ਸਿੱਖ ਇਤਿਹਾਸ ’ਚ ਕੁਰਬਾਨੀ ਪ੍ਰਤੀ ਅਨੂਠੀ ਮਿਸਾਲ ਹੈ: ‘ਭਾਈ ਮੋਤੀ ਰਾਮ ਮਹਿਰਾ’

0
810

ਸਿੱਖ ਇਤਿਹਾਸ ’ਚ ਕੁਰਬਾਨੀ ਪ੍ਰਤੀ ਅਨੂਠੀ ਮਿਸਾਲ ਹੈ: ‘ਭਾਈ ਮੋਤੀ ਰਾਮ ਮਹਿਰਾ’

ਸ. ਕਿਰਪਾਲ ਸਿੰਘ ਬਠਿੰਡਾ ਮੋਬ: 9855480797

ਸਿੱਖ ਕੌਮ, ਸਰਬੰਸਦਾਨੀ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਕਾਇਮ ਕੀਤੇ ਗਏ ਸਿਧਾਂਤਾ ’ਤੇ ਦ੍ਰਿੜਤਾ ਨਾਲ ਪਹਿਰਾ ਦੇਣ ਬਦਲੇ ਬੰਦ – ਬੰਦ ਕਟਵਾਉਣ ਵਾਲੇ, ਚਰਖੜੀਆਂ ’ਤੇ ਚੜ੍ਹਨ ਵਾਲੇ, ਤਨ ਆਰਿਆਂ ਨਾਲ ਚਿਰਾਉਣ ਵਾਲੇ, ਖੋਪਰੀਆਂ ਉਤਰਾਉਣ ਵਾਲੇ ਸਿਰਲੱਥੇ ਯੋਧਿਆਂ ਅਤੇ ਸਿਦਕੀ ਸਿੰਘ ਸਰਦਾਰਾਂ ਦੀ ਉਹ ਜੁਝਾਰੂ ਕੌਮ ਹੈ, ਜਿਸ ਨੇ ਨਾ ਤਾਂ ਮੁਗਲਾਂ ਦੀ ਈਨ ਮੰਨੀ, ਨਾ ਅੰਗਰੇਜ਼ਾਂ ਅੱਗੇ ਝੁਕੀ, ਨਾ ਹੀ ਕੌਮ ਨੂੰ ਢਾਅ ਲਾਉਣ ਵਾਲੇ ਸ਼ਰਾਰਤੀ ਅਨਸਰਾਂ ਨੂੰ ਹੀ ਬਖਸ਼ਿਆ ਅਤੇ ਨਾ ਹੀ ਕਦੇ ਮੌਤ ਨੂੰ ਵੇਖ ਕੇ ਗੁਰੂ ਘਰ ਨਾਲ ਪ੍ਰੇਮ ਵਿਖਾਉਣ ਅਤੇ ਸੇਵਾ ਕਰਨ ਤੋਂ ਕਦੀ ਪਿੱਛੇ ਹਟੇ। ਸੁਨਿਆਰ ਦੀ ਭੱਠੀ ਵਿੱਚ ਤਪ ਕੇ ਤਿਆਰ ਹੋਏ ਚਮਕਦੇ ਸੋਨੇ ਦੀ ਲਿਸ਼ਕ ਵਰਗੇ ਹੀਰਿਆਂ ਦੀ ਸੂਚੀ ਵਿੱਚ ਭਾਈ ਮੋਤੀ ਰਾਮ ਮਹਿਰਾ ਦਾ ਨਾਮ ਵਿਸ਼ੇਸ਼ ਸਥਾਨ ਰੱਖਦਾ ਹੈ; ਜਿਸ ਨੇ ਸ਼ਹੀਦੀਆਂ ਪ੍ਰਪਾਤ ਕਰਨ ਤੋਂ ਪਹਿਲਾਂ ਵਜ਼ੀਦ ਖ਼ਾਨ ਸੂਬਾ ਸਰਹੰਦ ਵੱਲੋਂ ਠੰਡੇ ਬੁਰਜ ਵਿੱਚ ਕੈਦ ਰੱਖੇ ਛੋਟੇ ਸਾਹਿਬਜ਼ਾਦਿਆਂ ਤੇ ਮਾਤਾ ਗੁੱਜਰ ਕੌਰ ਜੀ ਦੀ ਤਿੰਨ ਰਾਤਾਂ ਜਲ ਅਤੇ ਦੁੱਧ ਪਿਲਾਉਣ ਦੀ ਸੇਵਾ ਕਰਨ ਦੀ ਕੀਮਤ; ਆਪਣਾ ਸਾਰਾ ਪਰਿਵਾਰ ਕੋਹਲੂ ਵਿੱਚ ਪਿੜਵਾ ਕੇ ਦਿੱਤਾ। ਭਾਈ ਮੋਤੀ ਰਾਮ ਮਹਿਰਾ ਸੇਵਾ ਸਮਰਪਣ, ਮਿਹਨਤ, ਨਿਸ਼ਠਾ ਅਤੇ ਸ਼ੀਤਲਤਾ ਦੀਅਜਿਹੀ ਹੀ ਮੂਰਤ ਸਨ ਜੋ ਅਜਿਹਾ ਵਿਲੱਖਣ ਰੁਤਬਾ ਹਾਸਲ ਕਰ ਗਏ ਕਿ ਰਹਿੰਦੀ ਦੁਨੀਆਂ ਤੱਕ ਲੋਕਾਈ ਉਨ੍ਹਾਂ ਨੂੰ ਯਾਦ ਕਰਦੀ ਰਹੇਗੀ। ਜਦੋਂ ਛੋਟੇ ਸਾਹਿਬਜ਼ਾਦਿਆਂ ਅਤੇ ਮਾਤਾ ਗੁਜ਼ਰ ਕੌਰ ਜੀ ਦੀ ਸ਼ਹੀਦੀ ਦੀ ਗੱਲ ਚਲਦੀ ਹੈ ਤਾਂ ਭਾਈ ਮੋਤੀ ਰਾਮ ਮਹਿਰਾ ਦਾ ਨਾਮ ਹਰ ਇਨਸਾਨ ਦੀ ਜੁਬਾਨ ’ਤੇ ਆਪ ਮੁਹਾਰੇ ਹੀ ਆ ਜਾਂਦਾ ਹੈ।

ਜਦੋਂ ਪੋਹ ਦੀ ਕੜਕਦੀ ਠੰਢ ਵਿੱਚ ਸਰਹਿੰਦ ਦੇ ਨਵਾਬ ਨੇ ਠੰਡੇ ਬੁਰਜ਼ ਵਿੱਚ ਮਾਤਾ ਗੁਜ਼ਰੀ ਜੀ ਅਤੇ ਛੋਟੇ ਸਾਹਿਬਜ਼ਾਦਿਆਂ ਨੂੰ ਕੈਦ ਰੱਖਿਆ ਸੀ ਤਾਂ ਉਸ ਸਮੇਂਅਮਰ ਸ਼ਹੀਦ ਬਾਬਾ ਮੋਤੀ ਰਾਮ ਮਹਿਰਾ ਨੇ ਇਨ੍ਹਾਂ ਦੀ ਤਿੰਨ ਰਾਤਾਂ ਲਗਾਤਾਰ ਦੁੱਧ ਅਤੇ ਲੰਗਰ ਦੀ ਸੇਵਾ ਕੀਤੀ ਸੀ। ਬਾਬਾ ਮੋਤੀ ਰਾਮ ਜੀ ਮਹਿਰਾ (ਕਸ਼ਿਅਪ ਰਾਜਪੂਤ) ਬਰਾਦਰੀ ਨਾਲ ਸਬੰਧ ਰੱਖਦੇ ਸਨ। ਆਪ ਜੀ ਦਾ ਨਿੱਕੜਾ ਤੇ ਗਰੀਬੜਾ ਜਿਹਾ ਪਰਿਵਾਰ ਸੀ ਜਿਨ੍ਹਾਂ ਦੀ ਨਵਾਬ ਵਜ਼ੀਦ ਖ਼ਾਨ ਸੂਬਾ ਸਰਹਿੰਦ ਨੇ ਕੈਦੀਆਂ ਨੂੰ ਭੋਜਨ ਛੁਕਾਉਣ ਦੀ ਜਿੰਮੇਵਾਰੀ ਸੌਂਪੀ ਹੋਈ ਸੀ।

ਬਾਬਾ ਮੋਤੀ ਰਾਮ ਮਹਿਰਾ ਜੀ ਦੀ ਗੁਰੂ ਘਰ ਨਾਲ ਪੂਰਨ ਸ਼ਰਧਾ ਸੀ; ਜਿਨ੍ਹਾਂ ਦੇ ਘਰ ਹਮੇਸ਼ਾਂ ਹੀ ਲੰਗਰ ਚੱਲਦਾ ਰਹਿੰਦਾ ਸੀ ਕਈ ਵਾਰ ਸੰਗਤਾਂ ਇਸ ਦੇ ਘਰ ਵੀਰਾਤ ਗੁਜ਼ਾਰ ਲੈਂਦੀਆਂ ਸਨ। ਇਤਿਹਾਸ ਗਵਾਹ ਹੈ ਕਿ ਸਿੱਖ ਸਮਾਜ ਨੇ ਜਿੱਥੇ ਉਨ੍ਹਾਂ ’ਤੇ ਜ਼ਬਰ ਜ਼ੁਲਮ ਅਤੇ ਧਾਰਮਿਕ ਹੱਠ ਧਰਮੀ ਕਰਨ ਵਾਲਿਆਂ ਨੂੰ ਇੱਟ ਦਾ ਜਵਾਬ ਪੱਥਰ ਨਾਲ ਦਿੱਤਾ ਉੱਥੇ ਸੰਕਟ ਦੀ ਘੜੀ ਵਿੱਚ ਉਨ੍ਹਾਂ ਦਾ ਪੱਖ ਪੂਰਨ ਅਤੇ ਹਮਦਰਦੀ ਦਾ ਪ੍ਰਗਟਾਵਾ ਕਰਨ ਵਾਲਿਆਂ ਨੂੰ ਸਨਮਾਨਿਤ ਵੀ ਕੀਤਾ ਅਤੇਰਹਿੰਦੀਆਂ ਪੁਸ਼ਤਾਂ ਤੱਕ ਉਨ੍ਹਾਂ ਦੇ ਅਹਿਸਾਨਮੰਦ ਰਹੇ। ਸਿੱਖ ਕੌਮ ’ਤੇ ਇੱਕ ਜਿਹਾ ਅਹਿਸਾਨ ਭਾਈ ਮੋਤੀ ਰਾਮ ਮਹਿਰਾ ਨੇ ਕੀਤਾ ਸੀ, ਜਿਸ ਦਾ ਭਰਵਾਂ ਮੁੱਲ ਚੁਕਾ ਦੇਣ ਉਪ੍ਰੰਤ ਵੀ ਸਿੱਖ ਭਾਈਚਾਰਾ ਇਸ ਅਹਿਸਾਨ ਦੇ ਮਿੱਠੇ ਭਾਰ ਹੇਠ ਦੱਬੇ ਰਹਿਣ ਵਿੱਚ ਅੰਤਾਂ ਦਾ ਫ਼ਖ਼ਰ ਮਹਿਸੂਸ ਕਰ ਰਿਹਾ ਹੈ। ਗੁਰੂ ਗੋਬਿੰਦ ਸਿੰਘ ਦਾ ਪਰਿਵਾਰ ਸਰਸਾ ਨਦੀ ਦੇ ਕੰਢੇ ਵਿੱਛੜ ਗਿਆ। ਗੁਰੂ ਸਾਹਿਬ ਦੇ ਪੂਜਣਯੋਗ ਮਾਤਾ ਜੀ ਛੋਟੇ ਸਾਹਿਬਜ਼ਾਦਿਆਂ ਸਮੇਤ ਰੋਪੜ ਦੇ ਅਸਥਾਨ ’ਤੇ ਕੀਮੇ ਮਹਿਰੇ ਤੋਂ ਮੁਸਲਮਾਨ ਹੋਏ ਕਾਇਮਦੀਨ ਮਲਾਹ ਦੀ ਕਿਸ਼ਤੀ ਵਿੱਚ ਦੋ ਰਾਤਾਂ ਕੱਟ ਕੇ ਗੰਗੂ ਬ੍ਰਾਹਮਣ ਦੀ ਬੇਨਤੀ ’ਤੇ ਰਾਤ ਲਈ ਉਸ ਦੇ ਘਰ ਠਹਿਰੇ ਜਿਸ ਨੇ ਬਦਨੀਅਤ ਹੋ ਕੇ ਮਾਤਾ ਜੀ ਅਤੇ ਸਾਹਿਬਜ਼ਾਦਿਆਂ ਨੂੰ ਕੈਦ ਕਰਵਾ ਦਿੱਤਾ; ਜਿਨ੍ਹਾਂ ਨੂੰ ਮੋਰਿੰਡੇ ਦਾ ਹਾਕਮ ਸਰਹਿੰਦ ਦੇ ਨਵਾਬ ਵਜ਼ੀਦ ਖਾਨ ਕੋਲ ਲੈ ਆਇਆ। ਵਜ਼ੀਦ ਖ਼ਾਨ ਨੇ ਇਨ੍ਹਾਂ ਨੂੰ ਠੰਢੇ ਬੁਰਜ਼ ਵਿੱਚ ਕੈਦ ਕਰ ਦਿੱਤਾ ਅਤੇ ਇਹ ਮਨਾਦੀ ਕਰਵਾ ਦਿੱਤੀ ਕਿ ਜੋ ਸਰਕਾਰ ਦੇ ਬਾਗੀ ਗੁਰੂ ਗੋਬਿੰਦ ਸਿੰਘ ਦੇ ਇਨ੍ਹਾਂ ਬੱਚਿਆਂ ਅਤੇ ਮਾਤਾ ਨਾਲ ਕਿਸੇ ਤਰ੍ਹਾਂ ਦੀ ਵੀ ਹਮਦਰਦੀ ਵਿਖਾ ਕੇ ਉਨ੍ਹਾਂ ਦੀ ਸਹਾਇਤਾ ਕਰੇਗਾ ਜਾਂ ਭੋਜਨ ਛਕਾਉਣ ਦੀ ਕੋਸ਼ਿਸ਼ ਕਰੇਗਾ ਉਸ ਨੂੰ ਸਰਕਾਰ ਦਾ ਮੁਲਜ਼ਮ ਸਮਝ ਕੇ ਸਖ਼ਤ ਸਜਾ ਦਿੱਤੀ ਜਾਵੇਗੀ। ਪੋਹ ਦੇ ਮਹੀਨੇ ਦੀ ਕੜਕਦੀ ਠੰਢ ਅਤੇ ਬਰਸਾਤੀ ਰਾਤੇ ਠੰਢ ਨਾਲ ਠਰੂੰ – ਠਰੂੰ ਕਰਦੇ ਬਾਲ ਦਾਦੀ ਦੀ ਹਿੱਕ ਨਾਲ ਚਿੰਬੜੇ ਅਕਾਲ ਪੁਰਖ ਦਾ ਜਾਪ ਕਰ ਰਹੇ ਸਨ। ਬਾਬਾ ਮੋਤੀ ਰਾਮ ਮਹਿਰਾ ਇਹ ਸਭ ਕੁਝ ਵੇਖ ਕੇ ਬਰਦਾਸ਼ਤ ਨਾ ਕਰ ਸਕੇ ਕਿ ਦੋ ਜਹਾਨਾਂ ਦੇ ਵਾਲੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਨਿੱਕੇ – ਨਿੱਕੇ ਬਾਲ ਅਤੇ ਬਿਰਧ ਮਾਤਾ ਭੁੱਖੇ – ਭਾਣੇ ਰਾਤ ਬਤੀਤ ਕਰਨ। ਘਰਵਾਲੀ ਨਾਲ ਵਿਚਾਰ ਕਰਕੇ ਘਰੋਂ ਦੁੱਧ ਦਾ ਗੜਵਾ ਅਤੇ ਇੱਕ ਭਾਂਡੇ ਵਿੱਚ ਜਲ ਅਤੇ ਪਹਿਰੇਦਾਰਾਂ ਨੂੰ ਰਿਸ਼ਵਤ ਦੇਣ ਲਈ ਘਰਵਾਲੀ ਦੇ ਗਹਿਣੇ ਲੈ ਕੇ ਠੰਢੇ ਬੁਰਜ਼ ਵਿੱਚ ਪੁੱਜਿਆ। ਮਾਤਾ ਜੀ ਨੇ ਸਾਹਿਬਜ਼ਾਦਿਆਂ ਨੂੰ ਦੁੱਧ ਛਕਾਇਆ ਅਤੇ ਧੰਨ – ਧੰਨ ਹੋਇਆ।

ਇਸ ਤਰ੍ਹਾਂ ਤਿੰਨ ਰਾਤਾਂ ਬਾਬਾ ਮੋਤੀ ਰਾਮ ਨੇ ਦੁੱਧ ਅਤੇ ਜਲ ਦੀ ਸੇਵਾ ਕੀਤੀ। ਇਸਲਾਮ ਧਰਮ ਕਬੂਲ ਨਾ ਕਰਨ ’ਤੇ ਨਵਾਬ ਸਰਹਿੰਦ ਨੇ ਦੋਵੇਂ ਸਾਹਿਬਜ਼ਾਦਿਆਂ ਨੂੰ ਨੀਹਾਂ ਵਿੱਚ ਚਿਣਵਾ ਕੇ ਸ਼ਹੀਦ ਕਰ ਦਿੱਤਾ। ਮਾਤਾ ਜੀ ਵੀ ਪ੍ਰਲੋਕ ਸਿਧਾਰ ਗਏ। ਦੀਵਾਨ ਟੋਡਰ ਮੱਲ ਨੇ ਨਵਾਬ ਦੀ ਸ਼ਰਤ ਕਬੂਲਦੇ ਹੋਏ ਮੋਹਰਾਂ ਖੜ੍ਹੀਆਂ ਕਰਕੇ ਦਾਹ ਸੰਸਕਾਰ ਲਈ ਥਾਂ ਦਾ ਮੁੱਲ ਤਾਰਿਆ ਅਤੇ ਸਸਕਾਰ ਕੀਤਾ। ਨਵਾਬ ਨੂੰ ਜਦੋਂ ਪਤਾ ਲੱਗਾ ਕਿ ਬਾਬਾ ਮੋਤੀ ਰਾਮ ਮਹਿਰਾ ਨੇ ਸਾਹਿਬਜ਼ਾਦਿਆਂ ਅਤੇ ਮਾਤਾ ਗੁਜਰੀ ਜੀ ਦੀ ਦੁੱਧ ਨਾਲ ਸੇਵਾ ਕੀਤੀ ਸੀ ਅਤੇ ਦਾਹ ਸੰਸਕਾਰ ਲਈ ਲੱਕੜਾਂ ਲਿਆਉਣ ਹਿੱਤ ਵੀ ਦੀਵਾਨ ਟੋਡਰ ਮੱਲ ਦੀ ਮਦਦ ਕੀਤੀ ਹੈ, ਤਾਂ ਉਸ ਨੇ ਬਾਬਾ ਮੋਤੀ ਰਾਮ ਮਹਿਰਾ ਨੂੰ ਸਮੇਤ ਪਰਿਵਾਰ ਕੋਹਲੂ ਵਿੱਚ ਪਿੜਵਾ ਦਿੱਤਾ।

ਇਸ ਮਹਾਨ ਸ਼ਹੀਦ ਦੀ ਯਾਦਗਾਰ ਪਹਿਲਾਂ ਠੰਡੇ ਬੁਰਜ ਦੇ ਕੋਲ ਸੀ। ਫਿਰ ਇਸ ਨੂੰ ਬਣਾਉਣ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਮੇਨ ਗੁਰਦੁਆਰਾ ਸਾਹਿਬ ਤੋਂ ਥੋੜ੍ਹੀ ਦੂਰ ਰੋਜ਼ਾ ਸ਼ਰੀਫ ਦੇ ਸਾਹਮਣੇ ਹਜ਼ਾਰ ਵਰਗ ਗਜ਼ ਦਾ ਪਲਾਟ ਦੇ ਦਿੱਤਾ, ਜਿਸ ਦੀ ਉਸਾਰੀ ਬਾਬਾ ਮੋਤੀ ਰਾਮ ਮਹਿਰਾ ਚੈਰੀਟੇਬਲ ਟਰਸਟ ਵੱਲੋਂ ਕੀਤੀ ਗਈ। ਸਿੱਖ ਇਤਿਹਾਸ ਵਿੱਚ ਭਾਈ ਮੋਤੀ ਰਾਮ ਮਹਿਰਾ ਦੀ ਕੁਰਬਾਨੀ ਸਿੱਖੀ ਪ੍ਰਤੀ ਸ਼ਰਧਾ ਦੀ ਅਨੂਠੀ ਮਿਸਾਲ ਹੈ।