ਨਿੱਕੀਆਂ ਜਿੰਦਾਂ ਵੱਡੇ ਸਾਕੇ: ‘ਸਾਕਾ ਸਰਹਿੰਦ’

0
1402

ਨਿੱਕੀਆਂ ਜਿੰਦਾਂ ਵੱਡੇ ਸਾਕੇ: ‘ਸਾਕਾ ਸਰਹਿੰਦ’

ਡਾ. ਅਮਨਦੀਪ ਸਿੰਘ ਟੱਲੇਵਾਲੀਆ-98146-99446

ਮਾਂ ਲਈ ਸਭ ਤੋਂ ਵੱਡੀ ਚੀਜ਼ ਹੁੰਦੀ ਹੈ ਉਸ ਦੀ ਗੋਦੀ ਵਿੱਚ ਪੁੱਤਰ ਦਾ ਖੇਡਣਾ। ਇਸ ਦਾਤ ਨੂੰ ਪ੍ਰਾਪਤ ਕਰਨ ਲਈ ਮਾਵਾਂ ਲੱਖਾਂ ਜਫ਼ਰ ਜਾਲਦੀਆਂ ਹਨ:- ‘ਤੀਰਥ-ਤੀਰਥ ਖੈਰ ਮੰਗਾਵੇ, ਗੁੱਗੇ ਤੇ ਮੜ੍ਹੀਆਂ ਪੂਜਵਾਵੇ। ਸਿਵਿਆਂ ਉਤੇ ਮਾਸ ਰੰਡ੍ਹਾਵੇ, ਅਣਹੋਈਆਂ ਗੱਲਾਂ ਕਰਵਾਵੇ। ਪੁੱਤਰ ਜਿਹਾ ਨਾ ਮੇਵਾ ਡਿੱਠਾ, ਜਿਤਨਾ ਕੱਚਾ ਉਤਨਾ ਹੀ ਮਿੱਠਾ।’

ਪਰ ਧੰਨ ਨੇ ਉਹ ਮਾਵਾਂ ਜਿਹੜੀਆਂ ਆਪਣੇ ਪੁੱਤਰਾਂ ਦੇ ਟੋਟੇ-ਟੋਟੇ ਕਰਵਾ ਕੇ ਝੋਲੀ ਪਵਾਉਂਦੀਆਂ ਹਨ, ਹੱਥੀਂ ਆਪਣੇ ਪੁੱਤਰਾਂ ਨੂੰ ਸ਼ਹੀਦ ਹੋਣ ਲਈ ਜੰਗ ਵਿੱਚ ਤੋਰਦੀਆਂ ਹਨ ਪਰ ਫਿਰ ਵੀ ਅੱਖਾਂ ’ਚੋਂ ਹੰਝੂ ਨਹੀਂ ਕੇਰਦੀਆਂ। ਧੰਨ ਹੈ ਉਹ ਪਿਤਾ ਜਿਹੜਾ ਅੱਖਾਂ ਸਾਹਮਣੇ ਆਪਣੇ ਪੁੱਤਰਾਂ ਨੂੰ ਸ਼ਹੀਦ ਹੁੰਦੇ ਵੇਖ ਕੇ ਵੀ ਇਹੋ ਆਖਦਾ ਹੈ :- ‘‘ਇਨ ਪੁੱਤਰਨ ਕੇ ਸੀਸ ਪਰ, ਵਾਰ ਦੀਏ ਸੁਤ ਚਾਰ। ਚਾਰ ਮੂਏ ਤੋ ਕਿਆ ਹੂਆ ਜੀਵਤ ਕਈ ਹਜ਼ਾਰ।’’

ਇਹੀ ਹੈ ਇਸ ਸ਼ਹੀਦੀ ਸਾਕੇ ਦੀ ਗਾਥਾ ਜਿਸ ਦਾ ਅੱਖਰ-ਅੱਖਰ ਇਸ ਗੱਲ ਦੀ ਗਵਾਹੀ ਭਰਦਾ ਹੈ ਕਿ ‘ਜ਼ੁਲਮ ਸਾਹਮਣੇ ਸੀਸ ਝੁਕਾਉਣਾ ਅਣਖੀ ਲੋਕਾਂ ਦਾ ਕੰਮ ਨਹੀਂ ਅਤੇ ਨਾਲ ਹੀ ਇਹ ਸਾਕਾ ਇਸ ਗੱਲ ਦਾ ਪ੍ਰਤੀਕ ਹੈ ਕਿ ਮੌਤ ਨੂੰ ਅਤੇ ਉਮਰ ਨੂੰ ਮਾਪਣ ਦੀ ਕੋਈ ਜ਼ਰੂਰਤ ਨਹੀਂ ਰਹਿ ਜਾਂਦੀ ਜਦੋਂ ਕੋਈ ਮੌਤ ‘ਸੁੱਤੇ ਹੋਏ ਲੋਕਾਂ ਨੂੰ ਜਗਾਉਣ ਲਈ’ ਜਾਂ ‘ਜ਼ੁਲਮ ਰਾਜ ਦੇ ਤਖ਼ਤਾਂ-ਤਾਜਾਂ ਨੂੰ ਹਿਲਾਉਣ ਲਈ ਹੋਈ ਹੋਵੇ।’

ਇਹ ਵੀ ਇੱਕ ਸਚਾਈ ਹੈ ਕਿ ਜਿਹੜੇ ਇਨਸਾਨ ਇਤਿਹਾਸ ਤੋਂ ਕੁੱਝ ਸਿਖਦੇ ਨਹੀਂ, ਉਹ ਹੀ ਇਤਿਹਾਸ ਨੂੰ ਦੁਹਰਾਉਣ ਦੇ ਜ਼ਿੰਮੇਵਾਰ ਹੁੰਦੇ ਹਨ। ਜਿਵੇਂ ਕਰਬਲਾ ਵਿੱਚ ਹਜ਼ਰਤ ਅਲੀ ਦੇ ਪੁੱਤਰਾਂ (ਹਸਨ, ਹੁਸੈਨ) ਨੂੰ ਸਮੇਂ ਦੇ ਹਾਕਮਾਂ ਨੇ ਮੌਤ ਦੇ ਘਾਟ ਉਤਾਰ ਦਿੱਤਾ ਸੀ, ਉਸੇ ਤਰ੍ਹਾਂ ਜੇ ਵਜ਼ੀਰ ਖਾਨ ਨੇ ਉਸ ਸਾਕੇ ਤੋਂ ਕੁੱਝ ਸਿੱਖਿਆ ਹੁੰਦਾ ਤਾਂ ਉਹ ਅਜਿਹੀ ਸਥਿਤੀ ਨੂੰ ਦੁਬਾਰਾ ਦੁਹਰਾਉਣ ਦੀ ਜੁਰਅਤ ਨਾ ਕਰਦਾ।

ਹਥਲੇ ਲੇਖ ਦਾ ਵਿਸ਼ਾ ‘ਨਿੱਕੀਆਂ ਜਿੰਦਾਂ’ ਭਾਵ ਗੁਰੂ ਗੋਬਿੰਦ ਸਾਹਿਬ ਜੀ ਦੇ ਲਾਲਾਂ ਨਾਲ ਸਬੰਧਿਤ ਸਾਕਾ ਹੈ ਜਿਨ੍ਹਾਂ ਵਿੱਚੋਂ ‘ਸਾਹਿਬਜਾਦਾ ਜੋਰਾਵਰ ਸਿੰਘ’ ਜੀ ਦਾ ਜਨਮ 1696 ਈ. ’ਚ ਤੇ ‘ਸਾਹਿਬਜਾਦਾ ਫਤਿਹ ਸਿੰਘ’ ਜੀ ਦਾ ਜਨਮ 1699 ਈ. ਵਿੱਚ ਅਨੰਦਪੁਰ ਸਾਹਿਬ ਦੀ ਧਰਤੀ ਤੇ ਦਸਮੇਸ਼ ਪਿਤਾ ‘ਗੁਰੂ ਗੋਬਿੰਦ ਸਿੰਘ ਸਾਹਿਬ’ ਜੀ ਦੇ ਘਰ ਹੋਇਆ।

‘ਸਾਕਾ ਸਰਹਿੰਦ’ ਕਿਉਂ ਵਾਪਰਿਆ ? ਅਨੰਦਪੁਰ ਸਾਹਿਬ ਦੀ ਲੜਾਈ ਜੋ ਇਤਿਹਾਸਕਾਰਾਂ ਅਨੁਸਾਰ ਮਈ 1704 ਈ: (ਸੰਮਤ 1761) ਨੂੰ ਸ਼ੁਰੂ ਹੋਈ ਸੀ ਲਗਾਤਾਰ ਸੱਤ ਮਹੀਨੇ ਚੱਲਦੀ ਰਹੀ ਕਿਲੇ ਦੇ ਅੰਦਰ ਸਿੰਘਾਂ ਕੋਲ ਰਾਸ਼ਨ ਪਾਣੀ ਮੁੱਕ ਗਿਆ ਅਤੇ ਉਧਰ ਪਹਾੜੀ ਰਾਜਿਆਂ ਦੀਆਂ ਅਤੇ ਮੁਸਲਮਾਨੀ ਫੌਜਾਂ ਵੀਹੋਰ ਬਹੁਤਾ ਚਿਰ ਲੜਨ ਦੇ ਸਮਰੱਥ ਨਹੀਂ ਸਨ। ਇਸ ਕਰਕੇ ਮੁਸਲਮਾਨਾਂ ਨੇ ਕੁਰਾਨ ਦੀਆਂ ਅਤੇ ਪਹਾੜੀ ਰਾਜਿਆਂ ਨੇ ਗਊਆਂ ਦੀਆਂ ਝੂਠੀਆਂ ਸਹੁੰਆਂ ਖਾ ਕੇ ਗੁਰੂ ਜੀ ਕੋਲੋਂ ਅਨੰਦਪੁਰ ਦਾ ਕਿਲ੍ਹਾ ਖਾਲੀ ਕਰਵਾ ਲਿਆ ਅਤੇ ਕਿਹਾ ਕਿ ਉਹ ਮੁੜ ਕੇ ਵਾਰ ਨਹੀਂ ਕਰਨਗੇ ਪਰ ਗੁਰੂ ਗੋਬਿੰਦ ਸਿੰਘ ਜੀ ਜਾਣਦੇ ਸਨ ਕਿ ਇਹ ਮੱਕਾਰ, ਚਾਲਬਾਜ ਲੋਕ ਕਦੇ ਵੀ ਆਪਣੀ ਆਖੀ ਗੱਲ ਤੋਂ ਮੁਕਰ ਸਕਦੇ ਹਨ। ਪਰ ਮਾਤਾ ਗੁਜਰੀ ਜੀ ਅਤੇ ਕੁੱਝ ਸਿੰਘਾਂ ਦੇ ਕਹਿਣ ’ਤੇ ਗੁਰੂ ਜੀ ਨੇ ਕਿਲ੍ਹਾ ਛੱਡ ਦਿੱਤਾ ਅਤੇ ਰੋਪੜ ਦੇ ਇਲਾਕੇ ਵੱਲ ਨੂੰ ਵਧਣਾ ਸ਼ੁਰੂ ਕਰ ਦਿੱਤਾ। ਅਜੇ ਗੁਰੂ ਜੀ ਦਾ ਵਹੀਰ ਸਰਸਾ ਨਦੀ ਕੰਢੇ ਹੀ ਪਹੁੰਚਿਆ ਸੀ ਕਿ ਪਿੱਛੋਂ ਆ ਰਹੀ ਦੁਸ਼ਮਣ ਦੀ ਫੌਜ਼ ਨੇ ਮੁੜ ਹਮਲਾ ਕਰ ਦਿੱਤਾ। ਸਰਸਾ ਨਦੀ ਵਿੱਚ ਉਸ ਵੇਲੇ ਹੜ੍ਹ ਆਇਆ ਹੋਇਆ ਸੀ। ਇਸ ਸਥਾਨ ’ਤੇ ਲਹੂ ਡੋਲਵੀਂ ਟੱਕਰ ਸ਼ੁਰੂ ਹੋਈ। ਬਹੁਤਾ ਕੀਮਤੀ ਇਤਿਹਾਸ ਸਰਸਾ ਨਦੀ ਵਿੱਚ ਰੁੜ ਗਿਆ। ਇਸੇ ਹੀ ਸਥਾਨ ’ਤੇ ਗੁਰੂ ਜੀ ਦਾ ਪਰਿਵਾਰ ਖੇਰੂੰ-ਖੇਰੂੰ ਹੋ ਗਿਆ, ਵੱਡੇ ਸਾਹਿਬਜ਼ਾਦੇ, ਪਿਤਾ ਗੁਰੂ ਗੋਬਿੰਦ ਸਿੰਘ ਜੀਸਮੇਤ ਕੁੱਝ ਸਿੰਘਾਂ ਦੇ ਨਾਲ ਚਮਕੌਰ ਸਾਹਿਬ ਵੱਲ ਨੂੰ ਚਲੇ ਗਏ, ਛੋਟੇ ਸਾਹਿਬਜ਼ਾਦੇ ਅਤੇ ਬਿਰਧ ਮਾਂ ਗੁਜਰੀ ਜੀ ਇਕੱਲੇ ਰਹਿ ਗਏ। ਪੋਹ ਦੀ ਰੁੱਤ, ਕਹਿਰਾਂ ਦੀ ਸਰਦੀ ਦੋ ਛੋਟੇ ਛੋਟੇ ਬਾਲ ਦਾਦੀ ਦੀ ਉਂਗਲੀ ਫੜ ਕੇ ਜੰਗਲਾਂ ਵਿੱਚ ਦੀ ਹੁੰਦੇ ਹੋਏ ਹਨੇਰੇ ਨੂੰ ਚੀਰਦੇ ਆਪਣੀ ਜ਼ਿੰਦਗੀ ਦੇ ਔਕੜਾਂ ਭਰੇ ਸਫ਼ਰ ਨੂੰ ਤਹਿ ਕਰ ਰਹੇ ਸਨ। ਇੰਝ ਤੁਰਦੇ-ਤੁਰਦੇ ਗੰਗੂ ਬ੍ਰਾਹਮਣ, ਜੋ ਕਿ ਗੁਰੂ ਘਰ ਦਾ ਰਸੋਈਆ ਸੀ ਆਪਣੇ ਪਿੰਡ ਸਹੇੜੀ ਲੈ ਗਿਆ। ਦੂਸਰੇ ਦਿਨ ਬੱਚਿਆਂ ਦੀ ਗ੍ਰਿਫਤਾਰੀ ਲਈ ਰੱਖੇ ਗਏ ਬੇਸ਼ੁਮਾਰ ਕੀਮਤੀ ਇਨਾਮ ਨੇ ਗੰਗੂ ਬ੍ਰਾਹਮਣ ਦੇ ਮਨ ਵਿੱਚ ਲਾਲਚ ਪੈਦਾ ਕਰ ਦਿੱਤਾ। ਲਾਲਸਾ ਕਾਰਨ ਅੰਨ੍ਹੇ ਹੋਏ ਗੰਗੂ ਬ੍ਰਾਹਮਣ ਨੇ ਗੁਰੂ ਘਰ ਦੀ 25 ਸਾਲ ਰਸੋਈ ਦੀ ਸੇਵਾ ਕਰਦਿਆਂ ਪ੍ਰਾਪਤ ਕੀਤੀ ਮਾਇਆ (ਅਹਿਸਾਨ) ਨੂੰ ਭੁਲਾ ਕੇ ਹੋਰ ਇਨਾਮੀ ਰਾਸੀ ਦੀ ਪ੍ਰਾਪਤੀ ਲਈ ਉਸ ਨੇ ਮਾਸੂਮ ਬੱਚਿਆਂ ਤੇ ਬਿਰਧਦਾਦੀ ਮਾਤਾ ਦੀ ਸੂਚਨਾ ਕਿ ਉਹ ਮੇਰੇ ਘਰ ਵਿੱਚ ਹਨ, ਸਹੇੜੀ ਦੇ ਚੌਧਰੀ ਨੂੰ ਜਾ ਦਿੱਤੀ ਜਿਸ ਉਪਰੰਤ ਚੌਧਰੀ ਅਤੇ ਗੰਗੂ ਨੇ ਇਸ ਗੱਲ ਦੀ ਇਤਲਾਹ ਮੋਰਿੰਡੇ ਦੇ ਰੰਘੜ ਕੋਲ ਕਰ ਦਿੱਤੀ, ਕਿਉਂਕਿ ਉਹ ਦੋਨੋ ਵੀ ਚਾਹੁੰਦੇ ਸਨ ਕਿ ਗੁਰੂ ਗੋਬਿੰਦ ਸਿੰਘ ਜੀ ਦੇ ਬੱਚਿਆਂ ਅਤੇ ਦਾਦੀ ਮਾਤਾ ਨੂੰ ਵਜ਼ੀਰ ਖਾਨ ਕੋਲ ਫੜਾ ਕੇ ਉਹ ਬਹੁਤ ਵੱਡਾ ਇਨਾਮ ਪ੍ਰਾਪਤ ਕਰ ਲੈਣਗੇ।

ਇੱਥੇ ਇਹ ਧਾਰਨਾ ਕਿ ਮਾਤਾ ਜੀ ਕੋਲ ਕੀਮਤੀ ਸੋਨਾ ਤੇ ਹੀਰੇ ਸਨ, ਜਿਸ ਲਾਲਚ ਕਾਰਨ ਗੰਗੂ ਪਾਪੀ ਬਣਿਆ, ਬਿਲਕੁਲ ਹੀ ਅਧਾਰਹੀਣ ਤੇ ਗੁਰਮਤਿ ਵਿਰੋਧੀਜਾਪਦੀ ਹੈ ਕਿਉਂਕਿ ਦਾਦੀ ਮਾਤਾ ਜੀ ਦੀ ਪ੍ਰੇਰਨਾ ਸਦਕਾ ਹੀ ਨਾਬਾਲਕ ਗੁਰੂ ਗੋਬਿੰਦ ਸਾਹਿਬ ਜੀ ਨੇ ਛੋਟੀ ਉਮਰ ’ਚ ਆਪਣੇ ਕੀਮਤੀ ਕੰਗਣ (ਮੁੰਦਰੀ) ਪਟਨਾ (ਬਿਹਾਰ) ਵਿਖੇ ਨਦੀ ’ਚ ਸੁੱਟਿਆ ਸੀ ਜਦ ਉਹ ਬੱਚਿਆਂ ਨਾਲ ਖੇਲਦਿਆਂ ਇੱਕ ਸੋਨੇ ਦੀ ਮੁੰਦਰੀ ਬਾਰੇ ਆਪਣੇ ਸਾਥੀਆਂ ਨੂੰ ਸਮਝਾ ਰਹੇ ਸੀ ਕਿ ਨਦੀ ’ਚ ਇੱਥੇ ਡਿੱਗੀ ਹੈ। ਉਹੀ ਦਾਦੀ ਮਾਤਾ ਆਪ ਇਤਨੇ ਸੰਕਟਮਈ ਸਮੇਂ ’ਚ ਸੋਨਾ, ਹੀਰੇ ਆਦਿ ਦੀ ਪੋਟਲੀ ਨਾਲ ਲੈ ਕੇ ਚਲੀ ਹੋਈ ਸੀ, ਬਾਰੇ ਧਾਰਨਾ ਮਾਤਾ ਜੀ ਦੀ ਸ਼ਖ਼ਸੀਅਤ ਨੂੰ ਗ਼ਲਤ ਰੰਗਤ ਦੇਣ ਦਾ ਪ੍ਰਤੀਕ ਜਾਪਦੀ ਹੈ।

ਉਧਰ ਗੰਗੂ ਵੀ ਜਾਤ ਦਾ ਬ੍ਰਾਹਮਣ ਸੀ ਜੋ ਕਿ ਅਜਿਹੀ ਮਾਨਸਿਕਤਾ ਵਿੱਚ ਪਲਿਆ ਹੋਇਆ ਸੀ ਜਿੱਥੇ ਮਜ਼ਲੂਮਾਂ ਅਤੇ ਬੇਕਸੂਰ ਲੋਕਾਂ ਦੀ ਮਜ਼ਬੂਰੀ ਦਾ ਨਜਾਇਜ਼ ਫਾਇਦਾ ਉਠਾਇਆ ਜਾਂਦਾ ਹੈ। ਉਨ੍ਹਾਂ ਤਿੰਨਾਂ (ਚੌਧਰੀ, ਗੰਗੂ ਤੇ ਰੰਘੜ) ਨੇ ਮਿਲ ਕੇ ਸਾਹਿਬਜ਼ਾਦਿਆਂ ਨੂੰ ਵਜ਼ੀਰ ਖਾਨ ਦੇ ਬੰਦੀ ਬਣਾ ਦਿੱਤਾ। ਸਾਹਿਬਜ਼ਾਦਿਆਂ ਨੂੰ ਦਾਦੀ ਜੀ ਸਮੇਤ ਇੱਕ ਰਾਤ ਠੰਡੇ ਬੁਰਜ ਵਿੱਚ ਰੱਖਿਆ ਗਿਆ, ਉਹ ਬੁਰਜ ਜਿਸ ਨੂੰ ਸਿੱਖ ਇਤਿਹਾਸ ਵਿੱਚ ‘ਚੰਡਾਲ ਬੁਰਜ’ ਦੇ ਨਾਂ ਨਾਲ ਜਾਣਿਆ ਜਾਂਦਾ ਹੈ, ਜਿਸ ਦੇ ਚਾਰ ਥੰਮ ਸਨ, ਨਾ ਉੱਪਰ ਕੋਈ ਛੱਤ ਸੀ, ਲੋਹੇ ਦੇ ਸਰੀਏ ਵਾਲੇ ਵੱਡੇ ਵੱਡੇ ਦਰਵਾਜ਼ੇ ਸਨ। ਪੋਹ ਦੀ ਠੰਡੀ ਹਵਾ ਕਲੇਜਿਆਂ ਨੂੰ ਚੀਰਕੇ ਲੰਘ ਰਹੀ ਸੀ ਪਰ ਸਿਦਕ ਦੇ ਪੱਕੇ ਸ਼ਹੀਦ ਦਾਦੇ ਦੇ ਪੋਤੇ ਆਪਣੀ ਦਾਦੀ ਮਾਂ ਦੀ ਨਿੱਘੀ ਬੁੱਕਲ ਦਾ ਅਨੰਦ ਮਾਣ ਰਹੇ ਸਨ। ਮਖ਼ਮਲਾਂ ’ਤੇ ਸੌਣ ਵਾਲੇ, ਛੱਤੀ ਪ੍ਰਕਾਰ ਦੇ ਭੋਜਨ ਖਾਣ ਵਾਲੇ ਅੱਜ ਭੁੱਖਣ-ਭਾਣੇ ਠੰਡੇ ਬੁਰਜ ਵਿੱਚ ਬੈਠੇ ਦਾਦੀ ਮਾਂ ਦੀਆਂ ਕਹਾਣੀਆਂ (ਆਪ-ਬੀਤੀਆਂ) ਸੁਣ ਰਹੇ ਸਨ, ਇਹ ਵਾਰਤਾਲਾਪ ਕੋਈ ਕਾਲਪਨਿਕ ’ਤੇ ਆਧਾਰਿਤ ਨਹੀਂ ਸੀ, ਸਗੋਂ ਸੱਚ ਦੇ ਰਾਹ ’ਤੇ ਤੁਰੇ ਹੋਏ ਪਾਂਧੀਆਂ ਨੂੰ ਰਸਤੇ ਵਿੱਚ ਆਉਣ ਵਾਲੀਆਂ ਔਖਿਆਈਆਂ ਅਤੇ ਉਨ੍ਹਾਂ ਔਕੜਾਂ ਨੂੰ ਖਿੜੇ ਮੱਥੇ ਸਹਿਣ ਕਰਨ ਦਾ ਉਪਦੇਸ਼ ਦਿੰਦੀਆਂ ਸਨ। ਦਾਦੀ ਮਾਂ ਸਮਝਾ ਰਹੀ ਸੀ ਕਿ ਬੱਚਿਓ ! ਦਾਦਾ ਜੀ ਦੀ ਚਿੱਟੀ ਪੱਗ ਨੂੰ ਦਾਗ ਲੱਗਣ ਤੋਂ ਬਚਾਇਓ ਭਾਵੇਂ ਤੁਹਾਡਾ ਸੀਸ ਕੱਟ ਜਾਵੇ। ਦਾਦੀ ਮਾਂ ਦੀਆਂ ਦਿੱਤੀਆਂ ਨਸੀਹਤਾਂ ’ਤੇ ਫੁੱਲ ਚੜ੍ਹਾਉਂਦਿਆਂ ਬੱਚਿਆਂ ਨੇ ਕਿਹਾ ਸੀ ਕਿ ਸਿਰ ਦੇ ਕੇ ਸਿਦਕ ਬਚਾਵਾਂਗੇ। 24 ਦਸੰਬਰ 1704 ਈ: ਦਾ ਦਿਨ ਚੜ੍ਹਿਆ, ਠੰਡੇ ਬੁਰਜ ਵਿੱਚੋਂ ਸਾਹਿਬਜ਼ਾਦਿਆਂ ਨੂੰ ਲੈਣ ਲਈ ਸਿਪਾਹੀ ਆਏ। ਇਸ ਸਥਿਤੀ ਦਾ ਵਰਣਨ ਅੱਲਾ ਯਾਰ ਖਾਂ ਜੋਗੀ ‘ਸ਼ਹੀਦਾਨਿ ਵਫ਼ਾ’ ਵਿੱਚ ਇਸਤਰ੍ਹਾਂ ਕਰਦਾ ਹੈ :- ‘‘ਜਾਨੇ ਸੇ ਪਹਿਲੇ ਆਓ, ਗਲੇ ਸੇ ਲਗਾ ਤੋ ਲੂੰ, ਕੇਸੋਂ ਕੋ ਕੰਘੀ ਕਰੂੰ ਜਰਾ ਧੁਲਾ ਤੋ ਲੂੰ, ਪਿਆਰੇ ਸਰੋਂ ਪੇ ਨੰਨ੍ਹੀ ਸੀ, ਕਲਗੀ ਸਜਾ ਤੋ ਲੂੰ, ਮਰਨ ਸੇ ਪਹਿਲੇ ਤੁਮ ਕੋ, ਦੁਲਹਾ ਬਨਾ ਤੋ ਲੂੰ।’’

ਸਾਹਿਬਜ਼ਾਦਿਆਂ ਨੂੰ ਵਜ਼ੀਰ ਖ਼ਾਨ ਦੀ ਕਚਹਿਰੀ ਵਿੱਚ ਪੇਸ਼ ਕੀਤਾ ਗਿਆ, ਸੂਰਮਿਆਂ ਨੇ ਕਚਿਹਰੀ ਵਿੱਚ ਖਲੋ ਕੇ, ਗੱਜ ਕੇ ‘ਵਾਹਿਗੁਰੂ ਜੀ ਕਾ ਖਾਲਸਾ। ਵਾਹਿਗੁਰੂ ਜੀ ਕੀ ਫਤਹਿ।’ ਬੁਲਾਈ। ਇਹ ਦੇਖ ਕੇ ਸੂਬਾ ਕੰਬ ਉੱਠਿਆ। ਕਹਿੰਦੇ ਹਨ ਜਿਸ ਦਰਵਾਜ਼ੇ ਰਾਹੀਂ ਸਾਹਿਬਜ਼ਾਦਿਆਂ ਨੂੰ ਕਚਿਹਰੀ ਵਿੱਚ ਲਿਆਂਦਾ ਗਿਆ ਉਹ ਬਹੁਤ ਨੀਵਾਂ ਸੀ, ਤਾਂ ਕਿ ਜਦੋਂ ਉਹ ਅੰਦਰ ਵੜਣ ਤਾਂ ਉਹਨਾਂ ਦੀ ਨੀਵੀਂ ਪੈ ਜਾਵੇ ਪਰ ਅਣਖ ਨਾਲ ਜਿਉਣ ਵਾਲੇ ਸੂਰਮਿਆਂ ਦੀ ਧੌਣ ਕਾਇਰਾਂ ਸਾਹਮਣੇ ਨਹੀਂ ਝੁਕ ਸਕਦੀ।

ਸੂਬੇ ਨੇ ਸਾਹਿਬਜ਼ਾਦਿਆਂ ਨੂੰ ਧਰਮ ਤੋਂ ਡੁਲ੍ਹਾਉਣ ਦੇ ਲੱਖਾਂ ਯਤਨ ਕੀਤੇ ਤਰ੍ਹਾਂ-ਤਰ੍ਹਾਂ ਦੇ ਲਾਲਚ ਦਿੱਤੇ ਤਾਂ ਕਿ ਉਹ ਸਿੱਖ ਧਰਮ ਨੂੰ ਛੱਡ ਕੇ ਇਸਲਾਮ ਕਬੂਲ ਕਰ ਲੈਣ। ਸੂਰਜ ਪ੍ਰਕਾਸ਼ ਦੇ ਕਰਤਾ ਭਾਈ ਸੰਤੋਖ ਸਿੰਘ ਲਿਖਦੇ ਹਨ ਕਿ ਮੋਰਿੰਡੇ ਦੇ ਇੱਕ ਅਹਿਲਕਾਰ ਨੇ ਸਾਹਿਬਜ਼ਾਦਿਆਂ ਨੂੰ ਕਿਹਾ ਕਿ ਤੁਹਾਡੇ ਪਿਤਾ ਜੀ ਅਤੇ ਭਰਾ ਚਮਕੌਰ ਦੀ ਜੰਗ ਵਿੱਚ ਮਾਰੇ ਗਏ ਹਨ। ਸੋ, ਤੁਹਾਡਾ ਕੋਈ ਆਸਰਾ ਨਹੀਂ ਰਿਹਾ ਜੇਕਰ ਤੁਸੀਂ ਇਸਲਾਮ ਕਬੂਲ ਕਰ ਲਵੋ ਤਾਂ ਵਜ਼ੀਰ ਖ਼ਾਨ ਤੁਹਾਡੀ ਰੱਖਿਆ ਕਰ ਸਕਦਾ ਹੈ। ਸੂਰਜ ਪ੍ਰਕਾਸ਼ ਅਨੁਸਾਰ: ‘‘ਸਾਹਿਬਜ਼ਾਦਿਓ! ਪਿਤਾ ਤੁਹਾਰਾ ॥ ਗਢ ਚਮਕੌਰ ਘੇਰ ਗਹਿ ਮਾਰਾ॥ ਤਹਿ ਤੁਮਰੇ ਦੈ ਭ੍ਰਾਤ ਪ੍ਰਹਾਰੇ ॥ ਸੰਗੀ ਸਿੰਘ ਸਕਲ ਸੋ ਮਾਰੇ ॥’’

ਅੱਗੋਂ ਸਾਹਿਬਜ਼ਾਦਿਆਂ ਨੇ ਜੁਆਬ ਦਿੱਤਾ :- ‘‘ਸ੍ਰੀ ਸਤਿਗੁਰੂ ਜੋ ਪਿਤਾ ਹਮਾਰਾ ॥ ਜਗ ਮਹਿੰ ਕੋਨ ਸਕੇ ਤਿੰਹ ਮਾਰਾ ?॥ ਜਿੰਮ ਆਕਾਸ਼ ਕੋ ਕਿਆ ਕੋਈ ਮਾਰਹਿ ? ॥ ਕੌਨ ਅੰਧੇਰੀ ਕੋ ਨਿਰਵਾਰਹਿ ?॥’’ ਭਾਵ ਸੂਬੇ ਦੀ ਗੱਲ ਸੁਣ ਕੇ ਸਾਹਿਬਜ਼ਾਦਿਆਂ ਨੇ ਜੁਆਬ ਦਿੱਤਾ ਕਿ ਸਾਨੂੰ ਤਾਂ ਅਕਾਲ ਪੁਰਖ ਦੇ ਆਸਰੇ ਦੀ ਲੋੜ ਹੈ ਹੋਰ ਕੋਈ ਆਸਰੇ ਦੀ ਲੋੜ ਨਹੀਂ। ਸਾਹਿਬਜ਼ਾਦਿਆਂ ਨੇ ਨਿਡਰ ਹੋ ਕੇ ਕਿਹਾ ਕਿ ਵਜ਼ੀਰ ਖ਼ਾਨ ! ਸੂਰਜ ਪੂਰਬ ਨੂੰ ਛੱਡ ਕੇ ਪੱਛਮ ’ਚੋਂ ਨਿਕਲ ਸਕਦਾ, ਮੱਛੀਆਂ ਪਾਣੀ ਤੋਂ ਬਿਨਾਂ ਜਿੰਦਾ ਰਹਿ ਸਕਦੀਆਂ ਹਨ ਪਰ ਸ਼ੇਰਾਂ ਦੇ ਪੁੱਤ ਤੇਰੀਆਂ ਗਿੱਦੜ ਧਮਕੀਆਂ ਅੱਗੇ ਝੁਕ ਨਹੀਂ ਸਕਦੇ। ਸੂਬੇ ਨੂੰ ਜਦ ਕੋਈ ਗੱਲ ਰਾਹ ਪੈਂਦੀ ਨਾ ਦਿਸੀ ਤਾਂ ਉਹਨੇ ਸਾਹਿਬਜ਼ਾਦਿਆਂ ਨੂੰ ਇੱਕ ਰਾਤ ਹੋਰ ਠੰਡੇ ਬੁਰਜ ਵਿੱਚ ਰੱਖਣ ਦਾ ਹੁਕਮ ਕੀਤਾ। ਭੁੱਖੇ ਤਿਹਾਏ ਛੋਟੇ ਬੱਚੇ ਦੂਜੇ ਦਿਨ ਬੁਰਜ ’ਚ ਤਸੀਹਿਆਂ ਭਰੀ ਰਾਤ ਪਲ-ਪਲ ਕਰਕੇ ਗੁਜ਼ਾਰ ਰਹੇ ਸਨ। ਇਸ ਸਮੇਂ ਹੀ ਗੁਰੂ ਘਰ ਦਾ ਇੱਕ ਪ੍ਰੇਮੀ ਬਾਬਾ ਮੋਤੀ ਰਾਮ ਮਹਿਰਾ ਜੋ ਕਿ ਵਜ਼ੀਰ ਖਾਨ ਦੇ ਲੰਗਰ ਵਿੱਚ ਨੌਕਰੀ ਕਰਦਾ ਸੀ, ਦੁੱਧ ਦੀ ਗੜਬੀ ਲੈ ਕੇ ਬੁਰਜ ਵਿੱਚ ਪਹੁੰਚਿਆ, ਰਸਤੇ ਵਿੱਚ ਕਿਸੇ ਪਹਿਰੇਦਾਰ ਨੇ ਬਾਬਾ ਜੀ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਉਹਨਾਂ ਨੂੰ ਮੋਹਰਾਂ ਅਤੇ ਪੈਸੇ ਵੀ ਦੇਣੇ ਪਏ। ਮਾਤਾ ਗੁਜਰੀ ਜੀ ਨੇ ਦੁੱਧ ਪੋਤਿਆਂ ਨੂੰ ਛਕਾਇਆ ਅਤੇ ਮੋਤੀ ਮਹਿਰੇ ਦਾ ਧੰਨਵਾਦ ਕੀਤਾ :- ‘‘ਪਿਖ ਕੇ ਪ੍ਰੇਮ ਸੂ ਮੋਤੀ ਕੇਰਾ, ਮਾਤਾ ਕਹਯੋ ਭਲਾ ਹੋਵੈ ਤੇਰਾ॥’’

ਸਾਹਿਬਜ਼ਾਦਿਆਂ ਦੀ ਦੂਸਰੀ ਪੇਸ਼ੀ 25 ਦਸੰਬਰ 1704 ਈ. ਨੂੰ ਹੋਈ। ਜਦੋਂ ਸਿਪਾਹੀ ਬੱਚਿਆਂ ਨੂੰ ਲੈਣ ਆਏ ਤਾਂ ਦਾਦੀ ਮਾਂ ਨੇ ਲਾਲ ਦੇ ਲਾਲਾਂ ਦੇ ਮੁੱਖ ਚੁੰਮੇ ਅਤੇ ਉਨ੍ਹਾਂ ਨੂੰ ਸਿਦਕ ਦੇ ਪੱਕੇ ਰਹਿਣ ਦੀ ਪ੍ਰੇਰਨਾ ਦਿੱਤੀ। ਸਾਹਿਬਜ਼ਾਦਿਆਂ ਨੇ ਕਚਿਹਰੀ ਵਿੱਚ ਜਾ ਕੇ ਗੱਜ ਕੇ ਫ਼ਤਿਹ ਫਿਰ ਬੁਲਾਈ। ਸੂਬੇ ਨੇ ਫਿਰ ਉਹੀ ਇਸਲਾਮ ਕਬੂਲ ਕਰਨ ਦੀ ਪੇਸ਼ਕਾਰੀ ਕੀਤੀ ਪਰ ਸਾਹਿਬਜ਼ਾਦਿਆਂ ਨੇ ਇਸ ਪੇਸ਼ਕਾਰੀ ਨੂੰ ਠੁਕਰਾ ਦਿੱਤਾ। ਵਜ਼ੀਰ ਖਾਨ ਨੇ ਬੱਚਿਆਂ ਤੋਂ ਪੁੱਛਿਆ ਕਿ ਜੇਕਰ ਤੁਹਾਨੂੰ ਛੱਡ ਦਿੱਤਾ ਜਾਵੇ ਤਾਂ ਤੁਸੀਂ ਕੀ ਕਰੋਗੇ, ਤਾਂ ਉਨ੍ਹਾਂ ਜਵਾਬ ਦਿੱਤਾ ਕਿ ਉਹ ਆਪਣੇ ਪਿਤਾ ਜੀ ਵਾਂਗ ਇੱਕ ਸ਼ੇਰਾਂ ਦੀ ਫੌਜ਼ ਤਿਆਰ ਕਰਨਗੇ ਅਤੇ ਤੇਰੇ ਵਰਗੇ ਗਿੱਦੜਾਂ ਦੇ ਤਖ਼ਤ ਤਾਜ਼ ਹਿਲਾ ਕੇ ਰੱਖ ਦੇਣਗੇ। ਸੂਬੇ ਨੇ ਆਪਣੀ ਹਾਰ ਨੂੰ ਛੁਪਾਉਣ ਲਈ ਕਾਜ਼ੀ ਕੋਲੋਂ ਫ਼ਤਵਾ ਲਵਾਇਆ, ਕਾਜ਼ੀ ਨੇ ਸ਼ਰ੍ਹਾ ਦੀ ਕਿਤਾਬ ਫੋਲਦਿਆਂ ਕਿਹਾ ਕਿ ਇਨ੍ਹਾਂ ਬਾਗੀ ਦੇ ਪੁੱਤਰਾਂ ਨੂੰ ਜਿਉਂਦਿਆਂ ਨੂੰ ਨੀਹਾਂ ਵਿੱਚ ਚਿਣ ਦੇਣਾ ਚਾਹੀਦਾ ਹੈ। ਇਹ ਉਹ ਕੁਲਿਹਣੀ ਘੜੀ ਸੀ ਜਿਸ ਨੂੰ ਸੁਣ ਕੇ ਧਰਤੀ ਕੰਬੀ, ਅਸਮਾਨ ਡੋਲਿਆ, ਪੱਥਰ ਮੋਮ ਵਾਂਗ ਪਿਘਲ ਗਏ ਅਤੇ ਹਜ਼ਰਤ ਮੁਹੰਮਦ ਸਾਹਿਬ ਨੇ ਅਰਸ਼ਾਂ ’ਚੋਂ ਖੂਨ ਦੇ ਅੱਥਰੂ ਵਹਾਏ ਜਿਸ ਸਮੇਂ ਇਹ ਫ਼ੈਸਲਾ ਸੁਣਾਇਆ ਗਿਆ ਉਸ ਵੇਲੇ ਮਲੇਰਕੋਟਲੇ ਦਾ ਨਵਾਬ ਸ਼ੇਰ ਮੁਹੰਮਦ ਖ਼ਾਨ ਵੀ ਉੱਥੇ ਮੌਜੂਦ ਸੀ। ਉਹ ਉੱਠ ਖਲੋਤਾ ਤੇ ਉਹਨੇ ‘ਹਾਅ ਦਾ ਨਾਅਰਾ’ ਮਾਰਿਆ, ਵਜ਼ੀਰ ਖ਼ਾਨ ! ਬੱਚਿਆਂ ਉੱਤੇ ਜ਼ੁਲਮ ਕਰਨਾ ਬਹੁਤ ਵੱਡਾ ਪਾਪ ਹੈ, ਇਸਲਾਮ ਇਸ ਪਾਪ ਦੀ ਮੰਨਜ਼ੂਰੀ ਨਹੀਂ ਦਿੰਦਾ। ਇਸ ਹਾਅ ਦੇ ਨਾਅਰੇ ਨੂੰ ਸੁਣ ਕੇ ਵਜ਼ੀਰ ਖ਼ਾਨ ਦਾ ਮਨ ਕੁੱਝ ਬਦਲਿਆ ਪਰ ਕੋਲ ਬੈਠੇ ਸੁੱਚਾ ਨੰਦ ਨੇ ਭਾਨੀ ਮਾਰਦਿਆਂ ਕਿਹਾ: ‘‘ਵਜ਼ੀਰ ਖ਼ਾਨ ਇਨ੍ਹਾਂ ਬੱਚਿਆਂ ਨੂੰ ਜਿਉਂਦੇ ਛੱਡ ਕੇ ਤੂੰ ਸੁੱਖ ਦੀ ਨੀਂਦ ਨਹੀਂ ਸੌਂ ਸਕਦਾ ਕਿਉਂਕਿ ਦੁਸ਼ਮਣ ਨੂੰ ਅਤੇ ਸੱਪ ਨੂੰ ਭੁੱਲ ਜਾਣਾ ਬਹੁਤ ਵੱਡੀ ਗਲਤੀ ਹੁੰਦੀ ਹੈ।’’ ਬੱਸ ਫਿਰ ਕੀ ਸੀ, ਉਹ ਅੰਤਿਮ ਘੜੀ ਆ ਗਈ ਜਦ ਸਾਹਿਬਜ਼ਾਦਿਆਂ ਨੂੰ ਜਿਉਂਦਿਆਂ ਨੀਹਾਂ ਵਿੱਚਚਿਣ ਦਿੱਤਾ ਗਿਆ। ਜਦ ਕੰਧ ਮੁਕੰਬਲ ਹੋ ਗਈ ਤਾਂ ਇੱਟਾਂ ਦਾ ਇਹ ਢਾਂਚਾ ਇੱਕ ਕੁਦਰਤੀ ਸ਼ਕਤੀ ਨਾਲ ਧੜੰਮ ਡਿੱਗ ਪਿਆ ਤੇ ਸਾਹਿਬਜ਼ਾਦਿਆਂ ਨੂੰ ਬੇਹੋਸ਼ੀ ਦੀ ਹਾਲਤ ਵਿੱਚ ਪਾਇਆ ਗਿਆ ਜਿੱਥੇ ਬੱਚੇ ਮੁੜ ਹੋਸ਼ ’ਚ ਨਾ ਆਏ।

ਕੁਝ ਇਤਿਹਾਸਕਾਰਾਂ ਅਨੁਸਾਰ ਤੀਜ਼ੀ ਪੇਸ਼ੀ 26 ਦਸੰਬਰ ਨੂੰ ਅਤੇ ਕੁੱਝ ਮੁਤਾਬਿਕ 27 ਦਸੰਬਰ 1704 ਈ. ਨੂੰ ਵੀ ਹੋਈ। ਇਸਲਾਮ ਧਾਰਨ ਕਰਨ ਦੀ ਰਟ ਮੁੜ ਦੁਹਰਾਈ ਗਈ ਪਰ ਸਾਹਿਬਜ਼ਾਦਿਆਂ ਨੇ ਸਿਦਕ ਦੇ ਪੱਕੇ ਰਹਿਣ ਦਾ ਪ੍ਰਣ ਦੁਹਰਾਇਆ।

ਕੁੱਝ ਇਤਿਹਾਸਕਾਰਾਂ ਅਨੁਸਾਰ ਕੰਧ ਡਿੱਗਣ ਉਪਰੰਤ ਬੱਚੇ ਜੀਵਤ ਤੇ ਬੇਹੋਸ਼ੀ ਦੀ ਹਾਲਤ ’ਚ ਸਨ ਜਿਸ ਕਾਰਨ ਤਲਵਾਰ ਨਾਲ ਉਨ੍ਹਾਂ ਦਾ ਸਿਰ, ਧੜ ਨਾਲੋਂ ਅਲੱਗ ਕੀਤਾ ਗਿਆ ਇਹ ਫਤਵਾ ਵੀ ਦੂਸਰੇ (ਅਗਲੇ) ਦਿਨ ਬੱਚਿਆਂ ਨੂੰ ਕਚਿਹਰੀ ’ਚ ਪੇਸ਼ ਕਰਨ ਉਪਰੰਤ ਦੁਬਾਰਾ ਲਿਆ ਗਿਆ ਜਿਵੇਂ ਕਿ ‘ਪੰਥ ਪ੍ਰਕਾਸ਼’ ਦੇ ਕਰਤਾ ਗਿਆਨੀ ਗਿਆਨ ਸਿੰਘ ਜੀ ਲਿਖਦੇ ਹਨ:- ‘ਸ਼ਾਸ਼ਲ ਬੇਗ ਅਰ ਬਾਸ਼ਲ ਬੇਗ। ਉਭੈ ਜਲਾਦਨ ਖਿਚ ਕੈ ਤੇਗ । ਤਿਸਹੀ ਠਉਰ ਖਰਿਓ ਕੈ ਸੀਸ। ਤੁਰਤ ਉਤਾਰੇ ਦੁਸ਼ਟੈਂ ਰੀਸ। ਤੇਰਾਂ ਪੋਹ ਥਾ ਮੰਗਲਵਾਰ। ਮਚਿਓ ਸ਼ਹਿਰ ਮੇਂ ਹਾਹਾਕਾਰ॥’ ਭਾਵ ਸੂਬੇ ਨੇ ਆਪਣਾ ਆਖਰੀ ਫ਼ੈਸਲਾ ਦਿੱਤਾ ਕਿ, ‘‘ਇੰਨ੍ਹਾਂ ਬੱਚਿਆਂ ਦੇ ਸਿਰ ਕਲਮ ਕਰ ਦਿੱਤੇ ਜਾਣ’’ ਜਿਸ ’ਤੇ ਪਹਿਰਾ ਦੇਂਦਿਆਂ ਸ਼ਾਸ਼ਲ ਬੇਗ ਤੇ ਬਾਸ਼ਲ ਬੇਗ ਨਾਮੀ ਦੋ ਭਰਾਵਾਂ ਨੇ ਸਾਹਿਬਜ਼ਾਦਿਆਂ ਨੂੰ ਕੋਹ-ਕੋਹ ਕੇ ਸ਼ਹੀਦ ਕਰ ਦਿੱਤਾ।

ਖ਼ੈਰ, ਉਹ ਕਿਹੜੀ ਅੱਖ ਹੋਵੇਗੀ ਜਿਹੜੀ ਨਿਰਦੋਸ਼ ਨਾ-ਬਾਲਗ ਸਾਹਿਬਜ਼ਾਦਿਆਂ ਨੂੰ ਸ਼ਹੀਦ ਕਰਨ ਦੇ ਤਰੀਕੇ ਬਾਰੇ ਸੁਣ ਕੇ ਨਾ ਰੋਈ ਹੋਵੇਗੀ। ਇਹ ਸਪਸ਼ਟ ਹੈ ਕਿ ਸਾਹਿਬਜ਼ਾਦਿਆਂ ਦੀ ਮੌਤ ਨੀਹਾਂ ਵਿੱਚ ਦਮ ਘੁੱਟਣ ਕਰਕੇ ਹੋਈ, ਨਾ ਕਿ ਸਿਰ ਕਲਮ ਕੀਤੇ ਗਏ। ਇਸ ਤੋਂ ਉਪਰੰਤ ਬਿਰਧ ਦਾਦੀ ਮਾਤਾ ਜੀ ਨੂੰ ਵੀ ਠੰਡੇ ਬੁਰਜ ਤੋਂ ਹੇਠਾਂ ਛੁਟ ਦਿੱਤਾ ਗਿਆ ਜਿੱਥੇ ਗੰਭੀਰ ਸੱਟਾਂ ਲੱਗਣ ਕਾਰਨ ਉਨ੍ਹਾਂ ਵੀ ਪ੍ਰਾਣ ਤਿਆਗ ਦਿੱਤੇ ਕਿਉਂਕਿ ਮਾਤਾ ਜੀ ਤਿੰਨ-ਚਾਰ ਦਿਨਾਂ ਤੋਂ ਭੁੱਖਣ-ਭਾਣੇ ਠੰਢੇ ਬੁਰਜ ਵਿੱਚ ਕੈਦ ਸਨ। ਪੋਹ ਦੀ ਠੰਢੀ ਹਵਾ ਅਤੇ ਭੁੱਖ ਨੇ ਵੀ ਸਰੀਰ ਕਾਫ਼ੀ ਕਮਜ਼ੋਰ ਕਰ ਦਿੱਤਾ ਸੀ, ਪਰ ਇਹ ਧਾਰਨਾ ਕਿ ਮਾਤਾ ਜੀ ਨੇ ਗ਼ਮ ’ਚ ਖੁਦ ਬੁਰਜ ਤੋਂ ਛਾਲ ਮਾਰ ਕੇ ਆਪਣੀ ਜਾਨ ਦੇ ਦਿੱਤੀ, ਬਿਲਕੁਲ ਹੀ ਅਧਾਰਹੀਣ ਹੈ ਕਿਉਂਕਿ ਉਹ ਔਰਤ ਜੋ ਆਪਣੇ ਪਤੀ ਦੇ ਦੇਸ਼ ਕੌਮ ਤੋਂ ਕੁਰਬਾਨ ਹੋਣ ਵੇਲੇ ਨਹੀਂ ਡੋਲੀ ਅਤੇ ਜਿਸਨੇ ਆਪਣੇ ਪੋਤਿਆਂ ਨੂੰ ਹੱਥੀਂ ਸ਼ਹੀਦ ਹੋਣ ਲਈ ਤੋਰਿਆ ਉਹ ਐਨੀ ਬੁਜ਼ਦਿਲ ਨਹੀਂ ਹੋ ਸਕਦੀ ਕਿ ਬੁਰਜ ਤੋਂ ਛਾਲ ਮਾਰਕੇ ਆਤਮ ਹੱਤਿਆ ਕਰ ਲਵੇ। ਦੂਸਰਾ ਸਿੱਖ ਧਰਮ ਵਿੱਚ ਆਤਮ ਹੱਤਿਆ ਕਰਨਾ ਵਰਜਿਤ ਹੈ।

ਸਰਹਿੰਦ ਦੇ ਸ਼ਾਹੂਕਾਰ ‘ਦੀਵਾਨ ਟੋਡਰ ਮੱਲ ਜੀ’ ਨੇ ਨਵਾਬ ਵਜੀਰ ਖਾਨ ਕੋਲੋਂ ਸਾਹਿਬਜਾਦਿਆਂ ਅਤੇ ਮਾਤਾ ਜੀ ਦਾ ਸੰਸਕਾਰ ਕਰਨ ਦੀ ਤਾਂਘ ਪ੍ਰਗਟਾਈ ਤਾਂ ਨਵਾਬ ਨੇ ਆਪਣੀ ਕੂੜ-ਮਤ ਦਾ ਪ੍ਰਗਟਾਵਾ ਕਰਦੇ ਹੋਏ ਦੀਵਾਨ ਮਲ ਜੀ ਨੂੰ ਜਮੀਨ ਦਾ ਮੁੱਲ ਸੋਨੇ ਦੀਆਂ ਮੋਹਰਾਂ ਵਿਛਾ ਕੇ ਪਾਉਣ ਲਈ ਕਿਹਾ। ਦੀਵਾਨ ਸਾਹਿਬ, ਗੁਰੂ ਪਿਆਰ ਵਿੱਚ ਇੰਨੇ ਭਿੱਜੇ ਹੋਏ ਸਨ ਕਿ ਨਿਰ-ਸੰਕੋਚ ਨਵਾਬ ਦੀ ਸ਼ਰਤ ਮੰਨਦੇ ਹੋਏ ਜਮੀਨ ਦਾ ਮੁੱਲ ਪਾਇਆ ਗਿਆ । ਦੀਵਾਨ ਟੋਡਰ ਮੱਲ ਨੇ ਸੋਨੇ ਦੀਆਂ ਮੋਹਰਾਂ ਖੜੀਆ ਕਰਕੇ ਕੁੱਲ (ਤਕਰੀਬਨ) 7800 ਸੋਨੇ ਦੀਆਂ ਮੁਹਰਾਂ ਦੇ ਕੇ ਤਕਰੀਬਨ ਸਾਢੇ ਤਿੰਨ ਗੱਜ ਦੀ ਜਮੀਨ ਲਈ। ਜਿੱਥੇ ਸਾਹਿਬਜ਼ਾਦਿਆਂ ਅਤੇ ਮਾਤਾ ਜੀ ਦਾ ਸੰਸਕਾਰ ਕੀਤਾ ਗਿਆ। ਇਸ ਸਥਾਨ ਉੱਤੇ ਹੁਣ ਗੁਰਦੁਆਰਾ ਜੋਤੀ-ਸਰੂਪ ਸਾਹਿਬ (ਸਰਹੰਦ) ਸੁਸ਼ੋਭਿਤ ਹੈ।

ਇਹ ਸ਼ਹੀਦੀ ਸਾਕਾ 13 ਪੋਹ ਸੰਮਤ 1761 (1705 ਈ.) ਨੂੰ ਵਾਪਰਿਆ। ਭਾਵੇਂ ਵਜ਼ੀਰ ਖਾਨ ਨੇ ਦੋ ਚਮਕਦੇ ਹੀਰਿਆਂ ਨੂੰ ਬਿਨਾਂ ਕਸੂਰੋਂ ਮਿੱਟੀ ਵਿੱਚ ਰੋਲ ਦਿੱਤਾ ਪਰ ਉਹ ਸੂਰਮੇਂ ਤਾਂ ਅਮਰ ਹਨ। ਉਹਨਾਂ ਦੀ ਸ਼ਹੀਦੀ ਨੇ ਬੰਦੇ ਵਰਗੇ ਵੈਰਾਗੀ ਸਾਧੂਆਂ ਦੇ ਮਨ ’ਤੇ ਅਜਿਹਾ ਅਸਰ ਕੀਤਾ ਕਿ ਜਿਹੜੇ ਬੈਰਾਗੀ ਸਾਧੂ ਆਪਣੇ ਡੇਰੇ ਦੇ ਆਲੇ ਦੁਆਲੇ ਖ਼ੂਨ ਦਾ ਛਿੱਟਾ ਵੀ ਡੁਲ੍ਹਿਆ ਬਰਦਾਸ਼ਤ ਨਹੀਂ ਸਨ ਕਰਦੇ, ਉਨ੍ਹਾਂ ਗੁਰੂ ਕਿਰਪਾ (ਥਾਪੜੇ) ਨਾਲ ਇਨ੍ਹਾਂ ਮਾਸੂਮਾਂ ਦੇ ਡੁੱਲ੍ਹੇ ਹੋਏ ਖੂਨ ਨੂੰ ਦੇਖ ਕੇ ਪਾਪੀ ਕੋਲੋਂ ਬਦਲਾ ਲੈਣ ਦੀ ਪੱਕੀ ਧਾਰ ਲਈ ਅਤੇ ਸਰਹਿੰਦ ਦੀ ਇੱਟ ਨਾਲ ਇੱਟ ਖੜਕਾ ਦਿੱਤੀ।

ਇੰਨੇ ਮਹਾਨ ਸਨ ਗੁਰੂ ਕੇ ਲਾਲ ਜਿੰਨ੍ਹਾਂ ਨੇ ਸਿੱਖਾਂ ਦੇ ਸਿਰ ਉੱਤੇ ਸਦੀਵੀ ਦਸਤਾਰ ਕਾਇਮ ਰੱਖਣ ਸਦਕਾ, ਆਪਣਾ-ਆਪ ਕੌਮ ਉੱਤੋਂ ਕੁਰਬਾਨ ਕਰ ਦਿੱਤਾ ਪਰ ਪਿਊ-ਦਾਦੇ ਦੀ ਪੱਗ ਨੂੰ ਲਾਜ ਨਹੀਂ ਲੱਗਣ ਦਿੱਤੀ। ਕੀ ਅੱਜ ਅਸੀਂ ਵੀ ਇਨ੍ਹਾਂ ਸਹਾਦਤਾਂ ਤੋਂ ਪ੍ਰੇਰਨਾ ਲੈ ਕੇ ਗੁਰੂ ਸਿਧਾਂਤ ’ਤੇ ਪਹਿਰਾ ਦੇਂਦਿਆਂ ਆਪ ਵੀ ਆਪਣੇ ਮਨੁੱਖਾ ਜਨਮ ਰਾਹੀਂ ਸਮਾਜ ’ਚ ਕੋਈ ਆਦਰਸ਼ ਜੀਵਨ ਪੇਸ਼ ਕਰਾਂਗੇ ਜਾਂ ਇਨ੍ਹਾਂ ਅਨੋਖੀਆਂ ਕੁਰਬਾਨੀਆਂ ਨੂੰ ਮਿਟੀ ’ਚ ਮਿਲਾਉਣ ਦੇ ਭਾਗੀ ਬਣਾਗੇ।

(ਡਾ. ਅਮਨਦੀਪ ਸਿੰਘ ਟੱਲੇਵਾਲੀਆ, ਚੜ੍ਹਦੀਕਲਾ ਨਿਵਾਸ, ਬਾਬਾ ਫਰੀਦ ਨਗਰ, ਕਚਹਿਰੀ ਚੌਂਕ, ਬਰਨਾਲਾ।)