‘ਇੱਕ ਪਿੰਡ-ਇੱਕ ਗੁਰਦੁਆਰਾ’ ਲਹਿਰ ਸ਼ੁਰੂ ਕਰਨ ਦਾ ਸਮਾਂ

0
436

‘ਇੱਕ ਪਿੰਡ-ਇੱਕ ਗੁਰਦੁਆਰਾ’ ਲਹਿਰ ਸ਼ੁਰੂ ਕਰਨ ਦਾ ਸਮਾਂ

ਇਕਵਾਕ ਸਿੰਘ ਪੱਟੀ-98150-24920

ਗੁਰਦੁਆਰਾ ਸਾਹਿਬ, ਜਿਸ ਨੂੰ ਪੁਰਾਤਨ ਸਮੇਂ ਵਿੱਚ ਧਰਮਸ਼ਾਲਾ ਨਾਮ ਦੇ ਨਾਲ ਅਤੇ ਅਜੋਕੇ ਦੌਰ ਵਿੱਚ ਗੁਰਦ੍ਵਾਰਾ ਸਾਹਿਬ ਜਾਂ ਗੁਰੂ ਘਰ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ।

ਮਹਾਨ ਕੋਸ਼ ਦੇ ਕਰਤਾ ਪ੍ਰਸਿੱਧ ਵਿਦਵਾਨ ਭਾਈ ਕਾਨ੍ਹ ਸਿੰਘ ਜੀ ਨਾਭਾ ਗੁਰਦ੍ਵਾਰਾ ਸਾਹਿਬ ਦੀ ਪਰਿਭਾਸ਼ਾ ਦਿੰਦੇ ਹੋਏ ਲਿਖਦੇ ਹਨ ‘ਸਿੱਖਾਂ ਦਾ ਧਰਮ ਮੰਦਿਰ’। ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਪੰਥ ਪ੍ਰਮਾਣਿਤ ਸਿੱਖ ਰਹਿਤ ਮਰਿਆਦਾ ਵਿੱਚ ਗੁਰਦੁਆਰੇ ਸਿਰਲੇਖ ਹੇਠ ਲਿਖਿਆ ਹੈ ਕਿ, ‘ਗੁਰਬਾਣੀ ਦਾ ਅਸਰ ਸਾਧ ਸੰਗਤ ’ਚ ਬੈਠਿਆਂ ਵਧੇਰੇ ਹੁੰਦਾ ਹੈ। ਇਸ ਲਈ ਸਿੱਖ ਵਾਸਤੇ ਉੱਚਿਤ ਹੈ ਕਿ ਸਿੱਖ ਸੰਗਤਾਂ ਦੇ ਜੋੜ ਮੇਲ ਦੇ ਅਸਥਾਨਾਂ-ਗੁਰਦੁਆਰਿਆਂ ਦੇ ਦਰਸ਼ਨ ਕਰੇ ਤੇ ਸਾਧ ਸੰਗਤ ਵਿੱਚ ਬੈਠ ਕੇ ਗੁਰਬਾਣੀ ਤੋਂ ਲਾਭ ਉਠਾਵੇ।’

ਗੁਰਮਤ ਮਾਰਤੰਡ ਵਿੱਚ ਗੁਰਦ੍ਵਾਰੇ ਸ਼ਬਦ ਦੀ ਵਿਆਖਿਆ ਨੂੰ ਹੋਰ ਸਪੱਸ਼ਟ ਕਰਦੇ ਹੋਏ ਲਿਖਿਆ ਹੈ ਕਿ, ‘ਜਿਸ ਥਾਂ ਸਤਿਗੁਰਾਂ ਦੇ ਦਸ ਸਰੂਪਾਂ ਵਿੱਚੋਂ ਕਿਸੇ ਦੇ ਚਰਣ ਪਏ ਹੋਣ ਅਤੇ ਇਤਿਹਾਸਕ ਘਟਨਾ ਹੋਈ ਹੈ, ਅਥਵਾ ਜਿੱਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕਰਕੇ ਸਿੱਖ ਧਰਮ ਦੇ ਨਿਯਮਾਂ ਅਨੁਸਾਰ ਪ੍ਰਚਾਰ ਕੀਤਾ ਜਾਂਦਾ ਹੈ ਅਤੇ ਵਿਸ਼੍ਰਾਮ, ਲੰਗਰ, ਵਿਦਯਾ, ਕੀਰਤਨ ਆਦਿ ਦਾ ਗੁਰੂ ਮਰਯਾਦਾ ਅਨੁਸਾਰ ਪ੍ਰਬੰਧ ਹੈ, ਉਸ ਦੀ ਗੁਰਦ੍ਵਾਰਾ ਸੰਗਯਾ ਹੈ। ਗੁਰਦ੍ਵਾਰੇ ਦਾ ਨਮੂਨਾ ਸ੍ਰੀ ਗੁਰੂ ਅਰਜਨ ਸਾਹਿਬ ਜੀ ਨੇ ਹਰਮਿੰਦਰ ਬਣਾ ਕੇ ਦੱਸ ਦਿੱਤਾ ਹੈ ਅਤੇ ਬਾਬਾ ਬੁਢਾ ਜੀ ਨੂੰ ਗ੍ਰੰਥੀ ਥਾਪ ਕੇ ਪ੍ਰਬੰਧਕਾਂ ਲਈ ਪੂਰਨੇ ਪਾ ਦਿੱਤੇ ਹਨ। ਗੁਰਬਾਣੀ ਅਨੁਸਾਰ ‘‘ਸੋ ਸਚੁ ਮੰਦਰੁ, ਜਿਤੁ ਸਚੁ ਧਿਆਈਐ..॥’’ ਭਾਵ ਜਿਸ ਵਿੱਚ ਕੇਵਲ ਕਰਤਾਰ ਦੀ ਉਪਾਸਨਾ ਕੀਤੀ ਜਾਂਦੀ ਹੈ ਉਹੀ ਸੱਚਾ ਮੰਦਰ (ਗੁਰਦੁਆਰਾ) ਹੈ।

ਗੁਰਦੁਆਰਾ ਸਾਹਿਬ ਵਿਖੇ ਕਿਸੇ ਵੀ ਜਾਤ-ਪਾਤ, ਰੰਗ-ਨਸਲ, ਦੇਸ਼-ਵਿਦੇਸ਼ ਜਾਂ ਹੋਰ ਕਿਸੇ ਵੀ ਤਰ੍ਹਾਂ ਦਾ ਵਿਤਕਰਾ ਨਹੀਂ ਕੀਤਾ ਜਾਂਦਾ ਪਰ ਗੁਰਦੁਆਰਾ ਸਾਹਿਬ ਵਿਖੇ ਆਉਣ ਜਾਣ ਲਈ ਵੀ ਵਿਸ਼ੇਸ਼ ਮਰਿਆਦਾ ਹੈ ਜਿਵੇਂ ਗੁਰਦੁਆਰਾ ਸਾਹਿਬ ਵਿਖੇ ਸਿਰ ਢੱਕ ਕੇ ਅਤੇ ਪੈਰ ਸਾਫ ਕਰਕੇ, ਚੰਗੀ ਤਰ੍ਹਾਂ ਪੂੰਝ ਕੇ ਜਾਣਾ ਚਾਹੀਦਾ ਹੈ, ਕਿਉਂਕਿ ਸਿਰ ਢੱਕ ਕੇ ਜਾਣਾ ਅਦਬ ਦੀ ਨਿਸ਼ਾਨੀ ਮੰਨਿਆ ਗਿਆ ਹੈ। ਗੁਆਂਢੀ ਮੱਤ ਮੁਸਲਮਾਨ ਭਰਾ ਵੀ ਸਿਰ ਢੱਕ ਕੇ ਹੀ ਨਮਾਜ਼ ਅਦਾ ਕਰਦੇ ਹਨ। ਕਿਸੇ ਵੀ ਤਰ੍ਹਾਂ ਦਾ ਨਸ਼ੀਲਾ ਪਦਾਰਥ ਅੰਦਰ ਲਿਜਾਣ ਦੀ ਸਖ਼ਤ ਮਨਾਹੀ ਹੁੰਦੀ ਹੈ। ਸਿੱਖ ਰਹਿਤ ਮਰਯਾਦਾ ਅਨੁਸਾਰ ਗੁਰਦ੍ਵਾਰਾ ਸਾਹਿਬ ਅੰਦਰ ਕਿਸੇ ਵੀ ਤਰ੍ਹਾਂ ਦਾ ਮਨਮੱਤੀ ਕਰਮ ਨਹੀਂ ਹੋਣਾ ਚਾਹੀਦਾ ਅਤੇ ਕੇਵਲ ਗੁਰਮਤਿ, ਗੁਰਬਾਣੀ, ਸਿੱਖ ਇਤਿਹਾਸ ਦੀ ਗੱਲ ਹੋਣੀ ਚਾਹੀਦੀ ਹੈ ਅਤੇ ਸੰਗਤਾਂ ਨੂੰ ਵੀ ਨਿੱਜੀ ਗੱਲਾਂ ਨੂੰ ਤਿਆਗ ਕੇ ਕੇਵਲ ਗੁਰਬਾਣੀ ਨੂੰ ਪੜ੍ਹਨ, ਸਮਝਣ ਅਤੇ ਵਿਚਾਰਨ ਲਈ ਪਹਿਲ ਕਰਨੀ ਚਾਹੀਦੀ ਹੈ ਤਾਂ ਕਿ ਮਨੁੱਖਾ ਜੀਵਣ ਸਫਲਾ ਕੀਤਾ ਜਾ ਸਕੇ।

ਪਰ ਅਜੋਕੇ ਦੌਰ ਵਿੱਚ ਸੱਭ ਨੂੰ ਸਾਂਝੀਵਾਲਤਾ ਦਾ ਸੰਦੇਸ਼ ਦੇਣ ਵਾਲੇ ਗੁਰਦੁਆਰਾ ਸਾਹਿਬਾਨਾਂ ਦੀਆਂ ਜਾਤਾਂ-ਪਾਤਾਂ ’ਤੇ ਅਧਾਰਿਤ ਬਣ ਰਹੀਆਂ ਇਮਾਰਤਾਂ ਕੇਵਲ ਨਿੱਜੀ ਚੌਧਰ ’ਤੇ ਹਊਮੇ ਦਾ ਪ੍ਰਗਟਾਵਾਂ ਹੀ ਕਰਦੀਆਂ ਹਨ, ਜਿਨ੍ਹਾਂ ’ਤੇ ਬਿਨਾ ਦੇਰੀ ਪਾਬੰਦੀ ਲੱਗਣੀ ਚਾਹੀਦੀ ਹੈ। ਇਸ ਦੇ ਨਾਲ ਹੀ ਬੀਤੇ ਦਿਨਾਂ ਵਿੱਚ ਗੁਰਦੁਆਰਿਆਂ ਸਾਹਿਬ ਅੰਦਰ ਪ੍ਰਕਾਸ਼ਮਾਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਚੋਰੀ ਹੋ ਜਾਣ, ਕਿਸੇ ਕਾਰਨ ਅੱਗ ਲੱਗ ਜਾਣ ਜਾਂ ਬੇਅਦਬੀ ਹੋਣ ਵਾਲੀਆਂ ਘਟਨਾਵਾਂ ਵਿੱਚ ਵੀ ਵਾਧਾ ਹੋਇਆ ਹੈ। ਜਿਨ੍ਹਾਂ ਵੀ ਫ਼ਿਰਕੂ ਕਿਸਮ ਦੀਆਂ ਸ਼ਕਤੀਆਂ ਨੇ ਇਹ ਕਾਰਾ ਕੀਤਾ ਹੈ ਉਹ ਅਸਹਿ, ਅਕਹਿ ਅਤੇ ਅਤਿ ਨਿੰਦਨਯੋਗ ਹਨ। ਇਸ ਦੇ ਕਾਰਨਾਂ ਪਿੱਛੇ ਜਾਣ ਤੋਂ ਪਹਿਲਾਂ ਭਾਵੇਂ ਕਿ ਅਸੀਂ ਉੱਪਰ ਗੁਰਦੁਆਰਾ ਸੰਸਥਾ ਦਾ ਮਕਸਦ ਪੜ੍ਹ ਆਏ ਹਾਂ, ਪਰ ਥੋੜਾ ਜਿਹਾ ਵਿਸਥਾਰ ਕਰੀਏ ਅਤੇ ਕਾਰਨਾਂ ਨੂੰ ਲੱਭਣ ਦਾ ਯਤਨ ਕਰੀਏ ਤਾਂ ਹੋਰ ਵੀ ਸੁਖਾਲਾ ਹੋ ਜਾਵੇਗਾ।

ਦਰਅਸਲ ਗੁਰਦੁਆਰਾ ਸੰਸਥਾ ਗੁਰੂ ਪਾਤਸ਼ਾਹ ਵੱਲੋਂ ਮਨੁੱਖਤਾ ਨੂੰ ਇੱਕ ਬਹੁਤ ਵੱਡੀ ਦੇਣ ਸੀ ਜੋ ਉਸ ਸਮੇਂ ਦੀਆਂ ਬਹੁਤ ਸਾਰੀਆਂ ਮੁੱਢਲੀਆਂ ਲੋੜਾਂ ਪੂਰੀਆਂ ਕਰਨ ਦੇ ਨਾਲ ਨਾਲ ਰੂਹਾਨੀਅਤ ਦੇ ਕੇਂਦਰ ਵੱਜੋਂ ਵੀ ਵਿਕਸਤ ਹੋਈ। ਗੁਰਦੁਆਰੇ ਵਿੱਚ ਮੁੱਖ ਤੌਰ ’ਤੇ ‘ਗੁਰੂ ਦੁਆਰੈ ਹੋਇ ਸੋਝੀ ਪਾਇਸੀ॥’ ਦੇ ਮਹਾਂਵਾਕ ਅਨੁਸਾਰ ਸਤਸੰਗਤ, ਪ੍ਰਮਾਤਮਾ ਦੀ ਉਸਤਤ, ਉਸ ਦੇ ਗੁਣਾਂ ਦਾ ਪ੍ਰਚਾਰ ਅਤੇ ਸਮਾਜਿਕ ਲੋੜਾਂ ਜਿਵੇਂ ਸਰੋਵਰ, ਦਵਾਖਾਨਾ, ਲੰਗਰ, ਰਿਹਾਇਸ਼, ਮੱਲ੍ਹ ਅਖਾੜਾ (ਜਿੰਮ), ਲਾਇਬ੍ਰੇਰੀ ਅਤੇ ਗੁਰੂ ਦੀ ਗੋਲਕ ਜੋ ਲੋੜਵੰਦਾਂ ਦੀ ਸਹਾਇਤਾ ਲਈ ਵਰਤੀ ਜਾਵੇ ਇਹ ਖ਼ਾਸੀਅਤਾਂ ਹੋਣੀਆਂ ਚਾਹੀਦੀਆਂ ਹਨ ਅਤੇ ਪੁਰਾਣੇ ਵੇਲਿਆਂ ਵਿੱਚ ਹੁੰਦੀਆਂ ਵੀ ਸੀ। ਪਰ ਅਜੋਕੇ ਦੌਰ ਵਿੱਚ ਸੰਸਾਰ ਨੂੰ ਸਾਂਝੀਵਾਲਤਾ ਦਾ ਉਪਦੇਸ਼ ਦੇਣ ਵਾਲੀ ਕੌਮ ਅਤੇ ਸ੍ਰੀ ਦਰਬਾਰ ਸਾਹਿਬ ਦੇ ਚਾਰੇ ਧਰਮਾਂ ਲਈ ਖੁਲ੍ਹੇ ਦਰਵਾਜ਼ਿਆਂ ਦੀ ਮਿਸਾਲ ਦੇਣ ਵਾਲੀ ਕੌਮ ਅਤੇ ਇਸ ਦੇ ਨਾਮਧਰੀਕ ਸਿੱਖ ਆਪ ਇੱਕ ਜਾਂ ਦੋ ਨਹੀਂ ਬਲਕਿ ਸੈਂਕੜੇ ਜਾਤਾਂ/ਪਾਤਾਂ ਵਿੱਚ ਵੰਡੇ ਪਏ ਹਨ ਜਿਸ ਦੇ ਸਿੱਟੇ ਵੱਜੋਂ ਇੱਕ ਨਗਰ ਵਿੱਚ ਇੱਕ ਗੁਰਦੁਆਰਾ ਸਾਹਿਬ ਦੀ ਥਾਂ ਇੱਕ ਨਗਰ ਵਿੱਚ ਪੰਜ ਜਾਂ ਪੰਜ ਤੋਂ ਵੀ ਵੱਧ ਗੁਰਦੁਆਰੇ ਖੜ੍ਹੇ ਕਰ ਦਿੱਤੇ ਗਏ, ਜੋ ਕੇਵਲ ਤੇ ਕੇਵਲ ਸਾਲ ਬਾਅਦ ਇੱਕ ਆਪਣੀ ਬਰਾਦਰੀ ਨਾਲ ਸਬੰਧਿਤ ਸਮਾਗਮ ਕਰਵਾਉਣ ਜਾਂ ਪ੍ਰਧਾਨਗੀਆਂ ਦੇ ਲਾਲਚ ਵੱਸ ਆਪਣੀ ਚੌਧਰ ਚਮਕਾਉਣ ਤੱਕ ਹੀ ਸੀਮਤ ਹਨ ਅਤੇ ਅਜਿਹੇ ਗੁਰੂ ਘਰਾਂ ਵਿੱਚ ਨਾ ਸਰੋਵਰ ਹੈ, ਨਾ ਲਾਇਬ੍ਰੇਰੀ, ਨਾ ਮੱਲ੍ਹ ਅਖਾੜਾ, ਨਾ ਦਵਾਖਾਨਾ, ਨਾ ਰਾਹਗੀਰ ਲਈ ਰਿਹਾਇਸ਼, ਨਾ ਕੋਈ ਪੁਖਤਾ ਲੰਗਰ ਦਾ ਪ੍ਰਬੰਧ ਹੈ, ਨਾ ਕਥਾ ਪ੍ਰਚਾਰ ਨਾ ਗੁਰਮਤਿ ਪ੍ਰਚਾਰ। ਪਰ ਅਜਿਹੇ ਗੁਰੂ ਘਰਾਂ ਦੀ ਗਿਣਤੀ ਵਿੱਚ ਬੇਰੋਕ ਵਾਧਾ ਹੋਇਆ ਹੈ, ਜੋ ਨਿਰੰਤਰ ਜਾਰੀ ਹੈ।

ਅੱਜ ਬਹੁਤੇ ਗੁਰਦੁਆਰਾ ਸਾਹਿਬ ਕੇਵਲ ਇੱਕ ਗ੍ਰੰਥੀ ਸਿੰਘ ਜਾਂ ਉਸ ਦੇ ਪਰਿਵਾਰ ਦੇ ਹਵਾਲੇ ਹੈ। ਪ੍ਰਧਾਨਗੀਆਂ ਚਮਕਾਉਣ ਵਾਲੇ ਗੁਰਦੁਆਰਾ ਸਾਹਿਬ ਬਹੁਤ ਘੱਟ ਆਉਂਦੇ ਹਨ, ਜੇ ਆ ਵੀ ਜਾਣ ਤਾਂ ਗ੍ਰੰਥੀ ਸਿੰਘ ਨਾਲ ਦਰੀ ਵਿੱਚ ਵੱਟ ਕਿਉਂ ਨੇ, ਲਾਈਟ ਕਿਉਂ ਨਹੀਂ ਬੰਦ ਕੀਤੀ, ਉਗਰਾਹੀ ਘੱਟ ਕਿਉਂ ਸੀ ਇਸ ਮਹੀਨੇ ? ਵਗੈਰਾ ਵਗੈਰਾ ਸਵਾਲ ਖੜ੍ਹੇ ਕਰਕੇ ਉਸ ਨੂੰ ਨੀਵਾਂ ਦਿਖਾ ਕੇ ਜਾਂ ਉਸ ਉੱਤੇ ਬੇਲੋੜਾ ਰੋਅਬ ਪਾ ਕੇ ਚੱਲਦੇ ਬਣਦੇ ਹਨ। ਅਜਿਹੇ ਹੀ ਕੁੱਝ ਕਾਰਨ ਹਨ ਕਿ ਗੁਰਦੁਆਰਾ ਸਾਹਿਬ ਜਿਸ ਬਾਰਦਰੀ ਜਾਂ ਜਾਤ ਦੇ ਨਾਮ ’ਤੇ ਬਣੇ ਹਨ ਉਸ ਜਾਤ/ਬਰਾਦਰੀ ਨਾਲ ਸਬੰਧਿਤ ਹੀ 2-4 ਲੋਕ ਉਹ ਵੀ ਬਜ਼ੁਰਗ ਗੁਰਦੁਆਰਾ ਸਾਹਿਬ ਸਵੇਰੇ ਜਾਂ ਸ਼ਾਮ ਨੂੰ ਜਾਂਦੇ ਹਨ ਅਤੇ ਨੌਜਵਾਨ ਤਬਕਾ ਤਾਂ ਵੈਸੇ ਹੀ ਆਕੀ ਹੋ ਗਿਆ ਹੈ। ਜੇਕਰ ਅਸੀਂ ਵਾਕੇਈ ਹੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰੂ ਮੰਨਣ ਵਾਲੇ ਜਾਂ ਉਸ ਮਹਾਨ ਵਿਚਾਰਧਾਰਾ ਨੂੰ ਆਪਣੇ ਜੀਵਣ ਦਾ ਅੰਗ ਬਣਾਉਣ ਵਾਲੇ ਸਿੱਖ ਹੁੰਦੇ ਤਾਂ ਇੱਕ ਨਗਰ ਵਿੱਚ ਪੰਜ ਦੀ ਥਾਂ ਕੇਵਲ ਇੱਕ ਗੁਰਦੁਆਰਾ ਹੁੰਦਾ ਜੋ ਕਿਸੇ ਕਾਰੋਬਾਰੀ ਨਾਂ ਵਾਂਗ ਬਿਨਾ ਕਿਸੇ ਜਾਤ/ਬਰਾਦਰੀ ਦੇ ਨਾਂ ਤੋਂ ਹੁੰਦਾ ਅਤੇ ਉੱਥੇ ਉਹ ਸਾਰੀਆਂ ਸਹੂਲਤਾਂ ਜਾਂ ਖੂਬੀਆਂ ਉਪਲਬਧ ਹੁੰਦੀਆਂ ਜਿਸ ਲਈ ਇਹ ਗੁਰਦੁਆਰਾ (ਸੰਸਥਾ) ਹੋਂਦ ਵਿੱਚ ਆਇਆ ਸੀ ਤਾਂ 24 ਘੰਟੇ ਸੰਗਤ ਦਾ ਆਣ-ਜਾਣ ਬਣਿਆ ਰਹਿੰਦਾ, ਮੱਲ੍ਹ ਅਖਾੜੇ ਵਿੱਚ ਸ਼ਾਮੀਂ ਨੌਜਵਾਨ ਆਉਂਦੇ, ਵਿਦਿਆਰਥੀ ਲਾਇਬ੍ਰੇਰੀ ਵਿੱਚ ਪੜ੍ਹਨ ਲਈ ਆਉਂਦੇ, ਗੁਰਦੁਆਰਾ ਕਮੇਟੀ ਦਾ ਕੋਈ ਨਾ ਕੋਈ ਮੈਂਬਰ ਰੋਜ਼ਾਨਾ ਡਿਊਟੀ ਬਦਲ ਕੇ ਗੋਲਕ ਨੋਟ ਕਰਨ ਦੀ ਥਾਂ ਸ਼ਾਮੀਂ ਗੁਰਦੁਆਰਾ ਸਾਹਿਬ ਪ੍ਰਬੰਧ ਵਿੱਚ ਕਿਸੇ ਤਰ੍ਹਾਂ ਦੀ ਕੋਈ ਕਮੀ/ਪੇਸ਼ੀ ਨਾ ਰਹਿ ਜਾਵੇ, ਦੇਖਣ ਲਈ ਆਉਂਦਾ ਤਾਂ ਦਾਅਵੇ ਨਾਲ ਇਹ ਗੱਲ ਆਖੀ ਜਾ ਸਕਦੀ ਸੀ ਕਿ ਸਾਡੇ ਗੁਰੂ ਦਾ ਕੋਈ ਅਪਮਾਨ ਨਹੀਂ ਕਰ ਸਕਦਾ। ਕਿਸੇ ਵੀ ਤਰ੍ਹਾਂ ਦੇ ਸ਼ਰਾਰਤੀ ਅਨਸਰ ਜਾਂ ਪੰਥ ਦੋਖੀ ਦੀ ਹਿੰਮਤ ਨਾ ਪੈਂਦੀ ਉਹ ਗੁਰਦ੍ਵਾਰਾ ਸਾਹਿਬ ਦੀ ਚਾਰਦੀਵਾਰੀ ਅੰਦਰ (ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਨਾਲ) ਕੋਈ ਛੇੜਛਾੜ ਕਰਨ ਦਾ ਹੀਆ ਨਹੀਂ ਸੀ ਕਰ ਸਕਦਾ।

ਅੱਜ ਵੀ ਸਮੁੱਚਾ ਪੰਥ ਨਿਰਣਾ ਕਰ ਲਵੇ ਕਿ ਗੁਰੂ ਗ੍ਰੰਥ ਸਾਹਿਬ ਜੀ ਦੀ ਵਿਚਾਰਧਾਰਾ ਅੱਗੇ ਸੀਸ ਝੁਕਾ ਕੇ ਆਪੋ ਆਪਣੇ ਪਿੰਡਾਂ ਨਗਰਾਂ ਵਿੱਚੋਂ ਬਹੁਤਿਆਂ ਦੀ ਥਾਂ ਕੇਵਲ ਇੱਕ ਗੁਰਦੁਆਰਾ ਹੀ ਕਾਇਮ ਕੀਤਾ ਜਾਵੇਗਾ ਜਿੱਥੋਂ ਸਮੁੱਚੀ ਮਾਨਵਤਾ ਨੂੰ ਸਰਬ ਸਾਂਝਾ ਉਪਦੇਸ਼ ਦਿੱਤਾ ਜਾਵੇਗਾ। ਜਿੱਥੋਂ ਹਰੇਕ ਲੋੜਵੰਦ ਦੀ ਲੋੜ ਪੂਰੀ ਕੀਤੀ ਜਾਵੇਗੀ ਤਾਂ ਪੱਕੀ ਗੱਲ ਹੈ ਇਸ ਦੇ ਬਹੁਤ ਵਧੀਆ ਸਿੱਟੇ ਨਿਕਲ ਸਕਣਗੇ। ਬੱਸ ਕਿਸੇ ਇੱਕ ਪਿੰਡ/ਪੰਚਾਇਤ/ਕਮੇਟੀ ਵੱਲੋਂ ਇਸ ‘ਇੱਕ ਪਿੰਡ-ਇੱਕ ਗੁਰਦੁਆਰਾ ਲਹਿਰ’ ਸ਼ੁਰੂ ਕਰਨ ਦੀ ਪਹਿਲ ਕਰ ਦੇਵੇ। ਗੁਰੂ ਰਾਖਾ !!

ਇਕਵਾਕ ਸਿੰਘ ਪੱਟੀ, ਸੁਲਤਾਨਵਿੰਡ ਰੋਡ, ਅੰਮ੍ਰਿਤਸਰ।