16.5 C
Jalandhar
Sunday, April 5, 2026
spot_img
Home Blog Page 233

ਆਹ ਵੇਖ ਲਓ ਆਰ. ਐੱਸ. ਐੱਸ. ਦੀ ਕਰਤੂਤ

0

ਵੇਖ ਲਓ ਆਰ. ਐੱਸ. ਐੱਸ. ਦੀ ਕਰਤੂਤ

ਪਿਛਲੇ ਦਿਨੀ ਭਾਰਤ ਦੇ ਦੱਖਣ (ਚੇਨਈ) ਇਲਾਕੇ ’ਚ ਕੁਦਰਤ ਨੇ ਅਜਿਹਾ ਕਹਿਰ ਵਰਤਾਇਆ ਕਿ ਮਹਿੰਗਾਈ ਦੀ ਮਾਰ ਝੱਲ ਰਹੀ ਜਨਤਾ ਦਾ ਬਾਰਸ਼ ਨੇ ਬੁਰਾ ਹਾਲ ਕਰ ਦਿੱਤਾ। ਮਾਨਵਤਾ ਦੇ ਹਿਤੈਸ਼ੀ ਅਖਵਾਉਣ ਵਾਲੇ ਤਮਾਮ ਦੇਸ਼; ਹੈਦਰਾਬਾਦ (ਤਾਮਲਨਾਡੂ) ਦੇ ਲੋਕਾਂ ਦੀ ਮਦਦ ਲਈ ਅੱਗੇ ਆਏ। ਹਰ ਵਾਰ ਦੀ ਤਰ੍ਹਾਂ ਸਿੱਖ ਕੌਮ (ਸੰਗਤ) ਨੇ ਵੀ ਆਪਣੀਆਂ ਸੇਵਾਵਾਂ ਨਿਰੰਤਰ ਜਾਰੀ ਰੱਖੀਆਂ ਹੋਈਆਂ ਹਨ, ਜਿਸ ਨੂੰ ਜਨਤਾ ਵੱਲੋਂ ਅਥਾਹ ਪਿਆਰ ਮਿਲ ਰਿਹਾ ਹੈ।

ਭਾਰਤ ਨੂੰ ਹਿੰਦੂ ਰਾਸਟ੍ਰ ਬਣਾਉਣ ਦੀਆਂ ਦਹਾਈਆਂ ਦੇਣ ਵਾਲੀ (ਧਰਮ ਦੀ ਨਕਲਮਾਰੂ ਜਥੇਬੰਦੀ) ਆਰ. ਐੱਸ. ਐੱਸ. ਵੀ ਕਿੱਥੇ ਪਿੱਛੇ ਰਹਿਣ ਵਾਲੀ ਸੀ, ਪਰ ਇਨ੍ਹਾਂ ਦੀਆਂ ਸੇਵਾਵਾਂ ਕਰਨ ਦਾ ਤਰੀਕਾ ਬਾਕੀ ਜਥੇਬੰਦੀਆਂ ਨਾਲੋਂ ਵੱਖਰਾ ਹੈ ਭਾਵ ਇਹ ਲੋਕਾਂ ਦੀ ਮਜ਼ਬੂਰੀ ਦਾ ਨਾਜਾਇਜ਼ ਫਾਇਦਾ ਉਠਾਉਂਦਿਆਂ ਉਨ੍ਹਾਂ ਦਾ ਕੀਮਤੀ ਸਮਾਨ ਚੋਰੀ ਕਰਦੇ ਹੋਏ ਪੁਲਿਸ ਨੇ ਰੰਗੇ ਹੱਥ ਪਕੜ ਲਏ। ਇਨ੍ਹਾਂ ਘਟਨਾਵਾਂ ਰਾਹੀਂ ਭਾਰਤ ਦੀ ਜਨਤਾ ਨੂੰ ਸਮਝ ਲੈਣਾ ਚਾਹੀਦਾ ਹੈ ਕਿ ਕੌਣ ਦੇਸ਼ ਭਗਤ ਹਨ ਤੇ ਕੌਣ ਦੇਸ਼ ਧ੍ਰੋਹੀ ? ਅਜਿਹੇ ਨੀਚ ਬੰਦਿਆਂ ਨੂੰ ਸਾਹਮਣੇ ਰੱਖ ਕੇ ਹੀ ਭਗਤ ਕਬੀਰ ਜੀ ਨੇ ਪਾਵਨ ਵਾਕ ਉਚਾਰਨ ਕੀਤਾ ਹੈ: ‘‘ਕਬੀਰ ! ਸਿਖ ਸਾਖਾ ਬਹੁਤੇ ਕੀਏ, ਕੇਸੋ ਕੀਓ ਨ ਮੀਤੁ ॥ ਚਾਲੇ ਥੇ ਹਰਿ ਮਿਲਨ ਕਉ, ਬੀਚੈ ਅਟਕਿਓ ਚੀਤੁ ॥’’ (੧੩੬੯)

ਹਰ ਯੁੱਗ ਵਿਚ ਰਿਹਾ ਹੈ ‘ਲੱਤਾਂ ਖਿੱਚਣ ਵਾਲਿਆਂ ਦਾ ਬੋਲਬਾਲਾ’

0

ਹਰ ਯੁੱਗ ਵਿਚ ਰਿਹਾ ਹੈ ‘ਲੱਤਾਂ ਖਿੱਚਣ ਵਾਲਿਆਂ ਦਾ ਬੋਲਬਾਲਾ’

-ਰਮੇਸ਼ ਬੱਗਾ ਚੋਹਲਾ #੧੩੪੮/੧੭/੧ ਗਲੀ ਨੰ:੮ ਰਿਸ਼ੀ ਨਗਰ, ਐਕਸਟੈਨਸ਼ਨ (ਲੁਧਿਆਣਾ) ਮੋ:94631-32719 

ਹਰੇਕ ਪਿੰਡ, ਕਸਬੇ ਅਤੇ ਸ਼ਹਿਰ ਵਿਚ ਲੱਤਾਂ ਖਿੱਚਣ ਵਾਲੇ ਆਮ ਹੀ ਮਿਲ ਜਾਂਦੇ ਹਨ। ਇਨ੍ਹਾਂ ਭੱਦਰ ਪੁਰਸ਼ਾਂ ਦੀ ਹਾਜ਼ਰੀ ਆਦਿ-ਜੁਗਾਦਿ ਸੱਚ ਹੈ। ਇਹ ਇੱਕ ਕਿਸਮ ਦੇ ਅੜਿੱਕਾ ਸਿੰਘ ਹੀ ਹੁੰਦੇ ਹਨ ਜਿਹੜੇ ਦੂਜਿਆਂ ਦੇ ਕੰਮ ਵਿੱਚ ਅੜਿੱਕਾ ਪਾ ਕੇ ਜਾਂ ਉਨ੍ਹਾਂ ਦੀਆਂ ਲੱਤਾਂ ਖਿੱਚ ਕੇ ਆਨੰਦ-ਪ੍ਰਸੰਨ ਹੁੰਦੇ ਰਹਿੰਦੇ ਹਨ। ਇਨ੍ਹਾਂ ਲੱਤਾਂ ਖਿੱਚਣ ਵਾਲੇ ਜਿਉਂੜਿਆਂ ਦੇ ਮਨ ਅਤੇ ਤਨ ਈਰਖਾ ਦੀ ਅੱਗ ਵਿਚ ਸੜ੍ਹੇ ਅਤੇ ਰੜੇ ਹੁੰਦੇ ਹਨ, ਇਸ ਕਰਕੇ ਇਹ ਵਰਗ ਵਿਕਾਸਵਾਦੀ ਨਜ਼ਰੀਏ ਦਾ ਹਮੇਸ਼ਾਂ ਹੀ ਵਿਰੋਧੀ ਰਹਿੰਦਾ ਹੈ। ਦੂਜਿਆਂ ਦੇ ਸੁੱਖ ਵਿਚ ਦੁੱਖ ਮਨਾਉਣਾ ਇਨ੍ਹਾਂ ਲੱਤਾਂ ਖਿੱਚਣ ਵਾਲਿਆਂ ਦਾ ਇਕ ਵਿਸ਼ੇਸ਼ ਸੁਭਾਅ ਹੁੰਦਾ ਹੈ। ਕਿਸੇ ਵਿਅਕਤੀ ਦੀ ਤਰੱਕੀ ਵਾਲੀ ਤੋਰ ਇਨ੍ਹਾਂ ਦੀ ਬਰਦਾਸ਼ਤ ਤੋਂ ਬਾਹਰ ਹੁੰਦੀ ਹੈ ਇਸ ਲਈ ਇਹ ਉਸ ਵਿਅਕਤੀ ਦੀਆਂ ਲੱਤਾਂ ਖਿੱਚਣ ਦੀ ਤਾਕ ਵਿਚ ਰਹਿੰਦੇ ਹਨ।

ਲੱਤਾਂ ਖਿੱਚਣ ਵਾਲੇ ਇਸ ‘ਭਾਈਚਾਰੇ’ ਵਿਚ ਕਈ ਵਾਰੀ ਬਿਗਾਨੇ ਘੱਟ ਅਤੇ ਆਪਣੇ ਵਧੇਰੇ ਹੁੰਦੇ ਹਨ। ਕਈ ਵਾਰ ਤਾਂ ਇਹ (ਲੱਤਾਂ ਖਿੱਚਣ ਦੀ) ਡਿਊਟੀ ਸਾਡੇ ਸਕੇ-ਸੋਧਰੇ ਅਤੇ ਸੱਜਣ-ਮਿੱਤਰ ਹੀ ਨਿਭਾਈ ਜਾਂਦੇ ਹਨ। ਪਰ ਇਨ੍ਹਾਂ ਵੱਲੋਂ ਇਹ ਡਿਊਟੀ ਬੜੀ ਹੀ ਚੁਤਰਾਈ ਅਤੇ ਸਫ਼ਾਈ ਨਾਲ ਨਿਭਾਈ ਜਾਂਦੀ ਹੈ। 

ਲੱਤਾਂ ਖਿੱਚਣ ਦੀਆਂ ਉਦਾਹਰਣਾਂ ਸਾਡੇ ਆਪਣੇ ਘਰ-ਪਰਿਵਾਰ ਵਿਚ ਵੀ ਮਿਲ ਜਾਂਦੀਆਂ ਹਨ। ਗੱਲ ਉਨ੍ਹਾਂ ਭਲਿਆਂ ਸਮਿਆਂ ਦੀ ਹੈ ਜਦੋਂ ਮੇਰੇ ਸਵ: ਬਾਪੂ ਨੇ ਮੈਟਿ੍ਰਕ ਦਾ ਇਮਤਿਹਾਨ ਪਾਸ ਕੀਤਾ ਸੀ। ਉਨ੍ਹਾਂ ਸਮਿਆਂ ਵਿਚ ਕੋਈ ਵਿਰਲਾ-ਟਾਵਾਂ ਹੀ ਪੜ੍ਹਿਆ ਕਰਦਾ ਸੀ। ਪੜ੍ਹਾਈ ਤੋਂ ਬਾਅਦ ਬਾਪੂ ਦੀ ਚੋਣ ਇੱਕ ਚੰਗੇ ਸਰਕਾਰੀ ਅਹੁਦੇ ਲਈ ਹੋ ਗਈ ਸੀ ਪਰ ਉਨ੍ਹਾਂ ਨੂੰ ਇਸ ਕੰਮ ਲਈ ਆਪਣੇ ਨਗਰ-ਖੇੜੇ ਤੋਂ ਦੂਰ ਜਾਣਾ ਪੈਣਾ ਸੀ। ਜਦੋਂ ਬਾਪੂ ਘਰੋਂ ਚਾਲੇ ਪਾਉਣ ਲੱਗਾ ਤਾਂ ਤਾਏ ਨੇ ਪਿੱਛੋਂ ਆਪਣੇ ਇਕੱਲੇ ਰਹਿ ਜਾਣ ਦਾ ਵਾਸਤਾ ਪਾ ਕੇ ਬਾਪੂ ਦੀ ਲੱਤ ਖਿੱਚ ਲਈ। ਤਾਏ ਦਾ ਵਾਸਤਾ ਮੰਨ ਕੇ ਬਾਪੂ ਨੇ ਆਪਣਾ ਇਰਾਦਾ ਤਾਂ ਬਦਲ ਲਿਆ ਪਰ ਲੱਤ ਖਿੱਚੀ ਜਾਣ ਕਾਰਨ ਉਹ (ਬਾਪੂ) ਆਪਣੀ ਸਾਰੀ ਹਯਾਤੀ ਫਿਰ ਸਾਬਤ ਕਦਮੀ (ਆਰਥਿਕ ਪੱਖੋਂ) ਨਹੀਂ ਹੋ ਸਕਿਆ। ਇਸ ਗੱਲ ਨੂੰ ਲੈ ਕੇ ਉਹ ਸਾਰੀ ਉਮਰ ਝੁਰਦਾ ਹੀ ਚਲਾ ਗਿਆ ਤੇ ਅੰਤ ਨੂੰ ਰਾਮ ਪਿਆਰਾ ਹੋ ਗਿਆ।

ਲੱਤਾਂ ਖਿੱਚਣ ਦੀ ਦੂਜੀ ਉਦਾਹਰਣ ਵੀ ਸਾਡੇ ਆਪਣੇ ਲਾਣੇ ਨਾਲ ਹੀ ਸੰਬੰਧਤ ਹੈ। ਜਦੋਂ ਮੈਂ ਆਪਣੇ ਨਗਰ ਦੇ ਸਕੂਲ (ਬਾਬਾ ਭਾਈ ਅਦਲੀ) ਵਿਚੋਂ ਦਸਵੀਂ ਜ਼ਮਾਤ ਪਹਿਲੇ ਦਰਜੇ ਵਿਚ ਪਾਸ ਕੀਤੀ ਤਾਂ ਮੇਰੀ ਇੱਛਾ ਅੱਗੇ ਹੋਰ ਪੜ੍ਹਨ ਦੀ ਸੀ ਪਰ ਇਸ ਸਕੂਲ ਦੀ ਗਿਆਰਵੀਂ ਜ਼ਮਾਤ ਵਿਚ ਮੇਰੇ ਮਨ ਭਾਉਂਦੇ ਵਿਸ਼ੇ (ਵਿਗਿਆਨ ਤੇ ਗਣਿਤ) ਨਾ ਹੋਣ ਕਰਕੇ ਮੈਨੂੰ ਸਕੂਲ ਬਦਲਣਾ ਪੈਣਾ ਸੀ। ਇਕੱਲਾ ਅਤੇ ਲਾਡਲਾ ਪੁੱਤਰ ਹੋਣ ਕਰਕੇ ਸਾਡੇ ਟੱਬਰ ਦੇ ਕੁੱਝ ਮੈਂਬਰਾਂ ਵਿਚ ਮੇਰੇ ਘਰ ਤੋਂ ਬਾਹਰ ਜਾਣ ਦੀ ਸਹਿਮਤੀ ਨਹੀਂ ਬਣ ਸਕੀ। ਮੇਰੀ ਇਸ ਲੱਤ ਖਿੱਚਾਈ ਕਾਰਨ ਮੈਂ ਸਮਾਜਿਕ ਤੌਰ ’ਤੇ ਕੁੱਝ ਵਧੇਰੇ ਸਤਿਕਾਰੀ ਅਤੇ ਵਕਾਰੀ (ਦੋਵੇਂ) ਵਿਸ਼ਿਆਂ ਦੀ ਪੜ੍ਹਾਈ ਤੋਂ ਵੰਚਿਤ ਰਹਿ ਗਿਆ।

ਲੱਤਾਂ ਖਿੱਚਣ ਵਾਲਿਆਂ ਦਾ ਇੱਕ ਵਿਤਕਰੇ ਭਰਿਆ ਵਰਤਾਰਾ ਹੋਰ ਵੀ ਹੈ। ਜਦੋਂ ਕਿਸੇ ਘਰਾਣੇ (ਵਿਸ਼ੇਸ਼ ਕਰਕੇ ਪੇਂਡੂ) ਦੀ ਕੋਈ ਲੜਕੀ ਕਿਸੇ ਉਚੇਰੀ ਸਿੱਖਿਆ ਨੂੰ ਹਾਸਲ ਕਰਨ ਹਿੱਤ ਦੂਰ- ਦੁਰਾਡੇ ਦਾ ਸਫ਼ਰ ਤੈਅ ਕਰਨਾ ਚਾਹੁੰਦੀ ਹੈ ਤਾਂ ‘ਜ਼ਮਾਨਾ ਖ਼ਰਾਬ’ ਕਹਿ ਕੇ ਉਸ ਦੀਆਂ ਲੱਤਾਂ ਵੀ ਖਿੱਚ ਦਿੱਤੀਆਂ ਜਾਂਦੀਆਂ ਹਨ।

ਲੱਤਾਂ ਖਿੱਚਣ ਵਾਲੇ ਬਸ਼ਰ ਕਈ ਵਾਰੀ ਸਰਕਾਰੀ ਅਤੇ ਗ਼ੈਰ ਸਰਕਾਰੀ ਵਿਭਾਗਾਂ ਵਿਚ ਵੀ ਟੱਕਰ ਜਾਂਦੇ ਹਨ ਜਿਹੜੇ ਆਪਣੇ ਸਹਿਯੋਗੀਆਂ/ਸਹਿਕਰਮੀਆਂ ਦੇ ਕਿਸੇ ਨਿਰੋਏ ਅਤੇ ਨਿਵਕਲੇ ਕੰਮ- ਢੰਗ ਦਾ ਮਜ਼ਾਕ ਉਡਾ ਕੇ ਉਨ੍ਹਾਂ ਦੀਆਂ ਲੱਤਾਂ ਖਿੱਚ ਕੇ ਲ਼ੁਤਫ਼ ਲੈਂਦੇ ਰਹਿੰਦੇ ਹਨ। ਇਹ ਲੱਤ-ਖਿਚਾਈ ਉਸ ਵਕਤ ਤਾਂ ਹੋਰ ਵੀ ਦੁਖ਼ਦਾਈ ਹੋ ਨਿੱਬੜਦੀ ਹੈ ਜਿੱਥੇ ਲੱਤਾਂ ਖਿੱਚਣ ਵਾਲਿਆਂ ਦੀ ਬਹੁ-ਸੰਮਤੀ ਜਾਂ ਬਹੁਗਿਣਤੀ ਹੋ ਜਾਂਦੀ ਹੈ।

ਭਾਵੇਂ ਲੱਤਾਂ ਖਿੱਚਣ ਵਾਲੇ ਮਹਿਕਮੇ ਦਾ ਬੋਲਬਾਲਾ ਚਾਰੇ ਯੁੱਗਾਂ ਵਿਚ ਚੱਲਿਆ ਆ ਰਿਹਾ ਹੈ ਪਰ ਨਵੀਆਂ ਅਤੇ ਨਿਰਾਲੀਆਂ ਰਾਹਾਂ ਦੇ ਪਾਂਧੀ ਇਨ੍ਹਾਂ ਈਰਖਾਲੂਆਂ ਦੀ ਰਤਾ ਪ੍ਰਵਾਹ ਨਹੀਂ ਕਰਦੇ। ਜਿਨ੍ਹਾਂ ਨੂੰ ਆਪਣੀ ਮੰਜ਼ਿਲ ਨਾਲ ਇਸ਼ਕ ਹੋ ਜਾਂਦਾ ਹੈ ਉਹ ਆਪਣੀ ਹਾਥੀਆਂ ਵਾਲੀ ਮਸਤ ਚਾਲ ਚੱਲਦੇ ਰਹਿੰਦੇ ਹਨ ਅਤੇ ਲੱਤਾਂ ਖਿੱਚਣ ਵਾਲਿਆਂ ਦੀ ਕੁੱਤੇ-ਭਕਾਈ ਵੱਲ ਧਿਆਨ ਹੀ ਨਹੀਂ ਦਿੰਦੇ।

ਸ਼ਹੀਦ ਬਾਬਾ ਦੀਪ ਸਿੰਘ ਜੀ: ਮਿਸਲ ਸ਼ਹੀਦਾਂ

0

ਸ਼ਹੀਦ ਬਾਬਾ ਦੀਪ ਸਿੰਘ ਜੀ: ਮਿਸਲ ਸ਼ਹੀਦਾਂ

ਪ੍ਰੋ. ਕਿਰਪਾਲ ਸਿੰਘ

ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਸਾਜੇ ਖਾਲਸਾ ਪੰਥ ਨੇ ਹਿੰਦੋਸਤਾਨ ਅਤੇ ਹੱਕ ਸੱਚ ਦੀ ਰਾਖੀ ਲਈ ਜੋ ਸੁਨਹਿਰੀ ਇਤਿਹਾਸ ਰਚਿਆ ਹੈ, ਇਸ ਦੀ ਮਿਸਾਲ ਦੁਨੀਆਂ ਦੇ ਇਤਿਹਾਸ ਵਿੱਚ ਹੋਰ ਕਿਤੇ ਨਹੀਂ ਮਿਲਦੀ। ਅਮਨ-ਸ਼ਾਂਤੀ ਦੇ ਸਮੇਂ ਤਾਂ ਧਰਮ ਦੇ ਰਾਖੇ ਬਣ ਬੈਠਣਾ ਕੋਈ ਵੱਡੀ ਗੱਲ ਨਹੀਂ ਹੁੰਦੀ, ਸੁਆਦ ਤਾਂ ਉਸ ਸਮੇਂ ਰਾਖੇ ਬਣਨ ਦਾ ਹੁੰਦਾ ਹੈ, ਜਦੋਂ ਹੱਕ-ਸੱਚ ਦੀ ਆਵਾਜ਼ ਨੂੰ ਦਬਾਇਆ ਜਾ ਰਿਹਾ ਹੋਵੇ ਤੇ ਧਰਮ ਦਾ ਨਾਂ ਲੈਣਾ ਵੀ ਜ਼ੁਲਮ ਸਮਝਿਆ ਜਾਂਦਾ ਹੋਵੇ। ਜ਼ੁਲਮ ਵੀ ਅਜਿਹਾ ਜਿਸ ਦੀ ਕੋਈ ਦਾਦ-ਫ਼ਰਿਆਦ ਨਾ ਹੋਵੇ ਤੇ ਕਿਸੇ ਤੋਂ ਨਿਆਂ ਦੀ ਕੋਈ ਆਸ ਨਾ ਹੋਵੇ। ਮੁਗ਼ਲ ਰਾਜ ਸਮੇਂ ਖਾਸ ਕਰਕੇ ਬਾਦਸ਼ਾਹ ਔਰੰਗਜ਼ੇਬ ਦੇ ਸਮੇਂ ਗ਼ੈਰ-ਮੁਸਲਮਾਨਾਂ ’ਤੇ ਅਨੇਕਾਂ ਪ੍ਰਕਾਰ ਦੀਆਂ ਬੰਦਸ਼ਾਂ ਲਗਾ ਦਿੱਤੀਆਂ ਗਈਆਂ ਤੇ ਤਲਵਾਰ ਦੇ ਜ਼ੋਰ ਨਾਲ ਗ਼ੈਰ-ਮੁਸਲਮਾਨਾਂ ਨੂੰ ਜਬਰੀ ਮੁਸਲਮਾਨ ਬਣਾਇਆ ਜਾਣ ਲੱਗਾ।

ਅਜਿਹੇ ਘੋਰ ਸੰਕਟ ਦੇ ਸਮੇਂ ਜਦੋਂ ਇਸ ਜ਼ੁਲਮ ਅੱਗੇ ਸਾਰੇ ਹਿੰਦੋਸਤਾਨ ਦੀ ਜਨਤਾ ਥਰ-ਥਰ ਕੰਬ ਰਹੀ ਸੀ, ਉਸ ਸਮੇਂ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਧਰਮ ਨੂੰ ਬਚਾਉਣ ਲਈ ਅਤੇ ਹੱਕ-ਸੱਚ ਦੀ ਰਾਖੀ ਲਈ ਜ਼ਾਲਮ ਹਕੂਮਤ ਨੂੰ ਠੱਲ੍ਹ ਪਾਉਣ ਲਈ ਖਾਲਸੇ ਦੀ ਸਾਜਨਾ ਕੀਤੀ। ਅਕਾਲ ਪੁਰਖ ਨੇ ਖਾਲਸਾ ਦਲਾਂ ਨੂੰ ਅਜਿਹਾ ਹੌਂਸਲਾ ਤੇ ਬਲ ਬਖਸ਼ਿਆ ਕਿ ਸੂਰਬੀਰ ਸਿੰਘਾਂ ਨੇ ਹਰ ਜ਼ੁਲਮ ਦਾ ਟਾਕਰਾ ਆਪਣਾ ਸਿਰ ਤਲੀ ’ਤੇ ਧਰ ਕੇ ਦੁਨੀਆਂ ਅੱਗੇ ਅਜਿਹੇ ਕਾਰਨਾਮੇ ਪੇਸ਼ ਕੀਤੇ ਕਿ ਲੋਕ ਮੂੰਹ ਵਿੱਚ ਉਂਗਲਾਂ ਪਾ ਕੇ ਸੋਚਣ ਲੱਗ ਪਏ।

ਸਿੱਖਾਂ ਦੀਆਂ 12 ਮਿਸਲਾਂ ’ਚੋਂ ਸ਼ਹੀਦਾਂ ਦੀ ਮਿਸਲ ਦੇ ਬਾਨੀ ਬਾਬਾ ਦੀਪ ਸਿੰਘ ਜੀ ਦਾ ਜਨਮ 1682 ਈ. ਵਿੱਚ ਅੰਮ੍ਰਿਤਸਰ ਪਰਗਣੇ ਦੇ ਪਹੂਵਿੰਡ ਪਿੰਡ ਵਿਖੇ ਹੋਇਆ। ਜੁਆਨ ਅਵਸਥਾ ਵਿੱਚ ਆਪ ਖੰਡੇ-ਬਾਟੇ ਦੀ ਪਾਹੁਲ ਛਕ ਕੇ ਅਨੰਦਪੁਰ ਸਾਹਿਬ ਵਿਖੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਸੇਵਾ ਵਿੱਚ ਰਹਿਣ ਲੱਗ ਪਏ। ਜਥੇਦਾਰ ਬੁੱਢਾ ਸਿੰਘ ਜੀ ਵੀ ਆਪ ਜੀ ਦੇ ਸਾਥੀ ਸਨ।

ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਚਮਕੌਰ ਦੀ ਜੰਗ ਤੋਂ ਬਾਅਦ ਜੰਗਲਾਂ ਦੇ ਵਿੱਚ ਦੀ ਹੁੰਦੇ ਹੋਏ ਪਿੰਡਾਂ ਵਿੱਚ ਠਹਿਰਦੇ ਤਲਵੰਡੀ ਸਾਬੋ ਪਹੁੰਚੇ ਅਤੇ ਇਸ ਜਗ੍ਹਾ ’ਤੇ ਆ ਕੇ ਟਿਕ ਗਏ ਅਤੇ ਸਿੱਖਾਂ ਨੂੰ ਹੁਕਮਨਾਮੇ ਜਾਰੀ ਕੀਤੇ, ਜਿਸ ਕਾਰਨ ਇਸ ਜਗ੍ਹਾ ਦਾ ਨਾਂ ਦਮਦਮਾ ਸਾਹਿਬ ਪੈ ਗਿਆ। ਤਲਵੰਡੀ ਸਾਬੋ ਵਿਖੇ ਅੱਜ ਜਿੱਥੇ ਤਖ਼ਤ ਸ੍ਰੀ ਦਮਦਮਾ ਸਾਹਿਬ ਦੀ ਇਮਾਰਤ ਬਣੀ ਹੋਈ ਹੈ, ਇਸ ਜਗ੍ਹਾ ’ਤੇ ਗੁਰੂ ਜੀ ਦਰਬਾਰ ਸਜਾਇਆ ਕਰਦੇ ਸਨ। ਇਸੇ ਜਗ੍ਹਾ ’ਤੇ ਮਾਤਾ ਜੀ ਨੇ ਪੁੱਤਰਾਂ ਦੀ ਸ਼ਹੀਦੀ ਬਾਰੇ ਹਾਲ ਪੁੱਛਿਆ ਸੀ। ਤਲਵੰਡੀ ਸਾਬੋ ਵਿੱਚ ਗੁਰੂ ਸਾਹਿਬ ਦੇ ਕਾਫ਼ੀ ਸਮਾਂ ਟਿਕੇ ਰਹਿਣ ਕਰਕੇ ਇਸ ਜਗ੍ਹਾ ਦੇ ਕਈ ਸਥਾਨ ਗੁਰੂ ਸਾਹਿਬ ਦੀਆਂ ਯਾਦਾਂ ਨਾਲ ਜੁੜੇ ਹੋਏ ਹਨ ਅਤੇ ਦੂਰੋਂ-ਦੂਰੋਂ ਸਿੱਖ ਗੁਰੂ ਸਾਹਿਬ ਦੇ ਦਰਸ਼ਨਾਂ ਨੂੰ ਇਸ ਜਗ੍ਹਾ ’ਤੇ ਆਉਂਦੇ ਹਨ। ਉੱਚ-ਕੋਟੀ ਦੇ ਵਿਦਵਾਨ, ਨਾਮ-ਅਭਿਆਸੀ, ਕੁਰਬਾਨੀ ਦੇ ਪੁੰਜ, ਧਰਮੀ ਸੂਰਬੀਰ, ਸਿੱਖ ਪੰਥ ਦੇ ਅਣਖੀਲੇ ਜਥੇਦਾਰ ਬਾਬਾ ਦੀਪ ਸਿੰਘ ਜੀ ਵੀ ਇਸ ਜਗ੍ਹਾ ’ਤੇ ਗੁਰੂ ਜੀ ਪਾਸ ਰਹਿੰਦੇ ਰਹੇ।

ਸ੍ਰੀ ਗੁਰੂ ਗੋਬਿੰਦ ਸਿੰਘ ਜੀ ਜਦੋਂ ਦੱਖਣ ਦੀ ਯਾਤਰਾ ਤੋਂ ਪਹਿਲਾਂ ਦਮਦਮਾ ਸਾਹਿਬ ਤਲਵੰਡੀ ਸਾਬੋ ਠਹਿਰੇ ਹੋਏ ਸਨ, ਉਸ ਸਮੇਂ ਉਨ੍ਹਾਂ ਨੇ ਇੱਥੇ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਬਾਣੀ ਦਰਜ ਸਮੇਤ ‘ਸ੍ਰੀ ਗੁਰੂ ਗ੍ਰੰਥ ਸਾਹਿਬ’ ਜੀ ਦੇ ਸਰੂਪਾਂ ਦੇ 4 ਉਤਾਰੇ ਵੀ ਬਾਬਾ ਦੀਪ ਸਿੰਘ ਜੀ ਪਾਸੋਂ ਕਰਵਾਏ। ਜਦੋਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੱਖਣ ਯਾਤਰਾ ’ਤੇ ਗਏ ਤਾਂ ਬਾਬਾ ਦੀਪ ਸਿੰਘ ਜੀ ਅਤੇ ਜਥੇਦਾਰ ਬੁੱਢਾ ਸਿੰਘ ਜੀ ਦੀ ਡਿਊਟੀ ਦਮਦਮਾ ਸਾਹਿਬ ਵਿਖੇ ਸੇਵਾ ਸੰਭਾਲ ਲਈ ਲਗਾਈ। ਦਮਦਮਾ ਸਾਹਿਬ ਵਿਖੇ ਸੇਵਾ-ਸੰਭਾਲ ਕਰਦਿਆਂ ਬਾਬਾ ਦੀਪ ਸਿੰਘ ਜੀ ਨੇ ਇਕ ਖੂਹ ਲਗਵਾਇਆ ਜੋ ਤਖ਼ਤ ਸਾਹਿਬ ਦੀ ਪਰਕਰਮਾ ਵਿੱਚ ਹੈ, ਜਿਸ ਨੂੰ ਸ਼ਹੀਦਾਂ ਦੇ ਖੂਹ ਨਾਲ ਜਾਣਿਆ ਜਾਂਦਾ ਹੈ। ਜਥੇਦਾਰ ਬੁੱਢਾ ਸਿੰਘ ਜੀ ਨੇ ਬੇਰੀਆਂ ਦੇ ਦਰੱਖ਼ਤ ਲਗਵਾਏ।

ਦੱਖਣ ਤੋਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਬਾਬਾ ਬੰਦਾ ਸਿੰਘ ਜੀ ਬਹਾਦਰ ਨੂੰ ਅੰਮ੍ਰਿਤ ਛਕਾ ਕੇ (ਸਿੰਘ ਸਜਾ ਕੇ) ਪੰਜਾਬ ਭੇਜਿਆ, ਉਸ ਸਮੇਂ ਬਾਬਾ ਦੀਪ ਸਿੰਘ ਜੀ ਆਪਣੇ ਸਾਥੀ ਸਿੰਘਾਂ ਸਮੇਤ ਬਾਬਾ ਬੰਦਾ ਸਿੰਘ ਬਹਾਦਰ ਜੀ ਦੀ ਸਹਾਇਤਾ ਕੀਤੀ। ਇਹ ਮੈਦਾਨ-ਏ-ਜੰਗ ਵਿੱਚ ਸਭ ਤੋਂ ਅੱਗੇ ਹੋ ਕੇ ਲੜਦੇ ਸਨ ਜਿਸ ਨਾਲ ਵਿਰੋਧੀਆਂ ਵਿੱਚ ਬਾਬਾ ਜੀ ਦਾ ਇਤਨਾ ਦਬਦਬਾ ਬੈਠ ਗਿਆ ਕਿ ਬਾਬਾ ਦੀਪ ਸਿੰਘ ਜੀ ਦਾ ਨਾਂ ਸੁਣ ਕੇ ਹੀ ਮੈਦਾਨ ਵਿੱਚੋਂ ਤਿੱਤਰ ਹੋ ਜਾਂਦੇ ਸਨ ਅਤੇ ਇਨ੍ਹਾਂ ਦੇ ਜਥੇ ਦਾ ਨਾਂ ਸ਼ਹੀਦੀ ਜਥਾ ਪ੍ਰਸਿੱਧ ਹੋ ਗਿਆ ਸੀ।

ਬਾਬਾ ਬੰਦਾ ਸਿੰਘ ਜੀ ਬਹਾਦਰ ਦੀ ਸ਼ਹੀਦੀ ਤੋਂ ਬਾਅਦ ਮੁਗ਼ਲ ਸਰਕਾਰ ਵੱਲੋਂ ਸਿੱਖਾਂ ’ਤੇ ਸਖ਼ਤੀਆਂ ਦਾ ਦੌਰ ਚੱਲਿਆ। ਜ਼ਕਰੀਆ ਖ਼ਾਨ ਦੇ ਸਮੇਂ ਇਹ ਸਖ਼ਤੀ ਇਕ ਭਿਆਨਕ ਸੰਘਰਸ਼ ਦਾ ਰੂਪ ਧਾਰਨ ਕਰ ਗਈ। ਉਸ ਸਮੇਂ ਖਾਲਸਾ ਪੰਥ ਇੱਕ ਜਥੇ ਦੇ ਰੂਪ ਵਿੱਚ ਵਿਚਰਦਾ ਸੀ ਅਤੇ ਬਾਬਾ ਦੀਪ ਸਿੰਘ ਜੀ ਨੂੰ ਜਥੇ ਦੇ ਮੁਖੀ ਸਿੰਘਾਂ ਵਿੱਚ ਗਿਣਿਆ ਜਾਂਦਾ ਸੀ। ਗਿਆਨੀ ਗਿਆਨ ਸਿੰਘ ਅਨੁਸਾਰ ਉਸ ਸਮੇਂ ਜਥੇਦਾਰ ਦਰਬਾਰਾ ਸਿੰਘ ਦੀਵਾਨ, ਜਥੇਦਾਰ ਸੰਗਤ ਸਿੰਘ ਖ਼ਜ਼ਾਨਚੀ, ਜਥੇਦਾਰ ਹਰੀ ਸਿੰਘ ਲਾਂਗਰੀ, ਜਥੇਦਾਰ ਭਗਤ ਸਿੰਘ ਮੋਦੀ, ਜਥੇਦਾਰ ਬੁੱਢਾ ਸਿੰਘ ਦੇਸੀ, ਜਥੇਦਾਰ ਹਰਦਿੱਤ ਸਿੰਘ, ਜਥੇਦਾਰ ਗਰਜਾ ਸਿੰਘ, ਜਥੇਦਾਰ ਸੱਜਨ ਸਿੰਘ, ਜਥੇਦਾਰ ਈਸ਼ਰ ਸਿੰਘ, ਜਥੇਦਾਰ ਗਿਆਨ ਸਿੰਘ, ਜਥੇਦਾਰ ਸਾਧੂ ਸਿੰਘ, ਜਥੇਦਾਰ ਦੇਵਾ ਸਿੰਘ, ਨਵਾਬ ਕਪੂਰ ਸਿੰਘ, ਜਥੇਦਾਰ ਹਰੀ ਸਿੰਘ ਸੁਖਈ, ਬਾਬਾ ਦੀਪ ਸਿੰਘ ਜੀ, ਜਥੇਦਾਰ ਗੁਰਬਖਸ਼ ਸਿੰਘ (ਸ਼ਹੀਦ), ਜਥੇਦਾਰ ਥਰਾਜ ਸਿੰਘ, ਜਥੇਦਾਰ ਜੱਸਾ ਸਿੰਘ, ਜਥੇਦਾਰ ਕਰਮ ਸਿੰਘ, ਜਥੇਦਾਰ ਭੋਲਾ ਸਿੰਘ, ਜਥੇਦਾਰ ਅਤਰ ਸਿੰਘ, ਜਥੇਦਾਰ ਸੀਹਾਂ ਸਿੰਘ, ਜਥੇਦਾਰ ਬਚਨ ਸਿੰਘ, ਜਥੇਦਾਰ ਕੇਹਰ ਸਿੰਘ, ਜਥੇਦਾਰ ਬ੍ਰਜ ਸਿੰਘ, ਜਥੇਦਾਰ ਘਨਘੋਰ ਸਿੰਘ ਅਤੇ ਜਥੇਦਾਰ ਅਮਰ ਸਿੰਘ ਆਦਿ ਮੁਖੀ ਸਿੰਘ ਸਨ।

1735 ਈ. ਵਿੱਚ ਜ਼ਕਰੀਆ ਖ਼ਾਨ ਨੇ ਸ੍ਰੀ ਅੰਮ੍ਰਿਤਸਰ ਦੇ ਇਰਦ-ਗਿਰਦ ਪਹਿਰੇ ਲਾ ਕੇ ਸ੍ਰੀ ਦਰਬਾਰ ਸਾਹਿਬ ਵੱਲ ਜਾਂਦੇ ਸਾਰੇ ਰਸਤੇ ਬੰਦ ਕਰ ਦਿੱਤੇ। ਭਾਈ ਮਨੀ ਸਿੰਘ ਜੀ ਨੂੰ ਸ਼ਹੀਦ ਕਰ ਦਿੱਤਾ ਗਿਆ ਸੀ ਅਤੇ ਜੰਡਿਆਲੇ ਦਾ ਤੁਅੱਲਕਦਾਰ ਮੱਸਾ ਰੰਘੜ ਹਰਿਮੰਦਰ ਸਾਹਿਬ ਦੀ ਬੇਅਦਬੀ ਕਰ ਰਿਹਾ ਸੀ। ਉਸ ਨੂੰ ਸਜ਼ਾ ਦੇਣ ਲਈ ਭਾਈ ਮਹਿਤਾਬ ਸਿੰਘ ਅਤੇ ਭਾਈ ਸੁਖਾ ਸਿੰਘ ਨੂੰ ਜਥੇਦਾਰ ਬੁੱਢਾ ਸਿੰਘ ਨੇ ਬੀਕਾਨੇਰ ਤੋਂ ਭੇਜਿਆ। ਉਹ ਜਾਂਦੇ ਸਮੇਂ ਬਾਬਾ ਦੀਪ ਸਿੰਘ ਜੀ ਪਾਸ ਦਮਦਮਾ ਸਾਹਿਬ ਠਹਿਰੇ ਸਨ ਅਤੇ ਮੱਸੇ ਰੰਘੜ ਨੂੰ ਉਸ ਦੇ ਕੀਤੇ ਦੀ ਸਜ਼ਾ ਦੇਣ ਤੋਂ ਬਾਅਦ ਉਸ ਦਾ ਸਿਰ ਨੇਜਿਆਂ ’ਤੇ ਟੰਗ ਕੇ ਲਿਜਾਂਦੇ ਹੋਏ ਵਾਪਸੀ ’ਤੇ ਵੀ ਦਮਦਮਾ ਸਾਹਿਬ ਵਿਖੇ ਬਾਬਾ ਦੀਪ ਸਿੰਘ ਜੀ ਪਾਸ ਠਹਿਰੇ।

ਜਦ ਅਦੀਨਾ ਬੇਗ ਦੇ ਮਰਨ ਪਿੱਛੋਂ ਜਲੰਧਰ ਸਿੱਖਾਂ ਦੇ ਕਬਜ਼ੇ ਵਿੱਚ ਆ ਗਿਆ ਉਸ ਸਮੇਂ ਬਾਬਾ ਦੀਪ ਸਿੰਘ ਜੀ ਨੇ ਸਿਆਲਕੋਟ ਦਾ ਇਲਾਕਾ ਮੁਹੰਮਦ ਅਮੀਨ ਤੋਂ ਫ਼ਤਹਿ ਕਰ ਕੇ ਆਪਣੇ ਸਾਥੀ ਭਾਈ ਦਿਆਲ ਸਿੰਘ ਤੇ ਭਾਈ ਨੱਥਾ ਸਿੰਘ ਸ਼ਹੀਦ ਨੂੰ ਦੇ ਦਿੱਤਾ, ਜੋ ਸ਼ਹੀਦ ਭਾਈ ਕਰਮ ਸਿੰਘ ਦੇ ਸਮੇਂ ਤੱਕ ਮਿਸਲ ਸ਼ਹੀਦਾਂ ਨੂੰ ਸਾਲਾਨਾ ਕੁਝ ਨਾ ਕੁਝ ਪਹੁੰਚਾਉਂਦੇ ਰਹੇ, ਕਿੰਤੂ ਗੁਲਾਬ ਸਿੰਘ ਦਾ ਅਵੈੜਪੁਣਾ ਦੇਖ ਕੇ ਉਹ ਜਾਗੀਰ ਦਰਬਾਰ ਬੇਰ ਬਾਬਾ ਨਾਨਕ ਸਾਹਿਬ ਦੇ ਨਾਮ ਲਾ ਦਿੱਤੀ।

ਅਹਿਮਦਸ਼ਾਹ ਅਬਦਾਲੀ ਨੇ ਜਹਾਨ ਖ਼ਾਨ ਨੂੰ ਸਿੰਘਾਂ ’ਤੇ ਹਮਲਾ ਕਰਨ ਲਈ ਭੇਜਿਆ। ਦੁਰਾਨੀਆਂ ਦਾ ਜ਼ੋਰ ਦੇਖ ਕੇ ਕੁਝ ਸਿੰਘ ਮਾਲਵੇ ਵੱਲ ਨੂੰ ਚਲੇ ਗਏ। ਜਹਾਨ ਖਾਨ ਅੰਮ੍ਰਿਤਸਰ ਵਿਖੇ ਡੇਰੇ ਲਾ ਕੇ ਬੈਠ ਗਿਆ ਅਤੇ ਸ੍ਰੀ ਦਰਬਾਰ ਸਾਹਿਬ ਦੀ ਬੇਅਦਬੀ ਕਰਨ ਲੱਗ ਪਿਆ। ਸ੍ਰੀ ਅੰਮ੍ਰਿਤਸਰ ਦਾ ਸਰੋਵਰ ਮਿੱਟੀ ਨਾਲ ਪੂਰ ਦਿੱਤਾ ਗਿਆ। ਜਦੋਂ ਬਾਬਾ ਦੀਪ ਸਿੰਘ ਜੀ ਨੂੰ ਇਸ ਗੱਲ ਦਾ ਪਤਾ ਲੱਗਾ ਤਾਂ ਆਪ ਨੇ ਉਸੇ ਵੇਲੇ ਅੰਮ੍ਰਿਤਸਰ ਪਹੁੰਚ ਕੇ ਬਦਲਾ ਲੈਣ ਦਾ ਫ਼ੈਸਲਾ ਕਰ ਲਿਆ। ਝਟਪਟ ਆਪਣੀ ਜਗ੍ਹਾ ਭਾਈ ਨੱਥਾ ਸਿੰਘ ਨੂੰ ਛੱਡ ਕੇ ਸ਼ਹੀਦ ਹੋਣ ਦੇ ਇਰਾਦੇ ਨਾਲ ਅੰਮ੍ਰਿਤਸਰ ਵੱਲ ਨੂੰ ਕੂਚ ਕਰ ਦਿੱਤਾ। ਉਸ ਸਮੇਂ ਆਪ ਜੀ ਦੇ ਨਾਲ ਸਿਰਫ਼ 500 ਸਿੰਘਾਂ ਦਾ ਜਥਾ ਸੀ। ਰਸਤੇ ਵਿੱਚ ਲਾਗਲੇ ਪਿੰਡਾਂ ਜੋਗਾ, ਦੋਰਾਜ, ਭੁੱਚੋ, ਗੋਬਿੰਦਪੁਰਾ, ਲੱਖੀ ਜੰਗਲ, ਬਹਿਮਨ, ਮਾਹਨਵਾਲ, ਕੋਟ, ਪੰਜੋ ਕੇ, ਗੁਰੂ ਚੌਤਰਾ, ਫੂਲ, ਮਹਿਰਾਜ ਤੋਂ ਹੋਰ ਸਿੰਘ ਜਥੇ ਵੀ ਇਨ੍ਹਾਂ ਨਾਲ ਰਲਦੇ ਗਏ, ਇਸ ਤਰ੍ਹਾਂ ਤਰਨ ਤਾਰਨ ਪਹੁੰਚਣ ਤੀਕ ਉਨ੍ਹਾਂ ਨਾਲ 5000 ਜੁਝਾਰੂ ਸਿੰਘਾਂ ਦਾ ਜਥਾ ਬਣ ਗਿਆ ਸੀ। ਉਨ੍ਹਾਂ ਨੇ ਕਿਹਾ ਕਿ ਜੋ ਗੁਰੂ ਦੇ ਰਾਹ ’ਤੇ ਸਿਰ ਦੇਣ ਲਈ ਤਿਆਰ ਹੈ ਉਹੀ ਉਨ੍ਹਾਂ ਨਾਲ ਆਵੇ। ਉਨ੍ਹਾਂ ਦੇ ਸੱਦੇ ’ਤੇ ਪੰਜ ਹਜ਼ਾਰ ਗੁਰੂ ਕੇ ਸਿੰਘ ਸ਼ਹੀਦ ਹੋਣ ਲਈ ਤਿਆਰ-ਬਰ-ਤਿਆਰ ਹੋ ਕੇ ਆ ਪਹੁੰਚੇ। ਉਧਰ ਲਾਹੌਰ ਦੇ ਸੂਬੇ ਨੂੰ ਵੀ ਖ਼ਬਰ ਲੱਗ ਗਈ ਕਿ ਸਿੱਖ ਦੀਵਾਲੀ ਦੇ ਮੌਕੇ ’ਤੇ ਅੰਮ੍ਰਿਤਸਰ ਇਕੱਠੇ ਹੋ ਰਹੇ ਹਨ। ਹਾਜੀ ਅਤਾਈ ਖਾਂ ਗਸ਼ਤੀ ਫ਼ੌਜ ਲੈ ਕੇ ਸਿੱਖਾਂ ਦਾ ਖੁਰਾ-ਖੋਜ ਮਿਟਾਉਣ ਲਈ ਚੱਕਰ ਲਗਾ ਰਿਹਾ ਸੀ। ਅੰਮ੍ਰਿਤਸਰ ਪਹੁੰਚ ਕੇ ਸਿੱਖਾਂ ਨੂੰ ਦਬਾਉਣ ਦਾ ਹੁਕਮ ਹੋਇਆ। ਉਧਰੋਂ ਸੂਬੇ ਨੇ ਢੋਲ ਵਜਵਾ ਕੇ ਲਾਹੌਰ ਵਿੱਚ ਜਹਾਦ ਦਾ ਐਲਾਨ ਕਰਵਾ ਦਿੱਤਾ ਅਤੇ ਸਾਰੇ ਮੋਮਨਾਂ ਨੂੰ ਨਿੱਤਰਨ ਲਈ ਵੰਗਾਰਿਆ। ਲਾਹੌਰ ਦਾ ਫ਼ੌਜਦਾਰ ਜਹਾਨ ਖਾਂ 2000 ਸਿਪਾਹੀ ਲੈ ਕੇ ਅੰਮ੍ਰਿਤਸਰ ਵੱਲ ਚੱਲ ਪਿਆ। ਸਿੰਘਾਂ ਦੇ ਆਉਣ ਦੀ ਖ਼ਬਰ ਦੁਰਾਨੀ ਨੂੰ ਵੀ ਮਿਲ ਚੁੱਕੀ ਸੀ ਉਹ ਵੀ ਆਪਣੀ ਫ਼ੌਜ ਲੈ ਕੇ ਗੋਹਲਵੜ ਕੋਲ ਆਣ ਪਹੁੰਚਾ। ਦੋਵਾਂ ਦਲਾਂ ਦਾ ਮੁਕਾਬਲਾ ਗੋਹਲਵੜ ਕੋਲ ਹੋ ਗਿਆ। ਗਹਿਗੱਚ ਲੜਾਈ ਹੋਈ, ਛੇ ਕੋਹ ਦੇ ਵਿਚਕਾਰ ਲਾਸ਼ਾਂ ਹੀ ਲਾਸ਼ਾਂ ਵਿੱਛ ਗਈਆਂ। ਗਿਆਨੀ ਗਿਆਨ ਸਿੰਘ ਅਨੁਸਾਰ, ‘ਚੱਬੇ ਪਿੰਡ ਦੇ ਕੋਲ ਸ਼ਾਹ ਜਮਾਲ ਨਾਲ ਬਾਬਾ ਜੀ ਦੀ ਇਤਨੀ ਭਿਆਨਕ ਲੜਾਈ ਹੋਈ ਕਿ ਬਾਬਾ ਜੀ ਸਿਰ ਤਲੀ ’ਤੇ ਧਰ ਕੇ ਲੜੇ ਅਤੇ ਸ੍ਰੀ ਅੰਮ੍ਰਿਤਸਰ ਪਹੁੰਚ ਕੇ ਬਾਬਾ ਜੀ ਸ਼ਹੀਦੀ ਪਾ ਗਏ।’

ਇਸੇ ਤਰ੍ਹਾਂ ਜਥੇਦਾਰ ਰਾਮ ਸਿੰਘ ਬਹੁਤਿਆਂ ਨੂੰ ਮਾਰ ਕੇ ਸ਼ਹੀਦ ਹੋ ਗਿਆ, ਜਿਨ੍ਹਾਂ ਦਾ ਸ਼ਹੀਦ ਗੰਜ (ਸਥਾਨ) ਰਾਮਗੜ੍ਹੀਆਂ ਦੇ ਕਟੜੇ ਵਿਚ ਹੈ। ਬਾਬਾ ਸੱਜਣ ਸਿੰਘ, ਬਾਬਾ ਬਹਾਦਰ ਸਿੰਘ ਤੇ ਕਈ ਹੋਰ ਸਿੰਘ ਗੁਰੂ ਦੇ ਬਾਗ਼ ਵਿੱਚ ਲੜਦੇ ਸ਼ਹੀਦ ਹੋ ਗਏ, ਉਨ੍ਹਾਂ ਦਾ ਸਥਾਨ ਬਾਗ਼ ਵਿੱਚ ਹੈ। ਬਾਗ਼ ਦੀ ਜਗ੍ਹਾ ਅੱਜ ਕਲ੍ਹ ਦੀਵਾਨ ਹਾਲ ਮੰਜੀ ਸਾਹਿਬ ਬਣ ਗਿਆ ਹੈ। ਇਨ੍ਹਾਂ ਸ਼ਹੀਦਾਂ ਦੀ ਯਾਦ ਵਿੱਚ ਮੰਜੀ ਸਾਹਿਬ ਦੇ ਨੇੜੇ ਨਿਸ਼ਾਨ ਸਾਹਿਬ ਝੁਲਾਇਆ ਹੋਇਆ ਹੈ, ਜਿਸ ਦੇ ਥੜ੍ਹੇ ਉੱਪਰ ਹੇਠ ਲਿਖੇ ਸਿੰਘਾਂ ਦੇ ਨਾਮ ਲਿਖੇ ਹੋਏ ਹਨ:

(1). ਬਾਬਾ ਦੀਪ ਸਿੰਘ ਜੀ ਸ਼ਹੀਦ ਹੈੱਡ ਜਥੇਦਾਰ
(2). ਬਾਬਾ ਬਲਵੰਤ ਸਿੰਘ ਜੀ ਸ਼ਹੀਦ ਜਥੇਦਾਰ
(3). ਬਾਬਾ ਹੀਰਾ ਸਿੰਘ ਜੀ ਸ਼ਹੀਦ ਜਥੇਦਾਰ
(4). ਬਾਬਾ ਗੰਡਾ ਸਿੰਘ ਜੀ ਸ਼ਹੀਦ ਜਥੇਦਾਰ
(5). ਬਾਬਾ ਲਹਿਣਾ ਸਿੰਘ ਜੀ ਸ਼ਹੀਦ ਜਥੇਦਾਰ
(6). ਬਾਬਾ ਰਣ ਸਿੰਘ ਜੀ ਸ਼ਹੀਦ ਜਥੇਦਾਰ
(7). ਬਾਬਾ ਗੁਪਾਲ ਸਿੰਘ ਜੀ ਸ਼ਹੀਦ ਜਥੇਦਾਰ
(8). ਬਾਬਾ ਭਾਗ ਸਿੰਘ ਜੀ ਸ਼ਹੀਦ ਜਥੇਦਾਰ
(9). ਬਾਬਾ ਸੱਜਣ ਸਿੰਘ ਜੀ ਸ਼ਹੀਦ ਜਥੇਦਾਰ
(10). ਬਾਬਾ ਬਹਾਦਰ ਸਿੰਘ ਜੀ ਸ਼ਹੀਦ ਜਥੇਦਾਰ

ਜਦੋਂ ਇਸ ਲੜਾਈ ਦਾ ਹਾਲ ਬਾਬਾ ਗੁਰਬਖਸ਼ ਸਿੰਘ ਅਤੇ ਭਾਈ ਦਰਗਾਹ ਸਿੰਘ ਨੇ ਸੁਣਿਆ ਤਾਂ ਉਹ ਉਸੇ ਵੇਲੇ ਅਨੰਦਪੁਰ ਸਾਹਿਬ ਤੋਂ 2000 ਸਵਾਰ ਲੈ ਕੇ ਚੜ੍ਹ ਆਏ ਤੇ ਵੈਰੀਆਂ ਨਾਲ ਲੜਦੇ-ਭਿੜਦੇ ਅੰਮ੍ਰਿਤਸਰ ਪਹੁੰਚ ਗਏ। ਸਿੰਘਾਂ ਨੂੰ ਪਵਿੱਤਰ ਗੁਰ-ਅਸਥਾਨ ਸ੍ਰੀ ਹਰਿਮੰਦਰ ਸਾਹਿਬ ਦੀ ਇਮਾਰਤ ਨੂੰ ਦੇਖ ਕੇ ਬਹੁਤ ਦੁੱਖ ਹੋਇਆ। ਉਨ੍ਹਾਂ ਨੇ ਰਾਤ ਨੂੰ ਛਾਪੇ ਮਾਰ ਕੇ ਵੈਰੀਆਂ ਦੇ ਥਾਣੇ ਤਹਿਸੀਲਾਂ ਸਭ ਸਾੜ ਦਿੱਤੇ। ਸਿੰਘਾਂ ਦੇ ਮੁਕਾਬਲੇ ਲਈ ਹੋਰ ਮੁਗ਼ਲ ਫ਼ੌਜਾਂ ਬੁਲਾ ਲਈਆਂ ਗਈਆਂ ਅਤੇ ਸਿੰਘਾਂ ਦਾ ਖੁਰਾ-ਖੋਜ ਮਿਟਾਉਣ ਦਾ ਹੁਕਮ ਦੇ ਦਿੱਤਾ। ਸ਼ਾਹ ਨਾਜਮ ਦੀਨ, ਸਰ ਬੁਲੰਦ ਖਾਂ, ਜਾਬਰ ਖਾਂ, ਜਾਲਮ ਖਾਂ ਆਦਿ ਫ਼ੌਜਦਾਰ 20, 000 ਲੜਾਕੇ ਪਠਾਣਾਂ ਨੂੰ ਲੈ ਕੇ ਮੈਦਾਨ ਵਿੱਚ ਆ ਗਏ। ਉਧਰ ਜਥੇਦਾਰ ਗੁਰਬਖਸ਼ ਸਿੰਘ ਆਦਿ ਦੁਸ਼ਮਣ ਦੀ ਚੜ੍ਹਾਈ ਸੁਣ ਕੇ ਧਰਮ ਯੁੱਧ ਲਈ ਅਰਦਾਸ ਕਰ ਕੇ ਸ਼ਹੀਦ ਹੋਣ ਲਈ ਤਿਆਰ ਹੋ ਬੈਠੇ। ਦਿਨ ਚੜ੍ਹਦੇ ਤੱਕ ਪਠਾਣਾਂ ਦੀ ਚੰਗੀ ਫ਼ੌਜ ਅੰਮ੍ਰਿਤਸਰ ਪਹੁੰਚ ਗਈ। ਅੰਮ੍ਰਿਤਸਰ ਸਰੋਵਰ ਦੇ ਪਿਛਲੇ ਪਾਸੇ ਬੜੀ ਭਿਆਨਕ ਲੜਾਈ ਹੋਈ, ਜਿਸ ਵਿੱਚ ਬਾਬਾ ਗੁਰਬਖਸ਼ ਸਿੰਘ, ਬਾਬਾ ਨਿਹਾਲ ਸਿੰਘ, ਬਾਬਾ ਬਸੰਤ ਸਿੰਘ ਆਦਿ ਵੱਡੇ ਜਥੇਦਾਰ ਸ਼ਹੀਦ ਹੋ ਗਏ। ਦੁਰਾਨੀਆਂ ਦੀ ਫ਼ੌਜ ਪਿੱਛੋਂ ਹੋਰ ਆਉਂਦੀ ਗਈ ਤਾਂ ਸਿੰਘ ਬਸਰੇ ਦੇ ਜੰਗਲਾਂ ਵਿੱਚ ਚਲੇ ਗਏ ਅਤੇ ਦੁਰਾਨੀ ਮੈਦਾਨ ਖ਼ਾਲੀ ਦੇਖ ਕੇ ਅੰਮ੍ਰਿਤਸਰ ਵਿੱਚ ਖੜਦੁੰਮ ਮਚਾ ਕੇ ਵਾਪਸ ਚਲੇ ਗਏ। ਅਕਾਲ ਤਖ਼ਤ ਸਾਹਿਬ ਦੇ ਪਿਛਲੇ ਪਾਸੇ ਬਾਬਾ ਬਸੰਤ ਸਿੰਘ ਦੇ ਥੜ੍ਹੇ ਦੇ ਪਾਸ ਬਾਬਾ ਗੁਰਬਖਸ਼ ਸਿੰਘ ਦੀ ਯਾਦਗਾਰ ਬਣੀ ਹੋਈ ਹੈ। ਬਾਬਾ ਨਿਹਾਲ ਸਿੰਘ ਚੁਰਸਤੀ ਅਟਾਰੀ ਦੇ ਪਾਸ ਸ਼ਹੀਦ ਹੋਏ ਸਨ, ਉਸੇ ਜਗ੍ਹਾ ’ਤੇ ਉਨ੍ਹਾਂ ਦੀ ਯਾਦਗਾਰ ਬਣੀ ਹੋਈ ਹੈ। ਇਹ ਸਥਾਨ ਹੁਣ ਅੰਮ੍ਰਿਤਸਰ ਵਿੱਚ ਸ਼ਹੀਦ ਗੰਜ ਦੇ ਨਾਂ ਨਾਲ ਮਸ਼ਹੂਰ ਹੈ।

ਇਸ ਜੰਗ ਵਿੱਚ ਭਾਵੇਂ ਬਾਬਾ ਦੀਪ ਸਿੰਘ ਜੀ ਸ਼ਹੀਦੀ ਪਾ ਗਏ ਪਰ ਉਹ ਆਪਣਾ ਪ੍ਰਣ ਨਿਭਾਉਣ ਵਿੱਚ ਸਫਲ ਰਹੇ। ਦੁਰਾਨੀਆਂ ਦੀਆਂ ਫ਼ੌਜਾਂ ਨੂੰ ਚੀਰਦੇ ਹੋਏ ਉਨ੍ਹਾਂ ਸ੍ਰੀ ਦਰਬਾਰ ਸਾਹਿਬ ਦੀ ਬੇਅਦਬੀ ਦਾ ਬਦਲਾ ਲੈਂਦਿਆਂ ਆਪਣਾ ਸੀਸ ਗੁਰੂ ਚਰਨਾਂ ਵਿੱਚ ਭੇਟ ਕਰ ਦਿੱਤਾ: ‘‘ਤੂ ਚਉ ਸਜਣ ਮੈਡਿਆ, ਡੇਈ ਸਿਸੁ ਉਤਾਰਿ ॥ ਨੈਣ ਮਹਿੰਜੇ ਤਰਸਦੇ, ਕਦਿ ਪਸੀ ਦੀਦਾਰੁ ? ॥’’ (ਮ: ੫/੧੦੯੪)

ਬਾਬੇ ਨਾਨਕ ਦਾ ਰੱਬੀ ਧਰਮ ਬਹੁਤੇ ਗੁਰਦੁਆਰਿਆਂ ਚੋਂ ਵੀ ਉੱਡਰਿਆ !

0

ਬਾਬੇ ਨਾਨਕ ਦਾ ਰੱਬੀ ਧਰਮ ਬਹੁਤੇ ਗੁਰਦੁਆਰਿਆਂ ਚੋਂ ਵੀ ਉੱਡਰਿਆ !

ਅਵਤਾਰ ਸਿੰਘ ਮਿਸ਼ਨਰੀ (5104325827)

‘ਧਰਮ’ ਦਾ ਅਰਥ ਹੈ ਧਾਰਨ ਵਾਲੇ ਉਹ ਰੱਬੀ ਨਿਯਮ ਜਿਨ੍ਹਾਂ ਦੇ ਆਸਰੇ ਸੰਸਾਰ ਚੱਲ ਰਿਹਾ ਹੈ। ਨਿਰੰਕਾਰ ਹੀ ਸੰਸਾਰ ਦਾ ਕਰਤਾ, ਧਰਤਾ ਅਤੇ ਹਰਤਾ ਹੈ। ਬਾਬੇ ਨਾਨਕ ਨੂੰ ਨਿਰੰਕਾਰੀ ਵੀ ਇਸੇ ਕਰਕੇ ਕਿਹਾ ਜਾਂਦਾ ਹੈ ਕਿ ਉਹ ਇੱਕ ਨਿਰੰਕਾਰ ਦੇ ਉਪਾਸ਼ਕ ਅਤੇ ਉਪਦੇਸ਼ਕ ਸਨ। ਜਦ ਬਾਬਾ ਨਾਨਕ ਜੀ ‘ਨਿਰੰਕਾਰੀ’; ਸੰਸਾਰ ਵਿੱਚ ਸਰੀਰਕ ਤੌਰ ‘ਤੇ ਪ੍ਰਗਟ ਹੋਏ, ਓਦੋਂ ਕਰਮਕਾਂਡੀ, ਪਾਖੰਡਾਂ, ਵਹਿਮਾਂ ਭਰਮਾਂ ਅਤੇ ਵਿਖਾਵੇ ਵਾਲੇ ਮਜ਼ਹਬਾਂ (ਮੱਤਾਂ) ਦਾ ਬੋਲ ਬਾਲਾ ਸੀ। ਅਸਲੀ ਧਰਮ, ਧਰਮ ਅਸਥਾਨਾਂ, ਧਰਮ ਆਗੂਆਂ ਅਤੇ ਉਨ੍ਹਾਂ ਦੇ ਅਨੁਯਾਈਆਂ ਕੋਲੋਂ ਮਾਨੋ ਪੰਖ ਲਾ ਕੇ ਉੱਡ ਗਿਆ ਸੀ- “ਧਰਮ ਪੰਖ ਕਰਿ ਉਡਰਿਆ॥“ (ਭਾ. ਗੁ.) ਜ਼ਿੰਦਗੀ ਦੇ ਚਾਰੇ ਸੰਸਕਾਰ ਜਨਮ, ਨਾਮਕਰਨ, ਵਿਆਹ ਅਤੇ ਮ੍ਰਿਤਕ ਭੇਖੀ ਅਤੇ ਪਾਖੰਡੀ ਆਗੂਆਂ ਵੱਲੋਂ ਜਨਤਾ ਨੂੰ ਲੁੱਟਣ ਵਾਸਤੇ ਥੋਥੇ ਕਰਮਕਾਂਡਾਂ ਦੀ ਭੇਟ ਚੜ੍ਹਾ ਦਿੱਤੇ ਗਏ ਸਨ। ਥੋਥੇ ਕਰਮਕਾਂਡਾਂ ਰਾਹੀਂ ਮੁੱਲਾਂ, ਮੌਲਾਣੇ, ਬ੍ਰਾਹਮਣ, ਸੰਤ-ਸਾਧ, ਜੋਤਸ਼ੀ ਅਤੇ ਸਿੱਧ ਜੋਗੀ ਆਦਿਕ ਜਨਤਾ ਨੂੰ ਲੁੱਟਦੇ ਸਨ। ਪਰਜਾ ਨੂੰ ਅਸਲੀ ਧਰਮ ਅਤੇ ਵਿਦਿਆ ਵੱਲੋਂ ਅਗਿਆਨੀ ਰੱਖਿਆ ਜਾਂਦਾ ਸੀ-‘ਪਰਜਾ ਅੰਧੀ ਗਿਆਨ ਬਿਨ…॥‘ (ਭਾ.ਗੁ.) ਜਗਤ ਜਨਨੀ ਔਰਤ, ਕਿਰਤੀ ਕਾਮੇ (ਆਖੇ ਜਾਂਦੇ ਸ਼ੂਦਰ) ਆਦਿਕ ਦੁਰਕਾਰੇ ਤੇ ਦਬਾਏ ਜਾਂਦੇ, ਰਾਜੇ ਅਤੇ ਅਖੌਤੀ ਧਾਰਮਿਕ ਆਗੂ ਆਪਸ ਵਿੱਚ ਮਿਲ ਕੇ ਗਰੀਬ ਜਨਤਾ ਦਾ ਖੂਨ ਪੀਂਦੇ ਸਨ- “ਰਾਜੇ ਸ਼ੀਂਹ ਮੁਕਦਮ ਕੁਤੇ॥ ਜਾਇ ਜਗਾਇਨ ਬੈਠੇ ਸੁਤੇ॥ਚਾਕਰ ਨਹਦਾ ਪਾਇਨਿ ਘਾਉ॥ ਰਤੁ ਪਿਤੁ ਕੁਤਿਹੋ ਚਟਿ ਜਾਹੁ॥“ (੧੨੮੮)

ਐਸੇ ਭਿਆਨਕ ਸਮੇਂ ਜ਼ਾਹਰ ਪੀਰ ਜਗਤ ਗੁਰ ਬਾਬਾ ਨਾਨਕ ਨਿਰੰਕਾਰੀ ਜੀ ਸੰਸਾਰ ਵਿੱਚ ਪ੍ਰਗਟ ਹੋਏ ਅਤੇ ਨਿਰੰਕਾਰ ਦਾ ਸਰਬ ਸਾਂਝਾ ਰੱਬੀ ਧਰਮ ਸੰਸਾਰ ਨੂੰ ਦਰਸਾਇਆ। ਬਾਬੇ ਦੁਆਰਾ ਸੰਸਾਰ ਨੂੰ ਦਰਸਾਇਆ ਧਰਮ, ਕਿਰਤੀਆਂ, ਗਿਆਨੀਆਂ ਅਤੇ ਵਿਗਿਆਨੀਆਂ ਭਾਵ ਹਰ ਵਰਗ ਨਾਲ ਸਬੰਧਤ ਲੋਕਾਂ ਦਾ ਸਾਂਝਾ ਧਰਮ ਸੀ ਜਿਸ ਵਿੱਚ ਸੋ-ਕਾਲਡ ਕਥਾ-ਕਹਾਣੀਆਂ ਅਤੇ ਰਹੁ ਰੀਤਾਂ ਨੂੰ ਕੋਈ ਥਾਂ ਨਹੀਂ ਸੀ। ਇਸ ਵਿੱਚ ਜਨਤਾ ਲੋਟੂ ਪ੍ਰੋਹਿਤ ਪੁਜਾਰੀਆਂ, ਭੇਖੀ ਸਾਧਾਂ-ਸੰਤਾਂ ਅਤੇ ਮੁੱਲਾਂ ਮੌਲਾਣਿਆਂ ਦੀ ਵੀ ਕੋਈ ਪਦਵੀ ਨਹੀਂ ਸੀ। ਇਹ ਸਰਬਸਾਂਝਾ ਰੱਬੀ ਧਰਮ ਕਿਰਤ ਕਰੋ, ਵੰਡ ਛਕੋ ਅਤੇ ਨਾਮ ਜਪੋ ‘ਤੇ ਅਧਾਰਤ ਸੀ।

ਇਸ ਸਰਬ ਸਾਂਝੇ ਧਰਮ ਨੂੰ ਜਨਤਾ ਵਿੱਚ ਪ੍ਰਚਾਰਨ ਲਈ ਬਾਬਾ ਨਾਨਕ ਨਿਰੰਕਾਰੀ ਸਭ ਧਰਮ, ਫਿਰਕਿਆਂ, ਮੰਦਰਾਂ, ਮਸਜ਼ਿਦਾਂ, ਮੱਠਾਂ, ਪਹਾੜਾਂ, ਕੰਦਰਾਂ, ਨਦੀਆਂ, ਸਾਗਰਾਂ ਅਤੇ ਤੀਰਥਾਂ ’ਤੇ ਨਿਧੜਕ ਹੋ ਕੇ ਗਿਆ- “ਤੀਰਥੁ ਉਦਮੁ ਸਤਿਗੁਰੂ ਕੀਆ, ਸਭ ਲੋਕ ਉਧਰਣ ਅਰਥਾ॥” (੧੧੧੬) ਹਰੇਕ ਕਿਤਾਕਾਰੀ ਭਾਵੇਂ ਉਹ ਕਿਸਾਨ, ਵਾਪਾਰੀ, ਬਿਜਨਸਮੈਨ, ਜੁਲਾਹਾ, ਛੀਂਬਾ, ਸੁਨਾਰ, ਲੁਹਾਰ ਅਤੇ ਮਜਦੂਰ ਸੀ, ਬਾਬੇ ਦੁਆਰਾ ਦਰਸਾਏ ਰੱਬੀ ਧਰਮ ਨੂੰ ਅਪਣਾ ਕੇ, ਪੁਜਾਰੀਆਂ ਦੇ ਪਾਏ ਡਰ ਤੋਂ ਮੁਕਤ ਹੋ, ਆਪਣੇ ਘਰ ਬਾਰ ਕੰਮਕਾਰ ਵਿੱਚ ਹੀ ਸੁਖੀ ਜ਼ਿੰਦਗੀ ਬਤੀਤ ਕਰਨ ਲੱਗ ਪਿਆ। ਬਾਬੇ ਦੁਆਰਾ ਪ੍ਰਚਾਰੇ ਗਏ ਰੱਬੀ ਵਿਗਿਆਨਕ ਧਰਮ ਨੇ ਪੁਜਾਰੀ ਨੁਮਾਂ ਧਰਮ ਆਗੂਆਂ ਦੀ ਐਸ਼ਪ੍ਰਸਤੀ ਵਾਲੀ ਨੀਂਦ ਉਡਾ ਦਿੱਤੀ ਅਤੇ ਜਨਤਾ ਜਗਾ ਦਿੱਤੀ ਤਾਂ ਉਹ ਬਾਬੇ ਨੂੰ ਕੁਰਾਹੀਆ ਕਹਿ ਕੇ ਭੰਡਣ ਲੱਗੇ- “ਕੋਈ ਆਖੈ ਭੂਤਨਾ ਕੋਈ ਕਹਿ ਬੇਤਾਲਾ॥” (੯੯੧)

ਪਰ ਬੇਪ੍ਰਵਾਹ ਬਾਬੇ ਨੇ ਸੰਗਤਾਂ ਵਿੱਚ ਜਾਗਰਤੀ ਪੈਦਾ ਕਰਕੇ, ਹਰੇਕ ਨਗਰ ਖੇੜੇ ਨੂੰ ਘਰ-ਘਰ ਤੱਕ ਧਰਮਸ਼ਾਲਾ ਬਣਾ ਕੇ, ਗੁਰਬਾਣੀ ਵਿਚਾਰ, ਕਥਾ, ਕੀਰਤਨ ਅਤੇ ਮਨੁੱਖੀ ਸੇਵਾ ਦਾ ਪ੍ਰਵਾਹ ਚਲਾ ਦਿੱਤਾ- “ਘਰਿ ਘਰਿ ਅੰਦਰਿ ਧਰਮਸਾਲ ਹੋਵੇ ਕੀਰਤਨ ਸਦਾ ਵਸੋਆ॥” (ਭਾ.ਗੁ)

ਮੰਦਰਾਂ, ਮੱਟਾਂ, ਠਾਕਰਦਵਾਰਿਆਂ ਅਤੇ ਮਸਜਿਦਾਂ ਦੇ ਧਰਮ ਆਗੂਆਂ ਦੇ ਸਤਾਏ ਹੋਏ ਲੋਕ, ਬਾਬੇ ਦੇ ਗਾਡੀ ਰਾਹ ‘ਤੇ ਚੱਲ ਕੇ ਘਰ-ਘਰ ਬਾਬੇ ਦੇ ਸਰਬ ਸਾਂਝੇ ਰੱਬੀ ਉਪਦੇਸ਼ਾਂ ਨੂੰ ਗਾਉਣ ਲੱਗ ਪਏ- “ਘਰਿ ਘਰਿ ਬਾਬਾ ਗਾਵੀਏ ਵਜਨਿ ਤਾਲ ਮ੍ਰਿਦੰਗ ਰਬਾਬਾ॥” (ਭਾ.ਗੁ.) ਬਾਬੇ ਨਾਨਕ ਨਿਰੰਕਾਰੀ ਦਾ “ਕਿਰਤ ਕਰੋ, ਵੰਡ ਛਕੋ ਅਤੇ ਨਾਮ ਜਪੋ” ਵਾਲਾ ਰੱਬੀ ਧਰਮ ਹਰੇਕ ਕਿੱਤੇ, ਥਾਂ ਅਤੇ ਬਰਾਦਰੀ ਵਿੱਚ ਸੁਖੈਣ ਅਪਣਾਇਆ ਅਤੇ ਕਮਾਇਆ ਜਾ ਸਕਦਾ ਸੀ। ਜਿਸ ਵਿੱਚ ਸੁੱਚ-ਭਿੱਟ, ਛੂਆ-ਛਾਤ, ਵਹਿਮ-ਭਰਮ, ਜਾਤਿ-ਬਰਾਦਰੀ, ਥੋਥੇ ਕਰਮਕਾਂਡ, ਕਲਪਿਤ ਨਰਕ-ਸਵਰਗ, ਦੇਵੀ-ਦੇਵਤੇ, ਪੁਜਾਰੀ, ਜੋਤਸ਼ੀ, ਅਖੌਤੀ ਸਾਧ-ਸੰਤ, ਪਾਖੰਡ ਅਤੇ ਕਰਾਮਾਤ ਆਦਿਕ ਮਨੌਤਾਂ ਅਤੇ ਡਰਾਵਿਆਂ ਨੂੰ ਕੋਈ ਥਾਂ ਨਹੀਂ ਸੀ। ਜਿਸ ਧਰਮ ਵਿੱਚ ਸਾਰੇ ਸਾਂਝੀਵਾਲ ਸਨ- “ਸਭੇ ਸਾਂਝੀਵਾਲ ਸਦਾਇਨਿ॥” (੯੭) ਸਭ ਮਾਈ, ਭਾਈ, ਵਰਨ ਨੂੰ ਸਾਂਝਾ ਉਪਦੇਸ਼ ਦਿੱਤਾ ਜਾਂਦਾ ਸੀ- “ਖਤ੍ਰੀ ਬ੍ਰਾਹਮਣ ਸੂਦ ਵੈਸ ਉਪਦੇਸੁ ਚਹੁ ਵਰਨਾ ਕਉ ਸਾਂਝਾ॥” (੭੪੭) ਬਾਬਾ ਡੰਕੇ ਦੀ ਚੋਟ ਨਾਲ ਕਹਿੰਦਾ ਸੀ ਕਿ ਸਾਰੀ ਦੁਨੀਆਂ ਦਾ ਸੱਚਾ ਰੱਬੀ ਧਰਮ ਇੱਕ ਹੀ ਹੈ-“ਏਕੋ ਧਰਮੁ ਦ੍ਰਿੜੈ ਸਚੁ ਸੋਈ॥” (੧੧੮੮) ਬਾਬੇ ਨਾਨਕ ਨਿਰੰਕਾਰੀ ਦੇ ਰੱਬੀ ਧਰਮ ਵਿੱਚ ਨਾਂ ਕੋਈ ਹਿੰਦੂ ਨਾਂ ਮੁਸਲਮਾਨ ਸੀ- “ਨਾ ਹਮ ਹਿੰਦੂ ਨ ਮੁਸਲਮਾਨ॥ ਅਲਾਹ ਰਾਮ ਕੇ ਪਿੰਡੁ ਪਰਾਨ॥” (੧੧੩੮) ਬਾਬਾ ਸਭਨਾਂ ਨੂੰ ਇੱਕ ਪਿਤਾ ਪ੍ਰਮਾਤਮਾਂ ਦੇ ਬੱਚੇ-ਬੱਚੀਆਂ ਸਮਝ ਪਿਆਰ ਕਰਦਾ ਸੀ। ਇਸੇ ਕਰਕੇ ਕਹੇ ਜਾਂਦੇ ਕੀ ਹਿੰਦੂ, ਮੁਸਲਮਾਨ, ਬੋਧੀ, ਜੈਨੀ ਅਤੇ ਬ੍ਰਾਹਮਣ-ਸ਼ੂਦਰ ਸਾਰੇ ਬਾਬੇ ਦੇ ਉਪਦੇਸ਼ ਸੁਣਨ, ਧਰਮਸਾਲ-ਸਤਿਸੰਗਤ ਵਿੱਚ ਆਉਂਦੇ ਸਨ ਪਰ ਅੱਜ ਅਸੀਂ ਦੂਜਿਆਂ ਨੂੰ ਤਾਂ ਕੀ ਪਿਆਰ ਕਰਨਾ ਆਪਣੇ ਸਿੱਖ ਭਾਈ ਭੈਣਾਂ ਨੂੰ ਵੀ ਨਫਰਤ ਕਰਦੇ ਹਾਂ। ਅਮੀਰ-ਗਰੀਬ ਭਾਵ ਰਾਜਾ ਤੇ ਰੰਕ ਦੋਵਾਂ ਤਬਕਿਆਂ ਦੇ ਭਲੇ ਲੋਕ ਬਾਬੇ ਦੇ ਸੱਚ ਧਰਮ ਨੂੰ ਪਿਆਰ ਕਰਦੇ ਸਨ। ਰਾਜਾ ਰਾਏ ਬੁਲਾਰ, ਰਾਜਾ ਸ਼ਿਵਨਾਭ, ਨਵਾਬ ਦੌਲਤ ਖਾਂ ਲੋਧੀ, ਭਾਈ ਮਰਦਾਨਾਂ ਅਤੇ ਭਾਈ ਲਾਲੋ ਜੀ ਆਦਿਕ ਆਗੂ ਬਾਬੇ ਦੇ ਸੱਚੇ ਮੁਰੀਦ ਸਨ। ਬਾਬਾ ਕਿਰਤੀਆਂ, ਕਾਮਿਆਂ ਅਤੇ ਉੱਚਜਾਤੀ ਸਮਾਜ ਵੱਲੋਂ ਦੁਰਕਾਰੇ ਹੋਏ ਸ਼ੁਦਰਾਂ ਭਾਵ ਕਹੇ ਜਾਂਦੇ ਨੀਚਾਂ ਨੂੰ ਗਲੇ ਲਾਉਂਦਾ ਅਤੇ ਸਵੈਮਾਨ ਨਾਲ ਜੀਣ ਦਾ ਉਪਦੇਸ਼ ਦਿੰਦਾ ਸੀ- “ਨੀਚਾ ਅੰਦਰਿ ਨੀਚ ਜਾਤਿ, ਨੀਚੀ ਹੂ ਅਤਿ ਨੀਚੁ॥ਨਾਨਕੁ ਤਿਨ ਕੇ ਸੰਗਿ ਸਾਥਿ, ਵਡਿਆਂ ਸਿਉਂ ਕਿਆ ਰੀਸ॥” (੧੫) ਬਾਬਾ ਨਾਨਕ ਪਹਿਲਾ ਬੰਦੀਛੋੜ ਸੀ ਜਿਸ ਨੇ ਜ਼ਾਲਮ ਅਤੇ ਹੰਕਾਰੀ ਬਾਦਸ਼ਾਹ ਬਾਬਰ ਦੀ ਕੈਦ ਵਿੱਚੋਂ ਚੱਕੀ ਪੀਹ ਰਹੇ ਅਤੇ ਭਿਆਨਕ ਤਸੀਹੇ ਸਹਿ ਰਹੇ ਬੇਕਸੂਰ ਲੋਕਾਂ ਨੂੰ ਛੁਡਵਾਇਆ ਸੀ। ਬਾਬੇ ਦੇ ਸੱਚੇ ਸੁੱਚੇ ਇਲਾਹੀ ਉਪਦੇਸ਼ਾਂ ਅਤੇ ਮਨੁੱਖੀ ਪਿਆਰ ਵਾਲੇ ਕਰਤਬਾਂ ਨੇ ਸੱਜਣ ਵਰਗੇ ਠੱਗਾਂ, ਭੂਮੀਏਂ ਵਰਗੇ ਚੋਰਾਂ, ਕੌਡੇ ਵਰਗੇ ਰਾਕਸ਼ਾਂ ਅਤੇ ਰਾਜਾ ਸ਼ਿਵਨਾਭ ਵਰਗੇ ਆਯਾਸ਼ੀਆਂ ਦਾ ਜੀਵਨ ਬਦਲ, ਜਨਤਾ ਦੇ ਸੇਵਕ ਅਤੇ ਧਰਮ ਦੇ ਪ੍ਰਚਾਰਕ ਬਣਾ ਦਿੱਤਾ। ਜਿਸ ਨੂੰ ਦੁਰਕਾਰੇ ਜਾਣ ਕਰਕੇ ਕਿਤੇ ਵੀ ਢੋਈ ਨਹੀਂ ਸੀ ਮਿਲਦੀ ਉਹ ਨਿਸ਼ੰਗ ਹੋ ਨਾਨਕ ਨਿਰੰਕਾਰੀ ਬਾਬੇ ਦੀ ਸੰਗਤੀ ਸ਼ਰਣ ਆ, ਮਾਨ ਮਹਿਸੂਸ ਕਰਦਾ।

ਇਤਿਹਾਸ ਦਸਦਾ ਹੈ ਕਿ ਬਿਨਾ ਆਧੁਨਿਕ ਸਾਧਨਾਂ ਦੇ, ਨਿਰੰਕਾਰੀ ਬਾਬੇ ਨੇ ਪੈਦਲ ਚੱਲ, ਘੋੜਸਵਾਰ ਹੋ ਅਤੇ ਸਮੁੰਦਰੀ ਬੇੜਿਆਂ ਰਾਹੀਂ ਡੂੰਘੇ ਸਮੁੰਦਰ ਪਾਰ ਕਰ, ਵੱਖ-ਵੱਖ ਦੇਸ਼ਾਂ, ਕੌਮਾਂ, ਕਬੀਲਿਆਂ ਅਤੇ ਮੱਤਾਂ ਦੇ ਕਰੀਬ ਤਿੰਨ ਕਰੋੜ ਲੋਕਾਂ ਨੂੰ ਸਰਬ ਸਾਂਝੇ ਰੱਬੀ ਧਰਮ ਦਾ ਉਪਦੇਸ਼ ਦਿੱਤਾ ਅਤੇ ਇਸ ਉਪਦੇਸ਼ ਨੂੰ ਅੱਗੇ ਚਲਦਾ ਰੱਖਣ ਲਈ ਅਖੀਰ ‘ਤੇ ਆਪਣਾ ਯੋਗ ਜਾਂਨਸ਼ੀਨ ਭਾਈ ਲਹਿਣਾ ਜੀ ਨੂੰ ਥਾਪ ਗੁਰੂ ਅੰਗਦ ਬਣਾ ਦਿੱਤਾ ਅਤੇ ਹੋਰ ਵੀ ਭਾਈ ਭਗੀਰਥ ਅਤੇ ਭਾਈ ਮਨਸੁਖ ਵਰਗੇ ਵੱਖ-ਵੱਖ ਕਿਰਤੀਆਂ ਨੂੰ ਪ੍ਰਚਾਰਕ ਥਾਪਿਆ। ਕੇਵਲ ਤੇ ਕੇਵਲ ਇੱਕ ਰੱਬ ਦਾ ਹੋਕਾ ਦਿੰਦੇ ਹੋਏ ਉਸ ਦਾ ਅਸਲੀ ਸਰੂਪ ਇਸ ਮੂਲ ਮੰਤ੍ਰ (ਮੁਢਲੇ ਉਪਦੇਸ਼) “ ੴ ਸਤਿਨਾਮੁ ਕਰਤਾ ਪੁਰਖੁ ਨਿਰਭਉ ਨਿਰਵੈਰੁ ਅਕਾਲ ਮੂਰਤਿ ਅਜੂਨੀ ਸੈਭੰ ਗੁਰਪ੍ਰਸਾਦਿ॥” (ਜਪੁ ਜੀ) ਵਿੱਚ ਦਰਸਾ ਕੇ ਰੱਬ ਬਾਰੇ ਸਾਰੇ ਭਰਮ ਭੁਲੇਖੇ ਹੀ ਦੂਰ ਕਰ ਦਿੱਤੇ।

ਅੱਜ ਜਗਤ ਰਹਿਬਰ, ਜਾਹਰ ਪੀਰ ਜਗਤ ਗੁਰ ਬਾਬਾ ਨਾਨਕ ਜੀ ਦਾ ਰੱਬੀ ਧਰਮ ਕਿੱਥੇ ਹੈ ? ਗੁਰਦੁਆਰਿਆਂ ਵਿੱਚ ਜਾਂ ਬਾਬੇ ਦੇ ਉਪਦੇਸ਼ ਧਾਰਨ ਵਾਲਿਆਂ ਵਿੱਚ ? ਕੀ ਬਾਬੇ ਨਾਨਕ ਨੂੰ ਸਤਿਗੁਰੂ ਕਹਿ ਕੇ ਪੂਜਣ ਵਾਲੇ ਬਾਬੇ ਦੇ ਅਧੁਨਿਕ ਸਰਬ ਸਾਂਝੇ ਰੱਬੀ ਧਰਮ ਨੂੰ ਜੀਵਨ ਵਿੱਚ ਅਪਣਾ ਰਹੇ ਹਨ ? ਅੱਜ ਅਸੀਂ ਬਾਬੇ ਨਾਨਕ ਦੇ ਨਾਂ ਤੇ ਚੱਲ ਰਹੀਆਂ ਧਰਮਸ਼ਾਲਾਵਾਂ, ਗੁਰਦੁਆਰੇ, ਦਲ, ਜਥੇ, ਸਹਿਤ ਸਭਾਵਾਂ, ਵੱਖ-ਵੱਖ ਸਿੱਖ ਜਥੇਬੰਦੀਆਂ, ਡੇਰੇ, ਸੰਪ੍ਰਦਾਵਾਂ ਅਤੇ ਪ੍ਰਚਾਰਕ ਆਦਿਕ, ਵਿਖਾਵੇ ਵਾਲੀ ਪੂਜਾ-ਪਾਠ, ਧਰਮ ਦੇ ਨਾਂ ਤੇ ਥੋਥੇ ਕਰਮਕਾਂਡ, ਜਾਤਿ-ਪਾਤਿ, ਛੂਆ-ਛਾਤ, ਭੂਤ-ਪ੍ਰੇਤ, ਚੰਗੇ-ਮੰਦੇ ਦਿਨ, ਮੱਸਿਆ-ਪੁੰਨਿਆਂ, ਸੰਗਰਾਦਾਂ, ਵਹਿਮਾਂ-ਭਰਮਾਂ, ਅਖੌਤੀ ਨਰਕ-ਸਵਰਗ, ਜਾਦੂ-ਟੂਣੇ, ਜੋਤਸ਼, ਅਣਹੋਣੀਆਂ ਕਰਾਮਾਤਾਂ, ਆਪਾ ਅਤੇ ਮਨੁੱਖਤਾ ਵਿਰੋਧੀ ਗ੍ਰੰਥਾਂ, ਗੁਰਬਾਣੀ ਸਿਧਾਂਤਾਂ ਨੂੰ ਛੱਡ ਟਕਸਾਲੀ, ਸੰਪ੍ਰਦਾਈ, ਡੇਰੇ, ਸਾਧਾਂ-ਸੰਤਾਂ ਅਤੇ ਜੱਥਿਆਂ ਦੀਆਂ ਬਣਾਈਆਂ ਵੱਖ-ਵੱਖ ਰਹਿਤ ਮਰਯਾਦਾਵਾਂ ਦੇ ਭਰਮਜਾਲ ਵਿੱਚ ਉਲਝ ਕੇ, ਬ੍ਰਾਹਮਣਵਾਦ, ਪਾਖੰਡਵਾਦ, ਧੜੇਬੰਦੀ ਅਤੇ ਸੰਪ੍ਰਦਾਈ, ਟਕਸਾਲੀਵਾਦ ਅਤੇ ਅੰਧਵਿਸ਼ਵਾਸ਼ਾਂ ਦੀ ਘੁੰਮਣਘੇਰੀ (ਸਾਂਕਲ ਜੇਵਰੀ) ਵਿੱਚ ਫਸ ਕੇ, ਧਰਮ ਅਤੇ ਮਰਯਾਦਾ ਦੇ ਨਾਂ ‘ਤੇ ਭਰਾ ਮਾਰੂ ਲੜਾਈਆਂ ਲੜਦੇ ਹੋਏ ਖੁਆਰ ਹੋ ਰਹੇ ਹਾਂ ਪਰ ਆਵਾਜ਼ਾ ਮਾਰ ਰਹੇ ਹਾਂ ਸਤਿਗੁਰ ਨਾਨਕ ! ਆ ਜਾਹ । (ਗੀਤ) ਕੀ ਉਹ ਕਿਤੇ ਗਿਆ ਹੋਇਆ ਹੈ ? ਨਹੀਂ ਸ਼ਬਦ ਕਰਕੇ ਸਦਾ ਹਾਜ਼ਰ ਹੈ। 

ਉਸ ਦੀ ਸੱਚੀ ਸੁੱਚੀ ਸਰਬ ਗਿਆਨ ਸਪੰਨ ਗੁਰਬਾਣੀ ਜੋ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਦਰਜ ਹੈ ਦਾ ਨਿਰੋਲ ਪ੍ਰਚਾਰ ਕਰਨ ਵਾਲੇ ਕਿਰਤੀ ਪ੍ਰਚਾਰਕਾਂ ਨੂੰ ਤਾਂ ਬਹੁਤੇ ਅਜੋਕੇ ਪ੍ਰਬੰਧਕ ਤੇ ਡੇਰੇਦਾਰ, ਗੁਰੂ ਬਾਬੇ ਦੇ ਨਾਂ ‘ਤੇ ਚਲਾਏ ਹੋਏ ਧਰਮ ਅਸਥਾਨਾਂ, ਗੁਰਦੁਆਰਿਆਂ ਅਤੇ ਸਭਾ ਸੁਸਾਇਟੀਆਂ ਦੀਆਂ ਸਟੇਜਾਂ ‘ਤੇ ਸਮਾਂ ਨਹੀਂ ਦਿੰਦੇ। ਮੰਨ ਲਓ ਜੇ ਸੱਚ ਮੁੱਚ “ਬਾਬਾ ਜੀ” ਆਪ ਆ ਜਾਣ ਤਾਂ ਹੰਕਾਰੀ ਪ੍ਰਬੰਧਕ ਅਤੇ ਡੇਰੇਦਾਰ ਉਨ੍ਹਾਂ ਨੂੰ ਗੁਰਦੁਆਰਿਆਂ ਜਾਂ ਸਭਾ ਸੁਸਾਇਟੀਆਂ ਦੀਆਂ ਸਟੇਜਾਂ ‘ਤੇ ਬੋਲਣ ਦੇਣਗੇ ? ਸਾਡੇ ਬਹੁਤੇ ਪ੍ਰਚਾਰਕ ਤਾਂ ਬਾਬੇ ਨਾਨਕ ਨਿਰੰਕਾਰੀ ਦੀ ਵਿਚਾਰਧਾਰਾ ਦੇ ਵਿਰੋਧੀ ਅਤੇ ਡੇਰਾਵਾਦੀ ਮਨਘੜਤ ਕਥਾ ਕਹਾਣੀਆਂ ਅਤੇ ਮਰਯਾਦਾਵਾਂ ਦੇ ਧਾਰਨੀ, ਕਿਰਤ ਤੋਂ ਭਗੌੜੇ, ਨੰਗੀਆਂ ਲੱਤਾਂ ਵਾਲੇ, ਭੇਖਧਾਰੀ ਧੜੇਬੰਦਕ ਹਨ। ਕੀ ਬਾਬੇ ਨਾਨਕ ਦੇ ਰੱਬੀ ਧਰਮ ਦੀ ਝੱਲਕ ਉਨ੍ਹਾਂ ਦੇ ਰੋਜਮਰਾ ਜੀਵਨ ਚੋਂ ਪੈਂਦੀ ਹੈ ? ਕੀ ਬਾਬੇ ਦੇ ਗੁਰਦੁਆਰਿਆਂ ਦੀਆਂ ਗੋਲਕਾਂ ਜੋ ਧਰਮ ਪ੍ਰਚਾਰ, ਲੋਕ ਭਲਾਈ ਦੇ ਕਾਰਜਾਂ ਵਾਸਤੇ ਵਰਤੀਆਂ ਜਾਣੀਆਂ ਸਨ, ਉਹ ਡੇਰੇਦਾਰ ਸਾਧਾਂ, ਧੜੇਬੰਦੀਆਂ, ਕੋਟ ਕਚਹਿਰੀਆਂ ਦੇ ਕੇਸਾਂ ਅਤੇ ਰਾਜਨੀਤਕ ਪਾਰਟੀਆਂ ਦੀ ਭੇਟਾ ਨਹੀਂ ਚੜ੍ਹੀਆਂ ?  ਜਿਨ੍ਹਾਂ ਕਰਮਕਾਂਡਾਂ ਅਤੇ ਵਹਿਮਾਂ ਭਰਮਾਂ ਅਤੇ ਅੰਧ ਵਿਸ਼ਵਾਸ਼ਾਂ ਤੋਂ ਗੁਰਬਾਣੀ ਵਰਜਦੀ ਹੈ, ਕੀ ਸਾਡੇ ਧਰਮ ਅਸਥਾਨਾਂ ਗੁਰਦੁਆਰਿਆਂ ਆਦਿਕ ਵਿੱਚ ਦੂਜਿਆਂ ਦੀ ਦੇਖਾ-ਦੇਖੀ ਨਹੀਂ ਕੀਤੇ, ਕਰਵਾਏ ਜਾ ਰਹੇ ? ਆਰਤੀਆਂ, ਮੱਸਿਆ-ਪੁੰਨਿਆਂ, ਪੰਚਕਾਂ, ਸੰਗਰਾਂਦਾਂ, ਲੋਹੜੀਆਂ, ਦੀਵਾਲੀਆਂ, ਵਰੀਨੇ, ਸਰਾਧ, ਕੱਚੀ ਲੱਸੀ ਜਾਂ ਦੁੱਧ ਨਾਲ ਥੱੜਿਆਂ ‘ਤੇ ਨਿਸ਼ਾਨਾਂ ਦੀ ਧੁਲਾਈ, ਗੁਰਬਾਣੀ ਦੇ ਮੰਤਰ ਪਾਠ (ਅਖੰਡ ਪਾਠਾਂ ਦੀਆਂ ਲੜੀਆਂ) ਕੁੰਭ ਨਾਰੀਅਲ ਜੋਤਾਂ, ਸੰਖ ਵਜਾਉਣੇ, ਅਖੌਤੀ ਸਾਧਾਂ ਦੀਆਂ ਬਰਸੀਆਂ, ਹਵਨ ਸਮੱਗਰੀਆਂ, ਯੋਗਾ ਅਭਿਆਸ ਅਤੇ ਵਿਸ਼ਕਰਮਾਂ ਡੇ ਜਿਨ੍ਹਾਂ ਨਾਲ ਬਾਬੇ ਨਾਨਕ ਜਾਂ ਉਨ੍ਹਾਂ ਦੇ ਅਨੁਯਾਈ ਗੁਰੂਆਂ ਅਤੇ ਭਗਤਾਂ ਦਾ ਕੋਈ ਸਬੰਧ ਨਹੀਂ, ਬਰਾਦਰੀ ਵਿੱਚ ਨੱਕ ਰੱਖਣ ਅਤੇ ਭੀੜ ਇਕੱਠੀ ਕਰਕੇ ਗੋਲਕਾਂ ਭਰਨ, ਨੋਟ ਅਤੇ ਵੋਟ ਦੀ ਨੀਤੀ ਤੇ ਚੱਲਣ, ਮਲਕ ਭਾਗੋ ਵਾਲੇ ਤਰ੍ਹਾਂ-ਤਰ੍ਹਾਂ ਦੇ ਮਾਲ ਪੂੜੇ ਵਾਲੇ ਪਕਵਾਨਾਂ ਦੀ ਪ੍ਰਦਰਸ਼ਨੀ ਕਰਕੇ, ਖਾਣ ਪੀਣ ਅਤੇ ਮੌਜ ਮੇਲਾ ਕਰਨ ਲਈ ਨਹੀਂ ਕੀਤੇ ਕਰਾਏ ਅਤੇ ਮਨਾਏ ਜਾ ਰਹੇ ? ਜੇ ਗੁਰੂ ਨਾਨਕ ਦੇ ਵੇਲੇ- “ਸੱਚ ਕਿਨਾਰੇ ਰਹਿ ਗਿਆ ਖਹਿ ਮਰਦੇ ਬਹੁ ਬਾਮਣ ਮੌਲਾਣੇ॥” (ਭਾ.ਗੁ) ਅਤੇ “ਧਰਮ ਪੰਖ ਕਰਿ ਉਡਰਿਆ॥” (ਭਾ.ਗੁ.) ਕੀ ਅੱਜ ਬਹੁਤੀਆਂ ਸਿੱਖ ਸੰਸਥਾਵਾਂ ਅਤੇ ਗੁਰਦੁਆਰਿਆਂ ਆਦਿਕ ਸਭਾ ਸੁਸਾਇਟੀਆਂ ਵਿੱਚ ਬ੍ਰਾਹਮਣ ਮੌਲਾਣਿਆਂ ਵਾਂਗ ਰਾਗੀ, ਗ੍ਰੰਥੀ, ਪ੍ਰਬੰਧਕ, ਪ੍ਰਚਾਰਕ, ਲੀਡਰ ਅਤੇ ਅਖੌਤੀ ਸਾਧ-ਸੰਤ ਗੋਲਕ ਅਤੇ ਧੜੇਬੰਦੀ ਖਾਤਰ ਨਹੀਂ ਲੜ ਰਹੇ ? ਕੀ ਬਾਬੇ ਨਾਨਕ ਦਾ ਸਰਬਸਾਂਝਾ ਰੱਬੀ ਧਰਮ ਵੀ ਅੰਧ ਵਿਸ਼ਵਾਸ਼ਾਂ, ਕਰਮਮਕਾਂਡਾਂ, ਸਾਧਾਂ-ਸੰਤਾਂ, ਡੇਰੇਦਾਰਾਂ, ਧੜੇਬੰਦੀਆਂ ਅਤੇ ਰਾਜਨੀਤਕਾਂ ਦੇ ਪੰਖ ਲਗਾ ਕੇ ਉੱਡਾ ਨਹੀਂ ਦਿੱਤਾ ਗਿਆ ? ਬਾਬੇ ਨਾਨਕ ਦੇ ਦਰਬਾਰ ਦੇ ਦਰਵਾਜੇ ਸਭ ਲਈ ਖੁੱਲ੍ਹੇ ਸਨ, ਜੋ ਅਖੌਤੀ ਧਰਮੀਆਂ ਵੱਲੋਂ ਬੰਦ ਨਹੀਂ ਕੀਤੇ ਜਾ ਰਹੇ ? ਅੰਨ੍ਹੀ ਸ਼ਰਧਾ ਦੇ ਨਾਂ ‘ਤੇ ਜਗਿਆਸੂਆਂ ਨੂੰ ਧਰਮ ਪ੍ਰਚਾਰਕਾਂ ਤੋਂ ਸ਼ੰਕਿਆਂ ਸਬੰਧੀ ਸਵਾਲ ਪੁੱਛਣ ਤੋਂ ਵਰਜਿਆ ਜਾ ਰਿਹਾ ਹੈ ਅਤੇ ਬਾਬੇ ਦੇ “ਰੋਸ ਨ ਕੀਜੈ ਉਤਰ ਦੀਜੈ” ਦੇ ਸਿਧਾਂਤ ਨੂੰ ਦਬਾਇਆ ਜਾਂ ਖਤਮ ਕੀਤਾ ਜਾ ਰਿਹਾ ਹੈ। 

ਸੋ ਉਪ੍ਰੋਕਤ ਵਿਚਾਰ-ਵਿਟਾਂਦਰੇ ਤੋਂ ਲਗਦਾ ਨਹੀਂ ਕਿ ਜਿਵੇਂ ਬਾਬੇ ਨਾਨਕ ਦਾ ਸਰਬ ਵਿਆਪੀ ਰੱਬੀ ਧਰਮ ਕਰਮਕਾਂਡਾਂ, ਵੇਖਾਵਿਆਂ, ਚੌਧਰਾਂ, ਜਾਤਾਂ ਪਾਤਾਂ, ਛੂਆ ਛਾਤਾਂ, ਵਹਿਮਾਂ-ਭਰਮਾਂ, ਕਰਾਮਾਤਾਂ, ਵਰਾਂ-ਸਰਾਪਾਂ, ਮਨਘੜਤ ਕਥਾ-ਕਹਾਣੀਆਂ, ਪੁੰਨਿਆ, ਮਸਿਆ, ਸੰਗ੍ਰਾਂਦਾਂ, ਹੋਲੀਆਂ, ਲੋਹੜੀਆਂ, ਦੀਵਾਲੀਆਂ, ਵਰੀਨਿਆਂ, ਕਥਿਤ ਮਹਾਂ ਪੁਰਖਾਂ ਦੀਆਂ ਬਰਸੀਆਂ, ਸੰਤਾਂ-ਮਹੰਤਾਂ, ਡੇਰਿਆਂ, ਟਕਸਾਲਾਂ, ਵੱਖ-ਵੱਖ ਜਥੇਬੰਧੀਆਂ, ਵੰਨ ਸੁਵੰਨੀਆਂ ਮਰਯਾਦਾਵਾਂ, ਯੋਗ ਅਭਿਆਸਾਂ, ਬਾਹਰੀ ਭੇਖਾਂ, ਮੋਨਿਆਂ ਤੇ ਕੇਸਾਧਾਰੀਆਂ, ਜੱਟ, ਭਾਪਿਆਂ, ਬ੍ਰਾਹਮਣ ਵੱਲੋਂ ਦੁਰਕਾਰੇ ਸ਼ੂਦਰਾਂ, ਜਾਤ ਬਰਾਦਰੀ ਤੇ ਨੱਕ ਰਖਾਈ ਦੇ ਨਾਂ ਤੇ ਬਾਹਰੋਂ ਆ ਵੜੀਆਂ ਜਾਂ ਵਾੜ ਲਈਆਂ ਗਈਆਂ ਥੋਥੀਆਂ ਰੀਤਾ-ਰਸਮਾਂ, ਫੋਕੇ ਸੰਸਕਾਰਾਂ, ਵਿਚਾਰੇ ਤੇ ਧਾਰੇ ਤੋਂ ਬਿਨਾ ਸੁਖਣਾ ਵਾਲੇ ਤੋਤਾ ਰਟਨੀ ਪਾਠਾਂ ‘ਤੇ ਸਿਮਰਨਾਂ, ਪੁਲੀਟੀਕਲ ਲੀਡਰਾਂ, ਲੰਬੇ ਚੋਲੇ ਵਾਲੇ ਪੁਜਾਰੀਆਂ, ਸਾਦੇ ਲੰਗਰਾਂ ਦੀ ਥਾਂ ਮਲਕ ਭਾਗੋ ਵਾਲੇ ਪਕਵਾਨਾਂ, “ਭਲੀ ਸੁਹਾਵੀ ਛਾਪਰੀ” ਧਰਮਸਾਲ ਵਾਲੀ ਸੰਗਤ ਦੀ ਥਾਂ ਬੇਲੋੜੀਆਂ ਸੰਗ ਮਰਮਰੀ ਬਿਲਡਿੰਗਾਂ ਤੇ ਹੱਦੋਂ ਵੱਧ ਮਹਿਗੇ ਸ਼ਾਮਿਆਨਿਆਂ ਡੈਕੋਰੇਸ਼ਨਾਂ, ਖਾਣ ਪੀਣ ਤੇ ਵੇਖਾਵੇ ਵਾਲੀਆਂ ਪ੍ਰਭਾਤ ਫੇਰੀਆਂ ਅਤੇ ਗੁਰਮਤਿ ਤੋਂ ਸੱਖਣੇ ਨਗਰ ਕੀਰਤਨਾਂ ਦੀ ਥਾਂ ਧੜੇਬੰਦੀ ਦੀਆਂ ਸਾਂਝਾਂ, ਸੰਗਤੀ ਵਿਚਾਰ ਵਿਟਾਂਦਰੇ ਦੀ ਥਾਂ ਕੇਵਲ ਰਵਾਇਤੀ ਕਥਾ-ਕੀਰਤਨਾਂ, ਨਾਮੀਂ ਕਥਾਵਾਚਕਾਂ ਦਾ ਵੀ ਜਗਿਆਸੂ ਸੰਗਤਾਂ ਦੇ ਸ਼ੰਕੇ ਨਵਿਰਤ ਨਾਂ ਕਰਨਾ, ਹਉਮੈ, ਹੰਕਾਰ ਤੇ ਊਚ-ਨੀਚ ਵਾਲੀ ਨਫਰਤ ਦੀ ਕਾਲੀ ਬੋਲੀ ਹਨੇਰੀ, ਝੱਖੜਾਂ ਤੇ ਤੁਫਾਨਾਂ ਅਦਿਕ ਨਾਲ ਗੁਰਦੁਆਰਿਆਂ ਅਤੇ ਸਿੱਖ ਸੰਸਥਾਵਾਂ ਚੋਂ ਵੀ ਬੜੇ ਜੋਰ ਸ਼ੋਰ ਨਾਲ ਉੱਡਦਾ ਜਾ ਰਿਹਾ ਹੈ। ਪਰ ਸਦਾ ਯਾਦ ਰੱਖੋ ਸੱਚ ਕਦੇ ਖਤਮ ਨਹੀਂ ਹੁੰਦਾ ਅਤੇ ਅੰਤ ਨੂੰ ਕੂੜ ਨਿਖੁੱਟ ਜਾਂਦਾ ਹੈ- “ਕੂੜ ਨਿਖੁਟੇ ਨਾਨਕਾ ਓੜਕਿ ਸਚਿ ਰਹੀ॥੨॥(੯੫੩) ਹਾਂ ਅੱਜ ਵੀ ਕਿਤੇ-ਕਿਤੇ ਬਾਬੇ ਨਾਨਕ ਦਾ ਰੱਬੀ ਧਰਮ, ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਅਤੇ ਉਸ ਬਾਣੀ ਨੂੰ ਦਿਲੋਂ ਪੜ੍ਹਨ, ਵਿਚਾਰਨ, ਧਾਰਨ ਅਤੇ ਪ੍ਰਚਾਰਨ ਵਾਲੇ ਕਿਰਤੀ ਸਿੱਖਾਂ ਸੇਵਕਾਂ ਵਿੱਚ ਵੇਖਿਆ ਜਾ ਸਕਦਾ ਹੈ ਪਰ ਉਹ- “ਹੈਨਿ ਵਿਰਲੈ ਨਾਹੀ ਘਣੇ, ਫੈਲ ਫਕੜੁ ਸੰਸਾਰ॥” (੧੪੧੧) ਹਨ। ਅਰਦਾਸਿ ਕਰਦਾ ਹਾਂ ਕਿ ਅਕਾਲ ਪੁਰਖ ਨਿਰੰਕਾਰ ਜੀ ਇਕਵੀਂ ਸਦੀ ਵਿੱਚ ਵਿਚਰ ਰਹੀ ਲੋਕਾਈ ਤੇ ਖਾਸ ਕਰ ਬਾਬੇ ਨਾਨਕ ਦੇ ਸਿੱਖ ਸੇਵਕਾਂ ਨੂੰ ਸੁਮੱਤ ਬਖਸ਼ਣ, ਤਾਂ ਕਿ ਅਸੀਂ ਵਿਖਾਵੇ, ਅੰਧ ਵਿਸ਼ਵਾਸ਼, ਭੇਖ, ਥੋਥੇ ਕਰਮਕਾਂਡ, ਵਹਿਮ-ਭਰਮ, ਜਾਤ-ਪਾਤ, ਛੂਆ-ਛਾਤ, ਹਾਉਮੈ-ਹੰਕਾਰ, ਈਰਖਾ-ਦਵੈਤ, ਡੇਰਾਵਾਦ ਅਤੇ ਧੜੇਬੰਦੀਆਂ ਤੋਂ ਉੱਪਰ ਉੱਠ ਕੇ, ਬਾਬਾ ਨਾਨਕ ਨਿਰੰਕਾਰੀ ਦੇ ਸੱਚੇ-ਸੁੱਚੇ ਅਤੇ ਸਰਬ ਸਾਂਝੇ ਰੱਬੀ ਧਰਮ ਦੇ ਅਨੁਯਾਈ ਬਣ, ਆਪਣਾ ਅਤੇ ਹੋਰਨਾਂ ਦਾ ਵੀ ਮਾਨਸ ਜਨਮ ਸੁਖੀ, ਸਫਲ ਅਤੇ ਸੁਹੇਲਾ ਕਰ ਸਕੀਏ।

ਮਾਨ ਦੇ ਸਰਬੱਤ ਖ਼ਾਲਸਾ ਦੀ ਅਸਲ ਭਾਵਨਾ ਅਤੇ ਮਨੋਰਥ

0

ਮਾਨ ਦੇ ਸਰਬੱਤ ਖ਼ਾਲਸਾ ਦੀ ਅਸਲ ਭਾਵਨਾ ਅਤੇ ਮਨੋਰਥ

ਗੁਰਤੇਜ ਸਿੰਘ

(ਅੰਦਰਹੁ ਝੂਠੇ ਪੈਜ ਬਾਹਰਿ ਦੁਨੀਆ ਅੰਦਰਿ ਫੈਲੁ॥ – ਗੁਰੂ ਗ੍ਰੰਥ, ਪੰਨਾ 473)

ਬਾਦਲ ਦੇ ਇੱਕ-ਪੁਰਖੀ ਰਾਜ ਦੇ ਲਗਾਤਾਰ ਢਾਹੇ ਕਹਿਰ ਅਤੇ ਮਚਾਈ ਲੁੱਟ-ਮਾਰ ਕਾਰਣ ਪੰਜਾਬ ਦਾ ਹਰ ਵਰਗ ਬੇਹੱਦ ਦੁਖੀ ਸੀ। ਗੁਰੂ ਦੀ ਸ਼ਹਾਦਤ, ਗੋਲ਼ੀ-ਕਾਂਡ ਅਤੇ ਨਿਰਦੋਸ਼ਾਂ ਦੀ ਗ੍ਰਿਫ਼ਤਾਰੀ ਨੇ ਏਸ ਮਘਦੇ ਰੋਸ ਨੂੰ ਭਾਂਬੜ ਬਣਾ ਦਿੱਤਾ ਜਿਸ ਦਾ ਸੇਕ ਪੰਜਾਬ ਦੇ ਹਰ ਸਿਆਸਤਦਾਨ ਨੇ ਕਬੂਲ ਕੀਤਾ। ਚੰਦ ਲੋਕਾਂ ਨੂੰ ਪੰਥਕ ਮੰਚ ਉਤੇ ਨਵੇਂ-ਨਕੋਰ, ਕਾਬਲੇ-ਕਬੂਲ ਆਗੂ ਉੱਭਰਦੇ ਜਾਪੇ। ਇਹ ਠੀਕ ਵੀ ਸੀ। ਅਜੋਕੇ ਆਗੂਆਂ ਵਿੱਚ ਇੱਕ ਵੀ ਨਹੀਂ ਜਿਸ ਨੇ ਸਿੱਖ ਪੰਥ ਦੇ ਹੱਕ ਵਿੱਚ ਵਧੀਆ ਕਾਰਗੁਜ਼ਾਰੀ ਵਿਖਾਈ ਹੋਵੇ। ਹੁਣ 25 ਤੋਂ 40 ਸਾਲਾਂ ਦੇ ਨਵੇਂ ਆਗੂਆਂ ਦਾ ਯੁੱਗ ਆਉੁਣਾ ਚਾਹੀਦਾ ਹੈ। ਉਮੀਦ ਬੱਝੀ ਸੀ ਕਿ ਭਾਈ ਪੰਥਪ੍ਰੀਤ ਸਿੰਘ, ਰਣਜੀਤ ਸਿੰਘ, ਦਲੇਰ ਸਿੰਘ ਅਤੇ ਬਲਵੰਤ ਸਿੰਘ ਨੰਦਗੜ੍ਹ ਅਜਿਹੇ ਆਗੂਆਂ ਨੂੰ ਉਭਾਰਨਗੇ। ਅੱਜ ਪੰਜਾਬ ਉੱਤੇ ਪੱਥਰ-ਯੁੱਗ ਦੇ ਆਗੂ ਰਾਜ ਕਰ ਰਹੇ ਹਨ ਅਤੇ ਪੰਜਾਬ ਦੀ ਤ੍ਰਾਸਦੀ ਦਾ ਵੱਡਾ ਕਾਰਣ ਵੀ ਏਹੀ ਹੈ।

ਪਰ ਸਿਆਸੀ ਸੱਤਾ ਦੀ ਲਾਲਸਾ ਦੇ ਪੱਕੇ ਰੋਗੀਆ ਨੂੰ ਬਦਲ ਦੀ ਬਣ ਰਹੀ ਸੰਭਾਵਨਾ ਰਾਸ ਨਾ ਆਈ। ਉਹਨਾਂ ਵਿੱਚ-ਵਿਚਾਲੇ ਕੈਂਚੀਆਂ, ਛਵ੍ਹੀਆਂ, ਗਾਲ਼ੀ-ਗਲੋਚ, ਧੋਖਾ-ਫ਼ਰੇਬ ਆਦਿ ਹਰ ਹਰਬਾ ਵਰਤ ਕੇ ਵਗਦੀ ਰੌਂਅ ਦਾ ਰੁਖ਼ ਆਪਣੇ ਘਰ ਅਤੇ ਹੁਣ ਜਾਪਦਾ ਹੈ ਆਪਣੀ ਕੁਲ ਵੱਲ ਮੋੜਨ ਦੀ ਪੂਰੀ ਵਾਹ ਲਾਈ। ਸਭ ਲਾਲਸਾਵਾਂ ਨੂੰ ਜੋੜ ਕੇ ਓਸ ਉੱਤੇ ਸਰਬੱਤ ਖ਼ਾਲਸਾ ਨਾਂਅ ਦੀ ਚਾਦਰ ਪਾਈ ਗਈ। ਸਰਬੱਤ ਖ਼ਾਲਸਾ ਅਜੋਕੇ ਯੁੱਗ ਵਿੱਚ ਕਿਵੇਂ ਹੋ ਸਕਦਾ ਹੈ, ਬਾਰੇ ਸਭ ਜਾਣਦੇ ਹਨ – ਸਮਾਂ ਆਉਣ ਉੱਤੇ ਵਿਆਖਿਆ ਕੀਤੀ ਜਾਵੇਗੀ।

ਤਪਦੇ ਤੰਦੂਰ ਵਿੱਚ ਰੋਟੀਆਂ ਲਾਉਣ ਦੇ ਆਦੀ ਟੋਲੇ ਨੇ ਤੱਤ-ਭੜੱਤ, ਬੜੀ ਕਾਹਲੀ ਵਿੱਚ, ਬਿਨਾ ਕਿਸੇ ਨਾਲ ਸਾਰਥਕ ਸਲਾਹ ਕੀਤਿਆਂ, ‘ਸਰਬੱਤ ਖ਼ਾਲਸੇ’ ਦੀ ਬੇੜੀ ਠੇਲ੍ਹ ਦਿੱਤੀ। ਇਹਨਾਂ ਦੀਆਂ ਕਾਹਲਾਂ, ਹੱਠ ਅਤੇ ਹੈਂਕੜ ਕਈ ਕਹਾਣੀਆਂ ਕਹਿ ਰਹੇ ਸਨ। ਹੁਣ ਉਹ ਹਕੀਕਤ ਬਣ ਸਾਹਮਣੇ ਚਿੱਟੇ ਦਿਨ ਵਾਂਗ ਆ ਖੜ੍ਹੀਆਂ ਹਨ।

ਕੁੱਲ ਮਿਲਾ ਕੇ ਸ.ਸ. ਮਾਨ ਦੇ ‘ਸਰਬੱਤ ਖ਼ਾਲਸਾ’ ਦਾ ਕੁੱਲ ਲਾਭ ਸੱਤਾਧਾਰੀ ਬਾਦਲ ਦੀ ਝੋਲੀ ਵਿੱਚ ਪੈਂਦਾ ਜਾਪਦਾ ਹੈ। ਆਪਣੇ ਪਹਿਲਾਂ ਕੀਤੇ ਵਾਅਦੇ ਅਨੁਸਾਰ ਬਾਦਲ ਨੇ ਗਿਆਰਾਂ ਕੰਪਨੀਆਂ CRPF ਤਾਇਨਾਤ ਹੋਣ ਦੇ ਬਾਵਜੂਦ ਇਕੱਠ ਰੋਕਣ ਦੀ ਕੋਸ਼ਿਸ਼ ਨਾ ਕੀਤੀ। ਬਦਲੇ ਵਿੱਚ ਚੱਬੇ ਦੇ ਇਕੱਠ ਨੇ ਬਾਦਲ ਦੀ ਇੱਕ ਦਹਾਕੇ ਦੀ ਜ਼ਬਰ, ਧੱਕੇ ਨਾਲ ਲੱਦੀ ਕਾਰਵਾਈ ਬਾਰੇ ਕੁਝ ਵੀ ਨਾ ਆਖਿਆ। ਕੁੱਲ ਮਿਲਾ ਕੇ ਫ਼ੈਸਲੇ ਉਹ ਕੀਤੇ ਜੋ ਬਾਦਲ ਨੂੰ ਮੁੜ ਕੇ ਆਗੂ ਬਣਨ ਵਿੱਚ ਮਦਦਗਾਰ ਸਾਬਤ ਹੋਣ। ਮਾਨ, ਮੋਹਕਮ ਸਿੰਘ ਨੂੰ ਗ੍ਰਿਫ਼ਤਾਰ ਕਰ ਕੇ ਵੱਡੇ ਆਗੂ ਬਣਾ ਕੇ ਹਿੰਦੂ ਵੋਟ ਹਾਸਲ ਕਰਨ ਦਾ ਰਾਹ ਕੱਢਿਆ ਗਿਆ ਅਤੇ ਧਿਆਨ ਸਿੰਘ ਮੰਡ ਨੂੰ ਦਰਬਾਰ ਸਾਹਿਬ ਦੀ ਜੂਹ ਵਿੱਚ ਪਹੁੰਚ ਕੇ ਆਪਣੀ ਗੱਲ ਆਖਣ ਦਾ ਮੌਕਾ ਦਿੱਤਾ ਗਿਆ।

ਮਾਨ ਦੇ ਮਤਿਆਂ ਵਿੱਚੋਂ ਪਹਿਲੇ ਤਿੰਨ ਨਾ ਇਸ ਇਕੱਠ ਨੂੰ ਕਰਨ ਦਾ ਅਧਿਕਾਰ ਸੀ, ਨਾ ਹੀ ਲਾਗੂ ਕਰਨ ਦਾ ਹੈ। ‘ਜਥੇਦਾਰਾਂ’ ਨੂੰ ਫ਼ਾਰਗ ਅਤੇ ਨਵਿਆਂ ਨੂੰ ਸਥਾਪਤ ਕੇਵਲ ਸ਼੍ਰੋਮਣੀ ਕਮੇਟੀ ਹੀ ਕਰ ਸਕਦੀ ਹੈ ਜਿਸ ਦਾ ਅੱਜ ਕੋਈ ਵਜੂਦ ਨਹੀਂ। ਬਾਦਲ ਦੇ ਜਥੇਦਾਰਾਂ ਵਾਂਗ ਹੀ ਇਹ ਨਵੇਂ ਜਥੇਦਾਰ ਮਾਨ ਦੇ ਲਿਫ਼ਾਫ਼ਿਆਂ ਵਿੱਚੋਂ ਨਿਕਲੇ ਹਨ ਅਤੇ ਕੌਮੀ ਵਿਚਾਰ-ਮੰਥਨ ਦਾ ਨਤੀਜਾ ਨਹੀਂ। ਗਿੱਲ-ਬਰਾੜ ਦੇ ਅਕਾਲ ਤਖ਼ਤ ਉੱਤੇ ਪੇਸ਼ ਹੋਣ ਦੀ ਉੱਕਾ ਸੰਭਾਵਨਾ ਨਹੀਂ। ਨਾ ‘ਜਥੇਦਾਰ’ ਤਖ਼ਤ ’ਤੇ ਬੈਠਣ ਨਾ ਦੋਸ਼ੀ ਪੇਸ਼ ਹੋਣ। ਵੱਡਾ ਸਵਾਲ ਇਹ ਵੀ ਉੱਠਦਾ ਹੈ ਕਿ ਕੀ ਏਸ ਇਕੱਠ ਦੇ ਸੰਚਾਲਕ ਬੌਧਿਕ ਪੱਖੋਂ ਏਨੇਂ ਕੰਗਾਲ ਹਨ ਕਿ ਸਿੱਖ ਮਾਨਸਿਕਤਾ ਵਿੱਚ ਸਦੀਵ-ਕਾਲ ਲਈ ਦੁਸ਼ਮਣਾਂ ਵਜੋਂ ਸਥਾਪਤ ਗਿੱਲ-ਬਰਾੜ ਨੂੰ ਇਹ ਹੁਣ ਤਾਈਂ ਸਿੱਖ ਕੌਮ ਦਾ ਹਿੱਸਾ ਹੋਣ ਦੀ ਭ੍ਰਾਂਤੀ ਪਾਲ ਰਹੇ ਸਨ ? ਇਹ ਮਤੇ ਲੋਕਾਂ ਨੂੰ ਕੇਵਲ ਚਕਾਚੌਂਧ ਕਰਨ ਲਈ ਹੀ ਹਨ।

‘ਜਥੇਦਾਰ’ ਲਗਾਉਣ ਦਾ ਨਾ ਕਾਨੂੰਨੀ, ਨਾ ਇਖ਼ਲਾਕੀ, ਨਾ ਇਤਿਹਾਸਕ ਤੌਰ ਉੱਤੇ ਕੋਈ ਆਧਾਰ ਹੈ। ਗੁਰੂ ਨੇ ਸੰਗਤ ਖ਼ਾਲਸਾ ਕੀਤੀ ਹੈ ਅਤੇ ਵਿਚੋਲਿਆਂ, ਪੁਜਾਰੀਆਂ, ‘ਮਹਾਂ ਗ੍ਰੰਥੀਆਂ’, ਮਸੰਦਾਂ ਤੋਂ ਮੁਕਤ ਕੀਤਾ ਹੈ। ਸਿੱਖ ਸਿਧਾਂਤ ਅਨੁਸਾਰ ਇਹਨਾਂ ਨੂੰ ਸਥਾਪਤ ਨਹੀਂ ਕੀਤਾ ਜਾ ਸਕਦਾ। ਜਗਤਾਰ ਸਿੰਘ ਹਵਾਰੇ ਦੇ ਰਾਹ ਵਿੱਚ ਕਾਰਾਵਾਸ ਦੀ ਅੜਚਨ ਵੀ ਹੈ, ਏਸ ਲਈ ਸਾਡੇ ਸੱਜਣ, ਮਾਨ ਦਲ ਦੇ ਸੀਨੀਅਰ ਮੀਤ ਪ੍ਰਧਾਨ, ਧਿਆਨ ਸਿੰਘ ਮੰਡ ਹੀ ਸਥਾਈ ‘ਜਥੇਦਾਰ’ ਹਨ।

ਅਕਾਲ ਤਖ਼ਤ ਦੀ ਸਰਬਉੱਚਤਾ ਗੁਰੂ ਗ੍ਰੰਥ ਅਤੇ ਗੁਰੂ ਖ਼ਾਲਸਾ ਪੰਥ ਦੇ ਹੁੰਦਿਆਂ ਕਿਵੇਂ ਸਥਾਪਤ ਕੀਤੀ ਜਾਵੇਗੀ, ਦਾ ਕੋਈ ਵੇਰਵਾ ਨਹੀਂ ਦਿੱਤਾ ਗਿਆ। ਜੇ ਵਰਲਡ ਸਿੱਖ ਪਾਰਲੀਮੈਂਟ ਵੀ ਇੱਕ ਆਦਮੀ ਦੇ ਲਿਫ਼ਾਫ਼ੇ ਵਿੱਚੋਂ ਨਿਕਲਣੀ ਹੈ ਤਾਂ ਭਾਈ ਗੁਰੂ ਰਾਖਾ ਪੰਥ ਦਾ !

‘ਸਰਬ ਪ੍ਰਵਾਣਤ ਕੈਲੰਡਰ’ ਦੀ ਗੱਲ ਸਮਝ ਨਹੀਂ ਆਉਂਦੀ। ਇਹ ਤਜਵੀਜ਼ ਨਾਨਕਸ਼ਾਹੀ ਸਰਬ ਪ੍ਰਵਾਣਤ ਕੈਲੰਡਰ ਦੇ ਵਿਰੋਧ ਵਿੱਚ ਜਾਪਦੀ ਹੈ ਅਤੇ ਸ਼ਬਦੀ ਭੁਚਲਾਵੇ ਨਾਲ ਹਾਜ਼ਰ ਸੰਗਤਾਂ ਦੀ ਪ੍ਰਵਾਨਗੀ ਲੈ ਕੇ 2003 ਵਿੱਚ ਵਿਧੀਪੂਰਵਕ ਲਾਗੂ ਹੋਏ ਮੂਲ ਨਾਨਕਸ਼ਾਹੀ ਕੈਲੰਡਰ ਨੂੰ ਖ਼ਤਮ ਕਰਨ ਦੀ ਸਾਜ਼ਿਸ਼ ਦਿੱਸ ਆਉਂਦੀ ਹੈ। ਕੀ ਮਨਮਰਜ਼ੀ ਦੇ ਕੈਲੰਡਰ ਬਣਾਏ ਜਾ ਸਕਦੇ ਹਨ ? ਹਰਗਿਜ਼ ਨਹੀਂ।

ਬੇਅਦਬੀ-ਘਟਨਾਵਾਂ ਪ੍ਰਤੀ ‘ਸੁਚੇਤ ਰਹਿਣ’ ਅਤੇ ‘ਸਿੱਖ ਪ੍ਰੰਪਰਾਵਾਂ’ ਅਨੁਸਾਰ ਸਜ਼ਾ ਦੇਣ ਦਾ ਕੰਮ ਕਿਸ ਨੇ ਕਰਨਾ ਹੈ, ਦਾ ਕੋਈ ਵੇਰਵਾ ਦੇਣਾ ਵਾਜਬ ਨਹੀਂ ਸਮਝਿਆ ਗਿਆ। ਇਹ ਸਿੱਖ ਨੌਜਵਾਨਾਂ ਨੂੰ ਹਿੰਸਕ ਕਾਰਵਾਈਆ ਲਈ ਉਕਸਾ ਕੇ ਲੋਕਾਂ ਦੇ ਪੁੱਤ ਮਰਵਾਉਣ ਦਾ ਗੁਪਤ ਸਰਕਾਰੀ ਏਜੰਡਾ ਹੈ।

ਵਰਲਡ ਸਿੱਖ ਪਾਰਲੀਮੈਂਟ ਦਾ ਵਿਚਾਰ ਦਹਾਕਿਆਂ ਪੁਰਾਣਾ ਹੈ ਪਰ ਕੀ ਏਸ ਨੂੰ ਵੀ ਮਾਨ-ਮੁਹਕਮ-ਮੰਡ ਦੇ ਲਿਫ਼ਾਫ਼ਿਆਂ ਵਿੱਚੋਂ ਕੱਢਿਆ ਜਾਵੇਗਾ ? ਫ਼ਿਤਰਤਨ ਤਾਂ ਏਹੋ ਜਾਪਦਾ ਹੈ। ਫ਼ੇਰ ਕੀ ਇਹ ਮੂਰਾ-ਪਾਰਲੀਮੈਂਟ ਤਾਂ ਨਹੀਂ ਹੋ ਨਿੱਬੜੇਗੀ ?

ਸਜ਼ਾ ਪੂਰੀ ਕਰ ਚੁੱਕਿਆਂ ਦੀ ਰਿਹਾਈ ਲਈ ਤਰਲਾ ਗੋਂਗਲੂਆਂ ਤੋਂ ਮਿੱਟੀ ਲਾਹੁਣ ਤੁਲ ਹੈ। ਇਹ ਬਾਦਲ ਨੂੰ ਗੁਪਤ ਮਿਲੀਭੁਗਤ ਨਾਲ ਦੁਬਾਰਾ ਸੱਤਾ ਉੱਤੇ ਬਿਠਾਉਣ ਦੀ ਭਾਵਨਾ ਨਾਲ ਮੇਲ ਨਹੀਂ ਖਾਂਦਾ।

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਨਵੀਂ ਚੋਣ ਦੀ ਗੱਲ ਤਾਂ ਤੋਰੀ ਗਈ ਹੈ ਪਰ ਚਾਰ ਸਾਲਾਂ ਤੋਂ ਅਧਵਾਟੇ ਲਟਕਦੀ ਸ਼੍ਰੋਮਣੀ ਕਮੇਟੀ ਬਾਰੇ ਕੀ ਆਖੋਗੇ ?

ਦਰਬਾਰ ਸਾਹਿਬ ਨੂੰ ਵੈਟੀਕਨ ਸਟੇਟਸ ਵੀ ਬਹੁਤ ਪੁਰਾਣੀ ਮੰਗ ਹੈ। 1980 ਵਿੱਚ ਸ.ਸ. ਮਾਨ ਦੇ ਪਿਤਾ ਸ੍ਰ. ਜੋਗਿੰਦਰ ਸਿੰਘ ਮਾਨ ਨੇ ਇੱਕ-ਵਰਕੀ ਏਸ ਮੰਗ ਨੂੰ ਸੁਰਜੀਤ ਕਰਨ ਲਈ ਵਰਤੀ ਸੀ। ਅੱਜ 40/45 ਸਾਲਾਂ ਬਾਅਦ ਏਸ ਦਾ ਜ਼ਿਕਰ ਸੁਣਿਆ ਹੈ।

1986 ਦੇ ਮਤਿਆਂ ਦੀ ਪ੍ਰੋੜ੍ਹਤਾ ਬੇਲੋੜੀ ਹੈ। ਕੁਝ ਲਾਗੂ ਹੋ ਚੁੱਕੇ ਹਨ। ਜੋ ਨਹੀਂ ਹੋਏ ਉਹਨਾਂ ਨੂੰ ਲਾਗੂ ਕਰਨ ਬਾਰੇ ਦਹਾਕਿਆਂ ਬੱਧੀ ਨਾ ਸੋਚਣ ਵਾਲੇ ਅੱਜ ਲਫ਼ਜ਼ੀ ਪ੍ਰੋੜ੍ਹਤਾ ਕਰ ਰਹੇ ਹਨ। ਕਿਆ ਟਾਹਰਾਂ ਹਨ ! ਵੈਸੇ ਵੀ ਬੁਰਕੇ ਪਾ ਕੇ ਖ਼ਾਲਿਸਤਾਨ ਦੀ ਗੱਲ ਕਰਨੀ ਸਿੱਖੀ ਦੇ ਹਾਣ ਦਾ ਕਿਰਦਾਰ ਨਹੀਂ ਹੈ (“ਜਿਨ ਮਨਿ ਹੋਰੁ ਮੁਖਿ ਹੋਰੁ ਸਿ ਕਾਂਢੇ ਕਚਿਆ॥”)।

ਬਾਦਲ ਨੂੰ ਫ਼ਖ਼ਰੇ-ਕੌਮ, ਪੰਥ ਰਤਨ ਆਦਿ ਤਾਂ ਪੰਥਕ ਇਕੱਠਾਂ ਵਿੱਚ ਕਦੋਂ ਦੇ ਰੱਦ ਹੋ ਚੁੱਕੇ ਹਨ। ਅੱਜ ਮਰੇ ਨੂੰ ਸ਼ਾਹ ਮਦਾਰ ਮਾਰ ਰਿਹਾ ਹੈ। ਇਹ ਬਾਦਲ ਵਿਰੁੱਧ ਹੋਰ ਵੱਡਾ ਕਦਮ ਟਾਲਣ ਲਈ ਮਹਿਜ਼ ਕਾਰਵਾਈ ਹੈ। ਮੁਬਾਰਕ !

ਜਾਤ-ਪਾਤ ਆਧਾਰਤ ਗੁਰਦ੍ਵਾਰਿਆਂ, ਸ਼ਮਸ਼ਾਨ ਘਾਟਾਂ ਦਾ ਵਿਰੋਧ ਇੱਕ ਚੰਗਾ ਤੇ ਸਾਰਥਕ ਕਦਮ ਹੈ ਪਰ ਏਸ ਦੀ ਕੋਈ ਵਿਧੀ ਤਜਵੀਜ਼ ਨਹੀਂ ਕੀਤੀ ਗਈ। ‘ਯਤਨ’ ਤਾਂ ਕਈ ਦਹਾਕਿਆਂ ਤੋਂ ਹੋ ਰਹੇ ਹਨ। ਕੀ ਹੁਣ ਘੋੜੇ ਦੀ ਕਾਠੀ ਉੱਤੇ ਇੱਕ ਹੋਰ ਕਾਠੀ ਪਾਈ ਜਾਵੇਗੀ ?

ਸਭ ਤੋਂ ਵੱਧ ਚੁਭਵੀਂ ਅਤੇ ਨਿਰਾਸ਼ਾਜਨਕ ਸਥਿਤੀ ਉਹਨਾਂ ਘਟਨਾਵਾਂ ਪ੍ਰਤੀ ਹੈ ਜਿਨ੍ਹਾਂ ਦਾ ਜ਼ਿਕਰ ਤੱਕ ਨਹੀਂ। ਬਰਗਾੜੀ ਕਾਂਡ ਦੇ ਸ਼ਹੀਦਾਂ ਅਤੇ ਗ਼ਲਤ ਗ੍ਰਿਫ਼ਤਾਰ ਕੀਤੇ ਗੁਰਸਿੱਖਾਂ ਦਾ ਜ਼ਿਕਰ ਤੱਕ ਨਹੀਂ। ਪਰੰਤੂ ਗੁਰੂ ਦੀ ਬੇਅਦਬੀ ਪ੍ਰਤੀ ਗੰਭੀਰ ਨਾ ਹੋਣ ਅਤੇ ਕੇਵਲ ਆਪਣੇ ਅਨੁਸਾਰੀਆਂ ਦੀ ਪਿੱਠ ਪੂਰਨ ਦੇ ਦੋਸ਼ ਤੋਂ ਮੁਕਤ ਹੋਣ ਦਾ ਰਾਹ ਵੀ ਸ਼ਾਇਦ ਕਿਸੇ ਨੌਸਰਬਾਜ਼ੀ ਰਾਹੀਂ ਕੱਢ ਲਿਆ ਜਾਵੇਗਾ।

‘ਸਰਬੱਤ ਖ਼ਾਲਸੀਏ’ ਸ਼ਾਹਮਦਾਰ ਦੀ ਨੌਸਰਬਾਜ਼ੀ

0

‘ਸਰਬੱਤ ਖ਼ਾਲਸੀਏ’ ਸ਼ਾਹਮਦਾਰ ਦੀ ਨੌਸਰਬਾਜ਼ੀ 

ਗੁਰਤੇਜ ਸਿੰਘ

“ਮਨਮੁਖ ਜਨਮੁ ਭਇਆ ਹੈ ਬਿਰਥਾ ਆਵਤ ਜਾਤ ਲਜਾਈ ॥ ਕਾਮਿ ਕ੍ਰੋਧਿ ਡੂਬੇ ਅਭਿਮਾਨੀ ਹਉਮੈ ਵਿਚਿ ਜਲਿ ਜਾਈ ॥” (ਗੁਰੂ ਗ੍ਰੰਥ, ਪੰਨਾ 1265)

ਮਾਨ ਦਲ ਤੋਂ ਬਿਨਾ ਸਾਰੀਆਂ ਪੰਥਕ ਜਥੇਬੰਦੀਆਂ ਦਾ ਵਿਚਾਰ ਸੀ ਕਿ ਅਜਿਹੇ ਸਮੇਂ ਜਦੋਂ ਖ਼ਤਰੇ ਦੀ ਅੱਗ ਗੁਰੂ ਗ੍ਰੰਥ ਦੇ ਵਜੂਦ ਵੱਲ ਵਧ ਰਹੀ ਹੈ ਤਾਂ ਸਾਰੇ ਸੰਸਾਰ ਦੇ ਸਿੱਖਾਂ ਨਾਲ ਮਿਲ ਬੈਠ ਕੇ, ਸਰਬੱਤ ਖ਼ਾਲਸੇ ਦਾ ਆਦੇਸ਼ ਲੈ ਕੇ, ਗੰਭੀਰ ਸਿੱਖ ਮਸਲਿਆਂ ਦਾ ਸਥਾਈ ਹੱਲ ਕੱਢਿਆ ਜਾਵੇ।

ਏਸ ਲਈ ਵੱਡਾ ਸਮੁੰਦਰ-ਮੰਥਨ ਹੋਣਾ ਸੀ ਅਤੇ ਘੱਟੋ-ਘੱਟ 6 ਕੁ ਮਹੀਨਿਆਂ ਵਿੱਚ ਏਸ ਦੇ ਸਾਰਥਕ ਨਤੀਜੇ ਨਿਕਲਣੇ ਸਨ। ਸਭ ਨਾਲ ਸਲਾਹ ਕਰ ਕੇ ਇੱਕ ਜਥੇਬੰਦੀ ਨੇ 12 ਨਵੰਬਰ ਨੂੰ ਹੋਣ ਵਾਲੇ ਸਰਬੱਤ ਖ਼ਾਲਸਾ ਦੀ ਤਿਆਰੀ ਲਈ ਇੱਕ ਇਕੱਠ ਦਾ ਐਲਾਨ ਕਰ ਦਿੱਤਾ।

ਬਾਦਲਕਿਆਂ ਦੇ ਸਵਾਰਥ ਦੀ ਮੰਗ ਸੀ ਕਿ ਸਰਬੱਤ ਖ਼ਾਲਸਾ ਕਦੇ ਵੀ ਨਾ ਹੋ ਸਕੇ। ਖ਼ਾਲਸੇ ਦੇ ਕਿਸੇ ਵੀ ਇਕੱਠ ਵਿੱਚ ਇਹਨਾਂ ਦੀ ਭੰਡੀ ਹੋਣਾ ਅਤੇ ਸਿੱਖ ਕੌਮ ਵੱਲੋਂ ਇਹਨਾਂ ਨੂੰ ਨਕਾਰੇ ਜਾਣਾ ਸਾਫ਼ ਨਜ਼ਰ ਆ ਰਿਹਾ ਸੀ।

ਮਾਨ ਦਾ ਇਰਾਦਾ ਸੀ ਕਿ ਕਿਸੇ ਤਿਕੜਮਬਾਜ਼ੀ ਨਾਲ ਇਕੱਠ ਕਰ ਲਿਆ ਜਾਵੇ ਅਤੇ ਓਸ ਕੋਲੋਂ ਮਨਮਰਜ਼ੀ ਦੇ ਮਤੇ ਪੁਆ ਕੇ ਓਸ ਨੂੰ ਸਰਬੱਤ ਖ਼ਾਲਸਾ ਦੀ ਸੰਗਿਆ ਨਾਲ ਸ਼ਿੰਗਾਰ ਦਿੱਤਾ ਜਾਵੇ। ਏਸ ਬਦਨੀਅਤ ਨਾਲ ਓਸ ਨੇ ਦਿਵਾਲੀ ਦੇ ਦਿਨ ਅੰਮ੍ਰਿਤਸਰ ਵਿੱਚ ‘ਸਰਬੱਤ ਖ਼ਾਲਸਾ’ ਇਕੱਠ ਦਾ ਐਲਾਨ ਕਰ ਦਿੱਤਾ। ਸੁਹਿਰਦ ਪੰਥਕ ਜਥੇਬੰਦੀਆਂ ਨੇ ਜਦੋਂ ਵੇਖਿਆ ਕਿ ਉਹ ਏਸ ਲਈ ਬਜ਼ਿੱਦ ਹੈ ਤਾਂ ਉਹਨਾਂ ਏਸ ਇਕੱਠ ਵਿੱਚੋਂ ਪੰਥਕ ਭਲਾਈ ਕੱਢ ਸਕਣ ਦੀ ਉਮੀਦ ਨੂੰ ਬਰਕਰਾਰ ਰੱਖਣ ਲਈ ਸੁਝਾਅ ਦਿੱਤੇ:

(1). ਏਸ ਇਕੱਠ ਨੂੰ ਸਰਬੱਤ ਖ਼ਾਲਸਾ ਨਾ ਆਖਿਆ ਜਾਵੇ।

(2). ਏਸ ਨੂੰ ਖ਼ਾਲਿਸਤਾਨ ਪੱਖੀ ਮਸ਼ਾਹੂਰ ਨਾ ਕੀਤਾ ਜਾਵੇ।
(3). ਏਸ ਦਾ ਸੰਚਾਲਨ ਨਿਰਪੱਖ ਲੋਕਾਂ ਹੱਥ ਹੋਵੇ ਅਤੇ

(4). ਏਸ ਵਿੱਚ ਸਾਂਝੇ ਮਤੇ ਪ੍ਰਵਾਨ ਕੀਤੇ ਜਾਣ।

ਇਹ ਕਾਂਵਾਂ ਦਾ ਦੁੱਧ ਲੱਭਣ ਵਾਲਾ ਪ੍ਰਸਤਾਵ ਸੀ। ਸਭ ਜਾਣਦੇ ਸਨ ਕਿ ਹਰ ਕੌਮੀ ਤ੍ਰਾਸਦੀ ਵਿੱਚੋਂ ਆਪਣਾ ਸਵਾਰਥ ਕੱਢਣ ਦੀ ਬੇਸ਼ਰਮੀ ਨਾਲ ਲੈਸ ਸ.ਸ.ਮਾਨ ਕਦੇ ਵੀ ਇਹ ਗੱਲਾਂ ਨਹੀਂ ਮੰਨੇਗਾ। ਪਰ ਓਸ ਨੇ ਸਭ ਨੂੰ ਹੈਰਾਨ ਕਰ ਕੇ ਇਹ ਸਭ ਸ਼ਰਤਾਂ ਮੰਨ ਲਈਆਂ ਅਤੇ ਇਮਾਨਦਾਰੀ ਦਾ ਸਬੂਤ ਦੇਣ ਲਈ ਭਾਈ ਬਲਦੀਪ ਸਿੰਘ (2014 ਵਿੱਚ ਖ਼ਡੂਰ ਸਾਹਿਬ ਤੋਂ ਚੋਣ-ਉਮੀਦਵਾਰ) ਨੂੰ ਮਤੇ ਲਿਖਣ ਵਾਲੀ ਕਮੇਟੀ ਦਾ ਮੁਖੀ ਬਣਾ ਦਿੱਤਾ।

7 ਤਾਰੀਖ ਦੀ ਸ਼ਾਮ ਨੂੰ ਭਾਈ ਬਲਦੀਪ ਸਿੰਘ ਅਤੇ ਅਮਰੀਕਾ ਤੋਂ ਆਏ ਹਰਿੰਦਰ ਸਿੰਘ, ਮਨਜੀਤ ਸਿੰਘ ਵਗੈਰਾ ਨੇ ਇੱਕ ਮਿਲਣੀ ਚੰਡੀਗੜ੍ਹ ਦੇ ਲੋਕਾਂ ਨਾਲ ਗੁਰੂ ਗ੍ਰੰਥ ਸਾਹਿਬ ਭਵਨ ਵਿੱਚ ਕੀਤੀ। ਉਹਨਾਂ ਨੂੰ ਯਕੀਨ ਸੀ ਕਿ ਮਾਨ ਸੁਹਿਰਦ ਹੈ ਅਤੇ ਸਮਝੌਤੇ ਉੱਤੇ ਕਾਇਮ ਰਹੇਗਾ। ਮਾਨ ਦੇ ਹਿਮਾਕਤੀ ਸੁਭਾਅ ਅਤੇ ਬਾਦਲ ਦਾ ਪੱਖ ਪੂਰਨ ਦੀ ਲਾਹੇਵੰਦ ਮਜਬੂਰੀ ਨੂੰ ਜਾਣਨ ਵਾਲਿਆਂ ਬਹੁਤ ਆਖਿਆ ਕਿ ਇਹ ਸਰਬੱਤ ਖ਼ਾਲਸਾ ਦੀ ਸਮਰੱਥਾ ਨੂੰ ਨਕਾਰਾ ਕਰਨ, ਸਿੱਖਾਂ ਦੇ ਉੱਠੇ ਉਭਾਰ ਨੂੰ ਖ਼ਤਮ ਕਰਨ ਅਤੇ ਕੇਵਲ ਮਾਨ ਨੂੰ ਜਾਤੀ ਸਿਆਸੀ ਲਾਭ ਬਟੋਰ ਕੇ ਕੇਵਲ ਪੈਸੇ ਇਕੱਠੇ ਕਰਨ ਦੀ ਬੇਹੱਦ ਖ਼ਤਰਨਾਕ ਅਤੇ ਸ਼ਾਤਰ ਚਾਲ ਹੈ। ਓਸ ਵੇਲੇ ਤੱਕ ਬੈਂਕ ਖਾਤੇ ਵੀ ਖੁੱਲ੍ਹ ਚੁੱਕੇ ਸਨ।

ਬਹੁਤ ਦਰਦ ਨਾਲ ਦੱਸਿਆ ਗਿਆ ਕਿ ਪਹਿਲਾਂ ਵੀ ਤਿੰਨ ਫੁੱਟੀ ਕਿਰਪਾਨ ਲਹਿਰਾ ਕੇ, ਖ਼ਾਲਿਸਤਾਨ ਦੇ ਨਾਂਅ ਉੱਤੇ ਚੋਣ-ਬਾਈਕੌਟ ਕਰ ਕੇ ਮਾਨ ਅਨੇਕਾਂ ਅਜਿਹੀਆਂ ਚਾਲਾਂ ਰਾਹੀਂ ਕੌਮ ਨੂੰ ਨਿਰੰਤਰ ਸ਼ਕਤੀਹੀਣ ਕਰਨ ਵਿੱਚ ਸਫ਼ਲ ਹੋ ਚੁੱਕਾ ਹੈ। ਪਰ ਵਿਦੇਸ਼ੀ ਵਫ਼ਦ ਨੇ ਕਿਸੇ ਆਪਣੇ (ਹਰਿੰਦਰ ਸਿੰਘ) ਨੂੰ ਅਕਾਲ ਤਖ਼ਤ ਦਾ ਜਥੇਦਾਰ ਥਾਪਣਾ ਸੀ, ਕਿਸੇ ਹੋਰ ਨੂੰ ਅਕਾਲ ਤਖ਼ਤ ਦਾ ਅੰਬੈਸੇਡਰ ਬਣਵਾਉਣਾ ਸੀ, ਪਰਦੇਸੀਆਂ ਵਿੱਚ ਆਪਣੀ ਜਿੱਤ ਦੇ ਡੰਕੇ ਵਜਾਉਣੇ ਸਨ। ਇਹ ਵਿਦੇਸ਼ੀ ਵਫ਼ਦ ਕੰਨੋਂ ਬੋਲ਼ਾ ਹੋ ਚੁੱਕਾ ਸੀ।

ਆਖ਼ਰ ਉਹਨਾਂ ਇਹ ਆਖ ਕੇ ਖਹਿੜਾ ਛੁਡਾਇਆ ਕਿ ‘ਤੁਸੀਂ ਬਾਰ-ਬਾਰ ਮਾਨ ਦੀ ਬੇਈਮਾਨੀ ਤੇ ਸਿੱਖ ਕੌਮ ਨਾਲ ਧੋਖੇ ਦਾ ਨਜ਼ਾਰਾ ਵੇਖ ਚੁੱਕੇ ਹੋ, ਇੱਕ ਵਾਰ ਸਾਨੂੰ ਵੀ ਵੇਖ ਲੈਣ ਦਿਉ।’ ਏਸ ਤਰਕ ਦਾ ਕੋਈ ਜਵਾਬ ਹੋ ਹੀ ਨਹੀਂ ਸੀ ਸਕਦਾ।

ਆਖ਼ਰ ਜੋ ਹੋਣਾ ਸੀ ਸੋ ਹੋਇਆ: ਕਿਸੇ ਦੇ ਮਤੇ ਦੀ ਪਰਵਾਹ ਨਾ ਕੀਤੀ ਗਈ ਅਤੇ ਬਲਦੀਪ ਸਿੰਘ ਨੂੰ ਇਕੱਠ ਦਾ ਤੁਰੰਤ ਬਾਈਕੌਟ ਕਰਨਾ ਪਿਆ। ਸੁਹਿਰਦ ਸਾਧੂਆਂ ਨੂੰ ਪੰਥਕ ਯਤਨ ਤੋਂ ਅਲੱਗ ਥਲੱਗ ਕਰ ਕੇ ਕੌਮੀ ਸੰਘਰਸ਼ ਨੂੰ ਕਮਜ਼ੋਰ ਕੀਤਾ ਗਿਆ, ਇਕੱਠ ਨੂੰ ਬੜੀ ਨੀਚਤਾ ਨਾਲ ਖ਼ਾਲਿਸਤਾਨੀ ਇਕੱਠ ਪ੍ਰਚਾਰਿਆ ਗਿਆ, ਆਪ-ਮੁਹਾਰੇ ਜੁੜੇ ਇਕੱਠ ਨੂੰ ਮਾਨ ਦੀ ਅਗਲੀ ਪੀੜ੍ਹੀ ਨੂੰ ਸਿਆਸਤ ਵਿੱਚ ਧੱਕਣ ਲਈ ਵਰਤਿਆ ਗਿਆ, ਜਗਤਾਰ ਸਿੰਘ ਹਵਾਰੇ ਦਾ ਨਾਂਅ ਵਰਤ ਕੇ ਮਾਨ ਦਲ ਦੇ ਉਪ-ਪ੍ਰਧਾਨ ਨੂੰ, ਮੁੱਢਲੀਆਂ ਸਿੱਖ ਪ੍ਰੰਪਰਾਵਾਂ ਦਾ ਘਾਣ ਕਰ ਕੇ, ਜਥੇਦਾਰ ਐਲਾਨਿਆ ਗਿਆ ਅਤੇ ਬਾਦਲਕਿਆਂ ਨੂੰ ਨਵਾਂ ਸਿਆਸੀ ਪੈਂਤੜਾ ਪ੍ਰਦਾਨ ਕੀਤਾ ਗਿਆ। ਆਪਣੇ ਵੱਲੋਂ ਅਗਲੇ ਪੰਜਾਹ ਸਾਲ ਲਈ ਸਰਬੱਤ ਖ਼ਾਲਸਾ ਨਾ ਹੋਣ ਦੇਣ ਦਾ ਪੱਕਾ ਇੰਤਜ਼ਾਮ ਕਰ ਲਿਆ ਗਿਆ।

ਵਿਦੇਸ਼ੀ ਵਫ਼ਦ ਨੂੰ ਜੇਲ੍ਹ ਯਾਤਰਾ ਤੋਂ ਬਚਣ ਲਈ ਤੁਰੰਤ ਵਾਪਸ ਪ੍ਰਸਥਾਨ ਕਰਨਾ ਪਿਆ; ਬਲਦੀਪ ਸਿੰਘ ਇਟਲੀ ਨਿਕਲ ਗਏ; ‘ਜਥੇਦਾਰ’ ਜੇਲ੍ਹੀਂ ਪਹੁੰਚ ਗਏ। ਕੇ.ਪੀ.ਐਸ ਗਿੱਲ ਦੀ ਤਰਜ਼ ਉੱਤੇ ਮੁੱਛਾਂ ਨੂੰ ਤਾਅ ਦੇ ਕੇ ਮੁਸਕੜੀਏਂ ਹੱਸਦਾ ਸ.ਸ.ਮਾਨ (ਹਿੰਦੁਸਤਾਨ ਟਾਈਮਜ਼, 17 ਨਵੰਬਰ 2015, ਸਫ਼ਾ 3) ਖ਼ੁਦ ਬਾਹਰ ਰਹਿ ਗਿਆ। ਜਿਨ੍ਹਾਂ ਬਾਦਲਕਿਆਂ ਨੂੰ ਲੋਕ-ਰੋਹ ਤੋਂ ਬਚਾਉਣ ਲਈ ਕੰਧਾਂ ਪਾੜ ਕੇ ਕੱਢਣਾ ਪੈਂਦਾ ਸੀ, ਜਦੋਂ ਇਕੱਠ ਦੀ ਗਰਦਸ਼ ਬੈਠੀ ਤਾਂ ਉਹ ਪੇਂਡੂ ਇਕੱਠਾਂ ਵਿੱਚ ਧਮਕੀਆਂ ਦਿੰਦੇ ਦਨਦਨਾਉਂਦੇ ਨਜ਼ਰ ਆਏ। ਸਾਧੂ ਚੰਦ ਕੁ ਮਾਨ ਸਮਰਥਕਾਂ ਦੀਆਂ ਫ਼ਾਹਸ਼ ਗਾਲ੍ਹਾਂ ਨੂੰ ਲੋਕ-ਫ਼ਤਵਾ ਸਮਝ ਕੇ ਮਾਯੂਸ ਹੋ ਗਏ। ਫ਼ੇਰ ਮਾਨ ਵੱਲੋਂ ਆਪਣੇ ਖੁੱਡੇ ਦੀਆਂ ਮੁਰਗੀਆਂ ਨੂੰ ਆਖਿਆ ਗਿਆ ਕਿ ਕੋਈ ਗਾਲ੍ਹਾਂ ਨਾ ਕੱਢੇ। ਗਾਲ੍ਹਾਂ ਤੁਰੰਤ ਬੰਦ ਹੋ ਗਈਆਂ। ਨਵੇਂ ਸਿੱਖ ਨੌਜਵਾਨ ਪੂਰ ਨੂੰ ਤਹਿ-ਤੇਗ਼ ਕਰਨ ਦੀਆਂ ਅਸੀਮ ਸੰਭਾਵਨਾਵਾਂ ਬਾਦਲਕਿਆਂ ਅਤੇ ਆਰ.ਐਸ.ਐਸ. ਦੀ ਝੋਲੀ ਆਣ ਪਈਆਂ। ਆਸ਼ਾ ਦੇ ਆਲਮ ਉੱਤੇ ਮਾਰੂ ਹਨੇਰੀਆਂ ਨੇ ਰੇਤ ਦੇ ਟਿੱਬੇ ਉਸਾਰ ਦਿੱਤੇ।

ਪਰ ਸਭ ਖ਼ਤਮ ਨਹੀਂ ਹੋਇਆ। ਨੌਸਰਬਾਜ਼ ਘੜੀਆਂ ਰੋਕ ਸਕਦੇ ਹਨ ਵਕਤ ਨੂੰ ਨਹੀਂ। ਹੁਣ ਬੋਤਾ ਸਿੰਘ ਗਰਜਾ ਸਿੰਘ ਫ਼ੇਰ ਉੱਠਣਗੇ, ਗੁਰੂ ਕੇ ਘਾਹੀ ਨਵੀਆਂ ਸਵੇਰਾਂ ਦੇ ਬਾਨ੍ਹਣੂੰ ਬੰਨ੍ਹਣਗੇ, ਹਨੇਰੇ ਨੂੰ ਪਸਰਨ ਤੋਂ ਰੋਕਣਗੇ, ਗੁਰੂ ਕਲਗ਼ੀਧਰ ਸਰਬੰਸਦਾਨੀ ਦੇ ਰਾਹ ਉੱਤੇ ਫ਼ੇਰ ਰੌਣਕਾਂ ਪਰਤਣਗੀਆਂ। ਫ਼ੇਰ ਦਮਾਮੇ ਗਰਜਣਗੇ ਅਤੇ ਸਦਾ ਵੱਜਦੀ ਉਹ ਨੌਬਤ ਦੀ ਆਵਾਜ਼ ਸੁਣਾਈ ਦੇਣੀ ਸ਼ੁਰੂ ਹੋਵੇਗੀ ਜਿਸ ਬਾਬਤ ਭਾਈ ਸੰਤੋਖ ਸਿੰਘ ਫ਼ਰਮਾਉਂਦੇ ਹਨ:

ਸੁਖ ਸਵਣ ਨ ਦੇਂਦੀ ਦੁਜਨਾਂ ਨੂੰ, ਨਉਬਤ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਦੀ।

ਰਾਮਦਾਸ ਸਰੋਵਰਿ ਨਾਤੇ ॥

0

ਰਾਮਦਾਸ ਸਰੋਵਰਿ ਨਾਤੇ ॥ 

ਕੁਝ ਦਿਨਾਂ ਤੋਂ ‘‘ਰਾਮਦਾਸ ਸਰੋਵਰਿ ਨਾਤੇ ॥’’ ਤੁਕ ਨੂੰ ਆਧਾਰ ਬਣਾ ਕੇ ਵਾਦ-ਵਿਵਾਦ ਚੱਲ ਰਿਹਾ ਹੈ। ਵੈਸੇ ਸਿੱਖਾਂ ’ਚ ਕਈ ਵਿਸ਼ੇ ਵਿਵਾਦਿਤ ਹਨ ਪਰ ਇਤਨੇ ਗੰਭੀਰ ਮਤਭੇਦ ਵੇਖਣ ਨੂੰ ਨਹੀਂ ਮਿਲੇ, ਜਿਸ ਬਾਰੇ ਦਰਬਾਰ ਸਾਹਿਬ (ਅੰਮ੍ਰਿਰਤਸਰ) ਤੋਂ ਚੱਲ ਰਹੇ ਮੁੱਖ ਵਾਕ ਦੇ ਪ੍ਰਸੰਗ ਤੋਂ ਦੂਰ ਜਾ ਕੇ ਇਸ ਚਰਚਾ ਨੂੰ ਤਰਜੀਹ ਦਿੱਤੀ ਗਈ ਹੋਵੇ।  ਅਜਿਹਾ ਜਾਪਦਾ ਹੈ ਕਿ ‘‘ਰਾਮਦਾਸ ਸਰੋਵਰਿ ਨਾਤੇ ॥’’ ਤੁਕ ਦੇ ਅਰਥਾਂ ਨੂੰ ਵਿਚਾਰਨਾ, ਮਕਸਦ ਨਹੀਂ ਬਲਕਿ ਆਪਣੀ ਪ੍ਰਭੁਤਾ ਨੂੰ ਬਚਾਏ ਰੱਖਣਾ ਹੀ ਇੱਕ ਮਾਤਰ ਟੀਚਾ ਹੈ। ਇਸ ਹਥਲੇ ਲੇਖ ਰਾਹੀਂ ਗੁਰਬਾਣੀ ’ਚ ਦਰਜ ‘ਤੀਰਥ’ ਤੇ ‘ਸਰੋਵਰਿ’ ਸ਼ਬਦਾਂ ਦੇ ਬਹੁ ਪੱਖੀ ਅਰਥਾਂ ਨੂੰ ਵਿਚਾਰਨ ਦਾ ਯਤਨ ਕੀਤਾ ਜਾ ਰਿਹਾ ਹੈ।

ਵੈਸੇ ਤਾਂ ਗੁਰਬਾਣੀ ’ਚ ‘ਤੀਰਥ’ ਸ਼ਬਦ ਬਣਤਰ 8 ਪ੍ਰਕਾਰ (ਤੀਰਥ-115 ਵਾਰ, ਤੀਰਥਿ-42 ਵਾਰ, ਤੀਰਥੁ-25 ਵਾਰ, ਤੀਰਥਹ- 1 ਵਾਰ, ਤੀਰਥਾ- 2 ਵਾਰ, ਤੀਰਥਾਂ- 2 ਵਾਰ, ਤੀਰਥਾਏ- 1 ਵਾਰ ਤੇ ਤੀਰਥੀ- 2 ਵਾਰ) ਦਰਜ ਹੈ ਪਰ ‘ਤੀਰਥੁ’(ਅੰਤ ਔਂਕੜ) ਹੀ ਗੁਰਮਤਿ ਅਨੁਸਾਰੀ ਤੀਰਥ ਦੇ ਭਾਵਾਰਥਾਂ ਨੂੰ ਕਾਫ਼ੀ ਸਪਸ਼ਟ ਕਰ ਦਿੰਦਾ ਹੈ; ਜਿਵੇਂ ਕਿ

ਗੁਰੁ ਸਰੁ ਸਾਗਰੁ ਬੋਹਿਥੋ; ਗੁਰੁ ‘ਤੀਰਥੁ’ ਦਰੀਆਉ ॥ (ਮ: ੧/੧੭)

ਸਤਿਗੁਰੁ ਮਨ ਕਾਮਨਾ ‘ਤੀਰਥੁ’ ਹੈ; ਜਿਸ ਨੋ ਦੇਇ ਬੁਝਾਇ ॥ (ਮ: ੩/੨੬)

ਗੁਰੁ ‘ਤੀਰਥੁ’ ਗੁਰੁ ਪਾਰਜਾਤੁ; ਗੁਰੁ ਮਨਸਾ ਪੂਰਣਹਾਰੁ ॥ (ਮ: ੫/੫੨)

ਗੁਰਦੇਵ ‘ਤੀਰਥੁ’ ਅੰਮ੍ਰਿਤ ਸਰੋਵਰੁ; ਗੁਰ ਗਿਆਨ ਮਜਨੁ ਅਪਰੰਪਰਾ ॥ (ਮ: ੫/੨੫੦) ਆਦਿ।

ਗੁਰਬਾਣੀ; ਮਨੁੱਖਾ ਸਰੀਰਕ ਬੁਨਿਆਦ ਨੂੰ ਦੋ ਭਾਗਾਂ ’ਚ ਵੰਡ ਕੇ ਬਿਆਨ ਕਰਦੀ ਹੈ:

(ੳ) . ਸਥੂਲ ਸਰੀਰ (ਛੁਹਣਯੋਗ, ਵੱਡਾ, ਅਸਥਾਈ, ਆਕਾਰ ਰੂਪ)।

(ਅ). ਸੂਖਮ ਸਰੀਰ (ਅਦ੍ਰਿਸ਼, ਆਤਮਾ, ਰੂਹ, ਅਬਿਨਾਸ਼ੀ ਸ਼ਕਤੀ, ਜੋਤ)।

ਮਨੁੱਖਾ ਸਰੀਰ ਦੇ ਇਨ੍ਹਾਂ ਦੋਵੇਂ ਭਾਗਾਂ ਦਾ ਪੈਂਡਾ (ਰਸਤਾ, ਮੰਜ਼ਲ) ਅਲੱਗ-ਅਲੱਗ ਹੈ; ਜਿਵੇਂ ਕਿ ਸਥੂਲ ਸਰੀਰ ਦੀ ਬਣਤਰ ਪੰਜ ਤੱਤਾਂ (ਅੱਗ, ਪਾਣੀ, ਹਵਾ, ਮਿੱਟੀ ਤੇ ਸਪੇਸ ਭਾਵ ਅਕਾਸ਼) ਦੁਆਰਾ ਬਣੀ ਹੋਣ ਕਾਰਨ ਪੰਜ ਤੱਤਾਂ ’ਚ ਲੀਨਤਾ ਹੀ ਇਸ ਦੀ ਮੰਜ਼ਲ ਹੈ। ਬਾਬਾ ਫਰੀਦ ਜੀ ਦੇ ਵਚਨ ਹਨ ਕਿ ਗੋਰ (ਕਬਰ), ਸਥੂਲ ਸਰੀਰ ਨੂੰ ਆਵਾਜ਼ ਮਾਰਦੀ ਹੋਈ ਆਪਣੇ ਅਸਲ ਘਰ ਮਿੱਟੀ (ਮੌਤ, ਪੰਜ ਤੱਤਾਂ) ਦੀ ਯਾਦ ਕਰਵਾਉਂਦੀ ਹੈ, ਜਿਸ ਨੂੰ ਇਹ ਭੁੱਲ ਚੁੱਕਾ ਹੈ: ‘‘ਫਰੀਦਾ ! ਗੋਰ ਨਿਮਾਣੀ ਸਡੁ ਕਰੇ; ਨਿਘਰਿਆ ! ਘਰਿ ਆਉ ॥ ਸਰਪਰ ਮੈਥੈ ਆਵਣਾ; ਮਰਣਹੁ ਨਾ ਡਰਿਆਹੁ ॥’’ (ਬਾਬਾ ਫਰੀਦ/੧੩੮੨) ਪਦ ਅਰਥ: ਸਡੁ – ਅਵਾਜ਼, ਸਰਪਰ ਮੈਥੈ ਆਵਣਾ – ਮੇਰੇ ਪਾਸ ਜ਼ਰੂਰ ਆਉਣਾ ਪਵੇਗਾ। ਜਦਕਿ ਗੁਰੂ ਅਮਰਦਾਸ ਜੀ; ‘‘ਜਿਨਿ ਸਮੁੰਦੁ ਵਿਰੋਲਿਆ; ਕਰਿ ਮੇਰੁ ਮਧਾਣੁ ॥’’ (ਬਲਵੰਡ ਤੇ ਸਤਾ ਜੀ/੯੬੮) ਭਾਵ ਉਨ੍ਹਾਂ ਨੇ ਸਥੂਲ ਸਰੀਰ ਨੂੰ ਸੁਮੇਰ ਪਰਬਤ (ਉੱਚੀ ਸੁਰਤ) ਰੂਪ ਮਧਾਣੀ ਬਣਾ ਕੇ ਰਿੜਕਿਆ ਤੇ ਵਚਨ ਕੀਤੇ: ‘‘ਜਨਮ ਜਨਮ ਕੀ ਇਸੁ ‘ਮਨ’ ਕਉ ਮਲੁ ਲਾਗੀ; ਕਾਲਾ ਹੋਆ ਸਿਆਹੁ ॥’’ (ਮ: ੩/੬੫੧) ਪਦ ਅਰਥ: ਮਨ- ਸੂਖਮ ਸਰੀਰ। ਇਸ ਮਲ਼ੀਨ ਪਰਤ (ਧੁੰਦਲੇਪਣ) ਨੂੰ ਪਹਿਚਾਣ ਕੇ ‘‘ਮਨ ! ਤੂੰ ਜੋਤਿ ਸਰੂਪੁ ਹੈ; ਆਪਣਾ ਮੂਲੁ ਪਛਾਣੁ ॥’’ (ਮ: ੩/੪੪੧) ਦਾ ਵਾਸਤਾ ਪਾਇਆ। ਸੋ, ‘‘ਜੋਤੀ ਮਹਿ; ਜੋਤਿ ਰਲਿ ਜਾਇਆ ॥’’ (ਮ: ੫/੮੮੫) ਸੂਖਮ ਸਰੀਰ ਦੀ ਮੰਜ਼ਲ ਹੈ, ਨਾ ਕਿ ‘ਸਥੂਲ ਸਰੀਰ’ ਵਾਙ ਕਬਰ ਸਥਾਨ; ਜਿਵੇਂ ਕਿ ਇਸਲਾਮ ਮੰਨਦਾ ਹੈ: ‘‘ਗੋਰਾਂ ਸੇ ਨਿਮਾਣੀਆ; ਬਹਸਨਿ ਰੂਹਾਂ ਮਲਿ ॥’’ (ਬਾਬਾ ਫਰੀਦ/੧੩੮੩) ਪਦ ਅਰਥ: ਰੂਹਾਂ- ਸੂਖਮ ਸਰੀਰ, ਮਲਿ- ਮੱਲ ਕੇ।

ਗੁਰੂ ਨਾਨਕ ਸਾਹਿਬ ਜੀ ਤੀਰਥ ਇਸ਼ਨਾਨ (ਸਥੂਲ ਸਰੀਰ ਦੀ ਪਵਿੱਤਰਤਾ) ਅਤੇ ‘ਅੰਤਰਗਤਿ ਤੀਰਥਿ’ (ਸੂਖਮ ਸਰੀਰ ਦੀ ਪਵਿੱਤਰਤਾ) ਦੇ ਫ਼ਰਕ ਨੂੰ ਸਪਸ਼ਟ ਕਰਦੇ ਹੋਏ ਸਮਝਾਉਂਦੇ ਹਨ ਕਿ ਹਰੀ ਨਾਮ ਜਪ ਕੇ ਬਣੀ ਸੂਖਮ ਸਰੀਰ ਦੀ ਬਨਾਵਟ ਮੁਤਾਬਕ ਪ੍ਰਭੂ ਜੀ ਪ੍ਰਸੰਨ ਹੋ ਕੇ ਨਸੀਬ ਲਿਖਦੇ ਹਨ, ਨਾ ਕਿ ਸਥੂਲ ਸਰੀਰ ਦੀ ਪਵਿੱਤਰਤਾ ਮੁਤਾਬਕ: ‘‘ਨ ਭੀਜੈ; ਤੀਰਥਿ+ਭਵਿਐ ਨੰਗਿ ॥ ਨ ਭੀਜੈ; ਦਾਤਂੀ ਕੀਤੈ ਪੁੰਨਿ ॥ ….. (ਕਿਉਂਕਿ) ਲੇਖਾ ਲਿਖੀਐ; ਮਨ ਕੈ ਭਾਇ ॥ ਨਾਨਕ ! ਭੀਜੈ ਸਾਚੈ ਨਾਇ ॥’’ (ਮ: ੧/੧੨੩੭) ਪਦ ਅਰਥ: ਨ ਭੀਜੈ- ਰੱਬ ਨਾ ਪ੍ਰਸੰਨ ਹੁੰਦਾ, ਨੰਗਿ- ਨੰਗੇ ਹੋ ਕੇ, ਦਾਤਂੀ ਕੀਤੈ ਪੁੰਨਿ- ਪੁੰਨ-ਦਾਨ ਕੀਤਿਆਂ, ਮਨ ਕੈ ਭਾਇ- ਸੂਖਮ ਸਰੀਰ ਦੀ ਬਣਤਰ ਮੁਤਾਬਕ, ਨਾਇ ਨਾਮ ਦੀ ਰਾਹੀਂ।

(ਨੋਟ: ਉਕਤ ਕੀਤੀ ਗਈ ਵਿਚਾਰ ਉਪਰੰਤ ਦੋ ਹੋਰ ਨੁਕਤੇ ਵੀ ਧਿਆਨ ਮੰਗਦੇ ਹਨ ਤਾਂ ਜੋ ਸਥੂਲ ਸਰੀਰ (ਸ਼ਮਸ਼ਾਨ ਘਾਟ ਤੱਕ ਦੇ ਨਜਦੀਕ ਸਫ਼ਰ) ਦੇ ਮੁਕਾਬਲੇ ਸੂਖਮ ਸਰੀਰ ਦਾ ਸਫ਼ਰ ਭਾਵ ਮੰਜ਼ਲ (ਦੂਰ, ‘‘ਫਰੀਦਾ ਗਲੀਏ ਚਿਕੜੁ, ‘ਦੂਰਿ ਘਰੁ’; ਨਾਲਿ ਪਿਆਰੇ ਨੇਹੁ ॥’’ ੧੩੭੯) ਨੂੰ ਦਿੱਤੀ ਗਈ ਵਿਸ਼ੇਸ਼ਤਾ ਦਾ ਕਾਰਨ ਲੱਭ ਸਕੀਏ :

(ੳ). ਸੂਖਮ ਸਰੀਰ ਤੇ ਸਥੂਲ ਸਰੀਰ ਦੋਵੇਂ ਹੀ ਗੁਰਬਾਣੀ ਲਿਖਤ ਮੁਤਾਬਕ ਪੁਲਿੰਗ ਹਨ ਪਰ ਜਦ ਅਕਾਲ ਪੁਰਖ (ਪੁਲਿੰਗ) ਨਾਲ਼ ਸੂਖਮ ਸਰੀਰ ਨੂੰ ਤੁਲਨਾਤਮਿਕ ਵਿਚਾਰਿਆ ਜਾਏ ਤਾਂ ਮਰਦ (ਪੁਲਿੰਗ) ਤੇ ਔਰਤ (ਇਸਤ੍ਰੀ ਲਿੰਗ) ਭਾਵ ਦੋਵੇਂ ਲਿੰਗਾਂ ’ਚ ‘ਸੂਖਮ ਸਰੀਰ’ (ਆਤਮਾ ਭਾਵ ਜੋਤ) ਦਾ ਨਿਵਾਸ ਹੋਣ ਕਾਰਨ ‘ਸੂਖਮ ਸਰੀਰ’ ਨੂੰ ਹਮੇਸ਼ਾਂ ਇਸਤ੍ਰੀ ਲਿੰਗ ਮੰਨਿਆ ਜਾਂਦਾ ਹੈ; ਜਿਵੇਂ ‘‘ਇਸੁ ਜਗ ਮਹਿ ਪੁਰਖੁ ਏਕੁ ਹੈ; ਹੋਰ ਸਗਲੀ ਨਾਰਿ ਸਬਾਈ ॥ (ਮ: ੩/੫੯੧) ਪਦ ਅਰਥ: ਪੁਰਖੁ- ਅਕਾਲ ਪੁਰਖ (ਪੁਲਿੰਗ), ਸਗਲੀ ਨਾਰਿ ਸਬਾਈ- ਸਾਰੀ ਜੋਤ, ਸੂਖਮ ਸਰੀਰ (ਇਸਤ੍ਰੀ ਲਿੰਗ)।

ਇਸੇ ਕਾਰਨ ਗੁਰਬਾਣੀ ’ਚ ‘ਸਾਧਨ, ਕਾਮਣਿ ਜਾਂ ਕਾਮਨਿ, ਸੁਲਖਣੀ ਜਾਂ ਸੁਲਖਨੀ, ਕੁਲਖਣੀ ਜਾਂ ਕੁਲਖਨੀ’ ਆਦਿ ਇਸਤ੍ਰੀ ਲਿੰਗ ਸ਼ਬਦ ਕੇਵਲ ਔਰਤ ਜਾਤੀ (ਸਥੂਲ ਸਰੀਰ) ਲਈ ਨਹੀਂ ਬਲਕਿ ਮਰਦ (ਸਥੂਲ ਸਰੀਰ) ਲਈ ਵੀ ਬਰਾਬਰ ਮਤਲਬ ਰੱਖਦੇ ਹਨ।

(ਅ). ਗੁਰਮਤਿ ’ਚ ਸਥੂਲ ਸਰੀਰ ਦੀ ਬੁਨਿਆਦ ਦੇ ਮੁਕਾਬਲੇ ਸੂਖਮ ਸਰੀਰ (ਰੂਹਾਨੀਅਤ) ਦੀ ਨੀਂਹ ਨੂੰ ਮਹੱਤਵ ਦਿੱਤਾ ਜਾਂਦਾ ਹੈ; ਜਿਵੇਂ ਕਿ ਗੁਰੂ ਅਮਰਦਾਸ ਜੀ; ਗੁਰੂ ਨਾਨਕ ਸਾਹਿਬ ਜੀ ਤੋਂ ਸਰੀਰਕ ਉਮਰ (ਸਥੂਲ ਸਰੀਰ) ’ਚ 10 ਸਾਲ ਛੋਟੇ ਤੇ ਗੁਰੂ ਅੰਗਦ ਸਾਹਿਬ ਜੀ ਤੋਂ 25 ਸਾਲ ਵੱਡੇ ਸਨ ਪਰ ਰੂਹਾਨੀਅਤ (ਸੂਖਮ ਸਰੀਰ) ਸਫ਼ਰ ’ਚ ਗੁਰੂ ਅੰਗਦ ਸਾਹਿਬ ਜੀ ਤੋਂ ਪਿਛੇ (ਛੋਟੇ) ਹੋਣ ਕਾਰਨ ਬਾਬਾ ਸੱਤਾ/ਬਲਵੰਡ ਜੀ ਨੇ ਉਨ੍ਹਾਂ ਨੂੰ ਦਾਦੇ (ਗੁਰੂ ਨਾਨਕ) ਤੇ ਪਿਤਾ (ਗੁਰੂ ਅੰਗਦ) ਦੇ ਮੁਕਾਬਲੇ ਪੋਤਾ (ਗੁਰੂ ਅਮਰਦਾਸ) ਬਿਆਨ ਕੀਤਾ: ‘‘ਪਿਯੂ ਦਾਦੇ ਜੇਵਿਹਾ; ਪੋਤਾ ਪਰਵਾਣੁ ॥’’ (ਬਲਵੰਡ ਸਤਾ/੯੬੮) ਪਦ ਅਰਥ: ਜੇਵਿਹਾ- ਵਰਗਾ (ਸੂਖਮ ਸਰੀਰ)।

ਉਕਤ ਦਲੀਲ ਦਾ ਮਤਲਬ ਇਹੀ ਹੈ ਕਿ ਗੁਰਮਤਿ ਦਾ ਸੰਬੰਧ ਸੂਖਮ ਸਰੀਰ (ਆਤਮਾ, ਮਨ, ਜੀਵਾਤਮਾ) ਨਾਲ਼ ਹੈ, ਨਾ ਕਿ ਤੀਰਥਾਂ ਰਾਹੀਂ ਪਵਿੱਤਰ ਕੀਤੇ ਜਾ ਰਹੇ ਸਥੂਲ ਸਰੀਰ ਨਾਲ਼। ‘ਸਥੂਲ ਸਰੀਰ’ ਬਾਰੇ ਤਾਂ ਗੁਰਮਤਿ ਨੇ ਬੜੀ ਸਪਸ਼ਟ ਵਿਆਖਿਆ ਕੀਤੀ ਹੈ; ਜਿਵੇਂ

‘‘ਹਾਡ ਜਲੇ; ਜੈਸੇ ਲਕਰੀ ਕਾ ਤੂਲਾ ॥ ਕੇਸ ਜਲੇ; ਜੈਸੇ ਘਾਸ ਕਾ ਪੂਲਾ ॥ (ਭਗਤ ਕਬੀਰ/੮੭੦) ਪਦ ਅਰਥ: ਤੂਲਾ-ਗੱਠਾ।

ਹਾਡ ਮਾਸ ਨਾੜਂੀ ਕੋ ਪਿੰਜਰੁ, ਪੰਖੀ ਬਸੈ ਬਿਚਾਰਾ ॥ (ਭਗਤ ਰਵਿਦਾਸ/੬੫੯) ਪਦ ਅਰਥ: ਪਿੰਜਰੁ-ਸਥੂਲ ਸਰੀਰ, ਪੰਖੀ- ਸੂਖਮ ਸਰੀਰ। ਆਦਿ।

ਤੀਰਥ ਇਸ਼ਨਾਨ ਬਣਿਆ ਕਿਵੇਂ ?: ਗੁਰੂ ਨਾਨਕ ਸਾਹਿਬ ਜੀ ਦੇ ਵਚਨਾਂ ਮੁਤਾਬਕ 68 ਤੀਰਥ, ਦੇਵੀ-ਦੇਵਤਿਆਂ ਦੇ ਪੁਰਬ (ਇਤਿਹਾਸਿਕ ਦਿਹਾੜੇ) ਮਨਾਉਣ ਲਈ ਬਣਾਏ ਗਏ ਕਿਉਂਕਿ ਸੰਗਤਾਂ ਦੇ ਇਕੱਠ (ਸਥੂਲ ਸਰੀਰ) ਲਈ ਪਾਣੀ ਦੇ ਸਰੋਤ ਜ਼ਰੂਰੀ ਸਨ, ਇਸ ਸੰਗਤੀ ਇਕੱਤਰਤਾ ’ਚ ਸੂਖਮ ਸਰੀਰ ਦੀ ਖ਼ੁਰਾਕ ਕਥਾ ਵਾਰਤਾ ਹੁੰਦੀ ਸੀ: ‘‘ਅਠਸਠਿ ਤੀਰਥ ਦੇਵੀ ਥਾਪੇ; ਪੁਰਬੀ ਲਗੈ ਬਾਣੀ ॥ (ਮ: ੧/੧੫੦) ਪਦ ਅਰਥ: ਪੁਰਬੀ ਲਗੈ ਬਾਣੀ- ਜਿੱਥੇ ਪੁਰਬ ਮਨਾਏ ਜਾਂਦੇ ਤੇ ‘ਬਾਣੀ’ ਭਾਵ ਕਥਾ ਹੁੰਦੀ ਸੀ। ਅਜਿਹੀ ਹੀ ਪੰਥਕ ਇਕੱਤਰਤਾ, ਜਿੱਥੇ ਪਾਣੀ ਦੀ ਸੁਵਿਧਾ ਹੋਵੇ, ਨੂੰ ਮੁੱਖ ਰੱਖਦਿਆਂ ਸਿੱਖ ਇਤਿਹਾਸ ’ਚ ਦੀਵਾਲੀ ਤੇ ਵਿਸਾਖੀ ਨੂੰ ਸੰਗਤਾਂ ਦਰਬਾਰ ਸਾਹਿਬ (ਅੰਮ੍ਰਿਤਸਰ) ਇਕੱਤਰ ਹੁੰਦੀਆਂ ਰਹੀਆਂ ਹਨ, ਜਿੱਥੇ ਜਿੱਥੇ ਜਾਤ-ਪਾਤ ਦੇ ਭਿੰਨ-ਭੇਦ ਨੂੰ ਦੂਰ ਕਰਨ ਦੇ ਨਾਲ਼-ਨਾਲ਼ ਪਾਣੀ ਦੀ ਕਮੀ ਨੂੰ ਵੀ ਦੂਰ ਕਰਨ ਲਈ ‘ਸਰੋਵਰ’ ਬਣਾਇਆ ਗਿਆ।

(ਨੋਟ: ਉਕਤ ਵਿਚਾਰ ਮੁਤਾਬਕ 68 ਹਿੰਦੂ ਤੀਰਥ ਤੇ ਸਿੱਖ ਇਤਿਹਾਸਿਕ ਸਰੋਵਰਾਂ ਦੀ ਹੋਂਦ ਦਾ ਕਾਰਨ ਸੰਗਤਾਂ ਲਈ ਪਾਣੀ ਉਪਲਬਧ ਕਰਵਾਉਣਾ ਹੈ, ਜੋ ਕਿ ਅਤਿ ਜ਼ਰੂਰੀ ਹੈ; ਜਿਵੇਂ ‘‘ਨਾਇ ਨਿਵਾਜਾ, ਨਾਤੈ ਪੂਜਾ; ਨਾਵਨਿ ਸਦਾ ਸੁਜਾਣੀ ॥’’ (ਮ: ੧/੧੫੦) ਪਦ ਅਰਥ: ਨਾਇ ਨਿਵਾਜਾ – ਨ੍ਹਾਇ ਕੇ ਨਮਾਜ਼ ਪੜੀਦੀ, ਸੁਜਾਣੀ-ਸਮਝਦਾਰ ਲੋਕ।

ਧਿਆਨ ਰਹੇ ਕਿ ਹਿੰਦੂ ਤੀਰਥਾਂ ਅਤੇ ਗੁਰੂ ਘਰਾਂ ’ਚ ਹੋਣ ਵਾਲ਼ੀ ਕਥਾ-ਵਾਰਤਾ ਦੇ ਵਿਸ਼ਿਆਂ ’ਚ ਬਹੁਤ ਹੀ ਬੁਨਿਆਦੀ ਅੰਤਰ ਹੈ, ਜਿਸ ਦਾ ਵਰਣਨ ਕਰਨਾ, ਇਸ ਲੇਖ ਦਾ ਭਾਗ ਨਹੀਂ।

ਗੁਰਬਾਣੀ; ਮਨੁੱਖੀ ਮਾਨਸਿਕਤਾ ਉੱਤੇ ਪ੍ਰਭਾਵ ਪਾਉਣ ਵਾਲ਼ੀਆਂ ਸ਼ਖ਼ਸੀਅਤਾਂ, ਜੋ ਕਿ ਇਸ ਸੰਸਾਰ ਤੋਂ ਕੂਚ ਕਰ ਚੁੱਕੀਆਂ ਹਨ, ਉਨ੍ਹਾਂ ਦੇ ਅਸਤਿਤਵ (ਵਜੂਦ) ਤੇ ਆਚਰਨ ਬਾਰੇ ਕੋਈ ਫ਼ੈਸਲਾ ਨਹੀਂ ਦਿੰਦੀ ਬਲਕਿ ਉਨ੍ਹਾਂ ਦੁਆਰਾ ਪੈ ਰਹੇ ਸਮਾਜਿਕ ਪ੍ਰਭਾਵ ਨੂੰ ਸਕਾਰਾਤਮਕ ਤਰੀਕੇ ਨਾਲ਼ ਖ਼ਤਮ ਕਰਦੀ ਹੈ, ਜਿਸ ਦੀ ਇੱਕ ਮਿਸਾਲ ਹੈ: ‘‘ਗਾਵਹਿ ਈਸਰੁ ਬਰਮਾ ਦੇਵੀ; ਸੋਹਨਿ ਸਦਾ ਸਵਾਰੇ ॥…. ਗਾਵਹਿ ਇੰਦ ਇਦਾਸਣਿ ਬੈਠੇ; ਦੇਵਤਿਆ ਦਰਿ, ਨਾਲੇ ॥’’ (ਜਪੁ) ਭਾਵ ਹੇ ਪ੍ਰਭੂ ! ਤੈਨੂੰ ਤਮਾਮ ਉਹ ਸ਼ਖ਼ਸੀਅਤਾਂ ਵੀ ਗਾਉਂਦੀਆਂ ਹਨ, ਜਿਨ੍ਹਾਂ ਦੇ ਪ੍ਰਭਾਵ ਨੂੰ ਸਮਾਜ ਨੇ ਵਿਸ਼ੇਸ਼ ਮਹੱਤਵ ਦਿੱਤਾ।)

ਉਕਤ ਦ੍ਰਿਸ਼ਟਾਂਤ ਵਾਙ ਹੀ ਗੁਰੂ ਨਾਨਕ ਸਾਹਿਬ ਜੀ ਦੇ ਵਚਨ ਹਨ ਕਿ ਸੂਖਮ ਸਰੀਰ ਦੀ ਖ਼ੁਰਾਕ (ਕਥਾ-ਵਾਰਤਾ ਜਾਂ ਰੱਬੀ ਮਿਲਾਪ) ਕਰਨ ਲਈ ਦੇਵਤਿਆਂ (ਸਥੂਲ ਸਰੀਰਾਂ) ਨੇ ਵੀ ਭੁੱਖਾਂ-ਤ੍ਰੇਹਾਂ ਕੱਟੀਆਂ ਤੇ ਤੀਰਥ ਗਮਨ ਕੀਤੇ: ‘‘ਦੇਵਤਿਆ ਦਰਸਨ ਕੈ ਤਾਈ; ਦੂਖ ਭੂਖ ਤੀਰਥ ਕੀਏ ॥’’ (ਮ: ੧/੩੫੮) ਪਦ ਅਰਥ: ਤਾਈ – ਵਾਸਤੇ। ਪਰ ਇਨ੍ਹਾਂ ਪੁਰਬਾਂ ’ਚ ਹੌਲ਼ੀ- ਹੌਲ਼ੀ ਕਥਾ ਵਾਰਤਾ (ਸੂਖਮ ਖ਼ੁਰਾਕ) ਅਲੋਪ ਹੁੰਦੀ ਗਈ, ਜਿਸ ਦੀ ਜਗ੍ਹਾ ਸਥੂਲ ਸਰੀਰ ਦੀ ਪਵਿੱਤਰਤਾ ਦੇ ਵਹਿਮ ਨੇ ਲੈ ਲਈ। ਗੁਰੂ ਅਮਰਦਾਸ ਜੀ ਨੇ ਇਸ ਭਰਮ ਨੂੰ ਤੋੜਨ ਲਈ ਵਚਨ ਕੀਤਾ ਕਿ ‘ਜਤੁ ਸੰਜਮ ਤੀਰਥ’ ਆਦਿ ਕਰਮ, ਕਲਿਯੁਗ ’ਚ ਸਫਲ ਨਹੀਂ ਹਨ ਬਲਕਿ ਪਿਛਲੇ (ਸਤਿਯੁਗ, ਤ੍ਰੇਤਾ, ਦੁਆਪਰ) ਨਾਲ਼ ਸੰਬੰਧਿਤ ਰੀਤਾਂ-ਰਸਮਾ ਸੀ ਕਿਉਂਕਿ ਗੁਰੂ ਘਰ ਦੀ ਮਰਯਾਦਾ ਹੈ ਕਿ ਲਕੀਰ ਮਿਟਾਉਣੀ ਨਹੀਂ ਬਲਕਿ ਉਸ ਦੇ ਮੁਕਾਬਲੇ ਵੱਡੀ ਖਿੱਚਣੀ ਹੈ: ‘‘ਜਤੁ ਸੰਜਮ ਤੀਰਥ, ਓਨਾ ਜੁਗਾ ਕਾ ਧਰਮੁ ਹੈ; ਕਲਿ ਮਹਿ ਕੀਰਤਿ ਹਰਿ ਨਾਮਾ ॥’’ (ਮ: ੩/੭੯੭)

ਉਕਤ ਕਰਮਕਾਂਡ ਨੂੰ ਧਿਆਨ ਨਾਲ਼ ਵੇਖਦਿਆਂ ਭਗਤ ਕਬੀਰ ਜੀ ਬੜੀ ਹੀ ਮਹੱਤਵਪੂਰਨ ਦਲੀਲ ਰੱਖਦੇ ਹਨ ਕਿ ‘‘ਝਗਰਾ ਏਕੁ, ਨਿਬੇਰਹੁ ਰਾਮ ! ॥ ਜਉ ਤੁਮ, ਅਪਨੇ ਜਨ ਸੌ ਕਾਮੁ ॥੧॥ ਰਹਾਉ ॥ ਇਹੁ ਮਨੁ ਬਡਾ ਕਿ ਜਾ ਸਉ ਮਨੁ ਮਾਨਿਆ ? ॥ ਰਾਮੁ ਬਡਾ ਕੈ ਰਾਮਹਿ ਜਾਨਿਆ ? ॥੧॥ ਬ੍ਰਹਮਾ ਬਡਾ ਕਿ ਜਾਸੁ ਉਪਾਇਆ ? ॥ ਬੇਦੁ ਬਡਾ ਕਿ ਜਹਾਂ ਤੇ ਆਇਆ ? ॥੨॥ ਕਹਿ ਕਬੀਰ ਹਉ ਭਇਆ ਉਦਾਸੁ ॥ ‘ਤੀਰਥੁ’ ਬਡਾ ਕਿ ਹਰਿ ਕਾ ਦਾਸੁ ? ॥੩॥’’ (੩੩੧) ਪਦ ਅਰਥ: ਸੌ- ਨਾਲ਼,ਰਾਮਹਿ ਜਾਨਿਆ- ਜਿਸ ਨੇ ਰਾਮ ਨੂੰ ਜਾਣ ਲਿਆ। ਇਸ ਸ਼ਬਦ ’ਚ ‘ਰਾਮ’ (ਸਰਵ ਵਿਆਪਕ) ਨੂੰ ਸੰਬੋਧਨ ਕਰਦਿਆਂ ਦੋ ਵਿਸ਼ੇ ਤੁਲਨਾਤਮਿਕ ਪੱਖੋਂ ਲਏ ਗਏ; ਜਿਵੇਂ ਕਿ ‘ਮਨ ਵੱਡਾ ਹੈ ਜਾਂ ਜਿਸ ਨਾਲ਼ ਇਸ ਦਾ ਸੰਬੰਧ ਜੁੜਿਆ (ਕਿਉਂਕਿ ਸੰਬੰਧ ਆਪਣੇ ਤੋਂ ਛੋਟੇ ਨਾਲ਼ ਘੱਟ ਹੀ ਜੁੜਦਾ ਹੈ), ਦਰਸ਼ਥ ਪੁੱਤਰ ਰਾਮ ਵੱਡਾ ਹੈ ਜਾਂ ਜਿਸ ਨੇ ਸਰਬ ਵਿਆਪਕ ਰਾਮ ਨੂੰ ਜਾਣ ਲਿਆ (ਕਿਉਂਕਿ ‘‘ਕਬੀਰ ! ਰਾਮੈ ਰਾਮ ਕਹੁ; ਕਹਿਬੇ ਮਾਹਿ ਬਿਬੇਕ ॥ ਏਕੁ ਅਨੇਕਹਿ ਮਿਲਿ ਗਇਆ; ਏਕ ਸਮਾਨਾ ਏਕ ॥’’ ੧੩੭੪)ਪਦ ਅਰਥ: ਏਕੁ ਅਨੇਕਹਿ ਮਿਲਿ ਗਇਆ- ਇੱਕ ਰਾਮ ਸਰਬ ਵਿਆਪਕ, ਏਕ ਸਮਾਨਾ ਏਕ- ਇੱਕ ਰਾਮ ਕੇਵਲ ਦਸ਼ਰਥ ਪੁੱਤਰ। ਬ੍ਰਹਮਾ ਵੱਡਾ ਹੈ ਜਾਂ ਜਿਸ ਨੇ ਉਸ ਨੂੰ ਪੈਦਾ ਕੀਤਾ ਉਹ ਵੱਡਾ ਹੈ, ਵੇਦ (ਗਿਆਨ) ਵੱਡਾ ਹੈ ਜਾਂ ਜਿੱਥੋਂ ਗਿਆਨ ਆਇਆ ਉਹ ਵੱਡਾ ਹੈ।, ਤੀਰਥ ਵੱਡਾ ਹੈ ਜਾਂ ਉੱਥੇ ਜਾਣ ਵਾਲ਼ਾ ਤੀਰਥ ਯਾਤ੍ਰੀ (ਰੱਬੀ ਭਗਤ) ਵੱਡਾ ਹੈ ?

ਉਕਤ ਤਮਾਮ ਸਵਾਲਾਂ ਦੇ ਜਵਾਬ ਹਨ ਕਿ ਜੋ ਤੁਲਨਾਤਮਿਕ ਪੱਖੋਂ ਪਹਿਲਾਂ ਦਰਜ ਕੀਤੇ ਗਏ ਉਹ ਛੋਟੇ ਹਨ ਤੇ ਜੋ ਬਾਅਦ ’ਚ ਦਰਜ ਕੀਤੇ ਉਹ ਤਮਾਮ ਵੱਡੇ ਹਨ; ਤਾਂ ਤੇ ‘ਤੀਰਥ’ ਨਾਲ਼ੋਂ ‘ਤੀਰਥ ਯਾਤ੍ਰੀ’ ਵੱਡਾ ਹੈ ਕਿਉਂਕਿ ਉਸ ਦਾ ਟੀਚਾ ਕਥਾ-ਵਾਰਤਾ (ਸੂਖਮ ਸਰੀਰ ਦੀ ਪਵਿੱਤਰਤਾ) ਹੈ, ਨਾ ਕਿ ‘ਤੀਰਥ’ (ਸਥੂਲ ਸਰੀਰ ਦੀ ਪਵਿੱਤਰਤਾ ਦਾ ਸਰੋਤ)।

ਪੂਰੇ ਸ਼ਬਦ ਦੇ ਤੱਤ-ਸਾਰ ਵਾਲ਼ੀ ਤੁਕ ‘‘ਜਉ ਤੁਮ, ਅਪਨੇ ਜਨ ਸੌ ਕਾਮੁ ॥੧॥ ਰਹਾਉ ॥’’ ਦਾ ਮਤਲਬ ਹੈ ਕਿ (ਹੇ ਰਾਮ!) ਜੇ ਤੈਨੂੰ ਆਪਣੇ ਸੇਵਕ ਨਾਲ਼ ਸੰਬੰਧ ਹੈ ਭਾਵ ਆਪਣੇ ਚਰਨਾਂ ਨਾਲ਼ ਜੋੜਨਾ ਹੈ। ਧਿਆਨ ਰਹੇ ਕਿ ਰੱਬੀ ਚਰਨਾਂ ਨਾਲ਼ ‘ਸੂਖਮ ਸਰੀਰ’ ਜੁੜਦਾ ਹੈ, ਨਾ ਕਿ ‘ਸਥੂਲ ਸਰੀਰ’। ‘ਸਥੂਲ ਸਰੀਰ’ ਗੁਰੂ ਦੇ ਨੇੜੇ ਰਹੇ ਜਾਂ ਦੂਰ, ਮਹੱਤਵ ਬਰਾਬਰ ਮਿਲਦਾ ਹੈ; ਜਿਵੇਂ ਕਿ ‘‘ਗੁਰ ਸਭਾ ਏਵ ਨ ਪਾਈਐ; ਨਾ ਨੇੜੈ, ਨਾ ਦੂਰਿ ॥ ਨਾਨਕ ! ਸਤਿਗੁਰੁ ਤਾਂ ਮਿਲੈ; ਜਾ ਮਨੁ ਰਹੈ ਹਦੂਰਿ ॥’’ (ਮ: ੩/੮੪) ਪਦ ਅਰਥ: ਦੂਰਿ- ਗੁਰੂ ਤੋਂ ਸਥੂਲ ਸਰੀਰ ਕਰਕੇ ਦੂਰ ਬੈਠਿਆਂ, ਮਨੁ- ਸੂਖਮ ਸਰੀਰ, ਹਦੂਰਿ- ਨੇੜੇ। ਇਹੀ ਕਬੀਰ ਜੀ ਦਾ ‘‘ਝਗਰਾ ਏਕੁ, ਨਿਬੇਰਹੁ ਰਾਮ ! ॥’’ ਸਵਾਲ ਸੀ।

ਗੁਰੂ ਰਾਮਦਾਸ ਜੀ ਇਸ ਵਿਸ਼ੇ ਨੂੰ ਇਉਂ ਖੋਲ੍ਹਦੇ ਹਨ: ‘‘ਜਿਤਨੇ ਤੀਰਥ ਦੇਵੀ ਥਾਪੇ; ਸਭਿ ਤਿਤਨੇ ਲੋਚਹਿ, ਧੂਰਿ ਸਾਧੂ ਕੀ ਤਾਈ ॥’’ (ਮ: ੪/੧੨੬੩) ਪਦ ਅਰਥ: ਧੂਰਿ ਸਾਧੂ ਕੀ ਤਾਈ- ਭਗਤ ਦੀ ਚਰਨ-ਧੂੜ ਨੂੰ। ਭਾਵ ‘ਤੀਰਥ’ ਦੀ ਮਹੱਤਤਾ ‘ਭਗਤਾਂ’ ਕਰਕੇ ਹੈ, ਨਾ ਕਿ ਭਗਤਾਂ (ਸੂਖਮ ਪਵਿੱਤਰਤਾ) ਦੀ ਮਹੱਤਤਾ ‘ਤੀਰਥ’ (ਸਥੂਲ ਸਰੀਰ ਦੀ ਪਵਿੱਤਰਤਾ ਦੋ ਸਰੋਤ) ਕਾਰਨ, ਕਿਉਂਕਿ ‘‘ਸਚੁ ਤਾਂ ਪਰੁ ਜਾਣੀਐ; ਜਾ, ‘ਆਤਮ-ਤੀਰਥਿ’ ਕਰੇ ਨਿਵਾਸੁ ॥’’ (ਮ: ੧/੪੬੮) ਪਦ ਅਰਥ: ‘ਆਤਮ-ਤੀਰਥਿ’- ਸੂਖਮ ਸਰੀਰ ਉੱਤੇ।

ਹਿੰਦੂ ਤੀਰਥ ਇਸ਼ਨਾਨ ਕਰਨ ਬਾਬਤ ਕੁਝ ਇਛਾਵਾਂ ਸਨ, ਜਿਨ੍ਹਾਂ ਦਾ ਵੇਰਵਾ ਇਸ ਪ੍ਰਕਾਰ ਹੈ:

(1). ਮਨ ਦੀ ਇੱਛਾ ਹੈ ਕਿ ਤੀਰਥਾਂ (ਸਥੂਲ ਸਰੀਰ ਨੂੰ ਪਵਿੱਤਰ ਕਰਨ ਵਾਲ਼ੀ ਜਗ੍ਹਾ) ਉੱਤੇ ਜਾ ਕੇ ਮਰਾਂ: ਮਨ ਕਾਮਨਾ ‘ਤੀਰਥ’ ਦੇਹ ਛੁਟੈ ॥ (ਗਉੜੀ ਸੁਖਮਨੀ /ਮ: ੫/੨੬੫)

(2). ਸੁਰਗ ਦੀ ਪ੍ਰਾਪਤੀ ਲਈ ਸਥੂਲ ਸਰੀਰ ਪਵਿੱਤਰ ਕਰਨਾ, ਜ਼ਰੂਰੀ ਦੱਸਿਆ ਗਿਆ: ਅੰਤਰਿ ਮੈਲੁ, ਜੇ ‘ਤੀਰਥ’ ਨਾਵੈ; ਤਿਸੁ ਬੈਕੁੰਠ ਨ ਜਾਨਾਂ ॥ (ਭਗਤ ਕਬੀਰ/੪੮੪)

(3). ਸਥੂਲ ਸਰੀਰ ਦੀ ਪਵਿੱਤਰਤਾ ਨਾਲ਼ ਦੁਬਿਧਾ ਦਾ ਨਾਸ਼ ਹੋਵੇਗਾ, ਕਿਹਾ ਗਿਆ: ਤਟ ‘ਤੀਰਥ’ ਸਭ ਧਰਤੀ ਭ੍ਰਮਿਓ; ਦੁਬਿਧਾ ਛੁਟਕੈ ਨਾਹੀ ॥ (ਮ: ੫/੬੪੧)

(4). ਮਨ ਕਾਬੂ ਕਰਨ ਲਈ ਸਥੂਲ ਸਰੀਰ ਪਵਿੱਤਰ ਕਰਨਾ ਤੇ ਵਰਤ ਰੱਖੇ ਜਾ ਰਹੇ ਸੀ: ‘ਤੀਰਥ’ ਕਰੈ, ਬ੍ਰਤ ਫੁਨਿ ਰਾਖੈ; ਨਹ ਮਨੂਆ ਬਸਿ ਜਾ ਕੋ ॥ (ਮ: ੯/੮੩੧) ਪਦ ਅਰਥ: ਫੁਨਿ-ਭੀ।

(5). ਸੂਖਮ ਸਰੀਰ ਦੀ ਮੈਲ਼, ਸਥੂਲ ਸਰੀਰ ਦੀ ਪਵਿੱਤਰ ਕਰਨ ਨਾਲ਼ ਉਤਾਰੀ ਜਾ ਰਹੀ ਸੀ: ‘ਤੀਰਥ’ ਨਾਇ, ਨ ਉਤਰਸਿ ਮੈਲੁ ॥ (ਮ: ੫/੮੯੦)

(6). ਪਾਪ ਕਰਹਿ ਪੰਚਾਂ ਕੇ ਬਸਿ ਰੇ ॥ ਤੀਰਥਿ ਨਾਇ; ਕਹਹਿ ਸਭਿ ਉਤਰੇ ॥ (ਮ: ੫/੧੩੪੮) ਪਦ ਅਰਥ: ਨਾਇ- ਨ੍ਹਾ ਕੇ, ਆਦਿ।

ਅਗਿਆਨਤਾਵੱਸ ਜਾਂ ਮਜਬੂਰੀ ’ਚ ਲੋਕਾਈ ਨੇ ਅਨੇਕਾਂ ਕਸ਼ਟਦਾਇਕ ਕਰਮ ਕਰਨੇ ਵੀ ਪ੍ਰਵਾਨ ਕਰ ਲਏ ਸਨ; ਜਿਵੇਂ

(ੳ). ਬਾਨਾਰਸੀ ਤਪੁ ਕਰੈ, ਉਲਟਿ ‘ਤੀਰਥ’ ਮਰੈ; ਅਗਨਿ ਦਹੈ, ਕਾਇਆ ਕਲਪੁ ਕੀਜੈ ॥ (ਭਗਤ ਨਾਮਦੇਵ/੯੭੩) ਪਦ ਅਰਥ: ਅਗਨਿ ਦਹੈ- ਅੱਗ ਵਿੱਚ ਸਥੂਲ ਸਰੀਰ ਸੜੇ, ਕਲਪੁ-ਇਲਾਜ।

(ਅ). ਅਸੁਮੇਧ ਜਗੁ ਕੀਜੈ, ਸੋਨਾ ਗਰਭ ਦਾਨੁ ਦੀਜੈ; ਰਾਮ ਨਾਮ ਸਰਿ ਤਊ ਨ ਪੂਜੈ ॥ (ਭਗਤ ਨਾਮਦੇਵ/੯੭੩) ਪਦ ਅਰਥ: ਸਰਿ- ਬਰਾਬਰ।

(ੲ). ਭਸਮ ਲਗਾਇ ‘ਤੀਰਥ’ ਬਹੁ ਭ੍ਰਮਤੇ; ਸੂਖਮ ਦੇਹ, ਬੰਧਹਿ ਬਹੁ ਜਟੂਆ ॥ (ਮ: ੫/੧੩੮੯) ਪਦ ਅਰਥ: ਲਗਾਇ- ਲਗਾ ਕੇ, ਸੂਖਮ ਦੇਹ- ਕਮਜ਼ੋਰ ਹੋਇਆ ਸਰੀਰ, ਜਟੂਆ-ਜਟਾਂਧਾਰੀ ਹੋ ਕੇ, ਆਦਿ।

ਉਕਤ ਆਸਥਾ (ਅੰਧਵਿਸ਼ਵਾਸ) ਨਾਲ਼ ਇੱਛਾ ਦੀ ਪੂਰਤੀ ਹੋਣੀ ਤਾਂ ਦੂਰ ਰਹੀ ਬਲਕਿ ਇਸ ਖ਼ੱਜਲ-ਖ਼ੁਆਰੀ (ਭੱਜ-ਨੱਠ) ਦਾ ਵਰਣਨ; ਗੁਰਬਾਣੀ ਨੇ ਇਉਂ ਕੀਤਾ:

‘ਤੀਰਥ’ ਨਾਤਾ ਕਿਆ ਕਰੇ ? ਮਨ ਮਹਿ ਮੈਲੁ ਗੁਮਾਨੁ ॥ (ਮ: ੧/੬੧) ਪਦ ਅਰਥ: ਨਾਤਾ- ਨ੍ਹਾਤਾ। ਭਾਵ ਸੂਖਮ ਸਰੀਰ ਦੀ ਮੈਲ਼, ਸਥੂਲ ਸਰੀਰ ਨੂੰ ਪਵਿੱਤਰ ਕੀਤਿਆਂ ਨਹੀਂ ਉਤਰਦੀ।

ਅਠਸਠਿ ‘ਤੀਰਥ’ ਜੇ ਨਾਵਹਿ; ਉਤਰੈ ਨਾਹੀ ਮੈਲੁ ॥ (ਮ: ੧/੪੭੩)

ਸਚੇ ਮੈਲੁ ਨ ਲਗਈ; ਮਲੁ ਲਾਗੈ ਦੂਜੈ ਭਾਇ ॥ ਧੋਤੀ ਮੂਲਿ ਨ ਉਤਰੈ; ਜੇ ਅਠਸਠਿ ‘ਤੀਰਥ’ ਨਾਇ ॥ (ਮ: ੩/੮੭) ਪਦ ਅਰਥ: ਜੇ- ਭਾਵੇਂ। ਭਾਵ ਸੱਚੇ ਤੋਂ ਦੂਰੀ ਬਣਾ ਕੇ ਹੋਰ ਨਾਲ਼ ਪਾਇਆ ਪਿਆਰ ਹੀ ਸੂਖਮ ਸਰੀਰ ਦੀ ਮੈਲ਼ ਦਾ ਕਾਰਨ ਹੈ। ਦੁਬਾਰਾ ਸੱਚੇ ਨਾਲ਼ ਜੁੜ ਕੇ ਮੈਲ਼ ਉਤਰੇਗੀ, ਪਰ ਜੁੜੇਗਾ ‘ਸੂਖਮ ਸਰੀਰ’, ਨਾ ਕਿ ‘ਸਥੂਲ ਸਰੀਰ’।

(ਨੋਟ: ‘ਸੂਖਮ ਸਰੀਰ’ ਦਾ ਪਿਆਰ ਰੂਹਾਨੀਅਤ ਨਾਲ਼ ਸੰਬੰਧਿਤ ਹੈ ਜਦਕਿ ‘ਸਥੂਲ ਸਰੀਰ’ ਦਾ ਪਿਆਰ ਕਮਾਦਿਕ ਪੂਰਤੀ ਹੈ।)

ਅਨੇਕ ‘ਤੀਰਥ’ ਜੇ ਜਤਨ ਕਰੈ; ਤਾ ਅੰਤਰ ਕੀ ਹਉਮੈ ਕਦੇ ਨ ਜਾਇ ॥ (ਮ: ੩/੪੯੧) ਪਦ ਅਰਥ: ਅੰਤਰ-ਸੂਖਮ ਸਰੀਰ।

ਮਨ ਕਾਮਨਾ ‘ਤੀਰਥ’ ਜਾਇ ਬਸਿਓ; ਸਿਰਿ ਕਰਵਤ ਧਰਾਏ ॥ ਮਨ ਕੀ ਮੈਲੁ ਨ ਉਤਰੈ ਇਹ ਬਿਧਿ; ਜੇ ਲਖ ਜਤਨ ਕਰਾਏ ॥ (ਮ: ੫/੬੪੨) ਪਦ ਅਰਥ: ਸਿਰਿ ਕਰਵਤ-ਸਥੂਲ ਸਰੀਰ ਦੇ ਸਿਰ ਉੱਤੇ ਆਰਾ, ਮਨ-ਸੂਖਮ ਸਰੀਰ, ਜੇ- ਬੇਸ਼ੱਕ।

ਕਹਾ ਭਇਓ ‘ਤੀਰਥ’ ਬ੍ਰਤ ਕੀਏ ? ਰਾਮ ਸਰਨਿ ਨਹੀ ਆਵੈ ॥ (ਮ: ੯/੮੩੦) ਪਦ ਅਰਥ: ਕਹਾ ਭਇਓ- ਕੀ ਹੋਇਆ?

ਨਾਵਨ ਕਉ ‘ਤੀਰਥ’ ਘਨੇ ਮਨ ਬਉਰਾ ਰੇ ! ਪੂਜਨ ਕਉ ਬਹੁ ਦੇਵ ॥ ਕਹੁ ਕਬੀਰ ਛੂਟਨੁ ਨਹੀ, ਮਨ ਬਉਰਾ ਰੇ! ਛੂਟਨੁ ਹਰਿ ਕੀ ਸੇਵ ॥ (ਭਗਤ ਕਬੀਰ/੩੩੬)

ਏਕਾਦਸੀ ਬ੍ਰਤੁ ਰਹੈ; ਕਾਹੇ ਕਉ ‘ਤੀਰਥ’ ਜਾੲਂੀ ? ॥ (ਭਗਤ ਨਾਮਦੇਵ/੭੧੮) ਆਦਿ।

(ਨੋਟ: ਧਿਆਨ ਰਹੇ ਕਿ ਉਕਤ ਅਪ੍ਰਵਾਨ ਕੀਤੇ ਜਾ ਰਹੇ ਤਮਾਮ ‘ਤੀਰਥ’ (ਸਥੂਲ ਸਰੀਰ ਨੂੰ ਪਵਿੱਤਰ ਕਰਨ ਵਾਲ਼ੀਆਂ ਥਾਵਾਂ) ਦੀ ਲਿਖਤ ਬਣਤਰ ਅੰਤ ਮੁਕਤਾ (ਬਹੁ ਵਚਨ) ਹੈ, ਨਾ ਕਿ ਗੁਰਮਤਿ ਅਨੁਸਾਰੀ ‘ਤੀਰਥੁ’ ਅੰਤ ਔਂਕੜ, ਇੱਕ ਵਚਨ।)

ਮਨੁੱਖਾ ਜੀਵਨ ਬਸਰ ਕਰਦਿਆਂ ਆਸਥਾ ਲਈ ਲਗਾਏ ਗਏ ਸਮੇਂ ਦਾ ਲਾਭ ਤਾਂ ਹੈ ਜੇਕਰ ਕੀਤੀ ਗਈ ਕਮਾਈ ਆਖ਼ਰ ਮਦਦਗਾਰ ਬਣੇ, ਪਰ ਉਕਤ ਤਮਾਮ ਕਰਮਕਾਂਡਾਂ ਦੇ ਨਿਹਫਲ਼ ਨੂੰ ਗੁਰਬਾਣੀ ਇਉਂ ਬਿਆਨ ਕਰਦੀ ਹੈ:

ਜਪੁ ਤਪੁ ਸੰਜਮੁ ਸਾਧੀਐ; ਤੀਰਥਿ ਕੀਚੈ ਵਾਸੁ ॥ ਪੁੰਨ ਦਾਨ ਚੰਗਿਆਈਆ; ਬਿਨੁ ਸਾਚੇ ਕਿਆ ਤਾਸੁ ॥ ਜੇਹਾ ਰਾਧੇ, ਤੇਹਾ ਲੁਣੈ; ਬਿਨੁ ਗੁਣ, ਜਨਮੁ ਵਿਣਾਸੁ ॥ (ਮ: ੧/੫੬) ਪਦ ਅਰਥ: ਤੀਰਥਿ- ਤੀਰਥ ਉੱਤੇ, ਕਿਆ ਤਾਸੁ- ਕੀ ਉਸ ਦਾ ਲਾਭ ?, ਰਾਧੇ- ਬੀਜੇ, ਤੇਹਾ ਲੁਣੈ- ਵੈਸਾ ਹੀ ਵੱਢਦਾ, ਵਿਣਾਸੁ- ਅਜਾਈਂ ਗਿਆ।

ਤੀਰਥਿ ਨਾਇ ਅਰੁ ਧਰਨੀ ਭ੍ਰਮਤਾ; ਆਗੈ ਠਉਰ ਨ ਪਾਵੈ ॥ (ਮ: ੫/੨੧੬) ਪਦ ਅਰਥ: ਧਰਨੀ- ਧਰਤੀ ਉਤੇ।

ਤੀਰਥਿ ਜਾਉ, ਤ ਹਉ ਹਉ ਕਰਤੇ ॥ ਪੰਡਿਤ ਪੂਛਉ; ਤ ਮਾਇਆ ਰਾਤੇ ॥ (ਮ: ੫/੩੮੫)

ਲਉਕੀ ਅਠਸਠਿ ਤੀਰਥ ਨ੍ਾਈ ॥ ਕਉਰਾਪਨੁ ਤਊ ਨ ਜਾਈ ॥ (ਭਗਤ ਕਬੀਰ/੬੫੬)

ਬਗਾ ਬਗੇ ਕਪੜੇ; ਤੀਰਥ ਮੰਝਿ ਵਸੰਨਿ੍ ॥ ਘੁਟਿ ਘੁਟਿ ਜੀਆ ਖਾਵਣੇ; ਬਗੇ ਨਾ ਕਹੀਅਨਿ੍ ॥ (ਮ: ੧/੭੨੯) ਪਦ ਅਰਥ: ਮੰਝਿ- ਵਿੱਚ ਜਾਂ ਉੱਤੇ, ਘੁਟਿ ਘੁਟਿ- ਤਸੀਹੇ ਦੇ ਦੇ ਕੇ, ਬਗੇ- ਆਦਰਸ਼ ਜੀਵਨ, ਆਦਿ। ਇਸ ਲਈ ਗੁਰੂ ਅਰਜਨ ਸਾਹਿਬ ਜੀ ਨੇ ਬਿਲਕੁਲ ਸਪਸ਼ਟ ਕਰ ਦਿੱਤਾ:

ਹਜ ਕਾਬੈ ਜਾਉ ਨ ‘ਤੀਰਥ’ ਪੂਜਾ ॥ ਏਕੋ ਸੇਵੀ; ਅਵਰੁ ਨ ਦੂਜਾ ॥ (ਮ: ੫/੧੧੩੬)

ਕੋਈ ਨਾਵੈ ਤੀਰਥਿ; ਕੋਈ ਹਜ ਜਾਇ ॥ ਕੋਈ ਕਰੈ ਪੂਜਾ; ਕੋਈ ਸਿਰੁ ਨਿਵਾਇ ॥.. ਕਹੁ ਨਾਨਕ! ਜਿਨਿ ਹੁਕਮੁ ਪਛਾਤਾ ॥ ਪ੍ਰਭ ਸਾਹਿਬ ਕਾ, ਤਿਨਿ ਭੇਦੁ ਜਾਤਾ ॥ (ਮ: ੫/੮੮੫) ਪਦ ਅਰਥ: ਤਿਨਿ ਭੇਦੁ ਜਾਤਾ- ਉਸ ਨੇ ਰਾਜ ਸਮਝਿਆ ਭਾਵ ਅਨੁਭਵ ਕੀਤਾ, ਆਦਿ।

ਗੁਰਮਤਿ ਨੇ ਹਮੇਸ਼ਾਂ ਪ੍ਰਚਲਿਤ ਰੀਤਾਂ ਦਾ ਬਦਲ ਲੱਭਿਆ ਹੈ; ਜਿਵੇਂ ਕਿ ‘ਹੋਲੀ’ ਦਾ ਬਦਲ ‘ਹੋਲਾ ਮਹੱਲਾ’, ਇਸੇ ਤਰ੍ਹਾਂ ਗੁਰਮਤਿ ਮੁਤਾਬਕ ਅਸਲ ‘ਤੀਰਥੁ’ (ਸੂਖਮ ਸਰੀਰ ਦੀ ਪਵਿੱਤਰਤਾ); ਹਰੀ ਦਾ ਨਾਮ ਜਪਣਾ, ਗੁਰੂ ਦੇ ਵਚਨ ਮੰਨਣੇ, ਸੰਗਤੀ ਵਿਚਾਰ-ਵਟਾਂਦਰਾ ਹੈ, ਜਿਸ ਵਿੱਚ ਉਕਤ ਤਮਾਮ ਤੀਰਥਾਂ (ਸਥੂਲ ਸਰੀਰ ਨੂੰ ਪਵਿੱਤਰ ਕਰਨ ਦੇ ਯਤਨਾਂ) ਦਾ ਪੁੰਨ (ਲਾਭ, ਅਗਰ ਕੋਈ ਹੈ, ਤਾਂ) ਆ ਜਾਂਦਾ ਹੈ। ਹੇਠਾਂ ਦਿੱਤੀਆਂ ਤਮਾਮ ਤੁਕਾਂ ਇਸ ਵਿਚਾਰ ਦੀ ਪੁਸ਼ਟੀ ਕਰਦੀਆਂ ਹਨ। ਧਿਆਨ ਰਹੇ ਕਿ ਇਨ੍ਹਾਂ ਸਭ ਤੁਕਾਂ ’ਚ ਦਰਜ ‘ਤੀਰਥ’ ਸ਼ਬਦ ਗੁਰਮਤਿ ਅਨੁਸਾਰੀ ਨਾ ਹੋਣ ਕਾਰਨ ਅੰਤ ਮੁਕਤਾ (ਬਹੁ ਵਚਨ) ਹੈ:

ਕਰਿ ਸੰਗਤਿ ਤੂ ਸਾਧ ਕੀ; ਅਠਸਠਿ ‘ਤੀਰਥ’ ਨਾਉ ॥ (ਮ: ੫/੪੭) ਪਦ ਅਰਥ: ਸਾਧ- ਗੁਰੂ (ਤਾਂ ਜੋ), ਨਾਉ- ਨ੍ਹਾਉ।

ਖਿਨੁ ਪਲੁ ਹਰਿ ਨਾਮੁ ਮਨਿ ਵਸੈ; ਸਭ ਅਠਸਠਿ ‘ਤੀਰਥ’ ਨਾਇ ॥ (ਮ: ੩/੮੭) ਪਦ ਅਰਥ: ਨਾਇ- ਨ੍ਹਾਇ।

ਅਠਿਸਠਿ ‘ਤੀਰਥ’ ਗੁਰ ਕੀ ਚਰਣੀ; ਪੂਜੈ ਸਦਾ, ਵਿਸੇਖੁ ॥ (ਮ: ੧/੧੪੭) ਪਦ ਅਰਥ: ਪੂਜੈ ਸਦਾ, ਵਿਸੇਖੁ- (ਇਸ ਲਈ ਗੁਰੂ ਚਰਨ) ਸਦਾ ਵਿਸ਼ੇਸ਼ ‘ਤੀਰਥੁ’ ਜਾਣ ਕੇ ਪੂਜਦਾ ਹੈ।

ਪ੍ਰਭ ਕੈ ਸਿਮਰਨਿ; ‘ਤੀਰਥ’ ਇਸਨਾਨੀ ॥ (ਮ: ੫/੨੬੨) ਪਦ ਅਰਥ: ਇਸਨਾਨੀ- ਇਸ਼ਨਾਨ ਹੋ ਗਏ।

ਅਠਸਠਿ ‘ਤੀਰਥ’ ਤਿਸੁ ਸੰਗਿ ਰਹਹਿ; ਜਿਨ, ਹਰਿ ਹਿਰਦੈ ਰਹਿਆ ਸਮਾਇ ॥ (ਮ: ੩/੪੯੧)

ਅਠਸਠਿ ‘ਤੀਰਥ’ ਨਾਮੁ ਪ੍ਰਭ; ਜਿਸੁ ਨਾਨਕ ਮਸਤਕਿ ਭਾਗ ॥ (ਮ: ੫/੫੧੮) ਪਦ ਅਰਥ: ਨਾਮੁ ਪ੍ਰਭ- ਪ੍ਰਭੂ ਦਾ ਨਾਮ ਹੀ, ਜਿਸੁ ਮਸਤਕਿ ਭਾਗ- (ਪਰ ਮਿਲਦਾ ਉਸ ਨੂੰ) ਜਿਸ ਦੇ ਮੱਥੇ ਉੱਤੇ ਨਸੀਬ।

ਅਠਸਠਿ ‘ਤੀਰਥ’ ਮਜਨੁ ਕੀਨੋ; ਸਾਧੂ ਧੂਰੀ ਨਾਤਾ ॥ (ਮ: ੫/੫੩੨) ਪਦ ਅਰਥ: ਸਾਧੂ ਧੂਰੀ ਨਾਤਾ- ਜਦ ਗੁਰੂ ਚਰਨੀਂ ਲੱਗ ਕੇ ਸੂਖਮ ਸਰੀਰ ਨੂੰ ਇਸ਼ਨਾਨ ਕਰਵਾਇਆ।

ਅਠਸਠਿ ‘ਤੀਰਥ’; ਜਹ ਸਾਧ ਪਗ ਧਰਹਿ ॥ (ਮ: ੫/੮੯੦) ਪਦ ਅਰਥ: ਜਹ ਸਾਧ ਪਗ ਧਰਹਿ- ਜਿੱਥੇ ਗੁਰ ਪਿਆਰੇ ਚਰਨ ਪਾਉਂਦੇ ਹਨ।

ਅਠਸਠਿ ‘ਤੀਰਥ’ ਹਰਿ ਨਾਮੁ ਹੈ; ਕਿਲਵਿਖ ਕਾਟਣਹਾਰਾ ॥ (ਮ: ੧/੧੦੦੯)

ਨਾਨਕ ! ਮਾਘਿ, ਮਹਾ ਰਸੁ ਹਰਿ ਜਪਿ; ਅਠਸਠਿ ਤੀਰਥ ਨਾਤਾ ॥੧੫॥ (ਤੁਖਾਰੀ ਬਾਰਹਮਾਹਾ /ਮ: ੧/੧੧੦੯) ਪਦ ਅਰਥ: ਮਾਘਿ- ਮੱਘਰ ਮਹੀਨੇ ਵਿੱਚ, ਜਪਿ- ਜਪ ਕੇ, ਨਾਤਾ- ਨ੍ਹਾਤਾ, ਆਦਿ।

ਗੁਰੂ ਨਾਨਕ ਸਾਹਿਬ ਜੀ ਨੇ ‘‘ਸਾਧ ਭਲੇ ਅਣਨਾਤਿਆ.. ॥’’ (ਮ: ੧/੭੮੯) ਵਾਲ਼ਾ ਸੰਕੇਤ ਵੀ ਦਿੱਤਾ ਸੀ, ਜਿਸ ਉੱਤੇ ਪਹਿਰਾ ਦਿੰਦਿਆਂ ਕਾਫ਼ੀ ਸਮਾਂ ਤੀਰਥ ਭਰਮਣ ਕਰਨ ਵਾਲ਼ੇ ਗੁਰੂ ਅਮਰਦਾਸ ਜੀ ਨੇ ਤੱਤ-ਸਾਰ ਕੱਢਿਆ ਕਿ: ‘‘ਮਨਿ ਮੈਲੈ, ਸਭੁ ਕਿਛੁ ਮੈਲਾ; ਤਨਿ ਧੋਤੈ, ਮਨੁ ਹਛਾ ਨ ਹੋਇ ॥’’ (ਮ: ੩/੫੫੮) ਇਸੇ ਨਿਯਮ ਦੇ ਅਨੁਕੂਲ ਉਕਤ ਤਮਾਮ ਤੁਕਾਂ ’ਚ ਬੇਸ਼ੱਕ ਹਿੰਦੂ ‘ਤੀਰਥ’ (ਸਥੂਲ ਸਰੀਰ ਦੀ ਪਵਿੱਤਰਤਾ) ਦੇ ਮੁਕਾਬਲੇ ਗੁਰਮਤਿ ਅਨੁਸਾਰੀ ‘ਤੀਰਥੁ’ (ਨਾਮ ਜਪਣਾ, ਗੁਰੂ ਵਚਨ ਮੰਨਣੇ, ਸੰਗਤੀ ਵਿਚਾਰ-ਵਟਾਂਦਰਾ) ਨੂੰ ਸਰਬੋਤਮ ਮੰਨਿਆ ਗਿਆ ਹੈ ਪਰ ਗੁਰਬਾਣੀ ਇਸ ਤੋਂ ਵੀ ਅਗਾਂਹ ਵਧ ਕੇ ‘ਆਤਮ ਮੰਥਨ’ ਨੂੰ ਹੀ ਅਸਲ ‘ਤੀਰਥੁ’ (ਸੂਖਮ ਸਰੀਰ ਦੀ ਪਵਿੱਤਰਤਾ) ਮੰਨਦੀ ਹੈ; ਜਿਵੇਂ

(ਨੋਟ: ਧਿਆਨ ਰਹੇ ਕਿ ਹੇਠਲੀਆਂ ਤਮਾਮ ਤੁਕਾਂ ’ਚ ‘ਤੀਰਥ’ (ਅੰਤ ਮੁਕਤਾ, ਬਹੁ ਵਚਨ) ਭਾਵ ਅਪ੍ਰਵਾਨ ਕੀਤਾ ਹੋਇਆ ਦਰਜ ਨਹੀਂ ਹੈ।)

ਸੁਣਿਆ, ਮੰਨਿਆ; ਮਨਿ ਕੀਤਾ ਭਾਉ ॥ ‘ਅੰਤਰਗਤਿ-ਤੀਰਥਿ’ ਮਲਿ ਨਾਉ ॥ (ਜਪੁ) ਪਦ ਅਰਥ: ਮਨਿ-ਮਨ ਵਿੱਚ, ਭਾਉ- ਪ੍ਰੇਮ, ‘ਅੰਤਰਗਤਿ-ਤੀਰਥਿ’- ਸੂਖਮ ਸਰੀਰ ਉੱਤੇ, ਮਲਿ- ਰਗੜ-ਰਗੜ ਕੇ, ਨਾਉ- ਨ੍ਹਾਉ।

ਸਚੁ ਤਾਂ ਪਰੁ ਜਾਣੀਐ; ਜਾ, ‘ਆਤਮ-ਤੀਰਥਿ’ ਕਰੇ ਨਿਵਾਸੁ ॥ (ਮ: ੧/੪੬੮)

‘ਅੰਤਰਿ-ਤੀਰਥੁ’ ਗਿਆਨੁ ਹੈ; ਸਤਿਗੁਰਿ ਦੀਆ ਬੁਝਾਇ ॥ (ਮ: ੩/੫੮੭) ਪਦ ਅਰਥ: ਸਤਿਗੁਰਿ ਦੀਆ ਬੁਝਾਇ- ਗੁਰੂ ਨੇ ਸਮਝਾ ਦਿੱਤਾ।

ਤੀਰਥੁ ਸਬਦ ਬੀਚਾਰੁ; ਅੰਤਰਿ ਗਿਆਨੁ ਹੈ ॥ (ਮ: ੧/੬੮੭)

ਅਠਸਠਿ ‘ਤੀਰਥ’ ਗੁਰ ਸਬਦਿ ਦਿਖਾਏ; ਤਿਤੁ+ਨਾਤੈ ਮਲੁ ਜਾਏ ॥ (ਮ: ੩/੭੫੩) ਪਦ ਅਰਥ: ਗੁਰ ਸਬਦਿ ਦਿਖਾਏ- ਗੁਰੂ ਉਪਦੇਸ਼ ਨੇ, ਅੰਦਰ ਹੀ ਵਿਖਾ ਦਿੱਤੇ, ਤਿਤੁ+ਨਾਤੈ- ਓਥੇ ਇਸ਼ਨਾਨ ਕਰਨ ਨਾਲ਼।

(ਅੰਦਰ ਵਸਦੇ) ਸਚੁ ਤੀਰਥਿ ਨਾਵਹੁ; ਹਰਿ ਗੁਣ ਗਾਵਹੁ ॥ (ਮ: ੧/੧੦੩੦)

ਮਾਘਿ, ਪੁਨੀਤ ਭਈ; ‘ਤੀਰਥੁ ਅੰਤਰਿ’ ਜਾਨਿਆ ॥ (ਤੁਖਾਰੀ ਬਾਰਹਮਾਹਾ /ਮ: ੧/੧੧੦੯) ਪਦ ਅਰਥ: ਪੁਨੀਤ ਭਈ- ਪਵਿੱਤਰ ਹੋਈ।

ਮੈਲੁ ਗਈ, ਮਨੁ ਨਿਰਮਲੁ ਹੋਆ; ‘ਅੰਮ੍ਰਿਤ ਸਰਿ ਤੀਰਥਿ’ ਨਾਇ ॥ (ਮ: ੩/੫੮੭) ਭਾਵ ਅਮਰ ਕਰ ਦੇਣ ਵਾਲ਼ੇ ਰੱਬੀ ਨਾਮ ਤੇ ਗੁਰੂ ਸ਼ਬਦ ਤੀਰਥ ਉੱਤੇ ਆਤਮ ਮੰਥਨ ਕਰਨ ਨਾਲ਼ ਸੂਖਮ ਸਰੀਰ ਨਿਰਮਲ ਹੋ ਗਿਆ ਤੇ ਮੈਲ਼ (ਧੁੰਦਲਾਪਣ) ਹਟ ਗਿਆ।

ਹਰਿ ਸਰਿ ਤੀਰਥਿ ਜਾਣਿ; ਮਨੂਆ ਨਾਇਆ ॥ (ਮ: ੧/੧੨੮੬) ਭਾਵ ਅਸਲ ‘ਤੀਰਥੁ’ ਪਰਖ ਕੇ ਹਰੀ ਗੁਣ ਰੂਪ ਸਰੋਵਰ (ਅੰਦਰਲੇ ਤੀਰਥਿ) ਉੱਤੇ ਸੂਖਮ ਸਰੀਰ ਨੇ ਇਸ਼ਨਾਨ ਕੀਤਾ, ਆਦਿ।

(ਨੋਟ: ਇੱਕ ਤੁਕ ’ਚ ਭਗਤ ਨਾਮਦੇਵ ਜੀ ਨੇ ਵੀ ‘ਆਤਮ ਮੰਥਨ’ ਬਨਾਮ ‘ਹਿੰਦੂ ਤੀਰਥ’ ਦਰਜ ਕੀਤਾ, ਜਿਸ ਕਾਰਨ ‘ਤੀਰਥ’ (ਅੰਤ ਮੁਕਤਾ) ਦਰਜ ਕਰਨਾ ਪਿਆ: ਅਠਸਠਿ ‘ਤੀਰਥ’ ਗੁਰੂ ਦਿਖਾਏ; ਘਟ ਹੀ ਭੀਤਰਿ ਨ੍ਾਉਗੋ ॥ ਭਗਤ ਨਾਮਦੇਵ/੯੭੩)

ਉਕਤ ਤਮਾਮ ਵਿਚਾਰ ਦੌਰਾਨ ਆਇਆ ਗੁਰਮਤਿ ਅਨੁਸਾਰੀ ‘ਤੀਰਥੁ’ ਸ਼ਬਦ, ਜ਼ਿਆਦਾਤਰ ਅੰਤ ਔਂਕੜ (ਇੱਕ ਵਚਨ) ਹੈ, ਤਾਂ ਤੇ ਇਸ ਦੇ ਅਰਥ ਵੀ ਇੱਕ ਵਚਨ ਹੀ ਦਰੁਸਤ ਹੋਣਗੇ; ਜਿਵੇਂ ਕਿ: ‘ਗੁਰੂ ਸ਼ਬਦ ਸੰਗ੍ਰਹਿ, ਭੰਡਾਰ, ਸਮੁੰਦਰ, ਸਰੋਵਰ, ਗਿਆਨ’ ਆਦਿ; ਜਿਵੇਂ

ਗੁਰੁ ‘ਸਰੁ+ਸਾਗਰੁ’ ਬੋਹਿਥੋ; ਗੁਰੁ ‘ਤੀਰਥੁ+ਦਰੀਆਉ’ ॥ (ਮ: ੧/੧੭) (ਨੋਟ: ‘ਸਰੁ, ਸਾਗਰੁ ਤੇ ਦਰੀਆਉ’ ਦਾ ਅਰਥ ਸਰੋਵਰ ਹੈ।)

ਗੁਰਦੇਵ ‘ਤੀਰਥੁ+ਅੰਮ੍ਰਿਤ+ਸਰੋਵਰੁ’; ਗੁਰ ਗਿਆਨ ਮਜਨੁ ਅਪਰੰਪਰਾ ॥ (ਮ: ੫/੨੫੦)

ਸਚਾ ਤੀਰਥੁ, ਜਿਤੁ ‘ਸਤਿ+ਸਰਿ’ ਨਾਵਣੁ; ਗੁਰਮੁਖਿ ਆਪਿ ਬੁਝਾਏ ॥ (ਮ: ੩/੭੫੩) ਪਦ ਅਰਥ: ਜਿਤੁ ‘ਸਤਿ+ਸਰਿ’- ਜਿਸ ਸਤਿ ਰੂਪ ਸਰੋਵਰ ਵਿੱਚ, ਨਾਵਣੁ- ਸੂਖਮ ਸਰੀਰ ਦਾ ਇਸ਼ਨਾਨ, ਗੁਰਮੁਖਿ ਆਪਿ ਬੁਝਾਏ- ਗੁਰੂ ਰਾਹੀਂ, ਪ੍ਰਭੂ ਸੁਮੱਤ ਬਖ਼ਸ਼ਦਾ।

ਤੀਰਥੁ ਹਮਰਾ; ਹਰਿ ਕੋ ਨਾਮੁ ॥ (ਮ: ੫/੧੧੪੨) ਪਦ ਅਰਥ: ਤੀਰਥੁ ਨਾਮੁ- ਅੰਮ੍ਰਿਤ+ਸਰੋਵਰੁ।

ਗੁਰ ਸਮਾਨਿ; ਤੀਰਥੁ ਨਹੀ ਕੋਇ ॥ (ਮ: ੧/੧੩੨੮) ਪਦ ਅਰਥ: ਤੀਰਥੁ- ਅੰਮ੍ਰਿਤ+ਸਰੋਵਰੁ।

ਨਿਰਮਲੁ ਨ੍ਾਵਣੁ ਨਾਨਕਾ ! ਗੁਰੁ ‘ਤੀਰਥੁ+ਦਰੀਆਉ’ ॥੧੦॥ (ਸਲੋਕ ਵਾਰਾਂ ਤੇ ਵਧੀਕ /ਮ: ੧/੧੪੧੧), ਆਦਿ।

ਜਦ ਗੁਰੂ ਅਮਰਦਾਸ ਜੀ ਨੇ ਹਿੰਦੂ ਤੀਰਥਾਂ (ਸਥੂਲ ਸਰੀਰ ਪਵਿੱਤਰਤਾ ਕੇਂਦਰ) ਦਾ ਚੱਕਰ ਲਗਾ ਕੇ (ਅੰਮ੍ਰਿਤ+ਸਰੋਵਰੁ) ਲਈ ਭਟਕ ਰਹੀ ਲੁਕਾਈ ਨੂੰ ‘ਤੀਰਥੁ’ (ਸੂਖਮ ਸਰੀਰ ਦੀ ਪਵਿੱਤਰਤਾ) ਦਾ ਅਸਲ ਮਤਲਬ ਸਮਝਾਇਆ ਤਾਂ ਗੁਰੂ ਰਾਮਦਾਸ ਜੀ ਨੇ ਉਸ ਨੂੰ ਆਪਣੀ ਬਾਣੀ ’ਚ ਦਰਜ ਕਰ ਲਿਆ: ‘‘ਤੀਰਥ ਉਦਮੁ ਸਤਿਗੁਰੂ ਕੀਆ; ਸਭ ਲੋਕ ਉਧਰਣ ਅਰਥਾ ॥’’ (ਮ: ੪/੧੧੧੬) ਪਦ ਅਰਥ: ਸਤਿਗੁਰੂ ਕੀਆ – ਗੁਰੂ ਅਮਰਦਾਸ ਜੀ ਨੇ ਕੀਤਾ, ਸਭ ਲੋਕ ਉਧਰਣ ਅਰਥਾ- ਸਭ ਲੋਕਾਂ ਨੂੰ ਉਧਾਰਨ ਲਈ।

ਉਕਤ ਤਮਾਮ ਵਿਚਾਰ ਦਾ ਸਾਰ (ਨਿਚੋੜ) ਇਹੀ ਮਿਲਦਾ ਹੈ ਕਿ ‘‘ਜਲ ਕੈ ਮਜਨਿ ਜੇ ਗਤਿ ਹੋਵੈ; ਨਿਤ ਨਿਤ ਮੇਂਡੁਕ ਨਾਵਹਿ ॥ ਜੈਸੇ ਮੇਂਡੁਕ, ਤੈਸੇ ਓਇ ਨਰ; ਫਿਰਿ ਫਿਰਿ ਜੋਨੀ ਆਵਹਿ ॥’’ (ਭਗਤ ਕਬੀਰ/੪੮੪) ਪਦ ਅਰਥ: ਮਜਨਿ- ਸਥੂਲ ਸਰੀਰ ਦੇ ਇਸ਼ਨਾਨ ਨਾਲ਼, ਗਤਿ- ਮੁਕਤੀ, ਮੇਂਡੁਕ – ਡੱਡੂ, ਓਇ ਨਰ- ਉਹ ਤੀਰਥ ਯਾਤ੍ਰੀ (ਮੁਕਤੀ ਵਿਹੂਣੇ)।

ਭਗਤ ਨਾਮਦੇਵ ਜੀ ਇੱਕ ਨਿਵੇਕਲੀ ਉਦਾਹਰਨ ਦਿੰਦੇ ਹੋਏ ਸਮਝਾਉਂਦੇ ਹਨ ਕਿ ਪਹਿਲ ਦੇ ਅਧਾਰ ’ਤੇ (ਪਸ਼ੂਆਂ ਵਾਙ) ਸਥੂਲ ਸਰੀਰ ਦੀ ਪਵਿੱਤਰਤਾ ਜਲਦੀ ਕਰਨ ਦੇ ਚੱਕ੍ਰ ’ਚ ਭਾਰੀ ਤਾਦਾਦ ਲੋਕ ਨਦੀਆਂ ’ਚ ਵੜ ਕੇ ਜਲ-ਜੀਵਾਂ ਨੂੰ ਡਰਾਉਂਦੇ ਹਨ, ਪਰ ਇਹ ਪਾਪ ਮੈਂ ਨਹੀਂ ਕਰ ਸਕਦਾ: ‘‘ਤੀਰਥ ਦੇਖਿ ਨ ਜਲ ਮਹਿ ਪੈਸਉ; ਜੀਅ ਜੰਤ ਨ ਸਤਾਵਉਗੋ ॥’’ (ਭਗਤ ਨਾਮਦੇਵ/੯੭੩)

ਸੂਖਮ ਸਰੀਰ ਦੀ ਪਵਿੱਤਰਤਾ ਦੇ ਮੁਕਾਬਲੇ ਸਥੂਲ ਸਰੀਰ ਦੀ ਪਵਿੱਤਰਤਾ ਕਰਨੀ, ਬਹੁਤ ਹੀ ਸਰਲ ਤੇ ਸੁਖਾਲਾ ਸਾਧਨ ਹੈ, ਜੋ ਮਨੁੱਖ ਨੂੰ ਜਲਦੀ ਪ੍ਰਭਾਵਤ ਕਰ ਲੈਂਦਾ ਹੈ ਕਿਉਂਕਿ ਨਿੱਗਰ ਵਿਚਾਰਧਾਰਾ ਤੋਂ ਸੱਖਣਾ ਜੀਵਨ, ਬਦਲਾਅ ਕਰਨ ’ਚ ਅਸਮਰਥ ਹੋਣ ਕਾਰਨ ਪਾਣੀ ਵਾਙ ਹਮੇਸ਼ਾਂ ਨੀਵੇਪਣ ਨੂੰ ਡਿੱਗਦਾ ਹੈ। ਇਸ ਮਨੁੱਖਾ ਕਮਜ਼ੋਰੀ ਕਾਰਨ ਬੇਸ਼ੱਕ ਗੁਰਮਤਿ (ਉੱਚੀ ਸੁਰਤ) ਨੂੰ ਮਨਮਤ (ਹੇਠਾਂ) ਵੱਲ ਹੀ ਕਿਉਂ ਨਾ ਖਿੱਚਣਾ ਪਏ। ਅਜਿਹਾ ਹੀ ਗੁਰਮਤਿ ਵਿਹੂਣਾ ਪ੍ਰਚਾਰ ਕੀਤਾ ਜਾ ਰਿਹਾ ਹੈ।

ਗੁਰੂ ਅਰਜਨ ਸਾਹਿਬ ਜੀ ਨੇ ‘ਰਾਮਦਾਸ ਸਰੋਵਰਿ ਨਾਤੇ ॥’ ਤੁਕ, 2 ਸ਼ਬਦਾਂ ’ਚ ਪੰਨਾ ੬੨੪-੬੨੫ ਉੱਤੇ ਦਰਜ ਕੀਤੀ ਹੈ ਤੇ ‘ਰਾਮਦਾਸ+ਸਰੋਵਰਿ’ (ਸੰਯੁਕਤ ਸ਼ਬਦ) ਕਈ ਮਹਾਂ ਪੁਰਸ਼ਾਂ ਨੂੰ ਅੰਮ੍ਰਿਤਸਰ ਸਰੋਵਰ ਦੀ ਮਹਾਨਤਾ ਪ੍ਰਥਾਇ ਦਰਜ ਕੀਤੇ ਹੋਏ ਮਹਿਸੂਸ ਹੁੰਦੇ ਹਨ। ਇਸ ਸੋਚ ਦੇ ਵਿਪਰੀਤ ਬੋਲਣਾ ਉਨ੍ਹਾਂ ਲਈ ਦਰਬਾਰ ਸਾਹਿਬ ਦਾ ਅਪਮਾਨ ਕਰਨਾ ਹੈ। ਇਨ੍ਹਾਂ ਦੋਵੇਂ ਸ਼ਬਦਾਂ ਦੀ ਵਿਸ਼ੇਸ਼ਤਾ ਇਹ ਹੈ ਕਿ ਇਨ੍ਹਾਂ ’ਚ ‘ਰਹਾਉ’ (ਸ਼ਬਦ ਦਾ ਤੱਤ-ਸਾਰ) ਤੁਕਾਂ ਵੀ ਮੌਜੂਦ ਹਨ, ਜੋ ਗੁਰਬਾਣੀ ਲਿਖਤ ਮੁਤਾਬਕ ਵਿਸ਼ੇ ਨੂੰ ਸਪਸ਼ਟ ਕਰਨ ’ਚ ਮਦਦਗਾਰ ਬਣਦੀਆਂ ਹਨ। ਇਸ ਲਈ ‘ਰਹਾਉ’ ਤੁਕ ਤੋਂ ਹੀ ਸ਼ਬਦ ਵਿਚਾਰ ਅਰੰਭ ਕਰਨੀ ਲਾਭਕਾਰੀ ਹੋਵੇਗੀ, ਜੋ ਇਸ ਪ੍ਰਕਾਰ ਹੈ:

(ੳ). (ਪਹਿਲਾ ਸ਼ਬਦ) ਗੁਰ ਕੇ ਚਰਨ ਕਵਲ; ਰਿਦ ਧਾਰੇ ॥ ਬਿਘਨੁ ਨ ਲਾਗੈ ਤਿਲ ਕਾ ਕੋਈ; ਕਾਰਜ ਸਗਲ ਸਵਾਰੇ ॥੧॥ ਰਹਾਉ ॥ ਭਾਵ ਗੁਰੂ ਦੇ ਸੁੰਦਰ (ਪ੍ਰਭਾਵਤ ਕਰਨ ਵਾਲ਼ੇ) ਚਰਨ (ਵਚਨ) ਹਿਰਦੇ ’ਚ ਧਾਰਨ ਕਰਨ ਉਪਰੰਤ ਜੀਵਨ ’ਚ ਤਿਲ ਮਾਤ੍ਰ ਵੀ ਰੁਕਾਵਟ ਨਹੀਂ ਆਉਂਦੀ ਤੇ ਸਾਰੇ ਕਾਰਜ ਸਫਲ ਹੋ ਜਾਂਦੇ ਹਨ।

ਇਸ ਸ਼ਬਦ ’ਚ 4 ਬੰਦ ਹਨ, ਜਿਨ੍ਹਾਂ ਰਾਹੀਂ ਉਕਤ ਵਿਸ਼ੇ (ਰਹਾਉ) ਨੂੰ ਵਿਸਥਾਰ ਦਿੱਤਾ ਗਿਆ ਹੈ; ਜਿਵੇਂ ਕਿ

(ਬੰਦ ਨੰਬਰ 1). ਗੁਰਿ ਪੂਰੈ; ਕੀਤੀ ਪੂਰੀ ॥ ਪ੍ਰਭੁ, ਰਵਿ ਰਹਿਆ ਭਰਪੂਰੀ ॥ ਖੇਮ ਕੁਸਲ ਭਇਆ ਇਸਨਾਨਾ ॥ ਪਾਰਬ੍ਰਹਮ ਵਿਟਹੁ ਕੁਰਬਾਨਾ ॥੧॥ ਭਾਵ ਪੂਰਨ (ਅਭੁੱਲ) ਗੁਰੂ ਨੇ ਸਫਲਤਾ ਬਖ਼ਸ਼ੀ (ਜਿਸ ਨਾਲ਼) ਸਰਬ ਵਿਆਪਕ ਪ੍ਰਭੂ ਮਹਿਸੂਸ ਹੋਇਆ। ਮੈਂ ਅਜਿਹੇ ਪਾਰਬ੍ਰਹਮ ਤੋਂ ਸਦਕੇ ਹਾਂ ਜਿਸ ਨੂੰ ਅਨੁਭਵ ਕੀਤਿਆਂ (ਭਾਵ ਗੁਰੂ ਸ਼ਬਦ-ਸਰੋਵਰ ’ਚ ਸੂਖਮ) ਇਸ਼ਨਾਨ ਕਰਨ ਨਾਲ਼ ਮੇਰਾ ਸੂਖਮ ਸਰੀਰ ਅਨੰਦਿਤ ਹੋ ਗਿਆ, ਪਵਿੱਤਰ ਹੋ ਗਿਆ।

(ਬੰਦ ਨੰਬਰ 2). ਮਿਲਿ ਸਾਧੂ; ਦੁਰਮਤਿ ਖੋਏ ॥ ਪਤਿਤ, ਪੁਨੀਤ ਸਭ ਹੋਏ ॥ ਰਾਮ ਦਾਸਿ ਸਰੋਵਰ ਨਾਤੇ ॥ ਸਭ ਲਾਥੇ ਪਾਪ, ਕਮਾਤੇ ॥੨॥

ਭਾਵ ਗੁਰੂ ਨੂੰ ਮਿਲ ਕੇ ਸਾਰੇ ਵਿਕਾਰੀ ਸੂਖਮ ਸਰੀਰ (ਜਨਮ ਜਨਮ ਕੀ ਇਸੁ ‘ਮਨ’ (ਸੂਖਮ ਸਰੀਰ) ਕਉ ਮਲੁ ਲਾਗੀ) ਵੀ ਪਵਿੱਤਰ ਹੋ ਗਏ ਕਿਉਂਕਿ ਭੈੜੀ ਮਤ ਦੂਰ ਹੋ ਗਈ। ਰਾਮ ਦੇ (ਅਜਿਹੇ) ਦਾਸਾਂ ਦੇ ਸਰੋਵਰ (ਸੰਗਤ) ਵਿੱਚ ਸੂਖਮ ਸਰੀਰ ਨੂੰ ਇਸ਼ਨਾਨ ਕਰਵਾਉਣ ਨਾਲ਼ ਕਮਾਏ ਗਏ (ਕਈ ਜਨਮਾਂ ਦੇ) ਸਾਰੇ ਮਾਨਸਿਕ ਪਾਪ ਲਹਿ ਗਏ ਕਿਉਂਕਿ ‘‘ਭਰੀਐ ਮਤਿ; ਪਾਪਾ ਕੈ ਸੰਗਿ ॥ ਓਹੁ ਧੋਪੈ; ਨਾਵੈ ਕੈ ਰੰਗਿ ॥’’ (ਜਪੁ)

(ਨੋਟ: ਉਕਤ ਤੁਕ ‘‘ਰਾਮਦਾਸਿ ਸਰੋਵਰ ਨਾਤੇ॥’’ ਲਿਖਤ ਨੂੰ ਅਗਰ ‘‘ਰਾਮਦਾਸ ਸਰੋਵਰਿ ਨਾਤੇ॥’’ ਦਰੁਸਤ ਨਾ ਕੀਤਾ ਗਿਆ ਤਾਂ ‘ਰਾਮਦਾਸ ਵਿੱਚ ਸਰੋਵਰ ਨਾਤੇ’ ਅਰਥ ਬਣਦੇ ਹਨ, ਜੋ ਦਰੁਸਤ ਨਹੀਂ, ਇਸ ਲਈ ਅਗਲੇ ਸ਼ਬਦ ’ਚ ਦਰਜ‘‘ਰਾਮਦਾਸ ਸਰੋਵਰਿ ਨਾਤੇ ॥ ਸਭਿ ਉਤਰੇ ਪਾਪ; ਕਮਾਤੇ ॥’’ ਮੁਤਾਬਕ ਇਸ ਤੁਕ ਨੂੰ ਵੀ ਦਰੁਸਤ ਕਰਨਾ ਜ਼ਰੂਰੀ ਹੈ।)

(ਬੰਦ ਨੰਬਰ 3). ਗੁਨ ਗੋਬਿੰਦ ਨਿਤ ਗਾਈਐ ॥ ਸਾਧਸੰਗਿ ਮਿਲਿ ਧਿਆਈਐ ॥ ਮਨ ਬਾਂਛਤ ਫਲ ਪਾਏ ॥ ਗੁਰੁ ਪੂਰਾ; ਰਿਦੈ ਧਿਆਏ ॥੩॥ ਭਾਵ ਗੁਰੂ ਸੰਗਤ ਵਿੱਚ ਮਿਲ ਕੇ ਨਿਤ ਗੋਵਿੰਦ ਦੇ ਗੁਣ ਗਾਉਣੇ ਚਾਹੀਦੇ ਹਨ, ਯਾਦ ਕਰਨੇ ਚਾਹੀਦੇ ਹਨ। ਜੋ ਮਨੁੱਖ, ਪੂਰਨ ਗੁਰੂ (ਦੇ ਵਚਨਾਂ) ਨੂੰ ਹਿਰਦੇ ’ਚ ਯਾਦ ਕਰਦਾ ਹੈ ਉਹ ਮਨ ਇੱਛਾ ਮੁਤਾਬਕ ਲਾਭ ਪ੍ਰਾਪਤ ਕਰਦਾ ਹੈ।

(ਬੰਦ ਨੰਬਰ 4). ਗੁਰ ਗੋਪਾਲ ਆਨੰਦਾ ॥ ਜਪਿ ਜਪਿ ਜੀਵੈ; ਪਰਮਾਨੰਦਾ ॥ ਜਨ ਨਾਨਕ ! ਨਾਮੁ ਧਿਆਇਆ ॥ ਪ੍ਰਭ ਅਪਨਾ ਬਿਰਦੁ ਰਖਾਇਆ ॥੪॥ ਭਾਵ ਸਰਬੋਤਮ ਅਨੰਦ ਸਰੂਪ, ਸ੍ਰਿਸ਼ਟੀ ਦਾ ਪਾਲ਼ਨਹਾਰ ਮਾਲਕ ਬੜਾ ਵੱਡਾ ਹੈ, ਉਸ ਨੂੰ ਧਿਆਇ ਕੇ, ਉਸ ਦਾ ਨਾਮ ਜਪ-ਜਪ ਕੇ ਸੂਖਮ ਸਰੀਰ ਪ੍ਰਫੁਲਿਤ (ਨਿਰਮਲ) ਹੁੰਦਾ ਹੈ ਤੇ ਪ੍ਰਭੂ ਵੀ ਆਪਣਾ ਮੁੱਢਲਾ ਸੁਭਾਅ (ਭਗਤਾਂ ਦੀ ਰੱਖਿਆ ਕਰਨਾ) ਨਿਭਾਉਂਦਾ ਹੈ।

(ਅ). (ਦੂਜਾ ਸ਼ਬਦ) ਸਭਿ ਕੁਸਲ ਖੇਮ; ਪ੍ਰਭਿ ਧਾਰੇ ॥ ਸਹੀ ਸਲਾਮਤਿ ਸਭਿ ਥੋਕ ਉਬਾਰੇ; ਗੁਰ ਕਾ ਸਬਦੁ ਵੀਚਾਰੇ ॥ ਰਹਾਉ ॥ ਪਦ ਅਰਥ: ਪ੍ਰਭਿ ਧਾਰੇ- ਪ੍ਰਭੂ ਨੇ ਪੈਦਾ ਕੀਤੇ, ਭਾਵ ਗੁਰੂ ਸ਼ਬਦ ਦੀ ਵਿਚਾਰ ਕਰਨ ਨਾਲ਼ ਅੰਦਰੂਨੀ ਗੁਣ (ਸਤ, ਸੰਤੋਖ, ਦਇਆ, ਧਰਮ, ਧੀਰਜ ਇਤਿਆਦਿਕ) ਵਿਕਾਰਾਂ ਦੇ ਢਹੇ ਚੜ੍ਹਨ ਤੋਂ ਬਚ ਗਏ ਤੇ ਪ੍ਰਭੂ ਨੇ ਭਗਤਾਂ ਦੇ ਹਿਰਦੇ (ਸੁਖਮ ਸਰੀਰ) ਵਿੱਚ ਤਮਾਮ ਸੁੱਖ-ਅਨੰਦ ਪੈਦਾ ਕਰ ਦਿੱਤੇ।

(ਨੋਟ: ਸੂਖਮ ਸਰੀਰ ਜਾਂ ਰੱਬੀ ਜੋਤ ਉੱਤੇ ਚੜ੍ਹਿਆ ਧੁੰਦਲਾਪਣ (ਅੰਤਹਿਕਰਣ) ਹੀ ਵਿਕਾਰ ਹੈ, ਜੋ ਅੰਦਰੂਨੀ ਜੋਤ ਰੂਪ ਪ੍ਰਕਾਸ਼ ਨੂੰ ਮਾਨਸਿਕ ਜਾਗਰੂਕਤਾ (ਬਿਬੇਕ) ’ਚ ਤਬਦੀਲ ਨਹੀਂ ਹੋਣ ਦਿੰਦਾ। ਇਸ ਲਈ ਜਦ ਗੁਰਬਾਣੀ ’ਚ ਇਹ ਸੰਕੇਤ ਮਿਲੇ ਕਿ ਅੰਦਰੂਨੀ ਗੁਣ (ਭਾਵ ਉਹ ਗੁਣ ਜੋ ਰੱਬ ’ਚ ਹਨ ਕਿਉਂਕਿ ਜੋਤ, ਉਸ ਦਾ ਭਾਗ ਹੈ) ਵਿਕਾਰਾਂ ਦੇ ਢਹੇ ਚੜ੍ਹਨ ਤੋਂ ਬਚ ਗਏ ਤਾਂ ਇਸ ਦਾ ਮਤਲਬ ਅੰਤਹਿਕਰਣ (ਸੁਰਤਿ, ਮਤਿ, ਮਨੁ, ਬੁਧਿ) ਦੀ ਘਾੜਤ ਉਪਰੰਤ ਮਿਲੀ ਬਿਬੇਕਤਾ ਹੈ ਤੇ ਸੁੱਖ-ਅਨੰਦ ਦਾ ਸੰਗ੍ਰਹਿ ਹੈ।)

ਇਸ ਸ਼ਬਦ ਦੇ ਕੇਵਲ 2 ਹੀ ਬੰਦ ਹਨ, ਜਿਨ੍ਹਾਂ ਰਾਹੀਂ ਉਕਤ ‘ਰਹਾਉ’ ਵਿਸ਼ੇ ਨੂੰ ਵਿਸਥਾਰ ਦਿੱਤਾ ਗਿਆ ਹੈ; ਜਿਵੇਂ ਕਿ

(ਬੰਦ ਨੰਬਰ 1). ਰਾਮ ਦਾਸ ਸਰੋਵਰਿ ਨਾਤੇ ॥ ਸਭਿ ਉਤਰੇ ਪਾਪ; ਕਮਾਤੇ ॥ ਨਿਰਮਲ ਹੋਏ; ਕਰਿ ਇਸਨਾਨਾ ॥ ਗੁਰਿ ਪੂਰੈ, ਕੀਨੇ ਦਾਨਾ ॥੧॥ ਭਾਵ ਜਿਨ੍ਹਾਂ ਉੱਤੇ ਪੂਰੇ ਗੁਰੂ ਨੇ ਮਿਹਰ ਕੀਤੀ, ਉਨ੍ਹਾਂ ਨੇ ਰਾਮ ਦੇ ਦਾਸਾਂ ਦੇ ਸਰੋਵਰ (ਸੰਗਤ) ਵਿੱਚ ਸੂਖਮ ਇਸ਼ਨਾਨ ਕੀਤਾ ਭਾਵ ਵਿਚਾਰ-ਵਟਾਂਦਰਾ ਰੂਪ ਖ਼ੁਰਾਕ ਖਾਧੀ। ਅਜਿਹਾ ਸੂਖਮ ਇਸ਼ਨਾਨ ਕਰਕੇ ਮਨ (ਸੂਖਮ ਸਰੀਰ) ਨਿਰਮਲ ਹੋ ਗਏ, ਜਿਸ ਨਾਲ਼ ਪਹਿਲਾਂ ਤੋਂ ਕਮਾਏ (ਇਕੱਠੇ ਕੀਤੇ) ਸਾਰੇ ਔਗੁਣ ਲਹਿ ਗਏ।

(ਬੰਦ ਨੰਬਰ 2). ਸਾਧਸੰਗਿ ਮਲੁ ਲਾਥੀ ॥ ਪਾਰਬ੍ਰਹਮੁ ਭਇਓ ਸਾਥੀ ॥ ਨਾਨਕ ! ਨਾਮੁ ਧਿਆਇਆ ॥ ਆਦਿ ਪੁਰਖ ਪ੍ਰਭੁ; ਪਾਇਆ ॥੨॥ ਭਾਵ ਵਿਕਾਰ ਰੂਪ ਮੈਲ਼ ਗੁਰੂ ਦੀ ਸੰਗਤ ਰਾਹੀਂ ਉਤਰੀ, ਜਿੱਥੇ ਪਾਰਬ੍ਰਹਮ ਮਦਦਗਾਰ ਬਣਿਆ (ਕਿਉਂਕਿ ‘‘ਵਿਚਿ ਸੰਗਤਿ ਹਰਿ ਪ੍ਰਭੁ ਵਰਤਦਾ…. ॥’’ ਮ: ੪/੧੩੧੪) ਹੇ ਨਾਨਕ ! ਜਿਸ ਨੇ ਸੰਗਤ ਰਾਹੀਂ ਰੱਬ ਨੂੰ ਯਾਦ ਕੀਤਾ, ਉਸ ਨੇ ਅਕਾਲ ਪੁਰਖ ਨੂੰ ਪ੍ਰਾਪਤ ਕਰ ਲਿਆ।

ਉਕਤ ਦੋਵੇਂ ਸ਼ਬਦਾਂ ’ਚ ਦਰਜ ‘ਰਹਾਉ’ ਬੰਦ ਇਸ ਪ੍ਰਕਾਰ ਹਨ:

(ੳ). ਗੁਰ ਕੇ ਚਰਨ ਕਵਲ; ਰਿਦ ਧਾਰੇ ॥ ਬਿਘਨੁ ਨ ਲਾਗੈ ਤਿਲ ਕਾ ਕੋਈ; ਕਾਰਜ ਸਗਲ ਸਵਾਰੇ ॥੧॥ ਰਹਾਉ ॥ (ਮ: ੫/੬੨੪)

(ਅ). ਸਭਿ ਕੁਸਲ ਖੇਮ; ਪ੍ਰਭਿ ਧਾਰੇ ॥ ਸਹੀ ਸਲਾਮਤਿ ਸਭਿ ਥੋਕ ਉਬਾਰੇ; ਗੁਰ ਕਾ ਸਬਦੁ ਵੀਚਾਰੇ ॥ ਰਹਾਉ ॥ (ਮ: ੫/੬੨੫)

ਉਕਤ ਦੋਵੇਂ (ਰਹਾਉ) ਤੁਕਾਂ ’ਚ ਗੁਰੂ ਦੇ ਸ਼ਬਦ (ਚਰਨ, ਵਚਨਾਂ) ਦਾ ਜ਼ਿਕਰ ਦਰਜ ਹੈ। ਵਿਸ਼ੇ ਦਾ ਵਿਸਥਾਰ ਕਰਦਿਆਂ ਮਤਾਂ ਕਿਤੇ ‘‘ਰਾਮਦਾਸ ਸਰੋਵਰਿ ਨਾਤੇ ॥’’ ਤੁਕਾਂ ਰਾਹੀਂ ਭੁਲੇਖਾ ਪੈ ਜਾਏ, ਇਸ ਲਈ ਜਿਸ ਬੰਦ ’ਚ ‘ਰਾਮ ਦਾਸ ਸਰੋਵਰਿ’(ਸੰਯੁਕਤ ਸ਼ਬਦ) ਦਰਜ ਹਨ, ਉਸ ਤੋਂ ਅਗਲੇ ਬੰਦ ’ਚ ਆਦਿ-ਅੰਤਿ ਦੇ ਜਾਨਣਹਾਰ ਗੁਰੂ ਅਰਜਨ ਸਾਹਿਬ ਜੀ ਨੇ ‘ਸਾਧਸੰਗਿ’ ਦਾ ਜ਼ਿਕਰ ਕਰਨਾ ਲਾਜ਼ਮੀ ਸਮਝਿਆ; ਜਿਵੇਂ ਕਿ ਪਹਿਲੇ ਸ਼ਬਦ ਦੇ ਦੂਜੇ ਬੰਦ ’ਚ ‘‘ਰਾਮ ਦਾਸਿ ਸਰੋਵਰ ਨਾਤੇ ॥ ਸਭ ਲਾਥੇ ਪਾਪ, ਕਮਾਤੇ ॥੨॥’’ ਦਰਜ ਹੋਣ ਕਾਰਨ ਅਗਲੇ (ਤੀਸਰੇ) ਹੀ ਬੰਦ ’ਚ ‘‘ਸਾਧਸੰਗਿ ਮਿਲਿ ਧਿਆਈਐ ॥ ਮਨ ਬਾਂਛਤ ਫਲ ਪਾਏ ॥..॥੩॥’’ ਸਪਸ਼ਟ ਕੀਤਾ ਗਿਆ, ਇਸੇ ਤਰ੍ਹਾਂ ਦੂਸਰੇ ਸ਼ਬਦ ਦੇ ਪਹਿਲੇ ਬੰਦ ’ਚ ‘‘ਰਾਮ ਦਾਸ ਸਰੋਵਰਿ ਨਾਤੇ ॥ ਸਭਿ ਉਤਰੇ ਪਾਪ; ਕਮਾਤੇ ॥…. ॥੧॥ ਦਰਜ ਹੋਣ ਕਾਰਨ ਅਗਲੇ (ਦੂਸਰੇ) ਹੀ ਬੰਦ ’ਚ ‘‘ਸਾਧਸੰਗਿ ਮਲੁ ਲਾਥੀ ॥ ਪਾਰਬ੍ਰਹਮੁ ਭਇਓ ਸਾਥੀ ॥….. ॥੨॥ ’’ ਰਾਹੀਂ ਸਪਸ਼ਟ ਕੀਤਾ ਗਿਆ ਕਿ ਵਿਸ਼ਾ ਸੂਖਮ ਸਰੀਰ ਹੈ, ਨਾ ਕਿ ਸਥੂਲ ਸਰੀਰ।

ਉਕਤ ਦੋਵੇਂ ਸ਼ਬਦਾਂ ’ਚ ਗੁਰੂ ਰਾਮਦਾਸ ਜੀ ਦੁਆਰਾ ਖੁਦਾਈ ਕਰਵਾਏ ਗਏ ਸਰੋਵਰ (ਦਰਬਾਰ ਸਾਹਿਬ, ਅੰਮ੍ਰਿਤਸਰ) ਦੇ ਤੀਰਥ ਇਸ਼ਨਾਨ ਦਾ ਜ਼ਿਕਰ ਤੱਕ ਨਹੀਂ ਹੈ, ਪਰ ਜਿਨ੍ਹਾਂ ਨੇ ਗੁਰਬਾਣੀ ਤੋਂ ਸੇਧ ਲੈਣ ਦੀ ਬਜਾਏ ਆਪਣੇ ਮਹਾਂ ਪੁਰਸ਼ਾਂ ਦੇ ਵਚਨਾਂ ਨੂੰ ‘ਸਤਿ ਬਚਨ’ ਕਹਿ ਕੇ ਸਵੀਕਾਰਿਆ ਹੋਵੇ, ਉਨ੍ਹਾਂ ਦੀ ਗੁਰ ਸ਼ਬਦ ਵਿਚਾਰ ਰਾਹੀਂ ਤਸੱਲੀ ਕਰਵਾਉਣਾ ਮੁਸ਼ਕਲ ਹੈ ਕਿਉਂਕਿ ਅਜਿਹੇ ਜੀਵਨ ‘‘ਤੀਰਥਿ ਭਰਮੈ, ਰੋਗੁ ਨ ਛੂਟਸਿ; ਪੜਿਆ ਬਾਦੁ ਬਿਬਾਦੁ ਭਇਆ ॥’’ (ਮ: ੧/੧੧੫੩) ਵਚਨਾਂ ਮੁਤਾਬਕ ਜੀਵਨ ਬਸਰ ਕਰਦੇ ਹੁੰਦੇ ਹਨ।

ਗੁਰਮਤਿ ਅਤੇ ਇਨ੍ਹਾਂ ਮਹਾਂ ਪੁਰਸ਼ਾਂ ਦੇ ਵਚਨਾਂ ’ਚ ਟਕਰਾਅ ਕੇਵਲ ਉਕਤ ਸ਼ਬਦਾਂ ਤੱਕ ਹੀ ਸੀਮਤ ਨਹੀਂ। ਕੁਝ ਕੁ ਨੁਕਤੇ ਇਹ ਵੀ ਵਿਚਾਰਨਯੋਗ ਹਨ:

(1). ‘ਸੂਖਮ ਸਰੀਰ’ ਦੇ ਮੁਕਾਬਲੇ ‘ਸਥੂਲ ਸਰੀਰ ਦੀ ਪਵਿੱਤਰਤਾ’ ਨੂੰ ਸਰਬੋਤਮ ਮੰਨਣ ਕਾਰਨ ਇਨ੍ਹਾਂ ਮਹਾਂ ਪੁਰਸ਼ਾਂ ਨੇ ‘‘ਜਿਉ ਜੋਰੂ ਸਿਰਨਾਵਣੀ; ਆਵੈ ਵਾਰੋ ਵਾਰ ॥’’ (ਮ: ੧/੪੭੨) ਪਾਵਨ ਵਚਨ ਦੇ ਗ਼ਲਤ ਅਰਥ ਕੱਢ ਕੇ ਔਰਤ ਜਾਤੀ ਨੂੰ ਅਪਵਿੱਤਰ ਮੰਨ ਲਿਆ ਤੇ ਅੰਮ੍ਰਿਤ ਸੰਚਾਰ ਲਈ ਪੰਜ ਪਿਆਰਿਆਂ ’ਚ ਸ਼ਾਮਲ ਕਰਨਾ, ਵਰਜਿਤ (ਮਨ੍ਹਾ) ਐਲਾਨਿਆ ਗਿਆ।

(2). ‘‘ਰਾਮਦਾਸ ਸਰੋਵਰਿ ਨਾਤੇ ॥’’ ਤੁਕ ਦਾ ਮਤਲਬ ‘ਸਥੂਲ ਸਰੀਰ’ ਨਾਲ਼ ਜੋੜਨ ਵਾਲ਼ੀ ਜ਼ਿੱਦ ਨੇ ਹੀ ‘‘ਸੋਚੈ ਸੋਚਿ ਨ ਹੋਵਈ; ਜੇ, ਸੋਚੀ ਲਖ ਵਾਰ ॥’’ (ਜਪੁ) ਤੁਕ ਦੇ ਅਰਥਾਂ ਰਾਹੀਂ ਹਿੰਦੂ ਤੀਰਥਾਂ ਦਾ ਖੰਡਨ ਕਰਨਾ, ਪ੍ਰਵਾਨ ਨਹੀਂ ਕੀਤਾ।

ਅਜਿਹੇ ਕਈ ਵਿਸ਼ੇ ਹਨ, ਜਿੱਥੇ ਇਹ ਮਹਾਂ ਪੁਰਸ਼, ਗੁਰੂ ਦੀ ਬਜਾਏ ਬ੍ਰਾਹਮਣ ਦੇ ਨਜਦੀਕ ਖੜ੍ਹਾ ਹੋਣਾ ਪਸੰਦ ਕਰਦੇ ਹਨ; ਜਿਵੇਂ ਕਿ

(3). ਹਿੰਦੂਆਂ ਦੁਆਰਾ ਨਿਰਧਾਰਿਤ ਕੀਤੀ ਗਈ ਕਾਲਪਨਿਕ ਨਗਰੀ ਸੁਰਗ ਨੂੰ ਇਨ੍ਹਾਂ ਮਹਾਂ ਪੁਰਸ਼ਾਂ ਨੇ ਰੱਦ ਨਹੀਂ ਕੀਤਾ ਬਲਕਿ ਉਸ ਨੂੰ ਨਵੇਂ ਅਰਥ (ਸ਼ਹੀਦ ਨਗਰੀ) ਦਿੱਤੇ ਗਏ, ਜਿੱਥੇ ਬਾਬਾ ਬੰਦਾ ਸਿੰਘ ਬਹਾਦਰ ਸਮੇਤ ਬੈਠੀ ਸਿੱਖ ਸ਼ਹੀਦ ਸੈਨਾ ਅਭਿਆਸ ਕਰਦੀ ਹੈ ਤਾਂ ਜੋ ਖਾਲਿਸਤਾਨ ਬਣਾਉਣ ਲਈ ਸਾਡੀ ਮਦਦ ਕਰਨ (ਦੁਰਗਾ ਦੇਵੀ ਵਾਙ) ਧਰਤੀ ’ਤੇ ਜ਼ਰੂਰ ਆਵੇਗੀ ਜਦਕਿ ਗੁਰਬਾਣੀ ਕਿਸੇ ਵੀ ਕਾਲਪਨਿਕ ਨਗਰੀ ਨੂੰ ਨਹੀਂ ਮੰਨਦੀ: ‘‘ਨਾ ਜਾਨਾ, ਬੈਕੁੰਠ ਕਹਾ ਹੀ ? ॥ ਜਾਨੁ ਜਾਨੁ ਸਭਿ ਕਹਹਿ; ਤਹਾ ਹੀ ॥੧॥ ਰਹਾਉ ॥’’ (ਭਗਤ ਕਬੀਰ/੩੨੫)

ਕਹੇ ਜਾਂਦੇ ਮਹਾਂ ਪੁਰਸ਼ ਸੋਚ ਮੁਤਾਬਕ ਤਾਂ ਸਾਰੇ ਸਿੱਖ ਸ਼ਹੀਦ ‘‘ਸੂਰਜ ਕਿਰਣਿ ਮਿਲੇ; ਜਲ ਕਾ ਜਲੁ ਹੂਆ ਰਾਮ ॥’’ (ਮ: ੫/੮੪੬) ਵਚਨਾਂ ਮੁਤਾਬਕ ‘‘ਪਵਨੈ ਮਹਿ, ਪਵਨੁ ਸਮਾਇਆ ॥ ਜੋਤੀ ਮਹਿ, ਜੋਤਿ ਰਲਿ ਜਾਇਆ ॥’’ (ਮ: ੫/੮੮੫) ਪਦ ਪ੍ਰਾਪਤ ਨਹੀਂ ਕਰ ਸਕੇ ਭਾਵ ਹੁਣ ਤੱਕ ਵੀ ਅਕਾਲ ਪੁਰਖ ’ਚ ਲੀਨ ਨਹੀਂ ਹੋਏ। ਇਹੀ ਸੋਚ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੂੰ ਪੂਰਵਲੇ ਜਨਮ ’ਚ ਕਿਸੇ ‘ਸ਼ਹੀਦ ਨਗਰੀ’ ’ਚ ਬੈਠੇ ਤਪੱਸਿਆ ਕਰਦੇ ਹੋਏ, ਵਿਖਾਉਂਦੀ ਹੈ।

(4). ਨਾਨਕਸ਼ਾਹੀ ਕੈਲੰਡਰ ਦੀ ਬਜਾਏ ਬਿਕ੍ਰਮੀ ਕੈਲੰਡਰ ਨੂੰ ਤਰਜੀਹ ਦੇਣਾ ਬ੍ਰਾਹਮਣੀ ਪਿਆਰ ਦਾ ਨਤੀਜਾ ਹੈ, ਆਦਿ।

ਸੋ, ‘‘ਏਕੁ ਪਿਤਾ ਏਕਸ ਕੇ ਹਮ ਬਾਰਿਕ..॥’’ (ਮ: ੫/੬੧੧) ਵਾਲ਼ੇ ਸਿੱਖ ਪਰਵਾਰ ਨੂੰ ਅਜੋਕੇ ਸੰਤ ਲਿਬਾਸ ਨੇ ਕਾਫ਼ੀ ਨੁਕਸਾਨ ਪਹੁੰਚਾਇਆ ਹੈ। ਭਾਈ ਰਣਜੀਤ ਸਿੰਘ ਜੀ ਢੱਡਰੀਆਂ ਵਾਲ਼ਿਆਂ ਨਾਲ਼ ਇਨ੍ਹਾਂ ਮਹਾਂ ਪੁਰਸ਼ਾਂ ਦੇ ਵਿਵਾਦ ਦਾ ਮੂਲ ਕਾਰਨ ਇਹ ਹੈ ਕਿ ਢੱਡਰੀਆਂ ਵਾਲ਼ੇ ਨੇ ਇਨ੍ਹਾਂ ਦੇ ‘ਸਤਿ ਬਚਨ’ ਦਾ ਬੋਝ ਢੋਣ ਦੀ ਬਜਾਏ ਸਿੱਧਾ ਗੁਰਮਤਿ ਨੂੰ ਮਹੱਤਵ ਦੇਣਾ ਸ਼ੁਰੂ ਕਰ ਦਿੱਤਾ ਹੈ, ਉਹ ਵੀ ਸੰਤ ਲਿਬਾਸ ’ਚ, ਜੋ ਇਨ੍ਹਾਂ ਮਹਾਂ ਪੁਰਸ਼ਾਂ ਨੂੰ ਪ੍ਰਵਾਨ ਨਹੀਂ।

ਦੂਸਰਾ ਵੱਡਾ ਕਾਰਨ ਇਹ ਹੈ ਕਿ ਢੱਡਰੀਆਂ ਵਾਲ਼ੇ ਨੇ ਗੁਰੂ ਘਰ ਦੀ ਇਹ ਮਰਯਾਦਾ ਕਿ ਇਸ ਧਰਤੀ ਤੋਂ ਕੂਚ ਕਰ ਚੁੱਕੇ ਮਹਾਂ ਪੁਰਸ਼ਾਂ (ਬਾਬਾ ਅਤਰ ਸਿੰਘ, ਬਾਬਾ ਈਸਰ ਸਿੰਘ, ਬਾਬਾ ਨੰਦ ਸਿੰਘ ਆਦਿ) ਨੂੰ ਸਕਾਰਾਤਮਿਕ ਰੱਖ ਕੇ ਵਰਤਮਾਨ ਸੰਤ ਲਿਬਾਸ (ਸੋਚ) ਨੂੰ ਚਨੌਤੀ ਦਿੱਤੀ ਹੈ, ਜਿਸ ਕਾਰਨ ਪੂਰਵਲੇ ਸੰਤਾਂ ਦੇ ਅਨੁਯਾਈ ਢੱਡਰੀਆਂ ਵਾਲ਼ੇ ਪਾਸ ਜਾ ਰਹੇ ਹਨ, ਇਸ ਲਈ ਇਨ੍ਹਾਂ ਦੀ ਬੇਚੈਨੀ ਵਧਣਾ, ਸੁਭਾਵਕ ਹੈ।

ਢੱਡਰੀਆਂ ਵਾਲ਼ੇ ਨੇ ਸਰੋਵਰ (ਦਰਬਾਰ ਸਾਹਿਬ) ਦਾ ਅਪਮਾਨ ਕਰ ਦਿੱਤਾ, ਇਹ ਇਲਜ਼ਾਮ ਤਾਂ ਉਕਤ ਈਰਖਾ ’ਚੋਂ ਨਿਕਲੀ ਹੋਈ ਬਹੁਤ ਹੀ ਛੋਟੀ ਚੰਗਿਆੜੀ ਹੈ। ਸੰਗਤਾਂ ਨੂੰ ਜਜ਼ਬਾਤੀ ਬਣਾ ਕੇ ਆਪਣੇ ਵਿਰੋਧੀਆਂ ਉੱਤੇ ਹਮਲਾ ਕਰਵਾਉਣਾ, ਇਨ੍ਹਾਂ ਨੇ ਸਿਆਸੀ ਲੀਡਰਾਂ ਪਾਸੋਂ ਸਿੱਖਿਆ ਹੈ ਕਿਉਂਕਿ ਸਰਕਾਰਾਂ ਕਿਸੇ ਵੀ ਸਮੁਦਾਇ ’ਚ ਏਕਤਾ ਨਹੀਂ ਚਾਹੁੰਦੀਆਂ। ਪੰਜਾਬ ’ਚ ਸਰਗਰਮ ਤਮਾਮ ਜਥੇਬੰਦੀਆਂ ’ਚ ਪਾਈ ਹੋਈ ਫੁੱਟ, ਸਰਕਾਰ ਦੀ ਕੂਟਨੀਤੀ ਦਾ ਹਿੱਸਾ ਹੈ।

ਕਰੋੜਾਂ ਰੁਪਏ ਦੀ ‘ਸਿੱਖ ਰਹਿਤ ਮਰਯਾਦਾ’ ਛਪਵਾ ਕੇ ਫਰੀ ਵੰਡਣ ਵਾਲ਼ੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸਿੱਖ ਰਹਿਤ ਮਰਯਾਦਾ ਨੂੰ ਨਾ ਮੰਨਣ ਵਾਲ਼ੇ ਸੰਤ ਸਮਾਜ ਨੂੰ ਦਰਬਾਰ ਸਾਹਿਬ ਦੇ ਸਾਮ੍ਹਣੇ ਸ਼ਹੀਦੀ ਸਮਾਰਕ ਬਣਾਉਣ ਦੀ ਇਜਾਜ਼ਤ ਦੇ ਕੇ ਇਨ੍ਹਾਂ ਦੀ ਓਥੇ ਟੋਕਰੀ ਰਖਵਾਈ ਤੇ ਹੁਣ ਇਹੀ ਕਾਰਜ ਅਗਾਂਹ ਵਧਾਉਣ ਲਈ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਬੀੜਾ ਉਠਾਇਆ ਹੈ, ਜਿਸ ਲਈ ਪਹਿਲਾ ਕੰਮ ‘ਦਸਮ ਗ੍ਰੰਥ’ ਦੀ ਕਥਾ ਕਰਵਾ ਕੇ ਸੰਗਤਾਂ ਦਾ ਰੁਝਾਨ ਇਨ੍ਹਾਂ ਵੱਲ ਝੁਕਾਉਣਾ ਹੈ ਤਾਂ ਜੋ ‘ਗੁਰੂ ਗ੍ਰੰਥ ਸਾਹਿਬ’ ਜੀ ਦੀ ਬੇਅਦਬੀ ਸਮੇਂ ਸੰਗਤਾਂ ’ਚ ਹੋਈ ਇਨ੍ਹਾਂ ਦੀ ਦੁਰਦਸ਼ਾ ਨੂੰ ਮੁੜ ਬਹਾਲ ਕੀਤਾ ਜਾ ਸਕੇ ਅਤੇ ਦਿੱਲੀ ਕਮੇਟੀ ਨੇ ਨਵਰਾਤ੍ਰਿਆਂ ’ਚ ‘ਚੰਡੀ ਦੀ ਵਾਰ’ (ਦੁਰਗਾ ਵਾਰ) ਦੀ ਕਥਾ ਕਰਵਾ ਕੇ ਸਿੱਧ ਕਰ ਦਿੱਤਾ ਕਿ ਅਸੀਂ ਬ੍ਰਾਹਮਣੀ ਸੋਚ ਅਧੀਨ ਵਿਚਰ ਰਹੇ ਹਾਂ।

ਗੁਰਦੁਆਰਾ ਮੰਜੀ ਹਾਲ (ਦਰਬਾਰ ਸਾਹਿਬ) ਤੇ ਗੁਰਦੁਆਰਾ ਬੰਗਲਾ ਸਾਹਿਬ (ਦਿੱਲੀ) ਤੋਂ ਹੁੰਦੀ ਕਥਾ ’ਚ ਵਿਰੋਧੀਆਂ ’ਤੇ ਹਮਲੇ ਕਰਨਾ, ਗੁਰੂ ਸ਼ਬਦ (ਵਾਕ) ਦੀ ਵਿਆਖਿਆ ਦਾ ਨਿਰਾਦਰ (ਦੁਰਪ੍ਰਯੋਗ) ਹੈ, ਜੋ ਸਰੋਵਰ (ਦਰਬਾਰ ਸਾਹਿਬ, ਅੰਮ੍ਰਿਤਸਰ) ਦੇ ਅਪਮਾਨ ਤੋਂ ਕਿਤੇ ਵਧ ਕੇ ਹੈ। ਚੰਡੀ ਦੀ ਵਾਰ ਰਾਹੀਂ ਵੀਰ ਰਸ ਭਰਨ ਵਾਲ਼ਿਆਂ ਨੇ ‘ਗੁਰੂ ਗ੍ਰੰਥ ਸਾਹਿਬ’ ਜੀ ਦੀ ਬੇਅਦਬੀ ਬਾਰੇ ਕਦੇ ਦੋ ਸ਼ਬਦ ਨਹੀਂ ਬੋਲੇ, ਜਿਸ ਕਾਰਨ ਸੰਗਤਾਂ ਵੱਲੋਂ ਇਨ੍ਹਾਂ ਸਾਮ੍ਹਣੇ ਚੂੜੀਆਂ ਸੁੱਟੀਆਂ ਗਈਆਂ ਸਨ। ਅਗਰ ਅਪਮਾਨ ‘ਦਸਮ ਗ੍ਰੰਥ’ ਦਾ ਹੋਇਆ ਹੁੰਦਾ ਤਾਂ ਕੀ ਖਾਮੋਸ਼ੀ ਇਸ ਤਰ੍ਹਾਂ ਹੀ ਹੁੰਦੀ ? ਜੇਕਰ ਇਹ ਪੰਥ ਹਿਤੈਸ਼ੀ ਹਨ ਤਾਂ ਦੋਸ਼ੀਆਂ ਨੂੰ ਸਜ਼ਾ ਦਿਲਵਾਉਣ ਲਈ ਸਰਕਾਰ ਉੱਤੇ ਦਬਾਅ ਬਣਾਉਣਾ ਚਾਹੀਦਾ ਹੈ।

‘ਗੁਰੂ ਗ੍ਰੰਥ ਸਾਹਿਬ’ ਨੂੰ ਬ੍ਰਹਮ ਗਿਆਨ ਦੱਸ ਕੇ ਸ਼ਬਦ ਵਿਚਾਰ ਤੋਂ ਵਾਂਝੇ ਕਰਨਾ ਤੇ ‘ਦਸਮ ਗ੍ਰੰਥ’ ਨੂੰ ‘ਜੀਵਨ ਜਾਚ’ ਐਲਾਨ ਕਰਨਾ, ਗੁਰਬਾਣੀ (ਗੁਰੂ) ਨਾਲੋਂ ਸਿੱਖਾਂ ਨੂੰ ਦੂਰ ਕਰਕੇ ‘ਦਸਮ ਗ੍ਰੰਥ’ ਨਾਲ ਜੋੜਨ ਦੀ ਸਾਜ਼ਸ਼ ਲਗਦੀ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਵਿਸ਼ੇਸ਼ ਤੌਰ ’ਤੇ ਕਿਸੇ ਇੱਕ ਜਥੇਬੰਦੀ ਨੂੰ ਕੋਈ ਵੀ ਸੇਵਾ ਦੇਣਾ ਸਿਆਸੀ ਲਾਭ ਲੈਣ ਦੀ ਭਾਵਨਾ ਨੂੰ ਪ੍ਰਗਟ ਕਰਦਾ ਹੈ।

ਕੁਦਰਤ (ਰਚਨਾ) ’ਚ ਬੇਸ਼ੁਮਾਰ ਕੀਮਤੀ ਹੀਰੇ ‘ਤਾਰੇ’ (Stars)

0

ਕੁਦਰਤ (ਰਚਨਾ) ’ਚ ਬੇਸ਼ੁਮਾਰ ਕੀਮਤੀ ਹੀਰੇ ‘ਤਾਰੇ’ (Stars)

  (ਨੋਟ: ਅਗਰ ਕਿਸੇ ਤਸਵੀਰ ਨੂੰ ਵੱਡਾ ਕਰਕੇ ਵੇਖਣਾ ਹੋਵੇ ਤਾਂ ਉਸ ਉੱਪਰ ਦੁਬਾਰਾ ਕਲਿਕ ਕੀਤਾ ਜਾ ਸਕਦਾ ਹੈ।)

ਬ੍ਰਹਿਮੰਡ ਦੀ ਹਰੇਕ ਗਲੈਕਸੀ ’ਚ ਲੱਖਾਂ ਕਰੋੜਾਂ ਤਾਰੇ ਹੁੰਦੇ ਹਨ। ਇੱਕ ਤਾਰਾ (a star) ਬਹੁਤ ਜ਼ਿਆਦਾ ਗਰਮ ਗੈਸਾਂ ਦਾ ਗੋਲ਼ਾ ਹੁੰਦਾ ਹੈ, ਜੋ ਆਪਣੇ ਕੇਂਦਰ ਵਿਚਲੀ ਨਿਊਕਲੀ ਕਿਰਿਆ ਨਾਲ਼ ਗਰਮੀ ਤੇ ਰੌਸ਼ਨੀ ਪੈਦਾ ਕਰਦਾ ਹੈ। ਧਰਤੀ ਦੇ ਸਭ ਤੋਂ ਨਜ਼ਦੀਕ ਵਾਲ਼ਾ ਤਾਰਾ ਸੂਰਜ ਹੈ, ਜੋ ਧਰਤੀ ਤੋਂ 15 ਕਰੋੜ ਕਿਲੋਮੀਟਰ ਦੂਰ ਹੈ (ਪਰ ਗੁਰੂ ਨਾਨਕ ਸਾਹਿਬ ਜੀ ਦੇ ਜੀਵਨ ਨਾਲ਼ ਸੰਬੰਧਿਤ ਮੰਨੀ ਜਾਂਦੀ ‘ਬਾਲਾ ਸਾਖੀ’ ਦੇ ਪੰਨਾ 288 (ਪ੍ਰਕਾਸ਼ਕ ਭਾਈ ਚਤਰ ਸਿੰਘ ਜੀਵਨ ਸਿੰਘ, 33ਵੀਂ ਐਡੀਸ਼ਨ, ਸੰਨ 2000) ਉੱਤੇ ਇਹ ਦੂਰੀ ਲਗਭਗ 3.20 ਲੱਖ ਕਿਲੋਮੀਟਰ ਦੱਸੀ ਗਈ ਹੈ, ਜਦ ਗੁਰੂ ਨਾਨਕ ਸਾਹਿਬ ਜੀ ਭਾਈ ਮਰਦਾਨਾ ਜੀ ਦੇ ਸਵਾਲ ਦਾ ਜਵਾਬ ਦੇ ਰਹੇ ਹਨ)।

ਇਸ ਤੋਂ ਬਾਅਦ ਨਜ਼ਦੀਕ ਵਾਲ਼ਾ ਤਾਰਾ ਪ੍ਰੌਕਸੀਮਾ ਸੈਂਚੁਰੀ (Proxima Centauri) ਹੈ,ਜੋ ਧਰਤੀ ਤੋਂ 4.5 ਪ੍ਰਕਾਸ਼ ਸਾਲ (ਭਾਵ 42.57 ਖਰਬ ਕਿਲੋਮੀਟਰ) ਦੂਰ ਹੈ।

ਤਾਰਾ-ਧੁੰਦ (NEBULAE): ਤਾਰੇ, ਗੈਸਾਂ ਤੇ ਗਰਦੇ ਦੇ ਬਹੁਤ ਵੱਡੇ ਬੱਦਲਾਂ ਤੋਂ ਬਣੇ ਹੁੰਦੇ ਹਨ, ਜਿਨ੍ਹਾਂ ਨੂੰ ਨੀਬੂਲੀ ਜਾਂ ਤਾਰਾ ਧੁੰਦ ਕਿਹਾ ਜਾਂਦਾ ਹੈ। ਕੁਝ ਤਾਰਾ ਧੁੰਦਾਂ ਚਮਕਦੀਆਂ ਹੁੰਦੀਆਂ ਹਨ

ਪਰ ਕੁਝ ਨਹੀਂ ਚਮਕਦੀਆਂ ਭਾਵ ਹਨੇਰੀਆਂ ਤਾਰਾ ਧੁੰਦਾਂ (Dark nebulae) ਹੁੰਦੀਆਂ ਹਨ, ਜੋ ਆਕਾਸ਼ ’ਚ ਕਾਲੇ ਧੱਬਿਆਂ ਵਾਙ ਦਿਸਦੀਆਂ ਹਨ।

ਇਹ ਆਮ ਤੌਰ ’ਤੇ ਗਰਦੇ ਤੋਂ ਬਣੀਆਂ ਹੋਈਆਂ ਹੁੰਦੀਆਂ ਹਨ, ਜੋ ਆਪਣੇ ਤੋਂ ਪਿਛਲੇ ਤਾਰੇ ਦੀ ਰੌਸ਼ਨੀ ਉੱਤੇ ਕਾਲ਼ਖ਼ (ਕਾਲਸ) ਫੇਰ ਦਿੰਦੀਆਂ ਹਨ ਜਦਕਿ ਚਮਕਦਾਰ ਤਾਰਾ-ਧੁੰਦਾਂ (bright nebulae) ਵਿਚਲੀਆਂ ਗੈਸਾਂ ਇਤਨੀਆਂ ਗਰਮ ਹੁੰਦੀਆਂ ਹਨ ਕਿ ਉਹ ਖ਼ੂਬਸੂਰਤ ਰੰਗਾਂ ਵਿੱਚ ਚਮਕਦੀਆਂ ਰਹਿੰਦੀਆਂ ਹਨ।

ਘੋੜੇ ਦੇ ਸਿਰ ਵਰਗੀ ਇਹ ਤਾਰਾ ਧੁੰਦ ਹਨੇਰੀ ਤਾਰਾ ਧੁੰਦ ਹੈ, ਜੋ ਚਮਕਦਾਰ ਤਾਰਾ ਧੁੰਦ ਉੱਪਰ ਛਾਈ ਹੋਈ ਹੈ।

 

ਚਮਕਦਾਰ ਤਾਰਾ ਧੁੰਦਾਂ ਵਿਚ ਕਿਹੜੇ ਰੰਗ ਹੋਣਗੇ ਇਹ ਉਨ੍ਹਾਂ ਵਿਚਲੀਆਂ ਗੈਸਾਂ ਉੱਤੇ ਨਿਰਭਰ ਕਰਦਾ ਹੈ। ਮਿਸਾਲ ਦੇ ਤੌਰ ’ਤੇ ਹਾਈਡਰੋਜਨ ਗੈਸ ਗੁਲਾਬੀ ਲਿਸ਼ਕ ਮਾਰਦੀ ਹੈ ਤੇ ਆਕਸੀਜਨ ਨੀਲੀ + ਹਰੀ ਲਿਸ਼ਕ।

ਇਹ ਤਿੰਨ ਧਾਰੀ ਤਾਰਾ ਧੁੰਦ, ਚਮਕਦਾਰ ਤਾਰਾ ਧੁੰਦ ਹੈ, ਇਸ ਦੇ ਰੰਗ, ਭਖਦੀਆਂ ਗਰਮ ਗੈਸਾਂ ਦੇ ਸਬੂਤ ਹਨ।

ਗੈਸ ਤੇ ਗਰਦੇ ਦੇ ਇਹ ਵੱਡੇ ਥਮਲੇ, ਜਿਨ੍ਹਾਂ ਨੂੰ ਰਚਨਾ ਦੇ ਵੱਡੇ ਥੰਮ ਕਿਹਾ ਜਾਂਦਾ ਹੈ: ਈਗਲ ਤਾਰਾ ਧੁੰਦ ਦੇ ਹਿੱਸੇ ਹਨ। ਸਭ ਤੋਂ ਉੱਚਾ ਥਮਲਾ ਆਪਣੀ ਨੀਂਹ ਤੋਂ ਸਿਰੇ ਤੱਕ ਇੱਕ ਰੌਸ਼ਨੀ ਸਾਲ (ਭਾਵ 9.46 ਲੱਖ ਕਰੋੜ ਕਿਲੋਮੀਟਰ ਜਾਂ 9.46 ਖਰਬ ਕਿਲੋਮੀਟਰ) ਜਿਤਨਾ ਉੱਚਾ ਹੈ।

ਇੱਕ ਤਾਰੇ ਦਾ ਜਨਮ (THE BIRTH OF A STAR): ਕੁਝ ਤਾਰਾ ਧੁੰਦਾਂ ਵਿਚਲੀਆਂ ਗੈਸਾਂ ਤੇ ਗਰਦੇ ਦੇ ਬੱਦਲ ਆਪਣੇ ਦੁਆਲੇ ਘੁੰਮਦੇ ਘੁੰਮਦੇ ਗੁੱਛਾ ਜਿਹਾ ਬਣ ਜਾਂਦੇ ਹਨ, ਜੋ ਵੱਡੇ ਤੋਂ ਹੋਰ ਵੱਡਾ ਹੋਈ ਜਾਂਦਾ ਹੈ, ਆਖ਼ਰ ਕਿਸੇ ਚੀਜ਼ ਕਾਰਨ ਇਹ ਨਵੇਂ ਬੱਦਲ ਫਟ ਜਾਂਦੇ ਹਨ ਤੇ ਇੱਕ ਗਰਮ ਤਹਿ ਬਣ ਜਾਂਦੀ ਹੈ। ਇਹ ਤਹਿ ਗਰਮ ਤੋਂ ਗਰਮ ਹੁੰਦੀ ਜਾਂਦੀ ਹੈ, ਜਦੋਂ ਤੱਕ ਕਿ ਇਸ ਅੰਦਰ ਨਿਊਕਲੀ ਕਿਰਿਆ ਨਾਲ਼ ਗੈਸਾਂ ਦੇ ਬੱਦਲ ਨਹੀਂ ਬਣ ਜਾਂਦੇ। ਇਨ੍ਹਾਂ ਬੱਦਲਾਂ ’ਚੋਂ ਹੀ ਚਮਕਣ ਵਾਲ਼ੇ ਤਾਰੇ ਬਣਦੇ ਹਨ।

(1). ਤਾਰਾ ਧੁੰਦਾਂ ਵਿਚਲੀਆਂ ਗੈਸਾਂ ਉੱਤੇ ਗਰਦਾ ਘੁੰਮਦਾ ਰਹਿੰਦਾ ਹੈ।

(2). ਬੱਦਲ ਫਟਦੇ ਹਨ।

(3). ਇੱਕ ਗਰਮ ਤਹਿ (hote core) ਬਣਦੀ ਹੈ।

(4). ਇੱਕ ਨਵਾਂ ਤਾਰਾ ਜਨਮ ਲੈਂਦਾ ਹੈ।

ਬਦਲਣਹਾਰ ਤਾਰੇ (VARIABLE STAR): ਕੁਝ ਤਾਰੇ ਆਪਣੀ ਚਮਕ ’ਚ ਸਮੇਂ ਸਮੇਂ ਤਬਦੀਲੀਆਂ ਕਰਦੇ ਵਿਖਾਈ ਦੇਂਦੇ ਹਨ, ਜਿਸ ਕਾਰਨ ਇਨ੍ਹਾਂ ਨੂੰ ਬਦਲਣਹਾਰ ਤਾਰੇ ਕਿਹਾ ਜਾਂਦਾ ਹੈ, ਜੋ ਤਿੰਨ ਕਿਸਮ ਦੇ ਹੁੰਦੇ ਹਨ: ‘ਕੰਬਦੇ, ਗ੍ਰਹਿਣੇ ਤੇ ਤਬਾਹਕੁੰਨ ਬਦਲਣਹਾਰਾ ਤਾਰੇ’।

(1). ਕੰਬਦੇ ਬਦਲਣਹਾਰ ਤਾਰੇ (Pulsating variables): ਆਮ ਤੌਰ ’ਤੇ ਸੂਰਜ ਨਾਲੋਂ ਵੱਡੇ ਹੁੰਦੇ ਹਨ, ਜੋ ਆਪਣਾ ਆਕਾਰ ਤੇ ਤਾਪਮਾਨ ਬਦਲਦੇ ਰਹਿੰਦੇ ਹਨ। ਜਦ ਵੱਡੇ ਹੋਣ ਤਾਂ ਬਹੁਤ ਸਾਰੀ ਰੌਸ਼ਨੀ ਛੱਡਦੇ ਹਨ ਤੇ ਜਦ ਛੋਟੇ ਹੋਣ ਤਾਂ ਰੌਸ਼ਨੀ ਵੀ ਘਟ ਜਾਂਦੀ ਹੈ। ਕੁਝ ਬਦਲਦੇ ਤਾਰੇ ਤਰਤੀਬਵਾਰ ਚੱਕਰ ਲਾਉਂਦੇ ਫੈਲਦੇ ਤੇ ਸੁੰਗੜਦੇ ਰਹਿੰਦੇ ਹਨ ਤੇ ਕਈ ਬੜੇ ਡਾਵਾਂਡੋਲ (ਅਸਥਿਰ) ਹੁੰਦੇ ਹਨ।

ਹੇਠਾਂ ਇੱਕ ਕੰਬਦਾ ਬਦਲਦਾ ਤਾਰਾ ‘ਮੀਰਾ’, ਇੱਕ ਤਰਤੀਬਵਾਰ ਚੱਕਰ ’ਚ ਵਿਖਾਇਆ ਗਿਆ ਹੈ।

(2). ਗ੍ਰਹਿਣੇ ਬਦਲਣਹਾਰ ਤਾਰੇ (eclipsing variables-EeV): ਇਹ ਇੱਕ ਕਿਸਮ ਦੇ ਦੋ ਧਾਰੀ ਤਾਰੇ (binary star) ਹੁੰਦੇ ਹਨ।

ਦੋ ਧਾਰੀ ਤਾਰੇ ਦਾ ਮਤਲਬ ਹੈ: ‘ਸੰਯੁਕਤ ਦੋ ਤਾਰੇ’, ਜੋ ਇੱਕ ਦੂਜੇ ਦੇ ਦੁਆਲੇ ਘੁੰਮਦੇ ਹੋਏ ਆਕਰਸ਼ਣ(ਕਸ਼ਿਸ਼,Gravity) ਸ਼ਕਤੀ ਨਾਲ਼ ਜਕੜੇ ਹੁੰਦੇ ਹਨ। ਦੋ ਧਾਰੀ ਤਾਰਿਆਂ ’ਚ ਇੱਕ ਤਾਰਾ ਦੂਸਰੇ ਦੇ ਪਿੱਛੇ ਚਲਾ ਜਾਂਦਾ ਹੈ, ਜੋ ਧਰਤੀ ਤੋਂ ਵੇਖਦਿਆਂ ਧੁੰਦਲਾ ਲੱਗਦਾ ਹੈ, ਜਿਸ ਕਾਰਨ ਦੋਨਾਂ ਦੀ ਚਮਕ ਬਦਲਦੀ ਰਹਿੰਦੀ ਹੈ।

ਸਾਹਮਣੇ ਦਿੱਤੀਆਂ ਦੋ ਧਾਰੀ ਗ੍ਰਹਿਣੇ ਬਦਲਦਿਆਂ ਤਾਰਿਆਂ ਦੀਆਂ ਤਿੰਨ ਤਸਵੀਰਾਂ ’ਚ ਇੱਕ ਲਾਲ ਤਾਰਾ,  ਜਿਸ ਨੂੰ ਮੁੱਢਲਾ (primary) ਆਖਿਆ ਜਾਂਦਾ ਹੈ ਤੇ ਦੂਸਰਾ (ਬਾਹਰਲਾ) ਨੀਲਾ ਤਾਰਾ, ਜਿਸ ਨੂੰ ਨਾਇਬ (ਸਹਾਇਕ, ਉਪ ਜਾਂ secondry) ਕਿਹਾ ਜਾਂਦਾ ਹੈ, ਵਿਖਾਈ ਦੇ ਰਹੇ ਹਨ।

(3). ਵਿਨਾਸ਼ਕਾਰੀ ਬਦਲਣਹਾਰ ਤਾਰੇ (Cataclysmic variables): ਵਿਨਾਸ਼ਕਾਰੀ ਬਦਲਣਹਾਰ ਤਾਰੇ ਵੀ ਦੋ ਧਾਰੀ ਤਾਰੇ ਹੁੰਦੇ ਹਨ, ਜੋ ਆਪਸ ਵਿੱਚ ਬਹੁਤ ਚੰਗੀ ਤਰ੍ਹਾਂ ਜੁੜੇ ਹੋਏ ਹੁੰਦੇ ਹਨ। ਜਦੋਂ ਇਨ੍ਹਾਂ ਵਿੱਚੋਂ ਇੱਕ ਤਾਰਾ (ਆਮ ਤੌਰ ’ਤੇ ਚਿੱਟਾ ਤੇ ਫਿਕਾ ਤਾਰਾ)

ਆਪਣੀ ਕਸ਼ਿਸ਼ (ਖਿੱਚ) ਨਾਲ਼ ਦੂਸਰੇ ਤਾਰੇ (ਆਮ ਤੌਰ ’ਤੇ ਚਮਕਦੇ ਵੱਡੇ ਲਾਲ ਤਾਰੇ) ਦਾ ਮਾਦਾ ਆਪਣੇ ਵੱਲ ਖਿੱਚਦਾ ਹੈ ਤਾਂ ਅਚਨਚੇਤ ਹੀ ਉਨ੍ਹਾਂ ਦੇ ਅੰਦਰ ਤੇ ਬਾਹਰ ਚਮਕ ਵਿੱਚ ਵਾਧਾ ਹੁੰਦਾ ਹੈ। ਇਹ ਸਾਰੀ ਘਟਨਾ ਧਮਾਕੇਦਾਰ ਪਰਮਾਣੂ (ਨਿਊਕਲੀ) ਕਿਰਿਆ ਵਾਙ ਵਾਪਰਦੀ ਹੈ।

ਇਸ ਵਿਨਾਸ਼ਕਾਰੀ ਬਦਲਣਹਾਰ ਤਾਰੇ ਨੂੰ ਨੋਵਾ (nova) ਕਿਹਾ ਜਾਂਦਾ ਹੈ, ਜੋ ਅਚਾਨਤ ਮੱਚ ਉੱਠਦਾ ਹੈ ਤੇ ਹੌਲ਼ੀ ਹੌਲ਼ੀ ਕਈ ਮਹੀਨੇ ਜਾਂ ਸਾਲਾਂ ਬਾਅਦ ਆਪਣੀ ਪੁਰਾਣੀ ਮੱਧਮ (ਧੁੰਦਲੀ) ਚਮਕ ਤੇ ਫਿਰ ਅਲੋਪ (ਅਡਿੱਠ) ਹੋ ਕੇ ਬਲੈਕ ਹੋਲ ਦਾ ਰੂਪ ਧਾਰਨ ਕਰ ਲੈਂਦਾ ਹੈ।

ਇੱਕ ਤਾਰੇ ਦੀ ਜ਼ਿੰਦਗੀ ਜਾਂ ਮਿਆਦ (THE LIFE OF A STAR): ਜ਼ਿਆਦਾਤਰ ਨਵੇਂ ਤਾਰੇ ਸ਼ੁਰੂ ਵਿੱਚ ਬਹੁਤ ਚਮਕ ਨਾਲ਼ ਬਦਲਦੇ ਹਨ ਤੇ ਨੀਲੀ ਜਾਂ ਚਿੱਟੀ ਲਿਸ਼ਕ ਮਾਰਦੇ ਹਨ। ਇਹ ਕਿਰਿਆ ਲੱਖਾਂ ਸਾਲ ਚਲਦੀ ਹੈ। ਜਦ ਕੋਈ ਤਾਰਾ ਪੁਰਾਣਾ ਹੋ ਜਾਂਦਾ ਹੈ ਤਾਂ ਨਿਰੰਤਰ ਮੱਧਮ ਵੇਗ (ਗਤੀ) ਨਾਲ਼ ਲਿਸ਼ਕਦਾ ਹੈ।

ਹਰ ਤਾਰੇ ਦੀ ਜ਼ਿੰਦਗੀ ਵੱਖਰੀ ਵੱਖਰੀ ਹੁੰਦੀ ਹੈ। ਸਾਡੇ ਸੂਰਜ ਵਰਗੇ ਤਾਰਿਆਂ ਦਾ ਜੀਵਨ ਕਾਲ 100 ਕਰੋੜ (ਇੱਕ ਅਰਬ) ਸਾਲ ਹੈ ਜਦਕਿ ਇਸ ਤੋਂ ਛੋਟੇ (ਬੌਣੇ) ਤਾਰੇ (dwarf stars) ਜ਼ਿਆਦਾ ਲੰਮੀ ਉਮਰ ਭੋਗਦੇ ਹਨ। ਸੂਰਜ ਤੋਂ ਵੱਡੇ ਤਾਰਿਆਂ ਨੂੰ ਦੈਂਤ ਤਾਰੇ (giant stars) ਕਿਹਾ ਜਾਂਦਾ ਹੈ ਅਤੇ ਇਨ੍ਹਾਂ ਤੋਂ ਵੱਡੇ ਅਤਿ ਦੈਂਤ ਤਾਰੇ (supergiant stars) ਕਹੇ ਜਾਂਦੇ ਹਨ, ਜਿਨ੍ਹਾਂ ਦੀ ਉਮਰ ਬਹੁਤ ਥੋੜੀ ਭਾਵ ਕੁਝ ਕੁ ਲੱਖ ਸਾਲ ਹੀ ਹੋਵੇਗੀ ਭਾਵ ਜਿਤਨਾ ਤਾਰਾ ਵੱਡਾ ਹੋਵੇਗਾ ਉਮਰ ਉਤਨੀ ਘੱਟ ਹੋਵੇਗੀ ਤੇ ਜਿਤਨਾ ਤਾਰਾ ਛੋਟਾ ਹੋਵੇਗਾ ਉਮਰ ਉਤਨੀ ਵਧਦੀ ਜਾਵੇਗੀ।

ਚਾਰ ਚਮਕਦੇ ਤਾਰੇ (Four Bright stars): ਇਨ੍ਹਾਂ ਦੀ ਭਿੰਨਤਾ ਦਾ ਬੋਧ ਤਾਰਿਆਂ ਦੇ ਰੰਗ ਕਾਰਨ ਹੁੰਦਾ ਹੈ;

ਜਿਵੇਂ ਕਿ:  (1). ਰਾਈਗਲ (Rigel) ਬਹੁਤ ਵੱਡਾ ਤੇ ਨੀਲੇ ਰੰਗ ਦਾ ਤਾਰਾ ਹੈ, ਜੋ ਧਰਤੀ ਤੋਂ 800 ਪ੍ਰਕਾਸ਼ ਸਾਲ ਭਾਵ 7,568 ਖਰਬ 

ਕਿਲੋਮੀਟਰ ਦੂਰ ਹੈ। ਤਾਪਮਾਨ 12,000 ਸੈਂਟੀ ਮੀਟਰ ਤੇ ਉਮਰ ਲਗਭਗ 8 ਲੱਖ ਸਾਲ ਮੰਨੀ ਗਈ ਹੈ।

(2). ਅਰਕਟੂਰਸ (Arcturus) ਸੰਤਰੇ ਰੰਗ ਵਾਲ਼ਾ ਬਹੁ ਆਕਾਰੀ ਤਾਰਾ ਹੈ, ਜੋ ਧਰਤੀ ਤੋਂ 37 ਪ੍ਰਕਾਸ਼ ਸਾਲ ਭਾਵ 350 ਖਰਬ ਕਿਲੋਮੀਟਰ ਦੂਰ ਹੈ। ਤਾਪਮਾਨ 4,000 ਸੈਂਟੀ ਮੀਟਰ ਤੇ ਉਮਰ ਲਗਭਗ 10 ਅਰਬ ਸਾਲ ਮੰਨੀ ਗਈ ਹੈ ਜਦਕਿ ਸਾਡੇ ਸੂਰਜ ਦਾ ਤਾਪਮਾਨ 5,505 ਸੈਂਟੀ ਮੀਟਰ ਤੇ ਉਮਰ 4.6 ਬਿਲਿਅਨ ਜਾਂ 46 ਅਰਬ ਸਾਲ ਮੰਨੀ ਗਈ ਹੈ, ਆਦਿ।

ਤਾਰਿਆਂ ਦਾ ਜਾਣਨਾ (DESCRIBING  STARS): ਵੱਖ ਵੱਖ ਤਾਰੇ ਚਮਕ ਦੀ ਵੱਖਰੀ ਮਾਤਰਾ ਨਾਲ਼ ਬਣਦੇ ਹਨ। ਤਾਰਿਆਂ ਦੀ ਚਮਕ ਨੂੰ ਇੱਕ ਪੈਮਾਨੇ ਨਾਲ਼ ਮਿਣਿਆ ਜਾਂ ਵਰਗੀਕਰਨ ਕੀਤਾ ਜਾਂਦਾ ਹੈ, ਜਿਸ ਨੂੰ ਕਾਂਤੀਮਾਨ ਜਾਂ ਮੈਗਨੀਚੂਡ (magnitude) ਕਿਹਾ ਜਾਂਦਾ ਹੈ। ਪੁਲਾੜ ਵਿੱਚ ਕਿਸੇ ਤਾਰੇ ਦੀ ਅਸਲ ਚਮਕ ਉਸ ਦਾ ਮੁਕੰਮਲ ਕਾਂਤੀਮਾਨ (apparent magnitude) ਹੁੰਦਾ ਹੈ। ਸਭ ਤੋਂ ਤੇਜ ਚਮਕਦੇ ਤਾਰਿਆਂ ਨੂੰ ਸਿਫ਼ਰ ਜਾਂ ਇੱਥੋਂ ਤੱਕ ਕਿ ਮਨਫ਼ੀ (ਘਟਾਉ) ਵੀ ਕਿਹਾ ਜਾਂਦਾ ਹੈ।

-4   -3    -2   -1      0     + 1   + 2  + 3   +4  +5   +6  + 7   +8   +9

ਸਭ ਤੋਂ ਤੇਜ ਚਮਕਦੇ ਤਾਰੇ               ਸਭ ਤੋਂ ਮੱਧਮ ਤਾਰੇ

ਜਵਾਨ ਤੇ ਸਭ ਤੋਂ ਗਰਮ ਤਾਰੇ ਅਕਸਰ ਨੀਲੇ ਜਾਂ ਸਫ਼ੈਦ ਹੁੰਦੇ ਹਨ ਤੇ ਬੁੱਢੇ ਜਾਂ ਸਭ ਤੋਂ ਠੰਡੇ ਲਾਲ ਰੰਗ ਦੇ ਹੁੰਦੇ ਹਨ। ਇਕ ਕਿਸਮ ਦੇ ਤਾਰਿਆਂ ਨੂੰ ਸਪੈਕਟਰਲ ਟਾਇਪ (spectral type) ਕਿਹਾ ਜਾਂਦਾ ਹੈ, ਜੋ ਹੇਠਾਂ ਚਾਰਟ ਵਿੱਚ ਵਿਖਾਏ ਗਏ ਹਨ।

ਤਾਰਾ ਝੁੰਡ (CONSTELLATIONS): ਧਰਤੀ ਤੋਂ ਵਿਖਾਈ ਦੇਣ ਵਾਲ਼ੇ ਤਾਰਿਆਂ ਦੇ ਕੁੱਲ 88 ਝੁੰਡ ਹਨ, ਜਿਨ੍ਹਾਂ ’ਚੋਂ ਬਹੁਤਿਆਂ ਦੇ ਨਾਮ ਪ੍ਰਾਚੀਨ ਗਰੀਕ ਲੋਕ ਤੇ ਮਿਥਿਹਾਸਕ ਕਥਾਵਾਂ ਦੇ ਪਾਤਰਾਂ ਦੇ ਨਾਵਾਂ ਉੱਪਰ ਰੱਖੇ ਗਏ ਹਨ। ਤਾਰਾ ਝੁੰਡਾਂ ਵਿੱਚ ਵੀ ਛੋਟੀਆਂ ਬਣਤਰਾਂ ਹੁੰਦੀਆਂ ਹਨ, ਜਿਨ੍ਹਾਂ ਨੂੰ ਖਿੱਤੀਆਂ (asterisms) ਆਖਿਆ ਜਾਂਦਾ ਹੈ। ਹਲ, ਵੱਡਾ ਗੋਤਾਕੋਰ ਜਾਂ ਸਪਤ ਰਿਸ਼ੀ, ਆਦਿ ਮਸ਼ਹੂਰ ਖਿੱਤੀਆਂ ਹਨ, ਜੋ ਇੱਕ ਤਾਰਾ ਝੁੰਡ ‘ਉਰਸਾ ਮੇਜਰ’ ਦਾ ਹਿੱਸਾ ਹੈ।

ਉਰਸਾ ਮੇਜਰ ਜਾਂ ਵੱਡਾ ਰਿੱਛ ਨਾਂ ਦੇ ਇਸ ਤਾਰਾ ਝੁੰਡ ਦੇ ਦੁਆਲੇ ਇੱਕ ਕਿਆਸੀ ਰਿੱਛ ਦੀ ਤਸਵੀਰ ਬਣਾਈ ਹੋਈ ਹੈ। ਤਾਰਾ ਝੁੰਡ ਆਕਾਸ਼ ਦੇ ਬਹੁਤ ਮਹੱਤਵ ਪੂਰਨ ਤਾਰਿਆਂ ਤੋਂ ਬਣਦੇ ਹਨ। ਧਰਤੀ ਤੋਂ ਵੇਖਿਆਂ ਤਾਰਾ ਝੁੰਡਾਂ ਦੇ ਤਾਰੇ ਇੱਕ ਦੂਜੇ ਦੇ ਬਹੁਤ ਨਜ਼ਦੀਕ ਲੱਗਦੇ ਹੋਣਗੇ ਲੇਕਿਨ ਅਸਲ ’ਚ ਉਹ ਇੱਕ ਦੂਜੇ ਤੋਂ ਬਹੁਤ ਦੂਰ ਹੁੰਦੇ ਹਨ। ਮਿਸਾਲ ਦੇ ਤੌਰ ’ਤੇ ਓਰੀਆਨ ਤਾਰਾ ਝੁੰਡ ਦੇ ਤਾਰੇ ਇੱਕ ਦੂਜੇ ਤੋਂ 500 ਪ੍ਰਕਾਸ਼ ਸਾਲ (4,730 ਖਰਬ ਕਿਲੋਮੀਟਰ) ਤੋਂ ਲੈ ਕੇ 2000 ਪ੍ਰਕਾਸ਼ ਸਾਲ (18,920 ਖਰਬ ਕਿਲੋਮੀਟਰ) ਦੂਰ ਹੁੰਦੇ ਹਨ ਜਦਕਿ ਧਰਤੀ ਤੋਂ ਵੇਖਣ ’ਚ ਇਹ ਸਭ ਤਾਰੇ ਆਪਸ ’ਚ ਜੁੜੇ ਹੋਏ ਪ੍ਰਤੀਤ ਹੁੰਦੇ ਹਨ ਕਿਉਂਕਿ ਇਹ ਇੱਕੋ ਦਿਸ਼ਾ ਵਿੱਚ ਹੁੰਦੇ ਹਨ।

ਧਰਤੀ ਤੋਂ ਵੇਖਿਆਂ ਓਰੀਆਨ ਦੇ ਤਾਰੇ ਇੱਕ ਦੂਜੇ ਦੇ ਬਹੁਤ ਨਜ਼ਦੀਕ ਤੇ ਇੱਕੋ ਦੂਰੀ ’ਤੇ ਲੱਗਦੇ ਹਨ।

ਇਕ ਸੇਧ ਵਿਚ ਤਾਰੇ

ਇੱਥੋਂ ਅਸੀਂ ਓਰੀਆਨ ਦੇ ਤਾਰਿਆਂ ਨੂੰ ਧਰਤੀ ਤੋਂ ਵੱਖ ਵੱਖ ਫ਼ਾਸਲਿਆਂ ਉੱਪਰ ਵੇਖ ਸਕਦੇ ਹਾਂ।

ਆਪ ਕਰਕੇ ਵੇਖੋ

ਸਾਰੇ ਤਾਰਾ ਝੁੰਡਾਂ ਤੇ ਖਿੱਤਿਆਂ ਨੂੰ ਖ਼ਾਲੀ ਅੱਖਾਂ ਨਾਲ਼ ਵੇਖਿਆ ਜਾ ਸਕਦਾ ਹੈ ਪਰੰਤੂ ਵੇਖਣ ਸਮੇਂ ਸਾਲ ਦਾ ਵਕਤ ਤੇ ਭੂਗੋਲਿਕ ਸਥਾਨ ਵਿਸ਼ੇਸ਼ ਮਹੱਤਵ ਰੱਖਦਾ ਹੈ। ਸਾਫ਼ ਆਸਮਾਨ ਦੌਰਾਨ ਉਤਰੀ ਅਰਧ ਗੋਲ਼ੇ ’ਚ ਸਪਤ ਰਿਸ਼ੀ ਤੇ ਦੱਖਣੀ ਅਰਧ ਗੋਲ਼ੇ ਦੇ ਚਾਰ ਚਮਕਦੇ ਤਾਰਿਆਂ ਨੂੰ ਦੱਖਣੀ ਕਰਾਸ ਕਿਹਾ ਜਾਂਦਾ ਹੈ, ਵਿਖਾਈ ਦੇਂਦਾ ਹੈ।

ਹਲ ਖਿਤੀ-1

ਸਪਤ ਰਿਸ਼ੀ ਖਿੱਤੀ-2

ਗੋਤਾਕੋਰ ਖਿੱਤੀ-3

ਤਾਰੇ ਦੀ ਮੌਤ (THE DEATH OF A STAR): ਆਖ਼ਰ ਕਿਸੇ ਤਾਰੇ ਦੀ ਗੈਸ ਖ਼ਤਮ ਹੋਣ ਨਾਲ ਤਾਰਾ ਵੀ ਖ਼ਤਮ ਹੋ ਜਾਂਦਾ ਹੈ, ਜਿਸ ਨੂੰ ਉਸ ਦੀ ਮੌਤ ਕਿਹਾ ਜਾਂਦਾ ਹੈ। ਜਦ ਤਾਰਾ ਮਰਦਾ ਹੈ ਤਾਂ ਸਾਡੇ ਸੂਰਜ ਦੇ ਆਕਾਰ ਜਿੰਨਾ ਫੁੱਲ ਜਾਂਦਾ ਹੈ ਤੇ ਰੰਗ ਲਾਲ ਹੋ ਜਾਂਦਾ ਹੈ। ਇਸ ਹਾਲਤ ’ਚ ਇਸ ਨੂੰ ਲਾਲ ਦੈਂਤ (red gaint) ਕਿਹਾ ਜਾਂਦਾ ਹੈ।

ਹੌਲ਼ੀ ਹੌਲ਼ੀ ਇਹ ਆਪਣੇ ਬਾਹਰਲੇ ਘੇਰੇ ਦੀ ਗੈਸ ਨੂੰ ਪੁਲਾੜ ’ਚ ਧੱਕਦਾ ਹੈ, ਪਿੱਛੇ ਇੱਕ ਛੋਟਾ ਜਿਹਾ (ਲਗਭਗ ਖ਼ਤਮ ਤਾਰਾ) ਰਹਿ ਜਾਂਦਾ ਹੈ, ਜਿਸ ਨੂੰ ਸਫ਼ੈਦ ਬੌਣਾ (white dwarf) ਕਿਹਾ ਜਾਂਦਾ ਹੈ। ਇਹ ਇੱਕ ਗ੍ਰਹਿ ਦੇ ਆਕਾਰ ਦਾ ਬਹੁਤ ਸੰਘਣਾ ਤੇ ਆਪਣੇ ਆਕਾਰ ਦੇ ਮੁਕਾਬਲੇ ਬਹੁਤ ਭਾਰਾ ਹੋ ਜਾਂਦਾ ਹੈ; ਜਿਵੇਂ ਕਿ ਇੱਕ ਗੋਲਫ਼ ਦੀ ਗੇਂਦ ਟਰੱਕ ਜਿੰਨੀ ਭਾਰੀ ਹੋ ਜਾਵੇ। ਸਫ਼ੈਦ ਬੌਣਾ ਹੌਲ਼ੀ ਹੌਲ਼ੀ ਠੰਡਾ ਦੇ ਧੁੰਦਲਾ ਹੋ ਜਾਂਦਾ ਹੈ।

ਹੁੱਬਲ ਪੁਲਾੜੀ ਦੂਰਬੀਨਾਂ ਨਾਲ਼ ਲਈ ਗਈ ਇਹ ਤਸਵੀਰ ਛੇ ਸਫ਼ੈਦ ਬੌਣੇ (ਗੋਲ਼ ਚੱਕਰਾਂ ’ਚ) ਵਿਖਾ ਰਹੀ ਹੈ, ਜੋ ਪੀਲੇ ਸੂਰਜ ਵਰਗੇ ਤਾਰੇ, ਠੰਡੇ ਤੇ ਲਾਲ ਬੌਣੇ ਤਾਰਿਆਂ ਨਾਲ਼ ਘਿਰੇ ਹੋਏ ਹਨ।

ਹੁੱਬਲ ਪੁਲਾੜੀ ਦੂਰਬੀਨ ਨਾਲ਼ ਲਈ ਇਹ ਤਸਵੀਰ ਸੁਪਰਨੋਵਾ 1987-1, ਜੋ ਤਾਰਾ 1987 ’ਚ ਫਟ ਗਿਆ ਸੀ, ਦੇ ਗਿਰਦ ਚਮਤਕਾਰੀ ਰਿੰਗ ਵਿਖਾਉਂਦੀ ਹੈ।

ਸੁਪਰਨੋਵਾ (SUPERNOVAS ਭਾਵ ਅਤਿ ਚਮਕੀਲਾ ਨਵਤਾਰਾ): ਦੈਂਤ ਤਾਰਿਆਂ ਦੀ ਸੱਚਮੁਚ ਚਮਤਕਾਰੀ ਮੌਤ ਹੁੰਦੀ ਹੈ। ਪਹਿਲਾਂ ਉਹ ਇੱਕ ਵੱਡੇ ਲਾਲ ਤਾਰੇ ਦੇ ਰੂਪ ’ਚ ਫੁੱਲ (ਫੈਲ) ਜਾਂਦੇ ਹਨ, ਜਿਨ੍ਹਾਂ ਨੂੰ ਵੱਡੇ ਲਾਲ ਦੈਂਤ ਵੀ ਕਿਹਾ ਜਾਂਦਾ ਹੈ, ਫਿਰ ਉਸ ਦੇ ਬਾਹਰਲੇ ਭਾਗ ਵਿਰਾਟ ਭਰੇ ਧਮਾਕਿਆਂ ਨਾਲ਼ ਫਟ ਜਾਂਦੇ ਹਨ ਤੇ ਰੌਸ਼ਨੀ ’ਚ ਵਾਧਾ ਕਰਦੇ ਹਨ, ਜਿਸ ਨੂੰ ਸੁਪਰਨੋਵਾ ਕਿਹਾ ਜਾਂਦਾ ਹੈ।

ਸੁਪਰਨੋਵਾ ਤੇਜੀ ਨਾਲ਼ ਫੈਲਦੀਆਂ ਗੈਸਾਂ ਤੇ ਗਰਦੇ ਦੀ ਪਰਤ ਛੱਡਦਾ ਹੈ, ਜਿਨ੍ਹਾਂ ਵਿਚਕਾਰ ਇੱਕ ਛੋਟਾ ਜਿਹਾ ਤਾਰਾ ਭੰਬੀਰੀ ਵਾਙ ਘੁੰਮਦਾ ਰਹਿੰਦਾ ਹੈ, ਜਿਸ ਨੂੰ ਨਿਊਟਰਾਨ ਤਾਰਾ (neutron star) ਕਿਹਾ ਜਾਂਦਾ ਹੈ। ਇਹ ਤਾਰਾ ਸਫ਼ੈਦ ਬੌਣੇ ਤੋਂ ਵੀ ਜ਼ਿਆਦਾ ਸੰਘਣਾ ਤੇ ਭਾਰਾ ਹੁੰਦਾ ਹੈ; ਜਿਵੇਂ ਕਿ ਇੱਕ ਗੋਲਫ਼ ਗੇਂਦ ਦੇ ਆਕਾਰ ਦਾ ਭਾਰ 100 ਮੰਜ਼ਲਾ ਇਮਾਰਤ ਤੋਂ ਵੀ ਵੱਧ ਹੋ ਜਾਵੇ।

ਕੁਝ ਨਿਊਟਰਾਨ ਤਾਰੇ ਰੇਡੀਏਸ਼ਨ ਦੀਆਂ ਕਿਰਨਾਂ ਛੱਡਦੇ ਹਨ, ਜੋ ਇਨ੍ਹਾਂ ਦੇ ਗਿਰਦ ਘੁੰਮਦੀਆਂ ਰਹਿੰਦੀਆਂ ਹਨ, ਇਨ੍ਹਾਂ ਨੂੰ ਪਲਸਰ (pulsars) ਕਿਹਾ ਜਾਂਦਾ ਹੈ।

ਜਦ ਇੱਕ ਤਾਰਾ ਮਰਦਾ ਹੈ ਤਾਂ ਵੱਡਾ ਸੁਪਰਨੋਵਾ ਫਟਦਾ ਹੈ। ਸਿਰਫ਼ ਇਸ ਦੀ ਸੰਘਣੀ ਗਿਰੀ ਹੀ ਬਚ ਪਾਉਂਦੀ ਹੈ। ਪਲਸਰ ਉਹ ਨਿਊਟਰਾਨ ਤਾਰੇ ਹਨ, ਜੋ ਆਪਣੇ ਗਿਰਦ ਤੇਜੀ ਨਾਲ ਭੰਬੀਰੀ ਵਾਙ ਘੁੰਮਦੇ ਹਨ ਤੇ ਲਾਈਟ ਹਾਊਸਾਂ ਵਰਗੀਆਂ ਫ਼੍ਲੈਸ਼ ਰੋਸ਼ਨੀਆਂ ਮਾਰਦੇ ਹਨ।

ਕਾਲੇ ਸੁਰਾਖ਼ (BLACK HOLES): ਜਦੋਂ ਬਹੁਤ ਵੱਡੇ ਤਾਰੇ ਮਰਦੇ ਹਨ ਤਾਂ ਉਹ ਪਹਿਲਾਂ ਵੱਡੇ ਲਾਲ ਦੈਂਤ ਬਣਦੇ ਹਨ ਤੇ ਫਿਰ

ਸੁਪਰਨੋਵਾ ਦੇ ਰੂਪ ’ਚ ਫਟ ਜਾਂਦੇ ਹਨ ਪਰ ਜਦ ਉਹ ਤਬਾਹ ਹੁੰਦੇ ਹਨ ਤਾਂ ਇਉਂ ਸੰਗੜਦੇ ਹਨ ਕਿ ਜਿਵੇਂ ਬ੍ਰਹਿਮੰਡ ’ਚੋਂ ਲੁਪਤ (ਗਾਇਬ) ਹੀ ਹੋ ਗਏ ਹੋਣ ਤਦ ਉਨ੍ਹਾਂ ਦਾ ਇਹ ਅਦ੍ਰਿਸ਼ ਰੂਪ ਕਾਲੇ ਸੁਰਾਖ਼ ਅਖਵਾਂਦਾ ਹੈ। ਸਿਵਾਏ ਇੱਕ ਥੱਲੇ ਵਾਲ਼ੇ ਖੱਡੇ ਦੇ ਇਨ੍ਹਾਂ ਵਿੱਚ ਕੁੱਝ ਵੀ ਬਚਿਆ ਨਹੀਂ ਹੁੰਦਾ।

ਇੱਕ ਕਾਲਾ ਸੁਰਾਖ਼ ਇਤਨਾ ਭਾਰਾ ਤੇ ਸੰਘਣਾ ਹੋ ਜਾਂਦਾ ਹੈ ਕਿ ਇਸ ਦੀ ਕਸ਼ਿਸ਼ (ਖਿੱਚ, ਗਰੂਤਾ) ਸ਼ਕਤੀ ਹਰ ਵਸਤੂ ਨੂੰ ਆਪਣੇ ਵੱਲ ਖਿੱਚ ਲੈਂਦੀ ਹੈ, ਇੱਥੋਂ ਤੱਕ ਕਿ ਰੌਸ਼ਨੀ ਨੂੰ ਵੀ ਖਿੱਚ ਲੈਂਦੀ ਹੈ। ਜੋ ਚੀਜ਼ ਕਾਲੇ ਸੁਰਾਖ਼ ’ਚੋਂ ਲੰਘੇਗੀ ਉਹ ਪੀਸੀ ਜਾਵੇਗੀ। ਕੁੱਝ ਵਿਗਿਆਨੀਆਂ ਦਾ ਮੰਨਣਾ ਹੈ ਕਿ ਸਾਡੀ ਗਲੈਕਸੀ ਦੇਵਿਚਕਾਰ ਇੱਕ ਬਹੁਤ ਵੱਡਾ ਕਾਲਾ ਸੁਰਾਖ਼ (black holes) ਹੈ, ਜੋ ਕਾਫ਼ੀ ਸਾਰੇ ਲਾਲ ਤਾਰਿਆਂ ਨਾਲ਼ ਘਿਰਿਆ ਹੋਇਆ ਹੈ।

ਇੱਕ ਕਾਲਾ ਸੁਰਾਖ਼ ਸਮਝੀ ਜਾਣ ਵਾਲ਼ੀ ਚੀਜ਼ ਦੇ ਗਿਰਦ ਠੰਡੀਆਂ ਗੈਸਾਂ ਦਾ ਗੋਲ਼ਾ; ਜਿਵੇਂ ਹੁੱਬਲ ਪੁਲਾੜ ਦੂਰਬੀਨ ਨੇ ਵੇਖਿਆ।

 

ਗਲੈਕਸੀਆਂ (GALAXIES) ਤੇ ਆਕਾਸ਼ ਗੰਗਾ (THE MILKY WAY)

0

ਗਲੈਕਸੀਆਂ (GALAXIES) ਤੇ ਆਕਾਸ਼ ਗੰਗਾ (THE MILKY WAY)

ਅਣਗਿਣਤ ਤਾਰੇ ਇਕੱਠੇ ਹੋ ਕੇ ਜਦ ਝੁੰਡ (ਸਮੁਦਾਇ) ਬਣਾਉਂਦੇ ਹਨ ਤਾਂ ਉਨ੍ਹਾਂ ਨੂੰ ਗਲੈਕਸੀਆਂ ਕਿਹਾ ਜਾਂਦਾ ਹੈ। ਹਰੇਕ ਗਲੈਕਸੀ ’ਚ ਕਰੋੜਾਂ ਤਾਰੇ ਇਕੱਠੇ ਹੋ ਜਾਂਦੇ ਹਨ ਪਰ ਦੋ ਗਲੈਕਸੀਆਂ ਆਪਸ ਵਿੱਚ ਘਟ ਹੀ ਇਕੱਠੀਆਂ ਹੁੰਦੀਆਂ ਹਨ। ਸਾਡਾ ਆਪਣਾ ਸੂਰਜ ਪਰਵਾਰ ਵੀ ਇੱਕ ਗਲੈਕਸੀ ਦਾ ਛੋਟਾ ਜਿਹਾ ਹਿੱਸਾ ਹੈ, ਜਿਸ ਨੂੰ ਆਕਾਸ਼ ਗੰਗਾ (Milky Way) ਕਿਹਾ ਜਾਂਦਾ ਹੈ, ਜੋ ਇੱਕ ਅਜਿਹੇ ਸਮੁਦਾਇ ਦਾ ਹਿੱਸਾ ਹੈ ਜਿਸ ਨੂੰ ਸਥਾਨਕ ਗਰੁੱਪ (Local Group) ਆਖਿਆ ਜਾਂਦਾ ਹੈ। ਇਸ ਵਿਚ 30 ਦੇ ਕਰੀਬ ਗਲੈਕਸੀਆਂ ਹਨ ਤੇ ਇਹ 50 ਲੱਖ (five million) ਪ੍ਰਕਾਸ਼ ਸਾਲਾਂ ਵਿੱਚ ਫੈਲਿਆ ਹੋਇਆ ਹੈ ਭਾਵ ਇਸ ਦਾ ਵਿਆਸ (ਗੋਲਾਈ) 5 ਮਿਲਿਅਨ ਪ੍ਰਕਾਸ਼ ਸਾਲ ਹੈ।

(ਨੋਟ: ਇੱਕ ਪ੍ਰਕਾਸ਼ ਸਾਲ ਦੀ ਲੰਬਾਈ ਦਾ ਮਤਲਬ ਹੈ, ਜਿਨ੍ਹੀਂ ਦੂਰੀ ਰੌਸ਼ਨੀ ਇੱਕ ਸਾਲ ’ਚ ਤਹਿ ਕਰੇ, ਜਿਸ ਦੀ ਰਫ਼ਤਾਰ ਇੱਕ ਸੈਕਿੰਡ ’ਚ 3 ਲੱਖ ਕਿਲੋਮੀਟਰ ਹੁੰਦੀ ਹੈ। ਇਸ ਅਨੁਪਾਤ ਅਨੁਸਾਰ ਇੱਕ ਪ੍ਰਕਾਸ਼ ਸਾਲ ਦੀ ਲੰਬਾਈ 9.46,000,00 ਕਰੋੜ ਕਿਲੋਮੀਟਰ ਬਣਦੀ ਹੈ।)

ਤਾਰਾ-ਸਮੂਹ (STAR CLUSTERS)- ਗਲੈਕਸੀਆਂ ਦੇ ਅੰਦਰ ਤਾਰਿਆਂ ਦੇ ਅਕਸਰ ਹੀ ਸਮੂਹ ਬਣ ਜਾਂਦੇ ਹਨ। ਇੱਕ ਸਮੂਹ ਦੇ ਤਾਰੇ ਇੱਕੋ ਦਿਸ਼ਾ ’ਚ ਤੇ ਇੱਕੋ ਰਫ਼ਤਾਰ ਨਾਲ਼ ਚਲਦੇ ਹਨ। ਤਾਰਿਆਂ ਦੇ ਇਹ ਸਮੂਹ ਦੋ ਪ੍ਰਕਾਰ ਦੇ ਹੁੰਦੇ ਹਨ।

(1). ਖੱਲ ਸਮੂਹ (Open clusters)– ਤਾਰਿਆਂ ਦੇ ਇਹ ਝੁੰਡ, ਪੁਲਾੜ (ਅੰਤਰਿਕਸ਼, ਸਪੇਸ) ਦੇ ਉਸ ਹਿੱਸੇ ਵਿੱਚ ਮਿਲਦੇ ਹਨ, ਜਿੱਥੇ ਗੈਸ ਤੇ ਗ਼ੁਬਾਰ

ਬਹੁਤਾਤ ’ਚ ਹੋਵੇ। ਇਨ੍ਹਾਂ ਵਿੱਚ ਕੁਝ ਦਰਜਨਾਂ ਤੋਂ ਲੈ ਕੇ ਹਜ਼ਾਰਾਂ ਚਮਕਦੇ ਤਾਰੇ ਹੁੰਦੇ ਹਨ, ਜੋ ਆਪਣੇ-ਆਪਣੇ ਸਮੁਦਾਇ ਵਿੱਚ ਖੁੱਲੇ ਤੌਰ ’ਤੇ ਬਿਖਰੇ ਹੋਏ ਹੁੰਦੇ ਹਨ ਭਾਵ ਇੱਕ ਤਾਰੇ ਤੋਂ ਦੂਸਰੇ ਤਾਰੇ ਦੀ ਦੂਰੀ ਕਾਫ਼ੀ ਹੁੰਦੀ ਹੈ।

(2). ਗੋਲਾਕਾਰ ਸਮੂਹ (Globular clusters)– ਤਾਰਿਆਂ ਦੇ ਇਹ ਝੁੰਡ,

ਗੋਲਾਕਾਰ ਸਮੂਹ ਖੁੱਲੇ ਸਮੂਹਾਂ (ਭਾਵ ਉਕਤ ਭਾਗ 1) ਦੇ ਮੁਕਾਬਲੇ ਬਹੁਤ ਵੱਡੇ ਹੁੰਦੇ ਹਨ। ਇਨ੍ਹਾਂ ਸਮੁਦਾਇਆਂ ਵਿੱਚ ਲੱਖਾਂ ਤਾਰੇ ਹੁੰਦੇ ਹਨ, ਜੋ ਸੰਘਣੇ (ਬਹੁਤ ਨੇੜੇ) ਤੇ ਗੋਲ਼ ਗੁੱਛਿਆਂ ’ਚ ਬੰਦ ਹੁੰਦੇ ਹਨ।

ਇਹੋ ਜਿਹੀਆਂ ਗਲੋਬਲ ਖਿੱਤੀਆਂ ਖ਼ਾਲੀ ਅੱਖ ਨਾਲ਼ ਤਾਰਿਆਂ ਦੇ ਮੱਧਮ ਜਿਹੇ ਝੁੰਡ ਦੀ ਤਰ੍ਹਾਂ ਨਜ਼ਰ ਆਉਂਦੀਆਂ ਹਨ।

ਗਲੈਕਸੀਆਂ ਦੀਆਂ ਕਿਸਮਾਂ (TYPES OF GALAXIES)

ਗਲੈਕਸੀਆਂ ਵੱਖ-ਵੱਖ ਕਈ ਸ਼ਕਲਾਂ ਵਿੱਚ ਪਾਈਆਂ ਜਾਂਦੀਆਂ ਹਨ, ਜਿਨ੍ਹਾਂ ਵਿੱਚੋਂ ਚਾਰ ਸ਼ਕਲਾਂ (ਕੁੰਡਲਦਾਰ, ਬੰਦ ਕੁੰਡਲਦਾਰ, ਅੰਡਾਕਾਰ ਤੇ ਬੇਤਰਤੀਬੀ) ਖ਼ਾਸ ਗਲੈਕਸੀਆਂ ਹਨ।

(1). ਕੁੰਡਲਦਾਰ ਗਲੈਕਸੀ (spiral Galaxy)– ਇਸ ਦੇ ਵਿਚਕਾਰ ਚਮਕਦਾਰ ਗੋਲ਼ਾ ਹੁੰਦਾ ਹੈ ਤੇ ਇਸ ਦੇ ਬਾਹਰਲੇ ਪਾਸੇ ਤਾਰਿਆਂ ਦੀਆਂ ਦੋ ਜਾਂ ਦੋ ਤੋਂ ਵੱਧ ਗੋਲ਼ਾਕਾਰ ਬਾਹੀਆਂ ਹੁੰਦੀਆਂ ਹਨ।

(2). ਬੰਦ ਕੁੰਡਲਦਾਰ ਗਲੈਕਸੀ (harred spiral Galaxy)– ਇਸ ਦੇ ਕੇਂਦਰ ਵਿੱਚ ਤਾਰਿਆਂ ਦੀ ਇੱਕ ਛੜੀ (ਖੂੰਡੀ) ਹੁੰਦੀ ਹੈ ਤੇ ਹਰ ਇੱਕ ਕਿਨਾਰੇ ਉੱਪਰ ਤਾਰਿਆਂ ਦੇ ਝੁੰਡ ਦੀ ਬਣੀ ਇੱਕ ਇੱਕ ਬਾਹੀ ਹੁੰਦੀ ਹੈ।

 

 

(3). ਅੰਡਾਕਾਰ ਗਲੈਕਸੀਆਂ (Elliptical Galaxies) ਇਹ ਗਲੈਕਸੀਆਂ ਪੂਰਨ ਤੌਰ ’ਤੇ ਗੋਲ਼ ਵੀ ਹੁੰਦੀਆਂ ਹਨ ਤੇ ਅੰਡਾਕਾਰ ਸ਼ਕਲ ਦੀਆਂ ਵੀ ਹੁੰਦੀਆਂ ਹਨ। ਇਨ੍ਹਾਂ ਵਿੱਚ ਬਹੁਤ ਸਾਰੇ ਲਾਲ ਪੁਰਾਣੇ ਤਾਰੇ ਹੁੰਦੇ ਹਨ।

(4). ਬੇਤਰਤੀਬ ਗਲੈਕਸੀਆਂ (irregular Galaxies)– ਇਹ ਤਾਰਿਆਂ ਦਾ ਇੱਕ ਅਜਿਹਾ ਬੱਦਲ ਹੁੰਦਾ ਹੈ, ਜਿਸ ਦੀ ਕੋਈ ਸਥਿਰ ਸ਼ਕਲ ਨਹੀਂ ਹੁੰਦੀ।

 

 

ਵਿਗਿਆਨੀਆਂ ਦੁਆਰਾ ਖੋਜੀਆਂ ਗਈਆਂ ਤਮਾਮ ਗਲੈਕਸੀਆਂ ਦਾ ਇੱਕ ਤਿਹਾਈ ਭਾਗ, ਕੇਵਲ ਕੁੰਡਲਦਾਰ ਗਲੈਕਸੀਆਂ ਹੀ ਹਨ। ਤਾਰਾ ਵਿਗਿਆਨੀਆਂ ਨੇ ਬਹੁਤ ਹੀ ਸੂਖਮ ਕਿਸਮ ਦੀਆਂ ਦੂਰਬੀਨਾਂ ਦੀ ਵਰਤੋਂ ਨਾਲ਼ ਕੁਝ ਨਵੀਆਂ ਗਲੈਕਸੀਆਂ ਲੱਭੀਆਂ ਹਨ, ਜੋ ਹੁਣ ਤੱਕ ਵੇਖੀਆਂ ਗਲੈਕਸੀਆਂ ਨਾਲ਼ੋਂ ਬਹੁਤ ਵੱਡੀਆਂ ਤੇ ਭਿੰਨ ਹਨ ਕਿਉਂਕਿ ਉਨ੍ਹਾਂ ਦੇ ਤਾਰੇ ਵੀ ਆਪਸ ਵਿੱਚ ਬਹੁਤੇ ਸੰਘਣੇ ਨਹੀਂ, ਜਿਸ ਕਾਰਨ ਇਹ ਗਲੈਕਸੀਆਂ ਬਹੁਤੀ ਰੌਸ਼ਨੀ ਨਹੀਂ ਦਿੰਦੀਆਂ, ਇਸ ਲਈ ਇਨ੍ਹਾਂ ਨੂੰ ਘੱਟ ਸਤ੍ਹਈ ਚਮਕਦਾਰ ਗਲੈਕਸੀਆਂ (loy surface brightness Galaxies) ਕਿਹਾ ਜਾਂਦਾ ਹੈ।

ਗਾਡੀ ਪਹੀਆ ਗਲੈਕਸੀ (CARTWHEEL GALAXY)– ਇਹ ਗੱਡੀ ਦੇ ਪਹੀਏ ਵਰਗੀ ਗਲੈਕਸੀ, ਜੋ ਸਾਹਮਣੇ ਵਿਖਾਈ ਗਈ ਹੈ,

ਬਹੁਤ ਵੱਡ ਅਕਾਰੀ ਗਲੈਕਸੀ ਹੈ, ਜਿਸ ਦਾ ਦਾਇਰਾ (ਵਿਆਸ) 150,000 ਲੱਖ ਪ੍ਰਕਾਸ਼ ਸਾਲ ਦੂਰ ਹੈ। ਇਸ ਦੀ ਇਹ ਦੁਰਲੱਭ ਸ਼ਕਲ ਓਦੋਂ ਬਣੀ ਜਦੋਂ ਇੱਕ ਛੋਟੀ ਗਲੈਕਸੀ ਇਸ ਵਿੱਚ ਟਕਰਾ ਗਈ ਸੀ। ਇਸ ਦਾ ਬਾਹਰਲਾ ਘੇਰਾ, ਲੱਖਾਂ ਹੀ ਨਵੇਂ ਤਾਰਿਆਂ ਦਾ ਸਰਕਲ (ਇਲਾਕਾ) ਹੈ।

 

ਇਹ ਉਸ ਗੈਸ ਤੇ ਗਰਦ (ਗ਼ੁਬਾਰ) ਤੋਂ ਬਣੇ ਹਨ ਜੋ ਟਕਰਾਅ ਵੇਲ਼ੇ ਫੈਲੀ ਸੀ। ਇਸ ਦੀ ਅਸਲ ਕੁੰਡਲਦਾਰ ਸ਼ਕਲ ਹੁਣ ਬਣਨੀ ਸ਼ੁਰੂ ਹੋ ਰਹੀ ਹੈ।

ਨਜ਼ਦੀਕਤਰੀਨ ਗਲੈਕਸੀਆਂ (NEAREST GALAXIES)– ਸਾਡੀ ਆਕਾਸ਼ ਗੰਗਾ ਦੇ ਸਭ ਤੋਂ ਨੇੜੇ ਦੀਆਂ ਇਹ ਨਜ਼ਦੀਕਤਰੀਨ

ਗਲੈਕਸੀਆਂ ਵੱਡੇ ਤੇ ਛੋਟੇ ਜਾਦੂਈ ਬੱਦਲ ਹਨ, ਜਿਨ੍ਹਾਂ ਨੂੰ ਛੋਟੀਆਂ ਬੇਤਰਤੀਬੀਆਂ ਗਲੈਕਸੀਆਂ ਕਿਹਾ ਜਾਂਦਾ ਹੈ। ਸਭ ਤੋਂ ਨਜ਼ਦੀਕ ਦੀ ਵੱਡੀ ਗਲੈਕਸੀ, ਕੁੰਡਲਦਾਰ ਆਨਦਰੋਮੇਡਾ ਗਲੈਕਸੀ (Andomeda galaxy) ਹੈ, ਜੋ 50 ਲੱਖ ਪ੍ਰਕਾਸ਼ ਸਾਲ ਦੂਰ ਹੈ ਅਤੇ ਖ਼ਾਲੀ ਅੱਖ ਨਾਲ਼ ਵੇਖੀ ਜਾ ਸਕਣ ਵਾਲ਼ੀ ਸਭ ਤੋਂ ਦੂਰ ਦੀ ਚੀਜ਼ ਹੈ।

ਆਕਾਸ਼ ਗੰਗਾ (THE MILKY WAY)-

ਵੱਡਾ ਮੈਗੇਲੈਨਿਕ ਬੱਦਲ, ਸਾਡੀ ਆਕਾਸ਼ ਗੰਗਾ ਦੇ ਸਭ ਤੋਂ ਨੇੜਲੀ ਗਲੈਕਸੀ ਹੈ।

ਆਕਾਸ਼ ਗੰਗਾ– ਕਈ ਗਲੈਕਸੀਆਂ ਦੇ ਮੁਕਾਬਲੇ ਸਾਡੀ ਆਕਾਸ਼ ਗੰਗਾ ਵੱਡੀ ਹੈ, ਜਿਸ ਦੀ ਲੰਬਾਈ ਇੱਕ ਸਿਰੇ ਤੋਂ ਦੂਸਰੇ ਸਿਰੇ ਤੱਕ ਇੱਕ ਲੱਖ ਪ੍ਰਕਾਸ਼ ਸਾਲ ਹੈ। ਧਰਤੀ ਤੇ ਸਾਡਾ ਬਾਕੀ ਸੂਰਜੀ ਪਰਵਾਰ ਆਕਾਸ਼ ਗੰਗਾ ਦੇ ਕੇਂਦਰ ਤੋਂ ਮਾਤਰ 32,000 ਪ੍ਰਕਾਸ਼ ਸਾਲ ਦੂਰ ਹੈ।

ਜ਼ਿਆਦਾਤਰ ਵਿਗਿਆਨੀਆਂ ਦਾ ਵਿਸ਼ਵਾਸ ਹੈ ਕਿ ਸਾਡੀ ਆਕਾਸ਼ ਗੰਗਾ ਕੁੰਡਲਦਾਰ ਗਲੈਕਸੀ ਹੈ ਪਰ ਕੁੱਝ ਵਿਗਿਆਨੀ ਇਸ ਨੂੰ ਬੰਦ ਕੁੰਡਲਦਾਰ ਗਲੈਕਸੀ ਮੰਨਦੇ ਹਨ। ਇਸ ਦਾ ਨਾਂ ਮਿਲਕੀ ਵੇ (Milky Way) ਇਸ ਕਰਕੇ ਪਿਆ ਕਿ ਪ੍ਰਾਚੀਨ ਜ਼ਮਾਨੇ ਵਿੱਚ ਲੋਕੀਂ ਇਸ ਨੂੰ ਰਾਤ ਦੇ ਵਕਤ ਆਕਾਸ਼ ਵਿੱਚ ਡੁੱਲੇ ਹੋਏ ਦੁੱਧ ਦੀ ਸ਼ਕਲ ਵਾਙ ਵੇਖਦੇ ਸਨ।

ਆਕਾਸ਼ ਗੰਗਾ– ਇਹ ਘੱਟੋ ਘੱਟ 150 ਵੱਡੀਆਂ ਗੋਲ਼ਾਕਾਰ ਤਾਰਾ ਖਿੱਤੀਆਂ ਵਿੱਚੋਂ ਇੱਕ ਹੈ, ਜੋ (ਕੁੰਡਲਦਾਰ ਜਾਂ ਬੰਦ ਕੁੰਡਲਦਾਰ) ਗਲੈਕਸੀ ਦੇ ਉੱਪਰ ਜਾਂ ਦਰਮਿਆਨ (ਭਾਵ ਵਿਚਕਾਰ) ਘੁੰਮਦੀ ਹੈ, ਹੇਠਾਂ ਭਾਵ ਅੰਦਰਲੇ ਪਾਸੇ ਨਹੀਂ।

ਤਮਾਮ ਕੁੰਡਲਦਾਰ ਗਲੈਕਸੀਆਂ ਦੀ ਤਰ੍ਹਾਂ, ਸਾਡੀ ਆਕਾਸ਼ ਗੰਗਾ ਵੀ ਬਹੁਤ ਹੌਲੀ ਚਲਦੀ ਹੈ, ਜਿਸ ਦੇ ਬਾਹਰਲੇ ਕਿਨਾਰਿਆਂ ਦੇ ਮੁਕਾਬਲੇ ਅੰਦਰੂਨੀ ਭਾਗ

ਤੇਜ਼ ਘੁੰਮਦਾ ਹੈ। ਸਾਡਾ ਸੂਰਜੀ ਪਰਵਾਰ, ਆਪਣੀ ਗਲੈਕਸੀ ਦੇ ਕੇਂਦਰ ਦਾ ਇੱਕ ਚੱਕਰ 22 ਕਰੋੜ 50 ਲੱਖ ਸਾਲਾਂ ਵਿੱਚ ਲਾਉਂਦਾ ਹੈ। ਇਸ ਗਤੀ ਮੁਤਾਬਕ ਸਾਡੀ ਆਕਾਸ਼ ਗੰਗਾ ਨੇ ਜਦ ਤੋਂ ਧਰਤੀ ਉੱਤੇ ਡੈਨਾਸੋਰ ਰਹਿੰਦੇ ਸਨ ਤਦ ਤੋਂ ਕੇਵਲ ਇੱਕ ਚੱਕਰ ਹੀ ਪੂਰਾ ਕੀਤਾ ਹੈ।

Amazing Milky Way (ਅਦਭੁਤ ਅਕਾਸ਼ਗੰਗਾ)

ਹਿਦੂ ਮਿਥਿਹਾਸ ਦੀ ਇਹ ਧਾਰਨਾ, ਕਿ ਚਾਰੇ ਯੁੱਗਾਂ ਦੀ ਉਮਰ ਮਾਤਰ 43 ਲੱਖ 20 ਹਜ਼ਾਰ ਸਾਲ ਹੈ, ਬ੍ਰਹਿਮੰਡ ਦੀ ਕੁੱਲ ਆਯੂ (ਉਮਰ) ਦੇ ਮੁਕਾਬਲੇ ਤੁੱਛ ਜਾਪਦੀ ਹੈ। ਅਗਰ ਇਸ ਮਿੱਥ ਨੂੰ ਥੋੜ੍ਹਾ ਵਿਚਾਰ ਕੇ ਵੇਖਿਆ ਜਾਏ, ਤੋਂ ਜਾਪੇਗਾ ਕਿ ਕਲਿਯੁੱਗ ਦੀ ਉਮਰ 1200 ਸਾਲ, ਦੁਆਪਰ ਦੀ 2400 ਸਾਲ, ਤ੍ਰੇਤੇ ਦੀ 3600 ਸਾਲ ਤੇ ਸਤਿਯੁੱਗ ਦੀ ਉਮਰ 4800 ਸਾਲ ਹੈ, ਜੋ ਕੁੱਲ ਮਿਲਾ ਕੇ 12,000 ਸਾਲ ਬਣਦੀ ਹੈ। ਸ਼ਾਇਦ ਬਾਅਦ ’ਚ ਇਸ ਨੂੰ ਅਧੂਰਾ ਮੰਨਦਿਆਂ ਇਹ ਉਮਰ ਦੇਵਤਿਆਂ ਦੀ ਆਂਕ ਲਈ ਗਈ ਤੇ ਮਨੁੱਖਾ ਸਾਲਾਂ ਨਾਲ਼ ਮਿਲਾਉਣ ਲਈ ਇਸ ਦੀ ਗੁਣਾਂ 360 ਨਾਲ਼ ਕਰਕੇ 43 ਲੱਖ 20 ਹਜ਼ਾਰ ਬਣਾ ਲਈ ਗਈ।

ਵਿਚਾਰ ਦਾ ਵਿਸ਼ਾ ਇਹ ਹੈ ਕਿ ਅਗਰ ਦੇਵਤਿਆਂ ਦੇ ਇੱਕ ਦਿਨ ਨੂੰ ਮਨੁੱਖ ਦੇ ਇੱਕ ਸਾਲ ਨਾਲ਼ ਜੋੜੀਏ ਤਾਂ ਚੰਦ੍ਰਮਾ ਸਾਲ ਦੇ ਦਿਨ 356 ਨਾਲ਼ ਗੁਣਾਂ ਕਰਨੀ ਚਾਹੀਦੀ ਸੀ ਜਾਂ ਸੂਰਜੀ ਕੈਲੰਡਰ ਦੇ 365 ਦਿਨਾਂ ਨਾਲ ਗੁਣਾਂ ਕਰਨੀ ਸੀ ਪਰ ਉਕਤ ਗੁਣਾਂ 356 ਤੇ 365 ਦੀ ਬਜਾਏ 360 ਨਾਲ਼ ਕੀਤੀ ਗਈ, ਜੋ ਨਿਰਮੂਲ ਤੇ ਅਧਾਰਹੀਣ ਜਾਪਦੀ ਹੈ।

 

 

ਇੱਕ ਬਾਹੀ ਤੋਂ ਵੇਖਿਆਂ ਆਕਾਸ਼ ਗੰਗਾ ਕੇਂਦਰ ਵਿੱਚੋਂ ਫੁੱਲੀ ਹੋਈ ਲੱਗਦੀ ਹੈ; ਜਿਵੇਂ ਕਿ ਦੋ ਫਰਾਈ ਕੀਤੇ ਹੋਏ ਅੰਡੇ ਇੱਕ ਦੂਜੇ ਨਾਲ਼ ਜੋੜ ਕੇ ਰੱਖੇ ਗਏ ਹੋਣ। 

ਜਿੱਥੇ ਨਵੇਂ ਤਾਰੇ ਬਣਦੇ ਹਨ (ਤਾਰਾ ਧੁੰਦ ਬਾਰੇ ਹੋਰ ਜਾਣਕਾਰੀ ਅਗਲੇ ਸਫੇ ’ਤੇ ਦਿੱਤੀ ਜਾਵੇਗੀ)।

ਆਪ ਕਰ ਕੇ ਵੇਖੋ

ਇਕ ਸਾਫ਼ (ਸ਼ਾਂਤ) ਰਾਤ ਨੂੰ ਆਕਾਸ਼ ਗੰਗਾ ਵੇਖਣੀ ਚਾਹੀਦੀ ਹੈ। ਉੱਤਰੀ ਅਰਧ ਗੋਲ਼ੇ ’ਚ ਇਸ ਨੂੰ ਵੇਖਣ ਦਾ ਵਧੀਆ ਵਕਤ ਜੁਲਾਈ ਤੋਂ ਸਤੰਬਰ ਦੇ ਵਿਚਕਾਰ ਹੁੰਦਾ ਹੈ ਤੇ ਸਰਦੀਆਂ ਦੇ ਵਿਚਕਾਰ ਦੀਆਂ ਹਨੇਰੀਆਂ ਰਾਤਾਂ ’ਚ ਵੀ ਵਧੀਆ ਨਜ਼ਾਰਾ ਵਿਖਾਈ ਦੇਂਦਾ ਹੈ।

ਦੱਖਣੀ ਅਰਧ ਗੋਲ਼ੇ ’ਚ ਆਕਾਸ਼ ਗੰਗਾ ਅਕਤੂਬਰ ਤੇ ਦਸੰਬਰ ਦੇ ਵਿਚਕਾਰ ਚੰਗੀ ਵਿਖਾਈ ਦੇਂਦੀ ਹੈ। ਇਹ ਚਮਕਦੀਆਂ ਰੌਸ਼ਨੀਆਂ ਦਾ ਇੱਕ ਝੁੰਡ ਵਿਖਾਈ ਦੇਵੇਗਾ।

ਬ੍ਰਹਿਮੰਡ

0

ਬ੍ਰਹਿਮੰਡ

ਕੁੱਲ ਮਾਦਾ, ਸਾਰੀਆਂ ਚੀਜ਼ਾਂ, ਊਰਜਾ, ਪੁਲਾੜ ਤੇ ਜੋ ਕੁਝ ਵੀ ਹੈਗਾ ਹੈ ਉਸ ਨੂੰ ਇਕੱਠੇ ਤੌਰ ’ਤੇ ਬ੍ਰਹਿਮੰਡ, ਕਾਇਨਾਤ ਜਾਂ ਸ੍ਰਿਸ਼ਟੀ ਦੇ ਇੱਕ ਨਾਂ ਨਾਲ ਦਰਸਾਇਆ ਜਾਂਦਾ ਹੈ। ਅਜੇ ਤੱਕ ਪੂਰੀ ਤਰ੍ਹਾਂ ਨਹੀਂ ਸਮਝਿਆ ਗਿਆ ਕਿ ਇਹ ਬ੍ਰਹਿਮੰਡ ਕਿਸ ਤਰ੍ਹਾਂ ਬਣਿਆ। ਜ਼ਿਆਦਾਤਰ ਵਿਗਿਆਨਕ ਵਿਸ਼ਵਾਸ ਕਰਦੇ ਹਨ ਕਿ ਇਹ ਹੁਣ ਤੋਂ 150, 000 ਲੱਖ ਸਾਲ ਪਹਿਲਾਂ ਅੰਦਾਜ਼ੇ ਤੋਂ ਬਾਹਰਾ ਭਿਆਨਕ ਵਿਸਫੋਟ ਨਾਲ ਸ਼ੁਰੂ ਹੋਇਆ, ਜਿਸ ਨੂੰ ‘ਵੱਡਾ ਧਮਾਕਾ’ ਜਾਂ ‘ਵੱਡਾ ਧਮਾਕਾ ਸਿਧਾਂਤ’ ਆਖਿਆ ਜਾਂਦਾ ਹੈ।

ਆਕਾਸ਼ ਤੇ ਦੂਰੀ– ਬ੍ਰਹਿਮੰਡ ਕਿਤਨਾ ਜ਼ਿਆਦਾ ਵੱਡਾ ਹੈ ਇਸ ਦਾ ਅੰਦਾਜ਼ਾ ਲਗਾਉਣਾ ਵੀ ਸੰਭਵ ਨਹੀਂ ਹੈ। ਇਸ ਦੇ ਅੰਦਰ ਦੀਆਂ ਦੂਰੀਆਂ ਵਿਰਾਟ ਹਨ ਤੇ ਆਮ ਤੌਰ ’ਤੇ ਰੌਸ਼ਨੀ ਦੇ ਸਾਲ ਜਾਂ ਪ੍ਰਕਾਸ਼ ਵਰਸ਼ਾਂ ਵਿਚ ਮਿਣੀਆਂ ਜਾਂਦੀਆਂ ਹਨ। ਇੱਕ ਪ੍ਰਕਾਸ਼ ਵਰਸ਼ ਦਾ ਮਤਲਬ ਉਹ ਦੂਰੀ ਹੈ ਜਿਸ ਨੂੰ ਰੌਸ਼ਨੀ ਇਕ ਸਾਲ ’ਚ ਤਹਿ ਕਰਦੀ ਹੈ। ਇਹ 9. 46 ਲੱਖ KM ਬਣਦੀ ਹੈ। ਰੌਸ਼ਨੀ ਇਕ ਸੈਕਿੰਡ ’ਚ 3 ਲੱਖ KM ਦੀ ਦੂਰੀ ਤਹਿ ਕਰਦੀ ਹੈ।

ਧਰਤੀ ਦੇ ਸਭ ਤੋਂ ਨੇੜੇ ਦਾ ਤਾਰਾ ਸੂਰਜ ਹੈ, ਜੋ ਧਰਤੀ ਤੋਂ 15 ਕਰੋੜ KM ਦੂਰ ਹੈ ਤੇ ਰੋਸ਼ਨੀ ਦੀ ਇੱਕ ਕਿਰਨ ਸੂਰਜ ਤੋਂ ਧਰਤੀ ਤੱਕ ਪਹੁੰਚਣ ਵਿਚ 8 ਮਿੰਟ ਲੈਂਦੀ ਹੈ। ਬ੍ਰਹਿਮੰਡ ਵਿਚ ਕਰੋੜਾਂ ਤਾਰੇ ਹਨ, ਜੋ ਮਿਲ ਕੇ ਵੱਡੇ ਇਕੱਠ ਬਣਾਉਂਦੇ ਹਨ, ਜਿਨ੍ਹਾਂ ਨੂੰ ਗਲੈਕਸੀਆਂ ਕਿਹਾ ਜਾਂਦਾ ਹੈ। ਹੁਣ ਤੱਕ ਤਾਰਾ ਵਿਗਿਆਨੀਆਂ ਨੇ ਜਿਹਨਾਂ ਗਲੈਕਸੀਆਂ ਦਾ ਪਤਾ ਲਗਾਇਆ ਹੈ ਉਹ ਧਰਤੀ ਤੋਂ 15 ਕਰੋੜ ਪ੍ਰਕਾਸ਼ ਵਰਸ਼ ਦੂਰ ਹਨ, ਇਸ ਨਾਲ ਸਾਨੂੰ ਇਹ ਖਿਆਲ ਮਿਲਦਾ ਹੈ ਕਿ ਬ੍ਰਹਿਮੰਡ ਕਿਤਨਾ ਜ਼ਿਆਦਾ ਵੱਡਾ ਹੋਵੇਗਾ। ਗਲੈਕਸੀਆਂ ਦਾ ਇਹ ਗਿਰੋਹ ਜਿਸ ਨੂੰ ਅਬੈੱਲ 2218 ਕਿਹਾ ਜਾਂਦਾ ਹੈ, ਧਰਤੀ ਤੋਂ 200 ਪ੍ਰਕਾਸ਼ ਵਰ੍ਹੇ ਦੂਰ ਹੈ।

ਵੱਡਾ ਧਮਾਕਾ ਸਿਧਾਂਤ-ਵੱਡੇ ਧਮਾਕੇ ਨੇ ਇੱਕ ਬਹੁਤ ਹੀ ਵੱਡਾ ਅੱਗ ਦਾ ਗੋਲਾ ਪੈਦਾ ਕੀਤਾ, ਜੋ ਠੰਡਾ ਹੋ ਕੇ ਛੋਟੇ ਛੋਟੇ ਟੁਕੜਿਆਂ ’ਚ ਬਦਲ ਗਿਆ। ਬ੍ਰਹਿਮੰਡ ਦੀ ਹਰੇਕ ਚੀਜ਼ ਇਨ੍ਹਾਂ ਛੋਟੇ ਛੋਟੇ ਟੁਕੜਿਆਂ ਦੀ ਬਣੀ ਹੈ, ਜਿਸ ਨੂੰ ਮਾਦਾ ਕਿਹਾ ਜਾਂਦਾ ਹੈ। ਇਹ ਟੁਕੜੇ ਖਿੱਲਰ ਗਏ ਤੇ ਬ੍ਰਹਿਮੰਡ ਫੈਲਣ ਲੱਗ ਪਿਆ। ਬੀਤਦੇ ਵਕਤ ਨਾਲ ਹਾਈਡਰੋਜਨ ਤੇ ਹੀਲੀਅਮ ਦੀਆਂ ਗੈਸਾਂ ਦੇ ਸੰਘਣੇ ਬੱਦਲ ਪੈਦਾ ਹੋ ਗਏ। ਫਿਰ ਇਹ ਬੱਦਲ ਆਪਸ ਵਿਚ ਮਿਲ ਕੇ ਗਾੜ੍ਹੇ ਬੇਡੌਲ ਗੁੱਛੇ ਜਿਹੇ ਬਣ ਗਏ।

ਸ਼ੁਰੂਆਤ ਵਿਚ ਬ੍ਰਹਿਮੰਡ ਇਤਨਾ ਗਾੜ੍ਹਾ (ਘੁੱਪ ਹਨ੍ਹੇਰਾ) ਸੀ ਕਿ ਇਸ ਵਿਚੋਂ ਰੌਸ਼ਨੀ ਵੀ ਗੁਜ਼ਰ ਨਹੀਂ ਸਕਦੀ ਸੀ। ਕੁਝ ਹਜ਼ਾਰ ਸਾਲ ਬਾਅਦ ਤਾਪਮਾਨ ਕੁਝ ਹਜ਼ਾਰ ਡਿਗਰੀ ਘਟ ਗਿਆ। ਬਹੁਤ ਹੌਲੀ ਹੌਲੀ ਧੁੰਦ ਸਾਫ਼ ਹੋ ਗਈ, ਰੌਸ਼ਨੀ ਅੱਗੇ ਜਾਣ ਲੱਗ ਪਈ ਤੇ ਬ੍ਰਹਿਮੰਡ ਇਤਨਾ ਪਾਰਦਰਸ਼ੀ ਹੋ ਗਿਆ ਜਿਤਨਾ ਕਿ ਅੱਜ ਹੈ। ਗੈਸਾਂ ਦੇ ਗਾੜ੍ਹੇ ਬੇਡੌਲ ਗੁੱਛਿਆਂ ਤੋਂ ਪਹਿਲੀਆਂ ਗਲੈਕਸੀਆਂ ਬਣਨੀਆਂ ਸ਼ੁਰੂ ਹੋ ਗਈਆਂ।

ਬਿੱਗ ਬੈਂਗ ਤੋਂ ਕਰੀਬ ਇਕ ਹਜ਼ਾਰ ਕਰੋੜ ਸਾਲ ਬਾਅਦ ਸਾਡੇ ਸੂਰਜੀ ਮੰਡਲ ਵਿਚ ਸੂਰਜ ਤੇ ਸਾਡੇ ਸੂਰਜੀ ਮੰਡਲ ਦੇ ਗ੍ਰਹਿ ਇਕ ਗਲੈਕਸੀ ਦੀ ਨੁੱਕਰ ’ਤੇ ਬਣ ਗਏ, ਜਿਸ ਨੂੰ ਬਾਅਦ ਵਿਚ ਆਕਾਸ਼ ਗੰਗਾ ਦਾ ਨਾਂ ਮਿਲਿਆ। ਵਰਤਮਾਨ ਬ੍ਰਹਿਮੰਡ ਵਿਚ ਅਣਗਿਣਤ, ਲੱਖਾਂ, ਕਰੋੜਾਂ ਤਾਰੇ, ਗ੍ਰਹਿ, ਧੂਲ ਤੇ ਗੈਸਾਂ ਦੇ ਬੱਦਲ ਹਨ। ਇਨ੍ਹਾਂ ਦੇ ਵਿਚਕਾਰ ਬਹੁਤ ਵੱਡਾ ਇਲਾਕਾ ਖਾਲੀ ਪੁਲਾੜ ਹੈ। ਹੁਣ ਵੀ ਬ੍ਰਹਿਮੰਡ ਦੇ ਕਈ ਹਿੱਸੇ ਅਜੇ ਬਣ ਰਹੇ ਹਨ।

ਕੀ ਇਸ ਬ੍ਰਹਿਮੰਡ ਤੋਂ ਬਾਹਰ ਵੀ ਕੁਝ ਹੈ ?

ਬਿੱਗ ਬੈਂਗ ਦਾ ਸਬੂਤ– ਜ਼ਿਆਦਾਤਰ ਵਿਗਿਆਨਕਾਂ ਵੱਲੋਂ ਬਿੱਗ ਬੈਂਗ ਦੇ ਸਿਧਾਂਤ ਨੂੰ ਦਰੁਸਤ ਮੰਨਣ ਦਾ ਇਕ ਕਾਰਨ ਇਹ ਹੈ ਕਿ ਬਹੁਤ ਸ਼ਕਤੀਸ਼ਾਲੀ ਰੇਡੀਓ ਟੈਲੀਸਕੋਪ ਰਾਹੀਂ ਇਕ ਹਲਕਾ ਜਿਹਾ ਇਸ਼ਾਰਾ ਗੂੰਜ ਵਰਗਾ ਮਿਲਿਆ ਹੈ। ਹੋ ਸਕਦਾ ਹੈ ਕਿ ਇਹ ਗੂੰਜ ਸ਼ੁਰੂਆਤੀ ਅੱਗ ਦੇ ਗੋਲੇ ਦੀ ਊਰਜਾ ਵਿਚੋਂ ਪੈਦਾ ਹੋਈ ਹੋਵੇ ਜੋ ਸਾਰੇ ਪੁਲਾੜ ਵਿਚ ਬਿੱਗ ਬੈਂਗ ਤੋਂ ਬਾਅਦ ਫੈਲ ਗਈ। ਬਿੱਗ ਬੈਂਗ ਧਮਾਕੇ ਦੀ ਊਰਜਾ ਪੁਲਾੜ ਦੇ ਚਾਰੋ ਪਾਸੇ ਫੈਲ ਗਈ।

ਤਾਰਾ ਵਿਗਿਆਨੀਆਂ ਨੇ ਹਿਸਾਬ ਲਗਾਇਆ ਕਿ ਜੇ ਬ੍ਰਹਿਮੰਡ ਵਿਚ ਉਹੀ ਕੁਝ ਹੋਵੇ ਜੋ ਅਸੀਂ ਜਾਣਦੇ ਹਾਂ ਤਾਂ ਬਿੱਗ ਬੈਂਗ ਤੋਂ ਬਾਅਦ ਇਸ ਨੇ ਬਹੁਤ ਤੇਜ਼ੀ ਨਾਲ ਫੈਲ ਕੇ ਗਲੈਕਸੀਆਂ ਦਾ ਰੂਪ ਲੈ ਲੈਣਾ ਸੀ। ਇਸ ਦਾ ਮਤਲਬ ਇਹ ਹੋਇਆ ਕਿ ਜੇ ਬਿੱਗ ਬੈਂਗ ਦਾ ਸਿਧਾਂਤ ਸਹੀ ਹੋਵੇ ਤਾਂ ਬ੍ਰਹਿਮੰਡ ਵਿਚ ਪਿਆ ਜੋ ਕੁਝ ਅਸੀਂ ਹੁਣ ਤੱਕ ਜਾਣਦੇ ਹਾਂ, ਇਸ ਤੋਂ ਇਲਾਵਾ ਵੀ ਬਹੁਤ ਕੁਝ ਹੋਰ ਜ਼ਰੂਰ ਹੋਣਾ ਚਾਹੀਦਾ ਹੈ। ਵਿਗਿਆਨੀਆਂ ਦਾ ਕਹਿਣਾ ਹੈ ਕਿ ਉਹ ਅਜੇ ਬ੍ਰਹਿਮੰਡ ਦਾ ਸਿਰਫ 10 ਫੀ ਸਦੀ ਹੀ ਜਾਣਦੇ ਹਨ ਤੇ ਅਜੇ ਬਹੁਤ ਕੁਝ ਬਾਕੀ ਹੈ।

ਬ੍ਰਹਿਮੰਡ ਦਾ ਭਵਿੱਖ– ਬ੍ਰਹਿਮੰਡ ਦੇ ਭਵਿੱਖ ਬਾਰੇ ਤਿੰਨ ਮੁੱਖ ਸਿਧਾਂਤ ਚੱਲ ਰਹੇ ਹਨ।

(1). ਹੌਲੀ ਹੌਲੀ ਮੁੱਕਣ ਦਾ ਸਿਧਾਂਤ- ਹੌਲੀ ਹੌਲੀ ਮੁੱਕਣ ਦਾ ਸਿਧਾਂਤ ਕਹਿੰਦਾ ਹੈ ਕਿ ਬ੍ਰਹਿਮੰਡ ਆਪਣਾ ਵਿਸਥਾਰ ਕਰਦਾ ਰਹੇਗਾ ਤੇ ਹਰੇਕ ਚੀਜ਼ ਹੌਲੀ ਹੌਲੀ ਫਿੱਕੀ ਪੈਂਦੀ ਜਾਵੇਗੀ। ਆਖਰ ਸਾਰਾ ਬ੍ਰਹਿਮੰਡ ਠੰਡੇ ਕਿਣਕਿਆਂ ਦੀ ਧੂਲ ਬਣ ਕੇ ਰਹਿ ਜਾਵੇਗਾ। ਬ੍ਰਹਿਮੰਡ ਹੌਲੀ ਹੌਲੀ ਫਿੱਕਾ ਪੈ ਜਾਵੇਗਾ ਤੇ ਫਿਰ ਬਸ ਕਿਨਾਰਾ ਕਰ ਜਾਵੇਗਾ।

(2). ਵੱਡੀ ਤੜੱਕ ਦਾ ਸਿਧਾਂਤ- ਵੱਡੀ ਤੜੱਕ ਦੇ ਸਿਧਾਂਤ ਅਨੁਸਾਰ ਜੇ ਜਾਣੇ ਪਹਿਚਾਣੇ ਮਾਦੇ ਤੋਂ ਵੱਧ ਹੋਰ ਮਾਦਾ ਹੋਂਦ ਵਿਚ ਆਇਆ ਤਾਂ ਗਰੂਤਾ ਬਲ ਬ੍ਰਹਿਮੰਡ ਦੇ ਵਿਕਾਸ ਨੂੰ ਰੋਕ ਸਕਦੀ ਹੈ। ਇਹ ਹਰੇਕ ਚੀਜ਼ ਨੂੰ ਪਿੱਛੇ ਖਿੱਚੇਗਾ ਜਦੋਂ ਤੱਕ ਕਿ ਗਲੈਕਸੀਆਂ ਟੁੱਟ ਨਹੀਂ ਜਾਂਦੀਆਂ। ਫਿਰ ਬਿੱਗ ਬੈਂਗ ਦੇ ਉਲਟ ਇਕ ਵੱਡਾ ਤੜੱਕ ਪੈਦਾ ਹੋ ਸਕਦਾ ਹੈ, ਜਿਸ ਕਾਰਨ ਇਸ ਸਿਧਾਂਤ ਦਾ ਨਾਂ ਹੀ ਵੱਡੀ ਤੜੱਕ ਪੈ ਗਿਆ। ਵੱਡੀ ਤੜੱਕ ਨਾਲ ਗਲੈਕਸੀਆਂ ਟੁੱਟ ਸਕਦੀਆਂ ਹਨ। ਜਦ ਤੁਸੀਂ ਰਾਤ ਨੂੰ ਅਸਮਾਨ ਵੱਚ ਵੇਖਦੇ ਹੋ ਤਾਂ ਤੁਸੀਂ ਲੱਖਾਂ ਕਰੋੜਾਂ ਤਾਰੇ ਵੇਖ ਰਹੇ ਹੁੰਦੇ ਹੋ।

(3). ਡਗਮਗਾਉਂਦੇ ਬ੍ਰਹਿਮੰਡ ਦਾ ਸਿਧਾਂਤ- ਡਗਮਗਾਉਂਦੇ ਬ੍ਰਹਿਮੰਡ ਦੇ ਸਿਧਾਂਤ ਅਨੁਸਾਰ ਕੁਝ ਸਾਇੰਸਦਾਨਾਂ ਦਾ ਖਿਆਲ ਹੈ ਕਿ ਬ੍ਰਹਿਮੰਡ ਇਕ ਦਿਲ ਦੀ ਤਰ੍ਹਾਂ ਇਕ ਲੈ ਵਿਚ ਧੜਕਦਾ ਹੈ। ਉਹ ਸਮਝਦੇ ਹਨ ਕਿ ਇਹ ਫੈਲਦਾ, ਸੁੰਗੜਦਾ ਤੇ ਫਿਰ ਫੈਲਦਾ ਹੈ। ਇਸ ਬਾਰੇ ਉਨ੍ਹਾਂ ਦਾ ਕਹਿਣਾ ਹੈ ਕਿ ਬਿੱਗ ਬੈਂਗ ਤੇ ਬਿੱਗ ਕਰੰਚ ਦਾ ਵਾਰੀ ਵਾਰੀ ਚੱਕਰ ਹੈ। ਇਸ ਵਿਚਾਰ ਨੂੰ ਡਗਮਗਾਉਂਦੇ ਬ੍ਰਹਿਮੰਡ ਦਾ ਸਿਧਾਂਤ ਕਿਹਾ ਜਾਂਦਾ ਹੈ।

ਬ੍ਰਹਿਮੰਡ ਤੋਂ ਬਾਹਰ ਕੀ ਹੈ ?

ਕਿਵੇਂ ਬਣਿਆ ਬ੍ਰਹਿਮੰਡ ?

ਹੇਠਾਂ ਕੁਝ ਗ੍ਰਹਾਂ ਦਾ ਲਗਭਗ ਦਰੁਸਤ ਵਿਆਸ ਦਿੱਤਾ ਗਿਆ ਹੈ ; ਜਿਵੇਂ ਕਿ

(1). pluto-ਵਿਆਸ 2372 KM (ਖੋਜ 18-2-1930 ਵਿਚ, ਸੂਰਜ ਤੋਂ ਦੂਰੀ 590 ਕਰੋੜ KM, ਸੂਰਜ ਦਾ ਇਕ ਚੱਕਰ 248 ਸਾਲ ਵਿਚ, ਸੂਰਜ ਦੀ ਲਾਇਟ 5 ਘੰਟਿਆਂ ਤੋਂ ਵੱਧ ਸਮਾਂ ਲੈਂਦੀ ਹੈ, ਤਾਪਮਾਨ -229 ਡਿਗਰੀ, 1/3 ਹਿੱਸਾ ਜੰਮਿਆ ਹੋਇਆ ਪਾਣੀ ਹੈ।

(2). ਚੰਦ੍ਰਮਾ (Moon) – ਵਿਆਸ 3500 KM (ਪ੍ਰਿਥਵੀ ਦਾ 27% ਭਾਗ)

(3). ਬੁੱਧ (Mercury) – ਵਿਆਸ 4,880 KM (ਖੋਜ 1543 ਵਿਚ Copernicus ਨੇ ਕੀਤੀ ਤੇ Galileo (15-2-1564 to 8-1-1642) ਨੇ ਪੁਸ਼ਟੀ ਕੀਤੀ, ਬੁੱਧ ਦਾ ਇੱਕ ਦਿਨ ਧਰਤੀ ਦੇ 59 ਦਿਨਾਂ ਬਰਾਬਰ, ਸੂਰਜ ਦਾ ਇੱਕ ਚੱਕਰ 88 ਦਿਨਾਂ ਵਿਚ । ਦਿਨ ਨੂੰ ਤਾਪਮਾਨ 430 °C ਤੇ ਰਾਤ ਨੂੰ -170 °C (Degrees celsius), ਸੂਰਜ ਤੋਂ ਦੂਰੀ 5 ਕਰੋੜ 76 ਲੱਖ KM ਤੇ ਧਰਤੀ ਤੋਂ 7 ਕਰੋੜ 70 ਲੱਖ KM, ਧਰਤੀ ਤੋਂ 26 ਗੁਣਾਂ ਛੋਟਾ ਹੈ ਤੇ ਇਸ ਦਾ ਕੋਈ ਉਪ ਗ੍ਰਹਿ ਵੀ ਨਹੀਂ।)

(4). Ganymede  – ਵਿਆਸ 5500 KM

(5).  ਮੰਗਲ (Mars) -ਵਿਆਸ 6,790 KM, ਤਾਪਮਾਨ ਗਰਮੀ ਵਿਚ 27 ਡਿਗਰੀ ਅਤੇ ਸਰਦੀ ਵਿਚ -133 ਡਿਗਰੀ,  ਇਥੇ ਆਕਸੀਜਨ 0.13% ਤੇ ਕਾਰਬਨ ਡਾਈ ਅਕਸਾਇਡ 96% ਹੈ, ਇੱਕ ਦਿਨ ਧਰਤੀ ਦੇ 24h 37m 22.663s ਬਰਾਬਰ, ਸੂਰਜ ਦਾ ਇੱਕ ਚੱਕਰ 687 ਦਿਨ ਵਿਚ, ਮੰਗਲ ਦੇ 2 ਉਪ ਗ੍ਰਹਿ (Phobos 13KM, Deimos 22 KM) ਹਨ।  Phobos ਮੰਗਲ ਤੋਂ ਬਹੁਤ ਨੇੜੇ ਹੈ, ਜੋ 2 ਤੋਂ 4 ਕਰੋੜ ਸਾਲ ਬਾਅਦ ਮੰਗਲ ਨਾਲ ਟਕਰਾਅ ਜਾਏਗਾ ਜਾਂ ਰਿੰਗ ਬਣਾ ਲਵੇਗਾ। ਅਗਰ ਧਰਤੀ ਉਤੇ ਕਿਸੇ ਦਾ ਵਜਨ 100 ਕਿਲੋ ਹੈ ਤਾਂ ਮੰਗਲ ਉਤੇ 37 ਕਿਲੋ ਹੋਵੇਗਾ, ਸੂਰਜ ਤੋਂ ਦੂਰੀ 22 ਕਰੋੜ 79 ਲੱਖ KM ਤੇ ਧਰਤੀ ਤੋਂ ਦੂਰੀ 22 ਕਰੋੜ 50 ਲੱਖ KM, ਧਰਤੀ ਦੇ ਮੁਕਾਬਲੇ ਮੰਗਲ ਤੋਂ ਸੂਰਜ ਅੱਧੇ ਸਾਇਜ ਵਿਚ ਵਿਖਾਈ ਦਿੰਦਾ ਹੈ।

(6). ਸ਼ੁਕਰ (Venus)– ਵਿਆਸ 12, 104 KM, Temperature 462 °C, ਸੂਰਜ ਦਾ ਚੱਕਰ ਭਾਵ ਸਾਲ 224.7 ਦਿਨਾਂ ਦਾ ਅਤੇ ਇੱਕ ਦਿਨ = ਧਰਤੀ ਦੇ 243 ਦਿਨ,  ਬਾਕੀ ਗ੍ਰਿਹਾਂ ਤੋਂ ਉਲਟਾ ਘੜੀ ਦੀਆਂ ਸੂਈਆਂ ਵਾਙ ਘੁੰਮਦਾ ਹੈ, ਇਸ ਦਾ ਵੀ ਕੋਈ ਉਪ ਗ੍ਰਹਿ ਨਹੀਂ । )

(7). ਧਰਤੀ (Earth) -ਵਿਆਸ 12, 742 KM (ਸੂਰਜ ਤੋਂ ਪ੍ਰਿਥਵੀ ਦੀ ਦੂਰੀ 14, 95, 97, 871 KM (ਭਾਵ 1 astronomical unit = 149 597 871 kilometers, ਆਕਸੀਜਨ 21% ਹੈ),

(8). Kepter – ਵਿਆਸ 31, 000 KM

(9).  Neptune – ਵਿਆਸ 49, 900 KM, ਖੋਜ 23 ਸਤੰਬਰ 1846, ਧਰਤੀ ਤੋਂ 1.2 ਗੁਣਾਂ ਭਾਰੀ, ਰੰਗ ਨੀਲਾ, ਤਾਪਮਾਨ -214 ਡਿਗਰੀ, ਇੱਥੇ 80 % ਹਾਈਡਰੋਜਨ, ਸੂਰਜ ਤੋਂ 4.5 ਬਿਲੀਅਨ KM ਦੂਰ, ਸੂਰਜ ਦਾ ਇੱਕ ਚੱਕਰ 164.79 ਸਾਲ ਵਿਚ ਪੂਰਾ ਕਰਦਾ ਹੈ, ਇਸ ਦੇ 14 ਉਪ ਗ੍ਰਹਿ ਹਨ।

 

(10). Uranus– ਵਿਆਸ 51, 000 KM

(11).  ਸ਼ਨੀ (Saturn) –  ਵਿਆਸ 1,20, 536 KM, ਧਰਤੀ ਤੋਂ 120 ਕਰੋੜ KM ਦੂਰ, ਅਗਰ ਪਾਣੀ ਵਿਚ ਰੱਖੀਏ ਤਾਂ ਡੁਬੇਗਾ ਨਹੀਂ, 96% ਹਾਈਡਰੋਜਨ, ਇਸ ਦੇ Titan ਉਪ ਗ੍ਰਹਿ ਸਮੇਤ ਕੁੱਲ 62 ਉਪ ਗ੍ਰਹਿ ਹਨ।

(12). 2MASS J0523-1403 ਵਿਆਸ 1,25, 000 KM

(13).  ਬ੍ਰਹਿਸਪਤਿ (Jupiter)– ਵਿਆਸ 1,42, 984 KM (ਇਸ ਦਾ ਇੱਕ ਦਿਨ 9 ਘੰਟੇ 55 ਮਿੰਟ ਹੁੰਦਾ ਹੈ।  ਇਸ ਤਾਰੇ ਦੀ ਗਲੀਲੀਓ ਨੇ 1610 ਈਸਵੀ ਵਿਚ ਖੋਜ ਕੀਤੀ, ਜਿਨਾਂ ਦਾ ਜਨਮ 15-2-1564 ਤੋੰ 8-1-1642 ਸੀ) ਸੂਰਜ ਤੋਂ 48 ਕਰੋੜ 20 ਲੱਖ KM ਦੂਰ ਹੈ, ਸੂਰਜ ਦਾ ਇੱਕ ਚੱਕਰ 12 ਸਾਲ ਵਿਚ, ਇੱਕ ਦਿਨ 9 ਘੰਟੇ 56 ਮਿਟ ਦਾ, ਇੱਥੇ 90% ਹਾਈਡਰੋਜਨ ਹੈ, ਇਸ ਦੇ 66 ਉਪ ਗ੍ਰਹਿ ਹਨ।

(14). HD-100546 B ਵਿਆਸ 9,00, 000 KM

(15). The Sun– ਵਿਆਸ 13, 91, 400 KM (ਸਤਹ/ਉਪਰਲੀ ਤਹਿ ਦਾ ਤਾਪਮਾਨ 5,778 Kelvin ਭਾਵ 5504.85 °C (Celsius), Radius ਭਾਵ ਅਰਧ ਵਿਆਸ 695, 700 KM / ਧਰਤੀ ਤੋਂ ਦੂਰੀ 149.6  ਮਿਲੀਅਨ KM / ਇੱਕ ਮਿਲੀਅਨ= 10 ਲੱਖ KM / ਰੰਗ  Yellow)

(16). Sirius A–  ਵਿਆਸ 2.382 ਮਿਲੀਅਨ (ਭਾਵ ਲਗਭਗ 24 ਲੱਖ) KM (ਸਤਹ/ਉਪਰਲੀ ਤਹਿ ਦਾ ਤਾਪਮਾਨ 9,940 Kelvin ਭਾਵ 9666.85 °C (Celsius), ਧਰਤੀ ਤੋਂ ਦੂਰੀ 8.611 ਪ੍ਰਕਾਸ਼ ਸਾਲ (ਲਗਭਗ 81464.62 ਅਰਬ KM/ ਲਾਇਟ ਦੀ ਰਫ਼ਤਾਰ = 299.792.458 kilometers per second (ਲਗਭਗ 3 ਲੱਖ KM ਪ੍ਰਤਿ ਸੈਕਿੰਡ),  ਇੱਕ ਲਾਇਟ ਜਾਂ ਪ੍ਰਕਾਸ਼ ਸਾਲ ਦੀ ਵਿੱਥ/ ਫ਼ਾਸਲਾ 9.4605284 × 1012 Kilo Meters (ਲਗਭਗ 9460.53 ਅਰਬ ਕਿਲੋਮੀਟਰ ਜਦਕਿ ਆਵਾਜ਼ ਦੀ ਰਫ਼ਤਾਰ 0.34029 kilometers per second ਅਤੇ 10 738 506.3 kilometers per year ਹੈ ਭਾਵ ਪ੍ਰਕਾਸ਼ ਦੀ ਰਫ਼ਤਾਰ ਇੱਕ ਮਿੰਟ  17 987 547.5 KM ਦੇ ਮੁਕਾਬਲੇ ਆਵਾਜ਼ ਦੀ ਰਫ਼ਤਾਰ ਇੱਕ ਮਿੰਟ 20.4174 KM ਜਾਂ 880991.091 ਗੁਣਾਂ ਘੱਟ ਹੈ / ਰੰਗ  Orange )

(17). Pollux – ਵਿਆਸ 11.136 ਮਿਲੀਅਨ (ਲਗਭਗ 1 ਕਰੋੜ 11 ਲੱਖ) KM (ਸਤਹ/ਉਪਰਲੀ ਤਹਿ ਦਾ ਤਾਪਮਾਨ 4,865 Kelvin ਭਾਵ 4591.85 °C (Celsius), ਧਰਤੀ ਤੋਂ ਦੂਰੀ 33.72 Light Year / ਰੰਗ  Yellow)

(18). Arcturus– ਵਿਆਸ 35.78 ਮਿਲੀਅਨ (ਲਗਭਗ 3 ਕਰੋੜ 58 ਲੱਖ) KM (ਸਤਹ/ਉਪਰਲੀ ਤਹਿ ਦਾ ਤਾਪਮਾਨ 4,290 Kelvin ਭਾਵ 4016.85 °C (Celsius), ਧਰਤੀ ਤੋਂ ਦੂਰੀ 8.611 Light Year / ਰੰਗ Orange)

(19). Aldebaran– ਵਿਆਸ 61.52 ਮਿਲੀਅਨ (ਲਗਭਗ 6 ਕਰੋੜ 15 ਲੱਖ) KM (ਸਤਹ/ਉਪਰਲੀ ਤਹਿ ਦਾ ਤਾਪਮਾਨ 3,910 Kelvin ਭਾਵ 3636.85 °C (Celsius), ਧਰਤੀ ਤੋਂ ਦੂਰੀ 65.23 Light Year / ਰੰਗ Orange)

(20). Rigel– ਵਿਆਸ 108.58 ਮਿਲੀਅਨ (ਲਗਭਗ 10 ਕਰੋੜ 9 ਲੱਖ) KM (ਸਤਹ/ਉਪਰਲੀ ਤਹਿ ਦਾ ਤਾਪਮਾਨ 11,000 Kelvin ਭਾਵ 10726.85 °C (Celsius), ਧਰਤੀ ਤੋਂ ਦੂਰੀ 864.3 Light Year / ਰੰਗ Blue)

(21). Pistol Star-ਵਿਆਸ 426 ਮਿਲੀਅਨ (ਲਗਭਗ 42 ਕਰੋੜ 6 ਲੱਖ) KM (ਸਤਹ/ਉਪਰਲੀ ਤਹਿ ਦਾ ਤਾਪਮਾਨ 11,800 Kelvin ਭਾਵ 11526.85 °C (Celsius), ਧਰਤੀ ਤੋਂ ਦੂਰੀ 25000 Light Year / ਰੰਗ Blue)

(22). Antares-ਵਿਆਸ  1.2 ਬਿਲੀਅਨ (ਸੂਰਜ ਦੇ ਵਿਆਸ 13, 91, 400 ਤੋਂ 883 ਗੁਣਾਂ ਵੱਡਾ) ਲਗਭਗ 1.2 ਅਰਬ KM (ਸਤਹ/ਉਪਰਲੀ ਤਹਿ ਦਾ ਤਾਪਮਾਨ 3,500 Kelvin ਭਾਵ 3226.85 °C (Celsius), ਧਰਤੀ ਤੋਂ ਦੂਰੀ 604 Light Year / ਰੰਗ Red)

(23). Betelgeuse-ਵਿਆਸ  1642.6 ਮਿਲੀਅਨ ਜਾਂ 1.64 ਬਿਲੀਅਨ  ਭਾਵ 1.64 ਅਰਬ KM (ਸਤਹ/ਉਪਰਲੀ ਤਹਿ ਦਾ ਤਾਪਮਾਨ 3,500 Kelvin ਭਾਵ 3226.85 °C (Celsius), ਧਰਤੀ ਤੋਂ ਦੂਰੀ 642.5 Light Year / ਰੰਗ Red)

(24). VY Canis Majoris  ਵਿਆਸ 1976.6 ਮਿਲੀਅਨ (ਲਗਭਗ 2 ਅਰਬ ਕਿਲੋਮੀਟਰ, ਸੂਰਜ ਤੋਂ 1420 ਗੁਣਾਂ ਵੱਡਾ । (ਸਤਹ/ਉਪਰਲੀ ਤਹਿ ਦਾ ਤਾਪਮਾਨ 3,490 Kelvin ਭਾਵ 3216.85 °C (Celsius), ਧਰਤੀ ਤੋਂ ਦੂਰੀ 4892 Light Year / ਰੰਗ Red)

(25). UY Scuti -ਵਿਆਸ 2,37, 05, 11, 200 KM (ਭਾਵ ਲਗਭਗ 2 ਅਰਬ 37 ਕਰੋੜ KM/ ਸੂਰਜ ਤੋਂ 1708 ਗੁਣਾ ਵੱਡਾ ਜਾਂ 6 ਲੱਖ 52, 000 ਅਰਬ ਧਰਤੀਆਂ ਦੇ ਬਰਾਬਰ, ਸਾਡੇ ਸੂਰਜ ਮੰਡਲ ਤੋਂ 9500 Light Year ਦੂਰ/ ਰੰਗ Red, ਭੌਤਿਕ ਵਿਗਿਆਨ ਦੀ ਹੁਣ ਤੱਕ ਹੋਈ ਖੋਜ ਮੁਤਾਬਕ ਸਭ ਤੋਂ ਵੱਡਾ ਤਾਰਾ, ਅਗਰ ਇਸ ਨੂੰ ਸਾਡੇ ਸੂਰਜ ਦੀ ਜਗਾ ਰੱਖਿਆ ਜਾਏ ਤਾਂ ਇਹ ਬੁੱਧ, ਸ਼ੁਕਰ, ਧਰਤੀ, ਮੰਗਲ ਤੇ ਬ੍ਰਹਿਸਪਤਿ (Jupiter) ਗ੍ਰਹਿ ਤੱਕ ਨੂੰ ਆਪਣੇ ਵਿਚ ਸਮਾ ਲਏਗਾ । ਇਸ ਦਾ ਅਰੰਭਕ ਨਾਂ BD-12 5055 ਸੀ। ਇਸ ਦੀ ਭਾਲ 1860 ਵਿਚ ਜਰਮਨ ਖੋਜਕਾਰਾਂ ਨੇ ਕੀਤੀ ।  ਇਸ ਦਾ ਤਾਪਮਾਨ 3,365±134[4] Kelvin ਭਾਵ ਲਗਭਗ 3091.85℃ ਹੈ।   ਅਗਰ ਕੋਈ ਵਸਤੂ ਜਾਂ ਯਾਨ ਲਾਇਟ ਦੀ ਸਪੀਡ ਨਾਲ ਇਸ ਦਾ ਚੱਕਰ 7 ਘੰਟੇ ਵਿਚ ਪੂਰਾ ਕਰੇ ਤਾਂ ਇਸੇ ਸਪੀਡ ਨਾਲ ਉਹੀ ਵਸਤੂ ਸੂਰਜ ਦਾ ਚੱਕਰ ਮਾਤਰ 14.5 ਸੈਕਿੰਡ ਵਿਚ ਹੀ ਪੂਰਾ ਕਰ ਲਵੇਗੀ।
(ਨੋਟਉੱਪਰਲੇ 25 ਨੰਬਰਾਂ ਵਿੱਚ ਦਿੱਤਾ ਗਿਆ ਵੇਰਵਾ ਸਾਰੇ ਬ੍ਰਹਿਮੰਡ ਵਿੱਚੋਂ ਕੇਵਲ ਸਾਡੀ ਅਕਾਸ਼ਗੰਗਾ (Milky way) ‘ਚੋਂ ਹੀ ਤੁੱਛ ਮਾਤਰ ਹੈ ਜਦਕਿ ਕੇਵਲ ਸਾਡੇ ਹੀ ਬ੍ਰਹਿਮੰਡ ਭਾਵ ਜਿਸ ਦਾ ਧਮਾਕਾ 13.5 ਅਰਬ ਸਾਲ ਪਹਿਲਾਂ ਹੋਇਆ ਮੰਨਿਆ ਜਾਂਦਾ ਹੈ, ਵਿੱਚ 200 ਤੋਂ 400 ਅਕਾਸ਼ ਗੰਗਾ ਮੌਜੂਦ ਹਨ।)

ਧੰਨਵਾਦ ਸਹਿਤ ਕਿਤਾਬ: ਯੂਨੀਸਟਾਰ ਵਿਗਿਆਨ ਵਿਸ਼ਵ ਕੋਸ਼ (ਧਰਤੀ ਤੇ ਪੁਲਾੜ) ਵਿਚੋਂ

Most Viewed Posts