕੇ ਸਾਹਮਣੇ ਆਈ। ਜ਼ਾਹਿਰ ਹੈ, ਸਰਹਿੰਦ ਦੀ ‘ਖੂਨੀ ਦੀਵਾਰ’ ਸਿੱਖ ਰਾਜ ਦਾ ਨੀਂਹ ਪੱਥਰ ਸਾਬਤ ਹੋਈ। ਗੱਲ ਨੂੰ ਸਮੇਟਦਿਆਂ, ਜ਼ਰਾ ਧਿਆਨ ਦੇਣਾ! ਇਹ ਸਾਕਾ ਸਰਹਿੰਦ ਦੇ ਤਿੱਖੇ ਪ੍ਰਤੀਕਰਮ ਵਜੋਂ ਹੀ ਸੰਭਵ ਹੋ ਸਕਿਆ ਕਿ ਸਿੱਖਾਂ ਨੇ ਸਦੀਆਂ ਦੀ ਗੁਲਾਮੀ ਤੋਂ ਬਾਅਦ ਮੁਗਲਾਂ ’ਤੇ ਜਿੱਤ ਪ੍ਰਾਪਤ ਕਰਕੇ ਗਜ਼ਨਵੀ, ਤੈਮੂਰ ਤੇ ਬਾਬਰ ਦੇ ਖਾਨਦਾਨਾਂ ਵਿਚੋਂ ਅਖਵਾਉਣ ਵਾਲਿਆਂ ਦੀ ਆਨ ਤੇ ਸ਼ਾਨ ਨੂੰ ਮਿੱਟੀ ਵਿਚ ਮਿਲਾ ਕੇ ਰੱਖ ਦਿੱਤਾ।

ਸੋ, ਸਾਕਾ ਸਰਹਿੰਦ ਸਾਡਾ ਗੌਰਵਮਈ ਵਿਰਸਾ ਹੈ। ਆਪਣੇ ਇਸ ਸ਼ਾਨਾਮੱਤੇ ਇਤਿਹਾਸ ਨੂੰ ਯਾਦ ਰੱਖਣਾ ਸਾਡਾ ਫਰਜ਼ ਬਣਦਾ ਹੈ। ਦੇਸ਼ ਤੇ ਕੌਮ ’ਤੇ ਕੁਰਬਾਨ ਹੋਣ ਵਾਲੇ ਬਾਲ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਹਰ ਸਾਲ ਦਸੰਬਰ ’ਚ ਲੱਖਾਂ ਦੀ ਗਿਣਤੀ ਵਿਚ ਸੰਗਤਾਂ ਜੁੜਦੀਆਂ ਹਨ ਤੇ ਸ਼ਹਾਦਤ ਦੀ ਸਰ-ਜ਼ਮੀਨ ਫਤਿਹਗੜ੍ਹ ਸਾਹਿਬ ਦੀ ਲਹੂ-ਭਿੱਜੀ ਧਰਤੀ ਨੂੰ ਮਸਤਕ ’ਤੇ ਲਗਾ ਕੇ ਆਪਣੇ ਧੰਨ ਭਾਗ ਸਮਝਦੀਆਂ ਹਨ। ਆਓ ! ਆਪਾਂ ਵੀ ਇਸ ਪਵਿੱਤਰ ਦਿਹਾੜੇ ’ਤੇ ਛੋਟੇ ਲੋਹ ਪੁਰਸ਼ ਸਾਹਿਬਜ਼ਾਦਿਆਂ ਨੂੰ ਸਦਾ ਆਪਣੇ ਹਿਰਦੇ ਵਿਚ ਵਸਾਈ ਰੱਖਣ ਦਾ ਪ੍ਰਣ ਲਈਏ। ਬੱਸ, ਇਹੋ ਇਨ੍ਹਾਂ ਨੰਨ੍ਹੇ ਸ਼ਹੀਦਾਂ ਨੂੰ ਸਾਡੀ ਸੱਚੀ ਸ਼ਰਧਾਂਜਲੀ ਹੋਵੇਗੀ।

ਮਾਪੇ ਬਣੇ ਵਜ਼ੀਰ ਖਾਨ

0

ਮਾਪੇ ਬਣੇ ਵਜ਼ੀਰ ਖਾਨ

ਸ. ਪ੍ਰਭਦਿਆਲ ਸਿੰਘ, ਸੁਨਾਮ (ਸੰਗਰੂਰ)-94638-65060

ਸੂਬਾ ਸਰਹਿੰਦ ਵਜ਼ੀਰ ਖਾਨ ਨੇ ਦਸਵੇਂ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਸਾਹਿਬਜ਼ਾਦਿਆਂ ਨੂੰ ਸ਼ਹੀਦ ਕਰਵਾਇਆ। ਵੱਡੇ ਸਾਹਿਬਜ਼ਾਦਿਆਂ ਨੇ ਚਮਕੌਰ ਦੀ ਲਾਸਾਨੀ ਜੰਗ ਵਿੱਚ ਸ਼ਹਾਦਤ ਦਾ ਜਾਮ ਪੀਤਾ ਅਤੇ ਫੁੱਲਾਂ ਜਿਹੇ ਛੋਟੇ ਸਾਹਿਬਜ਼ਾਦਿਆਂ ਨੂੰ ਸਰਹਿੰਦ ਦੀ ਖੂਨੀ ਦੀਵਾਰ ਵਿੱਚ ਚਿਣ ਕੇ ਸ਼ਹੀਦ ਕੀਤਾ ਗਿਆ। ਦੇਸ਼ ਕੌਮ ਲਈ ਚਾਰ ਪੁੱਤਰਾਂ ਨੂੰ ਕੁਰਬਾਨ ਕਰਨ ਤੋਂ ਬਾਅਦ ਕਲਗੀਧਰ ਪਿਤਾ ਨੇ ਸਿੱਖ ਕੌਮ ਨੂੰ ਆਪਣੀ ਸੰਤਾਨ ਥਾਪਦੇ ਹੋਏ ਆਖਿਆ ਸੀ ‘ਇਨ ਪੁਤਰਨ ਕੇ ਸੀਸ ਪਰ, ਵਾਰ ਦੀਏ ਸੁਤ ਚਾਰ, ਚਾਰ ਮੂਏ ਤੋਂ ਕਯਾ ਹੂਆ, ਜੀਵਤ ਕਈ ਹਜ਼ਾਰ।’ ਇਸੇ ਕਾਰਨ ਅਸੀਂ ਸਿੱਖ ਆਪਣੇ ਆਪ ਨੂੰ ਕਲਗੀਧਰ ਪਿਤਾ ਦੇ ਪੁੱਤਰ, ਧੀਆਂ ਮੰਨਦੇ ਹਾਂ। ਇਸ ਦਾ ਇਹ ਭਾਵ ਵੀ ਨਿਕਲਦਾ ਹੈ ਕਿ ਜਦੋਂ ਕੋਈ ਬੱਚਾ ਕਿਸੇ ਸਿੱਖ ਪਰਿਵਾਰ ਵਿੱਚ ਜਨਮ ਲੈਂਦਾ ਹੈ ਤਾਂ ਉਹ ਆਪਣੇ ਪਰਿਵਾਰ ਦਾ ਬੱਚਾ ਹੋਣ ਦੇ ਨਾਲ ਨਾਲ ਦਸ਼ਮੇਸ਼ ਪਿਤਾ ਜੀ ਦਾ ਵੀ ਬੱਚਾ ਹੁੰਦਾ ਹੈ। ਪਰ ਉਦੋਂ ਤੱਕ ਹੀ ਜਦੋਂ ਤੱਕ ਉਹ ਬੱਚਾ ਸਾਬਤ ਸੂਰਤ ਹੈ। ਅਨੇਕਾਂ ਸਿੱਖ ਪਰਿਵਾਰਾਂ ਵਿੱਚ ਵੇਖਣ ਨੂੰ ਮਿਲਦਾ ਹੈ ਕਿ ਮਾਪੇ ਆਪਣੇ ਸਾਲ, ਛੇ ਮਹੀਨਿਆਂ ਦੇ ਛੋਟੇ ਜਿਹੇ ਮਾਸੂਮ ਬੱਚਿਆਂ ਦੇ ਹੀ ਕੇਸ ਕਤਲ ਕਰਵਾ ਦਿੰਦੇ ਹਨ। ਅਣਭੋਲ ਜਿਹੇ ਬੱਚੇ, ਜਿਸ ਨੂੰ ਕੋਈ ਸਮਝ ਨਹੀਂ ਹੁੰਦੀ, ਉਸ ਨੂੰ ਨਾਈ ਦੀ ਕੁਰਸੀ ’ਤੇ ਬਿਠਾ ਦਿੱਤਾ ਜਾਂਦਾ ਹੈ। ਹੁਣ ਜੇਕਰ ਵਿਚਾਰ ਕਰੀਏ ਤਾਂ ਇਕ ਪ੍ਰਸ਼ਨ ਪੈਦਾ ਹੁੰਦਾ ਹੈ ਕਿ ਇਹ ਕੰਮ ਕੋਈ ਮਾਮੂਲੀ ਜਾਂ ਸਧਾਰਨ ਕੰਮ ਹੀ ਹੈ ? ਨਹੀਂ, ਇਹ ਕੋਈ ਮਾਮੂਲੀ ਗੱਲ ਨਹੀਂ ਹੈ। ਜੇਕਰ ਮਾਪੇ ਆਪਣੇ ਬੱਚੇ ਦੇ ਕੇਸ ਕਤਲ ਕਰਵਾ ਦਿੰਦੇ ਹਨ ਤਾਂ ਉਹ ਵੀ ਉਹੀ ਕੰਮ ਕਰਦੇ ਪਏ ਹਨ ਜੋ ਸੂਬਾ ਸਰਹਿੰਦ ਵਜ਼ੀਰ ਖਾਨ ਨੇ ਕੀਤਾ। ਇੱਕ ਬੱਚੇ ਦੇ ਕੇਸ ਕਟਵਾਉਣ ਦਾ ਮਤਲਬ ਹੈ ਕਲਗੀਧਰ ਪਿਤਾ ਦੇ ਇੱਕ ਬੱਚੇ ਦਾ ਕਤਲ ਕਰਨਾ। ਜੇਕਰ ਮਾਪੇ ਖੁੱਦ ਹੀ ਬੱਚੇ ਦੇ ਕੇਸਾਂ ’ਤੇ ਕੈਂਚੀ ਚਲਵਾ ਰਹੇ ਹਨ ਤਾਂ ਇਹ ਸਮਝੋ ਕਿ ਉਹ ਵਜ਼ੀਰ ਖਾਨ ਦੀ ਤਰ੍ਹਾਂ ਹੀ ਸਾਹਿਬਜ਼ਾਦਿਆਂ ਦੀ ਕੂਲੀ (ਮੁਲਾਇਮ) ਗਰਦਨ ’ਤੇ ਛੁਰੀ ਚਲਵਾ ਰਹੇ ਹਨ।

ਛੋਟੀ ਉਮਰ ਵਿੱਚ ਹੀ ਬੱਚਿਆਂ ਦੇ ਕੇਸ ਕਤਲ ਕਰਵਾਉਣ ਦੇ ਕਾਰਨ ਵੀ ਕਈ ਹੁੰਦੇ ਹਨ, ਜਿਨ੍ਹਾਂ ਬਾਰੇ ਮਾਪੇ ਦੱਸਦੇ ਹੋਏ ਕਹਿੰਦੇ ਹਨ ਕਿ ਬੱਚੇ ਦੇ ਕੇਸ ਭਾਰੇ ਸਨ, ਬੱਚਾ ਕੰਘੀ ਨਹੀਂ ਕਰਵਾਉਂਦਾ, ਬੱਚੇ ਦੇ ਸਰੀਰ ਦਾ ਵਾਧਾ ਨਹੀਂ ਸੀ ਹੋ ਰਿਹਾ, ਬੱਚੇ ਦੇ ਸਿਰ ਵਿੱਚ ਸਿਕਰੀ ਸੀ ਆਦਿ। ਕਿਉਂਕਿ ਛੋਟੇ ਬੱਚੇ ਦੀ ਸਾਂਭ ਸੰਭਾਲ, ਉਸ ਨੂੰ ਨ੍ਹਵਾਉਣਾ, ਕੇਸ ਸੰਵਾਰਣੇ ਆਦਿ ਕੰਮ ਮਾਪਿਆਂ ਨੇ ਕਰਨੇ ਹੁੰਦੇ ਹਨ ਇਸ ਲਈ ਆਪਣੀ ਥੋੜੀ ਜਿਹੀ ਖੇਚਲ ਨੂੰ ਘਟਾਉਣ ਲਈ ਉਹ ਬੱਚੇ ਨੂੰ ਨਾਈ ਦੀ ਕੁਰਸੀ ਦਿਖਾ ਦਿੰਦੇ ਹਨ। ਹੈਰਾਨੀ ਉਦੋਂ ਵੱਧ ਹੁੰਦੀ ਹੈ ਜਦੋਂ ਪਿਤਾ ਦੇ ਸਿਰ ’ਤੇ ਕੇਸ ਹੁੰਦੇ ਹਨ, ਪੱਗ ਬੰਨ੍ਹੀ ਹੁੰਦੀ ਹੈ ਅਤੇ ਕੋਲ ਖੜੇ ਬੱਚੇ ਦਾ ਸਿਰ ਗੋਲਮੋਲ ਹੁੰਦਾ ਹੈ। ਫਿਰ ਇਹ ਪੁਛਣਾ ਪੈਂਦਾ ਹੈ ਕਿ, ਕੀ ਇਹ ਬੱਚਾ ਤੁਹਾਡਾ ਹੀ ਹੈ ? ਸ਼ਾਇਦ ਉਸ ਪਿਤਾ ਨੂੰ ਸਿਰ ’ਤੇ ਬੰਨ੍ਹੀ ਪੱਗ ਅਤੇ ਸਿਰ ਦੇ ਕੇਸ ਬਹੁਤ ਬੋਝ ਲੱਗਦੇ ਹੋਣਗੇ ਤਾਂ ਹੀ ਉਸ ਨੇ ਆਪਣੇ ਬੱਚੇ ਦਾ ਇਹ ਭਾਰ ਹਲਕਾ ਕੀਤਾ ਹੈ।

ਇੱਕ ਦਲੀਲ ਇਹ ਵੀ ਦਿੱਤੀ ਜਾਂਦੀ ਹੈ ਕਿ ਬੱਚੇ ਵੱਡੇ ਹੋ ਕੇ ਵੀ ਤਾਂ ਕੇਸ ਕਟਵਾ ਹੀ ਦਿੰਦੇ ਹਨ। ਹਾਂ, ਠੀਕ ਹੈ ਪਰ ਜਦੋਂ ਕੋਈ ਬੱਚਾ ਜਵਾਨ ਹੋ ਕੇ ਆਪਣੀ ਸਮਝ ਅਨੁਸਾਰ ਫੈਸ਼ਨ ਪਿੱਛੇ ਲੱਗ ਕੇ ਕੇਸ ਕਟਵਾਉਂਦਾ ਹੈ ਤਾਂ ਇਸ ਕਾਰਵਾਈ ਲਈ ਉਹ ਖ਼ੁਦ ਜਿੰਮੇਵਾਰ ਹੁੰਦਾ ਹੈ। ਉਸ ਨੂੰ ਆਉਣ ਵਾਲੇ ਸਮੇਂ ਵਿੱਚ ਆਪਣੀ ਇਸ ਗਲਤੀ ਦੀ ਸਮਝ ਆ ਸਕਦੀ ਹੈ। ਬਹੁਤ ਸੰਭਾਵਨਾ ਹੈ ਕਿ ਉਸ ਨੂੰ ਆਪਣੇ ਕੀਤੇ ’ਤੇ ਪਛਤਾਵਾ ਹੋਵੇ ਤੇ ਉਹ ਆਪਣੀ ਗਲਤੀ ਦਾ ਸੁਧਾਰ ਕਰ ਲਵੇ ਪਰ ਜਿਸ ਬੱਚੇ ਨੇ ਆਪਣੇ ਸਿਰ ’ਤੇ ਕਦੇ ਕੇਸ ਦੇਖੇ ਹੀ ਨਹੀਂ, ਜਿਸ ਬੱਚੇ ਨੂੰ ਕੇਸ ਸੰਭਾਲਣ ਦੀ ਜਾਚ ਹੀ ਨਹੀਂ ਆਈ, ਉਸ ਨੂੰ ਕਦੇ ਵੀ ਕੇਸਾਂ ਦੇ ਕੱਟੇ ਜਾਣ ਦਾ ਪਛਤਾਵਾ ਨਹੀਂ ਹੋਵੇਗਾ ਕਿਉਂਕਿ ਉਸ ਨੇ ਖ਼ੁਦ ਤਾਂ ਇਹ ਗਲਤੀ ਕੀਤੀ ਹੀ ਨਹੀਂ ਤੇ ਉਹ ਖੁੱਦ ਨੂੰ ਇਸ ਗੱਲ ਦਾ ਜਿੰਮੇਵਾਰ ਵੀ ਨਹੀਂ ਮੰਨੇਗਾ। ਉਹ ਆਪਣੇ ਮਾਪਿਆਂ ਨੂੰ ਹੀ ਇਸ ਗੱਲ ਦਾ ਜਿੰਮੇਵਾਰ ਸਮਝੇਗਾ ਅਤੇ ਉਸ ਦੇ ਮਨ ’ਤੇ ਇਸ ਗੱਲ ਦਾ ਕੋਈ ਬੋਝ ਨਹੀਂ ਹੋਵੇਗਾ।

ਸੋ, ਸਭ ਮਾਪਿਆਂ ਨੂੰ ਬੇਨਤੀ ਹੈ ਕਿ ਤੁਸੀ ਵਜ਼ੀਰ ਖਾਨ ਨਾ ਬਣੋ ਅਤੇ ਆਪਣੀ ਜਿੰਮੇਵਾਰੀ ਨੂੰ ਸੰਭਾਲਦੇ ਹੋਏ ਆਪਣੇ ਬੱਚਿਆਂ ਨੂੰ ਪਰਮੇਸ਼ਰ ਦੀ ਦਿੱਤੀ ਹੋਈ ਕੇਸਾਂ ਦੀ ਅਣਮੋਲ ਦਾਤ ਨੂੰ ਸੰਭਾਲਣ ਦੀ ਜਾਚ ਸਿਖਾਉ। ਬੱਚਿਆਂ ਨੂੰ ਸਮੇਂ ਸਮੇਂ ’ਤੇ ਕੇਸਾਂ ਦੀ ਮਹੱਤਤਾ ਤੇ ਦਸਤਾਰ ਦੀ ਮਹੱਤਤਾ ਬਾਰੇ ਦੱਸੋ ਤਾਂ ਕਿ ਉਹ ਕੇਸਾਂ ਨਾਲ ਤੇਦਸਤਾਰ ਨਾਲ ਪਿਆਰ ਕਰਨ ਲੱਗ ਜਾਣ। ਇਹਨਾਂ ਦਾ ਸਤਿਕਾਰ ਕਰਦੇ ਹੋਏ ਇਹਨਾਂ ਨੂੰ ਆਪਣੇ ਜੀਵਨ ਦਾ ਇੱਕ ਅਤੁੱਟ ਅੰਗ ਬਣਾ ਲੈਣ। ਸਾਰੇ ਪਾਠਕਾਂ ਨੂੰ ਇਹ ਅਪੀਲ ਹੈ ਕਿ ਜੇਕਰ ਤੁਹਾਡੇ ਨੇੜੇ-ਤੇੜੇ ਕੁਝ ਅਜਿਹੇ ਮਾਪੇ ਹਨ ਜਿਹਨਾ ਨੇ ਇਹ ਗਲਤੀ ਕੀਤੀ ਹੈ, ਜੋ ਸੂਬਾ ਸਰਹਿੰਦ ਬਣ ਗਏ ਹਨ, ਤਾਂ ਕਿਰਪਾ ਕਰਕੇ ਉਹਨਾਂ ਨੂੰ ਸਮਝਾਉਣ ਦੀ ਇੱਕ ਵਾਰ ਕੋਸ਼ਿਸ਼ ਜਰੂਰ ਕਰੋ। ਵਾਹਿਗੁਰੂ ਮਿਹਰ ਕਰੇਗਾ।

ਬਾਬਾ ਅਜੀਤ ਸਿੰਘ ਜੀ

0

ਬਾਬਾ ਅਜੀਤ ਸਿੰਘ ਜੀ

ਭਾਈ ਅਮਨਦੀਪ ਸਿੰਘ

‘ਯਹ ਜਾਂ ਤੋ ਆਨੀ ਜਾਨੀ ਹੈ ਇਸ ਜਾਂ ਕੀ ਕੋਈ ਬਾਤ ਨਹੀਂ। ਜਿਸ ਧਜ ਸੇ ਕੋਈ ਮਕਤਲ ਮੇਂ ਗਯਾ, ਵੁਹ ਸ਼ਾਨ ਸਲਾਮਤ ਰਹਤੀ ਹੈ।’ ਦੁਨੀਆਂ ਵਿਚ ਤਿੰਨ ਤਰ੍ਹਾਂ ਦੇ ਇਨਸਾਨ ਮਹਾਨਤਾ ਰੱਖਦੇ ਹਨ। ਪਹਿਲੇ ਉਹ ਜਿਹੜੇ ਆਪ ਸਾਧਾਰਨ ਪੱਧਰ ਦੇ ਹੁੰਦੇ ਹਨ ਪਰ ਉਹਨਾਂ ਦੇ ਵਡੇਰੇ ਬੜੇ ਮਹਾਨ ਹਨ। ਦੂਜੇ ਉਹ ਜਿਹੜੇ ਆਪ ਮਹਾਨ ਸਨ ਪਰ ਉਹਨਾਂ ਦੇ ਵਡੇਰੇ ਅਤੇ ਸੰਤਾਨ ਸਧਾਰਨ ਪੱਧਰ ਦੇ ਸਨ। ਤੀਜੇ ਉਹ ਜਿਹੜੇ ਨਾ ਆਪ ਮਹਾਨ ਸਨ, ਨਾ ਉਹਨਾਂ ਦੇ ਵਡੇਰੇ ਮਹਾਨ ਸਨ ਬਲਕਿ ਉਹਨਾਂ ਦੀ ਸੰਤਾਨ ਮਹਾਨ ਸੀ। ਗੁਰੂ ਗੋਬਿੰਦ ਸਿੰਘ ਜੀ ਦੀ ਸ਼ਖ਼ਸੀਅਤ ਇਹਨਾਂ ਤਿੰਨਾਂ ਕਿਸਮਾਂ ਤੋਂ ਵਖਰੀ ਹੈ। ਉਹਨਾਂ ਦੇ ਪਿਤਾ, ਦਾਦਾ, ਪੜਦਾਦਾ ਆਪ ਵੀਕੁਰਬਾਨੀ ਦੇ ਪੁੰਜ ਸਨ। ਅੱਜ ਆਪਾਂ ਬਾਬਾ ਅਜੀਤ ਸਿੰਘ ਜੀ ਦੀ ਸ਼ਖ਼ਸੀਅਤ ਬਾਰੇ ਗੱਲ ਕਰਾਂਗੇ। ਬਾਬਾ ਅਜੀਤ ਸਿੰਘ ਜੀ ਦਾ ਜਨਮ 29 ਮਾਘ 1743 ਬਿਕਰਮੀ (1686 ਈ.) ਵਿਚ ਮਾਤਾ ਸੁੰਦਰ ਕੌਰ ਜੀ ਦੀ ਕੁੱਖੋਂ ਪਾਉਂਟਾ ਸਾਹਿਬ ਵਿਖੇ ਹੋਇਆ। ਸੰਸਾਰ ਵਿਚ ਸਰੀਰ ਕਰਕੇ ਕਰੀਬਨ 18 ਸਾਲ ਰਹੇ ਪਰ ਸਿੱਖਜਗਤ, ਆਪ ਜੀ ਨੂੰ ਅਦਬ ਨਾਲ ‘ਬਾਬਾ’ ਸ਼ਬਦ ਨਾਲ ਸੰਬੋਧਨ ਕਰਦਾ ਹੈ ਕਿਉਂਕਿ ਉਮਰ ਭਾਂਵੇ ਛੋਟੀ ਹੈ ਪਰ ਕਰਣੀ ਬਾਬਿਆਂ ਵਾਲੀ ਉੱਚੀ ਤੇ ਸੁੱਚੀ ਹੈ। ਉਹ ਕੇਵਲ ਨਾਮ ਦੇ ‘ਅਜੀਤ’ ਨਹੀਂ ਬਲਕਿ ਕਰਮ ਦੇ, ਅਸੂਲਾਂ ਦੇ, ਸੋਚ ਦੇ, ਜਮੀਰ ਦੇ ਜੇਤੂ ਹਨ। ਜੇਤੂ ਉਹ ਨਹੀਂ ਜਿਹੜਾ ਦੁਸ਼ਮਣ ਦੇ ਟੋਟੇ ਟੋਟੇ ਕਰ ਦੇਵੇ ਬਲਕਿ ਜੇਤੂ ਉਹ ਹੈ ਜਿਹੜਾ ਆਪਣੇ ਟੋਟੇ ਟੋਟੇ ਕਰਵਾ ਕੇ ਵੀ ਆਪਣੇ ਅਕੀਦੇ ਤੇ ਸਿਧਾਂਤ ਨੂੰ ਟੋਟੇ ਟੋਟੇ ਨਾ ਹੋਣ ਦੇਵੇ ਅਤੇ ਦਿਲ ਦੀ ਸਾਬਤੀ ਰੱਖੇ। ਚਮਕੌਰ ਦੇ ਜੰਗ ਵਿਚ ਬਾਬਾ ਅਜੀਤ ਸਿੰਘ ਜੀ ਨੇ ਆਪਣੇ ਨਾਂ ਨੂੰ ਸਾਰਥਕ ਕਰ ਵਿਖਾਇਆ। ਕਈ ਇਤਿਹਾਸਕ ਸੋਮਿਆਂ ਵਿਚ ਆਪ ਜੀ ਦਾ ਨਾਂ ਥੋੜਾ ਫਰਕ ਨਾਲ ਹੈ। ਜਿਵੇਂ ਕਵੀ ਸੈਣਾ ਸਿੰਘ ਨੇ ਸ੍ਰੀ ਗੁਰੂ ਸ਼ੋਭਾ ਵਿਚ ਰਣਜੀਤ ਸਿੰਘ ਜਾਂ ਜੀਤ ਸਿੰਘ ਲਿਖਿਆ ਹੈ ‘ਥਾਹਿ ਸਮੇਂ ਕਾਰਣ ਕਰਣ ਲੀਨੋ ਸਿੰਘ ਬੁਲਾਇ ॥ ਕਹੀ ਸਿੰਘ ਰਣਜੀਤ ਸੌ ਦੂਤਨ ਦੇਹੁ ਸਜਾਇ।੨੪॥, ਕਰਤ ਮਾਰ ਚਾਰੋਂ ਦਿਸ਼ਾ ਜੀਤ ਸਿੰਘ ਅਸਵਾਰ। ਸਾਂਗ ਤਜੀ ਕਰ ਤੇ ਤਬੈ ਗਹਿ ਲੀਨੀ ਕਰਵਾਰ। ੫੦॥’

ਬਾਦ ਦੇ ਇਤਿਹਾਸਕਾਰਾਂ ਨੇ ਨਾਮ ਅਜੀਤ ਸਿੰਘ ਹੀ ਲਿਖਿਆ ਹੈ, ਅਸੀਂ ਨਾਮ ਦੀ ਬਹਿਸ ਵਿਚ ਨਹੀਂ ਪੈਣਾ। ਹਾਂ, ਇਕ ਜੀਤ ਸਿੰਘ ਨਾਂ ਦਾ ਪਾਲਿਤ ਪੁੱਤਰ ਵੀ ਸੀ ਜੋ ਮਾਤਾ ਸੁੰਦਰ ਕੌਰ ਜੀ ਨੇ ਪੁਤਰਾਂ ਦੀ ਸ਼ਹੀਦੀ ਤੋਂ ਬਾਦ ਪਾਲਿਆ। ਬਾਦ ਵਿਚ ਇਹ ਆਗਿਆਕਾਰ ਨਹੀਂ ਸੀ ਰਿਹਾ। ਇਸ ਨੂੰ ਸ਼ਿਕਾਰ ਤੇ ਅਸਤ੍ਰਾ ਸ਼ਸਤ੍ਰਾਂ ਦਾ ਬੜਾ ਸ਼ੌਕ ਸੀ। ਇਕ ਵਾਰ ਕੋਈ ਫਕੀਰ ਪੈਸੇ ਮੰਗ ਰਿਹਾ ਸੀ। ਇਸ ਦੇ ਕਹਿਣ ਤੇ ਸਾਥੀ ਅਸਵਾਰਾਂ ਨੇ ਉਸ ਫਕੀਰ ਨੂੰ ਕੁਟਿਆ ਤੇ ਉਸ ਦੀ ਮੌਤ ਹੋ ਗਈ। ਇਸ ’ਤੇ ਮੁਕੱਦਮਾ ਚਲਿਆ ਤੇ ਸੰਨ 1713 ਵਿਚ 50 ਸਾਥੀਆਂ ਸਮੇਤ ਦਿੱਲੀ ਵਿੱਚ ਸ਼ਹੀਦ ਕਰ ਦਿੱਤਾ ਗਿਆ। ਭਾਈ ਚੌਪਾ ਸਿੰਘ ਵਰਗੇ ਬਜੁਰਗ ਵੀ ਇਸੇ ਸਮੇਂ ਸ਼ਹੀਦ ਹੋਏ। ਸਬਜ਼ੀ ਮੰਡੀ ਦਿੱਲੀ ਪਾਸ ਇਸ ਦਾ ਦੇਹਰਾ ਹੈ ਤੇ ਇਸ ਦੇ ਸ਼ਰਧਾਲੂ ‘‘ਜੀਤੀ ਸੰਗਤਿ’’ ਅਖਵਾਉਂਦੇ ਹਨ। ਪਿੱਛੋਂ ਇਸ ਦਾ ਪੁੱਤਰ ਹਠੀ ਸਿੰਘ ਬੁਰਹਾਨਪੁਰ ਵਿੱਚ ਇਸ ਦੀ ਗੱਦੀ ’ਤੇ ਬੈਠਾ। ਇਸ ਤਰ੍ਹਾਂ ਬਾਬਾ ਅਜੀਤ ਸਿੰਘ ਜੀ ਅਤੇ ਪਾਲਿਤ ਅਜੀਤ ਸਿੰਘ ਵੱਖਰੇ-ਵੱਖਰੇ ਸਨ। ਬਾਬਾ ਅਜੀਤ ਸਿੰਘ ਜੀ ਬੜੇ ਕਰਮਯੋਗੀ ਸਨ, ਇੱਕ ਵਾਰ ਜਦੋਂ ਬਸੀ ਦਾ ਪਠਾਣ ਜਾਬਰ ਖਾਨ, ਦੇਵਦਾਸ ਬ੍ਰਾਹਮਣ ਦੀ ਇਸਤਰੀ ਧੱਕੇ ਨਾਲ ਚੁੱਕ ਕੇ ਲੈ ਗਿਆ ਤਾਂ ਉਸ ਨੂੰ ਛੁਡਾ ਕੇ ਲਿਆਉਣ ਦੀ ਸੇਵਾ ਬਾਬਾ ਅਜੀਤ ਸਿੰਘ ਜੀ ਨੇ ਨਿਭਾਈ। ਅੱਜ ਜਦੋਂ ਕਿ ਸਮਾਜ ਵਿਚ ਔਰਤਾਂ ’ਤੇ ਹੋ ਰਹੇ ਜੁਲਮਾਂ ਦੀਆਂ ਖਬਰਾਂ ਅਸੀਂ ਨਿਤਾਪ੍ਰਤੀ ਪੜ੍ਹਦੇ ਹਾਂ ਤਾਂ ਸਾਨੂੰ ਨੌਜਵਾਨ ਪੀਹੜੀ ਨੂੰ ਬਾਬਾ ਅਜੀਤ ਸਿੰਘ ਜੀ ਦੀ ਜੀਵਨ ਰੋਸਨੀ ਵਿੱਚ ਆਪਾ ਚੀਨਣ ਦੀ ਲੋੜ ਹੈ। ਅਸੀਂ ਦੁਨੀਆਂ ਵਿੱਚ ਕਈ ਵਾਰ ਦੇਖਦੇ ਹਾਂ ਕਿ ਕਈ ਧਾਰਮਿਕ ਅਤੇ ਸਿਆਸੀ ਆਗੂ ਮੁਸੀਬਤ ਵੇਲੇ ਆਪਣੀ ਔਲਾਦ ਨੂੰ ਛੁਪਾ ਲੈਂਦੇ ਹਨ। ਆਪਣੇ ਬੱਚਿਆਂ ਨੂੰ ਬਚਾਉਣ ਲਈ ਦੂਜੇ ਦੇ ਬੱਚਿਆ ਨੂੰ ਕੁਰਬਾਨ ਕਰ ਦੇਂਦੇ ਹਨ, ਪਰ ਗੁਰੂ ਸਾਹਿਬ ਜੀ ਦੀ ਮਰਜ਼ੀ ਅਨੁਸਾਰ ਬਾਬਾ ਅਜੀਤ ਸਿੰਘ ਜੀ ਨੇ ਕਿਲਾ ਛੱਡਣ ਤੋਂ ਬਾਦ ਆਪ ਮੂਹਰੇ ਹੋ ਕੇ ਵਹੀਰ ਦੀ ਰੱਖਿਆ ਕੀਤੀ। ਸਾਹਿਬਜ਼ਾਦਿਆ ਦੀ ਕੁਰਬਾਨੀ ਇਤਨੀ ਬੇਮਿਸਾਲ ਹੈ ਕਿ ਜਿਸ ਨੇ ਕਈ ਕਵੀਆਂ ਦੀ ਕਲਮ ਨੂੰ ਪ੍ਰਭਾਵਿਤ ਕੀਤਾ। ਹਿੰਦੀ ਦੇ ਪ੍ਰਸਿੱਧ ਕਵੀ ਮੈਥਲੀ ਸ਼ਰਣ ਗੁਪਤ ਦੀ ਕਲਮ ਬੋਲ ਉਠੀ ‘‘ਜਿਸ ਕੁਲ ਜਾਤਿ ਦੇਸ਼ ਕੇ ਬੱਚੇ ਦੇ ਸਕਤੇ ਹੈ ਯੋ ਬਲਿਦਾਨ॥ ਉਸ ਦਾ ਵਰਤਮਾਨ ਕੁਝ ਭੀ ਹੋ ਪਰ ਭਵਿਸਯ ਹੈ ਮਹਾਂ ਮਹਾਨ।’’ ਮਿਰਜ਼ਾ ਮੁਹੰਮਦ ਅਬਦੁਨ ਗਨੀ ਨੇ ਬਾਬਾ ਅਜੀਤ ਸਿੰਘ ਜੀ ਤੇ ਬਾਬਾ ਜੁਝਾਰ ਸਿੰਘ ਜੀ ਦੀ ਸ਼ਹੀਦੀ ਨੂੰ ‘‘ਜੋਹਰਿ ਤੇਗ’’ ਵਿਚ ਇਸ ਤਰ੍ਹਾਂ ਪੇਸ਼ ਕੀਤਾ ਹੈ। ਬਾਬਾ ਅਜੀਤ ਸਿੰਘ ਜੀ ਆਪਣੇ ਪਿਤਾ ਤੋਂ ਸ਼ਹੀਦੀ ਜਾਮ ਪੀਣ ਦੀ ਆਗਿਆ ਮੰਗਦੇ ਹਨ ‘‘ਮੁਝ ਕੋ ਭੀ ਦੀਜੇ ਹੁਕਮ ਜੌਹਰ ਦਿਖਾਊਂ ਮੈਂ। ਜਾਏ ਬਲਾ ਸੇ ਜਾਨ ਪਰ ਵਾਪਸ ਨਾ ਆਊਂ ਮੈਂ। ਜੋਸ਼ ਸੇ ਮੈਦਾਨ ਮੇਂ ਕਦਮ ਬੜਾਊਂ ਮੈਂ। ਭੂਚਾਲ ਕੀ ਤਰਹ ਜਹਾਂ ਕੋ ਹਿਲਾਉ ਮੈਂ। ਨਾਮ ਕਾ ਅਜੀਤ ਹੂੰ ਜੀਤਾ ਨਾ ਜਾਊਂਗਾ। ਜੀਤਾ ਤੋ ਖ਼ੈਰ! ਹਾਰ ਕੇ, ਜੀਤਾ ਨਾ ਆਊਂਗਾ। ਲੜਕੇ ਨੇ ਲੜ ਕੇ ਜਾਨ ਦੀ ਆਖਰ ਕੋ ਜੰਗ ਮੇਂ। ਆਯਾ ਥਾ ਹੋਸਲੇ ਸੇ ਧਰਮ ਕੀ ਉਮੰਗ ਮੇਂ। ਬੇਟੇ ਕੇ ਕਤਲ ਹੋਨੇ ਕੇ ਪਹੁੰਚੀ ਯੂੰ ਹੀ ਖਬਰ। ਜਾਨਾਯਿ ਬਾਪ ਨੇ ਹੂਆ ਕਤਲ ਵਹ ਪਿਸ਼ਰ। ਸ਼ੁਕਰ ਅਕਾਲ ਪੁਰਖ ਕਾ ਕੀਆ, ਝਟ ਉਠਾ ਕੇ ਸਰ। ਔਰ ਅਰਜ ਕੀ ਕਿ ਬੰਦਾ ਪੈ ਕ੍ਰਿਪਾ ਕੀ ਕਰ ਨਜ਼ਰ। ਮੁਝਿ ਪਰ ਸੇ ਆਜ ਤੇਰੀ ਅਮਾਨਤ ਅਦਾ ਹੂਈ। ਬੇਟੇ ਕੀ ਜਾਂ ਧਰਮ ਕੀ ਖਾਤਰ ਫਿਦਾ ਹੂਈ।’’

ਪੁੱਤਰ ਦੀ ਬਹਾਦਰੀ ਤੇ ਗੁਰੂ ਗੋਬਿੰਦ ਸਿੰਘ ਜੀ ਨੇ ਪ੍ਰੰਸਨ ਹੋ ਕੇ ਕਿਹਾ: ‘‘ਸ਼ਾਬਾਸ਼ ਪਿਸਰ ! ਖੂਬ ਦਲੇਰੀ ਸੇ ਲੜੇ ਹੋ। ਹਾਂ, ਕਿਉਂ ਨ ਹੋ ਗੋਬਿੰਦ ਕੇ ਫਰਜ਼ੰਦ ਬੜੇ ਹੋ।’’

1705 ਨੂੰ ਸਾਡੇ ਲਈ ਕੀਤੀ ਬਾਬਾ ਅਜੀਤ ਸਿੰਘ ਜੀ ਦੀ ਕੁਰਬਾਨੀ ਸਾਥੋਂ ਜਵਾਬ ਮੰਗਦੀ ਹੈ। ਖੂਨ ਦੇ ਇੱਕ ਇੱਕ ਕਤਰੇ ਦੇ ਅਸੀਂ ਕਰਜ਼ਦਾਰ ਹਾਂ ਕਿਉਂਕਿ ਗੁਰੂ ਸਾਹਿਬ ਨੇ ਆਪਣੇ ਬੱਚਿਆਂ ਦੀਆਂ ਆਂਦਰਾਂ ਦਾ ਖੂਨ ਕੱਢ ਕੇ ਸਾਡੀਆਂ ਰਗਾਂ ਵਿਚ ਪਾਇਆ ਤਾਂ ਕਿ ਕੌਮ ਸਦਾ ਜੀਂਊਦੀ ਰਹੇ। ਸਾਡੇ ’ਤੇ ਮਾਣ ਤੇ ਭਰੋਸਾ ਕਰਕੇ ਹੀ ਗੁਰੂ ਜੀ ਨੇ ਬਾਬਾ ਜੁਝਾਰ ਸਿੰਘ ਜੀ ਨੂੰ ਕਿਹਾ ਸੀ। ‘‘ਬੇਟਾ ! ਹੋ ਤੁਸੀ ਪੰਥ ਕੇ ਬੇੜੇ ਕੇ ਖਿਵੱਈਆ। ਸਰ ਭੇਂਟ ਕਰੇਂ ਤਾਂ ਕਿ ਚਲੇ ਧਰਮ ਕੀ ਨੱਈਆ। ਲੇ ਦੇ ਕੇ ਤੁਮੀ ਥੇ ਮਿਰੇ ਗੁਲਸ਼ਨ ਕੇ ਬਕੱਈਆ। ਲੋ ਜਾਓ, ਯਾ ਮਾਰੋ ਤੁਮੇ ਅੋਲਾਹ ਕੋ ਸੋਂਪਾ। ਰੱਬ ਕੋ ਨਾ ਬਿਸਾਰੋ ਤੁਮੇ ਅੱਲਾਹ ਕੋ ਸੌਂਪਾ, ਸਿੱਖੀ ਕੋ ਉਭਾਰੋ ਤੁਮ੍ਹੇ ਅਲਾਹ ਕੋ ਸੋਂਪਾ।’’

ਬਾਦਲ ਆਪਣੀਆਂ ਨਾਕਾਮਯਾਬੀਆਂ ਦਾ ਠੀਕਰਾ ਵਿਦੇਸ਼ੀ ਏਜੰਸੀਆਂ ਦੇ ਸਿਰ ਭੰਨ ਕੇ ਸੁਰਖੁਰੂ ਨਹੀਂ ਹੋ ਸਕਦੇ

0

ਬਾਦਲ ਆਪਣੀਆਂ ਨਾਕਾਮਯਾਬੀਆਂ ਦਾ ਠੀਕਰਾ ਵਿਦੇਸ਼ੀ ਏਜੰਸੀਆਂ ਦੇ ਸਿਰ ਭੰਨ ਕੇ ਸੁਰਖੁਰੂ ਨਹੀਂ ਹੋ ਸਕਦੇ

ਇੱਕ ਗੁਰੂ ਗ੍ਰੰਥ ਸਾਹਿਬ ਜੀ ਦੀ ਅਗਵਾਈ ਕਬੂਲਣ ਵਾਲੇ ਅਤੇ ਇੱਕ ਸਿੱਖ ਰਹਿਤ ਮਰਿਆਦਾ ਦੇ ਧਾਰਨੀ ਸਮੁੱਚੇ ਪੰਥ ਨੂੰ ਇੱਕ ਵਿਧਾਨ ਅਤੇ ਇੱਕ ਨਿਸ਼ਾਨ ਹੇਠ ਇਕੱਤਰ ਕਰਨ ਲਈ ਕੀਤੇ ਜਾਣਗੇ ਯਤਨ: ਭਾਈ ਪੰਥਪ੍ਰੀਤ ਸਿੰਘ

ਖ਼ੁਦਕਸ਼ੀਆਂ ਅਤੇ ਬੇਅਦਬੀਆਂ ਰੋਕਣ ਵਿੱਚ ਅਸਮਰਥ ਰਹਿਣ ’ਤੇ ਸ਼ਰਮਿੰਦੇ ਹੋਣ ਅਤੇ ਮੁਆਫੀ ਮੰਗਣ ਦੀ ਬਜਾਏ ਗੁੰਡੇ ਅਕਾਲੀ ਸਦਭਾਵਨਾ ਰੈਲੀਆਂ ਕਰ ਰਹੇ ਹਨ: ਭਾਈ ਹਰਜਿੰਦਰ ਸਿੰਘ ਮਾਂਝੀ

ਅਖੌਤੀ ਜਥੇਦਾਰਾਂ ਨੂੰ ਸਰਬਉੱਚ ਦੱਸ ਕੇ ਕੌਮ ਨਾਲ ਧੋਖਾ ਕੀਤਾ ਜਾ ਰਿਹਾ ਹੈ: ਭਾਈ ਹਰਜੀਤ ਸਿੰਘ ਢਪਾਲੀ

ਭੂਮੀਆ ਚੋਰ ਤਾਂ ਗੁਰੂ ਦੇ ਬਚਨਾਂ ’ਤੇ ਪਹਿਰਾ ਦੇ ਕੇ ਚੋਰ ਤੋਂ ਭਾਈ ਭੂਮੀਆ ਬਣ ਗਿਆ ਪਰ ਅੱਜ ਧਰਮ ਦੇਬਣੇ ਠੇਕੇਦਾਰ ਗੁਰੂ ਦੇ ਕਿਸੇ ਵੀ ਉਪਦੇਸ਼ ’ਤੇ ਅਮਲ ਨਹੀਂ ਕਰਦੇ: ਭਾਈ ਸਤਨਾਮਸਿੰਘ ਚੰਦੜ

ਬਠਿੰਡਾ/ਸੰਗਤ: (ਕਿਰਪਾਲ ਸਿੰਘ): ਅਕਾਲੀ ਭਾਜਪਾ ਸਰਕਾਰ ਦੀਆਂ ਪੰਥ, ਕਿਸਾਨ ਅਤੇ ਪੰਜਾਬ ਵਿਰੋਧੀ ਨੀਤੀਆਂ ਕਾਰਨ ਬਾਦਲ ਸਰਕਾਰ ਵਿਰੁੱਧ ਉੱਠੇ ਰੋਹ ਤੋਂ ਬੁਖਲਾਹਟ ਵਿੱਚ ਆਏ ਬਾਦਲ ਪਿਉ ਪੁੱਤਰ ਆਪਣੀਆਂ ਨਾਕਾਮਯਾਬੀਆਂ ਦਾ ਠੀਕਰਾ ਵਿਦੇਸ਼ੀ ਏਜੰਸੀਆਂ ਦੇ ਸਿਰ ਭੰਨ ਕੇ ਸੁਰਖੁਰੂ ਨਹੀਂ ਹੋ ਸਕਦੇ। ਇਹ ਸ਼ਬਦ ਗੁਰਮਤਿ ਸੇਵਾ ਲਹਿਰ ਦੀ ਸੰਗਤ ਕੈਂਚੀਆਂ ਵਿਖੇ ਹੋਈ ਛਿਮਾਹੀ ਮੀਟਿੰਗ/ ਗੁਰਮਤ ਸਮਾਗਮ ਦੌਰਾਨ ਬੋਲਦਿਆਂ ਭਾਈ ਪੰਥਪ੍ਰੀਤ ਸਿੰਘ ਨੇ ਕਹੇ। ਹਰ ਵਾਰ ਦੀ ਤਰ੍ਹਾਂ ਇਸ ਸਮਾਗਮ ਦੌਰਾਨ ਬੱਚਿਆਂ ਨੂੰ ਧਾਰਮਿਕ ਸੰਸਕਾਰ ਦੇਣ ਲਈ ਧਾਰਮਿਕ ਲਿਖਤੀ ਪੇਪਰ, ਕਵਿਤਾਵਾਂ, ਕਵੀਸ਼ਰੀ, ਢਾਡੀ ਵਾਰਾਂ, ਗਤਕਾ ਅਤੇ ਸੁੰਦਰ ਦਸਤਾਰ ਸਜਾਉਣ ਦੇ ਮੁਕਾਬਲੇ ਕਰਵਾ ਕੇ ਉਨ੍ਹਾਂ ਨੂੰ ਸਨਮਾਨਤ ਕੀਤਾ ਗਿਆ। ਉਪ੍ਰੰਤ ਗੁਰਮਤ ਸੇਵਾ ਲਹਿਰ ਨਾਲ ਜੁੜੇ ਪ੍ਰਚਾਰਕਾਂ ਨੇ ਗੁਰਬਾਣੀ ਵੀਚਾਰ, ਗੁਰਮਤ ਅਤੇ ਪੰਥ ਦੇ ਮੌਜੂਦਾ ਹਾਲਾਤਾਂ ਸਬੰਧੀ ਪ੍ਰਭਾਵਸ਼ਾਲੀ ਵੀਚਾਰ ਪੇਸ਼ ਕੀਤੇ। ਇਸ ਦੌਰਾਨ ਭਾਈ ਪੰਥਪ੍ਰੀਤ ਸਿੰਘ ਨੇ ਸੰਗਤਾਂ ਦੇ ਭਰਵੇਂ ਇੱਕਠ ਨੂੰ ਸੰਬੋਧਨ ਹੁੰਦਿਆਂ ਕਿਹਾ ਬਾਦਲ ਦਲ ਪੰਥ ਅਤੇ ਕਿਸਾਨਾਂ ਦੇ ਹਮਾਇਤੀ ਹੋਣ ਦਾ ਦਾਅਵਾ ਕਰਕੇ ਵੋਟਾਂ ਲੈ ਕੇ ਸਤਾ ਵਿੱਚ ਆਉਂਦਾ ਹੈ ਪਰ ਹਮੇਸ਼ਾਂ ਪੰਥ ਅਤੇ ਕਿਸਾਨਾਂ ਦੇਵਿਰੋਧ ਵਿੱਚ ਹੀ ਭੁਗਤਣ ਦੀਆਂ ਕਾਰਵਾਈਆਂ ਹੁਣ ਸਿਖਰ ’ਤੇ ਪਹੁੰਚ ਚੁਕੀਆਂ ਹਨ। ਇਹੋ ਕਾਰਨ ਹੈ ਕਿ ਬਾਦਲ ਦਲ ਵਿਰੁੱਧ ਉੱਠੇ ਲੋਕ ਰੋਹ ਕਾਰਨ ਉਨ੍ਹਾਂ ਨੂੰ ਸੜਕਾਂ ’ਤੇ ਆਉਣ ਲਈ ਮਜਬੂਰ ਹੋਣਾ ਪੈ ਰਿਹਾ ਹੈ; ਪਰ ਬਾਦਲ ਪਰਿਵਾਰ ਇਸ ਰੋਹ ਪਿੱਛੇ ਵਿਦੇਸ਼ੀ ਏਜੰਸੀਆਂ ਦਾ ਹੱਥ ਦੱਸ ਕੇ ਆਪਣੇ ਆਪ ਨੂੰ ਸੁਰਖੁਰੂ ਹੋਣ ਦਾ ਯਤਨ ਕਰ ਰਿਹਾ ਹੈ। ਭਾਈ ਪੰਥਪ੍ਰੀਤ ਸਿੰਘ ਨੇ ਸ: ਬਾਦਲ ਨੂੰ ਪੁੱਛਿਆ ਕਿ ਉਹ ਦੱਸੇ ਕਿ ਵੋਟਾਂ ਖਾਤਰ ਸਵਾਂਗਧਾਰੀ ਸੌਦਾ ਸਾਧ ਵਿਰੁੱਧ ਦਰਜ ਹੋਏ ਧਾਰਾ 295 (ਏ) ਦਾ ਕੇਸ ਕਿਸ ਵਿਦੇਸ਼ੀ ਏਜੰਸੀ ਨੇ ਵਾਪਸ ਲਿਆ ਸੀ? ਬਿਨਾਂ ਹੀ ਕਸੂਰ ਮੰਨੇ ਅਤੇ ਬਿਨਾਂ ਹੀ ਮੁਆਫੀ ਮੰਗਣ ਤੋਂ ਉਸ ਨੂੰ ਅਕਾਲ ਤਖ਼ਤ ਤੋਂ ਮੁਆਫੀ ਦਾ ਹੁਕਮਨਾਮਾ ਜਾਰੀ ਕਰਵਾ ਕੇ ਅਕਾਲ ਤਖ਼ਤ ਦੀ ਮਾਣ ਮਰਿਆਦਾ ਨੂੰ ਮਿੱਟੀ ਵਿੱਚ ਕਿਸ ਵਿਦੇਸ਼ੀ ਏਜੰਸੀ ਨੇ ਮਿਲਾਇਆ ਹੈ? ਗੁਰਮੀਤ ਰਾਮ ਰਹੀਮ ਤਾਂ ਕਹਿ ਰਿਹਾ ਹੈ ਕਿ ਉਸ ਨੇ ਕੋਈ ਗਲਤੀ ਨਹੀਂ ਕੀਤੀ ਅਤੇ ਨਾ ਹੀ ਕੋਈ ਮੁਅਫੀ ਮੰਗੀ ਹੈ। ਉਸ ਅਨੁਸਾਰ ਸਿੱਖ-ਡੇਰਾ ਪ੍ਰੇਮੀਆਂ ਦਾ ਵਿਵਾਦ ਖਤਮ ਕਰਨ ਲਈ ਜਿਸ ਚਿੱਠੀ ’ਤੇ ਦਸਤਖਤ ਕਰਨ ਲਈ ਉਸ ਨੂੰ ਕਿਹਾ ਗਿਆ ਸੀ ਉਨ੍ਹਾਂ ਉਸੇ ’ਤੇ
ਦਸਤਖ਼ਤ ਕਰ ਦਿੱਤੇ ਸਨ। ਸੋ ਸ:ਬਾਦਲ ਹੀ ਦੱਸੇ ਕਿ ਕਿਸ ਵਿਦੇਸ਼ੀ ਏਜੰਸੀ ਨੇ ਉਸ ਤੋਂ ਦਸਤਖ਼ਤ ਕਰਵਾ ਕੇ ਅਕਾਲ ਤਖ਼ਤ ਤੋਂ ਮੁਆਫੀ ਦਿਵਾਈ ਹੈ? ਭਾਈ ਪੰਥਪ੍ਰੀਤ ਸਿੰਘ ਨੇ ਕਿਹਾ ਕਿ ਸਾਬਕਾ ਜਥੇਦਾਰ ਗਿਆਨੀ ਜੋਗਿੰਦਰ ਸਿੰਘ ਵੇਦਾਂਤੀ ਅਤੇ ਗਿਅਨੀ ਬਲਵੰਤ ਸਿੰਘ ਜੀ ਨੰਦਗੜ੍ਹ ਅਖਬਾਰੀ ਬਿਆਨਾਂ ਰਾਹੀਂ ਕੌਮ ਨੂੰ ਦੱਸ ਚੁੱਕੇ ਹਨ ਕਿ ਨਾਗਪੁਰ ਤੋਂ ਵਾਇਆ ਚੰਡੀਗੜ੍ਹ ਪਹੁੰਚੇ ਹੁਕਮਾਂ ’ਤੇ ਉਹ ਤਾਂ ਸਿਰਫ ਦਸਤਖ਼ਤ ਹੀ ਕਰਦੇ ਸਨ। ਇਸੇ ਤਰ੍ਹਾਂ ਇਕਬਾਲ ਸਿੰਘ ਪਟਨਾ ਸਾਹਿਬ ਵਾਲੇ ਜਿਸ ਨੂੰ ਅਸੀਂ ਤਾਂ ਜਥੇਦਾਰ ਹੀ ਨਹੀਂ ਮੰਨਦੇ; ਉਸ ਨੂੰ ਜਿਸ ਸਮੇਂ ਪੰਜਾਂ ਦੀ ਮੀਟਿੰਗ ਵਿੱਚ ਬੈਠਾਉਣ ’ਤੇ ਰੋਕ ਲਾ ਦਿੱਤੀ ਸੀ; ਉਸ ਨੇ ਬਿਆਨ ਦਿੱਤਾ ਸੀ ਕਿ ਹਰਚਰਨ ਬੈਂਸ ਖ਼ੁਦ ਪੰਜਾਂ ਦੀ ਮੀਟਿੰਗ ਵਿੱਚ ਬੈਠ ਕੇ ਸਾਥੋਂ ਹੁਕਮਨਾਮੇ ਲਿਖਾਉਂਦਾ ਹੈ ਜਿਸ ’ਤੇ ਸਾਨੂੰ ਮਜ਼ਬੂਰਨ ਦਸਤਖ਼ਤ ਕਰਨੇ ਪੈਂਦੇ ਹਨ। ਸੋ ਜਦੋਂ ਤਿੰਨ ਜਥੇਦਾਰ ਹੁਕਨਾਮਿਆਂ ਦੀ ਸੱਚਾਈ ਆਪਣੇ ਜ਼ੁਬਾਨੀ ਦੱਸ ਰਹੇ ਹਨ ਤਾਂ ਸ: ਬਾਦਲ ਦੱਸਣ ਕਿ ਇਹ ਸਭ ਕੁਝ ਕਿਹੜੀ ਏਜੰਸੀ ਕਰਵਾ ਕੇ ਅਕਾਲ ਤਖ਼ਤ ਦੀ ਮਰਿਆਦਾ ਨੂੰ ਮਿੱਟੀ ਵਿੱਚ ਰੋਲ਼ ਰਹੀ ਹੈ? ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਚੋਰੀ ਕਰਨ ਵਾਲੇ ਦੋਸ਼ੀਆਂ ਦੀ ਭਾਲ ਕਰਨ ਤੋਂ ਪੁਲਿਸ ਨੂੰ ਕਿਸ ਵਿਦੇਸ਼ੀ ਏਜੰਸੀ ਨੇ ਰੋਕਿਆ? ਗੁਰੂ ਗ੍ਰੰਥ ਸਾਹਿਬ ਜੀ ਦੀ ਘੋਰ ਬੇਅਦਬੀ ਕਰਨ ਵਾਲਿਆਂ ਦੀ ਗ੍ਰਿਫਤਾਰੀ ਕਰਨ ਦੀ ਮੰਗ ਲਈ ਸ਼ਾਂਤਮਈ ਧਰਨੇ ਦੌਰਾਨ ਬਾਣੀ ਪੜ੍ਹਦੇ ਸਿੱਖਾਂ ’ਤੇ ਗੋਲ਼ੀ ਚਲਾਉਣ ਦਾ ਹੁਕਮ ਕਿਸ ਵਿਦੇਸ਼ੀ ਏਜੰਸੀ ਨੇ ਦਿੱਤਾ ਸੀ? ਨਾਨਕਸ਼ਾਹੀ ਕੈਲੰਡਰ ਦਾ ਕਤਲ ਕਿਸ ਵਿਦੇਸ਼ੀ ਏਜੰਸੀ ਨੇ ਕਰਵਾਇਆ ਸੀ? ਸਿੱਖਾਂ ਦੇ ਕਾਤਲ ਗੁਰਮੀਤ ਪਿੰਕੀ ਨੂੰ ਸਜਾ ਪੂਰੀ ਹੋਣ ਤੋਂ ਪਹਿਲਾਂ ਹੀ ਰਿਹਾ ਕਰਕੇ ਬਹਾਲ ਕਰਨ ਦਾ ਹੁਕਮ ਕਿਸ ਵਿਦੇਸ਼ੀ ਏਜੰਸੀ ਨੇ ਦਿੱਤਾ ਸੀ? ਸਜਾਵਾਂ ਪੂਰੀਆਂ ਕਰ ਚੁੱਕੇ ਸਿੰਘਾਂ ਦੀ ਰਿਹਾਈ ਲਈ ਕੋਈ ਕਦਮ ਉਠਾਉਣ ਤੋਂ ਪੰਜਾਬ ਸਰਕਾਰ ਨੂੰ ਕਿਸ ਵਿਦੇਸ਼ੀ ਏਜੰਸੀ ਨੇ ਰੋਕਿਆ ਹੋਇਆ ਹੈ? ਸਰਕਾਰ ਵਿਰੁੱਧ ਪ੍ਰਦਰਸ਼ਨ ਕਰ ਰਹੇ ਪੰਥ ਵਿਰੋਧੀ ਡੇਰਿਆਂ ਦੇ ਸਮਰਥਕਾਂ ਅਤੇ ਪੰਥਕ ਧਿਰਾਂ ਦੇ ਪ੍ਰਦਰਸ਼ਨਾ ਨਾਲ
 ਨਜਿੱਠਣ ਮੌਕੇ ਪੰਜਾਬ ਸਰਕਾਰ ਵੱਲੋਂ ਵੱਖ ਵੱਖ ਪਹੁੰਚ ਅਪਨਾਉਣ ਦੀ ਸਲਾਹ ਕਿਹੜੀਆਂ ਵਿਦੇਸ਼ੀ ਏਜੰਸੀਆਂ ਦੇ ਰਹੀਆਂ ਹਨ ਜਿਸ ਕਾਰਨ ਡੇਰੇਦਾਰਾਂ ਦੇ ਸਮਰਥਕ ਤਾਂ ਭਾਵੇਂ ਰੇਲਾਂ ਰੋਕਣ, ਬੱਸਾਂ ਅਤੇ ਹੋਰ ਸਰਕਾਰੀ/ਗੈਰ ਸਰਕਾਰੀ ਜਾਇਦਾਦਾਂ ਦੀ ਸਾੜਫੂਕ ਕਰਨ, ਉਨ੍ਹਾਂ ’ਤੇ ਤਾਂ ਕਦੀ ਹਲਕਾ ਲਾਠੀਚਾਰਜ ਵੀ ਨਾ ਕਰਨਾ ਪਰ ਪੰਥਕ ਧਿਰਾਂ ਦੇ ਸ਼ਾਂਤਮਈ ਪ੍ਰਦਰਸ਼ਨਾਂ ਨੂੰ ਦਬਾਉਣ ਲਈ ਗੋਲ਼ੀ ਚਲਾ ਕੇ ਸ਼ਹੀਦ ਕਰਨ ਤੋਂ ਵੀਗੁਰੇਜ਼ ਨਹੀਂ ਕੀਤਾ ਜਾਂਦਾ ਅਤੇ ਕਿਸੇ ਵੀ ਕੇਸ ਵਿੱਚ ਅੱਜ ਤੱਕ ਗੋਲੀ ਚਲਾਉਣ ਵਾਲੇ ਕਿਸੇ ਪੁਲਿਸਮੁਲਾਜ਼ਮ ਵਿਰੁਧ ਸਰਕਾਰ ਨੂੰ ਕੋਈ ਕਾਰਵਾਈ ਕਰਨ ਤੋਂ ਕੀ ਕਿਸੇ ਵਿਦੇਸ਼ੀ ਏਜੰਸੀ ਨੇ ਰੋਕਿਆ ਹੈ? ਕਿਸਾਨਾਂ ਦੀਆਂ ਫਸਲਾਂ ਤਬਾਹ ਕਰ ਕੇ ਉਨ੍ਹਾਂ ਨੂੰ ਖ਼ੁਦਕਸ਼ੀਆਂ ਕਰਨ ਦੇ ਰਾਹ ਪਾਉਣ ਲਈ ਨਕਲੀ ਦਵਾਈਆਂ ਸਾਰੇ ਸਰਕਾਰੀ ਨਿਯਮਾਂ ਨੂੰ ਛਿੱਕੇ ਟੰਗ ਕੇ, ਕੀ ਵਿਦੇਸ਼ੀ ਏਜੰਸੀਆਂ ਨੇ ਖ਼ਰੀਦ ਕੇ ਪੰਜਾਬ ਸਰਕਾਰ ਨੂੰ ਦਿੱਤੀਆਂ ਸਨ ਜਾਂ ਖ਼੍ਰੀਦਣ ਲਈ ਸਲਾਹ ਦਿੱਤੀ ਸੀ? ਨਕਲੀ ਦਵਾਈਆਂ ਦੀ ਖ਼੍ਰੀਦ ’ਚੋਂ ਕਮਿਸ਼ਨ ਦੇ ਦਿੱਤੇ ਜਾਣ ਵਾਲੇ 60 ਲੱਖ ਰੁਪਏ ਜੋ ਫੜੇ ਗਏ ਉਹ ਕਿਸ ਵਿਦੇਸ਼ੀ ਏਜੰਸੀ ਨੂੰ ਦਿੱਤੇ ਜਾਣੇ ਸਨ? ਕੀ ਪੰਜਾਬ ਵਿੱਚ ਰੇਤਾ, ਬਜਰੀ ਅਤੇ ਰੁਜ਼ਗਾਰ ਦੇ ਹੋਰ ਸਾਰੇ ਸਾਧਨਾਂ ’ਤੇ ਕਬਜ਼ਾ ਵੀ ਵਿਦੇਸ਼ੀ ਏਜੰਸੀ ਨੇ ਹੀ ਕੀਤਾ ਹੋਇਆ ਹੈ ? ਬਾਦਲ ਦਲ ਦੀਆਂ ਰੈਲੀਆਂ ਵਿੱਚ ਪਹੁੰਚਣ ਵਾਲਿਆਂ ਨੂੰ ਸ਼ਰਾਬ ਦੀਆਂ ਪੇਟੀਆਂ ਅਤੇ ਭੁੱਕੀ ਵੀ ਵਿਦੇਸ਼ੀ ਏਜੰਸੀਆਂ ਹੀ ਵੰਡ ਰਹੀਆਂ ਹਨ? ਜੇ ਇਹ ਸਭ ਕੁਝ ਵਿਦੇਸ਼ੀ ਏਜੰਸੀਆਂ ਹੀ ਕਰ ਰਹੀਆਂ ਹਨ ਤਾਂ ਕੀ ਇਨਸਾਫ ਮੰਗਦੇ ਕਿਸਾਨਾਂ, ਮਜ਼ਦੂਰਾਂ ਅਤੇ ਬੇਰੁਜ਼ਗਾਰਾਂ ’ਤੇ ਡਾਂਗ ਚਲਾਉਣ ਅਤੇ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਨ ਵਾਲੇ ਦੋਸ਼ੀਆਂ ਨੂੰ ਫੜਨ ਵਾਲੇ ਸਿੱਖਾਂ ’ਤੇ ਗੋਲ਼ੀ ਚਲਾਉਣ ਦੀ ਸੇਵਾ ਹੀ ਬਾਦਲ ਦਲ-ਭਾਜਪਾ ਸਰਕਾਰ ਨੇ ਆਪਣੇ ਜਿੰਮੇ ਲਈ ਹੋਈ ਹੈ? ‘ਰਾਜ ਨਹੀਂ, ਸੇਵਾ’ ਦਾ ਅਰਥ ਕੀ ਇਹੋ ਕੱਢਿਆ ਜਾਵੇ ਕਿ ਪੰਜਾਬ ’ਚ ਰਾਜ ਵਿਦੇਸ਼ੀਆਂ ਏਜੰਸੀਆਂ ਕਰ ਰਹੀਆਂ ਹਨ ਅਤੇ ਲੋਕਾਂ ਨੂੰ ਕੁੱਟਣ ਤੇ ਲੁੱਟਣ ਦੀ ਸੇਵਾ ਹੀ ਬਾਦਲ ਪ੍ਰਵਾਰ ਨੇ ਆਪਣੇ ਜਿੰਮੇ ਲਈ ਹੈ? ਭਾਈ ਪੰਥਪ੍ਰੀਤ ਸਿੰਘ ਨੇ ਕਿਹਾ ਜੇ ‘ਰਾਜ ਨਹੀਂ, ਸੇਵਾ’ ਦਾ ਇਹੀ ਭਾਵ ਹੈ ਤਾਂ ਇਹ ਪੰਜਾਬੀਆਂ ਨੂੰ ਕਦਾਚਿਤ ਪ੍ਰਵਾਨ ਨਹੀਂ ਹੈ ਅਤੇ ਇਸ ਵਿਰੁੱਧ ਸਿੱਖਾਂ, ਕਿਸਾਨਾਂ, ਮਜ਼ਦੂਰਾਂ ਅਤੇ ਰੁਜ਼ਗਾਰ ਮੰਗਦੇ ਨੌਜਵਾਨਾਂ ਦਾ ਗੁੱਸਾ ਬਿਲਕੁਲ ਜਾਇਜ਼ ਹੈ ਅਤੇ ਇਸ ਗੁੱਸੇ ਵਿੱਚ ਵਿਦੇਸ਼ੀ ਏਜੰਸੀਆਂ ਦਾ ਹੱਥ ਦੱਸ ਕੇ ਬਾਦਲ ਪ੍ਰਵਾਰ ਆਪਣੀਆਂ ਨਾਕਾਮਯਾਬੀਆਂ ਨੂੰ ਛੁਪਾ ਨਹੀਂ ਸਕਦਾ।

ਭਾਈ ਪੰਥਪ੍ਰੀਤ ਸਿੰਘ ਨੇ ਕਿਹਾ ਕਿ ਜੋ ਅਸੀਂ ਕਰਨਾ ਹੈ ਉਹ ਇਹ ਹੈ ਕਿ ਹਰ ਗੁਰਸਿੱਖ ਗੁਰੂ ਗ੍ਰੰਥ ਸਾਹਿਬ ਜੀ ਤੋਂ ਅਰਥਾਂ ਸਮੇਤ ਖ਼ੁਦ ਆਪ ਪਾਠ ਕਰ ਕੇ ਗੁਰੂ ਦੀ ਵੀਚਾਰ ਨਾਲ ਜੁੜੇ ਅਤੇ ਕੇਵਲ ਗੁਰੂ ਗ੍ਰੰਥ ਸਾਹਿਬ ਜੀ ਦੀ ਅਗਵਾਈ ਕਬੂਲਣ ਸਮੂਹ ਸਿਖਾਂ ਨੂੰ ਇੱਕ ਸਿੱਖ ਰਹਿਤ ਮਰਿਆਦਾ ਦੇ ਧਾਰਨੀ ਸਮੁੱਚੇ ਪੰਥ ਨੂੰਇੱਕ ਵਿਧਾਨ ਅਤੇ ਇੱਕ ਨਿਸ਼ਾਨ ਹੇਠ ਇਕੱਤਰ ਕਰਨ ਲਈ ਯਤਨ ਕੀਤੇ ਜਾਣ। ਉਨ੍ਹਾਂ ਕਿਹਾ ਅੱਜ ਦੇ ਯੁੱਗ ਵਿੱਚ ਕਲਮ ਅਤੇ ਬੋਲ ਕੇ ਵੀਚਾਰ ਕਰਨੇ ਸਭ ਤੋਂ ਵੱਡੇ ਹਥਿਆਰ ਹਨ ਸੋ ਸਮੁਚੇ ਪੰਥ ਨੂੰ ਜਾਗਰੂਕ ਕਰਕੇ ਇੱਕ ਵਿਧਾਨ ਅਤੇ ਇੱਕ ਨਿਸ਼ਾਨ ਹੇਠ ਇਕੱਤਰ ਕਰਨ ਲਈ ਇਨ੍ਹਾਂ ਦੋ ਹਥਿਆਰਾਂ ਦੀ ਵਰਤੋਂ ਕੀਤੀ ਜਾਵੇ।

ਤਖ਼ਤ ਸ਼੍ਰੀ ਦਮਦਮ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਬਲਵੰਤ ਸਿੰਘ ਨੰਦਗੜ੍ਹ ਨੇ ਕਿਹਾ ਕਿ ਗੁਰੂ ਗ੍ਰੰਥ ਸਾਹਬਿ ਜੀ ਦੀ ਬੇਅਦਬੀ ਕਰਨ ਵਾਲੇ ਦੋਸ਼ੀ ਇਸ ਕਾਰਨ ਨਹੀਂ ਫੜੇ ਜਾ ਰਹੇ ਕਿਉਂਕਿ ਇਹ ਸਭ ਸਰਕਾਰ ਦੀ ਮਿਲੀ ਭੁਗਤ ਨਾਲ ਹੋ ਰਹੇ ਹਨ। ਅਜੇਹੀਆਂ ਬੇਅਦਬੀਆਂ ਰੋਕਣ ਲਈ ਸਾਨੂੰ ਲਾਮਬੰਦ ਹੋ ਕੇ ਸਮੇਂ ਦੇ ਹਾਣ ਦੀ ਨੀਤੀ ਘੜਨ ਦੀ ਲੋੜ ਹੈ ਨਾ ਕਿ ਜਜ਼ਬਾਤੀ ਹੋ ਕੇ ਅਜੇਹੀਆਂ ਕਾਰਵਾਈਆਂ ਕਰਨ ਦੀ ਜਿਸ ਨਾਲ ਸਰਕਾਰ ਨੂੰ ਸਾਡੇ ਨੌਜਾਵਾਨਾਂ ’ਤੇ ਤਸ਼ੱਦਦ ਢਾਹੁਣ ਦੇ ਮੌਕਾ ਮਿਲ ਜਾਵੇ।

ਸਿੱਖ ਪ੍ਰਚਾਰਕ ਭਾਈ ਹਰਜਿੰਦਰ ਸਿੰਘ ਮਾਂਝੀ ਨੇ ਅਕਾਲੀ ਦਲ ਬਾਦਲ ’ਤੇ ਤਿਖੇ ਨਿਸ਼ਾਨੇ ਸਾਧਦੇ ਹੋਏ ਕਿਹਾ ਕਿ ਸਾਡੇ ਬਜੁਰਗਾਂ ਨੂੰ ਤਾਂ ਪੰਥ ਪ੍ਰਤੀ ਇੰਨੀ ਸ਼ਰਧਾ ਹੈ ਜਿਸ ਦਾ ਅੰਦਾਜ਼ਾ ਵੋਟਾਂ ਪਾਉਣ ਸਮੇਂ ਉਨ੍ਹਾਂ ਅੰਦਰ ਬਣੀ ਮਾਨਸਿਕ ਅਵਸਥਾ ਤੋਂ ਸਹਿਜੇ ਹੀ ਲਾਇਆ ਜਾ ਸਕਦਾ ਹੈ। ਉਨ੍ਹਾਂ ਉਦਾਹਰਣ ਦਿੱਤੀ ਕਿ ਇਕ ਮਾਈ ਨੇ ਵੋਟ ਪਾਉਣ ਸਮੇਂ ਆਪਣੇ ਪੈਰਾਂ ਵਿੱਚੋਂ ਜੁੱਤੀ ਉਤਾਰ ਦਿੱਤੀ। ਇਹ ਪੁੱਛੇ ਜਾਣ ’ਤੇ ਕਿ ਮਾਈ ਇੱਥੇ ਕਿਹੜਾ ਗੁਰੂ ਗ੍ਰੰਥ ਸਾਹਿਬ ਪ੍ਰਕਾਸ਼ ਹੈ ਫਿਰ ਤੂੰ ਜੁੱਤੀ ਕਿਉਂ ਉਤਾਰੀ ਹੈ? ਜਵਾਬ ਵਿੱਚ ਉਸ ਨੇ ਕਿਹਾ ਪੰਥ ਨੂੰ ਵੋਟ ਪਾਈ ਹੈ, ਗੁਰੂ ਨਾਨਕ ਦੀ ਤੱਕੜੀ ’ਤੇ ਮੋਹਰ ਲਾਈ ਹੈ ਇਸ ਲਈ ਜੁੱਤੀ ਤਾਂ ਉਤਾਰਨੀ ਹੀ ਹੋਈ। ਇੱਕ ਹੋਰ ਬਜੁਰਗ ਤੋਂ ਨੌਜਵਾਨਾਂ ਨੇ ਕਹਿ ਕਹਾ ਕੇ ਵੋਟ ਹੋਰ ਕਿਸੇ ਪਾਰਟੀ ਨੂੰ ਪਵਾ ਦਿੱਤੀ ਪਰ ਉਸ ਨੂੰ ਘਰ ਜਾ ਕਿ ਫਿਕਰ ਵਿੱਚ ਬੁਖਾਰ ਚੜ੍ਹ ਗਿਆ ਕਹਿੰਦਾ ਮੇਰੀ ਵੋਟ ਪੰਥ ਦੀ ਅਮਾਨਤ ਸੀ ਪਰ ਇਸ ਵਾਰ ਅਮਾਨਤ ਵਿੱਚ ਖ਼ਿਆਨਤ ਹੋ ਗਈ। ਪਰ ਪੰਥ ਦੇ ਨਾਮ ’ਤੇ ਵੋਟਾਂ ਲੈਣ ਵਾਲੇ ਗੁੰਡੇ ਅਕਾਲੀਆਂ ਦਾ ਇਹ ਹਾਲ ਹੈ ਕਿ ਇਨ੍ਹਾਂ ਦੇ ਰਾਜ ਵਿੱਚ ਪੰਥ ਦੀ ਰੀੜ ਦੀ ਹੱਡੀ ਮੰਨੇ ਜਾ ਰਹੇ ਕਿਸਾਨ ਖ਼ੁਦਕਸ਼ੀਆਂ ਕਰਨ ਲਈ ਮਜ਼ਬੂਰ ਹਨ, ਗੁਰੂ ਗ੍ਰੰਥ ਸਾਹਿਬ ਜੀ ਦੀ ਨਿੱਤ ਦਿਹਾੜੇ ਬੇਅਦਬੀ ਹੋ ਰਹੀ ਹੈ। ਖ਼ੁਦਕਸ਼ੀਆਂ ਅਤੇ ਬੇਅਦਬੀਆਂ ਰੋਕਣ ਵਿੱਚ ਅਸਮਰਥ ਰਹਿਣ ’ਤੇ ਸ਼ਰਮਿੰਦੇ ਹੋਣ ਅਤੇ ਮੁਆਫੀ ਮੰਗਣ ਦੀ ਬਜਾਏ ਗੁੰਡੇ ਅਕਾਲੀ ਸਦਭਾਵਨਾ ਰੈਲੀਆਂ ਕਰ ਰਹੇ ਹਨ ਅਤੇ ਇਹ ਸਾਨੂੰ ਆਪਸ ਵਿੱਚ ਹੀ ਲੜਾਉਣ ਲਈ ਗੰਨਮੈਨਾਂ ਦੇ ਘੇਰੇ ਵਿੱਚ ਖੜ੍ਹ ਕੇ ਤੀਂਗੜਦੇ ਹਨ ਕਿ ਸਾਡੇ ਵਰਕਰਾਂ ਦੀ ਹਵਾ ਵੱਲ ਕੋਈ ਝਾਕ ਕੇ ਵੇਖੇ।ਭਾਈ ਮਾਂਝੀ ਨੇ ਕਿਹਾ ਇਹ ਵਰਕਾਰ ਕਿਸ ਦੇ ਹਨ ਇਹ ਤਾਂ ਸਾਡੇ ਹੀ ਚਾਚੇ ਤਾਏ ਅਤੇ ਭਰਾ ਹਨ ਇਸ ਲਈ ਅਸੀਂ ਆਪਸ ਵਿੱਚ ਬਿਲਕੁਲ ਨਹੀਂ ਲੜਨਾ ਪਰ ਜੇ ਇਸ ਵਿੱਚ ਤਾਕਤ ਹੈ ਤਾਂ ਬਿਨਾਂ ਗੰਨਮੈਨਾਂ ਦੇ ਬਾਹਰ ਨਿਕਲ ਕੇ ਵੇਖੇ ਤਾਂ ਇਨ੍ਹਾਂ ਦੀ ਲੁੱਟ ਖਸੁੱਟ ਤੋਂ ਤੰਗ ਆਏ ਲੋਕ ਇਸ ਦੀ ਹਾਲਤ ਐਸੀ ਕਰ ਦੇਣਗੇ ਕਿ ਇਸ ਦੇ ਪਿਉ ਨੇ ਵੀ ਇਸ ਨੂੰ ਨਹੀਂ ਪਛਨਣਾਂ।

ਭਾਈ ਮਾਂਝੀ ਨੇ ਹੋਰ ਕਿਹਾ ਕਿ ਮੋਗਾ ਵਿਖੇ ਇੱਕ ਬੀਬੀ ਬੋਲ ਰਹੀ ਸੀ ਸਾਨੂੰ ਸਭ ਵਿੱਚ ਇੱਕ ਰੱਬ ਵਸਦਾ ਹੀ ਵੇਖਣਾ ਚਾਹੀਦਾ ਹੈ ਇਸ ਲਈ ਪਿਆਰ ਸਤਿਕਾਰ ਅਤੇ ਸਦਭਾਵਨਾ ਬਣਾਈ ਰੱਖਣੀ ਚਾਹੀਦੀ ਹੈ। ਉਨ੍ਹਾਂ ਕਿਹਾ ਬੀਬੀ ਦੇ ਬੋਲ ਤਾਂ ਬਹੁਤ ਹੀ ਸੋਹਣੇ ਹਨ ਪਰ ਉਹ ਆਪਣੇ ਅੰਦਰ ਝਾਤੀ ਮਾਰ ਕੇ ਵੇਖੇ ਕਿ ਉਸ ਨੂੰ ਆਪਣੀ ਧੀ ਵਿੱਚ ਵੀ ਰੱਬ ਵਸਦਾ ਨਜ਼ਰ ਨਹੀਂ ਆਇਆ ਤਾਂ ਹੋਰਨਾਂ ਵਿੱਚ ਰੱਬ ਵਸਦਾ ਕਿਸ ਤਰ੍ਹਾਂ ਨਜ਼ਰ ਆਏਗਾ। ਭਾਈ ਮਾਂਝੀ ਨੇ ਕਿਹਾ ਸੰਗਤ ਸਾਨੂੰ ਇਸ ਕਾਰਨ ਸਨਮਾਨ ਦੇ ਰਹੀ ਹੈ ਕਿ ਅਸੀਂ ਗੁਰਬਾਣੀ ਦਾ ਪ੍ਰਚਾਰ ਕਰਦੇ ਹਾਂ। ਸੋ ਸਾਨੂੰ ਇਹ ਸੋਚ ਲੈਣਾ ਚਾਹੀਦਾ ਹੈ ਕਿ ਜੇ ਅਸੀਂ ਅੱਜ ਦੇ ਬਾਬਰ ਨੂੰ ਜ਼ਾਬਰ ਨਹੀਂਕਹਿੰਦੇ ਤਾਂ ਅਸੀਂ ਗੁਰੂ ਨਾਨਕ ਅਤੇ ਪੰਥ ਨਾਲ ਗਦਾਰੀ ਕਰ ਰਹੇ ਹਾਂ। ਗੁਰੂ ਸਾਹਿਬ ਵੱਲੋਂ ਸਾਡੇ ’ਤੇ ਕੀਤੇ ਉਪਕਾਰਾਂ ਅਤੇ ਮਹਾਨ ਕੁਰਬਾਨੀਆਂ ਦਾ ਵਾਸਤਾ ਪਾਉਂਦੇ ਹੋਏ ਮਾਂਝੀ ਨੇ 500-500 ਰੁਪਏ ਲੈ ਕੇ ਰੈਲੀਆਂ ਵਿੱਚ ਆਉਣ ਵਾਲਿਆਂ ਦੀ ਜ਼ਮੀਰ ਨੂੰ ਝੰਝੋੜਦਿਆਂ ਹੋਏ ਕਿਹਾ ‘ਪਾੜ ਦਿਓ ਇਨ੍ਹਾਂ ਦੇ ਨੋਟ’ ਪਰ ਨਾਲ ਹੀ ਕਿਹਾ ਜੇ ਆਰਥਿਕ ਤੌਰ ’ਤੇ ਬਹੁਤੀ ਮਜ਼ਬੂਰੀ ਹੈ ਤਾਂ ਲੈ ਵੀ ਲਵੋ ਕਿਉਂਕਿ ਇਹ ਕਿਹੜਾ ਇਨ੍ਹਾਂ ਕਿ੍ਰਤ ਕਰ ਕੇ ਕਮਾਏ ਇਹ ਤਾਂ ਸਾਡੀ ਹੀ ਲੁੱਟ ਕਰਕੇ ਇਕੱਠੇ ਕੀਤੇ ਹਨ ਪਰ ਚੇਤਾ ਰੱਖਿਓ ਵੋਟ ਨਾ ਇਨ੍ਹਾਂ ਗੁੰਡਿਆਂ ਨੂੰ ਪਾਇਓ। ਅੱਗੇ ਹੋਰ ਕਿਹਾ ਸ਼ਰਾਬ ਦੀਆਂ ਬੋਤਲਾਂ ਅਤੇ ਭੁੱਕੀ ਤਾਂ ਇਨ੍ਹਾਂ ਤੁਹਾਡੇ ਘਰਾਂ ਵਿੱਚ ਬਹੁਤੇਰੀ ਭੇਜ ਦਿੱਤੀ ਹੈ ਜਿਸ ਨਾਲ ਤੁਹਾਡੇ ਘਰ ਅਤੇ ਜੀਵਨ ਤਬਾਹ ਹੋ ਗਏ ਹਨ ਹੁਣ ਆਪਣਾ ਜੀਵਨ ਸੰਵਾਰਨ ਲਈ ਇੱਥੋਂ ਗੁਰਬਾਣੀ ਦੇ ਗੁਟਕੇ, ਸਟੀਕਾਂ ਤੇ ਇਤਿਹਾਸ ਦੀਆਂ ਪੁਸਤਕਾਂ ਲਿਜਾ ਕੇ ਜਰੂਰ ਪੜ੍ਹਿਓ ਤਾਂ ਕਿ ਗੁਰੂ ਦੀ ਮਤ ਲੈ ਕੇ ਤੁਸੀਂ ਆਪਣਾ ਘਰ ਤੇ ਜੀਵਨ ਬਚਾ ਸਕੋ।

ਭਾਈ ਹਰਜੀਤ ਸਿੰਘ ਢਪਾਲੀ ਨੇ ਕਿਹਾ ਸਰਬਉੱਚ ਉਹ ਹੁੰਦਾ ਹੈ ਜੋ ਸਭ ਤੋਂ ਵੱਡਾ ਹੋਵੇ, ਜਿਸ ਸਿਰ ਹੋਰ ਕਿਸੇ ਦਾ ਹੁਕਮ ਨਾ ਚਲਦਾ ਹੋਵੇ। ਜੇ ਸਾਡੇ ਅਖੌਤੀ ਜਥੇਦਾਰ ਅਤੇ ਸ਼੍ਰੋਮਣੀ ਕਮੇਟੀ ਪ੍ਰਧਾਨ ਨੂੰ ਪੁਛਿਆ ਜਾਵੇ ਕਿ ਗੁਰਬਾਣੀ ਅਨੁਸਾਰ ਸਭ ਤੋਂ ਵੱਡਾ ਕੌਣ ਹੈ ਤਾਂ ਜ਼ਬਾਨੀ ਕਲਾਮੀ ਤਾਂ ਪੜ੍ਹ ਕੇ ਸੁਣਾਉਣਗੇ ‘ਸਭ ਤੇ ਵਡਾ ਸਤਿਗੁਰੁ ਨਾਨਕੁ ; ਜਿਨਿ ਕਲ ਰਾਖੀ ਮੇਰੀ ॥’ ਪਰ ਅੰਦਰੋਂ ਕਹਿਣਗੇ ਸਭ ਤੋਂ ਵੱਡੇ ਚੰਡੀਗੜ੍ਹ ਬੈਠੇ ਬਾਦਲ ਪਿਉ ਪੱੁਤਰ ਜਿਨ੍ਹਾਂ ਨੇ ਸਾਨੂੰ ਅਹੁਦੇ ਦਿੱਤੇ। ਉਨ੍ਹਾਂ ਕਿਹਾ ਕਿੰਨੀ ਹੈਰਾਨੀ ਦੀ ਗੱਲ ਹੈ ਕਿ ਅਹੁੱਦੇ ਦੇਣ ਵਾਲਿਆਂ ਨੂੰ ਹੀ ਸਭ ਤੋਂ ਵੱਡੇ ਮੰਨਣ ਵਾਲੇ ਅਖੌਤੀ ਜਥੇਦਾਰਾਂ ਨੂੰ ਸਰਬਉੱਚ ਦੱਸ ਕੇ ਕੌਮ ਨਾਲ ਧੋਖਾਕੀਤਾ ਜਾ ਰਿਹਾ ਹੈ। ਭਾਈ ਢਪਾਲੀ ਨੇ ਸੰਗਤਾਂ ਨੂੰ ਸੁਚੇਤ ਕੀਤਾ ਕਿ ਸਾਡੇ ਲਈ ਸਰਬਉੱਚ ਗੁਰੂ ਗ੍ਰੰਥ ਸਾਹਿਬ ਜੀ ਹਨ ਜਿਸ ਸਬੰਧੀ ਗੁਰੂ ਸਾਹਿਬ ਜੀ ਨੇ ਬਚਨ ਕੀਤੇ ਹਨ : ‘ਵਾਹੁ ਵਾਹੁ ਬਾਣੀ ਨਿਰੰਕਾਰ ਹੈ ; ਤਿਸੁ ਜੇਵਡੁ ਅਵਰੁ ਨ ਕੋਇ ॥’ ਜਾਂ ਉਹ ਨਿਰੰਕਾਰ ਅਕਾਲ ਪੁਰਖ ਹੈ ਜਿਸ ਸਬੰਧੀ ਬਚਨ ਹਨ: ‘ਵਡਾ ਸਾਹਿਬੁਊਚਾ ਥਾਉ ॥ ਊਚੇ ਉਪਰਿ ਊਚਾ ਨਾਉ ॥ ਏਵਡੁ ਊਚਾ ਹੋਵੈ ਕੋਇ ॥ ਤਿਸੁ ਊਚੇ ਕਉ ਜਾਣੈ ਸੋਇ ॥’ ਜਥੇਦਾਰ ਸਾਡੇ ਲਈ ਸਰਬਉੱਚ ਨਹੀਂ ਹਨ ਉਹ ਕੌਮ ਦੇ ਕੇਵਲ ਬੁਲਾਰੇ ਹਨ ਜਿਨ੍ਹਾਂ ਨੇ ਪੰਥ ਦਾ ਫੈਸਲਾ ਕੇਵਲ ਪੜ੍ਹ ਕੇ ਸੁਣਾਉਣਾ ਹੈ ਨਾ ਕਿ ਖ਼ੁਦ ਗੁਰਮਤਿ ਵਿਹੂਣੇ ਫੈਸਲੇ ਕਰਨੇ ਹਨ ਜਾਂ ਨਾਗਪੁਰ ਤੋਂ ਵਾਇਆ ਚੰਡੀਗੜ੍ਹ ਪਹੁੰਚੇ ਹੁਕਮ ਨੂੰ ਅਕਾਲ ਤਖ਼ਤ ਦਾ ਹੁਕਮਨਾਮਾ ਦੱਸ ਕੇ ਪੰਥ ’ਤੇ ਥੋਪਣ ਦਾ ਉਨ੍ਹਾਂ ਨੂੰ ਕੋਈ ਅਧਿਕਾਰ ਹੈ। ਭਾਈ ਢਪਾਲੀ ਨੇ ਕਿਹਾ ਗੁਰੂ ਸਾਹਿਬ ਜੀ ਵੱਲੋਂ ਸਾਨੂੰ ਕਿ੍ਰਤ ਕਰਨ, ਵੰਡ ਛਕਣ ਭਾਵ ਆਪਣੀ ਕਿ੍ਰਤ ਚੋਂ ਪ੍ਰਚਾਰ ਅਤੇ ਲੋੜਵੰਦਾਂ ਦੀ ਸਹਾਇਤ ਲਈ ਦਸਵੰਧ ਕੱਢਣ, ਅਤੇ ਨਾਮ ਜਪਣ ਦਾ ਉਪਦੇਸ਼ ਹੈ। ਸੋ ਇਸ ਸਿਧਾਂਤ ’ਤੇ ਪਹਿਰਾ ਦਿੰਦੇ ਹੋਏ, ਗੁਰੂ ਦਾ ਗਿਆਨ ਘਰ ਘਰ ਵੰਡਣ ਲਈ ਦਸਵੰਧ ਦੀ ਯੋਗ ਵਰਤੋਂ ਕਰਨੀ ਚਾਹੀਦੀ ਹੈ। ਉਨ੍ਹਾਂ ਕਿਹਾ ਜਿੱਥੇ ਸਰਕਾਰਾਂ ਦੇ ਬਜ਼ਟ ਹਿੱਲ ਜਾਂਦੇ ਹਨ ਉੱਥੇ ਦਸਵੰਧ ਦੇ ਸਹਾਰੇ ਗੁਰੂ ਘਰ ਨੇ ਉਹ ਕੰਮ ਕਰ ਵਿਖਾਏ ਜੋ ਸਰਕਾਰਾਂ ਨਹੀਂ ਕਰ ਸਕੀਆਂ। ਪਰ ਚੰਡੀਗੜ੍ਹ ਵਾਲਿਆਂ ਨੂੰ ਸਭ ਤੋਂ ਵੱਡੇ ਮੰਨਣ ਵਾਲੇ; ਗੁਰੂ ਦੀ ਗੋਲਕ ਦੇ ਬਣੇ ਰਾਖਿਆਂ ਨੇ ਗੁਰੂ ਦੀ ਗੋਲਕ ’ਚੋਂ 91 ਲੱਖ ਅਖੌਤੀ ਜਥੇਦਾਰਾਂ ਦੇ ਉਸ ਹੁਕਮਨਾਮੇ ਨੂੰ ਸਹੀ ਸਿੱਧ ਕਰਨ ਲਈ ਦਿੱਤੇ ਭਾਵ ਇਸ਼ਤਿਹਾਰਾਂ ਦੇ ਰੂਪ ਵਿੱਚ ਹੀ ਉਜਾੜ ਦਿੱਤੇ ਜਿਸ ਹੁਕਮਨਾਮੇ ਨੂੰ ਉਨ੍ਹਾਂ ਹੀ ਜਥੇਦਾਰਾਂ ਨੇ ਵਾਪਸ ਲੈ ਲਿਆ। ਉਨ੍ਹਾਂ ਕਿਹਾ ਜਿਸ ਸਮੇਂ 1984 ਦੀ ਸਿੱਖ ਨਸਲਕੁਸ਼ੀ ਦੀ ਪੀੜਤ ਬੀਬੀ ਦਰਸ਼ਨ ਕੌਰ ਨੂੰ ਅਦਾਲਤ ਰਾਹੀਂ ਰਾਹਤ ਰਾਸ਼ੀ ਮਿਲਣ ਦੇ ਹੁਕਮ ਹੋਣ ਪਿੱਛੋਂ ਉਨ੍ਹਾਂ ਤੋਂ ਪੁੱਛਿਆ ਗਿਆ ਕਿ ਮਿਲਣ ਵਾਲੇ ਇਸ ਪੈਸੇ ਨੂੰ ਤੂੰ ਕੀ ਕਰੇਂਗੀ ਤਾਂ ਉਸ ਨੇ ਜੋ ਬਿਆਨ ਦਿੱਤਾ ਇਹ ਸ਼੍ਰੋਮਣੀ ਕਮੇਟੀ ਅਤੇ ਦਿੱਲੀ ਕਮੇਟੀ ਦੇ ਮੂੰਹ ’ਤੇ ਚੁਪੇੜ ਸੀ ਜਿਸ ਵਿੱਚ ਉਨ੍ਹਾਂ ਕਿਹਾ ਸੀ ਕਿ 1984 ਤੋਂ ਬਾਅਦ ਅੱਜ ਤੱਕ ਮੈਨੂੰ ਅਤੇ ਮੇਰੇ ਪੁੱਤਰ ਨੂੰ ਕਦੀ ਰੱਜਵੀਂ ਰੋਟੀ ਨਹੀਂ ਸੀ ਮਿਲੀ ਕਿਉਂਕਿ ਘਰ ਵਿੱਚ ਕਮਾਉਣ ਵਾਲਾ ਕੋਈ ਨਹੀਂ ਸੀ ਰਿਹਾ। ਇਹ ਪੈਸਾ ਮਿਲਣ ਪਿੱਛੋਂ ਹੁਣ ਮੈਂ ਤੇ ਮੇਰਾ ਪੁੱਤਰ ਰੱਜ ਕੇ ਰੋਟੀ ਖਾਵਾਂਗੇ। ਭਾਈ ਢਪਾਲੀ ਨੇ ਕਿਹਾ ਜੇ ਸ਼੍ਰੋਮਣੀ ਕਮੇਟੀ, ਦਿੱਲੀ ਕਮੇਟੀ ਅਤੇ ਹੋਰ ਗੁਰਦੁਆਰਾ ਕਮੇਟੀਆਂ ਨੇ ਗੁਰੂ ਦੀ ਗੋਲਕ ਦੀ ਸਹੀ ਵਰਤੋਂ ਕਰਕੇ ਲੋੜਵੰਦਾਂ ਦੀ ਸਹਾਇਤਾ ਕਰਕੇ ਉਨ੍ਹਾਂ ਦੇ ਯੋਗ ਰੁਜ਼ਗਾਰ ਦਾ ਪ੍ਰਬੰਧ ਕੀਤਾ ਹੁੰਦਾ ਤਾਂ ਕਿਸੇ ਦੀ ਹਾਲਤ ਬੀਬੀ ਦਰਸ਼ਨ ਕੌਰ ਵਰਗੀ ਹੋਈ ਸਾਨੂੰ ਵੇਖਣੀ ਨਾ ਪੈਂਦੀ।

ਭਾਈ ਸਤਨਾਮ ਸਿੰਘ ਚੰਦੜ ਨੇ ਕਿਹਾ ਸਿੱਖ ਇਤਿਹਾਸ ਅਨੁਸਾਰ ਭੂਮੀਏ ਚੋਰ ਨੂੰ ਤਿੰਨ ਉਪਦੇਸ਼ ਦਿੱਤੇ ਸਨ: ਕਿਸੇ ਦੀ ਗਰੀਬਮਾਰ ਨਹੀਂ ਕਰਨੀਂ, ਝੂਠ ਨਹੀਂ ਬੋਲਣਾ, ਲੂਣ ਹਰਾਮ ਨਹੀਂ ਕਰਨਾ। ਭੂਮੀਆ ਚੋਰ ਗੁਰੂ ਦੇ ਤਿੰਨੇ ਬਚਨਾਂ ’ਤੇ ਪਹਿਰਾ ਦੇ ਕੇ ਚੋਰ ਤੋਂ ਭਾਈ ਭੂਮੀਆ ਬਣ ਗਿਆ ਪਰ ਅੱਜ ਇਹ ਸਾਖੀ ਸੁਣਨ ਸੁਣਾਉਣ ਵਾਲੇ ਗੁਰੂ ਵੱਲੋਂ ਬਖਸ਼ਿਆ ਸਰੂਪ ਤੇ ਪਹਿਰਾਵਾ ਪਹਿਨ ਕੇ ਗੁਰੂ ਦੇ ਸਿੱਖ ਅਖਵਾਉਣ ਵਾਲੇ ਗੁਰੂ ਦੇ ਕਿਸੇ ਵੀ ਉਪਦੇਸ਼ ’ਤੇ ਅਮਲ ਨਹੀਂ ਕਰਦੇ। ਸਿੱਖੀ ਦੇ ਬਣੇ ਇਨ੍ਹਾਂ ਠੇਕੇਦਾਰਾਂ ਨੇ ਸਪਰੇ ਵਾਲੀਆਂ ਨਕਲੀ ਦੁਆਈਆਂ ਖ੍ਰੀਦਣ ਸਮੇਂ ਇਸ ’ਚੋਂ ਮੋਟਾ ਕਮਿਸ਼ਨ ਲੈ ਕੇ ਆਪਣੀਆਂ ਜੇਬਾਂ ਭਰੀਆ ਪਰ ਕਿਸਾਨਾਂ ਦੀਆਂ ਫਸਲਾਂ ਤਬਾਹ ਕਰਕੇ ਉਨ੍ਹਾਂ ਦੀ ਗਰੀਬਮਾਰ ਕੀਤੀ। ਰੁਪਿੰਦਰ ਸਿੰਘ, ਜਸਵਿੰਦਰ ਸਿੰਘ ਨੂੰ ਫੜ ਕੇ ਮੁੱਖ ਮੰਤਰੀ ਨੇ ਪ੍ਰੈੱਸ ਕਾਨਫਰੰਸ ਵਿੱਚ ਦਾਅਵਾ ਕੀਤਾ ਕਿ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਨ ਵਿੱਚ ਵਿਦੇਸ਼ਾਂ ਵਿੱਚ ਬੈਠੇ ਸਿੱਖਾਂ ਦਾ ਹੱਥ ਹੈ। ਪਰ ਆਪਣੇ ਇਸ ਝੂਠ ਨੂੰ ਇਹ ਸਹੀ ਸਿੱਧ ਨਹੀਂ ਕਰ ਸਕੇ ਅਤੇ ਉਨ੍ਹਾਂ ਨੂੰ ਰਿਹਾਅ ਕਰਨਾ ਪਿਆ। ਇਸ ਤਰ੍ਹਾਂ ਸਿੱਖਾਂ ਨੂੰ ਬਦਨਾਮ ਕਰਨ ਲਈ ਐਡਾ ਵੱਡਾ ਝੂਠ ਇਨ੍ਹਾਂ ਬੋਲਿਆ। ਤੀਸਰੇ ਨੰਬਰ ’ਤੇ ਸਾਰੇ ਹੀ ਪੰਥ ਦਾ ਲੂਣ ਖਾ ਕੇ ਹਰਾਮ ਕਰ ਰਹੇ ਹਨ।

ਭਾਈ ਚੰਦੜ ਨੇ ਕਿਹਾ ਅਸੀਂ ਇਹ ਤਾਂ ਸਾਰੇ ਮੰਨਦੇ ਹਾਂ ਕਿ ਅਕਾਲ ਤਖ਼ਤ ਦੇ ਜਥੇਦਾਰ, ਸ਼੍ਰੋਮਣੀ ਕਮੇਟੀ, ਸ਼੍ਰੋਮਣੀ ਅਕਾਲੀ ਦਲ ਸਮੇਤ ਵਿਰਲਿਆਂ ਨੂੰ ਛੱਡ ਕੇ ਕਿਸੇ ਨੇ ਗੁਰੂ ਅਤੇ ਪੰਥ ਪ੍ਰਤੀ ਆਪਣਾ ਫਰਜ਼ ਨਹੀਂ ਨਿਭਾਇਆ ਪਰ ਜਦੋਂ ਅਸੀਂ ਆਪਣੇ ਵੱਲ ਝਾਕ ਮਾਰਦੇ ਹਾਂ ਕਿ ਕੀ ਅਸੀਂ ਖ਼ੁਦ ਆਪਣਾ ਫਰਜ਼ ਨਿਭਾ ਰਹੇ ਹਾਂ ਤਾਂ ਅਫਸੋਸ ਨਾਲ ਕਹਿਣਾ ਪਏਗਾ ਕਿ ਵਿਰਲਿਆਂ ਨੂੰ ਛੱਡ ਕੇ ਸਾਡੇ ਵਿੱਚੋਂ ਵੀ ਬਹੁਤੇ ਆਪਣਾ ਫਰਜ਼ ਨਹੀਂ ਨਿਭਾ ਰਹੇ। ਸੋ ਆਓ ਆਪਣਾ ਫਰਜ਼ ਪਛਾਣੀਏ ਅਤੇ ਪਿੰਡ ਪਿੰਡ ਗੁਰਮਤਿ ਦੀਆਂ ਕਲਾਸਾਂ ਲਾ ਕੇ ਗੁਰੂ ਦਾ ਗਿਆਨ ਘਰ ਘਰ ਪਹੁੰਚਾਉਣ ਦਾ ਯਤਨ ਕਰੀਏ।

ਭਾਈ ਸੁਖਜੀਤ ਸਿੰਘ ਖੋਸਾ ਨੇ ਕਿਹਾ ਕਿ ਜਿਸ ਤਰ੍ਹਾਂ ਭਾਖੜਾ ਡੈਮ ਬਣਾ ਕੇ ਜਿੱਥੇ ਹੜ੍ਹਾਂ ਦੇ ਪਾਣੀ ਰਾਹੀਂ ਹੋ ਰਹੇ ਨੁਕਸਾਨ ਨੂੰ ਰੋਕ ਕੇ ਬਹੁਤ ਹੀ ਕੰਮ ਸੰਵਾਰਨ ਵਾਲੀ ਬਿਜਲੀ ਤਿਆਰ ਕੀਤੀ ਗਈ ਹੈ ਇਸੇ ਤਰ੍ਹਾਂ ਸੰਗਤਾਂ ਵਿੱਚ ਉੱਠੇ ਰੋਹ ਨੂੰ ਕੇਵਲ ਜਜ਼ਬਾਤਾਂ ਦੇ ਵਹਿਣ ਵਿੱਚ ਬਹਾ ਕੇ ਹੜ੍ਹਾਂ ਦੇ ਪਾਣੀ ਵਾਂਗ ਕੌਮ ਦਾ ਅਜਾਂਈ ਨੁਕਸਾਨ ਕਰਨ ਵਾਲੇ ਰਾਹ ਪੈਣ ਦੀ ਬਜਾਏ ਜਜ਼ਬਾਤਾਂ ਨੂੰ ਬੰਨ੍ਹ ਮਾਰ ਕੇ ਕੌਮੀ ਸ਼ਕਤੀ ਸਿਰਜਣ ਲਈ ਵਰਤ ਲੈਣਾ ਚਾਹੀਦਾ ਹੈ ਜਿਸ ਸਦਕਾ ਸ਼੍ਰੋਮਣੀ ਕਮੇਟੀ ਵਿੱਚ ਚੰਗੇ ਗੁਰਸਿੱਖ ਭੇਜ ਕੇ ਕੌਮ ਦੀ ਵਿਗੜੀ ਸਥਿਤੀ ਨੂੰ ਸੁਧਾਰ ਕੇ ਕਈ ਕੰਮ ਸੰਵਾਰੇ ਜਾ ਸਕਣ।

ਨਿਰਮਲ ਸਿੰਘ ਧੂੜਕੋਟ ਨੇ ਕਿਹਾ ਕਿ ਗੁਰੂ ਨਾਨਕ ਸਾਹਿਬ ਜੀ ਨੇ ਵੀਚਾਰ ਰਾਹੀਂ ਜਿੱਤ ਹਾਸਲ ਕਰਨ ਦੀ ਸਾਨੂੰ ਜਾਚ ਸਿਖਾਈ ਹੈ ਜਿਸ ਦਾ ਜ਼ਿਕਰ ਭਾਈ ਗੁਰਦਾਸ ਜੀ ਨੇ ਆਪਣੀ ਇੱਕ ਵਾਰ ਵਿੱਚ ਇਸ ਤਰ੍ਹਾਂ ਕੀਤਾ ਹੈ : ‘ਸਬਦਿ ਜਿਤੀ ਸਿਧਿ ਮੰਡਲੀ ; ਕੀਤੋਸੁ ਅਪਣਾ ਪੰਥੁ ਨਿਰਾਲਾ।’ ਭਾਈ ਧੂੜਕੋਟ ਨੇ ਕਿਹਾ ਹਥਿਆਰ ਚਲਾਉਣ ਵਾਲਿਆਂ ਨੂੰ ਤਾਂ ਸਰਕਾਰ ਫੜ ਕੇ ਜੇਲਾਂ ਵਿੱਚ ਸੁੱਟ ਸਕਦੀ ਹੈ; ਉਨ੍ਹਾਂ ਨੂੰ ਅਤਿਵਾਦੀ ਦੱਸ ਕੇ ਤਸ਼ੱਦਦ ਕਰਨ ਦਾ ਬਹਾਨਾ ਬਣਾ ਸਕਦੀ ਹੈ ਅਤੇ ਇਸ ਤਰ੍ਹਾਂ ਕਿਸੇ ਨਾ ਕਿਸੇ ਤਰ੍ਹਾਂ ਹਥਿਆਰ ਵਾਲੇ ਦੀ ਅਵਾਜ਼ ਬੰਦ ਕਰਵਾਉਣ ਵਿੱਚ ਸਫਲਤਾ ਹਾਸਲ ਕਰ ਸਕਦੀ ਹੈ ਪਰ ਵੀਚਾਰ ਹਰ ਥਾਂ ਅਤੇ ਹਰ ਸਥਿਤੀ ਵਿੱਚ ਹਮੇਸ਼ਾਂ ਹੀ ਆਪਣਾ ਚੰਗਾ ਪ੍ਰਭਾਵ ਛਡਦੇ ਹਨ। ਇਹੋ ਕਾਰਨ ਹੈ ਕਿ ਸਿੱਧਾਂ ਨਾਲ ਗੋਸਟ ਸਮੇਂ ਸੁਮੇਰ ਪ੍ਰਬਤ ਦੀਆਂ ਚੋਟੀਆਂ ’ਤੇ, ਜਗਨ ਨਾਥ ਪੁਰੀ, ਹਰਿਦੁਆਰ, ਮੱਕੇ ਵਰਗੇ ਧਾਰਮਿਕ ਸਥਾਨਾਂ ਤੋਂ ਇਲਾਵਾ ਕੌਡੇ ਰਾਖ਼ਸ਼ ਅਤੇ ਸੱਜਣ ਠੱਗ ਵਰਗੇ ਮਾੜੀਆਂ ਬਿ੍ਰਤੀਆਂ ਵਾਲੇ ਲੋਕਾਂ ਦੇ ਸਥਾਨਾਂ ਅਤੇ ਬਾਬਰ ਦੀ ਜੇਲ੍ਹ ਵਿੱਚ ਵੀ ਹਰ ਥਾਂ ਗੁਰੂ ਨਾਨਕ ਸਾਹਿਬ ਜੀ ਨੇ ਸ਼ਬਦ ਦੀ ਵੀਚਾਰ ਰਾਹੀਂ ਵੱਡੀਆਂ ਜਿੱਤਾਂ ਹਾਸਲ ਕੀਤੀਆਂ। ਪਰ ਅੱਜ ਸਿੱਖ ਜ਼ਜ਼ਬਾਤਾਂ ਵਿੱਚ ਆ ਕੇ ਵੀਚਾਰ ਨਾਲੋਂ ਹਥਿਆਰ ਦੀ ਵਰਤੋਂ ਕਰਨ ਵਾਲੇ ਪ੍ਰੋਗਰਾਮਾਂ ਨੂੰ ਵੱਧ ਤਰਜੀਹ ਦਿੰਦੇ ਪ੍ਰਤੀਤ ਹੁੰਦੇ ਵਿਖਾਈ ਦੇ ਰਹੇ ਹਨ ਜਿਸ ਕਾਰਨ ਸਰਕਾਰਾਂ ਨੂੰ ਅਤਿਵਾਦੀ ਤੇ ਵੱਖਵਾਦੀਕਹਿ ਕੇ ਭੰਡਣ ਅਤੇ ਸਿੱਖ ਕੌਮ ਦਾ ਨੁਕਸਾਨ ਕਰਨ ਦਾ ਬਹਾਨਾ ਮਿਲਦਾ ਹੈ ਜਿਸ ਤੋਂ ਸਾਨੂੰ ਬਚਣ ਦਾ ਯਤਨ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਮੇਰਾ ਭਾਵ ਇਹ ਨਹੀਂ ਕਿ ਸਿੱਖਾਂ ਨੂੰ ਹਥਿਆਰਾਂ ਦੀ ਬਿਲਕੁਲ ਹੀ ਲੋੜ ਨਹੀਂ ਹੈ। ਗੁਰੂ ਹਰਗੋਬਿੰਦ ਸਾਹਿਬ ਜੀ ਅਤੇ ਗੁਰੂ ਗੋਬਿੰਦ ਸਿੰਘ ਜੀ ਨੇ ਹਥਿਆਰਾਂ ਦੀ ਵਰਤੋਂ ਰਾਜ ਅਭਿਮਾਨ ਵਿੱਚ ਚੜ੍ਹ ਕੇ ਆਈਆਂ ਫੌਜਾਂ ਦਾ ਮੁਕਾਬਲਾ ਕਰਨ ਸਮੇਂ ਆਪਣੀ ਜਾਂ ਮਜ਼ਲੂਮਾਂ ਦੀ ਸੁਰੱਖਿਆ ਕਰਨ ਲਈ ਹੀ ਕੀਤੀ ਅਤੇ ਇੱਕ ਵੀ ਉਦਾਹਰਣ ਐਸੀ ਨਹੀਂ ਜਦੋਂ ਗੁਰੂ ਸਾਹਿਬ ਜੀ ਨੇ ਕਿਸੇ ’ਤੇ ਜਿੱਤ ਹਾਸਲ ਕਰਨ ਲਈ ਹਥਿਆਰਾਂ ਨਾਲ ਹਮਲਾਵਰ ਰੂਪ ਵਿੱਚ ਚੜ੍ਹਾਈ ਕੀਤੀ ਹੋਵੇ। ਗੁਰੂ ਗੋਬਿੰਦ ਸਿੰਘ ਜੀ ਮਹਾਂਰਾਜ ਦਾ ਬਚਨ ਹੈ : ‘ਚੁ ਕਾਰ ਅਜ਼ ਹਮਹ ਹੀਲਤੇ ਦਰ ਗੁਜ਼ਸ਼ਤ ॥ ਹਲਾਲ ਅਸਤੁ ਬੁਰਦਨ ਬ ਸ਼ਮਸ਼ੇਰ ਦਸਤ ॥22॥’ ਭਾਵ ਜਦੋਂ ਕਿਸੇ ਕੰਮ ਕਰਨ ਲਈ ਸਾਰੇ ਹੀਲੇ ਫੇਲ੍ਹ ਹੋ ਜਾਣ ਉਸ ਸਮੇਂ ਤਲਵਾਰ ਉਠਾਉਣੀ ਜਾਇਜ਼ ਹੈ। ਸੋ ਹਥਿਆਰ ਤੋਂ ਪਹਿਲਾਂ ਵੀਚਾਰ ਦੀ ਵਰਤੋਂ ਕਰਨ ਨੂੰ ਹੀ ਤਰਜ਼ੀਹ ਦੇਣੀ ਬਣਦੀ ਹੈ। ਇਸ ਲਈ ਸਾਨੂੰ ਗੁਰੂ ਦੇ ਸ਼ਬਦ ਦੀ ਵੀਚਾਰ ਰਾਹੀਂ ਪਹਿਲਾਂ ਹਰ ਪ੍ਰਾਣੀ ਮਾਤਰ ਨੂੰ ਗੁਰੂ ਦੇ ਗਿਆਨ ਨਾਲ ਲੈਸ ਕਰਨਾ ਜਿਆਦਾ ਜਰੂਰੀ ਹੈ। ਜਦੋਂ ਲੋਕਾਈ ਗੁਰੂ ਦੇ ਗਿਆਨ ਨਾਲ ਜਾਗਰੂਕ ਹੋ ਗਈ ਤਾਂ ਉਹ ਸ਼ਰਾਬ ਦੀਆਂ ਬੋਤਲਾਂ ਅਤੇ ਭੁੱਕੀ ਬਦਲੇ ਵੋਟਾਂ ਪਾ ਕੇ ਘਟੀਆ ਕਿਸਮ ਦੇ ਆਗੂ ਨਹੀਂ ਚੁਣੇਗੀ ਬਲਕਿ ਚੰਗੇ ਇਖਲਾਕ ਵਾਲੇ ਈਮਾਨਦਾਰ ਆਗੂ ਚੁਣੇ ਜਾਣਗੇ ਜਿਸ ਨਾਲ ਬਹੁਤੀਆਂ ਸਮਸਿਆਵਾਂ ਆਪਣੇ ਆਪ ਹੀ ਹੱਲ ਹੋ ਸਕਦੀਆਂ ਹਨ।

ਭਾਈ ਹਰਦੀਪ ਸਿੰਘ ਚੀਮਾ ਨੇ ਕਿਹਾ ਆਪਣੇ ਪਿਉ ਦੇ ਕਤਲ ਵਿੱਚੋਂ ਲਾਹਾ ਕੋਈ ਘਟੀਆ ਇਨਸਾਨ ਹੀ ਲੈ ਸਕਦਾ ਹੈ। ਪਰ ਜਿਹੜਾ ਆਪਣੇ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਵਿੱਚੋਂ ਵੀ ਕੋਈ ਲਾਹਾ ਖੱਟਣ ਦੀ ਕੋਸ਼ਿਸ਼ ਕਰ ਰਿਹਾ ਹੋਵੇ ਉਸ ਤੋਂ ਘਟੀਆ ਇਨਸਾਨ ਕੋਈ ਨਹੀਂ ਹੋ ਸਕਦਾ। ਉਨ੍ਹਾਂ ਕਿਹਾ ਅਸੀਂ ਭਾਈ ਬਚਿੱਤਰ ਸਿੰਘ ਬਣਨਾ ਹੈ, ਦੁਨੀ ਚੰਦ ਨਹੀਂ। ਵੈਸੇ ਤਾਂ ਕੋਈ ਵੀ ਮਨੁੱਖ ਨਹੀਂ ਮੰਨਦਾ ਕਿ ਉਹ ਦੁਨੀ ਚੰਦ ਦਾ ਰੋਲ ਨਿਭਾ ਰਿਹਾ ਹੈ ਪਰ ਚੇਤੇ ਰੱਖਣਾ ਚਾਹੀਦਾ ਹੈ ਕਿ ਜਿਹੜੇ ਸਿੱਖੀ ਸਿਧਾਂਤਾਂ ਦੀ ਉਲੰਘਣਾਂ ਕਰਦੇ ਹਨ ਉਹ ਦੁਨੀ ਚੰਦ ਵਾਂਗ ਕਿਲੇ ਦੀ ਕੰਧ ਟੱਪ ਰਹੇ ਹਨ ਜਿਨ੍ਹਾਂ ਨੂੰ ਗੁਰੂ ਕਿਸੇ ਵੀ ਹਾਲਤ ਵਿੱਚ ਪ੍ਰਵਾਨ ਨਹੀਂ ਹੋਣਗੇ।

ਭਾਈ ਹਰਪ੍ਰੀਤ ਸਿੰਘ ਜਗਰਾਉਂ ਨੇ ਕਿਹਾ ਕਿ ਸੱਚ ਦੇ ਮਾਰਗ ਵਿੱਚ ਔਕੜਾਂ ਬਹੁਤ ਆਉਂਦੀਆਂ ਹਨ ਅਤੇ ਤਸ਼ੱਦਦ ਵੀ ਝੱਲਣੇ ਪੈਂਦੇ ਹਨ। ਸਿੱਖ ਵਿੱਚ ਅਜੇਹੀਆਂ ਬੇਅੰਤ ਉਦਾਹਰਣਾਂ ਹਨ ਅਤੇ ਮੌਜੂਦਾ ਦੌਰ ਵਿੱਚ ਇਸ ਦੀ ਤਾਜ਼ਾ ਮਿਸਾਲ ਭਾਈ ਰੁਪਿੰਦਰ ਸਿੰਘ, ਜਸਵਿੰਦਰ ਸਿੰਘ ਦੀ ਹੈ ਜਿਨ੍ਹਾਂ ’ਤੇ ਤਸ਼ੱਦਦ ਕੇਵਲ ਇਸ ਲਈ ਢਾਹਿਆ ਗਿਆ ਕਿਉਂਕਿ ਉਨ੍ਹਾਂ ਤੋਂ ਪੁਲਿਸ ਝੂਠਾ ਬਿਆਨ ਦਿਵਾਉਣਾ ਚਾਹੁੰਦੀ ਸੀ ਕਿ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਉਨ੍ਹਾਂ ਨੇ ਸਿੱਖ ਪ੍ਰਚਾਰਕਾਂ ਦੇ ਕਹਿਣ ’ਤੇ ਕੀਤੀ ਸੀ ਅਤੇ ਇਸ ਵਿੱਚ ਵਿਦੇਸ਼ੀ ਸਿੱਖਾਂ ਦਾ ਵੀ ਹੱਥ ਹੈ। ਸੱਚ ’ਤੇ ਪਹਿਰਾ ਦੇਣ ਵਾਲੇ ਇਨ੍ਹਾਂ ਨੌਜਵਾਨਾਂ ਨੇ ਇਹ ਝੂਠ ਬੋਲਣ ਤੋਂ ਕੋਰੀ ਨਾਂਹ ਕਰ ਦਿੱਤੀ ਜਿਸ ਕਾਰਨ ਉਨ੍ਹਾਂ ਨੂੰ ਭਾਰੀ ਤਸ਼ੱਦਦ ਝੱਲਣਾ ਪਿਆ ਪਰ ਸਾਨੂੰ ਚੇਤੇ ਰੱਖਣਾ ਚਾਹੀਦਾ ਹੈ ਕਿ ਆਖਰ ਸੱਚ ਦੀ ਤੂਤੀ ਹੀ ਸਦਾ ਬੋਲਦੀ ਰਹਿੰਦੀ ਹੈ।

ਆਖਣਿ ਅਉਖਾ ਸਾਚਾ ਨਾਉ’

0

ਆਖਣਿ ਅਉਖਾ ਸਾਚਾ ਨਾਉ’

ਸੰਦੀਪ ਸਿੰਘ ਕਾਫ਼ਰ- 904 146 07959

ਮੇਰੇ ਜਾਣੂੰ ਮਿੱਤਰ ਦੇ ਇੱਕ ਬਜ਼ੁਰਗ ਨੇ ਉਹ ਬਹੁਤ ਤੜਕਿਉਂ ਉਠ ਖੜਦੇ ਹਨ ਤੇ ਜਦ ਵੀ ਕਦੇ ਮਿੱਤਰ ਨੂੰ ਮਿਲਣ ਜਾਓ ਉਹ ਅਕਸਰ ਹੀ ਗੱਲਬਾਤ ਦੌਰਾਨ ਵਿੱਚ ਆ ਬੈਠਦੇ ਹਨ। ਉਨ੍ਹਾਂ ਦੀ ਇੱਕੋ ਗੱਲ ਹੁੰਦੀ ਹੈ ਤੇ ਉਸ ਗੱਲ ਨੂੰ ਉਹ ਬੜੀ ਲਮਕਾ ਕੇ ਤੇ ਲੰਮਾ ਜਿਹਾ ਸਾਹ ਲੈ ਕੇ ਕਹਿਣਗੇ ਕਿ ਬਈ, ‘ਆਖਣ ਅਉਖਾ ਸਾਚਾ ਨਾਓਂ’ ਬੜਾ ਔਖਾ ਹੈ ਨਾਮ ਜਪਣਾ ਭਾਈ। ਹਾਂਅ !

ਦਰਅਸਲ, ਉਸ ਸਮੇ ਉਹ ਨਹੀ ਬੋਲਦੇ ਹੁੰਦੇ ਉਨ੍ਹਾਂ ਦਾ ਸਵੇਰੇ 2 ਵਜੇ ਉਠਣਾ ਬੋਲ ਰਿਹਾ ਹੁੰਦਾ ਹੈ। ਜਹਾਜ ਚਲਾਉਂਣ ਵਾਲੇ ਤਾਂ ਕਹਿਣਾ ਹੀ ਹੈ ਇੱਕ ਟਰੱਕ ਚਲਾਉਣ ਵਾਲਾ ਵੀ ਕਹੇਗਾ ਕਿ ਟਰੱਕ ਚਲਾਉਂਣਾ ਕਿਤੇ ਸੌਖਾ ਥੋੜੋਂ !

ਮਤਲਬ ਦੋਵਾਂ ਦਾ ਇੱਕੋ ਹੁੰਦਾ ਕਿ ਜਿਹੜਾ ਕੰਮ ‘ਮੈਂ’ ਕਰ ਰਿਹਾਂ ਉਹ ਸੌਖਾ ਨਹੀ ਯਾਨੀ ਉਹ ਮੈਂ ਹੀ ਹਾਂ ਜਿਹੜਾ ਇੰਨਾ ਔਖਾ ਕੰਮ ਕਰ ਲੈਂਨਾ। ਇਹ ਗੱਲ ਇੱਕ ਪੇਡੂੰ ਔਰਤ ਦੀ ਲੜਾਈ ਜਿਹੀ ਵਰਗੀ ਹੈ ਜਿਹੜੀ ਹੋਰ ਤਾਂ ਕੁਝ ਨਹੀ ਕਰ ਸਕਦੀ ਪਰ ਅੜਬ ਬੰਦੇ ਤੋਂ ਪਸਲ੍ਹੀਆਂ ਭੰਨਵਾ ਕੇ ਇਸੇ ਗੱਲ ਵਿੱਚ ਹੀ ਵਿਚਾਰੀ ਮਾਣ ਕਰ ਲੈਂਦੀ ਹੈ ਕਿ ਉਹ ਮੈਂ ਹੀ ਹਾਂ ਜਿਹੜੀ ਇਸ ਨਾਲ ਕੱਟ ਗਈ।

ਮਲੱਤਬ ਕੁੱਟੇ ਜਾਣ ਵਿੱਚ ਵੀ ‘ਮੈਂ’ ਹੀ ਹਾਂ ਤੇ ਜਿਹੜਾ ਮਾਲਾ ਫੜਕੇ ਬਹਿ ਗਿਆ ਉਸ ਦੇ ਹੰਕਾਰ ਦਾ ਅੰਦਾਜਾ ਲਾਉਂਣਾ ਸੌਖਾ ਨਹੀਂ ਇਹੀ ਕਾਰਨ ਹੈ ਬਹੁਤੇ ‘ਧਰਮੀ’ ਫੂੰਅ-ਫਾਂਅ ਦੂਜਿਆਂ ਨਾਲੋਂ ਵੀ ਜਿਆਦਾ ਕਰਦੇ ਨਜਰ ਆ ਰਹੇ ਹਨ।

ਇੱਕ ਦਿਨ ਮੈਂ ਉਨ੍ਹਾਂ ਬਜ਼ੁਰਗਾਂ ਨੂੰ ਕਿਹਾ ਕਿ ਬਜ਼ੁਰਗੋ ! ਸਾਚਾ ਨਾਮ ਆਖਣਾ ਵਾਕਿਆ ਹੀ ਔਖਾ ਹੈ। ਮੇਰੀ ਗੱਲ ਸੁਣ ਕੇ ਉਹ ਮਾਲਾ ਫੜਕੇ ਨਾਮ ਜਪਣ ਦੀ ਵਿਆਖਿਆ ਹੋਰ ਜੋਰ-ਸ਼ੋਰ ਨਾਲ ਕਰਨ ਲੱਗ ਪਏ। ਪਰ ਮੈਂ ਉਨ੍ਹਾਂ ਦਾ ਧਿਆਨ ਦਿਵਾਇਆ ਕਿ ਜਿਹੜੇ ਨਾਮ ਦੀ ਤੁਸੀਂ ਗੱਲ ਕਰ ਰਹੇ ਹੋ ਮੈਂ ਉਸ ਦੀ ਨਹੀਂ ਕਰਨ ਲੱਗਿਆ ?

ਫਿਰ ਹੋਰ ਨਾਮ ਕਿਹੜਾ ਹੈ ?  ਉਹ ਤੱਲਖੀ ਵਿੱਚ ਆ ਗਏ।

ਇਹ ਔਖਾ ਨਾਮ ਗੁਰੂ ਨਾਨਕ ਪਾਤਸ਼ਾਹ ਨੇ ਆਖਿਆ ਤਾਂ ਬਾਬਰ ਦੀਆਂ ਚੱਕੀਆਂ ਪੀਹਣੀਆਂ ਪਈਆਂ। ਨਾਮ ਪੰਜਵੇਂ ਗੁਰੂ ਨੇ ਆਖਿਆ ਤਾਂ ਤੱਤੀਆਂ ਲੋਹਾਂ ਤੇ ਭੁੰਨ ਕੇ ਰੱਖ ਦਿੱਤਾ। ਗੁਰੂ ਗੋਬਿੰਦ ਸਿੰਘ ਜੀ ਨੇ ਔਖਾ ਨਾਮ ਕਿਹਾ ਤਾਂ ਚਾਰੇ ਪੁੱਤਰ ਪਰੀਵਾਰ ਸਾਰਾ ਵਾਰਨਾ ਪਿਆ, ਅਨੰਦਪੁਰ ਉਜੜ ਗਿਆ, ਬੁਰੇ ਹਾਲ, ਸੀਤ ਹਵਾਵਾਂ, ਪਾਟੇ ਪੈਰ, ਗੁਲਾਬੇ ਮਸੰਦ ਵਰਗੇ ਠਾਹਰ ਵੀ ਦੇਣ ਤੋਂ ਦੌੜ ਗਏ ! ਉਸ ਤੋਂ ਬਾਅਦ ਅਉਖਾ ਨਾਮ ਆਖਣ ਵਾਲਿਆਂ ਦੀਆਂ ਚਮੜੀਆਂ ਉਧੇੜ ਦਿੱਤੀਆਂ। ਸਾਰਾ ਸਿੱਖ ਇਤਿਹਾਸ ਨਾਮ ਆਖਣ ਵਾਲਿਆਂ ਦੇ ਲਹੂ ਨਾਲ ਭਰਿਆ ਪਿਆ ਹੈ। ਬੰਦਾ ਸਿੰਘ ਮਾਧੋ ਦੇ ਰੂਪ ਵਿੱਚ ਚੰਗਾ ਭਲਾ ਨਾਮ ਜਪੀ ਜਾਂਦਾ ਸੀ ਕਿਸੇ ਨੂੰ ਕੀ ਤਕਲੀਫ। ਪਰ ਜਦ ਉਸ ਨੇ ਗੁਰੂ ਦੇ ਆਖੇ ਲੱਗ ਗੁਰੂ ਵਾਲਾ ਨਾਮ ਜਪਣਾ ਸ਼ੁਰੂ ਕੀਤਾ ਤਾਂ ਅਗਲਿਆਂ ਸੱਕੇ ਪੁੱਤ ਦਾ ਕਲੇਜਾ ਪਹਿਲਾਂ ਮੂੰਹ ਵਿੱਚ ਥੁੰਨਿਆਂ ਤੇ ਫਿਰ ਉਸੇ ਜ਼ਿਬ੍ਹਾ ਕੀਤੇ ਪੁੱਤਰ ਦੇ ਲਹੂ ਦੇ ਚੁੱਬਚੇ ਵਿੱਚ ਹੀ ਉਸ ਨੂੰ ਜੰਬੂਰਾਂ ਨਾਲ ਨੋਚ ਸੁੱਟਿਆ।

ਬਜ਼ੁਰਗ ਨਹੀਂ ਬੋਲਿਆ ਪਰ ਉਸ ਦਾ ਮੁੰਡਾ ਬੋਲ ਪਿਆ, ਭਾਅਜੀ ! ਬੋਲੀ ਚਲੋ ਯਾਰ ਨਾਮ ਦੀ ਸਮਝ ਜਿਹੀ ਆਉਣ ਨੂੰ ਫਿਰਦੀ ਹੈ ਇਧਰ ਤਾਂ ਧਿਆਨ ਹੀ ਨਹੀਂ ਸੀ ਗਿਆ।

ਚਲ ਜੇ ਸਮਝ ਆਉਣ ਨੂੰ ਫਿਰਦੀ ਤਾਂ ਆਪਾਂ ਨਾਮ ਦੀ ਵਿਆਖਿਆ ਅੱਜ ਦੇ ਜੁੱਗ ਵਿੱਚ ਕਰ ਲੈਂਨੇ ਆਂ। ਕਹਿੰਦੇ ਨਾਮ ਹੋ ਚੁੱਕੇ ਵੱਡੇ ਵੱਡੇ ‘ਬ੍ਰਹਮਗਿਆਂਨੀਆਂ’ ਬੜਾ ਜਪਿਆ ਮਾਰ ਭੋਰਿਆਂ ਵਿੱਚ ਸਾਹੋ ਸਾਹੀ ਹੋਏ ਰਹੇ ਨਾਮ ਜਪਦੇ, ਕਿਧਰੇ ਖੜੇ ਪਾਣੀਆਂ ਵਿੱਚ ਤੱਪ, ਕਿਧਰੇ ਕਿੱਲ਼ੀਆਂ ਨਾਲ ਕੇਸ ਬੰਨ, ਕਿਧਰੇ ਪੁੱਠੇ ਹੋ, ਕਿਧਰੇ ਸਿੱਧੇ ਹੋ, ਪਤਾ ਨਹੀਂ ਨਾਮ ਵਾਲੀਆਂ ਧੂੜਾਂ ਪੁੱਟ ਸੁੱਟੀਆਂ ਪਰ ਕੁਝ ਨਹੀਂ ਹੋਇਆ ਉਨ੍ਹਾਂ ਨੂੰ। ਉਨ੍ਹਾਂ ਦੇ ਹੀ ਸਮਕਾਲੀ ਭਾਈ ਲਛਮਣ ਸਿੰਘ ਵਰਗਿਆਂ ਤੇ ਹੋਰ ਸਿੰਘਾਂ ਨੇ ਜਦ ਗੁਰੂ ਦਾ ਦੱਸਿਆ ਔਖਾ ਨਾਮ ਜਪਿਆ ਤਾਂ ਉਨ੍ਹਾਂ ਨੂੰ ਜੰਡਾਂ ਨਾਲ ਬੰਨ ਕੇ ਸਾੜ ਦਿੱਤਾ ਗਿਆ, ਨਰੈਣੂੰ ਮਹੰਤ ਦੇ ਗੁੰਡਿਆਂ ਨੇ ਟੱਕੂਆਂ ਗੰਡਾਸਿਆਂ ਨਾਲ ਉਨ੍ਹਾਂ ਨੂੰ ਵੱਡ ਟੁੱਕ ਕੇ ਸ਼ਹੀਦ ਕਰ ਦਿੱਤਾ। ਗੁਰੂ ਕੇ ਬਾਗ ਵਾਲਿਆਂ ਸੂਰਬੀਰਾਂ ਨੇ ਇਹੀ ਗੁਰੂ ਵਾਲਾ ਔਖਾ ਨਾਮ ਜਦ ਕਿਹਾ ਤਾਂ ਛੱਲੀਆਂ ਵਾਂਗ ਝੰਬ ਦਿੱਤਾ ਗਿਆ ਪਰ ਉਸ ਵੇਲੇ ਦੇ ਸਮਕਾਲੀ ‘ਬ੍ਰਹਮਗਿਆਨੀ’ ਸਾਹਮਣੇ ਹੁੰਦਾ ਤਮਾਸ਼ਾ ਦੇਖਦੇ ਰਹੇ, ਉਨ੍ਹਾਂ ਨੇ ਨਹੀਂ ਬੋਲਿਆ। ਜੇ ਇੱਕ ਵੀ ਨਾਮਵਰ ‘ਮਹਾਂਪੁਰਖ’ ਬੋਲਿਆ ਤਾਂ ਇਤਿਹਾਸ ਵਿੱਚ ਉਸ ਦਾ ਨਾਮ ਦੱਸ ਦਿਓ। ਅਖੇ ਬਾਬਾ ਸੁੰਦਰ ਸਿੰਘ ਜੀ ਜਦ ਗੁਰੂ ਕੇ ਬਾਗ ਦੇ ਮੋਰਚੇ ਵਿੱਚ ਕੁੱਦਣ ਲੱਗੇ ਤਾਂ ਅਕਾਲੀਆਂ ਬਦਨੀਤੀ ਨਾਲ ਰੋਕ ਦਿੱਤਾ ਕਿ ਕਿਤੇ ਵਾਗਡੋਰ ਨਾ ਸੰਭਾਲ ਲੈਣ ! ਮੋਰਚੇ ‘ਚ ਜਾਣ ਲਈ ਜਾਂ ਕਿਸੇ ਕੁਰਬਾਨੀ ਲਈ ਕਿਸੇ ਅਕਾਲੀ ਦੀ ਕੀ ਇਜਾਜਤ ਚਾਹੀਦੀ ਸੀ ? ਬਾਬਾ ਨੰਦ ਸਿੰਘ ਉਸ ਸਮੇਂ ਮੌਜੂਦ ਸਨ, ਬਾਬਾ ਅੱਤਰ ਸਿੰਘ ਜਿਉਂਦੇ ਸਨ, ਪਰ ਕਿਸੇ ਨੇ ਆਖਿਆ ਗੁਰੂ ਦਾ ਔਖਾ ਨਾਮ? ਕਿਸੇ ‘ਸੰਤ’ ਨੂੰ ਅੰਗਰੇਜ ਨੇ ਫਾਹੇ ਨਹੀਂ ਲਾਇਆ !!

ਇਹ ਸਾਰੇ ਉਹੀ ਨਾਮ ਜਪਣ ਵਾਲੇ ਸਨ ਜਿਹਨਾਂ ਦੀਆਂ ਬਰਸੀਆਂ ਦੀਆਂ ਅੱਜ ਧੂੜਾਂ ਪੁੱਟੀਆਂ ਜਾ ਰਹੀਆਂ, ਬੈਂਡ ਵਾਜੇ ਵੱਜ ਰਹੇ, ਜਹਾਜਾਂ ਤੋਂ ਫੁੱਲ ਬਰਸਾਏ ਜਾ ਰਹੇ, ਫੁੱਲੜਝੀਆਂ ਲੱਗ ਰਹੀਆਂ, ਕੋਤਰੀਆਂ ਕਰਵਾਈਆਂ ਜਾ ਰਹੀਆਂ ਨੇ ਪਰ ਉਧਰ ਗੁਰੂ ਦਾ ਔਖਾ ਨਾਮ ਜਪਣ ਕਰਕੇ ਅੰਗਰੇਜਾਂ ਵਲੋਂ ਫਾਹੇ ਟੰਗੇ ਗਇਆਂ, ਕਾਲੇ ਪਾਣੀਆਂ ਵਿੱਚ ਜਵਾਨੀਆਂ ਗਾਲ ਗਈਆਂ, ਸਭ ਕੁਝ ਕੁਰਕ ਕਰਵਾ ਕੇ ਘਰੋਂ ਬੇਘਰ ਹੋਇਆਂ ਦਾ ਕਿਸੇ ਨੂੰ ਚਿੱਤ ਚੇਤਾ ਵੀ ਨਹੀਂ ?

ਚਲੋ ਹੋਰ ਅਗੇ ਆਜੋ। ਬਾਬਾ ਜਰਨੈਲ ਸਿੰਘ ਨੇ ਜਦ ਔਖਾ ਨਾਮ ਆਖਿਆ ਤਾਂ ਅਗਲਿਆਂ ਟੈਂਕ ਡਾਹ ਕੇ ਉਡਾ ਦਿੱਤਾ ਪਰ ਉਸ ਸੰਥਥਾ ਦੇ ਵੱਡੇਰਿਆਂ ਦੇ ਨਾਮ ਤੋਂ ਕਦੇ ਕਿਸੇ ਨੂੰ ਕੋਈ ਤਕਲੀਫ ਨਹੀਂ ਹੋਈ। ਖੂਨੀ ਹਨੇਰੀ ਸਮੇਂ ਬਾਬਾ ਠਾਕੁਰ ਸਿੰਘ 21 ਸਾਲ ਬਾਬੇ ਜਰਨੈਲ ਸਿੰਘ ਦੇ ਬਾਅਦ ‘ਨਾਮ ਜਪਦਾ’ ਰਿਹਾ, ਮਾਅਰ ਤੁਰਿਆ ਫਿਰਦਾ ਵੀ ਸੁਖਮਨੀ ਸੁਣੀ ਜਾਂਦਾ ਸੀ ਪਰ ਬਾਬੇ ਦੇ ਚਾਰ ਕੁ ਸਾਹਾਂ ਵਾਲੇ ਸਰੀਰ ਨੂੰ ਕਦੇ ਖਰੋਚ ਤੱਕ ਨਹੀਂ ਆਈ ਕਦੇ ਚੌਕ ਮਹਿਤੇ ਪੁਲਿਸ ਨੇ ਘੇਰਾ ਨਹੀਂ ਪਾਇਆ ਸਗੋਂ ਸਿੱਖ ਜਵਾਨੀ ਦੀ ਨਸਲਕੁਸ਼ੀ ਕਰਨ ਵਾਲਾ, ਕੋਹ ਕੋਹ ਕੇ ਮਾਰਨ ਵਾਲਾ ਸਿੱਖ ਜਵਾਨੀ ਨੂੰ, ਖੂੰਖਾਰ ਭੇੜੀਆ ਕੇ. ਪੀ. ਗਿੱਲ ਜਾ ਕੇ ਬਾਬਾ ਜੀ ਦੇ ਦੁੱਧ ਛੱਕਦਾ ਰਿਹਾ ਹੈ ਤੇ ਬਾਬੇ ਦੀ ਹੁਣ ਤੱਕ ‘ਬ੍ਰਹਮਗਿਆਨੀ’ ਵਜੋਂ ਪੂਜਾ ਹੁੰਦੀ ਹੈ। ਆਹ ਨਾਨਕਸਰੀਆਂ ਰਾੜੇ-ਰਤਵਾੜੇ ਵਾਲਿਆਂ ਤਾਂ ਭੋਰੇ ਪੁੱਟ-ਪੁੱਟ ਧਰਤੀ ਪੋਲੀ ਕੀਤੀ ਪਈ ਤੇ ਢੋਲਕੀਆਂ ਚਿਮਟਿਆਂ ਨਾਲ ‘ਨਾਮ ਜਪਣ’ ਦੀਆਂ ਤਬਾਹੀਆਂ ਲਿਆਦੀਆਂ ਪਈਆਂ ਪਰ ਸੂਲੀ ਕਿਹੜੇ ਚ੍ਹੜੇ ?

ਜਸਵੰਤ ਸਿੰਘ ਖਾਲੜਾ ਕਹਿੰਦੇ ਨੈਕਸਲਾਈਟ ਲਹਿਰ ਵਿੱਚੋਂ ਆਇਆ ਸੀ ਪਰ ਉਸ ਥੋੜਾ ਸਮਾਂ ਹੀ ਗੁਰੂ ਦਾ ਦਿੱਤਾ ਔਖਾ ਨਾਮ ਕਿਹਾ ਤਾਂ ਅਗਲਿਆਂ ਕੋਹ ਕੋਹ ਕੇ ਮਾਰਿਆ। ਬੇਅੰਤ, ਸਤਵੰਤ ਨੇ ਭੋਰੇ ਵਿੱਚ ਤਾਂ ਕੀ ਬਹਿਣਾ ਸੀ ਉਨ੍ਹੀਂ ਤਾਂ ਅੰਮ੍ਰਿਤ ਵੀ ਕੁਝ ਦਿਨ ਪਹਿਲਾਂ ਹੀ ਛਕਿਆ ਸੀ, ਪਰ ਉਨ੍ਹਾਂ ਔਖਾ ਨਾਮ ਆਖਿਆ ਤਾਂ ਇੱਕ ਗੋਲੀਆਂ ਨਾਲ ਭੁੰਨ ਦਿੱਤਾ ਤੇ ਦੂਜਾ ਫਾਹੇ ਟੰਗ ਦਿੱਤਾ। ਸੁੱਖਾ, ਜਿੰਦਾ ਵਰਗੇ ਔਖਾ ਨਾਮ ਜਦ ਪੱਲੇ ਬੰਨ ਤੁਰੇ ਤਾਂ ਨਤੀਜਾ ?

ਜਿਵੇਂ ਪਹਾੜਾਂ ਵਿੱਚ ਨਾਮ ਜਪਣ ਵਾਲੇ ਜੋਗੀਆਂ ਦੇ ਪਿੰਡੇ ਤੇ ਕਦੇ ਖਰੋਚ ਨਹੀਂ ਸੀ ਆਈ ਇਵੇਂ ਹੀ ਭੋਰਿਆ ਵਾਲਿਆਂ ਇਨ੍ਹਾਂ ‘ਮਹਾਂਪੁਰਖਾਂ’ ਦਾ 84 ਦੀ ਵ੍ਹਰਦੀ ਅੱਗ ਵੇਲੇ ਕਦੇ ਵਾਲ ਵਿੰਗਾ ਨਹੀਂ ਹੋਇਆ। ਮੁੱਛ ਫੁੱਟਦੀ ਤੋਂ ਹੀ ਮੁੰਡਿਆਂ ਨੂੰ ਅਗਲੇ ਘਰੋਂ ਚੁੱਕ ਕੇ ਲੈ ਜਾਂਦੇ ਸਨ ਤੇ ਖ਼ਬਰ ਝੂਠੇ ਮੁਕਾਬਲੇ ਦੀ ਮਿਲਦੀ ਸੀ। ਪਰ ਇਧਰ ‘ਨਾਮ ਦੀ ਬਰਕਤ’ ਸਦਕਾ ਬਾਬਿਆਂ ਦੇ ਮੁੱਛ ਫੁੱਟ ਗੱਡੀਆਂ ਤੇ ਖੇਹ ਉਡਾਉਂਦੇ ਫਿਰਦੇ ਸਨ ਪਰ ਕਿਸੇ ਦੀ ਕੀ ਤਾਕਤ ਹੱਥ ਦੇ ਕੇ ਰੋਕ ਵੀ ਜਾਏ।

ਇੱਕ ਆਮ ਸਿੱਖ ਕਿਸਾਨ ਦੇ ਘਰ ਮੁੰਡੇ ਦੀ ਜਵਾਨੀ ਤੋਂ ਖਤਰਾ ਸੀ ਕਿ ਇਹ ਕਿਤੇ ਔਖੇ ਨਾਮ ਵਲ ਨਾ ਤੁਰ ਪਏ ਤੇ ਹਕੂਮਤ ਪਹਿਲਾਂ ਖੁਦ ਪ੍ਰੇਸ਼ਾਨ ਕਰਕੇ ਘਰੋਂ ਭਜਾਉਂਦੀ ਫਿਰ ਰੋਹੀਆਂ ਤੇ ਲਿਜਾ ਕੇ ਗੋਲੀ ਮਾਰ ਦਿੰਦੀ। ਪਰ ਉਧਰ ਭੋਰਿਆਂ ਵਾਲੇ ਦੇ ਨਾਮ ਤੋਂ ਹਕੂਮਤ ਨੂੰ ਕੋਈ ਖਤਰਾ ਨਹੀਂ ਸੀ। ਕਿਸੇ ਕਾਰ ਸੇਵੀਏ, ਨਾਨਕਸਰੀਏ, ਰਾੜੇ, ਰਤਵਾੜੇ ਦੇ ਚੇਲੇ ਦੀ ਲਾਸ਼ ਕਿਸੇ ਨੇ ਨਹਿਰ ਦੇ ਦਰਾਂ ਹੇਠ ਫਸੀ ਦੇਖੀ ? ਬਾਬਿਆਂ ਦੇ ਨਾਮ ਨੂੰ ਹਕੂਮਤ ਹੱਲਾਸ਼ੇਰੀ ਦੇ ਰਹੀ ਹੈ ਪਰ ਉਧਰ ਇੱਕ ਆਮ ਸਿੱਖ ਘੱਗੇ ਵਰਗਾ ਗੁਰੂ ਦਾ ਔਖਾ ਨਾਮ ਜਦ ਲੋਕਾਂ ਵਿੱਚ ਕਹਿੰਦਾ ਹੈ ਤਾਂ ਨੱਕ ਮੂੰਹ ਤੋੜ ਕੇ ਹਸਪਤਾਲ ਪਹੁੰਚਾ ਦਿੱਤਾ।

ਮੈਂ ਭਾਵੇਂ ਸਾਰੀ ਉਮਰ ਅਪਣੇ ਘਰ ਜਾਂ ਭੋਰੇ ਵਿੱਚ ਪੁੱਠਾ ਲਮਕੀ ਜਾਵਾਂ ਕਿਸੇ ਦੇ ਕੀ ਢਿੱਡ ਪੀੜ ? ਤਕਲੀਫ ਉਦੋਂ ਹੋਣੀ ਜਦ ਮੈਂ ਸੱਚ ਕਿਹਾ, ਬੋਲਿਆ ਤੇ ਲੋਕਾਂ ਵਿੱਚ ਲੈ ਕੇ ਗਿਆ। ਇਹੀ ਔਖਾ ਨਾਮ ਹੈ। ਤੇ ਗੁਰੂ ਨੂੰ ਪਤਾ ਸੀ ਇਹ ਹਰੇਕ ਦੇ ਆਖਣ ਦੇ ਵੱਸ ਨਹੀਂ ਇਸੇ ਲਈ ਗੁਰੂ ਜੀ ਨੇ ਕਿਹਾ ਭਾਈ’ ‘ਆਖਣਿ ਅਉਖਾ ਸਾਚਾ ਨਾਉ’ ਤੇ ਇਸ ਸਾਚੇ ਨਾਮ ਦੀ ਜਦ ਭੁੱਖ ਲੱਗਦੀ ਹੈ ਫਿਰ ਡੇਰਾ, ਘਰਬਾਰ, ਚੇਲੇ ਬਾਲਕੇ, ਨਿੱਕੇ ਨਿਆਣੇ, ਧੰਨ ਦੌਲਤ, ਅਹੁਦਾ, ਸ਼ੋਹਰਤ ਕੁਝ ਨਹੀਂ ਦਿੱਸਦਾ ਬੰਦਾ ਸਿੱਧਾ ਵੱਜਦਾ ਪਤੰਗੇ ਵਾਂਗ ਸ਼ਮਾਂ ‘ਚ ! ਪਤੰਗੇ ਤੇ ਟਟਹਿਣੇ ਦੀ ਜਦ ਸ਼ਮਾ ਨੂੰ ਪਿਆਰ ਕਰਨ ਦੀ ਬਹਿਸ ਹੋਈ ਤਾਂ ਪਤੰਗਾ ਕਹਿਣ ਲੱਗਾ ਜਾਹ ਦੇਖ ਕੇ ਆ ਫਿਰ ਸ਼ਮਾ ਜਗ ਪਈ ਹੁਣੇ ਪਰਖ ਲੈਂਦੇ ਆਂ। ਟਟਹਿਣਾ ਮੁੜ ਆਇਆ, ਕਹਿੰਦਾ ਜਗ ਪਈ ਤਾਂ ਪਤੰਗਾ ਕਹਿਣ ਲੱਗਾ ਇਥੇ ਵਾਪਸ ਵੜੇਵੇਂ ਲੈਣ ਆਇਆਂ ਉਥੇ ਈ ਸੜ ਮਰਦਾ ! ਇਹ ਭੁੱਖ ਫਿਰ ਦੁੱਖ ਵੀ ਨਹੀਂ ਰਹਿਣ ਦਿੰਦੀ। ਕਦੇ ਬੰਦ ਬੰਦ ਕਟੇ ਜਾਣ ਵਾਲੇ ਕਿਹਾ ਜਲਾਦ ਨੂੰ ਕਿ ਯਾਰ ਟੋਕਾ ਹੌਲੀ ਮਾਰ ! ਜਾਂ ਕਦੇ ਆਰੇ ਹੇਠ ਸਿਰ ਦੇਣ ਵਾਲੇ ਕਿਹਾ ਹੋਵੇ ਆਰਾ ਸਹਿਜੇ ਫੇਰ। ਦੁਖ ਲੱਗਦਾ ਨਹੀਂ, ਔਖਾ ਨਾਮ ਆਖਣ ਦੀ ਭੁੱਖ ਵਾਲੇ ਨੂੰ ਤੇ ਦੂਖ ਸਾਰੇ ਚਲੇ ਜਾਂਦੇ ਹਨ। ਭਾਵੇਂ ਆਰੇ ਹੇਠ ਦਈ ਜਾਓ ਭਾਵੇਂ ਦੇਗ ਵਿੱਚ ਸੁੜਾ ਕੇ ਲਵਾਈ ਜਾਓ ਤੇ ਚਾਹੇ ਚਰਖੜੀ ਤੇ ਚ੍ਹਾੜ ਦਿਓ ਫਿਰ ਵੀ ਕਹਿੰਦੇ ਰਹੇ ਭਰਾਵੋ ਨਾਮ ਜਰੂਰ ਔਖਾ ਸੀ ਪਰ ਮਰਨ ਦਾ ਸਵਾਦ ਹੀ ਵੱਖਰਾ ਸੀ।

ਆਸਾ ਮਹਲਾ ॥1॥ ਆਖਾ ਜੀਵਾ ਵਿਸਰੈ ਮਰਿ ਜਾਉ ॥ ਆਖਣਿ ਅਉਖਾ ਸਾਚਾ ਨਾਉ ॥ ਸਾਚੇ ਨਾਮ ਕੀ ਲਾਗੈ ਭੂਖ ॥ ਉਤੁ ਭੂਖੈ ਖਾਇ ਚਲੀਅਹਿ ਦੂਖ ॥1॥

ਉਸ ਤੋਂ ਬਾਅਦ ਉਹ ਬਜ਼ੁਰਗ ਮੇਰੇ ਤੋਂ ਕਤਰਾਉਣ ਲੱਗ ਪਿਆ ਤੇ ਸਰਸਰੀ ਜਿਹੇ ਹਾਲ-ਹਵਾਲ ਤੋਂ ਬਾਅਦ ਉਹ ਮੇਰੇ ਕੋਲੇ ਬੈਠਦਾ ਨਾਂ। ਪਰ ਮੁੰਡੇ ਉਸ ਦੇ ਨੂੰ ਸਮਝ ਲੱਗਣ ਲੱਗ ਪਈ ਕਿ ਇਹ ਔਖਾ ਨਾਮ ਕੀ ਹੈ ?

Most Viewed Posts